Mainu Har Thaan Disda Rahe Tera Hi Noor Nanak (Punjabi Article): Amrit Kaur

ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ (ਲੇਖ) : ਅੰਮ੍ਰਿਤ ਕੌਰ

ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ। ਗੁਰਦੁਆਰਾ ਸਾਹਿਬ ਆਖੰਡ ਪਾਠ ਪ੍ਰਕਾਸ਼ ਕਰਵਾਏ ਜਾਂਦੇ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਭੋਗ ਪਾਏ ਜਾਂਦੇ। ਸਾਰੇ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ। ਬੀਬੀਆਂ ਲੰਗਰ ਬਣਾਉਣ ਦੀ ਸੇਵਾ ਕਰਦੀਆਂ, ਵੀਰ ਵਰਤਾਉਣ ਦੀ ਸੇਵਾ ਕਰਦੇ ਹੁੰਦੇ। ਸਾਰਾ ਦਿਨ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਸਪੀਕਰ ਵਿੱਚ ਧਾਰਮਿਕ ਗੀਤ ਚੱਲਦੇ ਰਹਿੰਦੇ। ਤੁਰਦਿਆਂ ਫਿਰਦਿਆਂ ਖੇਡਦਿਆਂ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਕੰਠ ਹੋ ਜਾਂਦੀ। ਇਹ ਜਾਣਕਾਰੀ ਤਾਂ ਵੈਸੇ ਵੀ ਹਰ ਰੋਜ਼ ਗੁਰੂ ਘਰਾਂ ਵਿੱਚ ਸਵੇਰੇ ਸ਼ਾਮ ਲੱਗਦੇ ਸਪੀਕਰਾਂ ਤੋਂ ਮਨਾਂ ਵਿੱਚ ਉੱਤਰ ਜਾਂਦੀ ਸੀ, ਜਿਸ ਨੂੰ ਅੱਜ ਕੱਲ੍ਹ ਦੇ ਜਵਾਕ ਰੱਟੇ ਲਾ ਲਾ ਕੇ ਯਾਦ ਕਰਦੇ ਦੇਖੇ ਜਾਂਦੇ ਹਨ।

ਪਿੰਡ ਵਿੱਚ ਛੋਟੇ ਹੁੰਦਿਆਂ ਭਾਈ ਗੋਪਾਲ ਸਿੰਘ ਜੀ ਵੱਲੋਂ ਆਪਣੀ ਰਸਭਿੰਨੀ ਆਵਾਜ਼ ਵਿੱਚ ਗਾਇਆ … ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, … … ਇਹ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ। - ਸੁਣ ਕੇ ਹੁਣ ਵੀ ਮਨ ਬਚਪਨ ਵਿੱਚ ਪਹੁੰਚ ਜਾਂਦਾ ਹੈ। ਅੰਮ੍ਰਿਤ ਵੇਲੇ ਮਾਂ ਦੁੱਧ ਰਿੜਕਦੀ ਜਪੁਜੀ ਸਾਹਿਬ ਦਾ ਪਾਠ ਕਰਦੀ। ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਦੇ ਉਪਰੋਕਤ ਗੀਤ ਚਲਦੇ ਹੁੰਦੇ। ਹੁਣ ਵੀ ਇਹ ਰੂਹ ਅਤੇ ਆਤਮਾ ਵਿੱਚ ਵਸੇ ਹੋਏ ਨੇ। ਸੁਣ ਕੇ ਉਸੇ ਤਰ੍ਹਾਂ ਰੂਹ ਆਨੰਦਿਤ ਹੋ ਜਾਂਦੀ ਹੈ। … … ਲਾਲ ਚੰਦ ਯਮਲਾ ਜੱਟ ਜੀ ਵੱਲੋਂ ਤੂੰਬੀ ਨਾਲ ਮਾਰੀਆਂ ‘ਵਾਜਾਂ’ ਸਭ ਦੀਆਂ ਸਾਂਝੀਆਂ ਆਵਾਜ਼ਾਂ ਪ੍ਰਤੀਤ ਹੁੰਦੀਆਂ ਸਨ ਜੋ ਅਜੇ ਤਕ ਮਨੀਂ ਵਸੀਆਂ ਹੋਈਆਂ ਹਨ। ਉਸ ਵੇਲੇ ਕਈ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ, ਇਸ ਲਈ ਜਦੋਂ ਯਮਲਾ ਜੀ ਗਾਉਂਦੇ … ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ … … ਉਦੋਂ ਇਹੀ ਸਮਝਦੇ ਸੀ ਬਾਬਾ ਜੀ ਕੋਲ ਕਿਸੇ ਵੱਡੇ ਸਾਰੇ ਟਰੰਕ ਦੀ ਚਾਬੀ ਹੈ ਜਿਸ ਵਿੱਚ ਸਾਰੇ ਜਹਾਨ ਲਈ ਲੋੜੀਂਦੀਆਂ ਬਹੁਤ ਸੁਹਣੀਆਂ ਸੁਹਣੀਆਂ ਵਸਤਾਂ ਪਈਆਂ ਹੋਣਗੀਆਂ। ਜਿਹਨੇ ਬਾਬਾ ਜੀ ਦਾ ਪਿਆਰ ਪਾ ਲਿਆ ਉਹਨੂੰ ਥੁੜ ਨਹੀਂ ਰਹਿੰਦੀ। ਗੱਲ ਤਾਂ ਹੁਣ ਵੀ ਇਹੀ ਸਹੀ ਲਗਦੀ ਹੈ। ਪਰ ਬਾਬਾ ਜੀ ਦਾ ਪਿਆਰ ਤਾਂ ਉਹਨਾਂ ਦੇ ਸਿਧਾਂਤਾਂ ਨੂੰ ਪੜ੍ਹ ਸੁਣ ਕੇ, ਅਪਣਾ ਕੇ ਅਤੇ ਅਮਲ ਵਿੱਚ ਲਿਆ ਕੇ ਪਾਇਆ ਜਾ ਸਕਦਾ ਹੈ। ਉਹ ਅਸੀਂ ਸਾਰੇ ਖੁਦ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਅਸੀਂ ਕਿੰਨੀ ਕੁ ਗੁਰੂ ਬਾਬੇ ਦੀ ਗੱਲ ਪੜ੍ਹੀ, ਸੁਣੀ ਜਾਂ ਮੰਨ ਕੇ ਅਮਲ ਕੀਤਾ ਹੈ।

ਸਿਰਫ਼ ਤਿੰਨ ਗੱਲਾਂ ਵਿੱਚ ਬਾਬਾ ਜੀ ਨੇ ਜੀਵਨ ਨੂੰ ਸੁਖੀ ਰੱਖਣ ਦਾ ਸਿਧਾਂਤ ਸਮਝਾ ਦਿੱਤਾ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਉਹਨਾਂ ਇਹ ਸਭ ਕਰ ਕੇ ਵਿਖਾਇਆ ਹੈ। ਆਪਣੀ ਗੱਲ ਸਾਡੇ ਤਕ ਅੱਪੜਦੀ ਕਰਨ ਲਈ ਉਹਨਾਂ ਨੂੰ ਆਪਣੇ ਪਿਤਾ ਜੀ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਭਾਵੇਂ ਉਹ ਇੱਕ ਨੂਰੀ ਰੱਬੀ ਜੋਤ ਸਨ, ਫਿਰ ਵੀ ਆਮ ਬੱਚਿਆਂ ਵਾਂਗ ਉਹ ਵੀ ਪਿਤਾ ਜੀ ਤੋਂ ਡਰਦੇ ਘਰ ਨਹੀਂ ਸੀ ਆਏ। ਆਪਣੇ ਹਿਸਾਬ ਨਾਲ ਉਹਨਾਂ ਆਪਣੇ ਪਿਤਾ ਜੀ ਦੀ ਗੱਲ ਮੰਨੀ ਸੀ। ਬਿਲਕੁਲ ‘ਖ਼ਰਾ ਸੌਦਾ’ ਕਰਕੇ ਆਏ ਸਨ। ਪਿਤਾ ਜੀ ਦੁਨਿਆਵੀ ਵਪਾਰ ਕਰਵਾਉਣਾ ਚਾਹੁੰਦੇ ਸੀ। ਨਾਨਕ ਪਾਤਸ਼ਾਹ ਰੱਬੀ ਰੂਹ ਹੋਣ ਕਰ ਕੇ ਦੁਨੀਆਂ ਤੋਂ ਬਹੁਤ ਉੱਚੀ ਸੋਚ ਰੱਖਦੇ ਸਨ। ਇਸੇ ਲਈ ਤਾਂ ਹੁਣ ਵੀ ਕਈ ਵਾਰ ਵੀਰ ਭੈਣਾਂ ਬੜੇ ਮਾਣ ਨਾਲ ਆਪਣਾ ਲਿਖਿਆ ਸਾਂਝਾ ਕਰਦੇ ਹਨ ਕਿ ਬਾਬੇ ਨਾਨਕ ਦੇ ਵੀਹ ਰੁਪਏ ਵਾਲਾ ਸ਼ੁਰੂ ਕੀਤਾ ਲੰਗਰ ਅਜੇ ਵੀ ਅਤੁੱਟ ਵਰਤ ਰਿਹਾ ਹੈ।

ਉਦਾਸੀਆਂ ਤੋਂ ਬਾਅਦ ਗੁਰੂ ਬਾਬਾ ਜੀ ਨੇ ਕਰਤਾਰਪੁਰ ਵਸਾ ਕੇ ਆਪਣੇ ਹੱਥੀਂ ਹੱਲ ਵਾਹਿਆ, ਬੀਜ ਬੀਜੇ, ਅਨਾਜ ਪੈਦਾ ਕੀਤਾ। ਬਚਪਨ ਵਿੱਚ ਮੱਝਾਂ ਚਾਰੀਆਂ। ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ। ਭਾਵੇਂ ਉਹਨਾਂ ਦਾ ਨੌਕਰੀ ਕਰਨ ਦਾ ਢੰਗ ਨਿਰਾਲਾ ਸੀ। ਸੁਰਤੀ ਜੁੜੀ ਹੁੰਦੀ ਤਾਂ ਤੇਰਾਂ ਤੋਂ ਬਿੰਦੀ ਉੱਤਰ ਜਾਂਦੀ … … ਤੇਰਾ, ਤੇਰਾ, ਤੇਰਾ ਆਖਦੇ ਹੀ ਗਰੀਬਾਂ ਦੀਆਂ ਝੋਲੀਆਂ ਭਰੀ ਜਾਂਦੇ ਸਨ। ਭਾਵੇਂ ਇਹਨਾਂ ਗੱਲਾਂ ਦਾ ਖਮਿਆਜ਼ਾ ਕਈ ਵਾਰ ਉਹ ਆਪਣੀ ਤਨਖ਼ਾਹ ਵਿੱਚੋਂ ਭੁਗਤਦੇ ਜਾਂ ਫਿਰ ਨਿਰੰਕਾਰ ਆਪ ਆ ਕੇ ਆਪਣੇ ਪਿਆਰੇ ਨਾਨਕ ਦੇ ਨਾਲ ਆ ਖੜ੍ਹਦਾ ਅਤੇ ਹਿਸਾਬ ਕਿਤਾਬ ਸਹੀ ਨਿਕਲਦਾ ਸੀ।

ਇਸ ਹਿਸਾਬ ਨਾਲ ਤਾਂ ਇਸ ਰੱਬੀ ਜੋਤ ਨੇ ਸਭ ਤਰ੍ਹਾਂ ਦੀ ਸੱਚੀ ਸੁੱਚੀ ਕਿਰਤ ਕੀਤੀ। ਪਸ਼ੂ ਵੀ ਚਰਾਏ, ਦੁਕਾਨਦਾਰੀ ਵੀ ਕੀਤੀ, ਖੇਤੀ ਵੀ ਕੀਤੀ। ਇਹੀ ਕੰਮ ਤਾਂ ਉਸ ਵੇਲੇ ਦੇ ਮੁੱਖ ਕਿੱਤਿਆਂ ਵਿੱਚ ਸ਼ਾਮਲ ਸਨ। ਫਿਰ ਅਸੀਂ ਹੁਣ ਕਿਉਂ ਕਿਰਤ ਨਾਲੋਂ ਤੋੜ ਵਿਛੋੜਾ ਕਰ ਰਹੇ ਹਾਂ? ਕਿਉਂ ਸਾਨੂੰ ਹੱਥੀਂ ਕੰਮ ਕਰਨਾ ਚੰਗਾ ਨਹੀਂ ਲਗਦਾ? ਕਿਉਂ ਸਾਡੇ ਬੱਚੇ ਕੰਮਾਂ ਤੋਂ ਦੂਰ ਭੱਜਦੇ ਹਨ? ਆਪਣੇ ਆਪ ਹੀ ਸੋਚ ਕੇ ਦੇਖੀਏ, ਜਿਹੜੇ ਲਗਾਤਾਰ ਮਿਹਨਤਾਂ ਕਰਦੇ ਹਨ ਉਹਨਾਂ ਦੇ ਘਰ ਬਰਕਤਾਂ ਨਾਲ ਭਰੇ ਰਹਿੰਦੇ ਹਨ। ਜਿਹੜੇ ਪਰਿਵਾਰਾਂ ਦੇ ਜੀਅ ਕਿਰਤ ਛੱਡ ਕੇ ਸ਼ੋਸ਼ੇਬਾਜ਼ੀ. ਫ਼ੁਕਰਪੁਣੇ ਦੇ ਦਿਖਾਵੇ ਵਿੱਚ ਆ ਜਾਂਦੇ ਹਨ, ਉਹਨਾਂ ਦਾ ਕੀ ਹਾਲ ਹੁੰਦਾ ਹੈ? ਦੂਰ ਜਾਣ ਦੀ ਲੋੜ ਨਹੀਂ ਸਾਡੇ ਅੱਧੋਂ ਵੱਧ ਪੰਜਾਬ ਦਾ ਇਹੀ ਹਾਲ ਹੈ। ਕੁਝ ਲੋਕਾਂ ਦੀਆਂ ਆਪਣੀਆਂ ਗਲਤੀਆਂ ਕਰਕੇ ਜਾਂ ਫਿਰ ਅਗਲੀਆਂ ਪਿਛਲੀਆਂ ਸਰਕਾਰਾਂ ਦੇ ਕੁਝ ਸਵਾਰਥੀ ਬੰਦਿਆਂ ਨੇ ਆਪਣੇ ਖ਼ਾਤੇ ਭਰਪੂਰ ਕਰਨ ਲਈ ਕਿਰਤੀ, ਕਿਸਾਨ, ਮਜ਼ਦੂਰ ਜਮਾਂ ਨਿਚੋੜ ਕੇ ਰੱਖ ਦਿੱਤੇ ਹਨ। ਜੇ ਨੇਤਾ ਲੋਕ ਇਹ ਗੱਲਾਂ ਯਾਦ ਰੱਖਣ ਕਿ ਗੁਰੂ ਮਹਾਰਾਜ ਜੀ ਨੇ ਮਲਿਕ ਭਾਗੋ ਦੇ ਘਰ ਪਕਵਾਨ ਕਿਉਂ ਨਹੀਂ ਸੀ ਖਾਧੇ? ਭਾਈ ਲਾਲੋ ਦੀ ਰੁੱਖੀ ਮਿੱਸੀ ਵਿੱਚੋਂ ਦੁੱਧ ਵਰਗਾ ਸੁਆਦ ਕਿਉਂ ਦੱਸਿਆ ਸੀ? ਸਾਰੇ ਸਰਕਾਰੀਏ ਇੰਨਾ ਕੁ ਪੜ੍ਹੇ ਲਿਖੇ ਤਾਂ ਹਨ, ਇਹ ਤਾਂ ਹੋ ਨਹੀਂ ਸਕਦਾ ਕਿ ਉਹ ਬਾਬਾ ਜੀ ਦੀ ਇਸ ਰਮਜ਼ ਨੂੰ ਸਮਝਦੇ ਨਾ ਹੋਣ। ਸਮਝਦੇ ਤਾਂ ਸਾਰੇ ਹਨ ਪਰ ਉਹਨਾਂ ਕੋਲ ਬਾਬਾ ਜੀ ਵਾਲੀ ਪਾਕ ਨਿਰਮਲ ਉੱਚ ਦ੍ਰਿਸ਼ਟੀ ਨਹੀਂ ਕਿ ਉਹ ਆਪਣੇ ਅੱਗੇ ਪਰੋਸੇ ਭੋਜਨ ਵਿੱਚ ਗਰੀਬਾਂ ਦਾ ਖੂਨ ਦੇਖ ਸਕਣ।

ਇਹ ਵੀ ਸਹੀ ਹੈ ਕਿ ਸਾਰੇ ਇਨਸਾਨ ਸਭ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਹੁੰਦੇ। ਕਈ ਦਿਮਾਗੀ ਮਿਹਨਤ ਕਰਦੇ ਹਨ, ਜੋ ਘੰਟਿਆਂ ਵਿੱਚ ਹੀ ਲੱਖਾਂ ਕਰੋੜਾਂ ਕਮਾ ਲੈਂਦੇ ਹਨ। ਮਜ਼ਦੂਰ ਨੂੰ ਇੱਕ ਦਿਨ ਦੀ ਦਿਹਾੜੀ ਕੁਝ ਕੁ ਰੁਪਏ ਮਿਲਦੇ ਹਨ ਅਤੇ ਕਿਸਾਨ ਨੂੰ ਕਈ ਮਹੀਨੇ ਬਾਅਦ ਯਾਨੀ ਕਿ ਬੀਜ ਬੀਜੇ ਜਾਂਦੇ ਹਨ, ਫਸਲ ਉੱਗਦੀ ਹੈ, ਵੱਡੀ ਹੁੰਦੀ ਹੈ, ਫਿਰ ਉਹ ਪੱਕਦੀ ਹੈ। ਜੇ ਕੁਦਰਤੀ ਆਫਤਾਂ ਤੋਂ ਬਚ ਕੇ ਸੁੱਖੀ ਸਾਂਦੀ ਨੇਪਰੇ ਚੜ੍ਹ ਜਾਵੇ ਤਾਂ ਚਾਰ ਪੈਸੇ ਘਰੇ ਆ ਜਾਂਦੇ ਹਨ ਜਾਂ ਫਿਰ ਜਿਹਨਾਂ ਨੇ ਛੇ ਮਹੀਨਿਆਂ ਦਾ ਪਰਿਵਾਰ ਦਾ ਖਰਚਾ ਵੀ ਆੜ੍ਹਤੀਏ ਤੋਂ ਪੈਸੇ ਚੁੱਕ ਕੇ ਕੀਤਾ ਹੁੰਦਾ ਹੈ, ਉਹਨਾਂ ਦੀ ਫਸਲ ਦੀ ਤਾਂ ਵਿੱਚੇ ਕੱਟ ਕਟਾਈ ਹੋ ਜਾਂਦੀ ਹੈ। ਘਰ ਲਿਆਉਣ ਲਈ ਪੈਸੇ ਬਚਦੇ ਹੀ ਨਹੀਂ। ਬਹੁਤੇ ਕਿਸਾਨਾਂ ਨਾਲ ਇਹੀ ਕੁਝ ਹੁੰਦਾ ਹੈ।

ਇਹ ਵੀ ਤਾਂ ਹੋ ਸਕਦਾ ਹੈ ਕਿ ਬਾਬਾ ਜੀ ਦੇ ਵੰਡ ਛਕਣ ਵਾਲੇ ਸਿਧਾਂਤ ਨੂੰ ਸਾਰੇ ਅਮੀਰ ਥੋੜ੍ਹਾ ਬਹੁਤਾ ਹੀ ਮੰਨ ਲੈਣ। ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਦਿੱਤਾ ਜਾਵੇ ਅਤੇ ਸਾਰੇ ਚੰਗੀ ਜ਼ਿੰਦਗੀ ਬਸਰ ਕਰ ਸਕਣ। ਨੌਜਵਾਨ ਰਾਹੋਂ ਕੁਰਾਹੇ ਨਾ ਤੁਰਨ। ਸਭ ਨੂੰ ਮਹਿਸੂਸ ਹੋਵੇ ਕਿ ਸਰਕਾਰਾਂ ਉਹਨਾਂ ਲਈ ਹਨ। ਗੁਰੂ ਜੀ ਨੇ ਪਰਾਇਆ ਹੱਕ ਖਾਣ ਤੋਂ ਵਰਜਿਆ ਹੈ। ਪਰ ਉਹਨਾਂ ਦੇ ਜਨਮ ਦਿਨ ’ਤੇ ਡੱਕਾ ਤੋੜ ਕੇ ਦੂਹਰਾ ਨਾ ਕਰਨ ਵਾਲੇ ਵੀ ਹੁੱਬ ਹੁੱਬ ਕੇ ਉਹਨਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਆਖਦੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਰੂਹਾਨੀ ਬਾਣੀ ਉਚਾਰੀ ਉਸ ਨੂੰ ਗਾਵਿਆ ਅਤੇ ਅਨੇਕਾਂ ਤਪਦੀਆਂ ਰੂਹਾਂ ਨੂੰ ਠੰਢ ਪਾਈ। ਆਪਣੇ ਰੂਹਾਨੀ ਮਿੱਠੇ ਬੋਲਾਂ ਸਦਕਾ ਭੁੱਲਿਆਂ ਨੂੰ ਰਾਹੇ ਪਾਇਆ। ਠੱਗਾਂ ਨੂੰ ਸੱਜਣ ਬਣਾਇਆ। ਵਲੀ ਕੰਧਾਰੀ ਵਰਗਿਆਂ ਦਾ ਹੰਕਾਰ ਤੋੜਨ ਲਈ ਨਿਰਮਲ ਜਲ ਦੇ ਚਸ਼ਮੇ ਬਹਾਏ। ਕੌਡੇ ਰਾਖ਼ਸ਼ ਵਰਗਿਆਂ ਦੇ ਅੰਦਰ ਅਤੇ ਬਾਹਰ ਬਲ਼ਦੇ ਤੇਲ ਦੇ ਕੜਾਹੇ ਠੰਢੇ ਸੀਤ ਕੀਤੇ। ਬਾਬਾ ਜੀ ਦੀ ਸੂਝ ਸਿਆਣਪ ਉੱਚ ਪਾਏ ਦੀ ਵਿਗਿਆਨਕ ਸਮਝ ਕਰਕੇ ਹੀ ਉਹਨਾਂ ਨੂੰ ਪਹਾੜਾਂ ਅਤੇ ਮੈਦਾਨਾਂ ਅੰਦਰ ਗਰਮ ਠੰਢੇ ਪਾਣੀ ਦੇ ਚਸ਼ਮੇ ਵਗਣ ਦਾ ਪਤਾ ਚੱਲਿਆ ਜੋ ਲੋੜ ਮੁਤਾਬਕ ਉਹਨਾਂ ਜਨਤਾ ਸਾਹਮਣੇ ਪ੍ਰਗਟ ਵੀ ਕੀਤੇ। ਵਹਿਮਾਂ ਭਰਮਾਂ ਵਿੱਚ ਫਸੇ ਲੋਕਾਂ ਨੂੰ ਆਪਣੀ ਪ੍ਰਭਾਵਸ਼ਾਲੀ ਵਿਦਵਤਾ ਨਾਲ ਉਹਨਾਂ ਦੇ ਦਿਲ ਦਿਮਾਗ ਵਿੱਚ ਵਸੇ ਸਦੀਆਂ ਪੁਰਾਣੇ ਵਹਿਮਾਂ, ਭਰਮਾਂ, ਪਖੰਡਾਂ ਨੂੰ ਦੂਰ ਕੀਤਾ। ਭਾਵੇਂ ਉਸ ਸਮੇਂ ਗੁਰੂ ਜੀ ਨੂੰ ਬਹੁਤ ਸਾਰੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਹ ਕੁਦਰਤੀ ਗੱਲ ਹੈ ਕਿ ਸਦੀਆਂ ਪੁਰਾਣੇ ਭਰਮ ਤੋੜਨ ਲਈ ਵਿਰੋਧਤਾ ਹੁੰਦੀ ਹੈ। ਪਰ ਵਿਰੋਧ ਉਹੀ ਲੋਕ ਕਰਦੇ ਸਨ, ਜਿਹਨਾਂ ਦੀਆਂ ਗੋਗੜਾਂ ਇਹਨਾਂ ਵਹਿਮਾਂ ਭਰਮਾਂ ਨੂੰ ਲੋਕਾਂ ਵਿੱਚ ਫੈਲਾ ਕੇ ਹੀ ਪਲਦੀਆਂ ਸਨ। ਗੁਰੂ ਨਾਨਕ ਪਾਤਸ਼ਾਹ ਦੇ ਪੂਰੇ ਜੀਵਨ ਨਾਲ ਸੰਬੰਧਿਤ ਸਾਖੀਆਂ ਪ੍ਰਚਲਿਤ ਹਨ। ਕਿਤੇ ਉਹ ਖ਼ਰਾ ਸੌਦਾ ਕਰਦੇ, ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਇੱਕ ਵਹਿੰਦੀ ਨਦੀ ਵਰਗੀ ਪਿਰਤ ਪਾ ਗਏ ਜਿਹੜੀ ਨਾ ਕਦੇ ਸੁੱਕੇ ਨਾ ਮੁੱਕੇ। ਕਿਤੇ ਮੱਝਾਂ ਚਾਰਨ ਵੇਲੇ ਆਪਣੇ ਪਿਆਰੇ ਨਾਲ ਐਸੀ ਸੁਰਤ ਜੁੜੀ ਦੀਨ ਦੁਨੀਆਂ ਦੀ ਸੁੱਧ ਬੁੱਧ ਭੁੱਲ ਗਏ, ਮੱਝੀਆਂ ਲੋਕਾਂ ਦੇ ਖੇਤਾਂ ਵਿੱਚ ਜਾ ਵੜੀਆਂ। ਕਿਤੇ ਨਾਨਕ ਦੇ ਭੋਲੇ ਮੁੱਖ ’ਤੇ ਆਪਣਾ ਫਨ ਫੈਲਾ ਕੇ ਸੱਪ ਨੇ ਛਾਂ ਕੀਤੀ। ਕਿਤੇ ਜਨੇਊ ਪਾਉਣ ਵੇਲੇ ਅਸਲੀ ਸੱਚੇ ਜਨੇਊ ਦੀਆਂ ਸਿਫ਼ਤਾਂ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕਿਤੇ ਮੋਦੀਖ਼ਾਨੇ ਵਿੱਚ ਨੌਕਰੀ ਕਰਦੇ ਸਮੇਂ ਤੇਰਾ ਤੇਰਾ ਹੀ ਤੋਲਦੇ। ਵੇਈਂ ਵਿੱਚ ਇਸ਼ਨਾਨ ਕਰਕੇ ਤੀਜੇ ਦਿਨ ਮੁੜੇ ਤਾਂ ਇਹੀ ਉਚਾਰਿਆ … … ਨ ਕੋਈ ਹਿੰਦੂ ਨ ਮੁਸਲਮਾਨ। ਫਿਰ ਆਪਣਾ ਪਰਿਵਾਰ ਛੱਡ ਕੇ ਉਦਾਸੀਆਂ ਨੂੰ ਚੱਲ ਪਏ। ਉਦਾਸੀਆਂ ਵੇਲੇ ਜੋ ਤਪਦੇ ਹਿਰਦਿਆਂ ਨੂੰ ਠੰਢ ਪਾਈ, ਭੁੱਲੇ ਭਟਕਿਆਂ ਸਹੀ ਰਸਤੇ ਤੋਰਿਆ, ਉਹ ਮੇਰੇ ਵਰਣਨ ਤੋਂ ਪਰੇ ਦੀਆਂ ਗੱਲਾਂ ਨੇ। ਗੁਰੂ ਨਾਨਕ ਸਾਹਿਬ ਜੀ ਪ੍ਰਤੀ ਸਭ ਧਰਮਾਂ ਵਾਲੇ ਬਹੁਤ ਸ਼ਰਧਾ ਰੱਖਦੇ ਹਨ। ਉਹ ਸਭ ਦੇ ਸਾਂਝੇ ਰਹਿਬਰ ਹਨ। ਉਹ ਸਿਰਫ਼ ਮੇਰੇ ਜਾਂ ਤੁਹਾਡੇ ਹੀ ਨਹੀਂ, ਸਭ ਦੇ ਸਾਂਝੇ ਹਨ।

ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿਫ਼ਤਾਂ, ਸਮਾਜ ਸੁਧਾਰਕ ਕਾਰਜ, ਉਹਨਾਂ ਦੀ ਰੂਹਾਨੀ ਬਾਣੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਬਿਆਨ ਕਰਨਾ ਮੇਰੀ ਪਹੁੰਚ ਤੋਂ ਪਰੇ ਹੈ। ਫਿਰ ਵੀ ਇਹ ਸਤਰ … … ਮੈਨੂੰ ਹਰ ਥਾਂ ਦਿਸਦਾ ਰਹੇ, ਤੇਰਾ ਹੀ ਨੂਰ ਨਾਨਕ … … ਸਭ ਦੇ ਮਨਾਂ ਵਿੱਚ ਵਸੇ ਇਸਦਾ ਮਤਲਬ ਨੂਰਾਨੀ ਨਾਨਕ ਨੂੰ ਸਾਰੇ ਅੰਗ ਸੰਗ ਮਹਿਸੂਸ ਕਰਨ। ਬਾਬਾ ਨਾਨਕ ਸਾਹਮਣੇ ਹੋਵੇ ਫਿਰ ਕਿਤੇ ਵੀ ਕੁਝ ਗਲਤ ਹੋਣ ਦੀ ਗੁੰਜਾਇਸ਼ ਨਹੀਂ ਹੋਵੇਗੀ। ਮਾੜੇ ਕੰਮ ਕਰਕੇ ਬਹੁਤ ਵਿਗਾੜ ਲਿਆ, ਹੁਣ ਸਾਨੂੰ ਬਹੁਤ ਲੋੜ ਹੈ ਗੁਰੂ ਨਾਨਕ ਮਹਾਰਾਜ ਜੀ ਦੇ ਸਾਦਗੀ ਭਰਪੂਰ, ਅਡੰਬਰਾਂ ਤੋਂ ਰਹਿਤ ਪਰਉਪਕਾਰੀ ਜੀਵਨ ਤੋਂ ਪ੍ਰੇਰਨਾ ਲੈਣ ਦੀ।

  • ਮੁੱਖ ਪੰਨਾ : ਕਹਾਣੀਆਂ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ