Kulehni (Punjabi Story) : Lochan Singh Bakshi
ਕੁਲਹਿਣੀ (ਕਹਾਣੀ) : ਲੋਚਨ ਸਿੰਘ ਬਖਸ਼ੀ
ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿਚ ਲਿਪਟੀ ਹੋਈ, ਉਹ ਦੰਮ ਤੋੜ ਰਹੀ ਸੀ ਤੇ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਆ ਰਿਹਾ। ਉਸ ਨੂੰ ਖ਼ਤਰਨਾਕ ਬੀਮਾਰੀ ਸੀ, ਭੈੜੀ ਤੇ ਘਿਰਣਾਦਾਇਕ। ਇਸ ਲਈ ਸ਼ਾਇਦ ਹਰ ਇਕ ਉਸ ਤੋਂ ਘਿਰਣਾ ਕਰਦਾ ਸੀ। ਉਸ ਦਾ ਸਰੀਰ ਹੌਲੀ ਹੌਲੀ ਗੁਲਦਾ ਜਾ ਰਿਹਾ ਸੀ ਤੇ ਪਸ ਰਿਸ ਰਹੀ ਸੀ। ਉਸ ਦਾ ਸਰੀਰ ਹੌਲੀ ਹੌਲੀ ਖੁਰਦਾ ਜਾ ਰਿਹਾ ਸੀ, ਲੂਣ ਦੀ ਉਸ ਡਲੀ ਵਾਂਗ ਜੋ ਪਾਣੀ ਦੇ ਹੜ੍ਹ ਵਿਚ ਆ ਗਈ ਹੋਵੇ।
ਪਰ ਲੂਣ ਦੀ ਇਸ ਡਲੀ ਨੇ ਖੁਰਦਿਆਂ ਖੁਰਦਿਆਂ ਵੀ ਸੋਲਾਂ ਸਾਲਾਂ ਗੁਜ਼ਾਰੇ ਸਨ। ਸੋਲਾਂ ਸਾਲ! ਕਿੰਨਾ ਲੰਮਾਂ ਸਮਾਂ ਸੀ। ਇਸ ਸਮੇਂ ਵਿਚ ਉਸ ਨੇ ਸੋਲਾਂ ਹੁਨਾਲੇ ਤੱਕੇ ਸਨ ਤੇ ਸੋਲਾਂ ਸਿਆਲੇ। ਸੋਲਾਂ ਬਹਾਰਾਂ ਤਕੀਆਂ ਸਨ ਤੇ ਸੋਲਾਂ ਪਤਝੜਾਂ ਤੇ ਹੁਣ ਸੌਲਾਂ ਸਾਲਾਂ ਦੀ ਕੁੜੀ ਸ਼ੀਲਾ ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿਚ ਦੰਮ ਤੋੜ ਰਹੀ ਸੀ। ਅਸਲ ਵਿਚ ਦੰਮ ਤਾਂ ਉਸ ਨੇ ਉਦੋਂ ਹੀ ਤੋੜ ਦਿੱਤਾ ਸੀ ਜਿਸ ਦਿਨ ਉਹ ਇਸ ਅਣਮੰਗੀ ਦੁਨੀਆਂ ਵਿਚ ਆਈ ਸੀ, ਹੁਣ ਤਾਂ ਉਹ ਕੇਵਲ ਇਕ ਲਾਸ਼ ਸੀ। ਸੋਲਾਂ ਵਰ੍ਹਿਆਂ ਦੀ ਪੁਰਾਣੀ ਲਾਸ਼, ਜਿਸ ਨੂੰ ਅਜੇ ਤੀਕ ਦਫ਼ਨਾਇਆ ਨਹੀਂ ਸੀ ਗਿਆ।
ਆਪਣੀ ਜ਼ਿੰਦਗੀ ਦੇ ਇਹਨਾਂ ਸੋਲਾਂ ਸਾਲਾਂ ਵਿਚ ਉਸ ਨੇ ਕੀ ਕੁਝ ਦੇਖਿਆ ਸੀ ਤੇ ਕੀ ਕੁਝ ਨਹੀਂ ਸੀ ਦੇਖਿਆ। ਉਸ ਦੀ ਜ਼ਿੰਦਗੀ ਦਾ ਇਕੋ ਹੀ ਮਹਾਨ ਰਾਜ਼ ਸੀ, 'ਨਾਕਾਮੀ'। ਉਸ ਨੇ ਜਦੋਂ ਵੀ ਕਿਸੇ ਚੀਜ਼ ਦੀ ਇੱਛਾ ਕੀਤੀ, ਉਹ ਉਸ ਨੂੰ ਨਾ ਮਿਲ ਸਕੀ। ਹੁਣ ਆਪਣੀ ਗੋਦੜੀ ਵਿਚ ਪਈ ਸ਼ੀਲਾ ਇਕੋ ਹੀ ਇੱਛਾ ਰਖਦੀ ਸੀ ਤੇ ਉਹ ਵੀ ਪੂਰੀ ਨਹੀਂ ਸੀ ਹੋ ਰਹੀ-ਮੌਤ! ਕਿਵੇਂ ਇਸ ਨੂੰ ਮੌਤ ਆ ਜਾਵੇ। ਇਹ ਉਸਦੀ ਅੰਤਮ ਇੱਛਾ ਸੀ। ਪਰ ਮੌਤ ਸੀ ਕਿ ਦੂਰੋਂ ਉਸ ਨੂੰ ਝਤਾ ਦੇ ਰਹੀ ਸੀ। ਜੀਵਨ ਭਰ ਜਿਸ ਨੇ ਨਾਉਮੀਦੀ ਦਾ ਮੂੰਹ ਦੇਖਿਆ ਸੀ। ਅੰਤਮ ਸਮੇਂ ਉਸ ਦੀ ਇੱਛਾ ਕਿਵੇਂ ਪੂਰੀ ਕੀਤੀ ਜਾ ਸਕਦੀ ਸੀ। ਮਰ ਤਾਂ ਉਸ ਨੇ ਜਾਣਾ ਹੀ ਸੀ ਪਰ ਉਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਚੁੜ੍ਹ ਚੁੜ੍ਹ ਕੇ ਨਾ ਮਰੇ। ਜਦੋਂ ਮਨੁੱਖ ਦੇ ਤਨ ਬਦਨ ਵਿਚ ਕੀੜੇ ਪਏ ਹੋਣ, ਉਹ ਕੁਰਬਲ ਕੁਰਬਲ ਕਰਦੇ ਜ਼ਿੰਦਗੀ ਦੀ ਰਸ ਚੂਸੀ ਜਾਣ, ਤੇ ਉਹ ਅੰਤਰੀਵ ਪੀੜਾਂ ਨਾਲ ਬਿਹਬਲ ਹੋ ਜਾਵੇ, ਉਹ ਮਰਨਾ ਚਾਹਵੇ ਤੇ ਮਰ ਨਾ ਸਕੇ। ਪਰ ਨਾਕਾਮੀ ਤਾਂ ਉਸ ਦੀ ਜ਼ਿੰਦਗੀ ਦਾ ਰਾਜ਼ ਸੀ। ਉਹਦੇ ਹਰ ਸਾਹ ਤੋਂ ਉਹਦੀ ਹਰ ਧੜਕਣ ਤੇ, ਜਿੰਦਗੀ ਦੇ ਦਿਸਹੱਦੇ ਤੇ ਹਰ ਪਾਸੇ ਨਾਕਾਮੀ ਨੇ ਆਪਣੀ ਚਾਦਰ ਵੱਲਾ ਰੱਖੀ ਸੀ।
ਉਸ ਦੀ ਜ਼ਿੰਦਗੀ ਇਕ ਮਹਾਨ ਨਾਕਾਮੀ ਸੀ। ਅਜ ਤੋਂ ਸੋਲਾਂ ਸਾਲ ਪਹਿਲਾਂ, ਜਦੋਂ ਆਪਣੇ ਮਾਤਾ ਪਿਤਾ ਦੇ ਘਰ ਉਸ ਨੇ ਜਨਮ ਲਿਆ ਸੀ ਤਾਂ ਉਹ ਆਪਣੇ ਮਾਤਾ ਪਿਤਾ ਦਾ ਪੰਜਵਾਂ ਬੱਚਾ ਸੀ। ਅਸਲ ਵਿਚ ਉਹ ਇਹੋ ਜਹੀ ਅਣਮੰਗੀ ਔਲਾਦ ਸੀ, ਜਿਸ ਦੇ ਗਰਭ ਵਿਚ ਆਉਂਦਿਆਂ ਹੀ ਮਾਂ ਬਾਪ ਦੀ ਉਸ ਨਾਲ ਘਿਰਣਾ ਹੋ ਜਾਂਦੀ ਹੈ। ਉਸ ਦੀ ਹੋਂਦ ਨੂੰ ਮਿਟਾਨ ਲਈ ਉਸ ਦੀ ਮਾਂ ਨੇ ਅਣਥਕ ਯਤਨ ਕੀਤੇ ਸਨ। ਕਈ ਦਵਾਈਆਂ ਖਾਧੀਆਂ ਸਨ ਪਰ ਫੇਰ ਵੀ ਉਹ ਇਸ ਸੰਸਾਰ ਵਿਚ ਆ ਗਈ। ਉਹ ਇਕ ਬਹੁਤ ਅਸ਼ੁਭ ਦਿਹਾੜਾ ਸੀ। ਉਹ ਕੋਈ ਬਹੁਤ ਚੰਦਰੀ ਘੜੀ ਸੀ, ਜਦੋਂ ਸ਼ੀਲਾ ਨੇ ਜਨਮ ਲਿਆ ਸੀ। ਇਹੋ ਜਿਹੇ ਵਾਯੂ ਮੰਡਲ ਵਿਚ ਜਿਥੇ ਕੋਈ ਵੀ ਆਪਣਾ ਨਾ ਹੋਵੇ, ਜਨਮ ਦਾ ਕੀ ਅਰਥ। ਪਰ ਫਿਰ ਵੀ ਸ਼ੀਲਾ ਇਸ ਸੰਸਾਰ ਵਿਚ ਆ ਗਈ। ਇਸ ਵਿਚ ਉਸ ਦਾ ਕੀ ਦੋਸ਼ ਸੀ, ਜੇ ਉਹ ਸੋਹਣੀ ਨਹੀਂ ਸੀ। ਇਹਦੀਆਂ ਦੋਵੇਂ ਅੱਖਾਂ ਟੀਰੀਆਂ ਸਨ, ਜੇ ਉਸ ਦਾ ਰੰਗ ਕਾਲਾ ਸੀ, ਜੇ ਉਸ ਦਾ ਨਕ ਮੋਟਾ ਤੇ ਫੀਨਾ ਸੀ ਤੇ ਜੇ ਉਸ ਦੋ ਮਥੇ ਤੋਂ ਹੇਠਾਂ ਤੀਕ ਸਾਰੀ ਥਾਂ ਵਾਲਾਂ ਨੇ ਮਲ ਲਈ ਸੀ। ਪਰ ਇਸ ਵਿਚ ਉਸ ਦਾ ਕੀ ਦੋਸ਼ ਸੀ?
ਬਚਪਨ ਵਿਚ ਉਸਨੂੰ ਕਦੀ ਮਾਂ ਨੇ ਗੋਦੀ ਨਹੀਂ ਸੀ ਲਿਆ। ਬਾਪ ਨੇ ਉਸ ਨੂੰ ਕਦੀ ਪਿਆਰ ਨਹੀਂ ਸੀ ਕੀਤਾ। ਵੱਡ ਭੈਣ ਭਰਾ, ਸਦਾ ਉਸ ਨੂੰ ਮਾਰਦੇ ਤੇ ਕੁਟਦੇ ਰਹਿੰਦੇ ਸਨ। ਜਦੋਂ ਉਹ ਕਿਸੇ ਦਾ ਕੋਈ ਖਿਡੌਣਾ ਲੈਂਦੀ ਤਾਂ ਬੇਦਰਦੀ ਨਾਲ ਉਹ ਉਸ ਪਾਸੋਂ ਖੋਹ ਲੈਂਦੇ। ਇਹ ਚੀਖਦੀ ਤੇ ਉਹ ਕਹਿੰਦੇ, "ਮਰ ਪਰੇ"। ਮਾਂ ਉਸ ਨੂੰ ਹੋਰ ਕੁਟਦੀ ਤੇ ਕਹਿੰਦੀ "ਨਾ ਮਰਦੀ ਨਾ ਮਗਰੋਂ ਲਹਿੰਦੀ।"
.....ਪਰ ਫੇਰ ਵੀ ਉਹ ਜੀਂਦੀ ਰਹੀ ਸੀ। ਜੀਂਦੀ ਰਹੀ ਸੀ। ਆਪਣੀ ਜ਼ਿੰਦਗੀ ਦੇ ਸੋਲਾਂ ਸਾਲਾਂ ਵਿਚ ਉਸ ਦੀ ਹਰ ਹਰਕਤ ਤੇ ਘੋਰ ਮੁਰਦੇਹਾਣੀ ਛਾਈ ਰਹੀ ਸੀ।
ਜਿਸ ਦਿਨ ਸ਼ੀਲਾ ਨੇ ਜਨਮ ਲਿਆ ਸੀ, ਓਸੇ ਦਿਨ ਉਸ ਦਾ ਅੱਠਾਂ ਸਾਲਾਂ ਦਾ ਵੱਡਾ ਭਰਾ ਗੁਡੀਆਂ ਉਡਾਂਦਾ ਹੋਇਆ ਕੋਠੇ ਤੋਂ ਡਿੱਗ ਕੇ ਮਰ ਗਿਆ। ਉਸ ਦੇ ਘਰ ਦਿਆਂ ਨੇ ਆਖਿਆ, "ਇਹ ਭੈਣ ਨਹੀਂ ਕੋਈ ਡੈਣ ਹੈ।" ਜਦੋਂ ਸ਼ੀਲਾ ਦੋ ਸਾਲ ਦੀ ਹੋਈ ਤਾਂ ਮਹਿਕਮੇ ਵਿਚ ਛਾਂਟੀ ਹੋ ਜਾਣ ਦੇ ਕਾਰਣ ਉਸ ਦੇ ਪਿਤਾ ਦੀ ਨੌਕਰੀ ਹਟ ਗਈ! ਉਸ ਦੇ ਘਰ ਦਿਆਂ ਨੇ ਆਖਿਆ, "ਇਹ ਕੁਲਹਣੀ ਹੈ ਜਦੋਂ ਦੀ ਆਈ ਹੈ, ਸਾਡਾ ਪੈਰ ਪਿਛਾਂ ਹੀ ਪਿਛਾ ਪੈ ਰਿਹਾ ਹੈ।" ਫਿਰ ਜਦੋਂ ਉਹ ਪੰਜ ਸਾਲ ਦੀ ਹੋਈ ਤਾਂ ਉਸ ਦੀ ਵੱਡੀ ਭੈਣ ਅੱਗ ਲਗ ਜਾਨ ਦੇ ਕਾਰਨ ਸੜ ਕੇ ਮਰ ਗਈ।
ਪੰਜ ਸਾਲਾਂ ਦੀ ਸ਼ੀਲਾ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋਇਆ ਹੈ। ਉਨ੍ਹੇ ਘਰ ਦਿਆਂ ਨੂੰ ਕਹਿੰਦਿਆਂ ਸੁਣਿਆਂ, "ਜਿਹੜੀ ਸੋਹਣੀ ਸੀ ਉਹ ਚਲੀ ਗਈ ਤੇ ਇਹ ਡੈਣ ਸਾਡੇ ਜੋਗੀ ਰਹਿ ਗਈ। ਇਸ ਨੂੰ ਨਹੀਂ ਕੁਝ ਹੁੰਦਾ।" ਪਰ ਸ਼ੀਲਾ ਨੂੰ ਕੁਝ ਨਾ ਹੋਇਆ ਉਸ ਨੂੰ ਸਮਝ ਨਹੀਂ ਸੀਂ ਆਉਂਦੀ ਕਿ ਘਰ ਦੀ ਹਰ ਬੁਰਾਈ ਨਾਲ ਉਸ ਦਾ ਕੀ ਸਬੰਧ ਸੀ। ਤੇ ਫਿਰ ਜਦੋਂ ਉਸ ਦੀ ਸਮਝ ਰਤਾ ਕੁ ਪਕੇਰੀ ਹੋਈ ਤਾਂ ਉਸ ਨੂੰ ਯਾਦ ਆ ਰਿਹਾ ਸੀ, ਦੇਸ਼ ਦੇ ਦੋ ਹਿੱਸੇ ਹੋ ਗਏ ਸਨ। ਜਿਸ ਹਿੱਸੇ ਵਿਚ ਉਹ ਰਹਿੰਦੇ ਸਨ ਉਸ ਨੂੰ ਪਾਕਿਸਤਾਨ ਕਿਹਾ ਜਾਂਦਾ ਸੀ। ਫਿਰ ਇਕ ਦਿਨ ਸ਼ੀਲਾ ਦਾ ਪਿਤਾ ਬਾਹਰੋਂ ਦੌੜਦਾ ਹੋਇਆ ਆਇਆ ਸੀ। "ਅਸੀਂ ਹਿੰਦੁਸਤਾਨ ਜਾ ਰਹੇ ਹਾਂ" ਉਸ ਨੇ ਆਖਿਆ ਬਾਹਰ ਟਰੱਕ ਖੜਾ ਹੈ ਤੇ ਉਸੇ ਵੇਲੇ ਕੁਝ ਲੋਕ ਉਨ੍ਹਾਂ ਦੇ ਘਰ ਦੌੜ ਕੇ ਆ ਵੜੇ ਸਨ। ਉਨ੍ਹਾਂ ਦੀਆਂ ਸ਼ਕਲਾਂ ਬੜੀਆਂ ਭਿਆਨਕ ਸਨ। ਉਨ੍ਹਾਂ ਕੋਲ ਬੰਦੂਕਾਂ, ਤਲਵਾਰਾਂ ਤੇ ਛੁਰੇ ਸਨ। ਉਨ੍ਹਾਂ ਨੇ ਆ ਕੇ ਝਟਪਟ ਸਾਰਾ ਸਾਮਾਨ ਚੁੱਕ ਲਿਆ। ਫਿਰ ਘਰ ਨੂੰ ਅੱਗ ਲਗਾ ਦਿਤੀ। ਸ਼ੀਲਾ ਦੇ ਦੂਜੇ ਦੋਹਾਂ ਭਰਾਵਾਂ ਨੂੰ ਚੁਕ ਕੇ ਜੀਂਦੇ ਜੀ ਸੜਦੇ ਮਕਾਨ ਵਿਚ ਸੁਟ ਦਿੱਤਾ। ਫਿਰ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਥੰਮ ਨਾਲ ਬੰਨ੍ਹਿਆਂ ਤੇ ਬੰਨ੍ਹ ਕੇ ਹੌਲੀ ਹੌਲੀ ਉਸ ਦਾ ਇਕ ਇਕ ਅੰਗ ਕਟਿਆ। ਸ਼ੀਲਾ ਤੇ ਸ਼ੀਲਾ ਦੀ ਮਾਂ ਚੀਖ ਰਹੀਆਂ ਸਨ। ਕਿਸੇ ਨੇ ਉਨ੍ਹਾਂ ਦੇ ਮੂੰਹ ਅਗੇ ਹੱਥ ਰਖਿਆ ਤੇ ਘਸੀਟਦਾ ਹੋਇਆ ਆਪਣੇ ਨਾਲ ਲੈ ਤੁਰਿਆ। ਕੋਈ ਸ਼ੀਲਾ ਨੂੰ ਵੀ ਸੜਦੇ ਮਕਾਨ ਵਿਚ ਸੁਟਣ ਲਗਾ ਸੀ। ਫੇਰ ਕਿਸੇ ਨੇ ਆਖਿਆ, "ਕੁੜੀ ਏ ਰਹਿਣ ਦੇ।"
ਫਿਰ ਉਸ ਨੂੰ ਯਾਦ ਆ ਰਿਹਾ ਸੀ। ਉਹ ਹਿੰਦੁਸਤਾਨ ਦੇ ਕਿਸੇ ਸ਼ਰਨਾਰਥੀ ਕੈਂਪ ਵਿਚ ਆਪਣੀ ਮਾਂ ਨਾਲ ਰਹਿੰਦੀ ਸੀ। ਹੁਣ ਉਹ ਤੇਰ੍ਹਾਂ ਵਰ੍ਹਿਆਂ ਦੀ ਸੀ ਤੇ ਉਸ ਦੀ ਭਾਬੀ ਹੁਣ ਉਸ ਨੂੰ ਪਿਆਰ ਕਰਦੀ ਸੀ। ਹੁਣ ਉਸ ਕਦੀ ਉਸ ਨੂੰ ਕੁਲਹਿਣੀ ਨਹੀਂ ਸੀ ਆਖਿਆ। ਉਹ ਸ਼ਰਨਾਰਥੀ ਕੈਂਪ ਦੇ ਇਕ ਕੋਨੇ ਵਿਚ ਰਹਿੰਦੀਆਂ ਸਨ ਤੇ ਨਾਲ ਦੀ ਨਵੀਂ ਬਣੀ ਬਸਤੀ ਵਿਚ ਲੋਕਾਂ ਦੇ ਜੂਠੇ ਭਾਂਡੇ ਮਾਂਜਦੀਆਂ ਸਨ। ਉਸ ਦੀ ਭਾਬੀ ਪੈਸੇ ਜੋੜ ਰਹੀ ਸੀ। ਉਹ ਕਹਿੰਦੀ ਸੀ ਮੈਂ ਆਪਣੀ ਸ਼ੀਲਾ ਦਾ ਵਿਆਹ ਕਰਾਂਗੀ। ਵਿਆਹ ਦਾ ਨਾਂ ਸੁਣ ਕੇ ਪਤਾ ਨਹੀਂ ਸ਼ੀਲਾ ਨੂੰ ਕੀ ਹੋ ਜਾਂਦਾ। ਉਹ ਸ਼ਰਮ ਨਾਲ ਆਪਣਾ ਮੂੰਹ ਝੁਕਾ ਲੈਂਦੀ ਤੇ ਜਾਂ ਆਪਣੀ ਮਾਂ ਕੋਲੋਂ ਨਸ ਕੇ ਕਿਤੇ ਦੂਰ ਚਲੀ ਜਾਂਦੀ, ਉਸ ਡੰਡੀ ਵਲ ਜਿਥੋਂ ਲੰਘ ਕੇ ਉਹ ਰੋਜ਼ ਨਵੀਂ ਬਸਤੀ ਵਿਚ ਜਾਂਦੀਆਂ ਸਨ।
ਉਸ ਨੂੰ ਯਾਦ ਆ ਰਿਹਾ ਸੀ, ਜਦੋਂ ਵੀ ਉਹ ਉਸ ਡੰਡੀ ਤੋਂ ਲੰਘ ਕੇ ਜਾਂਦੀਆਂ ਤੇ ਸਾਰੀ ਡੰਡੀ ਤੇ ਚੁਪ ਚਾਂ ਛਾਈ ਹੁੰਦੀ ਸੀ। ਸਾਰੀ ਦੀ ਸਾਰੀ ਡੰਡੀ ਸ਼ਾਂਤ ਨਿੱਸਲ ਪਈ ਹੁੰਦੀ। ਉਹ ਜਾਂ ਬਹੁਤ ਸਵੇਰੇ ਜਾਂਦੀਆਂ ਸਨ ਜਾਂ ਬਹੁਤ ਹਨ੍ਹੇਰੇ। ਉਨ੍ਹਾਂ ਨੂੰ ਰਸਤੇ ਵਿਚ ਕਦੀ ਕੋਈ ਆਦਮੀ ਨਹੀਂ ਸੀ ਮਿਲਿਆ। ਉਨ੍ਹਾਂ ਦੇ ਆਪਣੇ ਜੀਵਨ ਵਾਂਗ ਇਹ ਡੰਡੀ ਵੀ ਉਨ੍ਹਾਂ ਨੂੰ ਸਦਾ ਵੀਰਾਨ ਜਾਪੀ। ਪਰ ਜਦੋਂ ਇਸ ਡੰਡੀ ਦੇ ਸਿਰੇ ਤੇ ਉਹ ਮਾਡਲ ਟਾਊਨ ਦੀ ਉਸ ਨਵੀਂ ਬਣੀ ਸੜਕ ਵਾਲੀ ਕੋਠੀ ਕੋਲੋਂ ਲੰਘਦੀਆਂ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਸੀ ਕਿ ਸਾਰੀ ਦੀ ਸਾਰੀ ਦੁਨੀਆਂ ਉਨ੍ਹਾਂ ਵਾਂਗ ਵੀਰਾਨ ਹੀ ਨਹੀਂ ਸੀ, ਸਗੋਂ ਦੁਨੀਆਂ ਵਿਚ ਹਾਸੀਆਂ ਵੀ ਸਨ। ਤੇ ਫੇਰ ਰਸੋਈ ਦੀ ਚਿਮਨੀ ਵਿਚੋਂ ਨਿਕਲ ਰਹੀ, ਧੂਏਂ ਨਾਲ ਰਲਵੀਂ ਮਿਲਵੀਂ ਖ਼ੁਸ਼ਬੂ ਦਾ ਕੋਈ ਹੁਲਾਰਾ ਉਨ੍ਹਾਂ ਨੂੰ ਇਸ ਗਲ ਦੀ ਚਿਤਾਵਨੀ ਕਰਾਉਂਦਾ ਸੀ ਕਿ ਦੁਨੀਆਂ ਵਿਚ ਵੰਨ ਸਵੰਨੇ ਭੋਜਨ ਵੀ ਹਨ ਪਰ ਜੇ ਸਭ ਕੁਝ ਨਿਖੁੱਟ ਗਿਆ ਸੀ ਤਾਂ ਕੇਵਲ ਉਨ੍ਹਾਂ ਲਈ ਹੀ।
ਉਦੋਂ ਸ਼ੀਲਾ ਦੀ ਉਮਰ ਚੌਦਾਂ ਸਾਲ ਦੀ ਸੀ, ਤੇ ਉਸਦੀ ਭਾਬੀ ਕੋਈ ਅਠੱਤੀ ਵਰ੍ਹਿਆਂ ਦੀ ਅਧਖੜ ਤੀਵੀਂ ਸੀ ਪਰ ਦੋਵੇਂ ਹੀ ਆਪਣੀ ਉਮਰ ਤੋਂ ਕਈ ਗੁਣਾਂ ਵਡੀਆਂ ਲਗਦੀਆਂ ਸਨ। ਸ਼ੀਲਾ ਚੰਗੀ ਜਵਾਨ ਜਾਪਦੀ ਸੀ ਤੇ ਉਸ ਦੀ ਮਾਂ ਚੰਗੀ ਬੁੱਢੀ। ਕਈ ਵਾਰੀ ਮਾਡਲ ਟਾਊਨ ਵਿਚ ਰਹਿਣ ਵਾਲੀ ਕੋਈ ਇਸਤਰੀ ਸ਼ੀਲਾ ਦੀ ਭਾਬੀ ਨੂੰ ਕਹਿੰਦੀ, "ਸ਼ੀਲਾ ਦੀ ਭਾਬੀ ਸ਼ੀਲਾ ਨੂੰ ਸਾਡੇ ਘਰ ਛੱਡ ਦੇ।" ਪਰ ਉਹ ਉਤਰ ਦੇਂਦੀ-
"ਨਹੀਂ ਬੀਬੀ, ਇਸ ਦੇ ਨਾਲ ਤਾਂ ਮੇਰਾ ਵੀ ਦਿਲ ਭੁਲਿਆ ਰਹਿੰਦਾ।" ਪਰ ਅਸਲ ਵਿਚ ਸ਼ੀਲਾ ਦੀ ਭਾਬੀ ਨੂੰ ਇਹ ਗੱਲ ਪਸੰਦ ਨਹੀਂ ਸੀ ਆਉਂਦੀ ਕਿ ਜਵਾਨ ਧੀ ਨੂੰ ਲੋਕਾਂ ਦੇ ਬੂਹੇ ਬਹਾਲ ਦੇਵੇ। "ਅਜ-ਕਲ ਜ਼ਮਾਨਾ ਬੜਾ ਖ਼ਰਾਬ ਹੈ" ਉਹ ਕਈ ਵਾਰੀ ਆਖਿਆ ਕਰਦੀ, "ਅੱਖ ਉਹਲੇ ਪਹਾੜ ਦੀ ਗੱਲ ਹੋ ਜਾਂਦੀ ਹੈ"। ਨਾਲੇ ਪਤੀ ਦੀ ਮੌਤ, ਬਚਿਆਂ ਦੇ ਵਿਛੋੜੇ ਤੇ ਜ਼ਿੰਦਗੀ ਦੇ ਭਾਰ ਨੇ, ਸ਼ੀਲਾ ਦੀ ਮਾਂ ਦੀ ਕਮਰ ਤੋੜ ਦਿੱਤੀ ਸੀ। ਉਸ ਨੂੰ ਹੁਣ ਜ਼ਿੰਦਗੀ ਦਾ ਭਾਰ ਚੁੱਕਣ ਲਈ ਕੋਈ ਸਹਾਰਾ ਚਾਹੀਦਾ ਸੀ। ਸ਼ੀਲਾ ਆਪਣੀ ਭਾਬੀ ਦੀ ਇਸ ਲੋੜ ਨੂੰ ਪੂਰਿਆਂ ਕਰੀ ਰਖਦੀ ਸੀ। ਜ਼ਿੰਦਗੀ ਇਕ ਬੋਝਲ ਪੰਡ ਵਾਂਗ ਉਨ੍ਹਾਂ ਦਿਆਂ ਮੋਢਿਆਂ ਤੇ ਆਣ ਪਈ ਸੀ। ਜ਼ਿੰਦਗੀ ਦੀ ਜ਼ਿਦ ਸੀ ਕਿ ਉਹ ਉਹਨਾਂ ਨੂੰ ਜ਼ਰੂਰ ਮਿਧ ਕੇ ਰਖ ਦੇਵੇਗੀ। ਪਰ ਸ਼ੀਲਾ ਦੀ ਭਾਬੀ ਦੀ ਜ਼ਿਦ ਸੀ ਕਿ ਉਹ ਜ਼ਰੂਰ ਜ਼ਿੰਦਗੀ ਨੂੰ ਭਾਂਜ ਦੇਵੇਗੀ।
ਹਾਂ ਜਦੋਂ ਸ਼ੀਲਾ ਤੇ ਸ਼ੀਲਾ ਦੀ ਭਾਬੀ ਉਸ ਨਵੀਂ ਬਣੀ ਕਠੀ ਦੇ ਕੋਲੋਂ ਲੰਘਦੀਆਂ ਤਾਂ ਪਤਾ ਨਹੀਂ ਸ਼ੀਲਾ ਨੂੰ ਕੀ ਹੋਣ ਲਗ ਜਾਂਦਾ ਸੀ। ਉਸ ਦੇ ਦਿਲ ਵਿਚ ਅਜੀਬ ਅਜੀਬ ਖ਼ਿਆਲ ਆਂਦੇ ਸਨ । ਕਦੀ ਕਦੀ ਉਹਨੂੰ ਆਪਣੇ ਆਪ ਤੇ ਗੁੱਸਾ ਵੀ ਬੜਾ ਆਉਂਦਾ ਬੀ । ਪਰ ਕਦੀ ਕਦੀ ਇਹੋ ਖ਼ਿਆਲ ਉਸ ਦੇ ਦਿਲ ਵਿਚ ਦੇਰ ਤੀਕ ਗੁਦਗੁਦੀਆਂ ਲੈਂਦੇ ਰਹਿੰਦੇ। ਪਤਾ ਨਹੀਂ ਸ਼ੀਲਾ ਦੀ ਭਾਬੀ ਕੀ ਸੋਚਦੀ ਰਹਿੰਦੀ । ਇਸ ਕੋਠੀ ਵਿਚ ਕੋਈ ਅਮੀਰ ਆਦਮੀ ਰਹਿੰਦਾ ਸੀ । ਉਸ ਦੇ ਤਿੰਨ ਨੌਕਰ ਸਨ । ਬਹਿਰਾ, ਖਾਨਸਾਮਾਂ ਤੇ ਡਰਾਈਵਰ। ਸ਼ੀਲਾ ਦੀ ਭਾਬੀ ਦੇ ਕਹਿਣ ਅਨੁਸਾਰ ਇਹ ਤਿੰਨੇ ਮੁਸ਼ਟੰਡੇ ਤੇ ਵਿਹਲੜ ਸਨ। ਪਰ ਉਹ ਜਵਾਨ ਸਨ । ਬਹਿਰਾ ਇਨ੍ਹਾਂ ਨੂੰ ਵੇਖ ਕੇ ਆਪਣੀਆਂ ਮੁੱਛਾਂ ਤੇ ਵਟ ਦੇਣ ਲਗ ਜਾਂਦਾ । ਖਾਨਸਾਮਾ ਆਪਣੀ ਟੋਪੀ ਨੂੰ ਅਗੇ ਝੁਕਾ ਕੇ ਘੂਰਦਾ ਰਹਿੰਦਾ। ਪਰ ਡਰਾਈਵਰ ਬੜਾ ਚੰਗਾ ਸੀ । ਉਸ ਦਾ ਗੋਰਾ ਰੰਗ ਸੀ । ਨੀਲੀਆਂ ਨੀਲੀਆਂ ਅੱਖਾਂ ਸਨ ਤੇ ਲੰਮੇ ਪਟੇ ਰਖਦਾ - ਸ਼ੀਲਾ ਨੂੰ ਇਹ ਬੜਾ ਚੰਗਾ ਲਗਦਾ ਸੀ । ਉਹ ਮੋਟਰ ਵਿਚ ਬੈਠ ਕੇ ਸੀਟੀਆਂ ਵਜਾਂਦਾ ਰਹਿੰਦਾ ਜਾਂ ਮੋਟਰ ਪੂੰਝਦਾ ਰਹਿੰਦਾ ਸੀ ।
ਉਹ ਜਦੋਂ ਵੀ ਉਥੋਂ ਲੰਘ ਕੇ ਜਾਂਦੀਆਂ ਤਾਂ ਇਹ ਲੋਕ ਆਪਸ ਵਿਚ ਕੋਈ ਗਲ ਕਰਦੇ ਸੁਣਾਈ ਦਿੰਦੇ, ਕੁਝ ਘੁਸਰ ਮੁਸਰ ਹੁੰਦੀ ਤੇ ਫੇਰ ਸਾਰੇ ਦੇ ਸਾਰੇ ! ਫਾਹ ਕਰਕੇ ਖਿੜ ਖਿੜਾ ਕੇ ਹਸ ਪੈਂਦੇ ਸਨ । ਸ਼ੀਲਾ ਦੀ ਭਾਬੀ ਨੂੰ ਇਹ ਖਰਵੀ ਜਹੀ ਬੇਢੱਬੀ ਹਾਸੀ ਬਹੁਤ ਬੁਰੀ ਲੱਗਦੀ ਸੀ। ਉਹ ਕੌੜਾ ਘੁੱਟ ਭਰ ਕੇ ਰਹਿ ਜਾਂਦੀ । ਕਿਤਨੀ ਦੇਰ ਤੀਕ ਉਸ ਦਾ ਮੂੰਹ ਭੈੜਾ ਜਿਹਾ ਬਣਿਆ ਰਹਿੰਦਾ। ਜਿਵੇਂ ਕੌੜੀ ਦਵਾਈ ਪੀ ਕੇ ਹਟੀ ਹੋਵੇ। "ਨਾ ਮਰਦੇ ਨਾ ਮਗਰੋਂ ਲਥਦੇ" ਉਸ ਦੀ ਭਾਬੀ ਕਹਿੰਦੀ ਤੇ ਲਾ ਪਰਵਾਹੀ ਨਾਲ ਅੱਗੇ ਤੁਰਦੀ ਜਾਂਦੀ। ਇਕ ਬੋਲਦਾ, "ਇਮਾਰਤ ਕਿਸੇ ਜ਼ਮਾਨੇ ਵਿਚ ਸ਼ਾਨਦਾਰ ਸੀ।" ਦੂਜਾ ਆਖਦਾ, "ਹੁਣ ਤਾਂ ਖੰਡਰ ਹੀ ਰਹਿ ਗਏ ਨੇ।" ਉਸ ਵੇਲੇ ਸ਼ੀਲਾ ਦੀ ਭਾਬੀ ਦਾ ਮੂੰਹ ਵੇਖਣ ਵਾਲਾ ਹੁੰਦਾ। ਉਸ ਦੀਆਂ ਅੱਖੀਆਂ ਦੇ ਹੇਠਾਂ, ਸੁਕੀਆਂ ਗੱਲ੍ਹਾਂ ਤੇ ਮਾਸ ਦੀਆਂ ਮਛੀਆਂ ਨਚਣ ਲਗ ਜਾਂਦੀਆਂ, ਉਹ ਜ਼ੋਰ ਨਾਲ ਸਾਰਾ ਤਾਣ ਲਾ ਕੇ ਕਰਦੀ ‘ਥੂ' ਤੇ ਖਾਨਸਾਮਾ ਕਹਿੰਦਾ,
"ਉਹੋ ਕਿਆ ਨਖਰਾ ਹੈ।"
"ਰੱਸੀ ਸੜ ਗਈ ਪਰ ਵਟ ਨਾ ਗਿਆ।"
ਸ਼ੀਲਾ ਦੀ ਭਾਬੀ ਨੂੰ ਆਪਣੇ ਨਾਲ ਕੀਤੇ ਗਏ ਠੱਠੇ ਦਾ ਇਤਨਾ ਦੁਖ ਨਹੀਂ ਸੀ ਹੁੰਦਾ ਜਿਤਨਾ ਸ਼ੀਲਾ ਦਾ।'
ਮੇਰੀ ਸ਼ੀਲਾ ਨੂੰ ਕੋਈ 'ਵੇ' ਵੀ ਨਾ ਆਖੇ। ਉਹ ਕਈ ਵਾਰੀ ਆਖਿਆ ਕਰਦੀ। ਸ਼ੀਲਾ ਵਲ ਜੇ ਕੋਈ ਅੱਖ ਪਰਤ ਕੇ ਵੇਖੇ ਤਾਂ ਮੈਂ ਉਸ ਦੀ ਅੱਖ ਕੱਢ ਲਵਾਂ? ਸ਼ੀਲਾ ਮੇਰੀ ਰਾਣੀ ਸੀ।" ਤੇ ਫਿਰ ਉਹ ਸ਼ੀਲਾ ਨੂੰ ਪਿਆਰ ਕਰਨ ਲਗ ਜਾਂਦੀ। ਆਖ਼ਰ ਸ਼ੀਲਾ ਨੂੰ ਕਹਿਣਾ ਪੈਂਦਾ।
"ਭਾਬੀ ਦੇਰ ਹੁੰਦੀ ਏ, ਛੇਤੀ ਨਾਲ ਕੰਮ ਨਬੇੜ ਤੇ ਚਲੀਏ।
ਇਕ ਸਵੇਰ ਜਦੋਂ ਉਹ ਉਸ ਕੋਠੀ ਕੋਲੋਂ ਲੰਘ ਰਹੀਆਂ ਸਨ ਤਾਂ ਉਨ੍ਹਾਂ ਦੇ ਕੰਨੀ ਆਵਾਜ਼ ਪਈ।
"ਉਸਤਾਦ।"
"ਮੈਂ ਕਿਹਾ ਆਏ ਨੇ ਪੰਛੀ।"
"ਹੂੰ।"
"ਨਿਸ਼ਾਨਾ ਠੀਕ ਬੈਠੇ।"
"ਹੂੰ। ਮੈਂ ਕਿਹਾ, ਹੈ ਨਮਕੀਨ।"
"ਵਾਹ ਕਿਆ ਬਾਤ ਹੈ।"
"ਜਾਹ ਪੱਠੇ ਐਸ਼ ਕਰ।"
"ਵਾਹ ਉਸਤਾਦ! ਆਖ਼ਰੀ ਆਵਾਜ਼ ਸ਼ੀਲਾ ਦੇ ਡਰਾਈਵਰ ਦੀ ਸੀ। ਇਸ ਦੀ ਆਵਾਜ਼ ਨੂੰ ਸ਼ੀਲਾ ਲਖਾਂ ਕਰੋੜਾਂ ਵਿਚੋਂ ਪਹਿਚਾਨ ਸਕਦੀ ਸੀ। ਹਾਂ ਉਹੀ ਤੇ ਸੀ। ਹੁਣ ਉਹ ਗਰਾਜ਼ ਦੇ ਬਾਹਰ ਖੜਾ ਮੁਸਕਰਾ ਰਿਹਾ ਸੀ। ਕਿਤਨੀ ਮੱਠੀ ਸੀ ਉਸਦੀ ਮੁਸਕਨੀ। ਤੇ ਸ਼ੀਲਾ ਦੀ ਭਾਬੀ ਕਹਿ ਰਹੀ ਸੀ। 'ਉਸਤਾਦ।' ਆਇਐ ਵੱਡਾ। ਉਸਤਾਦੀ ਸਾਰੀ ਚੁੱਲ੍ਹੇ ਵਿਚ ਪਾ ਕੇ ਫੂਕ ਨਾ ਦੇਵਾਂ ਸੂਮੇਤ। ਉਹ ਮੁੜ ਕੇ ਕੁਝ ਕਹਿਣ ਹੀ ਲਗੀ ਸੀ ਕਿ ਇਕ ਦੰਮ ਜਿਵੇਂ ਉਸਦੇ ਪੈਰ ਧਰਤੀ ਵਿਚ ਗੱਡੇ ਗਏ। ਉਸ ਦੀ ਜੀਭ ਤਾਲੂ ਨਾਲ ਲਗੀ ਦੀ ਲਗੀ ਰਹਿ ਗਈ। ਉਸ ਦੇ ਹੋਠ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਉਸ ਦੀ ਸ਼ੀਲਾ ਮੁਸਕਰਾ ਰਹੀ ਸੀ। ਸ਼ੀਲਾ ਦੀ ਭਾਬੀ ਨੂੰ ਅੱਗ ਹੀ ਤਾਂ ਲਗ ਗਈ ਸੀ। ਜਿਸ ਠੱਠੇ ਲਈ ਉਹ ਸਾਰੀ ਉਮਰ ਤਿਲਮਿਲਾਂਦੀ ਰਹੀ ਸੀ, ਉਸਦੀ ਧੀ ਨੂੰ ਉਹ ਪਸੰਦ ਸੀ। ਉਸ ਦੀ ਸ਼ੀਲਾ ਨੂੰ ਉਹ ਗੰਦਾ ਮਜ਼ਾਕ ਰਾਸ ਆ ਗਿਆ ਸੀ। ਉਸ ਦੀ ਸ਼ੀਲਾ ਮੁਸਕਰਾ ਰਹੀ ਸੀ। ਆਮ ਬਜ਼ਾਰੀ ਵਾਹਾਯਾਤ ਕੁੜੀਆਂ ਵਾਂਗ ਭਾਬੀ ਨੂੰ ਗੁੱਸੇ ਵੇਖ ਕੇ ਸ਼ੀਲਾ ਬੋਲੀ ਸੀ, "ਜਾਣ ਦੇ ਭਾਬੀ। ਖਾਣ ਖਸਮਾਂ ਨੂੰ, ਆਪੇ ਭੌਂਕ ਭੌਂਕ ਕੇ ਚੁਪ ਕਰ ਰਹਿਣਗੇ।" ਭਾਵੇਂ ਉਸ ਦੀ ਮਾਂ ਉਸ ਨਾਲ ਵਾਪਸ ਮੁੜ ਆਈ ਸੀ, ਪਰ ਉਸ ਨੇ ਸ਼ੀਲਾ ਨੂੰ ਮੁਆਫ਼ ਨਹੀਂ ਸੀ ਕੀਤਾ।
"ਇਸ ਨਾਲੋਂ ਤੇ ਚੰਗਾ ਹੁੰਦਾ ਸ਼ੀਲਾ, ਮੈਂ ਤੇਰਾ ਜਮਦੀ ਦਾ ਗਲਾ ਘੁਟ ਦੇਂਦੀ। ਸ਼ੀਲਾ ਤੂੰ ਮੇਰੀ ਧੀ ਨਹੀਂ ਏ, ਪਤਾ ਨਹੀਂ ਕੌਣ ਏ ਕੁਲਹਿਣੀਏ। ਪਤਾ ਨਹੀਂ ਉਸ ਦੀ ਮਾਂ ਨੇ ਉਸ ਰਾਤ ਹੋਰ ਕੀ ਕੁਝ ਆਖਿਆ ਸੀ ਉਸ ਨੂੰ, ਉਸ ਰਾਤ ਉਸ ਦੀ ਮਾਂ ਨੂੰ ਬਹੁਤ ਜ਼ੋਰ ਦੀ ਬੁਖ਼ਾਰ ਆਇਆ ਤੇ ਉਹ ਸ਼ੀਲਾ ਨੂੰ ਇਕੱਲੀ ਛਡ ਗਈ, ਸਦਾ ਲਈ।
ਸ਼ੀਲਾ ਨੂੰ ਆਪਣੀ ਮਾਂ ਦਾ ਅੰਤਮ ਸਮਾਂ ਯਾਦ ਆਇਆ ਤੇ ਉਸ ਦੀਆਂ ਅੱਖੀਆਂ ਭਰ ਆਈਆਂ। ਭਾ.... ਬੀ... ਉਸ ਦਾ ਜੀ ਕੀਤਾ ਉਹ ਜ਼ੋਰ ਜ਼ੋਰ ਨਾਲ ਚੀਕੇ ਪਰ ਆਵਾਜ਼ ਸੀ ਕਿ ਉਸ ਦੇ ਗਲੇ ਵਿਚੋਂ ਨਿਕਲਦੀ ਹੀ ਨਹੀਂ ਸੀ। ਹਰ ਵਾਰ ਉਸ ਦੇ ਗਲੇ ਤੀਕ ਆ ਕੇ ਉਸ ਦੀ ਆਵਾਜ਼ ਰੁਕ ਜਾਂਦੀ! ਉਹ ਕਿਤਨੀ ਦੇਰ ਤੀਕ ਚੁਪ ਚਾਪ ਰੋਂਦੀ ਰਹੀ।
ਫਿਰ ਉਸਨੇ ਵੇਖਿਆ, ਕਿ ਗੋਰੇ ਰੰਗ ਵਾਲਾ ਨੌਜਵਾਨ ਜਿਸ ਦੀਆਂ ਨੀਲੀਆਂ ਅਖੀਆਂ ਸਨ ਤੇ ਭੂਰੇ ਭੁਰੇ ਲੰਮੇ ਪਟੇ, ਇਕ ਮੋਟਰ ਲੈ ਕੇ ਉਸ ਦੇ ਘਰ ਦੇ ਬਾਹਰ ਆਇਆ ਹੈ। ਉਸ ਨੇ ਉਸ ਦੇ ਵਾਲ ਠੀਕ ਕੀਤੇ। ਉਸ ਨੂੰ ਪਿਆਰ ਕੀਤਾ ਤੇ ਆਪਣੇ ਨਾਲ ਲੈ ਗਿਆ।
ਦੋ ਸਾਲ ਤੀਕ ਸ਼ੀਲਾ ਉਸ ਦੇ ਨਾਲ ਰਹਿੰਦੀ ਰਹੀ। ਉਸ ਨੇ ਉਸ ਨੂੰ ਬੜੀ ਸੈਰ ਕਰਾਈ ਸੀ, ਉਹ ਮੋਟਰ ਚਲਾਂਦਾ ਸੀ। ਦਿਨ ਭਰ ਉਹ ਬਾਹਰ ਚਲਾ ਜਾਂਦਾ ਤੇ ਸ਼ੀਲਾ ਉਸ ਨੂੰ ਉਡੀਕਦੀ ਰਹਿੰਦੀ। ਰਾਤ ਨੂੰ ਸ਼ੀਲਾ ਇਕੱਲੀ ਹੁੰਦੀ। ਉਸ ਨੂੰ ਬੜਾ ਡਰ ਲਗਦਾ ਤੇ ਉਹ ਰਾਤ ਭਰ ਜਾਗਦੀ ਰਹਿੰਦੀ। ਫਿਰ ਉਸ ਦੀਆਂ ਰਾਤ ਦੀਆਂ ਡਿਊਟੀਆਂ ਜ਼ਿਆਦਾ ਹੋਣ ਲਗ ਪਈਆਂ। ਰਾਤੀ ਪਰਭਾਤੀਂ ਜਦੋਂ ਉਸ ਦਾ ਜੀ ਕਰਦਾ ਉਹ ਵਾਪਸ ਆ ਜਾਂਦਾ। ਉਸ ਨੂੰ ਖ਼ਾਰਸ਼ ਹੁੰਦੀ ਸੀ। ਸ਼ੀਲਾ ਉਸ ਦੇ ਸਰੀਰ ਤੇ ਤੇਲ ਦੀ ਮਾਲਿਸ਼ ਕਰਦੀ ਸੀ! ਫਿਰ ਉਹ ਕੋਈ ਦਵਾਈ ਪੀਂਦਾ ਸੀ, ਕੌੜੀ ਤੇ ਬਦਬੂਦਾਰ, ਜਿਸ ਦਿਨ ਉਹ ਦਵਾਈ ਪੀ ਕੇ ਆਂਦਾ ਸੀ ਸ਼ੀਲਾ ਨੂੰ ਝਟ ਪਤਾ ਲੱਗ ਜਾਂਦਾ। ਉਸ ਦੀ ਬੂ ਬੜੀ ਭੈੜੀ ਸੀ। ਉਹ ਜਦੋਂ ਆਪਣਾ ਮੂੰਹ ਪਰੇ ਪਰੇ ਕਰਦੀ ਸੀ ਤੇ ਉਹ ਹੋਰ ਉਸ ਦੇ ਨੇੜੇ ਨੇੜੇ ਹੁੰਦਾ ਜਾਂਦਾ ਸੀ। ਫਿਰ ਉਹ ਸ਼ੀਲਾ ਨੂੰ ਜ਼ੋਰ ਨਾਲ ਘੁਟ ਲੈਂਦਾ। ਉਹ ਕਦੀ ਕਦੀ ਸ਼ੀਲਾ ਨੂੰ ਮਾਰਦਾ ਵੀ ਸੀ ਪਰ ਉਹ ਉਸ ਨੂੰ ਚੰਗਾ ਲਗਦਾ ਸੀ, ਤੇ ਫਿਰ ਇਕ ਦਿਨ ਉਹ ਵੀ ਸ਼ੀਲਾ ਨੂੰ ਤਿਆਗ ਗਿਆ।
ਸ਼ੀਲਾ ਦੇ ਸਰੀਰ ਤੇ ਫੋੜੇ ਨਿਕਲ ਆਏ ਸਨ। ਪਹਿਲਾਂ ਉਸਨੂੰ ਖ਼ਾਰਸ਼ ਪਈ ਤੇ ਫਿਰ ਨਿੱਕੇ ਨਿੱਕੇ ਵੱਡੇ ਵੱਡੇ ਫੋੜੇ ਉਸਦੇ ਸਰੀਰ ਤੇ ਨਿਕਲ ਆਏ। ਫਿਰ ਉਸ ਦੇ ਸਰੀਰ ਵਿਚੋਂ ਲਹੂ ਰਿਸਣ ਲਗ ਪਿਆ। ਫਿਰ ਉਸ ਦੇ ਫੋੜਿਆਂ ਵਿਚ ਪਸ ਪੈ ਗਈ ਤੇ ਉਸ ਦਾ ਸਰੀਰ ਹੌਲੀ ਹੌਲੀ ਗਲ ਕੇ ਝੜਨ ਲਗ ਪਿਆ। ਲੋਕਾਂ ਨੇ ਆਖਿਆ ਇਹ ਖਤਰਨਾਕ ਬੀਮਾਰੀ ਹੈ। ਲੋਕੀ ਉਸ ਨੂੰ ਨੇੜੇ ਨਹੀਂ ਸਨ ਲਗਣ ਦੇਂਦੇ। ਮੰਗਿਆਂ ਉਸ ਨੂੰ ਭਿਖ ਭੀ ਨਹੀਂ ਸੀ ਮਿਲਦੀ, ਲੋਕੀ ਉਸ ਨੂੰ ਹਰ ਪਾਸਿਉਂ ਧਤਕਾਰਦੇ ਸਨ ਤੇ ਇਕ ਦਿਨ ਉਸ ਨੇ ਆਪਣੇ ਨੀਲੀਆਂ ਨੀਲੀਆਂ ਅੱਖਾਂ ਵਾਲੇ ਡਰਾਈਵਰ ਨੂੰ ਵੇਖਿਆ। ਉਹ ਉਸ ਨੂੰ ਠੁੱਡਾ ਮਾਰ ਕੇ ਪਰੇ ਸੁਟ ਗਿਆ।
"ਕੁਲਹਿਣੀ" ਉਸ ਨੇ ਆਖਿਆ, ਉਸ ਦੇ ਨਾਲ ਇਕ ਹੋਰ ਕੁੜੀ ਤੁਰਦੀ ਜਾ ਰਹੀ ਸੀ। "ਹਟ ਪਰੇ, ਨਾਮੁਰਾਦ।" ਉਹ ਬੋਲੀ! ਸ਼ੀਲਾ ਨੂੰ ਠੇਡਾ ਲੱਗਾ ਤੇ ਉਹ ਡਿਗ ਪਈ। ਫੇਰ ਉਹ ਕਦੇ ਵੀ ਨਾ ਉਠ ਸਕੀ। ਉਸ ਨੂੰ ਜ਼ੋਰ ਦੀ ਖੰਘ ਆਈ। ਉਸ ਨੇ ਆਪਣੀ ਗੋਦੜੀ ਮੂੰਹ ਤੋਂ ਹਟਾਣ ਦਾ ਯਤਨ ਕੀਤਾ, ਪਰ ਉਹ ਹਟਾ ਨਾਂ ਸਕੀ। ਜਿਵੇਂ ਉਸ ਦੇ ਹੱਥ ਆਕੜ ਗਏ ਸਨ। ਉਸ ਨੇ ਆਪਣੇ ਦੁਆਲੇ ਵੇਖਣ ਦਾ ਯਤਨ ਕੀਤਾ, ਪਰ ਕੁਝ ਵੇਖ ਨਾ ਸਕੀ। ਉਸ ਦੇ ਦੁਆਲੇ ਹਨੇਰਾ ਹੀ ਹਨੇਰਾ ਸੀ। ਨਾ-ਮੁਰਾਦੀ, ਮਾਯੂਸੀ ਤੇ ਮੌਤ ਦਾ ਹਨੇਰਾ।
ਇਸ ਤਰ੍ਹਾਂ ਸੋਲ੍ਹਾਂ ਸਾਲ ਦੀ ਆਯੂ ਵਿਚ ਸ਼ੀਲਾ ਦੀ ਨਾਮੁਰਾਦ ਜ਼ਿੰਦਗੀ ਦਾ ਖਾਤਮਾ ਹੋ ਗਿਆ। ਉਸਦੀ ਲਾਸ਼ ਬੇ-ਹਿਸ ਧਰਤੀ ਤੇ ਪਈ ਸੀ ਤੇ ਕੀੜੇ ਲਾਪਰਵਾਹੀ ਨਾਲ ਉਸਨੂੰ ਵਲੂੰਧਰ ਰਹੇ ਸਨ। ਲੋਕੀ ਉਸ ਦੀ ਲਾਸ਼ ਦੇ ਦੁਆਲੇ ਖੜੇ ਸਨ ਉਨ੍ਹਾਂ ਨੇ ਆਪਣਿਆਂ ਨੱਕਾਂ ਤੇ ਮੂੰਹਾਂ ਨੂੰ ਢਕ ਰਖਿਆ ਸੀ!
"ਵਿਚਾਰੀ ਮਰ ਗਈ।"
"ਚੰਗਾ ਹੋਇਆ, ਗਰੀਬ ਦੀ ਜਾਨ ਛੁਟ ਗਈ।"
"ਲਾਵਾਰਸ ਹੈ।"
"ਮੰਗਤੀ ਸੀ।"
"ਪਤਾ ਨਹੀਂ ਕੀ ਹੋਇਆ ਸੂ।"
"ਕੋਈ ਗੁਪਤ ਬੀਮਾਰੀ ਸੀ ਨਾਮੁਰਾਦ ਨੂੰ।"
"ਕੋੜ੍ਹੀ ਸੀ।"
"ਹੈ ਤੇਰੀ ਕੁਲਹਿਣੀ ਦੀ।"
ਜਦੋਂ ਕਮੇਟੀ ਦੇ ਚੂਹੜੇ ਤੋਂ ਉਸ ਦੀ ਲਾਸ਼ ਨਾ ਚੁਕੀ ਗਈ ਤਾਂ ਉਸ ਨੇ ਆਖਿਆ,
"ਹੈਦਾਂ ਤਾਂ ਜਨੌਰ ਭੀ ਨਹੀਂ ਆਕੜਦੇ।"
ਪਰ ਕੀੜੇ ਖ਼ੁਸ਼ ਸਨ, ਉਹ ਉਸ ਨੂੰ ਦੁਆਵਾਂ ਦੇ ਰਹੇ ਸਨ। ਅੱਜ ਉਹ ਬਿਲਕੁਲ ਨਹੀਂ ਸੀ ਹਿਲਦੀ, ਹਥ ਤੀਕ ਨਹੀਂ ਸੀ ਹਿਲਾਂਦੀ। ਉਨ੍ਹਾਂ ਨੂੰ ਵੇਖ ਤੀਕ ਨਹੀਂ ਸੀ ਸਕਦੀ। ਚੰਗੀ ਸ਼ੀਲਾ।