Likhari (Bangla Story in Punjabi) : Rabindranath Tagore

ਲਿਖਾਰੀ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਲਿਖਨਾ ਆਉਂਦਿਆਂ ਹੀ ਮੋਤੀ ਨੇ ਬਹੁਤ ਤੰਗ ਕਰਨਾ ਸ਼ੁਰੂ ਕਰ ਦਿਤਾ, ਮਕਾਨ ਦੀ ਹਰ ਕੰਧ ਤੇ ਕੋਲੇ ਨਾਲ ਪੁਠੀਆਂ ਸਿਧੀਆਂ ਲਕੀਰਾਂ ਮਾਰ ਕੇ ਲਿਖ ਦੀ ਰਹਿੰਦੀ !

"ਮੀਂਹ ਵਸਦਾ ਹੈ, ਪਤੇ ਹਿਲਦੇ ਹਨ।" ਉਸਦੀ ਮਾਂ ਪੜ੍ਹੀ ਹੋਈ ਸੀ, ਉਸਦੀ ਸਰ੍ਹਾਂਦੀ ਦੇ ਥਲੇ ਭਗਵਤ ਦੀ ਪੋਥੀ ਰਖੀ ਹੁੰਦੀ ਸੀ, ਮੋਤੀ ਨੇ ਉਸ ਨੂੰ ਲੱਭ ਕੇ ਉਸ ਦੇ ਸਾਰੇ ਸਫਿਆਂ ਉਤੇ ਲਿਖ ਦਿਤਾ।
"ਮਾਤਾ ਪਿਤਾ ਦਾ ਕਹਿਣਾ ਮੰਨੋ।"

ਪਿਤਾ ਦੀ ਬੈਠਕ ਵਿਚ ਵਡਾ ਕਲੰਡਰ ਲਟਕ ਰਿਹਾ ਸੀ ਮੋਤੀ ਨੇ ਉਸ ਉਤੇ ਹਰ ਇਕ ਜਗ੍ਹਾ ਤੇ ਵਡੇ ਵਡੇ ਅਖਰ ਲਿਖ ਕੇ ਖਰਾਬ ਕਰ ਦਿਤਾ, ਪਿਤਾ ਜਿਸ ਕਾਪੀ ਉਤੇ ਰੋਜ਼ ਹਿਸਾਬ ਕਰਦੇ ਸਨ ਉਸ ਨੂੰ ਕਢ ਕੇ ਹਰ ਇਕ ਥਾਂ ਲਿਖ ਦਿਤਾ।
"ਜੋ ਪੜ੍ਹਦਾ ਹੈ, ਉਹ ਗੱਡੀ ਚੜ੍ਹਦਾ ਹੈ।"

ਇਸ ਤਰ੍ਹਾਂ ਦੀਆਂ ਸਹਿਤਿਯ ਗੱਲਾਂ ਵਿਚ ਮੋਤੀ ਅਜੇ ਰੁਝੀ ਹੋਈ ਸੀ, ਉਸਨੂੰ ਕਿਸੇ ਨੇ ਝਿੜਕ ਤਕ ਨਹੀਂ ਸੀ ਦਿਤੀ, ਮੋਤੀ ਦੇ ਪਿਤਾ ਮੁਰਲੀ ਮਨੋਹਹ ਬੜੇ ਸਿਧੇ ਅਤੇ ਭੋਲੇ ਭਾਲੇ ਸਨ ਪਰ ਅਖਬਾਰੀ ਦੁਨੀਆਂ ਵਿਚ ਉਨ੍ਹਾਂ ਦਾ ਵੱਡਾ ਨਾਂ ਸੀ, ਰੋਜ਼ ਪ੍ਰਸਤਾਵ ਛਪਦੇ ਹੁੰਦੇ ਸਨ, ਉਨ੍ਹਾਂ ਦੀ ਗਲ ਬਾਤ ਤੋਂ ਇਸ ਗਲ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਇਕ ਮੰਨੇ ਧੰਨੇ ਲੇਖਕ ਹਨ ।

ਯੂਰਪ ਦੇ ਸਾਇੰਸਦਾਨਾਂ ਵਿਚ ਜਿਸਮਾਨੀ ਖੋਜ ਲਈ ਇਕ ਸੰਦੇਹ ਪੈਦਾ ਹੋ ਗਿਆ, ਮੁਰਲੀ ਮਨੋਹਰ ਨੇ ਕੁਝ ਪਤਾ ਕਰ ਕੇ ਉਸੇ ਬਾਰੇ ਇਕ ਪ੍ਰਸਤਾਵ ਲਿਖਿਆ, ਮੋਤੀ ਨੇ ਪਿਤਾ ਦੇ ਪਿਛੋਂ ਹੀ ਦੁਪਹਿਰ ਵੇਲੇ ਕਲਮ ਦਵਾਤ ਲੈ ਕੇ ਉਸੇ ਪ੍ਰਸਤਾਵ ਦੇ ਹਰ ਇਕ ਸਫੇ ਉਤੇ ਕਈ ਜਗ੍ਹਾ ਮੋਟੇ ਮੋਟੇ ਅਖਰਾਂ ਵਿਚ ਲਿਖਿਆ, "ਮਾਧੋ ਬੜਾ ਚੰਗਾ ਮੁੰਡਾ ਹੈ, ਉਸਨੂੰ ਜੋ ਚੀਜ਼ ਮਿਲਦੀ ਹੈ, ਉਹ ਹੀ ਖਾਂਦਾ ਹੈ ।"

ਸਾਨੂੰ ਇਹ ਪਤਾ ਨਹੀਂ, ਕਿ ਮੋਤੀ ਨੇ ਕਿਉਂ ਮੁਰਲੀ ਮਨੋਹਰ ਦੇ ਉਸ ਪ੍ਰਸਤਾਵ ਦੇ ਪਾਠਕਾਂ ਉਤੇ ਮਾਧੋ ਦਾ ਜ਼ਿਕਰ ਕੀਤਾ ਪਰ ਮੁਰਲੀ ਮਨੋਹਰ ਦੇ ਗੁਸੇ ਦੀ ਹਦ ਹੋ ਗਈ।

ਪਹਿਲਾਂ ਉਸ ਨੇ ਮੋਤੀ ਨੂੰ ਖੂਬ ਮਾਰਿਆ ਫੇਰ ਉਸ ਕੋਲੋਂ ਉਸਦੀ ਪੈਨਸਿਲ, ਸ਼ਾਹੀ ਨਾਲ ਭਰੀ ਹੋਈ ਟੁਟੀ ਫੁਟੀ ਕਲਮ, ਅਤੇ ਉਸਦਾ ਪਿਆਰਾ ਬਸਤਾ ਖੋਹ ਲਿਆ, ਐਨੀ ਵਡੀ ਬੇ-ਇਜ਼ਤੀ ਤੋਂ ਪਿਛੋਂ ਮਾਸੂਮ ਕੁੜੀ ਇਸ ਮਾਰ ਦੀ ਵਜਾ ਨਾ ਸਮਝ ਸਕੀ, ਅਤੇ ਇਕ ਨੁਕਰੇ ਬੈਠ ਕੇ ਰੋਣ ਲਗੀ । ਥੋੜੀ ਦੇਰ ਪਿਛੋਂ ਮਰਲੀ ਮਨੋਹਰ ਦਾ ਗੁਸਾ ਠੰਡਾ ਹੋ ਗਿਆ, ਕ੍ਰੋਧ ਆਦਮੀ ਨੂੰ ਅੰਨਾ ਕਰ ਦਿੰਦਾ ਹੈ, ਅਤੇ ਉਸਨੂੰ ਕੁਝ ਨਹੀਂ ਸੁਝਦਾ, ਇਹੋ ਹਾਲ ਮੁਰਲੀ ਮਨੋਹਰ ਦਾ ਹੋਇਆ, ਪਰ ਹੁਣ ਜਦੋਂ ਗੁਸਾ ਲੱਥ ਗਿਆ, ਤਾਂ ਆਪਣੀ ਵਧੀਕੀ ਤੇ ਆਪ ਹੀ ਪਛਤਾਉਣ ਲੱਗਾ, ਮੋਤੀ ਨੂੰ ਉਸਦੀਆਂ ਖੋਈਆਂ ਹੋਈਆਂ ਸਾਰੀਆਂ ਚੀਜ਼ਾਂ ਮਿਲ ਗਈਆਂ ਇਹ ਸਭ ਕੁਝ ਛਡ ਕੇ ਨਾਲ ਇਕ ਲਕੀਰਾਂ ਵਾਲੀ, ਜਿਲਦ ਵਾਲੀ ਕਾਪੀ ਇਨਾਮ ਵਜੋਂ ਮਿਲੀ, ਮੋਤੀ ਬਹੁਤ ਖੁਸ਼ ਹੋਈ, ਹੁਣ ਉਸਦੇ ਪੈਰ ਧਰਤੀ ਤੋਂ ਇਕ ਫੁਟ ਉਚੇ ਸਨ।

ਇਸ ਵੇਲੇ ਮੋਤੀ ਦੀ ਉਮਰ ਸਿਰਫ ਸਤ ਸਾਲ ਦੀ ਸੀ, ਉਸਨੂੰ ਜਿਸ ਦਿਨ ਕਾਪੀ ਮਿਲੀ, ਉਸੇ ਦਿਨ ਤੋਂ ਉਹ ਉਸਨੂੰ ਹਰ ਵੇਲੇ, ਆਪਣੀ ਕੱਛ ਵਿਚ ਯਾ ਹਥ ਵਿਚ ਅਤੇ ਰਾਤੀਂ ਸੌਣ ਲੱਗੀ ਸਰ੍ਹਾਨੇ ਦੇ ਥਲੇ ਰਖਦੀ, ਛੋਟੀ ਜਹੀ ਗੁੱਤ ਕਰ ਕੇ ਜਦੋਂ ਮੋਤੀ ਮਾਈ ਨਾਲ ਸਕੂਲ ਜਾਂਦੀ ਤਾਂ ਕਾਪੀ ਉਸ ਦੇ ਬਸਤੇ ਵਿਚ ਹੁੰਦੀ, ਇਸ ਕਾਪੀ ਨੂੰ ਵੇਖ ਕੇ ਕੋਈ ਕੁੜੀ ਸੜਦੀ ਹੁੰਦੀ ਕਿਸੇ ਨੂੰ ਲਾਲਚ ਅਤੇ ਕਿਸੇ ਨੂੰ ਗੁੱਸਾ ਆਉਂਦਾ।

ਪਹਿਲੇ ਸਾਲ ਬੜੀ ਕੋਸ਼ਸ਼ ਨਾਲ ਮੋਤੀ ਨੇ ਕਾਪੀ ਵਿਚ ਲਿਖਿਆ।
"ਚਿੜੀ ਬੋਲਣ ਲੱਗੀ, ਸਵੇਰਾ ਹੋ ਗਿਆ ।"

ਮੋਤੀ ਕਮਰੇ ਦੇ ਫਰਸ਼ ਤੇ ਕਾਪੀ ਨੂੰ ਕੋਲ ਰਖ ਕੇ ਉਚੀ ਅਵਾਜ਼ ਨਾਲ ਪੜ੍ਹਦੀ ਅਤੇ ਲਿਖਦੀ, ਇਸ ਤਰ੍ਹਾਂ ਉਸ ਕਾਪੀ ਵਿਚ ਬਹੁਤ ਸਾਰੀਆਂ ਕਵਿਤਾ ਅਤੇ ਪ੍ਰਸਤਾਵ ਲਿਖੇ ਗਏ, ਕਈ ਸ਼ਾਇਰਾਂ ਦੀਆਂ ਕਹਾਣੀਆਂ ।

ਦੂਸਰੇ ਸਾਲ ਕਿਧਰੇ ਕਿਧਰੇ ਇਕ ਦੋ ਖੁਲ੍ਹੇ ਪ੍ਰਸਤਾਵ ਵੀ ਦਿਸਦੇ ਸਨ, ਉਹ ਬੜੇ ਛੋਟੇ ਅਤੇ ਸਮਝ ਵਾਲੇ ਸਨ ਨਾ ਭੂਮਿਕਾ ਨਾ ਹੀ ਮੁਖ ਬੰਦ ਸੀ, ਉਨ੍ਹਾਂ ਵਿਚੋਂ ਇਕ ਦੋ ਪ੍ਰਸਤਾਵ ਇਥੇ ਲਿਖੇ ਜਾਂਦੇ ਹਨ । ਕਾਪੀ ਵਿਚ ਜਿਥੇ ਇਸ ਨੇ "ਰਹੀਮ ਦੇ" ਕੁਝ ਦੋਹੇ ਨਕਲ ਕੀਤੇ ਸੀ, ਉਥੇ ਉਨ੍ਹਾਂ ਦੇ ਥਲੇ ਹੀ ਇਕ ਇਹ ਲੈਣ ਨਜ਼ਰ ਆਈ, ਕਿਉਂਕਿ ਇਹ ਪ੍ਰਸਤਾਵ ਕਿਸੇ ਦੂਸਰੀ ਕਿਤਾਬ ਵਿਚ ਨਹੀਂ ਲਿਖਿਆ ਗਿਆ।

"ਮੈਂ ਗੌਰੀ ਨੂੰ ਬਹੁਤ ਪਿਆਰ ਕਰਦੀ ਹਾਂ ?" ਕੋਈ ਇਹ ਨਾ ਸਮਝੇ ਕਿ ਗੌਰੀ ਕੋਈ ਮੁੰਡਾ ਯਾ ਯਾਰਾਂ ਬਾਰਾਂ ਸਾਲ ਦੀ ਕੁੜੀ ਹੋਵੇਗੀ, ਗੌਰੀ ਇਕ ਬਿੱਲੀ ਸੀ, ਅਤੇ ਉਸਨੂੰ ਮੋਤੀ ਨੇ ਆਪ ਹੀ ਪਾਲਿਆ ਸੀ, ਪਰ ਏਹ ਨਹੀਂ ਸਮਝਣਾ ਚਾਹੀਦਾ, ਕਿ ਮੋਤੀ ਗੌਰੀ ਨੂੰ ਸਚਮੁਚ ਬਹੁਤ ਪਿਆਰ ਕਰਦੀ ਸੀ ਕਿਉਂਕਿ ਦੂਸਰੇ ਸਫੇ ਤੇ ਮੋਤੀ ਨੇ ਗੌਰੀ ਦੇ ਮਰ ਜਾਣ ਲਈ ਬੇਨਤੀ ਕੀਤੀ ਸੀ, ਮੋਤੀ ਦੇ ਪ੍ਰਸਤਾਵ ਵਿਚ ਭਾਵੇਂ ਉਹ ਕਵਿਤਾ ਯਾ ਕਹਾਣੀ ਸੀ ਪਰ ਬਹੁਤ ਫਰਕ ਨਜ਼ਰ ਆਉਂਦਾ ਸੀ ਇਕ ਜਗ੍ਹਾ ਲਿਖਿਆ ਸੀ।
"ਪੰਨਾ ਨਾਲ ਸਦਾ ਲਈ ਲੜਾਈ"
ਇਸਤੋਂ ਪਿਛੋਂ ਥੋੜੀ ਦੂਰ ਇਹੋ ਜਿਹੀ ਗਲ ਲਿਖੀ ਸੀ, ਜਿਸ ਤੋਂ ਪਤਾ ਲਗਦਾ ਸੀ "ਪੰਨਾਂ ਦੇ ਤੁਲ ਇਸਦੀ ਹੋਰ ਕੋਈ ਪਿਆਰੀ ਸਹੇਲੀ ਨਹੀਂ।"

ਤੀਸਰੇ ਸਾਲ ਨੌਂ ਸਾਲ ਦੀ ਉਮਰ ਵਿਚ ਮੋਤੀ ਦਾ ਵਿਆਹ ਮੁਕੱਰਰ ਹੋ ਗਿਆ, ਵਿਆਹ ਦੀ ਧੁਮ ਪੈ ਗਈ, ਮੋਤੀ ਦੇ ਪਤੀ ਦਾ ਨਾਮ ਨਰਿੰਜਨ ਸੀ, ਓਹ ਵੀ ਪ੍ਰਸਤਾਵ ਲਿਖਾਰੀ ਅਤੇ ਉਮਰ ਥੋੜੀ ਹੋਨ ਦੇ ਬਾਦ ਵੀ ਮੁਰਲੀ ਮਨੋਹਰ ਦੇ ਸਾਥੀਆਂ ਵਿਚ ਸੀ, ਨਰਿੰਜਨ ਨੇ ਥੋੜੀ ਬਹੁਤੀ ਅੰਗ੍ਰੇਜ਼ੀ ਵੀ ਪੜੀ ਸੀ, ਪਰ ਉਸ ਦੇ ਦਿਮਾਗ ਵਿਚ ਨਵੇਂ ਫੈਸ਼ਨ ਦੀ ਬੋ ਬਿਲਕੁਲ ਨਹੀਂ ਸੀ ਪਹੁੰਚੀ।

ਇਸ ਕਰਕੇ ਗਲੀ ਦੇ ਲੋਕ ਸਦਾ ਉਸ ਦੀ ਤਾਰੀਫ ਦੇ ਪੁਲ ਬੰਨਦੇ ਸਨ। ਮੋਤੀ ਰੋਂਦੀ ਰੋਂਦੀ ਸਹੁਰੇ ਚਲੀ, ਮਾਂ ਨੇ ਕਿਆ "ਧੀਏ, ਸੱਸ ਦਾ ਕਹਿਨਾ ਮੰਨੀ ਘਰ ਦਾ ਕੰਮ ਕਾਜ ਕਰੀਂ, ਸਾਰਾ ਦਿਨ ਪੜ੍ਹਨ ਵਿਚ ਧਿਆਨ ਨਾ ਰਖੀਂ ।
ਮੁਰਲੀ ਮਨੋਹਰ ਨੇ ਮੋਤੀ ਨੂੰ ਕੋਲ ਬਠਾ ਕੇ ਪਿਆਰ ਭਰੀ ਅਵਾਜ਼ ਨਾਲ ਕਿਹਾ ।
"ਉਥੇ ਕੰਧਾਂ ਉਤੇ ਕੋਲੇ ਨਾਲ ਨਾ ਲਿਖੀਂ, ਓਹ ਇਹੋ ਜਿਹਾ ਘਰ ਨਹੀਂ, ਅਤੇ ਨਾਹੀਂ ਕੋਈ ਕਾਪੀ ਹੀ ਖਰਾਬ ਕਰੀਂ, ਨਰਿੰਜਨ ਦੇ ਕਿਸ ਕਾਗਜ਼ ਉੱਤੇ ਨਾ ਲਿਖੀਂ।"
ਕੁੜੀ ਦਾ ਦਿਲ ਕੰਬ ਗਿਆ, ਤਦ ਉਸਨੂੰ ਪਤਾ ਲਗਾ, ਕਿ ਓਹ ਜਿਥੇ ਜਾ ਰਹੀ, ਉਥੇ ਉਸਨੂੰ ਕੋਈ ਮਾਫ ਨਹੀਂ ਕਰੇਗਾ ।
ਘਰ ਦੀ ਮਹਿਰੀ ਵੀ ਮੋਤੀ ਦੇ ਨਾਲ ਕੁਝ ਦਿਨਾਂ ਤਕ ਉਸ ਦਾ ਦਿਲ ਲਾਉਣ ਲਈ ਉਸਦੇ ਨਾਲ ਗਈ।

ਬਹੁਤ ਕੁਝ ਸੋਚ ਸਮਝਕੇ ਮੋਤੀ ਓਹ ਕਾਪੀ ਵੀ ਆਪਣੇ ਨਾਲ ਲੈ ਗਈ, ਕਿਉਂਕਿ ਓਹ ਮੋਤੀ ਦੇ ਪੇਕੇ ਦੀ ਯਾਦਗਾਰ ਸੀ ਉਸ ਨੂੰ ਆਪਣੇ ਪੇਕਿਆਂ ਦੀਆਂ ਨਾ ਭੁਲਨ ਵਾਲੀਆਂ ਯਾਦਾ, ਮਾਤਾ ਪਿਤਾ ਦੀ ਗੋਦ ਦਾ ਇਕ ਛੋਟਾ ਜਿਹਾ ਇਤਹਾਸ ਸਮਝਨਾ ਚਾਹੀਦਾ ਹੈ ਇਸ ਵਿਚ ਬਹੁਤ ਗਲਤ ਮਲਤ ਅਖਰਾਂ ਵਿਚ ਮੋਤੀ ਦੇ ਦਿਲ ਦੀਆਂ ਬੇਅੰਤ ਗਲਾਂ ਲਿਖੀਆਂ ਹੋਈਆਂ ਸਨ।

ਸਾਹੁਰੇ ਜਾਕੇ ਪਹਿਲਾ ਤਾਂ ਮੋਤੀ ਨੇ ਕੁਝ ਦਿਨ ਲਿਖਿਆ ਹੀ ਨਾ ਅਤੇ ਨਾ ਹੀ ਵੇਹਲ ਮਿਲਿਆ,ਫੇਰ ਕੁਝ ਦਿਨਾਂ ਪਿਛੋਂ ਮਹਿਰੀ ਚਲੀ ਗਈ।
ਇਕ ਦਿਨ ਮੋਤੀ ਨੇ ਦੁਪਹਿਰ ਨੂੰ ਕਮਰੇ ਦੀ ਬਾਰੀ ਬੰਦ ਕਰਕੇ ਟਰੰਕ ਵਿਚੋਂ ਓਹ ਕਾਪੀ ਕੱਢੀ ਅਤੇ ਉਸ ਵਿਚ ਰੋਂਦੇ ਰੋਂਦੇ ਲਿਖਿਆ ।
"ਮਾਲਤੀ ਘਰ ਚਲੀ ਗਈ, ਮੈਂ ਵੀ ਮਾਂ ਦੇ ਕੋਲ ਜਾਵਾਂਗੀ ।"

ਅਜ ਕਲ ਕਿਸੇ ਕਿਤਾਬ ਵਿਚੋਂ ਕੁਝ ਉਤਾਰਨ ਦੀ ਵੇਹਲ ਨਹੀਂ ਮਿਲਦੀ, ਇਹੋ ਕਾਰਨ ਹੈ ਕਿ ਹੁਣ ਕੁੜੀ ਦੇ ਆਪਣੇ ਪ੍ਰਸਤਾਵ ਬਹੁਤ ਦੂਰ ਨਹੀਂ ਦਿਸਦੇ ਪਰ ਨੰਬਰਵਾਰ ਤੁਰੀ ਜਾਂਦੇ ਹਨ ਪਹਿਲੀ ਲੈਨ ਦੇ ਪਿਛੋਂ ਹੀ ਉਸਦੀ ਕਾਪੀ ਵਿਚ ਲਿਖਿਆ ਸੀ, "ਪਿਤਾ ਜੇ ਘਰ ਲੈ ਜਾਨ, ਤਾਂ ਮੈਂ ਕਦੀ ਉਨ੍ਹਾਂ ਦੇ ਕਾਗਜ਼ ਖਰਾਬ ਨਾ ਕਰਾਂਗੀ।"

ਸ਼ਾਇਦ ਕਦੀ ਕਦੀ ਮੋਤੀ ਦੀ ਮਾਂ ਉਸ ਨੂੰ ਆਪਣੇ ਘਰ ਲਜਾਨਾ ਚਾਹੁੰਦੀ ਹੈ, ਪਰ ਮੁਰਲੀ ਮਨੋਹਰ, ਅਤੇ ਨਰਿੰਜਨ ਦੋਵੇਂ ਹੀ ਇਸ ਗਲ ਦੇ ਬਿਲਕੁਲ ਵਿਰੁਧ ਹਨ ।

ਮੁਰਲੀ ਮਨੋਹਰ ਕਹਿੰਦੇ ਹਨ ਕਿ "ਇਹ ਤਾਂ ਪਤੀ ਭਗਤੀ ਸਿਖਾਨ ਦਾ ਵੇਲਾ ਹੈ ਇਸ ਵੇਲੇ ਉਸ ਨੂੰ ਸੌਹਰਿਓਂ ਲਿਆਨਾ ਠੀਕ ਨਹੀਂ।
ਇਸ ਗਲ ਤੇ ਮੁਰਲੀ ਮਨੋਹਰ ਨੇ ਉਪਦੇਸ਼ ਨਾਲ ਭਰਿਆ ਹੋਇਆ ਇਕ ਬਹੁਤ ਚੰਗਾ ਪ੍ਰਸਤਾਵ ਲਿਖਿਆ, ਕਿ ਉਸਦੇ ਆਪਣੇ ਸਾਥੀ ਇਸਦੀ ਇਜ਼ਤ ਅਤੇ ਸਚਾਈ ਦਿਲ ਨਾਲ ਮੰਨ ਗਏ ।

ਇਕ ਦਿਨ, ਕੁੜੀ ਬੂਹਾ ਬੰਦ ਕਰ ਕੇ ਆਪਣੇ ਕਮਰੇ ਵਿਚ ਉਸੇ ਕਾਪੀ ਉੱਤੇ ਐਹੋ ਜਹੀ ਕੋਈ ਗਲ ਲਿਖ ਰਹੀ ਸੀ, ਉਸ ਦੀ ਨਨਾਣ ਬੇਲਾ ਨੂੰ ਬੰਦ ਬੂਹੇ ਦੇ ਅੰਦਰ ਦਾ ਦ੍ਰਿਸ਼ ਵੇਖਣ ਦੀ ਬੜੀ ਚਾਹ ਹੋਈ, ਉਸ ਦੇ ਦਿਲ ਵਿਚ ਖਿਆਲ ਆਇਆ, ਭਾਬੀ ਬੂਹਾ ਬੰਦ ਕਰ ਕੇ ਕੀ ਕਰ ਰਹੀ ਹੈ । ਦੇਖਣਾ ਚਾਹੀਦਾ ਹੈ, ਉਸ ਨੇ ਬੂਹੇ ਦੇ ਛੇਕ ਨਾਲ ਅੱਖ ਲਾ ਕੇ ਵੇਖਿਆ,ਉਹ ਲਿਖ ਰਹੀ ਸੀ, ਦੇਖ ਕੇ ਉਹ ਹੈਰਾਨ ਰਹਿ ਗਈ, ਉਸ ਕਮਰੇ ਵਿਚ ਇਸ ਤਰਾਂ ਲੁਕ ਕੇ, ਬੇਲਾ ਤੋਂ ਛੋਟੀ ਚੰਬਲੀ ਨੇ ਵੀ ਝਾਕ ਕੇ ਵੇਖਿਆ, ਉਸ ਤੋਂ ਛੋਟੀ ਕਮਲਾ ਨੇ ਵੀ ਅਡੀਆਂ ਚੁੱਕ ਕੇ ਵੇਖਿਆ ।

ਲਿਖਦੇ ਲਿਖਦੇ ਅਚਾਨਕ ਮੋਤੀ ਨੂੰ ਕਮਰੇ ਦੇ ਬਾਹਰ ਕੁੜੀਆਂ ਦੇ ਖਿੜ ਖਿੜਾ ਕੇ ਹੱਸਣ ਦੀ ਅਵਾਜ਼ ਸੁਨਾਈ ਦਿਤੀ, ਮੋਤੀ ਸਭ ਸਮਝ ਗਈ ਇਸ ਨੇ ਜਲਦੀ ਨਾਲ ਉਹ ਕਾਪੀ ਟਰੰਕ ਵਿਚ ਰਖ ਦਿਤੀ, ਫੇਰ ਸ਼ਰਮ ਅਤੇ ਡਰ ਦੇ ਕਾਰਨ ਵਛਾਈ ਤੇ ਮੂੰਹ ਰਖ ਕੇ ਲੰਮੀ ਪੈ ਗਈ ।

ਇਹ ਖਬਰ ਸੁਣ ਕੇ ਨਰੰਜਨ ਨੂੰ ਬਹੁਤ ਫਿਕਰ ਹੋਇਆ, ਲਿਖਣਾ ਪੜ੍ਹਨਾ ਸ਼ੁਰੂ ਹੁੰਦਿਆਂ ਹੀ ਘਰ ਵਿਚ ਕਿੱਸੇ, ਕਹਾਣੀਆਂ, ਨਾਵਲ ਆਉਣੇ ਸ਼ੁਰੂ ਹੋ ਜਾਣਗੇ, ਗ੍ਰਿਸਤੀ ਵਿਚ ਫਰਕ ਪੈ ਜਾਏਗਾ ।

ਇਸ ਤੋਂ ਛੁੱਟ ਇਸ ਬਾਰੇ ਵਿਚ ਬਹੁਤੀ ਸੋਚ ਕਰ ਕੇ ਨਰੰਜਨ ਨੇ ਇਕ ਅਜੀਬ ਨਤੀਜਾ ਕਢਿਆ, ਉਹ ਕਹਿੰਦਾ ਸੀ।

ਜਨਾਨੀ ਦੀ ਤਾਕਤ ਅਤੇ ਮਰਦ ਦੀ ਤਾਕਤ ਦੋਨਾਂ ਨੂੰ ਮਿਲਾਕੇ ਪੂਰੀ ਸ਼ਾਨਦਾਰ ਤਾਕਤ ਪੈਂਦਾ ਹੁੰਦੀ ਹੈ, ਪਰ ਪੜਨ ਲਿਖਨ ਤੇ ਜੋ ਜਨਾਨੀ ਦੀ ਤਾਕਤ ਖਰਚ ਹੋ ਜਾਵੇ ਅਤੇ ਸਿਰਫ ਆਦਮੀ ਦੀ ਤਾਕਤ ਹੀ ਰਹਿ ਜਾਵੇ ਤਾਂ ਆਦਮੀ ਦੀ ਤਾਕਤ ਦੇ ਨਾਲ ਇਕ ਅਜੀਬ ਤਾਕਤ ਪੈਦਾ ਹੁੰਦੀ ਹੈ, ਜੋ ਦੂਸਰੀ ਤਾਕਤ ਨੂੰ ਬਿਲਕੁਲ ਤਬਾਹ ਅਤੇ ਬਰਬਾਦ ਕਰ ਦਿੰਦੀ ਹੈ, ਅਤੇ ਇਹ ਹੁੰਦਾ ਹੈ ਕਿ ਜ਼ਨਾਨੀ ਵਿਧਵਾ ਹੋ ਜਾਂਦੀ ਹੈ ।
ਨਰਿੰਜਨ ਤੋਂ ਛੁੱਟ ਇਸ ਗਲ ਨੂੰ ਅਜ ਤਕ ਹੋਰ ਕੋਈ ਨਹੀਂ ਸਮਝ ਸਕਿਆ ।

ਨਰਿੰਜਨ ਨੇ ਸ਼ਾਮ ਨੂੰ ਘਰ ਆਕੇ ਮੋਤੀ ਨੂੰ ਡਾਟਿਆ ਅਤੇ ਕਿਹਾ ।
"ਹੁਣ ਸ਼ਾਇਦ ਮੈਨੂੰ ਘਰ ਰਹਿ ਕੇ ਕੰਮ ਕਰਨਾਂ ਪਵੇਗਾ, ਅਤੇ ਤੂੰ ਕੰਨ ਤੇ ਕਲਮ ਲਾ ਕੇ ਦਫਤਰ ਵਿਚ ਨੌਕਰੀ ਕਰਨ ਜਾਵੇਂਗੀ।"

ਮੋਤੀ ਇਸ ਗੱਲ ਨੂੰ ਚੰਗੀ ਤਰਾਂ ਸਮਝ ਹੀ ਨਾ ਸਕੀ, ਨਿਰੰਜਨ ਦਾ ਕੋਈ ਪ੍ਰਸਤਾਵ ਕਦੀ ਉਸਨੇ ਨਹੀਂ ਪੜ੍ਹਿਆ, ਇਸ ਕਰਕੇ ਉਹ ਹੁਣ ਤੱਕ ਇਹੋ ਜਹੀ ਸਮਝਦਾਰ ਨਹੀਂ ਹੋਈ, ਪਰ ਅੰਦ੍ਰ ਹੀ ਅੰਦ੍ਰ ਸ਼ਰਮ ਦੀ ਮਾਰੀ ਜਿਸ ਤਰ੍ਹਾਂ ਜ਼ਮੀਨ ਵਿਚ ਗਡੀ ਜਾ ਰਹੀ ਹੈ।

ਮੋਤੀ ਨੇ ਫੇਰ ਕਿੰਨੇ ਦਿਨਾਂ ਤਕ ਕੁਝ ਨਾ ਲਿਖਿਆ, ਇਕ ਦਿਨ ਇਕ ਮੰਗਤੀ ਬੂਹੇ ਤੇ ਖੜੀ ਹੋਕੇ ਗੀਤ ਗਾਉਨ ਲਗੀ ।

ਮੋਤੀ ਗੀਤ ਨਹੀਂ ਸੀ ਗਾ ਸਕਦੀ, ਪਰ ਜਦੋਂ ਉਸਨੂੰ ਲਿਖਨ ਦਾ ਤਰੀਕਾ ਆਯਾ ਸੀ ਤਦ ਤੋਂ ਓਹ ਕਿਸੇ ਗੀਤ ਨੂੰ ਸੁਨਕੇ ਲਿਖ ਲੈਂਦੀ, ਅਤੇ ਫੇਰ ਗਾਉਣ ਦਾ ਸ਼ੌਕ ਪੂਰਾ ਕਰਦੀ ।

ਘਰ ਵਿਚ ਕੋਈ ਮਰਦ ਨਹੀਂ ਸੀ, ਮੋਤੀ ਦੀ ਸੱਸ ਉਪਰ ਸੁੱਤੀ ਹੋਈ ਸੀ, ਅਤੇ ਛੋਟੀਆਂ ਕੁੜੀਆਂ ਵੀ ਖੇਡ ਰਹੀਆਂ ਸਨ, ਮੋਤੀ ਨੇ ਇਸ ਮੰਗਤੀ ਨੂੰ ਚੁਪ ਕਰਕੇ ਅੰਦਰ ਬੁਲਾ ਲਿਆ, ਅਤੇ ਉਸ ਤੋਂ ਪੁੱਛ ਕੇ ਉਹ ਗੀਤ ਨੂੰ ਆਪਣੀ ਕਾਪੀ ਤੇ ਲਿਖਨ ਲਗੀ ।
"ਭਾਬੀ ਕੀ ਕਰਦੀ ਹੈਂ ? ਅਸੀਂ ਸਭ ਕੁਝ ਦੇਖ ਲਿਆ ਹੈ।"
ਮੋਤੀ ਦੀ ਨਨਾਣ ਬਾਹਰ ਖੇਡ ਰਹੀ ਸੀ, ਉਸ ਨੇ ਬੰਦ ਬੂਹੇ ਤੋਂ ਝਾਕ ਕੇ ਦੇਖਿਆ ਮੋਤੀ ਲਿਖ ਹੀ । ਇਕ ਦਮ ਤੌੜੀ ਵਜਾ ਕੇ ਤਿੰਨੇ ਕਹਿਣ ਲਗੀਆਂ--

ਮੋਤੀ ਦਾ ਦਿਲ ਡਰ ਗਿਆ, ਉਸ ਨੇ ਜਲਦੀ ਨਾਲ ਬੂਹਾ ਖੋਲ੍ਹ ਦਿਤਾ, ਅਤੇ ਰੋਂਦੀ ਹੋਈ ਬੋਲੀ।

"ਤੁਹਾਡੇ ਪੈਰਾਂ ਨੂੰ ਹਥ ਲਾਉਂਦੀ ਹਾਂ, ਕਿਸੇ ਨੂੰ ਨਾ ਕਹਿਣਾ, ਹੁਣ ਮੈਂ ਕਦੀ ਨਹੀਂ ਲਿਖਾਂਗੀ।"

ਮੋਤੀ ਨੇ ਦੇਖਿਆ, ਬੇਲਾ ਕਾਪੀ ਵਲ ਦੇਖ ਰਹੀ ਹੈ ਉਸ ਨੇ ਝਟ ਪਟ ਕਾਪੀ ਚੁਕ ਲਈ, ਨਨਾਣ ਨੇ ਖੋਹਣ ਦੀ ਬਹੁਤ ਕੋਸ਼ਸ਼ ਕੀਤੀ, ਪਰ ਕਾਮਯਾਬ ਨਾ ਹੋਈ।
ਐਨੇ ਨੂੰ ਨਰੰਜਨ ਆ ਗਿਆ, ਬੇਲਾ ਨੇ ਸਾਰੀ ਗਲ ਕਹਿ ਦਿੱਤੀ, ਨਰੰਜਨ ਗਰਜ ਕੇ ਬੋਲਿਆ।
"ਕਾਪੀ ਦੇ।"
ਹੁਕਮ ਨਾ ਮੰਨਦੀ ਵੇਖ ਕੇ ਫੇਰ ਨਰਮ ਅਵਾਜ਼ ਵਿਚ ਕਿਹਾ।
"ਲਿਆ"

ਕਾਪੀ ਨੂੰ ਛਾਤੀ ਨਾਲ ਲਗਾ ਕੇ ਕੁੜੀ ਡਰ ਭਰੀਆਂ ਅੱਖਾਂ ਨਾਲ ਆਪਣੇ ਪਤੀ ਦਲ ਵੇਖਣ ਲੱਗੀ, ਜਦੋਂ ਦੇਖਿਆ,ਕਿ ਨਰੰਜਨ ਖੋਹਣ ਲਈ ਅਗੇ ਵਧਿਆ ਹੈ ਤਾਂ ਇਸ ਨੇ ਉਹ ਕਾਪੀ ਸੁਟ ਦਿਤੀ,ਅਤੇ ਦੋਨਾਂ ਹਥਾਂ ਨਾਲ ਮੂੰਹ ਲੁਕਾ ਕੇ ਜ਼ਮੀਨ ਤੇ ਲੇਟਣ ਲੱਗੀ।

ਫੇਰ ਮੋਤੀ ਨੂੰ ਉਹ ਕਾਪੀ ਵਾਪਸ ਨਾ ਮਿਲੀ, ਜੋ ਹਾਲ ਕਿਸੇ ਲਿਖਾਰੀ ਦਾ ਲੇਖ ਗੁੰਮ ਹੋ ਜਾਣ ਤੇ ਹੁੰਦਾ ਹੈ ਉਹ ਹਾਲ ਮੋਤੀ ਦਾ ਹੋਇਆ ਨਰੰਜਨ ਦੀ ਵੀ ਅਜੀਬ ਪ੍ਰਸਤਾਵਾਂ ਦੀ ਭਰੀ ਹੋਈ ਇਕ ਕਾਪੀ ਸੀ ਪਰ ਐਹੋ ਜਿਹਾ ਕੋਈ ਆਦਮੀ ਸੀ ? ਜੋ ਉਸ ਕੋਲੋਂ ਉਹ ਕਾਪੀ ਖੋਹ ਲੈਂਦਾ ਅਤੇ ਮੋਤੀ ਨੂੰ ਸ਼ਾਂਤੀ ਆਉਂਦੀ, ਅਤੇ ਨਰੰਜਨ ਨੂੰ ਵੀ ਪਤਾ ਲੱਗਦਾ,ਕਿ ਕਿਸੇ ਦੇ ਪ੍ਰਸਤਾਵ ਬਰਬਾਦ ਕਰਨ ਨਾਲ ਉਸਦਾ ਕੀ ਹਾਲ ਹੁੰਦਾ ਹੈ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ