ਲੈਂਟਰ (ਕਹਾਣੀ) : ਬਲੀਜੀਤ

ਕੀ ਕਰ ਸਕਦੀ ਸੀ ਉਹ!

ਛੱਤ ਉੱਤੋਂ ਹੇਠਾਂ ਵਿਹੜੇ ਵਿੱਚ ਦਿਸਦਾ ਨਜ਼ਾਰਾ ਉਸ ਦੀਆਂ ਅੱਖਾਂ 'ਚ ਵੱਜ ਵੱਜ ਉਸ ਦਾ ਹਲਕ ਸੁਕਾ ਰਿਹਾ ਸੀ । ਸ਼ਰਮ ਨਾਲ ਪਾਣੀ ਪਾਣੀ ਹੋਈ ਉਹ ਆਪਣੇ ਘਰਵਾਲੇ, ਸਹੁਰੇ ਤੇ ਦਿਓਰ ਨੂੰ ਗਿੱਲੀ ਮਿੱਟੀ ਕਹੀਆਂ ਨਾਲ ਤਸਲਿਆਂ 'ਚ ਭਰ ਕੇ, ਤਸਲਿਆਂ ਨੂੰ ਮੁਧ੍ਹੇੜ ਮਾਰੇ ਸਿਰਾਂ 'ਤੇ ਚੁੱਕ ਕੇ, ਬਾਂਸ ਦੀ ਛੇ ਡੰਡਿਆਂ ਦੀ ਪੌੜੀ ਚੜ੍ਹ ਕੇ ਆਖ਼ਰ ਨੂੰ ਪੰਜ ਖਣਾਂ ਦੀ ਕੱਚੀ ਛੱਤ 'ਤੇ ਸੁੱਟਦੇ ਦੇਖ ਰਹੀ ਸੀ । ਛੱਤ ਉੱਤੇ ਉਸ ਦੀ ਅਧਖੜ ਜਿਹੀ ਸੱਸ ਹੱਥਾਂ ਨਾਲ ਮਿੱਟੀ ਦਾ ਪਲਸਤਰ ਕਰ ਰਹੀ ਸੀ । ਗਾਰੇ ਵਿੱਚ ਸੱਸ ਦਾ ਹੱਥ ਰਾਜ ਮਿਸਤਰੀ ਦੀ ਕਾਂਡੀ ਵਾਂਗ ਨਿਰੰਤਰ ਘੁੰਮ ਰਿਹਾ ਸੀ । ਘਰ ਦੇ ਬੰਦੇ ਜਦੋਂ ਤਸਲਿਆਂ ਨੂੰ ਢੇਰੀ ਕਰਨ ਲਈ ਸਿਰ ਤੋਂ ਨੀਵਾਂ ਉਤਾਰ ਕੇ, ਕ੍ਹੋਢੇ ਹੋ ਕੇ, ਹੱਥਾਂ 'ਚ ਬੋਚ ਕੇ ਛੱਤ ਵੱਲ ਨੂੰ ਟੇਢਾ ਕਰਦੇ ਤਾਂ ਗਾਰਾ ਤਿਲਕ ਕੇ ਔਹ ਜਾਂਦਾ । ਮਿੱਟੀ ਦੇ ਕੁਝ ਛਿੱਟੇ ਬੁੜ੍ਹਕ ਕੇ ਸੱਸ ਦੇ ਚਿਹਰੇ ਉੱਤਲੇ ਤਿਲਾਂ 'ਚ ਜਾ ਵਜਦੇ । ਸਭ ਕੁਝ ਹਿੱਲ ਰਿਹਾ ਸੀ, ਗਾਰਾ, ਪਾਣੀ, ਕਹੀਆਂ, ਤਸਲੇ, ਹੱਥ ...ਤੇ ਪੌੜੀ ਦਾ ਬਾਂਸ ਵੀ ਬੱਸ ਜਵਾਬ ਹੀ ਦੇਣ ਵਾਲਾ ਸੀ ।

ਪ੍ਰਤਾਪੀ ਕੋਲ ਖੜ੍ਹੀ ਖੜ੍ਹੀ ਹੀ ਥੱਕ ਗਈ ਸੀ ।

ਬਿਲਕੁਲ ਡੌਰ-ਭੌਰ । ਮੂਰਛਿਤ ।

ਗਿੱਲੀ ਮਿੱਟੀ ਦੇ ਫ਼ੈਲਾਅ ਵਿੱਚੋਂ ਉੱਠ ਕੇ ਸੱਸ ਪੋਲੇ ਪੋਲੇ ਪੈਰਾਂ ਨਾਲ ਸ਼ਰੀਕਾਂ ਦੀ ਨਾਲ ਲੱਗਦੀ ਉਂਜਦੀਓ ਛੱਤ ਉੱਤੇ ਜਾ ਕੇ ਥੋੜ੍ਹੀ ਜਿਹੀ ਦੂਰੀ ਤੋਂ ਇਸ ਫ਼ੈਲਾਅ ਨੂੰ ਪਾਣੀ ਵਾਂਗ ਚਮਕਦੀਆਂ ਅੱਖਾਂ ਨਾਲ ਵਾਚਣ ਲੱਗੀ । ਫੇਰ ਵਿਹੜੇ ਵਿੱਚ ਹੇਠਾਂ ਨਿਗਾਹ ਮਾਰੀ । ਬੱਸ ਥੋੜ੍ਹਾ ਜਿਹਾ ਘਾਣ ਬਚਿਆ ਸੀ ।

''ਬੱਸ? ਕਿ ਹੋਰ? '' ਥੱਲਿਓਂ ਆਵਾਜ਼ ਆਈ ।

''ਚਾਰ ਕੁ ਤਸਲੇ ਹੋਰ ਗੱਭੇ ਸਿੱਟਣੇ ਐ । ਦੋ ਪਰਨਾਲੇ ਕੋਲ '' ਤੇ ਫੇਰ ਨੀਝ ਲਾ ਕੇ ਬਰਸਾਤੂ ਪਾਣੀ ਦਾ ਵਹਾਅ ਜਾਂਚਿਆ ।

''ਬੇਬੇ ਜੀ, ਮਿੱਟੀ ਤਾਂ ਪਹਿਲਾਂ ਈ ਬਥੇਰੀ ਐ ਉਪਰ ।''

''ਬਥੇਰੀ ਚੜ੍ਹਾਈ ਸਾਰੀ ਉਮਰ । ਸਭ ਪਾਣੀ 'ਚ ਘੁਲ ਕੇ ਹੜ੍ਹਗੀ । ਕੱਚੀ ਮਿੱਟੀ ਐ । ਹੁਣ ਤਾਂ ਟੈਮ ਐ । ਬਰਸਾਤ ਲੱਗ ਗੀ ਫੇਰ ਕਿਆ ਕਰੂੰਗੇ '' ਬੇਬੇ ਮਿੱਟੀ ਨਾਲ ਲਿੱਬੜੇ ਹੱਥਾਂ ਨੂੰ ਇੱਕ ਦੂਜੇ ਨਾਲ ਸਾਫ਼ ਕਰ ਕੇ ਝਾੜਨ ਲੱਗੀ, ''ਬੱਸ ਬਈ ਉੱਤਰ ਜਾਣਾ ਪਾਣੀ । ਲੰਘ ਜਾਣੀ ਬਰਸਾਤ ਮੌਜ ਗੈਲ ।''

ਪ੍ਰਤਾਪੀ ਨੂੰ ਇਸ ਸਾਰੇ ਤਰੱਦਦ ਦੀ ਗੁੱਝੀ ਗੱਲ ਹੁਣੇ ਪੱਲੇ ਪਈ ਸੀ । ਚੀਂ ਚੀਂ ਕਰਦੀ ਪੌੜੀ ਤੋਂ ਹੇਠਾਂ ਉਤਰਦਿਆਂ ਉਸ ਨੇ ਆਪਣਾ ਕੱਦ ਇੱਕ-ਅੱਧ ਸੂਤ ਹੋਰ ਘਟਿਆ ਮਹਿਸੂਸ ਕੀਤਾ ।

***

ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋ ਕੇ ਆਉਂਦੇ ਸਾਰ ਹੀ ਪ੍ਰਤਾਪੀ ਦੇ ਡੈਡੀ ਨੇ ਆਪਣੀ ਇੱਕਲੌਤੀ ਸੰਤਾਨ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਸੀ । ਰਿਸ਼ਤੇ ਕਰਨੇ ਕਿਹੜਾ ਸੌਖੇ ਪਏ ਐ । ਜੁੱਤੀਆਂ ਘਸ ਗਈਆਂ ਸੂਬੇਦਾਰ ਦੀਆਂ । ਆਖ਼ਰ ਥੱਕ ਕੇ ਉਹ ਘਸੀ ਜੁੱਤੀ ਖੋਲ੍ਹ ਕੇ ਇਸ ਘਰ ਬਹਿ ਗਿਆ ਤੇ ਕੁੜੀ ਮੰਗ ਦਿੱਤੀ । ਵਿਆਹ ਤੋਂ ਪਹਿਲਾਂ ਵੀ ਪ੍ਰਤਾਪੀ ਨੂੰ ਇਸ ਘਰ ਦੀ ਹਵਾ ਗਾਹੇ-ਵਗਾਹੇ ਰਿਸ਼ਤੇਦਾਰਾਂ ਤੋਂ ਪਤਾ ਲੱਗ ਗਈ ਸੀ ।

ਪਰ ਉਹ ਕੀ ਕਰ ਸਕਦੀ ਸੀ ।

ਉਸ ਦੀ ਮਾਂ ਵੀ ਹੌਲੀ ਆਵਾਜ਼ ਵਿੱਚ ਕਿ ਕਿਤੇ ਕੁੜੀ ਸੁਣ ਨਾ ਲਵੇ, ਸੂਬੇਦਾਰ ਨੂੰ ਝਾੜਦੀ ਰਹਿੰਦੀ: ''ਕਿਆ ਕਿਤੇ ਹੋਰ ਕੋਈ ਨੀਂ ਲ੍ਹੱਜਿਆ । ਮੇਰੀ ਕੁੜੀ ਨੂੰ ਇਹੀ ਘਰ ਰਹਿ ਗਿਆ । ਇੱਕ ਕੁੜੀ ਐ । ਲੈ ਦੇ ਕੇ । ਗੂੰਗੀ ਬੋਲੀ ਐ?'' ਪਰ ਸੂਬੇਦਾਰ ਨੌਕਰੀ ਕਰਦਾ ਆਇਆ ਸੀ । ਉਹ ਆਪਣਾ ਸੁਰ ਅਲਾਪਦਾ, ''ਚਮਾਰਾਂ ਦਾ ਬੀ.ਏ ਪਾਸ ਮੁੰਡਾ ਮਿਲਦੈ? ਬੀ.ਏ ਪਾਸ ਐ । ਪੱਕੀ ਨੌਕਰੀ । ਮਿਲਦੀ ਐ ਕਿਤੇ? ਸਭ ਕੁਸ ਬਣ ਜੂ । ਨੌਕਰੀ ਨੀਂ ਮਿਲਦੀ । ਸਰਕਾਰੀ ਨੌਕਰ । ਹਰ ਮਹੀਨੇ ਤਨਖ਼ਾਹ । ਹੋਰ ਕਿਆ ਮੰਗਦੇ ਐ? ਲੋਕਾਂ ਦੇ ਐਡੇ ਐਡੇ ਨੱਕ ਹੋਏ ਬੇ ਐ '' ਇਹੀ ਗੱਲ ਉਹ ਮੁੜ ਮੁੜ ਆਖਦਾ ਸਾਰਿਆਂ ਨੂੰ ਚੁੱਪ ਕਰਾ ਦਿੰਦਾ ।

ਤਿੰਨ ਮਹੀਨੇ ਪਹਿਲਾਂ ਉਹ ਨਵੀਂ ਨਵੀਂ ਵਿਆਹੀ ਇਸ ਘਰ 'ਚ ਆਈ ਸੀ । ਉਸ ਨੂੰ ਆਪਣੇ ਡੈਡੀ ਉੱਤੇ ਮੁੜ ਮੁੜ ਗੁੱਸਾ ਆਉਂਦਾ । ਇੰਨਾ ਤਜ਼ਰਬੇਕਾਰ ਘੁੰਮਿਆ ਫਿਰਿਆ ਬੰਦਾ । ਬਈ ਤੂੰ ਦੇਖ ਤਾਂ ਸਈ । ਮੈਨੂੰ ਇੱਥੇ ਫਾਹੇ ਦੇਣ ਨੂੰ ਕਿਉਂ ਰਾਜੀ ਹੋ ਗਿਆ । ਨਾ ਘਰ । ਨਾ ਜ਼ਮੀਨ । ਨਾ ਗੁਸਲਖਾਨਾ । ਔਰਤਾਂ ਦੇ ਨਹਾਉਣ ਦਾ ਪ੍ਰਬੰਧ ਡੰਗਰਾਂ ਵਾਲੇ ਛੱਪਰ ਦੇ ਇੱਕ ਖੂੰਜੇ ਵਿੱਚ ਸੀ । ਨਾ ਟੁਆਏਲੈੱਟ । ਬਾਹਰ ਵੀ ਦੂਸਰਿਆਂ ਦੇ ਖੇਤਾਂ 'ਚ ਬੈਠਣ ਜਾਓ । ਉਸ ਨੂੰ ਤਾਂ ਕਬਜ਼ ਹੀ ਹੋਈ ਰਹਿੰਦੀ । ਉੱਤੋਂ ਸਹੁਰਾ ਚਮੜੇ ਦਾ ਕੰਮ ਕਰਦਾ ਸੀ । 'ਕਿਆ ਦੇਖਿਆ ਡੈਡੀ ਨੇ ।'

ਇਸ ਘਰ ਦੇ ਬੇ-ਮਾਅਇਨਾ ਹੋਣ ਦੀ ਗੱਲ ਪ੍ਰਤਾਪੀ ਦੇ ਮਨ 'ਚ ਘਰ ਕਰਨ ਨੂੰ ਦੇਰ ਨਾ ਲੱਗੀ । ਕੱਪੜੇ ਬਦਲਣ ਲਈ ਵੀ ਥਾਂ ਨਹੀਂ ਸੀ । ਮੌਕਾ ਵੇਖ ਕੇ ਡਰਦੇ ਡਰਦੇ ਉਸ ਨੂੰ ਕੋਠੇ 'ਚ ਹੀ ਕੱਪੜੇ ਬਦਲਣੇ ਪੈਂਦੇ । ਵਿਆਹ ਤੋਂ ਅਗਲੇ ਦਿਨ ਆਇਆ ਗਿਆ ਹੋਣ ਕਰ ਕੇ, ਕੁੜੀਆਂ ਨੇ ਇੱਕ ਖੂੰਜੇ ਵਿੱਚ ਤਾਣੀ ਹੋਈ ਚਾਦਰ ਦੀ ਓਟ 'ਚ ਉਸ ਦੇ ਕੱਪੜੇ ਬਦਲਵਾਏ ਸਨ । ਕੱਪੜੇ ਬਦਲ ਕੇ ਜਦੋਂ ਚਾਦਰ ਪਰ੍ਹਾਂ ਕੀਤੀ ਤਾਂ ਨਵੇਂ ਸੂਟ 'ਚ ਵੀ ਉਸ ਨੂੰ ਦਰੋਪਤੀ ਦੇ ਪਰ੍ਹਿਆ ਵਿੱਚ ਨੰਗੀ ਹੋਣ ਦਾ ਅਹਿਸਾਸ ਹੋਇਆ ਸੀ । ਉਸ ਦੇ ਪੇਕੀਂ ਪੱਕੇ ਘਰ 'ਚ ਲੋੜ ਮੁਤਾਬਕ ਸਾਰਾ ਕੁਝ ਸੀ । ਉਹ ਮੈਟ੍ਰਿਕ ਫੇਲ੍ਹ ਸੀ ਤੇ ਉਸ ਦੇ ਜਿਹਨ 'ਚ ਇੱਕ ਵਾਕ ਨੇ ਜਨਮ ਲਿਆ, 'ਉਰੇ ਤਾਂ ਮੈਨੂੰ ਕੁਸ ਨੀਂ ਦਿਖਦਾ ।' ਨੀਵਾਂ ਜਿਹਾ ਘਰ । ਬਹੁਤ ਥੋੜ੍ਹੀ ਜਗ੍ਹਾ ਛੱਤੀ ਹੋਈ ਸੀ । ਕੁੱਲ ਪੰਜ ਖਣ ਸਨ । ਦੋ ਦਰਵਾਜ਼ੇ । ਭਾਵੇਂ ਕੰਧਾਂ ਗਾਰੇ ਦੀ ਚਿਣਾਈ 'ਚ ਇੱਟਾਂ ਦੀਆਂ ਸਨ ਤੇ ਅੰਦਰੋਂ ਬਾਹਰੋਂ ਉਨ੍ਹਾਂ ਉੱਤੇ ਟੀਪ ਕੀਤੀ ਹੋਈ ਸੀ ਪਰ ਬਾਲੇ ਸ਼ਤੀਰੀਆਂ ਉੁੱਤੇ ਖੜ ਅਤੇ ਮਿੱਟੀ ਦੀ ਛੱਤ ਸੀ । ਇਹ ਛੱਤ ਹਰੇਕ ਬਰਸਾਤ ਤੋਂ ਪਹਿਲਾਂ ਦੁਬਾਰਾ ਤੂੜੀ ਮਿਲੀ ਮਿੱਟੀ ਦੀ ਮੋਟੀ ਤਹਿ ਹੇਠ ਦੱਬਣੀ ਪੈਂਦੀ ਸੀ । ਜਦ ਦੋਵੇਂ ਮੁੰਡੇ ਤੇ ਬਾਪੂ ਕੱਛੇ ਪਾ ਕੇ, ਚੂਕਣੀ ਮਿੱਟੀ ਦੇ ਢੇਰ ਵਿੱਚ ਤੂੜੀ ਰਲਾ ਕੇ, ਪਾਣੀ ਪਾ ਕੇ ਮਿੱਟੀ ਕਹੀਆਂ ਨਾਲ ਥੱਲ-ਪ-ਥੱਲ ਕਰਨ ਲੱਗਦੇ ਅਤੇ ਤੂੜੀ ਨੂੰ ਪੈਰਾਂ ਨਾਲ ਮਿੱਟੀ ਵਿੱਚ ਮਿੱਧਣ ਲੱਗਦੇ ਤਾਂ ਪ੍ਰਤਾਪੀ ਆਪਣੀ ਨਣਦ ਨੂੰ ਹੁੱਜ ਮਾਰ ਕੇ ਸੜਿਆ ਜਿਹਾ ਮੂੰਹ ਬਣਾ ਲੈਂਦੀ ਸੀ । ਛੱਪਰ ਵਰਗੀਓ ਰਸੋਈ ਸੀ ਜਿੱਥੇ ਸ਼ਤੀਰੀ ਦੀ ਥਾਂ ਕਿੱਕਰ ਦਾ ਅਣ-ਘੜਿਆ ਮੋਟਾ ਟਾਹਣਾ ਚੜ੍ਹਾਇਆ ਹੋਇਆ ਸੀ । ਇਹੋ ਜਿਹੇ ਨਜ਼ਾਰੇ ਕਈ ਰਿਸ਼ਤੇਦਾਰਾਂ ਦੇ ਘਰ ਆਮ ਵਾਪਰਦੇ ਉਸ ਨੇ ਵਥੇਰੀ ਵਾਰ ਵੇਖੇ ਸਨ । ਉਹ ਨਜ਼ਾਰੇ ਸਹਿ-ਸੁਭਾਅ ਉਸ ਕੋਲੋਂ ਲੰਘ ਜਾਂਦੇ ਸਨ । ਉਸ ਨੂੰ ਕੁਝ ਨਹੀਂ ਸੀ ਹੁੰਦਾ । ਉਸ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਕਦੇ ਅਜਿਹਾ ਮਾਹੌਲ ਉਸ ਦੇ ਨਾਉਂ ਲੱਗ ਜਾਣਾ ਹੈ । ਨਵੇਂ ਵਿਆਹ ਦਾ ਨਸ਼ਾ ਚੜ੍ਹਦੇ ਸਾਰ ਹੀ ਉਤਰ ਗਿਆ । ਨਵਾਂ ਨਵਾਂ ਵਿਆਹ ਹੋਇਆ ਹੋਵੇ ਤਾਂ ਸਹੁਰਿਆਂ ਬਾਰੇ, ਆਪਣੇ ਘਰਵਾਲੇ ਬਾਰੇ, ਚੰਗੀਆਂ ਚੰਗੀਆਂ ਗੱਲਾਂ ਕੁਝ ਵਧਾ-ਚੜ੍ਹਾ ਕੇ ਦੂਸਰਿਆਂ ਨੂੰ ਦੱਸਣ ਦਾ ਜੀਅ ਕਿਹੜੀ ਕੁੜੀ ਦਾ ਨਹੀਂ ਕਰਦਾ !

ਪਰ ਉਹ ਵਿਚਾਰੀ ਤਾਂ ਚੁੱਪ ਸੀ । ਹੋਰ ਕੀ ਕਰਦੀ?

ਕੀ ਕਰ ਸਕਦੀ ਸੀ ਉਹ?

***

ਵਿਆਹ ਤੋਂ ਬਾਅਦ ਗਰਮੀਆਂ ਵਿੱਚ ਸਭ ਬਾਹਰ ਸੌਂਦੇ ਸਨ । ਘਰ ਦੇ ਮੂਹਰੇ ਵਿਹੜੇ ਵਿੱਚ ਪ੍ਰਤਾਪੀ ਤੇ ਉਸ ਦਾ ਖਾਵੰਦ ਅਤੇ ਬਾਕੀ ਸਾਰੇ ਦੂਸਰੇ ਪਾਸੇ । ਬਰਸਾਤ ਆਈ ਤੇ ਕੋਠੇ ਦੀ ਮਿੱਟੀ ਹੜ੍ਹਾਉਂਦੀ ਲੰਘ ਗਈ । ਫੇਰ ਕੜਾਕੇ ਦੀ ਠੰਡ ਆ ਗਈ । ਜਦੋਂ ਠੰਡ 'ਚ ਕੰਬਦੇ ਪਿੰਡੇ ਗਰੀਬੀ ਦੀ ਦੁਹਾਈ ਦੇਣ ਲੱਗੇ ਤਾਂ ਇੱਕ 'ਫਸ ਕਲਾਸ' ਜੁਗਤ ਬਣਾਈ । ਇੱਕ ਟਰਾਲੀ ਇੱਟਾਂ ਦੀ ਤੇ ਪੰਜ ਬੋਰੀਆਂ ਸੀਮਿੰਟ ਦੀਆਂ ਮੰਗਾ ਕੇ ਪੰਜ ਖਣਾਂ ਵਿਚਾਲੇ ਇਕਹਿਰੀ ਇੱਟ ਦੀ ਕੰਧ ਕਰ ਦਿੱਤੀ । ਵਿਆਹੇ ਜੋੜੇ ਲਈ ਦੋ ਖਣ ਅਲੱਗ ਰਹਿ ਗਏ । ਮਾੜੀ ਮੋਟੀ ਮੁਰੰਮਤ ਵੀ ਕਰਾਈ । ਬਿਜਲੀ ਵੀ ਲਵਾ ਲਈ । ਸਫ਼ੈਦੀ ਆਪੇ ਕਰ ਲਈ । ਘਰ ਕੁਝ ਦਿਨਾਂ ਲਈ ਚਮਕ ਪਿਆ । ਦੋ ਕੁ ਮਹੀਨੇ ਬਾਅਦ ਸਲ੍ਹਾਬੇ ਨਾਲ ਕੰਧਾਂ ਦੇ ਹੇਠਲੇ ਪਾਸੇ ਨੀਲ ਵਾਲਾ ਚਿੱਟਾ ਰੰਗ ਡੱਬ-ਖੜੱਬਾ ਹੋ ਗਿਆ । ਟੀਪ ਦੀਆਂ ਛਿਲਤਰਾਂ ਹਰ ਸਾਤੇ ਥੋੜ੍ਹਾ ਜਿਹਾ ਮੂੰਹ ਅੱਡ ਕੇ ਡਿੱਗ ਪੈਂਦੀਆਂ । ਥੁੜ੍ਹਾਂ ਹੀ ਥੁੜ੍ਹਾਂ ਸਨ ਜੋ ਵੱਢ ਵੱਢ ਖਾਈ ਜਾਂਦੀਆਂ । ਕਾਣਤੀ ਹੋਈ ਉਹ ਇੱਕ ਐਤਵਾਰ ਪੂਰੇ ਪਰਿਵਾਰ ਦੇ ਬੈਠਿਆਂ ਇਹ ਕਹਿਣੋਂ ਨਾ ਰੁਕ ਸਕੀ, ''ਮੈਨੂੰ ਤਾਂ ਉਰੇ ਕੁਸ ਨੀਂ ਦਿਖਦਾ ।'' ਉੱਤੋਂ ਚਾਹ ਦੀ ਦੁਕਾਨ ਵਾਲੇ ਨੇ ਛੋਟੇ ਮੁੰਡੇ ਦੇ ਹੱਥ ਭੇਜਿਆ ਦੁੱਧ ਇਹ ਕਹਿ ਕੇ ਮੋੜ ਦਿੱਤਾ ਕਿ ਦੁੱਧ ਵਿੱਚ ਪਾਣੀ ਘੱਟ ਪਾਇਆ ਕਰੋ । ਇਹ ਸੁਣ ਕੇ ਪ੍ਰਤਾਪੀ ਨੂੰ ਹੋਰ ਵੀ ਹੱਤਕ ਮਹਿਸੂਸ ਹੋਈ ।

ਇਹ ਗੱਲ ਵੀ ਉਸ ਨੂੰ ਸਕੂਨ ਨਾ ਦਿੰਦੀ ਕਿ ਉਸ ਦੇ ਘਰ ਵਾਲਾ ਬੀ.ਏ. ਪਾਸ ਸੀ । ਪੂਰੀ ਬਰਾਦਰੀ ਦੇ ਚਾਲ੍ਹੀ ਤੋਂ ਵੱਧ ਘਰਾਂ ਵਿੱਚੋਂ ਪਹਿਲਾ ਸਰਕਾਰੀ ਨੌਕਰ ਹੋਣ ਕਾਰਨ ਬਚਿੱਤਰ ਦੀ ਅਲੱਗ ਹਸਤੀ ਸੀ । ਸਭ ਮਾਂਵਾਂ ਦਾ ਜੀਅ ਕਰਦਾ ਕਿ ਉਨ੍ਹਾਂ ਦੇ ਪੁੱਤ ਉਸ ਦੀ ਰੀਸ ਕਰਨ । ਉਸ ਦੇ ਘਰੋਂ ਨਿਕਲਣ ਤੇ ਮੁੜਨ ਦਾ ਬੱਚੇ ਬੱਚੇ ਨੂੰ ਪਤਾ ਹੁੰਦਾ । ਪਰ ਬੰਦੇ ਨੂੰ ਉਨ੍ਹਾਂ ਚੀਜ਼ਾਂ ਦਾ ਝੋਰਾ ਲੱਗਦੈ ਜੋ ਉਸ ਕੋਲ ਨਹੀਂ ਹੁੰਦੀਆਂ । ਪ੍ਰਤਾਪੀ ਨੂੰ ਤਾਂ ਕਬਜ਼ ਹੀ ਹੋਈ ਰਹਿੰਦੀ । ਕੁਝ ਚੰਗਾ ਨਾ ਲੱਗਦਾ । ਨਾ ਕਿਤੇ ਮਨ ਲੱਗਦਾ । ਨਾ ਕੋਈ ਬਾਲ-ਬੱਚਾ ਹੋਇਆ । ਨਹੀਂ ਤਾਂ ਪੈਰੀਂ ਭਾਰੀ ਔਰਤ ਦੀ ਦੁਨੀਆ ਆਪਣੇ ਆਪ ਵਿੱਚ ਹੀ ਮੁਕੰਮਲ ਹੋ ਜਾਂਦੀ ਹੈ ।

ਉਨ੍ਹਾਂ ਚਮਾਰਾਂ ਨੂੰ ਠੇਕੇਦਾਰ ਕਹਿੰਦੇ ਸਨ । ਤੇ ਸਾਰੇ ਘਰਾਂ ਦਾ ਨਾਂਓ ਚਮਾਰਾਂ ਦੀ ਮਾਜਰੀ ਲਿਆ ਜਾਂਦਾ । ਨੇੜੇ-ਤੇੜੇ ਦੇ ਪਸ਼ੂਆਂ ਨੇ ਜਦ ਮਰਨਾ ਸੀ ਤਾਂ ਸਮਝੋ ਪੱਕੇ ਅਸ਼ਟਾਮ ਉੱਤੇ ਮੁਰਦਾਰ ਨੂੰ ਟਿਕਾਣੇ ਲਾਉਣ ਦਾ, ਪਿਛਲੀਆਂ ਕਈ ਪੁਸ਼ਤਾਂ ਤੋਂ, ਉਨ੍ਹਾਂ ਨੂੰ ਠੇਕਾ ਮਿਲਿਆ ਹੋਇਆ ਸੀ । ਮੁਰਦੇ ਪਸ਼ੂਆਂ ਦੀਆਂ ਖੱਲਾਂ ਲਾਹੁੰਦੇ । ਵੇਚਦੇ । ਜਿਉਂਦੀਆਂ ਮੱਝਾਂ ਵੀ ਰੱਖਦੇ । ਉਨ੍ਹਾਂ ਦਾ ਦੁੱਧ ਪਾਣੀ ਪਾ ਪਾ ਵੇਚਦੇ । ਆਪਣਾ ਗੁਜ਼ਾਰਾ ਚਲਾਉਂਦੇ । ਔਖੇ-ਸੌਖੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ । ਕੁਝ ਪੜ੍ਹ ਗਏ । ਪਰ ਬਹੁਤੇ ਨਲਾਇਕ ਨਿਕਲ ਜਾਂਦੇ ਤੇ ਆਪਣੇ ਬਜ਼ੁਰਗਾਂ ਦੇ ਧੰਦੇ ਦੀ ਵਸੀਅਤ ਆਪਣੇ ਨਾਂਓ ਕਰਾ ਲੈਂਦੇ । ਇਹ ਬਖਸੇ ਠੇਕੇਦਾਰ ਦਾ ਘਰ ਸੀ । ਦੋ ਮੱਝਾਂ ਸਨ । ਦੋ ਮੁੰਡੇ । ਇੱਕ ਕੁੜੀ । ਵੱਡਾ ਸਰਕਾਰੀ ਹਸਪਤਾਲ 'ਚ ਕਲਰਕ ਸੀ । ਛੋਟਾ ਮੁੰਡਾ ਹਾਇਰ ਸੈਕੰਡਰੀ 'ਚ ਤੇ ਕੁੜੀ ਸੱਤਵੀਂ 'ਚ । ਤਿੰਨੋਂ ਇੱਕ-ਦੂਜੇ ਤੋਂ ਸਾਢੇ-ਚਾਰ, ਪੰਜ ਸਾਲ ਵੱਡੇ-ਛੋਟੇ ਸਨ ।

***

''ਉਰੇ ਤਾਂ ਕੁਸ ਨੀਂ! ''

''ਮੈਨੂੰ ਤਾਂ ਐਥੇ ਕੁਸ ਨੀਂ ਦਿਖਦਾ!!''

ਇੱਥੇ ਪ੍ਰਤਾਪੀ ਦਾ ਜੀਅ ਘੱਟ ਹੀ ਲੱਗਦਾ ਤੇ ਆਨੇ-ਬਹਾਨੇ ਪੇਕੀਂ ਕਿਸੇ ਨਾ ਕਿਸੇ ਦੀ ਖ਼ਬਰ ਲੈਣ ਚਲੀ ਜਾਂਦੀ । ਉੱਥੇ ਕਿਹੜਾ ਕੋਈ ਟਿਕ ਕੇ ਜਿਊਣ ਦਿੰਦਾ ਸੀ ।

''ਹੋਰਾਂ ਦੇ ਘਰੇ ਰੱਬ ਬਥੇਰੇ ਗਰੇ ਲਾਈ ਜਾਂਦਾ । ਤੂੰ ਕੋਈ ਸੁੱਖ ਸੁੱਖ ਲੈ ।'' ਕੋਈ ਭਰਜਾਈ ਲੱਗਦੀ ਉਸ ਨੂੰ ਚੈੱਕ ਕਰਾਉਣ ਦੇ ਨਾਲ ਨਾਲ ਦੂਸਰਾ ਇਲਾਜ ਵੀ ਦੱਸਦੀ । ਉੱਤੋਂ ਪ੍ਰਤਾਪੀ ਦੀ ਮਾਂ ਰੋਂਦੀ, ''ਚਾਰ ਸਾਲ ਹੋ ਗੇ । ਘਰ ਕੋਈ ਜੀਅ ਹੋਵੇ ਤਾਂ ਕੁੜੀ ਦਾ ਜੀਅ ਟਿਕੇ । ਮੁੰਡਾ ਹੋ ਜੇ ਬਾਬਾ । ਮੇਰੀ ਕੁੜੀ ਰੋਟੀ ਪੈ ਜੇ । ਵਾਹਿਗੁਰੂ...ਵਾਹਿਗੁਰੂ...'' । ਇੱਕ ਧੀ ਨਾਲ ਉਸ ਨੇ ਖੁਸਰਿਆਂ ਵਾਂਗ ਜੂਨ ਪੂਰੀ ਕੀਤੀ ਸੀ । ਕਿਆ ਪੇਕੀਂ ਤੇ ਕਿਆ ਸਹੁਰੀਂ ਪ੍ਰਤਾਪੀ ਨੂੰ ਹੋਰਾਂ ਜਨਾਨੀਆਂ ਦੇ ਮੁਕਾਬਲੇ ਆਪਣਾ ਆਪ ਅਧੂਰਾ ਲੱਗਦਾ । ਉਸ ਨੂੰ ਤੀਵੀਂਆਂ ਦੀਆਂ ਲੜਾਈਆਂ ਸਮੇਂ ਇੱਕ ਦੂਜੇ ਨੂੰ ਦਿੱਤੀ ਦੁਰ-ਅਸੀਸ ਵਾਰ ਵਾਰ ਯਾਦ ਆਉਂਦੀ:

'' ਤੇਰਾ ਵੰਸ਼ ਮਾਰਿਆ ਜਾਵੇ ''

ਉਸ ਨੂੰ ਪੇਕੀਂ ਇੱਕ ਹਫ਼ਤਾ ਕੱਟਣਾ ਦੁੱਭਰ ਹੋ ਜਾਂਦਾ । ਬਖਸਾ ਬਹੁਤ ਬੋਲਦਾ ਸੀ । ਵਪਾਰੀ ਸੀ । ਆਪਣੇ ਮਾਲ ਦਾ ਮੁੱਲ ਵਧਾਉਣ ਨੇ ਉਸ ਨੂੰ ਬਹੁਤਾ ਬੋਲਣਾ ਸਿਖਾ ਦਿੱਤਾ ਸੀ । ਸਾਰਾ ਦਿਨ ਭਕਾਈ ਕਰੀ ਜਾਂਦਾ । ਜਿਵੇਂ ਹਰ ਬੰਦਾ ਹੀ ਉਸ ਦਾ ਗਾਹਕ ਹੋਵੇ । ਪਰ ਵਿੱਚ ਵਿੱਚ ਕਈ ਸਿਆਣੀਆਂ ਸਿੱਕੇਬੰਦ ਗੱਲਾਂ ਵੀ ਕਰਦਾ । ਆਪਣੇ ਪੁੱਤ ਨੂੰ ਕਹਿੰਦਾ:

''ਸਹੁਰੇ ਘਰ ਨੀਂ ਰਹਿਣਾ । ਸਹੁਰੇ ਘਰ ਬੈਠੇ ਜੁਆਈ ਦੀ ਪ੍ਰਤੀਤ ਨੀਂ ਹੁੰਦੀ ਕੌਡੀ ਦੀ, ਨਾਲੇ ਡਿਊਟੀ ਜਾਣਾ ਐ ।''

ਮੁੰਡਾ ਬਹੂ ਨੂੰ ਛੱਡ, ਵਾਪਸ ਲਿਆਉਣ ਦਾ ਦਿਨ ਮਿੱਥ ਕੇ ਸਾਈਕਲ ਨੂੰ ਲੱਤ ਦਿੰਦਾ ਆਪਣੇ ਘਰ ਆ ਟਪਕਦਾ ।

''ਆਪਣੀਓ ਕੁੱਲੀ ਠੀਕ ਐ,'' ਕਦੇ ਬੁੜ੍ਹਾ-ਬੁੜ੍ਹੀ ਬੁੜ ਬੁੜ ਕਰਦੇ ਤੇ ਵਿੱਚੇ-ਵਿੱਚ ਦੂਸਰਿਆਂ ਦੇ ਪਸ਼ੂਆਂ ਦੇ ਮਰਨ ਦੀ ਉਡੀਕ ਵਿੱਚ ਤੀਂਘਗੜਦੇ ਰਹਿੰਦੇ । ਉਨ੍ਹਾਂ ਨੂੰ ਨੂੰਹ ਦੀਆਂ ਗੱਲਾਂ ਚੁਭਦੀਆਂ ਤਾਂ ਨਹੀਂ ਸਨ ਪਰ ਕਾਲਜੇ ਵਿੱਚ ਹੌਲ ਜ਼ਰੂਰ ਪਾ ਦਿੰਦੀਆਂ ਸਨ । ਰੋਟੀ ਖਾ ਕੇ ਡਕਾਰ ਮਾਰਦੇ ਤੇ ਦੰਦਾਂ 'ਚ ਤੀਲਾ ਫੇਰਦੇ ਹੋਏ ਨੂੰਹ ਦੇ ਬੋਲ ਉਨ੍ਹਾਂ ਦੇ ਚਿਹਰੇ ਪਹਿਲਾਂ ਨਾਲੋਂ ਵੀ ਹੋਰ ਲਮਕਾ ਦਿੰਦੇ । ਜਿਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਥਕਾਵਟ ਕੀ ਚੀਜ਼ ਹੁੰਦੀ ਐ ਤੇ ਆਪਣੇ ਬੱਚਿਆਂ ਦਾ ਅੱਗਾ ਸੰਵਾਰਨ ਲਈ ਸੁੱਤਿਆਂ ਦੇ ਵੀ ਹੱਥ ਹਿਲਦੇ ਰਹਿੰਦੇ ਸਨ, ਧਰਤੀ ਤੋਂ ਉੱਠਣ ਲਈ ਉਨ੍ਹਾਂ ਨੂੰ ਥੱਲੇ ਹੱਥ ਲਾਉਣੇ ਪੈਂਦੇ ਤੇ ਸਾਹ ਦੇ ਨਾਲ ਈ ਮੂੰਹ 'ਚੋਂ 'ਮਾਹਰਾਜ, ਤੂੰਹੀਂ ਐਂ' ਨਿੱਕਲ ਜਾਂਦਾ । ਗੁਰਬਤ ਨਾਲ ਝੀਂਖਦਿਆਂ ਈ ਉਮਰਾਂ ਲੰਘਾ ਦਿੱਤੀਆਂ ਸਨ । ਜੁਆਨੀ ਉੱਥੇ ਕਿਸੇ ਉੱਤੇ ਵੀ ਨਹੀਂ ਆਈ ਸੀ । ਘਾਟਾਂ ਹੀ ਝੇਲੀਆਂ ਸਨ । ਹੌਲੇ ਹੋ ਕੇ ਜ਼ਿੰਦਗੀ ਨੂੰ ਮਾਨਣਾ ਉਨ੍ਹਾਂ ਦੇ ਹਿੱਸੇ ਨਹੀਂ ਆਇਆ ਸੀ ।

... ਹਾਂ, ਬਚਿੱਤਰ ਨੌਕਰ ਹੋਇਆ ਤਾਂ ਘਰ ਵਿੱਚ ਛੋਟੀਆਂ ਛੋਟੀਆਂ ਨਵੀਆਂ ਚੀਜ਼ਾਂ ਆਉਣ ਲੱਗੀਆਂ । ਰਤਾ ਹੱਥ ਸੌਖੇ ਹੋਏ । ਜੁਆਨੀ ਚੜ੍ਹੀ ਪਰ ਦੇਰ ਨਾਲ ... ਪਰ ਕਲਰਕ ਦੀ ਤਨਖਾਹ ਨਾਲ ਕੀ ਬਣਦਾ, ਲੂਣ ਤੇਲ ਮਸੀਂ ਚਲਦੈ । ਰੋਟੀ ਤਾਂ ਪਹਿਲਾਂ ਵੀ ਮਿਲਦੀ ਸੀ । ਮੁੱਦਤਾਂ ਦੇ ਟੋਏ ਭਰਨ ਦੀ ਤਾਂਘ ਕਿਰਸ ਕਰਨ ਲਈ ਮਜਬੂਰ ਕਰਦੀ । ਜਦ ਨਵਾਂ ਨਵਾਂ ਵਿਆਹ ਹੋਇਆ ਹੋਵੇ ਤਾਂ ਕਦੇ ਕਦੇ ਘਰਵਾਲੀ ਨੂੰ ਨਾਲ ਲਿਜਾ ਕੇ ਬੰਦੇ ਦਾ ਬਾਹਰ ਘੁੰਮਣ ਫਿਰਨ ਨੂੰ ਵੀ ਜੀਅ ਕਰਦਾ ਐ । ਬੱਚਾ ਠਹਿਰਣ ਤੋਂ ਪਹਿਲਾਂ ਤੀਵੀਂ ਕੁਆਰੀ-ਓ ਲਗਦੀ ਐ । ਉਸ ਨੂੰ ਕੁੱਝ ਖਰੀਦ ਕੇ ਦੇਣ ਨੂੰ ਜੀਅ ਕਰਦਾ ਐ । ਪੈਦਲ ਬਜ਼ਾਰ ਗਿਆਂ ਇੱਕ ਦਿਨ ਪ੍ਰਤਾਪੀ ਨੇ ਵਾਪਸੀ ਉੱਤੇ ਰਿਕਸ਼ਾ ਕਰਨ ਨੂੰ ਕਿਹਾ । ਭਾਵੇਂ ਰਿਕਸ਼ੇ ਵਾਲੇ ਦੇ ਪੰਜ ਰੁਪਏ ਉਸ ਨੂੰ ਬੁਰੀ ਤਰ੍ਹਾਂ ਚੁੱਭੇ ਸਨ, ਪਰ ਜਦੋਂ ਘਰ ਦੇ ਸ੍ਹਾਮਣੇ ਆ ਕੇ ਘਰਵਾਲੀ ਨਾਲ ਹੱਥਾਂ 'ਚ ਸਮਾਨ ਦੇ ਲਿਫ਼ਾਫ਼ੇ ਫੜੀ ਉਹ ਰਿਕਸ਼ੇ ਤੋਂ ਉਤਰਿਆ ਸੀ ਤਾਂ ਬਚਿੱਤਰ ਨੂੰ ਸੁਆਦ ਜਿਹਾ ਆ ਗਿਆ ਸੀ ਜਿਵੇਂ ਉਹ ਹਵਾਈ ਜਹਾਜ਼ ਤੋਂ ਉਤਰਿਆ ਹੋਵੇ । ਉਤਰਦੇ ਸਾਰ ਹੀ ਉਸ ਨੇ ਮੁਸ਼ਕੀ ਢੰਗ ਨਾਲ ਗੱਲ੍ਹਾਂ ਅੰਦਰ ਜੀਭ ਫੇਰ ਕੇ ਪ੍ਰਤਾਪੀ ਵੱਲ ਅੱਖਾਂ ਦੇ ਕੋਨਿਆਂ ਵਿੱਚੋਂ ਦੀ ਝਾਕਿਆ ਤੇ ਕਿਹਾ: ''ਠੀਕ ਐ ਹੁਣ! ਹੂੰ!!''

ਪਰ ਉਹ ਠੀਕ ਨਹੀਂ ਸੀ । ਉਸ ਦੀ ਮਰਜ਼ ਦਾ ਬਚਿੱਤਰ ਨਾਲੋਂ ਵੀ ਬਜ਼ੁਰਗਾਂ ਨੂੰ ਵੱਧ ਪਤਾ ਸੀ । ਸਭ ਸਮਝਦੇ ਸਨ ਉਹ । ਛੱਤੀ ਘਾਟ ਦਾ ਪਾਣੀ ਪੀਤਾ ਹੋਇਆ ਸੀ । ਕਦੇ ਕਦੇ ਜੀਵਨ ਦੀ ਮੱਠੀ ਚਾਲ 'ਚੋਂ ਉੱਠ ਕੇ ਐਸ਼ ਕਰਨ ਦਾ ਮੌਕਾ ਉਨ੍ਹਾਂ ਨੂੰ ਵੀ ਮਿਲਦਾ ।

''ਫੜ ਮੀਟ ।''

''ਕਿੰਨਾ? ਕਾਹਦਾ? '' ਬੇਬੇ ਪੁੱਛਦੀ ।

''ਕਿੱਲੋ ਬੱਕਰੇ ਦਾ, ਰਚਨੇ ਕਸਾਈ ਤੋਂ ਲਿਆਂਦਾ ।''

''ਪੈਸੇ ਨੀਂ ਜੋੜਨੇ? ''

''ਚੱਲ । ਜੱਟਾਂ ਦੀ ਬੱਛੀ ਮਰ ਗੀ ਤੀ । ਗੋਕੇ ਦਾ ਰੇਟ ਬਹੁਤ ਐ ਹੁਣ ।''

''ਕੋਈ ਪੈਸਾ ਬਚਿਆ ਵੀ ਐ? ''

''ਹਾਂਅ! ਹਾਂਅ!'' ਬਖਸੇ ਨੇ ਫਤੂਹੀ ਦੀ ਅੰਦਰਲੀ ਜੇਬ 'ਚ ਪਏ ਰੁਪੱਈਆਂ ਨੂੰ ਹੱਥ ਲਾ ਕੇ ਬਾਹਰ ਕੱਢ ਲਿਆ ।

ਕਦੇ ਕਦੇ ਵੱਡੇ ਮੁੰਡੇ ਨੂੰ ਟਿੱਚਰਾਂ ਕਰਦਾ:

''ਤੈਂ ਤਾਂ ਹਾਲੇ ਇੱਕ ਦਿਨ ਵੀ ਮੀਟ ਨੀਂ ਖਲਾਇਆ, ਕੱਦਾ ਤੂੰ ਨੌਕਰੀ ਕਰਦਾ । ''

ਤੇ ਮਨ 'ਚ ਨੂੰਹ ਨੂੰ ਨਕਾਰਦਾ- 'ਤੈਨੂੰ ਕਿਆ ਪਤਾ? ਮੀਟ ਬਣਾਉਣਾ ਖੇਲ ਐ !'

ਪ੍ਰਤਾਪੀ ਮੀਟ ਖਾਂਦੀ ਸੀ । ਪਰ ਇਸ ਘਰ ਵਿੱਚ ਉਸ ਨੇ ਮੀਟ ਕਦੇ ਨਹੀਂ ਸੀ ਬਣਾਇਆ । ਉਂਜ ਵੀ ਬੇਬੇ ਮੀਟ ਬਹੁਤ ਵਧੀਆ ਬਣਾਉਂਦੀ ਸੀ । ਮੌਸ ਚੌਦਾਂ ਵਾਲੇ ਦਿਨ ਵਾਂਗ ਉਹ ਖਾਸੀਆਂ ਸਾਰੀਆਂ ਲੱਕੜਾਂ ਪਹਿਲਾਂ ਹੀ ਚੁੱਲ੍ਹੇ ਕੋਲ ਰੱਖ ਲੈਂਦੀ । ਪਹਿਲੀਆਂ ਲੱਕੜਾਂ ਸੜ ਕੇ ਸੁਆਹ ਹੋਣ ਤੋਂ ਪਹਿਲਾਂ ਹੀ ਦੋ ਨਵੀਆਂ ਖਲਪਾੜਾਂ ਚੁੱਲ੍ਹੇ 'ਚ ਝੋਕ ਦਿੰਦੀ । ਅੱਗ ਦੇ ਸੁਭਾਅ ਦਾ ਉਸ ਨੂੰ ਇਲਮ ਸੀ । ਸੇਕ ਬਰਾਬਰ ਰੱਖਦੀ । ਪਟੜੀ 'ਤੇ ਬਹਿ ਕੇ ਪਤੀਲੀ 'ਚ ਮੀਟ ਭੁੰਨਦੀ ਰਹਿੰਦੀ । ਕੜਛੀ ਹਿਲਾਉਂਦੀ ਰਹਿੰਦੀ । ਭੁੰਨ ਭੁੰਨ ਕੇ ਮੀਟ ਦਾ ਭੁੜਥਾ ਬਣਾ ਦਿੰਦੀ । ਜਦ ਮੀਟ ਪਤੀਲੀ ਦੇ ਅੰਦਰ ਚਿਪਕਣ ਲਗਦਾ ਤੇ ਮੀਟ ਦੇ ਸੜਨ ਦੀ ਇੱਕ ਖਾਸ ਕਿਸਮ ਦੀ ਮਹਿਕ ਆਉਣ ਲੱਗਦੀ ਤਾਂ ਪਾਣੀ ਪਾ ਦਿੰਦੀ । ਫੇਰ ਤੇਜ ਅੱਗ ਬਾਲ ਦਿੰਦੀ । ਘੜੀ-ਮੁੜੀ ਪੋਣੇ ਨਾਲ ਗਰਮ ਚੱਪਣੀ ਚੁੱਕਦੀ । ਪਤੀਲੀ ਵਿੱਚੋਂ ਉੱਠਦੀ ਭਾਫ਼ ਸੁੰਘਦੀ । ਕੜਛੀ ਨਾਲ ਉੱਬਲਦੀ ਤਰੀ 'ਚੋਂ ਸੰਖੀਆਂ ਚੁੱਕ ਚੁੱਕ ਉਨ੍ਹਾਂ ਤੇ ਬਦਲਦੇ ਆਕਾਰ ਤੋਂ ਅੰਦਾਜ਼ੇ ਲਾਉਂਦੀ ਰਹਿੰਦੀ । ਇੱਕ ਛੋਟੀ ਜਿਹੀ ਅੱਧ-ਪੱਕੀ ਸੰਖੀ, ਬਣਦੇ ਬਣਦੇ ਮੀਟ ਵਿੱਚੋਂ ਕੱਢ ਕੇ ਖਾਣੀ ਉਹ ਕਦੇ ਨਾ ਭੁੱਲਦੀ । ਹਾਲੋਂ ਬੇਹਾਲ ਹੋਏ ਮੀਟ 'ਚ ਕੜਛੀ ਫੇਰ ਕੇ ਮੁੜ ਚੱਪਣੀ ਨਾਲ ਢਕ ਦਿੰਦੀ ।

'' 'ਨੰਦ ਆ ਗਿਆ,'' ਬਖਸਾ ਮੀਟ ਦੀ ਬਾਟੀ ਖਾ ਕੇ ਚੁਸਕੀਆਂ ਲੈਂਦਾ ਤੇ ਨੱਕ ਸਿਣਕਦਾ ।

''ਮੀਟ ਤਾਂ ਕੜਛੀ ਨਾਲ ਏ ਬਣਦਾ,'' ਬੇਬੇ ਦਾ ਅੰਤਾਂ ਦਾ ਤਜਰਬਾ ਸੀ ।

ਪ੍ਰਤਾਪੀ ਨੂੰ ਵੀ ਬੇਬੇ ਦਾ ਬਣਾਇਆ ਮੀਟ ਸਵਾਦ ਲਗਦਾ । ਰਾਤ ਦੇ ਬਚੇ ਹੋਏ ਥੋੜ੍ਹੇ ਜਿਹੇ ਮੀਟ ਨੂੰ ਖਾਣ ਦਾ ਹਰੇਕ ਦਾ ਚਿੱਤ ਹੁੰਦਾ ।

''ਪੁੱਤ, ਰਾਤ ਦਾ ਮੀਟ ਪਿਆ ਤਾ ।''

''ਮਾੜ੍ਹਾ ਜਾ ਤਾ । ਮੈਂ ਖਾ ਲਿਆ ਬੇਬੇ ਜੀ ।''

''ਮੈਂਖਿਆ ਖਰਾਬ ਏ ਨਾ ਹੋ ਜਾਵੇ ।''

''ਤੁਸੀਂ ਰੋਟੀ ਖਾ ਲਓ ਹੁਣ । ਆਲੂ ਬਤਾਊਂ ਬਣਗੇ ।''

''ਅਟਕ ਕੇ ਖਾਂਦੀ ਐ । ਖੱਟੇ ਜੇ ਗ੍ਹਟਾਰ ਆਉਂਦੇ ਐ ।''

***

ਟੋਇਆਂ ਨੂੰ ਹੋਰ ਨਾ ਪੁੱਟੋ ਤਾਂ ਉਹ ਖ਼ੁਦ-ਬ-ਬੁਦ ਹੌਲੀ ਹੌਲੀ ਭਰਨੇ ਸ਼ੁਰੂ ਹੋ ਜਾਂਦੇ ਹਨ । ਕਿਸੇ ਦਿਨ ਆਦਮੀ ਨੂੰ ਲਗਦਾ ਐ ਕਿ ਉਹ ਟੋਏ ਨੂੰ ਪੱਧਰੀ ਜ਼ਮੀਨ 'ਚ ਬਦਲ ਸਕਦਾ ਹੈ । ਕੀੜੀਆਂ ਵਾਂਗ 'ਬਖਸੇ ਦਿਆਂ' ਨੇ ਵੀ ਪੁਸ਼ਤਾਂ ਤੋਂ ਪਏ ਟੋਇਆਂ ਨੂੰ ਪੂਰਨ ਦਾ ਸਮਾਨ ਇਕੱਠਾ ਕਰ ਲਿਆ ਸੀ । ਇੱਕ ਦਿਨ ਬਚਿੱਤਰ ਦੇ ਚਾਚੇ ਨੇ ਇੱਕ ਹਉਂਕਾ ਜਿਹਾ ਕਿਸੇ ਕੋਲੇ ਲਿਆ ਸੀ:

''ਹੁਣ ਤਾਂ ਬਖਸੇ ਨੂੰ ਚੰਗੀ ਇਨਕਮ ਐ । ਐਹ ਸਿਆਲ 'ਚ ਬੜੀ ਕਮਾਈ ਕੀਤੀ ਐ ਉਹਨੇ । ਨਾਲ-ਏ ਭਾਈ ਮੁੰਡਾ ਨੌਕਰ ਐ । ਮੇਰੀ ਤੀਮੀਂ ਰੋਜ ਮੁੰਡਿਆਂ ਨਾਲ ਲੜਦੀ ਐ । ਕਹਿੰਦੀ: ਤੇਰੇ ਤਾਏ ਦਾ ਮੁੰਡਾ ਦੇਖ ਲੈ । ਰੰਗ ਲਾ 'ਤੇ । ਗੰਦ ਕੱਢ 'ਤਾ । ਮੈਂ ਵੀ ਬਥੇਰਾ ਕਹਿੰਦਾ ਸਹੁਰਿਆਂ ਨੂੰ ਬੀ ਪੜ੍ਹੋ । ਪੜ੍ਹ ਲੋ ਬੱਸ ।'' ਤੇ ਫੇਰ ਬਖਸ਼ਾ ਨੀਵਾਂ ਛੋਟਾ ਕੋਠਾ ਢਾਹ ਕੇ ਖੁੱਲ੍ਹੀ 'ਕੋਠੀ' ਪਾਉਣ ਲੱਗਿਆ ।

''ਸੀਮਿੰਟ 'ਚ ਚਣਾਈ ਕਰਨੀ ਐ । ਇੱਕ ਸੱਤ 'ਚ,'' ਇੱਟਾਂ, ਰੇਤੇ ਤੇ ਬੱਜਰੀ ਦੇ ਢੇਰਾਂ ਦੁਆਲੇ ਘੁੰਮਦੇ ਬਖਸੇ ਦੀ ਚਾਲ ਈ ਬਦਲੀ ਹੋਈ ਸੀ । ਪ੍ਰਤਾਪੀ ਤਾਂ ਚਲੋ ਦੂਸਰੇ ਦੀ ਧੀ ਸੀ । ਗਰੀਬੀ ਵੀ ਕਿਸੇ ਨੂੰ ਚੰਗੀ ਲੱਗੀ ਐ! ਮਜਬੂਰੀ ਹੁੰਦੀ ਐ । ਧੂਆਂਖਿਆ ਕੋਠਾ ਉਸ ਨੂੰ ਵੀ ਚੰਗਾ ਥੋੜ੍ਹਾ ਲੱਗਦਾ ਸੀ । ਉਸ ਦੇ ਬਾਪ ਦੇ ਇਸ ਕੋਠੇ ਨੂੰ , ਜੋ ਭਾਈਆਂ ਦੀ ਵੰਡ 'ਚ ਉਸ ਦੇ ਹਿੱਸੇ ਆਇਆ ਸੀ, ਪੂਰੀ ਤਰ੍ਹਾਂ ਢਾਹ ਕੇ ਦੁਬਾਰਾ ਬਣਾਉਣ ਦੀ ਖਾਹਿਸ਼ ਨੇ ਉਸ ਨੂੰ ਹੁਣ ਤੱਕ ਜਿਊਂਦਾ ਰੱਖਿਆ ਸੀ । ਹੱਥ ਹਿੱਲਦੇ ਰੱਖੇ ਸਨ । ਜਿਸ ਦਿਨ ਕੰਮ ਸ਼ੁਰੂ ਕਰਨਾ ਸੀ ਸਾਝਰੇ ਹੀ ਫ਼ਟਾਫ਼ਟ ਚਾਹ ਸੜੂਕੀ, ਕਹੀ ਚੁੱਕੀ ਤੇ ਕੱਚੀ ਮਿੱਟੀ ਦੀ ਛੱਤ ਦੇ ਗੱਭੇ ਪਹਿਲਾ ਟੱਕ ਪੂਰੇ ਜੋਸ਼ ਨਾਲ ਮਾਰਿਆ, ਤਾਂ ਪੂਰਾ ਮਕਾਨ ਹਿੱਲ ਗਿਆ ।

''ਓਅ ... ਓਅ ... ਸਮਾਨ ਤਾਂ ਕੱਢ ਲੈਣ ਦੇ ਬਾਹਰ ।''

''ਤੈਂ ਕੁੜੀ ਝਾਵੇ ਦੀ ਨੇ ਅਜੇ ਤੱਕ ਸਮਾਨ ਵੀ ਨੀਂ ਕੱਢਿਆ ਬਾਹਰ ।''

ਕੰਮ ਲੋਟ ਹੁੰਦਾ ਹੋਵੇ ਤਾਂ ਬੇਬੇ ਬੁਰੀਆਂ ਭਲੀਆਂ ਸਭ ਗੱਲਾਂ ਹਜ਼ਮ ਕਰ ਲੈਂਦੀ ਸੀ । ਸਾਰਿਆਂ ਨੂੰ ਸਮਾਨ ਬਾਹਰ ਕੱਢਣ ਦੀ ਪੈ ਗਈ । ਬਾਪੂ ਰੁਕਦਾ ਨਹੀਂ ਸੀ । ਉਸ ਨੇ ਬਹੁਤ ਉਡੀਕ ਕੀਤੀ ਸੀ । ਇੱਕ ਰਾਜ ਮਿਸਤਰੀ ਹੀ ਦਿਹਾੜੀ 'ਤੇ ਲਿਆਂਦਾ ਸੀ । ਬੁੜ੍ਹਾ-ਬੁੜ੍ਹੀ ਤੇ ਮੁੰਡਿਆਂ ਨੇ ਮਜ਼ਦੂਰਾਂ ਦੀ ਦਿਹਾੜੀ ਦੇ ਪੈਸੇ ਬਚਾ ਲੈਣੇ ਸਨ । ਨੂੰਹ ਤੇ ਨਣਦ ਨੇ ਰੋਟੀ-ਟੁੱਕ ਕਰੀ ਜਾਣਾ ਸੀ ।

ਜਦੋਂ ਨਵੇਂ ਮਕਾਨ ਦੀਆਂ ਨੀਹਾਂ ਉੱਚੀਆਂ ਉਸਰੀਆਂ ਤਾਂ ਨੀਵੇਂ ਤੰਗ ਮਕਾਨ ਦੇ ਮਲਬੇ ਦਾ ਭਰਤ ਵਿੱਚੇ ਈ ਪੈ ਗਿਆ । ਹੋਰ ਭਰਤ ਪਾਇਆ । ਨਵੀਆਂ ਨੀਹਾਂ ਵਿਚਾਲੇ ਚੌੜਾਈ-ਲੰਬਾਈ ਤੋਂ ਹੀ ਇਮਾਰਤ ਦੇ ਬੇ-ਸ਼ੁਮਾਰ ਖੁੱਲ੍ਹੀ-ਡੁੱਲ੍ਹੀ ਹੋਣ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ । ਜਿਉਂ ਜਿਉਂ ਕੰਧਾਂ ਉੱਚੀਆਂ ਹੁੰਦੀਆਂ ਗਈਆਂ ਤਿਉਂ ਤਿਉਂ 'ਬਖਸੇ ਦਿਆਂ' ਦੇ ਦੁੱਖ-ਦਲਿੱਦਰ ਮਹੀਨ ਹੋ ਕੇ ਹਵਾ 'ਚ ਘੁਲਦੇ ਗਏ । ਸਮਾਨ ਦੇ ਢੇਰਾਂ ਨੇ ਮਕਾਨ ਦੀ ਸ਼ਕਲ ਅਖ਼ਤਿਆਰ ਕਰ ਲਈ ।

... ਤੇ ਅੱਜ ਲੈਂਟਰ ਪੈ ਗਿਆ ਸੀ । ਅਸਮਾਨ ਵਿੱਚ ਕੁਝ ਭੂਰੇ ਬੱਦਲ ਗਰਜੇ ਤਾਂ ਮਾਂ ਨੇ ਰੱਬ ਵੱਲ ਨੂੰ ਹੱਥ ਬੰਨ੍ਹ ਦਿੱਤੇ:

''ਦੋ ਦਿਨ ਲੰਘਾਈ ਬਾਬਾ ।''

ਲੈਂਟਰ ਦਾ ਕੰਮ ਸੂਰਜ ਛਿਪਣ ਤੋਂ ਪਹਿਲਾਂ ਚਾਰ ਕੁ ਵਜੇ ਮੁੱਕ ਗਿਆ ਸੀ । ਘਰ ਦੇ ਸਾਰੇ ਜੀਅ ਵਿਸਮਾਦ ਵਿੱਚ ਸਨ । ਪੂਰੀ ਬਰਾਦਰੀ ਤੋਂ ਉਪਰ ਉੱਠ ਕੇ ਅਲੱਗ ਹੋ ਚੁੱਕੇ ਸਨ । ਘਰ ਦੀ ਨਵੀਂ ਸ਼ਕਲ ਪ੍ਰਤਾਪੀ ਦੇ ਅੰਦਰ ਉੱਠ-ਬੈਠ ਰਹੀ ਸੀ । ਉਹ ਖੁਸ਼ ਸੀ । ਪਰ ਹੈਰਾਨ ਵੱਧ ਸੀ । ਕੁਝ ਪ੍ਰੇਸ਼ਾਨ ਜਹੀ ਢਾਕਾਂ 'ਤੇ ਹੱਥ ਰੱਖੀ ਘੁੰਮਦੀ ਰਹੀ । ਕੋਈ ਉਸ ਨੂੰ ਬੁਲਾ ਨਹੀਂ ਰਿਹਾ ਸੀ । ਉਸ ਦਾ ਵੀ ਕਿਸੇ ਨਾਲ ਬੋਲਣ ਦਾ ਚਿੱਤ ਨਹੀਂ ਸੀ । ਬਾਪੂ ਆਪਣੇ ਆਪ ਨਾਲ ਹੀ ਬੋਲੀ ਜਾ ਰਿਹਾ ਸੀ । ਉਸ ਨੇ ਕਿਸੇ ਤੋਂ ਕੀ ਲੈਣਾ ਸੀ । ਉਸ ਨੇ ਤਾਂ ਅੱਜ ਲੰਕਾ ਜਿੱਤ ਲਈ ਸੀ । ਬਹੁਤ ਖੁਸ਼ ਸੀ । ਉੱਤੋਂ ਸੈਣੀਆਂ ਦਾ ਬਲਦ ਮਰ ਗਿਆ ਸੀ ਤਾਂ ਉਹ ਹੋਰ ਵੀ ਖੁਸ਼ ਸੀ ।

''ਬਚਿੱਤਰ ਦੀ ਮਾਂ, ਉਰੇ ਨੂੰ ਆਈਂ । ਆਹ ਲੈ ਮੀਟ । ਲਾਲ ਟਮਟਰ । ਧਣੀਆ । ਆਦਾ । ਚੰਗਾ ਸੋੜ੍ਹਾ ਲਾਈਂ । ਤਿੱਖਾ ਬਣਾਈਂ ।''

ਬਖਸੇ ਨੇ ਕਦੇ ਇੱਕ ਤੁਪਕਾ ਸ਼ਰਾਬ ਨਹੀਂ ਸੀ ਪੀਤੀ । ਅੱਜ ਉਸ ਨੂੰ ਅਧੀਏ ਦਾ ਨਸ਼ਾ ਸੀ ।

''ਤੂੰ ਹੁਣ ਛੇਤੀ ਧਰ ਲੈ । ਡੂਢ ਕਿੱਲੋ ਐ । ਨ੍ਹੇਰਾ ਨਾ ਕਰਦੀਂ । ਪੰਜ ਤਾਂ ਵੱਜਗੇ । ਮੈਂ ਹੁਣੀਂ ਮੁੜਿਆ '' ਤੇ ਉਸ ਨੇ ਟਿਕਾ ਕੇ ਘੁੰਡ ਵਿੱਚੋਂ ਚਮਕਦੀਆਂ ਨੂੰਹ ਦੀਆਂ ਅੱਖਾਂ 'ਚ ਝਾਕਿਆ । ਤੇ ਉਨ੍ਹੀਂ ਪੈਰੀਂ ਮਰੇ ਹੋਏ ਬਲਦ ਦੀ ਖੱਲ ਲਾਹੁਣ ਦੌੜ ਗਿਆ ।

ਬੱਕਰੇ ਦਾ ਝਟਕਾ ਬਣਾਉਣ ਦਾ ਕੰਮ ਅੱਜ ਸੁਰਗਾਂ 'ਚ ਵਾਸ ਕਰਦੇ ਵਡੇਰਿਆਂ ਦੀ ਰੋਟੀ ਕਰਨ ਵਾਂਗ, ਪਹਿਲਾਂ ਨਾਲੋਂ ਵੀ ਕਿਤੇ ਵੱਧ ਸ਼ਰਧਾ-ਭਾਵਨਾ ਨਾਲ ਸ਼ੁਰੂ ਹੋਇਆ । ਮਿੱਟੀ-ਗਰਦ ਨਾਲ ਸਾਰਾ ਸਮਾਨ ਭਰਿਆ ਪਿਆ ਸੀ । ਚੁੱਲ੍ਹਾ ਝਾੜਿਆ । ਸੁਆਹ ਨਾਲ ਪਿੱਤਲ ਦੀ ਪਤੀਲੀ ਤੇ ਕੜਛੀ ਮਾਂਜੀ । ਤਿੰਨੋਂ ਚੀਜ਼ਾਂ, ਖਾਲੀ ਜਗ੍ਹਾ ਦੇਖ ਕੇ, ਇੱਕ-ਦੂਜੇ ਉੱਤੇ ਟਿਕਾ ਦਿੱਤੀਆਂ । ਬੇਬੇ ਨੇ ਕਾਂਸੀ ਦੇ ਥਾਲ ਵਿੱਚ ਅਦਰਕ, ਲਸਣ, ਗੱਠੇ ਤੇ ਚਾਕੂ ਰੱਖਿਆ । ਥਾਲ ਬਾਣ ਦੇ ਮੰਜੇ 'ਤੇ ਬੈਠੀ ਪ੍ਰਤਾਪੀ ਕੋਲ ਰੱਖ ਕੇ ਵਿਹੜੇ ਦੇ ਅਖ਼ੀਰਲੇ ਕੋਨੇ 'ਚ ਖੜ੍ਹੀ ਭਾਰੀ ਕਿੱਕਰ ਦੁਆਲੇ ਟਿਕਾਈਆਂ ਲੱਕੜਾਂ ਲੈਣ ਚਲੀ ਗਈ । ਪ੍ਰਤਾਪੀ ਅਜੀਬ ਜਹੀ ਹੈਸੀਅਤ ਨਾਲ ਥਾਲ ਨੂੰ ਬਾਣ ਉੱਤੇ ਆਪਣੇ ਵੱਲ ਨੂੰ ਹੌਲੀ ਹੌਲੀ ਸਰਕਦਾ ਵੇਖਦੀ ਤੇ ਨਿਹਾਰਦੀ ਰਹੀ । ਡੰਗਰਾਂ ਦਾ ਕੱਖ-ਕੰਡਾ ਛੱਡ ਕੇ, ਘਰ ਦੇ ਬਾਕੀ ਸਾਰੇ ਕੰਮ ਉਹ ਕਰੀ ਜਾਂਦੀ ਸੀ । ਪਰ ਬਾਪੂ ਨੇ ਉਸ ਨੂੰ ਮੀਟ ਕਦੇ ਨਹੀਂ ਬਣਾਉਣ ਦਿੱਤਾ ਸੀ ।

''ਤੈਂ ਨੀਂ ਭਾਈ ਮੀਟ ਬਣਾਉਣਾ । ਆਪੇ ਤੇਰੀ ਸੱਸ ਬਣਾਊਗੀ ।''

ਇੱਥੇ ਵਿਆਹੀ ਆਈ ਨੂੰ ਚਾਰ ਸਾਲ ਤੋਂ ਉੱਤੇ ਸਮਾਂ ਲੰਘ ਗਿਆ ਸੀ । ਬਥੇਰੀ ਵਾਰ ਇਹ ਸਲੋਕ ਉਸ ਨੇ ਸੁਣਿਆ ਸੀ । ਉਸ ਨੂੰ ਇਹ ਆਮ ਜਿਹੀ ਗੱਲ ਲੱਗੀ ਸੀ । ਗੱਲ ਹੀ ਆਮ ਜਿਹੀ ਸੀ । 'ਮਾੜੀ ਜਿਹੀ ਗੱਲ 'ਤੇ ਬਾਪੂ ਵੀਹ ਗੱਲਾਂ ਸੁਣਾਉਂਦਾ । ਉਸ ਦੇ ਮਨ ਵਿੱਚ ਕੁਸ ਨੀਂ ।' ਕਈ ਵਾਰ ਬੇਬੇ ਹੀ ਚੌਂਕਾ-ਚੁੱਲ੍ਹਾ ਕਰਦੀ । ਕਦੇ ਕਦੇ ਕੁੜੀ ਕਰਦੀ । ਔਰਤਾਂ ਹੀ ਇਹ ਧੰਦਾ ਪਿਟਦੀਆਂ ਆਈਆਂ ਹਨ । ਇਹਦੇ ਵਿੱਚ ਕਿਹੜੀ ਖਾਸ ਗੱਲ ਐ । ਬੇਬੇ ਵੈਸੇ ਵੀ ਮੀਟ ਵਧੀਆ ਬਣਾਉਂਦੀ । ਤਰੀ ਬੜੀ ਸੁਆਦ ਲਗਦੀ । ਮੀਟ ਖਾਧਾ । ਦੰਦ ਖਰੇਲੇ । ਤੇ ਸੌਂ ਗਏ ... ਪਰ ਅੱਜ ਦਾ ਦਿਨ ਅਜੀਬ ਸੀ । ਅਜੀਬੋ-ਗਰੀਬ । ਸਭ ਕੁਝ ਓਪਰਾ ਓਪਰਾ । ਜਿਵੇਂ ਮੁਰਦਾ ਜਾਗ ਪਵੇ । ਜਾਂ ਜਿਊਂਦੇ ਬੰਦੇ ਦੀ ਰੂਹ ਨਿੱਕਲ ਜਾਵੇ ।

ਬੇਬੇ ਨੇ ਖੜ ਤੇ ਲੱਕੜਾਂ ਲਿਆ ਕੇ ਚੁੱਲ੍ਹੇ ਕੋਲ ਰੱਖ ਦਿੱਤੀਆਂ । ਇੱਕ ਲੱਤ ਆਪਣੇ ਥੱਲੇ ਦੱਬ ਕੇ ਦੂਸਰੀ ਲੱਤ ਤੀਰ ਵਰਗੀ ਸਿੱਧੀ ਨੂੰਹ ਵੱਲ ਨੂੰ ਕਰ ਕੇ ਮੰਜੇ ਉੱਤੇ ਉਸ ਦੇ ਸ੍ਹਾਮਣੇ ਬਹਿ ਗਈ । ਥਾਲ ਆਪਣੇ ਕੋਲ ਨੂੰ ਖਿੱਚ ਕੇ ਤੇ ਮੂੰਹ ਵਿੱਚੋਂ ਡਿੱਗਣ ਲੱਗੀ ਇੱਕ ਲਾਲ ਸੰਭਾਲ ਕੇ, ਮਾਂ ਤੁੜਕੇ ਦਾ ਸਮਾਨ ਛਿੱਲਣ ਚੀਰਨ ਲੱਗ ਪਈ ।

ਪ੍ਰਤਾਪੀ ਬੈਠੀ ਚੁੱਪ-ਚਾਪ ਦੇਖਦੀ ਰਹੀ ।

ਤਿੱਖੇ ਨਹੁੰਆਂ ਨਾਲ ਲਸਣ ਦੀਆਂ ਪੋਥੀਆਂ ਆਪਣੀ ਖੱਲ ਲੁਹਾ ਕੇ ਚਮਕਦੀਆਂ ਤੇ ਥਾਲ ਵਿੱਚ ਗਿਰਦੀਆਂ ਟਕ ਟਕ ਦੀ ਆਵਾਜ਼ ਕਰਦੀਆਂ । ਅਦਰਕ ਵੀ ਰਗੜਿਆ ਹੋਇਆ ਪੀਲੇ ਡੱਡੂ ਵਾਂਗ ਚਮਕ ਪਿਆ । ਉਹ ਦੇ ਵਿੰਗੇ-ਟੇਢੇ ਟੁਕੜੇ ਚਾਕੂ ਨਾਲ ਕੱਟਦਿਆਂ ਸਾਰ ਹੀ ਨਵਾਂ ਰੂਪ ਧਾਰ ਲੈਂਦੇ । ਛਿੱਲੇ ਹੋਏ ਛੇ-ਸੱਤ ਗੱਠੇ ਆਪਣੇ ਜ਼ੋਰ ਨਾਲ ਰੁੜ੍ਹ ਕੇ ਅਦਰਕ ਦੇ ਛੋਟੇ ਟੁਕੜਿਆਂ ਤੇ ਲਸਣ ਦੀਆਂ ਤੁਰੀਆਂ ਨੂੰ ਧੂੰਹਦੇ ਹੋਏ ਥਾਲ ਦੀ ਨੀਵੀਂ ਗੁਲਾਈ 'ਚ ਜਾ ਟਿਕੇ । ਬੇਬੇ ਦੇ ਹਿੱਲਣ ਨਾਲ ਥਾਲ ਵਿੱਚ ਪਿਆ ਸਮਾਨ ਬੇ-ਮਾਲੂਮ ਜਿਹਾ ਹਿਲਦਾ ਪਰ ਗੱਠੇ ਇੱਕ ਦੂਜੇ ਨੂੰ ਧੱਕੇ ਮਾਰ ਕੇ ਫੇਰ ਇਕੱਠੇ ਹੋ ਕੇ ਅਹਿੱਲ ਖੜ੍ਹੇ ਹੋ ਜਾਂਦੇ ।

ਪੂਰੇ ਡੇਲੇ ਅੱਡ ਕੇ ਪ੍ਰਤਾਪੀ ਨੇ ਸੱਸ ਵੱਲ ਝਾਕਿਆ । ਮਾਂ ਕਿਸੇ ਮਹਾਨ ਦੇਵੀ ਦੀ ਮੂਰਤੀ ਵਾਂਗ ਸਥਾਪਤ ਹੋਈ ਬੈਠੀ ਸੀ । ਉਸ ਨੂੰ ਲੱਗਿਆ ਜਿਵੇਂ ਚਾਕੂ ਬਿਨਾਂ ਹੱਥ ਤੋਂ ਪਿਆਜ ਕੱਟ ਕੱਟ ਕੇ ਥਾਲ 'ਚ ਸੁੱਟ ਰਿਹਾ ਹੋਵੇ । ਸੱਸ-ਨੂੰਹ ਦੇ ਵਿਚਾਲੇ ਪਿਆ ਥਾਲ ਫ਼ੈਲ ਰਿਹਾ ਸੀ । ਵੱਡਾ, ਹੋਰ ਵੱਡਾ ਹੁੰਦਾ ਜਾ ਰਿਹਾ ਸੀ । ਪ੍ਰਤਾਪੀ ਦੇ ਹੱਥਾਂ 'ਚ ਕੰਬਣੀ ਆ ਗਈ ।

''ਜਾ ਪੁੱਤ ਕੂੰਡੀ-ਸੋਟਾ ਚੁੱਕ ਲਿਆ ।''

ਪਰੰਤੂ ਪ੍ਰਤਾਪੀ ਦਾ ਸਾਰਾ ਧਿਆਨ ਥਾਲ ਵਿੱਚ ਸੀ । ਥਾਲ ਉਸ ਦੇ ਦਿਲ ਵਾਂਗ ਕੰਬ ਰਿਹਾ ਸੀ ।

''ਸੁਣਿਆ ਕ ਨਹੀਂ? ਕੂੰਡੀ-ਸੋਟਾ ਦੇਖ ਐਥੇ ਕਿਤੇ ਪਿਆ ਹੋਣਾ ।''

ਪਰ ਪ੍ਰਤਾਪੀ ਦੇ ਕੰਨ ਸੁਣਨੋਂ ਰਹਿ ਗਏ । ਥਾਲ ਤੇ ਇਸ ਵਿਚਲੀਆਂ ਚੀਜ਼ਾਂ ਦਾ ਆਕਾਰ ਹੁਣ ਹੋਰ ਵੱਡਾ ਹੋ ਕੇ ਉਸ ਦੀਆਂ ਅੱਖਾਂ 'ਤੇ ਹਾਵੀ ਹੋ ਰਿਹਾ ਸੀ । ਉਸ ਨੇ ਬੈਠੀ ਬੈਠੀ ਨੇ ਲਮਕ ਕੇ ਪੂਰੇ ਜ਼ੋਰ ਨਾਲ ਥਾਲ ਆਪਣੇ ਵੱਲ ਨੂੰ ਖਿੱਚ ਲਿਆ ਜਿਵੇਂ ਉਹ ਕੋਈ ਭਾਰੀ ਚੀਜ਼ ਘੜੀਸ ਰਹੀ ਹੋਵੇ । ਬੇਬੇ ਨੂੰ ਗੁੱਸਾ ਆ ਗਿਆ ।

'ਨੂੰਹ ਗੱਲ ਨੀਂ ਸੁਣਦੀ । ਕਿਹਾ ਨੀਂ ਮੰਨਦੀ । ਕਿਹਾ: ਕੂੰਡੀ-ਸੋਟਾ । ਚੱਕ ਲਿਆ ਥਾਲ । ਹੈਂ!!' ਬੇਬੇ ਨੇ ਝਪਟ ਕੇ ਥਾਲ ਖੋਹ ਲਿਆ ਤੇ ਮੰਜੇ ਉੱਤੇ ਹੋਰ ਪਿਛਾਂਹ ਨੂੰ ਖਿਸਕ ਗਈ ।

ਪ੍ਰਤਾਪੀ ਇੱਕ ਦਮ ਉੱਠੀ । ਹਿਰਨੀ ਵਾਂਗ ਇੱਧਰ ਉੱਧਰ ਨਿਗਾਹ ਘੁਮਾਈ । ਕਿਸੇ ਥਾਂ ਵੱਲ ਨੂੰ ਦੌੜੀ । ਉੱਥੇ ਸਟੂਲ ਉੱਤੇ ਬਾਪੂ ਦਾ ਸੌਦਿਆਂ ਵਾਲਾ ਝੋਲਾ ਪਿਆ ਸੀ । ਝੋਲਾ ਚੁੱਕ ਲਿਆ । ਝੋਲੇ ਵਿੱਚ ਬੱਸ ਮੀਟ ਹੀ ਸੀ । ਅਖ਼ਬਾਰ ਦੀਆਂ ਕਈ ਤਹਿਆਂ ਵਿੱਚ ਲਪੇਟਿਆਂ ਹੋਇਆ । ਮੀਟ ਘੁੱਟ ਕੇ ਹੱਥ 'ਚ ਫੜ ਲਿਆ । ਮੀਟ ਵਿੱਚੋਂ ਦੋ ਤਿੱਖੀਆਂ ਹੱਡੀਆਂ ਅਖ਼ਬਾਰ ਪਾੜ ਕੇ ਬਾਹਰ ਨਿੱਕਲ ਆਈਆਂ । ਫੇਰ ਉਸ ਨੇ ਕੜਛੀ ਤੇ ਪਤੀਲੀ ਚੁੱਕੀ । ਚੁੱਲ੍ਹੇ ਮੂਹਰੇ ਪਟੜੀ ਉੱਤੇ ਡਟ ਕੇ ਬਹਿ ਗਈ । ਲੱਕੜੀਆਂ ਤੇ ਖੜ ਚੁੱਲ੍ਹੇ 'ਚ ਧੱਕ ਕੇ ਅੱਗ ਲਾ ਦਿੱਤੀ । ਪਤੀਲੀ ਚੁੱਲ੍ਹੇ 'ਤੇ ਟੰਗ ਦਿੱਤੀ । ਕੜਛੀ ਪੂਰੇ ਜਲੌਅ ਦੇ ਨਾਲ ਹੱਥ 'ਚ ਫੜ ਲਈ ।

''ਕਿਆ ਕਰਨ ਲੱਗੀ । ਪਾਗਲ । ਹਟ ਜਾ । ਮੈਂ ਆਪੇ ਕਰ ਲੂੰਗੀ । ਅਜੇ ਮਸਾਲਾ ਕੁੱਟਣਾ । ਮੀਟ ਧੋਣਾ । ਚਿਰ ਲੱਗਣਾ, ਮਖਾਂ । ਪਤੀਲੀ ਜਲ਼ ਗੀ । 'ਤਾਰ ਦੇ ਥੱਲੇ । ਉੱਠ ਜਾ ।'' ਬੇਬੇ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਘਰ 'ਚ ਕੀ ਹੋ ਰਿਹਾ ਹੈ ।

''ਨਹੀਂ ਬੇਬੇ ਜੀ । ਅੱਜ ਮੈਂ ਈ ਮੀਟ ਬਣਾਊਂਗੀ । ਹੋਰ ਵੀ ਸਬਜੀਆਂ ਮੈਂ ਈ ਬਣਾਉਂਦੀ ਐਂ । ਫੇਰ ਮੈਂ ਮੀਟ ਕਿਉਂ ਨੀਂ ਬਣਾਊਂਗੀ । 'ਆਪੇ ਤੇਰੀ ਸੱਸ ਬਣਾਊਗੀ', ਮੈਂ ਬਣਾਊਂਗੀ ਮੀਟ ਅੱਜ ... ''

ਬੇਬੇ ਨੂੰ ਲੱਗਿਆ ਕਿ ਨੂੰਹ ਨੂੰ ਜਿਵੇਂ ਕੋਈ ਭੂਤ ਚਿੰਬੜ ਗਿਆ ਹੋਵੇ । ਪ੍ਰਤਾਪੀ ਕੜਛੀ ਨੂੰ ਕਿਰਪਾਨ ਵਾਂਗ ਪਕੜੀ ਲਟ-ਲਟ ਬਲਦੇ ਚੁੱਲ੍ਹੇ ਮੂਹਰੇ ਅੜ ਕੇ ਬੈਠੀ ਹੋਈ ਸੀ । ਪੂਰੇ ਰੋਹ ਵਿੱਚ ਸੀ । ਕੋਈ ਉਸ ਨੂੰ ਟੱਸ ਤੋਂ ਮੱਸ ਨਹੀਂ ਸੀ ਕਰ ਸਕਦਾ । ਮਰਨ ਮਾਰਨ ਨੂੰ ਤਿਆਰ ਸੀ । ਬਾਂਹ ਕੰਬ ਰਹੀ ਸੀ । ਕੜਛੀ ਵੀ ਕੰਬ ਰਹੀ ਸੀ । ਉਹ ਕੜਛੀ ਉੱਤੇ ਵਾਰ ਵਾਰ ਆਪਣੀ ਮੁੱਠ ਭੀਚਦੀ ।

ਬੇਬੇ ਸੱਚੀ-ਮੁੱਚੀਂ ਡਰ ਗਈ । ਡਰ ਕੇ ਬੰਦਾ ਸਮਝ ਵੀ ਜਾਂਦੈ । ਬੇਬੇ ਨੂੰ ਆਪਣਾ ਸਮਾਂ ਯਾਦ ਆਇਆ ਜਦੋਂ ਅਜਿਹੇ ਹੀ ਜੋਸ਼ ਵਿੱਚ ਉਸ ਨੇ ਆਪਣੀ ਸੱਸ ਨੂੰ , ਇੱਕ ਸਧਾਰਨ ਝਗੜਾਲੂ ਔਰਤ ਸਮਝ ਕੇ, ਝਾੜੂ ਨਾਲ ਕੁੱਟਿਆ ਸੀ । ਬੇਬੇ ਆਪਣੀ ਸੱਸ ਨਾਲੋਂ ਸਿਆਣੀ ਹੋਣ ਕਰ ਕੇ ਜਲਦੀ ਸਮਝ ਗਈ । ਬੇਬੇ ਦੇ ਅੰਦਰ ਪਾਣੀ ਹੀ ਪਾਣੀ ਫ਼ੈਲ ਗਿਆ । ਜੇ ਉਸ ਨੂੰ ਅੰਦਰਲੇ ਪਾਣੀਆਂ ਵਿੱਚ ਤੈਰਨ ਦੀ ਸਮਝ ਨਾ ਹੁੰਦੀ ਤਾਂ ਉਹ ਡੁੱਬ ਜਾਂਦੀ । ਉਸਨੇ ਆਪਣੀ ਸੱਸ ਕੁੱਟੀ ਸੀ । ਹੁਣ ਨੂੰਹ ਵੀ ਉਸਨੂੰ ਕੁੱਟ ਸਕਦੀ ਸੀ । ਪਰ ਨਹੀਂ । ਨੂੰਹ ਵੱਲ ਵੇਖ ਕੇ ਹਲਕਾ ਮੁਸਕਰਾਈ ਜਿਵੇਂ ਕਿਸੇ ਨਿਗੁਣੇ ਵੱਲ ਵੇਖ ਕੇ ਮੁਸਕਰਾਈਦਾ ਹੈ । ਪ੍ਰਤਾਪੀ ਅੱਖਾਂ 'ਚ ਹੰਝੂ ਭਰ ਕੇ ਰੋਂਦਿਆਂ, ਬੱਚਿਆਂ ਵਾਂਗ ਹੱਸੀ ਤੇ ਝੱਟਪੱਟ ਹੀ ਕਹਿ ਗਈ:

''ਬੇਬੇ, ਤੂੰ ਮੀਟ ਕਿੱਕਣਾਂ ਬਣਾ ਲੂੰਗੀ । ਮੈਂ ਤੈਨੂੰ ਕੜਛੀਓ ਨੀਂ ਦੇਣੀ ।''

''ਚੰਗਾ ਪੁੱਤ,'' ਬੇਬੇ ਤਾਂ ਸਾਰਾ ਦਿਨ ਮਕਾਨ ਦੇ ਕੰਮਾਂ ਤੋਂ ਈ ਥੱਕੀ ਪਈ ਸੀ । ਹੁਣ ਕਿਹੜਾ ਈਹਦੇ ਨਾਲ ਝੱਖ ਮਾਰੇ । ਹੌਲੀ ਜਿਹੀ ਹੋ ਕੇ ਉਹ ਸਾਰਾ ਕੁਝ ਉਵੇਂ ਹੀ ਛੱਡ ਕੇ, ਉਸੇ ਮੰਜੇ ਉੱਤੇ ਪੈ ਗਈ । ਅਸਮਾਨ ਦੀਆਂ ਉਚਾਈਆਂ ਵੇਖਣ ਲੱਗੀ । ਬੱਦਲ ਛਟ ਗਏ । ਪਤੀਲੀ ਚੁੱਲ੍ਹੇ 'ਤੋਂ ਉਤਰ ਗਈ । ਲੱਕੜਾਂ ਤੇ ਫੂਸ ਅਜਾਈਂ ਜਲ਼ ਕੇ ਸੁਆਹ ਹੋ ਗਏ ।

ਰਾਤ ਦੀ ਰੋਟੀ ਤਿਆਰ ਹੋਣ 'ਚ ਦੇਰ ਲੱਗਣੀ ਈ ਸੀ । ਬਾਪੂ ਆਪਣਾ ਕੰਮ ਕਰ ਕੇ ਮੁੜ ਆਇਆ ਸੀ । ਬਹੁਤੀ ਭੁੱਖ 'ਚ ਸੁਆਦ ਕੌਣ ਦੇਖਦਾ । ਆਟੇ ਦੇ ਪੇੜੇ ਗੋਲ਼ ਹੋਣ, ਰੋਟੀ ਬਣਨ ਅਤੇ ਤਵੇ ਉੱਤੇ ਉਲਟਦੀ-ਪਲਟਦੀ, ਫੇਰ ਅੰਤ ਨੂੰ ਚੁੱਲ੍ਹੇ ਦੀ ਵੱਖੀ ਨਾਲ ਖੜ੍ਹੀ ਹੋ ਕੇ ਫੁੱਲਣ 'ਚ ਬੜੀ ਦੇਰ ਲੱਗਦੀ । ਅੱਗ ਵਰਗੀ ਰੋਟੀ ਮੂੰਹ 'ਚ ਠੰਡੀ ਕਰਨ ਦੀ ਆਦਤ ਬਹੁਤੇ ਘਰਾਂ ਵਿੱਚੋਂ ਥੋੜ੍ਹੇ ਕੀਤੇ ਜਾਂਦੀ ਨਹੀਂ । ਕੰਮ ਦੇ ਥੱਕੇ ਤੇ ਰੋਟੀਆਂ ਦੇ ਅਲਸਾਏ ਸਭ ਫ਼ਟਾਫ਼ਟ ਨੀਂਦ ਦੀ ਲਪੇਟ 'ਚ ਆ ਗਏ । ਪ੍ਰਤਾਪੀ ਨੂੰ ਨੀਂਦ ਆ ਆ ਕੇ ਵਾਰ ਵਾਰ ਜਾਗ ਖੁਲ੍ਹਦੀ ਰਹੀ । ਉੱਠ ਕੇ ਬੈਠ ਗਈ । ਅਸਮਾਨ ਵਿੱਚ ਹਲਕੇ ਹਲਕੇ ਬੱਦਲ ਗਰਜ ਰਹੇ ਸਨ । ਉਸ ਨੂੰ ਕਣੀਆਂ ਦਾ ਡਰ ਸੀ । ਲੈਂਟਰ ਅਜੇ ਪੱਕਿਆ ਨਹੀਂ ਸੀ । ਮੰਜੇ ਤੋਂ ਉੱਠ ਕੇ ਵਿਹੜੇ 'ਚ ਖੜ੍ਹੀ ਭਾਰੀ ਕਿੱਕਰ ਦੀ ਓਟ ਤੋਂ ਪਰ੍ਹੇ ਹੋ ਕੇ ਚੜ੍ਹਦੇ ਪਾਸੇ ਬੱਦਲਾਂ ਦੇ ਝੁੰਡਾਂ ਨੂੰ ਨੀਝ ਨਾਲ ਵੇਖਦੀ ਰਹੀ । ਇੱਕ ਬੱਦਲ ਰੰਗੀ ਖੇਸੀ ਵਿੱਚ ਲਿਪਟੀ ਮਾਂ ਮੰਜੇ ਉੱਤੇ ਘੂਕ ਸੁੱਤੀ ਪਈ ਸੀ । ਪ੍ਰਤਾਪੀ ਹੁਣ ਸਭ ਕੁਝ ਛੱਡ ਕੇ ਮਾਂ ਦਾ ਖੇਸੀ ਵਿੱਚ ਲੁਕਿਆ ਵਜੂਦ ਵੇਖਣ ਲੱਗੀ । ਉਹ ਨਵੇਂ ਸਿਰੇ ਤੋਂ ਮਾਂ ਦਾ ਤਿਲਾਂ ਵਾਲਾ ਚਿਹਰਾ ਵੇਖਣਾ ਚਾਹੁੰਦੀ ਸੀ ਜਿਸ ਦੇ ਪਹਿਲਾ ਬੱਚਾ ਵਿਆਹ ਤੋਂ ਪੰਜ ਸਾਲ ਬਾਅਦ ਹੋਇਆ ਸੀ । ਸ਼ਾਇਦ! ... ਨਹੀਂ... ਸ਼ਾਇਦ ਨਹੀਂ । ਪੱਕੀ ਗੱਲ ਐ । ਇਸੇ ਪੰਜ ਸਾਲ ਬਾਅਦ ਵਾਲੀ ਸੱਚ ਵਰਗੀ ਘਰੇਲੂ ਰਵਾਇਤ ਕਾਰਨ ਹੀ, ਹੋਰ ਸੱਸਾਂ ਵਾਂਗ, ਮਾਂ ਨੇ ਕਦੇ ਉਸ ਨੂੰ ਪੋਤਾ-ਪੋਤੀ ਦਾ ਮੂੰਹ ਦੇਖਣ ਦਾ ਮਿਹਣਾ ਨਹੀਂ ਸੀ ਮਾਰਿਆ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ