ਲਿਫ਼ਾਫ਼ੇ 'ਚ ਆਟਾ (ਕਹਾਣੀ) : ਬਲੀਜੀਤ

ਇੱਕ ਸਧਾਰਨ ਦਿਨ... ਤੇ... ਉਸ ਦਿਨ ਦੀ ਸਧਾਰਨ ਸ਼ਾਮ...

ਉਸ ਨੇ ਖਿੱਝੇ ਹੋਏ ਨੇ ਕੁੱਝ ਐਸਾ ਕਰਨ ਦਾ ਸੋਚਿਆ ਜਿਸ ਨਾਲ ਉਸ ਨੂੰ ਆਪਣੀ ਤਕਲੀਫ਼ ਦਾ ਮੁੱਢ ਲੱਭਣ 'ਚ ਸਹਾਰਾ ਮਿਲ ਸਕੇ...

ਉਸ ਦੀ ਸਭ ਤੋਂ ਵੱਡੀ ਸਾਲੀ ਜਿਸ ਦੇ ਘਰਵਾਲਾ ਫ਼ੌਜੀ ਸੀ ਨੇ ਉਹਨਾਂ ਨੂੰ ਮਿਲਣ ਆਓਣਾ ਸੀ । ਘਰਵਾਲੀ ਯਾਨੀ ਮਿਸਿਜ਼ ਦੇ ਕਹੇ ਤੋਂ ਉਹ ਬਜ਼ਾਰ ਵਿੱਚੋਂ ਖਾਣ ਪੀਣ ਰਸੋਈ ਦਾ ਸਮਾਨ ਖਰੀਦਣ ਆਇਆ ਸੀ । ਆਟਾ, ਦਾਲਾਂ, ਪਨੀਰ, ਬਿਸਕੁੱਟ । ਸਮਾਨ ਖ਼ਰੀਦ ਕੇ ਔਖਾ ਸੌਖਾ ਸਕੂਟਰ ਵਿੱਚ ਟਿਕਾ ਲਿਆ ਸੀ ਅਤੇ ਹੌਲੀ ਹੌਲੀ ਵਾਪਸ ਚੱਲ ਪਿਆ ਸੀ । ਸਕੂਟਰ ਠੀਕ ਨਹੀਂ ਸੀ ਲੱਗਿਆ ਜਾਂ ਸਮਾਨ ਬਹੁਤਾ ਸੀ, ਜਾਂ ਫਿਰ ਉਹ ਆਪ ਠੀਕ ਨਹੀਂ ਸੀ । ਕਿਤੇ ਨਾ ਕਿਤੇ ਕੁਝ ਗੜਬੜ ਜ਼ਰੂਰ ਸੀ ।

ਬੱਸ ਅੱਡੇ ਦੇ ਪਿੱਛੇ ਰੇਹੜੀਆਂ ਦੀ ਲਾਈਨ ਵਿੱਚ ਬਹੁਤ ਵੱਡੇ ਭਾਰੇ ਗੋਲ਼ ਤਵੇ ਉੱਤੇ ਵੱਜਦੇ ਖੁਰਚਣੇ ਨੇ ਉਸ ਨੂੰ ਰੋਕ ਲਿਆ । ਖੁਰਚਣੇ ਦੇ ਤਵੇ ਉੱਤੇ ਤਿੱਖਾ ਵੱਜਣ ਨਾਲ ਉਸ ਦੀ ਡੋਲਦੀ ਹੋਈ ਸਮਝ ਟੁੱਕੀ ਗਈ । ਤਵੇ ਦੀਆਂ ਬਾਹਰਲੀਆਂ ਗੁਲਾਈਆਂ ਉੱਤੇ ਸੂਰ ਦਾ ਮੀਟ ਚਿਣਿਆ ਹੋਇਆ ਸੀ । ਨੀਵੇਂ ਗੱਭ ਹੇਠ ਸਟੋਵ ਦੀ ਮੱਧਮ ਅੱਗ । ਉਪਰ ਗਾੜ੍ਹੀ ਉੱਬਲਦੀ ਤਰੀ ਵਿੱਚ ਟੱਪਦੀਆਂ ਬੋਟੀਆਂ । ਚਾਰ ਪੰਜ ਬੰਦੇ ਪਹਿਲਾਂ ਹੀ ਖੜ੍ਹੇ ਸਨ । ਉਸ ਨੂੰ ਆਪਣੀ ਵਾਰੀ ਉਡੀਕਣੀ ਪੈਣੀ ਸੀ । ਉਡੀਕ ਕਰਨੀ ਸੌਖੀ ਲੱਗੀ । ਇੱਥੇ ਕਿਸੇ ਨੂੰ ਉਸ ਦੀ ਤਕਲੀਫ਼ ਬਾਰੇ ਕੁਝ ਨਹੀਂ ਸੀ ਪਤਾ । ਉਹ ਤਕਲੀਫ਼ ਜਿਸ ਬਾਰੇ ਉਸ ਨੂੰ ਖ਼ੁਦ ਵੀ ਪੂਰਾ ਨਹੀਂ ਸੀ ਪਤਾ । ਪਰ ਡਿਪਾਰਟਮੈਂਟਲ ਸਟੋਰ ਉੱਤੇ ਤਾਂ ਉਸ ਦੀ ਫ਼ੂਕ ਹੀ ਨਿਕਲ ਗਈ ਸੀ ।

''ਸਾਬਣ... ਨਿਰੋਲ... ਕਿੱਲੋ''

''ਹੋਰ ਜੀ '', ਦੁਕਾਨਦਾਰ ਦੀ ਪੈਂਸਿਲ ਲੰਡਿਆਂ ਵਿੱਚ ਸਮਾਨ ਦੀ ਲਿਸਟ ਬਣਾ ਰਹੀ ਸੀ ।

''ਆਟਾ''

''ਕਣਕ ਦਾ?''

''ਪੰਜ ਕਿੱਲੋ''

''ਹੋਰ ਜੀ?''

''ਕਿੱਲੋ ਚੀਨੀ... ਚਾਹ ਪੱਤੀ... ਰੈੱਡ ਲੇਬਲ...''

''ਹੋਰ ਜੀ?''

''ਮੱਕੀ ਦਾ ਆਟਾ । ਵਧੀਆ ਹੋਵੇ । ਦੋ ਕਿੱਲੋ ।''

''...ਜੀ?''

''ਬੱਸ''

ਸਾਬਣ ਦੀਆਂ ਟਿੱਕੀਆਂ । ਚੀਨੀ ਦੇ ਦਾਣੇ । ਦੋਵੇਂ ਲਿਫ਼ਾਫ਼ੇ ਤੁਲ ਕੇ ਕਾਊਂਟਰ ਉੱਤੇ ਆ ਗਏ ਸਨ । ਦੁਕਾਨਦਾਰ ਨੇ ਕਣਕ ਦਾ ਆਟਾ ਵੱਡੇ ਖੜਕਦੇ ਮੋਮੀ ਲਿਫ਼ਾਫ਼ੇ ਵਿੱਚ ਪਾ ਕੇ ਤੋਲ ਦਿੱਤਾ ਸੀ... ਤੇ ਮੱਕੀ ਦਾ ਆਟਾ ਛੋਟੇ ਜਿਹੇ ਲਿਫ਼ਾਫ਼ੇ ਵਿੱਚ ਪਾਉਂਦੇ ਨੂੰ ਦੇਖ ਕੇ ਉਸ ਨੂੰ ਤਿੱਖੀ ਤਕਲੀਫ਼ ਹੋਈ ਸੀ । ਜਿਹੜੀ ਪਲਾਂ ਵਿੱਚ ਹੀ ਉਸ ਦੀ ਸਾਰੀ ਚਮੜੀ ਉੱਤੇ ਫੈਲ ਗਈ ਸੀ । ਉਹ ਊਂਈ ਹੌਲਾ ਜਿਹਾ ਹੋ ਕੇ ਹੌਲ ਗਿਆ । ਕਿਤੇ ਉਸ ਨੂੰ ਕੋਈ ਦੇਖ ਨਾ ਲਵੇ । ਦਿਲ ਕੀਤਾ ਕਿ ਫ਼ਟਾਫ਼ਟ ਚੋਰਾਂ ਵਾਂਗ ਆਪਣੇ ਲਿਫ਼ਾਫ਼ੇ ਚੁੱਕ ਕੇ ਚੁੱਪ ਚਾਪ ਗਾਇਬ ਹੋ ਜਾਵੇ । ਪਰ ਦੁਕਾਨਦਾਰ ਨੇ ਪੰਜ ਸੌ ਦੇ ਨੋਟ ਵਿੱਚੋਂ ਬਕਾਇਆ ਮੋੜ ਦੇਣ ਤੱਕ ਮੁੱਦਤ ਲਾ ਦਿੱਤੀ ਸੀ । ਦੁਕਾਨ 'ਤੇ ਆਪਣੀ ਵਾਰੀ ਉਡੀਕਦੇ ਹੋਰ ਗਾਹਕਾਂ ਨੇ ਉਸ ਨੂੰ ਤਕਲੀਫ਼ ਦਾ ਸਿਰਾ ਲੱਭਣਾ ਵੀ ਭੁਲਾ ਦਿੱਤਾ ਸੀ ।

***

''ਲਓ ਜੀ...'' ਉਸ ਦੇ ਅੱਡੇ ਹੋਏ ਹੱਥ ਉੱਤੇ ਛੋਟੀ ਜਿਹੀ ਗੋਲ਼ ਪਲੇਟ ਆ ਗਈ ਤੇ ਉਹ ਰੇਹੜੀ ਤੋਂ ਪਿੱਛੇ ਨੂੰ ਹਟ ਗਿਆ ਸੀ...

... ਇਵੇਂ ਹੀ ਇੱਕ ਰਾਤ ਉਸ ਦਾ ਬਾਪੂ ਅੱਧੀ ਕੁ ਖਾਧੀ ਹੋਈ ਮੱਕੀ ਦੀ ਰੋਟੀ ਉੱਤੇ ਫੁੱਲ ਗੋਭੀ ਦੀ ਸਬਜ਼ੀ ਹੱਥ ਉੱਤੇ ਰੱਖੀ ਉਸ ਦੇ ਮੰਜੇ ਕੋਲ ਨੂੰ ਆਇਆ ਸੀ । ਫੁੱਲ ਗੋਭੀ ਵਿੱਚੋਂ ਲਾਲ ਭਾਅ ਮਾਰੇ । ਭਾਫ਼ਾਂ ਨਿਕਲਣ । ਇੱਕ ਬੁਰਕੀ ਉਸ ਦੇ ਮੂੰਹ ਵਿੱਚ । ਦੂਜੀ ਤੋੜਦਾ ਹੋਇਆ ਬਾਪੂ ਪੂਰੇ ਸੁਆਦ ਵਿੱਚ ਸੀ । ਉਸ ਦਾ ਅੰਗ ਅੰਗ ਖੁਸ਼... ਚੁਸਤ... ਮਸਤ । ਉਹ ਰਸੋਈ ਵਿੱਚੋਂ ਆਇਆ ਸੀ ਜਿੱਥੇ ਉਸ ਦੀ ਬੀਬੀ... ਕੁਝ ਕਰਦੀ ਹੋਵੇਗੀ... ਰਸੋਈ ਦਾ ਕੰਮ... ਰੋਟੀ... ਸਬਜ਼ੀ... ਜੂਠੇ ਭਾਂਡੇ...

''ਪੜ੍ਹਦਾਂ?''

''ਆਹੋ'', ਸਕੂਲ ਵਿੱਚ ਪਾਣੀਪਤ ਦੀ ਤੀਜੀ ਲੜਾਈ ਦੇ ਸਿੱਟਿਆਂ ਬਾਰੇ ਸਬਕ ਪੂਰਾ ਨਾ ਸੁਣਾਉਣ ਕਰਕੇ ਉਸ ਨੂੰ ਭੈਣ ਜੀ ਨੇ ਚਾਂਟੇ ਮਾਰੇ ਸਨ ।

''ਸੌਂ ਜਾਂਦਾ? '', ਪਰਲੇ ਸੂਤ ਦੇ ਪਲੰਘ ਉੱਤੇ ਪਈਆਂ ਦੋਵੇਂ ਕੁੜੀਆਂ ਦੀਆਂ ਛੋਟੀਆਂ ਛੋਟੀਆਂ ਰੀਝਾਂ, ਬਰੀਕ ਬਰੀਕ ਹਾਸੀਆਂ ਵੀ ਮੁੱਕ ਚੁੱਕੀਆਂ ਸਨ ।

''ਥੋੜ੍ਹਾ ਕ ਰਹਿ ਗਿਆ'', ਸਬਕ ਅਜੇ ਵੀ ਉਸ ਨੂੰ ਵਿਚਾਲਿਓਂ ਭੁੱਲਦਾ ਸੀ ।

''ਚਲ ਪੜ੍ਹ ਲੈ'', ਰੋਟੀ ਮੁਕਾਉਂਦਾ ਬਾਪੂ ਰਸੋਈ ਵਿੱਚ ਨੂੰ ਮੁੜ ਗਿਆ ਸੀ ।

ਫੇਰ ਬਾਹਰੋਂ ਸੁੱਕੇ ਪੱਤਿਆਂ ਦੇ ਖੜਕਣ ਦੀ ਆਵਾਜ਼ ਆਉਣ ਲੱਗੀ । ਬਾਹਰ ਵਿਹੜੇ ਵਿੱਚ ਸਾਰਾ ਦਿਨ ਮੱਕੀ ਦੇ ਬੰਦਾਂ ਦਾ ਖਲਾਰਾ ਪਿਆ ਰਿਹਾ ਸੀ । ਉਸ ਨੇ ਵੀ ਸਕੂਲੋਂ ਆ ਕੇ ਬੀਬੀ ਨਾਲ ਰਲ ਕੇ ਪੰਜ ਛੇ ਬੰਦਾਂ ਵਿੱਚੋਂ ਕੁੱਕੜੀਆਂ ਕੱਢੀਆਂ ਸਨ । ਬਗਲ ਦੀ ਕੰਧ ਨਾਲ ਖੜ੍ਹੇ ਬੰਦ । ਇੱਕ ਇੱਕ ਚੁੱਕੀ ਲਿਆਉਂਦੇ । ਖੋਲ੍ਹ ਕੇ ਟਾਂਡੇ ਵਿਹੜੇ ਵਿੱਚ ਵਿਛਾ ਦਿੰਦੇ । ਵਿਛੇ ਟਾਂਡਿਆਂ ਨੂੰ ਦੋਵਾਂ ਪਾਸਿਆਂ ਤੋਂ ਚਿੰਬੜ ਜਾਂਦੇ । ਹੱਥਾਂ ਵਿੱਚ ਬੋਰੀਆਂ ਸਿਊਣ ਵਾਲੇ ਸੂਏ । ਸੂਇਆਂ ਵਿੱਚ ਮੋਟਾ ਸੇਬਾ ਪਾਇਆ ਹੁੰਦਾ । ਨਹੀਂ ਤਾਂ ਹੱਥਾਂ ਵਿੱਚੋਂ ਛੁੱਟੇ, ਗੁੰਮੇ ਸੂਏ ਲੱਭਣੇ ਮੁਸ਼ਕਲ ਹੋ ਜਾਂਦੇ । ਹਰੇਕ ਟਾਂਡੇ ਨੂੰ ਇੱਕ ਦੋ ਕੁੱਕੜੀਆਂ । ਕਿਸੇ ਨੂੰ ਤਿੰਨ ਵੀ । ਕੋਈ ਜਮਾਂ ਈ ਫੰਡਰ । ਕੁੱਕੜੀ ਦਾ ਪੜਦਾ ਪਾੜਦੇ ਤਾਂ ਦਾਣਿਆਂ ਦੀ ਭਰੀ ਮੋਟੀ ਕੁੱਕੜੀ ਨਿਕਲਦੀ । ਹੱਥ ਤੇਜ ਹੋ ਜਾਂਦੇ । ਕਿਸੇ 'ਤੇ ਦਾਣੇ ਘੱਟ ਹੁੰਦੇ । ਬਸ ਗੁੱਲਾ ਜਿਹਾ ਈ ਨਿਕਲਦਾ । ਕੁੱਕੜੀਆਂ ਨੂੰ ਹਾਰੇ ਵਾਲੇ ਖੂੰਜੇ ਵੱਲ ਨੂੰ ਵਗਾਹ ਕੇ ਮਾਰਦੇ । ਕੁਝ ਖੇਡਣ ਵਰਗਾ ਸੁਆਦ ਆਉਂਦਾ । ਖਾਲੀ ਟਾਂਡੇ ਪੈਰਾਂ ਥੱਲਿਓਂ ਪਿਛਾਂਹ ਨੂੰ ਧੱਕੀ ਜਾਂਦੇ । ਕਈ ਤਰ੍ਹਾਂ ਦੇ ਪੀਲੇ ਰੰਗਾਂ ਦੀਆਂ ਕੁੱਕੜੀਆਂ ਦਾ ਢੇਰ ਹਾਰੇ ਦੇ ਦੁਆਲੇ ਇੱਕਠਾ ਹੋ ਗਿਆ ਸੀ । ਖਾਲੀ ਟਾਂਡੇ ਬੰਨ੍ਹ ਬੰਨ੍ਹ ਕੇ ਡੰਗਰਾਂ ਵਾਲੀ ਛੰਨ ਵਿੱਚ ਸਿੱਟੀ ਜਾਂਦੇ । ਕੰਮ ਮੁੱਕ ਹੀ ਚੱਲਿਆ ਸੀ । ਕੰਧ ਨਾਲ ਹੁਣ ਦਸ ਕੁ ਬੰਦ ਹੀ ਖੜ੍ਹੇ ਰਹਿ ਗਏ ਸਨ ਕਿ ਨ੍ਹੇਰਾ ਉੱਤਰਨ ਲੱਗਿਆ ਸੀ...

ਬੀਬੀ ਹੱਥ ਝਾੜ੍ਹਦੀ ਅੰਦਰ ਨੂੰ ਆਈ ।

''ਤੂੰ ਪੜ੍ਹੀ ਚੱਲ ਪੁੱਤ... ਤੂੰ... ਪੜ੍ਹ... ਅਸੀਂ ਕੁੱਕੜੀਆਂ ਕੱਢ ਲੀਏ... ਮੁਕਾ ਦੀਏ... ਹੁਣ ਨਬੇੜ ਕੇ... ਸਵੇਰ ਨੂੰ ਧੁੱਪ ਲੁਆਉਂਗੇ...''

ਬਾਹਰ ਨੂੰ ਜਾਂਦੀ ਬੀਬੀ ਕਮਰੇ ਦਾ ਦਰਵਾਜ਼ਾ ਭੇੜਣ ਲੱਗ ਪਈ । ਦਰਵਾਜ਼ਾ ਭੇੜ ਦਿੱਤਾ । ਫਿਰ ਦਰਵਾਜ਼ੇ ਨੂੰ ਬਾਹਰ ਨੂੰ ਖਿੱਚ ਪਈ ਤੇ ਕੁੰਡੀ ਦੇ ਖੱਡ ਵਿੱਚ ਵੜਨ ਦੀ ਆਵਾਜ਼ ਆਈ । ਮਾਂ ਨੇ ਦਰਵਾਜ਼ਾ ਬਾਹਰੋਂ ਕਿਓਂ ਬੰਦ ਕਰ ਦਿੱਤਾ ਸੀ? ਗਹਿਰੀ ਚੁੱਪ ਰਾਤ ਵਿੱਚ ਬਾਹਰੋਂ ਕੁੰਡੇ ਦੇ ਖੱਡ ਵਿੱਚ ਵੜਨ ਦੀ ਆਵਾਜ਼ ਨੇ ਉਸ ਦੇ ਮਨ ਵਿੱਚ ਇੱਕ ਹਲਕਾ ਜਿਹਾ ਸੁਆਲ ਖੜ੍ਹਾ ਕਰ ਦਿੱਤਾ । ਉਹ ਕਮਰਾ ਜਿੱਥੇ ਉਸ ਦਾ ਜੀਅ ਲੱਗਿਆ ਰਹਿੰਦਾ ਸੀ, ਜਿੱਥੇ ਆ ਕੇ ਉਸ ਦੀ ਰੂਹ ਤੋਂ... ਸਾਹਾਂ 'ਤੋਂ ਸਭ ਬੋਝ ਲੱਥ ਜਾਂਦੇ ਸਨ ਓਪਰਾ ਓਪਰਾ ਲੱਗਣ ਲੱਗ ਪਿਆ ਸੀ । ਬੇਗਾਨਾ । ਇੱਕ ਕਿਸਮ ਦੀ ਕੈਦ । ਕਦੇ ਕਿਸੇ ਨੇ ਉਸ ਨੂੰ ਇੰਜ ਇਸੇ ਕਮਰੇ ਵਿੱਚ ਬੰਦ ਨਹੀਂ ਸੀ ਕੀਤਾ । ਆਖ਼ਰ ਕਿਓਂ? ਕਮਰੇ ਦਾ ਪੂਰਾ ਮਾਹੌਲ ਹੀ ਬਦਲ ਗਿਆ ਸੀ । ਅਜੀਬ ਜਿਹਾ ਹੋਇਆ ਉਹ ਆਪਣੇ ਸਬਕ ਨੂੰ ਰੱਟਾ ਮਾਰਦਾ ਰਿਹਾ । ਪਹਿਲਾਂ ਲਾਇਨਾਂ 'ਤੇ ਨਿਗ੍ਹਾ ਦੁੜਾਉਂਦਾ ਰਿਹਾ । ਫੇਰ ਹੌਲੀ ਹੌਲੀ ਬੋਲ ਕੇ ਪੜ੍ਹਨ ਲੱਗਿਆ । ਫੇਰ ਸਿਰਫ਼ ਬੁੱਲਾਂ ਤੇ ਜੀਭ ਦੇ ਹਿੱਲਣ ਨਾਲ ਹੀ ਸ਼ਬਦ ਕੰਨਾਂ ਵਿੱਚ ਵੜ੍ਹੀ ਜਾਂਦੇ । ਪਿੰਡ ਵਿੱਚ ਕਿਤੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ । ਫਿਰ ਉਹ ਵੀ ਬੰਦ ਹੋ ਗਈ । ਹੁਣ ਕਿਤੋਂ ਕੋਈ ਆਵਾਜ਼ ਨਹੀਂ ਸੀ ਆ ਰਹੀ । ਫਿਰ ਰਸੋਈ ਵਿੱਚ ਕੁਝ ਘਸਰਨ ਦੀ ਆਵਾਜ਼ ਆਈ । ਕੁੱਝ ਗਿਰਨ ਦੀ ਆਵਾਜ਼ । ਝੋਲੇ ਵਿੱਚ ਕੱਪੜੇ ਪਾਉਣ, ਕੱਢਣ ਦੀ ਆਵਾਜ਼... ਰਸੋਈ ਵਿੱਚੋਂ... ਨਹੀਂ ਨਹੀਂ, ਰਸੋਈ ਵਿੱਚੋਂ ਨਹੀਂ । ਬੀਬੀ ਬਾਪੂ ਤਾਂ ਵਿਹੜੇ ਵਿੱਚ ਬੰਦ ਕੱਢ ਰਹੇ ਸਨ ।

''ਹੂੰ... ਆ... ਆ...''

''ਹੂੰ... ਆ... ਆ...''

ਉਸ ਨੂੰ ਉਂਘ ਆਉਣ ਲੱਗੀ ਸੀ । ਕਾਪੀ ਬੰਦ ਕਰ ਦਿੱਤੀ । ਉੱਠ ਕੇ ਬਲਬ ਬੰਦ ਕਰਨ ਦੀ ਘੌਲ ਕਰ ਗਿਆ । ਰਸੋਈ ਵਿੱਚੋਂ ਹਾੌਂਕਣ... ਰੰਭਣ ਦੀ ਆਵਾਜ਼ ਆ ਰਹੀ ਸੀ ਜਿਹੜੀ ਪਤਾ ਨਹੀਂ ਕਾਹਦੀ ਹੋਵੇ । ਫੇਰ ਸਭ ਕੁੱਝ ਸਾਂਤ ਹੋ ਗਿਆ । ਅੰਦਰ ਬੈਠਾ ਉਹ ਉੱਠ ਕੇ ਕਿਸੇ ਨੂੰ ਹਾਕ ਮਾਰਨ ਜੋਗਾ ਵੀ ਨਾ ਰਿਹਾ । ਰਸੋਈ ਦਾ ਦਰਵਾਜ਼ਾ ਬੰਦ ਹੋਇਆ । ਬਾਹਰੋਂ ਦਰਵਾਜ਼ੇ ਦੇ ਦੋਵੇਂ ਪੱਲਿਆਂ ਨੂੰ ਖਿੱਚ ਪਈ । ਕੁੰਡਾ ਖੜਕਿਆ । ਦਰਵਾਜ਼ਾ ਖੁੱਲਿਆ । ਬੀਬੀ ਅੰਦਰ ਆਈ । ਉਸ ਦੇ ਮਗਰੇ ਬਾਪੂ ਨੇ ਅੰਦਰ ਵੜ੍ਹ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਢਿੱਲ੍ਹੇ ਜਿਹੇ ਹੋਏ ਚੁੱਪ ਚਾਪ ਬੱਤੀ ਬੰਦ ਕਰ ਕੇ ਆਪੋ ਆਪਣੇ ਮੰਜਿਆਂ ਵਿੱਚ ਜਾ ਵੜ੍ਹੇ । ਉਸ ਨੂੰ ਸਵੇਰੇ ਪਤਾ ਲੱਗਿਆ ਕਿ ਕੁੱਕੜੀਆਂ ਕੱਢਣ ਲਈ ਰਹਿੰਦੇ ਬੰਦ ਅਜੇ ਉਵੇਂ ਹੀ ਪਏ ਸਨ...

***

... ਸਮਾਨ ਨਾਲ ਭਰੇ ਸਕੂਟਰ ਉੱਤੇ ਟੇਢਾ ਹੋ ਕੇ, ਸਮਾਨ ਤੇ ਸਕੂਟਰ ਨੂੰ ਸੰਭਾਲਦਾ ਉਹ ਹੌਲੀ ਹੌਲੀ ਘਰ ਨੂੰ ਤੁਰ ਪਿਆ । ਪਹਿਲਾ... ਦੂਆ... ਤੀਆ ਗੇਅਰ... ਤੇ ਫਿਰ ਚੌਥਾ । ਟਾਪ ਗੇਅਰ । ਤੇਜ ਹਵਾ... ਅੱਖਾਂ ਝਪਕਦਾ... ਸਕੂਟਰ ਹੌਲੀ ਕਰ ਲਿਆ । ਤੀਸਰੇ ਗੇਅਰ ਵਿੱਚ ਲੈ ਆਂਦਾ । ਉਸ ਦੇ ਅੱਗੇ ਇੱਕ ਹੋਰ ਸਕੂਟਰ ਜਾ ਰਿਹਾ ਸੀ । ਫਿਰੋਜ਼ੀ ਰੰਗ ਦਾ ਲਿਸ਼ਕਦਾ 'ਪ੍ਰਿਆ' । ਸਕੂਟਰ ਦਾ ਪਿੱਛਾ ਗੋਲ਼ ਕਿੰਨਾ ਸੋਹਣਾ ਮਨ ਮੋਹਣਾ ਸੀ । ਉਸ ਸਕੂਟਰ ਦੀ ਆਵਾਜ਼ ਵਿੱਚ ਇੱਕ ਸੰਗੀਤ ਸੀ । ਜਿਸ ਨੂੰ ਸੁਣਨ ਲਈ ਉਸ ਨੇ ਆਪਣਾ ਸਕੂਟਰ ਹੌਲੀ ਕੀਤਾ ਅਤੇ ਉਸ ਦੇ ਪਿੱਛੇ ਹੀ ਲਾਈ ਰੱਖਿਆ । ਉਸੇ ਸਕੂਟਰ ਉੱਤੇ ਜਾ ਰਹੀ 'ਕੱਲੀ ਕੁੜੀ ਦਾ ਪਿੱਛਾ ਸਕੂਟਰ ਤੋਂ ਵੀ ਕਿਤੇ ਵੱਧ ਦਿਲਕਸ਼ ਸੀ । ਪਲਿਆ ਹੋਇਆ ਸਰੀਰ... ਪੀਲੀ ਚੁੰਨੀ... ਕਰੀਮ ਕਲਰ ਦਾ ਬਰੀਕ ਕਮੀਜ਼ । ਜਿਸ ਵਿੱਚ ਗੁਬਾਰੇ ਵਾਂਗ ਹਵਾ ਭਰ ਭਰ ਕੇ ਨਿਕਲ ਰਹੀ ਸੀ । ਉਸ ਦੀ ਨਿਗ੍ਹਾ ਹਵਾ ਦੇ ਨਾਲ ਰਲ ਕੇ ਕੁੜੀ ਦੇ ਗੁਬਾਰਾ ਬਣੇ ਕਮੀਜ਼ ਵਿੱਚ ਵੜੀ ਜਾਂਦੀ ਜਿੱਥੇ ਹੋਰ ਅੰਦਰਲੇ ਕੱਪੜੇ ਸਨ । ਜਿਨ੍ਹਾਂ ਦਾ ਰੰਗ ਹਲਕਾ ਪਿੰਕ ਸੀ ਜੋ ਉਸ ਦੀ ਗੋਰੀ ਚਮੜੀ ਨਾਲ ਚਿਪਕੇ ਹੋਏ ਸਨ । ਉਸ ਨੇ ਸਕੂਟਰ ਅਤੇ ਕੁੜੀ ਦੀ 'ਬੈਕ' ਦੇਖ ਲਈ ਸੀ... ਹੁਣ 'ਫਰੰਟ' ਦੇਖਣ ਲਈ ਉਸ ਨੇ ਸਕੂਟਰ ਤੇਜ ਕਰ ਲਿਆ... ਤੇ ਦੇਖਦਾ ਦੇਖਦਾ ਅਗਾਂਹ ਨਿਕਲ ਗਿਆ । ਉਸ ਦੇ ਮਨ ਵਿੱਚ ਇੱਕ ਵਿਚਾਰਾ ਜਿਹਾ ਬੁਲਬੁੱਲਾ ਬਣ ਕੇ ਫੁੱਟ ਗਿਆ ਸੀ... ਤੇ ਉਹ...

***

... ਸਕੂਟਰ ਤਾਂ ਸਮਾਨ ਨਾਲ ਤੂਸਿਆ ਹੋਇਆ ਸੀ ਪਰ ਉਸ ਦਾ ਦਿਮਾਗ ਉਸ ਤੋਂ ਵੀ ਬੋਝਲ, ਟੇਢਾ ਹੋਇਆ ਪਿਆ ਸੀ । ਉਸ ਨੂੰ ਆਪਣੀ ਤਕਲੀਫ਼ ਦੇ ਮੀਲ ਦਿਸਣ ਲੱਗੇ ਸਨ । ਹਰ ਮੀਲ 'ਤੇ ਲੱਗੇ ਪੱਥਰ, ਵੱਡੇ–ਛੋਟੇ... ਫਰਲਾਂਗ... ਬੋਰਡ । ਕਦੇ ਸਮਾਂ ਸੀ ਕਿ ਉਸ ਦੇ ਘਰ ਸ੍ਹਾਮਿਣਓਂ ਲੰਘਦੀ ਚੌੜੀ ਸੜਕ ਉੱਤੇ ਲੱਗੇ ਮੀਲ-ਪੱਥਰ ਬੇਅਰਥ ਸਨ । ਸੜਕ ਉੱਤੇ ਲੱਗਿਆ ਬੋਰਡ ਆਉਂਦੇ ਜਾਂਦੇ ਕਿੰਨੀ ਵਾਰ ਖੜ੍ਹ ਕੇ ਗਲਤ ਪੜਿ੍ਹਆ ਸੀ:

'ਮੇਟ ਚੇਤ ਸਿੰਘ, ਬੇਲਦਾਰ 6, ਲਵੀ 15.60 ਕੱਕਾ ਮੰਮਾ '

ਕਈ ਸਾਲ ਉਹ 'ਲੰਬਾਈ' ਨੂੰ 'ਲਵੀ' ਪੜ੍ਹਦਾ ਰਿਹਾ ਸੀ ਤੇ ਕਿ. ਮੀ. ਨੂੰ ਕੱਕਾ ਮੰਮਾ । ਕਿੰਨੀ ਦੇਰ ਬਾਅਦ ਉਹ ਲ ਨੂੰ ਟਿੱਪੀ, ਬੱਬੇ ਨੂੰ ਕੰਨਾ, ੲ ਨੂੰ ਬਿਹਾਰੀ 'ਲੰਬਾਈ' ਠੀਕ ਪੜ੍ਹਨ ਲੱਗਿਆ ਸੀ । ਜਿਵੇਂ ਹੁਣ ਉਹ ਜੀਵਨ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਦੇ ਨਵੇਂ ਕੋਰੇ ਮਤਲਬ ਕੱਢਣ ਲੱਗ ਪਿਆ ਸੀ ।

... ਉਸ ਨੇ ਉਸ ਸਫ਼ਾਈ ਕਰਨ ਵਾਲੀ ਦਾ ਚਿਹਰਾ ਯਾਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪਿਸ਼ਾਬ ਦਾ ਇੰਨਾ ਜ਼ੋਰ ਪਿਆ ਹੋਇਆ ਸੀ ਕਿ ਉਸ ਨੂੰ ਗੁਸਲਖ਼ਾਨੇ ਦਾ ਦਰਵਾਜ਼ਾ ਬੰਦ ਕਰਨਾ ਵੀ ਯਾਦ ਨਹੀਂ ਸੀ ਰਿਹਾ । ਉਸ ਦੇ ਮੂਤਣ ਦੀ ਆਵਾਜ਼... ਬਾਅਦ 'ਚ ਨਾਲਾ ਬੰਨ੍ਹ ਕੇ ਪਾਣੀ ਸਿੱਟਣ... ਪਾਣੀ ਛਲਕਣ ਦਾ ਖੜਾਕ... ਸਭ ਉਸ ਨੂੰ ਯਾਦ ਸੀ । ਪਰ ਚਿਹਰਾ ਯਾਦ ਨਹੀਂ ਸੀ ਆ ਰਿਹਾ ।

... ਉਸ ਨੂੰ ਯਾਦ ਆਇਆ... ਪਿਛਲੀ ਕੋਠੀ ਦੇ ਵਿਹੜ੍ਹੇ ਵਿੱਚ ਟੂਟੀ 'ਚੋਂ ਪਾਣੀ ਗਿਰਨ ਦੀ ਆਵਾਜ਼ ਆ ਰਹੀ ਸੀ । ਉਹ ਸਿਖਰਲੀ ਮੰਜ਼ਲ ਉੱਤੇ ਧੁੱਪ ਸੇਕ ਰਿਹਾ ਸੀ । ਛੱਤ ਦੇ ਕੋਨੇ ਵਿੱਚ ਜਾ ਕੇ ਥੱਲੇ ਨੂੰ ਦੇਖਿਆ । ਕੋਈ ਖ਼ਾਸ ਗੱਲ ਨਹੀਂ ਸੀ । ਇੱਕ ਔਰਤ ਗਾਊਨ ਪਾਈ ਕ੍ਹੋਢੀ ਹੋਈ ਕੱਪੜੇ ਧੋ ਰਹੀ ਸੀ । ਧੋ ਕੇ ਘਚੱਲ ਰਹੀ ਸੀ । ਉਹ ਛੱਤ ਉੱਤੇ ਉਵੇਂ ਈ ਪਹਿਲਾਂ ਵਾਲੀ ਥਾਂ 'ਤੇ ਆ ਕੇ ਖੜ੍ਹ ਗਿਆ ਸੀ । ਉਹ ਔਰਤ ਗਿੱਲੇ ਮਰੋੜੇ ਕੱਪੜਿਆਂ ਦੀ ਭਰੀ ਬਾਲਟੀ ਚੁੱਕੀ ਆਪਣੀ ਛੱਤ ਉੱਤੇ ਚੜ੍ਹ ਆਈ । ਕੱਪੜੇ ਛੰਡ ਕੇ ਤਾਰ 'ਤੇ ਸੁੱਕਣੇ ਪਾਉਣ ਲੱਗੀ... ਬਰਾ, ਕੱਛੀਆਂ, ਪਜਾਮੀਆਂ, ਸੂਟ , ਜੁਰਾਬਾਂ, ਜਰਸੀਆਂ । ਸੂਰਜ ਹੁਣ ਨੌਂ ਵਜੇ ਨਾਲ ਖਾਸੀ ਧੁੱਪ ਖਿੰਡਾ ਰਿਹਾ ਸੀ । ਜਦੋਂ ਉਹ ਬਾਂਹਾਂ ਚੁੱਕ ਕੇ ਕੱਪੜੇ ਤਾਰ ਉੱਤੇ ਪਾਉਂਦੀ ਤਾਂ ਪੀਲਾ ਗਾਊਨ ਉਸ ਦੇ ਸਰੀਰ ਤੋਂ ਥੋੜ੍ਹਾ ਪਰਾਂ ਹੋ ਕੇ ਲਟਕ ਰਿਹਾ ਸੀ । ਇੰਨਾ ਪਤਲਾ ਗਾਊਨ ਕਿ ਚੜ੍ਹੇ ਸੂਰਜ ਦੀਆਂ ਕਿਰਨਾਂ ਉਸ ਵਿੱਚੋਂ ਲੰਘ ਕੇ ਉਸ ਦੇ ਜਿਸਮ ਨੂੰ ਰੁਸਨਾ ਰਹੀਆਂ ਸਨ । ਸੂਰਜ ਦੀਆਂ ਕਿਰਨਾਂ ਉਸ ਦੇ ਜਿਸਮ ਤੋਂ ਗਾਊਨ ਦਾ ਧੁੰਦ ਵਰਗਾ ਪਰਦਾ ਲਾਹ ਰਹੀਆਂ ਸਨ । ਉਹ ਕਿਰਨਾਂ ਉਸ ਦੀ ਨਜ਼ਰ ਨੂੰ ਔਰਤ ਦੇ ਜਿਸਮ ਤੱਕ ਪੁੱਜਣ ਦਾ ਰਸਤਾ ਦਿਖਾ ਰਹੀਆਂ ਸਨ । ਉਹ ਅਜੇ ਵੀ ਕੱਪੜੇ ਪਾ ਰਹੀ ਸੀ । ਤਾਰ ਉੱਤੇ ਪਹਿਲਾਂ ਟੰਗੇ ਕੱਪੜਿਆਂ ਵਿੱਚੋਂ ਤੁੱਪਕੇ ਨੁੱਚੜ ਕੇ ਗਿਰਦੇ ਧੁੱਪ ਵਿੱਚ ਚਮਕ ਰਹੇ ਸਨ । ਉਸ ਦੇ ਜਿਸਮ ਦੇ ਉੱਤਲੇ ਹਿੱਸੇ ਉੱਤੇ ਗਾਊਨ ਤੋਂ ਸਿਵਾ ਹੋਰ ਕੁੱਝ ਨਹੀਂ ਸੀ । ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਅਲਫ਼ ਨੰਗੀ ਫਿਰ ਰਹੀ ਹੋਵੇ । ਉੱਥੇ ਖੜ੍ਹਾ ਉਹ ਇਸ ਨਜ਼ਾਰੇ ਨੂੰ ਥੋੜ੍ਹੀ ਦੇਰ ਹੋਰ ਲਮਕਾ ਦੇਣ ਬਾਰੇ ਸੋਚ ਹੀ ਰਿਹਾ ਸੀ ਕਿ ਇੱਕ ਦਮ ਘਬਰਾ ਕੇ ਆਪਣੇ ਬਾਥਰੂਮ ਦੇ ਓਹਲੇ ਹੋ ਗਿਆ । ਉਸ ਦੇ ਮਨ ਵਿੱਚ ਚੋਰ ਸੀ । ਔਰਤ ਨੂੰ ਪਤਾ ਨਹੀਂ ਸੀ ਲੱਗਣਾ ਚਾਹੀਦਾ । ਫੇਰ ਤਾਂ ਖੇਲ ਈ ਖ਼ਰਾਬ ਹੋ ਜਾਣੀ ਸੀ । ਚੋਰਾਂ ਵਾਂਗ ਕੰਧ ਦੀ ਨੁੱਕਰੇ ਖੜ੍ਹ ਕੇ ਦੇਖਣ ਲੱਗਾ । ਫੇਰ ਕਮਰੇ ਵਿੱਚ ਆ ਗਿਆ । ਕਮਰੇ ਵਿੱਚ ਆ ਕੇ ਬਾਹਰ ਜਾਣ ਤੇ ਧੁੱਪ ਵਿੱਚ ਖੜ੍ਹੇ ਰਹਿਣ ਦਾ ਤੇ ਉਸ ਨੂੰ ਦੇਖੀ ਜਾਣ ਦਾ ਕੋਈ ਬਹਾਨਾ ਟੋ੍ਹਲਣ ਲੱਗਾ । ਹੋਰ ਕੁਝ ਨਾ ਸੁੱਝਿਆ ਤਾਂ ਧੁੱਪ ਦੀਆਂ ਐਨਕਾਂ ਲਾ ਕੇ ਫੇਰ ਬਾਹਰ ਆ ਗਿਆ... ਪਰ ਉਹ ਆਪਣਾ ਕੰਮ ਮੁਕਾ ਕੇ ਥੱਲੇ ਉਤਰ ਚੁੱਕੀ ਸੀ...

... ਫੇਰ ਚਲਦੇ ਸਕੂਟਰ ਉੱਤੇ ਘੁੰਮਦੇ ਦਿਮਾਗ ਵਿੱਚ ਪਿਛਲੇ ਸਮਿਆਂ ਦੀ ਇੱਕ ਹੋਰ ਯਾਦ ਚਮਕਦੀ ਲੰਘ ਗਈ । ਉਹ ਕਿਸੇ ਪਿੰਡ ਵਿਆਹ ਗਿਆ ਰਾਤ ਨੂੰ ਮੁੜਿਆ ਤਾਂ ਠੰਡ ਨਾਲ ਕੰਬਦੀ ਹਾਕ ਮਾਰੀ ''ਬੀਬੀ... ਅ... ਅ... ਦਰਵਾਜਾ ਖੋਲ੍ਹ ਛੇਤੀ '' ਤੇ ਨਾਲ ਹੀ ਦਰਵਾਜ਼ੇ ਨੂੰ ਹਲਕਾ ਜਿਹਾ ਧੱਕਾ ਮਾਰ ਦਿੱਤਾ । ਧੱਕਾ ਵੱਜਦੇ ਹੀ ਦਰਵਾਜ਼ਾ ਆਪਣੇ ਆਪ ਹੀ ਖੁੱਲ੍ਹ ਗਿਆ । ਉਹ ਅੰਦਰ ਵੜਿਆ । ਨ੍ਹੇਰਾ ਈ ਨ੍ਹੇਰਾ । ਅੰਦਾਜ਼ੇ ਨਾਲ ਕੰਧ ਉੱਤੇ ਟੋਹ ਕੇ ਲੱਕੜ ਦਾ ਸਵਿੱਚ ਬੋਰਡ ਲੱਭ ਲਿਆ । ਟਿੱਕ ਕਰ ਕੇ ਬਲਬ ਬਾਲਿਆ ਤਾਂ... ਉਸ ਦਾ ਬਾਪੂ ਨੰਗਾ ਬੀਬੀ ਨੂੰ ਮੰਜੇ 'ਤੇ ਪਈ ਨੂੰ ਛੱਡ ਕੇ ਤੇਜੋ ਤੇਜ ਆਪਣੇ ਲੇਫ਼ ਵਿੱਚ ਘੁੱਸ ਗਿਆ ਸੀ । ਉਹ ਸ਼ਰਮ ਨਾਲ ਸਿਰ ਨੀਵਾਂ ਕਰੀ ਬੂਟ ਉਤਾਰਨ ਲੱਗਿਆ ਰਿਹਾ... ਤੇ ਫੇਰ ਮਾੜ੍ਹਾ ਜਿਹਾ ਮੂੰਹ ਚੁੱਕ ਕੇ ਇਹ ਦੇਖਣ ਲੱਗਿਆ ਕਿ...ਕਿ... ਹੁਣ ਕਮਰੇ ਵਿੱਚ ਕੀ ਹੋ ਚੁੱਕਿਆ ਸੀ ਤਾਂ... ਉਸ ਦੀ ਬੀਬੀ ਨੇ ਕੇਵਲ ਸੁੱਥਣ ਹੀ ਪਾਈ ਹੋਈ ਸੀ ।

''ਖਾਣਾ ਪੁੱਤ, ਕੁਸ਼ ''

''ਨਹੀਂ ''

***

...ਘਰ ਪੁੱਜ ਕੇ ਸਕੂਟਰ ਖੜ੍ਹਾਉਂਦਿਆਂ ਉਸ ਦੇ ਅੰਦਰ ਰੋਣ ਵਰਗੀ ਹਾਸੀ ਆਈ ਕਿ ਉਸ ਦੇ ਬੀਬੀ ਬਾਪੂ ਸੱਚਮੁੱਚ ਕਿੰਨੀ ਐਸ਼ ਕਰਦੇ ਸਨ... ਤੇ ਉਹ ਆਪ... । ਕਿਚਨ ਵਿੱਚ ਸਮਾਨ ਰੱਖਦਿਆਂ ਉਸ ਨੂੰ ਉਨ੍ਹਾਂ ਬੋਰੀਆਂ ਦਾ ਖ਼ਿਆਲ ਆਇਆ ਜਿਹੜੀਆਂ ਹਰ ਬਖ਼ਤ ਕਣਕ, ਮੱਕੀ, ਚੌਲਾਂ ਨਾਲ ਭਰੀਆਂ ਉਸ ਦੇ ਬਾਪ ਦੇ ਘਰ ਵਿੱਚ ਸੰਦੂਖਾਂ ਕੋਲ ਪਈਆਂ ਰਹਿੰਦੀਆਂ ਸਨ । ਮੁੱਕਦੀਆਂ ਹੀ ਨਹੀਂ ਸਨ । ਬਾਪੂ ਜਾਣੇ ਪਛਾਣੇ ਨਾਂਓਆਂ ਵਾਲੇ ਪਿੰਡਾਂ ਵਿੱਚੋਂ ਦਸ ਦਸ ਕਿੱਲੋ ਸਾਬਤੀ ਮਸਰੀ, ਕਾਲੇ ਛੋਲੇ, ਦੇਸੀ ਕਾਲੇ ਮਾਂਹ ਇਕੱਠੇ ਲਿਆ ਕੇ ਢੋਲੜੀਆਂ 'ਚ ਭਰ ਦਿੰਦਾ ਸੀ । ਗੁੜ ਦਾ ਮੱਟ । ਹੋਰ ਪਤਾ ਨਹੀਂ ਕੀ ਕੀ..., ਉਹ ਹੁਣ ਮਹੀਨੇ ਦੇ ਮਹੀਨੇ, ਕਦੇ ਹਫ਼ਤੇ ਦੇ ਹਫ਼ਤੇ 'ਰਾਸ਼ਨ' ਲਿਆਉਂਦੇ ਸਨ । ਦੋਵੇਂ ਸਰਕਾਰੀ ਮੁਲਾਜ਼ਮ ਸਨ । ਮਾਂ ਬਾਪ ਤੋਂ ਕਿਤੇ ਵੱਧ ਕਮਾਉਂਦੇ ਸਨ । ਪਿੱਛੋ ਜ਼ਮੀਨ ਦਾ ਠੇਕਾ ਵੀ ਆਉਂਦਾ ਸੀ ਤਾਂ ਵੀ ਦੋਵਾਂ ਨੇ ਆਪਣੇ ਆਪਣੇ ਮਹਿਕਮਿਆਂ, ਬੈਂਕਾਂ ਤੋਂ ਲੋਨ ਲਏ ਹੋਏ ਸਨ... ਪਲਾਟ, ਕੋਠੀ, ਕਾਰ ਦੇ ਲੋਨ । ਉਧਾਰ ਦੀ ਜ਼ਿੰਦਗੀ ਜਿਊਂਦੇ ਸਨ । ਕਿਸ਼ਤ–ਦਰ–ਕਿਸ਼ਤ ।

ਫਿਰ ਰਸੋਈ ਵਿੱਚੋਂ ਮੁੜਦਿਆਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਵੱਡੀ ਸਾਲੀ ਆਪਣੇ ਪੰਦਰਾਂ ਸਾਲ ਦੇ ਮੁੰਡੇ ਸਮੇਤ ਪਹੁੰਚ ਗਈ ਹੋਈ ਸੀ ।

''ਤੁਸੀ ਬਜ਼ਾਰ ਨੂੰ ਗਏ ਤਾਂ ਉਦੋਂ ਈ ਇਨ੍ਹਾਂ ਦਾ ਆਊਟੋ ਆ ਗਿਆ ।'' ਉਸ ਨੇ ਖ਼ਿਆਲ ਕੀਤਾ ਕਿ ਉਸ ਦੀ ਘਰਵਾਲੀ ਨੇ ਸਵੇਰੇ ਤੋਂ ਇਹ ਪੰਜਵੀਂ ਗੱਲ ਉਸ ਨਾਲ ਸਾਂਝੀ ਕੀਤੀ ਸੀ । ਨਹੀਂ ਤਾਂ ਹਫ਼ੜਾ-ਦਫ਼ੜੀ ਇੰਨੀ... ਦੋਵਾਂ ਦੇ ਦਫ਼ਤਰੀ, ਘਰੇਲੂ... ਸਾਂਝੇ, ਪਰਸਨਲ ਰੁਝੇਵਿਆਂ... ਉਲਝੇਵਿਆਂ ਦੀ ਫ਼ਹਿਰਿਸਤ ਏਨੀ ਲੰਮੀ... ਕਿ ਕਈ ਵਾਰ ਅਤੀ ਜ਼ਰੂਰੀ, ਇੰਮਪਾਟੈਂਟ ਗੱਲਾਂ ਵੀ ਭੁੱਲ ਜਾਂਦੀਆਂ । ਜਿਹੜੀਆਂ ਜਦੋਂ ਵੀ ਯਾਦ ਆਉਂਦੀਆਂ ਤਾਂ ਉਨ੍ਹਾਂ ਦਾ ਭੋਗ ਪਾਉਣ ਲਈ ਫੋਨਾਂ, ਮੁਬਾਇਲਾਂ ਦਾ ਸਹਾਰਾ ਲਿਆ ਜਾਂਦਾ ।

''ਚਲੋ ਨਿਕਲੀਏ । ਲੇਟ ਹੋ ਗਏ । ਹੋਰ ਕੋਈ ਗੱਲ ਹੋਈ ਤਾਂ ਆਪਾਂ ਫੋਨ 'ਤੇ 'ਕਨਟੈਕਟ' ਕਰ ਲਵਾਂਗੇ ।''

ਰਾਤ ਦਾ ਡਿਨਰ ਲੇਟ ਹੋ ਗਿਆ । ਸਕੀਆਂ ਭੈਣਾਂ ਦੀਆਂ ਗੱਲਾਂ ਈ ਨੀਂ ਮੁੱਕਦੀਆਂ । ਕਿਚਨ 'ਚ ਕਈ ਚੀਜ਼ਾਂ ਤਿਆਰ ਕਰਨੀਆਂ ਪਈਆਂ ।

'' ਰਹਿਣ ਦਿਓ ਤੁਸੀਂ... '', ਤਾਂ ਵੀ ਉਹ ਘਰਵਾਲੀ ਦੇ ਪਿੱਛੇ ਪਿੱਛੇ ਜੂਠੇ ਬਰਤਣ ਚੁੱਕ ਕੇ ਕਿਚਨ ਵਿੱਚ ਜਾ ਵੜਿਆ ਸੀ । ਬਰਤਣਾਂ ਦਾ ਤਾਂ ਬਹਾਨਾ ਸੀ । ਬਰਤਣ ਮਲ੍ਹਕ ਦੇ ਕੇ ਸਿੰਕ 'ਚ ਟਿਕਾਏ... ਤੇ ਨਾਲ ਹੀ ਘਰਵਾਲੀ ਦਾ ਕਮੀਜ਼ ਫੜ ਕੇ ਖਿੱਚ ਦਿੱਤਾ । ਕਮੀਜ਼ ਖਿੱਚਣ ਜਾਂ ਹੱਥ ਲਾਉਣ ਦੀ ਮੂਕ ਭਾਸ਼ਾ ਉਹ ਜਾਣਦੀ ਸੀ । ਉਹ ਤ੍ਰੱਬਕ ਕੇ ਪਰੇ੍ਹ ਹਟ ਗਈ ਸੀ । ਉਹ ਇਸ਼ਾਰਿਆਂ ਨਾਲ ਉਸ ਨੂੰ ਸਮਝਾਉਣ ਲੱਗੀ ਕਿ ਘਰ ਉਸ ਦੀ ਭੈਣ ਤੇ ਮੁੰਡਾ ਆਏ ਹੋਏ ਸਨ । ਕੋਈ ਅਕਲ ਨੀਂ ਹੈਗੀ ਤੁਹਾਨੂੰ?

''ਮੇਰੀ ਸਾਲੀ ਓ ਐ '', ਤਾਂ ਕੀ ਹੋਇਆ ਜੇ ਘਰ ਰਿਸ਼ਤੇਦਾਰ ਆਏ ਹੋਏ ਸਨ । ਆਖ਼ਰ ਉਹ ਮੀਆਂ ਬੀਵੀ ਸਨ ।

ਤਾਂ ਵੀ ਉਸ ਦੀ ਮਿਸਿਜ਼ ਦਾ ਉਸ ਪ੍ਰਤੀ ਨਿੱਘ ਪ੍ਰਤੀ ਦਿਨ ਘੱਟਦਾ, ਮੱਠਾ ਹੀ ਹੁੰਦਾ ਰਿਹਾ ਸੀ । ਜਾਂ ਉਸ ਦੀ ਲੋੜ ਹੀ ਵੱਧ ਸੀ... ਜਾਂ ਉਸ ਦੀ ਘਰਵਾਲੀ ਕਦੇ ਆਪਣੀ ਬੀਮਾਰੀ, ਕਦੇ ਥਕਾਵਟ, ਕਦੇ 'ਮੂਡ' ਨੂੰ ਇੱਕ ਦੂਜੇ ਦੇ ਵਿਚਾਲੇ ਅੜਾ ਦਿੰਦੀ ਸੀ । ਕਦੇ ਮਾਂਹਵਾਰੀ ਦੀ ਗੁਪਤ ਗੁੱਥਲੀ ਦੀ ਗੱਠ ਉਸ ਦੇ ਸਿਰ ਉੱਤੇ ਖ੍ਹੋਲ ਦਿੰਦੀ ਸੀ । ਮਾਂਹਵਾਰੀ ਦਾ ਅਲਾਰਮ, ਕਲੌਕ ਉਹ ਆਪਣੀ ਮਰਜ਼ੀ ਮੁਤਾਬਿਕ ਕਦੇ ਪਿਛਾਂਹ ਕਦੇ ਅਗਾਂਹ ਕਰ ਦਿੰਦੀ ਅਤੇ ਉਸ ਨੂੰ ਕੋਈ ਨਾ ਕੋਈ ਪੱਜ ਪਾ ਕੇ ਗਲ਼ ਤੋਂ ਲਾਹ ਦਿੰਦੀ... ਤਾਂ ਫਿਰ ਉਸ ਦੀ ਅਵਾਰਾ ਨਿਗਾਹ ਭਟਕਦੀ ਮੀਲਾਂ, ਸਾਲਾਂ, ਫਰਲਾਂਗਾਂ, ਕੋਠੀਆਂ, ਕੋਠਿਆਂ ਤੋਂ ਪਰੇ ਨਿਕਲ ਜਾਂਦੀ । ਤੇ ਉਸ ਨੂੰ ਲੱਗਦਾ ਕਿ ਸੜਕ ਉੱਤੇ ਜੰਗ ਦਾ ਖਾਧਾ ਬੋਰਡ ਭਾਵੇਂ ਉਹ ਠੀਕ ਪੜ੍ਹਦਾ ਸੀ ਤਾਂ ਵੀ ਇਬਾਰਤ ਵਿੱਚਲਾ ਪੂਰਾ ਅਸਲ ਸੱਚ ਅਜੇ ਵੀ ਉਸ ਦੀ ਪਹੁੰਚ ਤੋਂ ਬਾਹਰ, ਕੋਹਾਂ ਦੂਰ ਸੀ...

...ਉਹ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸੀ । ਉਸ ਦੀ ਇਕੱਲਤਾ ਗੁਬਾਰੇ ਵਾਂਗ ਉਸ ਦੀ ਰੂਹ ਵਿੱਚ ਫੈਲ ਰਹੀ ਸੀ । ਗੁਬਾਰੇ ਵਾਂਗ ਜਾਂ ਖਾਲੀ ਲਿਫ਼ਾਫ਼ੇ ਵਾਂਗ । ਰੱਦੀ ਅਖ਼ਬਾਰਾਂ ਦੇ ਬਣੇ ਉਸ ਖਾਲੀ ਲਿਫ਼ਾਫ਼ੇ ਵਾਂਗ ਜਿਸ ਵਿੱਚ ਬੱਚੇ ਹਵਾ ਭਰ ਕੇ ਉਸ ਦਾ ਪਟਾਕਾ ਬਜਾਉਣ ਲਈ ਕਾਹਲੇ ਹੋਣ । ਬੇ–ਸਬਰੀ ਨਾਲ ਉਸ ਦਾ ਖੜਾਕ ਸੁਣਾਉਣ ਲਈ ਬਿਹਬਲ, ਬਜਿੱਦ, ਬੇਚੈਨ ਹੋਣ ।

ਦੂਸਰੇ ਕਮਰੇ ਵਿੱਚ ਚੁੱਪ-ਚਾਂ ਹੋ ਗਈ ਸੀ । ਪਹਿਲਾਂ ਤੋਤਲੀਆਂ ਜੀਭਾਂ ਸੌਂ ਗਈਆਂ । ਫਿਰ ਜਨਾਨੀਆਂ ਦੀ ਘੁਸਰ ਮੁਸਰ ਵੀ ਹਟ ਗਈ । ਉਸ ਨੂੰ ਉਂਘ ਆਉਣ ਲੱਗੀ । ਦੂਸਰੇ ਕਮਰੇ ਵਿੱਚੋਂ ਕੁੜਤਾ ਪਜਾਮਾ ਚੁੱਕਣ ਦੇ ਬਹਾਨੇ ਗਿਆ ਉਹ ਬਾਸੀਆਂ ਮਾਰਦੀ ਆਪਣੀ ਘਰਵਾਲੀ ਨੂੰ ਇੱਕ ਵਾਰ ਫੇਰ ਹੱਥ ਮਾਰ ਕੇ ਝੰਜੋੜ ਆਇਆ ਸੀ । ਉਸ ਦੀ ਮੂਕ ਬਾਣੀ ਵਿੱਚ ਪੜ੍ਹਦੇ ਬੱਚੇ ਨੂੰ ਝਿੜਕਣ ਵਰਗੀ ਘੁਰਕੀ ਵੀ ਸੀ । ਜੋ ਆਪਣਾ ਯਾਦ ਕੀਤਾ ਪਾਠ ਭੁੱਲ ਜਾਵੇ । ਫਿਰ ਵਾਪਸ ਆ ਕੇ ਉਹ ਬਿਨਾਂ ਕੱਪੜੇ ਬਦਲਿਆਂ ਲੇਟ ਕੇ ਉਂਘਣ ਲੱਗਾ ।

'' ਓਂ... ਓਂ... ਓਂ... ਆਂ...ਆਂ ...ਆਂ ''

ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ । ਫੇਰ ਰਸੋਈ ਵਿੱਚ ਖੜਾਕ ਹੋਇਆ । ਕੋਈ ਰਸੋਈ ਵਿੱਚ ਲਿਫ਼ਾਫ਼ੇ ਫੋਲ ਰਿਹਾ ਸੀ । ਕਾਗਜ ਤੇ ਮੋਮਜਾਮੇ ਦੇ ਲਿਫ਼ਾਫਿਆਂ ਦਾ ਖੜਾਕ । ਨਾਚ । ਸ਼ਾਇਦ ਉਸ ਨੇ ਉੱਠ ਕੇ ਵੇਖਿਆ ਵੀ ਸੀ । ਉਸ ਦੀ ਘਰਵਾਲੀ ਹੀ ਸੀ । ਕੁਝ ਖਾ ਰਹੀ ਸੀ । ਭੁੱਖੀ ਹੋਵੇਗੀ । ਕੀ ਖਾ ਰਹੀ ਸੀ । ਮਿੱਠਾ । ਨਮਕੀਨ । ਬਰੈੱਡ । ਤੇ ਫਿਰ ਉਸ ਨੂੰ ਆਪਣਾ ਕੰਬਲ ਹਿੱਲਦਾ ਲੱਗਿਆ । ਹਨੇਰੇ ਵਿੱਚ ਉਸ ਨੇ ਮੁਸ਼ਕ ਤੋਂ ਹੀ ਪਛਾਣ ਲਿਆ ਕਿ ਉਹੀ ਸੀ । ਉਸ ਦੀ ਨਖ਼ਰੇਲੋ । ਉਹੀ... ਉਹੀ... ਮੂਕ ਭਾਸ਼ਾ ਦਾ ਪਾਠ । ਹਰਕਤਾਂ ਨਾਲ ਬਣਦੇ ਵਿਗੜਦੇ ਟੇਡੇ ਮੇਡੇ ਅੱਖਰ ।'ਲਵੀ 15.60 ਕੱਕਾ ਮੰਮਾ' । ਝੱਲੇ–ਝੱਲੇ... ਚੁਸਤ–ਚੁਸਤ...

ਮਘਦੀ ਅੱਗ ਵਿੱਚ ਪਾਏ ਪਾਣੀ ਵਿੱਚ ਘੁਲੀ ਸੁਆਹ ...

''ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ'' ਸਪੀਕਰ ਵਿੱਚੋਂ ਗੁਰਦੁਆਰੇ ਦੇ ਭਾਈ ਜੀ ਦੀ ਉੱਚੀ ਤਿੱਖੀ ਆਵਾਜ਼ ਨੇ ਉਸ ਨੂੰ ਸੁਪਨੇ ਦੇ ਹੁਸੀਨ ਮੰਜ਼ਰ ਵਿੱਚੋਂ ਜਗਾ ਦਿੱਤਾ ਸੀ...ਉਹ ਇਕੱਲਾ ਸੀ । ਕੋਈ ਨਹੀਂ ਸੀ ਉੱਥੇ । ਨਾ ਹੁਣ । ਨਾ ਹੀ ਪਹਿਲਾਂ । ਰਾਤ ਵਿਚਾਰੀ ਇਕੱਲੀ ਹੀ ਬੀਤ ਕੇ ਖ਼ਤਮ ਹੋ ਗਈ ਸੀ । ਉਸ ਦੇ ਨਾਲ ਵਿਆਹ ਵਿੱਚ ਮਿਲੇ ਬੈੱਡ 'ਤੇ ਸਾਲੀ ਦਾ ਮੁੰਡਾ ਸੁੱਤਾ ਪਿਆ ਸੀ । ਜਿਊਂ ਜਿਊਂ ਦਿਨ ਚੜਿ੍ਹਆ ਘਰ ਵਿੱਚ ਰੌਲਾ ਵਧਣਾ ਸ਼ੁਰੂ ਹੋ ਗਿਆ ਸੀ । ਉਸ ਦੇ ਅੰਦਰ ਖਾਲੀ ਗੁਬਾਰੇ ਵਿੱਚ ਹਵਾ ਭਰਨ ਲੱਗੀ । ਉਸ ਦੇ ਮਨ ਵਿੱਚੋਂ ਘਰੋਂ ਦੋੜ ਜਾਣ ਦਾ ਖ਼ਿਆਲ ਸ਼ੂਕਦਾ ਨਿਕਲ ਗਿਆ ਸੀ...

''ਜੀਜਾ ਸ੍ਰੀ'' ਉਸ ਦਾ ਸਾਂਢੂ ਅੱਜ ਕੱਲ੍ਹ ਕਿਰਕੀ ਪੋਸਟਡ ਸੀ । ਤਾਂ ਹੀ ਉਸ ਦੀ ਸਾਲੀ ਮੁਸ਼ਕੀ ਹੋਈ ਕੰਡੇ 'ਤੇ ਲੱਗਦੀ ਸੀ । ਨਹੀਂ ਤਾਂ ਜਦੋਂ ਫ਼ੌਜੀ ਛੁੱਟੀ ਆਉਂਦਾ ਸੀ ਤਾਂ ਹਫ਼ਤੇ 'ਚ ਈ ਫ਼ੌਜਣ ਨੂੰ ਲੇਡੀ ਡਾਕਟਰ ਕੋਲ ਜਾਣ ਜੋਗੀ ਕਰ ਦਿੰਦਾ ਸੀ ।

'' ਜੀਜਾ ਸ੍ਰੀ... ਹੋਰ ਕੀ ਹਾਲ ਐ ਤੁਹਾਡਾ ਅੱਜ ਕੱਲ,'' ਜਦ ਸਾਲੀ ਨੇ ਚਮਕਦੀਆਂ ਸ਼ਰਾਰਤੀ ਅੱਖਾਂ ਨਾਲ ਕਿਹਾ ਤਾਂ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਮਿਸਿਜ਼ ਨੇ ਆਪਣੀ ਵੱਡੀ ਭੈਣ ਨੂੰ ਕਈ ਵਾਰ ਦੱਸ ਦਿੱਤਾ ਹੋਣਾ ਕਿ 'ਇਨ੍ਹਾਂ ਨੂੰ ਤਾਂ ਚੌਵੀ ਘੰਟੇ ਇੱਕੋ ਕੰਮ ਐ' । ਜਿਸ ਤੋਂ ਉਸ ਨੂੰ ਖ਼ਿਆਲ ਆਇਆ ਕਿ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਨ੍ਹਾਂ ਦਾ ਆਪਸੀ ਰਿਸ਼ਤਾ ਕਦੇ ਐਂਜ ਸ਼ਰੇਆਮ ਹੋਣਾ ਸੀ । ਸੋਚਦਿਆਂ ਉਸ ਨੂੰ ਉਸ ਦਿਨ ਵਰਗੀ ਸ਼ਰਮ ਆਈ ਜਿਸ ਦਿਨ ਉਸ ਨੇ ਆਪਣੇ ਬਾਪ ਨੂੰ ਬਿਸਤਰੇ ਵਿੱਚ ਨੂੰ ਨੰਗਾ ਭੱਜਦੇ ਦੇਖ ਲਿਆ ਸੀ । ਉਸ ਦੀ ਮਿਸਿਜ਼ ਨੇ ਇਹ ਵੀ ਕਹਿ ਦਿੱਤਾ ਹੋਣਾ 'ਰੋਜ਼ ਉਪਰ ਚੜ੍ਹ ਕੇ ਘੰਟਾ ਘੰਟਾ ਪੱਦ ਮਾਰੀ ਜਾਂਦੇ ਐ ' ਜਾਂ 'ਇਹ ਤਾਂ ਲੜਨ ਨੂੰ ਤਿਆਰ ਈ ਰਹਿੰਦੇ ਐ । ਕਦੇ ਮੇਰੇ ਨਾਲ । ਕਦੇ ਬੱਚਿਆਂ ਨਾਲ । ਸਾਰੀ ਉਮਰ ਇਨ੍ਹਾਂ ਦੀ ਇੱਕ ਦੂਜੇ ਨਾਲ ਲੜਦਿਆਂ ਦੀ ਬੀਤੀ ਐ । ਪੇਰੈਂਟਸ ਨਾਲ ਕਦੇ ਨਹੀਂ ਬਣੀ'

ਜਾਂ ਇਹਨਾਂ ਦੀਆਂ ਆਦਤਾਂ ਬਹੁਤ ਮਾੜੀਆਂ...

ਜਾਂ ਇਹ ਤਾਂ ਜਿਸ ਚੀਜ਼ ਦੇ ਪਿੱਛੇ ਪੈ ਜਾਣ ...

ਜਾਂ... ' ਆਰਮੀ' ਵਾਲੇ ਜੀਜਾ ਜੀ ਤਾਂ ਕਿੰਨੇ ਚੰਗੇ ਐ...

ਲੜ ਤਾਂ ਉਹ ਆਪਣੀ ਮਾਂ ਨਾਲ, ਬਾਪ ਨਾਲ, ਭੈਣਾਂ ਨਾਲ ਵੀ ਪੈਂਦਾ ਸੀ । ਇੱਕ ਵਾਰ ਉਹ ਮਾਂ ਨਾਲ ਇਸ ਕਰਕੇ ਲੜ ਪਿਆ ਸੀ ਕਿ ਦੋ ਦਿਨ ਘਰ 'ਚ ਮੱਕੀ ਦੀ ਰੋਟੀ ਤੇ ਗੰਦਲਾਂ ਦਾ ਸਾਗ ਹੀ ਚਲੀ ਗਿਆ । ਨਵੀਂ ਖਰੀਦੀ ਜ਼ਮੀਨ ਵਿੱਚ ਬੋਰ ਲੱਗ ਰਿਹਾ ਸੀ । ਨਾ ਬੀਬੀ ਨੂੰ ਦਾਲ ਧਰਨ ਦੀ ਵਿਹਲ ਮਿਲੀ । ਨਾ ਬਾਪੂ ਨੂੰ ਬਜ਼ਾਰ ਜਾਣ ਦੀ... ਤੇ ਉਸ ਨੇ ਸਾਗ ਦੀ ਭਰੀ ਤੌੜੀ 'ਤੇ ਪੈਰ ਨਾਲ ਠੋਕਰ ਮਾਰ ਦਿੱਤੀ ਸੀ ।

''ਮੈਂ ਤੇਰੀ ਤੌੜੀ ਓ ਭੰਨ ਦੇਣੀ ।''

''ਮਿਲਦੀਆਂ ਦੇ ਚੋਜ ਐ ।'' ਬਾਪੂ ਵੀ ਬੋਰ ਹੇਠ ਅੜਦੇ ਪੱਥਰਾਂ ਤੋਂ ਅੱਕਿਆ ਪਿਆ ਸੀ ।

''ਰੋਜ਼ ਏ ਸਾਗ... ਕਦ ਹਟੂੰਗੇ ਸਾਗ ਤੋਂ... ਜਦ ਅਸੀਂ ਫੋਸ ਕਰਨ ਲੱਗ ਪਵਾਂਗੇ ।''

ਬਾਪੂ ਨੇ ਤੈਸ਼ ਵਿੱਚ ਆ ਕੇ, ਬੈਂਤ ਦੀ ਕੁਰਸੀ ਤੋਂ ਉੱਠ ਕੇ, ਉਸ ਨੂੰ ਮਾਂ ਦੀ ਗਾਲ਼ ਕੱਢੀ ਸੀ ।

''ਸਲਾ ਫੋਸ ਦਾ । ਅਜੇ ਤਾਂ ਮਾਂ ਬਾਪ ਦੇ ਸਿਰ 'ਪਰ ਐਸ਼ ਕਰਦਾ... ਤੂੰ... ਜਦ ਪਤਾ ਲੱਗੂ ਜਦ ਆਪ ਸਭ ਕੁਸ਼ ਕਰਨਾ ਪਊ । ਕਮਾਉਣਾ, ਪਕਾਉਣਾ ਪਊ । ਜਦ ਲਿਆਏ ਕਰੂੰਗਾ ਮੱਕੀ ਦਾ ਆਟਾ, ਬਜ਼ਾਰ ਤੋਂ... ਲਫਾਫੇ 'ਚ... ਪੁੱਤ ਮੇਰਿਆ... ਫੇਰ ਪਤਾ ਲੱਗੂ ।''

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ