Punjabi Kavita
  

Mariada: Manjot Kaur

ਮਰਿਆਦਾ: ਮਨਜੋਤ ਕੌਰ

ਅੱਜ ਪੋਹ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੀ। ਮੈਂਨੂੰ ਅਨੁਮਾਨ ਸੀ ਕਿ ਬੀਬੀ ਨੇ ਮੂੰਹ ਹਨੇਰੇ ਹੀ ਗੁਰੂ ਘਰ ਚੱਲੀ ਜਾਣਾ ਹੈ । ਇਸ ਲਈ ਮੈਂ ਜੀਉ ਹੀ ਬੀਬੀ ਦੇ ਉੱਠਣ ਦੀ ਆਹਟ ਸੁਣੀ , ਝੱਟ - ਪੱਟ ਉੱਠ ਖਲੋਤੀ ਤੇ ਬਿਨਾਂ ਦੇਰ ਕੀਤੇ ਇਸ਼ਨਾਨ ਕਰ ਕੇ ਜਾਣ ਨੂੰ ਤਿਆਰ ਹੋ ਗਈ। ਪੋਹ ਦੇ ਮਹੀਨੇ ਦੀ ਸਰਦ , ਖੂੰਨ ਜਮਾਉਣ ਵਾਲੀ ਹੁੰਦੀ ਹੈ ; ਤਾਇਓ , ਬੀਬੀ ਮੈਂਨੂੰ ਨਾਲ ਲਿਜਾਉਣ ਤੋਂ ਥੋੜ੍ਹਾ ਗੁਰੇਜ ਕਰਦੀ ਸੀ। ਮੈਂ ਵੀ ਤਾਂ ਅੱਜੇ 10 -15 ਕੁ ਵਰ੍ਹਿਆਂ ਦੀ ਹੀ ਸੀ, ਬੀਬੀ ਦੀ ਲਾਡਲੀ । ਮੇਰੇ ਹੱਠ ਕਰਨ ਤੇ ਬੀਬੀ ਨੇ ਮੈਨੂੰ ਇਕ ਛੋਟੀ ਜਿਹੀ ਕੰਬਲੀ ਦੀ ਬੁੱਕਲ ਮਰਵਾ ਦਿੱਤੀ । ਆਪਾ ਘਰ ਤੋਂ ਅੱਜੇ ਤੁੱਰੇ ਹੀ ਸਾਂ ਕਿ ਗੁਰੂਘਰ ਦੇ ਸਪੀਕਰ ਦੀ ਆਵਾਜ਼ ਨੇ ਮੇਰਾ ਚਿੱਤ ਠਾਰ ਦਿੱਤਾ । ਪਾਠੀ ਸਿੰਘ ਨੇ ਸਾਧ ਸੰਗਤ ਨੂੰ ਸੰਗਰਾਂਦ ਦੇ ਮੌਕੇ ਤੇ ਵੱਧਾਈ ਦਿੰਦਿਆਂ ਗੁਰੂਘਰ ਆਉਣ ਦੀ ਬੇਨਤੀ ਕੀਤੀ।

ਗੁਰੂਘਰ ਪਿੰਡ ਦੇ ਚੜ੍ਹਦੇ ਬੰਨ੍ਹੇ ਸੀ ' ਤੇ ਸਾਡਾ ਘਰ ਪਿੰਡ ਦੇ ਲਹਿੰਦੇ ਪਾਸੇ । ਇਸੇ ਕਰਕੇ ਸਾਨੂੰ ਪਿੰਡ ਵਿਚੋਂ ਦੀ ਲੰਘ੍ਹ ਕੇ ਗੁਰੂਘਰ ਜਾਣਾ ਪੈਂਦਾ ਸੀ । ਮੈਂ ਤੇ ਬੀਬੀ ਪਿੰਡ ਦੀ ਵਿਚਕਾਰਲੀ ਗਲ਼ੀ ਹੋ ਤੁਰੀਆਂ । ਇੰਨੇ ਨੂੰ ਫੱਤਿਆਂ ਦੀ ਨੂੰਹ ਮੇਰੀ ਨੱਜ਼ਰੀ ਪਈ ।
ਮੈਂ ਬੜੀ ਲਿਹਾਜ ਨਾਲ਼ ਓਹਦੇ ਵੱਲ ਵੇਖਿਆ , " ਬੀਬੀ ਏਹ ਬੀਬੀ , ਉਸ ਕੁੱੜੀ ਨੂੰ ਪਾਲਾ ਨੀ ਲੱਗਦਾ ਹਉ? ਉਹ ਤਾਂ ਬੜੀ ਸੋਹਣੀ ਬਣੀ ਖੱੜ੍ਹੀ ਆ, ਭਲਾ ਉਹ ਕਿੱਥੇ ਨੂੰ ਚੱਲੀ ਹਉ ? ਹੈਂ ਬੀਬੀ ! "
ਬੀਬੀ ਵੀ ਬੜ੍ਹੇ ਗੌਰ ਨਾਲ਼ ਉਹਨੂੰ ਵਿਹਂਦੀ ਹੋਈ ਬੋਲੀ , " ਇਹ ਤਾਂ ਫ਼ਤਿਆਂ ਦੀ ਨੂੰਹ ਲਗਦੀ ਏ ਮੈਨੂੰ , ਚੱਲੀ ਹੁਣੀ ਕੀਤੇ ਵਿਆਹ ਵਿਉ ਤੇ, ਤਾਂਹੀ ਇੰਨੀ ਸੱਜ - ਧੱਜ ਕੇ ਖੜ੍ਹੀ ਆ।"
ਮੈਂ ਫ਼ਿਰ ਬੋਲਿਆ, " ਹੈਂ ਬੀਬੀ , ਇੰਨੀ ਤੜਕੇ ਕਿਹੜਾ ਵਿਆਹ ? ਏ ਬੀਬੀ ,ਇਹਨੂੰ ਠੰਢ ਨੀ ਲੱਗਦੀ ਹਉ ? ਸੂਟ ਵੀ ਅੱਧੀ ਬਾਹ ਵਾਲਾ ਪਾਇਆ ਹੋਇਆਂ ! "

ਪ੍ਰਸ਼ਨ ਚਿੰਨ੍ਹ ਤਾਂ ਬੀਬੀ ਦੇ ਚਿਹਰੇ ਤੇ ਵੀ ਸੀ , ਪਰ ਫਿਰ ਮੇਰੀ ਗਲ਼ ਦਾ ਹੱਸ ਕੇ ਹੁੰਗਾਰਾ ਦਿੰਦੀਆਂ , " ਕੀ ਪਤਾ ਹੁਣਾ ਦੂਰ ਦਰਾਡੇ ਕੋਈ ਵਿਆਹ , ਅੱਜ ਕੱਲ੍ਹ ਪਕੌੜਿਆਂ ਦੇ ਚਾਅ ' ਚ ਨੂੰਹਾਂ - ਧੀਆਂ ਨੂੰ ਕਿੱਥੇ ਠੰਡ ਲੱਗਦੀ ਆ।"
ਮੇਰਾ ਅਗਲਾ ਸਵਾਲ ਅੱਜੇ ਮੂੰਹ ਵਿੱਚ ਹੀ ਸੀ ਕਿ ਬੀਬੀ ਨੇ ਪੋਲਾ ਜਿਹਾ ਦਬਕਾ ਕੇ , " ਬਸ ਕਰ , ਵੱਡੀ ਬੇਬੇ ! ਪਹਿਲਾਂ ਜਿਹੜਾ ਕੰਮ ਕਰਨ ਚੱਲੇ ਆਂ , ਉਹ ਕਰ ਲਈਏ । "

ਗੱਲਾਂ ਕਰਦੇ - ਕਰਦੇ ਕਦੋਂ ਗੁਰੂਘਰ ਆ ਪੁੱਜੇ , ਪਤਾ ਹੀ ਨੀ ਚੱਲਿਆ। ਅੰਦਰ ਜਾ ਕੇ ਆਪਾ ਗੁਰੂ ਮਹਾਰਾਜ ਅੱਗੇ ਸੱਜਦਾ ਕਿੱਤਾ ' ਤੇ ਬੈਠ ਗਏ। ਪਾਠੀ ਸਿੰਘ ਨੇ ਪਾਠ ਆਰੰਭ ਕੀਤਾ, ਸਾਰੀ ਸੰਗਤ ਬੜੀ ਰੀਜ਼ ਨਾਲ਼ ਬਾਣੀ ਸਰਵਣ ਰਹੀ ਸੀ। ਅੱਜੇ ਮਹਿਜ 10 ਕੂ ਮਿੰਟ ਹੀ ਹੋਏ ਸਨ ਕਿ ਛਣ - ਛਣ ਦੀ ਆਵਾਜ਼ ਪੂਰੇ ਗਰੂਘਰ ਅੰਦਰ ਗੂੰਜ ਉੱਠੀ । ਸਾਰੀ ਸੰਗਤ ਦਾ ਧਿਆਨ ਮੱਲੋ - ਮੱਲੀ ਉਧੱਰ ਨੂੰ ਜਾ ਪਿਆ। ਇਕ ਕੁੱੜੀ ਝਾਂਜਰਾਂ ਪਾਈ ਅੰਦਰ ਆਉਂਦੀ ਵਿਖਾਈ ਦਿੱਤੀ , ਖੈਰ ਇਹ ਕੁੜੀ ਨੀ ਇਹ ਤਾਂ ਉਹੀ ਫ਼ੱਤਿਆਂ ਦੀ ਨੂੰਹ ਸੀ । ਮੈਂ ਬੀਬੀ ਵੱਲ ਵੇਖਦਿਆਂ ਕਿਹਾ , " ਬੀਬੀਏ , ਤੂੰ ਤਾਂ ਕਹਿੰਦੀ ਸੀ , ਇਹ ਵਿਆਹ ਚੱਲੀ ਉ।"
ਬੀਬੀ , " ਹਮਮਮਮਮ , ਹਾਲਾਤ ਤਾਂ ਵਿਆਹ ਵਾਲ਼ੇ ਹੀ ਲੱਗਦੇ ਸੀ । ਚੱਲ ਕੋਈ ਨੀ , ਇਹਦੇ ਆਣ ਨਾਲ਼ ਕਈਆਂ ਦੀ ਨੀਂਦ ਤਾਂ ਟੁੱਟ ਹੀ ਗਈ ਹਉ । "

ਮੈਂਨੂੰ ਬੀਬੀ ਦੀ ਅੱਦੂਰੀ ਗੱਲ੍ਹ ਹੀ ਸਮਝ ਪਈ। ਪਰ ਮੈਂ ਉਹ ਮਾਹੌਲ ਦੇਖ ਕੇ ਕੁੱਝ ਦੰਗ ਜਿਹੀ ਰਹਿ ਗਈ ਸੀ। ਐਨਾ ਹਾਰ ਸ਼ਿੰਗਾਰ ਲਗਾ ਕੇ ਉਹਦਾ ਗੁਰੂਘਰ ਆਉਣਾ , ਸਾਰੀ ਸੰਗਤ ਦਾ ਧਿਆਨ ਆਪਣੇਂ ਵੱਲ ਆਕਰਸ਼ਿਕ ਕਰਨਾ 'ਤੇ ਸੰਗਤ ਦੀ ਲੱਗਨ ' ਤੇ ਧਿਆਨ ਵਿਚ ਵਿਘਨ ਪਾਉਣਾ। ਇਥੋਂ ਤੱਕ ਕੀ ਪਾਠੀ ਸਿੰਘ ਦੀ ਵੀ ਇਕ ਪੱਲ ਲਈ ਸੁਰਤਿ ਡਗਮਗਾ ਗਈ। ਹੁਣ ਸਮੱਸਿਆ ਇਹ ਆਣ ਪਈ ਕਿ ਉਹ ਸਜਦਾ ਕਰੇ ਕਿਵੇਂ , ਸਿਰ ਝੁਕਾਵੇ ਕਿਵੇਂ , ਵਾਲ ਖਰਾਬ ਹੋਣ ਦੇ ਡਰ ਤੋਂ ਸਿਰ ਵੀ ਪੂਰਾ ਢਕਿਆ ਨੀ ਜਾ ਰਿਹਾ ਸੀ । ਰੇਸ਼ਮੀ ਜਿਹੀ ਚੁੰਨੀ , ਤਿਲਕ - ਤਿਲਕ ਜਾਵੇ , ਹਾਰ ਕਿ ਬੇਚਾਰੀ ਖੜ੍ਹੀ - ਖੜ੍ਹੀ ਸੱਜਦਾ ਕਰ ਕੇ ਜਾ ਬੈਠੀ। ਅੱਜੇ ਵੀ ਕਈਆਂ ਦੀ ਅੱਖ ਓਹਦੇ ਉੱਤੇ ਹੀ ਟਿੱਕੀ ਹੋਈ ਸੀ ।

ਪਾਠੀ ਸਿੰਘ ਨੇ ਬਰਾਮਾਹਾ ਪੜ੍ਹ ਕੇ ਸਮਾਪਤੀ ਕਰ ਕੀਤੀ । ਉਸ ਉਪਰੰਤ ਗੁਰੂ ਦੀ ਪਿਆਰੀ ਸੰਗਤ ਨੂੰ ਨਿਰਦੇਸ਼ ਦਿੰਦੇ ਹੋਏ , " ਸਾਰੀ ਸਾਧ- ਸੰਗਤ ਨੂੰ ਬੇਨਤੀ ਹੈ ਕਿ ਆਪਣੇ - ਆਪਣੇ ਜਵਾਕਾਂ ਨੂੰ ਆਪਣੇਂ ਪਾਸ ਨਿਮਰਤਾ ਨਾਲ ਬਿਠਾਉਣ ' ਤੇ ਗੁਰੂਘਰ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ , ਬਣਾਏ ਗਏ ਨਿਯਮਾਂ ਦਾ ਪਾਲਣ ਜ਼ਰੂਰ ਕੀਤਾ ਜਾਵੇ। ਇਨ੍ਹਾਂ ਸਿਧਾਂਤਾਂ ਦੀ ਉਲੰਘਣਾ ਕਰਕੇ , ਆਪਣੇ ਆਪ ਨੂੰ ਪਾਪ ਦਾ ਭਾਗੀਦਾਰ ਨਾ ਬਣਾਓ । ਵਾਹਿਗੁਰੂ ਜੀ ਦਾ ਖਾਲਸਾ , ਵਾਹਿਗੁਰੂ ਜੀ ਦੀ ਫਤਿਹ। "

ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ , ਫਿਰ ਨਿਰੰਕਾਰ ਨੂੰ ਪ੍ਰਣਾਮ ਕਰਕੇ ਗੁਰੂਘਰ ਤੋਂ ਬਾਹਰ ਆ ਗਏ। ਮੈਂ ਬੀਬੀ ਨੂੰ ਹੌਲੀ ਜਿਹੀ ਲਾਗੇ ਨੂੰ ਕਰ ਕੇ ਕਿਹਾ ,
" ਬੀਬੀ , ਅੱਜ ਤਾਂ ਗੁਰੂਘਰ ਕੋਈ ਜਵਾਕ ਆਇਆ ਹੀ ਨਹੀਂ ਸੀ। ਪਾਠੀ ਸਿੰਘ ਕਿਹੜੇ ਜਵਾਕ ਦੀ ਗੱਲ ਕਰੀ ਜਾਂਦੇ ਸੀ।" ਬੀਬੀ ਮੇਰੇ ਵੱਲ ਵੇਖ ਕੇ ਮਿੱਠਾ ਜਿਹਾ ਹੱਸਦੀ ਹੋਈ, " ਹੁੰਦੇ ਨੇ ਕਈ ਤੇਰੇ ਵਰਗੇ ਨਾਸਮਝ ਜਵਾਕ "। ਬੀਬੀ ਦੀ ਗੱਲ ਸੁਣ ਮੈਂ ਖਿੱੜ-ਖਿੱੜ ਹੱਸ ਪਈ ' ਤੇ ਬੀਬੀ ਦਾ ਵੀ ਹਾਸਾ ਆਪ - ਮੁਹਾਰੇ ਹੀ ਫੁੱਟ ਪਿਆ ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)