Mere Pita Da Ishq (Story in Punjabi) : Ram Lal
ਮੇਰੇ ਪਿਤਾ ਦਾ ਇਸ਼ਕ (ਕਹਾਣੀ) : ਰਾਮ ਲਾਲ
ਪਤਾ ਨਹੀਂ ਮੇਰੇ ਪਿਤਾ ਨੇ ਕਦੀ ਇਸ਼ਕ ਕੀਤਾ ਸੀ ਜਾਂ ਨਹੀਂ! ਪਰ ਅਜਿਹੀ ਕੋਈ ਘਟਨਾ ਜਾਂ ਕਿੱਸਾ ਮੇਰੇ ਇਲਮ ਵਿਚ ਨਹੀਂ। ਜਦੋਂ ਦਾ ਮੈਂ ਹੋਸ਼ ਸੰਭਾਲਿਆ ਹੈ—ਘਰੇ ਤੇ ਬਾਹਰ, ਹਰ ਜਗ੍ਹਾ, ਲੋਕਾਂ ਨੂੰ ਉਹਨਾਂ ਦਾ ਸਤਿਕਾਰ ਕਰਦਿਆਂ ਹੀ ਦੇਖਿਆ ਹੈ। ਕਦੀ ਵੀ ਕਿਸੇ ਨੂੰ ਉਹਨਾਂ ਨਾਲ ਬੇਹੂਦਾ ਮਜ਼ਾਕ ਕਰਦਿਆਂ ਜਾਂ ਕੋਈ ਹੌਲੀ-ਗੱਲ ਕਰਦਿਆਂ ਨਹੀਂ ਸੁਣਿਆ। ਪਰ ਉਹਨਾਂ ਦੀ ਸ਼ਖਸੀਅਤ ਏਨੀ ਹੈਰਾਨੀ-ਜਨਕ ਜਾਂ ਸੰਜੀਦਾ ਵੀ ਨਹੀਂ ਸੀ ਕਿ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਜ਼ਿੰਦਗੀ ਉੱਤੇ ਪਰਦੇ ਪਏ ਰਹਿੰਦੇ ਹੋਣਗੇ। ਉਹ ਬੇਹੱਦ ਰਹਿਮ-ਦਿਲ, ਹਮਦਰਦ, ਮਿਲਣ-ਸਾਰ ਤੇ ਏਨੇ ਹਸਮੁਖ ਆਦਮੀ ਸਨ ਕਿ ਜਿਹੜਾ ਵੀ ਇਕ ਵਾਰੀ ਉਹਨਾਂ ਨੂੰ ਮਿਲ ਲੈਂਦਾ ਸੀ, ਉਹਨਾਂ ਦਾ ਸ਼ਰਧਾਲੂ ਹੋ ਜਾਂਦਾ ਸੀ। ਉਹਨਾਂ ਨਾ ਕਦੀ ਕਿਸੇ ਦੀ ਬੁਰਾਈ ਕੀਤੀ ਸੀ ਤੇ ਨਾ ਹੀ ਕਿਸੇ ਨੂੰ ਕਦੀ ਮਿਹਣਾ-ਉਲਾਂਭਾ ਦਿੱਤਾ ਸੀ। ਕਿਸੇ ਪਰਾਈ ਔਰਤ ਬਾਰੇ ਮੈਂ ਕਦੀ ਵੀ ਉਹਨਾਂ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਸੁਣੀ, ਜਿਸ ਨਾਲ ਮੈਨੂੰ ਉਹਨਾਂ ਦੇ ਅੰਦਰ ਛਿਪੇ ਕਿਸੇ ਕਾਲੇ ਕੋਨੇ ਦਾ ਅਹਿਸਾਸ ਹੋਇਆ ਹੋਏ। ਹਾਂ, ਇਕ ਵਾਰੀ, ਸਿਰਫ ਇਕੋ ਵਾਰੀ ਉਹਨਾਂ ਮੇਰੀ ਮਾਤਾ ਜੀ ਬਾਰੇ ਕਿਹਾ ਸੀ—“ਤੇਰੀ ਮਾਂ ਦੇ ਗਜ ਗਜ ਲੰਮੇਂ ਵਾਲ ਹੁੰਦੇ ਸਨ, ਪਰ ਉਸ ਚੰਦਰੀ ਬਿਮਾਰੀ ਦੇ ਸਬੱਬ ਨਾਲ ਝੜ ਗਏ ਸਨ।”
ਜੇ ਇਸ ਵਾਕ ਨੂੰ ਉਹਨਾਂ ਅੰਦਰ ਛਿਪੀ ਗੁੱਝੀ ਇਸ਼ਕ ਮਿਜਾਜ਼ੀ ਦਾ ਪ੍ਰਤੀਕ ਸਮਝਿਆ ਜਾ ਸਕਦਾ ਹੋਏ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਉਹ ਯਕੀਨਨ ਹੀ ਖੂਬਸੂਰਤੀ ਨੂੰ ਪਸੰਦ ਕਰਦੇ ਸਨ। ਖ਼ਾਨਦਾਨ ਦੀਆਂ ਸੋਹਣੀਆਂ ਕੁੜੀਆਂ ਤੇ ਜਨਾਨੀਆਂ ਨੂੰ ਆਪਣੀਆਂ ਦਿਲਚਸਪ ਗੱਲਾਂ ਨਾਲ ਹਸਾਉਣ ਵਿਚ ਹਮੇਸ਼ਾ ਕਾਮਯਾਬ ਹੁੰਦੇ ਸਨ, ਇਹ ਗੱਲ ਮੇਰੀ ਅਕਲ ਵਿਚ ਆ ਚੁੱਕੀ ਸੀ। ਕਿਸੇ ਕਿਸੇ ਮੌਕੇ 'ਤੇ ਉਹ ਕਿਸੇ ਦੇ ਖੂਬਸੂਰਤ ਵਾਲਾਂ ਉੱਤੇ ਹੱਥ ਫੇਰਦੇ ਜਾਂ ਕਿਸੇ ਹੁਸੀਨ ਚਿਹਰੇ ਨੂੰ ਅਚਾਨਕ ਆਪਣੇ ਹੱਥਾਂ ਵਿਚ ਲੈ ਕੇ ਕੋਈ ਮਜ਼ੇਦਾਰ ਗੱਲ ਵੀ ਕਹਿ ਦਿੰਦੇ—ਇਸ ਨੂੰ ਵੀ ਮੈਂ ਉਹਨਾਂ ਦਾ ਇਕ ਨਾਰਮਲ ਮੋਹ-ਭਰਿਆ ਰਵੱਈਆਂ ਹੀ ਕਹਾਂਗਾ ਕਿਉਂਕਿ ਇਸ ਕਿਸਮ ਦੇ ਜੋਸ਼ ਭਰਪੂਰ ਸਲੂਕ ਦੀ ਝਲਕ ਲਗਭਗ ਹਰੇਕ ਬਜ਼ੁਰਗ ਵਿਚ ਮਿਲ ਜਾਂਦੀ ਹੈ।
ਮੇਰੇ ਪਿਤਾ ਜੀ ਦੀ ਇਕ ਅਲਮਾਰੀ ਕਿਤਾਬਾਂ ਤੇ ਕਾਗਜ਼ਾਂ ਨਾਲ ਭਰੀ ਹੁੰਦੀ ਸੀ। ਉਹ ਉਸਨੂੰ ਹਮੇਸ਼ਾ ਜ਼ਿੰਦਰਾ ਲਾ ਕੇ ਰੱਖਦੇ ਸਨ। ਮੇਰੇ ਲੜਕਪਨ ਦੇ ਦਿਨਾਂ ਵਿਚ ਜਿਹਨਾਂ ਬਹੁਤ ਸਾਰੀਆਂ ਗੱਲਾਂ ਨੂੰ ਜਾਣਨ ਦੀ ਇੱਛਾ ਮੇਰੇ ਵਿਚ ਹੁੰਦੀ ਸੀ—ਉਹਨਾਂ ਵਿਚ ਉਸ ਅਲਮਾਰੀ ਵਿਚ ਭਰੇ ਰਹੱਸ ਨੂੰ ਜਾਣਨਾ ਵੀ ਸ਼ਾਮਲ ਸੀ।...ਤੇ ਇਕ ਦਿਨ ਆਪਣੇ ਪਿਤਾ ਜੀ ਦੀ ਗ਼ੈਰਮੌਜ਼ੂਦਗੀ ਵਿਚ ਮੌਕਾ ਵੇਖ ਕੇ ਮੈਂ ਪੇਚਕਸ ਦੀ ਮਦਦ ਨਾਲ ਉਸਦਾ ਜ਼ਿੰਦਰਾ ਖੋਲ੍ਹ ਲਿਆ ਤੇ ਧੜਕਦੇ ਹੋਏ ਦਿਲ ਨਾਲ ਇਕ ਇਕ ਚੀਜ਼ ਦਾ ਨਰੀਖਣ ਕਰਨ ਲੱਗ ਪਿਆ। ਕੁਝ ਤਾਂ ਧਾਰਮਿਕ ਪੁਸਤਕਾਂ ਸਨ—ਗੀਤਾ, ਰਾਮਾਇਣ, ਕਿੱਸਾ ਪੂਰਨ ਭਗਤ ਵਗ਼ੈਰਾ। ਕੁਝ ਨਾਵਲ ਸਨ—ਟੈਗੋਰ, ਪ੍ਰੇਮਚੰਦ ਤੇ ਦੇਵਕੀ ਨੰਦਨ ਖੱਤਰੀ ਵਰਗੇ ਲੇਖਕਾਂ ਦੇ। ਇਕ ਹੋਰ ਨਾਵਲ (ਜਿਸਦੇ ਲੇਖਕ ਦਾ ਨਾਂ ਮੈਨੂੰ ਯਾਦ ਨਹੀਂ ਆ ਰਿਹਾ) ਸੀ, ਜਿਸਦਾ ਟਾਈਟਲ ਬੜਾ ਅਸ਼ਲੀਲ ਸੀ ਤੇ ਇਕ ਕਿਤਾਬ ਔਰਤ ਤੇ ਮਰਦ ਦੇ ਸੰਬੰਧਾਂ ਬਾਰੇ ਵੀ ਸੀ, ਜਿਸਦੇ ਕਈ ਹਿੱਸੇ ਮੈਂ ਡਰਦਿਆਂ ਡਰਦਿਆਂ ਤੇ ਜਲਦੀ ਜਲਦੀ ਪੜ੍ਹ ਗਿਆ ਸਾਂ। ਪੁਰਾਣੇ ਅਖ਼ਬਾਰਾਂ ਦੇ ਕਈ ਬੰਡਲ ਬੰਨ੍ਹ ਕੇ ਰੱਖੇ ਹੋਏ ਸਨ ਜਿਹਨਾਂ ਵਿਚ ਆਜ਼ਾਦੀ ਤੋਂ ਪਹਿਲਾਂ ਦੇ ਅੰਦੋਲਨ ਦੀਆਂ ਖ਼ਬਰਾਂ ਤੇ ਕਈ ਵੱਡੀਆਂ-ਵੱਡੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਮਹਾਤਮਾ ਗਾਂਧੀ, ਲੋਕ ਮਾਨਯ ਤਿਲਕ, ਨਹਿਰੂ, ਮੌਲਾਨਾ ਸ਼ੌਕਤ ਅਲੀ, ਮੌਲਾਨਾ ਮੁਹੰਮਦ ਅਲੀ ਵਰਗੇ ਕਈ ਲੀਡਰਾਂ ਦੀਆਂ ਤਸਵੀਰਾਂ ਸਨ। ਇਕ ਤਸਵੀਰ ਹੋਰ ਸੀ ਜਿਹੜੀ ਹੱਥ ਨਾਲ ਬਣਾਈ ਹੋਈ ਸੀ ਤੇ ਉਸ ਵਿਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਫਾਂਸੀ ਉੱਤੇ ਚੜ੍ਹਦਿਆਂ ਦਿਖਾਇਆ ਗਿਆ ਸੀ। ਪਰ ਉਹ ਸਾਰੇ ਅਖ਼ਬਾਰ ਉਹਨੀਂ ਦਿਨੀ ਪੜ੍ਹਨੇ ਤੇ ਆਪਣੇ ਕੋਲ ਰੱਖਣੇ, ਅਪਰਾਧ ਐਲਾਨ ਕੀਤੇ ਹੋਏ ਸਨ। ਬਹੁਤ ਸਾਰੇ ਰਜਿਸਟਰ ਪਏ ਸਨ, ਜਿਹੜੇ ਉਹਨਾਂ ਦੇ ਕਾਰੋਬਾਰੀ ਹਿਸਾਬ-ਕਿਤਾਬ ਨਾਲ ਸੰਬੰਧਤ ਸਨ। ਇਕ ਡੱਬੇ ਵਿਚ ਬਹੁਤ ਸਾਰੇ ਨੇਗੇਟਿਵ ਰੱਖੇ ਹੋਏ ਸਨ। ਕਾਲੀ ਫ਼ਿਲਮ ਦੇ ਇਕ ਇਕ ਪੀਸ ਨੂੰ ਮੈਂ ਚਾਨਣ ਸਾਹਮਣੇ ਕਰਕੇ ਦੇਖਦਾ ਰਿਹਾ ਸਾਂ। ਇਕ ਤਾਂ ਉਹਨਾਂ ਮਹਾਪੁਰਸ਼ਾਂ ਦਾ ਸੀ, ਜਿਹਨਾਂ ਦੀ ਇਕ ਵੱਡੀ ਸਾਰੀ ਤਸਵੀਰ ਸਾਡੇ ਡਰਾਇੰਗ ਰੂਮ ਵਿਚ ਸ਼ੁਰੂ ਤੋਂ ਹੀ ਟੰਗੀ ਹੋਈ ਸੀ ਤੇ ਜਿਸ ਉੱਤੇ ਨਕਲੀ ਫੁੱਲਾਂ ਦੀ ਮਾਲਾ ਪਾਈ ਹੋਈ ਸੀ, ਜਿਹੜੀ ਮੱਖੀਆਂ ਦੀ ਗੰਦਗੀ ਤੇ ਧੂੜ ਦੀ ਮੋਟੀ ਪਰਤ ਨਾਲ ਬਦਰੰਗ ਹੋਈ ਹੋਈ ਸੀ। ਇਕ ਨੇਗੇਟਿਵ ਵਿਚ ਕਈ ਮੁੰਡੇ ਖੜ੍ਹੇ ਦਿਖਾਈ ਦਿੱਤੇ, ਉਹ ਜ਼ਰੂਰ ਹੀ ਪਿਤਾ ਜੀ ਦੇ ਬਚਪਨ ਦੇ ਦੋਸਤ ਹੋਣਗੇ। ਇਕ ਹੋਰ ਨੇਗੇਟਿਵ ਵਿਚ ਇਕ ਘੋੜਾ ਖੜ੍ਹਾ ਦਿਖਾਈ ਦਿੱਤਾ—ਜਿਸ ਬਾਰੇ ਮੈਂ ਕੁਝ ਵੀ ਨਹੀਂ ਸਾਂ ਜਾਣਦਾ। ਹੋ ਸਕਦਾ ਹੈ, ਘੋੜੇ ਪਿਤਾ ਜੀ ਨੂੰ ਚੰਗੇ ਲੱਗਦੇ ਹੋਣ!
ਕੁਝ ਸਾਲ ਪਹਿਲਾਂ ਅਚਾਨਕ ਮੇਰੀ ਮੁਲਾਕਾਤ ਇਕ ਸਭਿਅ ਜਨਾਨੀ ਨਾਲ ਹੋਈ, ਜਿਸਦੇ ਦੋ ਪੁੱਤਰ ਅਮਰੀਕਾ ਵਿਚ ਸੈਟ ਸਨ ਤੇ ਤਿੰਨ ਧੀਆਂ ਉਤਰੀ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਆਹੀਆਂ ਹੋਈਆਂ ਸਨ। ਉਹ ਆਪ ਆਪਣੇ ਨੌਜਵਾਨ ਪੋਤੇ ਨਾਲ, ਜਿਹੜਾ ਆਈ.ਟੀ.ਆਈ. ਵਿਚ ਪੜ੍ਹਦਾ ਸੀ—ਕਿਰਾਏ ਦੇ ਇਕ ਮਕਾਨ ਵਿਚ ਰਹਿ ਰਹੀ ਸੀ। ਜਿੱਥੇ ਉਹ ਰਹਿੰਦੀ ਸੀ, ਉਸ ਗਲੀ ਵਿਚ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਆਪਣੇ ਮਹਿਕਮੇ ਵੱਲੋਂ ਮੈਨੂੰ ਇਸ ਗੱਲ ਦੀ ਨਿਗਰਾਨੀਂ ਲਈ ਭੇਜਿਆ ਗਿਆ ਸੀ ਕਿ ਕਿਤੇ ਸੀਵਰੇਜ ਪਾਈਪ ਸਪਲਾਈ ਕਰਨ ਵਾਲੀ ਫੈਕਟਰੀ ਰੱਦੀ ਮੈਟੀਰੀਅਲ ਦੇ ਪਾਈਪ ਤਾਂ ਨਹੀਂ ਸੀ ਸਪਲਾਈ ਕਰ ਰਹੀ! ਉੱਥੇ ਮੈਨੂੰ ਕਾਫੀ ਦੇਰ ਤੋਂ ਧੁੱਪ ਵਿਚ ਖੜ੍ਹਾ ਦੇਖ ਕੇ ਉਹ ਆਪਣੇ ਘਰੋਂ ਇਕ ਕੁਰਸੀ ਚੁੱਕ ਲਿਆਈ ਸੀ ਤੇ ਮੈਨੂੰ ਕਿਹਾ ਸੀ, “ਬੈਠ ਜਾ ਪੁੱਤਰ! ਇੰਜ ਖੜ੍ਹਾ-ਖੜ੍ਹਾ ਥੱਕ ਜਾਏਂਗਾ।”
ਚਿੱਟੇ ਵਾਲਾਂ ਵਾਲੀ, ਦਰਮਿਆਨੇ ਕੱਦ ਦੀ, ਗੋਰੀ-ਚਿੱਟੀ ਉਸ ਬੁੱਢੀ ਦੀ ਇਹ ਗੱਲ ਮੈਨੂੰ ਚੰਗੀ ਲੱਗੀ ਸੀ ਤੇ ਜਦੋਂ ਮੈਂ ਉਸਦਾ ਧੰਨਵਾਦ ਕਰਨਾ ਚਾਹਿਆ ਸੀ ਤਾਂ ਉਸਨੇ ਮੁਸਕੁਰਾ ਕੇ ਕਿਹਾ ਸੀ, “ਪਾਣੀ ਵੀ ਲਿਆਉਣੀ ਆਂ, ਤੇਰੇ ਲਈ—ਫਰਿਜ ਦਾ ਠੰਡਾ ਪਾਣੀ।”
ਤੇ ਮੇਰੇ ਨਾਂਹ ਨਾਂਹ ਕਰਨ ਦੇ ਬਾਵਜੂਦ ਵੀ ਉਹ ਲੰਗੜਾਉਂਦੀ ਹੋਈ ਪਾਣੀ ਲਿਆਉਣ ਵਾਸਤੇ ਅੰਦਰ ਚਲੀ ਗਈ ਸੀ। ਉਦੋਂ ਹੀ ਮੇਰਾ ਇਕ ਅਸਿਸਟੈਂਟ ਮੇਰੇ ਕੋਲ ਕੁਝ ਪੁੱਛਣ ਵਾਸਤੇ ਆਇਆ ਸੀ ਤੇ ਮੈਂ ਉਸਨੂੰ ਦਫ਼ਤਰ ਚਲੇ ਜਾਣ ਤੇ ਸੀਵਰੇਜ ਪਾਇਪਾਂ ਦੀ ਕਈ ਸਾਲ ਪੁਰਾਣੀ ਇਕ ਫਾਇਲ ਲੱਭ ਕੇ ਮੇਰੇ ਮੇਜ਼ ਉੱਤੇ ਰੱਖ ਦੇਣ ਦੀ ਹਦਾਇਤ ਕੀਤੀ ਸੀ। ਮੈਂ ਜਾਣਦਾ ਸਾਂ, ਜਿਸ ਫੈਕਟਰੀ ਦੇ ਕਈ ਲੱਖ ਮੀਟਰ ਦੇ ਪਾਈਪਾਂ ਦੇ ਟੈਂਡਰ ਪਾਸ ਕੀਤੇ ਗਏ ਸਨ, ਉਸਨੇ ਆਪਣਾ ਮਾਲ ਸਾਡੇ ਕਿਹੜੇ-ਕਿਹੜੇ ਡੀਪੂ ਨੂੰ ਸਪਲਾਈ ਕੀਤਾ ਸੀ ਤੇ ਜਿਹਨਾਂ ਲੋਕਾਂ ਨੇ ਪਾਈਪ ਪਾਸ ਕੀਤੇ ਸਨ ਤੇ ਆਪਣੇ ਗੋਦਾਮਾਂ ਵਿਚ ਰੱਖੇ ਹੋਏ ਸਨ, ਉਹਨਾਂ ਦੇ ਨਾਂ ਵਗ਼ੈਰਾ ਵੀ ਪਤਾ ਹੋਣੇ ਚਾਹੀਦੇ ਨੇ। ਇਹ ਕੰਮ ਉਂਜ ਦੇਖਣ ਨੂੰ ਤਾਂ ਬਹੁਤਾ ਮੁਸ਼ਕਿਲ ਨਹੀਂ ਜਾਪਦਾ, ਪਰ ਸੀ ਇਹ ਟੇਢਾ ਹੀ ਕਿਉਂਕਿ ਇਸ ਨਾਲ ਸੰਬੰਧ ਵਧੇਰੇ ਲੋਕ ਇੱਥੋਂ ਟਰਾਂਸਫਰ ਹੋ ਚੁੱਕੇ ਹੋਣਗੇ ਤੇ ਕੁਝ ਰਿਟਾਇਰਡ ਵੀ ਜ਼ਰੂਰ ਹੋ ਗਏ ਹੋਣਗੇ। ਫੇਰ ਵੀ ਕੁਝ ਨਾ ਕੁਝ ਕਾਰਵਾਈ ਤਾਂ ਮੈਨੂੰ ਪਾਉਣੀ ਹੀ ਪੈਣੀ ਸੀ!
ਉਹ ਮਿਹਰਬਾਨ ਬਜ਼ੁਰਗ ਔਰਤ ਮੇਰੇ ਲਈ ਸਿਰਫ ਠੰਡਾ ਪਾਣੀ ਹੀ ਨਹੀਂ, ਬਲਕਿ ਥੋੜ੍ਹਾ ਜਿਹਾ ਨਾਸ਼ਤਾ ਵੀ ਲੈ ਆਈ ਸੀ ਤੇ ਮੇਰੇ ਕੋਲ ਬੈਠ ਕੇ ਹੀ ਆਪਣੀ ਗਲੀ ਦੀ ਮੰਦੀ ਹਾਲਤ ਦੀਆਂ ਗੱਲਾਂ ਕਰਨ ਲੱਗ ਪਈ ਸੀ, “ਇੱਥੇ ਤਾਂ ਰੋਜ਼ ਈ ਪਾਣੀ ਭਰਿਆ ਰਹਿੰਦਾ ਏ—ਕਦੀ ਨਾਲੀਆਂ ਦਾ ਤੇ ਕਦੀ ਮੀਂਹ ਦਾ! ਹੁਣ ਕਈ ਹਫ਼ਤਿਆਂ ਦੀ ਇਹ ਮੋਈ ਪਾਈਪ ਈ ਟੁੱਟੀ ਪਈ ਏ ਪੁੱਤਰ! ਸਾਡਾ ਤਾਂ ਮੱਛਰਾਂ ਨੇ ਬੁਰਾ ਹਾਲ ਕੀਤਾ ਹੋਇਆ ਏ। ਪਤਾ ਨਹੀਂ ਮਿਊਸਪਲਟੀ ਵਾਲੇ ਕਿੱਥੇ ਮਰੇ ਰਹਿੰਦੇ ਨੇ—ਕੋਈ ਖ਼ਬਰ ਈ ਨਹੀਂ ਲੈਂਦਾ! ਮੇਰੇ ਪੁੱਤਰ ਦੱਸਦੇ ਹੁੰਦੇ ਨੇ, ਪੁੱਤਰ—ਉੱਥੇ ਜਿੰਨਾਂ ਟੈਕਸ ਸਰਕਾਰ ਲੈਂਦੀ ਏ, ਖ਼ਰਚ ਵੀ ਕਰਦੀ ਰਹਿੰਦੀ ਏ, ਗਲੀਆਂ ਤੇ ਸੜਕਾਂ ਦੀ ਸਫ਼ਾਈ 'ਤੇ।”
ਮੈਂ ਉਸਨੂੰ ਪੁੱਛਿਆ, “ਤੁਹਾਡੀ ਬੋਲੀ ਤੋਂ ਇੰਜ ਲੱਗਦਾ ਏ ਕਿ ਤੁਸੀਂ ਉਤਰੀ ਹਿੱਸੇ ਦੇ ਕਿਸੇ ਇਲਾਕੇ ਦੇ ਰਹਿਣ ਵਾਲੇ ਓ—ਮੁਲਤਾਨ ਵਗ਼ੈਰਾ ਦੇ?”
ਅਚਾਨਕ ਉਹ ਖਿੜ-ਪੁੜ ਗਈ ਤੇ ਬੋਲੀ, “ਹਾਂ, ਪੁੱਤਰ ਮੈਂ ਸੱਚਮੁੱਚ ਓਧਰ ਦੀ ਆਂ। ਤੂੰ ਠੀਕ ਪਛਾਣਿਆ ਏਂ। ਹਾਂ, ਇਕ ਗੱਲ ਮੈਂ ਵੀ ਕਹਾਂ—ਤੇਰੀ ਸੂਰਤ ਤੇ ਚਿਹਰਾ ਮੋਹਰਾ ਕੁਝ ਜਾਣਿਆ-ਪਛਾਣਿਆ ਜਿਹਾ ਲੱਗਦਾ ਏ ਮੈਨੂੰ। ਬੜਾ ਹੀ ਜਾਣਿਆ-ਪਛਾਣਿਆ—ਪਰ ਯਾਦ ਨਹੀਂ ਆ ਰਿਹਾ ਕਿਸ ਵਰਗਾ! ਕੋਸ਼ਿਸ਼ ਕਰਦੀ ਆਂ ਤਾਂ ਨਾਂ ਹੋਰ ਦੂਰ-ਦੂਰ ਚਲਾ ਜਾਂਦਾ ਏ। ਇਸ ਉਮਰ ਵਿਚ ਚੇਤਾ ਵੀ ਤਾਂ ਮੋਇਆ ਬੜਾ ਕਮਜ਼ੋਰ ਹੋ ਗਿਆ ਏ।”
ਮੈਂ ਉਸਨੂੰ ਦੱਸਿਆ, “ਅਸੀਂ ਵੀ ਜੀ, ਉਧਰ ਦੇ ਰਹਿਣ ਵਾਲੇ ਆਂ। ਪਰ ਹੁਣ ਤਾਂ ਜੀ, ਤੀਹ ਸਾਲ ਦੇ ਏਧਰ ਈ ਰਹਿ ਰਹੇ ਆਂ।”
ਤੇ ਫੇਰ ਮੈਂ ਉਸਨੂੰ ਆਪਣੇ ਪਿਤਾ ਜੀ ਤੇ ਆਪਣੇ ਦਾਦਾ ਜੀ ਦਾ ਨਾਂ ਤੇ ਪਿਛਲੇ ਪਿੰਡ ਬਾਰੇ ਵੀ ਦੱਸਿਆ। ਅਹਿਜੇ ਮੌਕਿਆਂ ਉੱਤੇ ਅਜਿਹੀਆਂ ਗੱਲਾਂ ਪੁਰਾਣੇ ਰਿਸ਼ਤਿਆਂ ਦੀਆਂ ਗਵਾਚੀਆਂ ਹੋਈਆਂ ਕੜੀਆਂ ਲੱਭਣ ਲਈ ਬੜੀਆਂ ਸਹਾਈ ਹੁੰਦੀਆਂ ਨੇ।
“ਅੱਛਾ! ਤੂੰ ਲਾਜਵੰਤੀ ਦਾ ਪੁੱਤਰ ਏਂ! ਉਹ ਤਾਂ ਮੇਰੀ ਬੜੀ ਪੱਕੀ ਸਹੇਲੀ ਸੀ। ਸਾਡਾ ਬਚਪਨ ਤੇ ਉਸ ਪਿੱਛੋਂ ਵੀ ਕਾਫੀ ਸਾਰਾ ਸਮਾਂ ਇਕੱਠੀਆਂ ਦਾ ਬੀਤਿਆ ਸੀ—ਜਦ ਤਕ ਸਾਡੇ ਵਿਆਹ ਨਹੀਂ ਸਨ ਹੋ ਗਏ। ਤੇ ਇਹ ਗੱਲ ਤਾਂ ਮੈਂ ਕਦੇ ਭੁੱਲ ਹੀ ਨਹੀਂ ਸਕਦੀ ਕਿ ਸਾਡੀਆਂ ਬਾਰਾਤਾਂ ਵੀ ਇਕੋ ਦਿਨ, ਇਕੋ ਗਲੀ ਵਿਚ ਆਈਆਂ ਸਨ ਤੇ ਦੋਵਾਂ ਦੀਆਂ ਡੋਲੀਆਂ ਵੀ ਨਾਲੋ ਨਾਲ ਗਈਆਂ ਸਨ।”
ਉਸਨੇ ਇਹ ਗੱਲ ਪੂਰੇ ਜੋਸ਼ ਨਾਲ ਇਕੋਸਾਹ ਵਿਚ ਕਹਿ ਦਿੱਤੀ ਸੀ ਤੇ ਫੇਰ ਉਠ ਕੇ ਮੇਰਾ ਸਿਰ ਵੀ ਚੁੰਮ ਲਿਆ ਸੀ, “ਤੂੰ ਤਾਂ ਮੇਰਾ ਭਾਣਜਾ ਨਿਕਲਿਆ—ਮੇਰੇ ਬਚਪਨ ਦੀ ਸਹੇਲੀ ਦਾ ਪੁੱਤਰ!” ਕਹਿੰਦਿਆਂ ਹੋਇਆਂ ਉਸਨੇ ਆਪਣੀਆਂ ਮਿਚਮਿਚੀਆਂ ਜਿਹੀਆਂ ਅੱਖਾਂ ਵਿਚ ਭਰ ਆਏ ਅੱਥਰੂ ਆਪਣੀ ਧੋਤੀ ਦੇ ਪੱਲੇ ਨਾਲ ਪੂੰਝੇ ਸਨ।
ਉਸੇ ਸਮੇਂ ਗਲੀ ਦੇ ਪਾਣੀ ਵਿਚੋਂ ਹੁੰਦਾ ਹੋਇਆ ਇਕ ਸਬਜ਼ੀ ਵਾਲਾ ਤੇ ਉਸਦੇ ਪਿੱਛੇ-ਪਿੱਛੇ ਰੱਦੀ ਖਰੀਦਣ ਵਾਲਾ ਆਇਆ। ਉਸਦੇ ਆਂਢ-ਗੁਆਂਢ ਦੀਆਂ ਕੁਝ ਔਰਤਾਂ ਘਰਾਂ ਵਿਚੋਂ ਨਿਕਲ ਕੇ ਸਬਜ਼ੀ ਖਰੀਦਣ ਲੱਗ ਪਈਆਂ ਤੇ ਕੁਝ ਪੁਰਾਣੇ ਅਖ਼ਬਾਰਾਂ ਦੀ ਰੱਦੀ, ਖਾਲੀ ਪੀਪੀਆਂ ਤੇ ਡੱਬੇ ਤੇ ਖਾਲੀ ਬੋਤਲਾਂ ਵੇਚਣ ਆ ਗਈਆਂ। ਉਹਨਾਂ ਦੀ ਕਾਵਾਂ-ਰੌਲੀ ਦੇ ਬਾਵਜ਼ੂਦ ਉਹ ਮੇਰੇ ਨਾਲ ਗੱਲਾਂ ਕਰਦੀ ਰਹੀ। ਕਦੀ ਸਬਜ਼ੀਆਂ ਦੀਆਂ ਨਵੀਆਂ-ਨਵੀਆਂ ਕਿਸਮਾਂ ਤੇ ਨਿੱਤ ਨਵੇਂ ਭਾਵਾਂ ਉੱਤੇ, ਕਦੀ ਅਖ਼ਬਾਰਾਂ ਦੀਆਂ ਵਧ ਗਈਆਂ ਕੀਮਤਾਂ ਤੇ ਰੱਦੀ ਦੇ ਪੁਰਾਣੇ ਭਾਅ ਉੱਤੇ। ਇਹ ਮਸਲੇ ਸੱਚਮੁੱਚ ਹੀ ਇਕ ਘਰੇਲੂ ਔਰਤ ਦੇ ਮਸਲੇ ਹੁੰਦੇ ਨੇ ਤੇ ਉਹਨਾਂ ਉਪਰ ਅਜਿਹੇ ਤਬੁਸਰੇ ਕਰਨ ਦਾ ਉਸਦਾ ਸੁਭਾਅ ਬਣ ਜਾਂਦਾ ਹੈ। ਪਰ ਉਸਨੇ ਹੁਣ ਮੈਨੂੰ ਕਮਰੇ ਵਿਚ ਚੱਲ ਕੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਸੀ, ਜਿਸ ਵਿਚ ਉਸਦੇ ਪੋਤੇ ਰਾਜੇਸ਼ ਦੀਆਂ ਬਹੁਤ ਸਾਰੀਆਂ ਟੈਕਨੀਕਲ ਕਿਤਾਬਾਂ ਇਕ ਅਲਮਾਰੀ ਵਿਚ ਤਰਤੀਬ ਨਾਲ ਸਜਾਈਆਂ ਹੋਈਆਂ ਸਨ। ਇਕ ਕੈਰਮ ਬੋਰਡ, ਕ੍ਰਿਕਟਬੈਟ ਤੇ ਬਾਲ, ਤੇ ਦੋ ਵੱਡੀਆਂ ਵੱਡੀਆਂ ਫੈਮਿਲੀ ਐਲਬਮਾਂ ਪਈਆਂ ਸਨ। ਮੈਂ ਉਸਦੇ ਕਹਿਣ ਉੱਤੇ ਉਹਨਾਂ ਦੀ ਫੈਮਿਲੀ ਐਲਬਮ ਦੇਖਣ ਲੱਗ ਪਿਆ, ਜਿਸ ਵਿਚ ਉਸਦੇ ਪੁੱਤਰਾਂ, ਧੀਆਂ, ਨੂੰਹਾਂ, ਜਵਾਈਆਂ ਤੇ ਛੋਟੇ-ਵੱਡੇ ਕਈ ਬੱਚਿਆਂ ਦੀਆਂ ਰੰਗੀਨ ਤਸਵੀਰਾਂ ਲੱਗੀਆਂ ਹੋਈਆਂ ਸਨ। ਉਹ ਵੀ ਵਿਹਲੀ ਹੋ ਕੇ ਮੇਰੇ ਕੋਲ ਆ ਬੈਠੀ ਸੀ—ਉਹ ਆਪਣੀ ਐਨਕ ਵੀ ਚੁੱਕ ਲਿਆਈ ਸੀ ਤੇ ਉਸਦੇ ਧੁੰਦਲੇ ਸ਼ੀਸ਼ਿਆਂ ਨੂੰ ਆਪਣੀ ਧੋਤੀ ਦੇ ਪੱਲੇ ਨਾਲ ਪੂੰਝਦਿਆਂ ਹੋਇਆਂ ਬੋਲੀ ਸੀ, “ਤੇਰੀ ਸ਼ਕਲ ਤੇਰੇ ਪਿਓ ਨਾਲ ਬੜੀ ਮਿਲਦੀ ਏ, ਮੈਂ ਉਸਨੂੰ ਵੀ ਦੇਖਿਆ ਸੀ। ਤਾਂਹੀਤਾਂ ਮੈਂ ਮਨ ਹੀ ਮਨ ਵਿਚ ਸੋਚ ਰਹੀ ਸਾਂ ਕਿ ਤੇਰਾ ਚਿਹਰਾ ਏਨਾ ਜਾਣਿਆ-ਪਛਾਣਿਆ ਕਿਉਂ ਲੱਗਦਾ ਏ! ਪਰ ਇਹ ਕਿੰਨੀ ਅਜੀਬ ਗੱਲ ਏ ਕਿ ਏਨੇ ਸਾਲ ਬਾਅਦ ਅਚਾਨਕ ਤੂੰ ਮੈਨੂੰ ਆਪਣੇ ਮਾਂ-ਬਾਪ ਦੀ ਯਾਦ ਤਾਜ਼ਾ ਕਰਵਾਉਣ ਲਈ ਮਿਲ ਪਿਆ। ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ!”
“ਸੋਚਿਆ ਤਾਂ ਕਦੀ ਮੈਂ ਵੀ ਨਹੀਂ ਸੀ ਆਂਟੀ ਕਿ ਤੁਸੀਂ ਮੇਰੇ ਮਾਤਾ-ਪਿਤਾ ਨੂੰ ਏਨੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਜਿਹੜੇ ਹੁਣ ਇਸ ਦੁਨੀਆਂ ਵਿਚ ਵੀ ਨਹੀਂ!”
“ਸਿਰਫ ਜਾਣੀ ਹੀ ਨਹੀਂ, ਮੈਂ ਤਾਂ ਉਹਨਾਂ ਦੇ ਏਨੀ ਨੇੜੇ ਸਾਂ ਕਿ ਕੋਈ ਹੋਰ ਨਹੀਂ ਹੋਣਾ। ਤੇਰੀ ਮਾਂ ਤੇ ਮੈਂ ਤਾਂ ਸਵੇਰੇ-ਸ਼ਾਮ ਦੁੱਧ ਚੋਣ ਵੀ ਇਕੱਠੀਆਂ ਜਾਂਦੀਆਂ ਤੇ ਗੁਰਦੁਆਰੇ ਵਾਲੇ ਭਾਈਆਂ ਦੇ ਕੁੜੀਆਂ ਦੇ ਸਕੂਲ ਵਿਚ ਵੀ ਇਕੱਠੀਆਂ ਪੜ੍ਹਦੀਆਂ ਰਹੀਆਂ ਸਾਂ। ਕਦੀ ਕਦੀ ਅਸੀਂ ਇਕੋ ਫੱਟੀ ਉੱਤੇ ਲਿਖਣ ਬੈਠ ਜਾਂਦੀਆਂ—ਇਕ ਪਾਸਾ ਉਹ ਲਿਖ ਲੈਂਦੀ ਤੇ ਦੂਜਾ ਪਾਸਾ ਮੈਂ। ਜਿਸ ਕਰਕੇ ਭੈਣ ਜੀ ਤੋਂ ਸਾਨੂੰ ਉਸੇ ਫੱਟੀ ਨਾਲ ਕੁੱਟ ਪੈਂਦੀ ਹੁੰਦੀ ਸੀ!” ਕਹਿੰਦੀ ਹੋਈ ਉਹ ਹੱਸ ਪਈ। ਫੇਰ ਬੋਲਣ ਲੱਗੀ, “ਤੇ ਤੇਰਾ ਪਿਓ ਸੀ ਨਾ—ਸਾਗਰ! ਹਾਂ, ਸਾਗਰ ਚੰਦ ਹੀ ਤਾਂ ਨਾਂ ਸੀ ਉਸਦਾ! ਉਹ ਆਪਣੀ ਚਿੱਤਕਬਰੀ ਘੋੜੀ 'ਤੇ ਸਵਾਰ ਹੋ ਕੇ ਰੋਜ਼ ਸਾਡੀ ਗਲੀ ਵਿਚੋਂ ਲੰਘਦਾ। ਘੋੜੀ ਦੌੜਾਉਣ ਦਾ ਬੜਾ ਸ਼ੌਕ ਸੀ ਉਸਨੂੰ। ਤੇ ਸਾਡੀ ਗਲੀ ਵਿਚੋਂ ਵੀ ਪੂਰੀ ਸਪੀਡ ਨਾਲ ਘੋੜੀ ਭਜਾਉਂਦਾ ਹੋਇਆ ਲੰਘਦਾ ਸੀ, ਜਿਵੇਂ ਕਿਸੇ ਨਾਲ ਦੌੜ ਲੱਗੀ ਹੋਈ ਹੋਏ! ਉਸਦੀ ਘੋੜੀ ਦੀਆਂ ਉੱਚੀਆ-ਉੱਚੀਆਂ ਟਾਪਾਂ ਦੀ ਆਵਾਜ਼ ਸੁਣਦਿਆਂ ਹੀ ਅਸੀਂ ਸਾਰੀਆਂ ਕੁੜੀਆਂ ਕੰਧਾਂ ਨਾਲ ਲੱਗ ਜਾਂਦੀਆਂ। ਲਾਜਵੰਤੀ ਤੇ ਮੈਂ ਤਾਂ ਕਈ ਵਾਰੀ ਡਰ ਕੇ ਜਿੱਥੇ ਵੀ ਹੁੰਦੀਆਂ ਸਾਂ ਇਕ ਦੂਜੀ ਨਾਲ ਚਿਪਕ ਕੇ ਖਲੋ ਜਾਂਦੀਆਂ ਸਾਂ—ਇੰਜ ਬਿਲਕੁਲ ਅੱਖਾਂ ਬੰਦ ਕਰਕੇ ਜਿਵੇਂ ਉਹ ਘੋੜੀ ਨੂੰ ਸਾਡੇ ਉੱਤੇ ਹੀ ਚੜ੍ਹਾ ਦਏਗਾ!”
ਉਸਨੇ ਹੁਣ ਵੀ ਆਪਣੀਆਂ ਅੱਖਾਂ ਘੁੱਟ ਕੇ ਬੰਦ ਕੀਤੀਆਂ ਹੋਈਆਂ ਸਨ ਤੇ ਬੋਲੀ ਜਾ ਰਹੀ ਸੀ—“ਤੇ ਇਕ ਵਾਰੀ ਤਾਂ ਸੱਚਮੁੱਚ ਹੀ ਇੰਜ ਹੋਇਆ ਕਿ ਉਸਦੀ ਘੋੜੀ ਸਾਡੇ ਉੱਤੇ ਹੀ ਆ ਚੜ੍ਹੀ—ਲਾਜਵੰਤੀ ਤੇ ਮੈਂ ਉਸ ਦਿਨ ਆਪਣੇ-ਆਪਣੇ ਅਲਮੋਨੀਅਮ ਦੇ ਤਸਲੇ ਉਲਟੇ ਕਰਕੇ ਸਿਰਾਂ ਉੱਤੇ ਰੱਖੀ ਤੁਰੀਆਂ ਜਾ ਰਹੀਆਂ ਸਾਂ ਕਿ ਅਚਾਨਕ ਸਾਡੇ ਕੰਨਾਂ ਵਿਚ ਉਸਦੀ ਘੋੜੀ ਦੀਆਂ ਟਾਪਾਂ ਦੀ ਆਵਾਜ਼ ਪਈ...ਘਬਰਾ ਕੇ ਅਸੀਂ ਆਪਣੇ ਤਸਲਿਆਂ ਸਮੇਤ ਮੂਧੇ ਮੂੰਹ ਜਾ ਡਿੱਗੀਆਂ। ਲਾਜਵੰਤੀ ਤਾਂ ਵਾਲ-ਵਾਲ ਬਚ ਗਈ ਤੇ ਮੇਰੀ ਇਕ ਲੱਤ ਟੁੱਟ ਗਈ। ਸਾਗਰ ਮੈਨੂੰ ਆਪਣੀ ਘੋੜੀ ਉੱਤੇ ਲੱਦ ਕੇ ਡਾਕਟਰ ਕੋਲ ਲੈ ਗਿਆ। ਮੇਰੀ ਲੱਤ ਉੱਤੇ ਖਪਚੀਆਂ ਬੰਨ੍ਹਵਾਈਆਂ ਤੇ ਪਟੀਆਂ ਕਰਾਈਆਂ ਤੇ ਘੋੜੀ ਉੱਤੇ ਬਿਠਾਅ ਕੇ ਹੀ ਮੈਨੂੰ ਸਾਡੇ ਘਰ ਵੀ ਛੱਡ ਗਿਆ...ਮੈਨੂੰ ਯਾਦ ਏ, ਮੇਰੇ ਪਿਤਾ ਜੀ ਨੇ ਉਸਨੂੰ ਖ਼ੂਬ ਕੋਸੀਆਂ-ਕਰਾਰੀਆਂ ਸੁਣਾਈਆਂ ਸਨ ਤੇ ਫੇਰ ਕਦੀ ਗਲੀ ਵਿਚੋਂ ਨਾ ਲੰਘਣ ਦੀ ਤਾੜਨਾਂ ਵੀ ਕਰ ਦਿੱਤੀ ਸੀ। ਪਰ ਉਸਦਾ ਕਸੂਰ ਨਹੀਂ ਸੀ—ਸਗੋਂ ਗਲਤੀ ਸਾਡੀ ਆਪਣੀ ਸੀ। ਅਸੀਂ ਭਲਾ ਤਸਲਿਆਂ ਨਾਲ ਮੂੰਹ ਢਕ ਕੇ ਤੁਰ ਹੀ ਕਿਉਂ ਰਹੀਆਂ ਸਾਂ? ਪਰ ਉਸ ਪਿੱਛੋਂ ਸਾਡੀ ਗਲੀ ਵਿਚੋਂ ਲੰਘਣਾ ਛੱਡ ਦਿੱਤਾ ਉਸਨੇ—ਬਸ ਇਕੇ ਵਾਰੀ ਗਲੀ ਵਿਚ ਪੈਰ ਪਾਇਆ, ਤੇਰੀ ਮਾਂ ਨੂੰ ਵਿਆਹ ਕੇ ਲੈ ਜਾਣ ਲਈ। ਉਸੇ ਦਿਨ ਮੇਰਾ ਵਿਆਹ ਵੀ ਸੀ, ਪਰ ਕਿਸੇ ਹੋਰ ਆਦਮੀ ਨਾਲ।”
ਕਹਿ ਕੇ ਉਹ ਚੁੱਪ ਹੋ ਗਈ ਤੇ ਮੇਰੇ ਵਲ ਸਿੱਧਾ ਦੇਖਣ ਦੀ ਬਜਾਏ ਦੂਜੇ ਪਾਸੇ ਦੇਖਣ ਲੱਗ ਪਈ। ਸਤਰ ਸਾਲ ਪੁਰਾਣੀ ਝੁਰੜਾਈ ਹੋਈ ਖੱਲ ਵਾਲੇ ਉਸ ਚਿਹਰੇ ਵੱਲ ਸਿੱਧਾ ਤੱਕਣਾ ਮੇਰੇ ਲਈ ਵੀ ਔਖਾ ਹੋ ਗਿਆ ਸੀ। ਮੈਂ ਨੀਵੀਂ ਪਾ ਲਈ ਤੇ ਫੇਰ ਕੁਝ ਸੋਚ ਕੇ ਪੁੱਛਿਆ, “ਕੀ ਮੇਰੀ ਮਾਂ ਖਾਸੀ ਸੋਹਣੀ ਸੀ?”
ਆਪਣੀ ਮਾਂ ਬਾਰੇ ਜਾਣਨ ਦੀ ਇੱਛਾ ਮੇਰੇ ਅੰਦਰ ਇਸ ਲਈ ਵੀ ਸੀ ਕਿ ਮੈਂ ਉਸਨੂੰ ਦੇਖਿਆ ਨਹੀਂ ਸੀ। ਮੇਰੇ ਪੈਦਾ ਹੁੰਦਿਆਂ ਹੀ ਉਹ ਚੱਲ-ਵੱਸੀ ਸੀ।
ਉਸਨੇ ਜਵਾਬ ਦਿੱਤਾ, “ਉਹ ਮੇਰੇ ਵਰਗੀ ਤਾਂ ਨਹੀਂ ਸੀ, ਪਰ ਉਸਦੇ ਵਾਲ ਬੜੇ ਲੰਮੇ ਤੇ ਸੋਹਣੇ ਸਨ—ਤੇ ਮੈਂ ਉਸਨੂੰ ਚਿੜਾਉਣ ਲਈ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਸਾਂ ਕਿ ਤੇਰਾ ਘਰਵਾਲਾ ਤਾਂ ਤੇਰੀਆਂ ਜੁਲਫ਼ਾਂ ਦੇ ਜਾਲ ਵਿਚੋਂ ਹੀ ਨਹੀਂ ਨਿਕਲ ਸਕਿਆ ਕਰੇਗਾ! ਪਰ ਵਿਚਾਰੀ ਬੜੀ ਜਲਦੀ ਮਰ ਗਈ!...ਤੇ ਸਾਨੂੰ ਔਰਤਾਂ ਨੂੰ ਇਸ ਗੱਲ ਵਿਚ ਬੜਾ ਪੱਕਾ ਵਿਸ਼ਵਾਸ ਹੈ ਕਿ ਜਿਸਦਾ ਮਰਦ ਉਸਨੂੰ ਪਿਆਰ ਨਹੀਂ ਕਰਦਾ ਉਹ ਜਲਦੀ ਮਰ ਜਾਂਦੀ ਏ। ਉਸ ਨਾਲ ਵੀ ਇਹੀ ਹੋਇਆ।”
“ਕੀ ਮੇਰਾ ਪਿਤਾ ਕਿਸੇ ਹੋਰ ਨਾਲ ਪਿਆਰ ਕਰਦਾ ਸੀ?”
ਮੇਰੇ ਇਸ ਸਵਾਲ ਉੱਤੇ ਉਹ ਘਬਰਾ ਗਈ ਤੇ ਤ੍ਰਬਕ ਕੇ ਮੇਰੇ ਵਲ ਦੇਖਣ ਲੱਗ ਪਈ। ਮੈਂ ਉਦੋਂ ਉਸਦੀਆਂ ਅੱਖਾਂ ਵਿਚ ਜਿਸ ਕਿਸਮ ਦੇ ਸਹਿਮ ਦੇ ਪ੍ਰਛਾਵੇਂ ਦੇਖੇ ਸਨ, ਮੁੜ ਕਦੀ ਕਿਸੇ ਹੋਰ ਔਰਤ ਦੀਆਂ ਅੱਖਾਂ ਵਿਚ ਨਹੀਂ ਦੇਖੇ।...ਤੇ ਉਦੋਂ ਤਾਂ ਮੈਨੂੰ ਇਹ ਗੱਲ ਹੋਰ ਵੀ ਅਜੀਬ ਲੱਗੀ ਸੀ, ਜਦੋਂ ਉਹ ਇਹ ਕਹਿ ਕੇ ਉਠ ਖੜ੍ਹੀ ਹੋਈ ਸੀ, “ਮੈਨੂੰ ਕੀ ਪਤਾ! ਮੇਰੇ ਰਾਕੇਸ਼ ਦੇ ਆਉਣ ਦਾ ਵੇਲਾ ਹੋ ਗਿਆ ਏ—ਉਸ ਲਈ ਖਾਣਾ ਬਣਾਵਾਂ, ਤੇਰੇ ਨਾਲ ਗੱਲਾਂ ਕਰਦਿਆਂ-ਕਰਦਿਆਂ ਅਹਿ ਵੇਲਾ ਹੋ ਗਿਆ ਏ।”
ਤੇ ਉਸਨੇ ਮੈਨੂੰ ਕੁਝ ਚਿਰ ਹੋਰ ਰੁਕਣ ਲਈ ਵੀ ਨਹੀਂ ਸੀ ਕਿਹਾ। ਮੈਥੋਂ ਮੇਰੇ ਬਾਰੇ ਕਿ—ਮੈਂ ਕਿੱਥੇ ਰਹਿੰਦਾ ਹਾਂ, ਮੇਰੀ ਘਰਵਾਲੀ ਕਿਹੋ ਜਿਹੀ ਏ, ਮੇਰੇ ਬੱਚੇ ਕਿੰਨੇ ਨੇ, ਕਿਹੜੀ ਕਿਹੜੀ ਕਲਾਸ ਵਿਚ ਪੜ੍ਹਦੇ ਨੇ ਜਾਂ ਕਦੀ ਉਹਨਾਂ ਨੂੰ ਮਿਲਾਉਣ ਲਈ ਹੀ ਲੈ ਆਵੀਂ—ਕੁਝ ਵੀ ਤਾਂ ਨਹੀਂ ਸੀ ਪੁੱਛਿਆ, ਉਸਨੇ। ਮੈਂ ਉਸਦੀਆਂ ਸਹਿਮੀਆਂ ਅੱਖਾਂ ਬਾਰੇ ਸੋਚਦਾ ਹੋਇਆ ਬਾਹਰ ਨਿਕਲ ਆਇਆ ਤੇ ਗਲੀ ਵਿਚ ਖੜ੍ਹੇ ਪਾਣੀ ਤੇ ਬੇਤਰਤੀਬੀ ਨਾਲ ਰੱਖੇ ਹੋਏ ਸੀਵਰ ਪਾਈਪਾਂ ਤੋਂ ਬਚ-ਬਚ ਕੇ ਤੁਰਦਾ ਹੋਇਆ ਵਾਪਸ ਪਰਤ ਆਇਆ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)