Lamboo (Punjabi Story) : Sarghi

ਲਾਂਬੂ (ਕਹਾਣੀ) : ਸਰਘੀ

ਮੈਂ ਬਹੁਤ ਥੱਕਿਆ ਹੋਇਆ ਸੀ ਤੇ ਪਤਾ ਨਹੀਂ ਕਿਹੜੇ ਵੇਲੇ ਅੱਖ ਲੱਗ ਗਈ। ਮੀਟੀਆਂ ਅੱਖਾਂ ਨੂੰ ਅੱਗ ਦੇ ‘ਲਾਂਬੂ` ਦਿਸਣ ਲੱਗੇ। ਹਰ ਮੁਰਦੇ ਨੂੰ ਉਹਦੇ ਵਾਰਿਸ ਹਫੜਾ-ਦਫੜੀ `ਚ ‘ਲਾਂਬੂ` ਲਾ ਰਹੇ ਸਨ ਪਰ ਮੇਰੇ ਕੋਲੋਂ ਆਪਣੇ ਬਾਪੂ ਨੂੰ ‘ਲਾਂਬੂ` ਨਹੀਂ ਲਾ ਹੋਇਆ। ਕੋਸ਼ਿਸ਼ ਕੀਤੀ ਸੀ ਪਰ ਨੇਜ਼ਿਆਂ, ਛੁਰੀਆਂ ਤੇ ਤਲਵਾਰਾਂ ਦੇ ਹਜੂਮ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਫਿਰ ਹਥਿਆਰਾਂ ਦਾ ਹਜੂਮ ਕਿਧਰੇ ਦੂਰ ਰਹਿ ਜਾਂਦਾ ਹੈ। ਆਪਣੀ ਜਾਨ ਬਚਾ ਲੈਂਦਾ ਹਾਂ ਪਰ ਗੱਡੇ `ਤੇ ਪਈ ਲਾਸ਼ ਦੀਆਂ ਅੱਖਾਂ ਤੋਂ ਬਚਿਆ ਨਹੀਂ ਜਾਂਦਾ। ਉਹ ਤਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹਨ। ਮੈਂ ਬੌਂਦਲਿਆ ਜਿਹਾ ਉਠਦਾ ਹਾਂ ਪਰ ਮੈਂ ਤਾਂ ਆਪਣੇ ਬਾਪ ਦਾ ਸਸਕਾਰ ਆਪਣੇ ਹੱਥੀਂ ਕੀਤਾ ਸੀ।
ਸਾਹਮਣੇ ਕੰਧ `ਤੇ ਲੱਗੀ ਫੋਟੋ ਵਿਚਲਾ ਬਾਪੂ ਮੁਸਕਰਾਉਂਦਾ ਹੈ। ਮੈਂ ਬੀਤੇ ਨੂੰ ਹੰਘਾਲਦਾ ਹਾਂ ਤੇ ਫਿਰ ਬਾਪੂ ਬੋਲਣ ਲੱਗ ਪਿਆ ਸੀ, ‘ਪੁੱਤਰਾ, ਜਦ ਕਦੇ ਜ਼ਮੀਨ-ਜੈਦਾਦ ਵੇਖ ਬਹੁਤਾ ਹੰਕਾਰ ਆ ਜਾਵੇ ਤਾਂ ਚੇਤੇ ਕਰ ਲਿਆ ਕਰੀਂ, ਸੰਤਾਲੀ ਵੇਲੇ ‘ਭੋਇੰ-ਨਈ` ਦੇ ਮਾਲਕ ਤੇਰੇ ਦਾਦੇ ਨੂੰ ਖੱਫਣ ਵੀ ਨਹੀਂ ਸੀ ਜੁੜਿਆ ਤੇ ਨਾ ਹੀ ਉਹਦੀ ਚਿਖਾ ਨੂੰ ਪੁੱਤ ਦੇ ਹੱਥੋਂ ‘ਲਾਂਬੂ` ਲਾ ਹੋਇਆ ਸੀ।’
ਤੜਕੇ ਆਇਆ ਇਹ ਸੁਪਨਾ ਮੈਨੂੰ ਬੇਚੈਨ ਕਰ ਗਿਆ ਸੀ। ਭਈਏ ਨੂੰ ਨਾਲ ਲੈ ਮੈਂ ‘ਚੜ੍ਹਦੀ ਪੱਤੀ` ਦੀਆਂ ਮੜ੍ਹੀਆਂ ਵੱਲ ਲੱਗੇ ਬੂਟਿਆਂ ਨੂੰ ਪਾਣੀ ਦੇਣ ਤੁਰ ਪੈਂਦਾ ਹਾਂ। ਉਂਜ ਤਾਂ ‘ਲਹਿੰਦੀ ਪੱਤੀ` ਦੀਆਂ ਮੜ੍ਹੀਆਂ `ਚ ਵੀ ਫੁੱਲ-ਬੂਟੇ ਮੈਂ ਹੀ ਲਗਵਾਏ ਸਨ, ਪਰ ਪਤਾ ਨਹੀਂ ਕਿਉਂ ਮੈਂ ਉਨ੍ਹਾਂ ਬੂਟਿਆਂ ਨੂੰ ਆਪ ਪਾਣੀ ਦੇਣ ਕਦੇ ਨਹੀਂ ਗਿਆ। ਆਪਣੇ ਹੀ ਪਿੰਡ ਦੀਆਂ ਗਲੀਆਂ ਮੈਨੂੰ ਓਪਰੀਆਂ ਜਿਹੀਆਂ ਲੱਗੀਆਂ। ਕੰਮ-ਧੰਦਿਆਂ ਦੇ ਦਿਨ ਸਨ। ਕਹਿੰਦੇ ਹੁੰਦੇ ਆ ਇਨ੍ਹਾਂ ਦਿਨਾਂ `ਚ ਤਾਂ ਜ਼ਿਮੀਂਦਾਰ ਆਪਣੀ ਮਰੀ ਮਾਂ ‘ਭੜੋਲੇ` ਪਾ ਛੱਡਦੇ ਪਰ ਹੁਣ ਤਾਂ ਉਹ ਜਿਉਂਦੇ ਜੀਅ ਆਪ ਹੀ ‘ਭੜੋਲੇ` `ਚ ਪੈ ਗਏ ਸਨ।
ਮੌਸਮ ਬਹਾਰ ਦਾ ਸੀ, ਕਣਕ ਨਿੱਸਰ ਆਈ ਸੀ, ਕੋਇਲ ਦੀ ਕੂ-ਕੂ ਦੂਰ ਤਕ ਸੁਣ ਰਹੀ ਸੀ। ਪਸ਼ੂ, ਪੰਛੀ, ਪਰਿੰਦਿਆਂ `ਤੇ ‘ਚੰਦਰੇ ਵਾਇਰਸ` ਦਾ ਕੋਈ ਅਸਰ ਨਹੀਂ ਸੀ ਪਰ ਬੰਦੇ ਨੂੰ ਇਸ ‘ਕਰੋਨਾ ਵਾਇਰਸ` ਨੇ ਕਾਸੇ ਜੋਗਾ ਨਾ ਰਹਿਣ ਦਿੱਤਾ। ਗਲੀ ਦੀ ‘ਸੁੰਨ-ਮਸਾਣ` ਵੇਖ ਮੇਰੇ ਅੰਦਰੋਂ ਪੀਲੂ ਬੋਲਣ ਲੱਗ ਪਿਆ ‘ਗਲੀਆਂ ਹੋ ਜਾਣ ਸੁੰਨੀਆਂ, ਵਿਚ ਮਿਰਜ਼ਾ ਯਾਰ ਫਿਰੇ`। ਤੇ ਇਸ ਵੇਲੇ ਮੈਨੂੰ ਆਪਣਾ ਆਪ ਮਿਰਜ਼ੇ ਤੋਂ ਘੱਟ ਨਹੀਂ ਲੱਗ ਰਿਹਾ।

ਤਿੰਨ ਮਹੀਨੇ ਪਹਿਲਾਂ ਚੀਨ `ਚ ਨਵੇਂ ਵਾਇਰਸ ਦੀ ਗੱਲ ਸੁਣੀ ਸੀ। ਉਦੋਂ ਮੈਂ ਮਾੜਾ-ਮੋਟਾ ਅਖ਼ਬਾਰ `ਚੋਂ ਇਹਦੇ ਬਾਰੇ ਪੜ੍ਹਿਆ, ਪਰ ਬਹੁਤੇ ਪਿੰਡ ਵਾਲੇ ਇਸ ਤੋਂ ਅਣਜਾਣ ਹੀ ਸਨ। ਰੋਜ਼ ਵਾਂਗ ਮੈਂ ਆਪਣੇ ਪੋਤਿਆਂ ਨੂੰ ‘ਕਪਾਲ ਭਾਤੀ` ਕਰਵਾ ਰਿਹਾ ਸਾਂ। ਅੰਦਰੋਂ ਮੇਰਾ ਮੁੰਡਾ ਆਇਆ ਤਾਂ ਮੇਰੇ ਗਲ ਹੀ ਪੈ ਗਿਆ। ਹਲਕਿਆਂ ਵਾਂਗ ਉੱਚੀ ਸਾਰੀ ਕਹਿਣ ਲੱਗਾ, ‘ਦੁਨੀਆ `ਚ ਮਹਾਮਾਰੀ ਫੈਲੀ ਹੋਈ ਏ ਤੇ ਤੁਸੀਂ ਇੱਕ-ਦੂਜੇ ਦੇ ਸਾਹਮਣੇ ਬਹਿ ਕੇ ਇੱਕ-ਦੂਜੇ ਦੇ ਸਾਹਾਂ `ਚ ਸਾਹ ਕੱਢ-ਪਾ ਰਹੇ ਹੋ। ਡੈਡ! ਥੋੜ੍ਹੀ ਅਕਲ ਕਰ ਲਿਆ ਕਰ, ਤੂੰ ਪੜ੍ਹਿਆ-ਲਿਖਿਆ ਬੰਦਾ, ਦੀਨ-ਦੁਨੀਆ ਦੀ ਸੋਝੀ ਰੱਖਣ ਵਾਲਾ।’ ਉਸ ਦਿਨ ਪੁੱਤ ਦੀਆਂ ਕਹੀਆਂ-ਸੁਣੀਆਂ ਨੇ ਮੇਰੇ ਧੁਰ ਅੰਦਰ ਤਕ ਲਾਂਬੂ ਲਾ ਦਿੱਤਾ ਸੀ।
ਮੈਂ ਬਲਵੰਤ ਸਿੰਘ ਚੰਦੀ ਪਿੰਡ ਦਾ ਸਰਪੰਚ, ਜ਼ਮੀਨ ਜਾਇਦਾਦ ਵਾਲਾ ਬੰਦਾ, ਆਲੇ ਦੁਆਲੇ ਦੇ ਲੋਕ ਮੇਰੇ ਕੋਲੋਂ ਸਲਾਹਾਂ ਲੈ ਕੇ ਆਪਣੇ ਕੰਮ ਕਰਦੇ ਪਰ ਮੈਂ ਆਪਣੇ ਹੀ ਘਰ ਅੰਦਰ ਬੇਅਕਲਾ ਹੋ ਗਿਆ। ਉਸ ਵੇਲੇ ਜੀਅ `ਚ ਆਈ ਆਖਾਂ-‘ਕੰਜਰਾ ਮੈਨੂੰ ਅਕਲ ਬਥੇਰੀ ਸੀ ਪਰ ਤੇਰੇ ਵਰਗੇ ਧੀਆਂ-ਪੁੱਤ ਕਮਲਾ ਕਰ ਦੇਂਦੇ` ਪਰ ਕਹਿ ਨਾ ਹੋਇਆ। ਸੋਚਿਆ, ਛੁੱਟੀ ਕੱਟਣ ਆਇਆ, ਫਿਰ ਇਹਨੇ ਚਲੇ ਹੀ ਜਾਣਾ ਸ਼ਹਿਰ ਵਾਲੇ ਘਰ। ਕਈ ਵਾਰ ਸੋਚੂੰ, ਇਹੋ ਜਿਹੇ ਆਉਣ ਖੁਣੋਂ ਕੀ ਥੁੜ੍ਹਿਆ। ਜੇ ਰੱਬ ਨੇ ਸਾਥ ਖੋਹ `ਕੱਲਾ ਕਰ ਦਿੱਤਾ ਹੈ ਤੇ ਫਿਰ ਮੈਂ ਆਪਣੇ ਘਰ `ਕੱਲਾ ਹੀ ਚੰਗਾ। ਮਾਂ ਵਾਂਗੂੰ ਵਹਿਮੀ ਬੜਾ, ਪਤਾ ਨਹੀਂ ਕਿੰਨੀ ਵਾਰ ਕਮਲਿਆਂ ਵਾਂਗ ਹੱਥ ਈ ਧੋਈ ਜਾਂਦਾ।
ਇਸ ਬਿਮਾਰੀ ਤੋਂ ਮੈਂ ਕਿਹੜਾ ਅਣਜਾਣ ਸੀ ਪਰ ਹਾਲੇ ਸਾਡੇ ਦੇਸ਼ `ਚ ਇਹਦਾ ਕੋਈ ‘ਨਾਂ-ਨਿਸ਼ਾਨ` ਨਹੀਂ ਸੀ ਪਰ ਇਹ ਨਵਾਂ ਕੋੜਮਾ ਸਾਰੀ ਦਿਹਾੜੀ ਲੈਪਟਾਪ ਅੱਗੇ ਬੈਠਾ ਰਹਿੰਦਾ। ਇਨ੍ਹਾਂ ਨੂੰ ਸਭ ਪਤਾ ਹੁੰਦਾ। ਤਦ ਤਾਂ ਦੀਪ ਇਵੇਂ ਮੱਚ ਉੱਠਿਆ ਸੀ, ਜਿਵੇਂ ਸਹੁਰੀ ਦਾ ਕਰੋਨਾ ਬਾਹਰ ਹੀ ਖਲੋਤਾ ਹੋਵੇ। ਫਿਰ ਬਹੁਤ ਦਿਨ ਕਰੋਨਾ ਬਾਹਰ ਖਲੋਤਾ ਨਹੀਂ ਰਿਹਾ, ਸਾਡੇ ਦੇਸ਼ ਵੀ ਆਣ ਪਹੁੰਚਿਆ ਸੀ। ਪਾੜ੍ਹਿਆਂ ਨੇ ਤਾਂ ਕਦ ਦਾ ਇਸ ਬਿਮਾਰੀ ਦਾ ਕੱਪੜ-ਛਾਣ ਕਰ ਲਿਆ ਸੀ ਤੇ ਹੁਣ ਦੇਸਾਂ-ਪਰਦੇਸਾਂ `ਚ ਬੈਠੇ ਸਾਰੇ ਧੀਆਂ-ਪੁੱਤ ਫੋਨ `ਤੇ ਮਾਂ-ਪਿਉ ਨੂੰ ਨਸੀਹਤਾਂ ਦੇ ਪਹਾੜੇ ਪੜ੍ਹਾਉਣ ਲੱਗ ਪਏ ਸਨ, ਪਰ ਸਮਝਾਇਆ ਥੋੜ੍ਹਾ ਤੇ ਡਰਾਇਆ ਬਹੁਤਾ ਸੀ।

ਮੜ੍ਹੀਆਂ ਤੋਂ ਵਾਪਸ ਆਉਂਦਿਆਂ ਮੈਨੂੰ ਫਿਰ ਆਪਣਾ ਬਾਪੂ ਯਾਦ ਆਉਣ ਲੱਗ ਪਿਆ। ਬਾਪੂ ਹਰ ਮਰਨੇ-ਪਰਨੇ `ਤੇ ਖੱਫਣ ਦੇ ਆਉਂਦਾ ਸੀ। ਲਾਂਬੂ ਲਾਉਣ ਲਈ ਲੱਕੜਾਂ ਵੀ ਸੁਟਵਾ ਦੇਂਦਾ ਸੀ। ਜਦ ‘ਚੜ੍ਹਦੀ ਪੱਤੀ` ਦੇ ਸਰਦੇ-ਪੁੱਜਦੇ ਘਰ ਉਸ ਦੀ ਇਸ ਗੱਲ `ਤੇ ਨੱਕ-ਮੂੰਹ ਵੱਟਣ ਲੱਗੇ ਤਾਂ ਫਿਰ ਉਹਨੇ ਆਪਣੀਆਂ ਮੁਹਾਰਾਂ ‘ਲਹਿੰਦੀ ਪੱਤੀ` ਵੱਲ ਮੋੜ ਲਈਆਂ। ਲਾਗੇ-ਬੰਨ੍ਹੇ ਦੀ ਕਿਸੇ ਵੀ ਲਾਵਾਰਸ ਲਾਸ਼ ਨੂੰ ਲਾਂਬੂ ਲਾ ਕੇ ਬਾਪੂ ਸ਼ਾਇਦ ਆਪਣੇ ਹੀ ਅੰਦਰ ਮੱਚਦੇ ‘ਲਾਂਬੂ` ਨੂੰ ਠੰਢ ਪਾ ਰਿਹਾ ਹੁੰਦਾ। ਬਾਪੂ ਅਕਸਰ ਕਹਿੰਦਾ, ‘ਪੁੱਤਰਾ, ਕਿਸੇ ਦੇ ਦੁੱਖ ਵੰਡਾਅ, ਬੰਦਾ ਆਪਣੇ-ਆਪ ਨੂੰ ਹੀ ਹੌਲਾ ਕਰ ਰਿਹਾ ਹੁੰਦੈ।’ ਬਾਪੂ ਜਹਾਨੋਂ ਤੁਰ ਗਿਆ ਤੇ ਲੋਕਾਂ ਦੇ ‘ਦੁੱਖ-ਦਰਦ` ਵੰਡਾਉਣ ਦਾ ਜ਼ਿੰਮਾ ‘ਚੁੱਪ-ਚੁਪੀਤੇ` ਮੈਂ ਲੈ ਲਿਆ ਤੇ ਬਾਪੂ ਦੇ ਅੰਦਰ ਮੱਚਦਾ ‘ਲਾਂਬੂ` ਕਦ ਮੇਰੇ ਅੰਦਰ ਧੁਖਣ ਲੱਗਾ, ਮੈਨੂੰ ਪਤਾ ਹੀ ਨਾ ਲੱਗਿਆ।
ਮੇਰੇ ਆਪਣੇ ਪੁੱਤ ਦੇ ਅੜਬ ਜਿਹੇ ਬੋਲ ਮੈਨੂੰ ਧੁਰ ਅੰਦਰ ਤਕ ਦੁੱਖ ਦੇਂਦੇ, ਪਰ ਇਸ ਦੁੱਖ ਨੂੰ ਵੰਡਾਉਣ ਵਾਲਾ ਮੇਰੇ ਕੋਲ ਕੋਈ ਨਹੀਂ ਸੀ। ਹੋਰਨਾਂ ਦਾਦਿਆਂ ਵਾਂਗ ਮੈਨੂੰ ਵੀ ‘ਮੂਲ ਨਾਲੋਂ ਵਿਆਜ` ਪਿਆਰਾ ਸੀ। ਸ਼ਾਇਦ ਇਸੇ ਲਈ ਪੁੱਤ ਦੀਆਂ ਕਹੀਆਂ-ਸੁਣੀਆਂ ਨੂੰ ਲਾਂਭੇ ਕਰ ਇਕ ਦਿਨ ਸ਼ਹਿਰ ਵਾਲੇ ਘਰ ਤੁਰ ਪਿਆ। ਘਰ ਦੀ ਬੈੱਲ ਮਾਰ-ਮਾਰ ਹੰਭ ਗਿਆ, ਪਰ ਦਰਵਾਜ਼ਾ ਨਾ ਖੁੱਲ੍ਹਿਆ। ਥੱਕ-ਹਾਰ ਕੇ ਮੁੰਡੇ ਨੂੰ ਫੋਨ ਕੀਤਾ ਤਾਂ ਉਸ ਕਿਹੜੀ ‘ਸਤਿ-ਕੁਸਤਿ` ਬੁਲਾਈ ਸੀ, ਭਬਕ ਕੇ ਪੈ ਗਿਆ, ‘ਕਰੋਨਾ ਬੁਰੀ ਤਰ੍ਹਾਂ ਫੈਲ ਰਿਹੈ ਤੇ ਤੁਹਾਨੂੰ ਮਿਲਣੇ ਸੁੱਝਣ ਡਏ ਆ। ਜੇ ਕੱਲ੍ਹ ਨੂੰ ਕੁਝ ਹੋ ਗਿਆ ਤਾਂ ਮੇਰੇ ਤੋਂ ਕੋਈ ਆਸ ਨਾ ਰੱਖਿਓ।’
‘ਤੇਰੇ ਵਰਗੀ ਔਲਾਦ ਤੋਂ ਮੈਨੂੰ ਕੀ ਆਸ ਹੋ ਸਕਦੀ ਭਲਾ।’ ਮੇਰੀ ਗੱਲ ਸੁਣ ਉਸ ਫੋਨ ਕੱਟ ਦਿੱਤਾ ਤੇ ਮੈਂ ਆਪਣੇ ਅੰਦਰ ਧੁਖਦੇ ਲਾਂਬੂ ਸਮੇਤ ਪਿੰਡ ਵਾਪਸ ਆ ਗਿਆ। ਉਸ ਦਿਨ ਨੂੰ ਯਾਦ ਕਰ ਅੱਜ ਵੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਆ। ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਭਈਆ ਵਾਹਵਾ ਪਿੱਛੇ ਰਹਿ ਗਿਆ ਸੀ।
‘ਉਹ ਛੇਤੀ ਪੈਰ ਪੁੱਟ ਹੁਣ, ਤੂੰ ਤਾਂ ਮਸੀਂ ਤੁਰ ਰਿਹੈਂ।’

‘ਸਰਦਾਰ ਜੀ ਪੀਛੇ ਨਾ ਰਹੀ ਹੂੰ, ਮੈਂ ਜਾਣ ਕੇ ਪੀਛੇ ਰਹੀ ‘ਸੋਸ਼ਲ ਡੈਸਟਿੰਗ` ਕਰ ਰਹਾਂ ਹੂੰ, ਛੋਟਾ ਸਰਦਾਰ ਬੋਲ ਕਰ ਗਈ ਥੀ ਮੁਝੇ।’
‘ਸਹੁਰੀ ਦਿਆ, ਅਬ ਸੇ ਛੋਟਾ ਸਰਦਾਰ ਜੋ ਕਹੇ, ਉਸਸੇ ਉਲਟ ਕੀਆ ਕਰ।’
ਮੜ੍ਹੀਆਂ ਤੋਂ ਵਾਪਸ ਆਉਂਦਿਆਂ ਵੀ ਟਿਕਾਅ ਨਹੀਂ ਸੀ। ‘ਲਹਿੰਦੀ` ਤੇ ‘ਚੜ੍ਹਦੀ` ਪੱਤੀ ਦੇ ਐਨ ਵਿਚਕਾਰ ਕੁਵੇਲੇ ਤੁਰ ਗਏ ਮੇਰੇ ਜਿਗਰੀ ਯਾਰ ‘ਇੰਦਰ ਨਰ` ਦਾ ਘਰ ਸੀ। ਉਹਦਾ ਪੁੱਤ ਅਮਰੀਕਾ `ਚ ਸੈੱਟ ਸੀ। ਮੈਨੂੰ ਇਹ ਵੀ ਪਤਾ ਸੀ, ਹੁਣ ਇਸ ਘਰ ਕੋਈ ਨਹੀਂ, ਫਿਰ ਵੀ ਮੈਂ ਆਪਣੇ ਯਾਰ ਦੇ ਘਰ ਦੀਆਂ ਬਰੂਹਾਂ ਟੱਪ ਗਿਆ। ‘ਇੰਦਰ ਨਰ` ਦੇ ਪੁਰਖਿਆਂ ਕੋਲ ਥੋੜ੍ਹੀ-ਬਹੁਤ ਜ਼ਮੀਨ ਸੀ ਪਰ ਜਦ ਉਹ ਤਹਿਸੀਲਦਾਰ ਬਣਿਆ ਤਾਂ ਥੋੜ੍ਹੇ ਜਿਹੇ ਸਮੇਂ `ਚ ਹੀ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਬਣ ਗਿਆ।
ਵਾਕਿਆ ਹੀ ਉਹ ‘ਨਰ ਬੰਦਾ` ਸੀ। ਮੇਰੇ ਨਾਲ ਗਲਾਸੀ ਟਕਰਾਅ ਕੇ ਆਖਦਾ, ‘ਤੂੰ ਕਰਮ ਤੋਂ ਨਰ, ਮੈਂ ਜਨਮ ਤੋਂ ਨਰ।’ ਉਹਦੀ ਗੱਲ ਦਾ ਹੁੰਗਾਰਾ ਭਰਦਿਆਂ, ਮੈਂ ਵੀ ਕਹਿ ਦੇਂਦਾ, ‘ਆਪਾਂ ਦੋਵੇਂ ਨਰ, ਤੇਰੇ-ਮੇਰੇ ਵਰਗਾ ਹੋਰ ਕੋਈ ਪਿੰਡ `ਚ ਨਹੀਓਂ।’
‘ਓਇ ਨਹੀਂ, ਤੇਰੇ ਵਰਗਾ ਤਾਂ ਫਿਰ ਵੀ ਕੋਈ ਪਿੰਡ `ਚ ਹੋ ਸਕਦੈ ਪਰ ਮੇਰੇ ਵਰਗਾ ਤਾਂ ਉੱਕਾ ਨਹੀਓਂ।’ ਉਹਦਾ ਜਵਾਬ ਸੁਣ ਮੈਂ ਹੱਸ ਛੱਡਦਾ। ਗੱਲ ਭਾਵੇਂ ਕਿਸੇ ਤਰ੍ਹਾਂ ਦੀ ਵੀ ਹੁੰਦੀ, ਉਹ ‘ਅੰਬੇਦਕਰ` ਦੇ ਸੋਹਲੇ ਗਾਉਣੇ ਨਾ ਭੁੱਲਦਾ। ਇਹੋ ਜਿਹੇ ਵੇਲੇ ਮੈਂ ਵੀ ਊਧਮ ਸਿੰਘ ਨੂੰ ਵਡਿਆਉਂਦਿਆਂ ਉਹਨੂੰ ‘ਕੰਬੋਅ` ਸਿੱਧ ਕਰਨ `ਤੇ ਤੁਲ ਜਾਂਦਾ, ਜਿਹੜਾ ਸਾਰੀ ਉਮਰ ਆਪਣੇ ਆਪ ਨੂੰ ‘ਮੁਹੰਮਦ ਸਿੰਘ ਆਜ਼ਾਦ` ਲਿਖਦਾ ਰਿਹਾ ਸੀ। ਜਦ ਮੈਂ ਉਹਦੇ ਘਰੋਂ ਤੁਰਨ ਲੱਗਾ ਤਾਂ ਮੇਰਾ ਹੱਥ ਫੜ ਕਹਿਣ ਲੱਗਾ, ‘ਐਵੇਂ ਭੁਲੇਖੇ ਨੇ ਜ਼ਿਮੀਂਦਾਰਾਂ ਦੇ, ਮੁੰਡੇ ਮਾੜੇ ਨਹੀਂ ਚਮਾਰਾਂ ਦੇ।’

ਵਾਕਿਆ ਹੀ ਉਹ ਮੇਰਾ ਜਿਗਰੀ ਯਾਰ ਸੀ। ਉਸ ਕਦੇ ਮੈਨੂੰ ਪਿੱਠ ਨਹੀਂ ਵਿਖਾਈ। ਜਾਤ-ਬਰਾਦਰੀ ਦੀ ਕਦੇ ਮੈਂ ਪਰਵਾਹ ਨਹੀਂ ਕੀਤੀ ਸੀ, ਪਰ ਜਦ ਕਦੇ ਉਹ ਅਮਰੀਕਾ `ਚ ਆਪਣੇ ਪੁੱਤ ਦੇ ਵੱਡੇ ਕਾਰੋਬਾਰ ਤੇ ਵੱਡੇ ਘਰ ਦੀਆਂ ਗੱਲਾਂ ਕਰਦਾ ਤਾਂ ਮੇਰੇ ਅੰਦਰ ਬੈਠੇ ‘ਜ਼ਿਮੀਂਦਾਰ` ਨੂੰ ਕੁਝ ਹੋਣ ਲੱਗਦਾ। ਆਪਣੇ ਅਖ਼ੀਰਲੇ ਦਿਨਾਂ `ਚ ਜਦ ਵੀ ਉਸ ਘੁੱਟ ਪੀਤੀ ਹੁੰਦੀ ਤਾਂ ਮੈਨੂੰ ਅਕਸਰ ਕਹਿੰਦਾ, ‘ਤੇਰੇ ਯਾਰ ਕੋਲ ਰੜਕ ਆ, ਮੜਕ ਆ, ਪਰ ਬੜ੍ਹਕ ਹੈ ਨ੍ਹੀਂ, ਚੱਲ ਆਪਣੇ ਯਾਰ ਨੂੰ ਬੜ੍ਹਕ ਮਾਰਨੀ ਸਿਖਾ।’ ਸ਼ਾਇਦ ਇਹ ਮੇਰੀ ਹੀ ਬਦਨੀਤੀ ਸੀ ਜਾਂ ਉਹਦੀ, ਨਾ ਮੇਰੇ ਕੋਲੋਂ ਬੜ੍ਹਕ ਮਾਰਨੀ ਸਿਖਾਈ ਗਈ ਤੇ ਨਾ ਉਹਦੇ ਕੋਲੋਂ ਸਿੱਖੀ ਗਈ ਸੀ।
ਇਕ ਰਾਤ `ਕੱਠੇ ਬੈਠੇ ਸੀ। ਆਪਣੇ ਚੌੜੇ ਸੀਨੇ `ਤੇ ਹੱਥ ਧਰ ਗੜਕਵੀਂ ਆਵਾਜ਼ `ਚ ਉਸ ਕਿਹਾ, ‘ਮੈਂ ਚਮਾਰ, ਮੈਂ ਤਹਿਸੀਲਦਾਰ, ਮੈਂ ਪਿੰਡ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਪਰ ਮੇਰੇ ਕੋਲੋਂ ਬੜ੍ਹਕ ਨਹੀਂ ਵੱਜਦੀ ਉਇ।’
ਮੈਂ ਉਹਦੇ ਬੋਲਾਂ `ਚੋਂ ਬੜ੍ਹਕ ਪਛਾਣ ਲਈ ਸੀ ਪਰ ਉਹਦੇ ਕੋਲੋਂ ਆਪਣੀ ਹੀ ‘ਬੜ੍ਹਕ` ਬੋਚੀ ਨਹੀਂ ਗਈ ਸੀ। ਉਹਦੀ ਉੱਚੀ ਆਵਾਜ਼ ਸੁਣ ਵੱਟ ਜਿਹਾ ਵੀ ਚੜ੍ਹਿਆ, ਫਿਰ ਵੀ ਉਹਨੂੰ ਸਮਝਾਉਂਦਿਆਂ ਕਿਹਾ, ‘ਮਿੱਤਰਾ, ਸਾਨੂੰ ਗੁੜਤੀ ਦੇਣ ਵੇਲੇ ਸਿਰਫ ਸ਼ਹਿਦ ਹੀ ਨਹੀਂ ਚਟਾਇਆ ਜਾਂਦਾ, ਸਾਡੇ ਕੰਨਾਂ ਲਾਗੇ ਬੜ੍ਹਕ ਵੀ ਮਾਰੀ ਜਾਂਦੀ ਆ।’ ਉਸ ਵੇਲੇ ਬੜਾ ਉਦਾਸ ਜਿਹਾ ਹੋ ਉਸ ਜਵਾਬ ਦਿੱਤਾ, ਇਨ੍ਹਾਂ ‘ਮੱਥੇ` `ਚੋਂ ਨਿਕਲਿਆਂ ਨੇ ਸਾਡੀ ਬੜ੍ਹਕ ਖੋਹ ਲਈ ਤੇ ਤੁਸੀਂ ਪਤਾ ਨਹੀਂ ਕਿੱਥੋਂ ਨਿਕਲੇ, ਸਾਡੇ ਕੋਲੋਂ ਤਾਂ ਤੁਹਾਡੇ ਸਾਹਮਣੇ ਵੀ ਬੜ੍ਹਕ ਨਹੀਂ ਵੱਜਦੀ।’ ਉਹਦੀ ਇਸ ਗੱਲ ਦਾ ਜਵਾਬ ਮੇਰੇ ਕੋਲ ਵੀ ਨਾ ਦੇ ਹੋਇਆ।
ਇੰਦਰ ਕਈ ਵਾਰ ਮੈਨੂੰ ਕਹਿੰਦਾ ਹੁੰਦਾ, ‘ਇਕ ਮੈਂ ਹੀ ਤੇਰਾ ‘ਜਿਗਰੀ ਯਾਰ` ਬਾਕੀ ਸਾਰੇ ਤੇਰੇ ਖਾਊ ਯਾਰ’, ਇੰਦਰ ਦੀ ਚੇਤੇ ਆਈ ਇਹ ਗੱਲ ਮੈਨੂੰ ਹੋਰ `ਕੱਲਾ ਕਰ ਗਈ ਤੇ ਮੈਂ ਆਪਣੀ `ਕੱਲ ‘ਤੋਂ ਘਬਰਾ ਕੇ ਲਾਗੇ-ਬੰਨੇ ਦੇ ਖਾਊ ਯਾਰਾਂ ਨੂੰ ਆਪਣੇ ਘਰ ਬੁਲਾ ਲਿਆ। ਅਸੀਂ ਸ਼ਤਰੰਜ ਦੀ ਬਾਜ਼ੀ ਲਾਉਣ ਲੱਗ ਪਏ। ਚਿੱਤ ਵੀ ਮੇਰਾ, ਪਟ ਵੀ ਮੇਰਾ ਸੀ ਪਰ ਕਹਿ ਹੋ ਗਿਆ, ‘ਚਾਲ ਨਹੀਂ ਚੱਲੀ ਜਾਂਦੀ ਹੁਣ।’

‘ਬੰਦਾ `ਕੱਲਾ ਹੀ ਹੁੰਦਾ ਬਲਵੰਤ ਸਿਆਂ, ਮੇਰੇ ਕੰਨੀਂ ਝਾਕ, ਦੋ ਪੁੱਤ ਸੀ ਦੋਵੇਂ ਪਰਦੇਸੀ ਹੋ ਗਏ। ਜਦ ਛੋਟਾ ਘਰੋਂ ਤੁਰਿਆ ਤਾਂ ਮੈਂ ਕਹਿ ਬੈਠਾ-‘ਤੂੰ ਵੀ ਤੁਰ ਚੱਲਿਓਂ ਪਰਦੇਸ, ਕੋਈ ਤਾਂ ਫੂਕਣ ਵਾਲਾ ਰਹਿ ਜਾਂਦਾ’। ਅੱਗੋਂ ਮੈਨੂੰ ਬਣਾ-ਸਵਾਰ ਕੇ ਕਹਿਣ ਲੱਗਾ-‘ਬਾਪੂ ਅਟਕ ਕੇ ਮਰੀਂ, ਐਡੀ ਛੇਤੀ ਲਾਂਬੂ ਲਾਉਣ ਨੀ ਮੁੜਿਆ ਜਾਣਾ’। ਗੱਲ ਭਾਵੇਂ ਉਸ ਹਾਸੇ `ਚ ਕਹੀ ਸੀ ਪਰ ਇਹ ਗੱਲ ਮੇਰੇ ਸੀਨੇ `ਤੇ ਆਰ ਫੇਰ ਗਈ। ਉਂਝ ਹੁਣ ਮੋਹ ਬਥੇਰਾ ਕਰਦਾ ਮੇਰੇ ਨਾਲ।’
‘ਚੁੱਪ ਈ ਭਲੀ ਆ ਕਰਮ ਸਿਆਂ, ਝੱਗਾ ਚੁੱਕੋ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ।’
ਗੁਲਜ਼ਾਰੀ ਸਭ ਕੁਝ ਸੁਣ ਰਿਹਾ ਸੀ ਤੇ ਉਸ ਨਿਹੋਰੇ ਜਿਹੇ ਨਾਲ ਮੈਨੂੰ ਕਿਹਾ, ‘ਤੇਰੇ ਮੁੰਡੇ ਨੇ ਸ਼ਹਿਰ ਜਾ ਕੇ ਇਤਲਾਹ ਦਿੱਤੀ ਹੈ ਕਿ ਇਸ ਪਿੰਡ `ਚ ‘ਸੋਸ਼ਲ ਡੈਸਟਿੰਗ` ਨਹੀਂ ਹੁੰਦੀ।’ ਉਹਦੀ ਗੱਲ ਨੂੰ ਟੋਕਦਿਆਂ ਮੈਂ ਕਿਹਾ, ‘ਉਹ ਅਨਪੜ੍ਹਾ, ‘ਸੋਸ਼ਲ ਡੈਸਟਿੰਗ` ਨਹੀਂ, ‘ਸੋਸ਼ਲ ਡਿਸਟੈਂਸਿੰਗ` ਹੁੰਦੀ ਹੈ।’ ਉਹ ਥੋੜ੍ਹਾ ਝੇਪ ਗਿਆ ਤੇ ਫਿਰ ਪੁੱਛਣ ਲੱਗਾ, ‘ਪੰਜਾਬੀ `ਚ ਇਹਨੂੰ ਕੀ ਕਹਿੰਦੇ?’
‘ਪੰਜਾਬੀ `ਚ ਇਹਨੂੰ ਕਹਿੰਦੇ ਆ-‘ਪਰ੍ਹੇ-ਪਰ੍ਹੇ ਮਰੇ ਰਹੋ, ਇਕ-ਦੂਜੇ `ਤੇ ਨਾ ਚੜ੍ਹੇ ਰਹੋ’।
ਖਚਰਾ ਜਿਹਾ ਹਾਸਾ ਹੱਸਦਿਆਂ ਗੁਲਜ਼ਾਰੀ ਬੋਲਿਆ, ‘ਓਹ ਹੁਣ ਕਿੱਥੇ ਚੜ੍ਹਨ ਜੋਗੇ, ਪਰ੍ਹੇ ਹੀ ਮਰੇ ਰਹੀਦੈ, ਇਸ ਉਮਰੇ ਸੰਦੂਕ ਖ਼ਾਲੀ ਆ।’
ਉਹਦੀ ਗੱਲ ਸੁਣ ਸਾਨੂੰ ਢਿੱਡੀਂ ਪੀੜਾਂ ਪੈ ਗਈਆਂ। ਹੱਸਦਿਆਂ-ਹੱਸਦਿਆਂ ਹੀ ਕਰਮ ਸਿਹੁੰ ਨੇ ਕਿਹਾ, ‘ਦੁਨੀਆ ਨੂੰ ਕਰੋਨਾ ਨੇ ਵਖ਼ਤ ਪਾਇਆ ਤੇ ਤੂੰ ਆਪਣੀ ‘ਲੀਲਾ` ਦੱਸਣ ਬਹਿ ਜਾ।’
‘ਤੇ ਲੀਲਾ ਵੀ ਉਹ ਜਿਹਦੇ `ਚ ਕੋਈ ਰਾਸ ਨਹੀਂ।’ ਟਿੱਚਰ-ਮਖ਼ੌਲ ਕਰ ਹੀ ਰਹੇ ਸੀ ਕਿ ਬੌਂਦਲਿਆ ਜਿਹਾ ਭਈਆ ਆ ਧਮਕਿਆ, ‘ਸਰਦਾਰ ਜੀ, ਖੇਤ ਮੇਂ ਕਰੋਨਾ ਦੇਖੀ ਮੈਨੇ।’
‘ਓਹ ਸਹੁਰੀ ਦਿਆ, ਕਰੋਨਾ ਕੋਈ ਗਾਜਰ ਮੂਲੀ ਆ ਜੋ ਖੇਤਾਂ `ਚ ਉੱਗਦਾ।’
‘ਨਾ ਸਰਦਾਰ ਜੀ, ਮੇਰੇ ਸਾਥ ਆਉ। ਜੈਸਾ ਟੀ.ਵੀ. ਮੇਂ ਦਿਖਤੀ ਕਰੋਨਾ, ਵੈਸਾ ਹੀ ਦੇਖੀ ਮੈਨੇ।’ ਭਈਏ ਦੇ ਕਹਿਣ `ਤੇ ਅਸੀਂ ਸਾਰੇ ਖੇਤਾਂ ਵੱਲ ਹੋ ਤੁਰੇ। ਵਾਕਿਆ ਹੀ ਬਿਲਕੁਲ ਕਰੋਨਾ ਹੀ ਤਾਂ ਸੀ। ਕਰਮ ਸਿੰਘ ਜੋ ਹਮੇਸ਼ਾ ਡੱਬ `ਚ ਪਿਸਤੌਲ ਰੱਖਦਾ, ਗੁੱਸੇ `ਚ ਬੋਲਿਆ, ‘ਲੈ ਸਾਲੇ ਦਾ ਅੱਜ ਹੀ ਘੋਗਾ ਚਿੱਤ ਕਰ ਦੇਂਦੇ ਆ। ਵਖ਼ਤ ਪਾਇਆ ਇਹਨੇ ਸਭ ਨੂੰ।’

‘ਓਹ ਖੜ੍ਹ ਜਾ, ਖੜ੍ਹ ਜਾ। ਐਵੇਂ ਗੱਲ-ਗੱਲ `ਤੇ ਪਿਸਤੌਲ ਕੱਢ ਕੇ ਬਹਿ ਜਾਂਦੈਂ, ਕਰੋਨਾ ਤਾਂ ਬੰਦੇ ਦੇ ਅੰਦਰ ਹੁੰਦਾ, ਖੇਤਾਂ `ਚ ਨਹੀਂ।’ ਸਿਆਣਾ ਜਿਹਾ ਬਣ ਮੈਂ ਫਿਰ ਸਮਝਾਇਆ।
ਕਰਮ ਸਿੰਘ ਨੂੰ ਪਤਾ ਨਹੀਂ ਕਿਹੜੀ ਖਿਝ ਸੀ, ਉਸ ਫਾਇਰ ਕਰ ਦਿੱਤੇ। ਥਰਮੋਕੋਲ ਦੇ ਫੰਭੇ ਹਵਾ `ਚ ਉੱਡੇ। ਦੂਰ ਖਲੋਤੇ ਬੱਚੇ ਜੋ ਸਭ ਕਾਸੇ ਨੂੰ ਵੇਖ ਰਹੇ ਸੀ, ‘ਅਪਰੈਲ-ਫੂਲ` ਕਹਿ ਕੇ ਸ਼ੂਟਾਂ ਵੱਟ ਕੇ ਦੌੜ ਗਏ। ਕਰਮ ਸਿੰਘ ਨੇ ਦੂਰੋਂ ਹੀ ਉਨ੍ਹਾਂ ਨੂੰ ਦਬਕਾਇਆ ਤੇ ਫਿਰ ਬੋਲੀ ਪਾ ਬਾਘੀਆਂ ਪਾਉਣ ਲੱਗ ਪਿਆ-
ਝੋਨਾ ਝੋਨਾ ਝੋਨਾ,
ਤਲਾਵੇ ਵਾਲੇ ਕਰਮ ਸਿਹੁੰ ਨੇ,
ਭੁੰਨ ਸੁੱਟਿਆ ਈ ਅੱਜ ਕਰੋਨਾ।
ਕਿੰਨੇ ਦਿਨਾਂ ਬਾਅਦ ਖੁੱਲ੍ਹ ਕੇ ਹੱਸੇ। ਖੇਤੋਂ ਘਰ ਮੁੜੇ ਤਾਂ ਕ੍ਰਿਸ਼ਨਾ ਪੁੱਛਣ ਲੱਗਾ, ‘ਸਰਦਾਰ ਜੀ, ਖਾਣੇ ਕੇ ਸਾਥ ਕੌਣ ਸੀ ਸਬਜ਼ੀ ਬਣਾਊਂ?’
‘ਯੇ ਸਾਲਾ ਕਰੋਨਾ ਹੀ ਬਣਾ ਲੇ ਔਰ ਮੁਝੇ ਖਿਲਾ ਦੇ, ਸਾਰਾ ਸਿਆਪਾ ਹੀ ਮੁੱਕ ਜੇ।’
‘ਸਰਦਾਰ ਜੀ, ਤੁਮ ਤੋ ਗੁੱਸਾ ਹੋ ਗੀ।’
‘ਕਮਲਿਆ ਤੇਰੇ ਨਾਲ ਗੁੱਸਾ ਨਹੀਂ ਹੋਣਾ, ਤੂੰ ਹੀ ਤਾਂ ਮੈਨੂੰ ਆਪਣਾ ਲੱਗੇ।’
‘ਸਰਦਾਰ ਜੀ, ਤੂੰ ਜੀਅ ਛੋਟਾ ਨਾ ਕਰੀਂ, ਮੈਂ ਹੂੰ ਨਾ ਯਹਾਂ।’
‘ਗੱਲ ਸੁਣ, ਛੋਟੇ ਸਰਦਾਰ ਨੂੰ ਨਹੀਂ ਦੱਸਣਾ ਏਥੇ ਕੌਣ-ਕੌਣ ਆਤਾ।’
‘ਮੈਂ ਕਮਲਾ ਨਹੀਂ, ਛੋਟੇ ਸਰਦਾਰ ਕਾ ਫੋਨ ਆਈ ਥੀ। ਮੈਂ ਝੂਠ ਬੋਲੀ ਉਸਸੇ ਕਿ ਬੜਾ ਸਰਦਾਰ ਕਹੀਂ ਨਹੀਂ ਜਾਤਾ ਔਰ ਨਾ ਹੀ ਕਿਸੀ ਕੋ ਘਰ ਬੁਲਾਤਾ।’
‘ਕ੍ਰਿਸ਼ਨਾ ਦੋ ਬਾਤ ਯਾਦ ਰੱਖੀਂ, ਇਕ ਛੋਟੇ ਸਰਦਾਰ ਕੋ ਸੱਚ ਨਹੀਂ ਬਤਾਨਾ’, ਦੂਜੀ ਅਜੇ ਮੇਰੇ ਮੂੰਹ `ਚ ਹੀ ਸੀ ਕਿ ਕ੍ਰਿਸ਼ਨਾ ਬੋਲਿਆ, ‘ਜੋ ਭੀ ਛੋਟਾ ਸਰਦਾਰ ਬਾਤ ਕਹੇ, ਉਸਸੇ ਉਲਟ ਕਾਮ ਕਰਨਾ।’ ਉਸ ਦੀ ਇਸ ਗੱਲ `ਤੇ ਮੈਂ ਖਿੜਖਿੜਾ ਕੇ ਹੱਸ ਪਿਆ।
ਦਿਨ ਲੰਘ ਰਹੇ ਸਨ ਪਰ ਕਰੋਨਾ ਦੀ ਦਹਿਸ਼ਤ ਉਸੇ ਤਰ੍ਹਾਂ ਬਰਕਰਾਰ ਸੀ। ਮਹੀਨੇ ਬਾਅਦ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਪਰ ਦਿਹਾੜੀਏ ਤਾਂ ਲੱਭਿਆਂ ਨਹੀਂ ਸਨ ਲੱਭਦੇ। ‘ਲਹਿੰਦੀ ਪੱਤੀ` ਵਾਲਿਆਂ ਦੇ ਅੱਧਿਓਂ ਜ਼ਿਆਦਾ ਘਰ ਮਨਰੇਗਾ `ਤੇ ਲੱਗੇ ਸਨ। ਭਈਏ ਵੀ ਕਰੋਨਾ ਤੋਂ ਡਰਦੇ ਆਪਣੇ ਦੇਸ ਨੂੰ ਹੋ ਤੁਰੇ ਸਨ। ਦਿਹਾੜੀਦਾਰਾਂ ਦਾ ਕਾਲ ਪੈ ਗਿਆ ਸੀ। ਇਕ ਦਿਨ ਕ੍ਰਿਸ਼ਨਾ ਨੂੰ ਮੈਂ ਸੁਭਾਇਕੀ ਪੁੱਛ ਬੈਠਾ, ‘ਕ੍ਰਿਸ਼ਨਾ, ਆਪਣੇ ਗਾਓਂ ਨਹੀਂ ਜਾਣਾ?’
‘ਸਰਦਾਰ ਜੀ, ਮਨ ਤੋ ਹੈ ਪਰ ਤੂੰ `ਕੱਲਾ ਹੋ ਜਾਣੀ।’
ਉਸ ਦਿਨ ਕ੍ਰਿਸ਼ਨਾ `ਤੇ ਬੜਾ ਮੋਹ ਆਇਆ ਤੇ ਮੈਂ ਕ੍ਰਿਸ਼ਨਾ ਨੂੰ ਨਾਲ ਲੈ ਕੇ ਪਿੰਡ ਦਾ ਗੇੜਾ ਮਾਰਨ ਤੁਰ ਪਿਆ।

‘ਲਹਿੰਦੀ ਪੱਤੀ` ਦੇ ਘਰਾਂ ਵੱਲ ਵੇਖ ਮਨ ਨੂੰ ਤਸੱਲੀ ਹੁੰਦੀ ਆ। ਇੰਦਰ ਦੀ ‘ਸਰਕਾਰੇ ਦਰਬਾਰੇ` ਪਹੁੰਚ ਸੀ। ਮੇਰਾ ਵੀ ਅਸਰ-ਰਸੂਖ ਚੰਗਾ ਸੀ। ਅਸੀਂ ਦੋਵਾਂ ਨੇ ਮਿਲ ਕੇ ਕਈ ਟੱਬਰਾਂ ਨੂੰ ਘਰ ਛੱਤਣ ਲਈ ਥਾਂ ਅਲਾਟ ਕਰਵਾਈ ਸੀ। ਸਰਪੰਚ ਬਣਨ `ਤੇ ਮੈਂ ਹੀ ‘ਲਹਿੰਦੀ ਪੱਤੀ` ਦੀਆਂ ਸਭ ਗਲੀਆਂ ਤੇ ਨਾਲੀਆਂ ਪੱਕੀਆਂ ਕਰਵਾਈਆਂ ਸਨ। ਮੇਰੇ ਕੰਮਾਂ ਨੂੰ ਵੇਖ ਇੰਦਰ ਹਮੇਸ਼ਾ ਮੇਰਾ ਮੋਢਾ ਥਾਪੜਦਾ ਤੇ ਇੰਦਰ ਕਰਕੇ ਹੀ ‘ਲਹਿੰਦੀ ਪੱਤੀ` ਵਾਲਿਆਂ ਦੀਆਂ ਸਾਰੀਆਂ ਵੋਟਾਂ ਮੇਰੀਆਂ ਸਨ। ਜਦ ਵਿਹੜੇ ਵਾਲਿਆਂ ਦੀਆਂ ਨੂੰਹਾਂ-ਧੀਆਂ ਮੇਰੇ ਪੈਰੀਂ ਹੱਥ ਲਾਉਂਦੀਆਂ ਤਾਂ ਮੈਂ ਮਾਣ ਨਾਲ ਭਰ ਜਾਂਦਾ। ਜਦ ਦੀ ਸਰਪੰਚੀ ਮਿਲੀ ਸੀ, ਸਹੁਰਿਓਂ ਆਈਆਂ ਕੁੜੀਆਂ ਨੂੰ ਮੈਂ ਸ਼ਗਨ ਦੇਣਾ ਨਾ ਭੁੱਲਦਾ। ਜਦ ਕੋਈ ਬਜ਼ੁਰਗ ਕਹਿੰਦਾ, ‘ਤੂੰ ਤਾਂ ਭਾਈ ਸਾਡੀ ‘ਉੜਾਂ-ਥੁੜ੍ਹਾਂ` `ਚ ਬਾਂਹ ਫੜਨ ਵਾਲਾ’, ਇਹੋ ਜਿਹੇ ਵੇਲੇ ਮੈਂ ਆਪਣੇ-ਆਪ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਘੱਟ ਨਾ ਸਮਝਦਾ ਤੇ ਜਦ ਵੀ ਮੈਂ ‘ਲਹਿੰਦੀ ਪੱਤੀ` ਵੱਲ ਜਾਂਦਾ, ਪ੍ਰਸਿੰਨੀ ਚਾਚੀ ਦੇ ਘਰ ਜਾਣਾ ਨਾ ਭੁੱਲਦਾ। ਸਾਰੀ ਉਮਰ ਉਸ ਨੇ ਸਾਡੇ ਘਰ ਦੇ ਲੇਖੇ ਲਾ ਦਿੱਤੀ ਸੀ। ਮੇਰੀ ਮਾਂ ਦਾ ਰੋਗ ਅਸਾਧ ਸੀ ਤੇ ਮੈਂ ਉਹਦੇ ਹੀ ਹੱਥਾਂ `ਚ ਜੰਮ-ਪਲ ਕੇ ਜਵਾਨ ਹੋਇਆ। ਉਹਦੇ ਵਿਹੜੇ ਪੈਰ ਪਾਉਂਦਿਆਂ ਹੀ ਮੈਂ ਪੁੱਛਿਆ, ‘ਤਕੜੀ ਆਂ ਚਾਚੀ।’
‘ਆਹੋ ਪੁੱਤ, ਚੰਗੀ ਭਲੀ ਆਂ ਪੁੱਤ, ਤੂੰ ਵੀ ਗਰਦੌਰੀ ਥੋੜ੍ਹੀ ਘੱਟ ਕਰਿਆ ਕਰ ਇਹੋ ਜਿਹੇ ਵੇਲੇ, ਐਵੇਂ ਲੋਕਾਂ ਦੇ ਭਲੇ ਕਰਦਾ ਆਪਣਾ ਨੁਕਸਾਨ ਨਾ ਕਰਵਾ ਲਵੀਂ।’
ਚਾਚੀ ਹਮੇਸ਼ਾ ਮੇਰਾ ਇੰਜ ਹੀ ਫਿਕਰ ਕਰਦੀ। ਉਹ ਮਾਂ ਨਹੀਂ ਸੀ ਪਰ ਮਾਂ ਤੋਂ ਘੱਟ ਵੀ ਨਹੀਂ।
‘ਲੈ ਚਾਚੀ, ਵਰਤ-ਖਰਚ ਲਈਂ।’
‘ਪੁੱਤ ਵੱਡੀਆਂ ਉਮਰਾਂ ਹੋਵਣ, ਪਤਾ ਨਹੀਂ ਕਿਹੜੇ ਜਨਮਾਂ ਦਾ ‘ਲੇਖਾ-ਸ੍ਹਾਬ` ਆ ਤੇਰਾ ਤੇ ਮੇਰਾ।’
‘ਚਾਚੀ, ਪੁੱਤਾਂ ਨਾਲ ਵੀ ਕੋਈ ‘ਲੇਖੇ-ਸ੍ਹਾਬ` ਹੁੰਦੇ। ਮਾਰੀਂ ਕਦੇ ਘਰ ਵੱਲ ਗੇੜਾ।’
‘ਆਊਂਗੀ ਪੁੱਤ, ਆ ਚੰਦਰੀ ਬਿਮਾਰੀ ਨੇ ਜਾਨ ਲੈਣੀ ਕੀਤੀ ਊ।’
ਵਾਕਿਆ ਈ ਇਸ ਚੰਦਰੀ ਬਿਮਾਰੀ ਨੇ ਸਭ ਨੂੰ ਡਰਾ ਛੱਡਿਆ ਸੀ। ਝੋਨੇ ਦੀ ਲੁਆਈ ਸਿਰ `ਤੇ ਸੀ ਤੇ ਭਈਏ ਆਪਣੇ ਦੇਸ ਵੱਲ ਹੋ ਤੁਰੇ ਸੀ। ‘ਚੜ੍ਹਦੀ ਪੱਤੀ` ਵਾਲਿਆਂ ਨੇ ‘ਲਹਿੰਦੀ ਪੱਤੀ` ਵੱਲ ਰੁਖ ਕੀਤਾ। ‘ਲਹਿੰਦੀ ਪੱਤੀ` ਦੇ ਮੋਹਤਬਰਾਂ ਨੇ ਆਪਣੇ ਬੰਦਿਆਂ ਦੀ ਦਿਹਾੜੀ ਦੱਸ ਦਿੱਤੀ। ਪਹਿਲਾਂ ਦੇ ਮੁਕਾਬਲੇ ਦਿਹਾੜੀ ਬਹੁਤ ਜ਼ਿਆਦਾ ਸੀ। ਪਰ੍ਹੇ-ਪੰਚਾਇਤਾਂ `ਚ ਬੈਠ ਕੇ ਮਸਲੇ ਨੂੰ ਸੁਲਝਾਉਣਾ ਚਾਹਿਆ ਪਰ ਦੋਵੇਂ ਧਿਰਾਂ ਟਸ ਤੋਂ ਮਸ ਨਾ ਹੋਈਆਂ ਤੇ ਮੈਂ ‘ਲਹਿੰਦੀ ਪੱਤੀ` ਦੇ ਮੋਹਤਬਰਾਂ ਨੂੰ ਬਸ ਏਨਾ ਹੀ ਕਿਹਾ, ‘ਗੱਲ ਸੁਣੋ ਭਰਾਵੋ, ਨਗਰ-ਖੇੜੇ `ਤੇ ਪਈ ਬਿਪਤਾ ਨੂੰ ਮਿਲ-ਜੁਲ ਕੇ ਨਜਿੱਠ ਲਈਏ।’
‘ਓਹ ਆਪਾਂ ਕਿਹੜਾ ਤੁਹਾਡੇ ਤੋਂ ਭੱਜੇ ਆਂ ਸਰਪੰਚ ਸਾਹਿਬ, ਤੁਸੀਂ ਸਾਡੀ ਮੰਨ ਲਓ, ਅਸੀਂ ਤੁਹਾਡੀ ਮੰਨ ਲੈਂਦੇ ਹਾਂ।’
ਉਸ ਦਿਨ ਪਹਿਲੀ ਵਾਰ ਆਪਣੇ ਹੀ ਪਿੰਡ ਦੇ ਲੋਕ, ਮੈਨੂੰ ਓਪਰੇ ਜਿਹੇ ਲੱਗੇ ਤੇ ਮੈਂ ਨਿੰਮੋਝੂਣਾ ਜਿਹਾ ਹੋ ਘਰ ਆ ਗਿਆ।
‘ਸਰਦਾਰ ਜੀ, ਚੁੱਪ-ਚੁੱਪ ਕਿਉਂ ਬੈਠੀ।’
‘ਚੁੱਪ ਨੂੰ ਸਾਲਿਆ ਹੋਰ ਮੈਂ ਭੰਗੜੇ ਪਾਵਾਂ, ਝੋਨੇ ਦੀ ਲੁਆਈ ਸਿਰ `ਤੇ ਆ, ਬੰਦਾ ਕੋਈ ਮਿਲ ਨਹੀਂ ਰਿਹਾ। ਤੁਮ ਭੀ ਆਸੇ-ਪਾਸੇ ਦੀ ਬਿੜਕ ਰੱਖਾ ਕਰ, ਜੇ ਕਿਸੇ ਪਾਸਿਉਂ ਭਈਓਂ ਕਾ ਇੰਤਜ਼ਾਮ ਹੋ ਜੇ।’
ਖੇਤਾਂ `ਚ ਜਾ ਅਜੇ ਮੈਂ ਚਾਰ ਸਿਆੜ ਹੀ ਕੱਢੇ ਕਿ ਮੈਨੂੰ ਸਾਹ ਚੜ੍ਹਨ ਲੱਗ ਪਿਆ।
‘ਸਰਦਾਰ ਜੀ ਬੰਦਾ ਕੋਈ ਨੀ ਹੈਗੀ, ਕੰਮ ਬਹੁਤ ਕਰਨੀ ਪੈਂਦੀ, ਤੂੰ ਮੈਨੂੰ ਗੁੱਸੇ ਹੁੰਦੀ ਰਹਿੰਦੀ।’ ਫਿਰ ਦੂਰ ਦਲੀਪੇ ਹੁਰਾਂ ਦੇ ਖੇਤਾਂ ਵੱਲ ਵੇਖ ਕੇ ਕਹਿਣ ਲੱਗਾ, ‘ਸਰਦਾਰ ਜੀ, ‘ਭੋਲੇ ਔਰ ਮਧੂ` ਕੋ ਲੈ ਆਊਂ।’

‘ਇਹ ਵੀ ਕੋਈ ਪੂਛਨੇ ਵਾਲੀ ਗੱਲ ਹੈ, ਜਲਦੀ ਜਾ ਤੇ ਲੈ ਕੇ ਆ।’ ਮੈਂ ਉਸ ਵੇਲੇ ਉਹਨੂੰ ਭੇਜ ਕੇ ਧਰਤੀ ਮਾਂ ਨੂੰ ਮੱਥਾ ਟੇਕਿਆ ਤੇ ਸ਼ੁਕਰ ਮਨਾਇਆ ਕਿ ਕਾਮੇ ਆ ਗਏ। ਕ੍ਰਿਸ਼ਨਾ ਭੱਜ ਕੇ ਬੰਬੀ ਵਾਲੇ ਕਮਰੇ `ਚ ਗਿਆ ਤੇ ਉਥੋਂ ਈ ਵਾਪਸ ਆ ਗਿਆ। ਮੈਂ ਉੱਚੀ ਆਵਾਜ਼ ਦੇ ਕੇ ਕਿਹਾ, ‘ਹੁਣ ਉਨ੍ਹਾਂ ਕੁਝ ਲੱਗਦਿਆਂ ਨੂੰ ਲੈ ਆ, ਰਾਹ ਵਿਚੋਂ ਹੀ ਮੁੜ ਆਇਐਂ।’ ਕ੍ਰਿਸ਼ਨਾ ਦੂਰੋਂ ਹੀ ਸੈਨਤਾਂ ਜਿਹੀਆਂ ਮਾਰੀ ਜਾਵੇ ਜਿਹੜੀਆਂ ਮੇਰੇ ਪੱਲੇ ਨਾ ਪਈਆਂ। ਮੇਰੇ ਕੋਲ ਆ ਕੇ ਲਫਾਫੀਆਂ ਜਿਹੀਆਂ ਖੋਲ੍ਹ ਕੇ ਕਹਿਣ ਲੱਗਾ, ‘ਸਰਦਾਰ ਜੀ ਯੇਹ ਖਾ ਲੋ ਜੋ ਹਰ ਦਸ-ਮਿੰਟ ਬਾਅਦ ਵੱਟ ਪੇ ਬੈਠ ਕਰ ਹੋਂਅ-ਹੋਂਅ ਕਰਨ ਲੱਗ ਜਾਏ, ਇਸ ਕੋ ਖਾਣੇ ਸੇ ਬੰਦ ਹੋ ਜਾਏ।’

‘ਉਹ ਤੇਰੀ ਭਲੀ ਹੋ ਜੇ, ਮੈਂ ਕੁਝ ਹੋਰ ਸਮਝ ਬੈਠਾ ਤੇ ਤੂੰ ਆਹ ‘ਗੰਦ-ਪਿਲ` ਮੇਰੇ ਅੱਗੇ ਲਿਆ ਧਰਿਆ।’
‘ਸਰਦਾਰ ਜੀ ‘ਗੰਦ-ਪਿਲ` ਮਤ ਬੋਲੋ ‘ਮਧੂ ਔਰ ਭੋਲੇ` ਕੋ, ਬੜੀ ਮਸਤ ਚੀਜ਼ ਹੈ। ਅੰਦਰ ਜਾਤੇ ਹੀ ਸਭ ਕੁਝ ਮਸਤ ਕਰ ਦੇਤੀ।’
ਪਰ ਮੇਰੇ ਕੋਲੋਂ ਮਸਤ ਨਾ ਹੋਇਆ ਗਿਆ। ਪੁੱਤ ਦੀ ਬੇਰੁਖੀ ਮੈਨੂੰ ਉਦਾਸ ਕਰ ਗਈ ਤੇ ਪਿੰਡ ਵਾਲਿਆਂ ਦੀ ਖਿੱਚੋਤਾਣ ਪ੍ਰੇਸ਼ਾਨ। ਅਗਲੇ ਦਿਨ ਫਿਰ ਪੰਚਾਇਤ ਬੈਠੀ, ਦੋਹਾਂ ਧਿਰਾਂ ਦੀ ਕਾਵਾਂਰੌਲੀ ਨੇ ਗੱਲ ਕਿਸੇ ਤਣ-ਪੱਤਣ ਨਾ ਲੱਗਣ ਦਿੱਤੀ। ਲਹਿੰਦੀ ਪੱਤੀ ਵਾਲਿਆਂ ਫਿਰ ਦੁਹਰਾਇਆ, ‘ਆਪਾਂ ਕਿਹੜਾ ਤੁਹਾਡੇ ਤੋਂ ਭੱਜੇ ਆਂ ਪਰ ਦਿਹਾੜੀ ਸਾਡੀ ਮਰਜ਼ੀ ਦੀ ਹੋਊ ਇਸ ਵਾਰ।’ ਏਨਾ ਆਖ ਉਹ ਉੱਠ ਤੁਰੇ ਤੇ ਪਿੱਛੇ ਰਹਿ ਗਏ ‘ਚੜ੍ਹਦੀ ਪੱਤੀ` ਵਾਲੇ ਆਪਣਾ ਗੁੱਭ-ਗੁਲਾਟ ਕੱਢਣ ਬਹਿ ਗਏ।
‘ਨਰੇਗਾ ਦੀ ਦਿਹਾੜੀ ਜੂ ਪਾਉਂਦੇ, ਵੇਖ ਕਿਵੇਂ ਗੱਲਾਂ ਆਉਂਦੀਆਂ ਬਰੋਬਰ ਬਹਿ ਕੇ।’ ਇਕ ਨੇ ਕਿਹਾ।
‘ਆਟਾ ਦਾਲ ਸਕੀਮ ਨੇ ਚੌੜ ਕਰ ਦਿੱਤਾ ਸਭ ਨੂੰ, ਸ਼ੁਕਰ ਕਰੋ ਭਰਾਵੋ ਸਾਰੇ ਨੀ ਨਰੇਗਾ `ਤੇ। ਊਂ ਇਹ ਜਾਤ ਭੁੱਖੀ ਮਰਦੀ ਹੀ ਚੰਗੀ।’ ਦੂਜੇ ਨੇ ਹਾਮੀ ਭਰੀ।
‘ਚਾਰ ਅੱਖਰ ਪੜ੍ਹ ਕੀ ਗਏ, ਅਣਖ ਦੀਆਂ ਗੱਲਾਂ ਕਰਨ ਲੱਗ ਪਈ ਮੁੰਡੀਰ। `ਮਰੀਕਾ ਵਾਲੇ ਦੇ ਡਾਲਰਾਂ ਨੇ ਮਛਰਾਅ ਦਿੱਤੇ ਬਹੁਤਾ, ਜਦ ਘਰ ਭੰਗ ਭੁੱਜੀ, ਫਿਰ ਪਤਾ ਲੱਗੂ।’ ਤੀਜੇ ਨੇ ਵੀ ਤੀਲ੍ਹੀ ਲਾਈ।
‘ਨਿਆਣੇ ਸਾਰਿਆਂ ਦੇ ਬਾਹਰ ਬੈਠੇ ਆ, ਇਨ੍ਹਾਂ ਬਿਨਾਂ ਆਪਾਂ ਕਾਸੇ ਜੋਗੇ ਨਈਂ। ਥੋੜ੍ਹੀ ਬਹੁਤ ਦਿਹਾੜੀ ਵਧਾ ਦੇਂਦੇ ਆਂ। ਐਵੇਂ ਨਿੱਤ ਦਾ ਕਲੇਸ਼ ਚੰਗਾ ਨਹੀਂ ਹੁੰਦਾ।’ ਸਿਆਣੇ ਬੰਦੇ ਨੇ ਸਿਆਣੀ ਸਲਾਹ ਦਿੱਤੀ।
‘ਜਾਹ ਚਾਚਾ, ਬਹੁਤੀਆਂ ਸਿਆਣਪਾਂ ਨਾ ਘੋਟ। ਫਿਰ ਕੀ ਆ ਜੇ ਨਿਆਣੇ ਬਾਹਰ ਬੈਠੇ, ਆਪਾਂ ਸਾਰੇ ਰਲ-ਮਿਲ ਕੇ ਲਾ ਲਵਾਂਗੇ ਝੋਨਾ।’ ਕਿਸੇ ਅੱਧਖੜ ਨੇ ਸਿਆਣੇ ਬੰਦੇ ਦੀ ਗੱਲ ਰਫਾ-ਦਫਾ ਕਰ ਦਿੱਤੀ।

‘ਨਾ ਗੱਲ ਸੁਣ ਮੇਰੀ, ਆਹ ਜਿਹੜੀ ਕਵਿੰਟਲ ਦੀ ਗੋਗੜ ਕੱਢੀ ਫਿਰਦੈਂ, ਝੋਨਾ ਲਾਉਣਾ ਤਾਂ ਦੂਰ ਦੀ ਗੱਲ, ਤੇਰੇ ਕੋਲੋਂ ਪਾਣੀ ਦਾ ਨੱਕਾ ਵੀ ਮੋੜ ਨਹੀਂ ਹੋਣਾ।’ ਸਿਆਣੇ ਬੰਦੇ ਦੀ ਸਿਆਣੀ ਗੱਲ ਸਭ ਨੂੰ ਚੁੱਪ ਕਰਾ ਗਈ ਪਰ ਉਨ੍ਹਾਂ ਦੀ ਅੜੀ ਨੂੰ ਕਿਸੇ ਪਾਸੇ ਨਾ ਲਾ ਸਕੀ। ਫਿਰ ਮੈਨੂੰ ਆਪਣੇ ਯਾਰ ਦਾ ਅਮਰੀਕਾ ਬੈਠਾ ਪੁੱਤ ਯਾਦ ਆਇਆ। ਇਨ੍ਹਾਂ ਸਭ ਦੀ ਮੱਤ ਨੂੰ ਉਹੀ ਟਿਕਾਣੇ ਲਿਆ ਸਕਦੈ, ਪਰ ਕੁਝ ਸਿਰਫਿਰਿਆਂ ਦੀ ਮੱਤ ਨੇ ਚੜ੍ਹਦੀ ਪੱਤੀ ਦੇ ਗੁਰਦੁਆਰੇ ਤੋਂ ਮੁਨਾਦੀ ਕਰਵਾ ਦਿੱਤੀ, ‘ਸਾਡੇ ਲੱਖ ਬੁਲਾਉਣ `ਤੇ ਵੀ ਤੁਸੀਂ ਨਹੀਂ ਆਏ। ਅੱਗੇ ਤੋਂ ਤੁਹਾਡਾ ਸਾਡੇ ਖੇਤਾਂ ਵਿਚ ਆਉਣਾ ਬੰਦ ਤੇ ਨਾ ਹੀ ਸਾਡੇ ਖੇਤਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਵਰਤੋਗੇ।’

ਉਸੇ ਸ਼ਾਮ ਲਹਿੰਦੀ ਪੱਤੀ ਵਾਲਿਆਂ ਵੀ ਆਪਣੇ ਗੁਰਦੁਆਰੇ ਤੋਂ ਮੋੜਵਾਂ ਜਵਾਬ ਦਿੱਤਾ, ‘ਦਿਹਾੜੀ ਕਰਦੇ ਆਂ, ਅਸੀਂ ਕੋਈ ਭੀਖ ਨਹੀਂ ਮੰਗਦੇ। ਜੇ ਤੁਹਾਡੇ ਖੇਤ ਸਾਨੂੰ ਨਹੀਂ ਝੱਲਦੇ ਤਾਂ ਬਾਕੀ ਪਿੰਡਾਂ ਦੇ ਖੇਤ ਸਹੀ। ਜੇ ਤੁਹਾਨੂੰ ਕੋਈ ਲਿਹਾਜ਼ ਨਹੀਂ ਤਾਂ ਸਾਨੂੰ ਵੀ ਤੁਹਾਡਾ ਹੇਜ ਨਹੀਂ।’
ਅਨਾਊਂਸਮੈਂਟ ਸੁਣ ਮੇਰੇ ਅੰਦਰੋਂ ਕੁਝ ਕੜੱਕ ਕਰ ਕੇ ਟੁੱਟਾ। ਗੁੱਸਾ ਵੀ ਆਇਆ ‘ਲਹਿੰਦੀ ਪੱਤੀ` ਵਾਲਿਆਂ `ਤੇ ਪਰ ਅਗਲੇਰੀ ਸਰਪੰਚੀ ਸਿਰ `ਤੇ ਸੀ ਤੇ ਮੈਂ ਆਪਣੇ ਗੁੱਸੇ ਨੂੰ ਜ਼ਰਦਿਆਂ ‘ਲਹਿੰਦੀ ਪੱਤੀ` ਵਾਲਿਆਂ ਦੇ ਘਰ ਰਾਸ਼ਨ ਭਿਜਵਾ ਦਿੱਤਾ ਪਰ ‘ਲਹਿੰਦੀ ਪੱਤੀ` ਵਾਲਿਆਂ ਦੇ ਕੁਝ ਪਾੜ੍ਹਿਆਂ ਦੀ ‘ਈਗੋ` ਨੂੰ ਸੱਟ ਵੱਜੀ ਤੇ ਉਨ੍ਹਾਂ ਰਾਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ।

ਤਾਈ ਪ੍ਰਸਿੰਨੀ ਨੇ ਉਹਨੂੰ ਬਾਹੋਂ ਫੜ ਲਿਆ, ‘ਪਾੜ੍ਹਿਆ ਆਹ ਜਿਹੜੀ ‘ਈਗੋ-ਈਗੋ` ਕਰਦਾ ਰਹਿੰਦਾ ਏਂ, ਇਹਦੇ ਨਾਲ ਮੱਥਾ ਤਾਂ ਡੰਮਿਆ ਜਾਊ ਪਰ ਇਹਦੇ ਨਾਲ ਢਿੱਡ ਨਹੀਓਂ ਡੰਮਿਆ ਜਾਣਾ।’
‘ਲੈ ਤਾਈ, ਤੈਨੂੰ ਕੀ ਪਤਾ, ਸਾਡੀ ਵੀ ਅਣਖ ਦਾ ਸਵਾਲ ਆ।’
‘ਜੈ ਵੱਢੀਦਿਆ, ਅਣਖ ਨੂੰ ਟੰਮਣੇ ਚਾੜ੍ਹ ਛੱਡ, ਟੱਬਰ ਭਾਵੇਂ ਘਰ ਭੁੱਖਾ ਮਰ ਜੇ।’
‘ਕਿਤੇ ਨੀ ਭੁੱਖੇ ਮਰਦੇ ਤਾਈ। ਲੌਕਡਾਊਨ `ਚ ਬਥੇਰੇ ਪਾਸਿਓਂ ਦਾਣੇ ਆਏ, ਸਰਪੰਚ ਸਾਹਿਬ, ਹੁਣ ਹਰ ਕੋਠੀ ਦਾਣੇ ਤੇ ਸਾਡੇ ਵਰਗੇ ਮਾਤੜ ਵੀ ਸਿਆਣੇ।’
ਉਹਦੀ ਗੱਲ ਬੋਚਦਿਆਂ ਮੈਂ ਕਿਹਾ, ‘ਬਿਲਕੁਲ ਪੁੱਤ, ਸਾਰੀਆਂ ਸਿਆਣਪਾਂ ਤਾਂ ‘ਨਵੇਂ ਪੋਚ` ਕੋਲ ਆ ਗਈਆਂ, ਮ੍ਹਾਤੜ ਤਾਂ ਅਸੀਂ ਬੁੱਢੇ-ਠੇਰੇ ਬਣ ਗਏ। ਨਗਰ ਖੇੜੇ `ਤੇ ਪਈ ਬਿਪਤਾ ਨੂੰ ਸਿਆਣਪ ਨਾਲ ਰਲ-ਮਿਲ ਨਜਿੱਠ ਲਈਏ। ਇਕ ਦੂਜੇ ਬਿਨ ਆਪਾਂ ਕਾਹਦੇ ਜੋਗੇ।’ ਉਹ ਸਭ ਚੁੱਪ ਕਰ ਗਏ ਤੇ ਮੈਂ ਭਰਿਆ-ਪੀਤਾ ਉਥੋਂ ਤੁਰ ਆਇਆ। ਆਪਣੇ ਗੁੱਸੇ `ਤੇ ਜ਼ਾਬਤਾ ਰੱਖ ਮੈਂ ਚੜ੍ਹਦੀ ਪੱਤੀ ਦੇ ਮੋਹਤਬਰ ਬੰਦਿਆਂ ਨੂੰ ਆਪਣੇ ਘਰ ਸੱਦ ਲਿਆ। ਬੜੀ ਹਲੀਮੀ ਨਾਲ ਮੈਂ ਗੱਲ ਸ਼ੁਰੂ ਕੀਤੀ, ‘ਆਪਣੇ ਪਿੰਡ ਦਾ ਮਸਲਾ, ਘਰ ਦੀ ਗੱਲ ਘਰ `ਚ ਹੀ ਨਿਬੇੜ ਲਈਏ।’ ਮੈਂ ਬਸ ਏਨਾ ਹੀ ਕਿਹਾ ਤੇ ਉਹ ਸਭ ਝੂਠੀਆਂ-ਸੱਚੀਆਂ ਤੁਹਮਤਾਂ ਮੇਰੇ ਮੱਥੇ ਮੜ੍ਹਨ ਲੱਗੇ।

‘ਗੱਲ ਸੁਣ ਲਾ ਬਲਵੰਤ ਸਿਆਂ! ਜ਼ਮੀਨ ਜੈਦਾਦਾਂ ਵਾਲੇ ਹੋ ਕੇ ਅਸੀਂ ‘ਮੱਛਰੀ ਮੁੰਡੀਰ` ਦੇ ਤਲਵੇ ਨਹੀਂ ਚੱਟਣੇ। ਕੱਲ੍ਹ ਦੇ ਛੋਕਰੇ ਅਨਾਊਂਸਮੈਂਟ ਕਰਨ ਬਹਿਗੇ। ਅਸੀਂ ਤਾਂ ਆਰ-ਪਾਰ ਦੀ ਲੜਾਈ ਲੜਨੀ ਹੁਣ।’
‘ਬਲਵੰਤ ਸਿਆਂ, ਤੂੰ ਚੰਗੀ ਨਹੀਉਂ ਕੀਤੀ ‘ਲਹਿੰਦੀ ਪੱਤੀ` ਵਾਲਿਆਂ ਨੂੰ ਰਾਸ਼ਨ ਪਾਣੀ ਵੰਡ ਕੇ। ਤੂੰ ਸਰਪੰਚੀ `ਚ ਵੋਟਾਂ ਬਟੋਰਨ ਕਰਕੇ ਸਾਡੀ ਪਿੱਠ ਲੁਆ ਦਿੱਤੀ।’
‘ਭਰਾਵੋ ਤੁਸੀਂ ਜੋ ਮਰਜ਼ੀ ਸਮਝ ਲਵੋ ਪਰ ਮੈਂ ਆਪਣੇ ਪੁਰਖੇ ਦੀ ਪਿਰਤ ਨੂੰ ਤੋੜ ਨਹੀਂ ਸਕਦਾ। ਬਾਕੀ ਰਹੀ ਗੱਲ ਸਰਪੰਚੀ ਦੀ, ਇਸ ਵਾਰ ਦੀ ਸਰਪੰਚੀ ਗੁਲਜ਼ਾਰ ਸਿਆਂ ਤੇਰੀ।’
ਉਹ ਜਿਹੜਾ ਘੜੀ ਕੁ ਪਹਿਲਾਂ ਉੱਚੀ-ਉੱਚੀ ਫੁੰਕਾਰੇ ਛੱਡ ਰਿਹਾ ਸੀ ਤੇ ਦੂਜਿਆਂ ਨੂੰ ਵੀ ਭੜਕਾ ਰਿਹਾ ਸੀ, ਸ਼ਾਂਤ ਜਿਹਾ ਹੋ ਕੇ ਕਹਿਣ ਲੱਗਾ, ‘ਗੱਲ ਤਾਂ ਤੇਰੀ ਠੀਕ ਆ ਭਾਊ, ਘਰ ਦੀ ਘਰ `ਚ ਹੀ ਨਿਬੇੜ ਲਈਏ ਤਾਂ ਚੰਗਾ।’
ਮੈਂ ਆਪਣੀ ਚਾਲ ਚੱਲ ਗਿਆ ਤੇ ਉਸ ਵੇਲੇ ਸਰਪੰਚੀ ਦੇ ਤਜਰਬੇ ਨੇ ਮੈਨੂੰ ਦੱਸਿਆ ਕਿ ਹੁਣ ਕਿਹੜੇ ਮੋਹਰੇ ਨਾਲ ਬਾਜ਼ੀ ਜਿੱਤੀ ਜਾ ਸਕਦੀ ਹੈ ਤੇ ਮੈਂ ‘ਇੰਦਰ ਨਰ` ਦੇ ਅਮਰੀਕਾ ਬੈਠੇ ਪੁੱਤ ਨੂੰ ਫੋਨ ਲਾ ਦਿੱਤਾ।
‘ਚਾਚਾ ਕਿਵੇਂ ਯਾਦ ਆ ਗਈ ਅੱਜ ਭਤੀਜ ਦੀ।’
‘ਤੈਨੂੰ ਪਤਾ ਈ ਆ ਸਭ।’
‘ਆਹੋ ਪਤਾ ਸਭ ਮੈਨੂੰ ਗੁਰੂਘਰ `ਚੋਂ ਕਿਹੜੀਆਂ-ਕਿਹੜੀਆਂ ਅਨਾਊਂਸਮੈਂਟਾਂ ਹੋ ਰਹੀਆਂ।’
‘ਪੁੱਤਰਾ, ਚੜੋਖਤੀ ਦੋਵਾਂ ਧਿਰਾਂ ਵੱਲੋਂ ਹੋਈ।’
‘ਪਰ ਪਹਿਲ ਤੇਰੇ ਬੰਦਿਆਂ ਨੇ ਕੀਤੀ, ਹੁਣ ਉਹ ਵੇਲੇ ਨਹੀਂ ਰਹੇ ਚਾਚਾ। ‘ਆਪਣੇ ਬੰਦਿਆਂ` ਨੂੰ ਇਹ ਗੱਲ ਸਮਝਾ ਛੱਡ।’
‘ਮੈਨੂੰ ਵੀ ਪਤੈ, ਹੁਣ ਉਹ ਵੇਲੇ ਨਹੀਂ ਰਹੇ ਪਰ ਇਸ ਵੇਲੇ ਨੂੰ ਰਲ-ਮਿਲ ਸਾਂਭ ਲਈਏ ਪੁੱਤਰਾ, ਤੇਰੀਆਂ ਰਗ਼ਾਂ `ਚ ਮੇਰੇ ਯਾਰ ਦਾ ਖ਼ੂਨ ਆ, ਮੈਨੂੰ ਪਿੱਠ ਨਾ ਦੇਵੀਂ।’
‘ਚਾਚਾ ਜੀਅ ਤਾਂ ਕਰਦੈ, ਤੈਨੂੰ ਪਿੱਠ ਵਿਖਾ ਈ ਦੇਵਾਂ ਇਸ ਵਾਰ, ਤੈਨੂੰ ਵੀ ਪਤਾ ਲੱਗੇ, ਕਿਸ ਭਾਅ ਵਿਕਦੀ ਆ।’
‘ਪੁੱਤਰਾ, ਤੇਰੇ ਕੋਲੋਂ ਇਹ ਆਸ ਨਹੀਂ ਸੀ।’ ਨਿਸੱਤੀ ਜਿਹੀ ਆਵਾਜ਼ `ਚ ਮੇਰੇ ਕੋਲੋਂ ਬਸ ਇਹੋ ਆਖ ਹੋਇਆ।
‘ਬੜੀ ਛੇਤੀ ਘਬਰਾ ਗਿਐਂ ਚਾਚਾ, ਤੂੰ ਮੈਨੂੰ ਪਿਓ ਬਰੋਬਰ ਆਂ। ਨਾ ਪਿੱਠ ਮੈਂ ਤੇਰੀ ਲੱਗਣ ਦੇਣੀ, ਨਾ ਆਪਣੇ ਬੰਦਿਆਂ ਦੀ।’
‘ਮੇਰੇ ਮਨੋਂ ਤੂੰ ਭਾਰ ਲਾਹ ਦਿੱਤਾ, ਪੁੱਤਰਾ।’
‘ਪੁੱਤ-ਭਤੀਜੇ ਹੋਰ ਕਾਹਦੇ ਲਈ ਹੁੰਦੇ, ਚਾਚਾ ਗਲਾਸੀ ਲਾ ਤੇ ਪੂਰੇ ਪਿੰਡ `ਚ ਬੜ੍ਹਕ ਮਾਰ ਕੇ ਦੱਸ ਦੇ ਸਭ ਨੂੰ, ਤੇਰੀ ਪਿੱਠ `ਤੇ ਅਮਰੀਕਾ ਖਲੋਤੈ ਅਮਰੀਕਾ।’
ਦਿਨ ਚੜ੍ਹੇ ਹੀ ‘ਲਹਿੰਦੀ ਪੱਤੀ` ਵਾਲੇ ਮੇਰੇ ਘਰ ਦੀਆਂ ਬਰੂਹਾਂ `ਤੇ ਆ ਖਲੋਤੇ। ਅੰਦਰੋਂ ਮੈਂ ਖੁਸ਼ ਸੀ, ਫਿਰ ਵੀ ‘ਆਪਣੇ ਬੰਦਿਆਂ` ਸਾਹਮਣੇ ਰੋਹਬ ਜਿਹੇ ਨਾਲ ਕਿਹਾ, ‘ਹਾਂ, ਕਿੰਨੀ ਦਿਹਾੜੀ ਪਾਉਣੀ ਫਿਰ, ਕਰ ਲੈਣੇ ਸੀ ‘ਸ੍ਹਾਬ-ਕਿਤਾਬ`
ਉਹ ਸਾਰੇ ਚੁੱਪ ਸਨ ਪਰ ਵਿਚੋਂ ਬੀ.ਏ. ਪਾਸ ਉਨ੍ਹਾਂ ਦਾ ਲੀਡਰ ਬੋਲਿਆ, ‘ਸਰਪੰਚ ਸ੍ਹਾਬ! ਤੁਸੀਂ ਧਰਤ ਦੇ ਮਾਲਕ, ਅਸੀਂ ਧਰਤੀ ਦੇ ਪੁੱਤ। ‘ਹਿਸਾਬ-ਕਿਤਾਬ` ਮਾਲਕਾਂ ਦਾ ਹੁੰਦਾ ਹੋਊ, ਮਾਂ-ਪੁੱਤਾਂ ਦੇ ਕਾਹਦੇ ਹਿਸਾਬ-ਕਿਤਾਬ।’ ਉਹਦੀ ਗੱਲ ਸੁਣ ਮੈਂ ਝੇਪ ਜਿਹਾ ਗਿਆ।
ਕੋਲ ਖਲੋਤੇ ਗੁਲਜ਼ਾਰੀ ਨੇ ਟਿੱਚਰ ਜਿਹੀ `ਚ ਆਖਿਆ, ‘ਫਿਰ ਵੀ ਵਾਧੇ-ਘਾਟੇ ਸੋਚ ਲੈਣੇ ਸੀ ਆਪਣੇ।’
‘ਸਰਪੰਚ ਸਾਹਿਬ, ‘ਆਪਣੇ ਬੰਦਿਆਂ` ਨੂੰ ਸਮਝਾ ਲਵੋ, ਅਸੀਂ ਵਾਧੂ-ਘਾਟੂ ਗੱਲਾਂ ਸੁਣਨ ਨਹੀਂ ਆਏ। ‘ਆਪਣੇ ਬੰਦੇ` ਦੇ ਕਹਿਣ `ਤੇ ਮੈਂ ਇਨ੍ਹਾਂ ਨੂੰ ਛੱਡਣ ਆ ਗਿਆ। ਵਾਪਸ ਚਲੇ ਜਾਂਦੇ ਆਂ, ਫਿਰ ਵੇਖ ਲਿਓ ‘ਵਾਧੇ-ਘਾਟੇ` ਕਿਨ੍ਹਾਂ ਨੂੰ ਪੈਂਦੇ ਆ।’

ਇਕ ਪਲ ਮੈਨੂੰ ਲੱਗਾ, ਬਣੀ-ਬਣਾਈ ਗੱਲ ਹੱਥੋਂ ਖਿਸਕ ਚੱਲੀ ਆ। ਨਾ ਚਾਹੁੰਦਿਆਂ ਹੋਇਆਂ ਵੀ ਉਸ ਨਵੇਂ-ਨਵੇਂ ਬਣੇ ਮੋਹਤਬਰ ਨੂੰ ਆਪਣੇ ਕਲਾਵੇ `ਚ ਲੈ ਲਿਆ। ਮੈਂ ਕੁਝ ਕਹਿਣ ਹੀ ਵਾਲਾ ਸੀ ਕਿ ਭੀੜ `ਚੋਂ ਬਚਨਾ ਅਮਲੀ ਬੋਲ ਪਿਆ, ‘ਗੁਲਜ਼ਾਰ ਸਿਆਂ, ਸਰਪੰਚ ਦੀ ਪਿੱਠ `ਤੇ ਵੀ ‘ਮਰੀਕਾ` ਤੇ ਸਾਡੀ ਪਿੱਠ `ਤੇ ਵੀ ‘ਮਰੀਕਾ`, ਸਾਡਾ ਦੋਵਾਂ ਦਾ ਇਕੋ ਤਰੀਕਾ ਤੇ ਫਿਰ ਰੌਲਾ ਕਾਹਦਾ।’
ਵਾਕਿਆ ਹੀ ਫਿਰ ਕੋਈ ਰੌਲਾ ਨਹੀਂ ਰਿਹਾ। ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਮੇਰੇ ਸਿਰ ਤੋਂ ਮਣਾਂ-ਮੂੰਹੀਂ ਭਾਰ ਲੱਥ ਗਿਆ। ਅਜੈ ਨਰ ਨੂੰ ਫੋਨ ਕਰ ਕਹਿੰਦਾ ਹਾਂ, ‘ਪੁੱਤਰਾ, ਪਿਓ ਤੇਰਾ ਜਨਮ ਤੋਂ ‘ਨਰ` ਸੀ, ਮੈਂ ਕਰਮ ਤੋਂ ‘ਨਰ` ਪਰ ਤੂੰ ਜਨਮ ਤੋਂ ਵੀ ਨਰ ਤੇ ਕਰਮ ਤੋਂ ਵੀ ਨਰ।’
‘ਚਾਚਾ, ਤੂੰ ਮੈਨੂੰ ਪਿਓ ਬਰੋਬਰ ਆਂ, ਬਸ ਹੁਕਮ ਕਰਿਆ ਕਰ।’
ਉਹਦੇ ਇਹ ਬੋਲ ਮੈਨੂੰ ਧਰਵਾਸਾ ਦੇ ਗਏ ਤੇ ਇਸ ਧਰਵਾਸੇ `ਚ ਹੀ ਮੈਂ ਆਪਣੇ ਪੁੱਤ ਨੂੰ ਫੋਨ ਕਰ ਦਿੱਤਾ ਪਰ ਮਾੜੀ-ਮੋਟੀ ਸਤਿ-ਕੁਸਤਿ ਕਰ, ਉਸ ਫੋਨ ਨਿਆਣਿਆਂ ਦੇ ਕੰਨਾਂ ਨੂੰ ਲਾ ਦਿੱਤਾ। ਦਿਨ ਚੜ੍ਹੇ ਹੀ ਉਹਦੀ ਇਹ ਹਰਕਤ ਮੇਰੇ ਧੁਰ ਅੰਦਰ ਤਕ ਲਾਂਬੂ ਲਾ ਗਈ ਸੀ।
ਪੁੱਤ ਦੇ ਲੱਛਣਾਂ ਨੇ ਮੈਨੂੰ ਲੂਹ ਕੇ ਰੱਖ ਦਿੱਤਾ ਤੇ ਮੈਂ ਸੋਚ ਰਿਹਾ ਸੀ, ਇਹ ਕਰੋਨਾ ਤਾਂ ਕਿਸੇ ਦਿਨ ਖ਼ਤਮ ਹੋ ਜੂ ਪਰ ਬੰਦੇ ਅੰਦਰ ਪਿਆ ਕਰੋਨਾ ਬਹੁਤ ਜ਼ਹਿਰੀਲਾ, ਇਸ ਪਤੰਦਰ ਕੋਲ ਇਹੋ ਜਿਹੀਆਂ ਕਲਾਬਾਜ਼ੀਆਂ, ਇਹ ਮਰਨ ਵੀ ਨਹੀਂ ਦੇਂਦੀਆਂ ਪਰ ਜੀਣ ਜੋਗਾ ਵੀ ਨਹੀਂ ਛੱਡਦੀਆਂ।
ਮਨ ਨੂੰ ਆਹਰੇ ਲਾਉਣ ਲਈ ਟੀ.ਵੀ. ਲਾ ਲੈਂਦਾ ਹਾਂ। ਟੀ.ਵੀ. `ਤੇ ਚੀਕ-ਚਿਹਾੜਾ ਪੈ ਰਿਹਾ ਹੈ-‘ਘਰ `ਚ ਰਹਿੰਦੇ ਬਜ਼ੁਰਗ ਜੋੜੇ ਦੀ ਮੌਤ, ਧੀਆਂ-ਪੁੱਤਾਂ ਨੇ ਲਾਸ਼ਾਂ ਲੈਣ ਤੋਂ ਕੀਤਾ ਇਨਕਾਰ`। ਮੇਰੀ ਸ਼ੂਗਰ ਘੱਟ ਹੋ ਜਾਂਦੀ ਹੈ, ਹੱਥ-ਪੈਰ ਕੰਬਣ ਲੱਗਦੇ ਆ। ਸਰੀਰ ਠੰਢਾ ਯਖ, ਅੱਖਾਂ ਮੀਚਣ ਲੱਗਦੀਆਂ ਹਨ। ਰੂਹ ਉੱਡ ਜਾਂਦੀ ਹੈ। ਕ੍ਰਿਸ਼ਨਾ ਦਰਵਾਜ਼ਾ ਖੋਲ੍ਹ ਰਿਹਾ ਹੈ, ਗਲੀ-ਗੁਆਂਢ ਨੂੰ `ਵਾਜਾਂ ਮਾਰ ਰਿਹੈ, ਕੋਈ ਨਹੀਂ ਬਹੁੜਦਾ। ਨੂੰਹ-ਪੁੱਤ ਵੀ ਫੋਨ ਨਹੀਂ ਚੁੱਕ ਰਹੇ।
ਗੁਰਦੁਆਰੇ `ਚ ਅਨਾਊਂਸਮੈਂਟ ਹੋ ਰਹੀ ਹੈ, ‘ਗੁਰੂਘਰ ਦੀ ਸਾਜੀ-ਨਿਵਾਜੀ ਸਾਧ ਸੰਗਤ, ਸਾਡੇ ਸਭ ਦੇ ਹਰਦਿਲ ਅਜ਼ੀਜ਼ ਬਲਵੰਤ ਸਿੰਘ ਜੀ ਸਵਰਗ ਸਿਧਾਰ ਗਏ ਹਨ। ਮਹਾਮਾਰੀ ਦੇ ਚਲਦਿਆਂ ਅੰਤਿਮ ਰਸਮਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਲਈ ਹੈ। ਪਿੰਡੋਂ ਹਟਵੀਆਂ ਹੋਣ ਕਰਕੇ ਉਨ੍ਹਾਂ ਦਾ ਸਸਕਾਰ ‘ਲਹਿੰਦੀ ਪੱਤੀ` ਵਾਲੇ ਸ਼ਮਸ਼ਾਨਘਾਟ `ਚ ਕੀਤਾ ਜਾਵੇਗਾ। ਸਾਧ ਸੰਗਤ ਨੂੰ ਬੇਨਤੀ ਹੈ ਕਿ ਸਸਕਾਰ ਵੇਲੇ ਬਹੁਤਾ `ਕੱਠ ਨਾ ਕੀਤਾ ਜਾਵੇ ਜੀ।’
‘ਚੜ੍ਹਦੀ ਪੱਤੀ` ਵਿਚੋਂ ਕੋਈ ਜੀਅ-ਪਰਿੰਦਾ ਨਹੀਂ ਹਿੱਲਦਾ। ‘ਲਹਿੰਦੀ ਪੱਤੀ` ਦੇ ਵਿਹੜੇ `ਚ ਚਾਚੀ ਪ੍ਰਸਿੰਨੀ ਖਲੋ ਗਈ, ਉਹਦੇ ਦੁਆਲੇ ਚਿੱਟੀਆਂ ਚੁੰਨੀਆਂ ਦਾ ਝੁਰਮਟ ਹੈ। ਦੇਹ ਨੂੰ ਵੇਖ ਦੂਰੋਂ ਵੈਣ ਪੈਣ ਲੱਗਦੇ ਹਨ-

ਵੇ ਸਾਡੇ ਲਈ ਤੂੰ ਰਣਜੀਤ ਸਿਹੁੰ ਮਾਰਾਜ,
ਵੇ ਉੱਠ ਕੇ ਸਾਡੇ ਕੰਨੀ ਝਾਕ,
ਵੇ ਆਏ ਤੇਰੇ ਉੜਾਂ-ਥੁੜ੍ਹਾਂ ਦੇ ਸਾਕ।
ਕੋਈ ਅਣਪਛਾਣਿਆ ਚਿਹਰਾ ਦੇਹ ਨੂੰ ਲਾਂਬੂ ਲਾਉਣ ਲੱਗਾ ਹੈ। ਚਾਚੀ ਪ੍ਰਸਿੰਨੀ ਮੇਰੇ ਪੁੱਤ ਨੂੰ ਵਾਜਾਂ ਮਾਰਦੀ ਹੈ ਪਰ ਉਹ ਨਹੀਂ ਬਹੁੜਦਾ ਤੇ ਫਿਰ ਚਾਚੀ ਪ੍ਰਸਿੰਨੀ ‘ਚੜ੍ਹਦੀ ਪੱਤੀ` ਵੱਲ ਵੇਖਦਿਆਂ ਲੇਰ ਮਾਰਦੀ ਹੈ-
ਕੋਈ ਲਾਂਬੂ ਵੀ ਲਾਉਣ ਨਾ ਆਇਆ,
ਵੇ ਬਹੁਤੀਆਂ ਜੈਦਾਦਾਂ ਵਾਲਿਆ।
ਮੈਂ ਉੱਠ ਖਲੋਇਆ ਸੀ, ਘਬਰਾਇਆ ਹੋਇਆ ਸੀ, ਅੱਭੜਵਾਹੇ ਮੈਂ ਆਪਣੇ ਸਰੀਰ ਨੂੰ ਟੋਂਹਦਾ ਹਾਂ, ਆਪਣੇ ਦਿਲ `ਤੇ ਹੱਥ ਧਰਦਾ ਹਾਂ, ਇਹ ਤਾਂ ਅਜੇ ਵੀ ਧੜਕ ਰਿਹਾ ਸੀ। ਬਾਹਰ ਆਉਂਦਾ ਹਾਂ ਪਰ ਅੱਜ ਮੈਂ ਕ੍ਰਿਸ਼ਨਾ ਨੂੰ ਆਵਾਜ਼ ਨਹੀਂ ਮਾਰਦਾ ਤੇ ਅਗਲੇ ਹੀ ਪਲ ਮੈਂ `ਕੱਲਾ ਹੀ ‘ਲਹਿੰਦੀ ਪੱਤੀ` ਦੀਆਂ ਮੜ੍ਹੀਆਂ ਦੇ ਰਾਹੇ ਪੈ ਜਾਂਦਾ ਹਾਂ। ਮੜ੍ਹੀਆਂ `ਚ ਲੱਗੇ ਬੂਟਿਆਂ ਨੂੰ ਪਾਣੀ ਦੇਂਦਾ ਹਾਂ, ਗਰਮੀ ਨਾਲ ਧੁਖੇ ਫੁੱਲਾਂ `ਤੇ ਪਾਣੀ ਦਾ ਛਿੜਕਾਅ ਕਰਦਿਆਂ ਆਪਣੇ ਧੁਖਦੇ ਸਰੀਰ ਨੂੰ ਵੀ ਪਾਣੀ ਥੱਲੇ ਕਰ ਦੇਂਦਾ ਹਾਂ। ਮੇਰੇ ਅੰਦਰ ਚਿਰਾਂ ਤੋਂ ਮੱਚ ਰਿਹਾ ਲਾਂਬੂ ਹੌਲੀ-ਹੌਲੀ ਮੱਠਾ ਪੈਣ ਲੱਗਦਾ ਹੈ।

  • ਮੁੱਖ ਪੰਨਾ : ਸਰਘੀ : ਪੰਜਾਬੀ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ