Madad (Story in Punjabi) : Julius Fuchik

ਮਦਦ : (ਕਹਾਣੀ) : ਜੂਲੀਅਸ ਫ਼ੂਚਿਕ

ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ।
ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ ਆਏ ਅਤੇ ਬੱਚਿਆਂ ਦੀਆਂ ਚੀਥੜੇ-ਚੀਥੜੇ ਹੋ ਗਈਆਂ ਲਾਸ਼ਾਂ ਦੇ ਦੁਆਲੇ ਇਕੱਠੇ ਹੋ ਗਏ। ਅੰਤ ਉਨ੍ਹਾਂ ਨੇ ਲਾਸ਼ਾਂ ਨੂੰ ਚੁੱਕਿਆ ਅਤੇ ਸਕੂਲ ਦੀ ਇਮਾਰਤ ਵਿੱਚ ਲਿਜਾ ਰੱਖਿਆ, ਜਿੱਥੋਂ ਕੁਝ ਸਮਾਂ ਪਹਿਲਾਂ ਉਹ ਹੱਸਦੇ-ਖੇਡਦੇ ਆਏ ਸਨ।
ਸਰਕਾਰੀ ਫੋਟੋਗ੍ਰਾਫਰ ਆਇਆ ਅਤੇ ਉਸ ਨੇ ਬੜੇ ਰੁੱਖੇ ਜਿਹੇ ਢੰਗ ਨਾਲ ਉਸ ਹੌਲਨਾਕ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਬੰਦ ਕੀਤਾ। ਦਹਿਸ਼ਤ ਕਾਰਨ, ਉਸ ਦਾ ਸਲੀਕਾ ਗਾਇਬ ਹੋ ਗਿਆ ਸੀ।
ਤਿੰਨ ਦਿਨਾਂ ਅੰਦਰ ਉਹ ਦਸਤਾਵੇਜ਼ ਪੈਰਿਸ, ਲੰਡਨ ਅਤੇ ਪ੍ਰਾਗ ਪਹੁੰਚ ਗਏ। ਅਖ਼ਬਾਰਾਂ ਨੇ ਉਸ ਨੂੰ ਪਹਿਲੇ ਪੰਨਿਆਂ ’ਤੇ ਛਾਪਿਆ।
ਬਹਾਰ ਦੀ ਰੁੱਤ ਸੀ ਉਹ।
ਕੋਲੇ ਦੇ ਡਿੱਪੂ ਦੇ ਪਿੱਛੇ ਇਕੱਲਾ ਖੜ੍ਹਾ ਰੁੱਖ ਫੁੱਲਾਂ ਨਾਲ ਭਰਿਆ ਹੋਇਆ ਸੀ, ਜੋ ਉਸ ਇਲਾਕੇ ਵਿੱਚ ਧੂੰਏਂ ਦੇ ਸਮੁੰਦਰ ਵਿੱਚ ਜਗਦੀ ਮਸ਼ਾਲ ਵਾਂਗ ਜਾਪਦਾ ਸੀ ਅਤੇ ਸਾਹਮਣੇ ਖਾਲੀ ਜਗ੍ਹਾ ਵੱਲ ਸੰਕੇਤ ਕਰਦਾ ਹੋਇਆ ਜਿਵੇਂ ਬੱਚਿਆਂ ਨੂੰ ਖੇਡਣ ਲਈ ਜੀ ਆਇਆਂ ਕਹਿ ਰਿਹਾ ਹੋਵੇ।
ਜਿਸ ਦਿਨ ਦੀ ਗੱਲ ਮੈਂ ਕਰ ਰਿਹਾ ਹਾਂ, ਉਸ ਦਿਨ ਛੇ ਮੁੰਡੇ ਉੱਥੇ ਖੇਡਣ ਆਏ ਸਨ। ਉਹ ਬੈਠ ਗਏ ਅਤੇ ਇੱਕ-ਦੂਜੇ ਦੇ ਸਿਰ ਨਾਲ ਸਿਰ ਜੋੜ ਲਏ।
ਫਰਾਂਤਾ ਨੇ ਆਪਣੇ ਸਕੂਲ ਦੀ ਕਾਪੀ ਖੋਲ੍ਹੀ ਅਤੇ ਉਸ ਵਿੱਚੋਂ ਅਖ਼ਬਾਰ ਦਾ ਇੱਕ ਪੰਨਾ ਕੱਢਿਆ। ਉਸ ਅਖ਼ਬਾਰ ’ਤੇ ਇੱਕ ਬੱਚੇ ਦਾ ਚਿਹਰਾ ਉਨ੍ਹਾਂ ਵੱਲ ਦੇਖ ਰਿਹਾ ਸੀ, ਜਿਸ ਦਾ ਸਿਰ ਬੰਬ ਨਾਲ ਨਸ਼ਟ ਹੋ ਚੁੱਕਾ ਸੀ।
ਏਲ ਮੁਇਤ ਪਿੰਡ ਦਾ ਮੁੰਡਾ।
ਫਰਾਂਤਾ ਪੂਰੇ ਵਿਸ਼ਵਾਸ ਨਾਲ ਪੜ੍ਹਨ ਲੱਗਾ। ਤਦ ਉਸ ਦੀ ਆਵਾਜ਼ ਬੱਚਿਆਂ ਵਰਗੀ ਨਹੀਂ ਸੀ। ਉਸ ਨੇ ਉਹ ਖ਼ਬਰ ਪੜ੍ਹੀ, ਜਿਸ ਵਿੱਚ ਏਲ ਮੁਇਤ ਉੱਤੇ ਹੋਈ ਬੰਬਾਰੀ ਦਾ ਵਰਣਨ ਸੀ, ਫਾਸ਼ਿਸਟਾਂ ਦੀ ਤਬਾਹੀ ਦਾ ਵਰਣਨ ਸੀ ਅਤੇ ਉਸ ਤਬਾਹੀ ਦੇ ਵਿਰੁੱਧ ਰੋਸ ਦਾ ਵਰਣਨ ਸੀ।
ਉਨ੍ਹਾਂ ਮੁੰਡਿਆਂ ਨੂੰ ਲੱਗਿਆ ਕਿ ਏਲ ਮੁਇਤ ਦੇ ਉਹ ਬੱਚੇ ਉਹ ਖ਼ੁਦ ਹੀ ਹਨ। ਉਨ੍ਹਾਂ ਵਾਂਗੂੰ ਹੀ ਉਹ ਸਕੂਲ ’ਚੋਂ ਨਿਕਲ ਕੇ ਬੰਟੇ ਖੇਡਣ ਗਏ ਸਨ ਅਤੇ ਮੌਤ ਅਚਾਨਕ ਉਨ੍ਹਾਂ ’ਤੇ ਬਾਜ਼ ਵਾਂਗ ਝਪਟ ਪਈ ਸੀ।
ਉਨ੍ਹਾਂ ਅੱਖਾਂ ਉਤਾਂਹ ਕਰ ਕੇ ਆਕਾਸ਼ ਵੱਲ ਦੇਖਿਆ, ਆਕਾਸ਼ ਵਿੱਚ ਬੱਦਲ ਦੌੜੇ ਜਾ ਰਹੇ ਸਨ। ਉੱਥੇ ਕੋਈ ਦੁਸ਼ਮਣ ਨਹੀਂ ਸੀ, ਪਰ ਜਦੋਂ ਉਨ੍ਹਾਂ ਧਿਆਨ ਲਗਾਇਆ ਤਾਂ ਅਚਾਨਕ ਦੁਸ਼ਮਣ ਦੇ ਕਈ ਚਿਹਰੇ ਦਿਖਾਈ ਦਿੱਤੇ ਅਤੇ ਫਿਰ ਉਨ੍ਹਾਂ ਨੂੰ ਲੱਗਿਆ ਜਿਵੇਂ ਏਲ ਮੁਇਤ ਦੇ ਬੱਚੇ ਉਸ ਦੁਸ਼ਮਣ ਦੇ ਖ਼ਿਲਾਫ਼ ਉਨ੍ਹਾਂ ਤੋਂ ਮਦਦ ਮੰਗ ਰਹੇ ਹੋਣ।
ਕੀ ਉਹ ਮਦਦ ਕਰਨਗੇ?
ਬੇਸ਼ੱਕ!
ਪਰ ਮਦਦ ਕਰਨਗੇ ਕਿਵੇਂ?
ਉਨ੍ਹਾਂ ਅਖ਼ਬਾਰ ਵਿੱਚ ਦੇਖਿਆ, ਸਪੇਨੀ ਲੋਕਾਂ ਦੀ ਸਹਾਇਤਾ ਲਈ ਉਗਰਾਹੀ; ਪੰਜ, ਦਸ, ਪੰਜਾਹ, ਸੌ ਕਰਾਊਨ… ਇੱਕ ਕਾਲਮ ਵਿੱਚ ਸਹਾਇਤਾ ਦੇਣ ਵਾਲਿਆਂ ਦੀ ਲੰਬੀ ਸੂਚੀ ਸੀ।
ਤਦੇ ਉਨ੍ਹਾਂ ਛੇ ਮੁੰਡਿਆਂ ਦੀਆਂ ਬਾਰ੍ਹਾਂ ਜੇਬਾਂ ’ਚੋਂ ਰਾਸ਼ੀ ਨਿਕਲੀ। ਕੁੱਲ ਮਿਲਾ ਕੇ ਅੱਧਾ ਕਰਾਊਨ ਵੀ ਨਹੀਂ ਸੀ।
‘‘ਕੱਲ੍ਹ ਮੈਂ ਹੋਰ ਲਿਆਵਾਂਗਾ।’’ ਇੱਕ ਮੁੰਡੇ ਨੇ ਕਿਹਾ।
‘‘ਪਰ ਕੱਲ੍ਹ ਤਕ…’’
‘‘ਕੱਲ੍ਹ ਤਕ ਕੌਣ ਜਾਣੇ ਕੀ ਹੋ ਜਾਏ।’’
‘‘ਅੱਜ ਹੀ ਕਰੀਏ…।’’
ਨਿਰਾਸ਼ਾ ਭਰੀਆਂ ਅੱਖਾਂ ਦੂਰ ਤਕ ਦੇਖ ਰਹੀਆਂ ਸਨ। ‘‘ਕਿੰਨਾ ਚੰਗਾ ਹੋਵੇ ਇੱਥੇ ਕਿਤੇ ਡਿੱਗਿਆ ਨੋਟ ਮਿਲ ਜਾਵੇ ਜਾਂ ਕਿਸੇ ਦਾ ਬਟੂਆ ਡਿੱਗਿਆ ਮਿਲ ਜਾਏ…।’’
ਪਰ ਕੋਈ ਨੋਟ ਜਾਂ ਬਟੂਆ ਨਹੀਂ ਮਿਲਿਆ।
ਛੇ ਦਿਮਾਗ਼ਾਂ ਨੇ ਬੜਾ ਸੋਚਿਆ।
ਅਚਾਨਕ ਏਂਤੋਨੀਨ ਨੇ ਕਿਹਾ, ‘‘ਮੇਰੇ ਕੋਲ ਚਾਕੂ ਵਾਲਾ ਪੈੱਨ ਹੈ।’’
‘‘ਚਾਕੂ ਵਾਲੇ ਪੈੱਨ ਨਾਲ ਕੀ ਹੋਵੇਗਾ?’’
‘‘ਜੇਕਰ ਮੈਂ ਇਸ ਨੂੰ ਵੇਚ ਦਿਆਂ?’’
ਦਸ ਅੱਖਾਂ ਏਂਤੋਨੀਨ ਉੱਤੇ ਟਿਕ ਗਈਆਂ। ਕੀ ਉਹ ਆਪਣੀ ਜਾਇਦਾਦ ਵੇਚ ਦੇਵੇਗਾ?
ਤਦ ਹੀ ਫਰਾਂਤਾ ਜੋਸ਼ ਨਾਲ ਖੜ੍ਹਾ ਹੋ ਗਿਆ। ਬਾਕੀ ਪੰਜ ਮੁੰਡੇ ਵੀ ਖੜ੍ਹੇ ਹੋ ਗਏ। ਫਰਾਂਤਾ ਨੇ ਏਂਤੋਨੀਨ ਦਾ ਹੱਥ ਫੜ ਕੇ ਦੇਖਿਆ। ਫਿਰ ਬਿਨਾਂ ਕੁਝ ਬੋਲਿਆਂ ਚਾਕੂ ਵਾਲੇ ਪੈੱਨ ਦੇ ਕੋਲ ਆਪਣੀ ਪਾਲਿਸ਼ ਵਾਲੀ ਡੱਬੀ ਰੱਖ ਦਿੱਤੀ, ਜੋ ਜੀਵ-ਜੰਤੂਆਂ ਦਾ ਰੈਣ-ਬਸੇਰਾ ਸੀ। ਭਾਵੇਂ ਉਹ ਏਂਤੋਨੀਨ ਦੇ ਚਾਕੂ ਵਾਲੇ ਪੈੱਨ ਜਿੰਨੀ ਮਹਿੰਗੀ ਨਹੀਂ ਸੀ, ਫੇਰ ਵੀ ਉਸ ਵਿੱਚ ਫਰਾਂਤਾ ਦੇ ਜੀਵਨ ਦਾ ਇਤਿਹਾਸ ਸੀ।
ਰੂਦਾ ਨੇ ਆਪਣੇ ਹੱਥਾਂ ਵਿੱਚ ਆਖ਼ਰੀ ਵਾਰ ਤੇਰ੍ਹਾਂ ਬੰਦਿਆਂ ਨੂੰ ਮਲਿਆ। ਜਦ ਜੋਜ਼ਫ ਨੇ ਆਪਣੀ ਸੀਟੀ ਨੂੰ ਸਭ ਦੇ ਸਾਹਮਣੇ ਰੱਖਿਆ ਤਾਂ ਰੂਦਾ ਨੂੰ ਬੜੀ ਸ਼ਰਮ ਆਈ ਅਤੇ ਉਸ ਨੇ ਆਪਣਾ ਚੌਦ੍ਹਵਾਂ ਬੰਟਾ ਵੀ ਤੇਰ੍ਹਾਂ ਬੰਟਿਆਂ ਵਿੱਚ ਸ਼ਾਮਲ ਕਰ ਦਿੱਤਾ, ਜਿਸ ਨਾਲ ਉਹ ਹਮੇਸ਼ਾਂ ਜਿੱਤਦਾ ਹੁੰਦਾ ਸੀ।
ਸਾਰੀਆਂ ਜੇਬਾਂ ਖਾਲੀ ਹੋ ਗਈਆਂ। ਉਨ੍ਹਾਂ ’ਚੋਂ ਜੋ ਚੀਜ਼ਾਂ ਨਿਕਲੀਆਂ, ਉਹ ਸਨ, ਚਾਕੂ ਵਾਲਾ ਪੈੱਨ, ਡੱਬੀ, ਸੀਟੀ, ਬੰਟੇ, ਰੱਸੀ, ਕਾਗਜ਼ ਦਾ ਬਣਿਆ ਬਟੂਆ, ਗੁਲੇਲ, ਪਲਾਚੀਨਕਾ ਦੀ ਫੋਟੋ (ਪਲਾਚੀਨਕਾ ਉਸ ਸਮੇਂ ਦਾ ਪ੍ਰਸਿੱਧ ਫੁਟਬਾਲ ਖਿਡਾਰੀ) ਅਤੇ ਇਸ ਪ੍ਰਕਾਰ ਦੀਆਂ ਹੋਰ ਚੀਜ਼ਾਂ! ਸਾਰੇ ਮੁੰਡਿਆਂ ਨੇ ਆਪਣੇ ਉਸ ਖ਼ਜ਼ਾਨੇ ਨੂੰ ਗਹਿਰੀਆਂ ਨਜ਼ਰਾਂ ਨਾਲ ਤੱਕਿਆ, ਫਿਰ ਉਨ੍ਹਾਂ ਨੇ ਇਸ ਦੀ ਵਿਕਰੀ ਲਈ ਫਰਾਂਤਾ ਅਤੇ ਏਂਤੋਨੀਨ ਨੂੰ ਚੁਣਿਆ।
ਵਲਤਾਵਾ ਨਦੀ ਦੇ ਸੱਜੇ ਕਿਨਾਰੇ ਉੱਤੇ ਇੱਕ ਪੁਰਾਣਾ ਕਸਬਾ ਵਸਿਆ ਹੋਇਆ ਹੈ। ਉੱਥੋਂ ਦੀਆਂ ਅਵੱਲੀਆਂ, ਟੇਢੀਆਂ, ਤੰਗ ਗਲੀਆਂ ਵਿੱਚ ਇੱਕ ‘ਯਹੂਦੀ’ ਦੀ ਦੁਕਾਨ ’ਤੇ ਗ਼ਰੀਬ ਲੋਕ ਆਪਣੀਆਂ ਦੁੱਖ-ਤਕਲੀਫ਼ਾਂ ਲੈ ਕੇ ਆਇਆ ਕਰਦੇ ਹਨ।
ਫਰਾਂਤਾ ਤੇ ਏਂਤੋਨੀਨ ਆਪਣੀਆਂ ਜੇਬਾਂ ਵਿੱਚ ਭਰੇ ਹੋਏ ਖ਼ਜ਼ਾਨੇ ਨੂੰ ਮਜ਼ਬੂਤੀ ਨਾਲ ਸਾਂਭ ਕੇ ਲੋਕਾਂ ਦੀ ਭੀੜ ’ਚੋਂ ਹੁੰਦੇ ਹੋਏ, ਉਸ ਯਹੂਦੀ ਦੀ ਦੁਕਾਨ ਵੱਲ ਵਧ ਰਹੇ ਸਨ। ਉਨ੍ਹਾਂ ਦੇ ਪਿੱਛੇ ਕੁਝ ਦੂਰੀ ’ਤੇ ਉਨ੍ਹਾਂ ਦੇ ਚਾਰੇ ਮਿੱਤਰ ਵੀ ਆ ਰਹੇ ਸਨ।
ਆਈਜ਼ੈਕ ਨਾਮ ਦਾ ਉਹ ਬੁੱਢਾ ਯਹੂਦੀ ਆਪਣੀ ਦੁਕਾਨ ਵਿੱਚ ਕਾਊਂਟਰ ਦੇ ਪਿੱਛੇ ਖੜ੍ਹਾ ਸੀ। ਬੱਚਿਆਂ ਨੇ ਆਪਣੀਆਂ ਚੀਜ਼ਾਂ ਜੇਬਾਂ ’ਚੋਂ ਕੱਢ ਕੇ ਕਾਊਂਟਰ ’ਤੇ ਰੱਖ ਦਿੱਤੀਆਂ ਤੇ ਫਿਰ ਉਸ ਦੇ ਚਿਹਰੇ ’ਤੇ ਆਪਣੀਆਂ ਅੱਖਾਂ ਗੱਡ ਦਿੱਤੀਆਂ।
ਆਈਜ਼ੈਕ ਨੇ ਉਨ੍ਹਾਂ ਚੀਜ਼ਾਂ ਨੂੰ ਇੱਕ ਟੱਕ ਵੇਖਿਆ ਤੇ ਬੁੜਬੁੜਾਇਆ, ‘‘ਕੀ ਕਰਾਂ ਇਨ੍ਹਾਂ ਦਾ?’’ ਫਰਾਂਤਾ ਨੇ ਕਿਹਾ, ‘‘ਇਹ ਸਭ ਕੁਝ ਵੇਚਣ ਵਾਸਤੇ ਹੈ।’’
ਆਈਜ਼ੈਕ ਉੱਥੇ ਆਉਣ ਵਾਲੇ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣਦਾ ਸੀ। ਉਹ ਉਨ੍ਹਾਂ ਦੀ ਗੱਲ ਸੁਣ ਕੇ ਹੀ ਉਨ੍ਹਾਂ ਦੇ ਮਨ ਦੀ ਗੱਲ ਬੁੱਝ ਲੈਂਦਾ ਸੀ। ਪਰ ਫਰਾਂਤਾ ਦੀ ਆਵਾਜ਼ ਬਿਲਕੁਲ ਅਲੱਗ ਕਿਸਮ ਦੀ ਲੱਗ ਰਹੀ ਸੀ।
ਫਰਾਂਤਾ ਨੇ ਕਿਹਾ, ‘‘ਇਹ ਚੀਜ਼ਾਂ ਸਿਗਰਟਾਂ ਖ਼ਰੀਦਣ ਵਾਸਤੇ ਨਹੀਂ ਹਨ।’’
‘‘ਹੂੰ ਤਾਂ ਫਿਰ ਸਿਨਮਾ ਦੇਖਣ ਲਈ ਹੋਣਗੀਆਂ?’’ ਆਈਜ਼ੈਕ ਨੇ ਕਿਹਾ।
‘‘ਨਹੀਂ!’’ ਫਰਾਂਤਾ ਨੇ ਤਲਖ਼ੀ ਨਾਲ ਕਿਹਾ, ‘‘ਇਹ ਸਪੇਨ ਦੀ ਜੰਗ ਲਈ ਹਨ।’’
ਇਹ ਕਹਿੰਦਿਆਂ ਹੀ ਫਰਾਂਤਾ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਕਿ ਕਿਤੇ ਉਹ ਯਹੂਦੀ ਪੁਲੀਸ ਨੂੰ ਖ਼ਬਰ ਨਾ ਕਰ ਦੇਵੇ। ਪੁਲੀਸ ਆ ਕੇ ਉਨ੍ਹਾਂ ਦਾ ਖ਼ਜ਼ਾਨਾ ਹੜੱਪ ਕਰ ਜਾਵੇਗੀ ਤੇ ਏਲ ਮੁਇਤ ਦੇ ਬੱਚਿਆਂ ਨੂੰ ਸਹਾਇਤਾ ਨਹੀਂ ਭੇਜੀ ਜਾ ਸਕੇਗੀ। ਉਸ ਸਮੇਂ ਉਸ ਨੇ ਕਾਊਂਟਰ ’ਤੇ ਪਈਆਂ ਆਪਣੀਆਂ ਚੀਜ਼ਾਂ ਨੂੰ ਇਕੱਠੀਆਂ ਕਰਨਾ ਚਾਹਿਆ।
‘‘ਜ਼ਰਾ ਦੇਖਣ ਦਿਓ।’’ ਆਈਜ਼ੈਕ ਨੇ ਕਿਹਾ। ਉਸ ਨੇ ਡੱਬੀ ਚੁੱਕ ਕੇ ਉਸ ਨੂੰ ਧਿਆਨ ਨਾਲ ਦੇਖਿਆ, ‘‘ਹਾਂ ਏਨੀ ਬੁਰੀ ਨਹੀਂ ਹੈ, ਪਰ ਮੈਂ ਏਸ ਦੇ ਦੋ ਕਰਾਊਨ ਤੋਂ ਵੱਧ ਨਹੀਂ ਦੇ ਸਕਦਾ ਅਤੇ ਇਹ ਚਾਕੂ ਵਧੀਆ ਕਾਰੀਗਰੀ ਦਾ ਨਮੂਨਾ ਹੈ… ਅੱਛਾ, ਤਾਂ ਸਪੇਨ ਦੀ ਜੰਗ ਵਾਸਤੇ? …ਬਹੁਤ ਵਧੀਆ ਕਾਰੀਗਰੀ ਦਾ ਨਮੂਨਾ ਹੈ… ਪੰਜ ਕਰਾਊਨ… ਮੇਰੇ ਖ਼ਿਆਲ ਵਿੱਚ…।’’
ਮੁੰਡਿਆਂ ਦੇ ਸਾਹ ਰੁਕੇ ਹੋਏ ਸਨ।
ਆਈਜ਼ੈਕ ਇੱਕ-ਇੱਕ ਚੀਜ਼ ਨੂੰ ਚੁੱਕ ਕੇ ਉਸ ਨੂੰ ਧਿਆਨ ਨਾਲ ਦੇਖਦਾ ਹੋਇਆ, ਉਸ ਦੀ ਕੀਮਤ ਦਾ ਅੰਦਾਜ਼ਾ ਲਾਉਂਦਾ ਰਿਹਾ। ਅਖੀਰ ਉਸ ਨੇ ਦਰਾਜ ਵਿੱਚੋਂ ਵੀਹ ਕਰਾਊਨ ਕੱਢੇ ਅਤੇ ਇੱਕ-ਇੱਕ ਕਰਕੇ ਗਿਣਦੇ ਹੋਏ ਕਾਊਂਟਰ ਉੱਤੇ ਰੱਖ ਦਿੱਤੇ।
(ਚੈਕਸਲੋਵਾਕੀਆਈ ਕਹਾਣੀ-ਪੰਜਾਬੀ ਰੂਪ: ਸਤਪਾਲ ਭੀਖੀ)

  • ਮੁੱਖ ਪੰਨਾ : ਜੂਲੀਅਸ ਫ਼ੂਚਿਕ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ