Lote Wala Chacha : Waryam Singh Sandhu
ਲੋਟੇ ਵਾਲਾ ਚਾਚਾ : ਵਰਿਆਮ ਸਿੰਘ ਸੰਧੂ
ਪ੍ਰਸਿਧ ਪੰਜਾਬੀ ਕਵੀ ਕਰਤਾਰ ਸਿੰਘ ਬਲੱਗਣ ਦੇ ਲੜਕੇ ਦਾ ਵਿਆਹ ਸੀ। ਸਵੇਰੇ ਜੰਜ ਚੜ੍ਹਨੀ ਸੀ। ਰਾਤ ਦੀ ਮਹਿਫ਼ਿਲ ਵਿੱਚ ਸ਼ਾਇਰ ਮਿੱਤਰਾਂ ਦੀ ਭੀੜ ਸੀ, ਹਾਸਾ ਸੀ, ਖੁਸ਼ੀਆਂ ਸਨ, ਗੱਪਾਂ ਸਨ। ਲਤੀਫ਼ੇ ਤੇ ਲਤੀਫ਼ਾ ਠਾਹ ਲਤੀਫ਼ਾ! ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ, ਸ਼ਿਅਰ ਸਨ, ਹੁਸਨ ਸੀ, ਲਤਾਫ਼ਤ ਸੀ।
"ਸਾਈਂ ਤਾਂ ਰਹਿ ਗਿਆ ਫ਼ਿਰ!" ਵਿਧਾਤਾ ਸਿੰਘ ਤੀਰ ਨੇ ਇੱਕਦਮ ਗੱਲਾਂ ਦਾ ਰੁਖ਼ ਪਲਟ ਦਿੱਤਾ।
"ਲੱਗਦਾ ਤਾਂ ਇੰਜ ਹੀ ਹੈ। ਆਉਣਾ ਹੁੰਦਾ ਤਾਂ ਚਾਨਣੇ ਚਾਨਣੇ ਹੀ ਆ ਜਾਣਾ ਸੀ। ਹੋ ਸਕਦੈ ਵੀਜ਼ਾ ਨਾ ਲੱਗਾ ਹੋਵੇ।" ਬਲੱਗਣ ਦਾ ਜਵਾਬ ਸੀ।
ਫ਼ਿਰ ਉਸ ਨੇ ਆਪ ਹੀ ਆਖਿਆ, "ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗ ਤਾਂ ਜਾਂਦਾ ਹੀ ਹੈ……।"
ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ। ਮੁਹੱਬਤ ਦਾ ਤੁਣਕਾ ਕਦੀ ਇਧਰਲੇ ਤੇ ਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਏਧਰ-ਓਧਰ ਖਿੱਚ ਲਿਆਂਦਾ ਸੀ। ਹੁਣ ਵੀ ਸਾਂਝੇ ਮਿੱਤਰ, ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ।
ਇਸ ਵੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ। ਬਲੱਗਣ ਦੀਆਂ ਬੱਚੀਆਂ ਦੌੜੀਆਂ ਆਈਆਂ।
"ਲੋਟੇ ਵਾਲਾ ਚਾਚਾ ਆ ਗਿਆ! ਲੋਟੇ ਵਾਲਾ ਚਾਚਾ ਆ ਗਿਆ!"
ਉਹਨਾਂ ਦੇ ਬੋਲਾਂ ਵਿੱਚ ਖੁਸ਼ੀ ਅਤੇ ਸੂਚਨਾ ਇਕੱਠੀ ਸੀ।
ਸਾਈਂ ਹਯਾਤ ਪਸਰੂਰ ਪੰਜ ਵੇਲੇ ਨਮਾਜ਼ ਪੜ੍ਹਨ ਵਾਲਾ ਪੱਕਾ ਨਮਾਜ਼ੀ ਸੀ। ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ, ਉਦੋਂ ਤੋਂ ਜਾਣਦੇ ਸਨ। ਜਦ ਕਦੀ ਉਹ ਅੰਮ੍ਰਿਤਸਰ ਬਲੱਗਣ ਕੋਲ ਠਹਿਰਦਾ, ਉਹ ਨਾਲ ਲਿਆਂਦੇ ਲੋਟੇ ਨਾਲ ਬਾਕਾਇਦਾ ਵੁਜ਼ੂ ਕਰਦਾ, ਨਮਾਜ਼ ਪੜ੍ਹਦਾ। ਬੱਚਿਆਂ ਨੇ ਉਸ ਦਾ ਨਾਮ 'ਲੋਟੇ ਵਾਲਾ ਚਾਚਾ' ਧਰ ਦਿੱਤਾ ਸੀ।
"ਉਹਨੂੰ ਆਖੋ ਉੱਪਰ ਆਵੇ ਮਰੇ ਮਿਆਨੀ 'ਚ। ਹੇਠਾਂ ਕੀ ਪਿਆ ਕਰਦਾ ਏ" ਕਿਸੇ ਨੇ ਮੋਹ ਵਿੱਚ ਭਿੱਜ ਕੇ ਆਖਿਆ।
"ਉਹ ਦਰਵਾਜ਼ੇ ਦੇ ਬਾਹਰ ਖੜ੍ਹਾ ਐ। ਅੰਦਰ ਨਹੀਂ ਆਉਂਦਾ। ਕਹਿੰਦਾ, 'ਭਾਪੇ ਨੂੰ ਆਖੋ ਸੁੱਚੇ ਭਾਂਡੇ 'ਚ ਪਾਣੀ ਲੈ ਕੇ ਆਵੇ'……।"
ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ।
ਬਲੱਗਣ ਦੇ ਨਾਲ ਦੋ ਚਾਰ ਹੋਰ ਦੋਸਤ ਵੀ ਖੜ੍ਹੇ ਹੋ ਗਏ। ਉਹ ਰਹੱਸ ਜਾਣਨਾ ਚਾਹੁੰਦੇ ਸਨ ਕਿ ਸਾਈਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ।
ਸਾਈਂ ਦਰਵਾਜ਼ੇ ਵਿੱਚ ਖਲੋਤਾ ਸੀ। ਦੁਸ਼ਾਲੇ ਵਿੱਚ ਕੋਈ ਚੀਜ਼ ਲਪੇਟ ਕੇ ਸਿਰ 'ਤੇ ਰੱਖੀ ਹੋਈ ਸੀ। ਪੈਰਾਂ ਤੋਂ ਨੰਗਾ ਸੀ। ਉਹਦੇ ਕਹਿਣ 'ਤੇ ਗੜਵੀ 'ਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰੌਂਕਦੇ ਉਸ ਦਾ 'ਗ੍ਰਹਿ-ਪ੍ਰਵੇਸ਼' ਕਰਵਾਇਆ।
ਅਸਲ ਵਿੱਚ ਉਸਦੇ ਸਿਰ ਉੱਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਸੀ। ਤੇ ਜਦੋਂ ਉਹ ਯਾਰਾਂ ਦੀ ਭੀੜ ਵਿੱਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ 'ਬੀੜ' ਦੀ ਕਹਾਣੀ ਇੰਜ ਛੋਹ ਲਈ।
"ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰਹ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗ਼ਰੀਬ ਤੇ ਫ਼ਕੀਰ ਸ਼ਾਇਰ। ਮੇਰੀ ਏਨੀ ਪਾਇਆਂ ਕਿੱਥੇ ਕਿ ਕੀਮਤੀ ਤੋਹਫ਼ੇ ਖਰੀਦ ਸਕਾਂ! ਤਾਂ ਹੀ ਖ਼ੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ ਦਸ ਬਾਰਾਂ ਕੋਹ ਦੀ ਵਾਟ 'ਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਬੀੜ ਸਾਂਭੀ ਪਈ ਹੈ। ਮੈਂ ਉਹਨਾਂ ਕੋਲ ਗਿਆ ਤੇ ਗਲ ਵਿੱਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਓ ਤਾਂ ਉਹ ਲੈ ਲਓ ਤੇ ਜਾਨ ਮੰਗਦੇ ਓ ਤਾਂ ਉਹ ਲੈ ਲਓ……ਪਰ ਇਹ ਬੀੜ ਮੈਨੂੰ ਬਖ਼ਸ਼ ਦਿਓ। ਉਹ ਮਿਹਰਬਾਨ ਲੋਕ, ਜਿਨ੍ਹਾਂ ਨੇ ਹੁਣ ਤੱਕ ਇਹ ਮੁਤਬਰਕ ਗ੍ਰੰਥ ਅਦਬ ਨਾਲ ਸਾਂਭ ਕੇ ਰੱਖਿਆ ਹੋਇਆ ਸੀ, ਮੈਨੂੰ ਕਹਿਣ ਲੱਗੇ, 'ਸਾਈਂ ਸਾਹਬ! ਅਸੀਂ ਹੁਣ ਤੱਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸਾਂਭਿਆ ਹੋਇਆ ਏ ਪਰ ਇਸ ਦੀ ਸਾਂਭ-ਸੰਭਾਲ ਕਰਦਿਆਂ ਮਤੇ ਕੋਈ ਖੁਨਾਮੀ ਹੋ ਜਾਵੇ, ਇਸ ਲਈ ਅੰਦਰੇ ਅੰਦਰ ਡਰਦੇ ਵੀ ਰਹੇ ਆਂ। ਇਸ ਲਈ ਇਸ ਮੁਤਬਰਕ ਗ੍ਰੰਥ ਨੂੰ ਆਦਰ ਨਾਲ ਤੁਸੀਂ ਉਹਨਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ……।'
ਏਨੀ ਆਖ ਕੇ ਸਾਈਂ ਨੇ ਪਰਨੇ ਨਾਲ ਮੂੰਹ ਪੂੰਝਿਆ ਅਤੇ ਗੱਲ ਜਾਰੀ ਰੱਖੀ।
'ਮੈਂ ਉਸ ਪਿੰਡ ਤੋਂ ਨੰਗੇ ਪੈਰੀਂ ਗੁਰੂ ਬਾਬੇ ਦੀ ਬੀੜ ਸਿਰ 'ਤੇ ਰੱਖ ਕੇ ਆਪਣੇ ਪਿੰਡ ਪੁੱਜਾ…ਤੇ ਹੁਣ ਨੰਗੇ ਪੈਰੀਂ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ…ਇਹ ਕੀਮਤੀ ਤੋਹਫ਼ਾ ਮੈਂ ਜਾਨ ਤੋਂ ਪਿਆਰਾ ਸਮਝ ਕੇ ਆਪਣੇ ਨੂੰਹ ਪੁੱਤ ਲਈ ਲੈ ਕੇ ਆਇਆਂ।……ਕੋਈ ਭੁੱਲ-ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖ਼ਸ਼ਣਹਾਰ ਹੈ…।' ਉਸ ਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾ ਲਈਆਂ। ਤੇ ਮੋਢੇ 'ਤੇ ਲਟਕਾਏ ਬੁਚਕੇ ਵਿੱਚੋਂ ਲੋਟਾ ਕੱਢ ਕੇ ਕਹਿਣ ਲੱਗਾ, 'ਠਹਿਰੋ! ਮੈਂ ਵੁਜ਼ੂ ਕਰਕੇ ਨਮਾਜ਼ ਅਦਾ ਕਰ ਲਵਾਂ……ਫ਼ਿਰ ਮਹਿਫ਼ਿਲ ਜਮਾਉਂਦੇ ਆਂ…ਤੇ ਹਾਂ ਸੱਚ, ਕਰਤਾਰ! ਸਵੇਰੇ ਜੰਜ ਚੜ੍ਹਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪਵਾ ਲਵੀਂ! ਵੀਰ ਮੇਰਿਆ।'