Main Te Meri Kalam (Punjabi Story): Amrit Kaur

ਮੈਂ ਤੇ ਮੇਰੀ ਕਲਮ (ਕਹਾਣੀ) : ਅੰਮ੍ਰਿਤ ਕੌਰ

ਮੈਂ ਮੇਰੀ ਕਲਮ ਨੂੰ ਆਖਿਆ, "ਸਰਬ ਸਾਂਝੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਾਰੀ ਦੁਨੀਆਂ ਗੁਰੂ ਸਾਹਿਬ ਦੇ ਸਨੇਹ ਵਿੱਚ ਭਿੱਜੀ ਉਹਨਾਂ ਬਾਰੇ ਕੁਝ ਨਾ ਕੁਝ ਆਖ ਰਹੀ ਹੈ ..... ਚੱਲ ਆਪਾਂ ਵੀ ਆਪਣੇ ਵੱਲੋਂ ਕੁੱਝ ਲਿਖੀਏ... ਮੇਰੀ ਕਲਮ ਹੱਸ ਪਈ ਤੇ ਸਵਾਲ ਕੀਤਾ.. ਔਕਾਤ ਹੈ ਆਪਣੀ ਲਿਖਣ ਦੀ? "

" ਮਤਲਬ ?" ਮੈਂ ਪੁੱਛਿਆ।
" ਮਤਲਬ.... ਗੁਰੂ ਨਾਨਕ ਸਾਹਿਬ ਨੂੰ ਪੜ੍ਹਿਐ ?" ਉਸ ਨੇ ਸਵਾਲ ਕੀਤਾ।
" ਹਾਂ.... ਗੁਰੂ ਨਾਨਕ ਸਾਹਿਬ ਤਾਂ ਸਭ ਦੇ ਸਾਂਝੇ ਨੇ। ਉਨ੍ਹਾਂ ਨੂੰ ਤਾਂ ਸਾਰੇ ਪੜ੍ਹਦੇ ਨੇ।"
" ਤੂੰ ਪੜ੍ਹਿਆ ?"
" ਹਾਂ .... ਬਚਪਨ ਤੋਂ ਪੜ੍ਹਦੇ ਆ ਰਹੇ ਆਂ। ਜਦੋਂ ਤੋਂ ਅੱਖਰਾਂ ਦੀ ਪਛਾਣ ਹੋਈ ਜਾਂ ਫਿਰ ਇਹ ਵੀ ਆਖ ਸਕਦੇ ਆਂ ਕਿ ਜਦੋਂ ਅੱਖਰਾਂ ਦੀ ਪਛਾਣ ਵੀ ਨਹੀਂ ਸੀ ਹੋਈ ਉਦੋਂ ਵੀ.... ਬਾਪੂ ਜੀ ...ਆਪਣੇ ਢਿੱਡ ਤੇ ਬਿਠਾ ਕੇ ਕੰਠ ਕਰਵਾਉਂਦੇ ਸੀ ਗੁਰੂ ਸਾਹਿਬ ਦੀ ਬਾਣੀ। " ਮੈਂ ਆਖਿਆ।
"ਵਾਹ ਜੀ ਵਾਹ! ......ਚਲੋ ਇਹ ਵੀ ਦੱਸ ਦਿਓ ਕਿ ਗੁਰੂ ਨਾਨਕ ਸਾਹਿਬ ਨੂੰ ਅੰਦਰ ਕਿੰਨਾ ਉਤਾਰਿਆ? "

" ਉਹ ਤਾਂ ਸਭ ਦੇ ਦਿਲਾਂ ਦੇ ਅੰਦਰ ਵਸਦੇ ਨੇ..... ਸਭ ਦੇ ਸਾਂਝੇ.. ਜਿਵੇਂ ਸੂਰਜ ਨੂੰ ਬੁੱਕਲ ਵਿੱਚ ਨਹੀਂ ਲੁਕੋਇਆ ਜਾ ਸਕਦਾ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਰੂਹਾਨੀ ਰੌਸ਼ਨੀ ਨੂੰ ਵੀ ਕੋਈ ਲੁਕੋ ਨਹੀਂ ਸਕਦਾ ਕੋਈ । ਉਹ ਕਿਸੇ ਖਾਸ ਦੀ ਜਾਗੀਰ ਨਹੀਂ ਸਭ ਦੇ ਸਾਂਝੇ ਨੇ.....।" ਮੈਂ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ। ਉਸ ਨੇ ਖਿਝ ਕੇ ਆਖਿਆ,
"ਮੈਂ ਸਿਰਫ਼ ਤੇਰੀ ਗੱਲ ਕਰਦੀ ਆਂ, ਤੂੰ ਸਿਰਫ਼ ਆਪਣੀ ਸਮਝ ਦੇ ਅਧਾਰ ਤੇ ਜਵਾਬ ਦਿਆ ਕਰ। "

ਮੈਂ ਸੰਭਲਣ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਿਆ ਕਲਮ ਮੈਨੂੰ ਉਲਝਾ ਰਹੀ ਹੈ।
" ਗੁਰੂ ਨਾਨਕ ਸਾਹਿਬ ਬਾਰੇ ਤੁਸੀਂ ਕਾਫ਼ੀ ਕੁੱਝ ਜਾਣਦੇ ਓ।" ਉਸ ਨੇ ਫਿਰ ਕਿਹਾ।
" ਨਹੀਂ... ਥੋੜ੍ਹਾ ਜਿਹਾ। " ਮੈਂ ਸੋਚ ਕੇ ਕਿਹਾ । ਮੈਂ ਸਮਝ ਲਿਆ ਸੀ ਕਿ ਮੈਨੂੰ ਓਨਾ ਕੁੱਝ ਨਹੀਂ ਪਤਾ ਜਿੰਨਾ ਮੈਂ ਸੋਚ ਰੱਖਿਆ ਸੀ।
" ਗੁਰੂ ਨਾਨਕ ਸਾਹਿਬ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ । ਉਹ ਤਾਂ ਖੁਦ ਲਿਖ ਗਏ ਨੇ.... 'ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕੋ ਜਾਣੈ ਸੋਇ।।' ਮੈਂ ਕਿਹਾ। ਉਹ ਸਿਰਫ਼ ਮੁਸਕਰਾਈ ।
ਮੈਨੂੰ ਪਤਾ ਸੀ ਉਹ ਕੀ ਸਵਾਲ ਕਰੇਗੀ। ਮੈਂ ਆਪਣੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ..
" ਗੁਰੂ ਸਾਹਿਬ ਭਾਵੇਂ ਇੱਥੇ ਪ੍ਰਮਾਤਮਾ ਦੀ ਗੱਲ ਕਰਦੇ ਨੇ... ਪਰ ਮੈਂ ਇਸ ਲਈ ਆਖਿਆ ਹੈ ਕਿ ਗੁਰੂ ਸਾਹਿਬ ਨੂੰ ਸਮਝਣ ਲਈ ਵੀ ਉਹਨਾਂ ਵਰਗੀ ਉੱਚ ਅਵਸਥਾ ਦੀ ਜ਼ਰੂਰਤ ਐ। ਉਸ ਅਵਸਥਾ ਦੇ ਨੇੜੇ ਤੇੜੇ ਵੀ ਨਹੀਂ ਢੁਕ ਸਕਦੀ ਮੈਂ। "
" ਚਲੋ..... ਇਹ ਦੱਸੋ... ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਓ? "
" ਹਾਂ। " ਮੈਂ ਕਿਹਾ।
" ਕਿੱਥੋਂ ? " ਉਸ ਫਿਰ ਪੁੱਛਿਆ।
" ਧਾਰਮਿਕ ਸਥਾਨਾਂ ਤੇ, ਦੁਕਾਨਾਂ ਤੇ, ਘਰਾਂ ਦੀਆਂ ਕੰਧਾਂ 'ਤੇ , ਕਿਤਾਬਾਂ ਵਿੱਚੋਂ, ਮੋਬਾਈਲ ਵਿੱਚੋਂ ਨੈੱਟ ਖੋਲ੍ਹ ਕੇ ਕਰ ਲਈਦੇ ਨੇ ਰੋਜ਼। "
" ਉਹਨਾਂ ਦੇ ਅਸਲ ਦਰਸ਼ਨ ਪਤੈ ਕਿੱਥੋਂ ਹੁੰਦੇ ਨੇ? " ਉਹ ਗੰਭੀਰ ਹੋ ਕੇ ਬੋਲੀ। ਮੈਂ ਚੁੱਪ ਕਰ ਕੇ ਉਸ ਵੱਲ ਵੇਖ ਰਹੀ ਸੀ।

" ਉਹਨਾਂ ਦੇ ਅਸਲ ਦਰਸ਼ਨ ਉਹਨਾਂ ਦੀ ਬਾਣੀ ਵਿੱਚੋਂ ਹੁੰਦੇ ਨੇ.... ਦੂਸਰੇ ਉਹਨਾਂ ਬਾਰੇ ਕੀ ਲਿਖਦੇ ਨੇ, ਕੀ ਬੋਲਦੇ ਨੇ, ਕੀ ਤਸਵੀਰਾਂ ਵਿੱਚ ਦਿਖਾਉਂਦੇ ਨੇ, ਇਹੀ ਦੇਖਦੇ ਓ ਨਾ ਤੁਸੀਂ ? ਪਰ ਜੋ ਉਹ ਕਹਿ ਗਏ ਨੇ ਉਸ ਬਾਣੀ ਵਿੱਚੋਂ ਦਰਸ਼ਨ ਕੀਤੇ ਕਦੀ? " ਮੈਂ ਚੁੱਪ ਸੀ ਕੁੱਝ ਨਹੀਂ ਸੀ ਸੁੱਝ ਰਿਹਾ।
" ਗੁਰੂ ਨਾਨਕ ਸਾਹਿਬ ਦੀ ਬਾਣੀ ਕੰਠ ਹੋਵੇਗੀ.... ਪੜ੍ਹਦੇ ਸੁਣਦੇ ਵੀ ਹੋਵੋਗੇ। ਆਪਣੇ ਸੁਵਿਧਾ ਅਨੁਸਾਰ ਮਤਲਬ ਵੀ ਕੱਢ ਲੈਂਦੇ ਹੋਵੋਗੇ।"
" ਹਾਂ। " ਮੇਰੀਆਂ ਨਜ਼ਰਾਂ ਝੁਕੀਆਂ ਹੋਈਆਂ ਸਨ। ਉਸ ਨੇ ਸ਼ਾਇਦ ਮੇਰੀ ਹਾਲਤ ਭਾਂਪ ਲਈ ਸੀ।

" ਚਲੋ ਛੱਡੋ..... ਬਹੁਤੇ ਲੋਕਾਂ ਦਾ ਇਹੀ ਹਾਲ ਐ। ਲੋਕਾਂ ਦਾ ਈ ਨਹੀਂ ਕਈ ਵੱਡੇ ਵੱਡੇ ਭਾਸ਼ਣ ਦੇਣ ਵਾਲੇ ਵੀ ਅਮਲਾਂ ਵਾਲੇ ਪਾਸਿਓਂ ਖੋਖਲ਼ੇ ਹੁੰਦੇ ਨੇ। ਤੈਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਣਾ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਬਹੁਤੇ ਨੇੜੇ ਹੋਣ ਦਾ ਦਿਖਾਵਾ ਕਰਦੇ ਨੇ... ਉਹ ਵੀ ਖਾਲੀ ਪੀਪਿਆਂ ਦੀ ਤਰ੍ਹਾਂ ਖੜਕਣਾ ਹੀ ਜਾਣਦੇ ਨੇ ਬਸ। ਉਹਨਾਂ ਨੇ ਜੋ ਬੋਲਣਾ ਹੁੰਦੈ, ਉਹ ਵੀ ਉਹਨਾਂ ਦੇ ਆਪਣੇ ਵਿਚਾਰ ਨਹੀਂ ਹੁੰਦੇ ਕਿਸੇ ਹੋਰ ਦੇ ਹੁੰਦੇ ਨੇ।" ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਨਜ਼ਰਾਂ ਉੱਪਰ ਨੂੰ ਚੁੱਕੀਆਂ।
" ਸਾਰੇ ਇੱਕ ਵਰਗੇ ਨਹੀਂ ਹੁੰਦੇ..... ਬਥੇਰੇ ਬਹੁਤ ਚੰਗੇ ਵੀ ਹੁੰਦੇ ਨੇ।" ਮੈਂ ਕਿਹਾ।

" ਹਾਂ ਹੁੰਦੇ ਨੇ... ਤੈਨੂੰ ਪਤੈ ਅਸੀਂ ਬੜੀਆਂ ਟੌਹਰਾਂ ਮਾਰਦੇ ਆਂ...ਗੁਰੂ ਨਾਨਕ ਸਾਹਿਬ ਸਾਡੇ ਨੇ। ਪਰ ਅਸੀਂ ਉਹਨਾਂ ਦੇ ਬਣੀਏ ਤਾਂ ਗੱਲ ਬਣੇ । ਜੇ ਅਸੀਂ ਉਹਨਾਂ ਦੇ ਬਣੇ ਹੁੰਦੇ ਤਾਂ ਕਿਰਤ ਦਾ ਮੁੱਲ ਪੈਂਦਾ। ਕਿਰਤ ਸੱਭਿਆਚਾਰ ਨੂੰ ਖੋਰਾ ਨਾ ਲੱਗਦਾ। ਕਿਰਤ ਕਰਨ ਵਾਲੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੇ ਤੁਰ ਹੋਏ ਨੇ। ਗਰਮੀਆਂ ਸਰਦੀਆਂ ਸੜਕਾਂ 'ਤੇ ਗੁਜ਼ਾਰਨ ਲਈ ਮਜ਼ਬੂਰ ਨੇ। ਬਾਬੇ ਨਾਨਕ ਨੂੰ ਸਿਰ ਝੁਕਾਉਣ ਵਾਲੇ, ਉਹਨਾਂ ਦੇ ਜਨਮ ਦਿਨ 'ਤੇ ਸਾਰੇ ਜਗਤ ਨੂੰ ਵਧਾਈਆਂ ਦੇਣ ਵਾਲੇ ਉਹਨਾਂ ਦੇ ਕਿਰਤੀਆਂ ਨੂੰ ਰੋਲ ਰਹੇ ਨੇ...... ਹੈ ਨਾ ਕਮਾਲ ਦੀ ਗੱਲ।"

" ਹਾਂ..... ਦੁਖਦਾਈ ਵੀ ਐ ਇਹ ਸਭ ।" ਮੈਂ ਕਿਹਾ।

" ਦੁਨੀਆਂ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਆ ਗਿਆ। ਲੋਕ ਦਿਖਾਵਾ ਕੁਝ ਹੋਰ ਕਰਦੇ ਨੇ... ਹੁੰਦੇ ਕੁਝ ਹੋਰ ਨੇ। ਕਈ ਵਾਰ ਤਾਂ ਸਾਰੀ ਉਮਰ ਆਪਣੇ ਆਪ ਨੂੰ ਉਹੀ ਸਮਝ ਬੈਠਦੇ ਨੇ ਜੋ ਉਹ ਨਹੀਂ ਹੁੰਦੇ। ਜਦੋਂ ਸੁਰਤ ਆਉਂਦੀ ਐ ਉਦੋਂ ਪਛਤਾਉਂਦੇ ਨੇ। " ਉਹ ਗੰਭੀਰ ਸੀ।
" ਆਪਾਂ ਲਿਖੀਏ ਹੁਣ ਕੁਸ਼ .....।" ਮੈਂ ਮੁਸਕਰਾਉਂਦਿਆਂ ਕਿਹਾ। ਉਸ ਨੇ ਹੈਰਾਨੀ ਨਾਲ ਵੇਖਿਆ ਤੇ ਬੋਲੀ, " ਅਜੇ ਵੀ ਲਿਖਣ ਦਾ ਸੋਚ ਰਹੀ ਏਂ ? "
" ਹਾਂ। " ਮੈਂ ਕਿਹਾ।
" ਕੀ ਲਿਖਣਾ ਚਾਹੁੰਦੀ ਏਂ ? "
" ਸੱਚ। "
" ਹਿੰਮਤ ਹੈ? " ਉਸ ਦਾ ਸਵਾਲ ਸੀ।
" ਹਾਂ.... ਸੱਚ ਲਿਖਣਾ ਔਖਾ ਨਹੀਂ... ਝੂਠ ਨੂੰ ਸੱਚ ਦੇ ਲੇਪ ਚੜ੍ਹਾ ਕੇ ਲਿਖਣਾ ਔਖਾ ਹੁੰਦੈ ।" ਮੈਂ ਕਿਹਾ।
" ਕੀ ਲਿਖੀਏ?"
" ਉਹੀ ਜੋ ਹੁਣੇ ਗੱਲਬਾਤ ਕੀਤੀ। "
" ਮਤਲਬ? " ਉਹ ਹੈਰਾਨੀ ਨਾਲ ਤੱਕ ਰਹੀ ਸੀ।

" ਮਤਲਬ ਕਿ ਅਸੀਂ ਫੋਕੀਆਂ ਫੜ੍ਹਾਂ ਮਾਰਨ ਵਾਲੇ ਆਂ.... ਅਸੀਂ ਗੁਰੂ ਬਾਬੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਕੁਝ ਹੋਰ 'ਤੇ ਕਰਦੇ ਕੁਝ ਹੋਰ ਹਾਂ। ਦਿਖਾਵੇ ਤੇ ਸ਼ੋਹਰਤ ਲਈ ਬਹੁਤ ਕੁਝ ਅਜਿਹਾ ਕਹਿੰਦੇ ਜਾਂ ਕਰਦੇ ਹਾਂ ਜੋ ਸਾਨੂੰ ਖੁਦ ਨੂੰ ਵੀ ਠੀਕ ਨਹੀਂ ਲੱਗਦਾ ਹੁੰਦਾ ਕਈ ਵਾਰ। ਪਤਾ ਵੀ ਹੋਵੇ ਕਿ ਗਲਤ ਬੋਲ ਰਹੇ ਹਾਂ ਤਾਂ ਵੀ ਬੋਲੀ ਜਾਂਦੇ ਹਾਂ ।ਪਤਾ ਹੋਵੇ ਕਿ ਗਲਤ ਬੰਦੇ ਦੀ ਤਾਰੀਫ਼ ਕਰਦੇ ਹਾਂ ਤਾਂ ਵੀ ਕਰੀ ਜਾਂਦੇ ਆਂ। ਪਤਾ ਹੋਵੇ ਗਲਤ ਬੰਦੇ ਦੇ ਨਾਲ ਤੁਰਦੇ ਹਾਂ ਫਿਰ ਵੀ ਨਹੀਂ ਰੁਕਦੇ । ਆਪਣੇ ਆਪ ਨੂੰ ਦੁਨੀਆਂ ਤੋਂ ਵੱਖਰਾ ਰੱਖ ਕੇ ਸੋਚਦੇ ਹਾਂ ਕਿ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਆਪਣੇ ਆਪ ਨੂੰ ਤੋਰਨਾ ਜ਼ਰੂਰੀ ਨਹੀਂ ਸਮਝਦੇ। ਇਹੀ ਸੋਚਦੇ ਆਂ ਕਿ ਬਾਕੀ ਦੁਨੀਆਂ ਨੂੰ ਚੱਲਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਉਪਦੇਸ਼ ਪੜ੍ਹ ਕੇ ਸੁਣਾਉਣ ਨਾਲ ਹੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ। ਅਮਲ ਕਰਨ ਲਈ ਦੂਸਰਿਆਂ ਨੂੰ ਆਖਦੇ ਹਾਂ। " ਮੈਂ ਪਤਾ ਨਹੀਂ ਕਿੰਨਾ ਕੁ ਬੋਲਦੀ। ਉਸ ਨੇ ਮੈਨੂੰ ਰੋਕਦਿਆਂ ਆਖਿਆ,
" ਚਲ ਬਸ ਕਰ। "

ਉਸ ਦੇ ਬੁੱਲ੍ਹਾਂ ਤੇ ਵੱਡੀ ਸਾਰੀ ਮੁਸਕਾਨ ਆਈ। ਮੈਂ ਉਸ ਦੇ ਚਿਹਰੇ ਵੱਲ ਦੇਖਿਆ ਉਸ ਦੀਆਂ ਅੱਖਾਂ ਵੀ ਮੁਸਕਰਾ ਰਹੀਆਂ ਸਨ। ਅਸੀਂ ਘੁੱਟ ਕੇ ਜੱਫੀ ਪਾਈ। ਮੈਂ ਉਸ ਦਾ ਮੱਥਾ ਚੁੰਮਿਆ ਤੇ ਉਹ ਕਾਗਜ਼ਾਂ ਨੂੰ ਸਜਦਾ ਕਰ ਕੇ ਅੱਖਰਾਂ ਨੂੰ ਮੋਤੀਆਂ ਵਾਂਗ ਪ੍ਰੋਣ ਲੱਗੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ