Lal Pani (Punjabi Story) : Iqbal Singh Hamjapur

ਲਾਲ ਪਾਣੀ (ਕਹਾਣੀ) : ਇਕਬਾਲ ਸਿੰਘ ਹਮਜਾਪੁਰ

ਜਿਸ ਘਰ ਵਿਚ ਚੁਨਮੁਨ ਚੂਹਾ ਰਹਿੰਦਾ ਸੀ, ਉਸ ਘਰ ਦਾ ਮਾਲਕ ਰੋਜ਼ਾਨਾ ਇਕ ਲਾਲ ਜਿਹੇ ਰੰਗ ਦਾ ਪਾਣੀ ਪੀ ਕੇ ਡਿਨਰ ਕਰਦਾ ਸੀ। ਚੁਨਮੁਨ ਚੂਹੇ ਨੇ ਅੱਜ ਤਾਈਂ ਇਹ ਲਾਲ ਪਾਣੀ ਨਹੀਂ ਸੀ ਪੀਤਾ, ਪਰ ਹੁਣ ਆਪਣੇ ਮਾਲਕ ਨੂੰ ਵੇਖ ਕੇ ਚੁਨਮੁਨ ਚੂਹੇ ਦਾ ਵੀ ਮਨ ਬਦਲ ਗਿਆ। ਆਪਣੇ ਮਾਲਕ ਨੂੰ ਵੇਖ ਕੇ ਉਸਨੇ ਵੀ ਲਾਲ ਪਾਣੀ ਪੀ ਕੇ ਡਿਨਰ ਕਰਨ ਦਾ ਫ਼ੈਸਲਾ ਕਰ ਲਿਆ।
ਚੁਨਮੁਨ ਰੋਜ਼ਾਨਾ ਵੇਲੇ ਨਾਲ ਡਿਨਰ ਕਰ ਲੈਂਦਾ ਸੀ। ਉਹ ਵੇਲੇ ਨਾਲ ਕੱਟੀ ਹੋਈ ਸਬਜ਼ੀ ਦੀਆਂ ਛਿੱਲੜਾਂ ਤੇ ਇਧਰੋਂ-ਉਧਰੋਂ ਹੋਰ ਨਿਕਸੁਕ ਖਾ ਕੇ ਆਪਣੀ ਖੁੱਡ ਵਿਚ ਵੜ ਜਾਂਦਾ ਸੀ, ਪਰ ਹੁਣ ਉਹ ਵੀ ਆਪਣੇ ਮਾਲਕ ਵਾਂਗ ਅੱਧੀ ਰਾਤ ਦੇ ਕਰੀਬ ਜਾ ਕੇ ਡਿਨਰ ਕਰਨ ਲੱਗ ਪਿਆ ਸੀ।
ਹੁਣ ਉਹ ਆਪਣੇ ਮਾਲਕ ਦੇ ਡਿਨਰ ਕਰਨ ਦੀ ਉਡੀਕ ਵਿਚ ਬੈਠਾ ਰਹਿੰਦਾ। ਮਾਲਕ ਦੇ ਡਿਨਰ ਕਰਕੇ ਸੌਂ ਜਾਣ ਤੋਂ ਬਾਅਦ ਚੁਨਮੁਨ ਰਸੋਈ ਵਿਚ ਵੜਦਾ। ਉਹ ਮਾਲਕ ਦੀਆਂ ਗਲਾਸੀਆਂ ਵਿਚ ਬਚਿਆ ਹੋਇਆ ਲਾਲ ਪਾਣੀ ਪੀਣ ਤੋਂ ਬਾਅਦ ਜੂਠੇ ਭਾਂਡਿਆਂ ਵਿਚ ਬਚੀਆਂ ਰੋਟੀਆਂ ਤੇ ਸਬਜ਼ੀਆਂ ਖਾਂਦਾ।

ਜਿੱਥੇ ਚੁਨਮੁਨ ਚੂਹਾ ਰਹਿੰਦਾ ਸੀ, ਉੱਥੇ ਨਾਲ ਦੇ ਘਰ ਵਿਚ ਚਿੰਕੂ ਚੂਹਾ ਰਹਿੰਦਾ ਸੀ। ਚਿੰਕੂ ਨੂੰ ਚੁਨਮੁਨ ਚੂਹੇ ਦੇ ਨਸ਼ਾ ਕਰਨ ਬਾਰੇ ਪਤਾ ਲੱਗ ਗਿਆ। ਚੁਨਮੁਨ, ਚਿੰਕੂ ਚੂਹੇ ਨੂੰ ਰੋਜ਼ਾਨਾ ਦਿਨ ਵਿਚ ਮਿਲਦਾ ਸੀ ਤੇ ਚੁਨਮੁਨ ਦੀਆਂ ਲਾਲ ਅੱਖਾਂ ਵੇਖ ਕੇ ਚਿੰਕੂ ਨੇ ਅੰਦਾਜ਼ਾ ਲਾ ਲਿਆ ਸੀ ਕਿ ਉਹ ਲਾਲ ਪਾਣੀ ਪੀਣ ਲੱਗ ਪਿਆ ਹੈ।
‘ਚੁਨਮੁਨ ਭਰਾ! ਤੂੰ ਨਸ਼ਾ ਨਾ ਕਰਿਆ ਕਰ। ਨਸ਼ਾ ਕਰਨ ਵਾਲੇ ਲੰਮੀ ਉਮਰ ਨਹੀਂ ਭੋਗਦੇ।’ ਚਿੰਕੂ ਨੇ ਚੁਨਮੁਨ ਨੂੰ ਸਮਝਾਇਆ। ਚਿੰਕੂ ਨੇ ਚੁਨਮੁਨ ਨੂੰ ਨਸ਼ੇੜੀ ਮਾਲਕ ਦਾ ਘਰ ਛੱਡ ਕੇ ਕਿਸੇ ਹੋਰ ਘਰ ਠਿਕਾਣਾ ਬਣਾਉਣ ਲਈ ਵੀ ਆਖਿਆ, ਪਰ ਚੁਨਮੁਨ ਨੇ ਚਿੰਕੂ ਦੀ ਇਕ ਨਾ ਮੰਨੀ। ਉਹ ਸਗੋਂ ਚਿੰਕੂ ਨੂੰ ਮਖੌਲ ਕਰਨ ਲੱਗ ਪਿਆ।
‘ਚਿੰਕੂ! ਕੁਝ ਖਾ-ਪੀ ਲਿਆ ਕਰ। ਪਤਾ ਨਹੀਂ ਕਿਹੜੇ ਵੇਲੇ ਬਿੱਲੀ ਨੇ ਆਪਾਂ ਨੂੰ ਦਬੋਚ ਲੈਣਾ ਤੇ ਜ਼ਿੰਦਗੀ ਭੰਗ ਦੇ ਭਾੜੇ ਚਲੀ ਜਾਣੀ ਆ।’ ਚੁਨਮੁਨ ਨੇ ਆਖਿਆ। ਚੁਨਮੁਨ ਦੀ ਲਾਲ ਪਾਣੀ ਪੀਣ ਦੀ ਲਾਲਸਾ ਦਿਨੋਂ-ਦਿਨ ਵਧਦੀ ਜਾ ਰਹੀ ਸੀ। ਹੁਣ ਉਹ ਲਾਲ ਪਾਣੀ ਪੀ ਕੇ ਤੇ ਮਦਹੋਸ਼ ਜਿਹਾ ਹੋ ਕੇ ਆਪਣੇ ਮਾਲਕ ਦੀ ਰਸੋਈ ਵਿਚ ਹੀ ਇਕ ਪਾਸੇ ਪਿਆ ਰਹਿੰਦਾ ਸੀ। ਉਸਨੂੰ ਆਪਣੀ ਖੁੱਡ ਵਿਚ ਵੀ ਜਾਣ ਦੀ ਸੁਧ ਨਹੀਂ ਸੀ ਰਹਿੰਦੀ। ਮਾਲਕ ਦੀ ਰਸੋਈ ਵਿਚ ਮਦਹੋਸ਼ ਹੋਇਆ ਪਿਆ ਚੁਨਮੁਨ ਇਕ ਦਿਨ ਬਿੱਲੀ ਦੀ ਨਜ਼ਰ ਪੈ ਗਿਆ। ਚੁਨਮੁਨ ਨੂੰ ਵੇਖ ਕੇ ਬਿੱਲੀ ਹਾਬੜਿਆਂ ਵਾਂਗ ਭੱਜੀ, ਪਰ ਨੇੜੇ ਆ ਕੇ ਉਸਦਾ ਇਰਾਦਾ ਬਦਲ ਗਿਆ।
ਬਿੱਲੀ ਨੇ ਚੁਨਮੁਨ ਨੂੰ ਸੁੰਘ ਕੇ ਵੇਖਿਆ ਤੇ ਉਸਨੂੰ ਚੁਨਮੁਨ ਕੋਲੋਂ ਅਜੀਬ ਜਿਹੀ ਮੁਸ਼ਕ ਆਈ। ਬਿੱਲੀ ਨਸ਼ਈ ਚੁਨਮੁਨ ਨੂੰ ਖਾ ਕੇ ਆਪਣੀ ਸਿਹਤ ਖ਼ਰਾਬ ਨਹੀਂ ਕਰਨਾ ਚਾਹੁੰਦੀ ਸੀ। ਇਸ ਕਰਕੇ ਉਹ ਚੁਨਮੁਨ ਨੂੰ ਛੱਡ ਕੇ ਚਲੀ ਗਈ।
ਸਵੇਰੇ ਲਾਲ ਪਾਣੀ ਦਾ ਨਸ਼ਾ ਉੁਤਰਨ ਤੋਂ ਬਾਅਦ ਚੁਨਮੁਨ ਨੂੰ ਰਾਤੀਂ ਬਿੱਲੀ ਦੇ ਆਉਣ ਦੀ ਤੇ ਉੁਸਨੂੰ ਸੁੰਘ ਕੇ ਚਲੇ ਜਾਣ ਦੀ ਯਾਦ ਆਈ। ਰਾਤ ਵਾਲਾ ਸੀਨ ਯਾਦ ਕਰਕੇ ਚੁਨਮੁਨ ਬੇਹੱਦ ਖੁਸ਼ ਹੋਇਆ। ਚੁਨਮੁਨ ਉਸੇ ਵਕਤ ਸ਼ੇਖੀ ਮਾਰਨ ਲਈ ਚਿੰਕੂ ਕੋਲ ਪਹੁੰਚ ਗਿਆ।
‘ਚਿੰਕੂ ਭਰਾ! ਵੇਖੀ ਫਿਰ ਲਾਲ ਪਾਣੀ ਦੀ ਕਰਾਮਾਤ। ਰਾਤੀਂ ਬਿੱਲੀ ਆਈ ਸੀ ਤੇ ਮੈਨੂੰ ਸੁੰਘ ਕੇ ਛੱਡ ਗਈ।’ ਚੁਨਮੁਨ ਨੇ ਦੱਸਿਆ ਤੇ ਜਵਾਬ ਵਿਚ ਚਿੰਕੂ ਨੇ ਕੁਝ ਨਾ ਆਖਿਆ। ਚਿੰਕੂ ਨੇ ਚੁਨਮੁਨ ਨੂੰ ਕਈ ਵਾਰ ਸਮਝਾ ਕੇ ਵੇਖ ਲਿਆ ਸੀ, ਪਰ ਉਸਦੇ ਕੰਨਾਂ ’ਤੇ ਜੂੰ ਨਹੀਂ ਸੀ ਸਰਕੀ।

ਸਮਾਂ ਬੀਤਦਾ ਗਿਆ ਤੇ ਚੁਨਮੁਨ ਪੱਕਾ ਨਸ਼ੇੜੀ ਬਣ ਗਿਆ। ਹੁਣ ਜਿਸ ਦਿਨ ਚੁਨਮੁਨ ਚੂਹਾ ਲਾਲ ਪਾਣੀ ਨਾ ਪੀਂਦਾ, ਉਸਦੇ ਹੱਥ-ਪੈਰ ਟੁੱਟਣ ਲੱਗਦੇ ਤੇ ਚੁਨਮੁਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਸੀ। ਦੂਜੇ ਪਾਸੇ ਚਿੰਕੂ ਭਾਵੇਂ ਬਿੱਲੀ ਤੋਂ ਡਰਦਾ ਲੁਕ-ਛਿਪ ਕੇ ਦਿਨ ਕੱਟ ਰਿਹਾ ਸੀ, ਫਿਰ ਵੀ ਸਰੀਰ ਪੱਖੋਂ ਤੰਦਰੁਸਤ ਸੀ। ਫਿਰ ਇਕ ਦਿਨ ਚੁਨਮੁਨ ਬਿਮਾਰ ਪੈ ਗਿਆ। ਚੁਨਮੁਨ ਦੀ ਬਿਮਾਰੀ ਦੀ ਖ਼ਬਰ ਚਿੰਕੂ ਤਕ ਵੀ ਪਹੁੰਚ ਗਈ।
ਚੁਨਮੁਨ ਦੇ ਬਿਮਾਰ ਹੋਣ ਬਾਰੇ ਸੁਣ ਕੇ ਚਿੰਕੂ ਉਸੇ ਵਕਤ ਉਸ ਕੋਲ ਪਹੁੰਚ ਗਿਆ ਤੇ ਉਸਨੂੰ ਲੂੰਬੜ ਡਾਕਟਰ ਕੋਲ ਲੈ ਗਿਆ। ਚੁਨਮੁਨ ਚੂਹੇ ਦੇ ਫੇਫੜੇ ਤੇ ਗੁਰਦੇ ਖ਼ਰਾਬ ਹੋ ਗਏ ਸਨ ਤੇ ਉਸਦੀ ਸ਼ੂਗਰ ਵੱਧ ਗਈ ਸੀ। ਹੁਣ ਚੁਨਮੁਨ ਲੂੰਬੜ ਡਾਕਟਰ ਦੇ ਹਸਪਤਾਲ ਵਿਚ ਕਈ ਦਿਨ ਦਾਖਲ ਰਿਹਾ ਤੇ ਕਈ ਦਿਨਾਂ ਬਾਅਦ ਥੋੜ੍ਹਾ-ਥੋੜ੍ਹਾ ਤੁਰਨ-ਫਿਰਨ ਜੋਗਾ ਹੋਇਆ। ਚੁਨਮੁਨ ਨੂੰ ਹੁਣ ਸਮਝ ਲੱਗ ਗਈ ਸੀ ਕਿ ਉਹ ਲਾਲ ਪਾਣੀ ਪੀ ਕੇ ਬਿੱਲੀ ਦੇ ਪੰਜੇ ਤੋਂ ਤਾਂ ਬੱਚ ਸਕਦਾ ਹੈ, ਪਰ ਲੰਮੀ ਉਮਰ ਨਹੀਂ ਭੋਗ ਸਕਦਾ। ਲਾਲ ਪਾਣੀ ਪੀ ਕੇ ਉਸਨੇ ਭਾਂਤ-ਭਾਂਤ ਦੀਆਂ ਬਿਮਾਰੀਆ ਸਹੇੜ ਲਈਆਂ ਸਨ ਤੇ ਉਹ ਮੌਤ ਦੇ ਕਿਨਾਰੇ ਪਹੁੰਚ ਗਿਆ ਸੀ। ਹੁਣ ਚੁਨਮੁਨ ਨੇ ਵੀ ਅੱਗੇ ਤੋਂ ਕਿਸੇ ਪ੍ਰਕਾਰ ਦਾ ਨਸ਼ਾ ਨਾ ਕਰਨ ਦੀ ਕਸਮ ਖਾ ਲਈ।

  • ਮੁੱਖ ਪੰਨਾ : ਕਹਾਣੀਆਂ, ਇਕਬਾਲ ਸਿੰਘ ਹਮਜਾਪੁਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ