Main Zinda Haan : Manjot Kaur
ਮੈਂ ਜ਼ਿੰਦਾ ਹਾਂ : ਮਨਜੋਤ ਕੌਰ
ਘਰੋਂ ਦੋ ਕਦਮ ਨਹੀਂ ਸਨ ਕਦੀ ਬਾਹਰ ਰੱਖੇ , 'ਤੇ ਅੱਜ ਪ੍ਰਦੇਸ ਪੁੱਜ ਗਈ ਨਿੱਕੀ । ਮਾਪਿਆਂ ਤੋਂ ਦੂਰ ਇੱਕ ਨਾਵਾਕਫ ਦੁਨੀਆਂ , ਜਿੱਥੇ ਹਰ ਦੂਜੇ ਸ਼ਖ਼ਸ 'ਤੇ ਯਕੀਨ ਕਰਨਾ ਮਤਲਬ ਆਪਣੇ ਆਪ ਨੂੰ ਅਜੀਅਤ ਦੇਣਾ । ਇਹੋ ਜਿਹੀ ਦੁਨੀਆਂ ਵਿੱਚ ਨਿੱਕੀ ਹਰ ਰੂਹ ਨੂੰ ਅਪਣਾ ਸਮਝ ਬੈਠੀ । ਵਕਤ ਲੰਘਦਾ ਗਿਆ , ਹਰ ਦਿਨ ਇੱਕ ਨਵੀਂ ਠੋਕਰ । ਜਿਸ ਜਿਸ ਨੂੰ ਅਪਣਾ ਸਮਝ ਕੇ ਬੈਠੀ ਸੀ ਉਹਨਾਂ ਦੀ ਗਿਣਤੀ ਘਟਦੀ ਗਈ। ਕੋਈ ਰੂਹ 'ਤੇ ਤਨਜ ਕਸਦਾ , ਕੋਈ ਜਿਸਮ ਨੂੰ ਅਜੀਅਤ ਦੇਣ ਦੀ ਤਾਕ ਵਿੱਚ ਸੀ ।
ਇਹੋ ਜਿਹੇ ਵਕਤ 'ਤੇ ਕਿਸੇ ਅਪਣੇ ਇੱਕ ਦਾ ਜ਼ਿੰਦਗੀ ਵਿੱਚ ਆਉਣਾ ਵੀ ਇੱਕ ਅਸੀਸ ਵਾਂਗ ਸੀ। ਦਿਹਾੜੀਦਾਰਾਂ ਵਾਂਗ ਇੱਕ ਗੁਦਾਮ ਵਿੱਚ ਕੰਮ ਕਰਦੀ 'ਤੇ ਅਪਣਾ ਖਰਚਾ ਚੱਕਦੀ। ਉੱਥੇ ਹੀ ਇੱਕ ਦਿਨ ਇੱਕ ਅਜਨਬੀ ਨਾਲ਼ ਮੁਲਾਕਾਤ ਹੋਈ । ਪਹਿਲੀ ਵਾਰ ਇੱਕ ਨਜ਼ਰ ਉਸ 'ਤੇ ਪਈ ਤਾਂ ਉਹ ਦਿੱਲ ਨੂੰ ਜਚ ਗਿਆ । ਉਸ ਦੀ ਤੱਕਣੀ ਵਿੱਚ ਇੱਕ ਆਪਣਾਪਨ ਸੀ । ਦੇਖਦਿਆਂ ਹੀ ਲਗਾਤਾਰ ਨਿਹਾਰਨ ਨੂੰ ਦਿੱਲ ਕਰਦਾ ਸੀ। ਉਸ ਦੀ ਦੇਖਣੀ ਮੰਨ ਅੰਦਰ ਐਵੇਂ ਉੱਤਰ ਜਾਂਦੀ ਸੀ ਜਾਣੋ ਪੂਰੇ ਦਿਨ ਦੀ ਥਕਾਵਟ ਰਫੂ-ਚੱਕਰ । ਉਸ ਨਾਲ਼ ਅੱਖਾਂ ਮਿਲਦਿਆਂ ਹੀ ਅੱਖਾਂ ਝੁੱਕ ਜਾਂਦੀਆਂ ਸਨ । ਬਜ਼ੁਰਗਾਂ ਤੋਂ ਵਾਵਾ ਵਾਰ ਸੁਣਿਆ ਸੀ ਜਿਸ ਲਈ ਇੱਜ਼ਤ ਬੇਹਿਸਾਬ ਹੋਵੇ ਉਸ ਨਾਲ ਅੱਖ ਮਿਲਾਉਣੀ ਮੁਸ਼ਕਿਲ ਹੁੰਦੀ ਏ। ਮਨ ਵਿੱਚ ਉਸ ਦੀ ਇੱਜ਼ਤ ਹੀ ਨਹੀਂ ਸੀ ਗਾਲਵਨ ਦਿੱਲ ਵਿੱਚ ਕਿੱਸੇ ਨੁੱਕਰੇ ਪ੍ਰੀਤ ਵੀ ਸੀ , ਬੜਾ ਅਜ਼ੀਜ਼ ਸੀ। ਮੋਟੀਆਂ- ਮੋਟੀਆਂ ਅੱਖਾਂ , ਰੋਹਬ ਨਾਲ ਭਰਿਆ ਚਿਹਰਾ , ਅਣਖੀ ਤੋਰ ' ਤੇ ਸਰਦਾਰੀ ਮਨ ਨੂੰ ਛੋਹ ਗਈ ਸੀ। ਕੁੱਝ ਮਹੀਨੇ ਬੀਤ ਗਏ ਉਸ ਦਾ ਆਉਣਾ , ਅੱਖਾਂ ਮਿਲਣੀਆਂ ਬਿਨਾਂ ਕੁੱਝ ਬੋਲ਼ੇ ਅੱਖਾਂ ਅੱਖਾਂ ਵਿੱਚ ਇੱਕ ਦੂਜੇ ਨੂੰ ਫਤਿਹ ਬੁਲਾ ਦੇਣੀ । ਉਹ ਹਰ ਇੱਕ ਨੂੰ ਬੁਲਾਉਂਦਾ ਹੁੰਦਾ ਸੀ ਬਿਨਾਂ ਇੱਕ ਤੋਂ , ਉਹ ਸੀ ਨਿੱਕੀ। ਮੇਰੇ ਨਾਲ ਸਿਰਫ਼ ਅੱਖਾਂ ਮਿਲਾ ਕੇ ਕੋਲੋਂ ਲੰਘ ਜਾਣਾ ਐਵੇਂ ਲਗਦਾ ਸੀ , ਜਿਵੇਂ ਗੱਲ ਹੀ ਉਹ ਖਾਲੀ ਮੇਰੇ ਨਾਲ ਕਰਦਾ ਏ , ਬਾਕੀਆਂ ਨਾਲ 'ਤੇ ਸਿਰਫ ਗੱਲਾਂ ਹੀ ਕਰਦਾ ਏ। ਉਸ ਦਾ ਕਰੀਬ ਹੋਣਾ ਹੀ ਹੌਸਲਾ ਹੁੰਦਾ ਸੀ । ਸਮਾਂ ਲੰਘਦਾ ਗਿਆ , ਗੱਲ ਇੱਕ ਦੂਜੇ ਨੂੰ ਨਿਹਾਰਨ ਤੱਕ ਹੀ ਸੀ।
ਫ਼ਿਰ ਇੱਕ ਦਿਨ ਉਸ ਨੇ ਚੁੱਪੀ ਤੋੜੀ ' ਤੇ ਬੋਲ ਕੇ ਫ਼ਤਿਹ ਬੁਲਾਈ , ਫ਼ਤਿਹ ਦਾ ਜਵਾਬ ਮੇਰਾ ਫ਼ਤਿਹ ਵਿੱਚ ਸੀ ਮਗਰ ਇੱਕ ਡਰ ਵੀ ਸੀ। ਮੈਂਨੂੰ ਡਰ ਸੀ ਕਿ ਕਿੱਧਰੇ ਕਦੀ ਇਹ ਜ਼ੁਬਾਨ ਮੇਰੇ ਨਾਲ ਬੇਜ਼ੁਬਾਨ ਹੋ ਗਈ ਤਕਲੀਫ਼ ਸਹਿ ਨਹੀਂ ਹੋਣੀ , ਬਿਹਤਰ ਇਹੀ ਏ ਗੱਲ ਅੱਖਾਂ ਤੱਕ ਹੀ ਸੀਮਤ ਰਵੇ। ਉਸ ਦੇ ਬੋਲਣ ਬੁਲਾਉਣ ਤੋਂ ਭੈ ਨਹੀਂ ਸੀ , ਕਲ ਨੂੰ ਉਸ ਦੀ ਚੁੱਪੀ ਦਾ ਖ਼ੌਫ ਸੀ। ਬੋਲ ਚਾਲ ਹੋਣ ਲੱਗੀ , ਦੋਸਤੀ ਵੱਧ ਗਈ 'ਤੇ ਉਲਫ਼ਤ ਵੀ । ਕਦੀ ਕਦੀ ਬੱਸ ਨਾ ਮਿਲਣੀ ਤਾਂ ਉਸ ਨੇ ਘਰ ਛੱਡ ਆਉਣਾ । ਉਹ ਕੁੱਝ ਉਦਾਸ ਵੀ ਰਹਿੰਦਾ ਸੀ , ਮੇਰੇ ਵਾਂਗ ਹੀ ਠੋਕਰਾਂ ਵਾਧੂ ਖਾਹ ਆਇਆ ਸੀ। ਮਗਰ ਮਾਲਕ ਨਾਲ ਗਿਲਾ ਬਹੁਤ ਸੀ ਉਸ ਨੂੰ , ਹੋਵੇ ਵੀ ਕਿਉਂ ਨਾ ਬੇਹੱਦ ਪਿਆਰੀ ਚੀਜ਼ ਖੋਹ ਲਈ ਸੀ ਉਸ ਤੋਂ , ਜਿਸ ਦਾ ਜ਼ਿਕਰ ਉਸ ਦੀਆਂ ਗੱਲ਼ਾਂ ਤੋਂ ਮਿਲਿਆ ਮੈਂਨੂੰ। ਸੁਣਿਆ ਸੀ ਜੋ ਖੁਦ ਕੋਈ ਤਕਲੀਫ ਸਹਿ ਆਵੇ , ਉਹ ਕਦੀ ਦੂਸਰੇ ਨੂੰ ਉਹੋ ਜਿਹੀ ਤਕਲੀਫ ਨਹੀਂ ਦਏਗਾ । ਇਹੀ ਸੋਚ ਉਸ ' ਤੇ ਯਕੀਨ ਬਣ ਗਿਆ। ਖ਼ੈਰ ! ਤਕੀਫ਼ ਵਾਹਵਾ ਸੀ , ਬੜੇ ਆਰਾਮ ਨਾਲ ਮੈਂ ਉਸ ਦੀ ਤਕਲੀਫ ਸਮਝ ਰਹੀ ਸੀ। ਮੋਹ ਵੱਧ ਰਿਹਾ ਸੀ ' ਤੇ ਲਗਾਓ ਵੀ । ਨਿੱਕੀ ਦੇ ਮਨ ਅੰਦਰ ਖਿਆਲ ਆਇਆ ਕਿਉੰ ਨਾ ਇਸ ਪਿਆਰੇ ਨਾਲ ਮਿਲਾਪ ਵਧਾਇਆ ਜਾਵੇ , ਹੋ ਸਕਦਾ ਉਸ ਦੀ ਇਸ ਉਦਾਸੀ ਨੂੰ ਘਟ ਕਰ ਸਕਾਂ ।
ਉਹਨਾਂ ਦੋਵਾਂ ਦੀ ਦੋਸਤੀ ਦਿਨੋਂ ਦਿਨ ਗਹਿਰੀ ਹੁੰਦੀ ਗਈ , ਨਿੱਕੀ ਉਸ ਨਾਲ ਐਨਾਂ ਜੁੜ ਗਈ ਕੇ ਵੱਖ ਹੋਣ ਤੋਂ ਡਰਦੀ ਸੀ । ਇਕੱਠੇ ਕੰਮ ਤੇ ਜਾਣਾ , ਸਾਰਾ ਦਿਨ ਇੱਕ ਦੂੱਜੇ ਦੇ ਸਾਵੇ ਰਹਿਣਾ ਬਹੁਤ ਵੱਡੀ ਨਿਆਮਤ ਸੀ ਨਿੱਕੀ ਲਈ । ਸੁਣਿਆ ਹੋਏਗਾ ਮਹਿਬੂਬ ਦੇ ਅੱਖਾਂ ਸਾਵੇ ਹੋਣ ਵਿੱਚ ਹੀ ਕਾਇਨਾਤ ਏ , ਇਕ ਪੱਲ ਵੀ ਅੱਖੋਂ ਉਹਲੇ ਹੋਇਆ ਮੌਤ ਨੇ ਰਾਹ ਸਿੱਧਾ ਕਰ ਲਿਆ।
ਅੱਜ ਨਿੱਕੀ ਬਹੁਤ ਖ਼ੁਸ਼ , ਉਡਦੀ ਫਿਰਦੀ ਸੀ । ਕੱਲ ਸ਼ਾਮ ਦਾ ਅਹਿਸਾਸ ਨਿੱਕੀ ਦੇ ਚਿੱਤ ਵਿਚੋਂ ਨਿੱਕਲ ਹੀ ਨਹੀਂ ਰਿਹਾ ਸੀ। ਉਹ ਯਾਦ ਕਰ ਰਹੀ ਸੀ ਕੇ ਕਿਵੇਂ ਉਸ ਨੇ ਬੜੇ ਪਿਆਰ ਨਾਲ ਉਸ ਦਾ ਹੱਥ ਅਪਣੇ ਹੱਥ ਵਿੱਚ ਰੱਖ ਲਿਆ 'ਤੇ ਉਸ ਦਾ ਮੱਥਾ ਚੁੰਮ ਲਿਆ । ਅਜੇ ਉਹ ਉਸੇ ਅਹਿਸਾਸ ਵਿੱਚ ਸੀ ਕੇ ਉਹ ੳਸ ਕੋਲੋਂ ਦੀ ਨਿਕਲਿਆ ਮਗਰ ਉਹ ਹੈਰਾਨ ਸੀ , ਉਹ ਉਸ ਨੂੰ ਬਿਨਾਂ ਬੁਲਾਏ ਹੀ ਨਿੱਕਲ ਗਿਆ। ਖ਼ੈਰ ! ਹੋ ਸੱਕਦਾ ਏ ਉਸ ਨੇ ਨਿੱਕੀ ਨੂੰ ਵੇਖਿਆ ਹੀ ਨਾ ਹੋਵੇ , ਨਿੱਕੀ ਨੇ ਮਨ ਹੀ ਮਨ ਸੋਚਿਆ । ਦੋ ਤਿੰਨ ਮਰਤਬਾ ਉਸ ਨੂੰ ਬੁਲਾਉਣ ਲਈ ਉਸ ਪਾਸ ਗਈ ਮਗਰ ਉਸ ਅਣਦੇਖਿਆ ਕਰ ਦਿੱਤਾ। ਚਿੱਤ ਅਫ਼ਸੋਸ ਗਿਆ ਫਿਰ ਮਨ ਨੂੰ ਦਿਲਾਸਾ ਦਿੱਤਾ ਕਿ ਹੋ ਸਕਦਾ ਏ ਕੰਮ ਵਿੱਚ ਬੇਹੱਦ ਮਸ਼ਰੂਫ ਹੋਵੇ ।
ਦਿਨ ਢਲਿਆ , ਘਰੇ ਜਾਣਾ ਸੀ । ਨਿੱਕੀ ਨੇ ਉਸ ਨੂੰ ਕੰਮ ਤੋਂ ਘਰੇ ਛੱਡ ਆਉਣ ਲਈ ਕਿਹਾ। ਪੂਰਾ ਪੈਂਡਾ ਨਿੱਕਲ ਗਿਆ , ਉਸ ਨੇ ਮੂਹੋਂ ਇੱਕ ਬੋਲ ਨਾ ਕਿਹਾ। ਨਿੱਕੀ ਹੈਰਾਨ , ਇੱਕ ਅਜੀਬ ਜਿਹੀ ਖਾਮੋਸ਼ੀ , ਜਿਸ ਨੇ ਨਿੱਕੀ ਦੀ ਰੂਹ ਕੰਬਾ ਦਿੱਤੀ। ਹਾਰ ਕੇ ਮੈਂ ਪੁੱਛ ਹੀ ਲਿਆ , " ਮੈਂਨੂੰ ਅੱਜ ਬੁਲਾਇਆ ਕਿਉੰ ਨਹੀਂ, ਬੇਰੁਖ਼ੀ ਕਿਸ ਗੱਲ ਦੀ ।"
- ਨਹੀਂ , ਕੁੱਝ ਬੋਝ ਜਿਹਾ ਏ ਮਨ 'ਤੇ ਹੋਰ ਕੁੱਝ ਨਹੀ। ਅੱਛਾ ! ਚਲੋ ਘਰ ਆ ਗਿਆ ਤੁਹਾਡਾ ।
ਬੱਸ ਐਨਾਂ ਕਹਿ , ਨਿੱਕੀ ਨੂੰ ਗੱਡੀ ਵਿੱਚੋਂ ਉਤਰਨ ਦਾ ਇਸ਼ਾਰਾ ਕਰ ਦਿੱਤਾ । ਨਿੱਕੀ ਜਾਣ ਲਗਿਆ ਰੋਜ਼ ਵਾਂਗ ਉਸ ਦੇ ਗਲੇ ਲੱਗਣਾ ਚਾਹੁੰਦੀ ਸੀ ਮਗਰ ਉਸ ਅੱਜ ਮੈਂਨੂੰ ਤੱਕਿਆ ਹੀ ਨਹੀਂ। ਅੱਜੇ ਘਰ ਪੁੱਜੀ ਨੂੰ ਘੰਟਾ ਕੂ ਹੀ ਹੋਇਆ ਸੀ ਕੇ , ਫੋਨ 'ਤੇ ਮੈਸੇਜ ਆਉਂਦਾ ਹੈ । ਮੈਂ ਅਗਲੇ ਦਿਨ ਦੀ ਰੋਟੀ ਤਿਆਰ ਕਰਦੀ ਸੀ 'ਤੇ ਜਦੋਂ ਆਵਾਜ਼ ਕੰਨੀ ਪਈ ਤਾਂ ਕੰਮ ਛੱਡ ਕੇ ਫੋਨ ਵੱਲ ਨੂੰ ਭੱਜੀ। ਬੜੀ ਉਤਸੁਕਤਾ ਨਾਲ ਫੋਨ ਚੱਕਿਆ ਕੇ ਜ਼ਰੂਰ ਕੁੱਝ ਖਾਸ ਹੋਊ। ਮਗਰ ਆ ਕੀ , ਮੈਸੇਜ ਨਿੱਕੀ ਦੇ ਖਿਆਲ ਤੋਂ ਬਿਲਕੁਲ ਉਲਟ ਸੀ। ਉਸ ਨੇ ਨਿੱਕੀ ਨੂੰ ਆਪਣੇ ਨਾਲ ਬੋਲ ਚਾਲ ਛੱਡ ਦੇਣ ਨੂੰ ਕਿਹਾ ' ਤੇ ਨਾਲ਼ ਹੀ ਉਸ ਨੇਂ ਨਿੱਕੀ ਨੂੰ ਖੁਦ ਤੋਂ ਦੂਰ ਰਹਿਣ ਨੂੰ ਕਿਹਾ। ਇੱਕ ਦਿਨ ਵਿੱਚ ਹੀ ਐਸਾ ਕੀ ਹੋਇਆ ਕਿ ਉਹ ਨਿੱਕੀ ਤੋਂ ਐਂਨਾ ਦੂਰ ਹੋ ਗਿਆ। ਨਿੱਕੀ ਦੇ ਜਿਹਨ ਵਿੱਚ ਕਈ ਗੱਲਾਂ ਚੱਲ ਰਹੀਆਂ ਸਨ । ਨਿੱਕੀ ਉਸ ਦੀਆਂ ਮਿੰਨਤਾਂ ਕਰਦੀ ਰਹੀ , ਕਈ ਦਿਨ ਬੀਤ ਗਏ , ਉਸ ਦਾ ਪਿੱਛਾ ਕਰਦੀ , ਗੱਲ ਕਰਨ ਦੇ ਬਹਾਨੇ ਭਾਲਦੀ , ਮਗਰ ਉਸ ਨੇ ਅੱਖ ਇਓ ਫੇਰ ਲਈ ਮਸਲਨ ਪੱਥਰ ਨੂੰ ਪਾਣੀ ਵਿੱਚ ਸੁੱਟਦਿਆਂ ਉਹ ਅਪਣੇ ਆਪ ਨੂੰ ਇਸ ਬੇਰੁਖ਼ੀ ਦੁਨਿਆਂ ਤੋਂ ਬਚਾ ਕੇ ਗਹਿਰੇ ਪਾਣੀ ਅੰਦਰ ਸੁਕੂਨ ਵਿੱਚ ਜਾ ਠਹਿਰਦਾ ਦਾ ਏ , ਮਗਰ ਪਾਣੀ ਦਾ ਸੁਰ 'ਤੇ ਸੁਕੂਨ ਕੁੱਝ ਵਖਤ ਲਈ ਖੋਹ ਲੈਂਦਾ ਏ ' ਤੇ ਹਲਚਲ ਪੈਦਾ ਕਰ ਦਿੰਦਾ ਏ । ਜਿਸ ਤੋਂ ਮਗ਼ਰੋਂ ਪਾਣੀ ਨੂੰ ਅਪਣਾ ਸੁਕੂਨ ਵਾਪਿਸ ਪਾਉਣਾ ਵਿੱਚ ਵਖਤ ਲੱਗ ਜਾਂਦਾ ਏ । ਇਹੀ ਕੁੱਝ ਨਿੱਕੀ ਨਾਲ ਹੋਇਆ , ਉਹ ਪੱਥਰ ਤਾਂ ਉਸ ਨੂੰ ਸੱਟ ਮਾਰ ਹੋਰ ਗਹਿਰਾਈ ਵਿੱਚ ਚੱਲਿਆ ਗਿਆ ਜਿਸ ਕਰਕੇ ਉਹ ਉਸ ਦੇ ਖ਼ਿਆਲਾਂ ਵਿੱਚੋ ਨਾ ਨਿੱਕਲ ਸਕੀ । ਉਹ ਉਸ ਨਾਲ ਜਿਸਮ ਤੋਂ ਨਾ ਸਹੀ ਰੂਹ ਤੋਂ ਜੁੜ ਗਈ ਸੀ। ਜਿਸ ਕਾਰਨ ਉਸ ਤੋਂ ਮਗ਼ਰੋਂ ਜਦੋਂ ਕਦੀ ਵੀ ਉਹ ਉਸ ਦੇ ਸਾਹਮਣੇ ਆਉਂਦਾ , ਕਿੱਸੇ ਹੋਰ ਨਾਲ ਗੱਲ ਕਰਦਾ ਨਿੱਕੀ ਦੀਆਂ ਅੱਖਾਂ ਭਰ ਆਉਂਦੀਆਂ । ਕਾਫ਼ੀ ਦਿਨ ਬੀਤ ਗਏ ਉਹ ਇਸੇ ਸੋਚ ਵਿੱਚ ਸੀ ਕੇ ਉਸ ਨੇ ਐਸੀ ਕਿਹੜੀ ਭੁੱਲ ਕਰ ਦਿੱਤੀ । ਉਹ ਆਪਨੇ ਆਪ ਨੂੰ ਹੀ ਕਸੂਰਵਾਰ ਸਮਝਦੀ ਰਹੀ ।
ਫ਼ਿਰ ਇੱਕ ਦਿਨ ਨਿੱਕੀ ਨੇ ਇੱਕ ਕੁੜੀ ਨੂੰ ਉਸ ਨਾਲ ਗੱਡੀ ਵਿੱਚ ਬੈਠੇ ਵੇਖਿਆ। ਕੁੱਝ ਬੇਚੈਨੀ ਜਿਹੀ ਹੋਈ ਮਗਰ ਫਿਰ ਇਹ ਸੋਚ ਕੇ ਦਿੱਲ ਵਿੱਚੋ ਖ਼ਿਆਲ ਕੱਢ ਦਿੱਤਾ ਕੇ ਨਹੀਂ ਉਹ ਐਵੇਂ ਦਾ ਨਹੀਂ । ਅਜੇ ਇੱਕ ਦਿਨ ਹੀ ਬੀਤਿਆ ਸੀ ਕੇ ਨਿੱਕੀ ਦੇ ਕੰਨੀ ਗੱਲ ਪਈ। ਅਸਲ ਵਿੱਚ ਉਹ ਕੁੜੀ ਉਸ ਦੀ ਦੋਸਤ ਸੀ । ਉਹ ਹੁਣ ਉਸ ਕੁੜੀ ਨੂੰ ਪਸੰਦ ਕਰਦਾ ਸੀ । ਨਿੱਕੀ ਸਮਝ ਗਈ , ਉਸ ਦਿਨ ਅਚਾਨਕ ਹੀ ਓਹਨੂੰ ਕੀ ਹੋ ਗਿਆ ਸੀ । ਹੁਣ ਓਹਨੂੰ ਇਸ ਗੱਲ ਦੀ ਤਸੱਲੀ ਹੋ ਗਈ ਕੇ ਉਹ ਬੇਵਫਾਈ ਦੇ ਗੁਨਾਹ ਤੋਂ ਬਚ ਗਈ । ਉਹ ਇਹ ਸੋਚ ਕੇ ਤਸੱਲੀ ਵਿੱਚ ਸੀ ਕੇ ਉਸ ਨੇ ਕਿਸੇ ਦਾ ਦਿੱਲ ਨਹੀਂ ਦੁਖਾਇਆ । ਨਿੱਕੀ ਸੋਚਦੀ ਕੀ ਮੈਂ ਇਨਸਾਨ ਨਹੀਂ , ਕੀ ਮੈਂ ਜ਼ਿੰਦਾ ਨਹੀਂ ? ਨਹੀਂ ਮੈਂ ਜ਼ਿੰਦਾ ਹਾਂ ਫ਼ਿਰ ਮੈਂਨੂੰ ਐਵੇਂ ਕਿਉੰ ਮਾਰਦੇ ਉ। ਹਾਸੇ ਖੋਹਣ ਦਾ ਹੱਕ ਤਾਂ ਸਿਰਫ਼ ਅੱਲ੍ਹਾ ਪਾਸ ਏ , ਇਹ ਲ਼ੋਕ ਕੌਣ ਹੁੰਦੇ ਨੇ । ਕਿੰਨੇ ਖੋਖਲੇ ਹੁੰਦੇ ਨੇ ਰਿਸ਼ਤੇ ਅੱਜਕਲ੍ਹ , ਇਨਸਾਨ ਕਿੱਸੇ ਦੀ ਜਿੰਦਗ਼ੀ ਵਿੱਚ ਬਿਨਾਂ ਇਜਾਜ਼ਤ ਚਲੇ ਆਉਂਦੇ ਨੇ ' ਤੇ ਬਿਨਾਂ ਦੱਸੇ ਵਾਪਿਸ ਪਰਤ ਵੀ ਜਾਂਦੇ ਨੇ। ਜਜ਼ਬਾਤ ਉਹਨਾਂ ਲਈ ਖੇਡਣ ਦਾ ਇੱਕ ਜਰੀਆ 'ਤੇ ਦਿੱਲ ਰਹਿਣ ਬਸੇਰਾ । ਜਦੋਂ ਵਖਤ ਨਿੱਕਲ ਜਾਂਦਾ ਏ , ਮਤਲਵ ਪੂਰਾ ਹੋ ਜਾਂਦਾ ਏ ਉਸੇ ਘਰ ਨੂੰ ਠੋਕਰ ਮਾਰ ਨਿੱਕਲ ਜਾਂਦੇ ਨੇ ਜਿਹਨੇ ਉਹਨਾਂ ਦਾ ਲੋੜ ਵਖਤ ਸਿਰ ਕੱਜਿਆ । ਕੁੱਝ ਰਿਸ਼ਤੇ ਨਾਮੁਕੰਮਲ ਰਹਿਣ ਲਈ ਹੀ ਜੁੜਦੇ ਨੇ ਜਾ ਹੋ ਸੱਕਦਾ ਏ ਇਸੇ ਨੂੰ ਅਧੂਰਾਪਨ ਕਹਿੰਦੇ ਨੇ। ਦੁੱਖ ਇਸ ਗੱਲ ਦਾ ਨਹੀਂ ਕਿ ਉਸ ਨੇ ਨਿੱਕੀ ਨੂੰ ਛੱਡਣ ਦਾ ਫੈਂਸਲਾ ਕਿੱਤਾ , ਬਲਕਿ ਇਸ ਦਾ ਸੀ ਕੇ ਉਸ ਨੇ ਨਿੱਕੀ ਨੂੰ ਦੋਸਤੀ ਦੇ ਨਾਮ 'ਤੇ ਹਰਾ ਦਿੱਤਾ । ਜਿਸਮ ਨਾਲ ਛੇੜ - ਛਾੜ ਨੂੰ ਹੀ ਬਲਾਤਕਾਰ ਨਹੀਂ ਕਹਿੰਦੇ , ਮਰ ਤਾਂ ਉਹ ਲੋਕ ਵੀ ਜਾਂਦੇ ਨੇ ਜਿਨ੍ਹਾਂ ਦੀ ਰੂਹ 'ਤੇ ਜਜ਼ਬਾਤਾਂ ਨਾਲ ਖਿਲਵਾੜ ਹੋਵੇ।