Lokan Di Fauj (Punjabi Story) : Raghubir Dhand
ਲੋਕਾਂ ਦੀ ਫ਼ੌਜ (ਕਹਾਣੀ) : ਰਘੁਬੀਰ ਢੰਡ
ਉਸ ਪਿੰਡ ਵਿਚੋਂ ਮਸਾਂ ਦੋ ਕੁ ਸੌ ਬਚ ਕੇ ਬੇਖ਼ਤਰ ਥਾਂ ਉਤੇ ਪਹੁੰਚੇ ਸਨ-ਛੇ ਸੌ 'ਚੋਂ ਮਸਾਂ ਦੋ ਕੁ ਸੌ। ਬਹੁਤੇ ਜਵਾਨ ਮੁੰਡੇ ਕੁੜੀਆਂ ਤੇ ਪੰਜਾਹ ਕੁ ਬੱਚੇ ਬੱਚੀਆਂ ਤੇ ਬੁੱਢੇ ਬੁੱਢੀਆਂ।
ਸਾਰਿਆਂ ਦੇ ਚਿਹਰੇ ਉਤਰੇ ਹੋਏ। ਬੱਚਿਆਂ ਦੀਆਂ ਜਿਵੇਂ ਚੀਕਾਂ ਮੁੱਕ ਗਈਆਂ ਸਨ। ਬੁੱਢੇ ਬੁੱਢੀਆਂ ਵਲੋਂ ਹਰ ਸਾਹ ਨਾਲ ਪੁਕਾਰਣ ਨਾਲ ਜਿਵੇਂ ਅੱਲਾ ਤੁਆਲਾ ਵੀ ਅੱਕ ਗਿਆ ਸੀ। ਖੂਬਸੂਰਤ ਬੰਗਾਲਣਾਂ ਦੀਆਂ ਗਜ਼ ਗਜ਼ ਲੰਮੀਆਂ ਜ਼ੁਲਫਾਂ ਇੰਜ ਬੇਜਾਨ ਹੋ ਗਈਆਂ ਸਨ ਜਿਵੇਂ ਸਪਣੀਆਂ ਉਤੇ ਬਿਜਲੀਆਂ ਡਿਗ ਪਈਆਂ ਹੋਣ।
ਬੇਖ਼ਤਰ ਥਾਂ ਉੱਤੇ ਪਹੁੰਚਦਿਆਂ ਹੀ ਸਭ ਨੇ ਆਪਣਿਆਂ ਮੋਇਆਂ ਨੂੰ ਰੋਣਾ ਸ਼ੁਰੂ ਕਰ ਦਿੱਤਾ। ਚੀਕਦੇ ਬੱਚਿਆਂ ਦੇ ਮੂੰਹਾਂ ਵਿੱਚ ਮਾਵਾਂ ਨੇ ਸੁੱਕੀਆਂ ਲਮਕਦੀਆਂ ਦੁੱਧੀਆਂ ਦੇ ਦਿੱਤੀਆਂ।
ਲੋਕਾਂ ਨੂੰ ਇੰਨੇ ਤੰਗ ਵੇਖ ਕੇ ਮੌਲਵੀ ਬਦਰਦੀਨ ਨੇ ਸੂਫ਼ੀਆਨਾ ਅੰਦਾਜ਼ ਵਿੱਚ ਕਿਹਾ:
''ਵੇਖੋ! ਖੁਦਾ ਦਾ ਸ਼ੁਕਰ ਕਰੋ ਪਿੰਡ ਦਾ ਨਾਂ ਨਿਸ਼ਾਨ ਤਾਂ ਰਹਿ ਗਿਆ। ਹੁਣ ਸਬਰ ਕਰੋ ਅੱਲਾ ਤੁਆਲਾ ਨੂੰ ਇਹੀ ਮਨਜ਼ੂਰ ਸੀ....।''
ਮੌਲਵੀ ਦੀ ਗੱਲ ਟੋਕਦਿਆਂ ਉਸ ਦਾ ਲੜਕਾ ਰਫ਼ੀਕ ਬੋਲਿਆ:
''ਅੱਬਾ, ਜਦੋਂ ਵੀ ਪਿੰਡ 'ਚ ਕੋਈ ਮਰਦੈ, ਜਾਂ ਕੋਈ ਹੋਰ ਮੁਸੀਬਤ ਥਰਪਾ ਹੁੰਦੀ ਐ, ਤੂੰ ਏਹੀ ਰੱਟ ਲਾਉਨੈਂ: 'ਅੱਲਾ ਤਾਲਾ ਨੂੰ ਏਹੀ ਮਨਜ਼ੂਰ ਸੀ।' ਕੀ ਅੱਲਾ ਤਾਲਾ ਨੂੰ ਸਭ ਬੁਰੀਆਂ ਗੱਲਾਂ ਈ ਮਨਜ਼ੂਰ ਹੁੰਦੀਐਂ?''
ਮੌਲਵੀ ਬਦਰਦੀਨ ਦੇ ਬੁੱਲ੍ਹ ਥਰਕੇ। ਚਿੱਟੀ ਦਾੜ੍ਹੀ ਜ਼ਰਾ ਉਤਾਂਹ ਉਠੀ ਤੇ ਗਲ ਦੀਆਂ ਰਗਾਂ ਖੜੀਆਂ ਹੋਈਆਂ।
''ਓ, ਤੂੰ ਕਿਥੋਂ ਕਾਫ਼ਰ ਜੰਮ ਪਿਆ ਮੇਰੇ ਘਰ। ਹੇ ਅੱਲਾ, ਮਿਹਰ ਕਰੀਂ।''
''ਏਹਤੋਂ ਜ਼ਿਆਦਾ ਮਿਹਰ ਅੱਲਾ ਨੇ ਕੀ ਕਰਨੀ ਐ?''
ਰਫ਼ੀਕ ਦੀ ਗੱਲ ਮੌਲਵੀ ਬਦਰਦੀਨ ਦੇ ਗੋਲੀ ਵਾਂਗ ਲਗੀ। ਉਸ ਨੂੰ ਜਾਪਿਆ ਉਸ ਦੇ ਕਾਫ਼ਰ ਮੁੰਡੇ ਨੇ ਸਿਰਫ਼ ਅੱਲਾ ਨੂੰ ਹੀ ਨਹੀਂ ਬਲਕਿ ਉਸ ਦੀ ਆਪਣੀ ਮਕਬੂਲੀਅਤ ਨੂੰ ਵੀ ਵੰਗਾਰਿਆ ਸੀ। ਉਸ ਦਾ ਜੀਅ ਕੀਤਾ ਕਿ ਇਹੋ ਜਿਹੇ ਕਾਫ਼ਰ ਪੁੱਤਰ ਦੀ ਜ਼ਬਾਨ ਖਿੱਚ ਦੇਵੇ। ਪਰ ਮੌਲਵੀ ਬੜੀਆਂ ਗਿਣਤੀਆਂ ਵਾਲਾ ਆਦਮੀ ਸੀ। ਉਹ ਆਪਣੇ ਪੁੱਤਰ ਦੇ ਮੁਸੱਮਮ ਇਰਾਦੇ ਤੋਂ ਵਾਕਫ਼ ਸੀ।
ਮੌਲਵੀ ਨੂੰ ਇਸ ਤਰ੍ਹਾਂ ਉਧੇੜਬੁਣ ਵਿੱਚ ਪਏ ਵੇਖ, ਉਸ ਦਾ ਲੰਗੋਟੀਆ ਯਾਰ, ਮੁਸੀਤਉੱਲਾ-ਜਿਹੜਾ ਸਾਰੀ ਉਮਰ ਮਸੀਤ ਵਿੱਚ ਝਾੜੂ ਦਿੰਦਾ ਰਿਹਾ ਸੀ-ਕੜਕਿਆ:
''ਓ ਛੋਕਰਿਆ, ਤੂੰ ਕਿਤੇ ਹਿੰਦੁਸਤਾਨ ਦਾ ਏਜੈਂਟ ਤੇ ਨੀ?''
''ਚਾਚਾ ਜਦੋਂ ਮੈਂ ਅੱਲਾ ਤਾਲਾ ਦਾ ਏਜੈਂਟ ਨੀ, ਤਾਂ ਮੈਂ ਹਿੰਦੁਸਤਾਨ ਦਾ ਏਜੰਟ ਕਿਵੇਂ ਹੋ ਸਕਦਾਂ?''
ਐਤਕੀਂ ਮੌਲਵੀ ਬਦਰਦੀਨ ਤੋਂ ਆਪਣੇ ਯਾਰ ਦੀ ਬੇਇੱਜ਼ਤੀ ਬਰਦਾਸ਼ਤ ਨਾ ਹੋ ਸਕੀ। ਉਸ ਨੇ ਕਹਿਰੀ ਨਜ਼ਰਾਂ ਨਾਲ ਰਫ਼ੀਕ ਵਲ ਵੇਖਿਆ ਤੇ ਫ਼ਤਵਾ ਲਾਇਆ:
''ਖ਼ੁਦਾ ਨੇ ਇਹ ਕਹਿਰ ਤੇਰੇ ਵਰਗੇ ਕਾਫ਼ਰ ਕਰ ਕੇ ਹੀ ਸਾਡੇ ਉਤੇ ਨਾਜ਼ਿਲ ਕੀਤੇ।''
ਇਹ ਕਹਿ ਕੇ ਮੌਲਵੀ ਨੇ ਆਪਣੀਆਂ ਅੱਖਾਂ ਨਾਲ ਸਾਰਿਆਂ ਦਾ ਜਾਇਜ਼ਾ ਲੈਣ ਲਈ ਇੱਕ ਸਿਰੇ ਤੋਂ ਦੂਜੇ ਸਿਰੇ ਤਕ ਵੇਖਿਆ। ਬਹੁਤੇ ਚਿਹਰਿਆਂ ਉਤੇ-ਖ਼ਾਸ ਕਰ ਜਵਾਨ ਚਿਹਰਿਆਂ ਉਤੇ ਨਾਮਨਜ਼ੂਰੀ ਦੇ ਨਿਸ਼ਾਨ ਸਨ। ਇੱਕ ਨੇ ਕਹਿ ਵੀ ਦਿੱਤਾ:
''ਮੌਲਵੀ ਸਾਹਿਬ, ਇਹ ਗਲਤ ਐ। ਰਫ਼ੀਕੇ ਨੇ ਆਪਣੀ ਜਾਨ ਤੇ ਖੇਡ ਕੇ ਕਈਆਂ ਦੀਆਂ ਜਾਨਾਂ ਬਚਾਈਆਂ ਨੇ। ਆਹ ਵੇਖ ਲਓ, ਏਹਨੇ ਆਪਣਾ ਪਟਸਨ ਦਾ ਪੱਲੜ ਵੀ ਬੱਚਿਆਂ ਨੂੰ ਦੇ ਦਿੱਤੈ।''
ਮੌਲਵੀ ਨੇ ਮਸੀਤਉੱਲੇ ਵਲ ਤੇ ਮਸੀਤ ਉੱਲੇ ਨੇ ਮੌਲਵੀ ਵਲ ਤੱਕਿਆ। ਨਜ਼ਰਾਂ ਮਿਲੀਆਂ, ਜਿਵੇਂ ਪੁੱਛ ਰਹੀਆਂ ਹੋਣ ਕਿ ਹੁਣ ਕੀ ਜਵਾਬ ਦੇਣਾ ਹੈ। ਜਵਾਬ ਨਾ ਅਹੁੜਦਾ ਵੇਖ ਮੌਲਵੀ ਬਦਰਦੀਨ ਨੇ ਆਖਿਆ:
''ਹੂੰ ਕਾਫ਼ਰ!'' ਤੇ ਨਮਾਜ਼ ਗੁਜ਼ਾਰਨ ਚਲਿਆ ਗਿਆ।
''ਹੇ ਅੱਲਾ, ਰਹਿਮ ਕਰੀਂ!'' ਤੇ ਮਸੀਤ ਉੱਲੇ ਨੇ ਤਸਬੀ ਦੇ ਮਣਕੇ ਫੇਰਨੇ ਸ਼ੁਰੂ ਕਰ ਦਿੱਤੇ।
ਰਫ਼ੀਕ ਮੁਸਕ੍ਰਾਇਆ ਤੇ ਇੱਕ ਪਾਸੇ ਹੋ ਕੇ ਪਾਣੀ ਦੇ ਪਸਾਰ ਨੂੰ ਵੇਖਣ ਲੱਗਿਆ....
ਚਾਰੇ ਪਾਸੇ ਨਜ਼ਰਾਂ ਦੇ ਦਿਸਹੱਦਿਆਂ ਤੋਂ ਵੀ ਪਰੇ ਪਾਣੀ ਹੀ ਪਾਣੀ ਨਾਗਾਂ ਵਾਂਗ ਸ਼ੂਕ ਰਿਹਾ ਸੀ। ਪਾਣੀ ਵਿੱਚ ਡੁਬੀਆਂ ਫ਼ਸਲਾਂ ਤੇ ਲਾਸ਼ਾਂ ਹੀ ਲਾਸ਼ਾਂ। ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਬਚੇ ਹੋਏ ਲੋਕ ਬੂੰਦ ਬੂੰਦ ਨੂੰ ਤਰਸ ਰਹੇ ਸਨ। ਕਾਲਰਿਜ ਨੇ ਠੀਕ ਹੀ ਤਾਂ ਆਖਿਆ ਸੀ:
'ਚਾਰੇ ਪਾਸੇ ਪਾਣੀ ਪਾਣੀ
ਪੀਣ ਲਈ ਇੱਕ ਬੂੰਦ ਵੀ ਨਹੀਂ।'
ਉਸ ਦੀ ਨਜ਼ਰ ਪਾਣੀ ਨੂੰ ਚੀਰ ਕੇ ਦੂਰ ਉੱਤਰ ਵਿੱਚ ਵਸਦੇ ਢਾਕੇ ਵਲ ਚਲੀ ਗਈ। ਕਿੰਨੀਆਂ ਯਾਦਾਂ ਸਨ ਉਸ ਦੀਆਂ ਢਾਕੇ ਨਾਲ ਬੱਝੀਆਂ ਹੋਈਆਂ। ਉਸ ਨੇ ਢਾਕੇ ਵਿੱਚ ਹੀ ਇੱਕ ਵਾਰ ਮੌਲਾਨਾ ਭਾਸਾਨੀ ਨੂੰ ਬੋਲਦਿਆਂ ਸੁਣਿਆ ਸੀ। ਉਸ ਨੇ ਕਿਹਾ ਸੀ ਕਿ ਤਾਲਬਇਲਮਾਂ ਨੂੰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਤੋਂ ਤਾਲੀਮ ਹਾਸਲ ਕਰਨੀ ਚਾਹੀਦੀ ਹੈ। ਰਫ਼ੀਕ ਨੇ ਉਸ ਦੀ ਗੱਲ ਲੜ ਬੰਨ੍ਹ ਲਈ ਸੀ ਤੇ ਸਦਾ ਕਿਸਾਨਾਂ ਨਾਲ ਰਿਹਾ ਸੀ। ਉਸ ਦੀਆਂ ਅੱਖਾਂ ਸਾਹਵੇਂ ਬਜ਼ੁਰਗ ਭਾਸ਼ਾਨੀ ਦੀ ਸ਼ਕਲ ਸਾਕਾਰ ਹੋਈ। ਅੱਸੀਆਂ ਵਰ੍ਹਿਆਂ ਦਾ ਬਜ਼ੁਰਗ ਜਿਸ ਨੇ ਸਦਾ ਲੋਕਾਂ ਨੂੰ ਖ਼ੁਦਾ ਮੰਨਿਆ। ਅਜ ਜੋ ਮੌਲਾਨਾ ਭਾਸਾਨੀ ਮੁਲਕ ਦਾ ਰਹਿਬਰ ਹੁੰਦਾ ਤਾਂ ਇਹ ਹੜ੍ਹ ਆ ਹੀ ਨਹੀਂ ਸੀ ਸਕਦਾ। ਉਸ ਦੀਆਂ ਅੱਖਾਂ ਵਿੱਚ ਅਰਮਾਨਾਂ ਲੱਦੇ ਆਂਸੂ ਛਲਕੇ। ਪਰ ਦੂਜੇ ਹੀ ਪਲ ਉਸ ਦੇ ਅੰਦਰੋਂ ਸ਼ੰਕੇ ਬੋਲੇ:
''ਪਾਗਲਾ, ਭਾਸ਼ਾਨੀ ਬੰਗਾਲ ਦੀ ਖਾੜੀ ਵਿਚੋਂ ਠਲ੍ਹੀਆਂ ਕਾਂਗਾਂ ਕਿਵੇਂ ਰੋਕ ਲੈਂਦਾ'' ਉਸ ਅੰਦਰੋਂ ਜਿਵੇਂ ਉਸ ਦਾ ਅੱਬਾ ਮੌਲਵੀ ਬਦਰਦੀਨ ਬੋਲਿਆ ਹੋਵੇ।
''ਪਗਲੇ ਤੁਮਹਾਰਾ ਨਾਸਤਕ ਭਾਸ਼ਾਨੀ ਗੰਗਾ ਮਾਈ ਕੀ ਕਰੋਪੀ ਕੋ ਕੈਸੇ ਟਾਲ ਸਕਤਾ ਹੈ?'' ਉਨ੍ਹਾਂ ਦੇ ਪਿੰਡ ਦਾ ਜਿਵੇਂ ਪੰਡਤ ਸ਼ਿਵਨਾਥ ਬੋਲਿਆ ਹੋਵੇ।
ਥੋੜਾ ਚਿਰ ਲਈ ਉਸ ਦੀ ਸੋਚ ਜਿਵੇਂ ਬੰਦ ਹੋ ਗਈ।
''ਕਿਉਂ ਨਹੀਂ?'' ਰਫ਼ੀਕ ਦੇ ਅੰਦਰ ਜਿਵੇਂ ਰੌਸ਼ਨੀ ਹੋਈ, ''ਜੇ ਚੀਨ ਦੇ ਲੋਕ ਪਹਾੜਾਂ ਉਤੋਂ ਦੀ ਨਹਿਰਾਂ ਵਗਾ ਸਕਦੇ ਨੇ ਜੇ ਉਤਰੀ ਕੋਰੀਆ ਦੇ ਲੋਕ ਮੁੜ ਸਾਰਾ ਮੁਲਕ ਉਸਾਰ ਸਕਦੇ ਨੇ। ਜੇ ਨਿੱਕਾ ਵੀਅਤਨਾਮ ਦੈਂਤ ਦੇ ਨੱਕ ਚਣੇ ਚਬਾ ਸਕਦਾ ਹੈ...ਤਾਂ ਅਸੀਂ ਹੜ੍ਹ ਕਿਉਂ ਨਹੀਂ ਰੋਕ ਸਕਦੇ?''
....ਢਾਕਾ! ਢਾਕੇ ਦੀ ਮਲਮਲ ਜਿਸ ਦਾ ਪੂਰਾ ਥਾਨ ਤੀਲਾਂ ਵਾਲੀ ਡੱਬੀ ਵਿੱਚ ਪੈ ਜਾਂਦਾ ਸੀ,ਇੱਕ ਮੁੰਦਰੀ ਵਿਚੋਂ ਦੀ ਨਿਕਲ ਜਾਂਦਾ ਸੀ। ਅੰਗਰੇਜ਼ ਹਾਕਮਾਂ ਨੇ ਉਨ੍ਹਾਂ ਕਾਰੀਗਰਾਂ ਦੀਆਂ ਬਾਹਾਂ ਵਢਵਾ ਦਿੱਤੀਆਂ ਸਨ.....
ਰਫ਼ੀਕ ਨੇ ਨਜ਼ਰ ਘੁਮਾਈ। ਦਰ ਗੰਗਾ ਦਰਿਆ ਠਾਠਾਂ ਮਾਰ ਰਿਹਾ ਸੀ। ਉਸ ਨੂੰ ਹਾਲੀਂ ਤਕ ਸਮਝ ਨਹੀਂ ਸੀ ਆਈ ਕਿ ਪਵਿੱਤਰ ਗੰਗਾ ਹਰ ਸਾਲ ਇੰਨੀਆਂ ਲਾਸ਼ਾਂ ਕਿਉਂ ਨਿਗਲ ਜਾਂਦੀ ਸੀ। ਪੰਡਤ ਸ਼ਿਵਨਾਥ ਕਹਿੰਦਾ ਸੀ ਕਿ ਜਦੋਂ ਪਾਪ ਵਧ ਜਾਂਦੇ ਨੇ ਤਾਂ ਗੰਗਾ ਮਾਈ ਕਰੋਪ ਹੋ ਕੇ ਪਾਪੀਆਂ ਦਾ ਸ਼ੰਘਾਰ ਕਰਨ ਆਉਂਦੀ ਹੈ।
''ਪਰ ਪੰਡਤ ਜੀ, ਆਪਾਂ ਗ਼ਰੀਬਾਂ ਨੇ ਕੀ ਪਾਪ ਕਰਨੈ? ਪੈਸੇ ਬਿਨਾਂ ਪਾਪ ਵੀ ਤੇ ਨਹੀਂ ਨਾ ਹੋ ਸਕਦਾ। ਸ਼ਹਿਰ ਮਿਲ ਮਾਲਕਾਂ ਤੇ ਜੋਤਦਾਰਾਂ ਦਾ ਗੰਗਾ ਮਾਈ ਨੇ ਕਦੀ ਸੰਘਾਰ ਨਹੀਂ ਕੀਤਾ.....?''
''ਤੁਮ ਅਭੀ ਬੱਚੇ ਹੋ....ਯੇਹ ਸਭ ਪੂਰਵਲੇ ਕਰਮੋਂ ਕਾ ਫਲ ਹੈ....।'' ਪੰਡਤ ਸ਼ਿਵਨਾਥ ਨੇ ਇੰਜ ਕਹਿ ਕੇ ਰਫੀਕ ਨੂੰ ਤੋਰ ਦਿੱਤਾ ਸੀ।
ਫਿਰ ਉਸ ਨੇ ਪੱਛਮ ਵਲ ਵੇਖਿਆ। ਪਾਣੀ ਤੇ ਲਾਸ਼ਾਂ, ਉਨ੍ਹਾਂ ਤੋਂ ਅਗਾਂਹ ਘਣੇ ਜੰਗਲ,ਸੁੰਦਰ ਬਨ'! ਕਿੰਨਾ ਪਿਆਰਾ ਨਾਂ ਹੈ! ਇਥੇ ਸ਼ੇਰ ਬੁੱਕਦੇ ਨੇ। ਬੰਗਾਲ ਦੀਆਂ ਦੋ ਚੀਜ਼ਾਂ ਸਾਰੀ ਦੁਨੀਆਂ ਵਿੱਚ ਮਸ਼ਹੂਰ ਹਨ-ਭੁੱਖ ਤੇ ਸੁੰਦਰ ਬਨ! ਜਿਥੇ 'ਬੰਗਾਲ ਟਾਈਗਰ' ਵਿਚਰਦਾ ਹੈ। ਉਨ੍ਹਾਂ ਵਣਾਂ ਤੋਂ ਪਾਰ ਉਸ ਦਾ ਹਿੰਦੁਸਤਾਨੀ ਬੰਗਾਲ ਹੈ ਤੇ ਕਲਕੱਤਾ ਜਿਥੇ ਧੌਲਰਾਂ ਵਿੱਚ ਬਹਿ ਕੇ ਟੈਗੋਰ ਨੇ ਗੀਤ ਲਿਖੇ ਸਨ-ਪਿਆਰ ਦੇ ਗੀਤ, ਠੰਡੇ ਸੀਤ ਗੀਤ। ਰਾਬਿੰਦਰ ਸੰਗੀਤ ਨੂੰ ਅੱਜ ਵੀ ਕਾਰਖਾਨੇਦਾਰਾਂ ਤੇ ਜੋਤਦਾਰਾਂ ਦੇ ਮੁੰਡੇ ਕੁੜੀਆਂ ਡਾਢੇ ਸ਼ੌਂਕ ਨਾਲ ਸੁਣਦੇ ਹਨ। ਹਾਂ, ਬਰਦਵਾਨ, ਜਿਥੇ ਨਜ਼ਰ ਉੱਲਸਲਾਮ ਜੰਮਿਆ ਸੀ, ਜਿਸ ਨੇ ਅੱਗ ਦੇ ਗੀਤ ਲਿਖੇ ਸਨ। ਜਿਹੜਾ ਲੋਕਾਂ ਵਿੱਚ ਰਿਹਾ ਸੀ। ਜਿਸ ਦੇ ਗੀਤ ਸੁਣ ਕੇ ਧਰਤ ਪਿਘਲਣ ਲਗ ਪੈਂਦੀ ਹੈ। ਨਜ਼ੁਰਉੱਲਸਲਾਮ ਦਾ ਖ਼ਿਆਲ ਆਉਂਦਿਆਂ ਹੀ ਰਫ਼ੀਕ ਨੇ ਗੁਣਗੁਣਾਇਆ:
ਹੇ ਗ਼ੁਰਬਤ!
ਇਹ ਅਜ਼ਮਤ ਦੇਣ ਹੈ ਤੇਰੀ!
ਈਸਾ ਦੇ ਸਿਰ 'ਤੇ
ਤਾਜ਼ ਕੰਡਿਆਂ ਦਾ
ਲਗ ਰਿਹਾ ਕਿੰਨਾ ਹੁਸੀਨ?
ਪਤਾ ਨਹੀਂ ਉਹ ਕਿੰਨਾ ਕੁ ਚਿਰ ਨਜ਼ੁਰਉੱਲਸਲਾਮ ਦੇ ਗੀਤ ਗਾਉਂਦਾ ਰਹਿੰਦਾ ਜੇ ਉਸ ਨੂੰ ਕਿਸੇ ਦੇ ਉਲਟੀ ਕਰਨ ਦੀ ਉੱਚੀ ਉੱਚੀ ਖੰਘ ਸੁਣਾਈ ਨਾ ਦਿੰਦੀ। ਉਹ ਅਧਖੜ ਉਮਰ ਦੀ ਔਰਤ ਦੇ ਕੋਲ ਗਿਆ। ਉਸ ਦਾ ਮੱਥਾ ਬੁਖ਼ਾਰ ਨਾਲ ਗਰਮ ਸੀ। ਰਫ਼ੀਕ ਨੇ ਉਸ ਦਾ ਸਿਰ ਫੜ ਲਿਆ।
ਮੌਲਵੀ ਬਦਰਦੀਨ ਨੇ ਆਪਣੇ ਯਾਰ ਮਸੀਤ ਉੱਲੇ ਵਲ ਵੇਖ ਕੇ ਡਾਢੇ ਦੁੱਖ ਤੇ ਨਫ਼ਰਤ ਨਾਲ ਕਿਹਾ:
''ਹੂੰ ਕਮਜ਼ਾਤ, ਏਹਨੇ ਸਾਰਿਆਂ ਨੂੰ ਹੈਜ਼ਾ ਕਰ ਦੇਣੈ।''
ਰਫ਼ੀਕ ਨੇ ਉਸ ਦੀਆਂ ਅੱਖਾਂ 'ਚੋਂ ਚੋ ਰਹੇ ਪਾਣੀ ਨੂੰ ਪੂੰਝਿਆ,ਉਲਟੀ ਵਾਲੀ ਥਾਂ ਉਤੇ ਮਿੱਟੀ ਪਾ ਕੇ ਔਰਤ ਨੂੰ ਲਿਟਾਂਦਿਆਂ ਬੋਲਿਆ:
''ਘਬਰਾ ਨਾ ਚਾਚੀ, ਤੈਨੂੰ ਹੁਣੇ 'ਰਾਮ ਆ ਜਾਏਗਾ।''
''ਤੂੰ ਜੀਵੇਂ, ਬਚੜਿਆ!'' ਚਾਚੀ ਨੇ ਸਾਹ 'ਚ ਸਾਹ ਰਲਾਂਦਿਆਂ ਅਸੀਸ ਦਿੱਤੀ।
''ਹੂੰ ਕਾਫਰ!'' ਮੌਲਵੀ ਨੇ ਜਲ ਕੇ ਮਸੀਤਉੱਲੇ ਨੂੰ ਕਿਹਾ।
ਰਫ਼ੀਕ ਨੇ ਸੰਜੀਦਾ ਅੰਦਾਜ਼ ਵਿੱਚ ਦੋ ਸੌ ਚਿਹਰਿਆਂ ਵਲ ਤੱਕਿਆ: ਉਦਾਸ ਉਦਾਸ ਚਿਹਰੇ,ਭੁੱਖੇ ਭੁੱਖੇ ਚਿਹਰੇ। ਉਹ, ਇਬਰਾਹੀਮ ਤੇ ਕਈ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਇਕੱਲੇ ਇਕੱਲੇ ਕੋਲ ਫਿਰਨ ਲਗਿਆ-ਤਸੱਲੀਆਂ ਦੇਣ ਲਗਿਆ...
''ਪਰ ਪੁੱਤਰਾ! ਇੰਜ ਕਿੰਨੇ ਕੁ ਦਿਨ ਕਢਾਂਗੇ?'' ਇੱਕ ਬਜ਼ੁਰਗ ਨੇ ਪੁੱਛਿਆ।
ਰਫ਼ੀਕ ਜਵਾਬ ਟੋਲਣ ਲਗਿਆ। ਪਰ ਉਸ ਦੀ ਸੋਚ ਉਹਨਾਂ ਦੇ ਸਿਰ ਉਤੇ ਗੂੰਜਦੇ ਹੈਲੀਕਾਪਟਰ ਦੀ ਗੂੰਜ ਵਿੱਚ ਸਮੋ ਗਈ। ਹੈਲੀਕਾਪਟਰ ਖਲੋਤਾ-ਕੁਝ ਚੀਜ਼ਾਂ ਸੁੱਟੀਆਂ ਤੇ ਤੁਰਦਾ ਹੋਇਆ।
ਸਾਰਿਆਂ ਦੇ ਚਿਹਰਿਆਂ ਉਤੇ ਖੁਸ਼ੀ ਦੀ ਲਹਿਰ ਦੌੜ ਗਈ।
ਮੌਲਵੀ ਬਦਰਦੀਨ ਤੇ ਮਸੀਤਉੱਲਾ ਇੱਲਾਂ ਵਾਂਗ ਝਪਟੇ। ਰਫ਼ੀਕ ਨੇ ਲਲਕਾਰਿਆਂ: ''ਖ਼ਬਰਦਾਰ, ਚੀਜ਼ਾਂ ਲੋੜ ਅਨੁਸਾਰ ਮਿਲਣਗੀਆਂ।''
ਮੌਲਵੀ ਤੇ ਮਸੀਤਉੱਲੇ ਦੇ ਹੱਥ ਰੁਕੇ-ਪੈਰ ਰੁਕੇ। ਫਿਰ ਉਹ ਬੁੜਬੁੜ ਕਰਦੇ ਇੱਕ ਪਾਸੇ ਖਲੋ ਗਏ।
ਰਫ਼ੀਕ, ਇਬਰਾਹੀਮ ਤੇ ਹੋਰ ਜਵਾਨਾਂ ਨੇ ਚੀਜ਼ਾਂ ਖੋਲ੍ਹੀਆਂ ਬੁਖ਼ਾਰ ਵਾਲੀ ਚਾਚੀ ਨੂੰ ਗੋਲੀ ਦਿੱਤੀ। ਸਾਰਿਆਂ ਨੂੰ ਚੌਲ, ਪਾਣੀ ਤੇ ਕੰਬਲ-ਨਵੇਂ ਨਕੋਰ ਕੰਬਲ।
ਰੱਜੇ ਢਿੱਡ ਤੇ ਨਿੱਘੇ ਪਿੰਡੇ-ਸਾਰਿਆਂ ਦੀਆਂ ਅੱਖਾਂ ਮੀਟੀਆਂ ਜਾ ਰਹੀਆਂ ਸਨ।
''ਤੈਨੂੰ ਇੱਕ ਤਮਾਸ਼ਾ ਵਿਖਾਵਾਂ?'' ਰਫ਼ੀਕ ਨੇ ਆਪਣੇ ਨੌਜਵਾਨ ਸਾਥੀ, ਇਬਰਾਹੀਮ ਨੂੰ ਕਿਹਾ।
''ਕੀ?''
''ਵੇਖ!'' ਕਹਿ ਕੇ ਰਫ਼ੀਕ ਨੇ ਮੌਲਵੀ ਬਦਰਦੀਨ ਤੇ ਮਸੀਤਉੱਲੇ ਨੂੰ ਸੰਬੋਧਨ ਕੀਤਾ:
''ਅੱਬਾ! ਚਾਚਾ! ਠੀਕ ਠਾਕ ਓ ਨਾ?''
''ਹਾਂ, ਅੱਲਾ ਤੁਆਲਾ ਦਾ ਸ਼ੁਕਰ ਐ।'' ਦੋਹਾਂ ਦੀਆਂ ਇਕੱਠੀਆਂ ਆਵਾਜ਼ਾਂ ਨਿਕਲੀਆਂ। ਨਾਲ ਹੀ ਮੌਲਵੀ ਨੇ ਗਰੂਰ ਨਾਲ ਆਖਿਆ:
''ਤੈਨੂੰ ਆਖਿਆ ਨੀ ਸੀ ਕਿ ਸਾਹਿਬ-ਸਦਰ ਦੌਰੇ ਪਿਛੋਂ ਫੌਰਨ ਸਾਡੀ ਮਦਦ ਲਈ ਹੀਲਾ ਕਰਨਗੇ। ਅੱਲਾ ਤੁਆਲਾ ਉਹਨਾਂ ਦੀ ਉਮਰ ਦਰਾਜ ਕਰੇ...।''
''ਆਮੀਨ।'' ਮਸੀਤਉੱਲੇ ਨੇ ਵੀ ਆਪਣਾ ਹਿੱਸਾ ਪਾਇਆ। ਅਤੇ ਕੰਬਲ ਛਾਤੀ ਨਾਲ ਘੁੱਟ ਲਿਆ।
''ਏਹ ਤਾਂ ਕਾਫਰਾਂ ਦੇ ਨੇ!'' ਰਫ਼ੀਕ ਬੋਲਿਆ।
''ਕੀ ਮਤਲਬ?'' ਮੌਲਵੀ ਤੇ ਮਸੀਤਉੱਲਾ ਕੰਬਲਾਂ ਵੱਲ ਵੇਖਣ ਲਗ ਪਏ।
''ਇਹ ਚੀਨ ਦੇ ਨੇ। ਵੇਖਦੇ ਨੀ ਇਹਨਾਂ ਦਾ ਰੰਗ ਲਾਲ ਐ, ਤੇ ਨੁੱਕਰ ਵਿੱਚ ਲਿਖਿਆ ਏ: ਚੀਨ ਦੇ ਬਣੇ ਹੋਏ।''
ਦੋਹਾਂ ਨੇ ਛੇਤੀ ਛੇਤੀ ਨੁੱਕਰਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਇੱਕ ਦੂਜੇ ਨਾਲ ਨਜ਼ਰਾਂ ਮਿਲਾਈਆਂ। ਫਿਰ ਮਸੀਤਉੱਲਾ ਬੋਲਿਆ:
''ਇਹ ਮੁੱਲ ਲਏ ਨੇ,ਐਵੇਂ ਕੌਣ ਦਿੰਦੈ?''
''ਚਾਚਾ, ਜ਼ਰਾ ਉਤਾਂਹ ਤਾਂ ਵੇਖ, ਜਿਥੇ ਲਿਖਿਐ: ਬੰਗਾਲੀ ਭਰਾਵਾਂ ਨੂੰ ਬੈਨੁਲਕਵਾਮੀ ਫਰਜ਼ ਦੇ ਤੌਰ ਤੇ!'' ਰਫ਼ੀਕ ਨੇ ਸੰਜੀਦਾ ਤਨਜ਼ ਨਾਲ ਆਖਿਆ।
ਮੌਲਵੀ ਤੇ ਮਸੀਤਉੱਲੇ ਨੇ ਨਜ਼ਰ ਮਾਰੀ। ਫਿਰ ਇੱਕ ਦੂਜੇ ਨਾਲ ਅੱਖਾਂ ਮਿਲਾਈਆਂ। ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ। ਇੰਨੇ ਨੂੰ ਇਬਰਾਹੀਮ ਨੇ ਬਲਦੀ ਤੇ ਤੇਲ ਪਾਂਦਿਆਂ ਆਖਿਆ:
''ਕਾਫ਼ਰਾਂ ਦੇ ਕੰਬਲ ਲਾਹ ਸੁਟੋ, ਚਾਚਾ! ਨਹੀਂ ਤੇ ਭਿੱਟੇ ਜਾਵੋਗੇ।''
ਮੌਲਵੀ ਤੇ ਮਸੀਤਉੱਲੇ ਦੇ ਚਿਹਰਿਆਂ ਤੇ ਇੱਕ ਚੜ੍ਹ ਰਹੀ ਸੀ, ਇਕ ਉਤਰ ਰਹੀ ਸੀ। ਉਨ੍ਹਾਂ ਨੇ ਇਕ ਦੂਜੇ ਨਾਲ ਫਿਰ ਨਜ਼ਰਾਂ ਮਿਲਾਈਆਂ। ਉਹਨਾਂ ਦੀਆਂ ਨਜ਼ਰਾਂ ਨੇ ਬੜੇ ਧਿਆਨ ਨਾਲ ਮਾਮਲੇ ਤੇ ਗੌਰ ਕਰਕੇ ਅਹਿਦਨਾਮਾ ਕੀਤਾ ਕਿ ਕੰਬਲ ਹਨ ਤਾਂ ਭਾਵੇਂ ਕਾਫ਼ਰਾਂ ਦੇ ਈ, ਪਰ ਉਨ੍ਹਾਂ ਨੂੰ ਲਾਹੁਣਾ ਬਿਲਕੁਲ ਨਹੀਂ ਚਾਹੀਦਾ। ਪਰ ਆਖ਼ਰ ਜਵਾਬ ਵੀ ਤੇ ਕੋਈ ਦੇਣਾ ਹੀ ਸੀ। ਲੰਮਾ ਪੈਂਦਾ ਮੌਲਵੀ ਬੋਲਿਆ:
''ਵਾਹ ਬਈ ਵਾਹ! ਹੁਣ ਤੁਹਾਡੇ ਕਾਫਰਾਂ ਦੇ ਆਖੇ ਲਗ ਕੇ ਪਾਲੇ ਮਰ ਜਾਈਏ।''
''ਹਾ-ਹਾ-ਹਾ'' ਰਫ਼ੀਕ ਇਬਰਾਹੀਮ ਤੇ ਹੋਰ ਸਾਥੀ ਖਿੜ ਖਿੜਾ ਕੇ ਹੱਸੇ। ਪਰ ਉਨ੍ਹਾਂ ਦਾ ਹਾਸਾ ਸਿਰ ਉੱਤੇ ਗੂੰਜਦੇ ਇਕ ਹੋਰ ਹੈਲੀਕਾਪਟਰ ਦੀ ਗੂੰਜ ਵਿੱਚ ਸਮਾ ਗਿਆ।
ਉਸ ਨੇ ਕੁਝ ਨਹੀਂ ਸੁੱਟਿਆ, ਬਲਕਿ ਹੇਠਾਂ ਉਤਰ ਆਇਆ। ਉਸ ਵਿਚੋਂ ਚਾਰ ਫ਼ੌਜੀ ਵਰਦੀਆਂ ਵਾਲੇ ਆਦਮੀ ਬਾਹਰ ਨਿਕਲੇ। ਉਨ੍ਹਾਂ ਦੇ ਹੱਥਾਂ ਵਿੱਚ ਚਮੜੇ ਜਿਹੇ ਦੇ ਹੰਟਰ ਫੜੇ ਹੋਏ ਸਨ। ਉਨ੍ਹਾਂ ਨੇ ਭਾਂਤ ਭਾਂਤ ਦੇ ਰੰਗਾਂ ਦੇ ਪਾਟੇ ਪੁਰਾਣੇ ਜਿਹੇ ਕੰਬਲ ਹੇਠਾਂ ਰੱਖੇ ਤੇ ਲੋਕਾਂ ਵਲ ਵੇਖਿਆ-ਖਾਸ ਕਰ ਉਨ੍ਹਾਂ ਦੇ ਨਵੇਂ ਕੰਬਲਾਂ ਵਲ। ਚੌਹਾਂ ਨੇ ਆਪਸ ਵਿੱਚ ਸ਼ੱਕੀ ਨਜ਼ਰਾਂ ਮਿਲਾਈਆਂ ਤੇ ਲੋਕਾਂ ਦੇ ਕੋਲ ਆ ਕੇ ਖਲੋ ਗਏ। ਇਕ ਨੇ ਟੋਪੀ ਜ਼ਰਾ ਉਤਾਂਹ ਕੀਤੀ ਤੇ ਸਾਰੇ ਜ਼ੋਰ ਨਾਲ ਖੰਘੂਰਾ ਮਾਰਿਆ। ਹੈਲੀਕਾਪਟਰ ਦੀ ਗੂੰਜ ਨਾਲ ਅੱਧ-ਜਾਗੋ ਲੋਕ, ਖੰਘੂਰੇ ਨਾਲ ਪੂਰੇ ਜਾਗ ਪਏ। ਉਨ੍ਹਾਂ ਦੀਆਂ ਰੱਜੀਆਂ ਪਰ ਨੀਂਦ ਵਿਗੁਤੀਆਂ ਅੱਖਾਂ ਵਿੱਚ ਸਹਿਮ ਧੜਕਨ ਲਗਿਆ।
ਮੌਲਵੀ ਬਦਰਦੀਨ ਨੇ ਮਸੀਤਉੱਲੇ ਨੂੰ ਅੱਖ ਦਾ ਇਸ਼ਾਰਾ ਕੀਤਾ ਤੇ ਦੋਵੇਂ ਅਗਾਂਹ ਵਧ ਕੇ ਮੁਅੱਦਥਾਨਾ ਅੰਦਾਜ਼ ਵਿੱਚ ਬੋਲੇ: ''ਸਲਾਮਾਲੇਕਮ ਜਨਾਬ।''
ਫੌਜੀ ਨੇ ਆਪਣੇ ਹੰਟਰ ਨਾਲ ਮੌਲਵੀ ਦਾ ਕੰਬਲ ਠੋਕਰਿਆ ਤੇ ਰੋਹਬ ਨਾਲ ਬੋਲਿਆ-
''ਕਿਥੋਂ ਲਏ ਨੇ ਇਹ ਕੰਬਲ?''
''ਜਨਾਬ ਆਲੀ,'' ਮੌਲਵੀ ਨੇ ਕੰਬਦੀਆਂ ਲੱਤਾਂ ਨਾਲ ਬਿਆਨ ਦਿੱਤਾ, ''ਇੱਕ ਜਹਾਜ਼ ਸੁੱਟ ਕੇ ਗਿਆ ਏ!''
''ਪਰ ਇਹ ਤੁਹਾਨੂੰ ਉਤੇ ਲੈਣ ਲਈ ਕਿਸ ਨੇ ਕਿਹਾ ਸੀ?''
ਮੌਲਵੀ ਤੇ ਮਸੀਤਉੱਲਾ ਜਿਵੇਂ ਸੁੰਨ ਹੋ ਗਏ।
''ਮੈਂ'' ਇਹ ਰਫ਼ੀਕ ਸੀ।
ਇਸ ਛੋਕਰੇ ਦੀ ਇਹ ਮਜਾਲ ਕਿ ਇੰਨਾ ਵੱਡਾ ਗੁਨਾਹ ਕਰ ਕੇ ਵੀ ਇੰਜ ਸਾਬਤ ਕਦਮੀ ਨਾਲ ਬੋਲੇ!
''ਕਿਉਂ ਵੰਡੇ ਤੂੰ ਸਾਡੇ ਹੁਕਮ ਬਿਨਾਂ?'' ਜਵਾਬ ਉਡੀਕਣ ਤੋਂ ਪਹਿਲਾਂ ਹੀ ਫ਼ੌਜੀ ਨੇ ਰਫੀਕ ਦੇ ਖੱਬੇ ਡੌਲੇ ਤੋਂ ਵੱਟ ਕੇ ਹੰਟਰ ਮਾਰਿਆ।
''ਵੇਖ ਮੂੰਹ ਨਾਲ ਗੱਲ ਕਰ। ਕੰਬਲ ਆਖ਼ਰ ਉਤੇ ਹੀ ਲੈਣੇ ਸਨ.....''
ਰਫ਼ੀਕ ਦਾ ਫ਼ਿਕਰਾ ਹਾਲੀਂ ਅਧੂਰਾ ਹੀ ਸੀ ਕਿ ਦੂਜੇ ਫੌਜੀ ਨੇ ਕਾੜ ਕਰਦਾ ਹੰਟਰ ਮਾਰਿਆ ਤੇ ਕੜਕਿਆ:
''ਹਰਾਮਜ਼ਾਦੇ! ਅਫ਼ਸਰ ਦੇ ਬਰਾਬਰ ਬੋਲਦੈਂ।''
ਇੰਨੇ ਨੂੰ ਦੂਜੇ ਅਫ਼ਸਰ ਨੇ ਹੁਕਮ ਦਿੱਤਾ:
''ਲਾਹ ਦੇਵੋ ਇਹ ਕੰਬਲ, ਤੁਹਾਨੂੰ ਹੋਰ ਮਿਲਣਗੇ.....''
ਮੌਲਵੀ ਬਦਰਦੀਨ ਤੇ ਮਸੀਤਉੱਲੇ ਨੇ ਕੰਬਲ ਲਾਹ ਘੱਤੇ, ਅਤੇ ਹੋਰ ਕਈਆਂ ਨੇ ਆਪਣੇ ਕੰਬਦੇ ਹੱਥ ਕੰਬਦੀਆਂ ਕੰਨੀਆਂ ਨੂੰ ਪਾਏ।
''ਬਿਲਕੁਲ ਕਿਸੇ ਨੇ ਕੰਬਲ ਨਹੀਂ ਲਾਹੁਣੇ।'' ਰਫ਼ੀਕ ਗਰਜਿਆ। ਕਹਿਰਵਾਣ ਅਫ਼ਸਰ ਨੇ ਸਾਰੇ ਜ਼ੋਰ ਨਾਲ ਹੰਟਰ ਉਤਾਂਹ ਚੁਕਿਆ। ਰਫ਼ੀਕ ਬਿਜਲੀ ਦੀ ਤੇਜ਼ੀ ਨਾਲ ਪਿਛਾਂਹ ਹਟ ਗਿਆ। ਵਾਰ ਖਾਲੀ ਗਿਆ, ਤੇ ਬਿਜਲੀ ਦੀ ਤੇਜ਼ੀ ਨਾਲ ਹੀ ਲਪਕਿਆ। ਦੂਜੇ ਹੀ ਪਲ ਫ਼ੌਜੀ ਅਫ਼ਸਰ ਧਰਤੀ ਤੇ ਪਿਆ ਮੂੰਹ 'ਚੋਂ ਖ਼ੂਨ ਪੂੰਝ ਰਿਹਾ ਸੀ। ਦੂਜੇ ਫ਼ੌਜੀ ਰਫ਼ੀਕ ਉਤੇ ਟੁੱਟ ਪਏ। ਨੌਜਵਾਨਾਂ ਦਾ ਖ਼ੂਨ ਖੌਲਿਆ ਅਤੇ ਉਨ੍ਹਾਂ ਨੇ ਬਾਕੀਆਂ ਨੂੰ ਆ ਦਬੋਚਿਆ। ਹੰਟਰ ਖੋਹ ਕੇ ਚਹੁੰਆਂ ਨੂੰ ਸਾਹਮਣੇ ਖੜਿਆਂ ਕਰ ਲਿਆ ਗਿਆ। ਨਾਢੂ ਖਾਣਾਂ ਦੇ ਪੁੱਤ ਭਿੱਜੀਆਂ ਬਿੱਲੀਆਂ ਬਣੇ ਖੜੋਤੇ ਸਨ।
''ਬੋਲੋ ਕੰਬਲ ਲਾਹ ਦਈਏ?'' ਰਫ਼ੀਕ ਨੇ ਤਨਜ਼ ਨਾਲ ਕਿਹਾ।
''ਨਹੀਂ ਬਹਾਦਰ! ਅਸੀਂ ਤਾਂ ਤੁਹਾਡੇ ਲਈ ਸਗੋਂ ਹੋਰ ਕੰਬਲ, ਦਵਾਈਆਂ ਤੇ ਚੌਲ ਲੈ ਕੇ ਆਏ ਆਂ,'' ਅਹਿਸਾਸਕਮਤਰੀ ਦੇ ਮਾਰੇ ਫ਼ੌਜ਼ੀ ਅਫਸਰ ਨੇ ਕਿਹਾ ਤੇ ਫਿਰ ਅਰਜ਼ ਗੁਜ਼ਾਰੀ:
''ਸਾਨੂੰ ਹੁਣ ਜਾਣ ਦੇਵੋ।''
''ਜਾਣ ਦੇਵੋ?'' ਇਬਰਾਹੀਮ ਦੀਆਂ ਅੱਖਾਂ ਵਿੱਚ ਖ਼ੂਨ ਉਤਰ ਆਇਆ। ਉਸ ਨੇ ਭੁੱਖੇ ਬਘਿਆੜ ਵਾਂਗ ਅਫ਼ਸਰ ਦੀ ਸੰਘੀ ਆ ਨੱਪੀ ਤੇ ਗਰਜ਼ਿਆ: ''ਆਓ ਚਹੁੰਆਂ ਸੂਰਾਂ ਦੀਆਂ ਲਾਸ਼ਾਂ ਵੀ ਹੜ੍ਹ ਵਿੱਚ ਹੜ੍ਹਾ ਦਈਏ।''
ਰਫ਼ੀਕ ਨੇ ਛੇਤੀ ਨਾਲ ਫ਼ੌਜੀ ਦੀ ਸੰਘੀ ਛੁਡਾਈ ਤੇ ਸੰਜੀਦਗੀ ਨਾਲ ਬੋਲਿਆ:
''ਇਬਰਾਹੀਮਾਂ, ਜਜ਼ਬਾਤੀ ਨਾ ਹੋ। ਇਨ੍ਹਾਂ ਦੀ ਮੌਤ ਸਾਰੀ ਫੌਜਸ਼ਾਹੀ ਨੂੰ ਅੰਨ੍ਹੇ ਤਸ਼ੱਦਦ ਦਾ ਮੌਕਾ ਦੇ ਸਕਦੀ ਹੈ।''
ਮੌਲਵੀ ਬਦਰਦੀਨ ਦੀਆਂ ਡਰੀਆਂ ਅੱਖਾਂ ਚਮਕੀਆਂ। ਸਿਆਣੇ ਮੌਲਵੀ ਨੇ ਆਪਣੀ ਸਿਆਣਪ ਦਾ ਸਬੂਤ ਦਿੰਦਿਆਂ ਆਖਿਆ:
''ਬਿਲਕੁਲ ਠੀਕ,ਇਨ੍ਹਾਂ ਨੂੰ ਜਾਣ ਦਿਓ।''
''ਨਹੀਂ'', ਰਫ਼ੀਕ ਕੜਕਿਆ, ''ਇੰਜ ਕੀਤਿਆਂ ਇਹ ਘੰਟੇ ਤਕ ਰਫ਼ਲਾਂ ਲੈ ਕੇ ਸਾਨੂੰ ਭੁੰਨ ਸੁਟਣਗੇ। ਪਾਈ ਸੌਂ ਜਾਂਦੇ ਨੇ ਪਰ ਦੁਸ਼ਮਣ ਨਹੀਂ।''
''ਫਿਰ ਕੀ ਕਰੀਏ?'' ਇਬਰਾਹੀਮ ਕਾਹਲਾ ਪੈ ਗਿਆ ਸੀ।
''ਮੈਂ ਦਸਨਾਂ,'' ਕਹਿੰਦਿਆਂ ਰਫ਼ੀਕ ਨੇ ਫ਼ੌਜੀਆਂ ਨੂੰ ਹੁਕਮ ਦਿੱਤਾ: ''ਵਰਦੀਆਂ ਲਾਹ ਦਿਓ।''
ਵਰਦੀਆਂ ਲਹਿ ਗਈਆਂ।
''ਆਓ ਵਰਦੀਆਂ ਆਪਾਂ ਪਾ ਲਈਏ ਤੇ ਕੰਬਲ ਏਨ੍ਹਾਂ ਚਹੁੰਆਂ ਨੂੰ ਦੇ ਦੇਈਏ,'' ਉਸ ਨੇ ਇਬਰਾਹੀਮ ਤੇ ਦੋ ਹੋਰ ਜਵਾਨਾਂ ਨੂੰ ਕਿਹਾ।
ਵਰਦੀਆਂ ਪਾ ਕੇ ਉਹ ਹੈਲੀਕਾਪਟਰ ਵਿਚੋਂ ਖਾਣਾ, ਦਵਾਈਆਂ ਤੇ ਪੁਰਾਣੇ ਕੰਬਲ ਚੁੱਕ ਲਿਆਏ। ਪੁਰਾਣੇ ਕੰਬਲ ਹੇਠਾਂ ਵਿਛਾਉਣ ਲਈ ਦੇ ਦਿੱਤੇ। ਬੇਵਰਦੀ ਫ਼ੌਜੀਆਂ ਨੂੰ ਰਫ਼ੀਕ ਨੇ ਬੜੀ ਅਪਣੱਤ ਨਾਲ ਕਿਹਾ:
''ਖ਼ਾਤਰ ਜਮ੍ਹਾਂ ਰੱਖੋ। ਤੁਸੀਂ ਸਾਡੇ ਵਾਂਗ ਰਹੋਗੇ। ਜੇ ਸਾਨੂੰ ਬਾਗੀਆਂ ਦਾ ਫ਼ਤਵਾ ਲਾ ਕੇ ਗੋਲੀਆਂ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਾਲ ਤੁਸੀਂ ਵੀ ਮਰੋਗੇ..।''
ਮਸੀਤਉੱਲਾ ਪਿਘਲ ਗਿਆ ਸੀ। ਉਸ ਨੇ ਤਸਬੀ ਗਲ ਵਿੱਚ ਪਾਈ ਤੇ ਰਫ਼ੀਕ ਦੇ ਮੋਢੇ ਉਤੇ ਥਾਪੀ ਦਿੰਦਿਆਂ ਡਰੇ ਹੋਏ ਬੁੱਲ੍ਹਾਂ ਤੇ ਜੀਭ ਫੇਰਦਿਆਂ ਬੋਲਿਆ:
''ਵਾਹ ਉਏ ਸ਼ੇਰਾ! ਫ਼ੌਜੀ ਹੋਣ ਤਾਂ ਏਹੋ ਜਿਹੇ ਈ ਹੋਣ।'' ਕਹਿੰਦਿਆਂ ਮਸੀਤਉੱਲੇ ਦਾ ਗਲ ਭਰ ਆਇਆ। ਰਫ਼ੀਕ ਨੇ ਉਸ ਨਾਲ ਬਗਲਗੀਰ ਹੁੰਦਿਆਂ ਆਖਿਆ:
''ਲੋਕਾਂ ਦੀ ਫੌਜ਼ ਏਹੋ ਜਿਹੀ ਹੀ ਹੁੰਦੀ ਐ, ਚਾਚਾ!''