Madhavi (Bangla Story in Punjabi) : Rabindranath Tagore

ਮਾਧਵੀ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਮਹਾਰਾਜਾ ਭੋਜ ਦਾ ਰਾਜ ਸੀ,-ਸਵੇਰ ਦਾ ਵੇਲਾ ਸੀ, ਜੰਗਲ ਵਿਚ ਕੁਦਰਤੀ ਫੁਲ ਖਿੜੇ ਹੋਏ ਸਨ, ਪੰਛੀ ਟਾਹਣੀਆਂ ਤੇ ਚਹਿਚਹਾ ਰਹੇ ਸਨ, ਦਰਖਤ ਦੇ ਥਲੇ ਬੈਠੀ ਹੋਈ ਇਕ ਕੁਆਰੀ ਕੁੜੀ ਗਾ ਰਹੀ ਸੀ, ਰਾਗ ਦਾ ਦਰਯਾ ਵਹਿ ਰਿਹਾ ਸੀ, ਸੁਰੀਲੀ ਅਵਾਜ਼ ਜੰਗਲ ਦੇ ਇਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤਕ ਜਾ ਰਹੀ ਸੀ, ਸੁੰਦਰੀ ਉਠੀ ਅਤੇ ਮੰਦਰ ਵਲ ਟੁਰ ਪਈ ।

ਇਕ ਦਿਨ ਅਚਾਰੀਆ ਆਪਣੀ ਛੋਟੀ ਜਿਹੀ ਕੁਟੀਆ ਵਿਚ ਸੁਤੇ ਪਏ ਸਨ, ਰਾਤ ਤਿੰਨਾਂ ਪਹਿਰਾਂ ਤੋਂ ਵਧ ਬੀਤ ਚੁਕੀ ਸੀ, ਉਨ੍ਹਾਂ ਦੇ ਕੰਨਾਂ ਵਿਚ ਖਾਸ ਤਰ੍ਹਾਂ ਦੀ ਅਵਾਜ਼ ਪੈਦਾ ਹੋਈ, ਉਹ ਉਠ ਪਏ ਅਤੇ ਜੰਗਲ ਵਿਚ ਪੂਜਾ ਵਾਸਤੇ ਫੁਲ ਤੋੜਨ ਗਏ, ਤਦ ਉਹ ਕੁੜੀ ਇਕ ਫੁਲ ਦੀ ਝਾੜੀ ਵਿਚ ਪਈ ਹੋਈ ਮਿਲੀ ਉਸੇ ਦਿਨ ਤੋਂ ਅਚਾਰੀਆ ਬਾਪ ਦੀ ਨਜ਼ਰ ਨਾਲ ਉਸ ਦੀ ਪਾਲਣਾ ਕਰਦੇ ਰਹੇ।

ਜਿਸ ਵੇਲੇ ਤੋਂ ਲੜਕੀ ਦੇ ਮੂੰਹ ਵਿਚੋਂ ਅਵਾਜ਼ ਨਿਕਲੀ ਉਸੇ ਵੇਲੇ ਤੋਂ ਉਸਦੀ ਰਾਗ ਵਿਦਿਯਾ ਜਾਗ ਪਈ, ਅਜ ਅਚਾਰੀਆ ਦਾ ਗਲਾ ਖਰਾਬ ਸੀ, ਅਖਾਂ ਤੋਂ ਵੀ ਚੰਗੀ ਤਰ੍ਹਾਂ ਦਿਸਦਾ ਨਹੀਂ ਸੀ, ਹੁਣ ਉਹ ਕੁੜੀ ਉਨਾਂ ਦੀ ਸੇਵਾ ਕਰਦੀ ਸੀ-ਧੀ ਦੀ ਤਰ੍ਹਾਂ ।

ਤੇ ਸੁੰਦਰੀ ਦੇ ਗਾਉਣ ਦੀ ਪ੍ਰਸੰਸਾ ਦੇਸ ਦੇਸ ਵਿਚ ਸੀ, ਬਹੁਤ ਸਾਰੇ ਨੌ-ਜਵਾਨ ਦੂਰ ਦੂਰ ਤੋਂ ਉਸਦਾ ਗਾਨਾ ਸੁਨਣ ਆਉਂਦੇ ਸਨ, ਇਹ ਵੇਖ ਕੇ ਕਦੀ ਕਦੀ ਅਚਾਰੀਆ ਦਾ ਦਿਲ ਕੰਬ ਉਠਦਾ, ਪਤਾ ਨਹੀਂ ਕਿਸ ਖਤਰੇ ਕਰਕੇ ।

ਦੁਪਹਿਰ ਦਾ ਵੇਲਾ ਸੀ, ਬਾਹਰ ਧੁਪ ਵਿਚ ਮਾਧਵੀ ਅਤੇ ਅਚਾਰੀਆ ਬੈਠੇ ਸਨ, ਅਚਾਰੀਆ ਨੇ ਕਿਆ ।
“ਜੇਹੜੀ ਵੇਲ ਵਖਰੀ ਹੋ ਕੇ ਲੱਗੀ ਹੋਵੇ ਫੁਲ ਉਸਨੂੰ ਛਡ ਜਾਂਦਾ ਹੈ।"
"ਤੁਹਾਨੂੰ ਛਡ ਕੇ ਮੈਂ ਇਕ ਮਿੰਟ ਵੀ ਜੀਉਂਦੀ ਨਹੀਂ ਰਹਿ ਸਕਦੀ ।"
ਅਚਾਰੀਆ ਨੇ ਉਸ ਦੇ ਸਿਰ ਤੇ ਹਥ ਫੇਰਦਿਆਂ ਹੋਇਆਂ ਕਿਆ ।
"ਜੇਹੜਾ ਗਾਨਾ ਕਦੀ ਮੇਰੇ ਗਲੇ ਵਿਚੋਂ ਗੁਸੇ ਹੋ ਕੇ ਚਲਾ ਗਿਆ ਸੀ, ਉਹੋ ਹੀ ਅਜ ਤੇਰੀ ਸ਼ਕਲ ਬਣ ਕੇ ਫੇਰ ਆ ਗਿਆ ਹੈ ਤੇ ਜੇ ਮੈਨੂੰ ਛਡ ਕੇ ਚਲੀ ਜਾਵੇਂਗੀ ਤਾਂ ਮੈਨੂੰ ਪਿਛਲੀ ਯਾਦ ਨੂੰ ਭੁਲਾ ਦੇਣਾ ਪਵੇਗਾ।"

ਫਗਨ ਦਾ ਮਹੀਨਾ ਸੀ, ਪੂਰਨ-ਮਾਸ਼ੀ ਵਾਲੇ ਦਿਨ, ਅਚਾਰੀਆ ਦੇ ਚੇਲੇ ਕਮਾਰ ਸੈਨ ਨੇ ਉਨ੍ਹਾਂ ਦੇ ਪੈਰਾਂ ਦੇ ਕੋਲ ਅੰਬਾਂ ਦੀ ਇਕ ਟੋਕਰੀ ਰਖ ਕੇ ਉਨ੍ਹਾਂ ਨੂੰ ਮਥਾ ਟੇਕਿਆ।
"ਰਾਜ਼ੀ ਹੋ ?"
"ਤੁਹਾਡੀ ਕ੍ਰਿਪਾ ਹੈ । ਮਹਾਰਾਜ । ਮਾਧਵੀ ਦੇ ਦਿਲ ਨੂੰ ਮੈਂ ਜਿੱਤ ਲਿਆ ਹੈ, ਹੁਣ ਜੇ ਤੁਸੀਂ ਕਹੋ ਤਾਂ ਅਸੀਂ ਦੋਵੇਂ ਰਲ ਕੇ ਤੁਹਾਡੀ ਸੇਵਾ ਕਰੀਏ ?"
ਅਚਾਰੀਆ ਦੀਆਂ ਅੱਖਾਂ ਵਿਚ ਅੱਥਰੂ ਆ ਗਏ, ਅਤੇ ਤ੍ਰਿਪ ਤਿਪ ਡਿਗ ਪਏ ਉਨ੍ਹਾਂ ਨੇ ਕਿਆ ।
"ਮੇਰਾ ਤੰਬੂਰਾ ਲਿਆਉ, ਅਤੇ ਤੁਸੀਂ ਦੋਵੇਂ ਰਾਜਾ ਰਾਣੀ ਦੀ ਤਰ੍ਹਾਂ ਮੇਰੇ ਸਾਹਮਣੇ ਬੈਠੋ।" ਤੰਬੂਰਾ ਲੈ ਕੇ ਅਚਾਰੀਆ ਗਾਉਣ ਲਗੇ ਉਹ, ਵਹੁਟੀ ਗਭਰੂ ਦਾ ਗਾਨਾ ਸੀ, ਉਹ ਬੋਲੇ।
"ਅਜ ਮੈਂ ਆਪਣੇ ਜੀਵਨ ਦਾ ਅਖੀਰੀ ਗੀਤ ਗਾਵਾਂਗਾ ।"
ਗੀਤ ਦਾ ਇਕ ਪਦ ਗਾਯਾ, ਗਲਾ ਠੀਕ ਨਾ ਹੋਣ ਦੀ ਵਜਾ ਕਰਕੇ ਜਿਸਤਰ੍ਹਾਂ ਮੀਂਹ ਦੀਆਂ ਬੂੰਦਾਂ ਪੈਣ ਨਾਲ ਜੂਹੀ ਦਾ ਫੁਲ ਹਵਾ ਵਿਚ ਕੰਬਦਾ ਹੋਇਆ ਡਿਗ ਪੈਂਦਾ ਹੈ ਇਸੇ ਤਰਾਂ ਹੋਇਆ, ਉਨ੍ਹਾਂ ਨੇ ਤੰਬੂਰਾ ਕੁਮਾਰ ਸੈਨ ਨੂੰ ਦੇ ਕੇ ਕਿਆ, “ਏਹ ਲੈ ਮੇਰਾ ਯੰਤ੍ਰ।”
ਇਸ ਦੇ ਪਿਛੋਂ ਮਾਧਵੀ ਦਾ ਹਥ ਉਸੇ ਦੇ ਹਥ 'ਚ ਦੇ ਕੇ ਬੋਲੇ।
"ਏਹ ਲੈ ਮੇਰਾ ਪ੍ਰਾਨ।"
ਕੁਝ ਦੇਰ ਚੁਪ ਚਾਂ ਰਹੀ, "ਅੱਛਾ ਹੁਣ ਤੁਸੀਂ ਦੋਨੇਂ ਮੇਰੇ ਗਾਨੇ ਨੂੰ ਖਤਮ ਕਰੋ ਮੈਂ ਸੁਨਾਂਗਾ।"

ਮਾਧਵੀ ਅਤੇ ਕਮਾਰ ਗਾਉਨ ਲਗੇ ਇਸ ਤਰ੍ਹਾਂ ਪ੍ਰਤੀਤ ਹੋਇਆ, ਜਿਸ ਤਰ੍ਹਾਂ ਸੂਰਜ ਅਤੇ ਚੰਦ ਦੋਨਾਂ ਦੇ ਗਲੇ ਮਿਲ ਗਏ ਹਨ, ਰਾਗ ਦਾ ਦਰਯਾ ਵਹਿ ਤੁਰਿਆ, ਗਾਨੇ ਦੀ ਅਵਾਜ਼ ਨਾਲ ਜੰਗਲ ਗੂੰਜ ਉਠਿਆ, ਅਚਾਰੀਆ ਰੋ ਰਹੇ ਸਨ, ਮਾਧਵੀ ਅਤੇ ਕਮਾਰ ਦੀਆ ਅਖਾਂ ਵੀ ਗਿਲੀਆਂ ਹੋ ਗਈਆਂ ।

ਇਸੇ ਵੇਲੇ ਬੂਹੇ ਤੇ ਬਾਦਸ਼ਾਹ ਦਾ ਦੂਤ ਆਇਆ, ਗਾਨਾ ਝਟ ਪਟ ਬੰਦ ਹੋ ਗਿਆ, ਅਚਾਰੀਆ ਨੇ ਆਪਣੇ ਆਸਨ ਤੋਂ ਕੰਬਦੇ ਹੋਏ ਉਠ ਕੇ ਉਸ ਕੋਲੋਂ ਪੁਛਿਆ ।
“ਮਹਾਰਾਜ ਦਾ ਕੀ ਹੁਕਮ ਹੈ ?"
"ਆਪ ਦੀ ਕੁੜੀ ਦੀ ਕਿਸਮਤ ਬਹੁਤ ਚੰਗੀ ਹੈ, ਮਹਾਰਾਜ ਨੇ ਉਸ ਨੂੰ ਬੁਲਾਇਆ ਹੈ।"
"ਉਨ੍ਹਾਂ ਦੀ ਕੀ ਮਰਜ਼ੀ ਹੈ ?"
"ਅਜ ਰਾਤ ਨੂੰ ਰਾਜ ਕੁਮਾਰੀ ਕਾਮ ਭੋਜ ਪਤੀ ਦੇ ਮਹੱਲ ਵਿਚ ਜਾਏਗੀ ਮਾਧਵੀ ਨੂੰ ਉਹਨਾਂ ਦੀ ਸਹੇਲੀ ਬਣ ਕੇ ਜਾਣਾ ਹੋਵੇਗਾ ।"
ਅਚਾਰੀਆ ਦਾ ਸਿਰ ਚਕਰਾਉਣ ਲੱਗਾ, ਉਹ ਬੂਹੇ ਦੇ ਸਹਾਰੇ ਉਥੇ ਹੀ ਬੈਠ ਗਏ, ਰਾਤ ਦਾ ਵੇਲਾ ਰਾਜ ਕੁਮਾਰੀ ਦੇ ਜਾਣ ਦਾ ਸੀ।
ਰਾਜ ਰਾਣੀ ਨੇ ਮਾਧਵੀ ਨੂੰ ਬੁਲਾ ਕੇ ਕਿਆ, “ਰਾਜ ਕੁਮਾਰੀ ਉਥੇ ਖੁਸ਼ ਰਹੇ, ਉਸਦੀ ਜੁਮੇਂਵਾਰੀ ਤੇਰੇ ਉਤੇ ਹੈ ।"
ਮਾਧਵੀ ਦੀਆਂ ਅੱਖਾਂ ਵਿਚੋਂ ਅਥਰੂ ਨਹੀਂ ਡਿਗੇ, ਪਰ ਇਸ ਤਰ੍ਹਾਂ ਪ੍ਰਤੀਤ ਹੋਇਆ, ਜਿਸ ਤਰ੍ਹਾਂ ਗਰਮੀ ਦੇ ਮੌਸਮ ਦੇ ਸੂਰਜ ਵਿਚੋਂ ਇਕ ਕਿਰਨ ਨਿਕਲ ਰਹੀ ਹੈ ।

ਰਾਜ ਕੁਮਾਰੀ ਦੀ ਸਵਾਰੀ ਅਗੇ ਅਗੇ ਅਤੇ ਮਾਧਵੀ ਦੀ ਪਾਲਕੀ ਪਿਛੇ ਪਿਛੇ ਤੁਰ ਪਈ ਪਾਲਕੀ ਸਾਰੇ ਪਾਸਿਉਂ ਢੱਕੀ ਹੋਈ ਸੀ ਅਤੇ ਉਸ ਦੇ ਦੋਨੋਂ ਪਾਸੇ ਪਹਿਰਾ ਲੱਗਾ ਹੋਇਆ ਸੀ, ਸੜਕ ਦੇ ਕਿਨਾਰੇ ਤੇ ਲਗੇ ਹੋਏ ਦਰਖਤਾਂ ਦੀ ਟਾਹਣੀ ਤੇ ਪਈ ਹੋਈ ਧੂਲ ਦੀ ਤਰ੍ਹਾਂ ਅਚਾਰੀਆ ਪਏ ਸਨ, ਅਤੇ ਉਨਾਂ ਦੇ ਕੋਲ ਕੁਮਾਰ ਸੈਨ ਚੁਪ ਚਾਪ ਖੜਾ ਸੀ, ਨੇੜੇ ਦੀਆਂ ਟਾਹਣੀਆਂ ਤੇ ਪੰਛੀ ਚਹਿ ਚਹਾ ਰਹੇ ਸਨ ਅੰਬ ਦੇ ਬੂਰ ਦੀ ਸੁਗੰਦੀ ਨਾਲ ਹਵਾ ਮਹਿਕੀ ਹੋਈ ਸੀ।

ਬਹੁਤ ਦੂਰ ਜਾ ਕੇ ਵਾਜਿਆਂ ਅਤੇ ਰਾਗ ਦੀ ਅਵਾਜ਼ ਘਟ ਹੋ ਗਈ ਅਤੇ ਫੇਰ ਹੌਲੀ ਹੌਲੀ ਬੰਦ ਹੋ ਗਈ, ਨਾਲ ਹੀ ਅਚਾਰੀਆ ਦੀ ਜੀਵਨ ਜੋਤ ਬੁਝ ਗਈ ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ