Mardan Di Jaat (Story in Punjabi) : Ram Lal
ਮਰਦਾਂ ਦੀ ਜਾਤ (ਕਹਾਣੀ) : ਰਾਮ ਲਾਲ
ਲਖ਼ਨਊ ਸ਼ਹਿਰ ਨੂੰ ਉਸ ਦੀਆਂ ਉਤਰੀ ਬਸਤੀਆਂ ਨਾਲ ਮਿਲਾਉਣ ਵਾਲੀ ਸੜਕ ਹੁਣ ਸੁੰਨਸਾਨ ਪਈ ਰਹਿੰਦੀ ਹੈ। ਕੁਝ ਅਰਸਾ ਪਹਿਲਾਂ ਜਦੋਂ ਸ਼ਹਿਰ ਨੂੰ ਗੋਮਤੀ ਦੇ ਹੜ੍ਹ ਦੀ ਮਾਰ ਤੋਂ ਬਚਾਉਣ ਵਾਸਤੇ ਨਵੀਂ ਸੜਕ ਕੱਢੀ ਜਾ ਰਹੀ ਸੀ, ਇਸਨੂੰ ਬਾਈਪਾਸ ਦੇ ਤੌਰ 'ਤੇ ਵਰਤਿਆ ਜਾਣ ਲੱਗ ਪਿਆ ਸੀ। ਜਦੋਂ ਦਾ ਉਸ ਸੜਕ ਉੱਤੇ ਟਰੈਫ਼ਿਕ ਚਾਲੂ ਹੋਇਆ ਹੈ, ਇਸ ਰਸਤੇ ਦੀ ਆਵਾਜਾਵੀ ਬਿਲਕੁਲ ਘਟ ਗਈ ਹੈ। ਸਿਰਫ ਤੇਜ਼ਾਬ ਦੇ ਕਾਰਖ਼ਾਨੇ ਦੇ ਰੇੜ੍ਹਿਆਂ ਰਾਹੀਂ, ਸ਼ੀਸ਼ੇ ਦੇ ਵੱਡੇ-ਵੱਡੇ ਫਿਲਾਸਕ ਆਉਂਦੇ ਜਾਂਦੇ ਰਹਿੰਦੇ ਹਨ ਜਾਂ ਸ਼ਾਹੀ ਇਮਾਰਤ ਦੇ ਖੰਡਰਾਂ ਪਿੱਛੇ ਵੱਸੀ ਕਾਲੋਨੀ ਦੇ ਲੋਕ ਇਧਰ ਦੀ ਹੋ ਕੇ ਮੇਨ ਰੋਡ ਦੇ ਮੋੜ ਤਕ ਚਲੇ ਜਾਂਦੇ ਹਨ—ਜਿੱਥੋਂ ਮਲੀਹਾਬਾਦ ਤੇ ਕਾਦੋਰੀ ਵੱਲ ਜਾਣ ਵਾਲੀਆਂ ਬੱਸਾਂ, ਟੈਂਪੂ, ਰਿਕਸ਼ੇ, ਟਾਂਗੇ ਤੇ ਟੈਕਸੀਆਂ ਵਗ਼ੈਰਾ ਆਮ ਮਿਲ ਜਾਂਦੀਆਂ ਹਨ।
ਉਸ ਦਿਨ ਜੁਮੇਂਰਾਤ ਦੇ ਨਾਗੇ ਕਰਕੇ ਤੇਜ਼ਾਬ ਦਾ ਕਾਰਖ਼ਾਨਾ ਬੰਦ ਸੀ—ਪਰ ਉਸਦੇ ਸਾਹਮਣੇ, ਸਵੇਰ ਦੇ ਅੱਠ ਵੱਜੇ ਦੀ, ਇਕ ਜੀਪ ਖੜ੍ਹੀ ਹੋਈ ਸੀ, ਜਿਸ ਵਿਚ ਪੰਜ ਪੱਕੀ ਉਮਰ ਦੇ ਆਦਮੀ ਦੇਖਣ ਨੂੰ ਤਾਂ ਬੜੀ ਬੇਪ੍ਰਵਾਹੀ ਨਾਲ ਬੈਠੇ ਸਿਗਰਟਾਂ ਪੀ ਰਹੇ ਸਨ ਤੇ ਹੌਲੀ-ਹੌਲੀ ਗੱਲਾਂ ਕਰ ਰਹੇ ਸਨ—ਪਰ ਸਾਰਿਆਂ ਦੀਆਂ ਨਜ਼ਰਾਂ ਵਾਰੀ-ਵਾਰੀ ਉਹਨਾਂ ਖੰਡਰਾਂ ਵੱਲ ਚਲੀਆਂ ਜਾਂਦੀਆਂ ਸਨ ਜਿਹਨਾਂ ਵਿਚੋਂ ਲੰਘ ਕੇ ਰਿਫ਼ਿਊਜੀ ਕਾਲੋਨੀ ਵਿਚ ਰਹਿਣ ਵਾਲਾ ਕੋਈ ਅਮੀਨਾਬਾਦ ਦਾ ਦੁਕਾਨਦਾਰ, ਜਾਂ ਸਵੇਰੇ-ਸਵੇਰੇ ਕਿਸੇ ਦਫ਼ਤਰ ਵਿਚ ਪਹੁੰਚਣ ਵਾਲਾ ਕਲਰਕ ਜਾਂ ਸ਼ਹਿਰ ਦੀ ਕਿਸੇ ਸੜਕ ਦੇ ਫੁਟਪਾਥ ਉੱਤੇ ਸਾਮਾਨ ਵੇਚਣ ਵਾਲਾ ਕੋਈ ਪਟੜੀ-ਦੁਕਾਨਦਾਰ ਇਸ ਸੁੰਨਸਾਨ ਸੜਕ ਉੱਤੇ ਆਉਂਦਾ ਤੇ ਬਿਨਾਂ ਏਧਰ ਉਧਰ ਦੇਖਿਆਂ ਮੇਨ ਸੜਕ ਦੇ ਉਸ ਮੋੜ ਵਲ ਚਲਾ ਜਾਂਦਾ ਸੀ।
“ਔਹ, ਸਿਵ ਰਾਮ ਜਾ ਰਿਹੈ—ਅੱਜ ਨਜ਼ੀਰਾਬਾਦ ਵਿਚ ਦੁਕਾਨ ਲਾਏਗਾ।”
“ਜਾਣ ਦੇ ਯਾਰ।”
“ਮੈਂ ਉਸਨੂੰ ਰੋਕ ਥੋੜ੍ਹਾ ਈ ਰਿਹਾਂ।”
“ਤੂੰ ਇਹ ਸੋਚ ਕਿਤੇ ਅੱਜ ਛੁੱਟੀ ਤਾਂ ਨਹੀਂ, ਉਸਦੇ ਸਕੂਲ 'ਚ—ਬਈ ਉਹ ਆਏ ਈ ਨਾ?”
“ਨਹੀਂ, ਅੱਜ ਕੋਈ ਛੁੱਟੀ-ਵੁੱਟੀ ਨਹੀਂ।”
“ਫੇਰ ਹੁਣ ਤਕ ਘਰੋਂ ਨਿਕਲੀ ਕਿਉਂ ਨਹੀਂ ਉਹ?”
“ਉਹ ਪੂਰੇ ਸਾਢੇ ਅੱਠ ਵਜੇ ਘਰੋਂ ਨਿਕਲ ਪੈਂਦੀ ਏ, ਮੈਂ ਕਈ ਦਿਨ ਤਕ ਉਸਦਾ ਪਿੱਛਾ ਕਰਕੇ ਸਭ ਕੁਝ ਪਤਾ ਕਰ ਲਿਆ ਏ। ਪੌਣੇ ਨੌਂ ਵਾਲੀ ਬਸ ਫੜ ਕੇ ਉਹ ਕੋਰਟ ਵਾਲੇ ਬਸ-ਸਟਾਪ ਉੱਤੇ ਜਾ ਉਤਰਦੀ ਏ—ਤੇ ਉੱਥੋਂ ਪੈਦਲ ਹੀ ਵੱਡੇ ਬਸ-ਸਟੈਂਡ ਅੱਗੋਂ ਹੁੰਦੀ ਹੋਈ ਆਪਣੇ ਸਕੂਲ ਜਾ ਪਹੁੰਚਦੀ ਏ। ਇਹ ਵੀ ਚੰਗਾ ਏ ਕਿ ਏਸ ਕਾਲੋਨੀ ਦੀ ਕੋਈ ਹੋਰ ਟੀਚਰ ਨਹੀਂ—ਨਹੀਂ ਤਾਂ ਸਾਡਾ ਸਾਰਾ ਪਲਾਨ ਫੇਲ੍ਹ ਹੋ ਜਾਣਾ ਸੀ।”
“ਕਿਉਂ ਫੇਲ੍ਹ ਹੋ ਜਾਣਾ ਸੀ? ਫੇਰ ਆਪਾਂ ਕੋਈ ਹੋਰ ਢੰਗ ਸੋਚ ਲੈਂਦੇ। ਫਿਕਰ ਵਾਲੀ ਕੀ ਗੱਲ ਸੀ ਭਲਾ!”
“ਸਾਢੇ ਅੱਠ ਤਾਂ ਵੱਜ ਚੱਲ ਨੇ ਯਾਰ, ਪਰ ਉਹ ਅਜੇ ਤਕ ਦਿਖਾਈ ਨਹੀਂ ਦੇ ਰਹੀ।”
“ਮੈਂ ਕਿਹਾ, ਬਸ ਆਉਂਦੀ ਈ ਹੋਏਗੀ—ਪਰ ਤੁਸੀਂ ਸਾਰੇ ਓਧਰ ਨਾ ਝਾਕੋ। ਸਿਰਫ ਇਕ ਆਦਮੀ ਖੰਡਰ ਵਾਲੀ ਉਸ ਪਗਡੰਡੀ ਉੱਤੇ ਨਜ਼ਰ ਰੱਖੇ। ਮਲਹੋਤਰਾ, ਤੂੰ ਅੱਗੇ ਬੈਠਾ ਏਂ, ਤੂੰ ਹੀ ਨਿਗਾਹ ਰੱਖੀਂ ਉਧਰ।”
“ਅੱਛਾ। ਲਿਆ ਫੇਰ ਡੱਬੀ ਫੜਾ ਦੇ ਜ਼ਰਾ ਏਧਰ। ਸਰਦੀ ਤੇ ਪ੍ਰੇਸ਼ਾਨੀ ਕਰਕੇ ਅੱਜ ਸਿਗਰਟਾਂ ਵੀ ਕੁਝ ਵਧ ਹੀ ਪੀਣੀਆਂ ਪੈ ਰਹੀਆਂ ਨੇ।”
ਫੇਰ ਕੁਝ ਪਲ ਤਕ ਬਿਲਕੁਲ ਚੁੱਪ ਵਰਤੀ ਰਹੀ।
ਮਲਹੋਤਰਾ ਇੱਟਾਂ ਦੇ ਭੱਠੇ ਦਾ ਮਾਲਕ ਹੈ। ਇਹ ਜੀਪ ਵੀ ਉਸੇ ਦੀ ਹੈ। ਦੂਜਾ ਸੰਤ ਰਾਮ ਹੈ, ਜਿਹੜਾ ਸਰਗੋਧਾ ਸੋਪ ਫ਼ੈਕਟਰੀ ਦਾ ਪਾਰਟਨਰ ਹੈ। ਉਹ 'ਯੂਨਾਈਟਡ ਕੋਲ ਕੰਪਨੀ' ਵਾਲੇ ਮੁਨਸ਼ੀ ਦਯਾ ਰਾਮ ਦਾ ਭਨੋਈਆ ਵੀ ਹੈ। ਦਯਾ ਰਾਮ ਵੀ ਉਸੇ ਜੀਪ ਵਿਚ ਬੈਠਾ ਹੋਇਆ ਹੈ ਤੇ ਕਾਫੀ ਚਿਰ ਤੋਂ ਬਿਲਕੁਲ ਚੁੱਪ ਹੈ। ਚੌਥਾ ਆਦਮੀ ਪ੍ਰੇਮ ਸਿੰਘ ਹੈ—ਜਿਸਦੇ ਸ਼ਹਿਰ ਵਿਚ ਤੀਹ-ਚਾਲੀ ਰਿਕਸ਼ੇ ਚਲਦੇ ਹਨ ਤੇ ਪੰਜਵਾਂ ਦੁਕਾਨਦਾਰਾਂ ਦੀ ਯੂਨੀਅਨ ਦਾ ਪ੍ਰਧਾਨ ਹੈ, ਜਿਸਦਾ ਨਾਂ ਮਲਿਕ ਰਾਜ ਬਠਲਾ ਹੈ। ਉਸਦੀ ਇਕ ਦੁਕਾਨ ਡਿਕਸਨ ਮਾਰਕੀਟ ਵਿਚ ਵੀ ਹੈ ਜਿੱਥੇ ਅਮਰੀਕਾ ਦੇ ਪੁਰਾਣੇ ਕੋਟ ਵਗ਼ੈਰਾ ਥੋਕ ਦੇ ਭਾਅ ਮਿਲਦੇ ਹਨ। ਉਹ ਸਾਰੇ ਇਕੋ ਕਾਲੋਨੀ ਵਿਚ ਰਹਿੰਦੇ ਹਨ। ਉਹ ਕਾਲੋਨੀ ਇੱਥੋਂ ਪੰਜ ਮੀਲ ਦੂਰ ਹੈ—ਸ਼ਹਿਰ ਦੇ ਪੱਛਮੀ ਸਿਰੇ ਉੱਤੇ ਪੱਛਮੀ ਪੰਜਾਬ ਦੇ ਇਕੋ ਸ਼ਹਿਰ ਦੇ ਰਹਿਣ ਵਾਲਿਆਂ ਨੇ ਇੱਥੇ ਆ ਕੇ ਪੂਰੇ ਪਿੰਡ ਦੀ ਜਗ੍ਹਾ ਖਰੀਦ ਲਈ ਸੀ ਤੇ ਪਲਾਟ ਕੱਟ ਕੇ ਆਪਣੀ ਵੱਖਰੀ ਕਾਲੋਨੀ ਵਸਾ ਲਈ ਸੀ, ਜਿਹੜੀ ਹੁਣ ਲਖ਼ਨਊ ਦਾ ਹੀ ਇਕ ਹਿੱਸਾ ਬਣ ਚੁੱਕੀ ਹੈ।
ਸਿਗਰਟਾਂ ਦਾ ਧੂੰਆਂ ਉਡਦਾ ਰਿਹਾ ਤੇ ਉਹਨਾਂ ਦੀਆਂ ਬੇਚੈਨ ਨਿਗਾਹਾਂ ਵੀ ਉਸੇ ਪਗਡੰਡੀ ਉੱਤੇ ਭਟਕਦੀਆਂ ਰਹੀਆਂ ਜਿਸ ਉਪਰੋਂ ਇਕ ਲੇਡੀ ਟੀਚਰ ਦੇ ਆਉਣ ਦੀ ਸੰਭਾਵਨਾ ਸੀ। ਕਦੀ-ਕਦੀ ਕਿਸੇ ਦੇ ਹੌਲੀ-ਜਿਹੀ ਖੰਘਣ ਦੀ ਆਵਾਜ਼ ਵੀ ਸੁਣਾਈ ਦੇ ਜਾਂਦੀ! ਜਿਹੜੀ ਸ਼ਾਇਦ ਇਹ ਉਮੀਦ ਤੇ ਨਿਰਾਸ਼ਾ ਭਰੇ ਇੰਤਜ਼ਾਰ ਦਾ ਪ੍ਰਤੀਕਰਮ ਹੀ ਸੀ। ਫੇਰ ਭੱਠੇ ਤੇ ਜੀਪ ਦੇ ਮਾਲਕ ਮਲਹੋਤਰੇ ਨੇ ਉਹ ਰੱਹਸ ਖੋਹਲ ਦਿੱਤਾ—“ਮੇਰਾ ਸਾਲਾ ਦਲੀਪ ਏ ਨਾ, ਜਦੋਂ ਉਸਦਾ ਵਿਆਹ ਹੋਇਆ ਸੀ, ਉਸਦੀ ਘਰ ਵਾਲੀ ਵੀ ਉਸ ਨਾਲ ਰਹਿਣ ਲਈ ਤਿਆਰ ਨਹੀਂ ਸੀ। ਉਹ ਜਦੋਂ ਵੀ ਉਸਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ, ਉਹ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪੈਂਦੀ। ਆਪਣੇ ਮਰਦ ਨਾਲ ਮਿਲਣ ਦੀ ਕਲਪਨਾ ਨਾਲ ਹੀ ਉਸਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ। ਸਹੁਰੇ ਘਰ ਵਾਲਿਆਂ ਨੇ ਉਸਨੂੰ ਬੜਾ ਸਮਝਾਇਆ—'ਭਲੀਏ ਮਾਣਸੇ! ਇਹ ਤਾਂ ਦੁਨੀਆਂ ਦਾ ਦਸਤੂਰ ਹੈ। ਇਸ ਮਿਲਨ ਨਾਲ ਹੀ ਇਨਸਾਨੀ ਜੀਵ ਵਧਦੇ ਫੁਲਦੇ ਆਏ ਨੇ।' ਤੇ ਉਸ ਕੁੜੀ ਦੇ ਪੇਕਿਆਂ ਦੀਆਂ ਔਰਤਾਂ ਨੇ ਵੀ ਉਸਨੂੰ ਇਹੀ ਗੱਲ ਕਹੀ। ਪਰ ਸਾਹਬ ਉਹ ਕਦੋਂ ਫਸਣ ਵਾਲੀ ਸੀ। ਆਖ਼ਰ ਇਕ ਦਿਨ ਉਸਦੇ ਪਿਓ ਨੇ ਹੀ ਰਾਏ ਦਿੱਤੀ—ਦੋਵਾਂ ਨੂੰ ਇਕ ਕਮਰੇ 'ਚ ਬੰਦ ਕਰ ਦਿਓ। ਚੀਕੀ ਜਾਣ ਦਿਓ ਜਿੰਨਾਂ ਵੀ ਚੀਕਦੀ ਏ। ਜਾਨਵਰ ਵੀ ਤਾਂ ਨਵੀਂ ਥਾਂ ਆ ਕੇ ਪਹਿਲਾਂ-ਪਹਿਲਾਂ ਇਵੇਂ ਹੀ ਰੱਸੇ ਤੁੜਾਂਦੇ ਨੇ, ਢੁੱਡਾਂ ਮਾਰਦੇ ਨੇ—ਫੇਰ ਕੁਝ ਦਿਨਾਂ ਬਾਅਦ ਆਪੇ ਸਬਰ ਕਰ ਲੈਂਦੇ ਨੇ। ਸਮਝ ਜਾਂਦੇ ਨੇ ਹੁਣ ਤਾਂ ਇੱਥੇ ਹੀ ਰਹਿਣਾ ਪਏਗਾ। ਉਸ ਨਾਲ ਓਵੇਂ ਹੀ ਕੀਤਾ ਗਿਆ। ਹੁਣ ਉਹ ਆਸ-ਔਲਾਦ ਵਾਲੀ ਏ। ਖੁਸ਼ੀ-ਖੁਸ਼ੀ ਰਹਿ ਰਹੀ ਏ ਦਲੀਪ ਦੇ ਨਾਲ।”
ਕਹਿ ਕੇ ਉਹ ਆਪ ਹੀ ਹੱਸਣ ਲੱਗ ਪਿਆ। ਦੂਜੇ ਉਸ ਵੱਲ ਸਿਰਫ ਗੰਭੀਰ ਨਜ਼ਰਾਂ ਨਾਲ ਦੇਖਦੇ ਰਹੇ। ਪਟੜੀ ਦੁਕਾਨਦਾਰਾਂ ਦੇ ਪ੍ਰਧਾਨ ਮਲਿਕ ਰਾਜ ਬਠਲਾ ਨੇ ਮੁਨਸ਼ੀ ਦਯਾ ਰਾਮ ਦੇ ਹੱਥੋਂ ਸੁਲਗਦੀ ਹੋਈ ਸਿਗਰਟ ਫੜ ਕੇ ਆਪਣੀ ਸਿਗਰਟ ਸੁਲਗਾਈ ਤੇ ਨੱਕ ਰਾਹੀਂ ਕਾਫੀ ਸਾਰਾ ਧੂੰਆਂ ਛੱਡਦਿਆਂ ਹੋਇਆਂ ਕਿਹਾ, “ਯਾਰ ਮੁਨਸ਼ੀ ਤੂੰ ਵੀ ਇਹੀ ਤਜ਼ਰਬਾ ਕੀਤਾ ਹੁੰਦਾ ਤਾਂ ਅੱਜ ਤੇਰੇ ਮਦਨ ਦਾ ਘਰ ਵੀ ਵੱਸਿਆ ਹੋਇਆ ਹੁੰਦਾ।”
ਮੁਨਸ਼ੀ ਦਯਾ ਰਾਮ ਨੇ ਕੋਈ ਜਵਾਬ ਨਾ ਦਿੱਤਾ। ਪਰ ਉਸਦੇ ਵੱਡੇ ਭਨੋਈਏ ਸੰਤ ਰਾਮ ਮਿੱਤਰਾ ਨੇ ਆਪਣੀ ਪੱਗ ਉੱਤੇ ਹੱਥ ਫੇਰਦਿਆਂ ਹੋਇਆਂ ਉਹਨਾਂ ਸਾਰਿਆਂ ਨੂੰ ਸੁਣਾ ਕੇ ਕਿਹਾ, “ਜੋ ਹੋ ਗਿਆ ਸੋ ਹੋ ਗਿਆ—ਹੁਣ ਤਾਂ ਇਸ ਪਲਾਨ ਨੂੰ ਸਿਰੇ ਚੜਾਉਣ ਦੀ ਫਿਕਰ ਕਰੋ ਜਿਸ ਖਾਤਰ ਅਸੀਂ ਇੱਥੇ ਆਏ ਆਂ।”
ਓਦੋਂ ਹੀ ਸ਼ਾਹੀ ਮਹਿਲ ਦੇ ਖੰਡਰਾਂ ਵਿਚਕਾਰ ਇਕ ਰੰਗੀਨ ਸਾੜ੍ਹੀ ਦੀ ਝਲਕ ਦਿਖਾਈ ਦਿੱਤੀ। ਸਾਰਿਆਂ ਦੀਆਂ ਅੱਖਾਂ ਵਿਚ ਚਮਕ ਆ ਗਈ। ਪਰ ਉਹਨਾਂ ਦੇ ਚਿਹਰਿਆਂ ਉੱਤੇ ਇਕ ਭੈ ਵੀ ਖਿੱਲਰ ਗਿਆ ਸੀ ਤੇ ਉਹ ਇੰਜ ਚੁੱਪ ਹੋ ਗਏ ਸਨ ਜਿਵੇਂ ਕੋਈ ਚੋਰੀ ਕਰਦੇ ਫੜੇ ਗਏ ਹੋਣ।
ਉਸ ਔਰਤ ਨੂੰ ਸੜਕ ਤਕ ਪਹੁੰਚਣ ਲਈ ਸਿਰਫ ਇਕ ਦੋ ਮਿੰਟ ਹੀ ਲੱਗੇ ਹੋਣਗੇ। ਮਲਹੋਤਰਾ ਜੀਪ ਸਟਾਰਟ ਕਰਕੇ ਫੌਰਨ ਉਸਦੇ ਕੋਲ ਲੈ ਗਿਆ। ਬਾਕੀ ਚਾਰੇ ਜਿਹੜੇ ਆਪਣੀ ਉਮਰ, ਸਿਆਣਪ ਤੇ ਸਭਿਅ ਸੋਚ ਕਰਕੇ ਭੱਦਰ ਪੁਰਸ਼ ਕਹੇ ਜਾ ਸਕਦੇ ਸਨ; ਮਾਹਰ ਸ਼ਿਕਾਰੀ ਵਾਂਗ ਆਪਣੇ ਸ਼ਿਕਾਰ ਉੱਤੇ ਝਪਟੇ—ਇਕ ਨੇ ਉਸਦੇ ਮੂੰਹ ਉੱਤੇ ਹੱਥ ਰੱਖ ਲਿਆ ਤੇ ਬਾਕੀ ਤਿੰਨਾਂ ਨੇ, ਅੱਖ ਦੇ ਫੋਰੇ ਵਿਚ, ਉਸਨੂੰ ਚੁੱਕ ਕੇ ਜੀਪ ਵਿਚ ਸੁੱਟ ਲਿਆ। ਫੇਰ ਜੀਪ ਹਵਾ ਨਾਲ ਗੱਲਾਂ ਕਰਨ ਲੱਗੀ।
ਰਾਹ ਵਿਚ ਕਿੰਨੀਆਂ ਹੀ ਬਸਤੀਆਂ, ਭੀੜ-ਭੜਕੇ ਵਾਲੀਆਂ ਸੜਕਾਂ, ਉੱਚੀਆਂ-ਉੱਚੀਆਂ ਇਮਾਰਤਾਂ, ਸਕੂਲ, ਕਾਲਜ, ਹਸਪਤਾਲ ਤੇ ਕਾਰਖ਼ਾਨੇ ਆਏ; ਲਾਲ, ਹਰੀਆਂ, ਪੀਲੀਆਂ ਬੱਤੀਆਂ ਵਾਲੇ ਚੁਰਸਤੇ, ਤਿਰਸਤੇ ਤੇ ਦੁਰਸਤੇ ਆਏ—ਪਰ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਿਆ ਕਿ ਇਸ ਸ਼ਹਿਰ ਦੇ ਪੰਜ ਭੱਦਰ ਪੁਰਸ਼ਾਂ ਨੇ ਇਕ ਜਵਾਨ ਔਰਤ ਨੂੰ ਰੱਸੀਆਂ ਨਾਲ ਜਕੜ ਕੇ ਤੇ ਉਸਦੇ ਮੂੰਹ ਵਿਚ ਕੱਪੜਾ ਤੁੰਨ ਕੇ ਬਿਲਕੁਲ ਬੇਬਸ ਕੀਤਾ ਹੋਇਆ ਹੈ ਤੇ ਉਸਨੂੰ ਅਗਵਾਹ ਕਰਕੇ ਆਪਣੀ ਜੀਪ ਵਿਚ ਲਈ ਜਾ ਰਹੇ ਹਨ।...ਤੇ ਜੀਪ ਵਿਚ ਬੈਠੇ ਉਸਦੀਆਂ ਕਿਤਾਬਾਂ ਦੇ ਸਫੇ ਏਨੇ ਧਿਆਨ ਨਾਲ ਉਲਟ-ਪਲਟ ਰਹੇ ਸਨ ਜਿਵੇਂ ਆਪਣੇ ਇਸ ਕਾਰਨਾਮੇ ਲਈ ਸ਼ਬਦ ਲੱਭ ਰਹੇ ਹੋਣ।
ਕਾਲੋਨੀ ਆਪਣੇ ਸਵੇਰ ਦੇ ਆਮ ਕੰਮਾਂ-ਧੰਦਿਆਂ ਵਿਚ ਵਿਅਸਤ ਸੀ—ਦੁੱਧ ਵਾਲੇ ਸਾਈਕਲਾਂ ਉੱਤੇ ਅੱਗੇ-ਪਿੱਛੇ ਵੱਡੀਆਂ-ਵੱਡੀਆਂ ਕੇਨੀਆਂ ਲਟਕਾਈ ਹਰ ਮਕਾਨ ਦੇ ਸਾਹਮਣੇ ਰੁਕ ਕੇ ਆਪਣੇ ਵੱਝਵੇਂ ਗਾਹਕਾਂ ਦੇ ਭਾਂਡਿਆਂ ਵਿਚ ਦੁੱਧ ਪਾਉਂਦੇ ਫਿਰਦੇ ਸਨ। ਜਿਹੜੇ ਲੋਕ ਦਫ਼ਤਰਾਂ ਤੇ ਦੁਕਾਨਾਂ ਨੂੰ ਜਾਣ ਲਈ ਨਹਾ-ਧੋ ਕੇ ਘਰਾਂ 'ਚੋਂ ਨਿਕਲ ਪਏ ਸਨ, ਉਹ ਤੇਜ਼ ਰਿਫ਼ਤਾਰ ਜੀਪ ਦੀ ਧੂੜ ਤੋਂ ਬਚਣ ਖਾਤਰ ਪਲ ਭਰ ਈ ਠਿਠਕ ਕੇ ਇਕ ਪਾਸੇ ਹੋ ਜਾਂਦੇ ਸਨ। ਜਦੋਂ ਜੀਪ ਇਕ ਛੋਟੇ ਜਿਹੇ ਮਕਾਨ ਦੇ ਸਾਹਮਣੇ ਜਾ ਕੇ ਰੁਕੀ ਤਾਂ ਉਹਨਾਂ ਲੋਕਾਂ ਨੇ ਆਪਣੇ ਆਲੇ-ਦੁਆਲੇ ਵਲੋਂ ਪੂਰੀ ਚੌਕਸੀ ਵਰਤਦਿਆਂ ਹੋਇਆਂ ਉਸ ਔਰਤ ਨੂੰ ਲਾਹਿਆ ਤੇ ਹੱਥਾਂ 'ਤੇ ਚੁੱਕ ਕੇ ਮਕਾਨ ਦੇ ਅੰਦਰ ਲੈ ਗਏ। ਉਸਨੂੰ ਇਕ ਕਮਰੇ ਵਿਚ ਸੁੱਟ ਕੇ ਫੌਰਨ ਬੰਦ ਕਰ ਦਿੱਤਾ ਗਿਆ। ਇਹ ਸਭ ਘਰਦੀਆਂ ਔਰਤਾਂ ਨੇ ਬੜੀ ਹੈਰਾਨੀ ਨਾਲ ਦੇਖਿਆ, ਪਰ ਕੁਝ ਪੁੱਛਣ ਦੀ ਹਿੰਮਤ ਕਿਸੇ ਨੂੰ ਵੀ ਨਹੀਂ ਸੀ ਪਈ। ਉਹ ਬਸ ਸਵਾਲੀਆ ਨਜ਼ਰਾਂ ਨਾਲ ਇਕ ਦੂਜੀ ਵਲ ਦੇਖ ਕੇ ਰਹਿ ਗਈਆਂ ਸਨ। ਉਹਨਾਂ ਵਿਚ ਇਕ ਤਾਂ ਮਦਨ ਦੀ ਬੁੱਢੀ ਦਾਦੀ ਸੀ ਜਿਹੜੀ ਕੰਧ ਕੋਲ ਉਤਰੀ ਹੋਈ ਧੁੱਪ ਵਿਚ ਬੈਠੀ ਆਪਣੀ ਛੋਟੀ ਜਿਹੀ ਹੁੱਕੀ ਗੁੜਗੁੜਾ ਰਹੀ ਸੀ, ਦੂਜੀ ਮਦਨ ਦੀ ਪੱਕੀ-ਉਮਰ ਦੀ ਮਾਂ ਸੀ ਤੇ ਤੀਜੀ ਉਸਦੀ ਭੂਆ।
ਇਸ ਹਰਕਤ ਦੇ ਫੌਰਨ ਬਾਅਦ ਉਹ ਪੰਜੇ ਮਰਦ ਇਕ ਅਜੀਬ ਜਿਹੇ ਜੁਰਮ ਦੇ ਅਹਿਸਾਸ ਵਿਚ ਘਿਰੇ ਨਜ਼ਰ ਆਉਣ ਲੱਗੇ। ਮਲਹੋਤਰਾ ਤਾਂ ਇਹ ਕਹਿ ਕੇ, “ਮੈਂ ਇੱਟਾਂ ਢੋਣ ਵਾਲੇ ਟਰੱਕ ਡਰਾਈਵਰਾਂ ਨੂੰ ਪੇਮੈਂਟ ਕਰਨੀ ਏਂ।”—ਫੌਰਨ ਆਪਣੀ ਜੀਪ ਲੈ ਕੇ ਤੁਰ ਗਿਆ। ਅਸਲ ਵਿਚ ਉਹ ਉੱਥੋਂ ਖਿਸਕ ਜਾਣਾ ਚਾਹੁੰਦਾ ਸੀ ਕਿ ਕਿਤੇ ਕਿਸੇ ਮੁਸੀਬਤ ਵਿਚ ਹੀ ਨਾ ਫਸ ਜਾਏ। ਉਸਦੇ ਜਾਣ ਪਿੱਛੋਂ ਮਲਿਕ ਰਾਜ ਬਠਲਾ ਨੇ ਦਯਾ ਰਾਮ ਨੂੰ ਇਕ ਪਾਸੇ ਲੈ ਜਾ ਕੇ ਸਮਝਾਇਆ, “ਦੇਖ ਮੁਨਸ਼ੀ, ਹੁਣ ਤਕ ਤਾਂ ਖੁਸ਼ ਕਿਸਮਤੀ ਨਾਲ ਸਭ ਕੁਝ ਠੀਕ ਠਾਕ ਹੋ ਗਿਆ ਏ, ਸਾਨੂੰ ਕਿਸੇ ਨੇ ਨਹੀਂ ਦੇਖਿਆ। ਉਦੋਂ ਆਪਣੀ ਗਲੀ ਵਿਚ ਵੀ ਕੋਈ ਨਹੀਂ ਸੀ ਸਿਵਾਏ ਬੈਂਕ ਮੇਨੈਜਰ ਦੀ ਘਰਵਾਲੀ ਤੇ ਲੋਕੋ ਵਰਕਸ਼ਾਪ ਵਾਲੇ ਮਨਚੰਦੇ ਦੀ ਭੈਣ ਦੇ, ਦੋਵੇਂ ਮੈਨੂੰ ਦੇਖ ਕੇ ਆਪਣੇ ਘਰਾਂ ਵਿਚ ਵੜ ਗਈਆਂ ਸਨ। ਫੇਰ ਵੀ ਮੈਂ ਕਹਿੰਦਾ ਹਾਂ, ਔਰਤ ਜਾਤ ਦੀ ਇਕ ਛਠੀ-ਹਿਸ ਵੀ ਹੁੰਦੀ ਏ ਜਿਹੜੀ ਸਭ ਕੁਝ ਤਾੜ ਜਾਂਦੀ ਏ—ਸਮਝਿਆ! ਕਿਤੇ ਇਹ ਨਾ ਹੋਏ ਕਿ ਸਾਡੇ ਜਾਂਦਿਆਂ ਹੀ ਇੱਥੇ ਔਰਤਾਂ ਦੀ ਭੀੜ ਲੱਗ ਜਾਏ—ਤੇ ਫੇਰ ਸ਼ਾਮ ਤਕ ਸਾਡੇ ਸਾਰਿਆਂ ਦੇ ਵਰੰਟ ਨਿਕਲੇ ਹੋਣ।”
ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਸਰਗੋਧਾ ਸੋਪ ਫੈਕਟਰੀ ਦਾ ਪਾਰਟਨਰ ਸੰਤ ਰਾਮ ਮਿੱਤਰਾ ਵੀ ਉਹਨਾਂ ਦੇ ਨੇੜੇ ਆ ਗਿਆ। ਉਸਨੇ ਝੱਟ ਕਿਹਾ, “ਮੈਂ ਸਾਰਾ ਦਿਨ ਦਰਵਾਜ਼ੇ ਅੱਗੇ ਮੰਜੀ ਡਾਹ ਕੇ ਬੈਠਾ ਰਹਿਣ ਲਈ ਤਿਆਰ ਆਂ। ਕੋਈ ਚਿੜੀ ਤਕ ਨਹੀ ਫੜਕ ਸਕਦੀ।”
ਰਿਕਸ਼ਿਆਂ ਦਾ ਮਾਲਕ ਜਿਹੜਾ ਬਿਨਾਂ ਕੁਝ ਕਹੇ ਬਾਹਰ ਵਲ ਜਾ ਰਿਹਾ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਪਰਤ ਆਇਆ ਤੇ ਬੋਲਿਆ, “ਬੇਵਕੂਫ਼ੀ ਵਾਲੀਆਂ ਗੱਲਾਂ ਨਾ ਕਰੋ। ਸਾਰੇ ਕੰਮ ਆਮ ਦਿਨਾਂ ਵਾਂਗ ਹੋਣੇ ਚਾਹੀਦੇ ਨੇ। ਜੇ ਤੂੰ ਅੱਜ ਇੰਜ ਦਰਵਾਜ਼ੇ ਮੂਹਰੇ ਚੌਂਕੀਦਾਰ ਬਣ ਕੇ ਬੈਠ ਗਿਆ ਤਾਂ ਜਿਸਨੂੰ ਨਹੀਂ ਪਤਾ, ਉਸਨੂੰ ਵੀ ਪਤਾ ਲੱਗ ਜਾਏਗਾ।”
ਇਸ ਉੱਤੇ ਸੰਤ ਰਾਮ ਮਿੱਤਰਾ ਭੜਕ ਉਠਿਆ, “ਹੋਰ ਫੇਰ ਕੀ ਕਰਨਾ ਚਾਹੀਦਾ ਏ, ਮੈਨੂੰ? ਗਲੀ ਮੁਹੱਲੇ ਦੀ ਹਰੇਕ ਜਨਾਨੀ ਨੂੰ ਸੱਦ ਸੱਦ ਕੇ ਅੰਦਰ ਭੇਜਦਾ ਰਹਾਂ!”
ਮਲਿਕ ਰਾਮ ਬਠਲਾ ਨੇ ਉਸਦੇ ਦੋਵਾਂ ਮੋਢਿਆਂ ਉੱਤੇ ਆਪਣੇ ਮਜ਼ਬੂਤ ਹੱਥ ਰੱਖ ਦਿੱਤੇ। ਫੇਰ ਬੜੇ ਪਿਆਰ ਨਾਲ ਉਸਨੂੰ ਸਮਝਾਇਆ, “ਗੁੱਸੇ ਕਿਉਂ ਹੁੰਦਾ ਏਂ ਯਾਰਾ, ਮੰਨਿਆਂ ਤੂੰ ਮੁਨਸ਼ੀ ਦਾ ਭਨੋਈਆ ਏਂ—ਇਸ ਘਰ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਏਂ, ਪਰ ਅਸੀਂ ਵੀ ਤਾਂ ਮੁਹੱਲੇਦਾਰੀ ਤੇ ਸ਼ਹਿਰਦਾਰੀ ਦਾ ਫਰਜ਼ ਨਿਭਾਇਆ ਏ ਤੇ ਨਿਭਾ ਵੀ ਰਹੇ ਹਾਂ। ਸਾਨੂੰ ਵੀ ਕੋਈ ਸਲਾਹ ਦੇਣ ਦਾ ਹੱਕ ਏ—ਹੈ ਜਾਂ ਨਹੀਂ? ਪ੍ਰੇਮ ਸਿੰਘ ਦੇ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਐਵੇਂ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਣਾ ਚਾਹੀਦਾ।”
“ਮੈਂ ਤਾਂ ਸਿਰਫ ਇਹ ਜਾਣਦਾ ਆਂ ਕਿ ਸਾਰੀ ਬਣੀ ਬਣਾਈ ਖੇਡ ਸਿਰਫ ਇਹ ਔਰਤਾਂ ਹੀ ਵਿਗਾੜਦੀਆਂ ਹੁੰਦੀਆਂ ਨੇ।” ਇਹ ਗੱਲ ਪੂਰੇ ਵਿਸ਼ਵਾਸ ਨਾਲ ਕਹਿ ਕੇ ਮਿੱਤਰਾ ਨੇ ਹੱਥ ਵਧਾ ਕੇ ਬਠਲਾ ਦੇ ਕੋਟ ਦੀ ਜੇਬ ਵਿਚੋਂ ਸਿਗਰਟਾਂ ਵਾਲੀ ਡੱਬੀ ਤੇ ਮਾਚਿਸ ਕੱਢ ਲਈ ਤੇ ਸਿਗਰਟ ਸੁਲਗਾਉਣ ਲੱਗ ਪਿਆ। ਸਿਰਗਟ ਦੇ ਦੋ ਤਿੰਨ ਲੰਮੇ ਲੰਮੇ ਸੂਟੇ ਲਾਉਣ ਪਿੱਛੋਂ ਅਚਾਨਕ ਜਿਵੇਂ ਉਸ ਨੂੰ ਕੁਝ ਯਾਦ ਆ ਗਿਆ ਤੇ ਉਹ ਫੇਰ ਕਰਾਰੀ ਜਿਹੀ ਆਵਾਜ਼ ਵਿਚ ਬੋਲਿਆ, “ਮਦਨ ਕਿੱਥੇ ਈ? ਮੈਂ ਕਿਹਾ ਉਸਨੂੰ ਵੀ ਤਾਂ ਲੱਭ ਕੇ ਲਿਆਓ, ਜਿਸਦੀ ਖਾਤਰ ਏਡਾ ਵੱਡਾ ਖਤਰਾ ਮੁੱਲ ਲੈ ਕੇ, ਉਸਦੀ ਘਰਵਾਲੀ ਨੂੰ ਚੁੱਕ ਲਿਆਏ ਆਂ।”
ਮਦਨ ਦੇ ਜ਼ਿਕਰ ਉੱਤੇ ਸਾਰੇ ਹੀ ਹੈਰਾਨੀ ਨਾਲ ਤ੍ਰਬਕੇ ਸਨ ਤੇ ਬਠਲਾ ਨੇ ਕਿਹਾ ਸੀ, “ਨਾਲਾਇਕ ਏ, ਮੈਂ ਕਲ੍ਹ ਰਾਤ ਈ ਕਹਿ ਦਿੱਤਾ ਸੀ, ਅੱਜ ਕੰਮ 'ਤੇ ਨਾ ਜਾਈਂ।”
“ਉਹ ਕਿਤੇ ਦੂਰ ਨਹੀਂ ਗਿਆ।” ਉਸਦੀ ਮਾਂ ਨੇ ਰਸੋਈ ਦੀ ਖਿੜਕੀ ਵਿਚੋਂ ਸਿਰ ਕੱਢ ਕੇ ਕਿਹਾ, “ਅਹਿ ਤੁਹਾਡੇ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਸਕੂਟਰ ਲੈ ਕੇ ਹੁਸੈਨ ਗੰਜ ਤਕ ਗਿਆ ਏ—ਕਿਸੇ ਆਦਮੀ ਤੋਂ ਪੈਸੇ ਲੈਣ, ਆਉਂਦਾ ਈ ਹੋਏਗਾ।”
ਸੁਣ ਕੇ ਉਸਦੇ ਫੁੱਫੜ ਦਾ ਪਾਰਾ ਫੇਰ ਚੜ੍ਹ ਗਿਆ। ਉਹ ਕੂਕ ਕੇ ਬੋਲਿਆ, “ਇਹ ਨਾ ਹੋਏ ਕਿ ਅਸੀਂ ਸਾਰੇ ਜੇਲ੍ਹ 'ਚ ਪਹੁੰਚ ਜਾਈਏ ਤੇ ਲਾਟ ਸਾਹਬ ਆਪਣੀ ਉਗਰਾਹੀ ਹੀ ਕਰਦਾ ਫਿਰੇ। ਉਸਨੂੰ ਤਾਂ ਫੌਰਨ ਆ ਕੇ ਆਪਣੀ ਜ਼ਨਾਨੀ ਦਾ ਟਿਕਾਅ ਕਰਨਾ ਚਾਹੀਦਾ ਏ।”
ਮੁਨਸ਼ੀ ਨੇ ਤੁਰੰਤ ਹੱਥ ਵਧਾ ਕੇ ਉਸਦਾ ਮੂੰਹ ਬੰਦ ਕਰ ਦਿੱਤਾ ਤੇ ਹੌਲੀ-ਜਿਹੀ ਕਿਹਾ, “ਐਵੇਂ ਰੌਲਾ ਕਿਉਂ ਪਾਉਂਦੇ ਪਏ ਓ ਭਾਈਆ ਜੀ। ਕੋਈ ਸੁਣ ਲਏਗਾ ਤਾਂ ਮੇਰੇ ਸਬੰਧੀਆਂ ਨੂੰ ਫੌਰਨ ਇਤਲਾਹ ਕਰ ਆਏਗਾ। ਹੁਣ ਤਾਂ ਉਹ ਇਹੀ ਸਮਝ ਰਹੇ ਹੋਣਗੇ ਕਿ ਕੁੜੀ ਸਕੂਲੇ ਪੜ੍ਹਾਉਣ ਗਈ ਹੋਈ ਏ।”
“ਮੁਨਸ਼ੀ ਠੀਕ ਕਹਿੰਦਾ ਏ ਭਾਈਆ ਜੀ। ਹੁਣ ਆਪਾਂ ਸਾਰੇ ਹੀ ਇਧਰ ਉਧਰ ਖਿਸਕ ਜਾਈਏ ਤਾਂ ਚੰਗਾ ਏ। ਮਦਨ ਦੇ ਸਹੁਰਿਆਂ ਨੂੰ ਪਤਾ ਲੱਗ ਗਿਆ ਤਾਂ ਪੁਲਿਸ ਲੈ ਕੇ ਵੀ ਆ ਸਕਦੇ ਨੇ।”
ਸਰਦਾਰ ਪ੍ਰੇਮ ਸਿੰਘ ਮਨਚੰਦਾ ਸੀ ਸਲਾਹ ਉੱਤੇ ਸਾਰੇ ਜਣੇ ਘਰੋਂ ਬਾਹਰ ਚਲੇ ਗਏ। ਘਰ ਵਿਚ ਸਿਰਫ ਉਹੀ ਤਿੰਨ ਔਰਤਾਂ ਰਹਿ ਗਈਆਂ। ਮਦਨ ਦੀ ਮਾਂ ਨੇ ਹੁਣ ਵਿਹੜੇ ਵਿਚ ਧੁੱਪ ਉਤਰੀ ਦੇਖ ਕੇ ਇਕ ਮੰਜਾ ਡਾਹਿਆ ਤੇ ਉਸ ਉੱਤੇ ਇਕ ਪੁਰਾਣੀ ਬੋਰੀ ਵਿਛਾ ਕੇ ਸਾਬਤ ਲਾਲ ਮਿਰਚ ਸੁੱਕਣੀਆਂ ਪਾ ਦਿੱਤੀਆਂ...ਤੇ ਫੇਰ ਉਹ ਤੇ ਉਸਦੀ ਨਣਾਨ ਉਹਨਾਂ ਮਿਰਚਾਂ ਕੋਲ ਬਹਿ ਕੇ ਉਹਨਾਂ ਦੀਆਂ ਡੰਡੀਆਂ ਤੋੜਨ ਲੱਗ ਪਈਆਂ। ਬੁੱਢੀ ਜਿਹੜੀ ਹੁਣ ਤਕ ਇਕ ਪਾਸੇ ਚੁੱਪਚਾਪ ਬੈਠੀ ਆਪਣੀ ਹੁੱਕੀ ਪੀਂਦੀ ਰਹੀ ਸੀ, ਬੁਝ ਰਹੀ ਚਿਲਮ ਦੀ ਅੱਗ ਨੂੰ ਫਰੋਲਦੀ ਹੋਈ ਬੋਲੀ, “ਬਹੂ ਨੂੰ ਕੁਝ ਖਾਣ-ਪੀਣ ਲਈ ਵੀ ਦਿੱਤਾ ਏ ਜਾਂ ਨਹੀਂ?”
ਮਦਨ ਦੀ ਮਾਂ ਆਪਣੀ ਨਣਾਨ ਵਲ ਸਹਿਮੀਆਂ ਜਿਹੀਆਂ ਨਜ਼ਰਾਂ ਨਾਲ ਦੇਖਦੀ ਹੋਈ ਬੋਲੀ, “ਨਾ ਬਾਬਾ, ਮੇਰੀ ਤਾਂ ਹਿੰਮਤ ਨਹੀਂ ਪੈਂਦੀ ਅੰਦਰ ਜਾਣ ਦੀ।”
“ਮੈਂ ਹੀ ਚਲੀ ਜਾਂਦੀ, ਉਸ ਕੋਲ—ਪਰ ਤੂੰ ਤਾਂ ਜਾਣੀ ਏਂ, ਉਹ ਕਿੰਨੀ ਨੱਕ ਚੜ੍ਹੀ ਏ!” ਉਸਦੀ ਨਣਾਨ ਨੇ ਕਿਹਾ।
“ਭੈਣ, ਉਹ ਨੱਕ ਚੜ੍ਹੀ ਨਾ ਹੁੰਦੀ ਤਾਂ ਅੱਜ ਇੰਜ ਰੱਸੀਆਂ ਨਾਲ ਨੂੜ ਕੇ ਕਿਉਂ ਏਥੇ ਲਿਆਈ ਜਾਂਦੀ? ਪੂਰੇ ਸੌ ਘਰ ਦੇਖ ਕੇ ਇਹ ਕੁੜੀ ਚੁਣੀ ਸੀ, ਮੈਂ ਆਪਣੇ ਮੁੰਡੇ ਦੀ ਖਾਤਰ। ਕਿੰਨੇ ਚਾਵਾਂ ਨਾਲ ਵਿਆਹ ਕੇ ਲਿਆਈ ਸਾਂ! ਪਰ ਕਿਸਮਤ ਹੀ ਖੋਟੀ ਸੀ ਇਸਦੀ—ਇਸਦੇ ਹਾਣ ਦੀਆਂ ਕੁੜੀਆਂ ਦੋ ਦੋ ਜਵਾਕਾਂ ਦੀਆਂ ਮਾਵਾਂ ਬਣੀਆ ਬੈਠੀਐਂ। ਇਕ ਇਹ ਐ, ਹੁਣ ਤਕ ਨੱਕ 'ਤੇ ਗੁੱਸਾ ਧਰੀ ਫਿਰਦੀ ਐ। ਕਰਮਾਂ ਸੜੀ ਮੇਰੀ ਕਿਸਮਤ ਈ ਖੋਟੀ ਸੀ, ਕਿਸੇ ਹੋਰ ਨੂੰ ਦੋਸ਼ ਕਿਉਂ ਦਿਆਂ।”
ਉਸਦੀ ਨਣਾਨ ਨੇ ਕਿਹਾ, “ਪਰ ਭਾਬੀ ਤੇਰਾ ਕੀ ਕਸੂਰ ਏ ਇਸ 'ਚ—ਨਾ ਜ਼ਰਾ ਨਹੀਂ।”
“ਕਸੂਰ ਮੇਰਾ ਇਹ ਸੀ ਕਿ ਮੈਂ ਉਸਦੇ ਪਿਓ ਦੀਆਂ ਮਿੰਨਤਾਂ-ਖੁਸ਼ਾਮਦਾਂ 'ਚ ਆ ਗਈ। ਉਹ ਰੋਜ਼ ਇਹਨਾਂ ਕੋਲ, ਕੋਟਲੇ ਵਾਲੀ ਟਾਲ ਉੱਤੇ ਜਾ ਬੈਠਦਾ, ਸਾਰਾ ਦਿਨ ਮਿੰਨਤਾਂ ਹੀ ਕਰੀ ਜਾਂਦਾ—ਮੇਰੀ ਧੀ ਦਾ ਰਿਸ਼ਤਾ ਨਾ ਠੁਕਰਾਓ, ਮੇਰੀ ਧੀ ਵਰਗੀ ਸ਼ੋਸ਼ਲ ਤੇ ਨੇਕ ਕੁੜੀ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ।”
“ਹਾਂ—ਬੜੀ ਸ਼ੋਸ਼ਲ ਨਿਕਲੀ ਏ, ਉਸਦੀ ਧੀ। ਇੱਥੋਂ ਜਾਂਦਿਆਂ ਹੀ ਕਹਿ ਭੇਜਿਆ, ਆਪਣੇ ਦਾਜ ਦੀ ਇਕ ਇਕ ਚੀਜ਼ ਵਾਪਸ ਕਰਵਾ ਕੇ ਦਮ ਲਵਾਂਗੀ।”
“ਹਾਂ—ਬੜਾ ਦਾਜ ਦਿੱਤਾ ਸੀ ਨਾ ਉਸਦੇ ਪਿਓ ਨੇ। ਹੁਣ ਤਕ ਇਕ ਪਾਸੇ ਬੰਨ੍ਹ ਕੇ ਰੱਖਿਆ ਹੋਇਆ ਏ...ਦੇਖ ਲੈਣ ਉਹ ਲੋਕ ਵੀ ਆ ਕੇ ਜਿਹੜੇ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ ਫਿਰਦੇ ਐ।”
“ਹੁਣ ਤਾਂ ਉਹ ਲੋਕ ਹੀ ਇਹ ਵੀ ਕਹਿਣ ਲੱਗ ਪਏ ਨੇ—ਮਦਨ ਤਾਂ ਬੜਾ ਹਿੰਮਤ ਵਾਲਾ ਨਿਕਲਿਆ। ਛੋਟੇ ਛੋਟੇ ਧੰਦੇ ਕਰਕੇ ਖਾਸਾ ਪੈਸਾ ਜੋੜ ਲਿਆ, ਆਪਣਾ ਮਕਾਨ ਬਣਾ ਲਿਆ ਤੇ ਹੁਣ ਤਾਂ ਉਸਨੇ ਸਕੂਟਰ ਵੀ ਲੈ ਲਿਆ ਏ।”
“ਮਦਨ ਤਾਂ ਅਜੇ ਹੋਰ ਵੀ ਬਥੇਰਾ ਕੁਛ ਬਣਾਊ ਤੂੰ ਦੇਖੀਂ। ਗਰੀਬੀ ਤਾਂ ਚਲਦੀ ਫਿਰਦੀ ਛਾਂ ਹੁੰਦੀ ਐ—ਅੱਜ ਹੈ, ਕਲ੍ਹ ਨਹੀਂ। ਨਿੱਠ ਕੇ ਕਰਮ ਕਰਨ ਨਾਲ ਬੰਦੇ ਦੇ ਸਾਰੇ ਦਲਿੱਦਰ ਧੋਤੇ ਜਾਂਦੇ ਨੇ।”
ਅਚਾਨਕ ਮਦਨ ਦੀ ਮਾਂ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ। ਉਹ ਬੋਲੀ, “ਪਰ ਇਸ ਸਭ ਚੰਗਾ ਨਹੀਂ ਲੱਗਦਾ ਮੈਨੂੰ ਕਿ ਔਰਤ ਨੂੰ ਇੰਜ ਨੂੜ ਕੇ ਘਰੇ ਲਿਆਂਦਾ ਜਾਏ। ਇਸਦਾ ਮਤਲਬ ਤਾਂ ਇਹ ਹੋਇਆ ਕਿ ਔਰਤ ਜਾਤ ਏਨੀ ਵਿਗੜ ਗਈ ਏ।”
ਦਰਵਾਜ਼ੇ ਸਾਹਮਣੇ ਸਕੂਟਰ ਦੇ ਰੁਕਣ ਦੀ ਆਵਾਜ਼ ਸੁਣ ਕੇ ਉਹ ਦੋਵੇਂ ਚੁੱਪ ਕਰ ਗਈਆਂ। ਮਦਨ ਸਕੂਟਰ ਨੂੰ ਧਰੀਕਦਾ ਹੋਇਆ ਅੰਦਰ ਲੈ ਆਇਆ। ਉਸਨੇ ਆਪਣੀ ਮਾਂ ਤੇ ਭੂਆ ਵਲ ਘੋਖਵੀਆਂ ਜਿਹੀਆਂ ਨਜ਼ਰਾਂ ਨਾਲ ਤੱਕਿਆ। ਸਮਝ ਗਿਆ—ਜਿਹੜੀ ਸਕੀਮ ਕਲ੍ਹ ਸ਼ਾਮੀਂ ਬਣਾਈ ਗਈ ਸੀ, ਨੇਫਰੇ ਚੜ੍ਹ ਚੁੱਕੀ ਹੈ। ਪਰ ਉਸਦੇ ਚਿਹਰੇ ਉੱਤੇ ਖੁਸ਼ੀ ਦੇ ਬਜਾਏ ਕਿਸੇ ਉਲਝਣ ਦੇ ਆਸਾਰ ਪੈਦਾ ਹੋ ਗਏ। ਉਹ ਨਾ ਤਾਂ ਮਾਂ ਕੋਲ ਗਿਆ ਤੇ ਨਾ ਹੀ ਭੂਆ ਜਾਂ ਦਾਦੀ ਕੋਲ—ਵਿਹੜੇ ਵਿਚ ਇਧਰ ਉਧਰ ਟਹਿਲਦਾ ਰਿਹਾ। ਔਰਤਾਂ ਦੀਆਂ ਅੱਖਾਂ ਉਸ ਉਪਰ ਟਿਕੀਆਂ ਹੋਈਆਂ ਸਨ। ਪਰ ਉਹਨਾਂ ਉਸਨੂੰ ਕੁਝ ਨਾ ਕਿਹਾ, ਜਿਵੇਂ ਕਿਸੇ ਕੋਲ ਵੀ ਉਸਨੂੰ ਕਹਿਣ ਵਾਲਾ ਕੁਝ ਨਾ ਹੋਏ! ਅਚਾਨਕ ਉਹ ਬੰਦ ਕਮਰੇ ਵਲ ਤੁਰ ਪਿਆ। ਉਸਦੇ ਦਿਲ ਦੀ ਧੜਕਨ ਤੇਜ਼ ਹੋ ਗਈ ਸੀ। ਪਰ ਉਸਦੀ ਮਾਂ ਤੇ ਭੂਆ ਸਿਰ ਜੋੜੀ ਬੈਠੀਆਂ ਮਿਰਚਾਂ ਡੁੰਗਦੀਆਂ ਰਹੀਆਂ ਤੇ ਦਾਦੀ ਹੁੱਕੀ ਗੁੜਗੁੜਾਉਂਦੀ ਰਹੀ।
ਕਮਰੇ ਵਿਚ ਰੌਸ਼ਨੀ ਨਹੀਂ ਸੀ। ਉਹ ਅੰਦਰ ਵੜਿਆ ਤਾਂ ਪਹਿਲਾਂ ਤਾਂ ਉਸਨੂੰ ਕੁਝ ਵੀ ਦਿਖਾਈ ਨਾ ਦਿੱਤਾ। ਉਹ ਦਰਵਾਜ਼ਾ ਬੰਦ ਕਰਕੇ ਉਸ ਨਾਲ ਢੋ ਲਾ ਕੇ ਖੜ੍ਹਾ ਹੋ ਗਿਆ। ਫੇਰ ਉਸਨੂੰ ਆਪਣੇ ਪਲੰਘ ਉੱਤੇ, ਰੱਸੀਆਂ ਵਿਚ ਜਕੜੀ ਪਈ ਆਪਣੀ ਪਤਨੀ ਦਿਖਾਈ ਦੇਣ ਲੱਗੀ, ਜਿਹੜੀ ਚਾਰ ਸਾਲ ਬਾਅਦ ਉੱਥੇ ਲਿਆਂਦੀ ਗਈ ਸੀ। ਉਸਦਾ ਮੂੰਹ ਵੱਝਿਆ ਹੋਇਆ ਸੀ ਪਰ ਅੱਖਾਂ ਖੁੱਲ੍ਹੀਆਂ ਸਨ। ਉਹ ਉਸ ਵਲ ਦੇਖ ਰਹੀ ਸੀ ਤੇ ਉਸਦੀਆਂ ਅੱਖਾਂ ਵਿਚੋਂ ਪਰਲ ਪਰਲ ਅੱਥਰੂ ਵਗ ਰਹੇ ਸਨ, ਜਿਹੜੇ ਉਸਦੀ ਗਰਦਨ ਤਕ ਜਾ ਕੇ ਬਿਸਤਰੇ ਉੱਤੇ ਡਿੱਗ ਕੇ ਅਲੋਪ ਹੋ ਰਹੇ ਸਨ।
ਦੋਵੇਂ ਕਾਫੀ ਦੇਰ ਤਕ ਇਕ ਦੂਜੇ ਵਲ ਦੇਖਦੇ ਰਹੇ। ਮਦਨ ਦਾ ਦਿਲ ਇਸ ਲੰਮੇ ਸਮੇਂ ਦੇ ਵਿਛੋੜੇ ਦੇ ਹਿਰਖ ਤੇ ਨਫ਼ਰਤ ਨਾਲ ਭਰਿਆ ਹੋਇਆ ਸੀ। ਜਿਸ ਲਈ ਉਹ ਆਪਣੀ ਪਤਨੀ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ। ਪਰ ਉਸ ਵੇਲੇ ਉਹ, ਦਿਲ ਹਿਲਾ ਦੇਣ ਵਾਲੇ ਇਸ ਦ੍ਰਿਸ਼ ਨੂੰ ਬਹੁਤੀ ਦੇਰ ਤਕ ਨਾ ਦੇਖ ਸਕਿਆ। ਅੱਗੇ ਵਧ ਕੇ ਉਸਨੇ ਉਸਦੇ ਮੂੰਹ ਵਿਚੋਂ ਕੱਪੜਾ ਕੱਢ ਦਿੱਤਾ—ਮੂੰਹ ਵਿਚ ਕਾਫੀ ਦੇਰ ਤਕ ਕੱਪੜਾ ਤੁੰਨਿਆਂ ਰਹਿਣ ਕਰਕੇ ਉਸਦੇ ਖੂਬਸੂਰਤ ਬੁੱਲ੍ਹਾਂ ਦੇ ਦੋਵੇਂ ਕੋਏ ਸੁੱਜ ਗਏ ਸਨ। ਫੇਰ ਉਸ ਕੋਲ ਬੈਠ ਕੇ ਉਸਨੇ ਉਸਦੀਆਂ ਰੱਸੀਆਂ ਵੀ ਖੋਹਲ ਦਿੱਤੀਆਂ। ਉਸਦੀਆਂ ਨਾਜ਼ੁਕ ਵੀਣੀਆਂ, ਪਿੰਜਣੀਆਂ ਤੇ ਮੋਢੇ ਵੀ ਸੁੱਜ ਗਏ ਸਨ। ਉਸਦੀ ਗੋਰੀ ਚਮੜੀ ਉੱਤੇ ਲਾਲ-ਲਾਲ ਲਾਸਾਂ ਪੈ ਗਈਆਂ ਸਨ, ਜਿਹਨਾਂ ਨੂੰ ਉਹ ਹੌਲੀ ਹੋਲੀ ਮਸਲ ਰਹੀ ਸੀ। ਉਹ ਆਜ਼ਾਦ ਹੋ ਕੇ ਬਿਨਾਂ ਚੀਕੇ-ਕੂਕੇ ਪਈ ਰਹੀ। ਚੁੱਪਚਾਪ ਹੈਰਾਨੀ ਨਾਲ ਉਸ ਵਲ ਦੇਖਦੀ ਰਹੀ। ਮਦਨ ਨੇ ਉਸਨੂੰ ਉਠਾ ਕੇ ਬੈਠਾਉਂਦਿਆਂ ਹੋਇਆਂ ਕਿਹਾ, “ਉਹਨਾਂ ਬੜਾ ਜੁਲਮ ਕੀਤਾ ਏ ਤੇਰੇ 'ਤੇ। ਇਹ ਸਾਰੀ ਸਕੀਮ ਮੇਰੇ ਫੁੱਫੜ ਦੀ ਸੀ—ਰੱਬ ਕਰੇ, ਕੱਖ ਨਾ ਰਹੇ ਉਸਦਾ।”
ਉਸਨੇ ਕੋਈ ਜਵਾਬ ਨਾ ਦਿੱਤਾ ਤਾਂ ਮਦਨ ਨੇ ਹੀ ਫੇਰ ਕਿਹਾ, “ਮੈਂ ਤੈਨੂੰ ਇੰਜ ਮਜ਼ਬੂਰ ਕਰਕੇ ਕਤਈ ਨਹੀਂ ਰੱਖਣਾ ਚਾਹੁੰਦਾ। ਤੂੰ ਚਾਹੇਂ ਤਾਂ ਹੁਣੇ ਵਾਪਸ ਜਾ ਸਕਦੀ ਏਂ...ਮਜ਼ਾਲ ਏ ਕੋਈ ਕੁਝ ਕਹਿ ਜਾਏ ਤੈਨੂੰ—ਜਾਣਾ ਏਂ?”
ਕਹਿੰਦਿਆਂ ਹੋਇਆਂ ਉਸਨੇ ਉਠ ਕੇ ਦਰਵਾਜ਼ਾ ਵੀ ਖੋਹਲ ਦਿੱਤਾ ਤੇ ਕੁਝ ਚਿਰ ਤਕ ਉੱਥੇ ਖੜ੍ਹਾ ਉਸਦਾ ਇੰਤਜ਼ਾਰ ਕਰਦਾ ਰਿਹਾ। ਪਰ ਉਹ ਖਲੰਘ ਉੱਤੇ ਪੈਰ ਲਮਕਾਈ ਬੈਠੀ ਰਹੀ। ਉਹ ਹੁਣ ਵੀ ਬੜੀ ਹੈਰਾਨੀ ਨਾਲ ਉਸ ਵਲ ਦੇਖ ਰਹੀ ਸੀ। ਅਚਾਨਕ ਮਦਨ ਨੇ ਵਰਾਂਡੇ ਵਿਚ ਤੁਰੀ ਆਉਂਦੀ ਆਪਣੀ ਮਾਂ ਨੂੰ ਦੇਖਿਆ—ਉਸਦੇ ਹੱਥ ਵਿਚ ਦੁੱਧ ਦਾ ਭਰਿਆ ਗ਼ਲਾਸ ਸੀ। ਮਦਨ ਨੇ ਉਸਦੇ ਹੱਥੋਂ ਗ਼ਲਾਸ ਫੜ ਲਿਆ ਤੇ ਜਾ ਕੇ ਆਪਣੀ ਪਤਨੀ ਦੇ ਸਾਹਮਣੇ ਕਰ ਦਿੱਤਾ। ਉਸਨੇ ਗ਼ਲਾਸ ਫੜਿਆ ਤੇ ਘੁੱਟ ਘੁੱਟ ਕਰਕੇ ਦੁੱਧ ਪੀਣ ਲੱਗ ਪਈ। ਪੀ ਕੇ ਗ਼ਲਾਸ ਤਿਪਾਈ ਉੱਤੇ ਰੱਖਿਆ ਤੇ ਉਠ ਕੇ ਖੜ੍ਹੀ ਹੋ ਗਈ। ਪਰ ਲੜਖੜਾ ਕੇ ਫੇਰ ਬੈਠ ਗਈ—ਖਾਸੀ ਦੇਰ ਤਕ ਵੱਝੀਆਂ ਰਹਿਣ ਕਰਕੇ ਉਸਦੀਆਂ ਲੱਤਾਂ ਸੁੰਨ ਜਿਹੀਆਂ ਹੋਈਆਂ ਹੋਈਆਂ ਸਨ ਤੇ ਪੀੜ ਕਰ ਰਹੀਆਂ ਸਨ। ਮਦਨ ਨੇ ਅੱਗੇ ਵਧ ਕੇ ਉਸਦੀਆਂ ਲੱਤਾਂ ਨੂੰ ਮਲਣਾ ਚਾਹਿਆ ਤਾਂ ਉਸਨੇ ਉਸਦਾ ਹੱਥ ਪਰ੍ਹੇ ਕਰ ਦਿੱਤਾ। ਤੇ ਫੇਰ ਉਠਣ ਦੀ ਕੋਸ਼ਿਸ਼ ਕੀਤੀ। ਖੜ੍ਹੀ ਹੋ ਕੇ ਕੱਪੜੇ ਠੀਕ ਕੀਤੇ ਤੇ ਦਰਵਾਜ਼ੇ ਵਲ ਵਧਣ ਲੱਗੀ, ਜਿਸਦੇ ਬਾਹਰ ਵਰਾਂਡੇ ਵਿਚ ਤਿੰਨੇ ਔਰਤਾਂ ਖੜ੍ਹੀਆਂ ਸਨ—ਉਸਨੂੰ ਆਪਣੇ ਵਲ ਆਉਂਦਿਆਂ ਦੇਖ ਕੇ ਉਹ ਇਕ ਪਾਸੇ ਹਟ ਗਈਆਂ। ਉਸਨੇ ਦਰਵਾਜ਼ੇ ਕੋਲ ਜਾ ਕੇ ਉਸਨੂੰ ਬੰਦ ਕੀਤਾ ਤੇ ਅੰਦਰੋਂ ਚਿਟਕਣੀ ਲਾ ਲਈ। ਤੇ ਫੇਰ ਮਦਨ ਕੋਲ ਆ ਕੇ ਉਸਦੀ ਛਾਤੀ ਉੱਤੇ ਸਿਰ ਰੱਖ ਕੇ ਰੋਣ ਲੱਗ ਪਈ, “ਇਹ ਕੰਮ ਤੁਸੀਂ ਹੋਰਨਾਂ ਮਰਦਾਂ ਤੋਂ ਕਿਉਂ ਕਰਵਾਇਆ...ਕੀ ਤੁਸੀਂ ਮਰਦ ਨਹੀਂ ਸੌ? ਤੁਸੀਂ ਖ਼ੁਦ ਵੀ ਤਾਂ ਮੈਨੂੰ ਚੁੱਕ ਕੇ ਲਿਆ ਸਕਦੇ ਸੀ...”
(ਅਨੁਵਾਦ : ਮਹਿੰਦਰ ਬੇਦੀ, ਜੈਤੋ)