Hun Kitthe Hai, Maame Bhanje Da Goorha Rishta : Dhanjall Zira

ਹੁਣ ਕਿੱਥੇ ਹੈ, ਮਾਮੇ-ਭਾਣਜੇ ਦਾ ਗੂੜ੍ਹਾ ਰਿਸ਼ਤਾ ? : ਧੰਜਲ ਜ਼ੀਰਾ

ਬੜੀ ਪੁਰਾਣੀ ਗੱਲ ਹੈ ।ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਜਦੋਂ ਸਕੂਲੋਂ ਛੁੱਟੀਆਂ ਹੋਣੀਆਂ ਤਾਂ ਛੁੱਟੀਆਂ ਵਿੱਚ ਅਸੀਂ ਨਾਨਕੇ ਜਾਣਾ, ਤਾਂ ਨਾਨਕਿਆਂ ਨੂੰ ਚਾਅ ਚੜ੍ਹ ਜਾਂਦਾ ਸੀ। ਮਾਮਿਆਂ ਘਰ ਰੌਣਕਾਂ ਲੱਗ ਜਾਂਦੀਆਂ ਸਨ। ਮਾਮਿਆਂ ਨੇ ਵਾਰੀ ਵਾਰੀ ਰੋਜ ਸਾਨੂੰ ਪਿੰਡ ਵਾਲੀ ਹੱਟੀ 'ਤੇ ਲੈ ਕੇ ਜਾਣਾ। ਕਿਸੇ ਨੇ ਉਂਗਲ ਫੜਣੀ, ਕਿਸੇ ਨੇ ਮੋਢਿਆਂ 'ਤੇ ਚੁੱਕ ਕੇ ਲੈ ਜਾਣਾ, ਅਸੀਂ ਜੋ ਮੰਗਣਾ ਮਾਮਿਆਂ ਨੇ ਉਹੀ ਲੈ ਕੇ ਦੇਣਾ। ਰਾਤ ਹੁੰਦਿਆਂ ਹੀ ਨਾਨੀ ਨੇ ਸਾਨੂੰ ਆਪਣੇ ਕੋਲ ਬੁਲਾ ਬਾਤਾਂ ਸੁਣਾਉਣੀਆਂ।

ਕੱਚੇ ਘਰ ਹੁੰਦੇ ਸਨ, ਬੜਾ ਮਜ੍ਹਾ ਆਉਂਦਾ ਹੁੰਦਾ ਸੀ ਖੇਡਣ-ਕੁੱਦਣ ਦਾ। ਖੁੱਲ੍ਹੇ ਵਿਹੜੇ ਹੁੰਦੇ ਸਨ, ਖੁੱਲ੍ਹੀਆਂ ਹਵਾਵਾਂ, ਜਦੋਂ ਕਿਤੇ ਹਨ੍ਹੇਰੀ ਆਉਣੀ ਤਾਂ ਵਿਹੜੇ 'ਚ ਲੱਗੇ ਰੁੱਖ ਝੂਲਣੇ, ਅਸੀਂ ਭੱਜ-ਭੱਜ ਰੁੱਖਾਂ ਤੇ ਚੜ੍ਹਨਾ, ਟਾਹਣਿਆਂ ਨਾਲ ਝੂਟਣਾ, ਖੂਬ ਮੌਜ-ਮਸਤੀ ਕਰਨੀ। ਫਿਰ ਰੁੱਖਾਂ ਤੋਂ ਥੱਲੇ ਉੱਤਰਨਾ। ਥੱਲੇ ਉੱਤਰ ਕੇ ਰੁੱਖਾਂ ਨਾਲੋਂ ਟੁੱਟੇ ਪੱਤਿਆਂ ਨਾਲ ਖੇਡਣਾ। ਜਦੋਂ ਹਨ੍ਹੇਰੀ ਤੇਜ਼ ਹੋਣੀ ਫਿਰ ਉਹੀ ਪੱਤੇ ਸਾਡੇ ਮੂੰਹ 'ਤੇ ਚਪੇੜਿਆਂ ਵਾਂਗ ਵੱਜਣੇ ਤੇ ਸਾਨੂੰ ਪੱਤਿਆਂ ਦੀ ਸਰਸਰ ਦੀ ਅਵਾਜ ਸੁਣਨ ਦਾ ਬਹੁਤ ਮਜ੍ਹਾ ਆਉਂਦਾ ਹੁੰਦਾ ਸੀ।
ਅਗਲੇ ਦਿਨ ਜਦੋਂ ਸਵੇਰੇ-ਸਵੇਰੇ ਮਾਮੇ ਨੇ ਡੰਗਰਾਂ ਲਈ ਖੇਤ ਪੱਠੇ ਲੈਣ ਜਾਣਾ ਤਾਂ ਸਾਨੂੰ ਵੀ ਅਵਾਜ਼ ਮਾਰ ਲੈਣੀ,

'ਓਏ ਮੰਨੂੰ, ਜੰਟੇ, ਮਿੰਟੂ, ਸੋਨੂੰ, ਗੋਪੀ ਆਜੋ ਪੱਠੇ ਲੈਣ ਚੱਲੀਏ।'

ਸਾਨੂੰ ਚਾਅ ਚੜ ਜਾਣਾ ਕਿ ਬੈਲ-ਗੱਡੇ 'ਤੇ ਝੂਟਾ ਮਿਲੂ, ਚਲੋ-ਚਲੋ ਛੇਤੀ ਚੱਲੀਏ। ਅਸੀਂ ਭੱਜੇ-ਭੱਜੇ ਗੱਡੇ 'ਤੇ ਚੜ੍ਹ ਜਾਣਾ ਅਤੇ ਉਧਰੋਂ ਮਾਮੇ ਨੇ ਦਾਤੀ, ਪੱਲੀ (ਪੱਠੇ ਬੰਨ੍ਹਣ ਲਈ) ਚੁੱਕ ਗੱਡੇ 'ਤੇ ਆ ਰੱਖਣੀ ਤੇ ਘਰੋਂ ਤੁਰ ਪੈਣਾ। ਮਾਮੇ ਨੇ ਰਾਸਤੇ 'ਚ ਗੀਤ ਗਾਉਂਦੇ ਜਾਣਾ.....
ਗੱਡੀ ਜਾਂਦੀ ਏ ਛਲਾਂਗਾਂ ਮਾਰਦੀ,
ਮੈਨੂੰ ਯਾਦ ਆਵੇ ਮੇਰੇ ਯਾਰ ਦੀ..

ਅਸੀਂ ਪਿੱਛੇ ਬੈਠਿਆਂ ਇੱਕ ਦੂਜੇ ਨਾਲ ਪੰਗੇ ਲੈਣੇ। ਖੇਤ ਪਹੁੰਚ ਕੇ ਅਸੀਂ ਗਿੱਲੇ ਪੱਠਿਆਂ ਵਿੱਚ ਲੁਕਣ- ਮਿਚੀ ਖੇਡਣਾ ਤੇ ਜਦੋਂ ਪੱਠੇ ਵੱਢੇ ਜਾਣੇ ਮਾਮੇ ਨੇ ਸਾਨੂੰ ਅਵਾਜ਼ਾਂ ਮਾਰ-ਮਾਰ ਲੱਭਣਾ, ਜਦੋਂ ਅਸੀਂ ਲੱਭ ਜਾਣਾ ਫਿਰ ਸਾਨੂੰ ਪੱਠਿਆਂ ਦੀਆਂ ਪੰਡਾਂ ਉੱਪਰ ਬੈਠਾ ਦੇਣਾ। ਫਿਰ ਮਾਮੇ ਨੇ ਗੱਡੇ 'ਤੇ ਬੈਠ ਬੈਲ ਦੇ ਸੋਟੀ ਮਾਰਨੀ ਤੇ ਕਹਿਣਾ,
'ਚੱਲ ਓਏ ਬੱਗਿਆ।'

ਥੋੜ੍ਹੀ ਦੇਰ ਨੂੰ ਅਸੀਂ ਘਰ ਪਹੁੰਚ ਜਾਣਾ ਤੇ ਪੱਠੇ ਵਾਲੀਆਂ ਪੰਡਾਂ ਤੋਂ ਜਿਦੋ-ਜਿਦੀ ਛਾਲਾਂ ਮਾਰਨੀਆਂ। ਫਿਰ ਮਾਮੇ ਨੇ ਪੱਠੇ ਵਾਲੀਆਂ ਪੰਡਾਂ ਲਾਹ ਕੇ ਟੋਕੇ ਕੋਲ ਸੁੱਟ ਦੇਣੀਆਂ। ਉਸ ਤੋਂ ਬਾਅਦ ਮਾਮੇ ਨੇ ਸਾਨੂੰ ਪੰਡਾਂ ਖੋਲ੍ਹ ਦੇਣੀਆਂ, ਤੇ ਨਾਲ ਹੀ ਕਹਿ ਦੇਣਾ, ਲੱਗ ਜੁ ਪਤਾ ਅੱਜ ਪਹਿਲਾਂ ਕਿਹੜਾ ਰੁੱਗ ਲਾਉਂਦਾ? ਅਸੀਂ ਛੇਤੀ-ਛੇਤੀ ਪੱਠੇ ਚੁੱਕਣੇ, ਜਿੰਨੇ ਕੁ ਹੱਥ ਆਉਣੇ ਟੋਕੇ 'ਚ ਪਾਈ ਜਾਣੇ। ਜਦੋਂ ਪੱਠੇ ਕੁੱਤਰੇ ਜਾਣੇ, ਫਿਰ ਅਸੀਂ ਟੋਕਰੇ ਲੱਭ ਆਪ ਮਾਮੇ ਨੂੰ ਕੁੱਤਰੇ ਪੱਠਿਆਂ ਨਾਲ ਭਰ-ਭਰ ਦੇਣੇ। ਉਸਤੋਂ ਬਾਅਦ ਮਾਮੇ ਨੇ ਡੰਗਰਾਂ ਨੂੰ ਤੂੜੀ ਰਲਾ ਪੱਠੇ ਪਾਉਣੇ।

ਜਦੋਂ ਆਉਣੀ ਰੋਟੀ ਖਾਣ ਦੀ ਵਾਰੀ ਫਿਰ ਅਸੀਂ ਮਾਮੇ ਦੇ ਦੁਆਲੇ ਹੋ ਜਾਣਾ। ਨਾਨੀ ਦੀਆਂ ਬਣਾਈਆਂ ਵੱਡੀਆਂ-ਵੱਡੀਆਂ ਰੋਟੀਆਂ ਦੇਸੀ ਘਿਓ ਨਾਲ ਚੋਪੜੀਆਂ, ਸਬਜੀ, ਨਾਲ ਲੱਸੀ ਦਾ ਵੱਡਾ ਗਿਲਾਸ ਹੋਣਾ। ਅਸੀਂ ਤਾਂ ਇਕ ਨਾਲ ਹੀ ਰੱਜ ਜਾਂਦੇ ਸੀ। ਪਰ ਖੁਰਾਕਾਂ ਖੁੱਲ੍ਹੀਆਂ ਸਨ। ਅਸੀਂ ਜਦੋਂ ਵੀ ਨਾਨਕੇ ਜਾਣਾ ਮੋਟੇ ਹੋ ਕੇ ਆਉਂਦੇ ਸਾਂ।

ਜੇ ਕਿਤੇ ਨਾਨਕੇ ਪਿੰਡ ਮੇਲਾ ਆ ਜਾਣਾ ਤਾਂ ਫਿਰ ਹੋਰ ਵੀ ਸੁਆਦ ਆਉਂਦਾ ਹੁੰਦਾ ਸੀ। ਮਾਮਿਆਂ ਨਾਲ ਸਾਰਾ ਮੇਲਾ ਘੁੰਮਣਾ, ਪਕੌੜੇ-ਜਲੇਬੀਆਂ ਖਾਣੀਆਂ। ਜਿਹੜੀ ਚੀਜ ਨੂੰ ਦਿਲ ਕਰਨਾ ਉੱਧਰ ਨੂੰ ਉਂਗਲ ਕਰ ਦੇਣੀ ਤੇ ਮਾਮਿਆਂ ਨੇ ਉਦੋਂ ਹੀ ਲੈ ਦੇਣੀ। ਕਦੇ ਕਿਸੇ ਚੀਜ ਦੀ ਘਾਟ ਨਹੀਂ ਰਹਿਣ ਦਿੱਤੀ। ਅਸੀਂ ਵੀ ਮਾਮੇ ਦੀਆਂ ਉਂਗਲਾਂ ਫੜ ਜਾਂ ਕੰਧੇੜੇ ਚੜ੍ਹ ਪੂਰਾ ਮੇਲਾ ਘੁੰਮਦੇ ਹੁੰਦੇ ਸੀ।

ਕਿੰਨਾਂ ਵਧੀਆ ਮਾਹੌਲ ਹੁੰਦਾ ਸੀ। ਹੁਣ ਸਾਰਾ ਕੁੱਝ ਬਦਲ ਗਿਆ। ਸਾਰੇ ਮਾਮੇ ਵਿਆਹੇ ਗਏ। ਪਹਿਲਾਂ ਇਕੋ ਘਰਾਣਾ ਸੀ। ਹੁਣ ਸਾਰੇ ਮਾਮੇ ਅੱਡ-ਅੱਡ ਹੋ ਗਏ। ਪਹਿਲਾਂ ਵਾਲਾ ਚਾਅ ਨਹੀਂ ਰਿਹਾ। ਹੁਣ ਸਾਰੇ ਰਿਸ਼ਤੇ ਫਾਰਮੈਲਟੀਆਂ 'ਚ ਬਦਲ ਗਏ। ਜਿਹਦੇ ਘਰ ਜਾਈਏ ਉਹ ਕੱਲੀ ਚਾਹ ਪਿਆ ਕੇ ਤੋਰਨ ਦੀ ਕਰਦਾ, ਕਿਤੇ ਰੋਟੀ ਨਾ ਲਾਹੁਣੀ ਪੈ ਜਾਵੇ। ਇਸੇ ਕਰਕੇ ਉਹ ਹੁਣ ਰੋਟੀ ਦੀ ਸੁਲ੍ਹਾ ਵੀ ਨਹੀਂ ਮਾਰਦੇ। ਨਾ ਹੁਣ ਪਹਿਲਾਂ ਵਾਲੇ ਖੁੱਲ੍ਹੇ ਵਿਹੜੇ ਰਹੇ, ਨਾ ਉਹ ਵੱਡੇ-ਵੱਡੇ ਰੁੱਖ, ਨਾ ਹੀ ਠੰਡੀਆਂ ਛਾਵਾਂ, ਜਿਨ੍ਹਾਂ ਦਾ ਛੋਟੇ ਹੁੰਦੇ ਅਨੰਦ ਮਾਣਦੇ ਸੀ। ਹੁਣ ਤਾਂ ਭੋਰਾ-ਭੋਰਾ ਕਮਰੇ ਨੇ, ਜਦੋਂ ਕਿਸੇ ਘਰ ਜਾਈਦਾ ਇੰਝ ਲੱਗਦਾ ਜਿਵੇਂ ਕਿਸੇ ਗੁਫਾ 'ਚ ਆ ਗਏ ਹਾਂ। ਛੇਤੀ-ਛੇਤੀ ਬਾਹਰ ਜਾਣ ਨੂੰ ਦਿਲ ਕਰਦਾ। ਨਾ ਹੁਣ ਉਹ ਮੋਹ-ਪਿਆਰ ਰਿਹਾ, ਨਾ ਉਹ ਰਿਸ਼ਤੇ।

ਮੇਰਾ ਬੜਾ ਦਿਲ ਕਰਦਾ ਆਪਣੇ ਮਾਮਿਆਂ ਦੇ ਕੰਧੇੜੇ ਚੜ੍ਹਣ ਨੂੰ, ਮਾਮਿਆਂ ਨਾਲ ਘੁੰਮਣ ਨੂੰ, ਮਾਮਿਆਂ ਨੂੰ ਮਾਮੂ ਕਹਿਣ ਨੂੰ।
….. ਕੀ ਹੁਣ ਉਹ ਪਿਆਰ ਮੈਨੂੰ ਦੁਬਾਰਾ ਮਿਲ ਸਕਦਾ, ਜਿਹੜਾ ਮੈਨੂੰ ਨਾਨਕਿਆਂ ਦਿੱਤਾ ਸੀ?

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਧੰਜਲ ਜ਼ੀਰਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ