Loi (Punjabi Story) : Sarghi
ਲੋਈ (ਕਹਾਣੀ) : ਸਰਘੀ
ਭਲਾ ਇੰਜ ਵੀ ਕੋਈ ਤੁਰ ਜਾਂਦਾ ਹੈ, ਜਿਵੇਂ ਭੂਆ ਤੁਰ ਪਈ ਸੀ। ਉਹ ਜਾ ਰਹੀ ਸੀ ਉੱਥੇ, ਜਿੱਥੋਂ ਕੋਈ ਨਹੀਂ ਬਹੁੜਦਾ। ਡਾਕਟਰ ਮੁਤਾਬਕ ਬੱਸ ਦੋ-ਤਿੰਨ ਘੰਟਿਆਂ ਦੀ ਪ੍ਰਾਹੁਣੀ ਆ ਭੂਆ। ਜ਼ਿੰਦਗੀ ਦੀ ਅੱਖ ’ਚ ਅੱਖ ਪਾ ਕੇ ਗੱਲ ਕਰਨ ਵਾਲੀ ਭੂਆ ਨੂੰ ਜ਼ਿੰਦਗੀ ਇੰਜ ਵੀ ਝਕਾਨੀ ਦੇ ਸਕਦੀ ਆ…ਸੋਚ-ਸੋਚ ਮਨ ਨੂੰ ਹੌਲ਼ ਜਿਹੇ ਪੈਂਦੇ…।
ਡੱਕ-ਡੱਕ ਰੱਖੇ ਹੰਝੂਆਂ ਦਾ ਹੜ੍ਹ ਜਿਹਾ ਆਉਂਦਾ ਹੈ, ਅੱਖਾਂ ਦੇ ਕੋਏ ਦੁਖਣ ਲੱਗਦੇ ਆ…। ਢਿੱਡ ਦੀਆਂ ਆਂਦਰਾਂ ਗੁੱਛਾ-ਮੁੱਛਾ ਜਿਹੀਆਂ ਹੋਣ ਲੱਗਦੀਆਂ ਤੇ ਭੂਆ ਨਾਲ ਹੋਇਆ ਬੀਤਿਆ ਸਭ ਯਾਦ ਆਉਣ ਲੱਗਦਾ ਹੈ। ਥੋੜ੍ਹੇ ਜਿਹੇ ਦਿਨ ਪਹਿਲਾਂ ਲੋਈ ਵਾਲੀ ਕੀਤੀ ਗੱਲ ਚੇਤੇ ਆਉਂਦੀ ਹੈ ਤਾਂ ਡਾਹਢੇ ਦੁੱਖ ਨਾਲ ਭਰ ਜਾਂਦੀ ਹਾਂ…। ਮੈਂ ਕਿਹੜੀ ਗੱਲੋਂ ਉਹ ਗੱਲ ਕਹਿ ਦਿੱਤੀ ਸੀ ਭਲਾ…।
ਜੇ ਕਿਤੇ ਮਨ ’ਚ ਵੀ ਕੋਈ ਡਿਲੀਟ ਚੈਟ ਵਾਲੀ ਆਪਸ਼ਨ ਹੋਵੇ ਤਾਂ ਮੈਂ ਉਸ ਲੋਈ ਵਾਲੀ ਗੱਲ ਨੂੰ ਵੀ ਡਿਲੀਟ ਕਰ ਦੇਵਾਂ। ਉਹ ਗੱਲ ਜੋ ਕਦੇ ਹਾਸੇ-ਠੱਠੇ ਦਾ ਕਾਰਨ ਸੀ, ਅੱਜ ਰੋਣ ਦਾ ਸਬੱਬ ਬਣ ਗਈ ਸੀ। ‘ਰੱਬਾ` ਮੇਰੀ ਹਾਸੇ ਮਖ਼ੌਲ ’ਚ ਕੀਤੀ ਗੱਲ ਜੇ ਤੂੰ ਏਡੀ ਛੇਤੀ ਸੁਣ ਲਈ ਸੀ…ਤਾਂ ਅੱਜ ਫਿਰ ਮੇਰੀ ਗੱਲ ਮੰਨ ਲਾ…। ਮੇਰੀ ਭੂਆ ਨੂੰ ਥੋੜ੍ਹੀ ਜਿਹੀ ਉਮਰ ਹੋਰ ਦੇ ਦੇ…।” ਪਰ ਉਹ ਡਾਹਢਾ ਕਦੀ ਕੋਈ ਜਵਾਬ ਦੇਂਦਾ ਤੇ ਮੇਰੇ ਬੋਲ ਹਵਾ ’ਚ ਹੀ ਲਟਕ ਗਏ ਸੀ।
ਨੇੜਿਉਂ ਬੱਸ ਲੰਘਦੀ ਹੈ ਤਾਂ ਯਾਦ ਆਉਂਦਾ ਹੈ…। ਕਿੰਨਾ ਡਰਦੀ ਸੀ ਭੂਆ ਮੌਤ ਕੋਲੋਂ। ਇਕ ਵਾਰੀ ਸਿਆਣੀ ਜਿਹੀ ਬਣਦਿਆਂ ਭੂਆ ਸਾਨੂੰ ਮੱਤ ਦੇਣ ਲੱਗ ਪਈ, “ਜੇ ਕਦੇ ਬੱਸ ’ਚ ਜਾਣਾ ਪਵੇ, ਹਮੇਸ਼ਾ ਵਿਚਕਾਰ ਬੈਠੀ ਦਾ ਹੁੰਦਾ।”
“ਉਹ ਕਿਉਂ ਭਲਾ।” ਅਸਾਂ ਸਵਾਲ ਪਾਇਆ ਸੀ।
“ਇਹ ਵੀ ਕੋਈ ਪੁੱਛਣ ਵਾਲੀ ਗੱਲ ਆ…ਜਾਂ ਬੱਸ ਅੱਗੋਂ ਵੱਜੂ ਜਾਂ ਪਿੱਛੋਂ ਵੱਜੂ…ਵਿਚਕਾਰੋਂ ਤਾਂ ਵੱਜਣੋਂ ਰਹੀ।”
“ਭੂਆ, ਕਿਸਮਤ ਮਾੜੀ ਹੋਵੇ ਤਾਂ ਵਿਚਕਾਰੋਂ ਵੀ ਵੱਜ ਸਕਦੀ ਆ।”
“ਹੈਂ, ਇੰਜ ਕਿਵੇਂ ਵੱਜ ਜੂ ਭਲਾ…ਕਮਲਿਆ ਟੱਬਰਾ, ਜੇ ਕੋਈ ਸਿਆਣੀ ਮੱਤ ਦੇਵੇ ਤਾਂ ਲੈ ਲੈਣੀ ਚਾਹੀਦੀ ਆ…।”
ਤੇ ਅਸੀਂ ਭੂਆ ਦੀਆਂ ਇਹੋ ਜਿਹੀਆਂ ਸਿਆਣੀਆਂ ਗੱਲਾਂ ਨੂੰ ਸ਼ੁਗਲ ਬਣਾ ਲੈਂਦੇ ਤੇ ਜਦ ਕਦੇ ਵੀ ਭੂਆ ਸਾਡੇ ਕੋਲ ਹੁੰਦੀ, ਅਸੀਂ ਜ਼ਰੂਰ ਪੁੱਛਦੇ, “ਭੂਆ, ਫਿਰ ਦੱਸ, ਬੱਸ ਅੱਗੋਂ ਵੱਜੂ ਕਿ ਪਿੱਛੋਂ ਵੱਜੂ।”
ਪਰ ਹੁਣ ਤਾਂ ਇੰਜ ਲੱਗਦਾ ਸੀ, ਜਿਵੇਂ ਭੂਆ ਆਪ ਹੀ ਚੱਲਦੀ ਬੱਸ ਦੇ ਅੱਗੇ ਖੜ੍ਹ ਗਈ ਹੋਵੇ, ਨਹੀਂ ਤਾਂ ਕੀ ਲੋੜ ਸੀ ਗੋਡਿਆਂ ਦੇ ਅਪ੍ਰੇਸ਼ਨ ਦੀ। ਚੰਗੀ ਭਲੀ ਤੁਰੀ ਫਿਰਦੀ ਸੀ। ਅਪ੍ਰੇਸ਼ਨ ਕਰਾਉਣ ਤੋਂ ਪਹਿਲਾਂ ਉਹ ਕਿੰਨੀ ਹੀ ਦੁਨੀਆਦਾਰੀ ਮੈਨੂੰ ਸਮਝਾ ਗਈ ਸੀ।
“ਕੰਨ ਲਾ ਕੇ ਗੱਲ ਸੁਣ ਲਾ ਮੇਰੀ, ਇਕ ਵਾਰ ਮੈਨੂੰ ਹਸਪਤਾਲ ਮਿਲਣ ਆਈਂ ਤੇ ਉਨ੍ਹਾਂ ਵਲੈਤੀਆਂ ਨੂੰ ਵੀ ਸਮਝਾ ਦੇਵੀਂ…ਫੋਨ ’ਤੇ ਮੇਰੀ ਖ਼ਬਰਸਾਰ ਲੈਂਦੇ ਰਹਿਣ।” ਭੂਆ ਦੀਆਂ ਇਹੋ ਜਿਹੀਆਂ ਗੱਲਾਂ ਮੈਨੂੰ ਖਿਝ ਵੀ ਦੇ ਜਾਂਦੀਆਂ ਸਨ ਤੇ ਖਿਝ ਜਿਹੀ ’ਚ ਹੀ ਮੈਂ ਭੂਆ ਨੂੰ ਕਿਹਾ ਸੀ, “ਭੂਆ, ਹੁਣ ਆਹ ਕੀ ਗੱਲ ਹੋਈ ਭਲਾ।”
“ਕਮਲੀਏ, ਇੰਜ ਸ਼ਰੀਕੇ ਨੂੰ ਕੰਨ ਹੋ ਜਾਂਦੇ ਆ…ਪਈ ਇਹਦਾ ਅੱਗਾ ਪਿੱਛਾ ਅਜੇ ਕਾਇਮ ਆ…।”
ਭੂਆ ਨਾਲ ਮੇਰਾ ਸੁਭਾਅ ਨਹੀਂ ਮਿਲਦਾ ਸੀ। ਉਹਦੀਆਂ ਕਈ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਸਨ। ਪਰ ਫਿਰ ਵੀ ਭੂਆ ’ਤੇ ਮੈਨੂੰ ਅੰਤਾਂ ਦਾ ਮੋਹ ਆਉਂਦਾ। ਮੇਰੀ ਇਹੋ ਜਿਹੀ ਗੱਲ ਸੁਣ ਉਸ ਕਿਹਾ ਸੀ, “ਮੋਹ ਆਉਣਾ ਕਿੱਦਾਂ ਨੀ, ਮੋਹ ਤਾਂ ਤੈਨੂੰ ਮੇਰੇ ਨਾਲ ਕਰਨਾ ਈ ਪੈਣਾ…ਸਿਆਣੇ ਐਵੇਂ ਤਾਂ ਨਹੀਂ ਕਹਿ ਗਏਭੂਆ ਭਤੀਅ ਇਕੋ ਭੜੋਲੇ ਦਾ ਬੀਅ।”
ਗੱਲ ਚੇਤੇ ਕਰ ਮੇਰੇ ਬੁੱਲ੍ਹ ਹੱਸੇ ਸੀ ਤੇ ਅੱਖਾਂ ਭਰ ਆਈਆਂ ਸੀ। ਮੈਂ ਭੜੋਲੇ ਦੇ ਪਰਦੇਸੀ ਬੀਆਂ ਬਾਰੇ ਸੋਚਣ ਲੱਗ ਪਈ ਸੀ। ਸਾਰੀ ਵਾਟ ਉਹ ਮੇਰੇ ਨਾਲ ਭੂਆ ਦੀਆਂ ਗੱਲਾਂ ਕਰਦੇ ਰਹੇ ਸੀ। ਉਹਦੀਆਂ ਝੱਲ-ਵਲੱਲੀਆਂ ਯਾਦ ਕਰ ਹੱਸਦੇ ਰਹੇ ਸੀ, ਰੋਂਦੇ ਰਹੇ ਸੀ। ਮਾਂ ਤੇ ਚਾਚੀਆਂ ਨੇ ਮੈਨੂੰ ਸਾਰੇ ਕਾਰ-ਵਿਹਾਰ ਸਮਝਾ ਦਿੱਤੇ ਸੀ। ਉਸ ਨੂੰ ਮੈਂ ਪੁੱਛਿਆ ਸੀ, “ਤੁਸੀਂ ਸਾਰੇ ਪਹੁੰਚ ਰਹੇ ਹੋ।”
“ਸਲਾਹ ਕਰ ਕੇ ਦੱਸਦੇ ਆਂ ਤੈਨੂੰ…ਕਿਸ-ਕਿਸ ਕੋਲੋਂ ਆ ਹੁੰਦਾ। ਹਾਂ ਸੱਚ, ਲੋਈ ਲੈ ਲਵੀਂ ਜਾਂਦੀ ਜਾਂਦੀ…।” ਕੁਝ ਕਹਿਣਾ ਚਾਹੁੰਦੀ ਸੀ। ਪਰ ਫੋਨ ਕੱਟਿਆ ਗਿਆ। ਲੋਈ ਵਾਲੇ ਬੈਗ ਨੂੰ ਵੇਖ ਮੇਰੀ ਭੁੱਬ ਨਿਕਲ ਜਾਂਦੀ ਹੈ। “ਭੂਆ, ਕਿਹੋ ਜਿਹੇ ਸੁਨੇਹੇ ਦੇ ਗਈ ਸੀ ਮੈਨੂੰ।”
ਡਰਾਈਵਰ ਕਾਰ ਨੂੰ ਬਰੇਕ ਮਾਰਦਾ ਹੈ, ਤਾਂ ਮੇਰੀਆਂ ਸੋਚਾਂ ’ਤੇ ਬਰੇਕ ਲੱਗ ਜਾਂਦੀ ਹੈ। ਬਾਹਰ ਵੇਖਦੀ ਹਾਂ ਤਾਂ ਭੀੜ ਦਿਸਦੀ ਹੈ, ਪਰ ਹੁਣ ਇਸ ਭੀੜ ’ਚ ਭੂਆ ਕਦੇ ਨਹੀਂ ਦਿਸਣੀ ਤੇ ਮੈਂ ਆਪਣੇ ਮਨ ਨੂੰ ਸਾਵਾਂ ਕਰਨ ਲਈ ਭੂਆ ਦੀ ਦਰਾਣੀ ਨੂੰ ਫ਼ੋਨ ਕਰ ਦੇਂਦੀ ਹਾਂ।
“ਭੂਆ ਦਾ ਕੀ ਹਾਲ ਹੁਣ।”
“ਕੋਈ ਹਾਲ ਨਹੀਉਂ ਤੇਰੀ ਭੂਆ ਦਾ…ਬੱਸ ਹੁਣ ’ਤੇ ਰੱਬ ਈ ਆ ਜੇ ਬਹੁੜ ਪਵੇ…ਛੇਤੀ ਆ ਜਾ ਧੀਏ…ਤੈਨੂੰ ਹੀ ਡੀਕਣ ਡਈ ਊ…।” ਇਸ ਤੋਂ ਬਾਅਦ ਫੋਨ ’ਤੇ ਉਹਦੀਆਂ ਸਿਸਕੀਆਂ ਸਨ ਤੇ ਮੇਰੇ ਕੋਲੋਂ ਵੀ ਕੁਝ ਨਾ ਬੋਲ ਹੋਇਆ। ਫੋਨ ’ਤੇ ਆਵਾਜ਼ ਆਉਣੀ ਬੰਦ ਹੋ ਗਈ ਸੀ ਤੇ ਮੈਂ ਇਨ੍ਹਾਂ ਦੋਵਾਂ ਬਾਰੇ ਸੋਚਣ ਲੱਗ ਪਈ ਸੀ।
ਅਜੀਬ ਰਿਸ਼ਤਾ ਸੀ, ਇਨ੍ਹਾਂ ਦੋਵਾਂ ਦਾ। ਭੂਆ ਲਈ ਕਦੀ ਇਹ ਸ਼ਰੀਕਣੀ ਸੀ, ਕਦੇ ਕੁਲਦੀਪ ਕੌਰ ਤੇ ਕਦੇ ਸਾਡੀ ਛੋਟੀ ਭੂਆ ਸੀ। ਭੂਆ ਆਪਣੇ ਸੁਭਾਅ ਮੁਤਾਬਕ ਝੱਟ ਤੱਤੀ-ਠੰਡੀ ਹੋ ਜਾਂਦੀ, ਲੜ-ਬੋਲ ਵੀ ਪੈਂਦੀ ਸੀ। ਪਰ ਆਪਣੀ ਸ਼ਰੀਕਣੀ ਬਗ਼ੈਰ ਬਚਦੀ ਵੀ ਨਹੀਂ ਸੀ। ਇਹੋ ਜਿਹੇ ਵੇਲੇ ਹੀ ਮੈਨੂੰ ਭੂਆ ਫੋਨ ’ਤੇ ਦੱਸਦੀ, “ਅੱਜ ਅਸੀਂ ਲੜ-ਬੋਲ ਪਈਆਂ…ਸੜ ਜਾਣੀ ਮੇਰੀ ਜ਼ੁਬਾਨ ਰਹਿੰਦੀ ਨਈਂ…ਤੇ ਮੇਰੀ ਸ਼ਰੀਕਣੀ ਗੱਲ ਦਿਲ ’ਤੇ ਲਾ ਕੇ ਬਹਿ ਜਾਂਦੀ ਆ…।”
“ਭੂਆ, ਜੇ ਛੋਟੀ ਭੂਆ ਬਗ਼ੈਰ ਤੇਰਾ ਗੁਜ਼ਾਰਾ ਨਹੀਂ ਹੁੰਦਾ ਤਾਂ ਨਾ ਲੜਿਆ ਕਰ।”
“ਲੈ, ਇੱਦਾਂ ਕਿੱਦਾਂ ਹੋ ਜੇ, ਸ਼ਰੀਕਣੀ ਦਾ ਹੋਰ ਚਾਰ ਪਾਉਣਾ ਜੇ ਲੜਾਈ ਨਾ ਕੀਤੀ।”
ਤੇ ਫਿਰ ਦੋ ਕੁ ਦਿਨਾਂ ਬਾਅਦ ਸੁਲ੍ਹਾ-ਸਫ਼ਾਈ ਦਾ ਫੋਨ ਆ ਜਾਂਦਾ। “ਗੱਲ ਸੁਣ, ਮੈਂ ਅੱਜ ਆਪੇ ਹੀ ਜਾ ਕੇ ਮਨਾ ਲਈ ਆਪਣੀ ਸ਼ਰੀਕਣੀ।”
ਤੇ ਫਿਰ ਮੇਰੇ ਪੁੱਛਣ ਤੋਂ ਪਹਿਲਾਂ ਹੀ ਹੋਇਆ-ਬੀਤਿਆ ਦੱਸਣ ਬਹਿ ਜਾਂਦੀ।
“ਇਸ ਵਾਰ ਜ਼ਿਆਦਾ ਹੀ ਵਿੱਟਰ ਗਈ ਸੀ, ਦੋ ਕੁ ਦਿਨ ਤਾਂ ਮੈਂ ਵਾਹਵਾ ਸਬਰ ਰੱਖਿਆ, ਪਰ ਫਿਰ ਦਿਲ ਹੌਲਾ ਪੈ ਗਿਆ…ਮੈਂ ਜ਼ੇਰਾ ਜਿਹਾ ਕਰ ਕੇ ਬੁਲਾ ਲਿਆ। ਅੱਗੋਂ ਭਾਰਾਂ ’ਤੇ ਪੈ ਗਈ…ਔਖੀ ਜਿਹੀ ਹੋ ਕੇ ਮੈਨੂੰ ਆਖਣ ਲੱਗੀ – ਮੈਨੂੰ ਨਾ ਬੁਲਾਅ।”
“ਮੈਂ ਕਿਹਾ – ਇਹ ਗੱਲ ਝੂਠੀ…ਤੂੰ ਮੇਰੀ ਸ਼ਰੀਕਣੀ…ਲੜਨਾ ਵੀ ਤੇਰੇ ਨਾਲ ਆ…ਤੇ ਬੋਲਣਾ ਵੀ ਤੇਰੇ ਨਾਲ ਆ…ਚੱਲ ਹੁਣ ਰੋਸਾ ਮਿਟਾ ਤੇ ਚਾਹ ਬਣਾ।” ਇੰਜ ਉਹ ਲੜ ਵੀ ਪੈਂਦੀ ਸੀ ਤੇ ਰੋਸੇ ਮਿਟਾ ਵੀ ਲੈਂਦੀ ਸੀ। ਸਮਝ ਨਹੀਂ ਆਉਂਦੀ ਰੋਸੇ ਮਿਟਾਉਣ ਵਾਲੀ ਨਾਲ ਰੱਬ ਕਿਹੜੀ ਗੱਲੋਂ ਰੁੱਸ ਗਿਆ।
ਮੋਬਾਈਲ ਦੀ ਰਿੰਗ ਤੋਂ ਮੈਂ ਤ੍ਰਬਕ ਜਾਂਦੀ ਹਾਂ। ਛੋਟੀ ਭੂਆ ਦਾ ਫੋਨ ਸੀ। ਧੀਏ, ਰੱਬ ਨਹੀਉਂ ਰੀਝਿਆ, ਲੈ ਗਿਆ ਈ…ਤੇਰੀ ਭੂਆ ਨੂੰ ਖੋਹ ਕੇ।” ਫੋਨ ’ਤੇ ਆਵਾਜ਼ ਆਉਣੀ ਬੰਦ ਹੋ ਗਈ ਸੀ ਤੇ ਮੈਂ ਆਪਣੇ ਹੀ ਅੰਦਰ ਡੂੰਘਾ ਲਹਿ ਗਈ ਸੀ।
ਕਾਰ ਭੂਆ ਦੇ ਪਿੰਡ ਵੱਲ ਮੋੜਾ ਖਾ ਗਈ ਸੀ। ਉਨ੍ਹਾਂ ਰਾਹਵਾਂ ਤੇ ਥਾਵਾਂ ਨੂੰ ਗਹੁ ਨਾਲ ਵੇਖਿਆ, ਜਿਨ੍ਹਾਂ ਨੂੰ ਭੂਆ ਪਲਾਂ-ਛਿਣਾਂ ’ਚ ਛੱਡ ਆਈ ਸੀ। ਭੂਆ ਦੇ ਘਰ ਵਿਹੜੇ ’ਚ ਵਿਛਿਆ ਸੱਥਰ ਵੇਖ ਮਨ ਨੂੰ ਹੌਲ ਜਿਹਾ ਪਿਆ।
“ਨੀ ਤੂੰ ਆਪੇ ਮੌਤ ਸਹੇੜ ਲਈ ਊ…ਨੀ ਤੂੰ ਕਿਹੜੇ ਰਾਹੇ ਪੈ ਗਈਉਂ ਮੇਰੀਏ ਸ਼ਰੀਕਣੀਏ…ਗੁਆਂਢ ਸੁੰਨਾ ਕਰ ਗਈਉਂ।” ਮੇਰਾ ਵੀ ਜੀਅ ਕਰਦਾ ਸੀ, ਮੈਂ ਛੋਟੀ ਭੂਆ ਦੇ ਗਲ ਲੱਗ ਬਹੁਤ ਕੁਝ ਭੂਆ ਨੂੰ ਆਖਾਂ…ਪਰ ਮੇਰੇ ਕੋਲ ਕੁਝ ਵੀ ਬੋਲ ਨਾ ਹੋਇਆ ਤੇ ਮੈਂ ਕਿੰਨਾ ਚਿਰ ਭੂਆ ਦੇ ਗਲ ਲੱਗ ਰੋਂਦੀ ਰਹੀ ਸੀ।
“ਸੜ ਜਾਣੇ ਗੋਡੇ ਹੀ ਜਮ ਬਣ ਕੇ ਆ ਗਏ।” ਭੀੜ ’ਚੋਂ ਕਿਸੇ ਦੀ ਆਵਾਜ਼ ਆਉਂਦੀ ਹੈ। ਸੱਚ ਹੀ ਤਾਂ ਸੀ, ਗੋਡਿਆਂ ਨੇ ਹੀ ਜਾਨ ਲੈ ਲਈ। ਭੂਆ ਜੀਣਾ ਚਾਹੁੰਦੀ ਸੀ, ਸੋਹਣਾ ਬਣ ਕੇ। ਕਹਿੰਦੀ ਹੁੰਦੀ ਸੀ, “ਮੈਂ ਨਹੀਂ ਸੋਟੀ ਜਿਹੀ ਫੜ ਕੇ ਤੁਰਨਾ।” ਪਰ ਉਮਰਾਂ ਅੱਗੇ ਗੋਡਿਆਂ ਮੋਢਿਆਂ ਦਾ ਵੱਸ ਨਹੀਂ ਚੱਲਦਾ। ਗੋਡੇ ਦੁਖਣ ਲੱਗ ਪਏ ਸੀ ਤੇ ਉਹ ਹਸਪਤਾਲ ਦੇ ਰਾਹੇ ਪੈ ਗਈ ਸੀ। ਰਿਪੋਰਟਾਂ ਆਈਆਂ ਤਾਂ ਸਭ ਨੂੰ ਦਿਖਾਉਂਦੀ ਫਿਰੇ। “ਸਾਰੇ ਟੈਸਟ ਨਾਰਮਲ ਆਏ ਆ ਮੇਰੇ…ਪਰ ਆਹ ਸੜ ਜਾਣੇ ਗੋਡਿਆਂ ਨੂੰ ਪਤਾ ਨਹੀਂ ਕਿਹੜੀ ਬਿਮਾਰੀ ਪੈ ਗਈ। ਕੈਨੇਡਾ ’ਚ ਤਾਂ ਅੱਸੀ-ਅੱਸੀ ਸਾਲ ਦੀਆਂ ਬੁੱਢੀਆਂ ਹਰਲ-ਹਰਲ ਕਰਦੀਆਂ ਫਿਰਦੀਆਂ, ਮੈਂ ਤਾਂ ਹਾਲੇ ਸੱਠ ਵੀ ਨਹੀਂ ਟੱਪੀ ਸੀ।”
ਗੋਡੇ ਬਦਲਾਉਣ ਦਾ ਵਿਆਹ ਜਿੰਨਾ ਚਾਅ ਸੀ ਉਹਨੂੰ। ਹਸਪਤਾਲ ਜਾਣ ਤੋਂ ਪਹਿਲਾਂ ਵਾਲ ਡਾਈ ਕੀਤੇ। ਅੱਠ ਦਸ ਸੂਟ ਬਣਾਏ, ਕਹਿੰਦੀ ਫਿਰੇ, “ਫਿਰ ਮੈਥੋਂ ਹਿੱਲ ਨਹੀਂ ਹੋਣਾ…ਕਈਆਂ ਨੇ ਵੇਖਣ ਆਉਣਾ ਮੈਨੂੰ…।”
ਮੈਂ ਉਸ ਵੇਲੇ ਹੱਸਦਿਆਂ ਕਿਹਾ ਸੀ, “ਭੂਆ, ਸੂਟ ਸਵਾਉਣ ਦਾ ਇਹ ਬਹਾਨਾ ਪਹਿਲੀ ਵਾਰ ਸੁਣਿਆ।”
“ਨੀ ਗੱਲ ਸੁਣ ਮੇਰੀ, ਉਹ ਕਿਹੜਾ ਕੁਝ ਨਾਲ ਲੈ ਗਿਆ, ਹੁਣ ਮੈਂ ਜਦ ਵੀ ਨਵੇਂ ਸੂਟ ਪਾਉਂਦੀ ਆਂ…ਸੋਚੂ, ਉਹਦੀ ਰੂਹ ਖ਼ੁਸ਼ ਹੋ ਗਈ ਹੋਣੀ…।” ਭੂਆ ਗਾਹੇ-ਬਗਾਹੇ ਤੁਰ ਗਏ ਫੁੱਫੜ ਨੂੰ ਇੰਜ ਹੀ ਯਾਦ ਕਰਦੀ ਹੁੰਦੀ ਸੀ।
ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਘੱਟਿਉਂ ਘੱਟੀ ਹੋਈ ਫੋਟੋ ਨੂੰ ਕਿੰਨਾ ਚਿਰ ਸਾਫ਼ ਕਰਦੀ ਰਹੀ ਤੇ ਉਹਦੀ ਫੋਟੋ ਨਾਲ ਗੱਲਾਂ ਕਰਦੀ ਰਹੀ ਸੀ। “ਵੇ ਸਰਦਾਰਾ, ਮੈਂ ਤਾਂ ਸੱਤ ਸਮੁੰਦਰ ਪਾਰ ਕਰਕੇ ਮੁੜ ਆਈ…ਤੇ ਤੂੰ ਕੰਧ ਨਾਲ ਈ ਲੱਗਾ ਅਜੇ ਤੱਕ। ਧੀ-ਪੁੱਤ ਆਪੋ-ਆਪਣੇ ਘਰੀਂ ਸੁਖੀਂ ਵੱਸਦੇ ਪਰ ਤੇਰੇ ਬਗ਼ੈਰ ਜੀਣ ਦਾ ਕੋਈ ਹੱਜ ਨਹੀਂਉਂ।”
ਵਿਹੜੇ ’ਚ ਤੁਰੀ ਫਿਰਦੀ ਆਪਣੀ ਸ਼ਰੀਕਣੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੀ, “ਵੇਖ ਲਾ ਕੁਲਦੀਪ ਕੁਰੇ…ਨਿਖਾਰ ਦਿੱਤਾ ਈ ਤੇਰਾ ਜੇਠ…ਕਿੰਨੀਆਂ ਗੱਲਾਂ ਕਰ ਲਈਆਂ ਤੇਰੇ ਜੇਠ ਨਾਲ…ਪਰ ਕੋਈ ਜਵਾਬ ਨਹੀਉਂ ਦੇਂਦਾ ਮੈਨੂੰ…ਕਿੱਡਾ ਨਿਰਮੋਹਿਆ ਹੋ ਗਿਆ ਤੇਰਾ ਜੇਠ…।” ਤੇ ਫਿਰ ਉਹਦੇ ਗਲ ਲੱਗ ਭੁੱਬਾਂ ਮਾਰ ਮਾਰ ਰੋਂਦੀ ਰਹੀ ਸੀ। ਕਹਿੰਦੇ ਆ ਜਾਣ ਵਾਲੇ ਬੰਦੇ ਨੂੰ ਉਹਦੀ ਮੌਤ ਦਿਸਣ ਲੱਗ ਪੈਂਦੀ ਆ। ਕਈ ਵਾਰ ਫੁੱਫੜ ਦੀ ਫੋਟੋ ਨੂੰ ਸਾਫ਼ ਕਰਦਿਆਂ ਕਹਿਣਾ, “ਮੈਂ ਆਪਣੇ ਪੁੱਤ ਨੂੰ ਪਹਿਲਾਂ ਈ ਸਮਝਾ ਦੇਣਾ…ਮੇਰੇ ਮਰਨ ਤੋਂ ਬਾਅਦ ਫੋਟੋ ਨਾ ਬਣਵਾਈਂ ਮੇਰੀ। ਤੇਰੀ ਫੋਟੋ ਤੋਂ ਤਾਂ ਮੈਂ ਮਿੱਟੀ ਘੱਟਾ ਝਾੜ ਦੇਂਦੀ ਆਂ…ਪਰ ਸਰਦਾਰਾ, ਮੇਰੀ ਫੋਟੋ ਕੌਣ ਸਾਫ਼ ਕਰਿਆ ਕਰੂ ਭਲਾ…।” ਭੂਆ ਦੀ ਇਸ ਗੱਲ ਦਾ ਜਵਾਬ ਕਿਸੇ ਕੋਲ ਵੀ ਨਹੀਂ ਸੀ।
“ਪ੍ਰਦੇਸਾਂ ਨੇ ਬੁਢਾਪਾ ਰੋਲ ਦਿੱਤਾ।” ਸੱਥਰ ਦੀ ਭੀੜ ’ਚੋਂ ਆਵਾਜ਼ ਆਈ।
ਸੱਥਰ ’ਤੇ ਬੈਠੀ ਭੀੜ ਵੱਲ ਝਾਕਦਿਆਂ ਮੈਨੂੰ ਸੱਚਮੁਚ ਲੱਗਾ, ਇਨ੍ਹਾਂ ਸਭ ਨੂੰ ਪਰਦੇਸ ਹੌਲੀ ਹੌਲੀ ਖਾ ਰਿਹਾ ਸੀ। ਪੁੱਤ-ਧੀਆਂ ਬਾਹਰ ਚਲੇ ਗਏ ਸੀ ਤੇ ਬੁੱਢੇ-ਠੇਰੇ ਰਹਿ ਗਏ ਸੀ ਘਰਾਂ ਦੀ ਰਾਖੀ ਲਈ। ਭੂਆ ਵੀ ਤਾਂ ’ਕੱਲੀ ਰਹਿੰਦੀ ਸੀ ਐਡੇ ਵੱਡੇ ਘਰ ਵਿਚ…। ਸ਼ਾਇਦ ਆਪਣੀ ਇਕੱਲ ਤੋਂ ਵੀ ਘਬਰਾਅ ਬੜੇ ਚਾਅ ਨਾਲ ਕੈਨੇਡਾ ਚਲੇ ਗਈ ਸੀ। ਪਰ ਉਹ ਚਾਅ ਥੋੜ੍ਹੇ ਦਿਨਾਂ ’ਚ ਹੀ ਛੂ-ਮੰਤਰ ਹੋ ਗਿਆ ਸੀ। ਨੂੰਹ-ਪੁੱਤ ਜਦ ਆਪਣ ਕੰਮਾਂ-ਕਾਰਾਂ ’ਤੇ ਚਲੇ ਜਾਂਦੇ ਤਾਂ ਭੂਆ ਲੰਬੇ-ਚੌੜੇ ਫੋਨ ਕਰਦੀ। ਮੈਂ ਕਈ ਵਾਰ ਇਨ੍ਹਾਂ ਫ਼ੋਨਾਂ ਤੋਂ ਅੱਕ ਜਾਂਦੀ। ਪਰ ਫਿਰ ਵੀ ਗੱਲਾਂ ਸੁਣਦੀ ਰਹਿੰਦੀ। “ਨੀ ਅੜੀਏ, ਨੂੰਹ ਪੁੱਤ ਚਾਅ ਤਾਂ ਬਥੇਰਾ ਕਰਦੇ ਆ…ਪਰ ਫਿਰ ਵੀ ਇਹ ਘਰ ਆਪਣਾ ਨਹੀਉਂ ਲੱਗਦਾ।”
ਉਸ ਦਿਨ ਭੂਆ ਦੀ ਗੱਲ ਸੁਣ ਮੈਨੂੰ ਲੱਗਾ ਜਿਵੇਂ ਭੂਆ ਨੂੰ ਉਦਾਸੀ ਨੇ ਧੁਰ ਅੰਦਰ ਤੱਕ ਜੱਫ਼ਾ ਮਾਰਿਆ ਹੋਇਆ ਸੀ ਤੇ ਉਸ ਉਦਾਸੀ ਨੂੰ ਦੂਰ ਕਰਨ ਲਈ ਪੁੱਤ ਉਹਨੂੰ ਵਿਸਾਖੀ ਵਾਲਾ ਮੇਲਾ ਵਿਖਾਉਣ ਲਈ ਲੈ ਗਿਆ। ਪੁੱਤ ਨੂੰ ਲੱਗਾ, ਅੱਜ ਮਾਂ ਖ਼ੁਸ਼ ਹੋ ਜੂ…ਤੇ ਇਸੇ ਲਈ ਉਸ ਮਾਂ ਨੂੰ ਪੁੱਛਿਆ ਸੀ, “ਮਾਂ, ਇਹੋ ਜਿਹਾ ਮੇਲਾ ਕਦੇ ਵੇਖਿਆ ਈ।”
“ਵੇ ਪੁੱਤ ` ਸੱਚੀਂ ਇਹੋ ਜਿਹਾ ਮੇਲਾ ਮੈਂ ਕਦੇ ਨਹੀਂ ਵੇਖਿਆ…ਪਰ ਮੇਲੇ ਤਾਂ ਦਿਲ ਮਿਲਿਆਂ ਦੇ ਹੁੰਦੇ…ਇਹ ਕਾਹਦਾ ਮੇਲਾ…ਜਿਥੇ ਕੋਈ ਜਾਣ-ਸਿਆਣ ਦਾ ਨਹੀਂ…ਜਿਥੇ ਕੋਈ ਆਪਣਾ ਨਈਂ।” ਪੁੱਤ ਬਹੁਤ ਕੁਝ ਮਾਂ ਨੂੰ ਕਹਿਣਾ ਚਾਹੁੰਦਾ ਸੀ…ਕਹਿ ਨਾ ਸਕਿਆ।
ਭੂਆ ਵੀ ਕਈ ਕੁਝ ਨੂੰਹ ਪੁੱਤ ਨੂੰ ਕਹਿਣਾ ਚਾਹੁੰਦੀ ਸੀ ਪਰ ਕਹਿ ਨਾ ਸਕਦੀ। ਜਦ ਕਦੇ ਮਨ ਭਰਿਆ ਹੁੰਦਾ ਤਾਂ ਮੇਰੇ ਸਾਹਮਣੇ ਛਲਕਣ ਲੱਗ ਪੈਂਦੀ। “ਨੀ ਇਨ੍ਹਾਂ ਨੂੰਹਾਂ ਕੋਲ ਕੋਈ ਚਾਬੀ ਹੁੰਦੀ ਆ…ਜਿਹੜੀ ਦਿਸਦੀ ਨਹੀਉਂ…ਵੇਖ ਲਾ ਮੇਰੇ ਵਰਗੀ ਰੋਹਬਦਾਰ ਔਰਤ ਦੇ ਮੂੰਹ ਨੂੰ ਵੀ ਜਿੰਦੇ ਲੱਗ ਗਏ।”
“ਭੂਆ, ਜੰਗਲ ’ਚ ਸ਼ੇਰਨੀ ਇਕੋ ਰਹਿ ਸਕਦੀ…ਤੇ ਹੁਣ ਤੂੰ ਸ਼ੇਰਨੀਆਂ ਵਾਲੇ ਕਾਰੇ ਬੰਦ ਕਰ ਦੇ।”
“ਗੱਲ ਸੁਣ ਲਾ ਮੇਰੀ…ਜੀਣਾ ਮੈਂ ਵੀ ਸ਼ੇਰਨੀ ਬਣ ਕੇ…ਜਦ ਤੱਕ ਜੀਣਾ ਸ਼ੇਰਨੀ ਵਾਲੀ ਦਹਾੜ ਨਹੀਂ ਛੱਡਣੀ…ਭਲਾ ਮਰਨ ਤੋਂ ਪਹਿਲਾਂ ਕਿਉਂ ਮਰੀਏ।”
ਸੱਚਮੁਚ ਭੂਆ ਮਰਨ ਤੋਂ ਪਹਿਲਾਂ ਜੀਅ ਭਰ ਕੇ ਜੀਅ ਲੈਣਾ ਚਾਹੁੰਦੀ ਸੀ। ਪਰ ਜਦ ਰੁੱਤ ਬਦਲੀ ਤਾਂ ਉਹਦੀਆਂ ਗੱਲਾਂ ਦਾ ਰੁਖ ਵੀ ਬਦਲ ਗਿਆ। ਨੂੰਹ-ਪੁੱਤ ਜਿੰਨੇ ਜੋਗੇ ਵੀ ਸੀ…ਉਹਦਾ ਤੇਹ-ਮੋਹ ਕਰਦੇ। ਪੁੱਤ ਮਦਰ-ਡੇਅ ’ਤੇ ਭੂਆ ਦੀ ਫੋਟੋ ਨਾਲ ‘ਠੰਡੀ ਛਾਂ’ ਵਾਲਾ ਸਟੇਟਸ ਪਾਉਂਦਾ, ਪਰ ਭੂਆ ਨੂੰ ਇਹ ਸਭ ਕੁਝ ਬੇਮਤਲਬਾ ਲੱਗਦਾ। ਤੇ ਉਹ ‘ਠੰਡੀ ਛਾਂ’ ਜਿਹੀ ਹੁਣ ਆਪਣੇ ਲਈ ਛਾਂ ਭਾਲ ਰਹੀ ਸੀ। ਕਈ ਵਾਰ ਮੈਨੂੰ ਲੱਗਦਾ, ਭੂਆ ਉਹ ਰੁੱਖ ਬਣ ਗਈ ਸੀ, ਜਿਸ ਦੀ ਰੁੱਤ ਉਸ ਤੋਂ ਕੋਹਾਂ ਦੂਰ ਸੀ। ਇਹੋ ਜਿਹੇ ਵੇਲੇ ਹੀ ਮੈਂ ਉਹਨੂੰ ਕਿਹਾ ਸੀ”ਭੂਆ ਤਾਂ ਮੇਰੀ ਸ਼ੇਰਨੀ ਆ, ਐਵੇਂ ਕਿਉਂ ਦਿਲ ਛੋਟਾ ਕਰ ਕੇ ਬਹਿ ਗਈ।”
“ਪਰਦੇਸਾਂ ਨੇ ਦਿਲ ਹੌਲੇ ਕਰਤੇ ਧੀਏ` ਉਂਜ ਮੈਂ ਕਿੱਥੇ ਲਈਦੀ ਸੀ।”
ਪਰਦੇਸ ਦੀਆਂ ਕਈ ਗੱਲਾਂ ਭੂਆ ਦੀ ਸਮਝ ’ਚ ਨਾ ਪੈਂਦੀਆਂ। ਇਹੋ ਜਿਹੇ ਵੇਲੇ ਉਹ ਖਿਝ ਜਿਹੀ ’ਚ ਕਹਿੰਦੀ, “ਨੀ ਏਥੇ ਤਾਂ ਆਵਾ ਈ ਊਤਿਆ ਫਿਰਦਾ…ਸਾਡੇ ਵਾਰ੍ਹੇ-ਪਾਰ੍ਹੇ ਧੀਆਂ ਦੇ ਸੋਲ੍ਹਵੇਂ ਵਰ੍ਹੇ ਨੂੰ ਲੁਕਾ-ਲੁਕਾ ਰੱਖਦੇ ਸੀ ਤੇ ਇਥੇ ਤਾਂ ਹੋਕਾ ਦੇ-ਦੇ ਦੱਸਦੇ ਫਿਰਦੇ ਆ – ਮੇਰੀ ਧੀ ਨੂੰ ਸੋਲ੍ਹਵਾਂ ਵਰ੍ਹਾ ਲੱਗ ਗਿਆ ਜੇ।” ਸਾਰਾ ਟੱਬਰ ਕਮਲਾ ਹੋਈ ਫਿਰਦਾ, ਧੀ ਦਾ ਸੋਲ੍ਹਵਾਂ ਜਨਮ ਦਿਨ ਮਨਾਉਣ ਪਿੱਛੇ, ਰੋਜ਼ ਕਰਦੇ ਫਿਰਨਗੇ, “ਬਹੁਤ ਵੱਡੀ ਸੈਲਬ੍ਰੀ ਕਰਨੀ ਆ…।” ਭੂਆ ਦੀ ਗੱਲ ਸੁਣ ਮੈਨੂੰ ਹਾਸਾ ਆ ਗਿਆ ਸੀ ਤੇ ਮੈਂ ਹੱਸਦਿਆਂ ਕਿਹਾ ਸੀ, “ਭੂਆ, ਸੈਲਬ੍ਰੀ ਨਹੀਂ ਸੈਲੀਬ੍ਰੇਸ਼ਨ।”
“ਨੀ ਚੱਲ, ਜੋ ਵੀ ਹੋਇਆ, ਤੈਨੂੰ ਸਮਝ ਆ ਗਿਆ ਨਾ…ਬਹੁਤੀ ਪੜ੍ਹੀ ਲਿਖੀ ਨੂੰ।”
ਤੇ ਇਹੋ ਜਿਹੇ ਵੇਲੇ ਹੀ ਭੂਆ ਆਪਣੇ ਸੋਲ੍ਹਵੇਂ ਵਰ੍ਹੇ ਦਾ ਕਿੱਸਾ ਸੁਣਾਉਣ ਬਹਿ ਗਈ ਸੀ। “ਚੜ੍ਹਦੀ ਜਵਾਨੀ ਸੀ ਮੇਰੀ…ਜਦ ਬੌਬੀ ਫ਼ਿਲਮ ਆਈ। ਭਰਾ ਬੜੇ ਅੱਥਰੇ ਹੁੰਦੇ ਸੀ…ਤੇ ਜਵਾਨੀ ਉਨ੍ਹਾਂ ਤੋਂ ਵੱਧ ਅੱਥਰੀ ਸੀ। ਮੈਂ ਤੇ ਮੇਰੀ ਚਾਚੇ ਦੀ ਕੁੜੀ ਪਿੰਦਰ ਨੇ ਬੌਬੀ ਵਾਂਗੂੰ ਸਿਰ ’ਤੇ ਉੱਚਾ ਜੂੜਾ ਕਰ ਲਿਆ। ਆਰਾਮ ਨਾਲ ਧਰੇਕ ਥੱਲੇ ਬਹਿ ਦਸੂਤੀ ਕੱਢ ਰਹੀਆਂ ਸੀ। ਬਾਹਰੋਂ ਜੁਆਕ ਲੰਘੇ, ਪਤਾ ਨਹੀਂ ਕਿਹੜੇ ਚੌਬਰ ਦੇ ਧੱਕੇ ਚੜ੍ਹੇ ਬੋਲਣ ਲੱਗ ਪਏ – ਬੌਬੀ ਬੌਬੀ। ਤੇਰੇ ਪਿਉ ਨੇ ਕਿਤੇ ਸੁਣ ਲਿਆ ਤੇ ਸਾਨੂੰ ਦੋਵਾਂ ਨੂੰ ਛਿਟੀਆਂ ਨਾਲ ਝੰਬ ਸੁੱਟਿਆ।”
ਭੂਆ ਦਾ ਲੰਬਾ-ਚੌੜਾ ਕਿੱਸਾ ਸੁਣ ਮੈਂ ਸਵਾਦ ਲਾ ਕੇ ਪੁੱਛਣਾ, “ਹੁਣ ਦੇ ਵੇਲੇ ਕੀ ਹੁੰਦਾ ਭਲਾ…।”
“ਹੁਣ ਤਾਂ ਬੱਸ…ਉਹ ਗੱਲ ਆ, ਲੱਥ ਗਈ ਲੋਈ ਤੇ ਕੀ ਕਰੂਗਾ ਕੋਈ…ਨੂੰਹਾਂ ਧੀਆਂ ਨਿੱਕਰਾਂ ਜਿਹੀਆਂ ਪਾ ਕੇ ਫੇਸਬੁੱਕ ’ਤੇ ਫੋਟੋ ਪਾ ਦੇਂਦੀਆਂ ਤੇ ਥੱਲੇ ਸਹੁਰੇ-ਪਤਿਉਰੇ ਲਿਖਦੇ ਫਿਰਦੇ ਆ…ਨੈਸ ਪਿਕ।”
ਕਨੇਡਾ ਜਾ ਇਹੋ ਜਿਹੀਆਂ ਰੰਗ ਬਰੰਗੀਆਂ ਗੱਲਾਂ ਸੁਣਾਉਣਾ ਉਹਦਾ ਨਿੱਤ ਨੇਮ ਬਣ ਗਿਆ ਸੀ। ਗੱਲ ਸੁਣਾਉਣ ਤੋਂ ਪਹਿਲਾਂ ਉਹ ਅਕਸਰ ਕਹਿੰਦੀ, “ਲੈ ਤੈਨੂੰ ਅੱਜ ਦਾ ਕਿੱਸਾ ਸੁਣਾਵਾਂ…।” ਤੇ ਮੈਂ ਉਹਦੇ ਮਿੱਠੇ-ਸਲੂਣੇ ਕਿੱਸੇ ਸੁਣਦੀ ਰਹਿੰਦੀ।
“ਨੀ ਅੜੀਏ! ਅੱਜ ਮੈਂ ਸੈਰ ਕਰਨ ਘਰੋਂ ਬਾਹਰ ਨਿਕਲੀ ਤਾਂ ਤੇਰਾ ਭਰਾ ਮੈਨੂੰ ਸਮਝਾਉਂਦਿਆਂ ਕਹਿਣ ਲੱਗਾ ‘ਬੇਬੇ ਸੈਰ ਕਰਦੀ ਕਰਦੀ ਆਲੇ ਦੁਆਲੇ ਤੈਨੂੰ ਬੜੀਆਂ ਅਲੋਕਾਰ ਚੀਜ਼ਾਂ ਦਿਸਣੀਆਂ। ਐਵੇਂ ਡੇਲੇ ਪਾੜ ਪਾੜ ਝਾਕੀ ਨਾ ਜਾਈਂ ਉਧਰ ਨੂੰ। ਮੇਰੀ ਜਾਣੇ ਬਲਾ…ਪਤਾ ਨਹੀਂ ਕਿਹੜੀਆਂ ਅਲੋਕਾਰ ਚੀਜ਼ਾਂ ਦੀ ਗੱਲ ਕਰਨ ਡਿਆ ਸੀ।”
“ਫਿਰ ਭੂਆ ਕਿਹੜੀਆਂ ਅਲੋਕਾਰ ਚੀਜ਼ਾਂ ਵੇਖੀਆਂ ਤੂੰ।”
“ਨੀ ਉਥੇ ਤਾਂ ਕੁੜੀਆਂ ਮੁੰਡੇ ਸ਼ਰੇਆਮ ਇਕ ਦੂਜੇ ਨਾਲ ਚੋਹਲ ਮੋਹਲ ਕਰਨ ਡਹੇ ਸੀ।”
“ਫਿਰ ਭੂਆ…ਤੂੰ ਵੇਖਿਆ ਉਨ੍ਹਾਂ ਵੱਲ।”
“ਲੈ ਹੋਰ…ਜੀਅ ਭਰ ਕੇ ਵੇਖਿਆ ਉਨ੍ਹਾਂ ਵੱਲ। ਵੇਖ ਕੇ ਮੈਂ ਸੋਚਿਆ…ਜਵਾਨੀਆਂ ਤਾਂ ਇਹ ਲੋਕ ਮਾਣਦੇ ਆ…ਜੇ ਕਿਤੇ ਤੇਰਾ ਫੁੱਫੜ ਨਾਲ ਹੁੰਦਾ ਤਾਂ ਮੈਂ ਉਹਨੂੰ ਕਹਿਣਾ ਸੀ…ਜਵਾਨੀ ’ਚ ਤਾਂ ਚੋਹਲ-ਮੋਹਲ ਕੀਤੇ ਨਾ…ਆ ਜਾ ਹੁਣ ਈ ਆਪਾਂ ਚੋਹਲ-ਮੋਹਲ ਕਰ ਲਈਏ।”
“ਲੈ ਭੂਆ…ਲੱਭ ਲਾ ਕੋਈ ਗੋਰਾ…ਕਰ ਲਾ ਤੂੰ ਵੀ ਚੋਹਲ ਮੋਹਲ…।”
“ਚੱਲ, ਜੇ ਤੂੰ ਕਹਿੰਦੀ ਆਂ ਤਾਂ ਅੱਜ ਈ ਕੋਈ ਗੋਰਾ ਲੱਭ ਕੇ ਉਹਨੂੰ ਮੈਂ ਆਈ ਲਬ ਯੂ ਕਹਿ ਦੇਣਾ…ਫੇਰ ਨਾ ਆਖੀਂ ਦੱਸਿਆ ਨੀਂ।”
ਇਹੋ ਜਿਹੀਆਂ ਗੱਲਾਂ ਕਰ ਅਸੀਂ ਕਿੰਨਾ ਚਿਰ ਹੱਸਦੀਆਂ ਰਹੀਆਂ ਸੀ ਤੇ ਫਿਰ ਭੂਆ ਦੀ ਗਰਾਰੀ ਚੋਹਲ-ਮੋਹਲ ’ਤੇ ਅੜ ਗਈ ਸੀ।
“ਕਈ ਵਾਰ ਸੋਚੂੰ…ਸਾਡੇ ਤਾਂ ਚੋਹਲ-ਮੋਹਲ ਕਿਸੇ ਨਾ ਕੀਤੇ…ਸਾਡੇ ਦਿਨ ਪਤਾ ਨਹੀਂ ਕਿੱਥੇ ਛਿਪਣ ਹੋਗੇ…ਕਨੇਡੇ ਤਾਂ ਰੰਨ ਰਸੋਈ ’ਚ ਹੋਊ, ਲੇਲਿਆਂ ਵਾਂਗੂੰ ਖਸਮ ਪਿੱਛੇ-ਪਿੱਛੇ ਤੁਰੇ ਫਿਰਦੇ…ਰੰਗ ਬਿਰੰਗੇ ਨਾਂ ਲੈ ਲੈ ਕੇ ਲਾਡ ਲਡਾਉਂਦੇ ਆ।”
“ਭੂਆ, ਤੈਨੂੰ ਫੁੱਫੜ ਕੀ ਕਹਿ ਲਾਡ ਲਡਾਉਂਦਾ ਹੁੰਦਾ ਸੀ।”
“ਤੈਨੂੰ ਦੱਸਾਂ, ਉਹ ਮੇਰਾ ਭੋਰਾ ਵਸਾਹ ਨਹੀਂ ਖਾਂਦਾ ਹੁੰਦਾ ਸੀ…ਪਰ ਲਾਡ ਨਹੀਂ ਸੀ ਉਸ ਕਦੇ ਲਡਾਏ।”
“ਆਹ ਕੀ ਗੱਲ ਹੋਈ ਭਲਾ…ਭੂਆ।”
“ਨੀ ਇਹੋ ਜਿਹੀਆਂ ਹੀ ਗੱਲਾਂ ਹੁੰਦੀਆਂ ਸੀ…ਸਾਡੇ ਵਾਰ੍ਹੇ ਪਾਰ੍ਹੇ ਕਹਿੰਦੇ ਹੁੰਦੇ ਸੀ…ਜਿਹੜਾ ਰੰਨ ਲਾਡਲੀ ਰੱਖੂ…ਉਹ ਕੀ ਜੱਗ ’ਤੇ ਖੱਟੀ ਖੱਟੂ।”
ਤੇ ਇੰਜ ਉਹ ਕਿੰਨਾ ਹੀ ਚਿਰ ਆਪਣੇ ਹੋਏ ਬੀਤੇ ਦੇ ਕਿੱਸੇ ਸੁਣਾਉਂਦੀ ਰਹਿੰਦੀ। ਫੁੱਫੜ ਦੀਆਂ ਗੱਲਾਂ ਕਰਦਿਆਂ ਕਰਦਿਆਂ ਉਹਦਾ ਬੋਲ ਭਾਰਾ ਹੋ ਜਾਂਦਾ ਤੇ ਇਕ ਚੁੱਪ ਸਾਡੇ ਦੋਵਾਂ ਵਿਚਕਾਰ ਫੈਲ ਜਾਂਦੀ। ਉਸ ਪਲ ਮੈਂ ਉਸ ਚੁੱਪ ਨੂੰ ਤੋੜਦਿਆਂ ਕਹਿ ਦੇਂਦੀ, “ਭੂਆ ਤਗੜੀ ਹੋ…ਸਾਰੀ ਉਮਰ ਕੋਈ ਨਾਲ ਥੋੜ੍ਹੀ ਨਿਭਦਾ।”
ਤੇ ਫਿਰ ਉਹ ਆਪਣੇ ਆਪ ਨੂੰ ਸਾਵਾਂ ਕਰਦਿਆਂ ਕਹਿੰਦੀ, “ਨੀ ਤਗੜੀ ਤਾਂ ਬਥੇਰੀ ਸੀ…ਕਈ ਵਾਰ ਐਵੇਂ ਈ, ਬਸ…।”
“ਬੱਸ ਜੀ ਐਨਾ ਹੀ ਸਾਥ ਸੀ…ਹੱਸਦਿਆਂ ਹਸਾਉਂਦਿਆਂ ਹੀ ਡੰਡੀਉਂ ਲਹਿ ਗਈ…ਹਜੇ ਕੋਈ ਜਾਣ ਦੀ ਉਮਰ ਸੀ।” ਕਿਸੇ ਨੇ ਮੈਨੂੰ ਕਲਾਵੇ ’ਚ ਲੈਂਦਿਆਂ ਕਿਹਾ। ਮੇਰਾ ਵੀ ਜੀਅ ਕਰਦਾ ਸੀ; ਸੱਥਰ ’ਤੇ ਬੈਠੇ ਲੋਕ ਭੂਆ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੇ ਨਾਲ ਕਰਨ…ਜਿਵੇਂ ਦੀ ਉਹ ਸੀ, ਉਵੇਂ ਦੀਆਂ ਹੀ ਗੱਲਾਂ ਕਰਨ। ਪਰ ਬੜੀ ਛੇਤੀ ਉਨ੍ਹਾਂ ਦੀਆਂ ਗੱਲਾਂ ਵਿਹਾਰੀ ਜਹੀਆਂ ਹੋ ਗਈਆਂ ਸੀ। ਸੱਥਰ ਦੀ ਇਸ ਭੀੜ ’ਚ ਮੈਨੂੰ ਭੂਆ ਦਾ ਉਹ ਸ਼ਰੀਕ ਦਿਸਿਆ…ਜਿਸ ਨਾਲ ਭੂਆ ਦੀ ਕਦੇ ਵੀ ਬਣ ਨਹੀਂ ਆਈ ਸੀ। ਉਂਜ ਵੀ ਭੂਆ ਬਾਰੇ ਮਸ਼ਹੂਰ ਸੀ, ਜੇ ਉਹਦੇ ਮੱਥੇ ’ਤੇ ਕਿਸੇ ਗੱਲੋਂ ਤਿਊੜੀ ਪੈ ਜਾਂਦੀ ਤਾਂ ਛੇਤੀ ਕੀਤਿਆਂ ਜਾਂਦੀ ਨਹੀਂ ਸੀ। ਇਕ ਦਿਨ ਮੈਂ ਉਂਝ ਹੀ ਪੁੱਛ ਲਿਆ, “ਭੂਆ ਅੱਜ ਕੱਲ੍ਹ ਤਾਂ ਨਹੀਂ ਕਿਸੇ ਦੇ ਨਾਂ ਦੀ ਤਿਊੜੀ ਪਾਈ ਫਿਰਦੀ।”
“ਨੀ ਬੱਸ ਇਕ ਹੀ ਬੰਦੇ ਨਾਲ ਰੌਲਾ ਜਿਹਾ ਰਹਿ ਗਿਆ…ਬੱਸ ਹੁਣ ਉਹਦੇ ਨਾਂ ਦੀ ਵੀ ਤਿਊੜੀ ਖ਼ਤਮ ਕਰ ਦੇਣੀ ਆ…।” ਸਾਰੇ ਰੌਲੇ ਖ਼ਤਮ ਕਰਦੀ-ਕਰਦੀ ਉਹ ਤਾਂ ਆਪ ਹੀ ਮਰ-ਮੁੱਕ ਗਈ ਸੀ।
ਵਿਹੜੇ ’ਚੋਂ ਸੱਥਰ ਉੱਠ ਚੁੱਕਾ ਸੀ। ਪਰਛਾਵੇਂ ਢਲ ਗਏ ਸੀ…ਡੁੱਬਦਾ ਸੂਰਜ ਪਤਾ ਨਹੀਂ ਕਿਉਂ ਮੈਨੂੰ ਡੋਬੂ ਪਾ ਰਿਹਾ ਸੀ। ਸਿਆਲ ਦੀ ਠਰੀ ਸ਼ਾਮ ਵੇਲੇ ਭੂਆ ਨੂੰ ‘ਕੈਂਡੀ’ ’ਚ ਰੱਖ ਦਿੱਤਾ ਸੀ। ਭੂਆ ਦਾ ਘਰ ਮੈਨੂੰ ਓਪਰਾ ਜਿਹਾ ਲੱਗਣ ਲੱਗ ਪਿਆ ਸੀ ਤੇ ਮੈਂ ਪਰਦੇਸੀ ਬੈਠੇ ਆਪਣਿਆਂ ਨੂੰ ਫ਼ੋਨ ਕਰਨ ਲੱਗ ਪਈ ਸੀ। ਭਰਾ, ਭਰਜਾਈਆਂ, ਭਤੀਜਿਆਂ ਕੋਲ ਭੂਆ ਦੀਆਂ ਬੜੀਆਂ ਹੀ ਗੱਲਾਂ ਸੀ। ਥੋੜ੍ਹਾ ਜਿਹਾ ਜੇਰਾ ਕਰ ਮੈਂ ਆਉਣ ਦਾ ਪੁੱਛਿਆ ਸੀ।…ਤੇ ਫਿਰ ਕਿੰਨੇ ਹੀ ਝੂਠੇ ਮੂਠੇ ਬਹਾਨੇ ਫ਼ੋਨ ’ਤੇ ਸੁਣ ਲਏ ਸਨ। ਉਸ ਪਲ ਮੈਨੂੰ ਸਾਰੇ ਹੀ ਰਿਸ਼ਤੇ ਬੇਮਤਲਬੇ ਜਿਹੇ ਲੱਗੇ…ਤੇ ਉਸ ਪਲ ਭੂਆ ਦੇ ਅੰਤ ਵਿਚੋਂ ਆਪਣਾ ਅੰਤ ਦਿਸਣ ਲੱਗ ਪਿਆ ਸੀ…ਤੇ ਉਸ ਪਲ ਮੈਂ ਭੂਆ ਲਈ ਲਿਆਂਦੀ ਲੋਈ ਨੂੰ ਕਿੰਨਾ ਚਿਰ ਆਪਣੇ ਗਲ ਨਾਲ ਲਾਈ, ਅੱਥਰੂ ਕੇਰਦੀ ਰਹੀ ਸੀ।…ਤੇ ਉਸ ਪਲ ਹੀ ਭੂਆ ਨਾਲ ਲੋਈ ਵਾਲੀ ਕੀਤੀ ਗੱਲ ਮੁੜ ਚੇਤੇ ਆ ਗਈ ਸੀ। ਮੇਰਾ ਭਰਾ ਉਨ੍ਹੀਂ ਦਿਨੀਂ ਆਪਣੇ ਦੇਸ਼ ਆਇਆ ਸੀ। ਆਪਣੇ ਕੰਮ-ਧੰਦੇ ਲੱਗਾ ਰਿਹਾ। ਭੂਆ ਦੇ ਪਿੰਡ ਗੇੜਾ ਨਾ ਮਾਰ ਹੋਇਆ ਉਸ ਕੋਲੋਂ। ਉਸ ਦਿਨ ਭੂਆ ਨੇ ਮੈਨੂੰ ਮੇਰੇ ਭਰਾ ਦਾ ਉਲਾਂਭਾ ਦਿੱਤਾ ਸੀ।
“ਨੀ ਵੇਖ ਲਾ ਜਾਣ ਲੱਗਿਆ ਮਿਲ ਕੇ ਵੀ ਨਾ ਗਿਆ…ਕਿੱਡਾ ਨਿਰਮੋਹਿਆ ਹੋ ਗਿਆ ਭਤੀਜਾ…ਮੇਰੇ ਭਰਾ ਦੀ ਥਾਂ ਈ ਸੀ…ਮੇਰੇ ਭਤੀਜੇ ਦੀ ਥਾਂ ਵੀ ਸੀ…ਪਰ ਉਸ ਕੋਲੋਂ ਤਾਂ ਕੋਈ ਵੀ ਥਾਂ ਨਾ ਰੱਖ ਹੋਈ।”
“ਚੱਲ…ਛੱਡ ਭੂਆ…ਥੁੱਕ ਦੇ ਗੁੱਸੇ ਨੂੰ…ਏਨਾ ਗੁੱਸਾ ਚੰਗਾ ਨਹੀਉਂ।”
“ਗੱਲ ਗੁੱਸੇ ਦੀ ਨਹੀਉਂ…ਗੱਲ ਹੰਮੇ ਦਾਅਵੇ ਦੀ ਆ।”
“ਭੂਆ, ਪਰਦੇਸੀਆਂ ’ਤੇ ਕਾਹਦੇ ਹੰਮੇ ਦਾਅਵੇ।”
“ਹੰਮੇ ਦਾਅਵਿਆਂ ਦੇ ਸਿਰ ’ਤੇ ਹੀ ਤਾਂ ਰਿਸ਼ਤੇ ਆ ਧੀਏ…ਕੱਲ੍ਹ ਨੂੰ ਇਨ੍ਹਾਂ ਤੋਂ ਕੀ ਆਸ…ਮੇਰੀ ਮਰੀ ਤੋਂ ਲੋਈ ਵੀ ਪਾਉਣ ਆਉਣਗੇ ਕਿ ਨਹੀਂ?”
ਤੇ ਉਸ ਪਲ ਮੈਂ ਐਵੇਂ ਹੀ ਗੱਲ ਨੂੰ ਹਾਸੇ ’ਚ ਟਾਲਦਿਆਂ ਕਿਹਾ ਸੀ, “ਭੂਆ, ਤੂੰ ਮਰਨ ਵਾਲੀ ਬਣ…ਚਹੁੰ ਭਤੀਜਿਆਂ ਦੇ ਵੰਡੇ ਦੀਆਂ ਲੋਈਆਂ, ਮੈਂ ਤੇਰੇ ’ਤੇ ਪਾਊਂ…।” ਤੇ ਭੂਆ, ਜੋ ਉਸ ਵੇਲੇ ਡਾਹਢੀ ਔਖੀ ਸੀ, ਹੱਸਦੀ ਹੱਸਦੀ ਦੋਹਰੀ-ਚੋਹਰੀ ਹੋ ਗਈ।
ਤੇ ਇਸ ਵੇਲੇ ਭੂਆ ਕੈਂਡੀ ’ਚ ਲੱਗੀ ਹੋਈ ਸੀ। ਮੈਂ ਜੀਅ-ਭਿਆਣੀ ਜਿਹੀ ਕੈਂਡੀ ਦੇ ਚੱਕਰ ਕੱਟਣ ਲੱਗਦੀ ਹਾਂ। ਉਹਦੇ ਚਿਹਰੇ ਨੂੰ ਗਹੁ ਨਾਲ ਵੇਖਦੀ ਹਾਂ।
“ਪਰਦੇਸਾਂ ਨੇ ਆਹ ਦਿਨ ਵੀ ਦਿਖਾਉਣੇ ਸੀ…‘ਮਰਨਾ ਖਰਾਬ’ ਕਰ ਦਿੱਤਾ ਇਸ ਪਰਦੇਸ ਨੇ…।” ਲਾਗੋਂ ਕਿਸੇ ਦੀ ਆਵਾਜ਼ ਆਈ ਤਾਂ ਮੈਨੂੰ ਯਾਦ ਆਇਆ ‘ਮਰਨੇ ਖ਼ਰਾਬ’ ਤੋਂ ਭੂਆ ਕਿੰਨਾ ਡਰਦੀ ਹੁੰਦੀ ਸੀ। ਕੈਨੇਡਾ ਕਿਸੇ ਦੇ ਸਸਕਾਰ ’ਤੇ ਗਈ ਤਾਂ ਕਿੰਨਾ ਹੀ ਚਿਰ ਸੋਚੀਂ ਪਈ ਰਹੀ ਸੀ ਤੇ ਫਿਰ ਬੇਵਿਸ਼ਵਾਸੀ ਜਿਹੀ ’ਚ ਉਸ ਕਿਹਾ ਸੀ, “ਏਥੇ ਤਾਂ ਮਰਨ ਦਾ ਵੀ ਕੋਈ ਹੱਜ ਨਹੀਉਂ…ਕਿੰਨੇ ਕਿੰਨੇ ਦਿਨ ਮੁਰਦੇ ਨੂੰ ਬਰਫ਼ ’ਚ ਲਾਈ ਰੱਖਦੇ ਆ…ਤੇ ਫਿਰ ਟੈਮ ਮਿਲਣ ’ਤੇ ਸਸਕਾਰ ਹੁੰਦਾ…ਹੈ ਨਾ ‘ਮਰਨੇ ਖ਼ਰਾਬ’ ਵਾਲੀ ਗੱਲ।”
“ਭੂਆ, ਜਦ ਬੰਦਾ ਮਰ ਈ ਗਿਆ…ਫਿਰ ‘ਮਰਨਾ ਖ਼ਰਾਬ’ ਹੋਵੇ ਜਾਂ ‘ਮਰਨਾ ਠੀਕ’ ਹੋਵੇ, ਕੀ ਫ਼ਰਕ ਪੈਂਦਾ।”
“ਫ਼ਰਕ ਕਿਉਂ ਨੀਂ ਪੈਂਦਾ…ਮੁਰਦਾ ਮਸ਼ੀਨ ਜਹੀ ’ਚ ਅੰਦਰ ਜਾਂਦਾ ਸਵਾਹ ਦੀ ਢੇਰੀ ਬਣ ਬਾਹਰ ਆ ਜਾਂਦਾ…ਫੁੱਲ ਵੀ ਝੁਲਸ ਜਾਂਦੇ ਹੋਣੇ ਸਾਰੇ…ਇੰਜ ਗਤੀ ਹੋ ਜਾਂਦੀ ਹੋਊ ਭਲਾ।”
ਉਸ ਵੇਲੇ ਛੋਟੀ ਭੂਆ ਮੇਰੇ ਲਾਗੇ ਹੀ ਖਲੋਤੀ ਸੀ ਤੇ ਮੈਂ ਉਹਦੇ ਗਲ ਲੱਗ, ਬੱਸ ਇਹੀ ਪੁੱਛ ਸਕੀ ਸੀ, “ਭੂਆ ਦੀ ਗਤੀ ਹੋ ਜਾਊ…ਭਲਾ।”
“ਲੈ ਕਮਲੀ ਨਾ ਹੋਵੇ ਤਾਂ…ਤੂੰ ਜੀਅ ਛੋਟਾ ਕਿਉਂ ਕਰਦੀ ਆਂ…ਸਾਰੇ ਕਾਰ-ਵਿਹਾਰ ਚੱਜ ਨਾਲ ਕਰਨੇ ਆਪਾਂ…ਗਤੀ ਕਿੱਦਾਂ ਨਾ ਹੋਊ…ਭਲਾ।”
ਤੇ ਫਿਰ ਉਸ ਵਿਹਾਰੀ ਜਿਹੀ ਗੱਲ ਪੁੱਛੀ, “ਪੁੱਤ, ਸਾਡੇ ਵੱਲੋਂ ਸਾਰਿਆਂ ਪਹੁੰਚ ਜਾਣਾ ਰਾਤ ਤੱਕ…ਤੁਹਾਡੇ ਵੱਲੋਂ ਵੀ ਤੁਰ ਪਏ ਹੋਣੇ ਸਾਰੇ…।”
“ਤੁਰ ਈ ਪਏ ਹੋਣਗੇ…ਤੁਸੀਂ ਦੇ ਦਿਉ ਟਾਈਮ ਆਪਣੇ ਹਿਸਾਬ ਨਾਲ।”
ਸਵੇਰ ਤੱਕ ਸਭ ਸੱਤ ਸਮੁੰਦਰੋਂ ਪਾਰ ਕਰ ਕੇ ਆ ਗਏ ਸੀ। ਪੁੱਤ ਕਿੰਨਾ ਚਿਰ ਮੰਜੇ ਦੇ ਪਾਵੇ ਨੂੰ ਫੜ ਮਾਂ ਨਾਲ ਗੱਲਾਂ ਕਰਦਾ ਰਿਹਾ ਸੀ ਤੇ ਫਿਰ ਆਖ਼ਰੀ ਸਵਾਲ ਉਸ ਮਾਂ ਨੂੰ ਪਾਇਆ ਸੀ, “ਮੇਰੇ ਕੋਲੋਂ ਕਿਹੜੀ ਗ਼ਲਤੀ ਹੋ ਗਈ ਮੇਰੀਏ ਠੰਡੀਏ ਛਾਵੇਂ।”
ਪਰ ਠੰਡੀ ਛਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ। ਕੋਈ ਪਿੱਛੋਂ ਆਵਾਜ਼ ਆਉਂਦੀ ਹੈ, “ਨੀ ਪੇਕਿਆਂ ਵੱਲੋਂ ਨਈਂ ਕੋਈ ਬਹੁੜਿਆ ਹਾਲੇ ਤਾਈਂ।” ਉਸ ਆਵਾਜ਼ ਨੂੰ ਮੈਂ ਠਰ੍ਹੀ ਜਹੀ ਆਵਾਜ਼ ’ਚ ਜਵਾਬ ਦੇਂਦੀ ਹਾਂ, “ਪੇਕਿਆਂ ਵੱਲੋਂ ਨਹੀਂ ਕਿਸੇ ਬਹੁੜਣਾ…ਤੁਸੀਂ ਕਰੋ ਆਪਣੇ ਕਾਰ-ਵਿਹਾਰ।”
“ਨੀ ਪਰਦੇਸਾਂ ਦੀਆਂ ਕਈ ਮਜਬੂਰੀਆਂ ਹੋਣੀਆਂ…ਹੋਰ ਭਰਾ-ਭਤੀਜਿਆਂ ਨੂੰ ਕਿਹੜਾ ਠੰਡਾ ਕੱਢਦਾ।”
ਇਹੋ ਜਿਹੀਆਂ ਕਿੰਨੀਆਂ ਹੀ ਆਵਾਜ਼ਾਂ ਮੈਨੂੰ ਬੇਚੈਨੀ ਦੇ ਗਈਆਂ। ਫਿਰ ਕੁਝ ਆਵਾਜ਼ਾਂ ਮੈਨੂੰ ਕਾਰ-ਵਿਹਾਰ ਸਮਝਾਉਣ ਲੱਗੀਆਂ। ਅੱਜ ਤੋਂ ਪਹਿਲਾਂ ਮੈਨੂੰ ਇਨ੍ਹਾਂ ‘ਕਾਰ ਵਿਹਾਰਾਂ’ ਦਾ ਬਹੁਤਾ ਪਤਾ ਨਹੀਂ ਸੀ। ਤੇ ਅੱਜ ਮੈਂ ਸਿਆਣੀ ਜਹੀ ਬਣ ਸਭ ਰਸਮਾਂ ਨਿਭਾਉਣ ਲੱਗ ਪਈ। ਲਾਸ਼ ਨੂੰ ਨਹਾਉਣ ਤੋਂ ਬਾਅਦ ਖੱਫਣ ਪਾ ਦਿੱਤਾ ਸੀ…ਤੇ ਮੈਂ ਰਸਮ ਮੁਤਾਬਕ ਪੇਕਿਆਂ ਵੱਲੋਂ ਖੱਫ਼ਣ ਦੇ ਪੈਸੇ ਦੇ ਦਿੱਤੇ। ਮੈਂ ਹਾਰੀਆਂ ਜਿਹੀਆਂ ਨਜ਼ਰਾਂ ਨਾਲ ਭੀੜ ਵੱਲ ਵੇਖਿਆ।
“ਪਹਿਲੀ ਲੋਈ ਪੇਕਿਆਂ ਦੀ ਹੁੰਦੀ ਆ।” ਕਿਸੇ ਸਿਆਣੀ ਔਰਤ ਨੇ ਸਮਝਾਉਂਦਿਆਂ ਕਿਹਾ।”
ਮੈਂ ਚੁੱਪਚਾਪ ਭੂਆ ਦੀ ਦੇਹ ’ਤੇ ਚਹੁੰ ਭਤੀਜਿਆਂ ਦੇ ਵੰਡੇ ਦੀਆਂ ਲੋਈਆਂ ਪਾਉਣ ਲੱਗ ਪਈ।
“ਨੀ ਤੇਰੇ ਪੇਕਿਆਂ ਦੇ ਸੰਦੂਕਾਂ ’ਚੋਂ ਤੇਰੇ ਹਿੱਸੇ ਦੀਆਂ ਲੋਈਆਂ ਮੁੱਕ ਗਈਆਂ।”
ਭੀੜ ’ਚੋਂ ਆਈ ਆਵਾਜ਼ ਮੈਨੂੰ ਜਿਊਂਦਿਆਂ ਜੀਅ ਮੁਕਾ ਗਈ। ਮੈਂ ਹੌਲੀ ਜਿਹੇ ਲੋਈਆਂ ਪਰ੍ਹੇ ਕਰ ਕੇ…ਭੂਆ ਦੇ ਅੰਤਮ ਦਰਸ਼ਨ ਕਰਦੀ ਹਾਂ…ਭੂਆ ਦੇ ਭਰਵੱਟਿਆਂ ਦੇ ਵਿਚਕਾਰ ਵਾਲੀ ਥਾਂ ਅਜੇ ਵੀ ਉੱਭਰੀ ਪਈ ਸੀ। ਮੈਂ ਦਵਾ-ਦਵ ਭੂਆ ਦਾ ਮੂੰਹ ਲੋਈ ਨਾਲ ਢੱਕ ਦੇਂਦੀ ਹਾਂ।