Punjabi Stories/Kahanian
ਰਘੁਬੀਰ ਢੰਡ
Raghubir Dhand
Punjabi Kavita
  

Marhian Ton Door Raghubir Dhand

ਮੜ੍ਹੀਆਂ ਤੋਂ ਦੂਰ ਰਘੁਬੀਰ ਢੰਡ

ਹਾਲੀਂ ਮਸਾਂ ਨੌਂ ਵੱਜੇ ਹੋਣਗੇ ਕਿ ਟੈਲੀਫੂਨ ਦੀ ਘੰਟੀ ਵੱਜਣ ਲੱਗੀ। ਇੰਨੇ ਸਵਖਤੇ!...ਹੌਲ ਜਿਹਾ ਪੈਣ ਲੱਗਾ। ਸੁੱਖ ਹੋਵੇ-ਪਤਨੀ, ਨੂੰਹ, ਪੁੱਤ, ਧੀ ਰਾਜ਼ੀ ਖੁਸ਼ੀ ਆਪੋ-ਆਪਣੇ ਕੰਮਾਂ 'ਤੇ ਪਹੁੰਚ ਗਏ ਹੋਣ। ਨਾਸਤਿਕ ਹਾਂ-ਚਾਰਵਾਕ। ਪੱਕਾ ਪਤਾ ਵੀ ਹੈ ਕਿ ਰੱਬ-ਰੁੱਬ ਕੁਝ ਨਹੀਂ ਹੈ। ਸਿਰਫ ਅਗਿਆਨ ਤੇ ਸਵੈ-ਵਿਸ਼ਵਾਸ ਦੀ ਥੁੜ੍ਹ ਵਿਚੋਂ ਪੈਦਾ ਹੋਇਆ ਠੁੰਮ੍ਹਣਾ ਹੈ। ਫਿਰ ਵੀ ਸੰਸਕਾਰਾਂ ਦੀ ਧੂੜ ਅਜੇ ਗਹਿਰ ਵਾਂਗ ਚੜ੍ਹੀ ਹੋਣ ਕਰਕੇ, ਟੈਲੀਫੂਨ ਚੁੱਕਣ ਤੋਂ ਪਹਿਲਾਂ ਮੈਂ ਆਖਿਆ: ਸੁੱਖ ਰੱਖੀਂ! ਤੇ ਟੈਲੀਫੂਨ ਚੁੱਕ, ਦੁਨੀਆਂ ਭਰ ਦਾ ਬੋਰ, ਪਰ ਪ੍ਰਚਲਿਤ ਸ਼ਬਦ ਬੋਲਿਆ, ਹੈਲੋ!
-ਬੇਟਾ ਮੈਂ ਮਾਸੀ ਆਂ। ਤੂੰ ਮੇਰੇ ਕੋਲ ਆ ਸਕਨੈਂ?
-ਕਿਉਂ ਨੀ ਮਾਸੀ ਜੀ? ਤੁਸੀਂ ਹੁਕਮ ਕਰੋ ਤੇ ਮੈਂ ਨਾ ਆਵਾਂ! ਉਂਜ ਸੁੱਖ ਤਾਂ ਹੈ?
-ਫਿਕਰ ਵਾਲੀ ਗੱਲ 'ਤੇ ਕੋਈ ਨਹੀਂ ਬੇਟਾ। ਮੈਂ ਬਹੁਤ ਉਦਾਸ ਆਂ।
-ਬੱਸ ਹੁਣੇ ਆਇਆ।
ਆਖ ਮੈਂ ਟੈਲੀਫੂਨ ਰੱਖ ਦਿੱਤਾ। ਫਿਕਰ ਵਾਲੀ ਗੱਲ ਤਾਂ ਕੋਈ ਨਹੀਂ! ਇਹ ਗੱਲ ਮਾਸੀ, ਤੂੰ ਖੂਬ ਕਹੀ। ਕੀ ਇੰਗਲੈਂਡ ਵਿਚ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਵੀ ਕੋਈ ਹੋ ਸਕਦੀ ਹੈ ਕਿ ਕੋਈ ਬੰਦਾ ਉਦਾਸ ਹੋਵੇ? ਇਹ ਤਾਂ ਬਿਲਕੁਲ ਅਜਿਹੀ ਗੱਲ ਹੈ ਜਿਵੇਂ ਇੰਡੀਆ ਵਿਚ ਕੋਈ ਤੁਹਾਨੂੰ ਟੈਲੀਫੂਨ ਕਰੇ ਕਿ ਜੇ ਤੂੰ ਨਾ ਆਇਆ ਤਾਂ ਸਾਡੇ ਰੋਟੀ ਨਹੀਂ ਪੱਕਣੀ। ਇਹ ਵੱਖਰੀ ਗੱਲ ਹੈ ਕਿ ਜਿਹਨੂੰ ਰੋਟੀ ਦਾ ਸੰਸਾ ਹੋਵੇ, ਟੈਲੀਫੂਨ ਉਹਦੀ ਮਾਰ ਵਿਚ ਨਹੀਂ ਹੁੰਦਾ। ਰੋਟੀ ਨਾ ਪੱਕਣ ਨਾਲ ਸਰੀਰ ਮਰ ਜਾਂਦਾ ਹੈ ਤੇ ਉਦਾਸੀ ਨਾਲ ਰੂਹ ਤੜਫ ਤੜਫ ਮਰ ਜਾਂਦੀ ਹੈ। ਮੈਂ ਨਹੀਂ ਸਾਂ ਚਾਹੁੰਦਾ ਕਿ ਮਾਸੀ ਪਹਿਲਾਂ ਉਦਾਸ ਰਹਿਣ ਲੱਗੇ, ਫਿਰ ਡਾਕਟਰ ਉਸ ਨੂੰ ਟ੍ਰੈਂਕਲਾਈਜ਼ਰ 'ਤੇ ਟ੍ਰੈਂਕਲਾਈਜ਼ਰ ਦੇਵੇ ਅਤੇ ਉਹ ਪਾਗਲਾਂ ਵਾਂਗ ਟਿਕਟਿਕੀ ਬੰਨ੍ਹ ਜਿਧਰ ਵੇਖਣਾ ਸ਼ੁਰੂ ਕਰੇ, ਵੇਖਦੀ ਹੀ ਤੁਰੀ ਜਾਵੇ...ਫਿਰ ਸੱਚੀਂ-ਮੁੱਚੀਂ ਹੀ ਪਾਗਲ ਹੋ ਜਾਵੇ ਅਤੇ ਉਸ ਦਾ ਸਕਾ ਪੁੱਤਰ ਤੇ ਨੂੰਹ ਆਪਣੇ ਕੀਮਤੀ ਵਕਤ 'ਚੋਂ ਦਸ ਮਿੰਟ ਕੱਢ ਮੰਦਿਰ ਜਾਣ ਤੇ ਮਾਤਾ ਦੀ ਮੂਰਤੀ ਮੂਹਰੇ ਡੰਡੌਤ ਕਰ ਸੁੱਖ ਸੁਖਣ: "ਹੇ ਮਾਤਾ! ਜੇ ਤੂੰ ਸਾਡੀ ਮਾਂ ਨੂੰ ਛੇਤੀ ਤੋਂ ਛੇਤੀ ਚੁੱਕ ਲਵੇਂ ਤਾਂ ਅਸੀਂ ਪੰਜ ਸੌ ਇਕ ਪੌਂਡ ਦਾ ਮੱਥਾ ਟੇਕੀਏ। ਜ਼ਰਾ ਹਿਸਾਬ ਵੀ ਲਾ ਲੈਣਾ, ਇਹ ਰਕਮ ਰੁਪਈਆਂ ਵਿਚ ਦਸ ਹਜ਼ਾਰ ਬਣਦੀ ਐ। (ਉਦੋਂ ਇਕ ਪੌਂਡ 20 ਰੁਪਏ ਦਾ ਸੀ) ਉਂਜ ਮਾਤਾ! ਅਸੀਂ ਰੋਟੀ ਤੇ ਆਰਤੀ ਵੀ ਕਰਵਾ ਸਕਦੇ ਹਾਂ। ਇਨ੍ਹਾਂ 'ਤੇ ਕਿਹੜਾ ਰੋਕੜੀਆਂ ਲਗਦੀਆਂ ਨੇ। ਪਰ ਮਾਤਾ, ਸਾਡੇ ਕੋਲ ਤਾਂ ਇਹ ਸੋਚਣ ਦਾ ਵੀ ਵਕਤ ਨੀ ਕਿ ਅਸੀਂ ਇਨਸਾਨ ਹਾਂ ਕਿ ਉੱਲੂ। ਉਹ ਜਾਣੇ, ਇਕ ਸੌ ਇਕ ਹੋਰ ਵੀ ਜਮ੍ਹਾਂ ਕਰ ਲੈ, ਆਰਤੀ ਰੋਟੀ ਦੇ ਸਮਝ ਕੇ। ਜਦੋਂ ਸਾਡੀ ਸੁੱਖ ਪੂਰੀ ਹੋ ਗਈ, ਉਦੋਂ ਵੀ ਪਿਛੇ ਨਹੀਂ ਹਟਾਂਗੇ। ਸ਼ੇਰਾਂ ਵਾਲੀ ਮਾਤਾ, ਤੇਰੀ ਸਦਾ ਹੀ ਜੈ!"
ਮੈਂ ਤੁਰਿਆ ਜਾਂਦਾ ਮਾਸੀ ਦੀ ਉਦਾਸੀ ਦੀ ਕਲਪਨਾ ਕਰਦਾ ਆਪ ਉਦਾਸ ਹੋ ਗਿਆ।
ਮਾਸੀ ਦਾ ਪੁੱਤ ਬਲਵੰਤ ਰਾਏ ਕੁਝ ਮਹੀਨੇ ਪਹਿਲਾਂ ਜਦੋਂ ਇੰਡੀਆ ਗਿਆ ਤਾਂ ਮਾਸੀ ਯਾਨਿ ਉਹਦੀ ਮਾਂ, ਉਸ ਨੂੰ ਤੱਤੀਆਂ-ਤੱਤੀਆਂ ਸੁਣਾਉਣ ਲੱਗੀ: "ਰੁੜ੍ਹ ਜਾਣਿਆਂ! ਤੈਨੂੰ ਪੱਚੀ ਸਾਲ ਹੋ ਗਏ ਵਲਾਇਤ ਰਹਿੰਦੇ ਨੂੰ। ਦੋਵੇਂ ਕੁੜੀਆਂ ਤੇ ਮੁੰਡਾ ਵੀ ਉਥੇ ਹੀ ਜੰਮੇ ਪਲੇ ਤੇ ਜਵਾਨ ਹੋਏ। ਰੰਨ ਦਾ ਹੀ ਬਣ ਕੇ ਰਹਿ ਗਿਆ ਏਂ ਨਾ। ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਂਵਾਂ ਕਿੰਨੀ-ਕਿੰਨੀ ਵਾਰ ਬੁਲਾਈਆਂ। ਤੈਨੂੰ ਕੋਈ ਸ਼ਰਮ ਹਯਾ ਨੀ? ਆਂਢਣਾਂ-ਗੁਆਂਢਣਾਂ ਮੈਨੂੰ ਬੋਲੀ ਮਾਰਦੀਆਂ ਨੇ। ਕੀ ਮੂੰਹ ਵਿਖਾਵਾਂ ਉਨ੍ਹਾਂ ਨੂੰ? ਮਾਂਵਾਂ ਦਾ ਕੀਤਾ ਤਾਂ ਪੁੱਤ ਸਾਰੀ ਉਮਰ ਨ੍ਹੀਂ ਦੇ ਸਕਦੇ। ਨੌਂ ਮਹੀਨੇ ਤੇਰਾ ਭਾਰ ਚੁੱਕਿਆ, ਜਨਮ-ਪੀੜਾਂ ਸਹੀਆਂ, ਤੇਰਾ ਗੰਦ ਹੂੰਝਿਆ, ਆਪ ਗਿੱਲੇ ਥਾਂ ਪਈ, ਤੈਨੂੰ ਸੁੱਕੇ ਥਾਂ ਪਾਇਆ। ਪਰ ਤੂੰ ਮੈਨੂੰ ਇਕ ਵਾਰ ਵੀ ਇੰਗਲੈਂਡ ਨੀ ਵਿਖਾਇਆ। ਊਂ, ਊਂ, ਊਂ!" ਉਹ ਭੁੱਬਾਂ ਮਾਰਨ ਲੱਗ ਪਈ।
ਆਪਣੀ ਮਾਂ ਦੀ ਦਰਦਨਾਕ ਖਾਹਿਸ਼ ਸੁਣ ਬਲਵੰਤ ਰਾਏ ਉਹਦੇ ਨਾਲ ਲੱਗੇ ਮੰਜੇ 'ਤੇ ਬਹਿ ਗਿਆ। ਉਹਦੀਆਂ ਅੱਖਾਂ ਪੂੰਝੀਆਂ ਤੇ ਗਲਵਕੜੀ ਪਾ ਆਖਣ ਲੱਗਾ, "ਬੀਬੀ, ਤੁਹਾਨੂੰ ਹਿੰਦੋਸਤਾਨੀਆਂ ਨੂੰ ਸਿੱਧੀ ਤੇ ਸਪੱਸ਼ਟ ਗੱਲ ਕਰਨੀ ਪਤਾ ਨ੍ਹੀਂ ਕਦੋਂ ਆਊ। ਇੰਜ ਘੇਰ ਕੇ ਗੱਲ ਕਰਦੇ ਹੋ ਜਿਵੇਂ ਤਮਾਖੂ ਦੇ ਖੇਤ 'ਚੋਂ ਸਹਾ ਕੱਢਣਾ ਹੋਵੇ। ਤੂੰ ਇੰਗਲੈਂਡ ਜਾਣਾ ਈ? ਬੱਸ ਗੱਲ ਖਤਮ। ਤੈਨੂੰ ਮੈਂ ਨਾਲ ਲੈ ਜਾਊਂ।"
ਤੇ ਮਾਸੀ, ਯਾਨਿ ਬਲਵੰਤ ਰਾਏ ਦੀ ਮਾਂ ਇੰਗਲੈਂਡ ਆ ਗਈ। ਹਾਂ, ਉਸ ਨੇ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਕੋਲ ਦੋਹਰ-ਤਿਹਰ ਲਾ ਦੱਸਿਆ: "ਭੈਣੇਂ ਕਿਸੇ ਦਾ ਤਾਂ ਇਕ ਅੱਧਾ ਹੋਵੇਗਾ, ਮੇਰੇ ਤਾਂ ਸੁੱਖ ਨਾਲ ਪੰਜੇ ਸਰਵਣ ਨੇ।"
ਵਲਾਇਤ ਪੁਜਦਿਆਂ ਸਾਰ ਪਹਿਲੇ ਐਤਵਾਰ, ਅਸੀਂ ਬਲਵੰਤ ਰਾਏ ਤੇ ਉਹਦੀ ਪਤਨੀ ਬਿੰਦੂ, ਉਨ੍ਹਾਂ ਦੇ ਤਿੰਨ ਬੱਚਿਆਂ ਅਤੇ ਖਾਸ ਮਹਿਮਾਨ ਮਾਸੀ ਨੂੰ ਖਾਣੇ 'ਤੇ ਸੱਦਿਆ। ਕਿਆ ਬਾਤਾਂ ਸਨ, ਮਾਸੀ ਦੀਆਂ! ਏਨੀ ਸੋਹਣੀ ਔਰਤ! ਜੀਅ ਕੀਤਾ, ਬਲਵੰਤ ਨੂੰ ਆਖਾਂ: "ਤੂੰ ਬਈ ਕੀਹਦੇ 'ਤੇ ਗਿਐਂ? ਕਣਕ 'ਚ ਕੰਗਿਆਰੀ!"
ਮਾਸੀ ਕੀ ਸੀ, ਕਮਾਲ ਸੀ। ਪੰਜ ਫੁੱਟ ਚਾਰ ਇੰਚ ਲੰਮੀ। ਨਾ ਮੋਟੀ ਨਾ ਸੋਟੀ। ਵਾਲ ਬਹੁਤੇ ਚਿੱਟੇ ਪਰ ਏਨੇ ਕੂਲੇ ਤੇ ਚਮਕੀਲੇ ਜਿਵੇਂ ਨੀਗਰੋ ਮੁਟਿਆਰ ਦਾ ਪਿੰਡਾ ਹੋਵੇ। ਮੋਟੀਆਂ ਅੱਖਾਂ, ਤਿੱਖਾ ਨੱਕ ਤੇ ਦੰਦ ਵੀ ਨੀਗਰੋ ਮੁਟਿਆਰ ਵਰਗੇ। ਸਭ ਤੋਂ ਖੂਬਸੂਰਤ ਸਨ ਬੁੱਲ੍ਹ- ਪਤਲੇ ਮਹੀਨ ਤੇ ਕੂਲੇ ਜਿਵੇਂ ਸ਼ਹਿਦ ਮਲ-ਮਲ ਪਾਲੇ ਹੋਣ। ਮੈਂ ਪੈਰੀਂ ਹੱਥ ਲਾਏ ਤੇ ਮੇਰੀ ਪਤਨੀ ਨੇ ਹੱਥ ਜੋੜ ਨਮਸਤੇ ਬੁਲਾਈ। ਮਾਸੀ ਨੇ ਉਸ ਨੂੰ ਗਲਵਕੜੀ ਵਿਚ ਲਿਆ ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਹਾਂ। ਮੈਂ ਉਨ੍ਹਾਂ ਨੂੰ ਬਿਠਾਉਂਦਿਆਂ ਆਖਿਆ, "ਬੀਬੀ ਜੀ, ਮੈਂ ਬੜਾ ਖੁਸ਼ ਆਂ ਕਿ ਆਪਣੇ ਮੁਲਕ ਵਿਚ ਅਜੇ ਤੁਹਾਡੇ ਵਰਗੇ ਮੋਹ ਕਰਨ ਵਾਲੇ ਲੋਕ ਜਿਉਂਦੇ ਨੇ। ਇਥੇ ਤਾਂ ਬੀ ਨਾਸ ਹੋ ਗਿਐ... ਬਲਵੰਤ ਯਾਰ, ਬੱਚਿਆਂ ਨੂੰ ਕਿਉਂ ਨ੍ਹੀਂ ਲਿਆਂਦਾ?" ਮੈਂ ਬੱਚੇ ਨਾਲ ਨਾ ਵੇਖ ਸਵਾਲ ਕੀਤਾ।
"ਉਹ ਯਾਰ, ਸਾਡੇ ਆਖੇ ਨੀ ਲਗਦੇ। ਆਏ ਨੀ।" ਬਲਵੰਤ ਨੇ ਜਵਾਬ ਦਿੱਤਾ। ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ। ਫੜਾਕ ਮੂੰਹ 'ਤੇ ਗੱਲ ਮਾਰਦਾ।
"ਨਹੀਂ ਭਾਈ ਸਾਹਿਬ, ਇਨ੍ਹਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਏ। ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਐ। ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਂਦੀ। ਬੋਰ ਹੀ ਹੋਣਾ ਸੀ ਵਿਚਾਰੀਆਂ ਨੇ।" ਪਤਨੀ ਨੇ ਪੜਦਾ ਪਾਇਆ ਜਿਵੇਂ ਹਰ ਮਾਂ ਪਾਉਂਦੀ ਹੈ।
ਇਸੇ ਮਿਲਣੀ ਵਿਚ ਅਸੀਂ ਮਾਸੀ ਨੂੰ ਬੀਬੀ ਜੀ ਦੀ ਥਾਂ ਮਾਸੀ ਜੀ ਆਖਣ ਲੱਗ ਪਏ। ਦਰਅਸਲ ਉਹਦੇ ਇਕ ਦੋ ਸ਼ਬਦ- ਵੰਝਿਆ, ਡਿੰਗੀ ਆਦਿਕ ਮੇਰੀ ਪਤਨੀ ਨੇ ਨੋਟ ਕਰਦਿਆਂ ਆਖਿਆ: "ਤੁਸੀਂ ਤਾਂ ਉਧਰ ਪਾਕਿਸਤਾਨ ਤੋਂ ਆਏ ਲਗਦੇ ਹੋ।"
-ਹਾਂ ਧੀਏ, ਰਾਵਲਪਿੰਡੀਉਂ।
-ਮੇਰੇ ਮਾਤਾ ਜੀ ਵੀ ਰਾਵਲਪਿੰਡੀ ਦੇ ਨੇ।
-ਫਿਰ ਤੇ ਤੂੰ ਮੇਰੀ ਭਣੇਵੀਂ ਹੋਈ ਕਿ!
-ਹਾਂ, ਮਾਸੀ ਜੀ!
ਪਹਿਲੀ ਮਿਲਣੀ ਵਿਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਹੋ ਗਿਆ ਅਤੇ ਪਹਿਲੀ ਮਿਲਣੀ ਵਿਚ ਹੀ ਮਾਸੀ ਦੇ ਪੁੱਤ ਬਲਵੰਤ ਰਾਏ ਨੇ ਆਪਣੇ ਸਪਸ਼ਟ ਸੁਭਾਅ ਅਨੁਸਾਰ ਸਪਸ਼ਟ ਗੱਲ ਕਰ ਦਿੱਤੀ: "ਵੇਖੀਂ ਬੀਬੀ ਜੀ, ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕ ਆਂ। ਸਵੇਰੇ ਛੇ ਵਜੇ ਸ਼ੌਪ ਖੋਲ੍ਹਦੇ ਆਂ। ਸ਼ੌਪ ਦਾ ਮਤਲਬ ਏ ਦੁਕਾਨ। ਸ਼ਾਮ ਨੂੰ ਨੌਂ-ਦਸ ਵਜੇ ਬੰਦ ਕਰਦੇ ਆਂ। ਘਰ ਪਰਤ ਅੱਧ-ਸੁੱਤੇ ਹੀ ਰੋਟੀ ਖਾਂਦੇ ਆਂ। ਤੁਸੀਂ ਆਪਣਾ ਦਿਲ ਆਪ ਹੀ ਲਾਉਣਾ ਏ। ਜੇ ਕਦੀ ਉਦਾਸ ਹੋਵੋ ਤਾਂ ਇਨ੍ਹਾਂ ਨੂੰ ਫੋਨ ਕਰ ਲੈਣਾ। ਇਹ ਤੁਹਾਡੀ ਖਬਰ-ਸਾਰ ਲੈ ਲੈਣਗੇ। ਬੰਦੇ ਚੰਗੇ ਨੇ। ਨਾਲੇ ਇਨ੍ਹਾਂ ਕੋਲ ਵਕਤ ਏ।"
-ਕਿਉਂ ਪੁੱਤਰ, ਤੁਸੀਂ ਕੋਈ ਕੰਮ-ਧੰਦਾ ਨਹੀਂ ਕਰਦੇ? ਮਾਸੀ ਨੇ ਸਵਾਲ ਕੀਤਾ, ਜਿਸ ਦਾ ਸਾਡੀ ਥਾਂ ਉਹਦੇ ਪੁੱਤਰ ਨੇ ਹੀ ਜਵਾਬ ਦਿੱਤਾ: "ਕੰਮ ਤਾਂ ਕਰਦੇ ਨੇ। ਪਰ ਸਾਡੇ ਵਾਂਗ ਕੁੱਤੇ ਦੀ ਮੌਤ ਨੀ ਮਰਦੇ। ਨੌਕਰੀ ਪੇਸ਼ਾ ਲੋਕ ਨੇ। ਨੌਂ ਵਜੇ ਜਾਂਦੇ ਨੇ ਤੇ ਪੰਜ ਵਜੇ ਘਰ। ਸਨਿਚਰ-ਐਤ ਦੀਆਂ ਪੂਰੀਆਂ ਦੋ ਛੁੱਟੀਆਂ। ਇਹੋ ਜਿਹੇ ਲੋਕ ਸਾਡੇ ਲਈ ਤਾਂ ਵਿਹਲੇ ਹੀ ਹੁੰਦੇ ਨੇ।"
ਮਾਸੀ ਦਾ ਸੁਭਾਅ ਬਹੁਤ ਮਿਲਾਪੜਾ ਤੇ ਮਿੱਠਾ ਸੀ। ਅਸੀਂ ਤਾਂ ਉਸ ਨੇ ਮੁੱਲ ਹੀ ਲੈ ਲਏ। ਅਗਲਾ ਐਤਵਾਰ ਆਇਆ ਤਾਂ ਅਸੀਂ ਮਾਸੀ ਨੂੰ ਪੁੱਛਿਆ ਕਿ ਗੁਰਦਵਾਰੇ ਜਾਵੋਗੇ ਕਿ ਮੰਦਿਰ?
ਮਾਸੀ ਨੇ ਜਵਾਬ ਦਿੱਤਾ: "ਪੁੱਤਰ, ਕੋਈ ਫਰਕ ਨੀ ਦੋਵੇਂ ਥਾਂ ਚੱਲਾਂਗੇ। ਸਵੇਰੇ ਗੁਰਦਵਾਰੇ, ਸ਼ਾਮੀਂ ਮੰਦਿਰ।"
-ਮਾਸੀ ਜੀ, ਇਹੋ ਜਿਹੇ ਮਹਾਨ ਲੋਕ ਤਾਂ ਘੱਟ ਹੀ ਵੇਖੇ ਨੇ ਜਿਹੜੇ ਗੁਰਦਵਾਰੇ ਤੇ ਮੰਦਿਰ, ਦੋਹਾਂ ਥਾਂਵਾਂ 'ਤੇ ਜਾਣ। ਤੁਸੀਂ ਤਾਂ ਕਮਾਲ ਕਰ ਦਿੱਤੀ।
-ਨਹੀਂ ਬੇਟਾ, ਇਹ ਫਰਕ ਵਾਲੀ ਬੀਮਾਰੀ ਤਾਂ ਹੁਣੇ ਚੱਲੀ ਏ। ਉਧਰ ਸਾਡੇ ਪਾਕਿਸਤਾਨ ਵਿਚ ਤਾਂ ਹਿੰਦੂਆਂ ਨੂੰ ਗੁਰੂ ਨਾਲ ਬੜਾ ਪਿਆਰ ਸੀ। ਜੇ ਇਕ ਪੁੱਤਰ ਨੂੰ ਸਿੱਖ ਸਨ ਬਣਾਂਦੇ ਤਾਂ ਲੜਕੇ ਬਚਦੇ ਨਹੀਂ ਸਨ।
ਮੈਨੂੰ ਮਾਸੀ ਦੀ ਗੱਲ ਬਹੁਤ ਚੰਗੀ ਲੱਗੀ। ਮੈਂ ਇਸ ਦੇ ਵਿਗਿਆਨਕ ਆਧਾਰ ਨੂੰ ਨਹੀਂ ਪਰਖਿਆ, ਬਲਕਿ ਇਸ ਵਿਚ ਲੁਕੀ ਨੇਕ ਭਾਵਨਾ ਨੇ ਮੈਨੂੰ ਕੀਲ ਲਿਆ। ਬਗੀਚੀ ਵਿਚ ਭਾਂਤ-ਭਾਂਤ ਦੇ ਫੁੱਲ ਲਹਿਰਾ ਰਹੇ ਹੋਣ ਤਾਂ ਬਗੀਚੀ ਦੀ ਆਭਾ ਨੂੰ ਚਾਰ ਚੰਨ ਲੱਗ ਜਾਂਦੇ ਹਨ, ਮੈਂ ਸੋਚਿਆ।
ਮੈਂ ਤੇ ਮੇਰੀ ਪਤਨੀ ਮਾਸੀ ਨੂੰ ਗੁਰਦਵਾਰੇ ਤੇ ਮੰਦਿਰ ਲੈ ਕੇ ਜਾਣ ਲਈ ਤਿਆਰ ਹੋ ਗਏ। ਬਲਵੰਤ ਤੇ ਉਹਦੀ ਪਤਨੀ, ਉਨ੍ਹਾਂ ਦੇ ਲੜਕੇ ਤੇ ਦੋਹਾਂ ਧੀਆਂ ਨੂੰ ਆਖਿਆ: "ਬਈ ਮਾਂ ਤਾਂ ਤੁਹਾਡੀ ਐ। ਤੁਸੀਂ ਵੀ ਨਾਲ ਸੰਗਤ ਕਰੋ।" ਜਵਾਬ ਵਿਚ ਬਲਵੰਤ ਰਾਏ ਨੇ ਫਿਰ ਖਰੀ ਤੇ ਸਿੱਧੀ ਗੱਲ ਕੀਤੀ: "ਭਾਈ ਸਾਹਿਬ ਐਤਵਾਰ ਨੂੰ ਸਿਰਫ ਚਾਰ ਘੰਟੇ ਵਿਹਲੇ ਮਿਲਦੇ ਨੇ। ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸੁਰਗ ਹੁੰਦਾ ਏ ਜਿਸ 'ਚ ਅਸੀਂ ਨ੍ਹਾ-ਧੋ ਲੈਂਦੇ ਆਂ, ਮਨਮਰਜ਼ੀ ਦੀ ਤਾਜ਼ੀ ਰੋਟੀ ਖਾ ਲੈਂਦੇ ਆਂ ਤੇ ਸੌਂ ਲੈਂਦੇ ਆਂ। ਇਹ ਸੁਰਗ ਸਾਥੋਂ ਨਾ ਖੋਹੋ।"
-ਠੀਕ ਐ, ਨਹੀਂ ਖੋਹੰਦਾ। ਤੂੰ ਬਈ ਅਨੰਤ? ਚਲ ਮੰਦਿਰ ਗੁਰਦਵਾਰੇ ਯਾਰ, ਮਾੜੀ-ਮੋਟੀ ਆਪਣੀ ਸਭਿਅਤਾ ਦਾ ਪਤਾ ਲੱਗੇਗਾ। ਮੈਂ ਉਨ੍ਹਾਂ ਦੇ ਲੜਕੇ ਨੂੰ ਆਖਿਆ।
-ਸੌਰੀ ਅੰਕਲ ਜੀ, ਮੈਂ ਆਪਣੇ ਫਰੈਂਡਾਂ ਨਾਲ ਆਲਰੈਡੀ ਪ੍ਰੋਗਰਾਮ ਬਣਾਇਆ ਹੋਇਐ। ਉਂਜ ਵੀ ਮੈਨੂੰ ਸਮਝ ਨੀ ਪੈਂਦੀ ਕਿ ਉਥੇ ਕੀ ਕਹਿੰਦੇ ਨੇ। ਬਹੁਤ ਬੋਰ ਹੋ ਜਾਂਦਾ ਹਾਂ।
-ਤੂੰ ਭਾਈ ਅਨੀਤਾ?
-ਮੈਂ ਅੰਕਲ ਜੀ ਅੱਜ ਟੈਲੀ ਵੇਖਣੈ।
-ਤੂੰ ਭਾਈ ਮੀਰਾ? ਅਖੀਰ ਮੈਂ ਉਨ੍ਹਾਂ ਦੀ ਭਲੀਮਾਣਸ ਜਿਹੀ ਕੁੜੀ ਨੂੰ ਪੁੱਛਿਆ।
-ਮੈਂ ਅੰਕਲ ਜੀ, ਨਾ ਜਾਵਾਂ ਤਾਂ ਤੁਸੀਂ ਮਾਈਂਡ ਤਾਂ ਨਹੀਂ ਕਰੋਗੇ? ਮੈਨੂੰ ਮੰਦਿਰ ਗੁਰਦਵਾਰੇ ਜਾਣਾ ਚੰਗਾ ਨੀ ਲਗਦਾ। ਪਿਛਲੇ ਸਮੇਂ ਦੀਆਂ ਨਾ ਸਮਝ ਆਣ ਵਾਲੀਆਂ ਗੱਲਾਂ ਕਰਦੇ ਨੇ। ਘਰ ਹੀ ਰਹਾਂਗੀ ਤੇ ਮੰਮੀ ਦੀ ਹੈਲਪ ਕਰਾਂਗੀ। ਪਰ ਜੇ ਤੁਸੀਂ ਆਖੋ ਤਾਂ ਚਲੀ ਵੀ ਚਲਦੀ ਹਾਂ।
-ਨਹੀਂ ਬੇਟਾ, ਤੂੰ ਘਰ ਹੀ ਰਹਿ। ਮਾਂ ਦੀ ਸੇਵਾ ਕਰਮਾਂ ਨਾਲ ਹੀ ਮਿਲਦੀ ਐ। ਪਰ ਜਿਹੜੇ ਘਰ ਵਿਚ ਮਾਂ ਬਾਪ ਸਵੇਰੇ ਛੇ ਵਜੇ ਤੋਂ ਰਾਤ ਦੇ ਦਸ ਵਜੇ ਤੀਕ ਆਪਣੇ ਬੱਚਿਆਂ ਦਾ ਮੂੰਹ ਨਹੀਂ ਵੇਖਦੇ, ਉਥੇ ਖੈਰ ਕਰਮ ਤਾਂ ਕਿਸੇ ਦੇ ਕੀ ਚੰਗੇ ਹੋ ਸਕਦੇ ਨੇ। ਅੱਛਾ, ਸਾਸਰੀ ਕਾਲ ਤੇ ਨਮਸਤੇ... ਅਸੀਂ ਚੱਲੇ।
ਇਹ ਸਿਲਸਿਲਾ ਕਈ ਹਫਤੇ ਜਾਰੀ ਰਿਹਾ। ਮਾਸੀ ਪੁਰਾਣੇ ਵੇਲਿਆਂ ਦੀ ਔਰਤ ਸੀ। ਪੁਰਾਣੇ ਸਮਿਆਂ ਦੀਆਂ ਔਰਤਾਂ ਵਿਚ ਇਕ ਚੀਜ਼ ਤਾਂ ਸਾਂਝੀ ਹੁੰਦੀ ਹੈ ਕਿ ਉਹ ਕਰਮ ਕਰਦੀਆਂ ਹਨ, ਸੋਚਦੀਆਂ ਅਤੇ ਝੂਰਦੀਆਂ ਨਹੀਂ। ਮਨ ਵਿਚ ਵਿਚਾਰ ਆਇਆ ਨਹੀਂ ਤੇ ਉਹ ਉਠ ਕੇ ਤੁਰੀਆਂ ਨਹੀਂ। ਮਾਸੀ ਗੁਰਦਵਾਰੇ ਗਈ, ਮੱਥਾ ਟੇਕਿਆ, ਦੋ ਬੋਲ ਬਾਣੀ ਦੇ ਸੁਣੇ, ਮੁੜ ਮੱਥਾ ਟੇਕਿਆ ਤੇ ਮੇਰੀ ਪਤਨੀ ਨੂੰ ਪੁੱਛਣ ਲੱਗੀ: "ਲੰਗਰ ਕਿਧਰ ਐ ਧੀਏ?" ਮੇਰੀ ਪਤਨੀ ਉਸ ਨੂੰ ਲੰਗਰ ਵਿਚ ਲੈ ਗਈ। ਵੜਦਿਆਂ ਹੀ ਮਾਸੀ ਨੇ ਏਪ੍ਰਨ ਬੰਨ੍ਹਿਆ ਤੇ ਰੋਟੀਆਂ ਪਕਾਉਣ ਲੱਗ ਪਈ। ਇਸ ਕਰਮ ਦਾ ਅਸਰ ਆਮ ਸੇਵਕਾਂ 'ਤੇ ਤਾਂ ਪੈਣਾ ਹੀ ਸੀ, ਪ੍ਰਧਾਨ 'ਤੇ ਵੀ ਪਿਆ, ਹਾਲਾਂਕਿ ਧਾਰਮਿਕ ਅਦਾਰਿਆਂ ਦੇ ਪ੍ਰਧਾਨਾਂ 'ਤੇ ਆਮ ਸੇਵਕਾਂ ਵੱਲੋਂ ਕੀਤੇ ਚੰਗੇ ਕਰਮਾਂ ਦਾ ਅਸਰ ਘੱਟ ਹੀ ਪੈਂਦਾ ਹੈ। ਉਸ ਨੇ ਵੀ ਮੈਨੂੰ ਵਾਰ-ਵਾਰ ਕਿਹਾ ਕਿ ਮਾਤਾ ਜੀ ਨੂੰ ਲੈ ਕੇ ਆਇਆ ਕਰੋ। ਇਹੋ ਜਿਹੀ ਸੇਵਾ ਭਾਵਨਾ ਵਾਲੇ ਜਿਉੜਿਆਂ ਸਦਕਾ ਹੀ ਗੁਰੂ ਘਰ ਆਬਾਦ ਨੇ। ਆਪਣੀ ਘਰਵਾਲੀ ਨੂੰ ਤਾਂ ਮੈਂ ਜਦੋਂ ਵੀ ਲੰਗਰ ਦੀ ਸੇਵਾ ਲਈ ਆਖਦਾ, ਉਹਦੇ ਉੱਲਾਂ ਉਠ ਆਉਂਦੀਆਂ ਨੇ। ਪ੍ਰਧਾਨ ਵੀ ਬਲਵੰਤ ਰਾਏ ਵਾਂਗ ਸਪਸ਼ਟ ਬੰਦਾ ਜਾਪਦਾ ਸੀ।
ਇਸੇ ਤਰ੍ਹਾਂ ਮੰਦਿਰ ਵਿਚ ਮਾਸੀ ਨੇ ਭਜਨ ਗਾਏ ਤੇ ਧੂੜਾਂ ਪੱਟ ਦਿੱਤੀਆਂ। ਇਥੇ ਵੀ ਪ੍ਰਧਾਨ ਸਾਹਿਬ ਇੰਨੇ ਪ੍ਰਭਾਵਿਤ ਹੋਏ ਕਿ ਆਪ ਪੰਜਾਬੀ ਹੁੰਦਿਆਂ ਵੀ ਮੈਨੂੰ ਹਿੰਦੀ ਵਿਚ ਬੇਨਤੀ ਕੀਤੀ: "ਅਰੇ ਭਾਈ, ਮਾਤਾ ਜੀ ਕੋ ਹਰ ਵੀਕ ਲੇ ਕਰ ਆਇਆ ਕਰੋ। ਅੱਛੇ ਭਜਨ ਗਾਨੇ ਵਾਲੇ ਤੋ ਮਿਲਤੇ ਹੀ ਨਹੀਂ। ਗੁਰਦਾਸ ਮਾਨ ਕੀ ਤਰਜ਼ ਪਰ ਸਾਲੇ ਤਿਗੜਮ-ਤਿਗੜਮ ਕਰਤੇ ਰਹਿਤੇ ਹੈਂ।"
ਇਨ੍ਹਾਂ ਸਾਰੀਆਂ ਗੱਲਾਂ ਤੋਂ ਵੱਧ ਮਾਸੀ ਨੂੰ ਇੰਗਲੈਂਡ ਦੇ ਰਹਿਣ-ਸਹਿਣ ਨੇ ਪ੍ਰਭਾਵਿਤ ਕੀਤਾ। ਬੱਸ ਮਹਾਂ-ਪ੍ਰਸੰਨਤਾ ਦੇ ਵੇਗ ਵਿਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀਆਂ ਕੁਸਿਫਤਾਂ ਕਰਦੀ ਰਹਿੰਦੀ: ਬੇਟਾ, ਵੇਖਣ ਤੇ ਸੁਣਨ 'ਚ ਬਹੁਤ ਫਰਕ ਐ। ਜੇ ਸੁਰਗ ਕਿਤੇ ਹੋਵੇਗਾ ਵੀ ਤਾਂ ਉਹ ਇੰਗਲੈਂਡ ਤੋਂ ਚੰਗੇਰਾ ਨਹੀਂ ਹੋਵੇਗਾ। ਏਅਰਪੋਰਟ 'ਤੇ ਉਤਰੀ ਤਾਂ ਏਨੇ ਗੋਰੇ ਚਿੱਟੇ ਲੋਕ ਤੇ ਏਨੀ ਸਫਾਈ ਵੇਖ ਮੇਰੀਆਂ ਤਾਂ ਅੱਖਾਂ ਚੁੰਧਿਆ ਗਈਆਂ। ਨੰਗੇਜ਼ ਜ਼ਰਾ ਵੱਧ ਏ। ਪਰ ਉਹ ਜਾਣੇ, ਇਹ ਤਾਂ ਆਪਣੇ-ਆਪਣੇ ਮੁਲਕ ਦੇ ਰਿਵਾਜ ਨੇ। ਏਨੀਆਂ ਚੌੜੀਆਂ ਤੇ ਸਾਫ-ਸੁਥਰੀਆਂ ਸੜਕਾਂ, ਭਾਵੇਂ ਜੀਭ ਨਾਲ ਚੱਟ ਲਵੋ। ਕੋਈ ਹਾਰਨ ਨਹੀਂ ਵਜਾਂਦਾ। ਇੰਡੀਆ 'ਚ ਤਾਂ ਬੱਸਾਂ ਟਰੱਕਾਂ ਵਾਲੇ ਕੰਨਾਂ ਦੇ ਪੜਦੇ ਪਾੜ ਦਿੰਦੇ ਨੇ।... ਤੇ ਗੰਦ? ਤੋਬਾ, ਤੋਬਾ! ਸਾਰਾ ਮੁਲਕ ਹੀ ਟੌਲਟ ਬਣਿਆ ਹੋਇਆ ਏ।
-ਅੱਜ ਮੇਰਾ ਬਲਵੰਤ ਦਸਦਾ ਸੀ ਕਿ ਇਨ੍ਹਾਂ ਮੁਲਕਾਂ ਤੋਂ ਮੱਖਣ, ਦੁੱਧ ਤੇ ਪਨੀਰ ਸੰਭਾਲਿਆ ਨਹੀਂ ਜਾ ਰਿਹਾ, ਇਸ ਲਈ ਮੁਫਤ ਵੰਡਿਆ ਜਾ ਰਿਹਾ ਏ। ਮੈਂ ਤਾਂ ਆਹਨੀ ਆਂ ਕਿ ਸੁਰਗ ਵਿਚ ਵੀ ਏਨੀਆਂ ਨੇਅਮਤਾਂ ਨਹੀਂ ਹੋ ਸਕਦੀਆਂ। ਨਾਲੇ ਪੁੱਤਰ, ਸੁਰਗ ਕਿਹੜਾ ਕਿਸੇ ਨੇ ਵੇਖਿਆ ਏ। ਵਾਹ-ਵਾਹ! ਅੰਗਰੇਜ਼ ਨੇ ਐਵੇਂ 'ਤੇ ਨਹੀਂ ਦੁਨੀਆਂ 'ਤੇ ਰਾਜ ਕੀਤਾ।
"ਪਰ ਮਾਸੀ ਜੀ, ਅਸੀਂ ਤਾਂ ਮੱਖਣ ਦੀ ਥਾਂ ਮਾਰਜਰੀਨ ਖਾਂਦੇ ਆਂ ਤਾਂ ਕਿ ਮੋਟੇ ਨਾ ਹੋ ਜਾਈਏ। ਦੁੱਧ ਵੀ ਬਹੁਤ ਚਰਬੀ ਵਧਾਉਂਦਾ ਏ। ਇਸੇ ਲਈ ਘੱਟ ਕਰੀਮ ਵਾਲਾ ਦੁੱਧ ਪੀਂਦੇ ਆਂ।" ਮੇਰੀ ਪਤਨੀ ਨੇ ਆਖਿਆ।
ਮਾਸੀ ਮੇਰੀ ਪਤਨੀ ਨੂੰ ਝਈ ਲੈ ਕੇ ਪਈ: "ਤਾਂਹੀਉਂ ਤਾਂ ਫਾਂਕੜ ਪਈ ਲਗਦੀ ਏਂ। ਦੁੱਧ ਮੱਖਣ ਤਾਂ ਰਿਸ਼ੀਆਂ ਮੁਨੀਆਂ ਤੇ ਮਹਾਰਾਜਿਆਂ ਦੀ ਖੁਰਾਕ ਸੀ ਜਿਹੜੇ ਵੇਦ ਗ੍ਰੰਥ ਲਿਖਦੇ ਸਨ ਤੇ ਯੁੱਧ ਕਰਦੇ ਸਨ। ਨਾ ਮੇਰੀ ਧੀ, ਖਾਇਆ ਪੀਆ ਕਰ। ਇਹ ਜਿਹੜੀਆਂ ਤੇਰੇ ਮੋਢਿਆਂ ਤੇ ਤ੍ਰਿੱਕਲ 'ਚ ਪੀੜਾਂ ਰਹਿੰਦੀਆਂ ਨੇ ਨਾ, ਜੇ ਦਿਨਾਂ ਵਿਚ ਨਾ ਚੱਕੀਆਂ ਜਾਣ ਤਾਂ ਮੈਨੂੰ ਫੜ ਲਵੀਂ।"
"ਉਹ ਤਾਂ ਠੀਕ ਐ ਮਾਸੀ ਜੀ, ਪਰ ਵੇਖੋ ਮੌਸਮ ਕਿੰਨਾ ਭੈੜਾ ਰਹਿੰਦੈ। ਸਾਰਾ ਦਿਨ ਕੈਦੀਆਂ ਵਾਂਗ ਅੰਦਰ ਤਾੜੇ ਰਹੀਦਾ ਏ।" ਮੈਂ ਆਖਿਆ।
ਮਾਸੀ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ। ਬੋਲੀ, "ਕੀ ਹੋਇਆ ਏ ਮੌਸਮ ਨੂੰ? ਗਰਮੀ ਦਾ ਤਾਂ ਨਾਂ-ਨਿਸ਼ਾਨ ਨਹੀਂ ਏਥੇ। ਇੰਡੀਆ ਦੀ ਗਰਮੀ ਸ਼ਾਇਦ ਤੁਸੀਂ ਭੁੱਲ ਗਏ ਹੋ। ਤੋਬਾ ਮੇਰੇ ਰਾਮ! ਇਨਸਾਨ ਸੁੱਕ ਕੇ ਕਾਲਾ ਭੂਤ ਬਣ ਜਾਂਦਾ ਏ। ਸਰਦੀਆਂ ਵਿਚ ਹਮੇਸ਼ਾ ਵਿਆਈਆਂ ਫਟੀਆਂ ਰਹਿੰਦੀਆਂ ਨੇ। ਅੱਧੀ ਰਾਤ ਤੀਕਰ ਢਿੱਡ 'ਚ ਗੋਡੇ ਲੈ ਕੇ ਪੈਂਦੇ ਆਂ ਤਾਂ ਕਿਤੇ ਜਾ ਕੇ ਪੈਰ ਜ਼ਰਾ ਗਰਮ ਹੁੰਦੇ ਨੇ। ਜ਼ਰਾ ਬਰਸਾਤਾਂ ਲੱਗ ਜਾਣ ਤਾਂ ਚਿੱਕੜ ਹੀ ਚਿੱਕੜ। ਮੱਛਰ ਏਨੇ ਕਿ ਹੁਣ ਇੰਡੀਆ ਵਿਚ ਘਰ-ਘਰ ਮਲੇਰੀਏ ਦੇ ਰੋਗੀ ਪਏ ਰਹਿੰਦੇ ਨੇ। ਅੰਦਰ ਕਿਉਂ ਤਾੜੇ ਰਹੋ? ਏਨੇ ਸੋਹਣੇ ਮਕਾਨ! ਗਲੀਚੇ। ਚਵ੍ਹੀ ਘੰਟੇ ਗਰਮ ਪਾਣੀ, ਭਾਵੇਂ ਚੁਬੱਚੇ ਭਰ-ਭਰ ਨਹਾਵੋ। ਗੈਸ ਦੇ ਹੀਟਰ ਤੇ ਕੂਕਰ। ਟੈਲੀਵਿਜ਼ਨ, ਵੀਡੀਓ ਤੇ ਕਮਰੇ-ਕਮਰੇ ਵਿਚ ਟੇਪ ਰਿਕਾਰਡਰਾਂ-ਕਾਰਾਂ। ਬਹਿਸ਼ਤ ਵਿਚ ਵੀ ਇਹੋ ਜਿਹੇ ਸੁਖ ਨਹੀਂ ਜੇ ਹੋਣੇ। ਸ਼ੁਕਰ ਕਰ ਪੁੱਤਰ ਸ਼ੁਕਰ! ਜੇ ਇੰਡੀਆ 'ਚ ਹੁੰਦਾ ਤਾਂ ਮਸਾਂ ਕਿਤੇ ਸਕੂਟਰੀ ਜੁੜਨੀ ਸੀ। ਉਹ ਵੀ ਜੇ ਦੋਵੇਂ ਕੰਮ ਕਰਦੇ ਹੁੰਦੇ।"
ਜਦੋਂ ਦੀ ਮਾਸੀ ਇੰਗਲੈਂਡ ਆਈ ਸੀ, ਬੱਸ ਹਰ ਸਮੇਂ ਘੋੜੇ 'ਤੇ ਸਵਾਰ ਰਹਿੰਦੀ ਸੀ। ਉਹ ਇੰਗਲੈਂਡ ਦੀ ਇਥੋਂ ਤੀਕ ਦੀਵਾਨੀ ਹੋ ਗਈ ਕਿ ਇਕ ਦਿਨ ਮੈਨੂੰ ਤੇ ਮੇਰੀ ਪਤਨੀ ਨੂੰ ਆਖਣ ਲੱਗੀ, "ਬੇਟਾ, ਮੈਂ ਤਾਂ ਬਲਵੰਤ ਨੂੰ ਆਖਣ ਲੱਗੀ ਜ਼ਰਾ ਝਿਜਕਦੀ ਆਂ। ਤੁਸੀ ਮੌਕਾ ਵੇਖ ਕੇ ਗੱਲ ਕਰਨਾ। ਜੇ ਉਹ ਪੱਕੇ ਤੌਰ 'ਤੇ ਇਥੇ ਰੱਖ ਲਵੇ ਤਾਂ ਮੇਰੀ ਵੀ ਅੰਤਲੀ ਉਮਰ ਸੁਰਗ ਵਿਚ ਕਟ ਜਾਵੇਗੀ। ਜਦੋਂ ਵਾਪਸ ਜਾਣ ਦਾ ਖਿਆਲ ਆਂਦਾ ਏ ਤਾਂ ਹੌਲ ਪੈਣ ਜਾਂਦਾ ਏ। ਫਿਰ ਹੌਲੀ-ਹੌਲੀ ਉਹਦੇ ਬਾਊ ਜੀ ਵੀ ਆ ਜਾਣਗੇ। ਸਾਡਾ ਦੋਹਾਂ ਦਾ ਜਹਾਨ 'ਤੇ ਆਣਾ ਸਫਲਾ ਹੋ ਜਾਵੇਗਾ। ਪਰਮਾਤਮਾ ਤੁਹਾਨੂੰ ਭਾਗ ਲਾਵੇ।"
ਇਕ ਦਿਨ ਮੈਂ ਬਿਮਾਰ ਹੋ ਗਿਆ ਤੇ ਘਰ ਵਿਚ ਇਕੱਲਾ ਪਿਆ-ਪਿਆ ਅੱਕ ਗਿਆ। ਮਾਸੀ ਨੂੰ ਫੋਨ ਕੀਤਾ ਕਿ ਜੇ ਸੰਭਵ ਹੋਵੇ ਤਾਂ ਆ ਜਾਵੋ। ਪੁਰਾਣੀਆਂ ਔਰਤਾਂ ਵਿਚ ਕੰਮ ਆਉਣ ਦਾ ਚਾਅ ਤੇ ਮੋਹ ਹੀ ਇੰਨਾ ਹੁੰਦਾ ਹੈ ਕਿ ਮਾਸੀ ਜਿਥੇ ਖਲੋਤੀ ਸੀ, ਉਥੋਂ ਆ ਗਈ। ਬੜੇ ਫਿਕਰ ਨਾਲ ਪੁੱਛਣ ਲੱਗੀ: "ਕੀ ਗੱਲ ਬੇਟਾ ਠੀਕ ਤਾਂ ਹੋ?"
-ਮਾਸੀ ਜੀ, ਬੁਖਾਰ ਸੀ ਜ਼ਰਾ। ਮੈਂ ਆਖਿਆ ਚਲੋ ਛੁੱਟੀ ਹੀ ਲੈ ਲੈਂਦੇ ਆਂ। ਪਰ ਇਹ ਮੜ੍ਹੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਐ। ਕੀ ਜ਼ਿੰਦਗੀ ਐ ਸਾਲੀ? ਸੱਤ ਸਾਲ ਏਸ ਮਕਾਨ ਵਿਚ ਰਹਿੰਦਿਆਂ ਹੋ ਗਏ ਪਰ ਕਦੇ ਕੋਈ ਗੁਆਂਢੀ ਸਾਡੇ ਘਰ ਨੀ ਆਇਆ। ਉਸ ਮੁਲਕ ਵਿਚ ਰਹਿਣ ਦਾ ਕੀ ਹੱਜ ਐ ਜਿਥੇ ਸੌ 'ਚ ਪਚੰਨਵੇਂ ਬੰਦੇ ਤੁਹਾਨੂੰ ਜਾਣਦੇ ਹੀ ਨਾ ਹੋਣ।
ਜਾਹਰ ਹੈ ਕਿ ਮਾਸੀ ਨੂੰ ਮੇਰੀ ਗੱਲ ਪਸੰਦ ਨਹੀਂ ਸੀ ਆਉਣੀ, ਤੇ ਨਾ ਹੀ ਆਈ। ਬਹੁਤ ਪਿਆਰ ਪਰ ਬਹੁਤ ਹੀ ਦ੍ਰਿੜਤਾ ਨਾਲ ਬੋਲੀ: "ਵੇਖ ਬੇਟਾ, ਉਂਜ ਤਾਂ ਤੇਰੀ ਮਰਜ਼ੀ ਏ। ਪਰ ਤੂੰ ਮੜ੍ਹੀਆਂ-ਸਿਵਿਆਂ ਵਰਗੇ ਕੁਲਹਿਣੇ ਤੇ ਨਹਿਸ਼ ਬੋਲ ਨਾ ਬੋਲਿਆ ਕਰ। ਤੇਰੀ ਘਰਵਾਲੀ, ਤੇਰਾ ਪੁੱਤ, ਤੇਰੀ ਨੂੰਹ, ਤੇਰੀ ਧੀ- ਵੇਖ ਕਿੰਨਾ ਖੁਸ਼ ਪਰਿਵਾਰ ਏ ਤੇਰਾ। ਸਭ ਤੋਂ ਵੱਡੀ ਗੱਲ ਇਹ ਕਿ ਇੰਗਲੈਂਡ ਵਰਗੇ ਸੁਰਗ 'ਚ ਬੈਠਾ ਏਂ। ਸੌ ਵਾਰ ਧਰਤੀ ਨਮਸ਼ਕਾਰ ਪੁੱਤਰ! ਜਿਥੋਂ ਤੀਕ ਲੋਕਾਂ ਦੀ ਗੱਲ ਏ, ਇੰਡੀਆ ਵਿਚ ਵੀ ਲੋਕ ਹੁਣ ਪਹਿਲਾਂ ਵਾਂਗ ਮਿਲਣਸਾਰ ਨਹੀਂ ਰਹੇ। ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਵੀ ਇਕ ਗੁਆਂਢੀ ਦੀ ਦੂਜੇ ਗੁਆਂਢੀ ਨਾਲ ਕੋਈ ਸਾਂਝ ਨਹੀਂ। ਸਾਰੇ ਅੱਗ ਲੱਗੀ ਵਾਂਗ ਫਿਰਦੇ ਨੇ। ਏਥੇ ਪੁੱਤਰ, ਬੜੀਆਂ ਬਹਾਰਾਂ ਨੇ। ਅਖਰੋਟ ਜੇਡੀ ਤਾਂ ਬਦਾਮ ਦੀ ਗਿਰੀ ਏ ਏਥੇ। ਕਾਜੂ, ਲੌਂਗਲਾਚੀਆਂ ਕਿਵੇਂ ਰੁਲਦੇ ਫਿਰਦੇ ਨੇ। ਨਾ ਮੇਰਾ ਪੁੱਤਰ, ਮੜ੍ਹੀਆਂ ਵਰਗੇ ਬੋਲ ਨਾ ਬੋਲਿਆ ਕਰ।"
ਪਰ ਅੱਜ ਮਾਸੀ ਨੂੰ ਕੀ ਹੋ ਗਿਆ ਸੀ? ਉਹ ਤੇ ਉਦਾਸ!
ਮੈਂ ਹੁਣ ਤੁਰਿਆ ਜਾ ਰਿਹਾ ਸਾਂ ਅਤੇ ਮਾਸੀ ਦੇ ਘਰ ਤੋਂ ਬਹੁਤੀ ਦੂਰ ਨਹੀਂ ਸਾਂ। ਹਾਈ ਐਸ਼ ਵਿਚੋਂ ਲਿੰਟਨ ਰੋਡ 'ਤੇ ਪੈ ਗਿਆ ਸਾਂ। ਕਿਣਮਿਣ ਹੋ ਰਹੀ ਸੀ। ਹਲਕੀ-ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਮਕਾਨਾਂ ਦੀਆਂ ਕਤਾਰਾਂ ਇੰਜ ਖਲੋਤੀਆਂ ਸਨ, ਜਿਵੇਂ ਕਿਸੇ ਆਦਮਖੋਰ ਦਿਉ ਦਾ ਪਹਿਰਾ ਹੋਵੇ। ਸਿਰਫ ਘਰ ਖਲੋਤੇ ਸਨ, ਬੰਦੇ ਦੀ ਜ਼ਾਤ ਤੀਕ ਨਜ਼ਰ ਨਹੀਂ ਸੀ ਆ ਰਹੀ। ਇੰਨੇ ਸੋਹਣੇ ਘਰ ਬੰਦੇ ਦੀ ਜ਼ਾਤ ਬਿਨਾ ਕਿੰਨੇ ਭਿਆਨਕ ਲੱਗ ਰਹੇ ਸਨ। ਕਾਲੀ ਛੱਤ ਦੀ ਟੀਸੀ 'ਤੇ ਇਕ ਕਾਲੇ ਪੰਛੀ ਨੇ ਧੌਣ ਚੁੱਕੀ ਤੇ ਉਡ ਗਿਆ। ਚੁੱਪ ਹੋਰ ਵੀ ਭਿਆਨਕ ਹੋ ਗਈ।
ਮੈਂ ਘੰਟੀ ਵਜਾਈ ਤਾਂ ਮਾਸੀ ਨੇ ਇਕ ਦਮ ਬੂਹਾ ਖੋਲ੍ਹ ਦਿੱਤਾ, ਜਿਵੇਂ ਮੈਨੂੰ ਹੀ ਉਡੀਕ ਰਹੀ ਹੋਵੇ। ਮੈਂ ਪੈਰਾਂ ਵਲ ਝੁਕਿਆ ਤੇ ਉਸ ਨੇ ਮੇਰਾ ਸਿਰ ਪਲੋਸਿਆ। ਪਰ ਮੇਰੇ ਸਿਰ 'ਤੇ ਜਿਹੜਾ ਹੱਥ ਟਿਕਿਆ, ਉਸ ਵਿਚ ਨਾ ਹੀ ਪਹਿਲਾਂ ਵਰਗੀ ਜਾਨ ਸੀ, ਨਾ ਹੀ ਨਿੱਘ ਤੇ ਨਾ ਹੀ ਥਰਥਰਾਹਟ! ਬਿਲਕੁਲ ਜਿਵੇਂ ਕਿਸੇ ਨੇ ਕੋਈ ਮਰੀ ਹੋਈ ਚੀਜ਼ ਹੌਲੀ ਦੇਣੇ ਮੇਰੇ ਸਿਰ 'ਤੇ ਰੱਖ ਦਿੱਤੀ ਹੋਵੇ।
-ਮਾਸੀ ਜੀ, ਕੀ ਗੱਲ ਬੁਝੇ-ਬੁਝੇ ਲਗਦੇ ਹੋ?
ਬੱਸ ਉਸ ਦੇ ਦੀਦਿਆਂ ਨੂੰ ਜਿਵੇਂ ਬੋਲਾਂ ਦੀ ਉਡੀਕ ਸੀ। ਭੁੱਬਾਂ ਮਾਰ-ਮਾਰ ਰੋਣ ਲੱਗ ਪਈ।
ਮੈਂ ਨੇੜੇ ਹੋ ਗਲਵਕੜੀ ਪਾਂਦਿਆਂ ਆਖਿਆ, "ਮਾਸੀ ਜੀ, ਆਏਂ ਨਾ ਕਰੋ। ਮੈਨੂੰ ਦਸੋ ਕੀ ਗੱਲ ਐ। ਤੁਹਾਡੀ ਹਰ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।"
ਸੈੱਟੀ 'ਤੇ ਬਹਿ ਮਾਸੀ ਨੇ ਮੇਰੇ ਅੱਗੇ ਇੰਜ ਹੱਥ ਜੋੜੇ ਜਿਵੇਂ ਉਸ ਨੇ ਕੋਈ ਬਹੁਤ ਵੱਡੀ ਸੁੱਖ ਸੁੱਖਣੀ ਹੋਵੇ ਤੇ ਉਸ ਦੀ ਸੁੱਖ ਪੂਰੀ ਕਰ ਸਕਦਾ ਹੋਵਾਂ। ਮੈਂ ਬੜਾ ਸ਼ਰਮਿੰਦਾ ਹੋ ਉਸ ਦੇ ਜੁੜੇ ਹੋਏ ਹੱਥ ਖੋਲ੍ਹ ਦਿੱਤੇ। ਮਾਸੀ ਨੇ ਆਖਿਆ, "ਪੁੱਤਰ! ਤੂੰ ਰਹਿੰਦੀ ਦੁਨੀਆਂ ਤਕ ਜੀਵੇਂ, ਤੇਰੀ ਭਾਗਵਾਨ, ਤੇਰੇ ਬੱਚੇ ਜੀਣ! ਮੇਰੇ 'ਤੇ ਇਕ ਅਹਿਸਾਨ ਕਰ। ਬਲਵੰਤ ਨੂੰ ਆਖ ਕਿ ਮੈਨੂੰ ਛੇਤੀ ਤੋਂ ਛੇਤੀ ਇੰਡੀਆ ਭੇਜ ਦੇਵੇ।" ਇੰਜ ਆਖ ਮਾਸੀ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ।
ਮੈਂ ਤਾਂ ਚਕਰਾ ਗਿਆ ਤੇ ਕਿਹਾ, "ਹੈਂ ਤੁਸੀਂ ਤੇ ਇੰਡੀਆ! ਤੁਸੀਂ ਤਾਂ ਇੰਗਲੈਂਡ ਦੀਆਂ ਦਾਤਾਂ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ। ਤੁਸੀਂ ਤਾਂ ਬਾਊ ਜੀ ਨੂੰ ਵੀ ਬੁਲਾ, ਪੱਕੇ ਤੌਰ 'ਤੇ ਇਥੇ ਰਹਿਣਾ ਚਾਹੁੰਦੇ ਸੀ। ਕੀ ਗੱਲ ਬਲਵੰਤ, ਤੁਹਾਡੀ ਨੂੰਹ ਜਾਂ ਬੱਚਿਆਂ ਨੇ ਤਾਂ ਨੀ ਕੁਝ ਆਖਿਆ ਤੁਹਾਨੂੰ?"
ਮਾਸੀ ਜ਼ਰਾ ਸੰਭਲੀ ਤੇ ਬੋਲੀ, "ਪੁੱਤਰ, ਦੁੱਖ ਤਾਂ ਇਹੀ ਏ ਕਿ ਇਥੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ। ਸਵੇਰੇ ਤਾਂ ਪਤਾ ਹੀ ਨਹੀਂ ਲਗਦਾ, ਉਹ ਕਦੋਂ ਚਲੇ ਜਾਂਦੇ ਨੇ। ਰਾਤ ਨੂੰ ਦਸ ਵਜੇ ਤੋਂ ਵੀ ਪਿੱਛੋਂ ਆਉਂਦੇ ਨੇ ਤੇ ਇੰਨੇ ਥੱਕੇ ਹੋਏ ਹੁੰਦੇ ਨੇ, ਜੇ ਮੈਂ ਕੋਈ ਗੱਲ ਕਰਾਂ, ਜਾਂ ਤਾਂ ਲਾਹ ਕੇ ਰੱਖ ਦਿੰਦੇ ਨੇ ਜਾਂ ਹਾਂ-ਹੂੰ ਕਰ ਛੱਡਦੇ ਨੇ। ਬਸ ਬੀਅਰ, ਦਾਰੂ ਪੀ, ਦੋ ਰੋਟੀਆਂ ਨਿਗਲ ਆਪਣੇ ਕਮਰੇ ਵੱਲ ਨੱਸ ਜਾਂਦੇ ਨੇ। ਮੈਂ ਆਖਨੀ ਆਂ- ਬੰਤ ਬੇਟਾ, ਆਹ ਇੰਡੀਆ ਤੋਂ ਤੇਰੇ ਬਾਊ ਜੀ ਦੀ ਚਿੱਠੀ ਆਈ ਹੈ, ਨਾਲੇ ਤੇਰੀ ਭੈਣ ਦੀ ਵੀ। ਬੱਸ ਬੇਦਿਲੀ ਜਿਹੀ ਨਾਲ ਆਖ ਦੇਵੇਗਾ- ਬੀਬੀ, ਤੂੰ ਹੀ ਜਵਾਬ ਦੇ ਦੇਵੀਂ। ਮੇਰੇ ਕੋਲ ਪੜ੍ਹਨ ਦਾ ਵਕਤ ਨਹੀਂ ਏ।"
"ਤੁਸੀਂ ਮਾਸੀ ਜੀ, ਆਪਣੀ ਨੂੰਹ ਨਾਲ ਗੱਲਬਾਤ ਕਰਿਆ ਕਰੋ। ਉਹਦੇ ਨਾਲ ਦੁਕਾਨ 'ਤੇ ਚਲੇ ਜਾਇਆ ਕਰੋ। ਔਰਤਾਂ ਨਾਲ ਔਰਤਾਂ ਦੀ ਬੜੀ ਸਾਂਝ ਹੁੰਦੀ ਐ।" ਮੈਂ ਮਾਸੀ ਨੂੰ ਇਸ ਭਵ-ਸਾਗਰ 'ਚੋਂ ਕੱਢਣ ਲਈ ਸੁਝਾਉ ਦਿੱਤਾ।
ਮਾਸੀ ਹੱਸੀ, ਉਦਾਸ ਤੇ ਵਿਅੰਗਮਈ ਹਾਸਾ! ਤੇ ਆਖਣ ਲੱਗੀ, "ਵੇਖ ਪੁੱਤਰ, ਗੱਲ ਕੀਤੀ ਦੂਰ ਚਲੀ ਜਾਂਦੀ ਏ। ਇਹ ਕੋਈ ਨੋਂਹ ਏ? ਇਸ ਦੀ ਸਿਰਫ ਸ਼ਕਲ ਹੀ ਇੰਡੀਅਨ ਏ, ਬਾਕੀ ਸਭ ਕੁਝ ਗੋਰੀਆਂ ਤੋਂ ਵੀ ਭੈੜਾ ਏ। ਏਹਨੇ ਕਦੀ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ। ਕਦੀ ਨੀ ਆਖਿਆ, ਬੀਬੀ ਕੋਈ ਆਪਣੀ ਸਭਿਅਤਾ ਜਾਂ ਮਾਣ-ਮਰਿਆਦਾ ਬਾਰੇ ਗੱਲ ਸੁਣਾਉ। ਇਕ ਦਿਨ ਕਹੇ-ਕਹਾਏ ਨੂੰ ਮੈਨੂੰ ਦੁਕਾਨ 'ਤੇ ਲੈ ਗਈ, ਪਰ ਪਿਛਲੇ ਪਾਸੇ ਇਕ ਖੁਰੇ ਜਿੰਨੀ ਥਾਂ ਸੀ ਜਿਥੇ ਮੈਨੂੰ ਪੰਦਰਾਂ ਘੰਟੇ ਤਾੜੀ ਰੱਖਿਆ। ਸਾਹ ਘੁਟ ਗਿਆ ਮੇਰਾ। ਔਤਰੀ ਕੈਦ ਵਿਚ ਪਤਾ ਨੀ ਲੋਕ ਕਿਵੇਂ ਰਹਿ ਲੈਂਦੇ ਨੇ ਭਾਈ।"
-ਤਾਂ ਫਿਰ ਪੋਤੇ ਪੋਤੀਆਂ ਨਾਲ ਦਿਲ ਪਰਚਾਇਆ ਕਰੋ। ਮੂਲ ਨਾਲੋਂ ਵਿਆਜ ਪਿਆਰਾ ਹੁੰਦੈ।
ਮਾਸੀ ਦੇ ਬੁਲ੍ਹਾਂ 'ਤੇ ਫਿਰ ਦੁਖ ਭਰੀ ਤੇ ਵਿਅੰਗਮਈ ਮੁਸਕਾਣ ਤੜਫੀ, "ਪੋਤੇ ਪੋਤੀਆਂ! ਮੁੰਡਾ ਤੇ ਕੁੜੀ ਤਾਂ ਉਂਜ ਹੀ ਇਨ੍ਹਾਂ ਦੇ ਕਹਿਣ 'ਚ ਨਹੀਂ। ਮੁੰਡਾ ਤਾਂ ਬਹੁਤਾ ਬਾਹਰ ਫਿਰਦਾ ਰਹਿੰਦਾ ਏ। ਜਦੋਂ ਘਰ ਹੋਵੇ ਤਾਂ ਟੈਲੀ ਦੁਆਲੇ ਜਾਂ ਆਪਣੇ ਕਮਰੇ ਵਿਚ ਕੰਨ-ਖਾਣੇ ਅੰਗਰੇਜ਼ੀ ਗਾਣੇ ਸੁਣਦਾ ਰਹਿੰਦਾ ਏ। ਛੋਟੀ ਕੁੜੀ ਦੇ ਮੈਨੂੰ ਉਂਜ ਹੀ ਲੱਛਣ ਚੰਗੇ ਨੀ ਜਾਪਦੇ। ਕਈ ਵਾਰ ਤਾਂ ਮੈਂ ਇਕ ਭੈੜੇ ਜਿਹੇ ਵਾਲਾਂ ਵਾਲੇ ਮੁੰਡੇ ਨੂੰ ਉਹਦੇ ਨਾਲ ਗੇਟ ਤੀਕ ਆਉਂਦਾ ਵੇਖਿਆ। ਮੈਂ ਬਲਵੰਤ ਨਾਲ ਗੱਲ ਕਰਨੀ ਤਾਂ ਠੀਕ ਨੀ ਸਮਝੀ ਕਿ ਕੁੜੀ ਨੂੰ ਧੌਲਧੱਫਾ ਨਾ ਕਰੇ। ਨੂੰਹ ਨਾਲ ਗੱਲ ਕੀਤੀ ਸੀ। ਪਤਾ ਈ ਉਸ ਨੇ ਕੀ ਜਵਾਬ ਦਿੱਤਾ?"
-ਕੀ ਜਵਾਬ ਦਿੱਤਾ?
-ਆਖਣ ਲੱਗੀ, 'ਬੀਬੀ, ਇੰਡੀਆ ਦਾ ਮੁੰਡਾ ਤਾਂ ਸਾਡੀਆਂ ਕੁੜੀਆਂ ਨੇ ਲੈਣਾ ਨਹੀਂ। ਸਾਡੇ ਕੋਲ ਮੁੰਡੇ ਲੱਭਣ ਦਾ ਵਕਤ ਨਹੀਂ। ਸਗੋਂ ਚੰਗਾ ਹੈ ਕਿ ਆਪੇ ਲੱਭ ਲੈਣਗੀਆਂ।' ਕੀ ਆਖਦੀ ਮੈਂ? ਮੈਂ ਚੁਪਚਾਪ ਸੁਣ ਲਈ ਤੇ ਪੀ ਗਈ। ਪਰ ਸਾਰੀ ਰਾਤ ਆਪਣੇ ਆਪ ਵਿਚ ਰਿਝਦੀ ਰਹੀ। ਹੇ ਭਗਵਾਨ! ਏਥੇ ਵਸਦੇ ਲੋਕਾਂ ਦਾ ਕੀ ਬਣੇਗਾ?
ਮੈਂ ਮਾਸੀ ਨੂੰ ਜ਼ਰਾ ਰੰਗ ਵਿਚ ਲਿਆਉਣ ਲਈ ਆਖਿਆ, "ਤੁਸੀਂ ਕੋਈ ਫਿਕਰ ਨਾ ਕਰੋ। ਇਨ੍ਹਾਂ ਕੋਲ ਪੈਸੇ ਬਥੇਰੇ ਨੇ। ਇਨ੍ਹਾਂ ਦੇ ਬਹੁਤ ਸੋਹਣੇ ਬਕਸੇ ਬਣਨਗੇ। ਨਾ ਕਿਸੇ ਨੂੰ ਫੁੱਲ ਚੁੱਗਣੇ ਪੈਣਗੇ ਤੇ ਨਾ ਹਰਦਵਾਰ ਜਾਣਾ ਪਵੇਗਾ। ਇਹ ਲੋਕ ਬੇਹੱਦ ਖੁਸ਼ ਨੇ, ਆਪਣੀ ਉੱਲੂਆਂ ਦੀ ਦੁਨੀਆਂ ਵਿਚ। ਇਹ ਬਿਲਕੁਲ ਪਸੰਦ ਨੀ ਕਰਦੇ ਕਿ ਕੋਈ ਇਨ੍ਹਾਂ ਲਈ ਚਿੰਤਾ ਕਰੇ। ਬੜੀ ਕੁੜੀ ਤਾਂ ਬੜੀ ਚੰਗੀ ਏ। ਉਹਦੇ ਨਾਲ ਗੱਲਬਾਤ ਕਰਿਆ ਕਰੋ।
-ਚੰਗੀ ਤਾਂ ਸ਼ਾਇਦ ਹੋਵੇ। ਪਰ ਬੋਲੀ ਦੀ ਕੋਈ ਸਾਂਝ ਨਹੀਂ। ਬੱਸ ਹੈਲੋ ਤੇ ਗੁਡ ਨੈਟ ਕਰਨ ਲੱਗੀ ਮੈਨੂੰ ਚੁੰਮ ਜ਼ਰੂਰ ਲੈਂਦੀ ਏ। ਘੜੀ ਕੁ ਕਾਲਜੇ ਵਿਚ ਠੰਢ ਪੈ ਜਾਂਦੀ ਏ। ਬੱਸ ਮੁੜ ਉਹੀ ਚੁਪ ਤੇ ਉਦਾਸੀ ਜਿਹੜੀ ਘੰਟਿਆਂ ਬੱਧੀ ਨਹੀਂ ਟੁਟਦੀ।
ਮਾਸੀ ਦੀਆਂ ਗੱਲਾਂ ਤੋਂ ਮੈਂ ਉਸ ਦੀ ਹਾਲਤ ਦਾ ਅੰਦਾਜ਼ਾ ਲਾ ਬੜਾ ਫਿਕਰਮੰਦ ਹੁੰਦਾ ਜਾ ਰਿਹਾ ਸਾਂ। ਕੋਈ ਨਾ ਕੋਈ ਤਾਂ ਰੁਝੇਵਾਂ ਚਾਹੀਦਾ ਹੈ। ਇੰਜ ਤਾਂ ਪਾਗਲ ਹੋ ਜਾਵੇਗੀ ਵਿਚਾਰੀ। ਇਸੇ ਹਾਲਤ ਦੇ ਹੱਲ ਲਈ ਮੈਂ ਕੁਝ ਨਾ ਕੁਝ ਪੁਛੀਦੱਸੀ ਜਾ ਰਿਹਾ ਸਾਂ।
-ਬੱਚਿਆਂ ਲਈ ਖਾਣਾ ਬਣਾਇਆ ਕਰੋ। ਨਾਲੇ ਇਹ ਸੁਆਦ ਲੈਣਗੇ, ਨਾਲੇ ਤੁਹਾਡਾ ਵਕਤ ਕਟ ਜਾਇਆ ਕਰੇਗਾ।
ਮਾਸੀ ਡਾਢੇ ਦੁੱਖ ਨਾਲ ਬੋਲੀ, "ਪੰਜੇ ਜਣਿਆਂ ਦੇ ਪੰਜਾਹ ਰਾਹ ਨੇ। ਕੋਈ ਕਿਸੇ ਨੂੰ ਖੇਚਲ ਹੀ ਨਹੀਂ ਦਿੰਦਾ। ਇੰਡੀਆ ਵਿਚ ਸਵੇਰੇ-ਸ਼ਾਮ ਨਿਆਣਿਆਂ ਨੇ ਅਸਮਾਨ ਸਿਰ 'ਤੇ ਚੁਕਿਆ ਹੁੰਦਾ ਏ: ਮਾਤਾ ਜੀ, ਮੈਂ ਪਰੌਂਠੀ ਖਾਣੀ ਏ। ਮਾਤਾ ਜੀ, ਮੈਂ ਗੋਭੀ ਨਾਲ ਫੁਲਕਾ ਖਾਣਾ ਏ। ਮਾਤਾ ਜੀ, ਮੈਂ ਚਾਹ ਪੀਣੀ ਏ। ਮਾਤਾ ਜੀ, ਮੈਂ ਦੁੱਧ ਵਿਚ ਪੱਤੀ ਪਾ ਕੇ ਪੀਣੀ ਏ। ਪਰ ਏਥੇ ਕਿਚਨ ਵਿਚ ਵੜਦੇ ਨੇ, ਤੇ ਡੱਬਿਆਂ 'ਚੋਂ ਕਾਰਨਫਲੇਕਸ ਪਲੇਟ ਵਿਚ ਪਾ, ਵਿਚ ਦੁੱਧ ਦੀ ਬੋਤਲ ਉਲੱਦ, ਖਾ ਕੇ ਅਹੁ ਜਾਂਦੇ ਨੇ। ਜਾਂ ਮਾਸ ਮੱਛੀ ਤਲ-ਤਲ ਖਾਈ ਜਾਂਦੇ ਨੇ। ਮੇਰਾ ਤਾਂ ਪੁੱਤਰ ਧਰਮ ਭ੍ਰਿਸ਼ਟ ਕਰ ਛੱਡਿਆ ਸੂ। ਇੰਡੀਆ ਜਾਂਦੀ ਹੀ ਪਹਿਲਾਂ ਹਰਦਵਾਰ ਨੁਹਾ ਕੇ ਹੀ ਘਰ ਵੜਾਂਗੀ।"
"ਨਾ ਮਾਸੀ ਜੀ, ਜਿਉਂਦੇ ਜੀਅ ਹਰਦਵਾਰ ਨਾ ਜਾਣਾ।" ਮੈਂ ਮਜ਼ਾਕ ਕੀਤਾ।
ਪਰ ਮਾਸੀ ਤਾਂ ਹੋਰ ਵੀ ਗੰਭੀਰ ਹੋ ਗਈ। ਅਤਿ ਨਿਮਰਤਾ ਨਾਲ ਬੋਲੀ, "ਪੁੱਤਰ, ਜੇ ਤੂੰ ਮੈਨੂੰ ਇੰਡੀਆ ਘਲਾਉਣ ਵਿਚ ਮੇਰੀ ਮਦਦ ਕਰੇਂ ਤਾਂ ਮੈਂ ਤੇਰਾ ਅਹਿਸਾਨ ਉਮਰ ਭਰ ਨਹੀਂ ਭੁਲਾਂਗੀ। ਨਹੀ ਤਾਂ ਮੈਂ ਘੁਟ-ਘੁਟ ਕੇ ਮਰ ਜਾਵਾਂਗੀ।" ਆਖ ਉਹ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ।
ਮੈਂ ਮਾਸੀ ਦੀਆਂ ਅੱਖਾਂ ਪੂੰਝੀਆਂ। ਉਹਦੀਆਂ ਅੱਖਾਂ ਵਿਚ ਸੂਰਜ ਮਰਿਆ ਪਿਆ ਸੀ। ਮੇਰੀਆਂ ਆਪਣੀਆਂ ਅੱਖਾਂ ਭਰ ਆਈਆਂ। ਤਸੱਲੀ ਦਿੰਦਿਆਂ ਆਖਿਆ, "ਮਾਸੀ ਜੀ, ਕੋਈ ਫਿਕਰ ਨਾ ਕਰੋ। ਹੁਣ ਤੁਹਾਨੂੰ ਇੰਡੀਆ ਜਾਣਾ ਚਾਹੀਦੈ। ਨਹੀਂ ਤਾਂ ਤੁਹਾਨੂੰ ਇਹ ਮੜ੍ਹੀਆਂ ਵਰਗੀ ਇਕੱਲ ਨਿਗਲ ਜਾਵੇਗੀ।"
ਮੈਂ ਮਾਸੀ ਨੂੰ ਅੱਖਾਂ ਪੂੰਝਣ ਲਈ ਟਿਸ਼ੂ ਫੜਾਇਆ। ਮੇਰੇ ਵਲੋਂ ਦਰਸਾਈ ਹਮਦਰਦੀ 'ਤੇ ਤਸੱਲੀ ਨਾਲ ਮਾਸੀ ਜ਼ਰਾ ਸੰਭਲ ਗਈ ਤੇ ਆਪਣੇ ਆਪੇ ਵਿਚ ਆਉਂਦੀ ਆਖਣ ਲੱਗੀ, "ਪੁੱਤਰ, ਮੈਂ ਤਾਂ ਆਪ ਮਰ ਕੇ ਵੇਖ ਲਿਆ ਏ। ਇਹ ਤਾਂ ਮੜ੍ਹੀਆਂ ਤੋਂ ਵੀ ਦੂਰ ਦੀ ਕੋਈ ਸ਼ੈਅ ਏ। ਮੜ੍ਹੀਆਂ ਵਿਚ ਤਾਂ ਫਿਰ ਚੜ੍ਹਦੀ ਧੁਪ ਆਂਦੀ ਏ। ਵਾ ਵਗਦੀ ਏ। ਪੰਛੀ ਚਹਿਕਦੇ ਨੇ...।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)