Main Jiunda Rahanga (Story in Punjabi) : Ram Lal
ਮੈਂ ਜਿਊਂਦਾ ਰਹਾਂਗਾ (ਕਹਾਣੀ) : ਰਾਮ ਲਾਲ
ਇਹ ਇਕ ਛੋਟਾ ਜਿਹਾ ਹਿਲ ਸਟੇਸ਼ਨ ਹੈ। ਸ਼ਾਮ ਹੁੰਦਿਆਂ ਹੀ ਇਸਦੀ ਸਾਰੀ ਚਹਿਲ-ਪਹਿਲ ਅਲੋਪ ਹੋਣ ਲੱਗ ਪੈਂਦੀ ਹੈ। ਉੱਚੀਆਂ-ਨੀਵੀਆਂ ਪਹਾੜੀਆਂ ਉੱਤੇ ਬਣੇ ਲਕੜੀ ਤੇ ਟੀਨ ਦੀਆਂ ਚਾਦਰਾਂ ਦੇ ਮਕਾਨਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਤੇ ਵਾਰੀ-ਵਾਰੀ ਉਹ ਸਾਰੀਆਂ ਧੁੰਦਲੀਆਂ ਤੇ ਟਿਮਟਿਮਾਉਂਦੀਆਂ ਹੋਈਆਂ ਬੱਤੀਆਂ ਵੀ ਬੁਝ ਜਾਂਦੀਆਂ ਨੇ, ਜਿਹਨਾਂ ਕਰਕੇ ਕਈ ਕਈ ਮੀਲ ਦੂਰੋਂ ਇਹਨਾਂ ਪਹਾੜੀਆਂ ਨੂੰ ਪਛਾਣਿਆ ਜਾ ਸਕਦਾ ਹੈ। ਪਰ ਉਸ ਦਿਨ ਉਪਰ ਸ਼ਿਮਲੇ ਵਿਚ ਘੰਟਾ ਭਰ ਬਰਫ਼ਬਾਰੀ ਹੁੰਦੀ ਰਹੀ ਸੀ ਤੇ ਉਸਦੇ ਰੁਕਦਿਆਂ ਹੀ ਤੇਜ਼ ਹਵਾਵਾਂ ਚਲ ਪਈਆਂ ਸਨ। ਲੱਗਦਾ ਹੈ ਕੰਡਾਘਾਟ ਦੇ ਲੋਕਾਂ ਨੂੰ ਹੁਣ ਵਧੇਰੇ ਸਰਦੀ ਦਾ ਆਨੰਦ ਮਾਣਨ ਦੀ ਆਦਤ ਨਹੀਂ ਰਹੀ! ਜ਼ਰਾ ਕੁ ਸਰਦੀ ਦਾ ਅਹਿਸਾਸ ਹੁੰਦਿਆਂ ਹੀ ਉਹ ਆਪੋ-ਆਪਣੇ ਖੁੱਡਿਆਂ ਵਿਚ ਜਾ ਵੜਦੇ ਨੇ। ਪਰ ਰਤਨ ਚੰਦ ਮਧੋਕ ਹੱਡੀਆਂ ਵਿਚ ਵੜਦੀ ਜਾ ਰਹੀ ਠੰਡੀ ਹਵਾ ਦੇ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕੀ ਹੌਲੀ-ਹੌਲੀ ਕੱਲਬ ਜਾ ਪਹੁੰਚਿਆ। ਉਹ ਹੋਰ ਸਾਰੇ ਕੰਮ ਭੁੱਲ ਸਕਦਾ ਹੈ, ਪਰ ਸ਼ਾਮ ਨੂੰ ਕੱਲਬ ਜਾਣਾ ਨਹੀਂ ਭੁੱਲਦਾ—ਭਾਵੇਂ ਬਰਫ਼ ਪੈ ਰਹੀ ਹੋਏ ਜਾਂ ਬਰਸਾਤ ਦੀ ਝੜੀ ਲੱਗੀ ਹੋਈ ਹੋਏ! ਅਸਲ ਵਿਚ ਉਸਨੂੰ ਆਪਣੇ ਦੋਸਤਾਂ ਨੂੰ ਨਿਰਾਸ਼ ਕਰਨਾ ਠੀਕ ਨਹੀਂ ਲੱਗਦਾ। ਉਸਨੂੰ ਇਹ ਵੀ ਯਕੀਨ ਹੁੰਦਾ ਹੈ ਕਿ ਕੋਈ ਨਾ ਕੋਈ ਉੱਥੇ ਜ਼ਰੂਰ ਉਡੀਕ ਰਿਹਾ ਹੋਏਗਾ—ਦਯਾ ਕ੍ਰਿਸ਼ਨ ਵੈਸ਼ਨੋਈ, ਸਰਸਵਤੀ ਕੁਮਾਰ ਪਰਮਾਰ, ਹਜੂਰਾ ਸਿੰਘ ਲੋਧੀ ਜਾਂ ਮੁਰਾਦਅਲੀ ਜ਼ਾਕਿਰ! ਉਹਨਾਂ ਤੋਂ ਬਿਨਾਂ ਕਈ ਹੋਰ ਵੀ ਸਨ ਜਿਹੜੇ ਕੰਡਾਘਾਟ, ਸ਼ਿਮਲਾ, ਸੋਲਨ, ਜੁਟੋਗ ਵਗ਼ੈਰਾ ਵਿਚ ਵਕਾਲਤ, ਠੇਕੇਦਾਰੀ, ਸਰਕਾਰੀ ਅਫ਼ਸਰੀ, ਪੈਟ੍ਰੋਲ ਦਾ ਜਾਂ ਕੋਈ ਹੋਰ ਧੰਦਾ ਕਰਦੇ ਨੇ। ਉਹ ਸਾਰੇ ਨਵੇਂ-ਨਵੇਂ ਲੋਕ ਨੇ ਜਿਹੜੇ ਪੁਰਾਣਿਆਂ ਦੇ ਮਰ ਜਾਣ ਕਾਰਨ ਜਾਂ ਉਹਨਾਂ ਦੇ ਕਾਰੋਬਾਰੀ ਜੀਵਨ ਤੋਂ ਸਨਿਆਸ ਲੈ ਲੈਣ ਕਾਰਨ ਉਹਨਾਂ ਦੀ ਜਗ੍ਹਾ ਲੈ ਚੁੱਕੇ ਨੇ। ਉਹ ਪੁਰਾਣੇ ਲੋਕਾਂ ਵਾਂਗ ਮੋਹ-ਪ੍ਰੇਮ ਜਾਂ ਰੱਖ-ਰਖਾਅ ਵਿਚ ਵਿਸ਼ਵਾਸ ਨਹੀਂ ਕਰਦੇ, ਫੇਰ ਵੀ ਮਧੋਕ ਸਾਹਬ ਨੂੰ ਉਹਨਾਂ ਨਾਲ ਮਿਲ ਕੇ ਕਦੀ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ ਇਹਨਾਂ ਦੀ ਬੜੀ ਇੱਜ਼ਤ ਕਰਦੇ ਨੇ। ਜਦੋਂ ਇਹ ਉਹਨਾਂ ਨੂੰ ਚੁਟਕਲੇ ਸੁਣਾ ਰਹੇ ਹੁੰਦੇ ਨੇ, ਖਾਸ ਤੌਰ 'ਤੇ ਸੈਕਸੀ ਚੁਟਕਲਿਆਂ ਉੱਤੇ ਤਾਂ ਉਹ ਖ਼ੂਬ ਦਿਲ ਖੋਲ੍ਹ ਕੇ ਹੱਸਦੇ ਨੇ। ਮਧੋਕ ਸਾਹਬ ਤੋਂ ਉਰਦੂ ਦੇ ਸ਼ਿਅਰ ਸੁਣਨ ਲਈ ਵੀ ਉਹ ਹਰ ਸਮੇਂ ਉਤਸੁਕ ਨਜ਼ਰ ਆਉਂਦੇ ਨੇ। ਇਹਨਾਂ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ—ਇਕਬਾਲ, ਮੀਰ, ਗ਼ਾਲਿਬ, ਜੋਸ਼, ਜਿਗਰ, ਫ਼ੈਜ, ਹਫੀਜ਼, ਅਖ਼ਤਰ ਸ਼ੀਰਾਨੀ ਵਗ਼ੈਰਾ ਸ਼ਾਇਰਾਂ ਦਾ ਕਲਾਮ ਇਹ ਅਕਸਰ ਉਹਨਾਂ ਨੂੰ ਸੁਣਾਉਂਦੇ ਨੇ। ਸ਼ਿਮਲਾ ਕੋਰਟ ਵਿਚ, ਜਿੱਥੇ ਇਹ ਵਕਾਲਤ ਕਰਦੇ ਨੇ, ਵੀ ਇਹਨਾਂ ਦੇ ਕਈ ਸ਼ਰਧਾਲੂ ਨੇ। ਉਹਨਾਂ ਵਿਚ ਜੱਜ, ਮਜਿਸਟ੍ਰੇਟ, ਵਕੀਲ ਤੇ ਮੁਵਕਿਲ ਤਕ ਸ਼ਾਮਲ ਨੇ। ਆਪਣੇ ਨਿੱਘੇ ਤੇ ਮਿੱਠੇ ਸੁਭਾਅ ਸਦਕਾ ਇਹਨਾਂ ਨੇ ਅਨੇਕਾਂ ਮੁਕੱਦਮੇਂ ਹਸਦਿਆਂ-ਹਸਦਿਆਂ ਜਿੱਤ ਲਏ ਨੇ। ਇਸ ਕਰਕੇ ਹੀ ਅਣਗਿਣਤ ਯਾਰ-ਮਿੱਤਰ ਵੀ ਨੇ ਇਹਨਾਂ ਦੇ। ਇਹਨਾਂ ਨੂੰ ਵੱਡੀ ਤੋਂ ਵੱਡੀ ਮਹਿਫ਼ਿਲ ਵਿਚ ਵੀ, ਮਹਿਫ਼ਿਲ ਦੀ ਜਾਨ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਇਹਨਾਂ ਦੀ ਪਚਾਸੀ ਸਾਲ ਦੀ ਉਮਰ ਦਾ ਵਧੇਰੇ ਹਿੱਸਾ ਇਵੇਂ ਹੀ ਹੱਸਦਿਆਂ-ਹਸਾਉਂਦਿਆਂ, ਗਾਉਂਦਿਆਂ-ਗੁਣਗੁਣਾਉਂਦਿਆਂ ਤੇ ਸ਼ਿਅਰ ਸੁਣਾਉਂਦਿਆਂ ਹੀ ਬੀਤਿਆ ਹੈ। ਹਮੇਸ਼ਾ ਹੀ ਇਹਨਾਂ ਦੇ ਬੁੱਲ੍ਹ ਹਿਲ ਰਹੇ ਹੁੰਦੇ ਨੇ—ਜਦੋਂ ਕੋਈ ਆਸ-ਪਾਸ ਨਹੀਂ ਹੁੰਦਾ ਉਦੋਂ ਵੀ ਇਹ ਗੁਣਗੁਣਾ ਰਹੇ ਹੁੰਦੇ ਨੇ। ਇਹ ਕਦੇ ਵੀ ਇਕਾਂਤ ਪਸੰਦ ਨਹੀਂ ਰਹੇ—ਜਦੋਂ ਕਦੀ ਇਕਾਂਤ ਦਾ ਅਹਿਸਾਸ ਹੁੰਦਾ ਹੈ, ਇਹ ਗਾਉਣਾ ਸ਼ੁਰੂ ਕਰ ਦਿੰਦੇ ਨੇ।
ਘਰ ਵਿਚ ਇਹਨਾਂ ਨਾਲ ਇਹਨਾਂ ਦੀ ਬੁੱਢੀ ਪਤਨੀ ਰਹਿੰਦੀ ਹੈ। ਕੋਈ ਹੋਰ ਨਹੀਂ ਮਿਲਦਾ ਤਾਂ ਇਹ ਉਸਨੂੰ ਸੁਣਾਉਣ ਬੈਠ ਜਾਂਦੇ ਨੇ। ਸ਼੍ਰੀਮਤੀ ਮਧੋਕ ਨੇ ਆਪਣੇ ਆਪ ਨੂੰ ਇਹਨਾਂ ਦੇ ਅਨੁਸਾਰ ਢਾਲ ਲਿਆ ਹੈ। ਉਹ ਵੀ ਇਹਨਾਂ ਦੀ ਪੂਰੀ ਸ਼ਰਧਾਲੂ ਹੈ। ਜੋ ਕੁਝ ਵੀ ਇਹ ਉਸਨੂੰ ਸੁਣਾਉਂਦੇ ਨੇ, ਉਹ ਬੜੇ ਧਿਆਨ ਨਾਲ ਸੁਣਦੀ ਰਹਿੰਦੀ ਹੈ। ਇਹਨਾਂ ਨੂੰ ਖੁਸ਼ ਰੱਖਣ ਖਾਤਰ ਹੀ ਸਹੀ। ਮਧੋਕ ਸਾਹਬ ਆਪਣੇ ਨਾਲ ਕਿੰਨੇ ਵੀ ਮਹਿਮਾਨ ਘਰ ਲੈ ਆਉਣ, ਸ਼੍ਰੀਮਤੀ ਮਧੋਕ ਉਹਨਾਂ ਨੂੰ ਦਿਲੋਂ ਜੀ-ਆਇਆਂ ਕਹਿੰਦੀ ਹੈ। ਉਹਨਾਂ ਸਭਨਾਂ ਦੀ ਖਾਤਰ ਕਰਨ ਤੋਂ ਉਸਨੇ ਕਦੀ ਵੀ ਕੰਨੀ ਨਹੀਂ ਬਚਾਈ। ਕੁਝ ਮਹਿਮਾਨ ਵੇਲੇ-ਕੁਵੇਲੇ ਜਾਂ ਕਈ-ਕਈ ਵਾਰੀ ਚਾਹ ਜਾਂ ਕਾਫੀ ਮੰਗਦੇ ਨੇ—ਤੇ ਕਈ-ਕਈ ਤਾਂ ਸਿਰਫ ਸ਼ਰਾਬ ਪੀਣ ਦੀ ਲਲਕ ਨਾਲ ਹੀ ਤੁਰ ਆਉਂਦੇ ਨੇ। ਉਪਰ ਸ਼ਿਮਲੇ ਦੇ ਮੁਸ਼ਾਇਰਿਆਂ ਵਿਚ ਸ਼ਾਮਲ ਹੋਣ ਲਈ ਭਾਰਤ ਤੇ ਪਾਕਿਸਤਾਨ ਦੇ ਕਈ ਸ਼ਾਇਰ ਆਉਂਦੇ ਰਹਿੰਦੇ ਨੇ—ਉਹਨਾਂ ਵਿਚੋਂ ਵਧੇਰੇ ਉੱਥੇ ਜਾਣ ਤੋਂ ਪਹਿਲਾਂ ਜਾਂ ਵਾਪਸੀ ਸਮੇਂ ਮਧੋਕ ਸਾਹਬ ਦੇ ਘਰ ਵੀ ਜ਼ਰੂਰ ਠਹਿਰਦੇ ਨੇ। ਇਸ ਪੂਰੇ ਇਲਾਕੇ ਵਿਚ ਉਹਨਾਂ ਨੂੰ ਸਿਰਫ ਰਤਨ ਚੰਦ ਮਧੋਕ ਹੀ ਇਕ ਅਜਿਹਾ ਆਦਮੀ ਨਜ਼ਰ ਆਉਂਦਾ ਹੈ, ਜਿਹੜਾ ਉਹਨਾਂ ਦੇ ਕਲਾਮ ਉੱਤੇ ਦਿਲ ਖੋਲ੍ਹ ਕੇ ਸਹੀ ਤਰੀਕੇ ਨਾਲ ਦਾਦ ਦੇ ਸਕਦਾ ਹੈ ਤੇ ਜਿਹੜਾ ਉਹਨਾਂ ਨੂੰ ਚਾਲ੍ਹੀ ਪੰਤਾਲੀ ਸਾਲ ਪਹਿਲਾਂ ਦੀਆਂ ਸਾਹਿਤਕ ਮਹਿਫ਼ਿਲਾਂ ਦਾ ਇਹੋ ਜਿਹਾ ਦਿਲਚਸਪ ਅੱਖੀਂ ਡਿੱਠਾ ਹਾਲ ਸੁਣਾ ਸਕਦਾ ਹੈ, ਜਿਸਦਾ ਜ਼ਿਕਰ ਕਿਤਾਬਾਂ ਵਿਚ ਵੀ ਸਰਸਰੀ ਤੌਰ 'ਤੇ ਮਿਲਦਾ ਹੈ। ਸੰਗੀਤ ਦੇ ਰਸੀਆ ਵੀ ਇਸੇ ਖਿੱਚ ਸਦਕਾ ਇੱਥੋਂ ਤਕ ਆ ਪਹੁੰਚਦੇ ਨੇ ਕਿ ਮਧੋਕ ਸਾਹਬ ਕਈ ਵੱਡੇ-ਵੱਡੇ ਸੰਗੀਤਕਾਰਾਂ ਨਾਲ ਵੀ ਰਹਿ ਚੁੱਕੇ ਨੇ—ਦਲੀਪ ਚੰਦ ਬੇਦੀ, ਬਰਕਤ ਅਲੀ ਖ਼ਾਂ, ਮੁਹੰਮਦ ਸ਼ਰੀਫ਼ ਪੁੰਛ ਵਾਲੇ, ਸਿਤਾਰ ਨਵਾਜ਼, ਅਲੀ ਬਖ਼ਸ਼ ਤਬਲਾ ਨਵਾਜ਼, ਅਖ਼ਤਰ ਬਾਈ ਵਗ਼ੈਰਾ ਅਜਿਹੀਆਂ ਹਸਤੀਆਂ ਨੇ ਜਿਹਨਾਂ ਦੀਆਂ ਰਚੀਆਂ ਹੋਈਆਂ ਧੁਨਾਂ ਠੁਮਰੀਆਂ, ਖ਼ਿਆਲ ਬਾਗੇਸ਼ਵਰੀ ਤੇ ਟੱਪੇ ਵਗ਼ੈਰਾ ਘੰਟਿਆਂ ਬੱਧੀ ਸੁਣਾ ਸਕਦੇ ਨੇ। ਇਹ ਅਖ਼ਤਰ ਬੇਗ਼ਮ ਤੇ ਆਗਾ ਹਸ਼ਰ ਕਸ਼ਮੀਰੀ ਦੀ ਸੋਹਬਤ ਵਿਚ ਵੀ ਰਹਿ ਚੁੱਕੇ ਨੇ ਜਿਹਨਾਂ ਦੀਆਂ ਪ੍ਰੇਮ ਕਥਾਵਾਂ ਤੇ ਡਰਾਮੇ ਹੁਣ ਇਤਿਹਾਸ ਦੇ ਪੰਨਿਆਂ ਵਿਚ ਗਵਾਚ ਚੁੱਕੇ ਨੇ। ਉਹਨਾਂ ਨਾਲ ਵੀ ਰਤਨ ਚੰਦ ਮਧੋਕ ਦਾ ਇਕ ਵੱਖਰਾ ਨਾਂ ਸੀ। ਵਰਤਮਾਨ ਸਦੀ ਦੇ ਪਹਿਲੇ ਚਾਰ ਦਹਾਕਿਆਂ ਵਿਚ ਨਿਊ ਅਲਫਰਡ ਥਿਏਟਰੀਕਲ ਕੰਪਨੀ ਦੇ ਇਕ ਮਹੱਤਵਪੂਰਨ ਮੁਲਾਜ਼ਮ ਦੀ ਹੈਸੀਅਤ ਵਜੋਂ ਮਧੋਕ ਸਾਹਬ ਨੇ ਵੀ ਲਾਹੌਰ ਵਿਚ ਕਈ ਡਰਾਮੇ ਪੇਸ਼ ਕੀਤੇ ਸਨ। ਤਿੰਨ ਚਾਰ ਫ਼ਿਲਮਾਂ ਵੀ ਬਣਾਈਆਂ ਸਨ। ਇਹਨਾਂ ਨੇ ਕਲਾ ਤੇ ਸੰਗੀਤ ਦੇ ਮੈਦਾਨ ਵਿਚ ਕਈ ਜਣਿਆ ਨੂੰ ਉਛਾਲ ਕੇ ਆਸਮਾਨ ਤਕ ਪਹੁੰਚਾ ਦਿੱਤਾ ਸੀ। ਮਾਇਆ ਬੈਨਰਜੀ, ਮਹਿਤਾਬ, ਮਾਸਟਰ ਨਿਸਾਰ, ਮਾਸਟਰ ਬਸ਼ੀਰ, ਮਾਣਕ ਲਾਲ ਤੇ ਹੋਰ ਵੀ ਕਈ ਜਣੇ ਕਲਾ ਦੇ ਭਿੰਨ-ਭਿੰਨ ਖੇਤਰਾਂ ਵਿਚ ਤੱਰਕੀ ਕਰਦੇ ਹੋਏ ਪ੍ਰਸਿੱਧੀ ਦੀਆਂ ਸਿਖ਼ਰਾਂ ਤੇ ਪਹੁੰਚ ਗਏ। ਹੁਣ ਤਾਂ ਉਹ ਸਾਰੇ ਹੀ ਰਿਟਾਇਰਡ ਹੋ ਕੇ ਗੁਮਨਾਮ ਵੀ ਹੋ ਚੁੱਕੇ ਨੇ। ਉਹਨਾਂ ਅਣਗਿਣਤ ਹੀਰੋ-ਹੀਰੋਇਨਾਂ, ਨਿਰਦੇਸ਼ਕਾਂ ਤੇ ਫ਼ਿਲਮ ਨਿਰਮਾਤਾਵਾਂ ਦੀ ਕਤਾਰ ਵਿਚ ਇਕ ਇਹਨਾਂ ਦਾ ਛੋਟਾ ਭਰਾ ਵੀ ਸੀ, ਜਿਹੜਾ ਫ਼ਿਲਮੀ ਜਗਤ ਵਿਚ ਮਹਾਕਵੀ ਮਧੋਕ ਦੇ ਨਾਂ ਨਾਲ ਚਮਕਿਆ। ਉਹ ਵੀ ਕਦੇ ਕਦਾਰ, ਦੋ ਚਹੁੰ ਸਾਲਾਂ ਬਾਅਦ, ਅਚਾਨਕ ਇਹਨਾਂ ਨੂੰ ਮਿਲਣ ਆ ਜਾਂਦਾ ਹੈ। ਉਸਦਾ ਯੁੱਗ ਵੀ ਹੁਣ ਸਮਾਪਤ ਹੋ ਚੁੱਕਿਆ ਹੈ। ਪਰ ਉਹ ਜਦੋਂ ਵੀ ਆ ਬਹੁੜਦਾ ਹੈ, ਕਵਿਤਾ ਤੇ ਸੰਗੀਤ ਦੀ ਮਹਿਫ਼ਿਲ ਮੁੜ ਜੰਮ ਜਾਂਦੀ ਹੈ। ਆਸ-ਪਾਸ ਦੇ ਪਹਾੜੀ ਖੇਤਰ ਦੇ ਖਾਸ ਖਾਸ ਲੋਕਾਂ ਨੂੰ ਬੁਲਵਾ ਲਿਆ ਜਾਂਦਾ ਹੈ। ਤੇ ਫੇਰ ਕਈ ਕਈ ਹਫ਼ਤੇ ਰਤਨ ਚੰਦ ਮਧੋਕ ਆਪਣੇ ਭਰਾ ਨਾਲ ਰਲ ਕੇ ਇੰਜ ਬੇਖ਼ੁਦ ਹੋ ਕੇ ਗਾਉਂਦੇ ਰਹਿੰਦੇ ਨੇ, ਜਿਵੇਂ ਉਹਨਾਂ ਦਾ ਜ਼ਮਾਨਾ ਕੋਈ ਖਾਸ ਪਿੱਛੇ ਨਾ ਰਹਿ ਗਿਆ ਹੋਏ। ਅਜੇ ਉਸ ਜ਼ਮਾਨੇ ਦਾ ਅੰਤ ਨਹੀਂ ਹੋਇਆ; ਅਜੇ ਉਸ ਵਿਚ ਪ੍ਰਾਣ ਤੰਤੂ ਬਾਕੀ ਹੈ!
ਮਧੋਕ ਸਾਹਬ ਖ਼ੂਬ ਗਰਮ ਕੱਪੜਿਆਂ ਵਿਚ ਲਿਪਟੇ ਕੱਲਬ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਸਿਵਾਏ ਦੋ ਬੈਰਿਆਂ ਦੇ ਹੋਰ ਕੋਈ ਨਜ਼ਰ ਨਹੀਂ ਆਇਆ। ਉਹ ਇਕ ਛੋਟੇ ਜਿਹੇ ਕੈਬਿਨ ਵਿਚ ਜਾ ਕੇ ਬੈਠ ਗਏ। ਉਹਨਾਂ ਨੂੰ ਪੂਰਾ ਯਕੀਨ ਸੀ, ਥੋੜ੍ਹੀ ਦੇਰ ਵਿਚ ਹੀ ਕੋਈ ਨਾ ਕੋਈ ਜ਼ਰੂਰ ਆ ਜਾਏਗਾ—ਜੇ ਨਾ ਵੀ ਆਇਆ ਤਾਂ ਵੀ ਉਹ ਇੰਤਜ਼ਾਰ ਜ਼ਰੂਰ ਕਰਨਗੇ। ਉਹਨਾਂ ਆਪਣੀ ਮਨ ਪਸੰਦ ਵਿਸਕੀ ਦਾ ਇਕ ਡਬਲ ਪੈਗ ਮੰਗਵਾ ਲਿਆ ਤੇ ਕੁਝ ਘੁੱਟਾਂ ਪੀ ਕੇ ਅੱਖਾਂ ਬੰਦ ਕਰ ਲਈਆਂ। ਕੁਰਸੀ ਦੀ ਢੋਅ ਉੱਤੇ ਸਿਰ ਟਿਕਾਅ ਲਿਆ ਤੇ ਗੁਣਗੁਣਾਉਣ ਲੱਗ ਪਏ...:
(ਅੱਜ ਉਹਨਾਂ ਨੇ ਮੀਆਂ ਦੀ ਤੋੜੀ ਸ਼ੁਰੂ ਕਰ ਦਿੱਤੀ—ਇਕ ਅਰਸੇ ਬਾਅਦ ਇਹ ਬੋਲ ਉਹਨਾਂ ਦੀ ਜ਼ੁਬਾਨ ਉੱਤੇ ਆਏ ਸਨ।)
ਸਾਈਂ ਅੱਲਾ ਜਾਣੇ ਮੌਲਾ ਜਾਣੇ
ਬਾਰੀਂ ਬਰਸੀਂ ਮੇਰਾ ਰਾਂਝਣ ਆਇਆ
ਮੈਂ ਬੋਲਾਂ ਕਿ ਰੁੱਸਾਂ
ਸਹੇਲੜੀਆਂ ਕੋਲੋਂ ਪੁੱਛਣ ਲੱਗੀ-ਆਂ
ਸਾਈਂ ਅੱਲਾ ਜਾਣੇ ਮੌਲਾ ਜਾਣੇ।
ਉਹ ਦੋ ਘੰਟੇ ਤਕ ਲਗਾਤਾਰ ਗਾਉਂਦੇ ਰਹੇ। ਇਸੇ ਦੌਰਾਨ ਤਿੰਨ ਪੈਗ ਹੋਰ ਵੀ ਪੀ ਲਏ ਸਨ ਉਹਨਾਂ ਨੇ। ਦੋਵੇਂ ਬੈਰੇ ਦਰਵਾਜ਼ੇ ਕੋਲ ਖੜ੍ਹੇ ਸੁਣਦੇ ਰਹੇ ਤੇ ਉਹਨਾਂ ਵਲ ਇਕਟਕ ਦੇਖਦੇ ਰਹੇ। ਫੇਰ ਉਹਨਾਂ ਵਿਚੋਂ ਇਕ ਨੇ ਮੌਕਾ ਦੇਖ ਕੇ ਬੜੀ ਸਭਿਅਤਾ ਨਾਲ ਝੁਕ ਕੇ ਕਿਹਾ, “ਹਜੂਰ, ਦਸ ਵੱਜ ਚੁੱਕੇ ਨੇ। ਹੁਣ ਤਾਂ ਕਿਸੇ ਦੇ ਆਉਣ ਦੀ ਕੋਈ ਉਮੀਦ ਨਹੀਂ।”
ਸੁਣ ਕੇ ਮਧੋਕ ਸਾਹਬ ਨੇ ਹੈਰਾਨ ਹੋ ਕੇ ਉਸ ਵਲ ਦੇਖਿਆ। ਫੇਰ ਮੁਸਕੁਰਾ ਪਏ ਤੇ ਹੌਲੀ ਜਿਹੀ ਕੁਰਸੀ ਤੋਂ ਉਠ ਖੜ੍ਹੇ ਹੋਏ। ਮੇਜ਼ ਉੱਤੇ ਲਾਹ ਕੇ ਰੱਖੀ ਹੋਈ ਟੋਪੀ ਨੂੰ ਸਿਰ ਉੱਤੇ ਜਚਾਇਆ। ਓਵਰਕੋਟ ਦੇ ਸਾਰੇ ਬਟਨ ਬੰਦ ਕੀਤੇ। ਮਫ਼ਲਰ ਨੂੰ ਗਰਦਨ ਦੁਆਲੇ ਚੰਗੀ ਤਰ੍ਹਾਂ ਲਪੇਟਿਆ ਤੇ ਸਿਗਾਰ ਸੁਲਗਾ ਕੇ ਬਾਹਰ ਨਿਕਲ ਆਏ।
ਹਵਾ ਕਾਫੀ ਤੇਜ਼ ਚੱਲ ਰਹੀ ਸੀ। ਠਾਰੀ ਵੀ ਵਧ ਗਈ ਸੀ। ਕੋਈ ਦੁਕਾਨ ਖੁੱਲ੍ਹੀ ਸੀ, ਨਾ ਕੋਈ ਮਕਾਨ। ਹਰ ਪਾਸੇ ਚੁੱਪ ਵਰਤੀ ਹੋਈ ਸੀ। ਸਿਰਫ ਬਿਜਲੀ ਦੇ ਖੰਭੇ ਹੀ ਜਗ ਰਹੇ ਸਨ—ਜਿਵੇਂ ਉਹਨਾਂ ਨੂੰ ਹੀ ਉਡੀਕ ਰਹੇ ਹੋਣ ਕਿ ਉਹ ਆਪਣੇ ਘਰ ਜਾਣ ਤਾਂ ਉਹ ਵੀ ਅੱਖਾਂ ਮੀਚ ਕੇ ਸੌਂ ਜਾਣ।
ਮਧੋਕ ਸਾਹਬ ਸੰਭਲ ਸੰਭਲ ਕੇ ਪੈਰ ਧਰਦੇ ਹੋਏ ਇਕ ਪਹਾੜੀ ਦੀ ਢਲਾਣ ਉਤਰ ਕੇ ਦੂਜੀ ਦੀ ਚੜ੍ਹਾਈ ਚੜ੍ਹਨ ਲੱਗ ਪਏ। ਇਸ ਢਲਾਣ ਤੇ ਚੜ੍ਹਾਈ ਦਾ ਸਫ਼ਰ ਕਰਦਿਆਂ ਹੋਇਆਂ ਉਹਨਾਂ ਨੂੰ ਹਮੇਸ਼ਾ ਇੰਜ ਲੱਗਦਾ ਹੈ, ਜਿਵੇਂ ਇਹ ਪਹਾੜੀਆਂ ਦੋ ਭੈਣਾ ਹੋਣ ਜਿਹਨਾਂ ਨੂੰ ਇਕ ਦੂਜੀ ਦੇ ਗੁਆਂਢ ਵਿਚ ਹੀ ਵਿਆਹ ਦਿੱਤਾ ਗਿਆ ਹੋਏ। ਕੱਲਬ ਵਾਲੀ ਪਹਾੜੀ ਨੂੰ ਉਹ ਛੋਟੀ ਭੈਣ ਸਮਝਦੇ ਨੇ ਤੇ ਜਿਸ ਪਹਾੜੀ ਉੱਤੇ ਉਹਨਾਂ ਦਾ ਕਾਟੇਜ ਹੈ, ਉਸਦੀ ਕਲਪਨਾ ਉਹ ਇਸਦੀ ਵੱਡੀ ਭੈਣ ਦੇ ਤੌਰ 'ਤੇ ਕਰਦੇ ਨੇ। ਕਦੀ ਕਦੀ ਉਹ ਮਜ਼ਾਕ ਵਿਚ ਕਹਿ ਵੀ ਦਿੰਦੇ ਨੇ—“ਕੱਲਬ ਵਾਲੀ ਪਹਾੜੀ ਮੇਰੀ ਸਾਲੀ ਏ!”
ਵੱਡੀ ਪਹਾੜੀ ਦੀ ਪਿੱਠ ਉੱਤੇ ਉਹਨਾਂ ਦਾ ਕਾਟੇਜ ਹੈ—ਜਿਸ ਦੇ ਛੇ ਕਮਰੇ, ਇਕ ਲੰਮਾਂ ਵਰਾਂਡਾ ਤੇ ਉਹਨਾਂ ਉੱਤੇ ਟੈਨਿਸ ਕੋਰਟ ਵਰਗੀ ਇਕ ਖੁੱਲ੍ਹੀ, ਸਮਤਲ, ਚੌੜੀ ਛੱਤ ਹੈ। ਉਸਦੇ ਨਾਲ ਦੀ ਸ਼ਿਮਲਾ ਕਾਲਕਾ ਰੋਡ ਲੰਘਦੀ ਹੈ, ਜਿਹੜੀ ਸੱਪ ਵਾਂਗ ਵਲ਼ ਖਾਂਦੀ ਹੋਈ ਕਿਤੋਂ ਤਾਂ ਪਹਾੜੀਆਂ ਦੀ ਓਟ ਵਿਚ ਹੋ ਜਾਂਦੀ ਹੈ ਤੇ ਕਿਤੋਂ ਦਿਖਾਈ ਦੇਣ ਲੱਗ ਪੈਂਦੀ ਹੈ। ਖੱਬੇ ਪਾਸੇ ਇਕ ਡੂੰਘੀ ਢਲਾਣ ਹੈ, ਵਾਦੀਆਂ ਨੇ, ਛੋਟੇ ਛੋਟੇ ਖੇਤ ਨੇ—ਉਹਨਾਂ ਤਕ ਪਹੁਚਣ ਲਈ ਪੌੜੀਆਂ ਹੈਨ। ਖਿਡੌਣਿਆਂ ਵਾਂਗ ਨਜ਼ਰ ਆਉਂਦੇ ਅਣਗਿਣਤ ਛੋਟੇ ਛੋਟੇ, ਰੰਗ-ਬਿਰੰਗੇ ਮਕਾਨ ਤੇ ਉਹਨਾਂ ਤੋਂ ਸੈਂਕੜੇ ਮੀਲ ਦੂਰ ਤਕ ਫੈਲੀਆਂ ਪਹਾੜੀਆਂ ਦੇ ਝੁੰਡ ਆਕਾਸ਼ ਨੂੰ ਛੂੰਹਦੇ ਹੋਏ ਨਜ਼ਰ ਆਉਂਦੇ ਨੇ। ਇਕ ਨਾਲ ਇਕ ਜੁੜੇ ਹੋਏ ਹਰੇ, ਪੀਲੇ ਜਾਂ ਲਾਲ ਪਹਾੜ ਸ਼ਰਮੀਲੇ ਗੱਭਰੂਆਂ ਵਾਂਗ ਆਪਣੀਆਂ ਮਨਪਸੰਦ ਕੁੜੀਆਂ ਵਲ ਚੋਰ ਨਜ਼ਰਾਂ ਨਾਲ ਤੱਕ ਕੇ ਅਚਾਨਕ ਮੂੰਹ ਭੁਆਂ ਕੇ ਖੜ੍ਹੇ ਹੋ ਗਏ ਜਾਪਦੇ ਨੇ।
ਮਧੋਕ ਸਾਹਬ ਆਪਣੇ ਕਾਟੇਜ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਆਪਣੇ ਕਾਕ ਸਪੇਨੀਅਲ ਰਾਕਸੀ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਰਾਕਸੀ ਨੇ ਉਹਨਾਂ ਦੀ ਬੂ ਪਛਾਣ ਲਈ ਸੀ। ਉਹ ਪੌੜੀਆਂ ਉਤਰ ਕੇ ਆਪਣੇ ਛੋਟੇ ਜਿਹੇ ਵਿਹੜੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਨੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲ੍ਹਦਿਆਂ ਹੀ ਰਾਕਸੀ ਛਾਲ ਮਾਰ ਕੇ ਬਾਹਰ ਆ ਗਿਆ ਤੇ ਮਧੋਕ ਸਾਹਬ ਦੇ ਉੱਤੇ ਚੜ੍ਹਨ, ਪੈਰਾਂ ਵਿਚ ਲਿਟਣ ਤੇ ਕੂੰ-ਕੂੰ ਦੀਆਂ ਆਵਾਜ਼ਾਂ ਕੱਢਣ ਲੱਗ ਪਿਆ। ਮਧੋਕ ਸਾਹਬ ਨੇ ਝੁਕ ਕੇ ਉਸਨੂੰ ਗੋਦੀ ਵਿਚ ਚੁੱਕ ਲਿਆ ਤੇ ਪਿਆਰ ਕਰਦੇ ਹੋਏ ਅੰਦਰ ਲੰਘ ਗਏ। ਦਰਵਾਜ਼ਾ ਬੰਦ ਕਰਕੇ ਪਿੱਛੇ-ਪਿੱਛੇ ਉਹਨਾਂ ਦੀ ਪਤਨੀ ਵੀ ਆ ਗਈ।
ਰਾਕਸੀ ਨੂੰ ਉਹਨਾਂ ਨੇ ਆਪ ਆਪਣੇ ਹੱਥੀਂ ਇਕ ਸਟੋਰ ਵਿਚ ਬੰਦ ਕੀਤਾ ਤੇ ਬਾਹਰੋਂ ਕੁੰਡਾ ਲਾ ਦਿੱਤਾ। ਰਾਤ ਨੂੰ ਏਡੇ ਛੋਟੇ ਜਾਨਵਰ ਨੂੰ ਖੁੱਲ੍ਹਾ ਛੱਡਣਾ ਖਤਰੇ ਤੋਂ ਖਾਲੀ ਨਹੀਂ ਸੀ—ਕਾਫੀ ਅਰਸਾ ਪਹਿਲਾਂ ਉਹਨਾਂ ਦੇ ਦੋ ਅਜਿਹੇ ਹੀ ਪਿਆਰੇ-ਪਿਆਰੇ ਕੁੱਤੇ ਇਕ ਲੱਕੜਬਗਾ ਚੁੱਕ ਕੇ ਲੈ ਗਿਆ ਸੀ।
ਉਹ ਆਪਣੇ ਕਮਰੇ ਵਿਚ ਪਹੁੰਚੇ ਤਾਂ ਸ਼੍ਰੀਮਤੀ ਮਧੋਕ ਉਹਨਾਂ ਦੇ ਪਲੰਘ ਕੋਲ ਪਈ ਮੇਜ਼ ਉੱਤੇ ਆਮਲੇਟ, ਡਬਲ-ਰੋਟੀ ਦੇ ਦੋ ਸਲਾਈਸ ਤੇ ਟਮੈਟੋ-ਸਾਸ ਵਾਲੀ ਬੋਤਲ ਲਿਆ ਕੇ ਰੱਖ ਚੁੱਕੀ ਸੀ। ਉਸੇ ਮੇਜ਼ ਉੱਤੇ ਕਾਨੂੰਨ ਦੀਆਂ ਕੁਝ ਕਿਤਾਬਾਂ ਤੇ ਸਵੇਰ ਦਾ ਬਾਸੀ ਟ੍ਰਿਬਿਊਨ ਵੀ ਪਿਆ ਹੋਇਆ ਸੀ। ਮਧੋਕ ਸਾਹਬ ਨੇ ਉੱਥੇ ਖੜ੍ਹਿਆਂ-ਖੜ੍ਹਿਆਂ ਹੀ ਓਵਰਕੋਟ ਤੇ ਪੈਂਟ ਲਾਹ ਕੇ ਕੰਧ ਨਾਲ ਟੰਗ ਦਿੱਤੇ। ਉਹਨਾਂ ਦੇ ਸਰੀਰ ਉੱਤੇ ਅਜੇ ਵੀ ਪੂਰੀਆਂ ਬਾਹਾਂ ਦੀ ਜਰਸੀ, ਗਰਮ ਕਮੀਜ਼, ਗਰਮ ਪਾਜਾਮਾ ਤੇ ਗਲ਼ੇ ਦੁਆਲੇ ਮਫ਼ਲਰ ਲਿਪਟਿਆ ਹੋਇਆ ਸੀ। ਉਹ ਪਲੰਘ ਉੱਤੇ ਬੈਠ ਕੇ ਖਾਣਾ ਖਾਣ ਲੱਗ ਪਏ। ਉਹਨਾਂ ਦੀ ਪਤਨੀ ਨਾਲ ਵਾਲੇ ਬਿਸਤਰੇ ਵਿਚ ਰਜਾਈ ਵਿਚ ਵੜ ਕੇ ਬੈਠ ਗਈ ਤੇ ਅਚਾਨਕ ਚੁੱਪ ਹੋਰ ਗੂੜ੍ਹੀ ਹੋ ਗਈ।
ਉਹਨਾਂ ਦੀ ਜ਼ਿੰਦਗੀ ਦੇ ਹਰੇਕ ਦਿਨ ਦੇ ਕੁਝ ਘੰਟੇ ਇਵੇਂ ਚੁੱਪਚਾਪ ਹੀ ਬੀਤਦੇ ਨੇ, ਹਾਲਾਂਕਿ ਉਹ ਦੋਵੇਂ ਜਾਗ ਰਹੇ ਹੁੰਦੇ ਨੇ, ਇਕ ਦੂਜੇ ਦੇ ਕੋਲ ਬੈਠੇ ਹੁੰਦੇ ਨੇ ਤੇ ਇਕ ਦੂਜੇ ਵਲ ਦੇਖ ਵੀ ਰਹੇ ਹੁੰਦੇ ਨੇ। ਪਿਛਲੇ ਪੈਂਠ ਸਾਲ ਦੇ ਗ੍ਰਹਿਸਤੀ ਜੀਵਨ ਵਿਚ ਉਹਨਾਂ ਇਕ ਦੂਜੇ ਨੂੰ ਬੜਾ ਕੁਝ ਕਹਿ ਸੁਣ ਲਿਆ ਹੈ। ਇਕ ਦੂਜੇ ਨਾਲ ਭਾਵੁਕਤਾ ਭਰਿਆ ਪ੍ਰੇਮ ਵੀ ਕਰ ਲਿਆ ਹੈ। ਉਹਨਾਂ ਵਿਚਕਾਰ ਭਾਵੁਕਤਾ ਕਾਰਨ ਜਿਹੜੇ ਮਤਭੇਦ ਪੈਦਾ ਹੁੰਦੇ ਰਹੇ ਨੇ, ਸਮੇਂ ਦੇ ਨਾਲ ਨਾਲ ਉਹ ਵੀ ਹੁਣ ਸਮਾਪਤ ਹੋ ਚੁੱਕੇ ਨੇ। ਉਂਜ ਵੀ ਪਤੀ-ਪਤਨੀ ਦੇ ਬਹੁਤ ਸਾਰੇ ਝਗੜੇ, ਇਸ ਉਮਰ ਵਿਚ ਪਹੁੰਚ ਕੇ, ਆਪਣੇ ਆਪ ਮੁੱਕ ਜਾਂਦੇ ਨੇ—ਜਦੋਂ ਜ਼ਿੰਦਗੀ ਥੱਕ ਜਾਂਦੀ ਹੈ, ਮਨੁੱਖ ਬਿਨਾਂ ਕਿਸੇ ਉਦੇਸ਼ ਦੇ ਤੇ ਬਿਨਾਂ ਕਿਸੇ ਇਰਾਦੇ ਦੇ ਇਕ ਦੂਜੇ ਨਾਲ ਚਿਪਕਿਆ ਰਹਿਣ ਲਈ ਹੀ ਜਿਊਂਦਾ ਰਹਿ ਜਾਂਦਾ ਹੈ! ਉਸਦੀਆਂ ਭਾਵਨਾਵਾਂ ਵਿਚ ਆਪਣੇ ਆਪ ਹੀ ਇਕ ਅਜੀਬ ਜਿਹੀ ਖੜੋਤ ਆ ਜਾਂਦੀ ਹੈ। ਭਾਵਨਾਵਾਂ ਦੇ ਤੂਫ਼ਾਨ ਸ਼ਾਂਤ ਹੋ ਜਾਂਦੇ ਨੇ—ਇਹ ਹੈਰਾਨੀ ਭਰਪੂਰ ਸ਼ਾਂਤੀ ਉਸਦਾ ਟੀਚਾ ਨਹੀਂ ਹੁੰਦੀ, ਇਕ ਪ੍ਰਾਪਤੀ ਹੁੰਦੀ ਹੈ; ਜੀਵਨ ਦੀ ਪ੍ਰਾਪਤੀ!
ਮਧੋਕ ਸਾਹਬ ਨੇ ਆਪਣੇ ਆਪ ਨੂੰ ਬਾਹਰਲੀ ਦੁਨੀਆਂ ਦਾ ਦਿਲਦਾਰ ਬਣਾਈ ਰੱਖਿਆ ਸੀ, ਜਿਹੜੀ ਉਹਨਾਂ ਦੇ ਘਰ ਦੇ ਬਾਹਰਲੇ ਦਰਵਾਜ਼ੇ ਵਿਚੋਂ ਬਾਹਰ ਪੈਰ ਰੱਖਦਿਆਂ ਹੀ ਸ਼ੁਰੂ ਹੋ ਜਾਂਦੀ ਸੀ—ਘਰ ਭਾਵੇਂ ਕਦੀ ਲਾਹੌਰ ਵਿਚ ਸੀ, ਜਾਂ ਰਾਵਲ ਪਿੰਡੀ, ਜਾਂ ਹੁਣ ਕੰਡਾਘਾਟ ਵਿਚ ਹੈ। ਘਰ ਹਰੇਕ ਜਗ੍ਹਾ ਇਕੋ ਕਿਸਮ ਦਾ ਰਿਹਾ ਹੈ—ਜਿਸ ਵਿਚ ਕਮਰੇ ਹੁੰਦੇ ਨੇ,ਕੁਝ ਸਾਮਾਨ ਹੁੰਦਾ ਹੈ, ਪਤਨੀ ਹੁੰਦੀ ਹੈ ਤੇ ਕੁਝ ਬੱਚੇ ਹੁੰਦੇ ਨੇ। ਪਰ ਬਾਹਰ ਤਾਂ ਹਾਸਿਆਂ ਤੇ ਠਹਾਕਿਆਂ, ਖੁਸ਼ੀਆਂ ਦੇ ਖੇੜਿਆਂ, ਰੌਣਕਾਂ, ਕੌਤੁਕਾਂ ਤੇ ਇੱਛਾਵਾਂ ਨਾਲ ਭਰੀ ਇਕ ਵਿਸ਼ਾਲ ਦੁਨੀਆਂ ਹੈ! ਉਸ ਵਿਚ ਅਨੇਕਾਂ ਲੋਕ ਹੁੰਦੇ ਨੇ, ਉਹਨਾਂ ਦੇ ਵੱਖਰੇ-ਵੱਖਰੇ ਸੁਭਾਅ ਹੁੰਦੇ ਨੇ, ਇਸ ਦੇ ਇਲਾਵਾ ਅਨੇਕਾਂ ਛੋਟੇ-ਵੱਡੇ ਸੁੱਖਾਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ। ਕੋਈ ਵੀ ਸੁੱਖ ਰੁਪਏ ਪੈਸੇ ਦੀ ਲੋੜ ਨਾਲੋਂ ਵੱਖਰਾ ਨਹੀਂ ਹੁੰਦਾ। ਮਧੋਕ ਸਾਹਬ ਨੂੰ ਰੁਪਏ-ਪੈਸੇ ਦਾ ਕਦੀ ਘਾਟਾ ਨਹੀਂ ਰਿਹਾ। ਹੁਣ ਵੀ ਕੋਈ ਘਾਟਾ ਨਹੀਂ। ਮਹੀਨੇ ਵਿਚ ਦੋ ਚਾਰ ਮੁਕੱਦਮੇ ਅਜਿਹੇ ਆ ਹੀ ਜਾਂਦੇ ਨੇ, ਜਿਹੜੇ ਮਹੀਨੇ ਭਰ ਦਾ ਖਰਚ ਦੇ ਜਾਂਦੇ ਨੇ। ਰੁਪਏ-ਪੈਸੇ ਨੂੰ ਉਹਨਾਂ ਹਮੇਸ਼ਾ ਹੱਥ ਦੀ ਮੈਲ ਸਮਝਿਆ ਹੈ। ਜਦੋਂ ਵੀ ਉਸਨੂੰ ਲੁਟਾਇਆ, ਜਿਸ ਖਾਤਰ ਵੀ ਲੁਟਾਇਆ—ਕਦੀ ਪਛਤਾਵਾ ਨਹੀਂ ਕੀਤਾ। ਉਹ ਸਮਝਦੇ ਨੇ ਕਿ ਜੇ ਕਿਸੇ ਲੋੜਮੰਦ ਨੇ ਉਹਨਾਂ ਦੇ ਹੱਥੋਂ ਕੁਝ ਲੈ ਕੇ ਜਾਣਾ ਹੈ, ਤਾਂ ਲੈ ਹੀ ਜਾਣਾ ਹੈ। ਕਈ ਵਾਰੀ ਇੰਜ ਵੀ ਹੋਇਆ ਹੈ ਕਿ ਉਹ ਆਪਣੀ ਜ਼ਰੂਰਤ ਦੀ ਕੋਈ ਚੀਜ਼ ਖਰੀਦਨ ਵਾਸਤੇ ਘਰੋਂ ਨਿਕਲੇ ਤੇ ਰਾਹ ਵਿਚ ਕੋਈ ਲੋੜਮੰਦ ਮਿਲ ਗਿਆ ਤੇ ਉਹ ਉਸਨੂੰ ਸਾਰੇ ਪੈਸੇ ਦੇ ਕੇ ਘਰ ਪਰਤ ਆਏ। ਪੂਰੀ ਤਰ੍ਹਾਂ ਸੰਤੁਸ਼ਟ ਤੇ ਮੁਸਕੁਰਾਉਂਦੇ ਹੋਏ ਤੇ ਪਤਨੀ ਨੂੰ ਕਿਹਾ, “ਲੈ ਭਲੀਏ ਲੋਕ, ਜਿਸਦਾ ਹੱਕ ਸੀ, ਆ ਕੇ ਲੈ ਗਿਆ! ਆਪਣਾ ਕੰਮ ਫੇਰ ਕਦੀ ਹੋ ਜਾਏਗਾ।”
ਸ਼੍ਰੀਮਤੀ ਮਧੋਕ ਉਹਨਾਂ ਦਾ ਸੁਭਾਅ ਜਾਣਦੀ ਹੈ, ਕੁਝ ਕਹਿਣ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕਰਦੀ। ਉਸਨੇ ਆਪਣੇ ਆਪ ਨੂੰ ਸਮਝਾ ਲਿਆ ਹੈ। ਮਧੋਕ ਸਾਹਬ ਨੇ ਜੋ ਕੁਝ ਵੀ ਕੀਤਾ—ਭਾਵੇਂ ਕਿਸੇ ਨਾਲ ਵੀ ਸੰਬੰਧ ਰੱਖੇ, ਬੜੀਆਂ ਮਹਿੰਗੀਆਂ-ਮਹਿੰਗੀਆਂ ਮਹਿਮਾਨ ਨਿਵਾਜ਼ੀਆਂ ਕੀਤੀਆਂ, ਆਪ ਹਫ਼ਤਿਆਂ ਬੱਧੀ ਬਾਹਰ ਰਹੇ ਤੇ ਅਚਾਨਕ ਬਿਨਾਂ ਕਿਸੇ ਨਮੋਸ਼ੀ ਦੇ ਮੁਸਕੁਰਾਉਂਦੇ ਹੋਏ ਘਰ ਪਰਤ ਆਏ ਤਦ ਵੀ ਉਹ ਉਹਨਾਂ ਨੂੰ ਇੰਜ ਸਹਿਜ ਤੇ ਸ਼ਾਂਤ ਹੀ ਮਿਲੀ, ਜਿਵੇਂ ਉਸਦਾ ਪਤੀ ਕਿਧਰੇ ਗਿਆ ਹੀ ਨਾ ਹੋਏ! ਮਧੋਕ ਸਾਹਬ ਵੀ ਆਪਣੀ ਪਤਨੀ ਦੀਆਂ ਇਹਨਾਂ ਭਾਵਨਾਵਾਂ ਨੂੰ ਸਮਝਦੇ ਨੇ। ਉਹਨਾਂ ਨੂੰ ਲੰਮੇ ਸਮੇਂ ਤੋਂ ਚੁੱਪਚਾਪ ਉਸਦੇ ਦੁੱਖ ਭੋਗਦੇ ਰਹਿਣ ਦਾ ਅਹਿਸਾਸ ਵੀ ਹੈ। ਉਹ ਇਹ ਵੀ ਜਾਣੇ ਨੇ ਕਿ ਸ਼੍ਰੀਮਤੀ ਮਧੋਕ ਦੇ ਇਸ ਸਬਰ ਜਾਂ ਸ਼ਾਂਤ ਚੁੱਪ ਪਿੱਛੇ ਅਸੰਖ ਅੱਥਰੂ ਛਿਪੇ ਹੋਏ ਨੇ ਜਿਹੜੇ ਚੁੱਪਚਾਪ ਵਹਿੰਦੇ ਤੇ ਆਪਣੇ ਆਪ ਸੁੱਕ ਜਾਂਦੇ ਨੇ। ਉਹ ਪਤਨੀ ਨੂੰ ਕੁਝ ਨਹੀਂ ਕਹਿੰਦੇ, ਉਸ ਵਲ ਬੜੀ ਹਮਦਰਦੀ ਨਾਲ ਦੇਖਦੇ ਨੇ ਜਾਂ ਕੋਈ ਤਾਣ ਛੇੜ ਦਿੰਦੇ ਨੇ...ਗੌੜ ਸਾਰੰਗ, ਭੈਰਵੀ ਜਾਂ ਮੁਲਤਾਨੀ ਕਾਫੀ, ਜੋ ਵੀ ਉਹਨਾਂ ਪਲਾਂ ਵਿਚ ਸੁੱਝ ਪਏ।
ਖਾਣਾ ਖਾ ਕੇ ਉਹਨਾਂ ਆਪ ਹੀ ਪਲੇਟਾਂ ਪਲੰਘ ਹੇਠ ਰੱਖ ਦਿੱਤੀਆਂ। ਸਿਗਾਰ ਸੁਲਗਾ ਕੇ ਅਖ਼ਬਾਰ ਚੁੱਕ ਲਿਆ। ਪਲੰਘ ਦੀ ਢੋਅ ਨਾਲ ਰੱਖੇ ਸਿਰਹਾਣੇ ਉੱਤੇ ਸਿਰ ਰੱਖ ਕੇ ਪੜ੍ਹਨ ਲੱਗੇ—ਕੋਈ ਵਿਸ਼ੇਸ਼ ਲੇਖ ਉਹ ਆਪ ਹੀ ਜਾਣ-ਬੁੱਝ ਕੇ ਰਾਤ ਨੂੰ ਪੜ੍ਹਨ ਲਈ ਛੱਡ ਦਿੰਦੇ ਨੇ ਤਾਂਕਿ ਪੜ੍ਹਦਿਆਂ-ਪੜ੍ਹਦਿਆਂ ਨੀਂਦ ਆ ਜਾਏ। ਸ਼੍ਰੀਮਤੀ ਮਧੋਕ ਹੀ ਰਾਤ ਨੂੰ ਕਿਸੇ ਵੇਲੇ ਅੱਖ ਖੁੱਲ੍ਹਣ 'ਤੇ ਉਠ ਕੇ ਲਾਈਟ ਆਫ ਕਰ ਦੇਂਦੀ ਹੈ।
ਅਚਾਨਕ ਉਹਨਾਂ ਦੇ ਕੰਨ ਵਿਚ ਪਤਨੀ ਦੀ ਆਵਾਜ਼ ਪਈ। ਉਹ ਰਜਾਈ ਵਿਚੋਂ ਮੂੰਹ ਕੱਢ ਕੇ ਕਹਿ ਰਹੀ ਸੀ, “ਮੈਂ ਤੁਹਾਨੂੰ ਇਹ ਦੱਸਣਾ ਤਾਂ ਭੁੱਲ ਈ ਗਈ, ਬੰਬਈ ਤੋਂ ਪੋਂਟੀ ਦਾ ਖ਼ਤ ਆਇਆ ਏ। ਉਸਨੇ ਤੁਹਾਡਾ ਬੜਾ ਧਨਵਾਦ ਕੀਤਾ ਏ, ਕਿਉਂਕਿ ਤੁਹਡੇ ਵਿਚਾਲੇ ਪੈਣ ਕਰਕੇ ਹੀ ਉਹਨਾਂ ਦਾ ਵਿਆਹ ਪੱਕਾ ਹੋ ਗਿਆ ਏ।”
“ਅੱਛਾ!” ਮਧੋਕ ਸਾਹਬ ਇਹ ਖੁਸ਼ਖਬਰੀ ਸੁਣ ਕੇ ਖਿੜ-ਪੁੜ ਗਏ, “ਤਾਂ ਮਨਮੋਹਨ ਮੰਨ ਈ ਗਿਆ ਆਖ਼ਰ। ਉਹ ਕਿਵੇਂ ਨਾ ਮੰਨਦਾ?—ਨਾ ਮੰਨਦਾ ਤਾਂ ਮੈਂ ਆਪਣੀ ਪੋਤੀ ਦਾ ਵਿਆਹ ਮੱਲੋ-ਜ਼ੋਰੀ ਸੁਰਿੰਦਰ ਨਾਲ ਕਰਵਾ ਦਿੰਦਾ—ਇੱਥੇ ਸੱਦ ਕੇ। ਫੇਰ ਤੂੰ ਦੇਖਦੀ, ਮਨਮੋਹਨ ਉੱਥੇ ਕਨੇਡਾ 'ਚ ਬੈਠਾ ਟੱਪਦਾ ਰਹਿ ਜਾਂਦਾ!”
ਕਹਿ ਕੇ ਉਹ ਆਪੇ ਹੱਸ ਵੀ ਪਏ। ਦੇਰ ਤਕ ਹੱਸਦੇ ਰਹੇ। ਸ਼੍ਰੀਮਤੀ ਮਧੋਕ ਕੁਝ ਨਾ ਬੋਲੀ, ਪਾਸਾ ਪਰਤ ਕੇ ਲੇਟ ਗਈ। ਮਧੋਕ ਸਾਹਬ ਦੀਆਂ ਨਜ਼ਰਾਂ ਅਖ਼ਬਾਰ ਦੀਆਂ ਸਤਰਾਂ ਉਪਰ ਸਨ, ਪਰ ਉਹ ਉਹਨਾਂ ਵਿਚ ਆਪਣੀ ਜਵਾਨ ਪੋਤੀ ਦਾ ਖੂਬਸੂਰਤ ਤੇ ਖਿੜਿਆ ਹੋਇਆ ਚਿਹਰਾ ਦੇਖ ਰਹੇ ਸਨ ਤੇ ਨਿਮ੍ਹਾਂ-ਨਿਮ੍ਹਾਂ ਮੁਸਕੁਰਾ ਰਹੇ ਸਨ।
ਪਿਛਲੇ ਸਾਲ ਪੋਂਟੀ ਨੇ ਉਹਨਾਂ ਨੂੰ ਬੰਬਈ ਤੋਂ ਇਕ ਲੰਮੀ ਚਿੱਠੀ ਲਿਖੀ ਸੀ ਕਿ ਉਹ ਇਕ ਸਪੋਰਟਸ ਮੈਨ ਨਾਲ ਸ਼ਾਦੀ ਕਰਨੀ ਚਾਹੁੰਦੀ ਹੈ। ਜਿਸ ਨਾਲ ਉਸਨੂੰ ਮੁਹੱਬਤ ਹੋ ਗਈ ਸੀ। ਭਾਵੇਂ ਉਹ ਅਜੇ ਪੂਰੇ ਅਠਾਰਾਂ ਸਾਲ ਦੀ ਨਹੀਂ ਸੀ ਹੋਈ, ਤੇ ਉਸਦਾ ਪਿਤਾ ਉਸਨੂੰ ਸੀਨੀਅਰ ਕੈਂਬਰੇਜ ਕਰਵਾ ਲੈਣ ਪਿੱਛੋਂ ਅਗਲੀ ਪੜ੍ਹਾਈ ਲਈ ਆਪਣੇ ਕੋਲ ਕੇਨੈਡਾ ਬੁਲਾ ਲੈਣਾ ਚਾਹੁੰਦਾ ਸੀ। ਉਹ ਉਸਦਾ ਵਿਆਹ ਏਨੀ ਛੋਟੀ ਉਮਰ ਵਿਚ ਕਰ ਦੇਣ ਦੇ ਹੱਕ ਵਿਚ ਨਹੀਂ ਸੀ—ਪਰ ਜਦੋਂ ਪੋਂਟੀ ਨੇ ਆਪਣੇ ਦਾਦਾਜੀ ਨੂੰ ਭਾਵੁਕਤਾ ਭਰੀ ਅਪੀਲ ਕੀਤੀ ਤਾਂ ਮਧੋਕ ਸਾਹਬ ਇਕ ਪੇਸ਼ਾਵਰ ਵਕੀਲ ਵਾਂਗ ਹੀ ਮੁਕੱਦਮੇ ਦੀ ਸਥਿਤੀ ਨੂੰ ਸਮਝ ਕੇ, ਆਪਣੀ ਪੋਤੀ ਦੇ ਹੱਕ ਵਿਚ ਲੜਨ ਲਈ ਤਿਆਰ ਹੋ ਗਏ।
ਪੋਂਟੀ ਨੂੰ ਉਹ ਬੜਾ ਹੀ ਪਿਆਰ ਕਰਦੇ ਸਨ। ਉਹਨਾਂ ਦੇ ਖ਼ਾਨਦਾਨ ਵਿਚ ਉਹ ਪਹਿਲੀ ਕੁੜੀ ਸੀ ਜਿਹੜੀ ਆਲ ਇੰਡੀਆ ਸਕੂਲਜ਼ ਟੂਰਨਾਮੈਂਟ ਵਿਚ ਪਿਛਲੇ ਸਾਲ ਸ਼ਿਮਲੇ ਵਿਚ ਹੋਏ ਬੈਡਮਿੰਟਨ ਦੇ ਮੁਕਾਬਲੇ ਵਿਚ ਚੈਂਪੀਅਨ ਰਹੀ ਸੀ। ਉਸ ਨਾਲ ਉਸਦਾ ਬਵਾਏ-ਫਰੈਂਡ ਸੁਰਿੰਦਰ ਵੀ ਆਇਆ ਸੀ। ਫਾਈਨਲ ਵਿਚ ਦੋਵੇਂ ਪਾਰਟਨਰ ਬਣੇ ਸਨ। ਉਹਨਾਂ ਦੀ ਸਫਲਤਾ ਉੱਤੇ ਮਧੋਕ ਸਾਹਬ ਨੇ ਗੋਇਟੀ ਕੱਲਬ ਵਿਚ ਇਕ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ, ਜਿਸ ਵਿਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ ਸਨ। ਉਹ ਏਨੀ ਪ੍ਰਤੀਭਾਸ਼ਾਲੀ ਕੁੜੀ ਨੂੰ ਨਿਰਾਸ਼ ਕਿੰਜ ਕਰ ਸਕਦੇ ਸਨ! ਪੋਂਟੀ ਨੇ ਵੀ ਠੀਕ ਹੀ ਕੀਤਾ ਸੀ ਕਿ ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਆਪਣੇ ਦਾਦਾਜੀ ਨੂੰ ਹੀ ਆਪਣਾ ਸਹਾਇਕ ਬਣਾਇਆ ਸੀ...ਤੇ ਮਧੋਕ ਸਾਹਬ ਨੇ ਆਪਣੇ ਪੁੱਤਰ ਨੂੰ ਇਕ ਕਰੜੀ ਜਿਹੀ ਚਿੱਠੀ ਲਿਖੀ ਸੀ। ਉਸਨੇ ਇਤਰਾਜ਼ ਵਿਖਾਇਆ ਤਾਂ ਉਹਨਾਂ ਉਸਨੂੰ ਇਕ ਹੋਰ ਚਿੱਠੀ ਲਿਖੀ ਤੇ ਸ਼ਾਇਦ ਇਹ ਉਸੇ ਦਾ ਅਸਰ ਸੀ ਕਿ ਮਦਨਮੋਹਨ ਨੇ ਆਪਣੀ ਧੀ ਦਾ ਵਿਆਹ ਉਸਦੀ ਪਸੰਦ ਦੇ ਮੁੰਡੇ ਸੁਰਿੰਦਰ ਨਾਲ ਕਰਨਾ ਮੰਨ ਲਿਆ ਸੀ। ਮਧੋਕ ਸਾਹਬ ਨੇ ਅਚਾਨਕ ਹੱਸਦਿਆਂ ਹੋਇਆਂ ਕਿਹਾ, “ਹੁਣ ਮਦਨਮੋਹਨ ਆਪਣਾ ਮੂਵੀ ਕੈਮਰਾ ਚੁੱਕੀ ਧੀ ਦੇ ਵਿਆਹ ਦੀ ਫ਼ਿਲਮ ਬਣਾਉਣ ਲਈ ਬੰਬਈ ਆ ਪਹੁੰਚੇਗਾ। ਕਿਉਂ?”
ਉਹਨਾਂ ਦੇ ਹਾਸੇ ਵਿਚ ਆਪਣੇ ਪੁੱਤਰ ਦੇ ਹਾਰ ਮੰਨ ਜਾਣ 'ਤੇ ਓਹੋ ਜਿਹੀ ਖੁਸ਼ੀ ਹੀ ਸੀ ਜਿਹੋ ਜਿਹੀ ਆਪਣੇ ਮੁਕੱਦਮੇ ਜਿੱਤ ਜਾਣ 'ਤੇ ਹੁੰਦੀ ਸੀ। ਪਰ ਇਸ ਖੁਸ਼ੀ ਵਿਚ ਮੋਹ ਵੀ ਘੁਲਿਆ ਹੋਇਆ ਸੀ—ਜਿਹੜਾ ਪਿਓ-ਧੀ ਦੋਵਾਂ ਲਈ ਹੀ ਸੀ।
ਉਹਨਾਂ ਦੀ ਪਤਨੀ ਨੇ ਕੰਧ ਵਲ ਮੂੰਹ ਕਰਕੇ ਲੇਟਿਆਂ-ਲੇਟਿਆਂ ਹੀ ਉਤਰ ਦਿੱਤਾ, “ਹਾਂ, ਪਹਿਲਾਂ ਤਾਂ ਉਹ ਫ਼ਿਲਮਾਂ ਬਣਾ-ਬਣਾ ਕੇ ਬੜੀਆਂ ਕਮਾਈਆਂ ਕਰ ਰਿਹਾ ਏ!”
ਇਸ ਗੱਲ ਵਿਚ ਮਮਤਾ ਦੀ ਮੂਰਤ ਮਾਂ ਦਾ ਇਕ ਤਿੱਖਾ ਵਿਅੰਗ ਵੀ ਸੀ, ਜਿਹੜੀ ਆਪਣੇ ਪੁੱਤਰ ਦੇ ਪ੍ਰਦੇਸ ਜਾ ਵੱਸਣ ਤੇ ਉੱਥੇ ਉਸਦੇ ਆਰਥਕ ਤੌਰ 'ਤੇ ਸਫਲ ਨਾ ਹੋ ਸਕਣ 'ਤੇ ਦੁਖੀ ਵੀ ਸੀ। ਉੱਥੇ ਉਹ ਆਪਣੀ ਪਤਨੀ ਦੇ ਕਹਿਣ 'ਤੇ ਹੀ ਗਿਆ ਸੀ। ਉਹ ਦੋਵੇਂ ਕਈ ਸਾਲ ਦੇ ਉੱਥੇ ਰਹਿ ਰਹੇ ਸਨ ਤੇ ਉੱਥੋਂ ਦੀ ਸਰਕਾਰ ਤੇ ਟੀ.ਵੀ. ਨਿਗਮ ਲਈ ਡਾਕੂਮੈਂਟਰੀ ਫ਼ਿਲਮਾਂ ਬਣਾਉਂਦੇ ਸਨ। ਜਿਹੜੀਆਂ ਕਦੀ ਵਿਕ ਜਾਂਦੀਆਂ ਸਨ ਤੇ ਕਦੀ ਪਈਆਂ ਰਹਿ ਜਾਂਦੀਆਂ ਸਨ।
ਕੁਝ ਚਿਰ ਚੁੱਪਚਾਪ ਅਖ਼ਬਾਰ ਪੜ੍ਹਦੇ ਰਹਿਣ ਪਿੱਛੋਂ ਅਚਾਨਕ ਮਧੋਕ ਸਾਹਬ ਨੇ ਪੁੱਛਿਆ, “ਸਾਡਾ ਮੰਟੀ ਹੁਣ ਤਕ ਪਾਂਗੀ ਤਾਂ ਪਹੁੰਚ ਚੁੱਕਿਆ ਹੋਏਗਾ?”
“ਨਾ ਪਹੁੰਚਿਆ ਹੋਏਗਾ ਤਾਂ ਕਲ੍ਹ ਸਵੇਰ ਤਕ ਪਹੁੰਚ ਜਾਏਗਾ। ਉਸਨੂੰ ਉੱਥੇ ਪਹੁੰਚਦਿਆਂ ਹੀ ਖ਼ਤ ਪਾ ਦੇਣ ਲਈ ਕਹਿ ਦਿੱਤਾ ਸੀ ਮੈਂ। ਤਿੰਨ ਚਾਰ ਦਿਨਾਂ ਵਿਚ ਖ਼ਤ ਵੀ ਆ ਜਾਏਗਾ।”
“ਪਰ ਉਸ ਨਾਲਾਇਕ ਨੂੰ ਮੈਂ ਕਿੰਨਾ ਰੋਕਿਆ ਸੀ ਬਈ ਅਜੇ ਨਾ ਜਾਹ—ਰੇਡੀਓ ਭਾਰੀ ਸਨੋ-ਫਾਲ ਦੀਆਂ ਚਿਤਾਵਨੀਆਂ ਦੇ ਰਿਹਾ ਏ, ਪਰ ਉਸਨੇ ਮੇਰੀ ਇਕ ਨਹੀਂ ਸੁਣੀ। ਚਲਾ ਗਿਆ!”
“ਨਿਆਣੇ ਆਪਣੇ ਮਾਂ-ਪਿਓ ਨੂੰ ਮਿਲਣ ਲਈ ਬੇਚੈਨ ਹੁੰਦੇ ਨੇ। ਛੁੱਟੀਆਂ ਹੁੰਦਿਆਂ ਹੀ ਹੋਸਟਲਾਂ 'ਚੋਂ ਇੰਜ ਨੱਸਦੇ ਨੇ ਜਿਵੇਂ ਕਿਸੇ ਜੇਲ 'ਚੋਂ ਛੁੱਟੇ ਹੋਣ!”
“ਪਰ ਮੰਟੀ ਤਾਂ ਸਾਡੇ ਨਾਲ ਵੀ ਘੁਲਿਆ ਮਿਲਿਆ ਹੋਇਆ ਏ। ਸਾਡੇ ਕੋਲ ਆ ਕੇ ਵੀ ਤਾਂ ਦੋ ਦੋ ਹਫ਼ਤੇ ਰਹਿ ਜਾਂਦਾ ਏ। ਕੀ ਕਦੀ ਇੰਜ ਵੀ ਹੋਇਆ ਏ ਕਿ ਛੁੱਟੀਆਂ ਪਿੱਛੋਂ ਸਾਨੂੰ ਮਿਲੇ ਬਿਨਾਂ, ਆਪਣੇ ਮਾਂ ਪਿਓ ਕੋਲ ਸਿੱਧਾ ਚਲਾ ਗਿਆ ਹੋਏ?”
ਕੁਝ ਪਲ ਚੁੱਪ ਵਰਤੀ ਰਹੀ। ਫੇਰ ਮਧੋਕ ਸਾਹਬ ਦਾ ਠਹਾਕਾ ਫੇਰ ਗੂੰਜਿਆ।
“ਮੇਰੇ ਨਾਲ ਉਹ ਕਿਸ ਤਰ੍ਹਾਂ ਡਟ ਕੇ ਕੈਰਮ ਖੇਡਦਾ ਏ , ਜਿਵੇਂ ਮੈਨੂੰ ਆਸਾਨੀ ਨਾਲ ਈ ਜਿੱਤ ਲਏਗਾ! ਪਰ ਮੈਂ ਵੀ ਉਸਨੂੰ ਹਰ ਵਾਰੀ ਹਰਾ ਦਿੰਦਾ ਆਂ—ਦੇਖਿਆ ਏ ਨਾ ਤੂੰ?”
“ਤੁਹਾਡਾ ਕੀ ਨਾਂ? ਤੁਸੀਂ ਤਾਂ ਨਿਆਣਿਆਂ ਨਾਲ ਬਿਲਕੁਲ ਨਿਆਣੇ ਈ ਬਣ ਬਹਿੰਦੇ ਓ।” ਸ਼੍ਰੀਮਤੀ ਮਧੋਕ ਦੀ ਆਵਾਜ਼ ਵਿਚ ਬਨਾਉਟੀ ਜਿਹਾ ਗੁੱਸਾ ਵੀ ਸੀ।
“ਹੋਰ ਕੀ ਕਰਾਂ ਫੇਰ? ਆਪਣੇ ਪੋਤੇ-ਪੋਤੀਆਂ ਦੇ ਸਾਹਮਣੇ ਬਿਲਕੁਲ ਬੁੱਢਾ-ਬਾਬਾ ਬਣ ਕੇ ਬੈਠਾ ਰਿਹਾ ਕਰਾਂ?...ਉਹ ਮੇਰੇ ਨੇੜੇ ਵੀ ਢੁੱਕਣਗੇ ਫੇਰ?”
“ਸਰੋਜ ਤਾਂ ਇਹੀ ਚਾਹੁੰਦੀ ਏ,” ਸ਼੍ਰੀਮਤੀ ਮਧੋਕ ਨੇ ਬੇਚੈਨੀ ਜਿਹੀ ਨਾਲ ਪਾਸਾ ਪਰਤਿਦਿਆਂ ਕਿਹਾ, “ਕਿ ਉਸਦੇ ਨਿਆਣੇ ਸਾਡੇ ਲਾਗੇ ਵੀ ਨਾ ਫੜਕਣ। ਕਹਿੰਦੀ ਏ, ਤੁਸੀਂ ਇਹਨਾਂ ਨੂੰ ਵੀ ਆਪਣੇ ਬੱਚਿਆਂ ਵਾਂਗ ਵਿਗਾੜ ਕੇ ਰੱਖ ਦਿਓਗੇ।”
“ਓ ਬਹੂ ਦੀ ਕਿਹੜਾ ਸੁਣਦਾ ਏ? ਮੰਨਦਾ ਵੀ ਏ ਕੋਈ, ਉਸਦੀ? ਬਈ ਸਾਡੇ ਵਿਚ ਕੋਈ ਖਿੱਚ ਹੈ ਤਾਂਹੀਤਾਂ ਉਹਦੇ ਬਾਲ ਸਾਡੇ ਕੋਲ ਆਉਣ ਲਈ ਬੇਚੈਨ ਰਹਿੰਦੇ ਨੇ। ਤੇ ਫੇਰ ਉਸ ਕੋਲ ਇਸ ਗੱਲ ਦਾ ਕੀ ਸਬੂਤ ਏ ਕਿ ਸਾਡੇ ਬੱਚੇ ਵਾਕਈ ਵਿਗੜੇ ਹੋਏ ਨੇ, ਜਾਂ ਬਣੇ ਹੋਏ ਨੇ? ਮੈਂ ਕਦੇ ਵੀ ਆਪਣੇ ਕਿਸੇ ਬੱਚੇ ਨੂੰ ਲੋੜ ਨਾਲੋਂ ਵਧ ਦਬਾਅ ਕੇ ਨਹੀਂ ਰੱਖਿਆ—ਜਿਸ ਆਜ਼ਾਦੀ ਦਾ ਮੈਂ ਆਪ ਇੱਛੁਕ ਆਂ, ਉਹੀ ਮੈਂ ਹਮੇਸ਼ਾ ਉਹਨਾਂ ਨੂੰ ਵੀ ਦਿੱਤੀ ਏ, ਤਾਂਕਿ ਉਹ ਆਪਣੇ ਨੇਚੁਰਲ ਟੇਲੈਂਟ ਦੇ ਬਲ-ਬੂਤੇ ਉੱਤੇ ਅੱਗੇ ਵਧ ਸਕਣ। ਕੀ ਕੋਈ ਕਹਿ ਸਕਦਾ ਏ ਕਿ ਮੇਰਾ ਕੋਈ ਬੱਚਾ ਯੂਨੀਵਰਸਟੀ ਦੀ ਉੱਚ-ਸਿੱਖਿਆ ਤੋਂ ਵਾਂਝਾ ਰਹਿ ਗਿਆ ਏ?...ਮਦਨਮੋਹਨ, ਸ਼ਾਂਤੀ ਸਰੂਪ, ਦਿਨੇਸ਼ ਅੰਮ੍ਰਿਤ, ਸੁਧਾ, ਸਰਨਾ, ਜਾ ਇੰਨੀ? ਸਾਰੇ ਹੀ ਆਪਣੇ ਮਨਪਸੰਦ ਜਾਬਜ਼ ਉਪਰ ਪਹੁੰਚ ਗਏ ਨੇ। ਸਾਡੀਆਂ ਕੁੜੀਆਂ ਨੂੰ ਵੀ ਇਸੇ ਕਰਕੇ ਚੰਗੇ ਘਰ-ਬਾਰ ਮਿਲੇ ਨੇ। ਕੀ ਸਰੋਜ ਇਹ ਕਹਿ ਸਕਦੀ ਏ ਕਿ ਸ਼ਾਂਤੀ ਸਰੂਪ ਦੀ ਫਾਰੇਸਟ ਡਿਪਾਰਟਮੈਂਟ ਦੀ ਸਰਵਿਸ ਮਾਮੂਲੀ ਏ?” ਮਧੋਕ ਸਾਹਬ ਦੀ ਆਵਾਜ਼ ਵਿਚ ਹਲਕੀ ਜਿਹੀ ਕੁਸੈਲ ਘੁਲੀ ਹੋਈ ਸੀ।
ਉਹਨਾਂ ਦੀ ਪਤਨੀ ਨੇ ਉਤਰ ਦਿੱਤਾ, “ਇਹ ਤਾਂ ਉਹ ਨਹੀਂ ਕਹਿ ਸਕਦੀ। ਕਹੇਗੀ ਵੀ ਕਿਵੇਂ? ਉਸਦੇ ਆਪਣੇ ਆਦਮੀ ਨੂੰ ਨੌ ਸੌ ਰੁਪਏ ਤਨਖ਼ਾਹ ਮਿਲਦੀ ਏ! ਹਾਂ, ਉਹ ਤਾਂ ਸਿਰਫ ਇਸ ਗੱਲ 'ਤੇ ਕੁੜ੍ਹਦੀ ਰਹਿੰਦੀ ਏ ਕਿ ਸ਼ਾਂਤੀ ਸਰੂਪ ਨੂੰ ਸ਼ਰਾਬ ਪੀਣ ਦੀ ਲਤ ਤੁਹਾਤੋਂ ਈ ਪਈ ਏ।”
“ਬੜੀ ਮੂਰਖ ਏ ਉਹ, ਜੇ ਉਹ ਇੰਜ ਸੋਚਦੀ ਏ। ਸ਼ਾਂਤੀ ਮੇਰੇ ਨਾਲ ਬੈਠ ਕੇ ਨਾ ਪੀਂਦਾ ਤਾਂ ਕਿਸੇ ਹੋਰ ਨਾਲ ਪੀਂਦਾ। ਮੈਂ ਜਾਣਦਾ ਸਾਂ, ਇਸ ਕਿਸਮ ਦੀ ਸੋਹਬਤ ਤੋਂ ਬਚ ਸਕਣਾ ਬੜਾ ਮੁਸ਼ਕਿਲ ਏ, ਉਸਦੇ ਮਹਿਕਮੇਂ ਵਿਚ। ਹਾਂ ਇਕ ਆਦਤ ਉਸਦੀ ਸੱਚਮੁੱਚ ਬੜੀ ਮਾੜੀ ਹੈ—ਜੂਆ ਖੇਡਣ ਦੀ। ਉਸ ਤੋਂ ਬਾਅਜ ਰੱਖਣ ਲਈ ਮੈਂ ਉਸਨੂੰ ਸਮਝਾਉਂਦਾ ਵੀ ਰਹਿੰਦਾ ਆਂ ਕਿਉਂਕਿ ਜੂਆ ਮੈਨੂੰ ਆਪ ਨੂੰ ਵੀ ਪਸੰਦ ਨਹੀਂ।”
“ਪਰ ਤੁਸੀਂ ਅੱਜ ਤਕ ਜੋ ਵੀ ਕੀਤਾ ਏ—ਕੀ ਉਹ ਕਿਸੇ ਜੂਏ ਨਾਲੋਂ ਘੱਟ ਏ?”
ਮਧੋਕ ਸਾਹਬ ਥੋੜ੍ਹੀ ਦੇਰ ਲਈ ਬਿਲਕੁਲ ਚੁੱਪ ਹੋ ਗਏ। ਅਖ਼ਬਾਰ ਤੋਂ ਨਜ਼ਰਾਂ ਹਟਾਅ ਕੇ ਛੱਤ ਵੱਲ ਦੇਖਣ ਲੱਗ ਪਏ—ਜਿਵੇਂ ਆਪਣੇ ਬੀਤੇ ਹੋਏ ਜੀਵਨ ਦੇ ਪੰਨੇ ਉਲਟ-ਪਲਟ ਰਹੇ ਹੋਣ। ਸ਼੍ਰੀਮਤੀ ਮਧੋਕ ਰਜਾਈ ਵਿਚੋਂ ਮੂੰਹ ਕੱਢੀ, ਅੱਧ ਮਿਚੀਆਂ ਅੱਖਾਂ ਨਾਲ ਉਹਨਾਂ ਵਲ ਦੇਖਦੀ ਰਹੀ। ਫੇਰ ਧੀਮੀ ਆਵਾਜ਼ ਵਿਚ ਬੋਲੀ, “ਇਹ ਤਾਂ ਮੈਂ ਹੀ ਸੀ ਜਿਹੜੀ ਤੁਹਾਡੇ ਹਰੇਕ ਗਲਤ ਪਾਸੇ ਨੂੰ ਪਲਟ ਕੇ ਸਿੱਧਾ ਕਰ ਦੇਂਦੀ ਰਹੀ।”
ਮਧੋਮ ਸਾਹਬ ਫੇਰ ਵੀ ਕੁਝ ਨਾ ਬੋਲੇ ਤਾਂ ਉਸਨੇ ਅੱਗੇ ਕਿਹਾ, “ਆਪਣੀ ਔਲਾਦ ਨੂੰ ਤੁਸੀਂ ਵੱਡੀ ਤੋਂ ਵੱਡੀ ਆਜ਼ਾਦੀ ਦਿੱਤੀ। ਮੈਂ ਕਦੀ ਮਨ੍ਹਾਂ ਨਹੀਂ ਕੀਤਾ। ਪਰ ਜਦੋਂ ਤੁਸੀਂ ਉਹਨਾਂ ਨੂੰ ਆਪਣੇ ਆਪਣੇ ਮਨਪਸੰਦ ਸਾਥੀ ਚੁਣ ਲੈਣ ਤੋਂ ਵੀ ਨਾ ਰੋਕਿਆ ਤਾਂ ਮੈਨੂੰ ਬੜਾ ਧੱਕਾ ਲੱਗਾ। ਆਪਣੇ ਘਰ ਵਿਚ ਮੈਨੂੰ ਵੀ ਤਾਂ ਕੁਝ ਅਧਿਕਾਰ ਹੋਣੇ ਚਾਹੀਦੇ ਸੀ—ਕਿ ਨਹੀਂ? ਮੇਰੇ ਬੇਟੇ ਜਿਹੋ-ਜਿਹੀਆਂ ਵਹੂਟੀਆਂ ਲੈ ਆਏ, ਉਹਨਾਂ ਨਾਲ ਮੇਰਾ ਟਕਰਾ ਨਹੀਂ ਹੋਣਾ ਚਾਹੀਦਾ ਸੀ—ਪਰ ਹੋਇਆ। ਕੀ ਇਹ ਮੇਰੇ ਨਾਲ ਅਨਿਆਂ ਨਹੀਂ ਸੀ? ਇਸ ਉੱਤੇ ਵੀ ਮੈਂ ਤੁਹਾਨੂੰ ਕੁਝ ਨਹੀਂ ਕਿਹਾ। ਮੈਨੂੰ ਹਮੇਸ਼ਾ ਇਹੀ ਲੱਗਦਾ ਰਿਹਾ ਏ ਕਿ ਆਪਣੇ ਘਰ ਮੈਂ ਹੀ ਸਿਰਫ, ਸਿਫ਼ਰ ਹਾਂ—ਬਾਕੀ ਸਭਨਾਂ ਦੀ ਕੁਝ ਨਾ ਕੁਝ ਹਸਤੀ ਹੈ। ਫੇਰ ਵੀ ਮੈਂ ਕਦੀ ਸ਼ਿਕਾਇਤ ਨਹੀਂ ਕੀਤੀ—ਨਹੀਂ ਨਾ ਕੀਤੀ? ਮੈਂ ਆਪਣੀ ਕੋਸ਼ਿਸ਼ ਨਾਲ, ਆਪਣੀ ਅਕਲ ਅਨੁਸਾਰ, ਵਹੂਟੀਆਂ ਨੂੰ ਆਪਣੀ ਮਰਜ਼ੀ ਮੂਜਬ ਢਾਲਣ ਦੀ ਕੋਸ਼ਿਸ਼ ਕੀਤੀ। ਸਰੋਜ ਤੇ ਪ੍ਰਤੀਭਾ ਉੱਤੇ ਅਧਿਕਾਰ ਨਹੀਂ ਜਮਾ ਸਕੀ—ਮੇਰੇ ਪੁੱਤਰਾਂ ਨੂੰ ਹੀ ਮੈਥੋਂ ਖੋਹ ਕੇ ਵੱਖਰੇ ਘਰਾਂ ਵਿਚ ਜਾ ਵੱਸੀਆਂ। ਬਾਹਰਲੇ ਮੁਲਕਾਂ ਵਿਚ ਚਲੀਆਂ ਗਈਆਂ। ਪਰ ਮੈਨੂੰ ਖੁਸ਼ੀ ਏ ਕਿ ਸੁਦੀਪ ਨੂੰ ਮੈਂ ਆਪਣੇ ਰਸਤੇ 'ਤੇ ਲੈ ਆਈ।”
ਸੁਣ ਕੇ ਮਧੋਕ ਸਾਹਬ ਉੱਚੀ-ਉੱਚੀ ਹੱਸ ਪਏ ਤੇ ਗਰਦਨ ਭੁਆਂ ਕੇ ਆਪਣੀ ਪਤਨੀ ਵਲ ਦੇਖਦੇ ਹੋਏ ਬੋਲੇ, “ਤੇ ਆਪਣੀ ਏਸ ਸੁਦੀਪ ਨੂੰ ਘਰ ਲਿਆਉਣ ਲਈ ਤਿਆਰ ਨਹੀਂ ਸੀ ਤੂੰ! ਕਹਿੰਦੀ ਸੀ, ਜੇ ਉਸ ਕੁੜੀ ਨੂੰ ਮੇਰਾ ਪੁੱਤਰ ਬਹੂ ਬਣਾ ਕੇ ਘਰ ਲਿਆਇਆ ਤਾਂ ਮੈਂ ਉਸਨੂੰ ਆਪਣਾ ਦੁੱਧ ਨਹੀਂ ਮੁਆਫ਼ ਕਰਾਂਗੀ।”
“ਤੁਸੀਂ ਤਾਂ ਜਾਣਦੇ ਈ ਓ, ਅੰਮ੍ਰਿਤ ਨੂੰ ਮੈਂ ਕਿੰਨੇ ਚਾਵਾਂ ਨਾਲ ਪਾਲਿਆ ਏ—ਤੇ ਉਸਨੂੰ ਵੀ ਮੇਰੇ ਨਾਲ ਕਿੰਨਾਂ ਪਿਆਰ ਏ! ਅਸਲ ਵਿਚ ਮੈਂ ਡਰ ਰਹੀ ਸਾਂ—ਦੂਜੇ ਧਰਮ ਵਿਚ ਸ਼ਾਦੀ ਕਰਕੇ ਕਿਤੇ ਉਹ ਵੀ ਆਪਣਾ ਧਰਮ ਨਾ ਬਦਲ ਲਏ!”
ਮਧੋਮ ਸਾਹਬ ਪਹਿਲਾਂ ਨਾਲੋਂ ਵੀ ਉੱਚੀ-ਉੱਚੀ ਹੱਸਦੇ ਹੋਏ ਬੋਲੇ, “ਤੂੰ ਸਮਝਦੀ ਸੀ, ਉਹ ਵੀ ਕਿਤੇ ਸਿੱਖ ਨਾ ਬਣ ਜਾਏ! ਬਈ ਵਾਹ! ਵਾਹ! ਭਲੀਏ ਲੋਕੇ ਸਿੱਖ ਧਰਮ ਵੀ ਤਾਂ ਸਾਡਾ ਈ ਏ। ਕੀ ਤੂੰ ਜਪੁਜੀ ਸਾਹਬ ਦਾ ਪਾਠ ਨਹੀਂ ਕਰਦੀ? ਮੇਰੇ ਪਿਤਾ ਜੀ ਤਾਂ ਪੰਥ ਦੇ ਪ੍ਰਚਾਰਕ ਸਨ—ਸਿੱਖ ਧਰਮ ਦੇ ਪ੍ਰਚਾਰ ਲਈ ਰਾਗੀ ਜੱਥਿਆਂ ਨਾਲ ਦੂਰ-ਦੂਰ ਤਕ ਜਾਂਦੇ ਹੁੰਦੇ ਸਨ।...ਤੇ ਮੇਰਾ ਧਰਮ ਤੂੰ ਜਾਣਦੀ ਹੀ ਐਂ, ਮੈਂ ਹਰੇਕ ਧਰਮ ਦਾ ਉਪਾਸਕ ਆਂ। ਲੈ, ਸੁਣੀਂ, ਤੈਨੂੰ ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਸੁਣਾਵਾਂ...”
“ਛੱਡੇ—ਮੈਂ ਕਹਿ ਰਹੀ ਸੀ ਸੁਦੀਪ ਮੇਰੀ ਸਭ ਤੋਂ ਚੰਗੀ ਬਹੂ ਸਿੱਧ ਹੋਈ ਏ। ਨਾ ਸਿਰਫ ਉਸਨੇ ਮੈਨੂੰ ਮੁਆਫ਼ ਹੀ ਕਰ ਦਿੱਤਾ,ਬਲਕਿ ਹਮੇਸ਼ਾ ਮੇਰੀ ਇੱਜ਼ਤ ਵੀ ਕੀਤੀ ਏ। ਮੈਂ ਹੋਰ ਚਾਹੁੰਦੀ ਹੀ ਕੀ ਆਂ? ਉਸ ਉੱਤੇ ਮੈਂ ਇਸ ਲਈ ਵੀ ਖੁਸ਼ ਆਂ ਕਿ ਉਸਨੇ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਉੱਚਾ ਉਠਣ ਵਿਚ ਬੜੀ ਮਦਦ ਕੀਤੀ ਏ। ਉਸਨੇ ਉਸਨੂੰ ਐਮ.ਏ. ਕਰ ਲੈਣ ਦੀ ਪ੍ਰੇਰਨਾਂ ਦਿੱਤਾ। ਆਪ ਨੌਕਰੀ ਕਰਕੇ ਉਸਦਾ ਖਰਚਾ ਬਰਦਾਸ਼ਤ ਕੀਤਾ। ਉਸਨੂੰ ਈਰਾਨ ਜਾਣ ਲਈ ਸਕਾਲਰਸ਼ਿਪ ਮਿਲਿਆ ਤਾਂ ਖੁਸ਼ੀ-ਖੁਸ਼ੀ ਉਸਨੂੰ ਵਿਦਾਅ ਕਰ ਦਿੱਤਾ। ਪੂਰਾ ਇਕ ਸਾਲ ਮੇਰੇ ਕੋਲ ਰਹਿ ਕੇ ਬਿਤਾਇਆ। ਉਸਦਾ ਇਹ ਤਿਆਗ ਮੈਂ ਕਦੀ ਨਹੀਂ ਭੁੱਲ ਸਕਦੀ—ਉਸ ਜ਼ਮਾਨੇ ਵਿਚ ਤਾਂ ਉਸਨੇ ਮੇਰਾ ਮਨ ਮੋਹ ਲਿਆ ਸੀ। ਜਦੋਂ ਅੰਮ੍ਰਿਤ ਡੀ.ਲਿਟ ਕਰਕੇ ਉੱਥੇ ਹੀ ਪ੍ਰੋਫ਼ੈਸਰ ਲੱਗ ਗਿਆ ਤਾਂ ਮੈਂ ਸੁਦੀਪ ਨੂੰ ਉਸਦੇ ਕੋਲ ਭੇਜ ਦਿੱਤਾ। ਆਪਣੇ ਆਦਮੀ ਕੋਲ ਰਹਿਣ ਵਾਸਤੇ, ਤੇ ਇਸ ਵਾਸਤੇ ਵੀ ਕਿ ਇਕ ਅੱਧੀ ਡਿਗਰੀ ਉਹ ਆਪ ਵੀ ਕਰ ਲਏ ਉਹਨਾਂ ਦੇ ਬੱਚਿਆਂ ਨੂੰ ਮੈਂ ਖੁਸ਼ੀ-ਖੁਸ਼ੀ ਆਪਣੇ ਕੋਲ ਰੱਖਿਆ।...ਤੇ ਹੁਣ ਸੁੱਖ ਨਾਲ ਉਹਨਾਂ ਦੋਵਾਂ ਕੋਲ ਕਈ ਕਈ ਡਿਗਰੀਆਂ ਨੇ ਤੇ ਆਪਣੇ ਦੇਸ਼ ਵਾਪਸ ਆ ਕੇ ਇਕੋ ਯੂਨੀਵਰਸਟੀ ਵਿਚ ਪੜ੍ਹਾਉਣ ਵੀ ਲੱਗ ਪਏ ਨੇ ਉਹ ਦੋਵੇਂ। ਖ਼ੁਦ ਤਾਂ ਸੁਖੀ ਹੈ ਹੀ ਨੇ, ਸਾਨੂੰ ਵੀ ਸੁੱਖੀ ਕਰ ਦਿੱਤਾ ਏ।”
ਮਧੋਕ ਸਾਹਬ ਉੱਤੇ ਕੁਝ ਤਾਂ ਆਪਣੀ ਪਤਨੀ ਦੀ ਲੰਮੀ ਗੱਲ ਤੇ ਕੁਝ ਵਧ ਗਏ ਨਸ਼ੇ ਦੇ ਪ੍ਰਭਾਵ ਕਾਰਨ ਨੀਂਦ ਭਾਰੂ ਹੋ ਗਈ ਤੇ ਉਹ ਜਾਗੋ ਮੀਚੀ ਜਿਹੀ ਵਿਚ ਬਰੜਾਏ, “ਜਿਹੜੀ ਔਰਤ...ਆਪਣੀ ਗਲਤੀ ਨੂੰ...ਮੰਨ ਲੈਂਦੀ ਏ...ਉਹ ਬੜੀ...ਮਹਾਨ...।”
ਉਹਨਾਂ ਨੂੰ ਨੀਂਦ ਦੀ ਬੁੱਕਲ ਵਿਚ ਗਏ ਦੇਖ ਕੇ, ਸ਼੍ਰੀਮਤੀ ਮਧੋਕ ਵੀ ਬੱਤੀ ਬੰਦ ਕਰਕੇ ਆਪਣੀ ਰਜਾਈ ਵਿਚ ਵੜ ਗਈ ਤੇ ਮਧੋਕ ਸਾਹਬ ਦੇ ਘੁਰਾੜੇ ਸੁਣਨ ਲੱਗੀ। ਉਹ ਹਮੇਸ਼ਾ ਹੀ ਉੱਚੀ-ਉੱਚੀ ਘੁਰਾੜੇ ਮਾਰਦੇ ਨੇ ਤੇ ਉਹਨਾਂ ਨੂੰ ਸੁਣਦੀ, ਸੁਣਦੀ ਹੀ ਉਹ ਵੀ ਸੌਂ ਜਾਂਦੀ ਹੈ।
ਦੋਵਾਂ ਨੂੰ ਸੁੱਤਿਆਂ ਅਜੇ ਅੱਧਾ ਕੁ ਘੰਟਾ ਹੀ ਹੋਇਆ ਹੋਏਗਾ ਕਿ ਅਚਾਨਕ ਕਾਲਬੈਲ ਦੀ ਘੰਟੀ ਗੂੰਜ ਉਠੀ। ਕੁਝ ਜਣਿਆ ਦੀਆਂ ਰਲੀਆਂ ਮਿਲੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਦੋਵੇਂ ਜਾਗ ਕੇ ਇਕ ਦੂਜੇ ਨੂੰ ਪੁੱਛਣ ਲੱਗੇ, “ਏਸ ਵੇਲੇ ਕੌਣ ਹੋ ਸਕਦਾ ਏ?”
“ਮੈਨੂੰ ਤਾਂ ਆਪਣੇ ਇੰਨੀ ਦੀ ਆਵਾਜ਼ ਲੱਗਦੀ ਏ।”
“ਤੇ ਮੈਨੂੰ ਆਪਣੇ ਬੇਟੇ ਅੰਮ੍ਰਿਤ ਦੀ...।”
“ਦਰਵਾਜ਼ਾ ਖੋਲ੍ਹਣ ਤੂੰ ਜਾ ਰਹੀ ਏਂ ਕਿ ਮੈਂ ਜਾਵਾਂ?”
“ਤੁਸੀਂ ਪਏ ਰਹੋ, ਮੈਂ ਖੋਲ੍ਹਦੀ ਆਂ।”
ਕੁਝ ਚਿਰ ਪਿੱਛੋਂ ਉਸ ਕਮਰੇ ਵਿਚ ਚਾਰ ਮਰਦ ਦਾਖ਼ਲ ਹੋਏ। ਮੁਸਕੁਰਾਉਂਦੇ ਹੋਏ। ਉਹਨਾਂ ਨੂੰ ਦੇਖ ਕੇ ਮਧੋਕ ਸਾਹਬ ਉਠ ਕੇ ਬੈਠ ਗਏ ਤੇ ਬੋਲੇ, “ਆਓ, ਆਓ ਸਾਹਬੋ...ਤਸ਼ਰੀਫ਼ ਲੈ ਆਓ। ਖੁਸ਼-ਆਮਦੀਦ!!”
“ਪਾਪਾ ਇਹ ਮੇਰੇ ਦੋਸਤ ਨੇ ਮੁਸੱਰਤ ਸਾਹਬ, ਤੇ ਅਹੂਜਾ ਸਾਹਬ...ਮੇਰੇ ਬਨਾਰਸ ਦੇ ਦੋਸਤ!”
“ਓ...ਅੱਛਾ, ਅੱਛਾ! ਬਈ ਬਨਾਰਸ ਵਾਲਿਆਂ ਨੂੰ ਮਿਲਣ ਦੀ ਬੜੀ ਦੇਰ ਦੀ ਇੱਛਾ ਸੀ ਮੇਰੀ। ਇਹ ਤੂੰ ਬੜਾ ਚੰਗਾ ਕੀਤਾ ਜਿਹੜਾ ਇਹਨਾਂ ਨੂੰ ਨਾਲ ਹੀ ਲੈ ਆਇਆ। ਬਨਾਰਸ ਦੇ ਸ਼ਾਇਰਾਂ ਦੀ ਇਕ ਕਿਤਾਬ ਭੇਜੀ ਸੀ ਨਾ ਤੂੰ? ਉਹ ਮੈਨੂੰ ਬੜੀ ਚੰਗੀ ਲੱਗੀ। ਕੁਝ ਲੋਕਾਂ ਦਾ ਕਲਾਮ ਤਾਂ ਮੈਨੂੰ ਜ਼ੁਬਾਨੀ ਯਾਦ ਹੋ ਗਿਆ ਏ...:
ਕਬ ਹਸਾ ਥਾ ਜੋ ਯਹ ਕੇਹਤੇ ਹੋ ਕਿ ਰੋਨਾ ਹੋਗਾ,
ਹੋ ਰਹੇਗਾ ਮੇਰੀ ਕਿਸਮਤ ਮੇਂ ਜੋ ਹੋਣਾ ਹੋਗਾ।
ਇਕ ਤਰਫ਼ ਦੋਸਤ ਕਾ ਇਸਰਾਰ ਕਿ ਆਖੇਂ ਖੋਲੋ,
ਇਕ ਤਰਫ਼ ਮੌਤ ਥਪਕਤੀ ਹੈ ਕਿ ਸੋਨਾ ਹੋਗਾ।
ਸ਼ੌਕ ਸੇ ਆਪ ਨਕਾਬੇ ਰੁਖ਼ ਜੇਬ ਉਲਟੇਂ,
ਹੋ ਰਹੇਗਾ ਜੋ ਮੇਰੀ ਕਿਸਮਤ ਮੇਂ ਹੋਣਾ ਹੋਗਾ।
ਹਮਕੋ ਇਕਬਾਲ ਮੁਸੀਬਤ ਮੇਂ ਮਜ਼ਾ ਮਿਲਤਾ ਹੈ,
ਹਮਤੋ ਯਹ ਸੋਚ ਕੇ ਹਸਤੇ ਹੈਂ ਕਿ ਰੋਣਾ ਹੋਗਾ।”
ਇਕ ਬਜ਼ੁਰਗ ਨਾਲ ਮੁਲਾਕਾਤ ਹੁੰਦਿਆਂ ਹੀ ਉਸਦੇ ਮੂੰਹੋਂ ਫਰ-ਫਰਰ ਸ਼ੇਅਰ ਸੁਣ ਕੇ ਮੁਸੱਰਤ ਤੇ ਅਹੂਜਾ ਦੋਵੇਂ ਦੰਗ ਰਹਿ ਗਏ। ਉਹਨਾਂ ਦੇ ਮੂੰਹੋ ਮੱਲੋਮੱਲੀ ਵਾਹ-ਵਾਹ ਨਿਕਲ ਗਿਆ। ਅੰਮ੍ਰਿਤ ਨੇ ਆਪਣੇ ਪਿਤਾ ਕੋਲ ਬੈਠਦਿਆਂ ਹੋਇਆਂ ਆਪਣੇ ਦੋਸਤਾਂ ਨੂੰ ਬੜੇ ਮਾਣ ਨਾਲ ਦੱਸਿਆ, “ਮੇਰੇ ਪਾਪਾ ਨੂੰ ਹਜ਼ਾਰਾਂ ਸ਼ਿਅਰ ਜ਼ੁਬਾਨੀ ਯਾਦ ਨੇ।”
ਦਰਵਾਜ਼ੇ ਕੋਲ ਸ਼੍ਰੀਮਤੀ ਮਧੋਕ ਆਪਣੇ ਛੋਟੇ ਪੁੱਤਰ ਨਾਲ ਚਿਪਕੀ ਖੜ੍ਹੀ ਸੀ, ਜਿਹੜਾ ਉਸ ਨਾਲੋਂ ਇਕ ਫੁੱਟ ਲੰਮਾਂ ਸੀ। ਉਹ ਬੋਲੀ, “ਵਿਚਾਰਿਆਂ ਦੀ ਆਉਂਦਿਆਂ ਦੀ ਸ਼ਾਇਰੋ-ਸ਼ਾਇਰੀ ਨਾਲ ਖਾਤਰ ਸ਼ੁਰੂ ਕਰ ਦਿੱਤੀ ਏ—ਪਹਿਲਾਂ ਕੁਝ ਖਾ-ਪੀ ਤਾਂ ਲੈਣ ਦੇਂਦੇ!”
ਮਧੋਕ ਸਾਹਬ ਨੇ ਝੱਟ ਕਿਹਾ...:
“ਬਸ ਬੇਤਾਬ ਕਰ ਰੱਖਾ ਥਾ ਜੀ ਨੇ,
ਚਲੇ ਆਏ ਹੈਂ ਮੈਖ਼ਾਨੇ ਮੇਂ ਪੀਣੇ।
ਇਹ ਆਪਣੇ ਰਿੰਦ (ਪਿਅਕੱੜ) ਬਾਪ ਨੂੰ ਮਿਲਣ ਆਏ ਨੇ ਬਈ! ਸ਼ੇਅਰ ਵੀ ਸੁਣਨਗੇ ਤੇ ਕੁਝ ਪੀਣਗੇ ਵੀ।...ਓਧਰ ਮੇਰੀ ਅਲਮਾਰੀ 'ਚ ਦੇਖ ਤਾਂ ਜ਼ਰਾ, ਕੁਝ ਨਾ ਕੁਝ ਜ਼ਰੂਰ ਪਈ ਹੋਏਗੀ।”
ਇੰਨੀ, ਮਾਂ ਦੇ ਕਲਾਵੇ ਵਿਚੋਂ ਨਿਕਲ ਕੇ ਪਿਊ ਕੋਲ ਚਲਾ ਗਿਆ ਤੇ ਉਸਦੇ ਪੈਰੀਂ ਹੱਥ ਲਾ ਕੇ ਬੋਲਿਆ, “ਰਹਿਣ ਦਿਓ ਪਾਪਾ, ਰਸਤੇ 'ਚ ਕਾਫੀ ਪੀ ਲਈ ਏ ਅਸੀਂ—ਚੰਡੀਗੜ੍ਹ, ਕਾਲਕਾ, ਸੋਲਨ, ਹਰੇਕ ਜਗ੍ਹਾ ਥੋੜ੍ਹੀ-ਬਹੁਤੀ ਲਾਉਂਦੇ ਈ ਰਹੇ ਆਂ। ਇਕ ਬੋਤਲ ਤੁਹਾਡੀ ਖਾਤਰ ਵੀ ਲੈ ਆਏ ਆਂ—ਅਹਿ ਲਓ ਫੜੋ।”
“ਤੇ ਫੇਰ ਦੇਰ ਕਿਸ ਗੱਲ ਦੀ ਏ! ਗ਼ਲਾਸ ਲਿਆਓ ਤੇ ਸ਼ੁਰੂ ਹੋ ਜਾਓ ਪੁੱਤਰੋ...”
ਅੰਮ੍ਰਿਤ ਆਪਣੀ ਮਾਂ ਕੋਲ ਜਾ ਕੇ ਬੋਲਿਆ, “ਅੰਮਾਂ ਤੁਹਾਨੂੰ ਸੁਦੀਪ ਤੇ ਬੱਚੇ ਬੜਾ ਯਾਦ ਕਰਦੇ ਨੇ। ਚਾਹੁੰਦੇ ਨੇ, ਇਸ ਵਾਰੀ ਦਸੰਬਰ ਦੀਆਂ ਛੁੱਟੀਆਂ ਵਿਚ ਤੁਸੀਂ ਦੋਵੇਂ ਸਾਡੇ ਕੋਲ ਜ਼ਰੂਰ ਆਓ।”
“ਆਵਾਂਗੇ ਬਈ, ਜ਼ਰੂਰ ਆਵਾਂਗੇ। ਬੱਚਿਆਂ ਨੂੰ ਦੇਖਿਆਂ ਪੂਰਾ ਇਕ ਸਾਲ ਹੋ ਚੱਲਿਆ ਏ। ਮੇਰਾ ਬੜਾ ਜੀਅ ਕਰਦਾ ਏ, ਇਹ ਵੀ ਅਕਸਰ ਯਾਦ ਕਰਦੇ ਰਹਿੰਦੇ ਨੇ। 'ਕੱਲੇ 'ਕੱਲੇ ਦੀਆਂ ਗੱਲਾਂ ਕਰਦੇ ਨੇ...ਖਾਸ ਤੌਰ 'ਤੇ ਬੰਟੀ ਦੀਆਂ ਸ਼ਰਾਰਤਾਂ।” ਆਪਣੇ ਪੋਤੇ ਦੇ ਜ਼ਿਕਰ ਉੱਤੇ ਮਧੋਕ ਸਾਹਬ ਤੁੜਕ ਕੇ ਬੋਲੇ, “ਉਹ! ਓਇ ਉਹ ਤਾਂ ਇਕ ਨੰਬਰ ਦਾ ਕਬੂਤਰ ਮਾਰ ਏ! ਕਬੂਤਰ ਮਾਰ! ਜਦੋਂ ਦੇਖੋ, ਏਅਰ ਗੰਨ ਚੁੱਕੇ ਕੇ ਕਬੂਤਰਾਂ 'ਤੇ ਨਿਸ਼ਾਨੇ ਲਾਉਂਦੇ ਫਿਰਦਾ ਏ।”
“ਅਖ਼ੀਰ ਪੋਤਾ ਕਿਸ ਦਾ ਏ?” ਸ਼੍ਰੀਮਤੀ ਮਧੋਕ ਨੇ ਆਪਣੇ ਪਤੀ ਵਲ ਅਜੀਬ ਜਿਹੀਆਂ ਮਾਣ ਭਰੀਆਂ ਨਜ਼ਰਾਂ ਨਾਲ ਦਖਿਆ। “ਤੁਹਾਡੀਆਂ ਬਹੁਤ ਸਾਰੀਆਂ ਆਦਤਾਂ ਤੁਹਾਡੇ ਪੋਤੇ-ਪੋਤੀਆਂ ਤਕ ਪਹੁੰਚ ਚੁੱਕੀਆਂ ਨੇ।”
“ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ—ਜੇ ਮੇਰੀ ਔਲਾਦ ਤੇ ਔਲਾਦ ਦੀ ਔਲਾਦ ਵਿਚ ਮੇਰੀ ਸਿਆਣਪ, ਮੇਰੀ ਸ਼ਰਾਫ਼ਤ, ਖ਼ੁਦਗਰਜੀ, ਮੱਕਾਰੀ, ਬੁਜਦਿਲੀ ਜਾਂ ਬਹਾਦਰੀ ਦੇ ਕੁਝ ਤੱਤ ਆ ਗਏ ਨੇ। ਇਹੀ ਦੇਖ ਕੇ ਤਾਂ ਮੈਨੂੰ ਦਿਲੀ-ਖੁਸ਼ੀ ਹੁੰਦੀ ਏ ਕਿ ਮੈਂ ਕਿਸੇ ਨਾ ਕਿਸੇ ਰੂਪ ਵਿਚ ਆਪਣੀ ਸੰਤਾਨ ਦੇ ਅੰਦਰ ਹਮੇਸ਼ਾ ਜਿਊਂਦਾ ਰਹਾਂਗਾ!” ਇਹ ਕਹਿ ਕੇ ਉਹ ਉੱਚੀ-ਉੱਚੀ ਹੱਸਣ ਲੱਗ ਪਏ।
ਉਹਨਾਂ ਦੀ ਪਤਨੀ ਬੋਲੀ, “ਅੱਛਾ-ਅੱਛਾ ਤੁਸੀਂ ਇਹ ਸੋਚ-ਸੋਚ ਕੇ ਖੁਸ਼ ਹੁੰਦੇ ਰਹੋ—ਮੈਂ ਜ਼ਰਾ ਬੱਚਿਆਂ ਵਾਸਤੇ ਆਮਲੇਟ ਵਗ਼ੈਰਾ ਬਣਾ ਲਿਆਵਾਂ।”
“ਅੰਮਾਂ, ਤੁਸੀਂ ਬਿਸਤਰੇ 'ਚ ਬਹਿ ਜਾਓ। ਬੜੀ ਠੰਡ ਏ। ਮੈਂ ਆਪੇ ਬਣਾ ਕੇ ਲੈ ਆਵਾਂਗਾ।” ਕਹਿ ਕੇ ਇੰਨੀ ਨੇ ਮੇਜ਼ ਉੱਤੇ ਰੱਖੇ ਗ਼ਲਾਸਾਂ ਵਿਚ ਛੇਤੀ-ਛੇਤੀ ਪੈਗ ਪਾਏ ਤੇ ਆਪਣਾ ਗ਼ਲਾਸ ਚੁੱਕੇ ਕੇ ਕਿਚਨ ਵਿਚ ਚਲਾ ਗਿਆ। ਉਸਦੇ ਪਿੱਛੇ-ਪਿੱਛੇ ਸ਼੍ਰੀਮਤੀ ਮਧੋਕ ਵੀ ਤੁਰ ਗਈ। ਉਹਨਾਂ ਦੇ ਜਾਣ ਪਿੱਛੋਂ ਸਾਰਿਆਂ ਨੇ ਆਪਣੇ-ਆਪਣੇ ਗ਼ਲਾਸ ਚੁੱਕੇ ਤੇ ਮਧੋਕ ਸਾਹਬ ਨੂੰ ਕਿਹਾ, “ਪਾਪਾ, ਤੁਹਾਡੀ ਸਿਹਤ ਦੇ ਨਾਂਅ...”
ਮਧੋਕ ਸਾਹਬ ਨੇ ਮੁਸਕੁਰਾਉਂਦਿਆਂ ਹੋਇਆਂ ਸਭ ਨੂੰ ਸ਼ੁਕਰੀਆ-ਸ਼ੁਕਰੀਆ ਕਿਹਾ ਤੇ ਬੋਲੇ, “ਬਨਾਰਸ ਦਾ ਫ਼ਿਆਜ ਵੀ ਬੜਾ ਜਿੰਦਾ ਦਿਲ ਸ਼ਾਇਰ ਸੀ...ਲਖ਼ਨਊ ਵਾਲਿਆਂ ਵਾਂਗ! ਉਸਦੇ ਕਈ ਅਸ਼ਾਰ ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਸੁਣਾਏ ਤਾਂ ਉਹ ਬੜੇ ਖੁਸ਼ ਹੋਏ...:
ਕੰਘੀ ਸੇ ਹਾਥ ਉਠਾ ਕਰ ਸ਼ਬੇ ਵਸਲ ਲੇਟੀਏ,
ਕਬ ਗੇਸੁਓਂ ਸੇ ਆਪ ਕੇ ਹੈਂ ਪੇਚੋ ਖ਼ਮ ਗ਼ਲਤ।
ਚੂੜੀਓਂ ਕਾ ਸ਼ੋਰ ਸੁਨੀਏ ਮੂੰਹ ਕੜੋਂ ਕਾ ਦੇਖੀਏ,
ਆਪ ਕੇ ਜੇਵਰ ਭੀ ਹੈਂ ਐ ਜਾਨ ਹਸਤੇ ਬੋਲਤੇ।
ਉਸ ਪਰੀ ਰੂ ਨੇ ਕਹਾ ਬਾਂਧ ਕੇ ਜੂੜਾ ਸਿਰ ਪਰ,
ਆਜ ਚੋਟੀ ਕੇ ਬਖੇੜੇ ਸੇ ਤੋ ਪੀਛਾ ਛੂਟਾ!”
ਅੰਮ੍ਰਿਤ ਤੇ ਉਸਦੇ ਦੋਵੇਂ ਦੋਸਤ ਹੱਸ-ਹੱਸ ਕੇ ਲੋਟ-ਪੋਟ ਹੋ ਗਏ। ਇਹ ਦੇਖ ਕੇ ਮਧੋਕ ਸਾਹਬ ਜ਼ਰਾ ਹੋਰ ਸਿੱਧੇ ਹੋ ਕੇ ਬੈਠ ਗਏ। ਉਹਨਾਂ ਆਪਣਾ ਖਾਲੀ ਗ਼ਲਾਸ ਅੱਗੇ ਕਰ ਦਿੱਤਾ, ਜਿਸਨੂੰ ਅੰਮ੍ਰਿਤ ਨੇ ਝੱਟ ਭਰ ਦਿੱਤਾ। ਉਹਨਾਂ ਕਿਹਾ, “ਤੁਹਾਡੇ ਬਨਾਰਸ ਨੇ ਗਨੀ ਵੀ ਇਕ ਵਧੀਆ ਸ਼ਾਇਰ ਪੈਦਾ ਕੀਤਾ ਏ...:
ਤੇਰੇ ਦੀਵਾਨੇ ਕਾ ਹੈ ਕੈਸਾ ਮਿਜ਼ਾਜ!”
ਇਹ ਸੁਣਦਿਆਂ ਹੀ ਤਿੰਨੇ ਦੋਸਤ ਇਕੋ ਆਵਾਜ਼ ਵਿਚ ਬੋਲੇ...:
“ਜਬ ਜ਼ਰਾ ਬਦਲੀ ਹਵਾ, ਬਦਲਾ ਮਿਜ਼ਾਜ!”
“ਅੱਛਾ-ਅੱਛਾ, ਤੁਹਾਨੂੰ ਸਾਰਿਆਂ ਨੂੰ ਵੀ ਉਸਦਾ ਕਲਾਮ ਪਸੰਦ ਏ। ਖ਼ੂਬ! ਬਹੁਤ ਅੱਛਾ!”
ਫੇਰ ਮਧੋਕ ਸਾਹਬ ਤੇ ਉਹ ਤਿੰਨੇ ਵਾਰੀ ਨਾਲ ਇਕ ਇਕ ਮਿਸਰਾ ਪੜ੍ਹਨ ਲੱਗੇ...:
“ਸ਼ੇਖ ਜੀ ਸੇ ਝੁਕ ਕਰ ਮਿਲਤਾ ਹੂੰ ਬਹੁਤ”
“ਫਿਰ ਭੀ ਹਜਰਤ ਕਿ ਨਹੀਂ ਮਿਲਤਾ ਮਿਜ਼ਾਜ”
“ਮੇਰੀ ਦੁਨੀਆਂ ਤਕ ਬਦਲ ਦੀ ਆਪ ਨੇ”
“ਆਪ ਕਾ ਲੇਕਿਨ ਨਹੀਂ ਬਦਲਾ ਮਿਜ਼ਾਜ”
“ਹਾਏ ਰੇ ਨਾਜੁਕ ਮਿਜ਼ਾਜੀ ਹੁਸਨ ਕੀ”
“ਇਸ਼ਕ ਨੇ ਦੇਖਾ ਕਿ ਬਸ ਬਦਲਾ ਮਿਜ਼ਾਜ”
“ਦਮ ਮੇਂ ਕੁਛ ਹੈ, ਦਮ ਮੇਂ ਕੁਛ ਹੈ, ਦਮ ਮੇਂ ਕੁਛ”
“ਖ਼ਾਕ ਕੇ ਪੁਤਲੇ ਕਾ ਹੈ ਕੈਸਾ ਮਿਜ਼ਾਜ”
“ਅਬ ਗਨੀ ਕਾ ਹਾਲ ਕੁਛ ਐਸਾ ਨਹੀਂ”
“ਕਹਿਣੇ ਕੋ ਕਹਿਤੇ ਹੈਂ ਹੈ ਅੱਛਾ ਮਿਜ਼ਾਜ”
ਗ਼ਜ਼ਲ ਖਤਮ ਹੋ ਗਈ ਤਾਂ ਸਾਰਿਆਂ ਨੇ ਇਕ ਨਾਰਾਏ-ਮਸਤਾਨਾ ਲਾਇਆ ਤੇ ਆਪਣੇ ਆਪਣੇ ਗ਼ਲਾਸ ਚੁੱਕੇ। ਉਹਨਾਂ ਨੂੰ ਇਸਦੀ ਪ੍ਰਵਾਹ ਨਹੀਂ ਸੀ ਕਿ ਉਹਨਾਂ ਦੀਆਂ ਆਵਾਜ਼ਾਂ ਕਿੰਨੀਆਂ ਉੱਚੀਆਂ ਹੋ ਗਈਆਂ ਨੇ ਜਾਂ ਕਿੰਨੀ ਦੂਰ ਤਕ ਜਾ ਰਹੀਆਂ ਨੇ!
ਇੰਨੀ ਤੇ ਸ਼੍ਰੀਮਤੀ ਮਧੋਕ ਇਕ ਵੱਡੀ ਸਾਰੀ ਟਰੇ ਵਿਚ ਆਂਡੇ, ਡਬਲ-ਰੋਟੀ, ਮੱਖਣ, ਜਾਮ, ਆਚਾਰ, ਸਬਜ਼ੀ ਵਗ਼ੈਰਾ ਲੈ ਆਏ। ਮੇਜ਼ ਉੱਤੋਂ ਕਿਤਾਬਾਂ ਚੁੱਕ ਦਿੱਤੀਆਂ ਗਈਆਂ ਤੇ ਪਲੇਟਾਂ ਸਜ਼ਾ ਦਿੱਤੀਆਂ ਗਈਆਂ। ਮਧੋਕ ਸਾਹਬ ਪਲੰਘ ਤੋਂ ਉਠ ਕੇ ਫਰਸ਼ ਉੱਤੇ ਟਹਿਲਣ ਲੱਗ ਪਏ। ਅਚਾਨਕ ਇੰਨੀ ਦਾ ਮੂਡ ਬਣ ਗਿਆ। ਉਹ ਗੰਭੀਰ ਤੇ ਦਰਦ ਭਿੱਜੀ ਆਵਾਜ਼ ਵਿਚ ਫੈਜ ਦੀ ਇਕ ਤਾਜ਼ਾ ਨਜ਼ਮ ਗਾਉਣ ਲੱਗ ਪਿਆ...:
“ਮੁਝ ਸੇ ਪਹਿਲੀ ਸੀ ਮੁਹੱਬਤ
ਮੇਰੇ ਮਹਿਬੂਬ ਨ ਮਾਂਗ!”
ਸਾਰੇ ਬੜੇ ਧਿਆਨ ਨਾਲ ਸੁਣਦੇ ਰਹੇ। ਮਧੋਕ ਸਾਹਬ ਤਾਂ ਹੱਥ ਵਿਚ ਗ਼ਲਾਸ ਚੁੱਕੀ, ਬਿਨਾਂ ਅੱਖਾਂ ਝਪਕਾਇਆਂ ਆਪਣੇ ਛੋਟੇ ਬੇਟੇ ਵਲ ਹੀ ਦੇਖੀ ਜਾ ਰਹੇ ਸਨ; ਮੁਸਕੁਰਾਈ ਜਾ ਰਹੇ ਸਨ। ਸ਼੍ਰੀਮਤੀ ਮਧੋਕ ਚੁੱਪਚਾਪ ਬੈਠੀ, ਉਹਨਾਂ ਸਾਰਿਆਂ ਵਲ ਦੇਖ ਰਹੀ ਸੀ—ਇਹ ਛੋਟੇ ਵੱਡੇ ਸਾਰੇ ਮਰਦ ਹੀ ਬੜੇ ਅਜੀਬ ਹੁੰਦੇ ਨੇ, ਕਿੰਨੇ ਮਸਤ ਹੋਏ ਹੋਏ ਨੇ! ਪਿਊ, ਪੁੱਤਰਾਂ ਤੇ ਪੁੱਤਰਾਂ ਦੇ ਦੋਸਤਾਂ ਦੀਆਂ ਖੁਸ਼ੀਆਂ ਇਕੋ ਜਿਹੀਆਂ ਨੇ! ਸਭਨਾਂ ਦਾ ਉਤਸਾਹ ਇਕੋ ਜਿਹਾ ਏ। ਇਹਨਾਂ ਵਿਚਕਾਰ ਉਮਰ ਦੀ ਕੋਈ ਸੀਮਾ ਨਹੀਂ। ਸਾਰਿਆਂ ਦੇ ਪੈਰਾਂ ਹੇਠ ਇਕੋ ਧਰਤੀ ਹੈ! ਸਾਰਿਆਂ ਦੇ ਸਿਰਾਂ ਉੱਤੇ ਇਕੋ ਆਕਾਸ਼ ਹੈ!
ਉਹਨਾਂ ਸਾਰਿਆਂ ਨੇ ਕਾਫੀ ਚਿਰ ਤਕ ਹੁੱਲੜ੍ਹ ਮਚਾਇਆ—ਕਦੀ ਵਾਰੀ ਵਾਰੀ ਤੇ ਕਦੀ ਇਕੱਠੇ ਮਿਲ ਕੇ ਜੋਸ਼, ਜਿਗਰ, ਇਕਬਾਲ ਤੇ ਹਫ਼ੀਜ਼ ਦੇ ਅਣਿਗਿਣਤ ਆਸ਼ਾਰ ਸੁਣਾਏ।
ਫੇਰ ਅਚਾਨਕ ਮਧੋਕ ਸਾਹਬ ਉੱਤੇ ਭੈਰਵੀ ਦਾ ਮੂਡ ਸਵਾਰ ਹੋ ਗਿਆ, ਉਹਨਾਂ ਨੇ—
“ਹਟੋ ਕਾਹੇ ਕੋ ਝੂਠੀ ਬਣਾਓ ਬਤੀਆਂ
ਵਹੀਂ ਜਾਏ ਰਹੋ ਰਹੇ ਜਹਾਂ ਸਾਰੀ ਰਤੀਆਂ।”
ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਉਹਨਾਂ ਦੀ ਸੁਰ ਨਾਲ ਸੁਰ ਮੇਲ ਕੇ ਗਾਉਣ ਲੱਗ ਪਏ...ਕੁਝ ਚਿਰ ਪਿੱਛੋਂ ਨੱਚਣ ਲੱਗ ਪਏ—ਇਕ ਦੂਜੇ ਦੇ ਬੁੱਲ੍ਹਾਂ ਨਾਲ ਆਪਣੇ ਗ਼ਲਾਸ ਲਾਉਂਦੇ ਹੋਏ! ਇੰਜ ਲੱਗਦਾ ਸੀ, ਇਸ ਖੁਸ਼ੀ ਦਾ ਕੋਈ ਅੰਤ ਨਹੀਂ ਹੋਏਗਾ। ਜ਼ਿੰਦਗੀ ਜਿਸ ਧੁਰੀ ਉੱਤੇ ਘੁੰਮ ਰਹੀ ਹੈ, ਹਮੇਸ਼ਾ ਘੁੰਮਦੀ ਰਹੇਗੀ। ਨੱਚਣਾ-ਟੱਪਣਾ, ਹੱਸਣਾ-ਗਾਉਣਾ, ਖਾਣਾ-ਪੀਣਾ ਹੀ ਉਸਦਾ ਸਭ ਤੋਂ ਵੱਡਾ ਉਦੇਸ਼ ਹੈ।...ਤੇ ਇਹੀ ਜਿਊਂਦੇ ਰਹਿਣ ਲਈ ਸਭ ਤੋਂ ਜ਼ਰੂਰੀ ਵੀ ਹੈ।
ਇੰਜ ਗਾਉਂਦਿਆਂ-ਗਾਉਂਦਿਆਂ ਤੇ ਨੱਚਦਿਆਂ-ਨੱਚਦਿਆਂ ਰਾਤ ਹੌਲੀ-ਹੌਲੀ ਫੈਲ ਰਹੇ ਸਵੇਰ ਦੇ ਪੱਲੇ ਹੇਠ ਸਰਕਦੀ ਗਈ ਤੇ ਬਿਲਕੁਲ ਅਲੋਪ ਹੋ ਗਈ। ਸ਼੍ਰੀਮਤੀ ਮਧੋਕ ਥੱਕ ਕੇ ਬਿਸਤਰੇ ਵਿਚ ਵੜ ਗਈ। ਇੰਨੀ ਵੀ ਪੈਂਟ ਸਮੇਤ ਆਪਣੀ ਮਾਂ ਦੇ ਨਾਲ ਹੀ ਇਕ ਪਾਸੇ ਲੇਟ ਗਿਆ। ਸ਼੍ਰੀਮਤੀ ਮਧੋਕ ਨੇ ਆਪ ਹੀ ਖਿੱਚ-ਖੁੱਚ ਕੇ ਉਸਦਾ ਕੋਟ ਲਾਇਆ ਤੇ ਜਦੋਂ ਉਹ ਉਸਨੂੰ ਪਲੰਘ ਦੀ ਢੋਅ ਉਪਰ ਟੰਗਣ ਲਗੀ ਤਾਂ ਅਚਾਨਕ ਉਸਦੀ ਜੇਬ ਵਿਚੋਂ ਨਿਕਲ ਕੇ ਪਰਸ ਬਾਹਰ ਡਿੱਗ ਪਿਆ।
ਮਧੋਕ ਸਾਹਬ ਹੁਣ ਤਕ ਟਹਿਲ ਹੀ ਰਹੇ ਸਨ। ਉਹਨਾਂ ਝੁਕ ਕੇ ਪਰਸ ਚੁੱਕਿਆ...ਪਰਸ ਦੀ ਬਾਹਰਲੀ ਪਲਾਸਟਿਕ ਦੀ ਪਾਰਦਰਸ਼ੀ ਜੇਬ ਵਿਚ ਉਹਨਾਂ ਨੂੰ ਇਕ ਸੋਹਣੀ ਜਿਹੀ ਕੁੜੀ ਦੀ ਫ਼ੋਟੋ ਨਜ਼ਰ ਆਈ। ਇਕ ਪਲ ਲਈ ਮਧੋਕ ਸਾਹਬ ਠਿਠਕ ਕੇ ਰਹਿ ਗਏ। ਫੇਰ ਫ਼ੋਟੋ ਨੂੰ ਗੌਰ ਨਾਲ ਦੇਖਦੇ ਹੋਏ ਬੋਲੇ, “ਲੱਗਦਾ ਏ, ਸਾਡੇ ਬੇਟਾ ਜੀ ਅੱਜ ਕਲ੍ਹ ਏਸ ਕੁੜੀ ਨਾਲ ਇਸ਼ਕ ਫੁਰਮਾਅ ਰਹੇ ਨੇ!”
ਉਹਨਾਂ ਦੀ ਆਵਾਜ਼ ਵਿਚ ਉਹੀ ਸਨੇਹ ਭਿੱਜਿਆ ਵਿਅੰਗ ਸੀ, ਜਿਹੜਾ ਅਕਸਰ ਆਪਣੀ ਔਲਾਦ ਦੀਆਂ ਹਰਕਤਾਂ ਉੱਤੇ ਆ ਜਾਂਦਾ ਹੈ। ਇਹ ਸੁਣ ਕੇ ਸ਼੍ਰੀਮਤੀ ਮਧੋਕ ਹੈਰਾਨੀ ਨਾਲ ਤ੍ਰਬਕੀ ਤੇ ਲੇਟਿਆਂ-ਲੇਟਿਆਂ ਹੀ ਗਰਦਨ ਭੁਆਂ ਕੇ ਮਧੋਕ ਸਾਹਬ ਵਲ ਦੇਖਣ ਲੱਗ ਪਈ। ਤੇ ਉਹਨਾਂ ਨੇ ਕਿਹਾ, “ਲੈ ਭਲੀਏ ਲੋਕੇ, ਤੂੰ ਵੀ ਦਰਸ਼ਨ ਕਰ ਲੈ ਆਪਣੀ ਹੋਣ ਵਾਲੀ ਨੂੰਹ ਦੇ!”
ਸ਼੍ਰੀਮਤੀ ਮਧੋਕ ਹੈਰਾਨ ਹੋ ਕੇ ਕਦੀ ਉਸ ਫ਼ੋਟੋ ਵਲ ਦੇਖਦੀ, ਕਦੀ ਆਪਣੇ ਪੁੱਤਰ ਦੇ ਨੀਂਦ ਵਿਚ ਡੁੱਬੇ ਚਿਹਰੇ ਵਲ। ਪਰ ਅੰਮ੍ਰਿਤ ਬੜੀ ਸੰਜੀਦਗੀ ਨਾਲ ਆਪਣੀ ਮਾਂ ਤੇ ਪਿਤਾ ਜੀ ਦੇ ਚਿਹਰੇ ਵਲ ਬੜੀਆਂ ਘੋਖਵੀਆਂ ਜਿਹੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ।
ਮਧੋਕ ਸਾਹਬ ਹੁਣ ਗਾ ਜਾਂ ਕੁਝ ਗੁਣਗੁਣਾ ਨਹੀਂ ਰਹੇ ਸਨ; ਗੂੜੀ ਚੁੱਪ ਵਿਚ ਲਿਪਟੇ ਅਹਿਲ ਰਹੇ ਸਨ—ਤੇ ਇਕ ਨਵੇਂ, ਬਿਨਾਂ ਸੁਲਗਾਏ ਸਿਗਾਰ ਨੂੰ ਵਾਰੀ-ਵਾਰੀ ਹੋਠਾਂ ਤਕ ਲਿਜਾਅ ਰਹੇ ਸਨ।
ਸ਼੍ਰੀਮਤੀ ਮਧੋਕ ਨੇ ਉਦਾਸ ਜਿਹੀ ਹੋ ਕੇ ਪਰਸ ਸਿਰਹਾਣੇ ਹੇਠ ਰੱਖ ਦਿੱਤਾ ਤੇ ਅੰਮ੍ਰਿਤ ਨੂੰ ਪੁੱਛਿਆ, “ਪਤਾ ਏ, ਇਹ ਕੁੜੀ ਕੌਣ ਏਂ?”
ਅੰਮ੍ਰਿਤ ਨੇ ਖੰਘੂਰਾ ਜਿਹਾ ਮਾਰ ਕੇ ਗਲ਼ਾ ਸਾਫ ਕਰਦਿਆਂ ਹੋਇਆਂ ਕਿਹਾ, “ਅੰਮਾਂ, ਇਸੇ ਕੁੜੀ ਬਾਰੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆਂ—ਇੰਨੀ ਮੈਨੂੰ ਬੁਲਾ ਕੇ ਲਿਆਇਆ ਏ। ਤੁਸੀਂ ਪਛਾਣਿਆ ਨਹੀਂ ਇਸਨੂੰ?—ਪੰਮੀ ਏਂ। ਇੰਨੀ ਨਾਲ ਯੂਨੀਵਰਸਟੀ ਵਿਚ ਪੜ੍ਹਦੀ ਰਹੀ ਏ। ਅੰਮਾਂ! ਤੁਸੀਂ ਇਸਦੇ ਪਾਪਾ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਓ। ਪਰ ਜੇ ਤੁਸੀਂ ਮੇਰੇ ਮੂੰਹੋਂ ਉਹਨਾਂ ਦਾ ਨਾਂ ਸੁਣ ਕੇ ਨਾਰਾਜ਼ ਨਾ ਹੋਵੋਂ ਤਾਂ ਦੱਸਾਂ?”
ਪਤੀ ਪਤਨੀ ਦੋਵਾਂ ਨੇ ਆਪਣੇ ਪੁੱਤਰ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕੁਝ ਚਿਰ ਚੁੱਪਚਾਪ ਤੱਕਦੇ ਰਹੇ—ਇਸ ਕਰਕੇ ਅੰਮ੍ਰਿਤ ਦਾ ਹੌਸਲਾ ਨਾ ਪਿਆ ਕਿ ਅੱਗੇ ਕੁਝ ਕਹੇ। ਅਚਾਨਕ ਮਧੋਕ ਸਾਹਬ ਬੋਲੇ, “ਮੈਂ ਸਮਝ ਗਿਆ। ਉਹ, ਉਹੀ ਤਸੀਲਦਾਰ ਤਾਂ ਨਹੀਂ, ਜਿਸ ਨਾਲ ਇਸ ਕਾਟੇਜ ਦੀ ਅਲਾਟਮੈਂਟ ਸਮੇਂ ਸਾਡਾ ਝਗੜਾ ਹੋਇਆ ਸੀ?”
ਹੁਣ ਸ਼੍ਰੀਮਤੀ ਮਧੋਕ ਵੀ ਚੁੱਪ ਨਾ ਰਹਿ ਸਕੀ, ਬੋਲੀ, “ਸਿਰਫ ਝਗੜਾ ਹੀ ਕਿਉਂ...ਉਹ ਤਾਂ ਤੁਹਾਨੂੰ ਜੇਲ ਭਿਜਵਾ ਦੇਣ ਉੱਤੇ ਤੁਲ ਗਿਆ ਸੀ, ਪਰ ਉਸਦਾ ਵੱਸ ਹੀ ਨਹੀਂ ਸੀ ਚੱਲਿਆ ਕੋਈ।”
ਕਈ ਪਲ ਮਧੋਕ ਸਾਹਬ ਆਪਣੀ ਜਗ੍ਹਾ ਸਿਲ-ਪੱਥਰ ਹੋਏ ਖੜ੍ਹੇ ਰਹੇ, ਜਿਵੇਂ ਪੁਰਾਣੀਆਂ ਸੋਚਾਂ ਵਿਚ ਗਵਾਚ ਗਏ ਹੋਣ। ਫੇਰ ਉਹਨਾਂ ਨੇ ਹੱਥ ਵਿਚ ਫੜਿਆ ਗ਼ਲਾਸ ਮੂੰਹ ਨਾਲ ਲਾ ਲਿਆ ਤੇ ਉਦੋਂ ਤਕ ਨਹੀਂ ਹਟਾਇਆ, ਜਦੋਂ ਤਕ ਉਸ ਵਿਚਲੀ ਆਖ਼ਰੀ ਬੂੰਦ ਵੀ ਹਲਕ ਤੋਂ ਹੇਠਾਂ ਨਹੀਂ ਉਤਰ ਗਈ। ਅਚਾਨਕ ਉਸੇ ਵੇਲੇ ਕਮਰੇ ਵਿਚ ਸ਼੍ਰੀਮਤੀ ਮਧੋਕ ਦੀਆਂ ਸਿਸਕੀਆਂ ਗੂੰਜਣ ਲੱਗੀਆਂ। ਸਾਰੇ ਜਣੇ ਹੈਰਾਨ ਹੋ ਕੇ ਉਸ ਵਲ ਦੇਖਣ ਲੱਗ ਪਏ। ਉਹ ਪਲੰਘ ਉੱਤੇ ਬੈਠੀ ਰੋ ਰਹੀ ਸੀ। ਉਸੇ ਪਲੰਘ ਉੱਤੇ ਇੰਨੀ ਬੇਸੁੱਧ ਪਿਆ ਸੀ।
“ਮੈਨੂੰ ਕਰਮਾਂ ਸੜੀ ਨੂੰ ਕੋਈ ਪੁੱਛਦਾ ਤਕ ਨਹੀਂ...ਕੀ ਮੈਂ ਉਸ ਦੁਸ਼ਮਣ ਦੀ ਕੁੜੀ ਨਾਲੋਂ ਸੋਹਣੀ ਕੁੜੀ ਲੱਭ ਕੇ ਨਹੀਂ ਲਿਆ ਸਕਦੀ ਸੀ? ਲੋਕ ਰਿਸ਼ਤੇ ਲੈ ਕੇ ਮੇਰੇ ਅੱਗੇ-ਪਿੱਛੇ ਤੁਰੇ ਫਿਰਦੇ ਨੇ। ਉਸ ਨਾਲੋਂ ਇਕ ਤੋਂ ਇਕ ਸੋਹਣੀ ਕੁੜੀ ਪਈ ਏ...ਪੜ੍ਹੀ-ਲਿਖੀ ਤੇ ਸੁਸ਼ੀਲ...”
ਮਾਂ ਦੀਆਂ ਸਿਸਕੀਆਂ ਕਾਰਨ ਇੰਨੀ ਦੀ ਨੀਂਦ ਟੁੱਟ ਗਈ ਸੀ। ਪਰ ਉਸ ਅੱਖਾਂ ਬੰਦ ਕਰੀ, ਮਾਂ ਨੂੰ ਜੱਫੀ ਪਾ ਕੇ ਕਿਹਾ ਹੈ, “ਅੰਮਾ, ਮੇਰੀ ਪਿਆਰੀ ਅੰਮਾਂ! ਸੌਂ ਜਾ ਹੁਣ। ਸਵੇਰੇ ਗੱਲ ਕਰਾਂਗੇ। ਐਵੇਂ ਪ੍ਰੇਸ਼ਾਨ ਨਾ ਹੋ!”
ਸੁਣ ਕੇ ਉਸਦੀ ਮਾਂ ਨੇ ਅੱਥਰੂ ਪੂੰਝ ਲਏ ਤੇ ਕਿਹਾ ਹੈ, “ਮੈਂ ਕਿਉਂ ਪ੍ਰੇਸ਼ਾਨ ਹੋਵਾਂਗੀ—ਹੁਣ ਪ੍ਰੇਸ਼ਾਨ ਹੋਣ ਦੀ ਤਾਂ ਤੇਰੇ ਪਿਓ ਦੀ ਵਾਰੀ ਆਈ ਏ। ਦੇਖਦੀ ਆਂ, ਹੁਣ ਕੀ ਫ਼ੈਸਲਾ ਕਰਦੇ ਨੇ ਇਹ!” ਕਹਿ ਕੇ ਉਸਨੇ ਮਧੋਕ ਸਾਹਬ ਵਲ ਸਵਾਲੀਆ ਨਜ਼ਰਾਂ ਨਾਲ ਤੱਕਿਆ ਤੇ ਕਈ ਪਲ, ਅੱਖਾਂ ਝਪਕਾਏ ਬਿਨਾਂ ਦੇਖਦੀ ਰਹੀ। ਪਰ ਮਧੋਕ ਸਾਹਬ ਨੇ ਕੋਈ ਜਵਾਬ ਨਾ ਦਿੱਤਾ—ਵਰਾਂਡੇ ਵਿਚ ਜਾ ਕੇ ਆਰਾਮ ਕੁਰਸੀ ਉੱਤੇ ਬੈਠ ਗਏ।
ਸਵੇਰ ਹੋਣ ਵਿਚ ਬਹੁਤੀ ਦੇਰ ਨਹੀਂ ਸੀ ਹੁਣ। ਪਹੁ-ਫੁਟ ਚੱਲੀ ਸੀ। ਤਾਜ਼ੀ ਠੰਡੀ ਹਵਾ ਵਗ ਰਹੀ ਸੀ। ਚਿੜੀਆਂ ਵੀ ਬੋਲਣ ਲੱਗ ਪਈਆਂ ਸਨ। ਸਟੋਰ ਵਿਚ ਸਾਰੀ ਰਾਤ ਦਾ ਬੰਦ ਰਾਕਸੀ ਬਾਹਰ ਨਿਕਲਣ ਲਈ ਬੇਚੈਨ ਹੋ ਉਠਿਆ ਸੀ—ਵਾਰੀ ਵਾਰੀ ਪੰਜਿਆਂ ਨਾਲ ਦਰਵਾਜ਼ਾ ਖੁਰਚ ਰਿਹਾ ਸੀ ਤੇ ਕੂੰ ਕੂੰ ਦੀਆਂ ਖੁਸ਼ਾਮਦ ਭਰੀਆਂ ਆਵਾਜ਼ਾਂ ਕੱਢ ਰਿਹਾ ਸੀ।
ਅੱਠ ਵੱਜਦਿਆਂ-ਵੱਜਦਿਆਂ ਸ਼੍ਰੀਮਤੀ ਮਧੋਕ ਨੇ ਸਾਰਿਆਂ ਲਈ ਨਾਸ਼ਤਾ ਤਿਆਰ ਕਰ ਲਿਆਂਦਾ, ਕਿਉਂਕਿ ਬੱਚੇ ਨੌ ਵਜੇ ਤਕ ਵਾਪਸ ਚਲੇ ਜਾਣਾ ਚਾਹੁੰਦੇ ਸਨ। ਮਾਂ ਤੇ ਪਿਤਾ ਦੇ ਵਾਰੀ-ਵਾਰੀ ਕਹਿਣ 'ਤੇ ਵੀ ਇਕ ਦਿਨ ਰੁਕਣ ਲਈ ਤਿਆਰ ਨਹੀਂ ਸਨ। ਅੰਮ੍ਰਿਤ ਨੇ ਇਕ ਕਾਲਜ ਦੇ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਅੱਜ ਸ਼ਾਮ ਤਕ ਜਲੰਧਰ ਪਹੁੰਚਣਾ ਸੀ। ਇੰਨੀ ਦਾ ਬਾਸ ਅੱਜ ਦੁਪਹਿਰ ਦੇ ਜਹਾਜ਼ ਰਾਹੀਂ ਦਿੱਲੀ ਤੋਂ ਆ ਰਿਹਾ ਸੀ। ਉਹਨਾਂ ਦੇ ਨਾਲ ਹੀ ਉਹਨਾਂ ਦੇ ਦੋਵੇਂ ਦੋਸਤ ਮੁਸੱਰਤ ਤੇ ਅਹੂਜਾ ਵੀ ਜਾ ਰਹੇ ਸਨ।
ਸਾਰੇ ਵਰਾਂਡੇ ਵਿਚ ਲੱਗੇ ਇਸ ਸ਼ੀਸ਼ੇ ਸਾਹਮਣੇ ਖੜ੍ਹੇ ਸ਼ੇਵ ਕਰ ਰਹੇ ਸਨ। ਮਧੋਕ ਸਾਹਬ ਨੇ ਉਹਨਾਂ ਦੇ ਨਹਾਉਣ ਲਈ ਪਾਣੀ ਵੀ ਗਰਮ ਕਰ ਦਿੱਤਾ ਸੀ ਤਾਂਕਿ ਰਾਤ ਦੇ ਜਾਗਰਾਤੇ ਦੀ ਥਕਾਣ ਤੇ ਆਲਸ ਦੂਰ ਹੋ ਜਾਏ। ਉਹ ਆਪ ਹੁਣ ਤਕ ਚਾਰ ਵਾਰੀ ਚਾਹ ਪੀ ਚੁੱਕੇ ਸਨ ਤੇ ਸਿਗਾਰ ਤੇ ਸਿਗਾਰ ਫੂਕੀ ਜਾ ਰਹੇ ਸਨ।
ਰਾਤ ਦੀ ਹਲਚਲ ਪਿੱਛੋਂ ਉਸ ਘਰ ਵਿਚ ਹੁਣ ਤਕ ਇਕ ਅਜੀਬ ਜਿਹੀ ਚੁੱਪ ਛਾਈ ਹੋਈ ਸੀ। ਉਸ ਚੁੱਪ ਦੇ ਆਸਾਰ ਹਰੇਕ ਚਿਹਰੇ ਉੱਤੇ ਚਿਪਕੇ ਹੋਏ ਸਨ। ਇੰਜ ਲੱਗਦਾ ਸੀ, ਹਾਸੇ ਤੇ ਖੁਸ਼ੀਆਂ ਜਿਹੜੇ ਅਚਾਨਕ ਵਿਦਾਅ ਹੋ ਗਏ ਸਨ ਉਹਨਾਂ ਦੇ ਪਰਤ ਆਉਣ ਦੀ ਕੋਈ ਉਮੀਦ ਨਹੀਂ ਸੀ। ਸ਼੍ਰੀਮਤੀ ਮਧੋਕ ਵੀ ਬੇਹੱਦ ਚੁੱਪ-ਚੁੱਪ ਸੀ, ਪਰ ਉਸਦੇ ਚਿਹਰੇ ਉੱਤੇ ਫਤਹਿ ਦੀ ਚਮਕ ਵੀ ਸੀ—ਜਦੋਂ ਉਹ ਆਪਣੇ ਪਤੀ ਵਲ ਦੇਖਦੀ, ਉਸਦੀਆਂ ਅੱਖਾਂ ਵਿਚ ਛਿਪਿਆ ਵਿਅੰਗ ਸਾਫ ਨਜ਼ਰ ਆਉਣ ਲੱਗ ਪੈਂਦਾ। ਅਖ਼ੀਰ ਉਹ ਆਪਣੀ ਤੇ ਆਲੇ-ਦੁਆਲੇ ਪਸਰੀ ਹੋਈ ਚੁੱਪ ਤੋਂ ਅੱਕ ਕੇ ਅਹੂਜਾ ਨੂੰ ਪੁੱਛਣ ਲੱਗੇ, “ਤੁਸੀਂ ਸ਼ਾਇਦ ਮੁਲਤਾਨ ਦੇ ਰਹਿਣ ਵਾਲੇ ਓ?”
“ਹਾਂ-ਜੀ! ਪਰ ਤੁਸੀਂ ਕਿੰਜ ਪਛਾਣਿਆ?”
ਉਹ ਮੁਸਕੁਰਾ ਕੇ ਬੋਲੇ, “ਤੁਹਾਡੀ ਬੋਲੀ ਤੋਂ। ਮੁਲਤਾਨੀਆਂ ਦੀ ਬੋਲ-ਚਾਲ ਉਹਨਾਂ ਨੂੰ ਬਹੁਤੀ ਦੇਰ ਤਕ ਗੁੱਝਾ ਨਹੀਂ ਰਹਿਣ ਦੇਂਦੀ। ਉਹਨਾਂ ਦਾ ਕੁਝ ਸ਼ਬਦਾਂ ਦਾ ਉਚਾਰਣ ਹੀ ਉਹਨਾਂ ਦੇ ਮੁਲਤਾਨੀ ਹੋਣ ਦੀ ਚੁਗਲੀ ਕਰ ਦੇਂਦਾ ਏ ਜਿਵੇਂ ਉਹ 'ਘੋੜੀ' ਨੂੰ 'ਘੋਰੀ' ਹੀ ਕਹਿਣਗੇ। ਤੇ 'ਘੜੀ' ਨੂੰ 'ਘਰੀ' ਹੀ—ਤੁਸੀਂ ਵੀ ਹੁਣੇ ਅੰਮ੍ਰਿਤ ਨਾਲ ਆਪਣੀ 'ਘਰੀ' ਬਾਰੇ ਕੋਈ ਗੱਲ ਕੀਤੀ ਸੀ ਨਾ?”
ਅਹੂਜਾ ਕੱਚਾ ਜਿਹਾ ਹਾਸਾ ਹੱਸਿਆ। ਮਧੋਮ ਸਾਹਬ ਨੇ ਕਿਹਾ, “ਜਦੋਂ ਮੈਂ ਲਾਹੌਰ ਰਹਿੰਦਾ ਸਾਂ, ਸਾਡੇ ਮੁਹੱਲੇ ਸੰਤ ਨਗਰ 'ਚ ਕਈ ਮੁਲਤਾਨੀ ਵੀ ਰਹਿੰਦੇ ਸਨ। ਆਪਣੀ ਮੁਲਤਾਨੀ ਬੋਲੀ ਵਿਚ ਹੀ ਉਹ ਰਾਮ ਲੀਲਾ ਕਰਦੇ ਹੁੰਦੇ ਸਨ। ਉਹਨਾਂ ਦੀ ਬੋਲੀ ਸੁਣ ਕੇ ਸਾਨੂੰ ਬੜਾ ਮਜ਼ਾ ਆਉਂਦਾ। ਜਿਵੇਂ ਰਾਮ ਕਹਿੰਦਾ, 'ਰਾਵਣਾ, ਓ ਰਾਵਣਾ—ਮੈਂਢੀ ਸੀਤਾ ਬਲਾ ਡੇ, ਨਹੀਂ ਤਾਂ ਮੈਂ ਭਿੜ ਪੁ ਸਾਂਈ' ਅੱਗੋਂ ਰਾਵਣ ਕਹਿੰਦਾ, 'ਵੰਝ ਵੰਝ ਓਇ ਰਾਮ ਦਾ ਪੁੱਤਰਾ, ਬਊਂ ਸ਼ੇਖੀ ਨਾ ਪਿਆ ਡਿਖਾ। ਤੈਂ ਜਏ ਛੋਰ ਮੇਂ ਕਈ ਡਿੱਠੇ ਹਿਨ। ਹਿੰਮਤ ਹੈ-ਈ ਤਾਂ ਤੀਰ-ਕਮਾਨ ਚਾ। ਮੈਂ ਵੀ ਆਪਣੇ ਹਥਿਆਰ ਲਭੇਨਾ! ਪਰ ਜ਼ਰਾ ਖਲੋ ਵੰਝ। ਹੁੱਕੇ ਦਾ ਹਿਕ ਦਮ ਮਾਰ ਘਿਨਾਂ। ਇਸ ਬਗ਼ੈਰ ਗੱਲ ਕਰੁਨ ਦਾ ਸਵਾਦ ਈ ਨੀ ਪਿਆ ਆਂਦਾ'।”
ਖਾਸਲ ਨਾਟਕੀ ਅੰਦਾਜ਼ ਵਿਚ ਵਾਰਤਾਲਾਪ ਸੁਣਾ ਕੇ ਮਧੋਕ ਸਾਹਬ ਨੇ ਹਰੇਕ ਨੂੰ ਹਸਾ ਦਿੱਤਾ। ਹੋਰ ਤਾਂ ਹੋਰ ਸ਼੍ਰੀਮਤੀ ਮਧੋਕ ਵੀ ਹੱਸਦੀ ਹੋਈ ਕਿਚਨ ਵਿਚੋਂ ਬਾਹਰ ਆਈ। ਆਪਣੀ ਮਾਂ ਨੂੰ ਖਿੜ-ਖਿੜ ਹੱਸਦਿਆਂ ਦੇਖ ਕੇ ਆਪਣੇ ਮੂੰਹ ਉੱਤੇ ਲੱਗਿਆ ਹੋਇਆ ਸਾਬਨ ਪੂੰਝਦਾ ਹੋਇਆ ਇੰਨੀ ਉਸ ਕੋਲ ਚਲਾ ਗਿਆ ਤੇ ਉਸਨੂੰ ਜੱਫੀ ਪਾ ਕੇ ਬੋਲਿਆ, “ਅੰਮਾਂ ਤੂੰ ਇਸੇ ਤਰ੍ਹਾਂ ਹੱਸਦਿਆਂ-ਹੱਸਦਿਆਂ ਮੇਰੀ ਵਹੁਟੀ ਦਾ ਸਵਾਗਤ ਕਰੇਂਗੀ ਨਾ? ਯਕੀਨ ਮੰਨ, ਉਹ ਆਪਣੇ ਡੈਡੀ ਵਰਗੀ ਬਿਲਕੁਲ ਵੀ ਨਹੀਂ...ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਆਂ ਕਿ ਪੰਮੀ ਨੂੰ ਤੂੰ ਹਮੇਸ਼ਾ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਕਰੇਂਗੀ।”
ਸ਼੍ਰੀਮਤੀ ਮਧੋਕ ਨੇ ਆਪਣੇ-ਆਪ ਨੂੰ ਆਪਣੇ ਪੁੱਤਰ ਦੀਆਂ ਮਜ਼ਬੂਤ ਬਾਹਾਂ ਦੇ ਘੇਰੇ ਵਿਚੋਂ ਛੁਡਾਉਂਦਿਆਂ ਹੋਇਆਂ ਕਿਹਾ, “ਚਲ-ਚਲ, ਮੈਨੂੰ ਮੂਰਖ ਨਾ ਬਣਾ! ਤੂੰ ਹੀ ਉਸਨੂੰ ਹਿੱਕ ਨਾਲ ਲਾ ਕੇ ਚੁੰਮੀਂ-ਚੱਟੀਂ...ਵਧੇਰੇ ਖੁਸ਼ਾਮਦ ਨਾ ਕਰ ਪਿਆ।”
ਕਹਿ ਕੇ ਉਹ ਰਸੋਈ ਵਿਚ ਚਲੀ ਗਈ। ਮਧੋਮ ਸਾਹਬ ਉਸਦੀ ਗੱਲ ਉੱਤੇ ਉੱਚੀ-ਉੱਚੀ ਹੱਸਣ ਲੱਗ ਪਏ ਤੇ ਉਹਨਾਂ ਦੇ ਦੰਦਾਂ ਵਿਚ ਨੱਪਿਆ ਸਿਗਾਰ ਹੇਠਾਂ ਡਿੱਗ ਪਿਆ। ਜਿਸਨੂੰ ਚੁੱਕਦੇ ਹੋਏ ਉਹ ਬੋਲੇ, “ਓ ਭਲੀਏ ਲੋਕੇ, ਕਿਹੜਾ ਮਰਦ ਆਪਣੀ ਔਰਤ ਨੂੰ ਚੁੰਮਦਾ ਚੱਟਦਾ ਨਹੀਂ ਆਇਆ—ਇਹ ਕੋਈ ਨਵੀਂ ਗੱਲ ਥੋੜ੍ਹਾ ਈ ਹੋਏਗੀ!”
ਸਾਰਿਆਂ ਨੂੰ ਇੰਜ ਲੱਗਿਆ ਜਿਵੇਂ ਮਧੋਮ ਸਾਹਬ ਨੇ ਆਪਣੇ ਸਦਮੇਂ ਉਪਰ ਕਾਬੂ ਪਾ ਲਿਆ ਹੈ।
ਨਾਸ਼ਤੇ ਤੋਂ ਵਿਹਲੇ ਹੋ ਕੇ ਬੱਚੇ ਸੜਕ ਉੱਤੇ ਖੜ੍ਹੀ ਆਪਣੀ ਮੋਟਰ ਵਿਚ ਜਾ ਬੈਠੇ। ਮਧੋਕ ਸਾਹਬ ਵੀ ਆਪਣੀ ਪਤਨੀ ਨੂੰ ਨਾਲ ਲੈ ਕੇ ਉਹਨਾਂ ਨੂੰ ਵਿਦਾਅ ਕਰਨ ਲਈ ਸੜਕ ਤਕ ਗਏ। ਹਰੇਕ ਬੱਚੇ ਵਲ ਉਹਨਾਂ ਮੋਹ ਭਿੱਜੀ ਮੁਸਕਾਨ ਨਾਲ ਤੱਕਿਆ। ਜਦੋਂ ਸ਼੍ਰੀਮਤੀ ਮਧੋਕ ਨੇ ਕਾਰ ਦੀ ਖਿੜਕੀ ਵਿਚੋਂ ਬਾਹਰ ਨਿਕਲੇ ਇੰਨੀ ਦੇ ਸਿਰ ਨੂੰ ਚੁੰਮਿਆਂ ਤਾਂ ਇੰਨੀ ਨੇ ਅੱਖਾਂ ਭਰ ਕੇ ਬੜੇ ਭੋਲੇਪਨ ਨਾਲ ਕਿਹਾ, “ਮੇਰੀ ਸ਼ਾਦੀ ਦੀ ਪਾਰਟੀ ਵਿਚ ਪਾਪਾ ਨੂੰ ਨਾਲ ਲਿਆਵੀਂ ਅੰਮਾਂ—ਲੈ ਆਏਂਗੀ ਨਾ ਇਹਨਾਂ ਨੂੰ?”
ਤੇ ਉਸਨੇ ਤੁਰੰਤ ਕਾਰ ਤੋਰ ਲਈ। ਸ਼੍ਰੀਮਤੀ ਮਧੋਕ ਨੇ ਪਲਕਾਂ ਹੇਠੋਂ ਖਿਸਕ ਚੱਲੇ ਹੰਝੂਆਂ ਨੂੰ ਪੂੰਝਿਆ। ਮਧੋਕ ਸਾਹਬ ਹੁਣ ਤਕ ਮੁਸਕੁਰਾ ਰਹੇ ਸਨ ਤੇ ਕਾਰ ਨੂੰ ਇਕ ਮੋੜ ਮੁੜਦਿਆਂ ਦੇਖ ਰਹੇ ਸਨ। ਜਦੋਂ ਕਾਰ ਨਜ਼ਰਾਂ ਤੋਂ ਓਹਲੇ ਹੋ ਗਈ, ਉਹ ਆਪਣੇ ਕਾਟੇਜ ਵਿਚ ਜਾਣ ਲਈ ਪੌੜੀਆਂ ਉਤਰਨ ਲੱਗ ਪਏ। ਪੌੜੀਆਂ ਵਿਚ ਅਖ਼ਬਾਰ ਵਾਲਾ ਤਾਜ਼ਾ ਟ੍ਰਿਬਿਊਨ, ਲਾਈਫ਼ ਤੇ ਲਿੰਕ ਆਦਿ ਸੁੱਟ ਗਿਆ ਸੀ। ਮਧੋਕ ਸਾਹਬ ਝੁਕ ਕੇ ਉਹਨਾਂ ਨੂੰ ਚੁੱਕਣ ਲੱਗ ਪਏ। ਲਾਈਫ਼ ਦੇ ਟਾਈਟਲ ਪੇਜ ਉੱਤੇ ਇਕ ਦਿਲਕਸ਼ ਕੁੜੀ ਦੀ ਤਸਵੀਰ ਛਪੀ ਹੋਈ ਸੀ। ਉਹ ਉਸਨੂੰ ਆਪਣੀ ਪਤਨੀ ਨੂੰ ਦਿਖਾਉਂਦੇ ਹੋਏ ਬੋਲੇ, “ਕਿਉਂ ਭਲੀਏ ਲੋਕੇ, ਤੇਰੀ ਹੋਣ ਵਾਲੀ ਨੂੰਹ ਤਾਂ ਇਸ ਨਾਲੋਂ ਵੀ ਸੋਹਣੀ ਏ ਨਾ?”
ਉਹ ਉਹਨਾਂ ਨੂੰ ਕੋਈ ਉਤਰ ਨਾ ਦੇ ਸਕੀ। ਬਸ ਉਹਨਾਂ ਦੀ ਬਾਂਹ ਫੜ ਕੇ ਸਹਾਰਾ ਦੇਂਦੀ ਹੋਈ ਪੌੜੀਆਂ ਉਤਰਣ ਲੱਗੀ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)