Laangha (Punjabi Story) : Tauqeer Chughtai

ਲਾਂਘਾ (ਕਹਾਣੀ) : ਤੌਕੀਰ ਚੁਗ਼ਤਾਈ

ਗੱਲ ਮੰਨਣ ਵਾਲੀ ਨਹੀਂ ਸੀ, ਪਰ ਉਹ ਕਿਵੇਂ ਨਾ ਮੰਨਦਾ। ਬਾਬੇ ਨੂੰ ਉਸ ਆਪ ਵੇਖਿਆ ਸੀ। ਚਿੱਟੀ ਦਾੜ੍ਹੀ, ਲੰਮੇ ਕੇਸ ਤੇ ਸਿਰ ਉੱਤੇ ਪੱਗ, ਜਿਵੇਂ ਅੰਬਰ ਨੇ ਧਰਤੀ ਨੂੰ ਆਪਣੇ ਹੱਥਾਂ ਨਾਲ਼ ਕੱਜ ਲੀਤਾ ਹੋਵੇ। ਬਾਬਾ ਹਲ ਦੀ ਹੱਥੀ ਫੜ ਕੇ ਬਲਦਾਂ ਪਿੱਛੇ ਤੁਰੀ ਜਾ ਰਿਹਾ ਸੀ ਤੇ ਓਹਦੀਆਂ ਅੱਖਾਂ ਵਿਚੋਂ ਫੁੱਟਦਾ ਨੂਰ ਧਰਤੀ ਨੂੰ ਰੁਸ਼ਨਾ ਰਿਹਾ ਸੀ। ਬਲਦਾਂ ਦੇ ਗਲ ਵਿਚ ਲਮਕਦੀਆਂ ਟੱਲੀਆਂ ਦੀ ਸੁਰ ਨਾਲ਼ ਟਾਹਲੀਆਂ ਉੱਤੇ ਬੈਠੀਆਂ ਘੁੱਗੀਆਂ, ਟਟਹਿਣੀਆਂ, ਲਾਲੀਆਂ ਤੇ ਚਿੜੀਆਂ ਆਪਣੀ ਆਪਣੀ ਬੋਲੀ ਵਿਚ ਗੀਤ ਗਾਉਂਦੀਆਂ ਉਡਦੀਆਂ ਫਿਰਦੀਆਂ ਸਨ। ਹਲ ਦੇ ਮੂਹਰੇ ਤੁਰਦੇ ਢੱਗੇ ਸਿਆੜ ਬਣਾਉਂਦੇ ਮਸਤ ਹੋ ਕੇ ਇੰਜ ਤੁਰੀ ਜਾ ਰਹੇ ਸਨ ਜਿਵੇਂ ਸੁੱਕੀ ਧਰਤੀ ਨੂੰ ਵਾਹ ਕੇ ਬਾਜਰੇ, ਜਵਾਰ ਤੇ ਮਕਈ ਦੇ ਟਾਂਡਿਆਂ ਨਾਲ਼ ਭਰ ਦੇਣਗੇ। ਜੱਗ ’ਤੇ ਕੋਈ ਜੀਅ ਭੁੱਖਾ ਨਹੀਂ ਰਵ੍ਹੇਗਾ ਤੇ ਨਾ ਈ ਕਿਸੇ ਪਸ਼ੂ, ਪੰਖੇਰੂ ਨੂੰ ਬੱਚਿਆਂ ਦਾ ਢਿੱਡ ਭਰਨ ਲਈ ਆਪਣੀ ਜੂਹ ਤੋਂ ਦੂਰ ਜਾਣਾ ਪਵੇਗਾ।

ਹਾਂ, ਓਹਨੇ ਆਪਣੀਆਂ ਅੱਖਾਂ ਨਾਲ਼ ਸਭ ਕੁਝ ਵੇਖਿਆ ਸੀ। ਇੱਕ ਵਾਰ ਤਾਂ ਓਹਨੂੰ ਇੰਜ ਜਾਪਿਆ ਜਿਵੇਂ ਓਹ ਕੋਈ ਸੁਫ਼ਨਾ ਵੇਖ ਰਿਹਾ ਏ, ਜਾਂ ਉਠਦੇ ਬਹਿੰਦੇ ਜਿਹੜੀਆਂ ਸੋਚਾਂ ਓਹਨੂੰ ਆਪਣੇ ਘੇਰੇ ਵਿਚ ਕੈਦ ਰੱਖਦੀਆਂ ਨੇ, ਇਹ ਓਨ੍ਹਾਂ ਦਾ ਸਿੱਟਾ ਏ। ਸੋਚਿਆ ਇਹ ਕੋਈ ਚਮਤਕਾਰ ਵੀ ਤਾਂ ਹੋ ਸਕਦਾ ਏ ਪਰ ਹੁਣ ਚਮਤਕਾਰਾਂ ਦੀ ਥਾਂ ਸਾਇੰਸ ਨੇ ਜਿਹੜੇ ਚਮਤਕਾਰ ਵਿਖਾਏ ਸਨ, ਉਨ੍ਹਾਂ ਰਾਹੀਂ ਜੇ ਹਜ਼ਾਰਾਂ ਮੀਲ ਦੂਰ ਬੈਠੇ ਬੰਦੇ ਵੀ ਇੱਕ ਦੂਜੇ ਨਾਲ਼ ਹੱਥ ਮਿਲਾ ਰਹੇ ਨੇ ਤਾਂ ਲਾਗੇ ਬੈਠੇ ਇੱਕ ਦੂਜੇ ਨਾਲ਼ ਰੁੱਸ ਕੇ ਕੰਧਾਂ ਉਸਾਰਨ ਵਾਲੇ ਪੁਰਾਣੇ ਸਾਕ ਕਬੀਲੇ ਤੇ ਯਾਰ ਦੋਸਤ ਇੱਕ ਦੂਜੇ ਨਾਲ਼ ਕਿਉਂ ਨਹੀਂ ਮਿਲ ਸਕਦੇ?

ਵੱਡੇ ਪਿੰਡ ਦੀ ਵੰਡ ਮਗਰੋਂ ਨਿੱਕੇ ਨਿੱਕੇ ਛੇ ਸੱਤ ਪਿੰਡ ਬਣ ਗਏ ਪਰ ਇਨ੍ਹਾਂ ਦੋਹਾਂ ਪਿੰਡਾਂ ਦਾ ਪਿਛੋਕੜ ਤੇ ਸੱਭਿਆਚਾਰ ਦੂਜਿਆਂ ਨਾਲੋਂ ਸਦੀਆਂ ਪੁਰਾਣਾ ਤੇ ਵੱਖਰਾ ਸੀ ਜਿਸ ਨੂੰ ਆਪਣੀਆਂ ਚੀਜ਼ਾਂ ਵਸਤਾਂ ਵੇਚਣ ਲਈ ਬਾਹਰੋਂ ਆਏ ਵਪਾਰੀਆਂ ਨੇ ਦੀਨ ਧਰਮ ਦੇ ਨਾਂ ’ਤੇ ਆਪਣੇ ਫ਼ਾਇਦੇ ਲਈ ਅਜਿਹਾ ਵਰਤਿਆ ਕਿ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਵੈਰ ਵੀ ਇੰਜ ਦੇ ਕਮਾਏ ਕਿ ਇੱਕ ਦੂਜੇ ਦੇ ਬੱਚੇ ਮਾਰੇ, ਖੇਤ ਉਜਾੜੇ, ਘਰ ਸਾੜੇ ਤੇ ਖ਼ੂਨ ਦੀ ਅਜਿਹੀ ਹੋਲੀ ਖੇਡੀ ਕਿ ਮਨੁੱਖਤਾ ਵੀ ਰੋਣ ’ਤੇ ਮਜਬੂਰ ਹੋ ਗਈ। ਸਮੇਂ ਦੀ ਧੂੜ ਬੈਠੀ ਤਾਂ ਦੋਹਾਂ ਧਿਰਾਂ ਦੇ ਜਵਾਨਾਂ ਨੇ ਸੋਚਿਆ ਕਿ ਸਾਂਝੀਆਂ ਪੈਲੀਆਂ ਵਾਂਗ ਸਾਡਾ ਪਿਛੋਕੜ, ਸੱਭਿਆਚਾਰ, ਪਹਿਰਾਵਾ, ਬੋਲੀ, ਮਾਹੀਏ ਟੱਪੇ ਤੇ ਨੱਚਣਾ ਗਾਉਣਾ ਵੀ ਸਾਂਝਾ ਸੀ। ਫੇਰ ਅਜਿਹਾ ਕਿਉਂ ਹੋਇਆ?

ਚਲੋ ਜੋ ਹੋਇਆ ਸੋ ਹੋਇਆ, ਮਾੜੀਆਂ ਗੱਲਾਂ ਨੂੰ ਯਾਦ ਕਰਨਾ ਭਲੇ ਲੋਕਾਂ ਦਾ ਕੰਮ ਨਹੀਂ ਸਗੋਂ ਮਾੜੇ ਵੇਲੇ ਦੀ ਕੁੱਖ ਵਿਚੋਂ ਜਨਮੇ ਨਵੇਂ ਵੇਲੇ ਨੂੰ ਆਪਣੇ ਫੱਟਾਂ ਦਾ ਦਾਰੂ ਵੀ ਬਣਾਇਆ ਜਾ ਸਕਦਾ ਏ। ਦਾਰੂ ਵੀ ਅਜਿਹੇ ਹੱਥਾਂ ਕੋਲ਼ ਸੀ ਜਿਹੜੇ ਸਭ ਕੁਝ ਲੁੱਟ ਕੇ ਕਿਤੇ ਦੂਰ ਚਲੇ ਗਏ ਸਨ ਤੇ ਜਾਣ ਮਗਰੋਂ ਵੀ ਓਨ੍ਹਾਂ ਦੇ ਦਿਲ ਦਿਮਾਗ਼ ਉੱਤੇ ਮੱਲ ਮਾਰੀ ਬੈਠੇ ਸਨ। ਫ਼ਰਕ ਏਨਾ ਸੀ ਕਿ ਬਾਹਰੋਂ ਆਏ ਸੌਦਾਗਰ ਪਹਿਲਾਂ ਪਿੰਡਾਂ ਵਿਚ ਰਹਿ ਕੇ ਫ਼ਸਲਾਂ, ਸੋਨੇ ਚਾਂਦੀ ਤੇ ਕੱਪੜੇ ਲੱਤੇ ਦਾ ਕਾਰ ਵਿਹਾਰ ਕਰਦੇ ਸਨ ਤੇ ਹੁਣ ਆਪਣੇ ਦੇਸ਼ਾਂ ਵਿਚ ਬੈਠ ਕੇ ਬਰੂਦ ਦਾ ਵਪਾਰ ਕਰਨ ਲੱਗ ਪਏ ਸਨ।

ਸਦੀਆਂ ਤੋਂ ਇੱਕ ਦੂਜੇ ਨਾਲ਼ ਰਹਿਣ ਵਾਲਿਆਂ ਨੇ ਜਦੋਂ ਧਰਤੀ ਵੰਡੀ ਤਾਂ ਪਟਵਾਰੀ ਵੀ ਓਨ੍ਹਾਂ ਦਾ ਆਪਣਾ ਨਹੀਂ ਸੀ। ਵੰਡ ਵੇਲੇ ਧਰਤੀ ਦਾ ਇੱਕ ਟੋਟਾ ਅਜਿਹਾ ਵੀ ਸੀ ਜਿਹੜਾ ਦੋਹਾਂ ਦੀ ਸਾਂਝੀ ਕੰਧ ਨਾਲ਼ ਜੁੜਿਆ ਹੋਇਆ ਸੀ। ਏਸ ਟੋਟੇ ਨੂੰ ਪਟਵਾਰੀਆਂ ਨੇ ਜਾਣ ਬੁੱਝ ਕੇ ਬਿਨਾਂ ਵੰਡੇ ਈ ਛੱਡ ਦਿੱਤਾ ਸੀ ਤੇ ਜਾਂਦੇ ਸਮੇਂ ਆਖਿਆ ਸੀ, ‘‘ਸਾਡੇ ਜਾਣ ਮਗਰੋਂ ਆਪ ਹੀ ਵੰਡ ਲੈਣਾ।’’

ਮਗਰੋਂ ਦੋਹਾਂ ਪਿੰਡਾਂ ਦੇ ਵਡੇਰਿਆਂ ਵਿਚ ਏਸ ਟੋਟੇ ਨੂੰ ਲੈ ਕੇ ਉਹ ਪੁਆੜਾ ਪਿਆ ਕਿ ਮੂੰਹ ਦੀ ਥਾਂ ਗੋਲੀਆਂ ਤੇ ਬਾਰੂਦ ਰਾਹੀਂ ਇੱਕ ਦੂਜੇ ਨਾਲ਼ ਗੱਲ ਹੁੰਦੀ। ਧਰਤੀ ਦਾ ਉਹ ਟੋਟਾ ਨਾ ਇੱਕ ਦੇ ਨਾਂਵੇਂ ਪੈ ਸਕਿਆ, ਨਾ ਦੂਜੇ ਦੇ, ਤੇ ਨਾ ਈ ਉਸ ’ਤੇ ਰਹਿਣ ਵਾਲੇ ਬੇਵੱਸ ਤੇ ਭੋਲੇ ਭਾਲੇ ਬੰਦੇ ਉਸ ਦੇ ਵਾਰਿਸ ਬਣ ਸਕੇ। ਅਣਵੰਡੇ ਟੋਟੇ ਦੀ ਖਿੱਚ ਧਰੂ ਵਿਚ ਤਿੰਨ ਨਸਲਾਂ ਤਬਾਹ ਹੋਈਆਂ, ਦੋਹਾਂ ਧਿਰਾਂ ਵਿਚ ਖ਼ੂਨੀ ਜੰਗ ਹੋਈ, ਜਵਾਨ ਮਰੇ, ਜ਼ਨਾਨੀਆਂ ਰੰਡੀਆਂ ਤੇ ਬਾਲ ਯਤੀਮ ਹੋਏ, ਆਵਾਜਾਵੀ ਮੁੱਕੀ ਤੇ ਉਹ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ।

ਉਨ੍ਹਾਂ ਇੱਕ ਵਾਰ ਫ਼ਿਰ ਘਰ ਤਾਂ ਵਸਾ ਲਏ ਪਰ ਲਾਗੇ ਰਹਿੰਦੇ ਵੀ ਇੱਕ ਦੂਜੇ ਕੋਲੋਂ ਦੂਰ ਹੁੰਦੇ ਚਲੇ ਗਏ। ਏਨੇ ਦੂਰ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲੋਂ ਸੁਣੀਆਂ ਕਹਾਣੀਆਂ ਰਾਹੀਂ ਗਵੇੜ ਲਾਂਦੇ ਕਿ ਦੂਜੇ ਪਿੰਡ ਦੇ ਵਸਨੀਕ ਕਿਹੋ ਜਿਹੇ ਸਨ। ਸੱਭਿਆਚਾਰਕ ਵਿੱਥਾਂ ਵੀ ਵਧੀਆਂ ਤੇ ਉਹ ਇੱਕ ਦੂਜੇ ਨੂੰ ਮਿਲਣੋਂ ਵੀ ਰਹਿ ਗਏ। ਨਾਲ਼ ਲਗਦੇ ਦੂਜਿਆਂ ਪਿੰਡਾਂ ਵਿਚ ਸ਼ਾਦੀ ਵਿਆਹ ਜਾਂ ਕੰਮ ਕਾਜ ’ਤੇ ਜਾਣ ਮਗਰੋਂ ਤਾਂ ਉਹ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਇੰਜ ਮਿਲਦੇ ਜਿਵੇਂ ਸਦੀਆਂ ਮਗਰੋਂ ਮਿਲੇ ਹੋਣ ਪਰ ਆਪਣੇ ਪਿੰਡਾਂ ਵਿਚ ਮੁੜ ਕੇ ਇੱਕ ਵਾਰ ਫ਼ਿਰ ਨਦੀ ਦੇ ਕੰਢਿਆਂ ਵਾਂਗ ਇੱਕ ਦੂਜੇ ਕੋਲੋਂ ਦੂਰ ਹੋ ਜਾਂਦੇ, ਏਨੇ ਦੂਰ ਕਿ ਖ਼ਤ ਰਾਹੀਂ ਵੀ ਇੱਕ ਦੂਜੇ ਦੀ ਸੁਖ ਸਾਂਦ ਨਾ ਪੁੱਛ ਸਕਦੇ।

ਕੁਝ ਸਿਆਣਿਆਂ ਨੇ ਰਲ਼ ਕੇ ਇੱਕ ਦੋ ਵਾਰ ਸੋਚਿਆ ਕਿ ਆਵਾਜਾਵੀ ਬਾਰੇ ਗੱਲਬਾਤ ਕੀਤੀ ਜਾਵੇ ਤੇ ਦੋਹਾਂ ਪਿੰਡਾਂ ਨੂੰ ਇੱਕ ਦੂਜੇ ਨਾਲ਼ ਮਿਲਾਣ ਵਾਲੇ ਉਸ ਲਾਂਘੇ ਨੂੰ ਵੀ ਖੋਲ੍ਹਿਆ ਜਾਵੇ ਜਿਹੜਾ ਸਦੀਆਂ ਪਹਿਲੇ ਵਰਤਿਆ ਜਾਂਦਾ ਸੀ। ਕੰਧ ਦੀ ਉਸਾਰੀ ਵੇਲੇ ਇੱਕ ਵੱਡਾ ਸਾਰਾ ਬੂਹਾ ਲਾਇਆ ਗਿਆ ਸੀ ਜਿਹਦੇ ਉਰਲੇ ਤੇ ਪਰਲੇ ਪਾਸੇ ਚੌਕੀਦਾਰ ਬੈਠੇ ਰਹਿੰਦੇ ਸਨ। ਦੋਹਾਂ ਪਿੰਡਾਂ ਵਾਲੇ ਇਨ੍ਹਾਂ ਚੌਕੀਦਾਰਾਂ ਕੋਲੋਂ ਬਹੁਤ ਡਰਦੇ ਪਰ ਦੂਜਿਆਂ ਪਿੰਡਾਂ ਤੋਂ ਆਣ ਵਾਲੇ ਬਿਨਾਂ ਕਿਸੇ ਰੋਕ ਟੋਕ ਦੇ ਬੂਹੇ ਤੋਂ ਲੰਘ ਕੇ ਇਧਰ ਉਧਰ ਆਂਦੇ ਜਾਂਦੇ।

ਦੋਵੇਂ ਧਿਰਾਂ ਦੀ ਦੋਸਤੀ ਤੇ ਦੁਸ਼ਮਣੀ ਵੀ ਅਜੀਬ ਸੀ। ਨਾ ਤੇ ਉਹ ਖੁੱਲ੍ਹ ਕੇ ਇੱਕ ਦੂਜੇ ਨਾਲ਼ ਦੁਸ਼ਮਣੀ ਕਰਦੇ ਤੇ ਨਾ ਈ ਦੋਸਤੀ ਦਾ ਹੱਥ ਅੱਗੇ ਵਧਾਂਦੇ। ਕਦੀ ਕਦਾਈਂ ਉਹ ਏਨੇ ਨੇੜੇ ਆ ਜਾਂਦੇ ਕਿ ਦੂਜੇ ਪਿੰਡਾਂ ਦੇ ਵਡੇਰੇ ਹੈਰਾਨ ਰਹਿ ਜਾਂਦੇ। ਪਰ ਕਦੀ ਇੰਜ ਵੀ ਹੁੰਦਾ ਕਿ ਦੂਜੇ ਪਿੰਡੋਂ ਉੱਡ ਕੇ ਆਣ ਆਲੇ ਕਬੂਤਰ ਉੱਤੇ ਵੀ ਸੁਨੇਹਾ ਲਿਆਣ ਦਾ ਸ਼ੱਕ ਕੀਤਾ ਜਾਂਦਾ। ਖ਼ਤ ਵੰਡਦੇ ਡਾਕੀਏ ਦਾ ਝੋਲ਼ਾ ਫਰੋਲਿਆ ਜਾਂਦਾ ਤੇ ਖ਼ਤ ਲੈਣ ਆਲੇ ਨੂੰ ਵੀ ਪੁੱਛਿਆ ਜਾਂਦਾ ਕਿ ਤੈਨੂੰ ਖ਼ਤ ਕਿਉਂ ਲਿਖਿਆ ਗਿਆ ਏ? ਭਾਵੇਂ ਖ਼ਤਾਂ ਵਿਚ ਵਿਛੋੜੇ ਦੇ ਦੁੱਖ ਤੇ ਫ਼ਿਰ ਮਿਲਣ ਦੀ ਆਸ ਬਿਨਾਂ ਹੋਰ ਕੁਝ ਵੀ ਨਹੀਂ ਸੀ ਹੁੰਦਾ ਤਾਂ ਵੀ ਖ਼ਤ ਰਾਹੀਂ ਅੱਧੀ ਮਿਲਣੀ ਦੋਹਾਂ ਪਾਸਿਆਂ ਦੇ ਟੱਬਰਾਂ ਲਈ ਕਦੀ ਕਦਾਈਂ ਖ਼ੁਸ਼ੀ ਤੋਂ ਵੱਧ ਮੁਸੀਬਤ ਬਣ ਜਾਂਦੀ। ਪਰ ਕੀ ਕਰਦੇ? ਇੱਕ ਦੂਜੇ ਨਾਲ਼ ਮੇਲ ਮਿਲਾਪ ਦਾ ਹੋਰ ਰਾਹ ਵੀ ਤਾਂ ਕੋਈ ਨਹੀਂ ਸੀ। ਦੋਵਾਂ ਧਿਰਾਂ ਦੇ ਸਿਆਣੇ ਕਿਸੇ ਨਾ ਕਿਸੇ ਬਹਾਨੇ ਜਦੋਂ ਵੀ ’ਕੱਠੇ ਹੁੰਦੇ, ਦੂਜੀਆਂ ਔਕੜਾਂ ਤੋਂ ਅੱਡ ਲਾਂਘਾ ਖੋਲ੍ਹਣ ਦੀ ਗੱਲ ਜ਼ਰੂਰ ਕਰਦੇ ਪਰ ਉਨ੍ਹਾਂ ਨੂੰ ਬਹੁਤਾ ਪਸੰਦ ਨਾ ਕੀਤਾ ਜਾਂਦਾ। ਆਪਣੇ ਆਪਣੇ ਪਿੰਡਾਂ ਦੇ ਚੌਧਰੀਆਂ ਨੂੰ ਕਾਰ ਵਿਹਾਰ ਤੇ ਆਵਾਜਾਵੀ ’ਤੇ ਲੱਗੀਆਂ ਰੁਕਾਵਟਾਂ ਖ਼ਤਮ ਕਰਨ ਬਾਰੇ ਕਹਿੰਦੇ ਤਾਂ ਨਾਲ਼ ਲਗਦੇ ਚਾਰ ਪੰਜ ਪਿੰਡ ਵਾਸੀਆਂ ਨੂੰ ਖ਼ੁਸ਼ ਕਰਨ ਲਈ ਉਹ ਉਤਲੇ ਦਿਲੋਂ ਸਾਂਝੇ ਕਾਰ ਵਿਹਾਰ ਦਾ ਐਲਾਨ ਕਰ ਦਿੰਦੇ, ਪਰ ਗੱਲ ਅੱਗੇ ਤੁਰਦੀ ਤਾਂ ਦੋਹਾਂ ਧਿਰਾਂ ਵਿਚ ਫ਼ਿਰ ਕੋਈ ਪੁਆੜਾ ਪੈ ਜਾਂਦਾ ਤੇ ਨੇੜੇ ਆਉਣ ਦੀ ਥਾਂ ਦੂਰੀ ਹੋਰ ਵਧ ਜਾਂਦੀ। ਧਿਰਾਂ ਦੇ ਆਗੂ ਇੱਕ ਦੂਜੇ ਨੂੰ ਪਹਿਲਾਂ ਮਿਹਣੇ ਦਿੰਦੇ, ਫ਼ਿਰ ਲੜ ਪੈਂਦੇ ਤੇ ਅਖ਼ੀਰ, ਹਸਪਤਾਲ, ਕਾਰਖ਼ਾਨੇ ਤੇ ਸਕੂਲ ਬਨਾਣ ਦੀ ਥਾਂ ਬੰਦੂਕਾਂ ਤੇ ਬੰਬਾਂ ਦੇ ਭੰਡਾਰ ਵਿਚ ਵਾਧਾ ਕਰਨ ਲਈ ਜੁਟ ਜਾਂਦੇ। ਬਾਰੂਦ ਦੇ ਢੇਰਾਂ ਦੇ ਖ਼ਿਲਾਫ਼ ਜੇ ਕੋਈ ਪਿੰਡ ਵਾਸੀ ਗੱਲ ਕਰਦਾ ਤਾਂ ਓਹਨੂੰ ਜੇਲ੍ਹੇ ਸੁੱਟ ਦਿੱਤਾ ਜਾਂਦਾ ਜਾਂ ਓਹਦੇ ’ਤੇ ਗ਼ੱਦਾਰ ਦਾ ਠੱਪਾ ਲੱਗ ਜਾਂਦਾ।

ਕੁਝ ਸਿਆਣਿਆਂ ਨੇ ਲੋਕਾਈ ਨੂੰ ਦੱਸਿਆ ਕਿ ਬੇਸ਼ੱਕ ਸਾਡਾ ਧਰਮ ਵੱਖ ਵੱਖ ਹੈ ਪਰ ਦੋਹਾਂ ਧਰਮਾਂ ਨਾਲ ਤੇ ਹੋਰ ਵੱਖ ਵੱਖ ਧਰਮਾਂ ਨਾਲ਼ ਜੁੜੇ ਸੈਂਕੜੇ ਬੰਦੇ ਦੋਹਾਂ ਪਿੰਡਾਂ ਵਿਚ ਸਦੀਆਂ ਤੋਂ ਰਹਿੰਦੇ ਆ ਰਹੇ ਨੇ। ਜੇ ਧਰਮ ਦੇ ਨਾਂ ’ਤੇ ਅਸੀਂ ਇੱਕ ਦੂਜੇ ਨੂੰ ਮਾਰਦੇ ਰਹੇ ਤਾਂ ਧਰਮ ਨੂੰ ਕੁਝ ਨਹੀਂ ਹੋਵੇਗਾ ਸਗੋਂ ਸਾਡਾ ਈ ਨੁਕਸਾਨ ਹੋਵੇਗਾ। ਸਿਆਣਿਆਂ ਦੀ ਇੱਕ ਢਾਣੀ ਅਜਿਹੀ ਵੀ ਸੀ ਜਿਹੜੀ ਵੱਖ ਵੱਖ ਧਰਮਾਂ ਦੇ ਮੰਨਣ ਵਾਲਿਆਂ ਨੂੰ ਇੱਕ ਛਤਰੀ ਹੇਠ ’ਕੱਠਿਆਂ ਕਰ ਕੇ ਇਹ ਦੱਸਣਾ ਚਾਹੁੰਦੀ ਸੀ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ਼ ਲੜਨ ਮਰਨ ਦਾ ਸਬਕ ਨਹੀਂ ਸਿਖਾਉਂਦਾ ਸਗੋਂ ਸਾਰੀ ਇਨਸਾਨੀਅਤ ਨੂੰ ਇਕੋ ਲੜੀ ਵਿਚ ਪ੍ਰੋਅ ਲੈਂਦਾ ਏ। ਪਰ ਉਨ੍ਹਾਂ ਦੀ ਗੱਲ ਉੱਤੇ ਵੀ ਬਹੁਤੇ ਬੰਦੇ ਕੰਨ ਨਾ ਧਰਦੇ।

ਪਿੰਡ ਦੀ ਵੰਡ ਹੋਈ ਤਾਂ ਕੁਝ ਅਯਾਣੇ ਇੱਕ ਇੱਕ ਸਾਲ ਦੇ, ਕੁਝ ਉਨ੍ਹਾਂ ਦਿਨਾਂ ਵਿਚ ਈ ਜੰਮੇ ਤੇ ਕੁਝ ਉਦੋਂ ਜਵਾਨ ਸਨ। ਜਿਹੜੇ ਜਵਾਨ ਸਨ ਉਹ ਬੁੱਢੇ ਹੋ ਕੇ ਕਦੋਂ ਦੇ ਮਰ ਵੀ ਗਏ ਸਨ ਪਰ ਜੋ ਬਾਲ ਸਨ ਉਹ ਵੀ ਠੇਰੇ ਹੋ ਚਲੇ ਸਨ ਤੇ ਆਪਣੇ ਪੁਰਖਾਂ ਦੀਆਂ ਨਿਸ਼ਾਨੀਆਂ ਵੇਖਣ ਦੀ ਆਸ ਵਿਚ ਅਜੇ ਵੀ ਜਿਉਂਦੇ ਸਨ। ਦਲਬੀਰ ਨਾਂ ਦਾ ਇੱਕ ਬੱਚਾ ਉਦੋਂ ਮਾਂ ਦੀ ਕੁੱਛੜੇ ਸੀ ਪਰ ਹੁਣ ਓਹਦੀ ਉਮਰ ਸੱਤਰ ਸਾਲ ਤੋਂ ਵੀ ਵੱਧ ਸੀ। ਉਹ ਵੀ ਮਰਨੋਂ ਪਹਿਲਾਂ ਇੱਕ ਵਾਰ ਨਾਲ਼ ਦੇ ਪਿੰਡ ਵਿਚ ਜਾਣ ਨੂੰ ਤਾਂਘਦਾ ਸੀ। ਓਹਦੇ ਅਚੇਤ ਮਨ ਵਿਚ ਪਿਓ ਦਾਦੇ ਤੋਂ ਸੁਣੀਆਂ ਗੱਲਾਂ ਦੇ ਪਰਛਾਵੇਂ ਨਾਲ਼ ਨਾਲ਼ ਵੱਡੇ ਹੋਏ ਸਨ। ਉਨ੍ਹਾਂ ਸੱਚੀਆਂ ਕਹਾਣੀਆਂ ਦੇ ਪਾਤਰ ਉਹਨੂੰ ਯਾਦ ਸਨ, ਉਨ੍ਹਾਂ ਦਾ ਰਲ਼ ਜੀਣ, ਰਲ਼ ਵਸਣ ਦਾ ਉਹ ਵਿਹਾਰ ਉਸ ਤੋਂ ਵਿਸਰਿਆ ਨਹੀਂ ਸੀ। ਦੋਹਾਂ ਪਿੰਡਾਂ ਦੇ ਕਾਰ ਵਿਹਾਰ ਨੂੰ ਅੱਗੇ ਵਧਾਣ ਲਈ ਇੱਕ ਕਮੇਟੀ ਬਣੀ ਸੀ ਜਿਹਦੇ ਵਿਚ ਓਹਦੇ ਪੁੱਤ ਚੇਤਨ ਤੋਂ ਅੱਡ ਦੋਹਾਂ ਪਿੰਡਾਂ ਦੇ ਹੋਰ ਵੀ ਬਹੁਤ ਸਾਰੇ ਗੱਭਰੂ ਸਨ, ਪਰ ਨਾਲ਼ ਦੇ ਪਿੰਡ ਦਾ ਸ਼ਾਹੀਆ ਤੇ ਉਹ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ। ਉਨ੍ਹਾਂ ਦਾ ਕਾਰੋਬਾਰੀ ਢੰਗ ਵੀ ਇੱਕ ਦੂਜੇ ਨਾਲ਼ ਮਿਲਦਾ ਸੀ ਤੇ ਦੁਨੀਆ ਭਰ ਵਿਚ ਅਮਨ ਚੈਨ ਦੇ ਨਾਲ਼ ਦੋਹਾਂ ਪਿੰਡਾਂ ਦੀ ਦੋਸਤੀ ਲਈ ਵੀ ਉਹ ਦੂਜਿਆਂ ਤੋਂ ਵੱਧ ਉਤਾਵਲੇ ਸਨ। ਕਾਰ ਵਿਹਾਰ ਵਧਾਨ ਵਾਲੀ ਕਮੇਟੀ ਦੀ ਮੀਟਿੰਗ ਮਗਰੋਂ ਇੱਕ ਸੈਸ਼ਨ ਦੇ ਵਕਫ਼ੇ ਵਿਚ ਚੇਤਨ ਨੇ ਆਪਣੇ ਬੇਲੀ ਨੂੰ ਆਖਿਆ, ‘‘ਸ਼ਾਹੀਆ! ਜੋ ਕੁਝ ਹੁੰਦਾ ਰਿਹਾ ਜਾਂ ਹੁੰਦਾ ਰਹਿੰਦਾ ਏ, ਉਹਨੂੰ ਵੇਖ ਕੇ ਤਾਂ ਇੰਜ ਜਾਪਦਾ ਏ ਜਿਵੇਂ ਪਿਛਲੀਆਂ ਦੋ ਪੀੜ੍ਹੀਆਂ ਵਾਂਗ ਅਸੀਂ ਵੀ ਵੇਲੇ ਤੋਂ ਹਾਰ ਮੰਨ ਕੇ ਬੈਠ ਜਾਵਾਂਗੇ ਤੇ ਸਾਡੇ ਬੱਚੇ ਵੀ ਸਾਡੇ ਵਾਂਗੂੰ ਇੱਕ ਦੂਜੇ ਨੂੰ ਮਿਲਣ ਤੇ ਵਿਛੜਨ ਦੀਆਂ ਕਹਾਣੀਆਂ ਈ ਸੁਣਾਉਂਦੇ ਰਹਿਣਗੇ!’’
‘‘ਹਾਂ ਪਰ ਅਸੀਂ ਕੀ ਕਰ ਸਕਦੇ ਹਾਂ?’’
‘‘ਆਪਣੇ ਆਪਣੇ ਪਿੰਡ ਵਾਸੀਆਂ ਨੂੰ ਅਜਿਹੇ ਪਲੇਟਫ਼ਾਰਮ ’ਤੇ ਲਿਆ ਸਕਦੇ ਆਂ ਜੋ ਪਿੰਡ ਦੇ ਵਡੇਰਿਆਂ ’ਤੇ ਲਾਂਘਾ ਖੋਲ੍ਹਣ ਲਈ ਜ਼ੋਰ ਦੇ ਸਕਣ।’’
‘‘ਪਰ ਹੁਣ ਤਾਂ ਸਾਡੇ ਵਡੇਰੇ ਵੀ ਇਹ ਗੱਲ ਜਾਣ ਗਏ ਨੇ ਕਿ ਲਾਂਘਾ ਖੋਲ੍ਹਣ ਵਿਚ ਈ ਦੋਹਾਂ ਪਿੰਡਾਂ ਤੇ ਪਿੰਡ ਵਾਸੀਆਂ ਦਾ ਫ਼ਾਇਦਾ ਏ।’’
‘‘ਮੈਨੂੰ ਨਹੀਂ ਲੱਗਦਾ, ਸਾਡੇ ਜਿਉਂਦਿਆਂ ਇਹ ਲਾਂਘਾ ਖੁੱਲ੍ਹ ਸਕੇਗਾ। ਕਿੰਨੇ ਈ ਯਾਰਾਂ ਦੇ ਪਿਓ ਦਾਦੇ ਲਾਂਘਾ ਖੋਲ੍ਹਣ ਦੀ ਆਸ ਦਿਲ ਵਿਚ ਲੈ ਕੇ ਮਰ ਗਏ ਨੇ ਤੇ ਸਾਡੇ ਨਾਲ਼ ਵੀ ਇਹੋ ਕੁਝ ਹੁੰਦਾ ਨਜ਼ਰ ਆ ਰਿਹਾ ਏ।’’ ਸ਼ਾਹੀਏ ਦਾ ਕਹਿਣਾ ਸੀ।

ਵੱਖ ਵੱਖ ਪਰ ਇੱਕ ਦੂਜੇ ਨਾਲ਼ ਜੁੜੇ ਪਿੰਡਾਂ ਵਿਚ ਇਕੋ ਮੌਸਮ ਵਿਚ ਜਨਮ ਲੈਣ ਵਾਲੇ ਦੋਹਾਂ ਯਾਰਾਂ ਦੇ ਬੋਲ ਤਾਂ ਹਿੰਮਤ ਤੇ ਆਸ ਨਾਲ਼ ਭਰੇ ਸਨ ਪਰ ਉਨ੍ਹਾਂ ’ਤੇ ਅਮਲ ਕਰਨ ਵਾਲੇ ਘੱਟ ਤੇ ਮੁਖ਼ਾਲਫ਼ਤ ਕਰਨ ਵਾਲੇ ਵਧੇਰੇ ਸਨ। ਉਹ ਇਹ ਵੀ ਆਖਦੇ ਸਨ ਕਿ ਵੇਲੇ ਹੱਥੋਂ ਧਰਤੀ ਦੀ ਜੋ ਵੰਡੀ ਪਈ ਏ, ਇਹਨੂੰ ਮੰਨ ਲੈਣਾ ਚਾਹੀਦਾ ਏ, ਨਾ ਈ ਏਸ ਕੰਧ ਨੂੰ ਢਾਵਣ ਦੀ ਲੋੜ ਏ ਤੇ ਨਾ ਈ ਹੋਰ ਉੱਚਿਆਂ ਕਰਨ ਦਾ ਫ਼ਾਇਦਾ ਏ ਸਗੋਂ ਏਸ ਵਿਚ ਅਜਿਹੇ ਬੂਹੇ ਬਾਰੀਆਂ ਬਨਾਣ ਦੀ ਲੋੜ ਏ ਜਿਨ੍ਹਾਂ ਰਾਹੀਂ ਇੱਕ ਦੂਜੇ ਨਾਲ਼ ਗੱਲਬਾਤ ਕਰਨ ਤੇ ਆਰਪਾਰ ਜਾਣ ਦੀ ਸੌਖ ਹੋਵੇ।

ਸ਼ਾਹੀਏ ਨੇ ਈ ਆਪਣੀਆਂ ਅੱਖਾਂ ਨਾਲ਼ ਵੇਖਿਆ ਸੀ ਕਿ ਇੱਕ ਸੋਹਣੀ ਨੁਹਾਰ ਵਾਲ਼ਾ ਬਾਬਾ ਬਲਦਾਂ ਦੀ ਜੋੜੀ ਪਿੱਛੇ ਹਲ ਵਾਹੁੰਦਾ ਇਸ ਪਿੰਡ ਤੋਂ ਉਸ ਪਿੰਡ, ਤੇ ਫ਼ਿਰ ਉਸ ਤੋਂ ਵੀ ਅੱਗੇ ਆ ਜਾ ਰਿਹਾ ਸੀ। ਪਿੰਡ ਦੇ ਮੁੰਡਿਆਂ ਨੇ ਓਹਨੂੰ ਵੇਖਿਆ ਤਾਂ ਉਹ ਵੀ ਓਹਦੇ ਨਾਲ਼ ਤੁਰ ਪਏ। ਪਾਰਲੇ ਪਿੰਡੋਂ ਪਰਤ ਕੇ ਬਾਬਾ ਇਧਰ ਆਇਆ ਤਾਂ ਇਸ ਪਿੰਡ ਦੇ ਮੁੰਡੇ ਵੀ ਓਹਦੇ ਪਿੱਛੇ ਪਿੱਛੇ ਇਧਰ ਆ ਗਏ। ਓਹਦੇ ਮੂੰਹ ਉਤੇ ਏਨਾ ਨੂਰ ਸੀ ਕਿ ਕੋਈ ਵੀ ਓਹਦੇ ਵੱਲ ਸਿੱਧਾ ਨਹੀਂ ਵੇਖ ਸਕਦਾ ਸੀ। ਕਰਮਾਂ ਵਾਲੇ ਨੂੰ ਘੱਟ ਈ ਬੰਦਿਆਂ ਵੇਖਿਆ ਸੀ ਪਰ ਜਿਨ੍ਹਾਂ ਨੇ ਵੇਖਿਆ ਸੀ, ਉਹ ਸਮਝ ਨਹੀਂ ਸੀ ਸਕੇ ਕਿ ਏਸ ਪਾਸੇ ਦਾ ਏ ਜਾਂ ਉਸ ਪਾਸੇ ਦਾ ਏ ਜਾਂ ਕੋਈ ਪੀਰ, ਵਲੀ, ਅਵਤਾਰ ਹੈ ਜੋ ਦੋਹਾਂ ਪਿੰਡਾਂ ਵਿਚ ਲੱਗੇ ਬਾਰੂਦ ਦੇ ਢੇਰਾਂ ਤੇ ਰਾਹ ਵਿਚ ਲੱਗੀਆਂ ਤਾਰਾਂ ਦੀ ਪ੍ਰਵਾਹ ਕੀਤੇ ਬਿਨਾ ਧਰਤੀ ਨੂੰ ਫੁੱਲਾਂ ਤੇ ਫ਼ਸਲਾਂ ਨਾਲ਼ ਸਜਾਵਣ ਲਈ ਅੱਚਨਚਿੱਤੀ ਸਾਹਮਣੇ ਆ ਗਿਆ ਏ।

ਲਾਂਘਾ ਖੁੱਲ੍ਹਣ ਮਗਰੋਂ ਦੋਹਾਂ ਧਿਰਾਂ ਦੇ ਚੋਖੇ ਬੰਦੇ ਬਹੁਤ ਖ਼ੁਸ਼ ਸਨ ਤੇ ਇੱਕ ਦੂਜੇ ਨੂੰ ਅੱਗੇ ਵਧ ਕੇ ਜੱਫੀਆਂ ਪਾ ਰਹੇ ਸਨ। ਪਰ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗ ਰਿਹਾ ਸੀ। ਉਨ੍ਹਾਂ ਭਾਣੇ ਆਣ ਜਾਣ ਵਾਲਿਆਂ ਵਿਚ ਜਾਸੂਸ ਵੀ ਹੋ ਸਕਦੇ ਨੇ। ਕੁਝ ਦਾ ਤਾਂ ਇਹ ਵੀ ਕਹਿਣਾ ਸੀ, ਇਹਦੇ ਨਾਲ਼ ਇੱਕ ਪਿੰਡ ਦਾ ਫ਼ਾਇਦਾ ਹੋਵੇਗਾ ਪਰ ਸਿਆਣੇ ਉਨ੍ਹਾਂ ਨੂੰ ਆਖਦੇ, ‘‘ਜਿਹੜੇ ਬਾਬੇ ਸਦਕੇ ਇਹ ਲਾਂਘਾ ਖੁੱਲ੍ਹਿਆ ਏ, ਓਹਨੂੰ ਮੰਨਣ ਵਾਲੇ ਇਧਰ ਵੀ ਵਸਦੇ ਨੇ ਤੇ ਉਧਰ ਵੀ ਰਹਿੰਦੇ ਨੇ, ਸਗੋਂ ਦੁਨੀਆ ਦੀ ਹਰ ਥਾਂ ’ਤੇ ਓਨ੍ਹਾਂ ਦੀ ਵੱਖ ਪਛਾਣ ਹੈ। ਏਸ ਲਾਂਘੇ ਦਾ ਫ਼ਾਇਦਾ ਕਿਸੇ ਇੱਕ ਧਿਰ ਨੂੰ ਨਹੀਂ ਸਗੋਂ ਦੋਹਾਂ ਪਿੰਡਾਂ ਵਿਚ ਵਸਦੇ ਹਰ ਜੀਅ ਨੂੰ ਹੋਵੇਗਾ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ, ਜਾਂ ਕਬੀਲੇ ਦਾ ਕਿਉਂ ਨਾ ਹੋਵੇ।’’

ਇੱਕ ਬੁਢੜਾ ਇਹ ਸਾਰੀਆਂ ਗੱਲਾਂ ਸੁਣ ਕੇ ਚੁੱਪ ਰਹਿੰਦਾ ਤੇ ਮਾੜਾ ਜਿਹਾ ਹੱਸ ਕੇ ਅੱਗੇ ਵਧ ਜਾਂਦਾ। ਸਾਰਿਆਂ ਨੇ ਸੋਚਿਆ, ਏਸ ਝੱਲੇ ਤੋਂ ਵੀ ਪੁੱਛ ਲਈਏ ਕਿ ਲਾਂਘੇ ਦੀ ਗੱਲ ਸੁਣ ਕੇ ਇਹ ਕਿਉਂ ਚੁੱਪ ਹੋ ਜਾਂਦਾ ਏ। ਬੁੱਢੇ ਨੇ ਗ਼ਮਗ਼ੀਨ ਜਿਹਾ ਹੋ ਕੇ ਆਖਿਆ, ‘‘ਧਰਮ ਦੇ ਨਾਂ ’ਤੇ ਹੋਣ ਵਾਲੀਆਂ ਵੰਡੀਆਂ ਨੇ ਮੇਰੇ ਪਿਓ ਦਾਦੇ ਦਾ ਘਰ ਵੀ ਸਾੜ ਛੱਡਿਆ ਸੀ ਤੇ ਓਹਦੇ ਧੀਆਂ ਪੁੱਤਰ ਵੀ ਗਵਾਚ ਗਏ ਸਨ ਪਰ ਜਿਸ ਹਸਤੀ ਨੇ ਆਪਣੀ ਕਰਾਮਾਤ ਨਾਲ਼ ਵਰ੍ਹਿਆਂ ਤੋਂ ਬੰਦ ਲਾਂਘਾ ਖੋਲ੍ਹਿਆ ਏ, ਮੈਨੂੰ ਪਤਾ ਹੈ ਉਹ ਕੌਣ ਏ। ਓਹਦੀ ਸੋਚ ਬਹੁਤ ਉੱਚੀ ਏ ਤੇ ਉਹ ਸਾਰਿਆਂ ਧਰਮਾਂ ਨੂੰ ਮੰਨਦਾ ਏ, ਨਾਲੇ ਸਾਰੇ ਇਨਸਾਨਾਂ ਨੂੰ ਜ਼ਾਤਪਾਤ ਤੋਂ ਹਟ ਕੇ ਇਕੋ ਜਿਹਾ ਸਮਝਦਾ ਏ। ਤੁਸੀਂ ਓਹਦੀ ਸੋਚ ’ਤੇ ਚੱਲ ਸਕੋਗੇ?’’
ਦੋਹਾਂ ਪਿੰਡਾਂ ਦੇ ਵਾਸੀ ਲਾਂਘੇ ਵਿਚਕਾਰ ਖਲੋਤੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ