Meenh Wali Shaam (Aap Beeti) : Pargat Singh Satauj
ਮੀਂਹ ਵਾਲੀ ਸ਼ਾਮ (ਆਪ ਬੀਤੀ) : ਪਰਗਟ ਸਿੰਘ ਸਤੌਜ
ਓਦੋਂ ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਦੋਸਤ ਦੀ ਪਤਨੀ ਨੂੰ ਸਹੁਰਿਆਂ ਤੋਂ ਲੈਣ ਗਏ ਸੀ। ਪੂਰੀ ਤਿਆਰੀ ਖਿੱਚ ਕੇ। ਜਿਵੇਂ ਵਿਆਹੁਣ ਆਏ ਹੋਈਏ। ਸੋਚਿਆ ਸੀ ਪਹਿਲਾ ਪ੍ਰਭਾਵ ਪੂਰਾ ਵਧੀਆ ਪਵੇ। ਆਉਂਦੇ ਹੋਏ ਅਸੀਂ ਇੱਕ ਰਾਤ ਦੋਸਤ ਦੀ ਪਤਨੀ ਦੀ ਭੂਆ ਕੋਲ ਰਾਮਪੁਰੇ ਵੀ ਕੱਟਣੀ ਸੀ। ਰਾਮਪੁਰੇ ਵਾਲਿਆਂ ਦਾ ਸ਼ਹਿਰੀ ਘਰ ਚਾਰੇ ਪਾਸਿਓਂ ਬੰਦ, ਡੱਬੇ ਵਰਗਾ ਸੀ। ਸਾਡਾ ਖੁੱਲ੍ਹੇ ਵਿਹੜਿਆਂ ਵਿੱਚ ਸੌਣ ਵਾਲਿਆਂ ਦਾ ਉੱਥੇ ਦਮ ਘੁਟੇ। ਅਸੀਂ ਦੋਵਾਂ ਨੇ ਰਾਤ ਕੱਟਣ ਲਈ ਕੋਠੇ ’ਤੇ ਮੰਜੇ ਚਾੜ੍ਹ ਲਏ। ਭੂਆ ਨੇ ਸਾਨੂੰ ਕਿਹਾ ਵੀ ਕਿ ਉੱਪਰ ਮੱਛਰ ਹੋਵੇਗਾ, ਪੱਖਾ ਲੈ ਜਾਵੋ। ਪਰ ਅਸੀਂ ਦਮਗਜੇ ਮਾਰਦਿਆਂ ਕਿਹਾ, ‘‘ਨਹੀਂ ਭੂਆ ਕੋਈ ਗੱਲ ਨ੍ਹੀਂ, ਹਵਾ ਚਲਦੀ ਐ। ਪੱਖੇ ਦੀ ਲੋੜ ਨ੍ਹੀਂ।’’ ਫਿਰ ਮੱਛਰ ਨਾਲ ਘੋਲ ਕਰਦਿਆਂ ਜਿਵੇਂ ਉਹ ਰਾਤ ਕੱਟੀ, ਮੈਨੂੰ ਹੁਣ ਵੀ ਯਾਦ ਹੈ।
ਇੱਕ ਵਾਰ ਤਾਂ ਅੱਧੀ ਕੁ ਰਾਤ ਨੂੰ ਮੈਂ ਦਬਵੀਂ ਜਿਹੀ ਅਵਾਜ਼ ਵਿੱਚ ਕਿਹਾ ਵੀ, ‘‘ਬਾਈ ਪੱਖਾ ਨਾ ਮੰਗਾ ਲਈਏ ਥੱਲੋਂ?’’
‘‘ਨਹੀਂ ਓਏ! ਪਹਿਲੀ ਵਾਰ ਆਇਆਂ, ਬੇਇੱਜ਼ਤੀ ਕਰਾਵੇਂਗਾ। ਕਹਿਣਗੇ, ਪਹਿਲਾਂ ਕੀ ਅੱਖਾਂ ਫੁੱਟੀਆਂ ਸੀ।’’ ਮੈਂ ਦੋਸਤ ਦੀ ਘੂਰੀ ਸੁਣ ਕੇ ਦੜ ਵੱਟ ਲਿਆ।
ਹੁਣ ਅਸੀਂ ਨੀਂਦ ਦੇ ਟੂਲੇ ਲੈਂਦੇ ਮਾਨਸਾ ਪਹੁੰਚ ਗਏ ਸੀ, ਪਰ ਮਾਨਸਾ ਆ ਕੇ ਸਾਡੇ ਪ੍ਰਭਾਵ ਦਾ ਜੋ ਬਣਿਆ, ਕੀ ਦੱਸਾਂ!
ਮੈਂ ਮੇਰੇ ਦੋਸਤ ਅਤੇ ਉਸ ਦੀ ਪਤਨੀ ਨੂੰ ਮਾਨਸਾ ਅੱਡੇ ਵਿੱਚ ਬਿਠਾ ਕੇ ਆਪ ਅੱਡੇ ਦੇ ਗੇਟ ’ਤੇ ਬਣੀ ਕਿਤਾਬਾਂ ਦੀ ਦੁਕਾਨ ਤੋਂ ਜਸਵੰਤ ਸਿੰਘ ਕੰਵਲ ਦਾ ਨਾਵਲ ‘ਤੌਸ਼ਾਲੀ ਦੀ ਹੰਸੋ’ ਖ਼ਰੀਦਣ ਚਲਾ ਗਿਆ।
‘‘ਬਾਈ ਤੌਸ਼ਾਲੀ ਦੀ ਹੰਸੋ ਦੇਈਂ ਛੇਤੀ।’’ ਮੈਨੂੰ ਕਾਹਲੀ ਸੀ ਕਿ ਮੀਂਹ ਪੈਣ ਤੋਂ ਪਹਿਲਾਂ ਪਹਿਲਾਂ ਬੱਸ ਚੜ੍ਹ ਜਾਈਏ। ਆਸਮਾਨ ਮੀਂਹ ਨਾਲ ਭਰੇ ਕਾਲੇ ਬੱਦਲਾਂ ਨੇ ਢਕ ਲਿਆ ਸੀ।
‘‘ਬੱਸ ਦੋ ਮਿੰਟ ਰੁਕ। ਸਟੋਰ ’ਚ ਪਿਐ। ਹੁਣੇ ਲਿਆ ਦਿੰਦੇ ਆਂ।’’ ਦੁਕਾਨ ਵਾਲੇ ਨੇ ਬੰਦਾ ਸਟੋਰ ਵੱਲ ਦੌੜਾ ਦਿੱਤਾ।
ਉਹ ਕਾਫ਼ੀ ਵੱਡੇ ਵੱਡੇ ਦੋ ਮਿੰਟ ਲਾ ਕੇ ਮੁੜਿਆ। ‘ਚਲੋ ਸ਼ੁਕਰ ਹੈ। ਸਮਾਂ ਚਾਹੇ ਲੱਗ ਗਿਆ, ਪਰ ‘ਤੌਸ਼ਾਲੀ ਦੀ ਹੰਸੋ’ ਮਿਲ ਗਈ।’ ਇਹ ਸੋਚਦਾ ਮੈਂ ਭੱਜ ਕੇ ਅੱਡੇ ਵੜਿਆ। ਕਾਹਲੀ ਕਾਹਲੀ ਚਾਰੇ ਪਾਸੇ ਨਜ਼ਰਾਂ ਦੌੜਾਈਆਂ। ਉੱਥੇ ਨਾ ਮੇਰਾ ਦੋਸਤ, ਨਾ ਉਹਦੀ ਪਤਨੀ। ਮੈਨੂੰ ਡਰ ਲੱਗਿਆ, ਇੰਨੇ ਕੁ ਚਿਰ ਵਿੱਚ ਪਤਾ ਨਹੀਂ ਕਿਹੜੇ ਹਿਰਨਾਂ ਦੇ ਸਿੰਙੀਂ ਜਾ ਚੜ੍ਹੇ।
ਦਿਮਾਗ਼ ਵਿੱਚ ਭੈੜੇ ਭੈੜੇ ਖ਼ਿਆਲ ਆਉਣ ਲੱਗੇ। ਕਦੇ ਸੋਚਦਾ, ਤੱਤੇ ਸੁਭਾਅ ਵਾਲੇ ਦੋਸਤ ਨੇ ਉਂਜ ਹੀ ਨਾ ਕਿਸੇ ਨਾਲ ਪੰਗਾ ਲੈ ਲਿਆ ਹੋਵੇ। ਕਿਤੇ ਹੁਣ ਨਾਲ ਲਾਣੇਦਾਰਨੀ ਨੂੰ ਲਈ ਥਾਣੇ ਬੈਠਾ ਹੋਵੇ। ਮੈਂ ਅੱਡੇ ਵਿਚਲੀਆਂ ਦੁਕਾਨਾਂ ਅਤੇ ਇੱਕ ਦੋ ਸਵਾਰੀਆਂ ਤੋਂ ਪਤਾ ਵੀ ਕੀਤਾ ਕਿ ਇਸ ਤਰ੍ਹਾਂ ਦਾ ਨਵਾਂ ਵਿਆਹਿਆ ਜੋੜਾ ਇੱਥੇ ਕੁ ਬੈਠਾ ਸੀ, ਕਿਸੇ ਨੇ ਦੇਖਿਆ ਹੋਵੇ? ਮੇਰੇ ਸਵਾਲ ’ਤੇ ਸਭ ਨੇ ਢੋਲ ਵਾਂਗ ਸਿਰ ਮਾਰ ਦਿੱਤਾ। ਉਪਰੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਸੋਚਿਆ ਕਿ ਇਕੱਲਿਆਂ ਲੱਭਣ ਨਾਲੋਂ ਪਹਿਲਾਂ ਪਿੰਡ ਜਾ ਕੇ ਦੇਖਾਂ। ਜੇ ਪਹੁੰਚ ਗਏ ਹੋਏ ਤਾਂ ਠੀਕ, ਨਹੀਂ ਫੇਰ ਘਰਦਿਆਂ ਨੂੰ ਨਾਲ ਲਿਆ ਕੇ ਥਾਣੇ ਕਚਹਿਰੀ ਪਤਾ ਕਰਾਂਗੇ।
ਮੈਂ ਮੀਂਹ ਪੈਂਦੇ ’ਚ ਮਾਨਸਾ ਤੋਂ ਬੱਸ ਚੜ੍ਹ ਚੀਮੇ ਆ ਗਿਆ। ਸੜਕਾਂ ’ਤੇ ਮੀਂਹ ਦਾ ਗੋਡੇ ਗੋਡੇ ਪਾਣੀ ਖੜ੍ਹਾ ਸੀ। ਠੰਢੀ, ਤੇਜ਼ ਹਵਾ ਗਰਮੀਆਂ ਦੇ ਮੌਸਮ ਵਿੱਚ ਵੀ ਕਾਂਬਾ ਚਾੜ੍ਹ ਰਹੀ ਸੀ। ਪਿੰਡ ਨੂੰ ਜਾਣ ਵਾਲੀ ਅਾਖ਼ਰੀ ਬੱਸ ਲੰਘ ਚੁੱਕੀ ਸੀ। ਮੈਂ ਪਿੰਡ ਨੂੰ ਜਾਣ ਵਾਲਾ ਕੋਈ ਹੋਰ ਸਾਧਨ ਉਡੀਕਣ ਲੱਗਿਆ। ਕਿੰਨੀ ਹੀ ਦੇਰ ਮੈਂ ਉੱਥੇ ਖੜ੍ਹਾ ਉਡੀਕਦਾ ਰਿਹਾ, ਪਰ ਪਿੰਡ ਨੂੰ ਜਾਣ ਵਾਲਾ ਕੋਈ ਸਾਧਨ ਨਾ ਮਿਲਿਆ। ਮੇਰੇ ਉਡੀਕਦਿਆਂ ਉਡੀਕਦਿਆਂ ਚਮਤਕਾਰ ਹੋ ਗਿਆ। ਮਾਨਸਾ ਵੱਲੋਂ ਆਈ ਬੱਸ ਵਿੱਚੋਂ ਮੇਰਾ ਦੋਸਤ ਅਤੇ ਉਸ ਦੀ ਪਤਨੀ ਉਤਰ ਆਏ।
ਉਨ੍ਹਾਂ ਨੂੰ ਪੁੱਛਣ ’ਤੇ ਮੈਨੂੰ ਉਸ ਦਾ ਕਾਰਨਾਮਾ ਪਤਾ ਲੱਗਿਆ। ਮੇਰਾ ਦੋਸਤ ਹੋਰ ਪ੍ਰਭਾਵ ਪਾਉਣ ਲਈ ਪਤਨੀ ਨੂੰ ਕਹਿੰਦਾ, ‘ਆਪਾਂ ਬੱਸ ਚੜ੍ਹ ਜਾਂਦੇ ਹਾਂ। ਮੈਂ ਤਾਕੀ ਵਿੱਚ ਖੜ੍ਹ ਜਾਵਾਂਗਾ। ਜਦੋਂ ਬੱਸ ਅੱਡੇ ਦੇ ਗੇਟ ਕੋਲੋਂ ਲੰਘੇਗੀ ਤਾਂ ਪਰਗਟ ਨੂੰ ਵੀ ਬੋਲ ਮਾਰ ਕੇ ਇਸੇ ਬੱਸ ਵਿੱਚ ਚੜ੍ਹਾ ਲਵਾਂਗੇ।’ ਪਰ ਉਸ ਦੀ ਬਾਜ਼ ਅੱਖ ਨੂੰ ਮੈਂ ਨਜ਼ਰ ਨਹੀਂ ਆਇਆ। ਉਹ ਰੌਲਾ ਪਾਉਣ ਲੱਗਿਆ, ‘‘ਬੱਸ ਰੋਕੇ!’’ ਬੱਸ ਵਾਲੇ ਨੇ ਪਲ ਦੋ ਪਲ ਬੱਸ ਰੋਕੀ ਤੇ ਫਿਰ ਤੋਰ ਲਈ। ਬੱਸ ਪੰਜ ਕਿਲੋਮੀਟਰ ਦੂਰ ਮਾਨਸਾ ਕੈਂਚੀਆਂ ਪਹੁੰਚ ਗਈ। ਉਹ ਦੋਵੇਂ ਮਾਨਸਾ ਕੈਂਚੀਆਂ ਉਤਰ ਗਏ। ਦੋਸਤ ਨੇ ਆਪਣੀ ਪਤਨੀ ਨੂੰ ਉੱਥੇ ਹੀ ਖੜ੍ਹਾ ਦਿੱਤਾ ਤੇ ਆਪ ਮੈਨੂੰ ਲੱਭਣ ਵਾਪਸ ਮਾਨਸਾ ਆ ਗਿਆ। ਉਦੋਂ ਤਕ ਮੈਂ ਮਾਨਸਾ ਤੋਂ ਬੱਸ ਚੜ੍ਹ ਚੁੱਕਿਆ ਸਾਂ। ਉਹ ਮਾਨਸਾ ਅੱਡੇ ਵਿੱਚ ਮੈਨੂੰ ਲੱਭਦਾ ਰਿਹਾ। ਉਸ ਦੀ ਪਤਨੀ ਮਾਨਸਾ ਕੈਂਚੀਆਂ ’ਤੇ ਮੀਂਹ ਵਿੱਚ ਭਿੱਜਦੀ ਕੰਬੀ ਜਾ ਰਹੀ ਸੀ। ਹੋ ਸਕਦਾ ਹੈ ਸਾਡੀ ਅਕਲ ਦੇ ਸੋਹਲੇ ਵੀ ਗਾ ਰਹੀ ਹੋਵੇ।
ਉਹ ਹੁਣ ਇੱਥੇ ਬੱਸ ਉਤਰੇ ਤਾਂ ਮੇਰੇ ਸਾਹ ਵਿੱਚ ਸਾਹ ਆਇਆ। ਮੈਂ ਵੇਖਿਆ ਉਸ ਦੀ ਪਤਨੀ ਨੂੰ ਅਜੇ ਵੀ ਪਾਲਾ ਚੜਿ੍ਹਆ ਹੋਇਆ ਸੀ। ਚੀਮਿਆਂ ਤੋਂ ਅਸੀਂ ਕਿਸੇ ਡਰਾਈਵਰ ਦੋਸਤ ਨਾਲ ਪਿੰਡ ਪਹੁੰਚੇ। ਰਾਹ ਵਿੱਚ ਅਸੀਂ ਸਲਾਹ ਬਣਾ ਲਈ ਕਿ ਪਿੰਡ ਜਾ ਕੇ ਕਿਸੇ ਨੂੰ ਕੁਝ ਨਹੀਂ ਦੱਸਣਾ।
ਅੱਜ ‘ਤੌਸ਼ਾਲੀ ਦੀ ਹੰਸੋ’ ਨਾਵਲ ਹੱਥ ਲੱਗਦਿਆਂ ਉਹ ਦਿਨ ਫਿਰ ਸਾਹਮਣੇ ਆ ਗਿਆ ਹੈ। ਇਸ ਯਾਦ ਵਾਲਾ ਉਹ ਮਿੱਤਰ ਜਵਾਨੀ ਰੁੱਤੇ ਹੀ ਸਾਨੂੰ ਛੱਡ ਕੇ ਤੁਰ ਗਿਆ। ਹੁਣ ਪਤਾ ਨਹੀਂ ਕਿਹੜੇ ਅੰਬਰੀਂ ਤਾਰਾ ਜਾਂ ਕਿਸ ਬਾਗੀਂ ਫੁੱਲ ਬਣਿਆ ਹੈ। ਮੈਂ ਉਦਾਸੀ ’ਚ ਡੁੱਬਿਆ ਉਸ ਨਾਵਲ ਨੂੰ ਮੁੜ ਅਲਮਾਰੀ ਵਿੱਚ ਰੱਖ ਦਿੰਦਾ ਹਾਂ।