Maulsari Da Rukh Dalbir Chetan : Jasbir Bhullar

ਮੌਲਸਰੀ ਦਾ ਰੁੱਖ ਦਲਬੀਰ ਚੇਤਨ : ਜਸਬੀਰ ਭੁੱਲਰ

‘ਰਿਸ਼ਤਿਆਂ ਦੇ ਆਰਪਾਰ’ ਦਲਬੀਰ ਚੇਤਨ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ। ਉਸ ਤੋਂ ਪਿੱਛੋਂ ਕਹਾਣੀਆਂ ਦੀਆਂ ਦੋ ਹੋਰ ਕਿਤਾਬਾਂ ‘ਰਾਤ ਬਰਾਤੇ’ ਤੇ ‘ਮਹਿੰਦੀ ਬਾਜ਼ਾਰ’ ਉਹਦਾ ਹਾਸਲ ਬਣੇ। ਮੈਂ ਉਨ੍ਹਾਂ ਕਹਾਣੀਆਂ ਦੀਆਂ ਗੱਲਾਂ ਉਹਦੇ ਨਾਲ ਕਈ ਵਾਰ ਕੀਤੀਆਂ ਸਨ ਪਰ ਉਹਦੇ ਸਿਰਜਣਾ ਦੇ ਪਲਾਂ ਨੂੰ ਕਦੀ ਬਹੁਤਾ ਕਰੀਬ ਤੋਂ ਨਹੀਂ ਸੀ ਘੋਖਿਆ।
ਅੰਮ੍ਰਿਤਾ ਪ੍ਰੀਤਮ ਅਕਸਰ ਬਿਸਤਰੇ ਵਿਚ ਅੱਧਲੇਟੀ ਪਈ ਲਿਖਦੀ ਸੀ। ਦਲਬੀਰ ਚੇਤਨ ਨੂੰ ਮੈਂ ਏਸੇ ਮੁਦਰਾ ਵਿਚ ਲਿਖਦਿਆਂ ਕਈ ਵਾਰ ਦੇਖਿਆ ਸੀ। ਉਹ ਅੰਮ੍ਰਿਤਾ ਪ੍ਰੀਤਮ ਦੇ ਮੋਹਵੰਤਿਆਂ ਵਿਚੋਂ ਸੀ। ਕੀ ਪਤਾ ਇਸ ਤਰ੍ਹਾਂ ਲਿਖਣਾ ਅੰਮ੍ਰਿਤਾ ਦਾ ਹੀ ਪ੍ਰਭਾਵ ਹੋਵੇ।
ਉਹਦੇ ਬਿਮਾਰ ਹੋਣ ਤੋਂ ਕੁਝ ਮਹੀਨੇ ਪਹਿਲਾਂ ਮੈਂ ਅੰਮ੍ਰਿਤਸਰ ਗਿਆ ਸਾਂ। ਪੁਰਾਣੀ ਚੁੰਗੀ ਕੋਲ ਬੱਸ ’ਚੋਂ ਉਤਰ ਕੇ ਮੈਂ ਉਹਦੇ ਘਰ ਵੱਲ ਤੁਰ ਪਿਆ ਸਾਂ। ਘਰ ਦੇ ਸਾਰੇ ਜੀਆਂ ਨੂੰ ਮਿਲਣ ਪਿੱਛੋਂ ਮੈਂ ਉਹਦੇ ਕਮਰੇ ਅੰਦਰ ਪੈਰ ਧਰਿਆ ਤਾਂ ਉਹ ਕੁਰਸੀ ’ਤੇ ਬੈਠਾ ਮੇਜ਼ ਵੱਲ ਝੁਕਿਆ ਹੋਇਆ ਸੀ। ਉਹਦੇ ਅੱਗੇ ਕਲਿੱਪ ਬੋਰਡ ਵਿਚ ਕੋਰੇ ਕਾਗਜ਼ ਪਏ ਸਨ। ਉਹ ਸਿਰ ਸੁੱਟੀ ਲਗਾਤਾਰ ਲਿਖੀ ਜਾ ਰਿਹਾ ਸੀ। ਮੈਂ ਇਹੋ ਅੰਦਾਜ਼ਾ ਲਾਇਆ ਕਿ ਦਲਬੀਰ ਚੇਤਨ ਦਾ ਲਿਖਣ ਦਾ ਕੋਈ ਮਿਥਿਆ ਹੋਇਆ ਤਰੀਕਾ ਨਹੀਂ ਸੀ। ਲਿਖਣ ਪ੍ਰਕਿਰਿਆ ਦੀ ਗੱਲ ਕਰਦਿਆਂ ਇਕ ਵਾਰ ਉਹਨੇ ਲਿਖਿਆ ਸੀ:
‘ਲਿਖਣ ਪ੍ਰਕਿਰਿਆ ਬਾਰੇ ਕਹਿ ਸਕਦਾ ਹਾਂ ਕਿ ਮੈਂ ਜ਼ਿੰਦਗੀ ਵਿਚ ਬਹੁਤ ਹੀ ਪਾਬੰਦ ਹਾਂ ਪਰ ਲਿਖਣ ਲਿਖਾਉਣ ਵਿਚ ਬਿਲਕੁਲ ਹੀ ਬੇਤਰਤੀਬ ਜਿਹਾ। ਮੇਰਾ ਕੋਈ ਵੀ ਪੱਕਾ ਲਿਖਣ ਵੇਲਾ ਨਹੀਂ। ਲਿਖਣ ਵਿਚ ਮੈਂ ਆਪਣੇ ਆਪ ਨੂੰ ਕੁਵੇਲੇ ਨਮਾਜ਼ ਪੜ੍ਹਨ ਵਾਲਾ ਸਮਝਦਾ ਹਾਂ। ਲਿਖਣ ਲਈ ਮੈਂ ਅੱਧੀ ਰਾਤ ਵੀ ਉੱਠ ਕੇ ਬਹਿ ਜਾਂਦਾ ਹਾਂ, ਹਨੇਰ-ਸਵੇਰੇ ਤੇ ਤੜਕਸਾਰ ਵੀ। ਇਕ ਵਾਰ ਮੇਰਾ ਇਕ ਡਾਕਟਰ ਦੋਸਤ ਕਹਿਣ ਲੱਗਾ, ‘‘ਮੈਨੂੰ ਉਨ੍ਹਾਂ ਡਾਕਟਰਾਂ ’ਤੇ ਬੜੀ ਖਿੱਝ ਆਉਂਦੀ ਹੈ ਜਿਨ੍ਹਾਂ ਸਮੇਂ ਦੀ ਫੱਟੀ ਆਪਣੀ ਦੁਕਾਨ ’ਤੇ ਲਾਈ ਹੁੰਦੀ ਹੈ। ਬੰਦਾ ਪੁੱਛੇ ਕਿ ਬਿਮਾਰੀ ਮਰੀਜ਼ ਨੂੰ ਦੱਸ ਕੇ ਆਉਂਦੀ ਹੈ ਕਿ ਮੈਂ ਏਨੇ ਵਜੇ ਤੇਰਾ ਬੂਹਾ ਖੜਕਾਵਾਂਗੀ।’ ਮੈਨੂੰ ਵੀ ਲੱਗਦਾ ਹੈ ਕਿ ਲਿਖਣ ਵੇਲਾ ਮੇਰਾ ਵੀ ਬੂਹਾ ਖੜਕਾ ਕੇ ਨਹੀਂ ਆਉਂਦਾ। ਬੱਸ ਇਹ ਆਉਂਦਾ ਹੈ ਤਾਂ ਮੈਨੂੰ ਸੁੱਤੇ ਨੂੰ ਜਗਾ ਲੈਂਦਾ ਹੈ। ਚੁੱਪਚਾਪ ਬੈਠੇ ਨੂੰ ਲਿਖਾ ਦਿੰਦਾ ਹੈ।’’
ਬਾਹਰ ਦੀਆਂ ਆਵਾਜ਼ਾਂ ਉਸ ਕਮਰੇ ਵਿਚ ਪਹੁੰਚ ਰਹੀਆਂ ਸਨ ਪਰ ਦਲਬੀਰ ਚੇਨਤ ਨੂੰ ਨਹੀਂ ਸਨ ਸੁਣ ਰਹੀਆਂ। ਮੇਰੇ ਕਮਰੇ ਵਿਚ ਆਉਣ ਨਾਲ ਵੀ ਉਹਦਾ ਧਿਆਨ ਭੰਗ ਨਹੀਂ ਸੀ ਹੋਇਆ। ਮੈਂ ਦੱਬੇ ਪੈਰੀਂ ਕਮਰੇ ਵਿਚ ਪਏ ਸੋਫੇ ਤਕ ਗਿਆ ਤੇ ਸ਼ਹਿ ਕੇ ਬੈਠ ਗਿਆ।
ਉਹ ਫੇਰ ਵੀ ਬੇਖਰਬ ਸੀ।
ਉਹ ਲਿਖਦਾ-ਲਿਖਦਾ ਅਚਨਚੇਤੀਂ ਭੁੱਬਾਂ ਮਾਰ-ਮਾਰ ਰੋਣ ਲੱਗ ਪਿਆ।
ਇਹ ਕੀ ਹੋ ਗਿਆ ਸੀ? ਮੈਂ ਭੰਮਤਰ ਕੇ ਖਲੋ ਗਿਆ ਤੇ ਅਗਾਂਹ ਹੋ ਕੇ ਉਹਦੇ ਮੋਢੇ ’ਤੇ ਹੱਥ ਰੱਖ ਦਿੱਤਾ।
ਉਹ ਕਾਗਜਾਂ ’ਤੇ ਲਿਖੀ ਇਬਾਰਤ ਵਿਚ ਗੁਆਚਾ ਹੋਇਆ ਸੀ। ਉਹਨੇ ਡੌਰ ਭੌਰਿਆਂ ਵਾਂਗ ਮੇਰੇ ਵੱਲ ਵੇਖਿਆ ਪਰ ਉਹਦੀਆਂ ਨਜ਼ਰਾਂ ਬੇਪਛਾਣ ਹੀ ਰਹੀਆਂ। ਇਬਾਰਤ ਦੇ ਜੰਗਲ ਦਾ ਤਲਿਸਮ ਟੁੱਟਿਆ ਤਾਂ ਉਸ ਅੱਖਾਂ ਪੂੰਝੀਆਂ ਤੇ ਹੱਸਣ ਦਾ ਯਤਨ ਕੀਤਾ।
ਸਹਿਜ ਹੋਣ ਪਿੱਛੋਂ ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਦੋਸਤ ਦੀ ਮੌਤ ਹੋ ਗਈ ਸੀ ਤੇ ਹੁਣ ਉਨ੍ਹਾਂ ਦਾ ਇਕੋ-ਇਕ ਪੁੱਤਰ ਹਾਦਸੇ ਵਿਚ ਚੱਲ ਵੱਸਿਆ ਸੀ। ਕੁਝ ਦਿਨ ਪਹਿਲਾਂ ਜਿਹੜਾ ਘਰ ਘੁੱਗ ਵਸਦਾ ਸੀ ਹੁਣ ਉਸ ਘਰ ਵਿਚ ਨਿਆਸਰੀ ਔਰਤ ਇਕੱਲੀ ਰਹਿ ਗਈ ਸੀ।
ਦਲਬੀਰ ਚੇਤਨ ਉਸ ਘਰ ਦੀ ਦਾਸਤਾਨ ਲਿਖਦਾ ਲਿਖਦਾ ਉਸ ਇਕੱਲੀ ਔਰਤ ਦੇ ਦਰਦ ਦਾ ਹਿੱਸਾ ਹੋ ਗਿਆ ਸੀ।
ਦਲਬੀਰ ਚੇਤਨ ਦੀਆਂ ਕਹਾਣੀਆਂ ਦਾ ਇਹ ਖਾਸੀ ਸੀ ਕਿ ਉਹ ਉਹਦੇ ਸ਼ਬਦ ਪਾਤਰਾਂ ਦੇ ਹਾਵਾਂ-ਭਾਵਾਂ ਅਤੇ ਉਨ੍ਹਾਂ ਦੀ ਖੁਸ਼ੀ ਗ਼ਮੀ ਦੀ ਪੂਰੀ ਤਰਜ਼ੁਮਾਨੀ ਕਰਦੇ ਸਨ। ਉਹ ਜਿਹੜੇ ਵੀ ਸ਼ਬਦ ਲਿਖਦਾ ਸੀ, ਉਹ ਸ਼ਬਦ ਧੜਕਣ ਲੱਗ ਪੈਂਦੇ ਸਨ, ਸਾਹ ਲੈਣ ਲੱਗ ਪੈਂਦੇ ਸਨ। ਇਹ ਸ਼ਾਇਦ ਇਸ ਲਈ ਵੀ ਸੀ ਕਿ ਆਪਣੇ ਪਾਤਰਾਂ ਵਿਚ ਉਹ ਪੂਰੇ ਦਾ ਪੂਰਾ ਆਪ ਹੁੰਦਾ ਸੀ।
ਦਲਬੀਰ ਚੇਤਨ ਮੇਰੇ ਅੰਦਰ ਕਿੰਨੀ ਸਾਰੀ ਥਾਂ ਮੱਲ ਕੇ ਬੈਠਾ ਹੋਇਆ ਸੀ। ਦਿਲ ਕੀਤਾ, ਕੋਰੇ ਕਾਗਜ਼ਾਂ ’ਤੇ ਉਹਨੂੰ ਸਾਰੇ ਨੂੰ ਹੀ ਲਿਖ ਦੇਵਾਂ।
… ਤੇ ਮੈਂ ਲਿਖਣ ਬੈਠ ਗਿਆ।
ਉਹ ਵਸਾਹ ਕੇ ਮੇਰੇ ਪਿੱਛੇ ਆਣ ਬੈਠਾ ਸੀ। ਹਾਸਾ ਛਣਕਿਆ ਤਾਂ ਮੈਂ ਪਿੱਛੇ ਵੇਖਿਆ। ਮੈਂ ਵੀ ਇਕ ਵਾਰ ਇਸੇ ਤਰ੍ਹਾਂ ਉਹਦੇ ਪਿੱਛੇ ਜਾ ਕੇ ਬੈਠ ਗਿਆ ਸਾਂ।
ਉਹ ਤਾੜੀ ਮਾਰ ਕੇ ਹੱਸਿਆ ਤੇ ਫਿਰ ਬਾਹਵਾਂ ਫੈਲਾਅ ਦਿੱਤੀਆਂ ਜਿਵੇਂ ਹਮੇਸ਼ਾ ਗਲਵਕੜੀ ਲਈ ਫੈਲਾਅ ਦਿੰਦਾ ਹੁੰਦਾ ਸੀ।
ਉਹ ਹਵਾ ਦਾ ਆਕਾਰ ਸੀ ਤੇ ਹਵਾ ਵਿਚ ਘੁਲ ਰਿਹਾ ਸੀ।
‘‘ਸੁਣ।’’ ਮੈਂ ਹੱਥ ਪਸਾਰ ਕੇ ਉਹਨੂੰ ਰੋਕਿਆ, ਜੇ ਤੁਰ ਹੀ ਚੱਲਿਆਂ ਏ ਤਾਂ ਇਕ ਗੱਲ ਸੁਣਦਾ ਜਾ।’’
‘‘ਕਿਹੜੀ ਗੱਲ?’’
‘‘ਜਿਹੜੀ ਦੁਨੀਆਂ ਤੈਨੂੰ ਰਹਿਣ ਲਈ ਚਾਹੀਦੀ ਹੈ ਉਹ ਕਿਧਰੇ ਵੀ ਨਹੀਂ। … ਇਥੇ ਵੀ ਨਹੀਂ! … ਉਥੇ ਵੀ ਨਹੀਂ…।’’
ਉਹ ਕੁਝ ਪ੍ਰੇਸ਼ਾਨ ਹੋ ਗਿਆ।
‘‘ਇਥੇ ਤਾਂ ਤੂੰ ਕਹਾਣੀਆਂ ਲਿਖ ਕੇ ਸਾਰ ਲਿਆ, ਉਥੇ ਕੀ ਕਰੇਂਗਾ?’’
‘‘ਹਾਂ, ਉਥੇ ਮੈਂ ਕੀ ਕਰਾਂਗਾ?’’ ਉਹ ਡੰਡੋਲਿਕਾ ਹੋ ਗਿਆ।
‘‘ਤੂ ਇਕ ਸ਼ੇਅਰ ਸੁਣਾਉਂਦਾ ਹੁੰਦਾ ਸੈ ਨਾ-
ਰੌਸ਼ਨੀ ਦੇਨੇ ਵਾਲੋਂ ਕੋ ਭੀ ਕਮ ਸੇ ਕਮ
ਏਕ ਦੀਆ ਚਾਹੀਏ ਅਪਨੇ ਘਰ ਕੇ ਲੀਏ।’’
‘‘ਪਰ…।’’
‘‘ਤੂੰ ਉਥੇ ਦੀਵੇ ਬਾਲੀਂ!… ਜਿੰਨੇ ਵੀ ਦਿਲ ਕਰੂ ਬਾਲ ਲਵੀਂ।’’
ਮੈਂ ਤ੍ਰਭਕ ਕੇ ਸਿਰ ਚੁੱਕਿਆ, ਲਿਖਦਿਆਂ ਲਿਖਦਿਆਂ ਮੈਨੂੰ ਸ਼ਾਇਦ ਝਪਕੀ ਆ ਗਈ ਸੀ।
ਮੈਂ ਆਪਣੇ ਮਨੋਭਾਵਾਂ ਤੋਂ ਤ੍ਰਹਿਕਿਆ ਹੋਇਆ ਸਾਂ।
ਮੈਨੂੰ ਹਾਲੇ ਵੀ ਦਲਬੀਰ ਚੇਤਨ ਦਾ ਉਸੇ ਵਿਹੜੇ ਵਿਚ ਹੋਣ ਦਾ ਭਰਮ ਸੀ। ਸੱਚ ਦੇ ਰੂਬਰੂ ਹੁੰਦਿਆਂ ਹੌਲ ਜਿਹਾ ਪੈਂਦਾ ਸੀ। ਘਰ ਦੇ ਫਾਟਕ ਦੇ ਅੰਦਰਵਾਰ ਲਿਖੀ ਹੋਈ ਕਾਵਿ ਸਤਰ ਤਾਂ ਕਦੋਂ ਦੀ ਗੁੰਮ-ਗੁਆਚ ਗਈ ਸੀ।
‘‘ਮੇਰਾ ਘਰ ਜੀ ਆਇਆਂ ਹੀ ਕਹਿਣ ਜਾਣਦਾ ਹੈ, ਅਲਵਿਦਾ ਨਹੀਂ।’’
ਹੁਣ ਇਨ੍ਹਾਂ ਲਫਜ਼ਾਂ ਦਾ ਕੀ ਮਾਅਨਾ? ਮੈਂ ਆਪਣੀ ਦੁਨੀਆਂ ਵਿਚ ਗੁਆਚ ਜਾਵਾਂ ਤਾਂ ਬਿਹਤਰ ਸੀ।
ਪਰ ਰੂਹਾਂ ਦੇ ਮੇਲੇ ਇਸ ਤਰ੍ਹਾਂ ਤਾਂ ਨਹੀਂ ਉਜੜ ਜਾਂਦੇ।
ਇਕ ਦਿਨ ਦਲਬੀਰ ਚੇਤਨ ਦੇ ਬੇਟੇ ਨਵਚੇਤਨ ਦਾ ਫੋਨ ਆਇਆ, ‘‘ਅੰਕਲ, ਤੁਸੀਂ ਤਾਂ ਸਾਨੂੰ ਭੁੱਲ ਹੀ ਗਏ। ਮੁੜ ਆਏ ਹੀ ਨਹੀਂ। … ਜੇ ਡੈਡੀ ਨਹੀਂ ਹੈਗੇ, ਇਹਦਾ ਇਹ ਮਤਲਬ ਤਾਂ ਨਹੀਂ ਕਿ ਇਥੇ ਅਸੀਂ ਵੀ ਨਹੀਂ।’’
ਨਵਚੇਤਨ ਦੇ ਬੋਲਾਂ ਵਿਚੋਂ ਮੈਂ ਦਲਬੀਰ ਚੇਤਨ ਦੀ ਰੂਹ ਪਛਾਣ ਲਈ।
ਦਲਬੀਰ ਚੇਤਨ ਨੂੰ ਅਲਵਿਦਾ ਕਹਿਣਾ ਨਹੀਂ ਸੀ ਆਉਂਦਾ।
ਅਲਵਿਦਾ ਕਹਿਣਾ ਉਸ ਘਰ ਨੂੰ ਵੀ ਨਹੀਂ ਸੀ ਆਉਂਦਾ।
ਉਸ ਜਿਉਣ ਜੋਗੇ ਨੂੰ ਮੈਂ ਹੀ ਕਿਉਂ ਆਖਾਂ, ‘‘ਅਲਵਿਦਾ ਚੇਤਨ!’’ ਉਹ ਯਾਰ ਸੀ ਆਖਰ!

  • ਮੁੱਖ ਪੰਨਾ : ਕਹਾਣੀਆਂ, ਦਲਬੀਰ ਚੇਤਨ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ