ਮਹਾਂਸਾਗਰ-ਧਰਤੀ ਤੇ ਜੀਵਨ ਹੋਂਦ ਦਾ ਪ੍ਰਤੀਕ : ਰਿਪਨਜੋਤ ਕੌਰ ਸੋਨੀ ਬੱਗਾ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਹੋਇ।
ਬਲਿਹਾਰੇ ਕੁਦਰਤ ਵਸਿਆ,,
ਤੇਰਾ ਅੰਤ ਨਾ ਜਾਇ ਲਖਿਆ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਥਾਈਂ ਜੀਵਨ ਲਈ ਪਾਣੀ ਦੀ ਮਹੱਤਤਾ ਦਾ ਹਵਾਲਾ ਆਇਆ ਹੈ। ਦੁਨੀਆਂ ਵਿੱਚ 8 ਜੂਨ ਨੂੰ ਵਿਸ਼ਵ ਮਹਾਂਸਾਗਰ ਦਿਵਸ ਜਾਂ 'ਵਰਲਡ ਓਸ਼ਨ ਡੇ' ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਾ ਨਿਰਣਾ ਸੰਨ1992 ਵਿੱਚ ਰੀਓ ਡੀ ਜਨੇਰੀਓ ਬ੍ਰਾਜ਼ੀਲ ਵਿੱਖੇ ਯੁਨਾਈਟਿਡ ਨੇਸ਼ਨ ਦੀ ਕਾਨਫਰੰਸ ਵਿੱਚ ਕਨੇਡਾ ਦੇ ਓਸ਼ਨ ਇੰਸਟੀਚਿਊਟ ਦੇ ਵਿਗਿਆਨੀਆਂ ਦੇ ਸੁਝਾਅ ਮਗਰੋਂ ਲਿਆ ਗਿਆ। 2008 ਵਿੱਚ ਯੁਨਾਈਟਿਡ ਨੇਸ਼ਨ ਨੇ ਇਹ ਫੈਸਲਾ ਪੱਕਾ ਕਰ ਦਿੱਤਾ ਕਿ ਹਰ ਵਾਰ ਵਿਸ਼ਵ ਮਹਾਂਸਾਗਰ ਦਿਵਸ ਸਾਰੀ ਦੁਨੀਆਂ ਵਿਚ ਮਨਾਇਆ ਜਾਏਗਾ, ਅਤੇ ਹਰ ਸਾਲ ਇਕ ਨਵੀਂ ਸੋਚ ਲੈਕੇ ਉਸ ਉੱਤੇ ਕੰਮ ਕੀਤਾ ਜਾਵੇਗਾ। 2021 ਦਾ ਮੰਤਵ ਸੀ, ਮਹਾਂਸਾਗਰ ਜੀਵਨ ਅਤੇ ਜੀਵਿਕਾ। ਭਾਰਤ ਦੇ ਉੜੀਸਾ ਪ੍ਰਾਂਤ ਦੇ ਮਸ਼ਹੂਰ ਸੈਂਡ ਆਰਟਿਸਟ ਸੀ੍ ਸੁਦਰਸ਼ਨ ਪਟਨਾਇਕ ਵੱਲੋਂ ਪੁਰੀ ਦੇ ਸਮੁੰਦਰੀ ਤੱਟ ਉੱਤੇ ਸਾਲ 2021 ਦੇ ਯੁਨਾਈਟਿਡ ਨੇਸ਼ਨ ਵੱਲੋਂ ਦਿੱਤੇ ਹੋਕੇ ਮਹਾਂਸਾਗਰਾਂ ਨੂੰ ਬਚਾਉਣ ਦੇ ਮੱਦੇਨਜ਼ਰ ਰੇਤ ਉਤੇ ਮੂਰਤ ਬਣਾਈ ਗਈ ਹੈ ਜਿਸ ਦਾ ਮੰਤਵ ਆਮ ਜਨ ਮਾਨਸ ਨੂੰ ਮਹਾਂਸਾਗਰਾਂ ਦੇ ਮਹੱਤਵ ਅਤੇ ਉਹਨਾਂ ਦੇ ਬਚਾਅ ਵਾਸਤੇ ਜਾਗਰੂਕ ਕਰਨਾ ਹੈ। ਮਹਾਂਸਾਗਰਾਂ ਦੀ ਮਨੁੱਖ ਨੂੰ ਬਹੂਪਰਤੀ ਦੇਣ ਹੈ। ਧਰਤੀ ਉੱਤੇ ਵਰਖਾ ਅਤੇ ਤਾਪਮਾਨ ਦੀ ਤਬਦੀਲੀ ਲਿਆਉਣ ਵਾਲੇ ਮਹਾਂਸਾਗਰਾਂ ਕਾਰਨ ਹੀ ਸਥਿਰ ਵਿਕਾਸ ਸੰਭਵ ਹੋਇਆ ਹੈ।ਧਰਤੀ ਦਾ ਜਲਵਾਯੂ ਸਮੁੰਦਰ ਤੇ ਨਿਰਭਰ ਕਰਦਾ ਹੈ।ਧਰਤੀ ਦਾ 71 ਪ੍ਰਤੀਸ਼ਤ ਹਿੱਸਾ ਪਾਣੀ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ 71 ਪ੍ਰਤੀਸ਼ਤ ਆਕਸੀਜਨ ਸਾਨੂੰ ਮਹਾਂਸਾਗਰਾ ,ਸਮੁੰਦਰਾਂ ਤੋਂ ਹੀ ਮਿਲਦੀ ਹੈ, ਆਕਸੀਜਨ ਦੇ ਸੋਮੇ ਫਾਈਟੋਪਲੈੰਕਟਨ ਦੇ ਜ਼ਰੀਏ। ਧਰਤੀ ਉੱਤੇ ਹਵਾ ਅਤੇ ਪਾਣੀ ਤੋਂ ਹੀ ਜੀਵਨ ਦਾ ਮੁੱਢ ਬੱਝਾ ਅਤੇ ਸਾਡੀ ਧਰਤੀ ਦਾ ਤਕਰੀਬਨ ਦੋ ਤਿਹਾਈ ਹਿੱਸਾ ਪਾਣੀ ਨਾਲ ਮਹਾਂਸਾਗਰਾਂ ਦੇ ਰੂਪ ਵਿਚ ਘਿਰਿਆ ਹੋਇਆ ਹੈ। ਧਰਤੀ ਦਾ 97 ਪ੍ਰਤੀਸ਼ਤ ਪਾਣੀ ਮਹਾਂਸਾਗਰਾਂ ਵਿਚ ਪਾਇਆ ਜਾਂਦਾ ਹੈ, ਇਸੇ ਕਰਕੇ ਧਰਤੀ ਨੂੰ ਵਾਟਰ ਪਲੈਨੇਟ ਜਾਂ 'ਬਲੂ ਪਲੈਨਟ' ਮਤਲਬ ਪਾਣੀ ਵਾਲਾ ਗ੍ਰਹਿ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ।
ਅਚੰਭੇ ਵਾਲੀ ਗੱਲ ਇਹ ਹੈ ਕਿ ਧਰਤੀ ਦਾ ਇੰਨਾ ਵੱਡਾ ਹਿੱਸਾ ਪਾਣੀ ਨਾਲ ਘਿਰਿਆ ਹੋਣ ਦੇ ਬਾਵਜੂਦ ਵੀ ਦੁਨੀਆਂ ਭਰ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਮਾਤਰਾ ਬਹੁਤ ਘੱਟ ਹੈ। ਭੂ ਵਿਗਿਆਨੀਆਂ ਅਨੁਸਾਰ ਸਾਡੀ ਧਰਤੀ ਉੱਤੇ ਮਹਾਂਸਾਗਰ ਲੱਗਭਗ 3 ਅਰਬ ਸਾਲ ਪੁਰਾਣੇ ਹਨ, ਅਤੇ ਉਹਨਾਂ ਵਿਚਲੇ ਪਾਣੀ ਨੂੰ ਖਾਰਾ ਹੋਣ ਵਿੱਚ ਵੀ ਲੱਖਾਂ ਸਾਲ ਲੱਗੇ ਹਨ। ਸਮੁੰਦਰਾਂ ਦੇ ਪਾਣੀਆਂ ਵਿੱਚ ਨਮਕ ਤੋਂ ਬਿਨਾਂ 100 ਹੋਰ ਕਿਸਮ ਦੇ ਤੱਤ ਵੀ ਹਨ ਜੋ ਕਿ ਆਂਸ਼ਿਕ ਰੂਪ ਵਿੱਚ ਹਨ। ਕਿਹਾ ਜਾਂਦਾ ਹੈ ਕਿ ਧਰਤੀ ਉਤੇ ਫੈਲੇ ਮਹਾਂਸਾਗਰਾਂ ਵਿਚ ਇੰਨਾ ਜ਼ਿਆਦਾ ਨਮਕ ਇਕੱਠਾ ਹੋ ਚੁੱਕਾ ਹੈ ਕਿ ਜੇਕਰ ਧਰਤੀ ਉੱਤੇ ਸਾਰੇ ਸਮੁੰਦਰਾਂ ਦੇ ਪਾਣੀ ਨੂੰ ਸੁਕਾ ਦਿੱਤਾ ਜਾਵੇ ਤਾਂ ਪੂਰੀ ਧਰਤੀ ਉੱਤੇ ਸੌ ਮੀਟਰ ਮੋਟੀ ਨਮਕ ਦੀ ਪਰਤ ਜੰਮ ਜਾਵੇਗੀ।
ਇਸ ਤੋਂ ਇਲਾਵਾ ਜੈਵਿਕ ਵਿਭਿੰਨਤਾ, ਸਮੁੰਦਰੀ ਸੋਮਿਆਂ ਦੀ ਅੰਨੇਵਾਹ ਵਰਤੋਂ ਅਤੇ ਮਹਾਂਸਾਗਰਾਂ ਦੇ ਦਰਪੇਸ਼ ਚੁਣੌਤੀਆਂ ਉੱਤੇ ਚਾਨਣਾ ਪਾਉਣਾ ਹੀ ਇਸ ਦਿਵਸ ਦਾ ਮੁੱਖ ਮੰਤਵ ਹੈ। ਧਰਤੀ ਉੱਤੇ ਫੈਲੇ ਇਸ ਪਾਣੀ ਨੂੰ ਜਾਂ ਵੱਡੇ ਮਹਾਂਸਾਗਰ ਜਿਸਨੂੰ ਕਿ ਅਗੋਂ ਭੂਗੋਲਿਕ ਆਧਾਰ ਤੇ ਸੱਤ ਸਮੁੰਦਰਾ ਜਾਂ ਮਹਾਂਸਾਗਰਾਂ ਦੇ ਰੂਪ ਵਿੱਚ ਵੰਡਿਆ ਗਿਆ ਹੈ। ਇੰਟਰਨੈਸ਼ਨਲ ਹਾਈਡਰੋਗ੍ਰਾਫਿਕ ਆਰਗੇਨਾਈਜ਼ੇਸ਼ਨ ਨਾਮੀ ਸੰਸਥਾਂ ਹੈ ਸੋ ਮਹਾਂਸਾਗਰਾ ਸੰਬੰਧੀ ਵੇਰਵਿਆਂ ਦੀ ਸਾਂਭ-ਸੰਭਾਲ ਕਰਦੀ ਹੈ ਅਤੇ ਕਾਨੂੰਨ ਬਣਾਉਂਦੀ ਹੈ। ਸਾਰੇ ਮਹਾਂਸਾਗਰ ਇਕ ਪਾਸਿਓਂ ਇਕ ਦੂਜੇ ਨਾਲ ਜੁੜੇ ਹੋਏ ਹਨ। ਇਹ ਕੰਡਿਆਂ ਤੋਂ ਘੱਟ ਡੂੰਘੇ ਹੁੰਦੇ ਹਨ ਅਤੇ ਅੱਧ ਵਿਚਕਾਰੋਂ ਬਹੁਤ ਜ਼ਿਆਦਾ ਡੂੰਘੇ ਕਈ ਥਾਵਾਂ ਤੇ ਸਮੁੰਦਰ ਦੀ ਡੂੰਘਾਈ ਛੇ ਮੀਲ ਤੱਕ ਨਾਪੀ ਗਈ ਹੈ।ਇਨ੍ਹਾਂ ਦੇ ਪਾਣੀਆਂ ਦੀਆਂ ਸੀਮਾਵਾਂ ਨੂੰ ਲੈ ਕੇ ਕਈ ਦੇਸ਼ਾਂ ਵਿੱਚ ਆਪਸ ਵਿੱਚ ਮਤਭੇਦ ਵੀ ਹੋ ਸਕਦੇ ਹਨ ਪਰ ਇਹਨਾਂ ਮਹਾਂਸਾਗਰਾਂ ਨੂੰ ਮੁੱਖ ਰੂਪ ਵਿੱਚ ਹੇਠ ਲਿਖੇ ਅਨੁਸਾਰ ਵੰਡਿਆ ਗਿਆ ਹੈ।
ਹਿੰਦ ਮਹਾਂਸਾਗਰ
ਆਰਕਟਿਕ ਮਹਾਂਸਾਗਰ (ਉੱਤਰੀ ਹਿਮ ਮਹਾਂਸਾਗਰ,)
ਅੰਟਾਰਕਟਿਕ ਮਹਾਂਸਾਗਰ,(ਦੱਖਣੀ ਹਿਮ ਮਹਾਂਸਾਗਰ)
ਸ਼ਾਂਤ ਮਹਾਂਸਾਗਰ,
ਅੰਧ ਮਹਾਂਸਾਗਰ।
Pacific Ocean (ਸ਼ਾਂਤ ਮਹਾਂਸਾਗਰ), ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ। ਇਹ 63,000000 ਵਰਗ ਮੀਲ ਵੱਡਾ ਹੈ। ਇਸ ਮਹਾਂਸਾਗਰ ਵਿਚ ਧਰਤੀ ਤੇ ਮੌਜੂਦ ਪਾਣੀ ਦਾ 50 ਪ੍ਰਤੀਸ਼ਤ ਹਿੱਸਾ ਆਓਂਦਾ ਹੈ। ਆਕਾਰ ਦੇ ਹਿਸਾਬ ਨਾਲ ਦੂਜਾ ਵੱਡਾ ਮਹਾਂਸਾਗਰ ਹੈ ਅੰਧ ਮਹਾਂਸਾਗਰ ਜਿਸ ਨੂੰ ਅੰਗਰੇਜ਼ੀ ਵਿਚ ਐਟਲਾਂਟਿਕ ਓਸ਼ਨ ਕਹਿੰਦੇ ਹਨ। ਇਹ ਧਰਤੀ ਦੀ ਸਤਾ ਦਾ 20% ਹੈ ਅਤੇ ਇਸ ਵਿਚ ਕੁਲ ਪਾਣੀਆਂ ਦਾ 29 ਪ੍ਰਤੀਸ਼ਤ ਪਾਣੀ ਹੈ। ਯੋਰਪ ਦੇ ਮੁਤਾਬਿਕ ਅੰਧ ਮਹਾਂਸਾਗਰ ਪੁਰਾਣੀ ਦੁਨੀਆਂ( old world) ਨੂੰ ਨਵੀਂ ਦੁਨੀਆਂ(new world) ਤੋਂ ਵੱਖ ਕਰਦਾ ਹੈ। ਇਸ ਦਾ ਖੇਤਰਫਲ 403,32232 ਵਰਗਮੀਲ ਦੀ ਡੂੰਘਾਈ 3646 ਮੀਟਰ ਹੈ। ਹਿੰਦ ਮਹਾਂਸਾਗਰ ਧਰਤੀ ਦਾ ਸਭ ਤੋਂ ਗਰਮ ਮਹਾਂਸਾਗਰ ਹਿੰਦ ਮਹਾਂਸਾਗਰ ਮੰਨਿਆ ਜਾਂਦਾ ਹੈ। ਇਹ ਆਕਾਰ ਪੱਖੋ ਤੀਜੇ ਨੰਬਰ ਤੇ ਆਉਂਦਾ ਹੈ, 27,24000 ਵਰਗਮੀਲ ਤੱਕ ਫੈਲਿਆ ਹੋਇਆ, ਜਿਸ ਵਿਚ ਧਰਤੀ ਦਾ ਲਗਭਗ 19.8% ਪ੍ਰਤੀਸ਼ਤ ਪਾਣੀ ਮੌਜੂਦ ਹੈ। ਇਹ ਉੱਤਰ ਵੱਲੋਂ ਏਸ਼ੀਆ ,ਪੱਛਮ ਵੱਲੋਂ ਅਫਰੀਕਾ ,ਪੂਰਬ ਵੱਲੋਂ ਅਸਟਰੇਲੀਆ, ਦੱਖਣ ਵੱਲੋਂ ਅੰਟਾਰਕਟਿਕਾ ,ਮਹਾਂਦੀਪਾ ਨਾਲ ਜੁੜਿਆ ਹੋਇਆ ਹੈ। ਦੁਨੀਆਂ ਦੇ ਮਸ਼ਹੂਰ ਜਾਵਾ ਟਾਪੂ ਇਸ ਵਿੱਚ ਹਨ।ਸੱਭ ਤੋਂ ਵੱਧ ਜੈਵਿਕ ਵਿਭਿੰਨਤਾ ਇਥੇ ਹੈ।ਦੁਨੀਆ ਵਿੱਚ ਪਾਏ ਜਾਣ ਵਾਲੇ ਕਛੂਕੰਮੇ ਦੀਆਂ 7 ਵਿੱਚੋਂ 5 ਕਿਸਮਾਂ ਹਿੰਦ ਮਹਾਂਸਾਗਰ ਨਾਲ ਲਗਦੇ ਦੇਸ਼ਾਂ ਦੇ ਤੱਟਾਂ ਤੇ ਪਾਏ ਜਾਂਦੇ ਹਨ । ਉੱਤਰੀ ਹਿਮ ਮਹਾਂਸਾਗਰ ਆਰਕਟਿਕ ਓਸ਼ਨ ਇਹ ਖੇਤਰਫਲ ਪੱਖੋ ਸਭ ਤੋਂ ਛੋਟਾ 54,28597 ਵਰਗਮੀਲ ਅਤੇ ਸਭ ਤੋਂ ਘੱਟ ਡੂੰਘਾਈ ਵਾਲਾ ਮਹਾਂਸਾਗਰ ਹੈ। ਸਭ ਤੋਂ ਠੰਢਾ ਮਹਾਂਸਾਗਰ, ਇਸ ਵਿੱਚ ਗਰੀਨ ਲੈਂਡ ਨਾਮ ਦਾ ਇੱਕ ਵੱਡਾ ਟਾਪੂ ਵੀ ਹੈ। ਦੱਖਣੀ ਧਰੁਵ ਦੇ ਮਹਾਂਦੀਪ ਅੰਟਾਰਕਟਿਕਾ ਦੇ ਆਲੇ-ਦੁਆਲੇ ਫੈਲੇ ਮਾਂਹਸਾਗਰ ਨੂੰ ਦੱਖਣੀ ਹਿੰਮ ਮਹਾਂਸਾਗਰ ਕਹਿੰਦੇ ਹਨ। ਇਸਦਾ ਖੇਤਰਫਲ 784,94570 ਵਰਗਮੀਲ ਅਤੇ ਇਸਦੀ ਡੂੰਘਾਈ 32 ਸੌ ਮੀਟਰ ਹੈ। ਇਸ ਵਿਚ ਪਾਏ ਜਾਣ ਵਾਲੇ ਮਸ਼ਹੂਰ ਟਾਪੂਆਂ ਦੇ ਨਾਮ ਹਨ ਟ੍ਰੀਨਿਟੀ,ਸੌਮਰਵਿਲੇ,ਵੈਡਨਸਡੇ ਆਦਿ। ਇਸ ਮਹਾਂਸਾਗਰ ਵਿਚ ਐਡਿਲੇ ਪੈਂਗੂਇਨ, ਕਿੰਗ ਪੈਂਗੁਇਨ,ਹਮਪਬੋਲਡਟ ਪੈਂਗੁਇਨ,ਐਂਪਰਰ ਪੈਂਗੁਇਨ,ਚਿਨਸਟਰੈਪ ਪੈਂਗੁਇਨ (ਦੁਨੀਆਂ ਵਿਚ 7ਲੱਖ ਜੋੜੇ ਹਨ),ਸਕੁਇਡ,ਕਿਲਰ ਵੇਲ੍ਹ,ਕਿੰਗ ਵੇਲ੍ਹ ਮੱਛੀ,ਐਲਬੈੱਟਰਾਸ,ਸੀਲ੍ਹ , ਸ਼ਾਰਕ,ਕਟਲਫਿਸ਼ (ਸਾਰੀ ਦੁਨੀਆਂ ਦੇ ਪਾਣੀਆਂ ਵਿੱਚ ਮਿਲਦੀ ਹੈ) ,ਕਿੰਗ ਕਰੈਬ ਆਦਿ ਮਸ਼ਹੂਰ ਜੀਵ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਲੱਖਾਂ ਕਿਸਮ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ।
ਮਹਾਂਸਾਗਰਾਂ ਦੀ ਪੜਾਈ ਨੂੰ oceanography ਓਸ਼ਨੋ ਗਰਾਫੀ ਕਹਿੰਦੇ ਹਨ, ਜਿਸ ਦੀ ਸ਼ੁਰੂਆਤ ਸਰ ਜਾਨ ਮੁੱਰੈ Sir John Murray (1841--1914,)ਨੇ ਕੀਤੀ ਸੀ, ਉਹ ਮਸ਼ਹੂਰ ਚੈਲੰਜਰ ਐਕਸਪੀਡੀਸ਼ਨ ਦੇ ਮੈਂਬਰ ਸਨ। ਚੈਲੰਜਰ ਨੇ ਸਮੁੰਦਰੀ ਯਾਤਰਾ 1872 ਤੋਂ 76 ਵਿਚ ਧਰਤੀ ਦੇ ਸਾਰੇ ਮਹਾਂਸਾਗਰਾਂ ਵਿਚ ਕੀਤੀ ਸੀ। ਜਾਨ ਮੁਰੈਹ ਅਤੇ ਹੋਰ ਵਿਗਿਆਨੀਆਂ ਨੇ ਇਸ ਦੌਰਾਨ ਸਮੁੰਦਰੀ ਜੀਵਾਂ ਦੇ ਬਹੁਤ ਸਾਰੇ ਸੈਂਪਲ ਇਕੱਠੇ ਕੀਤੇ ਸਨ, ਅਤੇ ਐਚ ਐਮ ਐੱਸ ਚੈਲੰਜਰ ਦੀ ਸਮੁੰਦਰੀ ਯਾਤਰਾ ਬਾਰੇ 50 ਭਾਗਾਂ ਦੀ ਕਿਤਾਬ ਵੀ ਲਿਖੀ ਸੀ, ਜਿਸ ਵਿਚ ਸਮੁੰਦਰੀ ਯਾਤਰਾ ਦਾ ਪੂਰਾ ਵਖਿਆਨ ਸੀ। ਮਹਾਂਸਾਗਰ ਵਾਤਾਵਰਨ ਸੰਤੁਲਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਧਰਤੀ ਉੱਤੇ ਜੀਵਨ ਦੀ ਹੋਂਦ ਦਾ ਪ੍ਰਤੀਕ ਹਨ। ਸਮੁੰਦਰ ਦੀ ਤਹਿ ਵੰਨ-ਸੁਵੰਨੇ ਜੀਵਾਂ, ਪੌਦਿਆਂ,ਧਾਤਾਂ ਨਾਲ ਭਰੀ ਪਈ ਹੈ।
ਅੱਜ ਕੱਲ ਸਮੁੰਦਰ ਬਹੁਤ ਗੰਧਲੇ ਹੋ ਰਹੇ ਹਨ, ਜਿਸ ਦਾ ਅਸਰ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਉਪਰ ਬਹੁਤ ਪੈ ਰਿਹਾ ਹੈ। ਸਾਨੂੰ ਸਮੁੰਦਰਾਂ ਨੇ ਹਮੇਸ਼ਾਂ ਦਿੱਤਾ ਹੀ ਹੈ ਪਰ ਮਨੁੱਖ ਹੋਣ ਦੇ ਨਾਤੇ ਅਸੀਂ ਮਹਾਂਸਾਗਰਾਂ ਦਾ ਕੀ ਕੀਤਾ ਹੈ ਕੁਝ ਵੀ ਨਹੀਂ 90% ਤੋਂ ਜ਼ਿਆਦਾ ਮੱਛੀਆਂ ਦੀ ਬਰਬਾਦੀ ਅਤੇ 50 ਫੀਸਦੀ ਤੋਂ ਜਿਆਦਾ ਕੋਰਲ ਰੀਫ ਖ਼ਤਮ ਹੋ ਚੁੱਕੀ ਹੈ।ਇਸ ਵਰ੍ਹੇ ਦਾ ਯੂਨਾਈਟਿਡ ਨੇਸ਼ਨ ਵੱਲੋਂ ਵਿਸ਼ਵ ਮਹਾਂਸਾਗਰ ਦਿਵਸ ਉਤੇ ਦਿੱਤਾ ਵਿਸ਼ਾ ਜਾਂ ਨਾਅਰਾ ਕਹਿ ਲਓ, ਮਹਾਂਸਾਗਰ ਜੀਵਨ ਅਤੇ ਜੀਵਿਕਾ ਮਨੁੱਖੀ ਜੀਵਨ ਹੀ ਨਹੀਂ ਸਗੋਂ ਹੋਰ ਜੀਵਨ ਵੀ ਪੂਰੀ ਤਰਾਂ ਮਹਾਂਸਾਗਰਾਂ ਉੱਤੇ ਨਿਰਭਰ ਹੈ। ਸਮੁੰਦਰ ਵਿਚ ਜੀਵਾਂ ਤੇ ਪੌਦਿਆਂ ਦੀਆਂ ਵੰਨ-ਸੁਵੰਨੀਆਂ ਸੈਂਕੜੇ ਕਿਸਮਾਂ ਪਾਈਆਂ ਜਾਂਦੀਆਂ ਹਨ, ਸਮੁੰਦਰੀ ਇਕੋਸਿਸਟਮ ਬੇਹੱਦ ਨਾਜ਼ੁਕ ਹੁੰਦਾ ਹੈ । ਮਹਾਂਸਾਗਰ ਵੱਡੀ ਮਾਤਰਾ ਵਿਚ ਹਵਾ ਅਤੇ ਭੋਜਨ ਪ੍ਰਦਾਨ ਕਰਦੇ ਹਨ, ਸਮੁੰਦਰ ਦੇ ਕੰਢਿਆਂ ਤੇ ਰਹਿਣ ਵਾਲੀ ਦੁਨੀਆਂ ਦੀ ਲੱਗਭਗ 30 ਫੀਸਦੀ ਅਬਾਦੀ ਦਾ ਜਨਜੀਵਨ ਪੂਰੀ ਤਰ੍ਹਾਂ ਮਹਾਂਸਾਗਰਾਂ ਉੱਤੇ ਨਿਰਭਰ ਹੁੰਦਾ ਹੈ। ਮਾਹਰਾਂ ਅਨੁਸਾਰ ਸਮੁੰਦਰ ਅਤੇ ਸਮੁੰਦਰੀ ਕੰਢਿਆਂ ਉੱਤੇ ਮਿਲਣ ਵਾਲੇ ਸਾਧਨਾਂ ਦਾ ਸੰਸਾਰ ਪੱਧਰ ਉੱਤੇ ਬਾਜ਼ਾਰ ਦਾ ਮੁਲ ਹਰ ਸਾਲ 3 ਅਰਬ ਡਾਲਰ ਹੈ। ਦੁਨੀਆਂ ਵਿਚ ਸਮੁੰਦਰ ਦੇ ਕੰਢੇ ਇਲਾਕਿਆਂ ਵਿੱਚ ਰਹਿਣ ਵਾਲੇ ਮਛੇਰਿਆਂ ਤੋਂ ਇਲਾਵਾ ਪਾਣੀ ਦੀ ਸਪਲਾਈ,ਸਮੁੰਦਰੀ ਸੈਰ-ਸਪਾਟਾ, ਬੰਦਰਗਾਹ ਵਪਾਰ, ਸਰਫ਼, ਜਵਾਰਭਾਟੇ ਤੋਂ ਪੈਦਾ ਹੋਣ ਵਾਲੀ ਬਿਜਲੀ, ਤੈਰਨ ਦੀ ਸਿਖਲਾਈ ,ਪਾਣੀ ਦੀਆਂ ਖੇਡਾਂ, ਡਾਈਵਿੰਗ ਸਕੂਲ ਆਦਿ ਵਪਾਰਾਂ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਵੀ ਮਹਾਂਸਾਗਰਾਂ ਤੋਂ ਹੀ ਮਿਲਦਾ ਹੈ। ਓਸ਼ਨ ਕਲੀਨਅਪ ਨਾਮੀ ਸੰਗਠਨ ਵੱਲੋਂ ਕੀਤੀ ਗਈ ਇਕ ਖੋਜ ਅਨੁਸਾਰ ਪਲਾਸਟਿਕ ਸਮੁੰਦਰਾਂ ਵਿੱਚ ਰਹਿਣ ਵਾਲੇ ਜੀਵਾਂ ਦੀਆਂ ਜਾਤੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ 200 ਦੇ ਕਰੀਬ ਪਹਿਲਾਂ ਤੋਂ ਹੀ ਖ਼ਤਰੇ ਵਿਚ ਹਨ। ਧਰਤੀ ਦੇ ਜਲਵਾਯੂ ਦੇ ਗਰਮ ਹੋਣ ਨਾਲ ਅਤੇ ਮਹਾਂਸਾਗਰਾਂ ਵਿਚ ਖ਼ਾਰ ਦੇ ਵਧਣ ਨਾਲ ਪਾਣੀ ਵਿੱਚ ਰਹਿਣ ਵਾਲੇ ਜੀਵ-ਜੰਤੂਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇ ਅਸੀਂ ਪਾਣੀ ਦੇ ਇਨ੍ਹਾਂ ਸਰੋਤਾਂ ਨੂੰ ਪਰਦੂਸ਼ਿਤ ਕਰਾਂਗੇ, ਤਾਂ ਸਮਝੋ ਮਨੁੱਖ ਆਪਣੀ ਕਬਰ ਆਪ ਖੋਦ ਰਿਹਾ ਹੈ।
ਆਓ ਪ੍ਰਣ ਲਈਏ ਕਿ ਵਿਸ਼ਵ ਦੇ ਸਮੁੰਦਰਾਂ ਵਿੱਚ ਪਲਾਸਟਿਕ ,ਤੇਲ ਅਤੇ ਹੋਰ ਪਰਦੂਸ਼ਣ ਵਾਲਾ ਸਮਾਨ ਨਹੀਂ ਸੁੱਟਾਂਗੇ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਜਲਵਾਯੂ ਮਿਲ ਸਕੇ।