Master Inderjeet (Punjabi Story) : Kuldeep Sirsa
ਮਾਸਟਰ ਇੰਦਰਜੀਤ (ਕਹਾਣੀ) : ਕੁਲਦੀਪ ਸਿਰਸਾ
ਅੱਜ ਮਾਸਟਰ ਇੰਦਰਜੀਤ ਸਿੰਘ ਅਚਾਨਕ ਮਿਲੇ,ਕਈ ਸਾਲ ਪੁਰਾਣੇ ਵਿਦਿਆਰਥੀ ਅਜੈ ਦੇ ਮੈਡੀਕਲ ਤੇ ਬੈਠੇ ਚਾਹ ਪੀ ਰਹੇ ਸਨ।ਵਿਦਿਆਰਥੀ ਦਾ ਚੰਗਾ ਕੰਮ ਦੇਖ ਕੇ ਇੰਦਰਜੀਤ ਸਿੰਘ ਖੁਸ਼ ਹੋ ਗਏ।ਉਹਨਾਂ ਨੂੰ ਉਹ ਕਈ ਸਾਲ ਪੁਰਾਣੀ ਘਟਨਾ ਯਾਦ ਆ ਗਈ।ਗੱਲਬਾਤ ਦੌਰਾਨ ਉਹਨਾਂ ਅਜੇ ਨੂੰ ਪੁੱਛ ਹੀ ਲਿਆ,"ਬੇਟੇ ਉਸ ਕੁੜੀ ਦਾ ਕੀ ਨਾਂ ਸੀ।"
ਅਜੈ ਕੁੱਝ ਸ਼ਰਮਾ ਜਿਹਾ ਗਿਆ ਅਤੇ ਫਿਰ ਬੋਲਿਆ,"ਸਰ ਰੂਬੀ"
"ਕੁੱਝ ਪਤਾ ਹੈ ਉਸ ਬਾਰੇ"
"ਹਾਂ ਸਰ!ਉਸਨੇ ਜੇ.ਬੀ.ਟੀ. ਕਰ ਲਈ ਸੀ।ਦੋ ਸਾਲ ਪਹਿਲਾਂ ਉਸਦਾ ਵਿਆਹ ਵੀ ਹੋ ਗਿਆ ਸੀ"
ਥੋੜਾ ਪਿੱਛੇ ਚਲਦੇ ਹਾਂ।ਇਹ ਦੋ ਘਟਨਾਵਾਂ ਹਨ।
ਪਹਿਲੀ ਘਟਨਾ ਜਦੋਂ ਇੰਦਰਜੀਤ ਹਾਲੇ ਨਵੇਂ-ਨਵੇਂ ਅਧਿਆਪਕ ਲੱਗੇ ਸਨ। ਇੱਕ ਦਿਨ ਪ੍ਰਿੰਸੀਪਲ ਕੋਲ ਇੱਕ ਕੁੜੀ ਦੀ ਸ਼ਿਕਾਇਤ ਆਈ ਕਿ ਇਕ ਬਾਰਵੀਂ ਜਮਾਤ ਦੇ ਮੁੰਡੇ ਨੇ ਉਸਨੂੰ ਪ੍ਰੇਮ-ਪੱਤਰ ਲਿਖ ਦਿੱਤਾ ਹੈ।ਸਕੂਲ ਵਿੱਚ ਜਿਵੇਂ ਤਰਥੱਲੀ ਮੱਚ ਗਈ। ਪ੍ਰਿੰਸੀਪਲ ਨੇ ਜਲਦੀ-ਜਲਦੀ ਸਟਾਫ ਦੀ ਮੀਟਿੰਗ ਬੁਲਾਈ।ਕਈ ਤਰ੍ਹਾਂ ਦੇ ਵਿਚਾਰ ਆਏ: ਸਕੂਲ ਵਿੱਚ ਪੜ੍ਹਨ ਆਉਂਦੇ ਹਨ ਜਾਂ ਆਸ਼ਕੀ ਕਰਨ।
ਅਜਿਹੇ ਨਿਕੰਮੇ ਮੁੰਡਿਆਂ ਕਾਰਨ ਹੀ ਲੋਕ ਕੁੜੀਆਂ ਜੰਮਣੋਂ ਡਰਦੇ ਹਨ,ਪੜ੍ਹਨ ਨਹੀਂ ਭੇਜਦੇ।
ਕੁੜੀਆਂ ਘਰੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ।
ਪੜਨਾਂ ਤਾਂ ਆਉਂਦਾ ਨਹੀਂ,ਲਵ-ਲੈਟਰ ਪਤਾ ਨਹੀਂ ਕਿਵੇਂ ਲਿਖ ਲੈਂਦੇ ਹਨ
ਉਸ ਨੂੰ ਸਕੂਲੋਂ ਕੱਢੋ, ਐਵੇਂ ਮਾਹੌਲ ਖਰਾਬ ਕਰੇਗਾ
ਪੁਲਿਸ ਦੇ ਹਵਾਲੇ ਕਰੋ
ਪਹਿਲਾਂ ਸਭ ਦੇ ਸਾਹਮਣੇ ਛਿੱਤਰ ਪਰੇਡ ਕਰੋ ਤਾਂਕਿ ਦੂਸਰਿਆਂ ਦੇ ਵੀ ਕੰਨ ਹੋ ਜਾਣ
ਆਖਿਰ ਸਕੂਲ ਦਾ ਡੀਪੀਈ ਜੋ ਇੱਕ ਰਿਟਾਇਰਡ ਫੌਜੀ ਸੀ, ਆਪਣਾ ਡੰਡਾ ਚੁੱਕ ਕੇ ਕਲਾਸ ਵੱਲ ਚੱਲ ਪਿਆ।ਵਿਗੜਿਆਂ-ਤਿਗੜਿਆਂ ਨੂੰ ਸੁਧਾਰਨ ਦਾ ਉਸਦਾ ਆਪਣਾ ਤਜਰਬਾ ਸੀ।ਚੰਗੀ ਛਿੱਲ ਲਾਹੁੰਦਾ ਸੀ।ਜਦੋਂ ਡੀਪੀਈ ਕਲਾਸ ਵਿੱਚ ਪਹੁੰਚਿਆ ਤਾਂ ਉਹ ਬੱਚਾ ਘਰ ਨੂੰ ਫਰਾਰ ਹੋ ਚੁੱਕਿਆ ਸੀ।ਸਰਪੰਚ ਨੂੰ ਬੁਲਾਇਆ ਗਿਆ।ਕੁੱਲ-ਮਿਲਾਕੇ ਇਸ ਰੌਲੇ-ਗੌਲੇ ਦਾ ਕੋਈ ਨਤੀਜਾ ਨਿਕਲਦਾ ਉਸਤੋਂ ਪਹਿਲਾਂ ਹੀ ਉਹ ਮੁੰਡਾ ਆਪਣੇ ਘਰ ਆਤਮ ਹੱਤਿਆ ਕਰ ਗਿਆ ਅਤੇ ਉਹ ਕੁੜੀ ਵੀ ਘਰਦਿਆਂ ਨੇ ਮੁੜਕੇ ਸਕੂਲ ਨ ਭੇਜੀ।
ਉਸਦੀ ਆਤਮ-ਹੱਤਿਆ ਤੇ ਵੀ ਸਕੂਲ ਵਿੱਚ ਦੋ ਤਰ੍ਹਾਂ ਵਿਚਾਰ ਸਨ-ਕਈਆਂ ਨੂੰ ਦੁੱਖ ਲੱਗਿਆ ਅਤੇ ਕੁੱਝ ਨੂੰ ਲੱਗਿਆ ਸਮਾਜ ਵਿਚੋਂ ਗੰਦਗੀ ਸਾਫ ਹੋ ਗਈ।
ਹੁਣ ਕੁੱਝ ਸਾਲ ਬਾਅਦ ਦੂਸਰੀ ਘਟਨਾ ਵਾਪਰੀ; ਇੰਦਰਜੀਤ ਦੀ ਬਦਲੀ ਕਿਸੇ ਹੋਰ ਸਕੂਲ ਵਿੱਚ ਹੋ ਚੁੱਕੀ ਹੈ।ਉਹ ਸਾਹਿਤਕ-ਕਿਤਾਬਾਂ ਪੜ੍ਹਕੇ ਅਤੇ ਜਥੇਬੰਦੀਆਂ ਵਿੱਚ ਕੰਮ ਕਰਦਾ ਹੋਣ ਕਰਕੇ ਕਾਫੀ ਕੁੱਝ ਸਿੱਖ ਚੁੱਕਿਆ ਹੈ।ਉਸਦਾ ਆਪਣਾ ਰਸੂਖ ਹੈ।ਉਸਦੀ ਆਪਣੀ ਲਿਆਕਤ ਹੈ।ਇੱਕ ਦਿਨ ਉਸੇ ਤਰ੍ਹਾਂ ਦੀ ਘਟਨਾ ਦੁਬਾਰਾ ਹੋਈ।ਇੱਕ ਬਾਰਵੀਂ ਜਮਾਤ ਦੇ ਮੁੰਡੇ ਨੇ ਆਪਣੀ ਸਹਿਪਾਠਣ ਰੂਬੀ ਨੂੰ ਪ੍ਰੇਮ-ਪੱਤਰ ਲਿਖ ਦਿੱਤਾ।ਪ੍ਰਿੰਸੀਪਲ ਕੋਲ ਰੂਬੀ ਦੀ ਸ਼ਿਕਾਇਤ ਆਈ।ਇਸਤੋਂ ਪਹਿਲਾਂ ਕਿ ਕੋਈ ਤਰਥੱਲੀ ਮੱਚਦੀ ਇੰਦਰਜੀਤ ਪ੍ਰਿੰਸੀਪਲ ਕੋਲ ਗਿਆ ਅਤੇ ਸਾਰਾ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ।ਉਸਨੇ ਉਸ ਮੁੰਡੇ ਨੂੰ ਲਾਇਬਰੇਰੀ ਵਿੱਚ ਬੁਲਾਇਆ ਅਤੇ ਸਭ ਕੁੱਝ ਸੱਚੋ-ਸੱਚ ਦੱਸਣ ਲਈ ਕਿਹਾ।ਮੁੰਡਾ ਡਰ ਅਤੇ ਘਬਰਾਹਟ ਨਾਲ ਬੋਲਿਆ, "ਸਰ! ਇੱਕ ਦਿਨ ਮੈਂ ਹੋਮਵਰਕ ਨਹੀਂ ਕਰਕੇ ਆਇਆ ਤਾਂ ਹਿੰਦੀ ਵਾਲੇ ਸਰ ਨੇ ਮੈਨੂੰ ਜਮਾਤ ਵਿੱਚ ਖੜ੍ਹਾ ਕਰ ਦਿੱਤਾ।ਮੈਂ ਇੱਕਲਾ ਕਾਫੀ ਦੇਰ ਖੜ੍ਹਾ ਰਿਹਾ।ਰੂਬੀ ਨੇ ਹਿੰਦੀ ਵਾਲੇ ਸਰ ਨੂੰ ਕਹਿ ਦਿਤਾ ਕਿ ਵਿਚਾਰਾ ਇੱਕਲਾ ਖੜ੍ਹਾ ਹੈ, ਇਸਨੂੰ ਬੈਠਾ ਦਿਉ।ਬੱਸ ਸਰ, ਇਹ ਗੱਲ ਪਹਿਲਾਂ ਜਮਾਤ ਵਿੱਚ ਫਿਰ ਪਿੰਡ ਦੇ ਮੁੰਡਿਆਂ ਵਿੱਚ ਫੈਲ ਗਈ।ਸਭ ਕਹਿਣ ਲੱਗੇ ਕਿ ਰੂਬੀ ਤੈਨੂੰ ਪਿਆਰ ਕਰਦੀ ਹੈ।ਕੁੜੀਆਂ ਕਦੇ ਵੀ ਸਿੱਧਾ ਬੋਲ ਕੇ ਨਹੀਂ ਕਹਿੰਦੀਆਂ। ਉਸ ਵਿਚਾਰੀ ਨੇ ਤਾਂ ਆਪਣੇ ਵੱਲੋਂ ਕਹਿ ਦਿੱਤਾ ਹੁਣ ਤੇਰੀ ਵਾਰੀ ਹੈ। ਤੂੰ ਰੂਬੀ ਦੇ ਪਿਆਰ ਦੀ ਕਦਰ ਨਹੀਂ ਪਾ ਰਿਹਾ ਅਤੇ ਮੈਂ ਸਰ ਉਸਨੂੰ ਖ਼ਤ ਲਿਖ ਦਿੱਤਾ"
"ਇਹ ਸਾਰਾ ਖ਼ਤ ਤੂੰ ਆਪ ਲਿਖਿਆ ਹੈ"
"ਹਾਂ ਸਰ ਮੈਂ ਲਿਖਿਆ ਹੈ ਪਰ ਲਿਖਵਾਇਆ ਉਹਨਾਂ ਮੁੰਡਿਆਂ ਨੇ ਹੈ ਜਿਹਨਾਂ ਨਾਲ ਮੈਂ ਉਠਦਾ-ਬੈਠਦਾ ਹਾਂ"
"ਹੁਣ ਤੂੰ ਕੀ ਚਾਹੁੰਦਾ ਹੈਂ?"
"ਸਰ! ਇੱਕ ਵਾਰ ਬਚਾ ਲਓ।ਦੁਬਾਰਾ ਗਲਤੀ ਨਹੀਂ ਕਰਦਾ"
ਇੰਦਰਜੀਤ ਇਸ ਘਟਨਾ ਵਿਚੋਂ ਪੂਰੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸਨੂੰ ਸਮਝਣ ਦੀ ਯੋਗਤਾ ਹਰ ਅਧਿਆਪਕ ਵਿੱਚ ਨਹੀਂ ਹੁੰਦੀ।
ਫਿਰ ਉਸੇ ਲਾਇਬਰੇਰੀ ਵਿੱਚ ਰੂਬੀ ਆਪਣੇ ਮਾਂ-ਪਿਉ ਨਾਲ ਇੰਦਰਜੀਤ ਮਾਸਟਰ ਕੋਲ ਮੌਜੂਦ ਸੀ।ਇੰਦਰਜੀਤ ਨੇ ਮੁੰਡੇ ਦੀ ਸਾਰੀ ਕਹਾਣੀ ਰੂਬੀ ਦੇ ਸਾਹਮਣੇ ਉਸਦੇ ਮਾਂ-ਪਿਉ ਨੂੰ ਦੱਸੀ ਅਤੇ ਪੁੱਛਿਆ, " ਹੁਣ ਤੁਸੀਂ ਕੀ ਚਾਹੁੰਦੇ ਹੋ?ਮੁੰਡੇ ਨੂੰ ਪੁਲਿਸ ਹਵਾਲੇ ਕਰੀਏ ਜਾਂ ਉਸਨੂੰ ਸਕੂਲ਼ ਵਿਚੋਂ ਕੱਢ ਦੇਈਏ।" ਰੂਬੀ ਦੇ ਮਾਪੇ ਬੋਲੇ, "ਮਾਸਟਰ ਜੀ! ਕੁੱਝ ਵੀ ਕਰੋ, ਉਹ ਮੁੰਡਾ ਸਾਡੀ ਕੁੜੀ ਨੂੰ ਦੁਬਾਰਾ ਪ੍ਰੇਸ਼ਾਨ ਨਾ ਕਰੇ"
ਇੰਦਰਜੀਤ ਬੋਲਿਆ, "ਇਸ ਗੱਲ ਦੀ ਗਰੰਟੀ ਮੇਰੀ ਹੈ ਕਿ ਉਹ ਮੁੰਡਾ ਤੁਹਾਡੀ ਕੁੜੀ ਨੂੰ ਦੁਬਾਰਾ ਪ੍ਰੇਸ਼ਾਨ ਨਹੀਂ ਕਰੇਗਾ"
ਉਸਤੋਂ ਬਾਅਦ ਮੁੰਡਾ ਅਜੈ ਅਤੇ ਕੁੜੀ ਰੂਬੀ ਦੋਹਾਂ ਨੇ ਬਾਰਵੀਂ ਜਮਾਤ ਦੀ ਪੜਾਈ ਪੂਰੀ ਕਰਕੇ ਹੀ ਸਕੂਲ ਛੱਡਿਆ।
"ਸਰ!ਕੀ ਸੋਚ ਰਹੇ ਹੋ?"
"ਬੇਟਾ!.... ਕਿਸੇ ਵਿਦਵਾਨ ਦੀ ਗੱਲ ਯਾਦ ਆ ਗਈ ਕਿ ਪਰਲੋ ਅਤੇ ਨਿਰਮਾਣ ਅਧਿਆਪਕ ਦੀ ਗੋਦ ਵਿੱਚ ਪਲਦੇ ਹਨ।" ਇੰਦਰਜੀਤ ਨੇ ਇਹ ਆਖ ਕੇ ਇੱਕ ਹੌਂਕਾ ਭਰਿਆ।