Main Ghar Nahin Gia (Story in Punjabi) : Kamlesh Bharti
ਮੈਂ ਘਰ ਨਹੀਂ ਗਿਆ (ਕਹਾਣੀ) : ਕਮਲੇਸ਼ ਭਾਰਤੀ
ਇਹ ਪਹਿਲੀ ਵਾਰੀ ਹੋਇਆ ਜਦੋ ਮੈਂ ਆਪਣੇ ਸ਼ਹਿਰ ਤੋਂ ਕਿਸੇ ਅਜਨਬੀ ਵਾਂਗ ਨਿਕਲਿਆ ਸੀ। ਉਸ ਸ਼ਹਿਰ ਤੋਂ ਜਿਸ ਦੇ ਚੱਪੇ-ਚੱਪੇ ਤੋਂ ਮੈਂ ਜਾਣੰੂ ਹਾਂ। ਇਸ ਸ਼ਹਿਰ ’ਚ ਮੈਂ ਆਪਣਾ ਬਚਪਨ ਬਿਤਾਇਆ ਹੈ ਤੇ ਜਿਸ ਸੜਕ ਤੋਂ ਨਿਕਲਿਆ, ਉਸੇ ਸੜਕ ’ਤੇ ਬਰਸਾਤ ਵਿੱਚ ਭਿੱਜਦੇ ਹੋਏ ਜਾਮਣ ਵੀ ਬਹੁਤ ਖਾਧੇ ਸਨ। ਦਰੱਖਤ ਹੁਣ ਵੀ ਹਨ। ਮੈਂ ਯਾਦਾਂ ਦੀ ਬਰਸਾਤ ਵਿੱਚ ਭਿੱਜਣ ਤੋਂ ਬਾਅਦ ਵੀ ਰੁਕਿਆ ਨਹੀਂ।
ਇਸ ਸ਼ਹਿਰ ’ਚ ਪੜ੍ਹਾਈ-ਲਿਖਾਈ ਕੀਤੀ। ਆਰੀਆ ਸਮਾਜ ਰੋਡ ’ਤੇ ਬਣੇ ਸਕੂਲ ’ਚ ਪਿਤਾ ਜੀ ਤਖ਼ਤੀ-ਬਸਤੇ ਨਾਲ ਛੱਡ ਆਏ ਸੀ। ਸਕੂਲ ਤੋਂ ਘਰ ਦੇ ਰਸਤੇ ’ਚ ਆਟਾ ਚੱਕੀਆਂ ਆਉਂਦੀਆਂ ਸਨ। ਬਾਹਰ ਸਾਫ਼ ਪਾਣੀ ਵਗਦਾ ਸੀ। ਉੱਥੇ ਅਸੀਂ ਤਖ਼ਤੀਆਂ ਪੋਚਦੇ ਤੇ ਇੱਕ-ਦੂਜੇ ਨਾਲੋਂ ਵੱਧ ਚਮਕਾਉਂਦੇ ਸੀ। ਮਾਂ ਘਰ ਇੰਤਜ਼ਾਰ ਕਰ ਰਹੀ ਹੁੰਦੀ ਸੀ। ਉਹ ਸਕੂਲ ਵੀ ਦੂਰ ਨਹੀਂ ਸੀ। ਚਾਹੁੰਦਾ ਤਾਂ ਆਰਾਮ ਨਾਲ ਗੱਡੀ ਉਸ ਪਾਸੇ ਮੋੜ ਲੈਂਦਾ ਪਰ ਉੱਥੇ ਵੀ ਨਹੀਂ ਗਿਆ।
ਸੜਕ ਤੋਂ ਘਰ ਵੀ ਕਿੱਥੇ ਦੂਰ ਸੀ? ਮਾਂ ਜਦੋਂ ਤਕ ਘਰ ਸੀ ਤਾਂ ਮੈਂ ਉੱਥੇ ਜਾਂਦਾ ਸੀ ਤੇ ਬਚਪਨ ਦੇ ਮਿੱਤਰਾਂ ਨੂੰ ਵੀ ਮਿਲ ਲੈਂਦਾ ਸੀ, ਕਈਆਂ ਨਾਲ ਫੋਨ ’ਤੇ ਗੱਲ ਕਰ ਲੈਂਦਾ ਸੀ। ਪਿਆਰ ਦੀ ਡੋਰੀ ਨਾਲ ਬੰਨ੍ਹਿਆ ਹੋਇਆ ਸੀ। ਮਾਂ ਨਾਲ ਚਾਹੇ ਘੱਟ ਗੱਲ ਕਰਦਾ ਸੀ ਪਰ ਅਹਿਸਾਸ ਹੁੰਦਾ ਸੀ ਕਿ ਮਾਂ ਕੋਲ ਜਾਣਾ ਹੈ। ਪਿਛਲੇ ਦੋ ਵਰ੍ਹਿਆਂ ਤੋਂ ਮਾਂ ਨਹੀਂ ਰਹੀ। ਮੈਂ ਘਰ ਤੋਂ ਦੂਰ ਤਾਂ ਸੀ ਹੀ। ਅਸੀਂ ਤਿੰਨ ਭਰਾ ਹਾਂ। ਸਾਰਿਆਂ ਨਾਲੋਂ ਛੋਟਾ ਉੱਥੇ ਰਹਿੰਦਾ ਹੈ ਤੇ ਵਿਚਕਾਰਲੇ ਨੇ ਆਪਣਾ ਹਿੱਸਾ ਉਹਨੂੰ ਵੇਚ ਦਿੱਤਾ ਹੈ। ਹੁਣ ਸਿਰਫ਼ ਮੇਰਾ ਹਿੱਸਾ ਬਾਕੀ ਸੀ। ਜਦੋਂ ਮੈਂ ਘਰ ਜਾਂਦਾ ਤਾਂ ਉਹ ਮੈਨੂੰ ਇਸ ਨੂੰ ਵੇਚਣ ਦੀ ਜ਼ਿੱਦ ਕਰਦਾ ਸੀ। ਮੈਂ ਘਰ ਦੇ ਹਿੱਸੇ ਨੂੰ ਵੇਚਣਾ ਨਹੀਂ ਚਾਹੁੰਦਾ ਸੀ।
ਦੋ ਸਾਲ ਪਹਿਲਾਂ ਮਾਂ ਦੀ ਮੌਤ ਹੋ ਗਈ। ਮੈਂ ਵੱਡਾ ਪੁੱਤਰ ਹੋਣ ਨਾਤੇ ਸਾਰਾ ਕਿਰਿਆ-ਕਰਮ ਕਰਵਾ ਕੇ ਜਿਉਂ ਹੀ ਵਿਹਲਾ ਹੋਇਆ ਤਾਂ ਛੋਟੇ ਭਰਾ ਨੇ ਇੱਕ ਵਾਰ ਫਿਰ ਮਕਾਨ ਦਾ ਹਿੱਸਾ ਖਰੀਦਣ ਦੀ ਗੱਲ ਕਹੀ। ਮੈਂ ਖ਼ੁਦ ਨੂੰ ਸੁਆਲ ਕੀਤਾ ਕਿ ਜਦੋਂ ਮਾਂ ਨਹੀਂ ਰਹੀ ਤਾਂ ਹੁਣ ਇਸ ਘਰ ’ਚ ਕੀ ਬਾਕੀ ਰਿਹਾ ਹੈ। ਅੰਦਰ ਸੰਨਾਟਾ ਫੈਲ ਗਿਆ ਹੈ। ਮੈਂ ਬਿਨਾਂ ਸੋਚੇ-ਸਮਝੇ ਹਾਂ ਕਰ ਦਿੱਤੀ। ਦੂਜੇ ਦਿਨ ਆਪਣੇ ਹਿੱਸੇ ਦਾ ਮਕਾਨ ਵੇਚ ਕੇ ਪਰਿਵਾਰ ਸਮੇਤ ਘਰ ਆ ਗਿਆ।
ਮੈਨੂੰ ਕਿਸੇ ਮਿੱਤਰ ਨੇ ਫੋਨ ’ਤੇ ਦੱਸਿਆ ਕਿ ਛੋਟੇ ਭਰਾ ਨੇ ਪੁਰਾਣਾ ਮਕਾਨ ਗਿਰਾ ਦਿੱਤਾ ਹੈ। ਉਸ ਦੀ ਥਾਂ ਨਵੇਂ ਨਕਸ਼ੇ ਮੁਤਾਬਕ ਸੋਹਣੀ ਕੋਠੀ ਬਣਾ ਲਈ ਹੈ। ਸੱਚੀ ਦੱਸਾਂ, ਇਹ ਸੁਣ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਮੇਰਾ ਘਰ ਮਰ ਗਿਆ ਹੋਵੇ ਤੇ ਉਸ ਦੀ ਸੂਚਨਾ ਮੈਨੂੰ ਦਿੱਤੀ ਜਾ ਰਹੀ ਹੈ। ਮੈਂ ਇਸ ਦੁੱਖ ਨੂੰ ਸਹਿ ਨਹੀਂ ਸਕਿਆ। ਜਿਵੇਂ-ਕਿਵੇਂ ਫੋਨ ’ਤੇ ਗੱਲ ਖ਼ਤਮ ਕੀਤੀ। ਜਾਪਿਆ ਘਰ ਵੇਚ ਕੇ ਜੋ ਪੈਸੇ ਥੈਲੀ ’ਚ ਘਰ ਲੈ ਆਇਆ ਸੀ ਉਹ ਪੈਸੇ ਨਾ ਹੋ ਕੇ ਮਾਂ ਦੀਆਂ ਅਸਥੀਆਂ ਤੇ ਮਕਾਨ ਦੇ ਫੁੱਲ ਸਨ।
ਮੈਂ ਉੱਥੇ ਸਿਰ ਫੜ ਕੇ ਬੈਠ ਗਿਆ ਸੀ।
ਉਸ ਘਰ ’ਚ ਮੈਂ ਬਚਪਨ ਬਿਤਾਇਆ ਸਗੋਂ ਉਸ ਦੀ ਉਸਾਰੀ ਸਮੇਂ ਦਾਦਾ ਜੀ ਨਾਲ ਲੈਂਟਰ ਦੀ ਤਰਾਈ ਵੀ ਕੀਤੀ ਤਾਂ ਕਿ ਇਹ ਮਜ਼ਬੂਤ ਹੋ ਸਕੇ। ਦਾਦਾ ਜੀ ਨੇ ਬੜੇ ਸ਼ੌਕ ਨਾਲ ਸਾਰੇ ਮੁੰਡਿਆਂ ਦੇ ਨਾਂ ਘਰ ਦੇ ਬਾਹਰ ਉਰਦੂ ’ਚ ਲਿਖਵਾਏ ਸਨ। ਹਰ ਕੋਈ ਆਉਣ-ਜਾਣ ਵਾਲਾ ਇਸ ਨੂੰ ਦੂਰੋਂ ਹੀ ਪੜ੍ਹ ਲੈਂਦਾ ਸੀ।
ਦਾਦਾ ਜੀ ਨੇ ਖ਼ਾਸ ਤੌਰ ’ਤੇ ਘਰ ਦੀ ਛੱਤ ’ਤੇ ਫੁੱਲਾਂ ਲਈ ਗਮਲੇ ਵੀ ਬਣਵਾਏ ਸਨ। ਮੌਸਮ ਦੇ ਹਿਸਾਬ ਨਾਲ ਮੈਂ ਫੁੱਲਾਂ ਵਾਲੇ ਬੂਟੇ ਲੈ ਕੇ ਆਉਂਦਾ ਕਿਉਂਕਿ ਦਾਦੀ ਜੀ ਨੂੰ ਮੰਦਰ ਜਾਣ ਲੱਗੇ ਫੁੱਲਾਂ ਦੀ ਜ਼ਰੂਰਤ ਹੁੰਦੀ ਸੀ। ਫੁੱਲਾਂ ਨਾਲ ਲੱਦੇ ਗਮਲੇ ਦੇ ਬਹਾਨੇ ਨਾਲ ਦਾਦੀ ਨੂੰ ਯਾਦ ਕਰਦਾ ਰਿਹਾ। ਇੱਕ ਵਾਰੀ ਲੱਭ ਕੇ ਮੈਂ ਲਾਜਵੰਤੀ ਦਾ ਪੌਦਾ ਲੈ ਆਇਆ। ਘਰ ਬਹੁਤ ਮਜ਼ਾਕ ਉੱਡਿਆ ਕਿਉਂਕਿ ਦਾਦੀ ਦਾ ਨਾਂ ਲਾਜਵੰਤੀ ਸੀ।
ਕਿੰਨੀਆਂ ਛੋਟੀਆਂ-ਛੋਟੀਆਂ ਯਾਦਾਂ ਘਰ ਨਾਲ ਜੁੜੀਆਂ ਸਨ। ਜਦੋਂ ਘਰ ਹੀ ਨਹੀਂ ਰਿਹਾ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਯਾਦਾਂ ਕੋਈ ਟਿਕਾਣਾ ਲੱਭ ਰਹੀਆਂ ਹੋਣ ਤੇ ਮੇਰੇ ਕੋਲ ਪੁੱਛ ਰਹੀਆਂ ਹੋਣ ਹੁਣ ਦੱਸੋ ਅਸੀਂ ਕਿੱਥੇ ਜਾਈਏ? ਮੈਂ ਕੱਝ ਦਿਨ ਉਦਾਸ ਰਿਹਾ। ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਰਿਸ਼ਤੇਦਾਰ ਮੇਰੇ ਤੋਂ ਵਿਛੜ ਗਿਆ ਹੋਵੇ।
ਮੈਂ ਅੱਜ ਆਪਣੇ ਸ਼ਹਿਰ ਤੋਂ ਨਿਕਲਦੇ ਹੋਏ ਵੀ ਘਰ ਨਹੀਂ ਜਾ ਸਕਿਆ। ਉੱਥੇ ਜਾ ਕੇ ਮੈਨੂੰ ਜੋ ਦੁੱਖ ਮਿਲਣਗੇ ਮੈਂ ਉਨ੍ਹਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹਾਂ। ਮਾਂ ਦੇ ਦੇਹਾਂਤ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਘਰ ਮੈਨੂੰ ਆਪਣੀ ਗੋਦੀ ’ਚ ਬਿਠਾ ਕੇ ਮੇਰਾ ਦੁੱਖ ਕੁਝ ਦੂਰ ਕਰੇਗਾ ਪਰ ਜਦੋਂ ਘਰ ਹੀ ਮਰ ਗਿਆ ਤਾਂ ਮੈਂ ਆਪਣੇ ਸ਼ਹਿਰ ’ਚੋਂ ਹੋ ਕੇ ਨਿਕਲ ਗਿਆ ਸੀ। ਬਾਅਦ ’ਚ ਛੋਟੇ ਭਰਾ ਦਾ ਫੋਨ ਆਇਆ ਕਿ ਕਿਸੇ ਨੇ ਦੱਸਿਆ ਤੁਸੀਂ ਸ਼ਹਿਰ ਆਏ ਸੀ। ਕੀ ਤੁਸੀਂ ਆਏ ਸੀ? ਘਰ ਕਿਉਂ ਨਹੀਂ ਆਏ। ਮੈਂ ਉਸ ਨੂੰ ਕੀ ਕਹਿੰਦਾ ਕਿ ਸ਼ਹਿਰ ਤਾਂ ਬਚ ਗਿਆ, ਕਿਸ ਘਰ ਜਾਵਾਂ, ਘਰ ਹੀ ਨਹੀਂ ਰਿਹਾ।
(ਅਨੁਵਾਦ: ਸੁਰੇਖਾ ਮਿੱਡਾ)