Lalach Taan Thorha Vi Bura (Punjabi Story): Amrit Kaur

ਲਾਲਚ ਤਾਂ ਥੋੜ੍ਹਾ ਵੀ ਬੁਰਾ (ਕਹਾਣੀ) : ਅੰਮ੍ਰਿਤ ਕੌਰ

“ਹੈਲੋ।”

“ਹਾਂ ਬਾਈ, ਕੌਣ ਬੋਲਦੈਂ?” ਬੰਤੋ ਨੇ ਪੁੱਛਿਆ।

“ਮੈਂ ਫਲਾਣੀ ਕੰਪਨੀ ਦੇ ਦਫਤਰ ਵਿੱਚੋਂ ਬੋਲ ਰਿਹਾ ਹਾਂ। ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ। ਮੈਮ! ਇਹ ਸਿਰਫ ਤੁਹਾਡੇ ਲੱਕੀ ਨੰਬਰ ’ਤੇ ਹੀ ਆਈ ਹੈ ਜੀ।”

“ਮੈਨੂੰ ਨਹੀਂ ਸਮਝ ਲਗਦੀ ਭਾਈ ਕੀ ਕਹਿ ਰਿਹਾ ਹੈਂ ਤੂੰ ...।” ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ।

“ਪਲੀਜ਼ ਫੋਨ ਨਾ ਕੱਟਿਓ … … ਤੁਹਾਡੇ ਫਾਇਦੇ ਦੀ ਗੱਲ ਹੈ।” ਫੋਨ ਕਰਨ ਵਾਲੇ ਨੇ ਕਿਹਾ।

“ਸਾਡੇ ਫਾਇਦੇ ਦੀ? … … ਕਿਵੇਂ ਭਾਈ?” ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕੱਟਿਆ।

“ਮੇਰੀ ਗੱਲ ਧਿਆਨ ਨਾਲ ਸੁਣਨਾ, ਤੁਸੀਂ ਸਿਰਫ ਫੋਨ ਸੁਣਨਾ ਹੈ, ਜੋ ਤੁਹਾਡੇ ਨੰਬਰ ’ਤੇ ਆਵੇਗਾ ... ... ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਦਿਆ ਕਰਾਂਗੇ, ਤੁਸੀਂ ਸਿਰਫ ਗੱਲ ਸੁਣਨੀ ਹੋਇਆ ਕਰੇਗੀ?”

“ਅਸੀਂ ਤਾਂ ਭਾਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ … …।” ਬੰਤੋ ਨੇ ਸੋਚਿਆ ਕਿਤੇ ਭਾਈ ਬਾਅਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ। ਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ, “ਜੋ ਵੀ ਤੁਹਾਡਾ ਮੋਬਾਇਲ ਖਰਚਾ ਹੋਵੇਗਾ ਅਸੀਂ ਦਿਆ ਕਰਾਂਗੇ।” ਭਾਈ ਨੇ ਕਾਫ਼ੀ ਗੱਲਾਂ ਬੰਤੋ ਨੂੰ ਸਮਝਾਈਆਂ।

“ਠੀਕ ਐ ਭਾਈ … …।” ਬੰਤੋ ਖੁਸ਼ੀ ਨਾਲ ਹੁੱਬ ਕੇ ਬੋਲੀ।

“ਸ਼ੁਕਰੀਆ ਜੀ।” ਕਹਿ ਕੇ ਭਾਈ ਨੇ ਫੋਨ ਕੱਟ ਦਿੱਤਾ।

ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸ ਨੇ ਮੋਬਾਇਲ ਦਾ ਖਰਚਾ ਤਾਂ ਘੱਟ ਕੀਤਾ।

“ਕਿਸੇ ਕੌਂਪਣੀ ਆਲ਼ੇ ਭਾਈ ਦਾ ਫੋਨ ਤੀ … … ਕਹਿੰਦਾ ਆਪੇ ਪੈਸੇ ਪਵਾਊਂ ਥੋਡੇ ਫੋਨ ਵਿੱਚ … … ਬੱਸ ਤੁਸੀਂ ਘੜੀ ਦੀ ਘੜੀ ਗੱਲ ਸੁਣਨੀ ਐਂ … … ਜਿੰਨੀ ਵਾਰੀ ਫੋਨ ਆਊਗਾ, ਤੁਸੀਂ ਚੁੱਕਣਾ … … ਬੱਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਐਂ।” ਬੰਤੋ ਨੂੰਹ ਨੂੰ ਦੱਸਣ ਲੱਗੀ।

“ਬੇਬੇ, ਕੋਈ ਹੋਰ ਨਾ ਪੰਗਾ ਪਾ ਲਈਂ।” ਨੂੰਹ ਬੋਲੀ।

“ਤੂੰ ਤਾਂ ਬਾਰਾਂ ਪੜ੍ਹ ਕੇ ਵੀ ਅਣਪੜ੍ਹਾਂ ਵਰਗੀ ਹੀ ਰਹੀ।” ਬੰਤੋ ਨੇ ਨੂੰਹ ਦੀ ਗੱਲ ’ਤੇ ਮੂੰਹ ਜਿਹਾ ਮਰੋੜ ਕੇ ਆਖਿਆ। ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਆਪਣੀ ਸਿਆਣਪ ’ਤੇ ਉਸ ਨੂੰ ਫਖ਼ਰ ਮਹਿਸੂਸ ਹੋ ਰਿਹਾ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਪੈਸੇ ਪਵਾਉਣ ਦੀ ਲੋੜ ਨਹੀਂ, ਉਸ ਨੇ ਇੰਤਜ਼ਾਮ ਕਰ ਲਿਆ ਹੈ।

ਬੰਤੋ ਅਜੇ ਸੋਚ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ। ਉਹ ਇੱਕ ਦਮ ਤ੍ਰਭਕ ਗਈ। ਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰਕੇ ਫੋਨ ਕੰਨ ’ਤੇ ਲਾਇਆ ਤੇ ਪਿਆਰ ਨਾਲ ‘ਹੈਲੋ’ ਕਿਹਾ।

“ਆਪ ਕਾ ਨਾਮ ਕਿਆ ਹੈ … …?” ਅੱਗੋਂ ਆਵਾਜ਼ ਆਈ।

“ਜੀ ਮੇਰਾ ਨਾਮ … …।” ਬੰਤੋ ਚੁੱਪ ਕਰ ਕੇ ਸੋਚਣ ਲੱਗੀ … … ਵਿਆਹ ਵੇਲੇ ਉਸ ਦਾ ਨਾਂ ਕੁਲਵੰਤ ਸੀ, ਬੰਤੋ ਤਾਂ ਬਾਅਦ ਵਿੱਚ ਕਹਿਣ ਲੱਗ ਪਏ ਸੀ।

“ਆਪ ਕੁਛ ਬੋਲ ਕਿਉਂ ਨਹੀਂ ਰਹੇ?”

“ਜੀ, ਕੁਲਵੰਤ … …।”

“ਵਾਓ! … … ਕਿੰਨਾ ਸੁੰਦਰ, ਕਿੰਨਾ ਪਿਆਰਾ ਨਾਮ ਹੈ ਆਪ ਕਾ।” ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ। ਇੰਨੇ ਪਿਆਰ ਨਾਲ ਤਾਂ ਕਦੇ ਦੀਪੇ ਦੇ ਬਾਪੂ ਨੇ ਵੀ ਉਸ ਦੇ ਨਾਂ ਦੀ ਤਾਰੀਫ਼ ਨਹੀਂ ਸੀ ਕੀਤੀ।

“ਕਾਮ ਕਿਆ ਕਰਤੇ ਹੋ?”

“ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀ ਆਂ। ਮੈਂ ਲੋਕਾਂ ਦੀਆਂ ਬੁੜ੍ਹੀਆਂ ਆਂਗੂੰ ਨੂੰਹ ਦੇ ਸਿਰ ’ਤੇ ਨਹੀਂ ਛੱਡਦੀ ਸਾਰਾ ਕੰਮ। ਧਾਰਾਂ ਵੀ ਆਪ ਕੱਢਦੀ ਆਂ, ਗੋਹਾ ਕੂੜਾ ਵੀ ਸਿੱਟ ਦਿੰਨੀ ਆਂ … …।” ਕੰਮ ਗਿਣਾਉਂਦਿਆਂ ਬੰਤੋ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਅਗਲੇ ਨੇ ਫੋਨ ਕੱਟ ਦਿੱਤਾ।

ਬੰਤੋ ਸੋਚਣ ਲੱਗੀ, ਕਿੰਨਾ ਮਿੱਠਾ ਬੋਲਦੇ ਨੇ ਲੋਕ। ਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਈ ਨ੍ਹੀਂ ਆਉਂਦਾ। ਉੱਖੜੇ ਕੁਹਾੜੇ ਆਂਗੂੰ ਪੈਂਦੇ ਨੇ। ਬੰਤੋ ਨੇ ਫਹੁੜਾ ਚੁੱਕਿਆ। ਮੱਝਾਂ ਦਾ ਗੋਹਾ ਹਟਾਉਣ ਲੱਗੀ। ਘੰਟੀ ਫਿਰ ਵੱਜੀ। ਨੂੰਹ ਨੇ ਫ਼ੋਨ ਚੁੱਕਿਆ।

“ਹੈਲੋ … … ਜੀ ਆਪ ਕਾ ਨਾਮ ਕਿਆ ਹੈ?” ਫੋਨ ਕਰਨ ਵਾਲੇ ਨੇ ਪੁੱਛਿਆ।

“ਤੂੰ ਨਾਮ ਤੋਂ ਕੀ ਲੈਣਾ ਵੀਰੇ … … ਗੱਲ ਕੀਹਦੇ ਨਾਲ ਕਰਨੀ ਐ, ਉਹ ਦੱਸ?” ਨੂੰਹ ਨੇ ਆਖਿਆ।

“ਵੀਰਾ ਨਹੀਂ, ਸਿਰਫ ਫਰੈਂਡ … …।” ਅੱਗੋਂ ਅਵਾਜ਼ ਆਈ।

ਵਹੁਟੀ ਨੇ ਫੋਨ ਕੱਟ ਦਿੱਤਾ। ਗੁੱਸੇ ਵਿੱਚ ਬੁੜਬੁੜ ਕਰਦੀ ਰਹੀ … … ਲੱਗਦਾ ਫਰੈਂਡ ਦਾ … … ਲੱਤਾਂ ਤੁੜਵਾਉਣੀਆਂ ਹੋਣੀਆਂ … …।”

“ਕੀ ਹੋ ਗਿਆ ਕੁੜੇ ਤੈਨੂੰ?” ਬੰਤੋ ਨੂੰਹ ਨੂੰ ਬੁੜਬੁੜ ਕਰਦਿਆਂ ਦੇਖ ਕੇ ਪੁੱਛਣ ਲੱਗੀ।

“ਹੋਣਾ ਕੀ ਐ … … ਕਿਸੇ ਦਾ ਫ਼ੋਨ ਆਇਆ ਸੀ, ਮੇਰਾ ਨਾਂ ਪੁੱਛਦਾ ਸੀ ਟੁੱਟ ਪੈਣਾ … …।”

“ਫੇਰ ਤਾਂ ਮੇਰਾ ਫੋਨ ਹੋਊ।” ਬੰਤੋ ਨੇ ਕਿਹਾ।

“ਤੂੰ ਬੇਬੇ ਐਹੋ ਜੇ ਫੋਨ ਸੁਣਦੀ ਐਂ?”

“ਨਾ ਨਾ, ਮੈਂ ਕਾਹਨੂੰ ਸੁਣਦੀ ਆਂ।” ਕਹਿ ਕੇ ਬੰਤੋ ਕੰਮ ਕਰਨ ਜਾ ਲੱਗੀ। ਫੋਨ ਦੀ ਘੰਟੀ ਫਿਰ ਵੱਜੀ ਪੋਤੇ ਨੇ ਫ਼ੋਨ ਚੁੱਕਿਆ। ਉਹ ਕਾਫ਼ੀ ਸਮਾਂ ਗੱਲਾਂ ਕਰਦਾ ਰਿਹਾ। ਬੰਤੋ ਨੇ ਪੁੱਛਿਆ, “ਕੀਹਦਾ ਫੋਨ ਐ?”

ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜ੍ਹੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾਂ ਮਾਰਨ ਲੱਗ ਪਿਆ। ਕੁੜੀ ਨੂੰ ਫੋਨ ਜਾ ਫੜਾਇਆ।

ਮਾਂ ਨੇ ਪੁੱਛਿਆ, “ਉਹਦੀ ਸਹੇਲੀ ਦਾ ਫੋਨ ਤੀ ਵੇ?”

“ਪਤਾ ਨਹੀਂ, ਸਾਰਿਆਂ ਬਾਰੇ ਪੁੱਛ ਕੇ ਕਹਿੰਦਾ, ਆਪਣੀ ਦੀਦੀ ਨਾਲ ਗੱਲ ਕਰਾ।”

ਮਾਂ ਨੇ ਮੱਥੇ ’ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀ। ਕੁੜੀ ਤੋਂ ਫੋਨ ਖੋਹ ਲਿਆ। ਕੁੜੀ ਘਬਰਾਈ ਜਿਹੀ ਆਵਾਜ਼ ਵਿੱਚ ਬੋਲੀ, “ਮੰਮੀ! ਪਤਾ ਨ੍ਹੀਂ ਕੀਹਦਾ ਫੋਨ ਫੜਾ ਗਿਆ ਮੈਨੂੰ।”

“ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ’ਤੇ ... ... ਤੂੰ ਨਾ ਚੱਕਿਆ ਕਰ।”

ਅੱਧੇ ਕੁ ਘੰਟੇ ਬਾਅਦ ਫੋਨ ਫੇਰ ਨੂੰਹ ਨੇ ਚੁੱਕਿਆ। ਦੂਜੇ ਪਾਸਿਓਂ ਅਵਾਜ਼ ਆਈ, “ਜੀ ਕੁਲਵੰਤ ਜੀ ਸੇ ਬਾਤ ਕਰਵਾਈਏ, ਪਲੀਜ਼।” ਨੂੰਹ ਨੇ ਬੰਤੋ ਨੂੰ ਪੁੱਛਿਆ, “ਬੇਬੇ ਆਪਣੇ ਕੁਲਵੰਤ ਕੌਣ ਐ?”

ਬੰਤੋ ਨੇ ਫੋਨ ਫੜ ਕੇ ‘ਹੈਲੋ’ ਕਿਹਾ।

“ਆਪ ਕੁਲਵੰਤ ਜੀ ਬੋਲ ਰਹੇ ਹੋ?”

“ਹਾਂ ਜੀ।”

“ਆਪ ਕੋ ਹਿੰਦੀ ਬੋਲੀ ਨਹੀਂ ਆਤੀ?” ਭਾਈ ਨੇ ਕਿਹਾ।

“ਘੱਟ ਆਤੀ ਹੈ ਜੀ।”

“ਚੱਲੋ ਮੈਂ ਪੰਜਾਬੀ ਮੇਂ ਹੀ ਬਾਤ ਕਰੂੰਗਾ … … ਕੁਲਵੰਤ ਜੀ … … ਤੁਹਾਡਾ ਨਾਮ ਬਹੁਤ … … … ਪਿਆਰਾ ਹੈ। ਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ … … ਇੰਨੇ ਹੀ ਪਿਆਰੇ ਤੁਸੀਂ ਹੋਵੇਗੇ।” ਬੰਤੋ ਫਿਰ ਸੋਚਣ ਲੱਗੀ … … ਮਨਾਂ ਤੇਰੀ ਤਾਂ ਕਦੇ ਕਿਸੇ ਨੇ ਕਦਰ ਈ ਨ੍ਹੀਂ ਪਾਈ, ਇੰਨੇ ਪਿਆਰ ਨਾਲ ਸਾਰੀ ਉਮਰ ਊਈਂ ਨੀ ਕਦੇ ਕਿਸੇ ਨੇ ਗੱਲ ਕੀਤੀ। ਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ, ਬੰਤੋ ਨੂੰ ਹਜ਼ਮ ਨਹੀਂ ਸੀ ਹੋ ਰਿਹਾ ਲੱਗਦਾ। ਉਸ ਨੂੰ ਲੱਗਿਆ ਜਿਵੇਂ ਉਸ ਦੇ ਢਿੱਡ ਵਿੱਚ ਵੱਟ ਜਿਹੇ ਪੈਂਦੇ ਹੋਣ।

“ਹੈਲੋ … … ਹੈਲੋ … … ਕੁਲਵੰਤ ਜੀ ਮੇਰੀ ਗੱਲ ਸੁਣ ਰਹੇ ਓ ਨਾ?”

“ਹਾਂ ਜੀ, ਹਾਂ ਜੀ।” ਬੰਤੋ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ। ‘ਹਾਏ ਰੱਬਾ … ਕੁਲਵੰਤ ਜੀ’ ਕਹਿ ਕੇ ਬੋਲ ਰਿਹਾ ਹੈ ਭਾਈ। ਕਿੰਨੀ ਮਿੱਠੀ ਬੋਲੀ। ਬੰਤੋ ਸੋਚ ਰਹੀ ਸੀ।

“ਕੁਲਵੰਤ ਜੀ, ਤੁਸੀਂ ਵੀ ਕੁਛ ਕਹੋ। ਮੈਂ ਇਕੱਲਾ ਹੀ ਬੋਲ ਰਿਹਾਂ। ਕੋਈ ਜਵਾਬ ਦਿਓ … … ਕਿਹੜੀ ਕਲਾਸ ਵਿੱਚ ਪੜ੍ਹਦੇ ਓ। ਤੁਹਾਡੀ ਪੜ੍ਹਾਈ ਕਿੰਨੀ ਕੁ ਐ?”

“ਪੜ੍ਹਾਈ ਤਾਂ ਮੇਰੇ ਬੇਬੇ ਦੱਸਦੀ ਹੁੰਦੀ ਸੀ, ਮੇਰਾ ਬਾਪੂ ਮੈਨੂੰ ਮੋਢਿਆਂ ’ਤੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਸੀ। ਇੱਕ ਵਾਰੀ ਐਹਾ ਜਾ ਗੋਡੇ ’ਤੇ ਫੋੜਾ ਨਿਕਲਿਆ, ਇੱਕ ਮਹੀਨਾ ਸੂਤ ਨ੍ਹੀਂ ਆਇਆ … … ਮੁੜ ਕੇ ਬਾਪੂ ਨੇ ਸਕੂਲ ਨ੍ਹੀਂ ਜਾਣ ਦਿੱਤਾ … … ਬਾਹਲ਼ੀ ਲਾਡਲੀ ਤੀ ਮੈਂ ਮੇਰੇ ਪਿਉ ਨੂੰ।” ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸਿਓਂ ਫ਼ੋਨ ਕੱਟ ਦਿੱਤਾ ਗਿਆ।

ਦੋ ਕੁ ਵਾਰ ਹੋਰ ਫੋਨ ਆਇਆ। ਬੰਤੋ ਦਾ ਜੀਅ ਕਾਹਲਾ ਪੈਣ ਲੱਗ ਪਿਆ। ਐਨੀਆਂ ਕਿੰਨੀਆਂ ਕੁ ਗੱਲਾਂ ਕਰ ਸਕਦਾ ਕੋਈ। ਸ਼ਾਮ ਤਕ ਬੰਤੋ ਨੇ ਹੀ ਫੋਨ ਚੁੱਕੇ … … ਕੋਈ ਉਮਰ ਪੁੱਛੇ … … ਕੋਈ ਪੜ੍ਹਾਈ ਪੁੱਛੇ … … ਕੋਈ ਨੌਕਰੀ ਬਾਰੇ … … ਕੋਈ ਪਰਿਵਾਰ ਦੇ ਮੈਂਬਰਾਂ ਬਾਰੇ … …। ਕੋਈ ਪਸੰਦ ਦੀ ਫਿਲਮ, ਕੋਈ ਗਾਣੇ। ਨੂੰਹ ਨੇ ਚੇਤੇ ਕਰਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆ। ਬੰਤੋ ਨੇ ਦੇਖਿਆ, ਚਾਰ ਵੱਜਣ ਵਾਲੇ ਸੀ ਤੇ ਡੇਢ ਦੋ ਵਜੇ ਉਸ ਦੇ ਘਰ ਵਾਲਾ ਘਰੇ ਗੇੜਾ ਮਾਰਦਾ ਹੁੰਦਾ ਹੈ ਚਾਹ ਰੋਟੀ ਖਾਣ ਲਈ।

“ਤੂੰ ਹੁਣ ਦੱਸਦੀ ਐਂ … … ਫੂਨ ਕਰਕੇ ਨ੍ਹੀਂ ਪੁੱਛ ਸਕਦੀ ਸੀ?”

“ਫੋਨ ਤਾਂ ਸਾਰਾ ਦਿਨ ਵਿਹਲਾ ਨ੍ਹੀਂ ਹੋਇਆ ਅੱਜ।” ਨੂੰਹ ਨੇ ਜਵਾਬ ਸੁਣਾਇਆ। ਬੰਤੋ ਨੇ ਫੋਨ ਫੜਾਉਂਦਿਆਂ ਕਿਹਾ, “ਹੁਣ ਲਾ ਕੇ ਪੁੱਛ, ਘਰ ਕਿਉਂ ਨ੍ਹੀਂ ਆਇਆ?”

ਨੂੰਹ ਨੇ ਨੰਬਰ ਮਿਲਾ ਕੇ ਬੰਤੋ ਨੂੰ ਫੜਾ ਦਿੱਤਾ। ਬੰਤੋ ਦੇ ਮੂੰਹੋਂ ਹੌਲੀ ਕੁ ਦੇਣੇ ‘ਹੈਲੋ’ ਨਿਕਲਿਆ।

“ਕੌਣ ਬੋਲਦੈ?” ਅੱਗੋਂ ਆਵਾਜ਼ ਆਈ।

“ਮੈਂ ਕੁਲਵੰਤ … …। ਬੰਤੋ ਸਵੇਰ ਦੀ ਮਿੱਠਾ ਬੋਲਦੀ ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸ ਦੀ ਅਸਲੀ ਆਵਾਜ਼ ਹੀ ਪਛਾਣਦੇ ਨੇ।

“ਕਿਹੜੀ ਕੁਲਵੰਤ?”

“ਬੰਤੋ ਬੋਲਦੀ ਆਂ ਮੈਂ।” ਉਹ ਉੱਚੀ ਦੇਣੇ ਬੋਲੀ।

“ਹੈਂਅ … … ਬੋਲ ਤਾਂ … … ਮਰੀ ਜ੍ਹੀ ’ਵਾਜ ਕਿਉਂ ਕੱਢਦੀ ਐਂ। ਪੰਜਾਹ ਫੋਨ ਕਰ ’ਤੇ ਹੋਣਗੇ … … ਚਾਹ ਖੇਤ ਮੰਗਵਾਉਣੀ ਸੀ। ਮੋਟਰਾਂ ਆਲੀ ਲੈਟ ਆਈ ਹੋਈ ਐ।”

“ਹੁਣ ਫੇਰ … …?”

“ਆ ਰਿਹਾਂ ਹੁਣ ਘਰੇ।”

ਬੰਤੋ ਨੇ ਆਪਣੇ ਆਪ ਨੂੰ ਕਿਹਾ, ‘ਨਪੁੱਤੇ ਦੀਏ ਕਿੱਧਰ ਉਲਝਗੀ ਤੂੰ। ਉਹ ਵਿਚਾਰਾ ਭੁੱਖਣਭਾਣਾ ਖੇਤ ਕੰਮ ਕਰਦੈ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐਂ … … ਜਿਹਨਾਂ ਨਾਲ ਜਾਣ ਨਾ ਪਛਾਣ … … ਘਰ ਦਾ ਭੇਤ ਤਾਂ ਊਈਂ ਨੀਂ ਦੇਈਦਾ ਕਿਸੇ ਨੂੰ ... ... ਤੂੰ ਕਿਊਂ ਬੌਲ਼ ਮੱਧ ਲਿਆ ... … ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ, ਉਹ ਗਾਲ੍ਹਾਂ ਦੇਊ। ਦੀਪੇ ਨੂੰ ਪਤਾ ਲੱਗ ਗਿਆ, ਉਹ ਔਖਾ ਹੋਊ।’ ਬੰਤੋ ਦਾ ਸਾਰਾ ਜੋਸ਼ ਠੰਢਾ ਪੈ ਗਿਆ। ਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ। ਘਰ ਆ ਕੇ ਉਹ ਲੜਨ ਵਰਗਾ ਹੋ ਗਿਆ, “ਐਨੇ ਵਾਰੀ ਫੋਨ ਲਾਇਆ, ਬਿਜ਼ੀ ਆਈ ਜਾਂਦਾ ਸੀ। ਕੀਹਦੇ ਨਾਲ ਗੱਲੀਂ ਲੱਗੀਆਂ ਹੋਈਆਂ ਸੀ?”

ਨੂੰਹ ਨੇ ਬੇਬੇ ਵੱਲ ਦੇਖਿਆ। ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੂੰਹ ਵੀ ਚੁੱਪ ਹੀ ਰਹੀ। ਐਨੇ ਨੂੰ ਬਾਪੂ ਘਰੇ ਆ ਗਿਆ। ਉਹ ਆ ਕੇ ਬੰਤੋ ਦੇ ਗਲ਼ ਪੈ ਗਿਆ। ਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਅਤੇ ਕੀ ਕਰੇ। ਫੋਨ ਦੀ ਘੰਟੀ ਫੇਰ ਵੱਜਣੀ ਸ਼ੁਰੂ ਹੋ ਗਈ। ਬੰਤੋ ਨੇ ਫੋਨ ਚੁੱਕ ਕੇ ਲਾਲ ਨਿਸ਼ਾਨ ਵਾਲਾ ਬਟਨ ਦਬਾ ਦਿੱਤਾ। ਥੋੜ੍ਹੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗ ਪਈ। ਬੰਤੋ ਫੋਨ ਚੁੱਕ ਕੇ ਗਵਾਂਢੀਆਂ ਦੇ ਕਾਲਜ ਪੜ੍ਹਦੇ ਮੁੰਡੇ ਕੋਲ ਲੈ ਕੇ ਚਲੀ ਗਈ। ਮੁੰਡੇ ਨੇ ਬਥੇਰਾ ਮੱਥਾ ਮਾਰਿਆ। ਫੋਨ ਆਉਣੇ ਬੰਦ ਨਾ ਹੋਏ। ਪਰ ਮੁੰਡੇ ਨੇ ਘੰਟੀ ਦੀ ਅਵਾਜ਼ ਘਟਾ ਦਿੱਤੀ।

ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸ ਦੇ ਪਤੀ ਨੇ ਆਖਿਆ, “ਕੁਲਵੰਤ ਕੁਰੇ, ਕਿੰਨੇ ਪੈਸੇ ਪਵਾਉਣਗੇ ਤੇਰੇ ਕੌਂਪਨੀ ਵਾਲੇ?” ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ।

“ਬਸ ਐਂ ਸੋਚ ਲਿਆ, ਕਈ ਵਾਰੀ ਪੈਸੇ ਨ੍ਹੀਂ ਹੁੰਦੇ ਘਰੇ ਪਵਾਉਣ ਨੂੰ … … ਆਪੇ ਪਾ ਦਿਆ ਕਰਨਗੇ।” ਬੰਤੋ ਨੇ ਨਿੰਮੋਝੂਣੀ ਜਿਹੀ ਹੋ ਕੇ ਆਖਿਆ।

“ਊਠ ਤੋਂ ਛਾਨਣੀ ਲਾਹਿਆਂ ਭਾਰ ਹੌਲੇ ਨ੍ਹੀਂ ਹੁੰਦੇ ਕੁਲਵੰਤ ਕੁਰੇ।”

“ਲਿਆ ਬੇਬੇ … … ਮੈਂ ਠੀਕ ਕਰਾ ਕੇ ਲਿਆਵਾਂ ਮੋਬਾਈਲਾਂ ਵਾਲੇ ਤੋਂ … … ਉਹ ਠੀਕ ਕਰ ਦਿੰਦੇ ਹੁੰਦੇ ਨੇ … … ਮੇਰੇ ਦੋਸਤ ਨੇ ਠੀਕ ਕਰਾਇਆ ਤੀ ਇੱਕ ਵਾਰੀ … … ਉਹਨਾਂ ਦੇ ਘਰੇ ਵੀ ਬਾਹਲ਼ੇ ਫੋਨ ਆਉਂਦੇ ਤੀ।” ਬੰਤੋ ਦੇ ਪੋਤੇ ਨੇ ਦੱਸਿਆ।

ਬੰਤੋ ਦੇ ਸਾਹ ਵਿੱਚ ਸਾਹ ਆਇਆ। ਉਸ ਨੇ ਫੋਨ ਪੋਤੇ ਨੂੰ ਫੜਾਉਂਦਿਆਂ ਆਖਿਆ, “ਜਾ ਮੇਰਾ ਪੁੱਤ … … ਪਰ ਛੇਤੀ ਆ ਜੀਂ।”

“ਲਾਲਚ ਵਿੱਚ ਆ ਗਈ ਬੇਬੇ ਤਾਂ … …।” ਦੀਪੇ ਨੇ ਮਾਂ ਨੂੰ ਮਖੌਲ ਜਿਹੇ ਨਾਲ ਆਖਿਆ।

“ਦੋ ਚਾਰ ਸੌ ਦਾ ਤਾਂ ਕਾਹਦਾ ਲਾਲਚ ਹੋਇਆ।” ਬੰਤੋ ਨੇ ਕਿਹਾ।

“ਬੇਬੇ! ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਅਈਂ ਫਸਾ ਲੈਂਦੇ ਨੇ। ਚੰਗੇ ਭਲੇ ਸਿਆਣਿਆਂ ਬਿਆਣਿਆਂ ਨੂੰ ਬੁੱਧੂ ਬਣਾ ਕੇ ਖ਼ਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ।”

“ਲਾਲਚ ਤਾਂ ਥੋੜ੍ਹਾ ਜਿੰਨਾ ਵੀ ਬੁਰਾ ਹੁੰਦਾ ਹੈ। ਪਤਾ ਨ੍ਹੀਂ ਕਿੱਥੇ ਫਸਾ ਦੇ ਬੰਦੇ ਨੂੰ। ਚਲੋ ਚੰਗਾ ਹੋਇਆ ਕੁਲਵੰਤ ਕੁਰ ਨੂੰ ਛੇਤੀ ਹੀ ਪਤਾ ਲੱਗ ਗਿਆ।” ਬੰਤੇ ਦੇ ਪਤੀ ਨੇ ਆਖਿਆ।

“ਅੱਗੇ ਤੋਂ ਨੀਂ ਇਹੀ ਜੀ ਗਲਤੀ ਕਰਦੀ।” ਬੰਤੋ ਨੇ ਕੰਨਾਂ ਨੂੰ ਫੜ ਕੇ ਖਿੱਚਦਿਆਂ ਆਖਿਆ, “ਇੱਕ … … ਦੋ … … ਤਿੰਨ।”

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ