Maun Di... Baba... Dara (Punjabi Story) : Sukhjit

ਮੌਨ ਦੀ... ਬਾਬਾ... ਦਾਰਾ (ਕਹਾਣੀ) : ਸੁਖਜੀਤ

''ਮੈਂ ਬੋਲੂੰਗਾ...ਬੋਲੂੰ ਮੈਂ...ਬੋਲੂੰਗਾ...।'' ਬੋਲਦਾ-ਬੋਲਦਾ ਉਹ ਤੇਜ਼ ਤੇ ਉੱਚੀ ਹੋਈ ਜਾਂਦਾ। ਫੇਰ ਅਚਾਨਕ ''ਮੌਨ ਦੀ....ਬਾਬਾ ਦਾਰਾਅ'' ਚਿਲਾਉਂਦਾ। 'ਮੌਨ ਦੀ ਬਾਬਾ' ਵਰਗੇ ਸ਼ਬਦਾਂ ਦੀ ਕੋਈ ਸਮਝ ਨਾ ਆਈ ਪਰ ਅਖੀਰਲਾ 'ਦਾਰਾਅ' ਓਸ ਨੇ ਅਜੀਬ ਤਰ੍ਹਾਂ ਲਮਕਾਅ ਕੇ ਏਨੀ ਦਰਦ ਭਰੀ ਹੂਕ ਨਾਲ ਆਖਿਆ ਕਿ ਮੇਰੇ ਕਾਲਜੇ 'ਚੋਂ ਰੁੱਗ ਭਰਿਆ ਗਿਆ। ਅੰਦਰ ਧੂਹ ਪਈ ਕਿਤੇ।
ਉਹਦੇ ਘਰ ਦੇ ਉਹਨੂੰ ਡਾ. ਗੁਜਰਾਲ ਦੇ ਹਸਪਤਾਲ ਲਿਆਏ ਸਨ। ਉਨ੍ਹੀਂ ਦਿਨੀਂ ਮੈਂ ਵੀ ਡਾ. ਗੁਜਰਾਲ ਦਾ ਪੇਸ਼ੈਂਟ ਬਣਿਆ ਸਾਂ ਨਵਾਂ-ਨਵਾਂ, ਅਜੀਬ ਮਨੋਦਸ਼ਾ ਸੀ ਮੇਰੀ। ਡਾ. ਏਹਨੂੰ ਮਨੋਰੋਗ ਆਖਦੈ। ਟੀ.ਵੀ. ਦੇਖਦਿਆਂ ਜੇ ਸੀਨ 'ਚ ਪਰਾਉਂਠੇ ਪੱਕਦੇ ਵੇਖਦਾ ਤਾਂ ਮੈਨੂੰ ਖੁਸ਼ਬੂ ਵੀ ਆਉਣ ਲੱਗਦੀ ਐ, ਮੂਲੀ ਵਾਲੇ ਪਰਾਉਂਠੇ ਹੋਣ ਤਾਂ ਮੂਲੀਆਂ ਦੀ, ਆਲੂ ਜਾਂ ਗੋਭੀ ਦੇ ਹੋਣ ਤਾਂ ਉਨ੍ਹਾਂ ਦੀ ਭਰਵੀਂ ਮਹਿਕ ਆਉਂਦੀ ਐ। ਮੱਛੀ ਮਾਰਕੀਟ ਦਿਖਾਉਣ ਤਾਂ ਚੈਨਲ ਬਦਲ ਦੇਣ ਪਿੱਛੋਂ ਵੀ ਮਰੀਆਂ ਮੱਛੀਆਂ ਦੀ ਸੜਹਾਂਦ ਮੇਰਾ ਪਿੱਛਾ ਨਈਂ ਛੱਡਦੀ। ਕਿਸੇ ਐਡ 'ਚ ਮਾਡਲ ਜਿਹੜੇ ਵੀ ਸਾਬਣ ਨਾਲ ਨਹਾਉਂਦੀ ਐ, ਓਸੇ ਸਾਬਣ ਦੀ ਸਮੈੱਲ ਆਉਣ ਲੱਗਦੀ ਪਰ ਜ਼ੋਰ ਲਾਉਣ 'ਤੇ ਵੀ ਮੈਨੂੰ ਉਨ੍ਹਾਂ ਦੇ ਜਿਸਮਾਂ ਦੀ ਮਹਿਕ ਨਈਂ ਆਉਂਦੀ। ਉਨ੍ਹਾਂ ਦੇ ਜਿਸਮਾਂ ਵਿਚੋਂ ਇਕੋ ਗੰਧ ਆਉਂਦੀ ਐ, ਮੇਰੀ ਬੀਵੀ ਦੇ ਜਿਸਮ ਦੀ। ਬੀਵੀ ਮੇਰੀ ਕਿਸੇ ਵੀ ਸਾਬਣ ਨਾਲ ਨਹਾਵੇ, ਓਹਦੇ ਜਿਸਮ ਦੀ ਗੰਧ ਸਾਬਣ ਦੀ ਸਮੈੱਲ ਨੂੰ ਦਬਾ ਦਿੰਦੀ ਐ।
''ਤੂੰ ਬਹੁਤ ਕੁਝ ਭੋਗਣਾ ਚਾਹੁੰਦਾ ਸੀ ਪਰ ਭੋਗ ਨਾ ਸਕਿਆ ਏਸ ਕਰਕੇ ਤੇਰੀ ਸੁੰਘਣ ਸ਼ਕਤੀ 'ਐਕਸਟਰਾ ਸੈਂਸੇਟਿਵ' ਹੋ ਗਈ ਐ, ਏਹ...ਨਾਂ ਦਾ ਮਨੋਰੋਗ ਐ।'' ਡਾ. ਗੁਜਰਾਲ ਨੇ ਅੰਗਰੇਜ਼ੀ 'ਚ ਔਖਾ ਜਿਹਾ ਨਾਂ ਲਿਆ ਸੀ। ਹੁਣ ਮੈਂ ਡਾਕਟਰ ਨੂੰ ਕਿਵੇਂ ਦੱਸਦਾ ਕਿ ਭੋਗਣ ਦੀ ਕੋਈ ਕਸਰ ਮੇਰੇ ਬਾਪ ਨੇ ਨਹੀਂ ਸੀ ਛੱਡੀ। ਤੀਮੀਆਂ ਤੋਂ ਲੈ ਕੇ ਨਸ਼ਿਆਂ ਤਕ, ਪੀਣ-ਖਾਣ ਤੋਂ ਲੈ ਕੇ ਪਹਿਨਣ ਤਕ ਐਨਾ ਕੁਝ ਕੀਤਾ ਕਿ ਦਾਦੇ-ਪੜਦਾਦੇ ਦੀ ਲੱਖਾਂ ਦੀ ਕਮਾਈ ਉਡਾ ਦਿੱਤੀ। ਏਹ ਤਾਂ ਉਹਦੇ ਲੱਛਣ ਵੇਖ ਮੇਰੇ ਦਾਦੇ ਨੇ ਭਲੇ ਵੇਲੇ ਮੇਰੇ ਤੇ ਮੇਰੀ ਮਾਂ ਦੇ ਨਾਂ ਜਿਹੜੀ ਜਾਇਦਾਦ ਲਵਾ ਦਿੱਤੀ, ਓਹਦੇ ਨਾਲ ਸਾਡਾ ਗੁਜ਼ਾਰਾ ਹੋਈ ਜਾਂਦੈ। ਪਰ ਐਨਾ ਕੁਝ ਭੋਗਣ ਪਿੱਛੋਂ ਪਿਓ ਮੇਰਾ ਵੀ ਮਨੋਰੋਗੀ ਹੋ ਗਿਆ ਸੀ। ਕਈ-ਕਈ ਬੰਦਿਆਂ ਦਾ ਫੜਿਆ ਵੀ ਓਹ ਰੁਕਦਾ ਨਾ, 'ਤਿਤਰਲਾਟਮਾਤਾ-ਤਿਤਰਲਾਟਮਾਤਾ' ਬੋਲਦਾ ਜਾਂਦਾ ਤੇ ਭੱਜਦਾ ਜਾਂਦਾ, ਭੱਜਦਾ ਜਾਂਦਾ ਤੇ ਬੋਲਦਾ ਜਾਂਦਾ। ਓਹ ਦੋਵਾਂ ਹੱਥਾਂ ਨਾਲ ਮੱਥੇ ਨੂੰ ਲਕੋਂਦਾ ਬਚਾਉਂਦਾ, ਜਿਵੇਂ ਕੋਈ ਚੀਜ਼ ਉਹਦੇ ਮੱਥੇ 'ਚ ਵੱਜਦੀ ਹੋਵੇ। ਕੋਈ ਡਾਕਟਰ ਉਹਦਾ ਇਲਾਜ ਨਾ ਕਰ ਸਕਿਆ ਤੇ ਅਖ਼ੀਰ ਸਮਾਧ ਵਾਲੇ ਮਾਤਾ ਜੀ ਦੇ ਬਲਦੇ ਸਿਵੇ 'ਚ ਛਾਲ ਮਾਰ ਕੇ ਓਸ ਆਪਣੇਆਪ ਦਾ ਅੰਤ ਕਰ ਲਿਆ, ਜਿਉਂਦੇ-ਜੀਅ ਮੱਚ ਕੇ। ਸਾਡੇ ਪਿੰਡ ਦੀ ਏਹ ਸਮਾਧ ਪ੍ਰਾਚੀਨ ਮੰਦਰ ਐ। ਏਥੇ ਪ੍ਰਾਚੀਨ ਸਮੇਂ ਕੋਈ ਸਿੱਧ-ਪੁਰਸ਼ ਰਿਹਾ ਕਰਦੇ ਸਨ। ਏਥੇ ਈ ਉਨ੍ਹਾਂ ਦੀ ਸਮਾਧ ਬਣੀ ਹੋਈ ਐ। ਕਈ ਵਰ੍ਹੇ ਪਹਿਲਾਂ ਉਜਾੜ ਪਏ ਏਸ ਸਥਾਨ 'ਤੇ ਏਹ ਮਾਤਾ ਜੀ ਪ੍ਰਗਟ ਹੋ ਗਏ ਸਨ ਅਚਾਨਕ, ਪਤਾ ਨਹੀਂ ਕਿਥੋਂ। ਉੱਚੇ-ਲੰਮੇ, ਜੁਆਨ-ਜਹਾਨ, ਰੱਜ ਕੇ ਸੋਹਣੇ, ਕਿਸੇ ਦੇ ਕਹਿਣ ਵਾਂਗੂੰ, ''ਰੂਪ ਦਾ ਕੋਈ ਅੰਤ ਨਹੀਂ ਸੀ।'' ਕੋਈ ਹੋਰ ਆਖਦਾ, ''ਰੂਪ ਨਹੀਂ, ਨੂਰ ਸੀ ਰੱਬ ਦਾ ਨੂਰ, ਓਹ ਬੜੇ ਪਹੁੰਚੇ ਹੋਏ ਸਨ।'' ਪਰ ਲੋਕ ਏਹ ਵੀ ਘੁਸਰ-ਮੁਸਰ ਕਰਦੇ ਕਿ ਮੇਰਾ ਬਾਪ ਮਾਤਾ ਜੀ ਨੂੰ ਪਹਿਲਾਂ ਤੋਂ ਜਾਣਦਾ ਸੀ। ਕਈ ਕਹਿੰਦੈ, ''ਓਸ ਨੇ ਉਨ੍ਹਾਂ ਨੂੰ ਕਿਤੋਂ ਲਿਆ ਕੇ ਇਥੇ ਛੱਡਿਆ ਸੀ, ਰਾਤ-ਬਰਾਤੇ।''
ਮਾਤਾ ਜੀ ਦਾ ਸਸਕਾਰ ਸਮਾਧ 'ਚ ਹੀ ਕੀਤਾ ਗਿਆ ਸੀ। ਬਹੁਤ ਵੱਡੀ ਚਿਖਾ ਚਿਣੀ ਗਈ ਸੀ। ਢਾਈ ਮਣ ਤਾਂ ਚੰਦਨ ਦੀ ਲੱਕੜੀ ਪਾਈ ਗਈ, ਬਹੁਤ ਸਾਰੇ ਨਿੱਕ-ਸੁੱਕ ਦੇ ਨਾਲ ਕਈ ਪੀਪੇ ਸ਼ੁੱਧ ਦੇਸੀ ਘਿਉ ਦੇ ਉੱਲਦੇ ਗਏ ਸਨ। ਬੜਾ 'ਕੱਠ ਸੀ, ਲੋਕ ਭਜਨ ਗਾ ਰਹੇ ਸਨ, ਜੈ-ਜੈਕਾਰ ਕਰ ਰਹੇ ਸਨ। ਮਾਤਾ ਜੀ ਦੇ ਸਰੀਰ ਨੇ ਅਜੇ ਅੱਗ ਨਹੀਂ ਸੀ ਪਕੜੀ ਕਿ ਪਤਾ ਨਹੀਂ ਕਿਥੋਂ 'ਤਿਤਰਲਾਟਮਾਤਾ-ਤਿਤਰਲਾਟਮਾਤਾ' ਆਖਦਾ ਮੇਰਾ ਬਾਪ ਤੇਜ਼ੀ ਨਾਲ ਆਇਆ ਤੇ ਚਿਖਾ 'ਚ ਛਾਲ ਮਾਰ ਦਿੱਤੀ ਸੀ, ਕੋਈ ਕੁਝ ਨਾ ਕਰ ਸਕਿਆ ਪਰ ਲੋਕਾਂ ਨੇ ਗੱਲਾਂ ਬਹੁਤ ਕੀਤੀਆਂ, ''ਅਖੇ ਛਾਲ ਮਾਰਦਿਆਂ ਹੀ ਓਹ ਮਾਤਾ ਜੀ ਦੇ ਜਿਸਮ ਨਾਲ ਲਿਪਟ ਗਿਆ, ਮੁੜ ਨਈਂ ਹਿੱਲਿਆ।'' ''ਓਹਦੇ ਛਾਲ ਮਾਰਦਿਆਂ ਹੀ ਮਾਤਾ ਜੀ ਦੀ ਦੇਹ ਜਾਗ ਪਈ ਤੇ ਓਹ ਦੋਵੇਂ ਮਿਲ ਕੇ ਚਿਖਾ 'ਤੇ ਨਾਚ ਕਰਦੇ ਰਹੇ।"
''ਮਾਤਾ ਜੀ ਜਗੀਰ ਨੂੰ ਲਾਹਨਤਾਂ ਪਾਉਂਦੇ ਰਹੇ, ਆਵਾਜ਼ਾਂ ਸਾਫ਼ ਸੁਣਦੀਆਂ ਸਨ। ਆਂਹਦੇ ਸਨ-ਤੂੰ ਮੇਰੀ ਦੇਹ ਅਪਵਿੱਤਰ ਕਰ ਦਿੱਤੀ ਐ ਪਾਪੀਆ, ਭਿੱਟ ਦਿੱਤੀ ਐ ਕਲੰਕੀਆ...।''
ਜਿੰਨੇ ਮੂੰਹ ਓਨੀਆਂ ਗੱਲਾਂ ਮੇਰੇ ਕੰਨਾਂ 'ਚ ਗੂੰਜਦੀਆਂ ਰਹਿੰਦੀਆਂ, ਮੈਂ ਘਰੋਂ ਨਾ ਨਿਕਲਦਾ, ਕਿਸੇ ਦੇ ਮੱਥੇ ਨਾ ਲੱਗਦਾ, ਅਸੀਂ ਦੋਵੇਂ ਮਾਂ-ਪੁੱਤ ਵੀ ਇਕ-ਦੂਜੇ ਨਾਲ ਗੱਲ ਕਰਨੋਂ ਕੰਨੀਂ ਕਤਰਾਉਂਦੇ। ਬਿਨਾਂ ਗੱਲ ਸਾਂਝੀ ਕੀਤਿਆਂ ਅਸੀਂ ਏਸ ਗੱਲ 'ਤੇ ਸਹਿਮਤ ਹੋ ਗਏ ਕਿ ਸ਼ਹਿਰ ਜਾ ਕੇ ਵੱਸੀਏ। ਅਸੀਂ ਇੰਜ ਹੀ ਕੀਤਾ ਪਰ ਲੋਕਾਂ ਦੀਆਂ ਗੱਲਾਂ ਅੰਦਰ ਖੋਰੂ ਪਾਉਣੋਂ ਨਾ ਹਟੀਆਂ। ਤੇ ਜਦੋਂ ਬਾਪ ਦਾ ਬੋਲਿਆ 'ਤਿਤਰਲਾਟਮਾਤਾ' ਮਨ 'ਚ ਗੂੰਜਦਾ ਤਾਂ ਹੋਰ ਆਵਾਜ਼ਾਂ ਦਾ ਸ਼ੋਰ ਮੱਧਮ ਪੈ ਜਾਂਦਾ। ਮੈਂ ਸੋਚਣ ਲੱਗਦਾ ਕੀ ਐ ਏਹ 'ਤਿਤਰਲਾਟਮਾਤਾ?' ਜੀਹਨੇ ਮੇਰੇ ਪਿਉ ਦੇ ਮਨ ਨੂੰ ਰੋਗ ਲਾ ਦਿੱਤਾ। ਬਥੇਰਾ ਮੱਥਾ ਮਾਰਿਆ, ਕੁਝ ਸਮਝ ਨਾ ਆਈ। ਸਗੋਂ ਮੈਂ ਖ਼ੁਦ ਡਾਕਟਰ ਦੇ ਕਹਿਣ ਵਾਂਗੂੰ ਮਨੋਰੋਗੀ ਹੋ ਗਿਆ। ਸ਼ਹਿਰ ਆ ਕੇ ਵੀ ਮੈਂ ਬਹੁਤ ਘੱਟ ਬਾਹਰ ਜਾਂਦਾ, ਅਣਸਰਦੇ। ਅੰਦਰ ਪਿਆ ਪੜ੍ਹਦਾ ਰਹਿੰਦਾ ਜਾਂ ਟੀ.ਵੀ. ਦੇਖਦਾ ਰਹਿੰਦਾ। ਮਾਂ ਦੀ ਕੋਈ ਗੱਲ ਨਾ ਮੋੜਦਾ। ਉਸਨੇ ਵਿਆਹ ਨੂੰ ਕਿਹਾ, ''ਠੀਕ ਐ।'' ਮਾਂ ਨੇ ਕਿਹਾ, "ਕੁੜੀ ਸੋਹਣੀ ਐ, ਸਿਆਣੀ ਐਂ, ਸਰਕਾਰੀ ਟੀਚਰ ਐ, ਪਛਾਣ ਵਾਲੀ ਐ...।''
''ਠੀਕ ਐ ਮਾਂ।'' ਪਰ ਬਾਹਰ ਘੁੰਮਣ-ਫਿਰਨ ਵਾਲੀ ਗੱਲ ਮਾਂ ਦੀ ਵੀ ਮੈਂ ਟਾਲ ਜਾਂਦਾ। ਬੈਂਕਾਂ ਦੇ ਖਾਤਿਆਂ 'ਚ ਮਾਂ ਦੇ ਨਾਲ ਪਤਨੀ ਦਾ ਨਾਂ ਲਿਖਾ ਦਿੱਤਾ ਤਾਂ ਜੋ ਮੈਨੂੰ ਘੱਟ ਤੋਂ ਘੱਟ ਬਾਹਰ ਨਿਕਲਣਾ ਪਵੇ। ਬੀਵੀ ਸੈਰ ਲਈ ਜ਼ੋਰ ਪਾਉਂਦੀ ਤਾਂ ਮੈਂ ਰਾਤ ਦੀ ਰੋਟੀ ਪਿੱਛੋਂ ਉਹਦੇ ਨਾਲ ਲੰਬੀ ਸੈਰ ਕਰਦਾ। ਬਾਜ਼ਾਰੋਂ ਕੋਈ ਜ਼ਰੂਰੀ ਚੀਜ਼ ਲਿਆਉਣੀ ਹੁੰਦੀ ਤਾਂ ਮੈਂ ਰਾਤ ਨੂੰ ਹੀ ਜਾਂਦਾ। ਸੂਰਜ ਤੋਂ ਚਿੜ ਹੈ ਮੈਨੂੰ, ਮੱਥੇ ਨਹੀਂ ਲਾ ਸਕਦਾ, ਸਹਿ ਨਹੀਂ ਹੁੰਦਾ। ਮਾਂ ਤੇ ਬੀਵੀ ਇਕ ਦਿਨ ਗੱਲਾਂ ਕਰਦੀਆਂ ਸੁਣੀਆਂ, ''ਓਹ ਕਹਿੰਦੈ ਏਹਨੂੰ ਕਿਸੇ ਨੇ ਉੱਲੂ ਮਾਰ ਕੇ ਖਵਾਇਐ।'' ਮਾਂ ਕਿਸੇ ਸਿਆਣੇ ਕੋਲ ਗਈ ਸੀ, ਮੈਨੂੰ ਗੁੱਸਾ ਆਇਆ ਪਰ ਬੀਵੀ ਦੀ ਗੱਲ ਸੁਣ ਕੇ ਚੁੱਪ ਕਰ ਰਿਹਾ, ''ਠੀਕ ਤਾਂ ਕਹਿੰਦੈ ਓਹ, ਸਾਰੀ ਰਾਤ ਉੱਲੂਆਂ ਵਾਂਗ ਜਾਗਦੇ ਨੇ ਤੇ ਦਿਨ...।''
ਬੀਵੀ ਦੀ ਭੈਣ ਆਈ ਸੀ ਕੈਨੇਡਾ ਤੋਂ, ਪਤੀ ਅਤੇ ਬੇਟੇ ਨਾਲ। ਟੀ.ਵੀ. ਦੇਖ ਰਹੇ ਸਾਂ। ਸੀਨ ਵਿਚ ਆਮਲੇਟ ਬਣ ਰਿਹਾ ਸੀ। ਮੇਰੇ ਨੱਕ ਵਿਚ ਜਲੂਣ ਹੋਣ ਲੱਗੀ, ''ਤੁਆਨੂੰ ਵੀ ਆ ਰਹੀ ਐ ਸਮੈੱਲ?'' ਓਹ ਹੈਰਾਨੀ ਜਹੀ ਨਾਲ ਸੁੰਘਣ ਲੱਗੇ ਤਾਂ ਬੀਵੀ ਤੁਰੰਤ ਬੋਲੀ, ''ਨਹੀਂ ਕੋਈ ਸਮੈੱਲ ਨਹੀਂ ਆ ਰਹੀ ਕਿਸੇ ਨੂੰ, ਤੁਸੀਂ ਟੀ.ਵੀ. ਦੇਖੋ ਚੁੱਪਚਾਪ।''
ਕੱਲ੍ਹ ਏਵੇਂ ਤੁਸੀਂ ਨਵੀ ਨੂੰ ਵੈਨਕੂਵਰ ਬਾਰੇ ਦੱਸ ਰਹੇ ਸੀ, ਅੰਦਰੋਂ ਕਦੇ ਨਿਕਲੇ ਨਹੀਂ ਤੇ ਗੱਲਾਂ...।'' ''ਵਾਹਟ, ਅੰਕਲ ਕਦੇ ਨਹੀਂ ਗਏ ਵੈਨਕੂਵਰ?'' ਕੈਨੇਡਾ ਤੋਂ ਆਇਆ ਉਨ੍ਹਾਂ ਦਾ ਬੇਟਾ ਹੈਰਾਨੀ ਨਾਲ ਪੁੱਛ ਰਿਹਾ ਸੀ। ਮੈਂ ਵੀ ਹੈਰਾਨ ਸਾਂ ਕਿ ਬੀਵੀ ਝੂਠ ਕਿਉਂ ਬੋਲ ਰਹੀ ਐ। ਠੀਕ ਐ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਪਰ ਜਦੋਂ ਕੋਈ ਕਿਸੇ ਥਾਂ ਦਾ ਜ਼ਿਕਰ ਕਰਦੈ ਮੈਨੂੰ ਉਸ ਥਾਂ ਦਾ ਸਾਰਾ ਕੁਝ ਯਾਦ ਆਉਣ ਲੱਗ ਪੈਂਦੈ।
''ਅੰਕਲ ਨੂੰ ਤਾਂ ਓਥੋਂ ਬਾਰੇ ਸਭ ਪਤੈ...।'' ਨਵੀ ਨੇ ਕਿਹਾ ਤਾਂ ਬੀਵੀ ਝੱਟ ਬੋਲ ਉੱਠੀ, ''ਪਤੈ ਸੁਆਹ, ਕਿਤਾਬਾਂ ਪੜ੍ਹ-ਪੜ੍ਹ ਤੇ ਟੀ.ਵੀ. ਦੇਖ-ਦੇਖ ਦਿਮਾਗ਼ ਖ਼ਰਾਬ ਕਰ ਲਿਐ ਏਹਨਾਂ ਆਪਣਾ...।''
''ਕਿਤਾਬਾਂ ਤਾਂ ਤੂੰ ਵੀ ਪੜ੍ਹਦੀ ਐਂ।'' ਮਾਂ ਤੋਂ ਮੇਰੀ ਐਨੀ ਬੇਇੱਜ਼ਤੀ ਸਹਾਰੀ ਨਹੀਂ ਸੀ ਗਈ।
''ਮੈਂ ਏਹਨਾਂ ਵਾਂਗੂੰ ਨਹੀਂ ਪੜ੍ਹਦੀ ਬੀ ਜੀ, ਪੜ੍ਹਾਉਨੀ ਆਂ। ਥੋਨੂੰ ਕਿੰਨੀ ਵਾਰ ਕਿਹੈ ਏਹਨਾਂ ਨੂੰ ਕਿਤੇ ਦਖਾ ਲੀਏ ਹਰ ਆਏ-ਗਏ ਤੋਂ ਤਮਾਸ਼ਾ ਬਣਾ ਦਿੰਦੇ ਨੇ...।'' ਓਹਤੋਂ ਗੱਲ ਪੂਰੀ ਨਹੀਂ ਸੀ ਹੋਈ, ਮਨ ਭਰ ਗਿਆ ਸੀ ਉਸਦਾ।
ਓਦੋਂ ਆਏ ਸਾਂ ਡਾਕਟਰ ਕੋਲ, ਕੈਨੇਡਾ ਵਾਲਿਆਂ ਦੇ ਜਾਣ ਪਿੱਛੋਂ। ਸਾਇਕੈਟਰਿਸਟ ਡਾ. ਗੁਜਰਾਲ, ਬੜੀ ਮਦਦ ਕੀਤੀ ਸੀ ਮੇਰੀ ਉਹਨੇ। ਬੜੇ ਸੁਆਲ ਕੀਤੇ ਮੈਨੂੰ, ਨਿੱਠ ਕੇ, ਬੋਲਣ ਦਾ ਮੌਕਾ ਦਿੱਤਾ ਮੈਨੂੰ, ਠਰ੍ਹੰਮੇ ਨਾਲ ਸੁਣਿਆ। ਏਹ ਤਾਂ ਹੁਣ ਜਾ ਕੇ ਪਤਾ ਲੱਗਿਐ ਕਿ ਓਹ ਪੇਸ਼ੈਂਟ ਉੱਤੇ ਕੈਮਰਾ ਫਿੱਟ ਕਰਕੇ ਰੱਖਦੈ। ਪੇਸ਼ੈਂਟ ਨਾਲ ਆਏ ਜੀਆਂ ਦੀ ਵੀ ਇੰਟਰਵਿਊ ਕਰਦੈ, ਸਭ ਦਾ ਵਿਹਾਰ ਘੋਖਦੈ, ਕਾਹਲਾ ਪੈਂਦੈ, ਧੀਰਜ ਰੱਖਦੈ, ਕੋਈ ਖ਼ੁਦ ਨੂੰ ਤੇ ਦੂਜਿਆਂ ਨੂੰ ਕੀ ਸਮਝਦੈ? ਸਭ ਤੋਂ ਪਹਿਲਾਂ ਉਹਨੇ ਮੇਰੀ ਬੀਵੀ ਦਾ ਭਰਮ ਤੋੜਿਆ। ਉਹ ਆਪਣੇ ਡਬਲ ਐਮ.ਏ. ਤੇ ਬੀ.ਐਡ. ਹੋਣ ਦਾ ਮਾਣ ਕਰਦੀ ਤੇ ਮੇਰਾ ਬੀ.ਏ. ਫੇਲ੍ਹ ਹੋਣ ਦਾ ਮਜ਼ਾਕ ਉਡਾਉਂਦੀ।
ਡਾ. ਗੁਜਰਾਲ ਨੇ ਦੂਜੀ ਬੈਠਕ 'ਚ ਕਿਹਾ, ''ਦੇਖੋ ਮੈਡਮ ਡਿਗਰੀਆਂ ਲੈਣ ਨੂੰ ਪੜ੍ਹਾਈ ਨਈਂ ਕਹਿੰਦੇ, ਡਿਗਰੀਆਂ ਲੈਣਾਂ ਤਾਂ 'ਵਾਰਮ ਅੱਪ' ਹੋਣਾ ਹੁੰਦੈ, ਪੜ੍ਹਾਈ ਏਦੂੰ ਬਾਦ ਸ਼ੁਰੂ ਹੁੰਦੀ ਐ।'' ਬੀਵੀ ਨਹੀਂ ਸਮਝੀ ਤਾਂ ਉਹਨੇ ਖੋਲ੍ਹ ਕੇ ਸਮਝਾਇਆ, ''ਜਿਵੇਂ ਕੋਈ ਖੇਡ ਖੇਡਣ ਵਾਸਤੇ ਅਸੀਂ 'ਡਰੈੱਸ ਅੱਪ' ਹੁੰਨੇ ਆਂ, ਬੂਟ-ਜੁਰਾਬਾਂ ਕੱਸ ਕੇ, 'ਨੀ ਕੈਪ', ਨਿੱਕਰ, ਟੀ-ਸ਼ਰਟ, ਪਹਿਨ ਕੇ ਮੈਦਾਨ 'ਚ ਉਤਰਦੇ ਆਂ, ਖੇਡਣ ਤੋਂ ਪਹਿਲਾਂ ਦੀ ਏਹ ਸਾਰੀ ਤਿਆਰੀ ਬੀ.ਏ., ਐਮ.ਏ. ਦੀ ਡਿਗਰੀ ਲੈਣ ਵਾਂਗ ਐ, ਜਿਵੇਂ ਅਸਲੀ ਖੇਡ ਡਰੈੱਸ-ਅੱਪ ਤੇ ਵਾਰਮ-ਅੱਪ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਐ, ਓਵੇਂ ਅਸਲੀ ਪੜ੍ਹਾਈ ਡਿਗਰੀਆਂ-ਡਿਪਲੋਮਿਆਂ ਤੋਂ ਪਿੱਛੋਂ ਸ਼ੁਰੂ ਹੁੰਦੀ ਐ..।" ਉਹ ਕੁਝ ਚਿਰ ਰੁਕਿਆ, ਫੇਰ ਮੇਰੇ ਵਲ ਇਸ਼ਾਰਾ ਕਰਕੇ ਕਿਹਾ, ''ਮੈਂ ਅਜਿਹੇ ਬਹੁਤ ਸਾਰਿਆਂ ਨੂੰ ਜਾਣਦਾਂ, ਜਿਹੜੇ ਖੇਡ ਵਿਚ ਕੁੜਤੇ-ਪਜਾਮੇ ਨਾਲ ਹੀ ਕੁੱਦ ਪਏ, ਏਹ ਕਿੰਨਾ ਵੀ ਚੰਗਾ ਖੇਡਣ ਤੁਹਾਡੇ ਵਰਗਿਆਂ ਨੂੰ ਲੱਗਦਾ ਰਹਿੰਦੈ ਕਿ ਨਹੀਂ ਏਹਨੇ ਮਾਨਤਾ ਪ੍ਰਾਪਤ ਠੱਪੇ ਵਾਲੀ ਡਰੈੱਸ ਨਹੀਂ ਪਾਈ...'ਵਾਚ' ਕੀਤੈ ਮੈਂ। ਇਸਦੇ ਗਿਆਨ ਅੱਗੇ ਸਿਰ ਝੁਕਦੈ ਮੇਰਾ ਪਰ...।'' ਡਾ. ਸਾਹਬ ਨੇ ਠੰਢਾ ਸਾਹ ਭਰਿਆ, ''ਪਰ ਇਸ ਉੱਪਰ ਕਿਸੇ ਯੂਨੀਵਰਸਿਟੀ ਦਾ ਠੱਪਾ ਨਈਂ ਲੱਗਿਆ ਹੋਇਆ...।''
ਮੇਰੀ ਬੀਵੀ ਨੂੰ ਲਗਦਾ ਸੀ ਕਿ ਡਾਕਟਰ ਉਹਦੀਆਂ ਗੱਲਾਂ ਦੀ ਹਾਮੀ ਭਰੇਗਾ ਪਰ ਡਾਕਟਰ ਨੂੰ ਉਲਟ ਪਾਸਿਓਂ ਸ਼ੁਰੂ ਹੋਇਆ ਦੇਖ ਔਖੀ ਹੋ ਕੇ ਬੁੱਲ੍ਹ ਜਿਹੇ ਕੱਢਦੀ ਉਹ ਬਾਹਰ ਨਿਕਲ ਗਈ ਸੀ। ਜਿਵੇਂ ਕਹਿੰਦੀ ਹੋਵੇ, ''ਬੰਦੇ ਸਾਰੇ ਇਕੋ ਜਹੇ ਹੁੰਦੇ ਐ, ਬੁੱਧੂ।'' ਛਿੱਥਾ ਜਿਹਾ ਪੈਂਦਿਆਂ ਡਾਕਟਰ ਵਲ ਵੇਖ ਮੈਂ ਕੱਚਾ ਜਿਹਾ ਹਾਸਾ ਹੱਸਿਆ ਸਾਂ। ਮਨੋਵਿਸ਼ੇਸ਼ਾਰਥ ਵੀ ਸਹਿਜ ਨਹੀਂ ਸੀ ਰਿਹਾ। ਉਹਨੇ ਮੇਰੇ ਵਲ ਇੰਜ ਵੇਖਿਆ ਜਿਵੇਂ ਕਹਿੰਦਾ ਹੋਵੇ, ''ਤੂੰ ਏਹਦੇ ਨਾਲ ਕਿਵੇਂ ਕੱਟੀ ਜਾਨੈ ਯਾਰ।'' ਪਰ ਉਹ ਛੇਤੀ ਸੰਭਲ ਗਿਆ, ਮੁਸਕਰਾਇਆ, ਸਿਰ ਹਿਲਾਇਆ ਤੇ ਮੇਰੇ ਹੱਥ 'ਤੇ ਹੱਥ ਰੱਖ ਹੌਂਸਲਾ ਦਿੱਤਾ ਕਿ ਆਪਾਂ ਸਭ ਠੀਕ ਕਰ ਲਾਂਗੇ। ਡਾਕਟਰ ਮਾਂ ਤੋਂ ਕੁਝ ਪੁੱਛਣ ਲੱਗਿਆ ਤਾਂ ਮੈਂ ਆਗਿਆ ਲੈ ਕੇ ਬਾਹਰ ਆ ਗਿਆ, ਬੀਵੀ ਦੇ ਮਗਰ। ਉਹ ਪੈਂਦੀ ਸੱਟੇ ਬੋਲੀ, ''ਨਾ ਉਹਨੇ ਇਲਾਜ ਥੋਡਾ ਕਰਨਾ ਕਿ ਮੇਰਾ?''
''ਹੁਣ ਤਾਂ ਏਦਾਂ ਈ ਹੁੰਦੈ ਮੈਡਮ, ਸਕੂਲ 'ਚ ਦਾਖ਼ਲ ਬੱਚੇ ਨੇ ਹੋਣਾ ਹੁੰਦੈ ਇੰਟਰਵਿਊ ਮਾਪਿਆਂ ਦੀ ਹੁੰਦੀ ਐ।'' ਮੈਂ ਹਾਸੇ ਨਾਲ ਕਿਹਾ ਤਾਂ ਉਹਨੇ 'ਹੂੰਅ' ਕਹਿ ਕੇ ਮੇਰੇ ਵਲ ਇੰਜ ਵੇਖਿਆ ਜਿਵੇਂ ਕਹਿੰਦੀ ਹੋਵੇ, ''ਬੁੱਧੂ, ਕਿਤੋਂ ਦੀ ਗੱਲ ਕਿਥੇ ਲੈ ਜਾਂਦੈ।''
''ਬੋਲੂੰਗਾ...ਮੈਂ ਬੋਲੂੰਗਾ...ਮੌਨ ਦੀ... ਬਾਬਾ... ਦਾਰਾਅ...।'' ਅਚਾਨਕ ਗੂੰਜੇ ਏਹਨਾਂ ਬੋਲਾਂ ਨੇ ਸਭ ਨੂੰ ਡਰਾ ਦਿੱਤਾ। ਸਮਝ ਤਾਂ ਕੁਝ ਨਾ ਆਈ ਪਰ ਜਿਵੇਂ ਉਸਨੇ ਅਜੀਬ ਤਰ੍ਹਾਂ ਖਿੱਚ ਕੇ 'ਦਾਰਾਅ' ਉਚਾਰਿਆ। ਸੱਚੀ ਅੰਦਰੋਂ ਰੁੱਗ ਭਰਿਆ ਗਿਆ। ਬੀਵੀ ਮੇਰੀ ਵੀ ਤ੍ਰਹਿ ਕੇ ਓਧਰ ਵੇਖਣ ਲੱਗੀ ਸੀ। ਵੀਹ ਕੁ ਵਰ੍ਹਿਆਂ ਦਾ ਮੁੰਡਾ ਸੀ ਗੋਰਾ ਨਿਛੋਹ, ਸੂਹੀ ਭਾਹ ਮਾਰਦਾ ਚਿਹਰਾ, ਮੋਟੀਆਂ-ਮੋਟੀਆਂ ਅੱਖਾਂ, ਗੱਲ੍ਹਾਂ 'ਤੇ ਠੋਡੀ ਨਾਲ ਚਿੰਬੜੇ ਦਾੜ੍ਹੀ ਦੇ ਨਿੱਕੇ-ਨਿੱਕੇ ਛੱਲੇ ਸੋਨੇ ਰੰਗੇ, ਏਸ ਰੰਗ ਦੀਆਂ ਮਹੀਨ ਮੁੱਛਾਂ, ਭਾਰਾ ਪਰ ਢਿਲਕ ਕੇ ਮੱਥੇ ਦੇ ਸੱਜੇ ਪਾਸੇ ਆਇਆ ਜੂੜਾ, ਖੁੱਲ੍ਹ ਕੇ ਗਲ 'ਚ ਪਿਆ ਪਰਨਾ। ਬੇਹੱਦ ਭੋਲਾ ਤੇ ਪਿਆਰਾ ਜਿਹਾ ਮੁੰਡਾ 'ਮੌਨ ਦੀ ਬਾਬਾ ਦਾਰਾਅ' ਬੋਲਦਾ ਮੇਰੇ ਵਲ ਵੇਖ ਰਿਹਾ ਸੀ, ਇਕਟੱਕ। ਮੈਂ ਕੰਬ ਗਿਆ ਸਾਂ। ਉਹਨੂੰ ਕਈ ਜਣਿਆਂ ਨੇ ਫੜਿਆ ਹੋਇਆ ਸੀ, ਓਵੇਂ ਜਿਵੇਂ ਮੇਰੇ ਬਾਪ ਨੂੰ ਫੜਿਆ ਹੁੰਦਾ ਸੀ ਤੇ ਓਹ 'ਤਿਤਰਲਾਟਮਾਤਾ, ਤਿਤਰਲਾਟਮਾਤਾ' ਬੋਲੀ ਜਾਂਦਾ ਹੁੰਦਾ ਸੀ।
ਜੀਅ ਆਇਆ ਸੀ ਕਿ ਏਥੋਂ ਨੱਸ ਜਾਵਾਂ ਪਰ ਮੇਰੇ ਪੈਰ ਥਾਏਂ ਗੱਡੇ ਗਏ। ਓਹਦੀਆਂ ਅੱਖਾਂ 'ਚ ਪਤਾ ਨਈਂ ਕੀ ਸੀ, ਮੈਂ ਵੀ ਉਹਦੇ ਵਲ ਵੇਖਣ ਲੱਗਾ ਇਕਟੱਕ। ਅਚਾਨਕ ਉਹਨੇ ਆਪਣੇ-ਆਪ ਨੂੰ ਛੁਡਾਇਆ ਤੇ 'ਮੌਨ ਦੀ ਬਾਬਾ ਦਾਰਾਅ' ਆਖਦਾ ਮੈਨੂੰ ਚੁੰਬੜ ਗਿਆ। ਬੀਵੀ ਡਰ ਕੇ ਡਾਕਟਰ-ਡਾਕਟਰ, ਬੀ ਜੀ-ਬੀ ਜੀ ਚਿਲਾਉਣ ਲੱਗੀ। ਮੈਂ ਏਨਾ ਘਾਬਰ ਗਿਆ ਪਤਾ ਨਾ ਲੱਗੇ ਕਿ ਕੀ ਕਰਾਂ। ਫੇਰ ਜਿਵੇਂ ਕੋਈ ਡਰਿਆ ਬੱਚਾ ਮੂਲ-ਮੰਤਰ ਜਾਂ ਹਨੂਮਾਨ ਚਾਲੀਸਾ ਪੜ੍ਹਨ ਲੱਗ ਪਵੇ, ਇਕਦਮ ਮੇਰੇ ਮੂੰਹੋਂ 'ਤਿਤਰਲਾਟਮਾਤਾ, ਤਿਤਰਲਾਟਮਾਤਾ' ਨਿਕਲਣ ਲੱਗਿਆ। ਜਿਵੇਂ ਮੇਰੇ ਅੰਦਰੋਂ ਕੋਈ ਹੋਰ ਬੋਲ ਰਿਹਾ ਹੋਵੇ।
ਪਿੱਛੋਂ ਦੱਸਦੇ ਸਨ ਕਿ ਓਹ 'ਮੌਨ ਦੀ ਬਾਬਾ ਦਾਰਾ' ਤੇ ਮੈਂ 'ਤਿਤਰਲਾਟਮਾਤਾ' ਬੋਲਦੇ ਇਕ-ਦੂਜੇ ਤੋਂ ਤੇਜ਼ ਹੋਈ ਜਾਂਦੇ। ਸਾਰੇ ਮਰੀਜ਼ ਦਹਿਲ ਗਏ ਸਨ। ਉਹਦੇ ਘਰ ਦੇ 'ਬਸ ਤਾਰਿਆ, ਬਸ ਕਰ ਤਾਰੇ' ਆਖਦੇ ਉਹਨੂੰ ਮੇਰੇ ਗਲੋਂ ਧਰੂਹ ਰਹੇ ਸਨ। ਮੇਰੀ ਬੀਵੀ ਡਾਕਟਰ ਸਾਹਬ-ਡਾਕਟਰ ਸਾਹਬ ਕਹੀ ਜਾ ਰਹੀ ਸੀ। ਮਾਂ ਮੇਰੀ ਮੇਰੇ ਸਿਰ 'ਤੇ ਹੱਥ ਫੇਰਦੀ ਉੱਚੀ-ਉੱਚੀ ਚੌਪਈ ਦਾ ਪਾਠ ਪੜ੍ਹ ਰਹੀ ਸੀ। ਡਾ. ਸਾਹਬ ਕੰਪਾਊਡਰ ਤੇ ਨਰਸਾਂ ਨੂੰ ਸਾਨੂੰ ਸੰਭਾਲਣ ਤੇ ਟੀਕੇ ਭਰਨ ਲਈ ਕਹਿ ਰਹੇ ਸਨ ਤੇ ਅਸੀਂ ਦੋਵੇਂ ਉੱਚੀ, ਹੋਰ ਉੱਚੀ ਹੋਈ ਜਾ ਰਹੇ ਸਾਂ। ਹਸਪਤਾਲ 'ਚ ਕੁਰਲਾਹਟ ਮੱਚਿਆ ਪਿਆ ਸੀ। ਅਖ਼ੀਰ ਸਾਨੂੰ ਕੂਕਦਿਆਂ-ਕੁਰਲਾਉਂਦਿਆਂ ਨੂੰ ਸਾਰਿਆਂ ਰਲ ਕੇ ਬੈੱਡਾਂ 'ਤੇ ਲਿਟਾ ਦਿੱਤਾ।
ਟੀਕੇ ਲੱਗਦਿਆਂ ਹੀ ਅਸੀਂ ਸ਼ਾਂਤ ਹੋਣ ਲੱਗੇ। ਸਰੀਰ ਹੌਲਾ-ਫੁੱਲ ਹੋ ਰਿਹਾ ਸੀ, ਚੰਗਾ-ਚੰਗਾ ਲੱਗ ਰਿਹਾ ਸੀ। ''...ਮਿਲਾ ਕੇ ਲਾਏ ਏਹ ਦੋਏ ਟੀਕੇ ਤਾਂ ਹਾਥੀ ਨੂੰ ਸਿੱਟ ਲੈਂਦੇ ਆ।'' ਕੰਪੋਡਰ ਨੇ ਟੀਕਿਆਂ ਦੇ ਨਾਂ ਲਏ ਸਨ। ਆਵਾਜ਼ਾਂ ਦੂਰੋਂ ਆਉਂਦੀਆਂ ਜਾਪ ਰਹੀਆਂ ਸਨ। ਬੇ-ਸੁਰਤ ਹੁੰਦੇ-ਹੁੰਦੇ ਇਕ ਓਪਰੀ ਆਵਾਜ਼ ਨੇ ਮੇਰਾ ਧਿਆਨ ਖਿੱਚਿਆ ਸੀ। ਕੋਈ ਮੇਰੀ ਮਾਂ ਨੂੰ ਕਹਿ ਰਹੀ ਸੀ, ''ਏਹ ਮੁੰਡਾ ਕੌਣ ਐ ਬੀਬੀ? ਆਹ 'ਤਿਤਰਲਾਟਮਾਤਾ' ਏਹ ਤਾਂ ਖਾਰੇ ਵਾਲਾ ਜਗੀਰ ਸਿਹੁੰ ਕਿਹਾ ਕਰਦਾ ਸੀ...।'' ਉਸ ਪਿੱਛੋਂ ਮੈਂ ਬਥੇਰਾ ਯਤਨ ਕੀਤਾ ਕਿ ਕੁਝ ਸੁਣਾਂ, ਪਰ ਚੇਤਨਾ ਜਵਾਬ ਦੇ ਗਈ ਸੀ।
ਮੈਨੂੰ ਸੁਰਤ ਆਈ ਤਾਂ ਦਿਨ ਛਿਪ ਰਿਹਾ ਸੀ। ਪਤਾ ਨਈਂ ਕਿੰਨੀ ਲੰਮੀ ਨੀਂਦ ਤੋਂ ਜਾਗਿਆ ਹੋਵਾਂ। ਬੀਵੀ ਘਰ ਜਾ ਚੁੱਕੀ ਸੀ। ਮਾਂ ਕਿੰਨੀਆਂ ਸਾਰੀਆਂ ਦਵਾਈਆਂ ਲਈ ਮੇਰੇ ਕੋਲ ਬੈਠੀ ਸੀ। ਡਾਕਟਰ ਨੇ ਹੁਣ ਬਹੁਤੀ ਗੱਲ ਮੇਰੇ ਨਾਲ ਨਾ ਕੀਤੀ। ਅਸੀਂ ਘਰ ਆ ਗਏ। ਸਰੀਰ ਟੁੱਟਿਆ ਹੋਇਆ ਪਰ ਮਨ ਸ਼ਾਂਤ ਸੀ। ਮੇਰੀ ਸੱਸ ਆਈ ਹੋਈ ਸੀ। ਉਹ ਮੈਨੂੰ ਡਰਦੀ-ਡਰਦੀ ਮਿਲੀ, ਬੜੇ ਸਤਿਕਾਰ ਜਹੇ ਨਾਲ। ਉਹਨੇ ਦੱਸਿਆ,
''ਮਨਜੀਤ ਨੂੰ ਬੁਖ਼ਾਰ ਚੜ੍ਹਿਆ ਹੋਇਐ।'' ਬੀਵੀ ਨੂੰ ਬੁਖਾਰ ਦਾ ਸੁਣ ਕੇ ਮੈਂ ਅੰਦਰ ਨੂੰ ਹੋਇਆ। ਮੇਰੇ ਵੜਦਿਆਂ ਹੀ ਬੀਵੀ ਇਕਦਮ ਉੱਠ ਖੜੀ ਹੋਈ। ਚੁੰਨੀ ਠੀਕ ਕਰਕੇ ਮੇਰੇ ਵਲ ਹੱਥ ਜੋੜੇ। ਓਦੋਂ ਹੀ ਮਾਂ ਅੰਦਰ ਆਈ ਤੇ ਮੈਨੂੰ ਕਹਿਣ ਲੱਗੀ, ''ਤੁਸੀਂ ਆ ਜਾਓ, ਓਧਰ ਆਰਾਮ ਕਰ ਲਓ।'' ਮੇਰੀ ਹੈਰਾਨੀ ਨੂੰ ਕਈ ਜਰਬਾਂ ਆਈਆਂ। ਏਹ ਹੋ ਕੀ ਰਿਹੈ? ਅਖ਼ੀਰ ਤਿੰਨਾਂ ਦੀ ਘੁਸਰ-ਮੁਸਰ 'ਚ ਮੈਨੂੰ ਸੱਸ ਦੇ ਬੋਲ ਸੁਣੇ, ''ਮੈਨੂੰ ਤਾਂ ਭੈਣ ਜੀ ਸੁਖਰਾਜ ਵਾਲੀ ਕੋਈ ਗੱਲ ਨਈਂ ਲੱਭਦੀ। ਝਾਕਣੀ ਵੀ ਭਾਈਆ ਜਗੀਰ ਸਿਹੁੰ ਵਾਲੀ। ਤੋਰ ਵੀ ਇੰਨ-ਬਿੰਨ ਓਹੀ।''
ਉਹ ਮੇਰਾ ਤੇ ਮੇਰੇ ਬਾਪ ਦਾ ਨਾਂ ਲੈ ਰਹੀ ਸੀ ਵਾਰ-ਵਾਰ।
''ਓਹ ਥੋਡੀ।'' ਮੈਂ ਮੱਥੇ 'ਤੇ ਹੱਥ ਮਾਰਿਆ ਏਹ ਤਾਂ ਏਹ ਸਮਝੀ ਬੈਠੀਆਂ ਨੇ ਬਈ ਮੇਰੇ 'ਚ ਮੇਰਾ ਬਾਪੂ ਵੜ ਗਿਐ, ਜਗੀਰ ਸਿੰਘ। ਮੇਰਾ ਉੱਚੀ-ਉੱਚੀ ਹੱਸਣ ਨੂੰ ਜੀਅ ਕੀਤਾ, ਫੇਰ ਏਹ ਸੋਚ ਕੇ ਚੁੱਪ ਕਰ ਰਿਹਾ ਕਿ ਸੱਸ ਕਹੂ, ''ਦੇਖ ਲੈ ਭੈਣ ਜੀ ਏਹੇ ਸੁਖਰਾਜ ਦਾ ਹਾਸਾ ਤਾਂ ਉੱਕਾ ਈ ਨਹੀਂ, ਏਹੇ ਤਾਂ ਭਾਈਆ ਜਗੀਰ ਸਿਹੁੰ ਹੱਸਦਾ।'' ਜੀਅ 'ਚ ਤਾਂ ਏਹ ਵੀ ਆਇਆ ਕਿ ਏਹਨੂੰ ਪੁੱਛਾਂ ਬਈ ਤੂੰ ਕਦੋਂ ਦੇਖਿਐ ਭਾਈਆ? ਓਹੋ ਬਾਪ ਮੇਰਾ, ਵਿਆਹ ਮੇਰੇ ਤੋਂ ਪਹਿਲਾਂ ਈ ਕਿਸੇ ਦੇ ਸਿਵੇ 'ਚ ਛਾਲ ਮਾਰ ਕੇ ਮੱਚ ਗਿਆ ਤੇ ਮੈਨੂੰ ਛੱਡ ਗਿਆ ਸਾਰੀ ਉਮਰ ਮੱਚਣ ਲਈ। ਪਰ ਪੁੱਛਦਾ ਕਿਸੇ ਨੂੰ ਕੁਝ ਨਹੀਂ ਮੈਂ। ਖਬਰਨੀ ਏਸੇ ਕਰਕੇ ਮੇਰਾ ਏਹ ਹਾਲ ਐ? ਪੁੱਛਿਆ ਤਾਂ ਅਗਲੇ ਦਿਨ ਵੀ ਮਾਂ ਨੂੰ ਨਹੀਂ ਕਿ ਅੱਗੇ ਵੀ ਪੰਡਤਾਂ ਦੇ ਕਹਿਣ 'ਤੇ ਬਾਪੂ ਦੀ ਗਤੀ ਕਰਾ ਚੁੱਕੇ ਆਂ, ਹੁਣ ਫੇਰ ਦੁਬਾਰਾ ਕਿਉਂ? ਇਸ ਵਾਰ ਸੱਸ ਕਿਸੇ ਮਸ਼ਹੂਰ ਪੰਡਤ ਤੋਂ ਪੁੱਛ ਕੇ ਆਈ ਸੀ।
ਨਾਲ ਬੀਵੀ ਤੇ ਸੱਸ ਵੀ ਗਈਆਂ ਸਨ, ਪਿਹੋਵੇ ਨੂੰ। ਰਾਹ 'ਚ ਮੈਂ ਸੱਸ ਨੂੰ ਪੁੱਛ ਈ ਲਿਆ ਕਿ ਤੁਸੀਂ ਮੇਰੇ ਬਾਪੂ ਨੂੰ ਦੇਖਿਆ ਸੀ। ਉਹ ਬੋਲੀ, ''ਲੈ ਹੈਂਅ, ਤੈਨੂੰ ਕੁੜੀ ਅਸੀਂ ਉਨ੍ਹਾਂ ਦੇ ਮੂੰਹ ਨੂੰ ਦਿੱਤੀ ਐ, ਸਾਡਾ ਘਰ ਤਾਂ ਉਨ੍ਹਾਂ ਦਾ ਦੂਆ ਸੀ...।'' ਫੇਰ ਪਤਾ ਨਹੀਂ ਕਿਉਂ ਉਹ ਮਾਂ ਦੀਆਂ ਅੱਖਾਂ 'ਚ ਦੇਖ ਕੇ ਚੁੱਪ ਹੋ ਗਈ। ਮੈਨੂੰ ਚੱਕਰ ਆਉਣ ਵਾਲਾ ਹੋ ਗਿਆ। ਚੱਕਰ ਤਾਂ ਪਾਂਡੇ ਨੇ ਵੀ ਲਿਆ ਦਿੱਤੇ ਸਨ। ਉਹਨੇ ਚੰਗੀ ਬਿੱਕ ਲਾਹੀ ਸਾਡੀ। ਐਨੇ ਬ੍ਰਾਹਮਣਾਂ ਦੇ ਭੋਜਨ ਦੇ ਐਨੇ ਪੈਸੇ, ਐਨੀਆਂ ਗਊਆਂ ਦੇ ਐਨੇ, ਐਨੇ ਪਿੱਤਰਾਂ ਦੇ ਤੇ ਪਤਾ ਨਹੀਂ ਕੀ-ਕੀ ਦੇ ਕਿੰਨੇ? ਉਂਜ ਤਾਂ ਪਹਿਲਾਂ ਹੀ ਬੁੜੀਆਂ ਨੇ ਘਰੋਂ ਤੁਰਦਿਆਂ ਕਸਰ ਨਹੀਂ ਸੀ ਰੱਖੀ। ਸੱਸ ਕਹਿੰਦੀ ਸੀ, ''ਭਾਈਆ ਜਗੀਰ ਸਿਹੁੰ ਨੂੰ ਆਹ ਪਸੰਦ ਸੀ, ਐਹੋ ਜਹੀ ਜੁੱਤੀ, ਐਦਾਂ ਦੇ ਕੱਪੜੇ, ਓਦਾਂ ਦਾ ਖਾਣ-ਪਾਣ...।'' ਸਣੇ ਸੁੱਕੇ-ਸੀਦੇ ਦੇ ਸਭ ਕੁਝ ਲਿਆ ਸੀ ਨਾਲ਼..।
ਪਿਹੋਵੇ ਤੋਂ ਆ ਕੇ ਮੈਂ ਵੱਧ ਅਸ਼ਾਂਤ ਹੋ ਗਿਆ ਸਾਂ। ਓਥੇ ਵੀ ਜਦੋਂ ਪੰਡਤ ਗਤੀ ਕਰ ਰਿਹਾ ਸੀ ਤਾਂ ਪਹਿਲੇ ਮੰਤਰ ਵੇਲੇ ਹੀ ਮੈਂ ਸੁਭਾਅ ਦੇ ਉਲਟ ਮੰਤਰ ਦਾ ਅਰਥ ਪੁੱਛ ਬੈਠਾ ਸਾਂ। ਪੰਡਤ ਕੌੜਾ-ਕੌੜਾ ਝਾਕਿਆ ਸੀ, ਮਾਂ ਨੇ ਚੁੱਪ ਰਹਿਣ ਲਈ ਕਿਹਾ, ਮੈਂ ਚੁੱਪ ਹੋ ਗਿਆ। ਪਰ ਮਨ 'ਚ ਸੋਚਦਾ ਰਿਹਾ ਕਿ ਮੰਤਰਾਂ ਦੇ ਅਰਥ ਸਾਨੂੰ ਕਿਉਂ ਨਹੀਂ ਦੱਸਦੇ? ਜਾਂ ਮੰਤਰ ਸਾਡੀ ਬੋਲੀ 'ਚ ਕਿਉਂ ਨਹੀਂ? ਪ੍ਰੇਸ਼ਾਨ ਏਹ ਸੋਚ ਕੇ ਵੀ ਹੋਇਆ ਕਿ ਬਾਪੂ ਨੂੰ ਤਾਂ ਮੀਟ-ਸ਼ਰਾਬ ਪਸੰਦ ਸੀ, ਫੇਰ ਓਹਦੀ ਗਤੀ ਦਾਲ ਸਬਜ਼ੀ ਜਾਂ ਖੀਰ ਨਾਲ ਕਿਵੇਂ ਹੋਜੂ? ਮਾਂ ਦੱਸਦੀ ਹੁੰਦੀ ਕਿ ਜੇ ਘਰ 'ਚ ਉਹਦੀ ਪਸੰਦ ਦੀ ਰੋਟੀ ਨਾ ਬਣੀ ਹੁੰਦੀ ਤਾਂ ਉਹ ਥਾਲੀ ਵਗਾਹ ਕੇ ਕੌਲੇ ਨਾਲ ਮਾਰਦਾ ਤੇ ਗਾਲ੍ਹਾਂ ਦਿੰਦਾ, ''ਮੈਂ ਡੰਗਰ ਆਂ, ਜੇਹੜਾ ਘਾਹ-ਫੂਸ ਖਾਵਾਂ...?''
ਮੈਨੂੰ ਉਹ ਬੜਾ ਈ ਸੋਹਣਾ ਜਿਹਾ ਮੁੰਡਾ ਯਾਦ ਆ ਗਿਆ, ਜਿਹੜਾ 'ਮੌਨ ਦੀ ਬਾਬਾ' ਕਹਿੰਦਾ-ਕਹਿੰਦਾ 'ਦਾਰਾ' ਕਹਿ ਕੇ ਮੈਨੂੰ ਚਿੰਬੜਿਆ ਸੀ। ਦਿਲ ਨੂੰ ਕੰਬਾ ਦੇਣ ਵਾਲੀ ਓਹਦੀ ਚੀਕ ਦੇ ਨਾਲ ਹੀ ਉਹ ਆਵਾਜ਼ ਯਾਦ ਆਈ, ਜੀਹਨੇ ਕਿਹਾ ਸੀ ਕਿ ਏਹ ਤਾਂ ਖਾਰੇ ਵਾਲਾ ਜਗੀਰ ਸਿਹੁੰ ਕਹਿੰਦਾ ਹੁੰਦਾ ਸੀ। ਮਾਂ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹ ਓਸ ਮੁੰਡੇ ਤਾਰੇ ਦਾ ਬਾਬਾ ਸੀ। ਮੈਂ ਹਸਪਤਾਲੋਂ ਤਾਰੇ ਦੇ ਪਿੰਡ ਦਾ ਪਤਾ ਲੈ ਕੇ ਮੋਟਰ ਸਾਈਕਲ ਨਹਿਰ ਦੀ ਪਟੜੀ ਪਾ ਲਿਆ। ਅੱਧ ਅਕਤੂਬਰ ਦੇ ਦਿਨ ਸਨ, ਨਹਿਰ ਭਰ ਕੇ ਵਗ ਰਹੀ ਸੀ। ਕਿਨਾਰਿਆਂ ਦੇ ਰੁੱਖ ਜਿਵੇਂ ਪਾਣੀ ਨਾਲ ਗੱਲਾਂ ਕਰਦੇ ਹੋਣ, ਚੰਗਾ ਲੱਗਿਆ। ਰੁੜੇ ਜਾਂਦੇ ਨਾਰੀਅਲ ਨੂੰ ਵੇਖ ਮੁਸਕਰਾ ਪਿਆ ਸਾਂ। ਨਹਿਰੋਂ ਮੀਲ ਕੁ ਦੀ ਵਿੱਥ ਤੇ ਤਾਰੇ ਹੁਰਾਂ ਦਾ ਪਿੰਡ ਐ। ਤਾਰਾ ਸੱਚੀਓਂ ਬਹੁਤ ਸੋਹਣੈ, ਭੋਲਾ ਚਿਹਰਾ, ਅੱਖਾਂ 'ਚ ਤਰਲਾ ਜਿਹਾ, ਪਤਾ ਨਈਂ ਕਾਹਦੇ ਲਈ। ਉਹਦੇ ਚਿਹਰੇ 'ਚ ਕੁਝ ਹੈ ਜਿਹੜਾ ਮੈਨੂੰ ਬੇਚੈਨ ਕਰ ਜਾਂਦੈ। ਜਦੋਂ ਮੈਂ ਉਨ੍ਹਾਂ ਦੇ ਘਰ ਪਹੁੰਚਿਆ, ਤਾਰਾ ਸੁੱਤਾ ਪਿਆ ਸੀ। ਪਿੰਡ ਦਾ ਡਾਕਟਰ ਟੀਕਾ ਲਾ ਕੇ ਗਿਆ ਸੀ। ਡਾ. ਗੁਜਰਾਲ ਦੇ ਦੱਸੇ ਟੀਕੇ ਹੁਣ ਉਹ ਘਰੇ ਈ ਲਾ ਰਹੇ ਸਨ। ਗੱਲਾਂ-ਬਾਤਾਂ 'ਚੋਂ ਪਤਾ ਲੱਗਿਆ ਕਿ ਬਹੁਤਾ ਫ਼ਰਕ ਨਹੀਂ ਪਿਆ, ਹੁਣ ਉਹ ਤਾਰੇ ਨੂੰ ਕਿਸੇ ਪਾਗਲਖਾਨੇ ਛੱਡਣ ਬਾਰੇ ਸੋਚ ਰਹੇ ਸਨ। ਏਥੇ ਵੀ ਮੈਨੂੰ ਪਤਾ ਲੱਗਾ ਕਿ ਮਾਂ-ਪਿਉ ਦੇ ਕਰਜ਼ੇ ਬੱਚਿਆਂ ਨੂੰ ਲਾਹੁਣੇ ਪੈਂਦੇ ਨੇ। ਮੇਰੀ ਕੁੰਡਲੀ ਵੇਖ ਕੇ ਜੋਤਸ਼ੀ ਨੇ ਕਿਹਾ ਸੀ ਕਿ ਏਹਦੇ ਉਤੇ ਪਿਤਰੀ-ਰਿਣ ਐ, ਏਹਦੇ ਪੁਰਖਿਆਂ ਨੇ ਕੋਈ ਪਾਪ ਕੀਤੈ, ਜੀਹਦਾ ਫਲ ਏਹ ਭੁਗਤ ਰਿਹੈ। ਓਦੋਂ ਮੈਂ ਮਨ ਹੀ ਮਨ ਹੱਸਿਆ ਸਾਂ ਪਰ ਏਥੇ ਆ ਕੇ ਗੰਭੀਰ ਹੋ ਗਿਆ। ਸੱਚ ਹੀ ਮਾਪਿਆਂ ਦਾ ਕੀਤਾ ਬੱਚਿਆਂ ਨੂੰ ਭੁਗਤਣਾ ਪੈਂਦੈ। ਜਦੋਂ ਵਾਪਸ ਮੁੜਿਆ ਤਾਂ 'ਡਿਸਟਰਬ' ਸਾਂ, ਬੇਹੱਦ ਦੁਖੀ। ਹੁਣ ਨਾ ਪਾਣੀ ਚੰਗਾ ਲਗਦਾ ਸੀ, ਨਾ ਦਰਖ਼ਤ। ਰਹਿ-ਰਹਿ ਕੇ ਤਾਰੇ ਤੇ ਦਾਰੇ ਦਾ ਖ਼ਿਆਲ ਆਉਂਦਾ। ਤਾਰਾ ਏਸ ਘਰ ਦਾ ਦੋਹਤੈ। ਛੋਟੇ ਹੁੰਦੇ ਦਾ ਪਿਓ ਮਰ ਗਿਆ ਸੀ। ਮਗਰੋਂ ਮਾਂ ਦੀ ਓਥੇ ਨਿਭੀ ਨਾ, ਓਹ ਨਿੱਕੇ ਜਿਹੇ ਤਾਰੇ ਨੂੰ ਲੈ ਕੇ ਪੇਕੀਂ ਆ ਬੈਠੀ। ਓਧਰ ਏਹਨਾਂ ਦੇ ਨਾਹਰੇ ਦੀ ਕੁੜੀ ਮੁੰਡੇ ਦੇ ਜਣੇਪੇ ਵੇਲੇ ਮਰ ਗਈ, ਪ੍ਰਾਹੁਣਾ ਪਹਿਲਾਂ ਈ ਕਲਕੱਤੇ ਵਲ ਟਰੱਕਾਂ 'ਤੇ ਗਿਆ ਘੱਟ-ਵੱਧ ਈ ਮੁੜਦਾ ਸੀ। ਹੁਣ ਉਹਦੀ ਉੱਕਾ ਆਸ ਨਹੀਂ ਸੀ ਰਹੀ, ਨਾਹਰਾ ਦੋਹਤੇ ਨੂੰ ਆਵਦੇ ਕੋਲ ਲੈ ਆਇਆ। ਉਹਦਾ ਨਾਂ ਦਾਰਾ ਰੱਖਿਆ। ਤਾਰਾ ਤੇ ਦਾਰਾ, ਦੋਹੇਂ ਹਾਣੀ, 'ਕੱਠੇ ਖੇਡ ਕੇ ਵੱਡੇ ਹੋਏ। 'ਕੱਠੇ ਸਕੂਲ ਜਾਣ ਲੱਗੇ, 'ਕੱਠੇ ਪੰਜਵੀਂ ਕਰਕੇ ਹਟੇ। ਤਾਰੇ ਦੀ ਬੀਬੀ ਫ਼ਰਕ ਨਾ ਕਰਦੀ, ਦਾਰੇ ਨੂੰ ਤਾਰੇ ਵਰਗਾ ਸਮਝਦੀ। ਬਾਬੇ ਤੋਂ ਜ਼ਰੂਰ ਓਹਲਾ ਰੱਖਣਾ ਪੈਂਦਾ, ਉਹ ਜਦੋਂ ਦਾ...ਵਾਲੇ ਸੰਤਾਂ ਦੇ ਲੜ ਲੱਗਿਆ ਸੀ, ਕੱਟੜ ਹੋ ਗਿਆ ਸੀ। ਉਂਜ ਜਵਾਨੀ ਪਹਿਰੇ ਤਾਂ ਉਸਨੇ ਵੀ ਬਥੇਰੇ ਚੰਦ ਚੜ੍ਹਾਏ ਸਨ। ਕੋਤਰ-ਕੋਤਰ ਸੌ ਚਿੜਾ ਪਾ ਕੇ ਦਾਰੂ ਕੱਢਦਾ। 'ਲਾਕੇ ਦੇ ਸਾਰੇ ਵੈਲੀ ਓਹਦੇ ਖੂਹ 'ਤੇ ਕੱਠੇ ਹੁੰਦੇ। ਓਹਦਾ ਜਾਣੀ 'ਕਰਮੇ ਦਾ ਖੂਹ' ਦੂਰ-ਦੂਰ ਤਕ ਮਸ਼ਹੂਰ ਸੀ। ਵੈਲੀ ਆਂਹਦੇ ਕਿ ਓਥੋਂ ਚਿੜੀਆਂ ਦਾ ਦੁੱਧ ਵੀ ਮਿਲ ਜਾਂਦੈ।
ਮੇਰਾ ਬਾਪੂ ਵੀ ਏਹਨਾਂ ਦਾ ਪੱਕੀ ਜੋਟੀਦਾਰ ਸੀ। ਅੱਜ ਦੱਸਿਐ ਬਾਬੇ ਕਰਮ ਸਿਹੁੰ ਨੇ ਕਿ ਉਨ੍ਹਾਂ ਦੀ, ਕਰਮੇ ਤੇ ਜਗੀਰੇ ਦੀ ਜੋੜੀ ਦੀਆਂ ਮੁੰਡਿਆਂ ਨੇ ਬੋਲੀਆਂ ਜੋੜੀਆਂ ਹੋਈਆਂ ਸਨ। ਉਹ 'ਕੱਠੇ ਸ਼ਿਕਾਰ ਖੇਡਦੇ, ਤਿੱਤਰ-ਬਟੇਰੇ ਭੁੰਨਦੇ, ਪਹਿਲੇ ਤੋੜ ਦੀ ਕੱਢਦੇ, ਪੀਂਦੇ, 'ਕੱਠੇ ਮਾਰਾਂ ਮਾਰਦੇ। ਫੇਰ ਜਦੋਂ ਬੀਕਾਨੇਰ ਵੰਨੀਓਂ ਫੀਮ ਲੈਣ ਗਿਆ ਮੇਰਾ ਬਾਪੂ ਰਾਜਪੂਤਣੀ ਕੱਢ ਲਿਆਇਆ ਸੀ ਤਾਂ ਏਨ੍ਹਾਂ ਦਾ 'ਕੱਠ ਨਹੀਂ ਸੀ ਰਿਹਾ। ਓਸ ਉੱਚੀ-ਲੰਮੀ, ਸੋਹਣੀ-ਸੁਨੱਖੀ, ਨਰੋਈ ਕਾਠੀ ਵਾਲੀ ਤੀਮੀਂ ਦਾ ਜ਼ਿਕਰ ਕਰਦਿਆਂ ਅੱਜ ਵੀ ਬਾਬੇ ਕਰਮ ਸਿਹੁੰ ਦੇ ਮੂੰਹੋਂ ਹਉਕਾ ਨਿਕਲ ਗਿਆ ਸੀ ਮੱਲੋ-ਮੱਲੀ। ਅੱਗੇ ਉਹ ਹਰੇਕ ਮਾਰ ਦਾ ਮਾਲ ਵੰਡ ਕੇ ਛਕਦੇ ਪਰ ਰਾਜਪੂਤਣੀ ਨੂੰ ਲੈ ਕੇ ਜਗੀਰ ਸਿਹੁੰ ਅੜ ਗਿਆ, ਅਖੇ "ਏਹ ਸਿਰਫ਼ ਮੇਰੀ ਐ, ਮੈਂ ਏਹਨੂੰ ਸੱਚੇ ਦਿਲੋਂ ਚਾਹੁੰਨਾ, ਏਹ ਵੀ ਮੇਰੇ ਪਿਆਰ ਕਰਕੇ ਆਈ ਐ ਸਭ ਕੁਝ ਛੱਡ ਕੇ। ਐਵੇਂ ਕਿਵੇਂ ਨਈਂ ਰਜਵਾੜਾ ਖਾਨਦਾਨ ਦੀ ਐ।'' ਉਹ ਵੀ ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੀ, ਖ਼ੰਜਰ ਰੱਖਦੀ ਸੀ ਕੋਲ।
''ਮੇਰਾ ਤਾਂ ਇਕ ਦਿਨ ਕਾਲਜਾ ਈ ਪਾੜ ਦੇਣ ਲੱਗੀ ਸੀ।'' ਦੱਸਦਾ ਬਾਬਾ ਕਰਮ ਸਿੰਘ ਝੇਂਪ ਜਿਹਾ ਗਿਆ ਸੀ। ਉਹਨੇ ਦੱਸਿਆ ਕਿ ਉਹ ਰੋਈ ਬਹੁਤ, ਜਦੋਂ ਉਹਨੂੰ ਪਤਾ ਲੱਗਾ ਬਈ ਜਗੀਰ ਸਿੰਘ ਵੈਲੀ ਐ, ਵਿਆਹਿਐ ਤੇ ਮੁੰਡਾ ਵੀ ਐ। ਕਹਿੰਦੀ, ''ਮੈਂ ਤਾਂ ਏਹਦੀਆਂ ਮਿੱਠੀਆਂ ਗੱਲਾਂ 'ਤੇ ਮਰ ਮਿਟੀ, ਊਂ ਸ਼ੇਰਾ ਜਗੀਰ ਸਿਹੁੰ ਜਿੰਨਾ ਮਿੱਠਾ ਕੀਹਨੇ ਹੋਣੈ।'' ਬਾਬਾ, ਬਾਪੂ ਦੀਆਂ ਸਿਫ਼ਤਾਂ ਕਰਨ ਲੱਗਾ, "ਜੁਆਨ ਵੀ ਬੜਾ ਸੀ ਤੇ ਸੋਹਣਾ ਵੀ, ਵੈਲੀਆਂ ਵਾਲੇ ਸਾਰੇ ਗੁਣ, ਹੋਰ ਕਿਤੇ ਤੀਮੀਆਂ ਉਧਾਲਣਾ ਤੇ ਵੇਚਣਾ ਜਣੇ-ਖਣੇ ਦੇ ਵੱਸ ਐ।'' ਪਰ ਉਸ ਰਾਜਪੂਤ ਤੀਮੀਂ ਨੂੰ ਲਿਆ ਕੇ ਉਹ ਫਸ ਗਿਆ ਸੀ। ਜਿਵੇਂ ਪਹਿਲਾਂ ਕਰਿਆ ਕਰਦੇ ਸਨ, ਉਹਨੂੰ 'ਗਾਂਹ ਵੇਚਣ ਦੀ ਗੱਲ ਤੋਂ ਈ ਓਹ ਗਲ ਪੈ ਜਾਂਦਾ। ਅਖ਼ੀਰ ਪੂਜਾ ਕਰਦੀ ਨੂੰ ਵੇਖ ਉਹਨੇ ਸਕੀਮ ਬਣਾਈ। ਉਹਨੂੰ ਆਪਣੇ ਪਿੰਡ ਦੇ ਸੁੰਨੇ ਪਏ ਪ੍ਰਾਚੀਨ ਮੰਦਰ 'ਚ ਬਿਠਾਉਣ ਦੀ। ਤੜਕੇ ਤਿੰਨ ਵਜੇ ਉਹਨੂੰ ਮੰਦਰ 'ਚ ਛੱਡਣ ਤੋਂ ਪਹਿਲਾਂ ਰਾਤ ਉਨ੍ਹਾਂ ਸਾਰਿਆਂ ਰਲ ਕੇ ਭੂਤਾਂ ਵਾਂਗੂੰ ਮੰਦਰ ਦੀ ਸਫ਼ਾਈ ਕਰ ਦਿੱਤੀ। ਪਹਿਲੀ ਵਾਰ ਉਨ੍ਹਾਂ ਨੇ ਉਹਨੂੰ ਖੁਸ਼ ਵੇਖਿਆ। ਉਹ ਮੂਰਤੀਆਂ ਨੂੰ ਚੁੰਨੀ ਨਾਲ ਸਾਫ ਕਰਦੀ ਮਾਫ਼ੀਆਂ ਮੰਗ ਰਹੀ ਸੀ। ਉਨ੍ਹਾਂ ਨੇ ਓਥੋਂ ਜਾਣ ਲਈ ਕਿਹਾ ਕਿ ਉਹ ਮੁੜ ਮੰਦਰ 'ਚ ਕਦੇ ਨਾ ਆਉਣ। ਫੇਰ ਉਹਨੇ ਜਗੀਰ ਸਿਹੁੰ ਨੂੰ ਜਿਵੇਂ ਆਖ਼ਰੀ ਬੇਨਤੀ ਕੀਤੀ ਕਿ ਉਹ ਉਹਨੂੰ ਗੰਗਾ ਜਲ ਲਿਆ ਕੇ ਦੇਵੇ। ਸਾਥੀਆਂ ਬਥੇਰਾ ਕਿਹਾ ਕਿ ਨਹਿਰ 'ਚੋਂ ਭਰ ਕੇ ਦੇ ਦਿੰਨੇ ਆਂ, ਕੀ ਪਤਾ ਲੱਗਣੈ ਪਰ ਜਗੀਰ ਸਿਹੁੰ ਨਾ ਮੰਨਿਆ। ਓਹ ਹਰਦੁਆਰ ਨੂੰ ਚੜ੍ਹ ਗਿਆ ਤੇ ਤੀਜੀ ਰਾਤ ਉਹ ਕਿੰਨਾ ਸਾਰਾ ਗੰਗਾ ਜਲ ਲੈ ਕੇ ਮੰਦਰ ਜਾ ਪਹੁੰਚਿਆ ਪਰ ਉਹਨੇ ਗੰਗਾ ਜਲ ਅੰਦਰ ਰਖ ਕੇ ਕਿਵਾੜ ਬੰਦ ਕਰ ਲਏ। ਜਗੀਰ ਸਿਹੁੰ ਨੂੰ ਮੰਦਰ 'ਚ ਪੈਰ ਨਾ ਪਾਉਣ ਦਿੱਤਾ। ਜਗੀਰ ਸਿਹੁੰ ਨੇ ਬਥੇਰੀਆਂ ਲੇਲੜੀਆਂ ਕੱਢੀਆਂ ਬਈ ਓਹ ਮਾਸ-ਸ਼ਰਾਬ ਛੱਡ ਦੂ, ਸਾਰੇ ਬੁਰੇ ਕੰਮ ਤਿਆਗ ਦੂ ਬੰਦਾ ਬਣ ਜੂ...। ਪਰ ਉਹ ਨਾ ਮੰਨੀ। ਉਹ ਕਮਲਾ ਹੋ ਗਿਆ, ਗ਼ੁੱਸੇ 'ਚ ਅਵਾ-ਤਵਾ ਬੋਲਦਾ, ਕਦੇ ਕਹਿਆ ਕਰੇ, ''ਮੈਂ ਸਾਧ ਹੋ ਜਾਣੈ'' ਕਦੇ ਕਹੇ, ''ਓਹਨੂੰ ਵੱਢ ਦੇਣੈ ਵੱਡੀ ਮਾਤਾ ਬਣੀ ਫਿਰਦੀ ਐ।'' ਉਨ੍ਹੀਂ ਦਿਨੀਂ ਸਾਡੇ ਖੂਹ 'ਤੇ ਇਕ ਨਾਥ ਆਇਆ ਕਰਦਾ ਸੀ, ਚਿਲਮ ਵਾਲਾ। ਉਹ ਗ਼ਜ਼ਬ ਦਾ ਸੁਲਫਾ ਤਿਆਰ ਕਰਦਾ। ਪਹਿਲਾਂ ਉਹ ਸਾਨੂੰ ਸੁਲਫਾ ਪੀਣ ਤੋਂ ਰੋਕਦਾ ਰਿਹਾ, ਕਹਿੰਦਾ ਹੁੰਦਾ ਸੀ, ''ਏਹ ਸ਼ਿਵਜੀ ਦਾ ਪ੍ਰਸਾਦ ਐ ਅਸੀਂ ਨਾਥ ਯੋਗੀ ਤਾਂ ਮਾਇਆ ਤੋਂ ਪਰ੍ਹੇ, ਖਾਸ ਕਰ ਔਰਤਾਂ ਤੋਂ ਦੂਰ ਰਹਿਣ ਲਈ ਸੇਵਨ ਕਰਦੇ ਆਂ ਥੋਨੂੰ ਗ੍ਰਹਿਸਥੀਆਂ ਨੂੰ ਤਾਂ ਚੌਧਵਾਂ ਰਤਨ ਈ ਠੀਕ ਐ।'' ਹੁਣ ਜਗੀਰ ਸਿਹੁੰ ਜ਼ਿਦ ਕਰਨ ਲੱਗਾ। ਨਾਥ ਨੇ ਕਹਿਣਾ, ''ਸੁਲਫਾ ਤੀਮੀਂ ਜੋਗਾ ਨਹੀਂ ਛੱਡਦਾ।'' ਜਗੀਰ ਸਿਹੁੰ ਨੇ ਹਉਕਾ ਭਰਨਾ, ''ਹੁਣ ਤੀਮੀਆਂ ਜੋਗੇ ਰਹੇਓ ਕਿਥੇ ਆਂ, ਜੀਹਦੇ 'ਤੇ ਪਹਿਲੀ ਵਾਰੀ ਮਨ ਆਇਆ ਓਹ ਦੇਵੀ ਬਣਗੀ...।''
ਸੱਚਮੁੱਚ ਮੰਦਰ ਵਾਲੇ ਮਾਤਾ ਜੀ ਦੀ ਆਲੇ-ਦੁਆਲੇ 'ਚ ਪੂਰੀ ਜੈ-ਜੈਕਾਰ ਸੀ, ਦਿਨਰਾਤ ਸ਼ਰਧਾਲੂਆਂ ਦਾ ਆਉਣ-ਜਾਣ ਲੱਗਾ ਰਹਿੰਦਾ। ਅਸੀਂ ਜਗੀਰ ਸਿਹੁੰ ਨੂੰ ਕਹਿੰਦੇ ਚੱਲ ਚੱਕ ਲਿਆਉਨੇ ਆਂ ਰਾਤ-ਬਰਾਤੇ, ਪਰ ਉਹ ਮੰਨਦਾ ਨਾ ਸੁਲਫ਼ਾ ਪੀਣ ਦੀ ਜ਼ਿਦ ਕਰਦਾ, ਫੇਰ ਜੀਹਨੇ-ਜੀਹਨੇ ਸੂਟਾ ਲਾਉਣਾ ਹੁੰਦਾ, ਨਾਥ ਉਨ੍ਹਾਂ ਨੂੰ ਗੋਲ ਧਾਰੇ 'ਚ ਬਿਠਾਉਂਦਾ। ਓਮ ਨਮ:ਸਿਵਾਏ ਦਾ ਜਾਪ ਕਰਨ ਲਈ ਕਹਿੰਦਾ, ਚਿਲਮ ਫੜਨ ਦਾ, ਮੂੰਹ ਲਾਉਣ ਦਾ ਤੇ ਸੂਟਾ ਖਿੱਚਣ ਦਾ ਵੱਲ ਦੱਸਦਾ। ਕਈਆਂ ਨੂੰ ਹੁੱਥੂ ਛਿੜ ਪੈਂਦਾ, ਕਈਆਂ ਤੋਂ ਸੂਟਾ ਖਿੱਚ ਨਾ ਹੁੰਦਾ, ਜਾਬਤਾ ਪੂਰਾ ਕਰਦੇ ਬੱਸ।
ਬਾਬਾ ਦੱਸ ਰਿਹਾ ਸੀ, ''ਪਰ ਜਗੀਰ ਸਿਹੁੰ! ਸਦਕੇ ਜਾਈਏ ਓਸ ਦੇ, ਓਸ ਜਿਹੜਾ ਕੰਮ ਵੀ ਕੀਤਾ ਰੂਹ ਨਾਲ ਕੀਤਾ। ਸੁਲਫੇ ਦੀ ਲਾਟ ਮੱਲ ਜਿੰਨੀ ਉੱਚੀ ਉੱਚੀ ਬਾਹਰ ਦਿਸਦੀ ਐ, ਓਨੀ ਪਹਿਲਾਂ ਅੰਦਰ ਖਿੱਚਣੀ ਪੈਂਦੀ ਐ, ਨਿਰੀ ਅੱਗ।'' ਬਾਬੇ ਨੂੰ ਧੁੜਧੁੜੀ ਆ ਗਈ, ''ਕਾਲਜਾ ਮਚਾ ਦੇਂਦੀ ਐ, ਜਿਵੇਂ-ਜਿਵੇਂ ਅੰਦਰ ਉਤਰਦੀ ਐ ਅੰਗਾਰ ਬਣਾਉਂਦੀ ਜਾਂਦੀ ਐ, ਫੇਰ ਜਿਉਂ-ਜਿਉਂ ਬਾਹਰ ਆਉਂਦੀ ਐ ਸਵਾਹ ਕਰਦੀ ਤੁਰਦੀ ਆਉਂਦੀ ਐ...।'' ਬਾਬੇ ਨੇ ਹਉਕਾ ਭਰਿਆ ਸੀ, ''ਜਗੀਰ ਸਿਹੁੰ ਦਾ ਅੰਦਰ ਫੂਕਿਆ ਗਿਆ ਸੀ।''
ਓਦਣ ਜਗੀਰ ਸਿਹੁੰ ਦਿਨੇ ਈ ਮੰਦਰ ਚਲਾ ਗਿਆ ਸੀ, ਪਰ ਮਾਤਾ ਜੀ ਨੇ ਦਰਸ਼ਨ ਦੇਣੋਂ ਮਨਾ ਕਰ 'ਤਾ, ਦੁੱਕੀ-ਦੁੱਕੀ ਦੇ ਸ਼ਰਧਾਲੂਆਂ ਨੇ ਦੁਰ-ਦੁਰ ਕੀਤੀ ਸੀ ਤੇ ਉਹਨੂੰ ਕੁੱਤੇ ਵਾਂਗੂੰ ਬਾਹਰ ਕੱਢ ਦਿੱਤਾ ਸੀ। ਓਦਣ ਹੀ ਓਹ ਪਤਾ ਨਈਂ ਕਿੰਨੇ ਚਿਰ ਪਿੱਛੋਂ ਆਪਣੇ ਘਰ ਗਿਆ ਸੀ ਪਰ ਦਾਦੇ ਮੇਰੇ ਨੇ ਅੰਦਰ ਨਹੀਂ ਸੀ ਵੜਨ ਦਿੱਤਾ। ਮਾਂ ਮੇਰੀ ਖੜ੍ਹੀ ਦੇਖਦੀ ਰਹੀ ਸੀ ਜਿਵੇਂ ਉਹਨੂੰ ਜਾਣਦੀ ਨਾ ਹੋਵੇ। ਉਹ ਮੁੜ ਖੂਹ 'ਤੇ ਆ ਗਿਆ ਸੀ, ਕਰਮੇ ਹੋਰੀਂ ਤਿੱਤਰ ਫੜ ਕੇ ਹਟੇ ਸਨ, ਜਾਲ ਲਾ ਕੇ। ਦਾਰੂ ਨਿਕਲ ਰਹੀ ਸੀ। ਉਹ ਉੱਕਾ ਈ ਚੁੱਪ ਸੀ। ਰੋਕਦਿਆਂ-ਰੋਕਦਿਆਂ ਵੀ ਉਹਨੇ ਤੱਤੀ ਤੱਤੀ ਦਾਰੂ ਅੰਦਰ ਸੁੱਟ ਲਈ ਸੀ। ਫੇਰ ਅਜੀਬ ਜ਼ਿਦ ਫੜ ਬੈਠਾ, ਜਿਊਂਦੇ ਤਿੱਤਰ ਤਾਂ ਉਹ ਅੱਗੇ ਵੀ ਵਿਚ ਦੀ ਸੀਖ ਲੰਘਾ ਕੇ ਅੱਗ 'ਤੇ ਭੁੰਨ ਲੈਂਦੇ ਸਨ ਪਰ ਓਦਣ ਉਹ ਆਖੇ ਕਿ ਤਿੱਤਰ ਸੁਲਫ਼ੇ ਦੀ ਲਾਟ 'ਤੇ ਭੁੰਨਣੈ, ਜਿਊਂਦਾ ਈ। ਸੁਲਫ਼ੇ ਦੀ ਲਾਟ ਤਾਂ ਭਬੂਕਾ ਜਿਹਾ ਈ ਹੁੰਦੈ ਪਰ ਉਹ ਆਖੇ, ''ਮੈਂ ਟਿਕਾਊਂ ਲਾਟ।'' ਸਾਹ ਰੋਕ-ਰੋਕ, ਬੰਨ-ਬੰਨ ਓਹ ਲਾਟ ਟਕਾਉਂਦਾ ਰਿਹਾ ਤੇ ਕਰਮਾ ਖੰਭਾਂ ਤੋਂ ਫੜ ਕੇ ਤਿੱਤਰ ਲਾਟ 'ਤੇ ਕਰਦਾ ਰਿਹਾ, ਫੇਰ ਪਤਾ ਨਈਂ ਤਿੱਤਰ 'ਚ ਐਨਾ ਜ਼ੋਰ ਕਿਥੋਂ ਆਇਆ ਕਿ ਕਰਮੇ ਦੇ ਹੱਥਾਂ 'ਚੋਂ ਛੁੱਟ ਕੇ ਉਹ ਜਗੀਰ ਸਿਹੁੰ ਦੇ ਮੱਥੇ 'ਤੇ ਸਿੱਧਾ ਐਨੇ ਜ਼ੋਰ ਦੀ ਵੱਜਾ ਕਿ ਉਹਨੂੰ ਗਸ਼ੀ ਪੈ ਗਈ। ਉਹ ਉਹਨੂੰ ਸੰਭਾਲਣ ਲੱਗੇ, ਥੋੜ੍ਹੇ ਚਿਰ ਪਿੱਛੋਂ ਉਹ ਉੱਠ ਤਾਂ ਬੈਠਾ ਪਰ ਹੋਸ਼ 'ਚ ਨਾ ਆਇਆ।
''ਦੂਏ ਦਿਨ ਘਰ ਤੋਂ ਕਿੱਲੇ ਦੀ ਵਿੱਥ 'ਤੇ ਮੈਨੂੰ ਓਹ ਤਿੱਤਰ ਤਾਂ ਮਿਲ ਗਿਆ ਅੱਧ-ਸੜਿਆ, ਮਰਿਆ ਹੋਇਆ ਪਰ ਮੁੜ ਮੈਨੂੰ ਓਹ ਜਗੀਰ ਸਿਹੁੰ ਨਾ ਮਿਲਿਆ। ਬਸ ਓਸ ਦਿਨ ਪਿੱਛੋਂ ਖੂਹ ਉੱਜੜ ਗਿਆ।'' ਬਾਬਾ ਕਰਮ ਸਿੰਘ ਹਉਕਾ ਭਰ ਕੇ ਚੁੱਪ ਕਰ ਗਿਆ ਸੀ। ਅਗਲੀ ਗੱਲ ਮੈਂ ਓਹਦੇ ਘਰੋਂ ਤੇ ਪਿੰਡੋਂ ਸੁਣੀ।
ਕਰਮੇ ਦੇ ਮਨ 'ਤੇ ਅਜਿਹਾ ਅਸਰ ਹੋਇਆ, ਓਹ...ਵਾਲੇ ਸੰਤਾਂ ਦੇ ਚਰਨੀਂ ਜਾ ਲੱਗਾ। ਉਨ੍ਹਾਂ ਦਾ ਅੰਮ੍ਰਿਤ ਛਕ ਲਿਆ ਤੇ ਸੰਤਾਂ ਦਾ ਕੋਈ ਬਚਨ ਵੀ ਭੁੰਜੇ ਨਾ ਡਿੱਗਣ ਦਿੰਦਾ। ਦੋਵੇਂ ਮੁੰਡਿਆਂ, ਨੂੰਹਾਂ, ਦੋਹਤੇ ਤਾਰੇ ਤੇ ਪੋਤੀਆਂ ਨੂੰ ਖਿੱਚ ਕੇ ਰੱਖਦਾ ਕਿ ਉਹ ਸੰਤਾਂ ਦੇ ਹੁਕਮ 'ਚ ਚੱਲਣ ਸਦਾ। ਹੁਣ ਘਰ 'ਚ ਮੀਟ-ਸ਼ਰਾਬ ਤਾਂ ਕੀ ਚਾਹ ਵੀ ਨਹੀਂ ਸੀ ਬਣਦੀ। ਵਾਹ ਲਗਦੀ ਟੱਬਰ ਚਿੱਟੇ ਵਸਤਰ ਪਹਿਨਦਾ, ਬਾਬਾ ਕਰਮ ਸਿੰਘ ਤਾਂ ਪੱਗ ਵੀ ਗੋਲ ਬੰਨ੍ਹਦਾ, ਸੰਤਾਂ ਵਰਗੀ। ਲੋਕ ਆਂਹਦੇ, ''ਕਰਮ ਸਿੰਘ ਜ਼ਿੰਨੇ ਜ਼ੋਰ-ਸ਼ੋਰ ਨਾਲ ਵੈਲਪੁਣਾ ਕਰਦਾ ਸੀ ਓਸੇ ਤਰ੍ਹਾਂ ਰੱਬ ਦੇ ਪਿੱਛੇ ਪੈ ਗਿਐ...।'' ਘਰ 'ਚ ਉਹਦਾ ਦਾਬਾ ਏਨਾ ਸੀ ਕਿ ਉਹਦੇ ਦੋਵੇਂ ਪੁੱਤਰ ਤੇ ਦੋਹਤਰਾ ਦਾਰਾ ਤਾਂ ਤਾਰੇ ਨਾਲ ਈ ਜੁਆਨ ਹੋਇਆ ਸੀ। ਦਾਰਾ ਵੀ ਕਿਸੇ ਮਾੜੀ ਸ਼ੈਅ ਵਲ ਮੂੰਹ ਨਾ ਕਰਦਾ। ਜਦੋਂ ਦਾ ਉਹਦਾ ਨਾਨਾ ਨਾਹਰਾ ਪੂਰਾ ਹੋਇਆ ਸੀ, ਉਹ ਤਾਰੇ ਕੋਲ ਹੀ ਸੌਂਦਾ।
ਤਾਰੇ ਤੇ ਦਾਰੇ ਦੀ ਯਾਰੀ ਏਨੀ ਸੰਘਣੀ ਸੀ ਕਿ ਬਹੁਤੇ ਉਨ੍ਹਾਂ ਨੂੰ ਭਰਾ ਈ ਸਮਝਦੇ, ਬੱਸ ਦਾਰੇ ਦਾ ਰੰਗ ਕੁਝ ਪੱਕਾ ਸੀ ਤੇ ਉਹ ਤਾਰੇ ਨਾਲੋਂ ਤਕੜਾ ਵੀ ਸੀ। ਵਾਢੀ ਕਰਦਿਆਂ ਉਨ੍ਹਾਂ ਦੀ ਸੱਥਰੀ 'ਕੱਠੀ ਪੈਂਦੀ। ਤਾਰਾ ਵੀ ਦਾਰੇ ਨੂੰ ਪਿੱਛੇ ਨਈਂ ਸੀ ਰੱਖਦਾ, ਹਾੜੀ-ਸਾਉਣੀ ਨਵੇਂ ਕੱਪੜੇ ਲੈਣ ਵੇਲੇ ਉਹ ਬੀਬੀ ਤੇ ਮਾਮਿਆਂ ਨੂੰ ਆਖ ਕੇ ਆਪਣੇ ਨਾਲ ਦਾ ਕੁੜਤਾ-ਪਜਾਮਾ, ਪੱਗ ਤੇ ਜੁੱਤੀ ਦਾਰੇ ਨੂੰ ਲੈ ਕੇ ਦਿੰਦਾ। ਮਸੂਮ ਬਾਲਾਂ ਦਾ ਭੋਲਾਪਣ ਸਾਰਿਆਂ ਨੂੰ ਮੋਹ ਲੈਂਦਾ। ਦੋਹਤਰੇ ਹੋਣ ਕਰਕੇ ਸਾਰਾ ਪਿੰਡ ਪਿਆਰ ਕਰਦਾ। ਕਿਸੇ ਘਰੋਂ ਦੁੱਧ ਪੀਂਦੇ, ਘਿਉ-ਸ਼ੱਕਰ ਖਾਂਦੇ ਜਾਂ ਦਹੀਂ-ਮੱਖਣ, ਏਨ੍ਹਾਂ ਨੂੰ ਜਵਾਬ ਨਈਂ ਸੀ। ਨਿੱਕੇ-ਨਿੱਕੇ ਕੰਮਾਂ ਲਈ ਏਹਨਾਂ ਨੂੰ ਆਵਾਜ਼ਾਂ ਪੈਂਦੀਆਂ ਰਹਿੰਦੀਆਂ, ''ਵੇ ਤਾਰਿਆ, ਆਹ ਪੀਹਣ ਈ ਛੱਡ ਆ ਵੇ ਚੱਕੀ 'ਤੇ।'' ''ਆਹ ਬੱਠਲ ਚੁਕਾਈਂ ਵੇ ਦਾਰਿਆ।'' ਤੇ ਇਹ ਦੋਵੇਂ, ''ਚੰਗਾ ਨਾਨੀ।'' "ਆਇਆ ਮਾਮੀ।'' "ਆਉਨਾ ਮਾਮਾ।'' ''ਠੀਕ ਐ ਨਾਨਾ।'' ਆਖਦੇ ਭੱਜੇ ਫਿਰਦੇ। ਪਰ ਜਦੋਂ ਕਰਮ ਸਿੰਘ ਮਾਲਾ ਫੜਾ ਕੇ ਇਕ ਘੰਟਾ ਨਾਮ ਜਪਣ ਦਾ ਹੁਕਮ ਕਰਦਾ ਤਾਂ ਏਹਨਾਂ ਨੂੰ ਮੌਤ ਪੈ ਜਾਂਦੀ। ਉਹਦੀ ਘੁਰਕੀ ਤੋਂ ਡਰਦੇ ਏਹ ਔਖੇ-ਸੌਖੇ ਘੰਟਾ ਲੰਘਾ ਤਾਂ ਦਿੰਦੇ ਪਰ ਉਬਾਸੀਆਂ, ਕਦੇ ਆਕੜਾਂ, ਕਦੇ ਲੱਤਾਂ ਸਿੱਧੀਆਂ ਕਰਦਿਆਂ ਏਹਨਾਂ ਦਾ ਬੁਰਾ ਹਾਲ ਹੋ ਜਾਂਦਾ ਤਾਂ ਵੀ ਬਾਬੇ ਅੱਗੇ ਉਭਾਸਰਦੇ ਨਾ।
ਪਿੰਡ ਵਾਲਿਆਂ ਦੀ ਰੀਸੇ ਇਹ ਵੀ ਉਹਨੂੰ ਬਾਬਾ ਈ ਆਖਦੇ, ਨਾਨਾ ਨਹੀਂ। ਤਾਰੇ ਦੇ ਮਾਮੇ-ਮਾਮੀਆਂ ਨੂੰ ਤਾਂ ਘੰਟਾ ਸਵੇਰੇ, ਘੰਟਾਂ ਸ਼ਾਮੀਂ ਨਾਮ ਜਪਣ ਦਾ ਅਭਿਆਸ ਹੋ ਗਿਆ। ਪਰ ਤਾਰੇ ਤੇ ਦਾਰੇ ਨੂੰ ਇਹ ਦੋਵੇਂ ਘੰਟੇ ਵਿਹੁ ਦਿਖਾਈ ਦਿੰਦੇ। ਸੰਤਾਂ ਦਾ ਬੜਾ ਕਰੜਾ ਹੁਕਮ ਸੀ ਕਿ ਤੜਕੇ ਚਾਰ ਵਜੇ ਤੋਂ ਪੰਜ ਵਜੇ ਤੇ ਸ਼ਾਮੀਂ ਚਾਰ ਤੋਂ ਪੰਜ ਮੌਨ ਧਾਰਨੈ, ਬੋਲਣਾ ਨਹੀਂ, ਭਾਵੇਂ ਘਿਉ ਦੇ ਘੜੇ ਰੁੜ ਜਾਣ, ਬੱਸ ਅੰਦਰ ਈ ਅੰਦਰ ਸੰਤਾਂ ਦਾ ਦੱਸਿਆ ਨਾਮ ਜਪਣੈ, ਜੇਹੜਾ ਕਿਸੇ ਨੂੰ ਸੁਣੇ ਨਾ। ਲੋੜ ਪੈਣ 'ਤੇ ਇਸ਼ਾਰਿਆਂ ਨਾਲ ਕੰਮ ਚਲਾਉਣੈ। ਪਿੱਛੋਂ ਕਈ ਵਾਰੀ ਤਾਰਾ ਤੇ ਦਾਰਾ ਮਾਮੇ-ਮਾਮੀਆਂ ਨੂੰ ਓਸ ਵੇਲੇ ਦੀਆਂ ਪੁੱਠੀਆਂ-ਸਿੱਧੀਆਂ ਦੱਸ ਕੇ ਬੜਾ ਹਸਾਉਂਦੇ। ਦਾਰਾ ਏਹ ਵੀ ਆਂਹਦਾ, ''ਮਾਮਾ ਆਹ ਨਾਮ ਜਪਣ ਵਾਲਾ ਘੰਟਾ ਹੁੰਦਾ ਈ ਬੜਾ ਵੱਡਾ, ਮੁੱਕਦਾ ਈ ਨਹੀਂ, ਪਾਣੀ ਦੀ ਵਾਰੀ ਵਾਲਾ ਘੰਟਾ ਐਂ ਨਿਕਲ ਜਾਂਦੈ।'' ਉਹ ਚੁਟਕੀ ਵਜਾਉਂਦਾ ਤੇ ਤਾਰਾ ਹਾਮੀ ਭਰਦਾ, ''ਸੱਚੀ ਗੱਲ ਐ, ਜੇ ਵਾਰੀ ਵਾਲਾ ਘੰਟਾ ਨਾਮ ਵਾਲੇ ਘੰਟੇ ਜਿੱਡਾ ਹੋਵੇ ਸਾਰੀ ਪੈਲੀ ਭਰੀ ਜਾਵੇ।'' ਮਾਮੇ-ਮਾਮੀਆਂ ਹੱਸਦੇ ਤਾਂ ਦਾਰਾ ਆਖਦਾ, ''ਮੈਨੂੰ ਤਾਂ ਬਾਬੇ ਕੋਲੋਂ ਮੁਆਫ਼ੀ ਦੁਆ ਦਿਓ, ਏਹ ਘੰਟਾ ਕੱਢਣਾ ਮੇਰੇ ਲਈ ਬੜਾ ਔਖੈ, ਏਹਦੇ ਬਦਲੇ ਕੰਮ ਦੇ ਭਾਵੇਂ ਚਾਰ ਘੰਟੇ ਲੁਆ ਲਵੇ।'' ਕਦੇ-ਕਦੇ ਤਾਰੇ ਦੀ ਬੀਬੀ ਬੜੀ ਸੱਧਰ ਜਹੀ ਨਾਲ ਆਖਦੀ, ''ਏਹਨਾਂ ਦੋਵਾਂ ਦੇ ਵਿਆਹ 'ਕੱਠੇ ਈ ਕਰਾਂਗੇ ਇਕੋ ਪਿੰਡ...।'' ''ਆਹੋ ਬੀਬੀ।'' ਤਾਰੇ ਦੀ ਕੋਈ ਮਾਮੀ ਆਖਦੀ, ''ਖਰਚਾ ਬਚੇਗਾ, ਨਾਲੇ ਇਕੋ ਜਣਾ ਦੋਵਾਂ ਨੂੰ ਲੈ ਆਇਆ ਕਰੇਗਾ।'' ਛੋਟਾ ਮਾਮਾ ਤਾਰੇ ਹੋਰਾਂ ਨੂੰ ਛੇੜਦਾ, ''ਫੇਰ ਤੇ ਬੀਬੀ ਗੋਹਾ ਚੁੱਕਣ ਵਾਲੀ ਵੀ ਹਟਾ ਦੇਣੀ ਆਂ।'' ਉਹਨੂੰ ਸਾਰੇ ਬੀਬੀ ਆਖਦੇ, ਉਹ ਆਂਹਦੀ, ''ਨਾ ਵੇ ਵੀਰਾ ਮੈਂ ਨਈਂ ਆਪਣੀਆਂ ਨੂੰਹ ਰਾਣੀਆਂ ਕੋਲੋਂ ਗੋਹਾ ਚਕਾਉਂਦੀ, ਚੌਂਕੇ 'ਚ ਰੱਖੂੰ ਆਪਣੇ ਕੋਲ।''
''ਦਾਰੇ ਦੀ ਘਰ ਦੀ ਨੂੰ ਬਾਪ ਚੌਂਕੇ ਚੜ੍ਹਨ ਦਊ?'' ਵੱਡੀ ਮਾਮੀ ਆਖਦੀ ਤਾਂ ਸਾਰੇ ਛਿੱਥੇ ਜਹੇ ਪੈ ਜਾਂਦੇ ਪਰ ਬੀਬੀ ਬੋਲਦੀ, ''ਮੈਂ ਆਪਣੇ ਦਾਰੇ ਪੁੱਤ ਨੂੰ ਮਜ੍ਹਬੀਆਂ ਵਲ ਵਿਆਉਣਾ ਈ ਨਈਂ, ਬਾਪੂ ਜੀ ਨੂੰ ਆਖਣੈ ਏਹਦੀ ਆਲੀ ਵੀ ਓਹੋ ਲਿਆਓ ਜੀਹਦੀ ਪੱਕੀ ਖਾ ਲਉ।''
''ਸਾਡੇ ਵਿਆਹਵਾਂ ਦਾ ਫ਼ਿਕਰ ਨਾ ਕਰੋ, ਪਹਿਲਾਂ ਤੇ ਅਸੀਂ ਆਪਣੀਆਂ ਭੈਣਾਂ ਨੂੰ ਟੋਰਨੈ ਘਰੋ-ਘਰੀ।'' ਤਾਰਾ ਸਿਆਣਾ ਬਣਦਾ ਤਾਂ ਦਾਰਾ ਹੱਸਦਾ, ''ਪਰ ਮੁੰਡੇ ਲੱਭਣ ਬਾਬੇ ਨੂੰ ਨਹੀਂ ਭੇਜਣਾ, ਐਵੇਂ ਲੱਭ ਲਊ ਨਾਮ ਜਪਣ ਵਾਲੇ।'' ਕੁੜੀਆਂ ਸੰਗਦੀਆਂ ਆਸੇ-ਪਾਸੇ ਹੋ ਜਾਂਦੀਆਂ, ਟੱਬਰ ਹੱਸ ਪੈਂਦਾ।
ਇੰਜ ਹੱਸਦਿਆਂ ਖੇਡਦਿਆਂ ਦਿਨ ਲੰਘ ਰਹੇ ਸਨ ਕਿ ਇਕ ਆਥਣ ਸ਼ਹਿਰੋਂ ਬਜਾਜੀ ਵਾਲਾ ਸੇਠ ਆ ਬਹੁੜਿਆ। ਉਹ ਕਿਸੇ ਸਾਮੀ ਵਲੋਂ ਉੱਠ ਕੇ ਆਇਆ ਸੀ, ਉੱਥੋਂ ਲਾਏ ਚਾਰ ਕੁ ਪੈਗਾਂ ਕਰਕੇ ਹਵਾ-ਪਿਆਜ਼ੀ ਹੋਏ ਨੂੰ ਉਹਨੂੰ ਪਤਾ ਈ ਨਾ ਲੱਗਾ ਕਿ ਛੋਟੀ ਬਹੂ ਨੂੰ ਵੇਖਦਿਆਂ ਕਦੋਂ ਉਹਦੇ ਮੂੰਹੋਂ ਨਿਕਲ ਗਿਆ, ''ਭਰਜਾਈ ਨੇ ਸੂਟ ਤੇ ਮੇਰਾ ਦਿੱਤਾ ਈ ਪਾਇਆ ਹੋਇਐ।'' ਬਾਬਾ ਕਰਮ ਸਿੰਘ ਘਰੋਂ ਖੂਹ ਨੂੰ ਤੁਰ ਰਿਹਾ, ਥਾਂ 'ਤੇ ਗੱਡਿਆ ਗਿਆ। ਇਸ ਵਾਰ ਫਸਲ ਮਾੜੀ ਹੋਣ ਕਰਕੇ ਸੇਠ ਦੇ ਪੈਸੇ ਨਹੀਂ ਸਨ ਦਿੱਤੇ ਜਾ ਸਕੇ ਪਰ ਉਹਦਾ ਕਰਮ ਸਿੰਘ ਦੇ ਬੂਹੇ 'ਤੇ ਪੈਸੇ ਮੰਗਣ ਆਉਣਾ, ਦੂਜਾ ਸ਼ਰਾਬ ਪੀ ਕੇ, ਤੀਜਾ ਘਰ ਦੀ ਨੂੰਹ ਬਾਰੇ ਏਡੀ ਗੱਲ, ਅੰਦਰ ਮੱਚ ਉੱਠਿਆ ਬਾਬਾ ਕਰਮ ਸਿੰਘ ਦਾ। ਸੁੱਝ ਸੇਠ ਨੂੰ ਵੀ ਗਈ ਬਈ ਗ਼ਲਤੀ ਕਰ ਬੈਠਾਂ ਪਰ ਪੋਚਾ ਪਾਉਣ ਦੇ ਚੱਕਰ 'ਚ ਹੋਰ ਈ ਚੰਦ ਚਾੜ ਬੈਠਾ, ''ਭਰਜਾਈ ਏਹ ਸੂਟ ਨਈਂ ਸੀ ਲੈਂਦੀ। ਮੈਂ ਕਿਹਾ, ਮੇਰੇ ਆਖੇ ਪੜਵਾ ਲੈ, ਵੇਖੋ ਕਿੰਨਾ ਹੰਢਿਐ ਤੇ ਕਿੰਨਾ ਫਬਦੈ...।'' ਬਾਬੇ ਕਰਮ ਸਿੰਘ ਨੇ ਤਾਰੇ ਨੂੰ ਜੀਪ ਕੱਢਣ ਲਈ ਆਖਿਆ ਤੇ ਗੱਲੀਂ-ਬਾਤੀਂ ਪੱਜ ਪਾ ਕੇ ਸੇਠ ਨੂੰ ਜੀਪ 'ਚ ਬਠਾਲ ਖੂਹ 'ਤੇ ਆ ਗਏ। ਬਾਬੇ ਅੰਦਰੋਂ ਵਰ੍ਹਿਆਂ ਪੁਰਾਣਾ ਕਰਮਾ ਜਾਗ ਪਿਆ ਸੀ। ਸੇਠ ਨੂੰ ਗੱਲੀਂ ਲਾ, ਬਾਬੇ ਨੇ ਚੋਖੀ ਰਾਤ ਪਾ ਲਈ। ਕੰਮ ਨਬੇੜ ਤਾਰਾ, ਦਾਰਾ ਤੇ ਮਾਮੇ ਵੀ ਖੂਹ 'ਤੇ ਆ ਗਏ।
''ਏਹ ਸੇਠ ਐ ਨਾ ਜਿਹੜਾ ਲੋਕ ਦੱਸਦੇ ਆ ਕਿ ਪਿੰਡਾਂ ਤੋਂ ਬਜਾਜੀ ਲੈਣ ਗਈਆਂ ਤੀਮੀਆਂ ਨਾਲ ਬੜਾ ਲੁੱਚ-ਪੋਹ ਕਰਦੈ, ਦੋਹਰੇ ਮਤਲਬਾਂ ਦੀਆਂ ਲੁੱਚੀਆਂ ਗੱਲਾਂ ਬੋਲਦੈ।'' ਨਿੱਕੇ ਪੁੱਤਰ ਦੀ ਏਹ ਗੱਲ ਸੁਣਦਿਆਂ ਬਾਬਾ ਕਰਮ ਸਿੰਘ ਬੁੜ੍ਹਕ ਕੇ ਉੱਠਿਆ ਤੇ ਉਹਨੇ ਕੰਧ 'ਤੇ ਲਟਕਦੀ ਤਲਵਾਰ ਮਿਆਨੋਂ ਬਾਹਰ ਕੱਢੀ ਹੀ ਸੀ ਕਿ ਦਾਰਾ ਕਮਾਦ ਵੱਢਣ ਵਾਲੇ ਟੋਕੇ ਨਾਲ ਸੇਠ ਦੇ ਡੱਕਰੇ ਕਰਨ ਲੱਗ ਪਿਆ। ਤਾਰਾ ਡੌਰ-ਭੌਰ ਹੋਇਆ ਖੜਾ ਸੀ, ਖਲੋਣਾ ਦੁੱਭਰ ਹੋ ਗਿਆ ਸੀ ਤਾਂ ਉਹ ਚੁਸਤੀ ਵਰਤਦਿਆਂ ਏਹ ਆਖ ਬਾਹਰ ਨਿਕਲ ਗਿਆ ਕਿ ਉਹ ਬਾਹਰ ਖ਼ਿਆਲ ਰੱਖਦੈ ਕਿ ਕੋਈ ਆ ਨਾ ਜਾਵੇ। ਪਰ ਦੂਜੇ ਸਾਰੇ ਏਨੇ ਜੋਸ਼ 'ਚ ਸੇਠ ਦਾ ਕੰਮ ਨਬੇੜਨ ਲੱਗੇ ਹੋਏ ਸਨ ਕਿ ਉਨ੍ਹਾਂ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਸੇਠ ਦੀ ਲਾਸ਼ ਦੇ ਟੁਕੜੇ ਕਰ ਬੋਰੀ ਭਰ ਲਈ। ਲਹੂ ਨਾ ਚੋਵੇ, ਏਸ ਲਈ ਉੱਤੇ ਮੋਮੀ ਕਾਗਜ਼ ਵਲੇਟ ਦਿੱਤਾ। ਜਦੋਂ ਨੂੰ ਤਾਰਾ ਬਾਹਰ ਜਾ ਕੇ ਉਛਾਲੀਆਂ ਕਰਕੇ ਪਰਤਿਆ, ਅੰਦਰ ਸਭ ਸਾਫ਼ ਸੀ, ਪਤਾ ਹੀ ਨਹੀਂ ਸੀ ਲੱਗਦਾ ਕਿ ਥੋੜੀ ਦੇਰ ਪਹਿਲਾਂ ਏਥੇ ਬੰਦਾ ਮਾਰਿਆ। ਏਨੇ ਚਿਰ 'ਚ ਉਨ੍ਹਾਂ ਸੇਠ ਦੇ ਕੱਪੜੇ ਸਾੜ, ਮੂੰਹ-ਸਿਰ ਵਿਗਾੜ ਪਛਾਣ ਗੁਆ ਦਿੱਤੀ ਸੀ। ''ਨਹਿਰ 'ਚ ਰੋੜ ਆਈਏ?'' ਤਾਰੇ ਦੇ ਵੱਡੇ ਮਾਮੇ ਨੇ ਪੁੱਛਣ ਵਾਂਗੂੰ ਆਖਿਆ ਸੀ।
''ਨਈਂ!'' ਬਾਬਾ ਪੂਰੀ ਸਕੀਮ ਬਣਾਈ ਬੈਠਾ ਸੀ, ''ਤੜਕੇ ਅੰਮ੍ਰਿਤ ਵੇਲੇ। ਸੌਵੋਂ 'ਰਮਾਨ ਨਾਲ ਘਰ ਜਾ ਕੇ, ਤੜਕੇ ਤਿੰਨ ਵਜੇ ਜੀਪ ਲੈ ਕੇ ਆ ਜਾਇਓ...ਤੇ ਖ਼ਬਰਦਾਰ ਜਨਾਨੀਆਂ ਕੋਲ ਸੂਹ ਕੱਢੀ ਕੋਈ।'' ਉਹਨੇ ਚਾਰਾਂ ਨੂੰ ਚੰਗੀ ਤਰ੍ਹਾਂ ਤਾੜਿਆ ਸੀ।
ਤੜਕੇ ਉਨ੍ਹਾਂ ਬਥੇਰੀ ਭੱਜ-ਨੱਸ ਕੀਤੀ ਪਰ 'ਸ਼ਨਾਨ ਪਾਣੀ ਕਰਕੇ ਜਦੋਂ ਚਾਰੇ ਖੂਹ 'ਤੇ ਅੱਪੜੇ ਚਾਰ ਵੱਜਣ ਵਾਲੇ ਸਨ। ਬਾਬਾ ਉਨ੍ਹਾਂ ਨੂੰ ਝਈਆਂ ਲੈ-ਲੈ ਪਵੇ, ''ਏਨੇ ਮੱਠੇ, ਢਿੱਲੜੋ ਸਾਲਿਓ ਤੁਸੀਂ ਨਈਂ ਕਾਮਯਾਬ ਹੋ ਸਕਦੇ।'' ਉਨ੍ਹਾਂ ਕਾਹਲੀ-ਕਾਹਲੀ ਬੋਰੀ ਜੀਪ 'ਚ ਰੱਖੀ ਪਰ ਚਾਰ ਵੱਜ ਗਏ ਤੇ ਮੌਨ ਨਿਤਨੇਮ ਦਾ ਵਕਤ ਹੋ ਗਿਆ। ਬਾਬਾ ਅਰਦਾਸ ਕਰਨ ਲੱਗਾ। ਉਸ ਹਰ ਮੈਦਾਨ ਫ਼ਤਿਹ ਦੀ ਬਖਸ਼ਿਸ਼ ਮੰਗੀ ਤੇ ਇਕ ਘੰਟਾ ਮੌਨ ਰਹਿ ਕੇ ਨਾਮ ਜਪਣ ਦੀ ਅਰਦਾਸ ਕਰਦਿਆਂ ਮਾਲਾ ਫੜ ਜੀਪ 'ਚ ਮੂਹਰੇ ਜਾ ਬੈਠਾ। ਦੋਵੇਂ ਪੁੱਤਰ ਵੀ ਜੀਪ 'ਚ ਬਹਿੰਦਿਆਂ ਬੋਝੇ 'ਚੋਂ ਮਾਲਾ ਕੱਢ ਨਾਮ ਜਪਣ ਲੱਗੇ। ਤਾਰੇ ਸਟੇਅਰਿੰਗ ਸੰਭਾਲਿਆ ਤੇ ਦਾਰਾ ਪਿੱਛੇ ਚੜ੍ਹ ਲਾਸ਼ ਦੇ ਕੋਲ ਜਾ ਬੈਠਾ।
ਦਸਾਂ ਮਿੰਟਾਂ 'ਚ ਉਹ ਨਹਿਰ 'ਤੇ ਸਨ। ਜੀਪ ਰੁਕਦਿਆਂ ਈ ਬਾਬਾ ਛਾਲ ਮਾਰ ਕੇ ਉਤਰਿਆ ਤੇ ਜੀਪ 'ਚੋਂ ਬੋਰੀ ਲਾਹ ਕੇ ਛੇਤੀ-ਛੇਤੀ ਨਹਿਰ 'ਚ ਰੋੜਨ ਦੇ ਇਸ਼ਾਰੇ ਕਰਨ ਲੱਗਾ। ਉਹ ਚਾਰੇ ਜੁੱਤੀਆਂ ਜੀਪ 'ਚ ਲਾਹ ਬੋਰੀ ਦੀਆਂ ਚਾਰੇ ਕੰਨੀਆਂ ਫੜ ਨਹਿਰ 'ਚ ਉਤਰਨ ਲੱਗੇ। ਗਿੱਟੇ-ਗਿੱਟੇ ਪਾਣੀ 'ਚ ਤਾਰੇ ਦੇ ਵੱਡੇ ਮਾਮੇ ਦਾ ਪੈਰ ਤਿਲਕਿਆ ਤੇ ਬੋਰੀ ਉਥੇ ਈ ਡਿੱਗ ਪਈ। ਬਾਬੇ ਨੂੰ ਗੁੱਸਾ ਚੜ੍ਹਿਆ। ਉਹ ਵੀ ਜੁੱਤੀ ਲਾਹ ਪਾਣੀ 'ਚ ਉਤਰ ਆਇਆ ਤੇ ਗੁੱਸੇ ਨਾਲ ਬਾਹਵਾਂ ਮਾਰ-ਮਾਰ ਬੋਰੀ ਨੂੰ ਡੂੰਘੇ ਪਾਣੀ 'ਚ ਸੁੱਟਣ ਦੇ ਇਸ਼ਾਰੇ ਕਰਨ ਲੱਗਾ। ਮੌਨ ਦੀ ਅਰਦਾਸ ਹੋਣ ਕਰਕੇ ਬੋਲਣਾ ਕਿਸੇ ਹੈ ਨਹੀਂ ਸੀ ਤੇ ਬਾਬੇ ਦੇ ਤੇਜ਼-ਤੇਜ਼ ਬਾਹਵਾਂ ਮਾਰਨ ਕਰਕੇ ਸਾਰੇ ਭੰਬਲਭੂਸੇ 'ਚ ਪੈ ਗਏ ਤੇ ਬਾਬੇ ਵਲ ਵੇਖਣ ਲੱਗੇ। ਉਨ੍ਹਾਂ ਨੂੰ ਆਪਣੇ ਵਲ ਬਿਟਰ-ਬਿਟਰ ਤੱਕਦੇ ਵੇਖ ਬਾਬੇ ਨੂੰ ਹੋਰ ਗੁੱਸਾ ਚੜ੍ਹਿਆ। ਉਹਨੇ ਆਪਣੇ ਵੱਡੇ ਮੁੰਡੇ ਨੂੰ ਮੋਢਿਓਂ ਫੜ ਜੀਪ ਵਲ ਜਾਣ ਦਾ ਇਸ਼ਾਰਾ ਕੀਤਾ। ਫੇਰ ਉਹ ਦਾਰੇ ਨੂੰ ਹੱਥ ਲਾ-ਲਾ ਅਗਾਂਹ ਨਹਿਰ ਵਲ ਇਸ਼ਾਰਾ ਕਰਨ ਲੱਗਾ। ਉਹਦਾ ਮਤਲਬ ਸੀ ਕਿ ਪਾਣੀ 'ਚ ਸ਼ੈਅ ਹਲਕੀ ਹੋ ਜਾਂਦੀ ਐ, ਦਾਰਾ 'ਕੱਲਾ ਹੀ ਬੋਰੀ ਖਿਚ ਕੇ ਡੂੰਘੇ ਪਾਣੀ ਵਿਚਕਾਰ ਆਵੇ, ਦੂਜੇ ਬਾਹਰ ਨਿਕਲਣ। ਪਰ ਉਹਦੇ ਪੁੱਤਰ ਕੁਝ ਹੋਰ ਈ ਸਮਝ ਗਏ। ਉਹ ਫਟਾਫਟ ਜੀਪ ਵਲ ਗਏ, ਛੋਟੇ ਨੇ ਰਾਡ ਤੇ ਵੱਡੇ ਨੇ ਦਾਤਰ ਫੜਿਆ ਮੁੜ ਨਹਿਰ 'ਚ ਆਏ ਤੇ ਕੋਈ ਕੁਝ ਸਮਝਦਾ, ਛੋਟੇ ਨੇ ਪੂਰੇ ਜ਼ੋਰ ਨਾਲ ਰਾਡ ਦਾਰੇ ਦੇ ਸਿਰ 'ਚ ਮਾਰੀ। ਵੱਡੇ ਨੇ ਦਾਤਰ ਨਾਲ ਦਾਰੇ ਨੂੰ ਵੱਢ ਕੇ ਬੋਰੀ ਤੋਂ ਵੀ ਪਹਿਲਾਂ ਨਹਿਰ 'ਚ ਰੋੜ ਦਿੱਤਾ। ਬਾਬੇ ਦੇ ਇਸ਼ਾਰਿਆਂ ਤੋਂ ਉਨ੍ਹਾਂ ਏਹ ਸਮਝਿਆ ਕਿ ਉਹ ਆਂਹਦਾ ਬਈ ਦਾਰਾ ਭੇਦ ਨਾ ਬਾਹਰ ਕੱਢ ਦੇਵੇ, ਪਹਿਲਾਂ ਏਹਦਾ ਫਸਤਾ ਵੱਢੋ।
ਪਹਿਲਾਂ ਤਾਂ ਤਾਰਾ ਸੁੰਨ ਹੋ ਗਿਆ, ਫੇਰ ਉਹ ਚੀਕਿਆ, ''ਮੌਨ ਦੀ..।'' ਪਰ ਗੁੱਸਾ ਉਹਦੇ ਦਿਮਾਗ ਨੂੰ ਵਾ-ਵਰੋਲੇ ਵਾਂਗੂੰ ਏਨਾ ਚੜ੍ਹਿਆ ਕਿ ਉਹ ਗਾਲ੍ਹ ਵੀ ਨਾ ਕੱਢ ਸਕਿਆ, ਫੇਰ ਚੀਕਿਆ, ''ਬਾਬਾਅ...।'' ਫੇਰ ਉਹਨੂੰ ਵੱਢ ਹੋ ਰਿਹਾ ਦਾਰਾ ਦਿਸਿਆ, ਉਹ ਲੇਰ ਮਾਰ ਕੇ ਵਿਲਕਿਆ, ''ਦਾਰਾਅ...।'' ਤੇ ਉਧਰ ਨੂੰ ਭੱਜ ਵਗਿਆ ਜਿਧਰ ਦਾਰਾ ਰੋੜ੍ਹਿਆ ਸੀ ਪਰ ਲੱਕੋਂ ਉੱਚੇ ਪਾਣੀ 'ਚ ਉਹਤੋਂ ਭੱਜ ਨਾ ਹੋਇਆ, ਡਿੱਗ ਪਿਆ। ਉਹਦੇ ਮਾਮੇ ਉਹਨੂੰ ਧੂਹ ਕੇ ਬਾਹਰ ਲੈ ਆਏ ਤੇ ਬੁੱਲ੍ਹਾਂ 'ਤੇ ਹੱਥ ਰੱਖ ਉਹਨੂੰ ਚੁੱਪ ਕਰਾਉਣ ਲੱਗੇ ਪਰ ਉਹ ਬੋਲੀ ਜਾ ਰਿਹਾ ਸੀ, ''ਬੋਲੂੰਗਾ...ਬੋਲੂੰ ਮੈਂ...ਬੋਲੂੰਗਾ...ਮੌਨ ਦੀ...ਬਾਬਾ...ਦਾਰਾਅ...?''
ਉਸ ਰਾਤ ਪਤਾ ਨਹੀਂ ਮੈਂ ਕਿਥੇ-ਕਿਥੇ ਘੁੰਮਦਾ ਰਿਹਾ, ਕਿਹੜੇ ਖੰਡਰਾਂ 'ਚ, ਉਜਾੜਾ 'ਚ? ਕਦੋ ਘਰ ਆਇਆ ਪਤਾ ਨਹੀਂ? ਪਰ ਸਵੇਰੇ ਮੈਨੂੰ ਨੀਂਦ ਨਹੀਂ ਆਈ। ਬੈੱਡ 'ਤੇ ਲੇਟਿਆ ਅਚਾਨਕ ਬੀਵੀ ਨੂੰ ਆਵਾਜ਼ਾਂ ਮਾਰਦਾਂ, ਉਹ ਆਉਂਦੀ ਐ ਤਾਂ ਕਾਹਲਾ ਪੈ ਕੇ ਆਖਦਾਂ, ''ਆਹ ਸੋਹਣੀ ਮਹੀਵਾਲ ਦੀ ਪੇਂਟਿੰਗ ਲਾਹ ਦੇ, ਬਾਹਰ ਲੈ ਜਾ ਮੇਰੇ ਕਮਰੇ 'ਚੋਂ ਪਲੀਜ਼..।''
ਉਹ ਪਹਿਲਾਂ ਪੇਟਿੰਗ ਵਲ, ਫੇਰ ਮੇਰੇ ਵਲ ਵੇਖਦੀ ਹੈ ਹੈਰਾਨੀ ਨਾਲ।
''ਏਹਦੇ 'ਚ ਬੇਹੱਦ ਸ਼ੋਰ ਹੋ ਰਿਹੈ, ਮੈਥੋਂ ਸਹਿ ਨਹੀਂ ਹੁੰਦਾ।''
ਮੈਂ ਏਧਰ-ਓਧਰ ਸਿਰ ਮਾਰਦਾਂ ਜ਼ੋਰ-ਸ਼ੋਰ ਨਾਲ।
''ਪੇਂਟਿੰਗ 'ਚ ਸ਼ੋਰ? ਕੀ ਕਹੀ ਜਾਨੇ ਓ, ਏਹ ਤਾਂ ਬਿਲਕੁਲ ਖ਼ਾਮੋਸ਼ ਐ।'' ਉਹ ਪ੍ਰੇਸ਼ਾਨ ਹੁੰਦੀ ਹੈ। ਮੈਂ ਝੁੰਜਲਾ ਉੱਠਦਾ ਹਾਂ, ਉਹਦੇ 'ਤੇ ਗੁੱਸਾ ਚੜ੍ਹਦਾ ਹੈ, ''ਖਾਮੋਸ਼? ਤੈਨੂੰ ਵਗਦੇ ਪਾਣੀਆਂ ਦੀ ਸ਼ੂਕਰ ਸੁਣਾਈ ਨਹੀਂ ਦਿੰਦੀ, ਘਨਘੋਰ ਘਟਾਵਾਂ 'ਚ ਗਰਜਦੀ ਬਿਜਲੀ, ਗੜ੍ਹਕਦੇ ਬੱਦਲਾਂ ਦਾ ਰੌਲਾ ਸੁਣਦਾ ਨਈਂ, ਬੋਲੀ ਹੋ ਗਈ ਐਂ ਤੂੰ, ਓਹ ਪਰ੍ਹਾਂ ਕਾਹੀ 'ਚ ਡੱਡੂਆਂ..ਬੀਂਡਿਆਂ ਦੀ ਕੁਰਲਾਹਟ..।'' ਮੈਂ ਕੰਨਾਂ 'ਤੇ ਹੱਥ ਰੱਖਦਾ ਹਾਂ, ''ਮੈਥੋਂ ਨਹੀਂ ਸਹਿ ਹੁੰਦਾ ਲਾਹ ਦੇ, ਬਾਹਰ ਸੁੱਟ ਏਹਨੂੰ..।''

  • ਮੁੱਖ ਪੰਨਾ : ਕਹਾਣੀਆਂ, ਸੁਖਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ