ਮਰੂਤੀ (ਕਹਾਣੀ) : ਬਲੀਜੀਤ

ਇਸ ਦੇ ਵਜੂਦ ਅੰਦਰ ਜਿੱਥੇ ਵੀ ਮਨ ਦਾ ਵਾਸ ਹੁੰਦਾ ਉੱਥੇ ਰਹਿੰਦਾਂ ਮੈਂ । ਜਦੋਂ ਸਾਡੇ ਕੋਲ ਸਾਇਕਲ, ਸਕੂਟਰ, ਕਾਰ ਕੁੱਝ ਵੀ ਨਹੀਂ ਸੀ ਹੁੰਦਾ ਤਾਂ ਵੀ ਮੈਂ ਇਸ ਦੀ ਘਨੇੜੀ ਚੜ੍ਹ ਕੇ ਇਸ ਦੇ ਨਾਲ ਜਾਂਦਾ ਹੁੰਦਾ ਸਾਂ । ਏਹੀ ਮੇਰੀ ਮਰੂਤੀ ਹੁੰਦਾ ਸੀ । ਮਰੂਤੀ 800 । ਫਿਰ ਸਾਇਕਲ ਲਿਆ । ਸਕੂਟਰ ਲਿਆ । ਮੈਂ ਹੀ ਇਸ ਨੂੰ ਫ਼ੂਕ ਦਿੱਤੀ ਕਿ ਤੂੰ ਕਾਰ ਲੈ । ਮੌਜਾਂ ਲੁੱਟ । ਬੁੱਲੇ ਵੱਢ । ਨਹੀਂ ਤਾਂ ਗੱਡੀ ਖਰੀਦਣੀ ਤਾਂ ਦੂਰ ਰਹੀ ਇਹ ਕਿਸੇ ਦੀ ਗੱਡੀ ਵਿੱਚ ਸ਼ਾਂਤੀ ਨਾਲ ਬਹਿ ਕੇ ਜਾ ਵੀ ਨਹੀਂ ਸੀ ਸਕਦਾ । ਊਈਂ ਇਸ ਦਾ ਦਿਮਾਗ ਘੁੰਮਣ ਲੱਗ ਪੈਂਦਾ ਸੀ ।

... ਮੇਰੇ ਕਹੇ ਤੋਂ ਇਹ ਗੱਡੀ ਚਲਾਉਂਦਾ । ਜਿੱਧਰ ਨੂੰ ਕਹਾਂ ਉੱਧਰ ਨੂੰ ਚਲਾਉਂਦਾ । ਗੱਡੀ ਮੈਂ ਹੋਰ ਨੂੰ ਨੀਂ ਚਲਾਉਣ ਦਿੰਦਾ । ਜਿਵੇਂ ਮਾਂ ਦੇ ਢਿੱਡ ਵਿੱਚੋਂ ਨਿਕਲਦੇ ਸਾਰ ਈ ਮੈਂ ਇਸ ਨੂੰ ਉਮਰ ਭਰ ਲਈ ਨੌਕਰ ਰੱਖ ਲਿਆ ਹੋਵੇ... ਡਰਾਇਵਰ... ਜਾਂ ਜਦੋਂ ਤੋਂ ਇਸ ਨੇ ਸੋਝੀ ਸੰਭਾਲੀ ਉਦੋਂ ਤੋਂ ਈ ਸਮਝੋ ਇਹ ਮੇਰਾ ਗੁਲਾਮ ਹੋ ਗਿਆ ਹੋਵੇ । ਚਾਈਲਡ ਲੇਬਰ । ਬੌਂਡਡ ਲੇਬਰ । ਕਿਹੜਾ ਕੋਈ ਕਾਨੂੰਨ ਐ ਇਸ ਦੁਨੀਆ 'ਚ । ਮੈਂ ਮਨੋਵਿਗਿਆਨ ਪੜਿ੍ਹਆ । ਫੇਰ ਕਿੰਨਾ ਹੀ ਇਤਿਹਾਸ ਪੜਿ੍ਹਆ, ਸੁਣਿਆ । ਅਜ਼ਾਦੀ ਤੇ ਗੁਲਾਮੀ ਦਾ । ਰੋਮਨ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਐਸਾ ਅੱਤ ਦਰਜੇ ਦਾ ਗੁਲਾਮ ਮੈਂ ਕਦੇ ਨਹੀਂ ਪੜਿ੍ਹਆ, ਸੁਣਿਆ, ਨਾ ਦੇਖਿਆ...

ਮੈਨੂੰ ਹਮੇਸ਼ਾ ਸੁਆਰੀ ਚਾਹੀਦੀ ਐ । ਮੈਂ ਜਨਮ ਤੋਂ ਹੀ ਕਈ ਪਾਸਿਆਂ ਤੋਂ ਅਪਾਹਜ ਹਾਂ । ਮੇਰਾ ਇਸ ਤੋਂ ਬਗ਼ੈਰ ਸਰਦਾ ਨਹੀਂ । ਨਾ ਮੈਂ ਹੋਰ ਕਿਸੇ ਨਾਲ ਆ ਜਾ ਸਕਦਾ ਆਂ । ਨਾ ਇਸ ਦਾ ਮੇਰੇ ਬਗ਼ੈਰ ਸਰਦਾ । ਕੋਈ ਜ਼ੋਰ, ਭਾਰ ਦਾ ਕੰਮ ਕਰਨਾ ਹੋਵੇ ਤਾਂ ਮੈਂ ਜਨਾਬ ਦੀ ਡਿਊਟੀ ਲਾ ਦਿੰਦਾ ਹਾਂ ।

ਹੋਇਆ ਇਉਂ ਕਿ ਇਹ ਮੈਨੂੰ ਲੈ ਕੇ ਬੱਸ ਵਿੱਚ ਬਹਿ ਗਿਆ । ਰਾਤ ਦੇ ਨੌਂ ਵੱਜੇ । ਉਪਰੋਂ ਅੰਤਾਂ ਦਾ ਕੋਰਾ ਪਵੇ । ਇਸ ਪਤੰਦਰ ਨੇ ਮੈਨੂੰ ਨਿਆਣੇ ਵਾਂਗ ਆਪਣੇ ਕੰਬਲ ਹੇਠ ਗੋਦੀ ਵਿੱਚ ਲੁੱਕੋ ਲਿਆ । ਇਸ ਤੋਂ ਸਿਵਾ ਕਿਸੇ ਨੂੰ ਖ਼ਿਆਲ ਈ ਨਹੀਂ ਆਇਆ ਕਿ ਮੈਂ ਵੀ ਬੱਸ ਵਿੱਚ ਇਸ ਦੇ ਨਾਲ ਸਾਂ । ਸਭ ਨੂੰ ਆਪੋ ਆਪਣੇ ਫਾਹੇ ਲੱਗੇ ਹੋਏ ਸਨ । ਬੱਸ ਦਸ ਕੁ ਮੀਲ ਚੱਲੀ ਹੋਣੀ... ਤੇ ਖੜ੍ਹ ਗਈ ਢਾਬੇ 'ਤੇ । ਮੈਂ ਇਸ ਨੂੰ ਕਿਹਾ ਕਿ ਤੂੰ ਬੱਸ ਵਿੱਚ ਈ ਬੈਠਾ ਰਹਿ । ਖਾਣ ਦੀ ਤਾਂ ਮੈਨੂੰ ਬਹੁਤੀ ਭੁੱਖ ਨਹੀਂ ਲੱਗਦੀ । ਮੈਨੂੰ ਤਾਂ ਹੋਰ ਏ ਤਰ੍ਹਾਂ ਦੀ ਭੁੱਖ ਲੱਗਦੀ ਐ । ਪਰ ਇਸ ਦੀ ਭੁੱਖ ਬੁਰੀ । ਖਾਣ ਨੂੰ ਚੌਵੀ ਘੰਟੇ ਹਾਬੜਿਆ ਰਹਿੰਦਾ । ਚਾਰੂ । ਵਿਆਹ, ਪਾਰਟੀ 'ਚ ਕਿਸੇ ਵ੍ਹੇਟਰ ਨੂੰ ਨੀਂ ਲੰਘਣ ਦਿੰਦਾ । ਬਿਨਾਂ ਭੁੱਖ ਤੋਂ ਖਾਈ ਜਾਂਦਾ । ਮੈਂ ਇਸ ਨੂੰ ਕਿਹਾ ਕਿ ਮੂੰਗਫਲੀ ਵਾਲੇ ਨੂੰ ਹਾਕ ਮਾਰ । ਤੇ ਦਸ ਰੁਪਏ ਦੀ ਮੂੰਗਫਲੀ ਲੈ ਕੇ ਹੌਲੀ ਹੌਲੀ ਚੱਬੀ ਜਾ । ਮੁੱਕਦੀ ਨੀਂ । ਇਹ ਮੇਰਾ ਕਹਿਣਾ ਕਦੇ ਨਹੀਂ ਮੋੜਦਾ । ਆਪ ਤਾਂ ਇਸ ਤੋਂ ਸੁਆਹ ਵੀ ਨਹੀਂ ਉੜਾਈ ਜਾਂਦੀ । ਨਿਰਾ ਬੁੱਗ ਐ । ਤਾਂ ਹੀ ਤਾਂ ਇਸ ਦਾ ਵੀ ਮੇਰੇ ਬਗ਼ੈਰ ਨਹੀਂ ਸਰਦਾ । ਮੈਂ ਹੀ ਇਸ ਨੂੰ ਬੰਦੇ ਦਾ ਪੁੱਤ ਬਣਾਇਆ ਹੋਇਐ । ਖਾਲੀ ਬੱਸ ਵਿੱਚ ਇਕੱਲੇ ਬੈਠੇ ਅਸੀਂ ਓਦਰ ਗਏ । ਤਾਂ ਮੈਂ ਇਸ ਨੂੰ ਸਮਝਾਇਆ । ਚਿੰਤਾ ਨਾ ਕਰ । ਔਧਰ ਦੇਖ ਢਾਬੇ ਦੇ ਨਾਲ ਕੈਸਟਾਂ ਵਾਲੇ ਖੋਖੇ ਵਿੱਚੋਂ ਕਿੰਨੀ ਵਧੀਆ ਗੁਰਬਾਣੀ ਦੀ ਮਿੱਠੀ ਆਵਾਜ਼ ਆ ਰਹੀ ਐ...

ਹਰਿ ਜੀ...ਓ...ਅ...
ਹਰਿ ਜੀ...ਓ...ਅ...
ਨਿਮਾਣਿਆਂ ਤੂੰ ਮਾਣੁ

ਇਹ ਗੱਲ ਉਂਜ ਮੈਂ ਤਾਂ ਦੱਸਣ ਲੱਗਾਂ ਕਿ ਮੈਂ ਹੀ ਇਸ ਨੂੰ ਘੇਰ ਕੇ ਵਾਇਆ ਗੁਰਬਾਣੀ ਗੱਡੀ ਮਤਲਬ ਮਰੂਤੀ ਦੇ ਸਟੀਰਿੰਗ ਵ੍ਹੀਲ ਉੱਤੇ ਚੜ੍ਹਾਇਆ... ਤੇ ਫੇਰ...

...ਤੇ ਫੇਰ ਏਹਦੀ ਜੀਭ ਵੀ ਹੌਲੀ ਹੌਲੀ ਗੁਰਬਾਣੀ ਗੁਣਗੁਣਾਉਣ ਲੱਗ ਪਈ ਸੀ । ਮੇਰਾ ਵੀ ਜੀਅ ਲੱਗ ਗਿਆ । ਮੈਂ ਵੀ ਮੰਤਰ ਮੁਗਦ ਹੋ ਗਿਆ ਸੀ । ਤੇ...

ਤੇ ਨਵਾਂ ਸ਼ਬਦ ਲੱਗ ਗਿਆ ਸੀ...

''ਜਿਓ ਬੋਹਿਥੁ ਭੈਅ ਸਾਗਰ ਮਾਹੈ''

ਮੈਨੂੰ ਇਸ ਦੀ ਗੁਰਬਾਣੀ ਪ੍ਰਤੀ ਸ਼ਰਧਾ ਦਾ ਪਤਾ ਸੀ । ਇਹ ਪੂਰਾ ਰਸ ਮਾਣਦਾ । ਗੁਰਦੁਆਰੇ ਜਾਂਦਾ ਤਾਂ ਰੂਹ ਨਾਲ ਮੱਥਾ ਟੇਕਦਾ । ਸਮਾਗਮਾਂ ਵਿੱਚ ਸਭ ਤੋਂ ਮੂਹਰੇ, ਸਿਰ 'ਤੇ ਰੁਮਾਲ ਬ੍ਹੰਨ ਕੇ ਬੈਠੇ ਇਸ ਦੀ ਗਰਦਣ ਉੱਤੇ ਟੰਗਿਆ ਮੁੰਨਿਆਂ ਸਿਰ ਤੇ ਵੱਢੀ ਹੋਈ ਦਾੜ੍ਹੀ ਲਟਕਦੀ ਯਾਦ ਕਰ ਕੇ ਇਸ ਨੂੰ ਸ਼ਰਮ ਆ ਜਾਂਦੀ ਸੀ । ਇਸ ਦੇ ਬਿਲਕੁਲ ਨਾਲ ਬੈਠਾ ਮੈਂ ਇਸ ਨੂੰ ਕਹਿ ਦਿੰਦਾ । ਪ੍ਰਵਾਹ ਨਾ ਕਰ । ਮੌਜ ਕਰ । ਜਦੋਂ ਸੁਰਾਂ ਕੱਢਦੇ ਰਾਗੀ ਗੁਰਬਾਣੀ ਦੀ ਮਿਠਾਸ ਨਾਲ ਪੰਡਾਲ ਭਰ ਦਿੰਦੇ ਤਾਂ ਇਹ ਰੋ ਪੈਂਦਾ । ਗੁਰਬਾਣੀ ਸੁਣਦਾ, ਜਾਂ ਉਂਜ ਦਿਲ ਭਰੇ ਤੋਂ ਰੋਂਦਾ ਤਾਂ ਮੈਨੂੰ ਇਸ 'ਤੇ ਬੜਾ ਤਰਸ ਆਉਂਦਾ । ਮੈਨੂੰ ਲੱਗਦਾ ਕਿ ਇਹ ਮੇਰੇ ਕਰਕੇ ਰੋਦਾਂ । ਮੈਂ ਏਹਦਾ ਖਹਿੜਾ ਨੀਂ ਨਾ ਛੱਡਦਾ । ਮੈਨੂੰ ਸੌ ਕੰਮ ਨੇ ਰੋਜ਼ ਦੇ । ਕਿਵੇਂ ਕਰਾਂ ਇਸ ਤੋਂ ਬਗੈਰ । ਜਿੰਨੇ ਮੈਂ ਕੰਮ ਕਰਨੇ ਹਨ ਉਸ ਦੇ ਮੁਕਾਬਲੇ ਮੇਰੇ ਕੋਲ ਸਮਾਂ ਕਿਤੇ ਘੱਟ ਹੁੰਦਾ । ਤਾਂ ਹੀ ਤਾਂ ਦੁਨੀਆ ਨੂੰ ਮੁੱਠ ਵਿੱਚ ਲੈਣ ਲਈ ਮੈਂ ਇਸ ਨੂੰ ਮੋਬਾਇਲ ਦੁਆ ਦਿੱਤਾ ਸੀ ...

...ਤੇ ਸੀਟੀਆਂ ਵੱਜ ਗਈਆਂ ਸਨ । ਸੁਆਰੀਆਂ ਦਗੜ ਦਗੜ ਕਰਦੀਆਂ ਦੁਬਾਰਾ ਬੱਸ ਵਿੱਚ ਭਰ ਗਈਆਂ । ਕੰਡਮ ਬੱਸ ਫੇਰ ਤੁਰ ਪਈ । ਸ਼ਬਦ ਅਧੂਰਾ ਈ ਰਹਿ ਗਿਆ । ਗੁਰਬਾਣੀ ਦੇ ਰਸ ਤੋਂ ਟੁੱਟਣ ਦਾ ਮੈਨੂੰ ਵੀ ਬੜਾ ਦੁੱਖ ਸੀ । ਮੈਂ ਇਸ ਨੂੰ ਕਿਹਾ: ''ਕਿੰਨਾ ਚੰਗਾ ਹੋਵੇ ਜੇ ਆਪਾਂ ਆਪਣੀਆਂ ਕੈਸਟਾਂ ਲੈ ਲਈਏ... ਏਦੂੰ ਵੀ ਚੰਗਾ ਜੇ ਆਪਾਂ ਕਾਰ ਲੈ ਕੇ ਵਿੱਚ ਸਟੀਰੀਓ ਲਾਈਏ... ਕਾਰ... ਮਰੂਤੀ... ਕਾਰ ਵਿੱਚ ਗੁਰਬਾਣੀ ਹੋਰ ਵਧੀਆ ਸੁਣੂ । ਜਿੰਨੀ ਮਰਜੀ ਸੁਣੀ ਜਾਈਂ... ਕਿਆ ਖ਼ਿਆਲ ਐ'', ਇਹ ਆਪਣੀ ਦਾੜ੍ਹੀ 'ਚ ਹੱਥ ਫੇਰੀ ਜਾਵੇ...

... ਹਾਂ ਕਦੇ ਹੁੰਦਾ ਸੀ । ਪਰ ਹੁਣ ਇਹ ਅਕਲੋਂ, ਸ਼ਕਲੋਂ ਪੂਰਾ ਸਿੱਖ ਨਹੀਂ । ਸ਼ਰਾਬ, ਸਿਗਰਟਾਂ... ਕੋਈ ਘੱਟ ਹੀ ਐਬ ਬਚਦਾ ਜਿਹੜਾ ਮੇਰੀ ਬਦੌਲਤ ਇਸ ਨੂੰ ਨਾ ਲੱਗਿਆ ਹੋਵੇ । ਮੈਂ ਆਪ ਤਾਂ ਫ਼ਿਜੀਕਲੀ ਕੁੱਝ ਕਰ ਨਹੀਂ ਸਕਦਾ । ਮੈਨੂੰ ਤਾਂ ਇਸੇ ਦੀ ਲੋੜ ਐ । ਹੁਣ ਇਹ ਮੇਰੀ ਮਜਬੂਰੀ ਐ । ਇਸ ਦੀ ਮੇਰੇ ਪ੍ਰਤੀ ਭਗਤੀ ਐ... ਗੁਲਾਮੀ... ਜਾਂ ਕੁੱਝ ਵੀ । ਇਸ ਉਮਰੇ ਝੂਠ ਕਾਹਨੂੰ ਬੋਲਣਾ... ਅੱਧੀ ਤੋਂ ਵੱਧ ਲੰਘ ਗਈ... ਇਸ ਦਾ ਮੇਰੇ ਬਗ਼ੈਰ ਸਰ ਸਕਦਾ ਸੀ ਜੇ ਇਹ ਚਾਹੁੰਦਾ ਪਰ ਮੇਰਾ ਇਸ ਤੋਂ ਬਿਨਾਂ ਕੁੱਝ ਨਹੀਂ ਸੀ ਬਣਨਾ । ਮੈਂ ਇਸ ਨੂੰ ਮੌਜਾਂ ਕਰਦੇ ਦੇਖ ਦੇਖ ਕੇ ਈ ਸੁਆਦ ਲਈ ਜਾਂਦਾ । ਮੈਂ ਇਸ ਨੂੰ ਫੁੱਲ ਐਸ਼ ਕਰਾਈ ... ਤਾਂ ਵੀ ਸਭ ਤੋਂ ਵੱਧ ਦੁੱਖੀ ਇਹ ਮੇਰੇ ਤੋਂ ਐ । ਕਿਓਂਕਿ ਮੈਂ ਅਪਾਹਜ ਹਾਂ । ਸਾਰੀ ਉਮਰ ਇਹ ਮੇਰਾ ਬੋਝਾ ਢੋਂਦਾ ਹੱਫ਼ ਗਿਆ । ਜਦ ਕਦੇ ਇਸ ਨੂੰ ਮੇਰੇ ਬਿਜ਼ਨਸ ਦੇ ਰੁਝੇਵਿਆਂ ਤੋਂ ਵਿਹਲ ਮਿਲੇ, ਇਕੱਲਾ ਹੋਵੇ, ਤਾਂ ਮੇਰੇ ਨਾਲ ਲੜਨ ਵੀ ਲੱਗ ਪੈਂਦਾ । ਕਈ ਵਾਰ ਮੈਨੂੰ ਢੱਠੇ ਖੂਹ 'ਚ ਸਿੱਟਣ ਨੂੰ ਤਿਆਰ ਹੋ ਜਾਂਦਾ । ਸਾਡੇ ਵਿਚਕਾਰ ਛੋਟਾ ਜਿਹਾ, ਮਾਮੂਲੀ... ਕੇਵਲ ਨਾਂ ਦਾ... ਯੁੱਧ ਛਿੜ ਜਾਂਦਾ । ਹੋਰ ਮੈਂ ਕਿਤੇ ਲੜਾਈ ਲੜਨ ਜੋਗਾਂ ...ਤਾਂ ਵੀ ਮੇਰੇ ਕੋਲ ਇਸ ਤੋਂ ਕਿਤੇ ਵੱਧ ਜੁਗਤਾਂ ਹਨ । ਜੇ ਇਹ ਬਹੁਤਾ ਗਰਮ ਹੋਵੇ ਤਾਂ ਮੈਂ ਕਿਸੇ ਚੰਗੇ ਫ਼ੌਜੀ ਕਮਾਂਡਰ ਵਾਂਗ ਇਸ ਨੂੰ ਆਪਣਾ ਅਸਲਾ ਫ਼ਜੂਲ ਹੀ ਫੂਕੀ ਜਾਣ ਦਿੰਦਾਂ... ਪਰ ਇਹ ਵੀ ਪੱਕੀ ਗੱਲ ਐ ਕਿ ਇਹ ਕਦੇ ਮੈਥੋਂ ਜਿੱਤ ਨਹੀਂ ਸਕਦਾ ... ਤੇ ਹਮੇਸ਼ਾ ਹਾਰਦਾ ਆਇਆ ਐ । ਭਾਂਵੇ ਮੈਂ ਅਪਾਹਜ ਹਾਂ ਪਰ ਮੇਰੀ ਤੂਤੀ ਬਹੁਤ ਤੇਜ਼ ਐ । ਮੈਂ ਇਸ ਦੇ ਪਿੰਡੇ 'ਤੇ, ਜੀਭ 'ਤੇ... ਹੋਰ ਇੰਦਰੀਆਂ 'ਤੇ ਹੌਲੀ ਹੌਲੀ ਖਾਜ ਕਰਦਾ ਰਹਿੰਦਾ ਹਾਂ... ਗੱਲਾਂ ਗੱਲਾਂ ਵਿੱਚ ਹਰ ਬਖਤ ਏਹਦੀ... ਸਾਰੀ ਦੁਨੀਆ ਈ ਮਤਲਬ ਨੂੰ ਪੂਚ ਪੂਚ ਕਰਦੀ ਐ ਇੱਕ ਦੂਜੇ ਦੀ... ਸਭ ਨੂੰ ਘਾਸ ਪਈ ਹੋਈ ਐ... ਖਾਜ ਕਰਨ ਤੇ ਕਰਾਉਣ ਦੀ । ਆਪਣਾ ਬਿਜ਼ਨਸ ਵੀ ਇਹੋ ਜਿਹਾ...ਤਾਂ ਵੀ ਵਾਹ ਲੱਗਦੀ ਮੈਂ ਕਿਸੇ ਤੋਂ ਏਹਦੀ ਪਿੱਠ ਨਹੀਂ ਲੱਗਣ ਦਿੰਦਾ...

ਇਹ ਥੱਕਿਆ ਹੋਇਆ ਸੀ । ਪਤਾ ਨਹੀਂ ਊਂਈ ਮਚਲਾ ਸੀ । ਪਤਾ ਨਹੀਂ ਇਸ ਨੇ ਮੇਰੀ ਕਾਰ ਵਾਲੀ ਗੱਲ ਸੁਣੀ ਵੀ ਸੀ ਕਿ ਨਹੀਂ । ਮੈਂ ਫੇਰ ਇਸ ਦੇ ਡੰਡਾ ਦਿੱਤਾ ।

''ਸੁਣਿਆ? ਕਾਰ!''

''ਕਿਹੜੀ ਕਾਰ''

''ਮਰੂਤੀ ''

''ਹਾਂ, ਲਵਾਂਗੇ । ਜ਼ਰੂਰ ਲਵਾਂਗੇ''

ਇਹ ਮੰਨਣ ਹੀ ਵਾਲਾ ਸੀ । ਮੇਰੀ ਗੱਲ ਇਹ ਮੋੜ ਨਹੀਂ ਸਕਦਾ । ਮੈਂ ਆਪਣੀ ਮਰਜੀ ਦਾ ਕੰਮ ਕਰਾਉਂਦਾ ਇਸ ਤੋਂ... ਮੇਰਾ ਆਪਣਾ ਬਥੇਰਾ ਜੀਅ ਟਪੂਸੀਆਂ ਮਾਰਦਾ ਸੀ ਗੱਡੀ 'ਚ ਝਾਂਟੀ ਲੈਣ ਨੂੰ ... ਮੈਂ ਜਾਣ ਬੁੱਝ ਕੇ ਇਸ ਨੂੰ ਇਹ ਨਹੀਂ ਸੀ ਦੱਸਿਆ ਕਿ ਕਾਰ ਨਗਦ ਪੈਸਿਆਂ ਦੀ ਆਉਣੀ ਐ । ਖੜ੍ਹੀ ਕਾਰ ਦੇ ਖਰਚੇ ਹੀ ਨਹੀਂ ਮਾਣ... ਪੈਟਰੋਲ, ਆਇਲ, ਬੀਮਾ, ਸਰਵਿਸ । ਫਿਰ ਉੱਤੋਂ ਮੈਂ ਇਸ ਨੂੰ ਤੇ ਕਾਰ ਨੂੰ ਕੰਮ ਲਾਈ ਰੱਖਣਾ ਸੀ । ਵੱਡੀ ਗੱਲ ਜਿਹੜੀ ਮੈਂ ਮੌਕੇ ਦੇ ਮੌਕੇ ਇਸ ਤੋਂ ਲੁਕੋ ਲਈ ਉਹ ਇਹ ਸੀ ਕਿ ਇਸ ਨੂੰ ਕਾਰ ਚਲਾਉਣੀ ਵੀ ਨਹੀਂ ਸੀ ਆਉਂਦੀ । ਮੈਂ ਇਸ ਨੂੰ ਉਹੀ ਗੱਲ ਦੱਸੀ ਜਿਹੜੀ ਮੈਨੂੰ ਤੇ ਇਸ ਨੂੰ ਪੁੱਗਦੀ, ਵਧੀਆ ਲੱਗਦੀ ਸੀ । ਇਹ ਸੁਣਨਾ ਵੀ ਇਹੀ ਚਾਹੁੰਦਾ ਸੀ ।

''ਤੈਨੂੰ ਵੀ ਸੌਖ ਹੋ ਜੂ । ਤੂੰ ਮਰੂਤੀ 'ਚ ਘੁੰਮੀ । ਟੌਅਰ ਬਣੂੰ ਤੇਰੀ ।''

''ਮਰੂਤੀ ਤਾਂ ਹੁਣ ਹਰੇਕ ਲਈ ਫਿਰਦਾ''

ਮੈਨੂੰ ਪਤਾ ਕਿ ਮੇਰੀਆਂ ਗੱਲਾਂ 'ਚ ਆ ਕੇ ਇਸ ਨੇ ਵਧੀਆ ਜਿੰਦਗੀ ਦੀ ਉਮੀਦ ਵਿੱਚ ਬੜੇ ਉੱਚੇ ਸੁਪਨੇ ਸਿਰਜੇ ਸਨ । ...ਚੰਗੀ ਸਿਹਤ ...ਸੋਹਣੀ ਕੁੜੀ ਨਾਲ ਪਿਆਰ ... ਵਧੀਆ ਪੜ੍ਹਾਈ ਨੌਕਰੀ ...ਉਂਜ ਇਸ ਦੀਆਂ ਵਫ਼ਾਈਆਂ, ਬੇਵਫ਼ਾਈਆਂ ਤੇ ਬੇਰੁਜ਼ਗਾਰੀਆਂ, ਬੇਇੱਜ਼ਤੀਆਂ ਤੇ ਬੇਰੁੱਖੀਆਂ ਦਾ ਇਤਿਹਾਸ ਦੱਸਣ ਲੱਗਾਂ ਤਾਂ ਸੁਣਦੇ ਸਭ ਹੱਸ ਪੈਣ । ਕੁੜੀ ਤਾਂ ੲ੍ਹੀਦੇ 'ਤੇ ਕੋਈ ਨੀਂ ਮਰੀ ਪਰ ਇਹ ਆਪ ਕਿੰਨੀ ਵਾਰੀ ਮਰ ਗਿਆ ਸੀ... ਮਰਨ ਵਾਲਾ ਹੀ ਹੋ ਗਿਆ ਸੀ । ਹਰ ਬਾਰ ਮੈਂ ਹੀ ਇਸ ਨੂੰ ਕੰਡੇ 'ਤੇ ਕਰੀ ਰੱਖਿਆ... ਦੇਖੇ ਸਾਰ ਕੇ ਮੇਰੇ ਬਗੈਰ । ਇਸ ਦੀ ਸ਼ਕਲ ਬਦਲ ਗਈ । ਵਿਗੜ ਗਈ । ਇਹ ਨਵੀਂ ਚੀਜ਼ ਬਣ ਗਿਆ । ਮੈਂ ਮਨੋਵਿਗਿਆਨ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ । ਮੈਂ ਸਮਝਾਇਆ ਕਿ ਪਿਆਰ ਕਰਨਾ ਆਪਣੀ ਹੈਸੀਅਤ ਹਸਤੀ ਨੂੰ ਖ਼ੁਦ ਹੀ ਨੇਸਤਾਨਾਬੂਦ ਕਰ ਦੇਣ ਦਾ ਅਮਲ ਹੁੰਦਾ ਐ ਤੇ ਨਸ਼ਟ ਹੋਣ ਤੋਂ ਬਾਅਦ ਇੱਕ ਹੋਰ ਨਵੀਂ ਹਸਤੀ ਜਨਮ ਲੈਂਦੀ ਐ ਜੋ ਪਹਿਲਾਂ ਨਾਲੋਂ ਵੱਖਰੀ ਹੁੰਦੀ ਐ । ਬਥੇਰਾ ਟਿਕਾਇਆ ਤਾਂ ਵੀ ਇਹ ਕਾਫ਼ੀ ਕੰਡਮ ਹੋ ਗਿਆ ਸੀ । ਥੋੜ੍ਹਾ ਜਿਹਾ ਅਪਾਹਜ... ਨਹੀਂ... ਨਹੀਂ ਮੇਰੇ ਵਰਗਾ ਅਪਾਹਜ ਨਹੀਂ । ਮੈਂ ਤਾਂ ਬਿਲਕੁਲ ਅਪਾਹਜ ਹਾਂ । ਇਸੇ ਦੇ ਸਹਾਰੇ ਆਂ । ਮੈਂ ਤਾਂ ਸਮਝੋ ਇਸ ਦੇ ਨਾਲ ਵਿਆਹ ਹੀ ਕਰਾਇਆ ਹੋਇਆ...ਤਾਂ ਵੀ ਇਸ ਦੀ ਬੀਵੀ ਐ ...ਬੱਚੇ ਹਨ ... ਉਹ ਕਦੇ ਮੇਰੇ ਬਾਰੇ ਚਿੰਤਾ ਨਹੀਂ ਕਰਦੇ । ਕਦੇ ਕਦੇ ਮੇਰੀਆਂ ਬੁੱਤੀਆਂ ਸਾਰਦਾ ਇਹ ਬੀਵੀ ਬੱਚਿਆਂ ਨਾਲ ਲੜ ਪੈਂਦਾ ਤਾਂ ਵੀ ਸਾਡਾ ਸੋਹਣਾ ਟਾਇਮ ਪਾਸ ਹੋਈ ਗਿਆ । ਇਸ ਦੇ ਬੱਚੇ ਬੜੇ ਖੁਸ਼ ਹੋਏ ਕਿ ਮੈਂ ਇਸ ਨੂੰ ਮਰੂਤੀ ਲੈਣ ਦੀ ਸਲਾਹ ਦੇ ਦਿੱਤੀ ਸੀ । ਫਿਰ ਜਿਹੜੀ ਗੱਲ ਮੈਂ ਏਸ ਤੋਂ ਲੁਕੋ ਲਈ ਸੀ ਉਹ ਦੂਸਰੇ ਦਿਨ ਹੀ ਸ੍ਹਾਮਣੇ ਆ ਗਈ । ਇਹ ਲੱਗਾ ਬੈਕਾਂ ਦੀਆਂ ਕਾਪੀਆਂ ਫੋਲਣ । ਫੋਲ ਕੇ ਰੱਖ ਦਿੱਤੀਆਂ । ਇਸ ਨੂੰ ਚੁੱਪ ਬੈਠਾ ਦੇਖ ਮੈਂ ਆਪਣੀ ਆਈ 'ਤੇ ਆ ਗਿਆ । ਪ੍ਰਵਾਹ ਨਾ ਕਰ । ਮੈਂ ਆਪੇ ਤੈਨੂੰ ਗੁਰ ਦੱਸ ਦੇਣਾ ।

''ਦੱਸ''

''ਤੂੰ ਸੈਕਿੰਡ ਹੈਂਡ ਮਰੂਤੀ ਲੈ ਲੈ''

ਪਰ ਮੈਨੂੰ ਪਤਾ ਸੀ ਕਿ ਇਹ ਕਦੇ ਨਹੀਂ ਮੰਨਣ ਲੱਗਾ । ਅਸੀਂ ਦੇਖਣ ਵੀ ਗਏ ਸੈਕਿੰਡ ਹੈਂਡ ਮਰੂਤੀ । ਪਰ ਇਹ ਮੰਨਿਆ ਨਹੀਂ । ਮੈਨੂੰ ਪਤਾ ਸੀ ਕਿ ਇਸ ਨੇ ਨਹੀਂ ਮੰਨਣਾ । ਵੱਡੀ ਗੱਲ ਮੈਂ ਵੀ ਨਹੀਂ ਸੀ ਮੰਨਣਾ । ਮੈਨੂੰ ਹਮੇਸ਼ਾ ਨਵੇਂ ਸ਼ੌਕ, ਨਵੀਂਆਂ ਚੀਜ਼ਾਂ ਪਸੰਦ ਆਉਂਦੀਆਂ । ਉਹ ਤਾਂ ਮੈਂ ਇਸ ਨੂੰ ਪੌੜੀ ਦਾ ਪਹਿਲਾ ਡੰਡਾ ਚੜ੍ਹਾਉਂਦਾ ਸੀ । ਫੇਰ ਈਹਨੇ ਆਪੇ ਚੜ੍ਹੀ ਜਾਣਾ ਸੀ । ਉਹੀ ਗੱਲ ਹੋਈ । ਵਾਪਸ ਆ ਕੇ ਇਹ ਫੇਰ ਕੈਲਕੂਲੇਟਰ ਲੈ ਕੇ ਬਹਿ ਗਿਆ ਤੇ ਮੈਨੂੰ ਕਹਿੰਦਾ:

''ਐਸ ਵੇਲੇ ਨਵੀਂ ਕਾਰ ਲਈ ਦੋ ਲੱਖ ਵੀਹ ਹਜ਼ਾਰ ਚਾਹੀਦਾ । ਬਸ! ਆਪਣੇ ਕੋਲ ਢਾਈ ਐ''

ਮੈਂ ਕਿਹਾ : ਦੇਖਿਆ ਬਣ ਗਿਆ ਨਾ ਕੰਮ!!

ਉਸ ਦਿਨ ਅਚਾਨਕ ਇਸ ਦਾ ਇੱਕ ਸਾਲਾ ਵੀ ਆ ਗਿਆ । ਕਈ ਸਾਲੇ ਨੇ ਇਸ ਦੇ । ਉਂਜ ਮੈਂ ਇਸ ਦਾ ਸਾਲਾ ਵੀ ਆਂ ਕਿਓਂਕਿ ਕਦੇ ਕਦੇ ਮੈਥੋਂ ਕਾਣਤਿਆ ਇਹ ਮੈਨੂੰ ਸਾਲਾ ਕਹਿ ਕੇ ਗਾਲ਼ ਕੱਢ ਦਿੰਦਾ । ਬੱਚੇ ਛਾਲਾਂ ਮਾਰਨ । ਮਾਮੇ ਨਾਲ ਨਾਨਕੇ ਜਾਣਾ । ਉਹ ਵੀ ਕਾਰ ਵਿੱਚ । ਪਹਿਲੀ ਵਾਰ ।

''ਡੈਡੀ ਗਾੜੀ ਕਹਾਂ ਹੈ । ਹਮ ਤੋ ਗਾੜੀ ਮੇਂ ਜਾਏਾਗੇ ।''

ਐਂ ਮੈਂ ਇਸ ਨੂੰ ਫਸਾ ਦਿੰਦਾ । ਪਹਿਲਾ ਡੰਡਾ ਚੜਿ੍ਹਆ, ਫਿਰ ਦੂਜਾ... ਤੀਜਾ... ਤੇ ਮੈਨੂੰ ਕਹਿੰਦਾ,

''ਚੱਲ''

''ਕਿੱਥੇ''

''ਕਾਰ ਲੈਣ''

''ਪੁਰਾਣੀ? ਕਿ ਨਵੀਂ ''

''ਨਹੀਂ ਓਏ ... ਨਵੀਂ! ''

ਇਹ ਤੇ ਮੈਂ । ਫਿਰ ਮੈਂ ਇਸ ਨੂੰ ਹੌਲੀ ਦੇ ਕੇ ਸਮਝਾਇਆ ਕਿ ਆਪਣੇ ਸਾਲੇ ਨੂੰ ਵੀ ਨਾਲ ਲੈ ਚੱਲ । ਏਹਦਾ ਵੀ ਇੱਕ ਰਾਜ਼ ਸੀ । ਮੈਨੂੰ ਪਤਾ ਸੀ ਕਿ ਇਸ ਨੂੰ ਕਾਰ ਚਲਾਉਣੀ ਨਹੀਂ ਆਉਂਦੀ । ਨਾ ਇਸ ਦੇ ਕੋਲੇ ਲਾਇਸੰਸ । ਅਸੀਂ ਸਾਰੇ ਭੱਜੇ ਬੈਂਕਾਂ ਨੂੰ । ਨਕਦ ਪੈਸੇ ਕਢਾ ਕਢਾ ਇਹ ਕੋਟ ਦੀਆਂ ਜੇਬਾਂ 'ਚ ਤੁੰਨੀ ਗਿਆ ਤੇ ਬੱਸ... ਚਲ ਪਏ । ਬਣ ਗਿਆ ਨਾ ਕੰਮ... ਮੈਨੂੰ ਆਹ ਗਏ ਗੁਜ਼ਰੇ ਅਪਾਹਜ ਨੂੰ ਕਿੰਨਾ ਪਿਆਰ ਕਰਦਾ । ਮੈਂ ਖੁਸ਼ ਹੋ ਗਿਆ । ਜਿਸ ਨੂੰ ਵੀ ਇਹ ਪਿਆਰ ਕਰਦਾ ਉਹ ਕਿਸੇ ਅੱਤਵਾਦੀ ਵਰਗਾ ਪਿਆਰ ਹੁੰਦਾ... ਮੈਂ ਊਈਂ ਤਾਂ ਨਹੀਂ ਕਿਹਾ ਸੀ ਕਿ ਮੈਂ ਇਸ ਨੂੰ ਮਰੂਤੀ ਕਾਰ ਲੈ ਕੇ ਦਿੱਤੀ...

... ਨਵੀਂ ਮਰੂਤੀ ਡੀਲਰ ਦੇ ਗੇਟ ਤੋਂ ਬਾਹਰ ਆ ਗਈ । ਕੋਈ ਬੰਦਾ ਇਸ ਨੂੰ ਸਮਝਾਵੇ ਕਿ ਗੱਡੀ ਦਾ ਕੀ ਕੀ ਖ਼ਿਆਲ ਰੱਖਣਾ । ਗੇਅਰ ਪਾਉਣ ਤੋਂ ਪਹਿਲਾਂ ਪੈਨਲ 'ਤੇ ਕੋਈ ਰੈੱਡ ਸਿਗਨਲ ਨਹੀਂ ਹੋਣਾ ਚਾਹੀਦਾ । ਮੈਂ ਹੱਸਿਆ । ਇਹ ਮੇਰੇ ਵੱਲ ਝਾਕੇ । ਮੈਂ ਖੁਸ਼ੀ ਵਿੱਚ ਹੱਸੀ ਜਾਵਾਂ । ਇੱਕ ਹੋਰ ਕਰਿੰਦਾ ਇਸ ਨੂੰ ਨਮਸਕਾਰ ਕਰੇ । ਚਾਬੀਆਂ ਫੜਾਵੇ । ਇਸ ਨੂੰ ਆਵੇ ਕੁੱਝ ਨਾ । ਮੈਨੂੰ ਏਹਦੇ 'ਤੇ ਤਰਸ ਆਇਆ । 'ਚਾਬੀਆਂ ਲੈ ਕੇ ਆਪਣੇ ਸਾਲੇ ਨੂੰ ਫੜਾ ਦੇ' । ਹੁਣ ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਦੇ ਨੌਜੁਆਨ ਸਾਲੇ ਨੂੰ ਵੀ ਗੱਡੀ ਪੂਰੀ ਤਰਾਂ ਚਲਾਉਣੀ ਨਹੀਂ ਸੀ ਆਉਂਦੀ । ਭਾਵੇਂ ਉਸ ਕੋਲ 'ਲਸੰਸ' ਹੈ ਸੀ ।

ਹੁਣ ਅਸੀਂ ਤਿੰਨੇ ਜਮ੍ਹਾਂ ਈ ਫਸ ਗਏ । ਕਿਸੇ ਨੂੰ ਦੱਸਣ ਜੋਗੇ ਨਹੀਂ । ਮੈਂ ਫਿਰ ਇਸ ਨੂੰ ਕਿਹਾ ਕਿ ਆਪਣੇ ਸਾਲੇ ਨੂੰ ਕਹਿ ਕਿ ਗੱਡੀ ਚਲਾਵੇ । ਬਸ... ਤੇ ਪਹਿਲਾ ਗੇਅਰ ਪਾ ਕੇ ਪਹਿਲਾਂ ਪੈਟਰੋਲ ਪੰਪ 'ਤੇ ਲੈ ਗਏ । ਤੇਲ ਫੁੱਲ ਕਰਾਇਆ । ਫਿਰ ਗੱਡੀ ਹੌਲੀ ਹੌਲੀ ਸੜਕ ਦੇ ਨਾਲ ਨਾਲ ਲਿਆਂਦੀ । ਘਰ ਦੇ ਬਾਹਰ ਗਰਾਉਂਡ ਵਿੱਚ ਖੜ੍ਹੀ ਕਰ ਕੇ ਲੌਕ ਕਰ ਦਿੱਤੀ । ਘਰ ਵਿੱਚ ਰੌਲਾ ਪੈਂਦਾ ਰਿਹਾ । ਸਾਡੀ ਤਾਂ ਦੋਹਾਂ ਦੀ ਬੱਸ ਹੋਈ ਪਈ ਸੀ । ਲੰਮੇ ਪੈ ਗਏ ਬੈੱਡ 'ਤੇ...

...ਹੋ ਗਏ ਨਾ ਗੱਡੀ ਵਾਲੇ । ਹੁਣ ਮੈਂ ਚੱਕੂੰ ਫੱਟੇ । ਹੁਣ ਕਰਾਂਗੇ ਕਮਾਈ ਦਬੱਲ ਕੇ । ਚੱਲ ਬਠਿੰਡੇ, ਚੱਲ ਪਟਿਆਲੇ । ਪਹਿਲਾ ਗੇਅਰ ...ਦੂਜਾ... ਤੀਜਾ... ਦੋ ਮਹੀਨੇ ਬਾਅਦ ਇਹ ਗੱਡੀ ਚਲਾਉਣ ਵਿੱਚ ਪੂਰਾ ਟਰੇਂਡ ਹੋ ਗਿਆ । ਹੋਰ ਚਲਾ ਤੇਜ਼ । ਸੱਠ ਦੀ ਸਪੀਡ? ਸੱਠ ਦੀ ਵੀ ਕੋਈ ਸਪੀਡ ਹੁੰਦੀ ਐ! ਤੇਜ਼ ਕਰ । ਜੇ ਸੱਠ ਦੀ ਸਪੀਡ 'ਤੇ ਚਲਾਉਣੀ ਐ, ਫੇਰ ਬੱਸ ਮਾੜੀ ਸੀ । ਐਨਾ ਪੈਸਾ ਲਾਇਆ । ਤੇਲ ਦਾ ਖ਼ਰਚ ਰੋਜ਼ ਦਾ । ਫਿਰ ਇਸ ਦਾ ਖਰਚ... ਦਾਰੂ... ਮੁਰਗੇ ਦਾ ਵੱਖਰਾ । ਜੇ ਟਾਈਮ ਵੀ ਨਾ ਬਚਾਇਆ ਤਾਂ ਫਿਰ ਗੱਡੀ ਕਾਹਨੂੰ ਰੱਖਣੀ । ਬੱਸ ਵਿੱਚ ਤਿੰਨ ਵਾਲੀ ਸੀਟ 'ਤੇ ਇਕੱਲੇ ਬਹਿ ਕੇ ਪੜੋ 'ਇੰਡਿਆ ਟੂਡੇ', ' ਦ ਟਾਇਮ ' ...

ਛੇ ਮਹੀਨੇ ਬਾਅਦ ਜਦੋਂ ਗੱਡੀ ਅਠਾਰਾਂ ਹਜ਼ਾਰ ਤੋਂ ਵੱਧ ਚੱਲ ਗਈ ਤਾਂ ਅਸੀਂ ਸਲਾਹ ਕਰ ਕੇ ਮਰੂਤੀ ਵਿੱਚ ਪੰਜਵਾਂ ਗੇਅਰ ਪੁਆ ਲਿਆ । ਸੌ ਦੀ ਸਪੀਡ 'ਤੇ ਤਾਂ ਚੱਲੇ । ਜਦੋਂ ਗੱਡੀ ਵਰਕਸ਼ਾਪ ਤੋਂ ਬਾਹਰ ਨਿਕਲੀ ਤਾਂ ਵਰਕਸ ਮੈਨੇਜਰ ਏਹਨੂੰ ਕਹਿੰਦਾ:

''ਸਰ, ਅੱਸੀ ਦੀ ਸਪੀਡ ਤੋਂ ਵੱਧ ਨਾ ਚਲਾਇਓ । ਤੁਹਾਡੀ ਗੱਡੀ ਛੋਟੀ ਐ । ਵਧੀਆ ਐ ਹੁਣ । ਜੇ ਵੱਡੀਆਂ ਗੱਡੀਆਂ ਮਗਰ ਸੌ ਇੱਕ ਸੌ ਵੀਹ ਦੀ ਸਪੀਡ 'ਤੇ ਭਜਾਓਂਗੇ ਤਾਂ ਇਸ ਨੇ ਛੇਤੀ ਖੜਕ ਜਾਣਾ ।''

ਪਰ ਮੈਂ ਐਨਾ ਕਾਹਲਾ ਪਤਾ ਨਹੀਂ ਕਿਉਂ ਹਾਂ? ਮੈਂ ਇਸ ਨੂੰ ਵਰਕਸ ਮੈਨੇਜਰ ਦੀ ਗੱਲ ਯਾਦ ਹੀ ਨਹੀਂ ਰਹਿਣ ਦਿੰਦਾ । ਸਲਾਹ ਦਿੱਤੀ । ਖੜਕ ਕਿਵੇਂ ਜਾਊ । ਆਪਾਂ ਗੱਡੀ ਦੀ ਸਮੇਂ ਸਮੇਂ ਸਿਰ ਸਰਵਿਸ ਕਰਾਂਵਾਗੇ । ਤੂੰ ਦੱਬੀ ਚੱਲ... ਲਾ ਦੇ ਗੁਰਬਾਣੀ ਦੀ ਕੈਸਟ...

... ਇੱਕ ਵਾਰੀ ਗੁਰਬਾਣੀ ਦੀ ਲੋਰ ਵਿੱਚ ਇਹ ਭੁੱਲ ਹੀ ਗਿਆ ਕਿ ਗੱਡੀ ਸੌ ਦੀ ਸਪੀਡ 'ਤੇ ਜਾ ਰਹੀ ਸੀ ਤੇ ਮੂਹਰੇ ਟਰੱਕ ਬਰੇਕਾਂ ਮਾਰ ਰਿਹਾ ਸੀ । ਮੈਂ ਡਰ ਗਿਆ । ਇਹ ਵੀ ਘਬਰਾ ਗਿਆ । ਬਰੇਕਾਂ ਧਰਤੀ 'ਚ ਗੱਡ ਦਿੱਤੀਆਂ । ਸੜਕ 'ਤੇ ਲੁੱਕ ਵਿੱਚ ਘਾਸ ਪੈ ਗਈ... ਪਰ ਬਚ ਗਏ । ਐਦਾਂ ਹੀ ਇੱਕ ਵਾਰ ਇਸ ਨੇ ਯਾਰਾਂ ਦੋਸਤਾਂ ਵਿੱਚ ਬੈਠੇ ਪੰਜਵਾਂ ਬੜਾ ਪੈੱਗ ਵੀ ਚੁੱਕ ਲਿਆ ਤੇ ਗੱਡੀ ਸਰਕਾਰੀ ਅੰਬੈਸਡਰ ਵਿੱਚ ਮਾਰ ਦਿੱਤੀ । ਕਾਰਬਰੇਟਰ ਟੁੱਟ ਗਿਆ । ਬੋਨਟ ਨੇ ਮੂੰਹ ਅੱਡ ਲਿਆ । ਇਸ ਦੀ ਪੀਤੀ ਤਾਂ ਉਤਰਨੀ ਹੀ ਸੀ । ਘਬਰਾ ਕੇ ਚਿਹਰਾ ਵੀ ਉਤਰ ਗਿਆ । ਸਰਕਾਰੀ ਅਫ਼ਸਰਾਂ ਨਾਲ ਇਸ ਦੀ ਜਾਣ ਪਛਾਣ ਸੀ । ਚਲੋ ਉੱਥੋਂ ਤਾਂ ਛੁੱਟ ਗਏ । ਪਰ ਗੱਡੀ ਵਰਕਸ਼ਾਪ ਲਾਉਣੀ ਪਈ । ਜਦੋਂ ਗੱਡੀ ਵਰਕਸ਼ਾਪ ਤੋਂ ਮੁੜੀ ਤਾਂ ਦਿਖੇ ਫਿੱਟ ਫ਼ਾਟ... ਦੂਸਰੇ ਦਿਨ ਪਤਾ ਲੱਗਿਆ ਕਿ ਗੱਡੀ ਦੇਖਣ ਨੂੰ ਤਾਂ ਉਵੇਂ ਦੀ ਹੀ ਬਣ ਗਈ ਪਰ ਹੈ ਨਹੀਂ... ਭਾਵੇਂ ਕਿ ਗੱਡੀ ਦੇ ਫਿੱਟ ਹੋਣ ਦਾ ਸਰਟੀਫਿਕੇਟ ਜਨਾਬ ਦੀ ਜੇਬ ਵਿੱਚ ਸੀ... ।

ਤਾਂ ਵੀ ਮੈਂ ਇਸ ਨੂੰ ਤੇ ਗੱਡੀ ਨੂੰ ਦੱਬੀ ਰੱਖਿਆ । ਮੇਰਾ ਬਿਜ਼ਨਸ ਹੀ ਇਹੋ ਜਿਹਾ...

...ਚੱਲ ਦਿੱਲੀ ਏਅਰਪੋਰਟ ਜਾਣਾ...ਪਾ ਪੰਜਵਾਂ, ਲੇਟ ਹੋ ਗਏ...ਭੱਜ, ਮੀਟਿੰਗ 'ਚ ਪਹੁੰਚਣਾ...ਲੇਟ ਹੋ ਜਾਵਾਂਗੇ... ਮੋਬਾਇਲ ਨਾ ਸੁਣੀ ਹੁਣ ਕਿਸੇ ਦਾ । ਗੱਡੀ ਵੱਜ ਜੂ । ਦਸ ਮਿੰਟ ਤੋਂ ਪਹਿਲਾਂ ਪਹਿਲਾਂ ਆਪਾਂ ਪਾਰਕ ਪਲਾਜਾ ਪਹੁੰਚਣਾ... ਰਾਤ ਹੋਗੀ । ਘਰ ਨੂੰ ਚੱਲ । ਲੇਟ ਹੋ ਗਏ... ਬੀਵੀ ਬੱਚੇ ਉਡੀਕਦੇ । ਚਾਰ ਫੋਨ ਆ ਲਏ...

...ਬੜੇ ਸੁਹਣੇ ਤਿੰਨ ਸਾਲ ਨਿਕਲ ਗਏ ।

... ਹੁਣ ਮਰੂਤੀ ਇੱਕ ਲੱਖ ਕਿੱਲੋਮੀਟਰ ਤੋਂ ਵੱਧ ਚੱਲ ਚੁੱਕੀ ਸੀ ।

... ਗੱਡੀ ਵਿੱਚ ਬੈਠੇ ਬੈਠੇ ਕਿਤੇ ਮੈਨੂੰ ਖ਼ਿਆਲ ਆਇਆ ਕਿ ਮੈਂ ਏਸ ਗਧੇ ਨੂੰ ਤੇਜੋ ਤੇਜ ਮਰੂਤੀ ਚਲਾਉਣ ਲਈ ਕਹੀ ਜਾਂਦਾਂ । ਇਹ ਸੀਟ ਉੱਤੇ ਬੈਠਾ ਗੇਅਰ ਪਾ ਕੇ ਰੇਸ ਦੱਬੀ ਜਾਂਦਾ ...ਜੇ ਕਿਤੇ ਵੱਡਾ ਗੰਭੀਰ ਐਕਸੀਡੈਂਟ ਹੋ ਜਾਵੇ ਤੇ ਸਾਨੂੰ ਸੱਟਾਂ ਲੱਗ ਜਾਣ । ਦਾਖਲ ਹੋਣਾ ਪਵੇ । ... ਖ਼ੂਨ ਦੀ ਲੋੜ ਪੈ ਜਾਵੇ...

''ਤੈਨੂੰ ਆਪਣਾ ਬਲੱਡ ਗਰੁੱਪ ਪਤਾ?''

'' ਨਹੀਂ ...''

''ਝੁੱਡੂ! ਮੋੜ ਗੱਡੀ । ਪਹਿਲਾਂ ਤੇਰਾ ਬਲੱਡ ਗਰੁੱਪ ਪਤਾ ਕਰੀਏ ।''

ਮੈਂ ਖੁਸ਼ ਹੋਇਆ ਕਿ ਇਸ ਦਾ ਬਲੱਡ ਗਰੁੱਪ ਵੀ ਮੇਰੇ ਵਾਲਾ ਹੀ ਨਿਕਲਿਆ । ਬੀ–ਪੌਜੇਟਿਵ । ਇਹ ਮੈਥੋਂ ਵੀ ਜ਼ੋਰ ਦੀ ਹੱਸਣ ਲੱਗਾ ਤਾਂ ਲੈਬ ਅਟੈਂਡੈਂਟ ਕਹਿੰਦਾ:

'' ਭਾਅ ਐਂਜ ਹੱਸਦੇ ਕਿਓਂ ਜੇ? ''

''ਬੀ–ਪੌਜੇਟਿਵ... ਨੈਗੇਟਿਵ ਤਾਂ ਨਹੀਂ ।''

'' ਐਹਦੇ 'ਚ ਹੱਸਣ ਵਾਲੀ ਗੱਲ ਕੋਈ ਨਹੀਂ ਜੇ ਹੈਗੀ । ਨਾਰਥ ਇੰਡਿਆ 'ਚ ਸੱਤਰ ਪਝੱਤਰ ਪਰਸੈਂਟ ਲੋਕਾਂ ਦਾ ਬਲੱਡ ਗਰੁੱਪ ਬੀ–ਪਾਜੇਟਿਵ ਈ ਆਉਂਦਾ... ਭਾਅ''

ਪਰ ਮੈਂ ਆਪਣਾ ਬਲੱਡ ਗਰੁੱਪ ਨਹੀਂ ਸੀ ਦੱਸਿਆ ਇਸ ਨੂੰ । ਠੱਗੀ ਤਾਂ ਮੈਨੂੰ ਲਾਓਣੀ ਆਉਂਦੀ ਐ । ਹਰੇਕ ਨਾਲ । ਪਰ ਇਸ ਦੇ ਨਾਲ ਬਾਕੀਆਂ ਤੋਂ ਵੱਧ ਧੱਕਾ ਕਰਦਾ । ਇਹ ਗੁਲਾਮ ਜੂ ਹੋਇਆ । ਮੈਂ ਮਲ੍ਹਕ ਦੇ ਕੇ ਕੋਈ ਪ੍ਰੋਗਰਾਮ ਬਣਾ ਲੈਂਦਾ ਤੇ ਇਸ ਨੂੰ ਕੰਮ 'ਤੇ ਲਾ ਦਿੰਦਾ । ਬੜੀ ਬਰੀਕੀ ਨਾਲ ਮੈਂ ਆਪਣਾ ਕੰਮ ਕਰਦਾ । ਚੋਰੀ ਚੋਰੀ । ਜਦੋਂ ਤੱਕ ਇਸ ਨੂੰ ਮੇਰੀ ਚਲਾਕੀ, ਠੱਗੀ ਦਾ ਪਤਾ ਲੱਗਦਾ ਉਦੋਂ ਤੱਕ ਕੰਮ ਹੋ ਲਿਆ ਹੁੰਦਾ । ਠੱਗੇ ਜਾਣ ਤੋਂ ਬਾਅਦ ਜਦ ਇਸ ਨੂੰ ਸਮਝ ਆਉਂਦੀ ਤਾਂ ਟੇਡੀ ਅੱਖ ਨਾਲ ਮੈਨੂੰ ਘੂਰਦਾ । ਪਰ ਮੇਰੇ ਮੂਹਰੇ ਬੋਲਦਾ ਨਹੀਂ । ਮੈਂ ਇਸ ਨੂੰ ਬੋਲਣ ਈ ਨੀਂ ਦਿੰਦਾ । ਇਸ ਦੀ ਕਿਆ ਮਜਾਲ । ਜੇ ਇਸ ਨੂੰ ਠੱਗੀ ਮੰਨੀਏ ਵੀ... ਤਾਂ ਠੱਗੀ ਵੀ ਮੈਂ ੲ੍ਹੀਦੇ ਕਰਕੇ ਲਾਉਂਦਾਂ । ਸਭ ਫ਼ਾਇਦੇ ਇਸ ਨੂੰ ਹੋਏ । ਟੌਅਰ ਏਸ ਦੀ ਬਣਦੀ ਰਹੀ । ਸਭ ਕੁੱਝ ਇਸ ਦੇ ਨਾਮ । ਮੈਂ ਕੀ ਲਿਆ?? ਮੈਨੂੰ ਤਾਂ ਊਈਂ ਆਦਤ ਪਈ ਹੋਈ ਐ ਫੁੱਦਕੀ ਜਾਣ ਦੀ ... ਨਾ ਬਹਿਣਾ, ਨਾ ਇਸ ਨੂੰ ਬਹਿਣ ਦੇਣਾ... ਬਹੁਤੀਆਂ ਅੜੀਆਂ ਕਰੇ ਤਾਂ ਝਿੜਕ ਵੀ ਦਿੰਦਾ:

''ਟਿਕਿਆ ਰਹਿ ਬੀਂਗੜ ਜਹੇ ''

ਜੇ ਇਹ ਮੈਨੂੰ ਬਹੁਤਾ ਤੰਗ ਕਰੇ ਤਾਂ ਕਈ ਵਾਰ ਮੈਂ ਇਸ ਨੂੰ ਚੋਂਦੀਆਂ ਚੋਂਦੀਆਂ ਵੀ ਸੁਣਾ ਦਿੰਦਾ:

'' ਮੈਂ ਤੇਰੇ ਡੰਡਾ ਦੇ ਦਊਂ ।''

ਇਹ ਫਿਰ ਟੇਡੀ ਅੱਖ ਨਾਲ ਮੈਨੂੰ ਰੁੱਸੇ ਹੋਏ ਬਾਲ ਵਾਂਗ ਝਾਕਦਾ:

''ਕਿੱਥੇ ਦਊਂਗਾ ਡੰਡਾ?''

ਮੇਰਾ ਭੜਕੇ ਹੋਏ ਦਾ ਇਹ ਬਕਣ ਨੂੰ ਜੀਅ ਕਰਦਾ: 'ਉੱਥੇ ਦਊਂ ਜਿੱਥੇ ਤੂੰ ਕਿਸੇ ਨੂੰ ਹੱਥ ਨੀਂ ਲਾਉਣ ਦਿੰਦਾ' ...ਫਿਰ ਸੋਚਿਆ ਐਨਾ ਮਨੋਵਿਗਿਆਨ ਪੜ੍ਹ ਕੇ, ਸਮਝ ਕੇ ਕਾਹਨੂੰ ਇਸ ਦੇ ਨਾਲ ਪਾਗਲ ਹੋਣਾ ।

ਕ੍ਰਿਸਮਿਸ ਵਾਲੇ ਦਿਨ ਤਾਂ ਮੇਰਾ ਪਾਰਾ ਚੜ੍ਹ ਗਿਆ । ਮੈਨੂੰ ਬਹੁਤ ਕਾਹਲੀ ਸੀ । ਮੂੰਹ ਨੇ੍ਹਰੇ ਈ ਮੈਨੂੰ ਇੱਕ ਸਕੀਮ ਸੁੱਝ ਪਈ । ਮੈਥੋਂ ਕਿੱਥੇ ਟਿੱਕ ਹੋਵੇ । ਮੈਂ ਇਸ ਨੂੰ ਹੁਕਮ ਦੇ ਦਿੱਤਾ, ''ਉੱਠ, ਛੇਤੀ ਕਰ । ਕੱਢ ਗੱਡੀ ਬਾਹਰ '' ਭਾਵੇਂ ਕਿ ਮੈਨੂੰ ਪਤਾ ਸੀ ਕਿ ਪਹਿਲਾਂ ਇਹ ਅੱਖਾਂ ਝਪਕੂ । ਫਿਰ ਦੋ ਚਾਰ ਵਟੇ ਖਾਊ । ਡਰਦਾ 'ਵਾਹਿਗੁਰੂ' ਬੋਲੂ ਪੰਦਰਾਂ ਵੀਹ ਵਾਰ । ਫਿਰ ਹੌਲੀ ਹੌਲੀ ਪਾਣੀ ਪੀਊ । ਸਿਗਰਟ ਬੁੱਲਾਂ 'ਚ ਅੜਾਈ ਹਾਜਤ ਕਰਨ ਜਾਊ । ਖੰਘੂ । ਬੁਰਸ਼ ਕਰੂ । ਸ਼ੀਸ਼ੇ 'ਚ ਝਾਕਦਾ ਮੁੱਛਾਂ ਮਰੋੜੀ ਜਾਊ । ਚਾਹ ਪੀਊ । ਨ੍ਹਾਊ । ਪਰੌਂਠੇ ਖਾਊ । ਫੇਰ ਚਾਹ ਪੀਊ । ਬੱਚਿਆਂ, ਬੀਵੀ ਨਾਲ ਦੋ ਚਾਰ ਗੱਲਾਂ ਫਜ਼ੂਲ ਜਹੀਆਂ ਕਰੂ । ਘੜੀ ਕੁ ਨੂੰ ਫੇਰ ਹਾਜ਼ਤ ਜਾਊ... ਹਾਜ਼ਤ...

ਓ... ਹੋ...ਅ... ਇਸ ਦੀ ਇਸ ਹਾਜ਼ਤ ਨੇ ਮੈਨੂੰ ਬੜਾ ਤੰਗ ਕੀਤਾ ਹੋਇਆ । ਬਥੇਰਾ ਪੁਚਕਾਰਦਾਂ । ਪਰ ਪਿਛਲੇ ਦੋ ਮਹੀਨੇ ਤੋਂ ਇਹ ਮੈਨੂੰ ਬਹੁਤਾ ਕਣਤਾਉਣ ਲੱਗ ਪਿਆ ਸੀ । ਵੀਹ ਵੀਹ ਮਿੰਟ ਬਾਥਰੂਮ ਵਿੱਚ ਟੂਆਏਲੈੱਟ ਦੀ ਅੰਗਰੇਜੀ ਸੀਟ 'ਤੇ ਬੈਠਾ ਕਿੱਲ੍ਹਦਾ ਰਹੂ । ਸਿਗਰਟਾਂ ਫੂਕੀ ਜਾਊ । ਜ਼ਿੰਦਗੀ ਦਾ ਸਮਾਂ ਕਿੰਨਾ ਕੀਮਤੀ ਹੁੰਦਾ । ਕਿੰਨਾ ਥੋੜ੍ਹਾ ਸਮਾਂ ਰਹਿ ਗਿਆ । ਸਮਝਾਈ ਜਾਂਦਾਂ । ਪਹਿਲਾਂ ਹੀ ਲੇਟ ਆਂ । ਕਿਤੇ ਪਿੱਛੇ ਨਾ ਰਹਿ ਜਾਈਏ । ਇਹ ਰੋਜ ਚਾਰ ਪੰਜ ਵਾਰ ਟੱਟੀ ਬੈਠਦਾ । ਹੁਣ ਐਹੋ ਜਿਹੇ ਕੰਮ ਵਿੱਚ ਕੀ ਕਰੇ, ਕਹੇ ਕੋਈ । ਮੈਂ ਇਸ ਨੂੰ ਕੀ ਸਮਝਾਵਾਂ ਬਈ ਘੱਟ ਖਾਇਆ ਕਰ । ਏਹਨੂੰ ਆਪ ਨੂੰ ਨੀਂ ਪਤਾ ...ਨਿਆਣਾ? ...ਇਹ ਪਤਾ ਨਹੀਂ ਕਿਹੜੇ ਜਨਮਾਂ ਜਨਮਾਂ ਦਾ ਭੁੱਖੜ ਐ ਕਿ ਅੰਦਰ ਈ ਸੁੱਟੀ ਜਾਂਦਾ... ਖਾਈ ਜਾਂਦਾ... ਹੱਗੀ ਜਾਂਦਾ... ਪੀਈ ਜਾਂਦਾਂ... ਮੂਤੀ ਜਾਂਦਾ । ਇਸ ਦੇ ਜਾਗਣ ਤੋਂ ਸੌਣ ਵਿਚਾਲੜਾ ਅੱਧਾ ਸਮਾਂ ਤਾਂ ਐਂ ਈ ਲੰਘ ਜਾਂਦਾ । ਕਿਆ ਕੰਮ ਹੋਣਾ । ਕਿਆ ਕਮਾਈ ਹੋਣੀ । ਅਸੀਂ ਤਿੰਨੋਂ ਮੈਂ, ਇਹ, ਗੱਡੀ ਹੋਰ ਕਾਹਨੂੰ ਧੰਦ ਪਿੱਟਦੇ ਫਿਰਦੇ ਆਂ ।

... ਕਮਾਈ ਤਾਂ ਫਿਰ ਵੀ ਪਿਛਲੇ ਚਾਰ ਸਾਲਾਂ 'ਚ ਚੰਗੀ ਕੀਤੀ ... ਪਰ ਆਪਣੀ ਮਰੂਤੀ ਕੰਡਮ ਹੋ ਗਈ । ਮਰੂਤੀ ਹੁਣ ਠੀਕ ਵੀ ਨਹੀਂ ਹੋਣੀ । ਜੇ ਠੀਕ ਵੀ ਹੋ ਜੂ ਤਾਂ ਸੱਠ ਦੀ ਸਪੀਡ 'ਤੇ ਕੰਬਣ ਲੱਗ ਜੂ । ਇਹ ਹੁਣ ਬਾਥਰੂਮ ਤੋਂ ਬਾਹਰ ਨਿਕਲੇ ਤਾਂ ਇਸ ਨੂੰ ਸਮਝਾਵਾਂ ਬਈ ਕੰਡਮ ਮਰੂਤੀ ਵੇਚ ਕੇ, ਕੁਝ ਕਰਜਾ ਲੈ ਕੇ ਵੱਡੀ ਕਾਰ ਲੈ ਲੈਂਦੇ ਐਂ ਤੇ ਇਸ ਨੇ ਮੰਨ ਵੀ ਜਾਣਾ । ਮੈਂ ਇਸ ਨੂੰ ਮਨਾ ਲੈਣਾ । ਮੈਂ ਹੀ ਸਾਰੇ ਗੁਰ ਦੱਸਦਾਂ ਇਸ ਨੂੰ । ਕ੍ਰਿਸਮਿਸ ਵਾਲੇ ਦਿਨ ਕਿਸੇ ਦੇਸੀ ਅੰਗਰੇਜ਼ ਨਾਲ ਸੌਦਾ ਮਾਰਨਾ ਸੀ । ਨਵੀਂ ਕਾਰ ਤਾਂ ਭਾਂਵੇ ਇਸ 'ਕੱਲੇ ਸੌਦੇ ਵਿੱਚੋਂ ਈ ਨਿਕਲ ਆਵੇ । ਪਰ ਇਹ ਕੁੱਤਾ ਬਾਥਰੂਮ ਵਿੱਚੋਂ ਬਾਹਰ ਤਾਂ ਨਿਕਲੇ...

'' ਸਰ, ਮਰੂਤੀ ਤੁਹਾਡੀ ਨੱਬੇ ਦੀ ਵਿਕ ਜੂ ...ਤਿੰਨ ਲੱਖ ਅਸੀਂ ਫ਼ਾਇਨਾਂਸ ਕਰ ਦਵਾਂਗੇ... ਨਵੀਂ ਕਾਰ ਜਿਹੜੀ ਤੁਸੀਂ ਕਹਿ ਰਹੋ ਓ... ਸਾਢੇ ਸੱਤ ਲੱਖ ਦੇ ਕਰੀਬ ਪੈਣੀ ਐ... ਆਲ ਇਨਕਲੂਸਿਵ, ਸਰ ਦੱਸੋ...ਛੱਤੀ ਇੰਸਟਾਲਮੈਂਟਸ ਹੋਣਗੀਆਂ... ਗੱਡੀ ਤੁਹਾਨੂੰ ਪਲੈੱਜ ਕਰਨੀ ਪਵੇਗੀ... ਪੋਸਟ ਡੇਟਿਡ ਚੈੱਕ ਦੇਣੇ ਪੈਣਗੇ ... ਹਾਂ ਇੱਥੇ ...ਕਰੋ ਸਾਇਨ... ਇੱਥੇ...ਇੱਥੇ... ਕਰੀ ਚੱਲੋ ਪਲੀਜ਼ ... ''

... ਹੁਣ ਜਨਾਬ ਜੀ ਦੇ ਥੱਲੇ ਨਵੀਂ ਵੱਡੀ ਕਾਰ ਆ ਗਈ ਸੀ । ਸਾਡੀ ਗੱਡੀ ਦਾ ਨੰਬਰ ਪੀ. ਬੀ. 12 ਏ 2121 ਸੀ । ਫਰਾਟੇ ਮਾਰਦੀ ਪੰਜਵੇਂ ਗੇਅਰ 'ਚ । ਮੇਰੀ ਸਕੀਮ ਕਰਕੇ ਏਹਦੀ ਘਰਵਾਲੀ ਵੀ ਖ਼ੁਸ਼ । ਬੱਚੇ ਵੀ ਖੁਸ਼ । ਪੰਦਰਾਂ ਦਿਨਾਂ 'ਚ ਨਜ਼ਾਰੇ ਲਿਆ ਦਿੱਤੇ ... ਵਾਹ ਰੇ ਮੇਰੀਆਂ ਸਕੀਮਾਂ ... ਮੈਨੂੰ ਤਾਂ ਆਪਣੀ ਸਕੀਮ ਦੇ ਸਿਰੇ ਚੜ੍ਹਨ 'ਤੇ ਊਂਈ ਅਧੀਏ ਦਾ ਨਸ਼ਾ ਹੋ ਜਾਂਦਾ... ਪਰ ਹੁਣ ਕਿੰਨੀ ਕੁ ਦੇਰ ਹੋਰ ਚੁੱਪ ਰਹਾਂ... ਕਿ ਜਨਾਬ ਹੁਣ ਅਧੀਏ ਨੂੰ ਪਹੁੰਚਣ ਲੱਗ ਪਏ ਸਨ... ਤੇ ਅੱਧਾ ਚਿਕਨ ਰੋਜ਼ ...ਅਤੇ ਸਵੇਰੇ, ਦਪਿਹਰੇ, ਸ਼ਾਮ ਬਾਥਰੂਮ ਵਿੱਚ ਪੂਰਾ ਅੱਧਾ ਘੰਟਾ ਕਿੱਲ੍ਹਦੇ ਰਹਿੰਦੇ ਸਨ । ਮੈਂ ਤਾਂ ਟਿੱਕਿਆ ਰਹਿੰਦਾ ਬਈ ਜਿੰਨ੍ਹਾਂ ਕੁ ਸਮਾਂ ਇਹ ਬਾਥਰੂਮ ਵਿੱਚ ਬਰਬਾਦ ਕਰਦਾ, ਉਨਾਂ ਕੁ ਏਹਨੇ ਨਵੀਂ ਗੱਡੀ, ਪੰਜਵੇਂ ਗੇਅਰ ਵਿੱਚ ਇੱਕ ਸੌ ਵੀਹ ਦੀ ਸਪੀਡ 'ਤੇ ਭਜਾ ਕੇ ਪੂਰਾ ਕਰ ਲੈਣਾ... ਪਰ... ਪਰ...

... ਇੱਕ ਰਾਤ ਜਨਾਬ ਦੀ ਛਾਤੀ 'ਚ ਦਰਦ ਉੱਠਿਆ । ਬੈੱਡ 'ਤੇ ਪਿਆ ਲੰਮਾ । ਸਿੱਧਾ । ਨਾ ਖੱਬੇ ਨੂੰ ਹਿੱਲ ਹੋਵੇ, ਨਾ ਸੱਜੇ ਨੂੰ । ਚੀਕਾਂ ਮਾਰੇ । ਦਿਨ ਚੜਿ੍ਹਆਂ ਹਸਪਤਾਲ ਗਏ । ਕਿੰਨੇ ਟੈਸਟ ਹੋਏ... ਕਲੈੱਸਟਰੋਲ ਦੋ ਗੁਣਾ ਹੋ ਚੁੱਕਿਆ ਸੀ ... ਯੂਰਿੱਕ ਏਸਿੱਡ ਵੱਧ... ਬਲੱਡ ਪ੍ਰੈਸ਼ਰ ਵੱਧ... ਸਭ ਕੁੱਝ ਵੱਧ... ਸਵੇਰੇ, ਦੁਪਿਹਰੇ, ਸ਼ਾਮ... ਕੈਪਸੂਲ, ਗੋਲ਼ੀਆਂ...ਪ੍ਰਹੇਜ਼ ...ਅੰਡਾ, ਮੀਟ, ਸ਼ਰਾਬ, ਸਿਗਰਟਾਂ ਬੰਦ... ਤੇਲ, ਘੀ, ਮਸਾਲੇ ਬੰਦ...

... ਦੁਆਈਆਂ ਜੇਬ 'ਚ, ਘਰ 'ਚ, ਗੱਡੀ 'ਚ...

...ਇੱਕ ਹਫ਼ਤੇ ਦੇ ਅੰਦਰ ਈ ਕੰਮ ਲੋਟ ਹੋ ਗਿਆ... ਏਹਦਾ ਸਭ ਕੁੱਝ ਠੀਕ ਹੋਣ ਲੱਗ ਪਿਆ ।

... ਪਰ ਹੁਣ ਇਹ ਟਿਕੇ ਤਾਂ ਨਾ...ਫੇਰ ਉਵੇਂ ਈ... ਦੁਆਈਆਂ ਨਾਲ ਕੀ ਹੁੰਦਾ ਜਦ ਪ੍ਰਹੇਜ਼ ਈ ਬੰਦ ਹੋ ਗਿਆ...

...ਤੇ ਨਵੀਂ ਗੱਡੀ ਨੂੰ ਲਿਆਦਿਆਂ ਤਿੰਨ ਮਹੀਨੇ ਨਹੀਂ ਸੀ ਹੋਏ ਕਿ ਇਸ ਨੂੰ ਜਨਾਬ ਨੂੰ ਇਸੇ ਨਵੀਂ ਗੱਡੀ ਵਿੱਚ ਲੱਦ ਕੇ ਪਟਿਆਲੇ ਲਿਜਾਣਾ ਪਿਆ । ਇਹ ਮੈਨੂੰ ਪਿੱਛੇ ਘਰ ਰਹਿਣ ਨੂੰ ਕਹਿੰਦਾ ਰਿਹਾ ਸੀ । ਮੈਂ ਸੋਚਿਆ ਇਹ ਮੈਥੋਂ ਖਹਿੜਾ ਛਡਾਉਂਦਾ ਫਿਰਦਾ । ਪਰ ਮੈਂ ਨੀਂ ਛੱਡ ਸਕਦਾ ਇਸ ਨੂੰ । ਮੈਂ ਵੀ ਨਾਲ ਗਿਆ । ਇਹ ਮੇਰੇ ਤੋਂ ਚਿੜ੍ਹੇ, ਅੜ੍ਹੇ । ਮੈਨੂੰ ਗਾਲ਼ਾਂ ਕੱਢੇ । ਪਰ ਮੈਂ ਕਿੱਥੇ ਪਿੱਛੇ ਹਟਣ ਵਾਲਾ । ਨਾਲੇ ਮੈਂ ਕਿੱਥੇ ਮਾਤ ਖਾ ਜੂੰ ਏਸ ਤੋਂ!! ਮੈਂ ਹਾਰਨਾ ਨਹੀਂ ਜਾਣਦਾ... ਇਸ ਦਾ ਭਤੀਜਾ ਗੱਡੀ ਚਲਾਵੇ । ਦੁੱਖ ਨਿਵਾਰਨ ਗੁਰਦੁਆਰੇ ਦੇ ਸ੍ਹਾਮਣੇ ਵੱਡੇ ਛੇ ਮੰਜ਼ਿਲੇ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਸੀ ।

... ਉੱਥੇ ਹਸਪਤਾਲ ਵੜਦੇ ਸਾਰ ਜਨਾਬ ਨੂੰ 21 ਨੰਬਰ ਟੋਕਨ ਮਿਲ ਗਿਆ ਸੀ । ਜਨਾਬ ਤੋਂ ਲੱਤਾਂ 'ਤੇ ਖੜ੍ਹ ਨਹੀਂ ਸੀ ਹੁੰਦਾ । ਹਿੱਲ ਨਾ ਹੋਵੇ । ਖ਼ੂਨੀ ਬਵਾਸੀਰ ਹੋ ਗਈ...

'' ਲੇਟ ਜਾਓ ... ਮੂੰਹ ਕੰਧ ਵੱਲ... ਪਿੱਠ ਮੇਰੇ ਵੱਲ... ਖੋਲ੍ਹੋ...'' ਫਿਰ ਡਾਕਟਰ ਇਸ ਦੇ ਅੰਦਰ ਜਿੱਥੇ ਮੈਂ ਕਹਿੰਦਾ ਹੁੰਦਾਂ ਕਿ ਤੇਰੇ ਡੰਡਾ ਦੇ ਦਊਂ ਲਾਈਟਾਂ ਮਾਰੇ... ਝੁਰਲੂ ਫੇਰੇ... ਵੱਡਾ ਡਾਕਟਰ ਕਾਫ਼ੀ ਤਜਰਬੇਕਾਰ ਸੀ । ਇਹ ਡਰਿਆ ਹੋਇਆ ਕੰਬ ਰਿਹਾ ਸੀ ।

'' ਕੀ ਨਾਮ ਐ ਤੁਹਾਡਾ?''

''...''

''ਅੱਜਕੱਲ ਕੀ ਕਰਦੇ ਓ?'' ਡਾਕਟਰ ਨਾਲੇ ਅੰਦਰ ਯੰਤਰ ਫੇਰੀ ਜਾਵੇ । ਨਾਲੇ ਫ਼ਜੂਲ ਜਹੀਆਂ ਗੱਲਾਂ ਕਰੀ ਜਾਵੇ ।

'' ਬਿਜ਼ਨਸ ਐ ਆਪਣਾ '' ਡਾਕਟਰ ਵੱਲ ਨੂੰ ਪਿੱਠ ਕਰੀ ਵੱਖੀ ਭਾਰ ਨੰਗਾ ਪਿਆ ਇਹ ਤਕਲੀਫ਼ ਮੰਨੇ ।

'' ਕਿੱਥੇ ਐ ਹੈੱਡ ਕੁਆਟਰ ?'' ਲੋਹੇ ਦੇ ਯੰਤਰਾਂ ਦਾ ਖੜਾਕ ਸੁਣ ਕੇ ਮੈਨੂੰ ਬੜੀ ਭੈਅ ਆਈ ।

''...''

'' ਕਿਤਨੀ ਦੇਰ ਤੋਂ ਹੋਈ ਤਕਲੀਫ਼?''

'' ਦੋ ਮਹੀਨੇ । ਲਗਭਗ''

'' ਖ਼ੂਨ ਆਉਂਦਾ?''

''...''

''ਦਰਦ ਹੁੰਦਾ?''

''ਹਾਂ ਜੀ...ਹਾਂ ਜੀ ਬਹੁਤ ''

'' ਪੜ੍ਹੇ ਲਿਖੇ ਲੱਗਦੇ ਓ? ... ਬਾਹਰ ਨੂੰ ਕਰੋ......ਜੋਰ ਲਾਓ ਜਿਵੇਂ... ਹਾਂ । ਬੱਸ ਹੋ ਗਿਆ'', ਏਹਦਾ ਮੂੰਹ ਹੁਣੇ ਸੂਈ ਮੱਝ ਵਰਗਾ ਹੋਇਆ ਪਿਆ ਸੀ ।

... ਫੇਰ ਅਸੀਂ ਹਸਪਤਾਲ ਦੇ ਇੱਕ ਹੋਰ ਕਮਰੇ 'ਚ ਆ ਗਏ ।

'' ਤੁਹਾਡੇ ਅੰਦਰ ਕਈ ਜਖ਼ਮ ਨੇ । ਓਪਰੇਸ਼ਨ ਕਰਨਾ ਪਏਗਾ । ਵੱਡਾ । ਹਫ਼ਤਾ ਅਡਮਿੱਟ ਰਹਿਣਾ ਪਏਗਾ'', ਡਾਕਟਰ ਨੇ ਪਰਚੀ ਉੱਤੇ ਵੱਡਾ ਗੋਲ਼ਦਾਰਾ ਮਾਰਿਆ ਸੀ ਜਿਸ ਵਿੱਚ ਨਿਸ਼ਾਨ, ਟਿਮਕਣੇ, ਤਾਰੇ ਲਗਾ ਦਿੱਤੇ ਸਨ ।

'' ਠੀਕ ਐ ਸਰ''

''ਜੇ ਕਹੋਂ ਤਾਂ ਅੱਜ ਈ ਕਰ ਦਈਏ''

'' ਹਾਂ ਜੀ ''

''ਜਾਓ ਐਹ ਟੈਸਟ ਕਰਾਓ '' ...

ਈ. ਸੀ. ਜੀ., ਐੱਚ. ਆਈ. ਵੀ., ਐੱਚ. ਜੀ., ...ਬੀ. ਟੀ., ਯੂਰਿਨ...

''ਸ਼ਰਾਬ ਸਿਗਰਟ ਪੀਂਦੇ ਓ''

''ਜੀਅ,''

''ਕਿੰਨੀ?''

''ਤਿੰਨ ਚਾਰ ਪੈੱਗ''

''ਤਿੰਨ! ਚਾਰ!! ਪੈੱਗ!! ਡੇਲੀ ... ਸਿਗਰਟ?''

'' ਕਦੇ ਗਿਣੀਆਂ ਨਹੀਂ''

''...ਯੂਅਰ ਈ. ਸੀ. ਜੀ. ਸੋਅਜ ਦੈਟ ਯੂਅਰ ਹਰਟ ਇਜ਼ ਅੰਡਰ ਸਟਰੈੱਸ । ਸਟੌਪ ਡਰਿੰਕਿੰਗ... ਸਟੌਪ ਸਮੋਕਿੰਗ, ਸਟੌਪ ਇੱਟ ਫਾਰ ਦਾ ਟਾਈਮ ਬੀਇੰਗ ...ਔਰ ਐਟ ਲੀਸਟ ਰੀਡਿਊਸ ਇੱਟ...ਚਲੋ ਅੰਦਰ''

'' ਜੈ ਬਜਰੰਗ ਬਲੀ... ਤੇਰੀ ਕੀਤੀ...'', ਇਹ ਹਨੂਮਾਨ ਜੀ ਨੂੰ ਯਾਦ ਕਰੇ । ਸਭ ਫਟੀ ਤੋਂ ਹਨੂਮਾਨ ਜੀ ਨੂੰ ਪ੍ਰਸ਼ਾਦ ਚੜ੍ਹਾਉਂਦੇ ।

ਮੈਂ ਓਪਰੇਸ਼ਨ ਥੀਏਟਰ ਦੇ ਅੰਦਰ ਏਹਦੇ ਨਾਲ ਰਿਹਾ । ਉਦੋਂ ਤੱਕ ਜਦੋਂ ਤੱਕ ਡਾਕਟਰਾਂ ਨੇ ੲ੍ਹੀਦੇ ਹੱਥ 'ਤੇ ਮੋਟੀ ਉੱਭਰੀ ਹੋਈ ਨਾੜ ਨਹੀਂ ਲੱਭ ਲਈ । ਤੇ ਉਸ ਨਾੜ ਵਿੱਚ ਬੇਹੋਸ਼ੀ ਦਾ ਟੀਕਾ ਨਹੀਂ ਧੱਕ ਦਿੱਤਾ । ਏਹਦੀ ਬੇਹੋਸ਼ੀ ਮੈਂ ਦੇਖ ਨਹੀਂ ਸਕਿਆ ...ਫੇਰ ਮੈਂ...ਫੇਰ ਮੈਂ... ਪਤਾ ਨਹੀਂ ਕਿਹੜੇ ਦਰਵਾਜਿਓਂ, ਰਸਤਿਓਂ ਬਾਹਰ ਨਿਕਲ ਆਇਆ । ਪਤਾ ਨਹੀਂ ਕਿੱਥੇ ਬੈਠ ਗਿਆ । ਬੈਠਾ ਰਿਹਾ...

...ਫਿਰ ਕੀ ਹੋਇਆ ਮੈਨੂੰ ਕੁਝ ਨਹੀਂ ਪਤਾ ਲੱਗਿਆ...

... ''ਆਨੰਦ ਆ ਗਿਆ ਬਈ, ਆਨੰਦ, ਆਨੰਦ...'' ਇਸ ਨੂੰ ਹੋਸ਼ ਆ ਗਈ ਸੀ । ਹੁਣ ਅਸੀਂ ਤੀਸਰੀ ਮੰਜ਼ਲ ਉੱਤੇ ਜਨਰਲ ਵਾਰਡ ਵਿੱਚ ਸਾਂ ।

ਮੈਂ ਵੀ ਕਾਇਮ ਹੋ ਗਿਆ । ਮੇਰਾ ਬੰਦਾ, ਮਰੀਜ਼ ਹੋਸ਼ ਵਿੱਚ ਆ ਗਿਆ ਸੀ ।

''ਕੀ ਹੋਇਆ ...ਭਾਈ ਸਾਹਿਬ'' ਇਹ ਪਤਾ ਨਹੀਂ ਕਿੰਨਵਾਂ ਡਾਕਟਰ ਸੀ ।

''ਆਨੰਦ ਆ ਗਿਆ, ਸਰ! ਆਨੰਦ ਆ ਗਿਆ, ਸਰ...!! ''

''ਓ–ਹੋ–ਅ! ਠੀਕ ਓਂ... ਨਰਸ! ''

'' ਠੀਕ ਆਂ ਡਾਕਟਰ ਸਾਹਿਬ । ਬਿੱਲਕੁੱਲ ਠੀਕ । ਆਨੰਦ ਆ ਗਿਆ । ਕਿਆ ਬਾਤ ਐ । ਸਾਰੇ ਜੀਵਨ 'ਚ ਐਸਾ ਨਜ਼ਾਰਾ, ਸੁਆਦ ਕਦੇ ਨੀਂ ਆਇਆ...''

'' ਕੀ ਆ ਗਿਆ, ਮਿਸਟਰ?''

'' ਸਰ... ਸਰ ਗੱਡੀ ਗੇਅਰ 'ਚੋਂ ਨਿਕਲ ਗਈ...''

ਤੇ ਇਹ 'ਆਨੰਦ ਆਨੰਦ' ਚੀਕੀ ਜਾਵੇ ।

ਮੈਂ ਇਸ ਦੇ ਕੋਲ ਨੂੰ ਹੋ ਕੇ ਪੁੱਛਿਆ: ''ਕਿਹੜਾ ਆਨੰਦ ਆ ਗਿਆ ।'' ਮੈਨੂੰ ਕੋਲ ਆਏ ਨੂੰ ਦੇਖ ਇਹ ਆਲ ਪਤਾਲ ਹੋ ਗਿਆ । ਮੈਂ ਜ਼ਿੰਦਗੀ ਦੇ ਸਭ ਸੁਆਦ ਇਸ ਨੂੰ ਦਿਖਾਏ...ਤਾਂ ਵੀ ਇਹ ਜਿਹੜਾ 'ਆਨੰਦ ਆਨੰਦ' ਭੌਂਕੀ ਜਾ ਰਿਹਾ ਸੀ, ਜਿਹੜਾ ਓਪਰੇਸ਼ਨ ਥੀਏਟਰ ਵਿੱਚ ਟੀਕਾ ਲਾਉਣ ਤੋਂ ਬਾਅਦ ਇਸ ਨੂੰ ਮਿਲ ਗਿਆ ਸੀ ...ਕੀ ਸੀ ਉਹ?... ਕੀ? ...ਆਖ਼ਰ ਕੀ??

'' ਗੱਡੀ ਨਿਊਟਰਲ ਹੋ ਗੀ ਸਰ '', ਮੈਨੂੰ ਸਮਝ ਨਾ ਲੱਗੇ ਬਈ ਇਹ ਕੀ ਬਕੀ ਜਾਂਦਾ ।

''ਕੁਸ਼ ਖਾਣਾ'', ਇਹ ਮੈਨੂੰ ਤਿਰਛਾ ਝਾਕੇ । ਰੋਣ ਵਾਂਗ ਮੁਸਕਰਾਵੇ ।

''ਕਿੰਨੇ ਦਿਨ ਇੱਥੇ ਰਹਿਣਾ ਪਊ ।''

''ਛੇ ਸੱਤ ਦਿਨ... ਬਾਕੀ ਡੌਕਟਰ ਸਾਹਿਬ ਦੱਸ ਦੇਣਗੇ '' ਨਰਸ ਦੀ ਟੇਪ ਚੱਲੀ ।

''ਆਪਣੀ ਗੱਡੀ ਕਿੱਥੇ?''

''ਅੰਕਲ ਜੀ ਗੱਡੀ ਬਾਹਰ ਐ । ਹਸਪਤਾਲ ਵਿੱਚ ਹੇਠਾਂ ਹੈਗੀ ਵਧੀਆ ਪਾਰਕਿੰਗ ''

ਮੈਂ ਹੋਰ ਖੁਸ਼ ਹੋ ਗਿਆ ਕਿ ਏਹਦੀ ਯਾਦਦਾਸ਼ਤ ਠੀਕ ਸੀ । ਇਸ ਨੂੰ ਮੇਰੇ ਬਾਰੇ, ਗੱਡੀ ਬਾਰੇ ਪਤਾ ਸੀ ...ਖਾਣ, ਮੁਸਕਰਾਉਣ ਬਾਰੇ ਪਤਾ ਸੀ ।

'' ਫਿਕਰ ਨਾ ਕਰ । ਠੀਕ ਹੋ ਗਿਆ ਓਪਰੇਸ਼ਨ । ਛੇ ਦਿਨਾਂ ਬਾਅਦ ਤੂੰ ਗੱਡੀ ਆਪ ਚਲਾ ਕੇ ਲਿਜਾਵੇਂਗਾ । ਉਦੋਂ ਤੱਕ ਤੂੰ ਐਨ ਫਿੱਟ ਹੋ ਜਾਣਾ '' ਮੈਂ ਕੋਲ ਜਾ ਕੇ ਇਹ ਗੱਲ ਇਸ ਦੇ ਕੰਨ ਵਿੱਚ ਭੋਰ ਦਿੱਤੀ ।

'' ਕੋਈ ਗੱਲ ਨੀਂ ... ਠੀਕ ਹੋ ਜਾਣਾ ।''

ਇਸ ਨੇ ਮੈਨੂੰ ਚੰਗੀ ਤਰਾਂ ਪਛਾਣ ਲਿਆ ਸੀ ।

... ਛੇ ਦਿਨਾਂ ਮਗਰੋਂ ਛੁੱਟੀ ਹੋ ਗਈ । ਹਸਪਤਾਲ ਦੇ ਬਾਹਰ ਜਦ ਮੈਂ ਏਸ ਨੂੰ ਕਿਹਾ: ''ਕੱਢ ਗੱਡੀ'' ...ਤਾਂ ਇਹ ਡਰਾਈਵਰ ਦੀ ਸੀਟ 'ਤੇ ਬੈਠ ਗਿਆ ਸੀ...

'' ਅੰਕਲ ਮੈਂ ਚਲਾਵਾਂ...''

''ਨਹੀਂ ਤੂੰ ਬੈਠ ਬੇਟੇ''

...ਤੇ ਮੈਂ ਫੇਰ ਆਪਣੀ ਸਕੀਮ ਵਿੱਚ ਕਾਮਯਾਬ ਹੋ ਗਿਆ ਸਾਂ ।

...ਦੱਬ ਦੇ ਗੱਡੀ । ਲਾ ਦੇ ਗੁਰਬਾਣੀ ਦੀ ਕੈਸਟ ।

'ਮਨ ਕੇ ਜੀਤੇ ਜੀਤ...ਮਨ ਕੇ ਹਾਰੇ ਹਾਰ...' ਇਹ ਮੈਨੂੰ ਕਦੇ ਨਹੀਂ ਜਿੱਤ ਸਕਦਾ । ਮੈਂ ਇਸ ਨੂੰ ਕਦੇ ਵੀ ਜਿੱਤ ਸਕਦਾਂ ।

ਇਹ ਗੱਡੀ ਹੌਲੀ ਹੌਲੀ ਚਲਾਵੇ ਤਾਂ ਮੈਨੂੰ ਖਿੱਝ ਆਈ ।

''...ਓਏ ਕੀ ਹੋ ਗਿਆ ਤੈਨੂੰ । ਨਵੀਂ ਗੱਡੀ । ਸਾਢੇ ਸੱਤ ਲੱਖ ਦੀ... ਸਪੀਡ ਨੀਂ ਵਧਦੀ ਸੱਠ ਤੋਂ... ਓਏ ਕਿਆ ਮੌਤ ਪੈਗੀ ਤੈਨੂੰ... ਦੇ ਦੇ ਰੇਸ ... ਦੱਬ ਦੇ ਕੀਲੀ ''

...ਫੇਰ ਇਸ ਨੇ ਗੱਡੀ ਵਿਚਲਾ ਸ਼ੀਸ਼ਾ ਘੁੰਮਾ ਕੇ ਆਪਣੇ ਮੂੰਹ ਵੱਲ ਨੂੰ ਕਰ ਲਿਆ । ਹਸਪਤਾਲ ਵਿੱਚੋਂ ਬਾਹਰ ਆ ਕੇ ਇਹ ਆਪਣਾ ਚਿਹਰਾ ਦੇਖਣਾ ਚਾਹੁੰਦਾ ਸੀ... ਉਮਰ ਚਾਲੀ ਸਾਲ ...ਚਿਹਰਾ ਸੱਠ ਦਾ ਲੱਗੇ... ਆਪਣੇ ਖੜਕੇ ਹੋਏ ਚਿਹਰੇ ਦਾ ਖੜਕਿਆ, ਟੁੱਟਿਆ ਹੋਇਆ ਅਕਸ਼ ਇਹ ਦੇਖ ਨਹੀਂ ਸੀ ਸਕਿਆ... ਸ਼ੀਸਾ ਮਰੋੜ ਕੇ ਪਰ੍ਹਾਂ ਕਰ ਦਿੱਤਾ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ