ਮੇਰੀ ਮਾਂ : ਰਿਪਨਜੋਤ ਕੌਰ ਸੋਨੀ ਬੱਗਾ
ਮੇਰੀ ਮਾਂ ਬੜੀ ਸੂਝਵਾਨ ਦਲੇਰ ਔਰਤ ਸੀ।
ਇਹ ਵਾਕਿਆ ਛੋਟਾ ਜਿਹਾ ਹੈ ਪਰ ਬਹੁਤੇ ਪਿਉਆਂ ਦੇ ਦਿਲ ਦੇ ਨਜ਼ਦੀਕ ਹੈ। ਸਾਡੇ ਦੋਹਾਂ ਪਰਿਵਾਰਾਂ ਦੇ ਘਰ ਵਿਚ ਪਹਿਲੀ ਖੁਸ਼ੀ ਇਕ ਧੀ ਦੀਆਂ ਕਿਲਕਾਰੀਆਂ ਸਨ। ਜਦੋਂ ਮੇਰੀ ਬੇਟੀ ਹੋਈ ਤਾਂ ਕੁੜੀ ਦੇ ਫੌਜੀ ਕੈਪਟਨ ਪਿਓ ਨੇ ਆਪਣੀ ਮਾਂ ਨੂੰ ਫੋਨ ਤੇ ਇਹ ਖ਼ਬਰ ਸੁਣਾਈ ਤਾਂ ਉਹਨਾਂ ਦਾ ਅੱਗੋਂ ਜੁਆਬ ਸੁਣ ਕੇ ਉਸ ਦਾ ਚਿਹਰਾ ਮੁਰਝਾ ਗਿਆ, ਅੱਗੋਂ ਉਸਦਾ ਜੁਆਬ ਸੀ ਤੁਸੀਂ ਵੀ ਤੇ ਔਰਤ ਹੋ। ਨਵਾਂ ਨਵਾਂ ਪਿਉ ਬਣਿਆ ਭਾਵੇਂ ਕੁੱਝ ਦੇਰ ਉਹ ਖਾਮੋਸ਼ ਰਿਹਾ, ਨਵ ਜੰਮੀ ਬੱਚੀ ਦਾ ਸਿਉ ਵਰਗਾ ਸੂਹਾ ਚਿਹਰਾ, ਚਾਰ ਉਂਗਲ ਲੰਮੇ ਕਾਲੇ ਵਾਲ, ਗੋਲ ਮਟੋਲ ਗੋਭਲੂ ਜਿਹੀ ਕੁੜੀ ਨੂੰ ਗੋਦੀ ਵਿੱਚ ਲੈ ਕੇ ਖ਼ੁਸ਼ ਹੋ ਗਿਆ। ਸਭ ਮਿਲਣ-ਗਿਲਣ ਵਾਲਿਆਂ ਨੂੰ ਬਰਫੀ ਵੰਡੀ ਗਈ।
ਮੇਰੀ ਮਾਂ ਨੇ ਕਮਾਂਡ ਹਸਪਤਾਲ ਚੰਡੀਗੜ੍ਹ ਵਿਖੇ ਰੋਟੀ ਵਰਤਾਉਣ ਤੋਂ ਲੈ ਕੇ ਸਫਾਈ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਸੌ-ਸੌ ਰੁਪਏ ਸ਼ਗਨ ਦਿੱਤਾ। ਸਹੁਰਿਆਂ ਵੱਲੋਂ ਪੁਰਾਣੀ ਰਵਾਇਤ ਕਿ ਬੱਚੇ ਨੂੰ ਪਹਿਲੇ 40 ਦਿਨ ਪੁਰਾਣੇ ਲੱਥੇ ਹੋਏ ਕੱਪੜੇ ਪਾਉਣੇ ਹਨ, ਨੂੰ ਤੋੜ ਕੇ ਨਵੇਂ ਕਪੜੇ ਲੈ ਕੇ ਉਹਨਾਂ ਨੂੰ ਧੋ ਕੇ ਪਾਇਆ ਗਿਆ। ਆਪਣੇ ਕੁੜਮਾਂ ਦੀ ਪੂਰੀ ਇੱਜ਼ਤ ਕਰਨਾ ਅਤੇ ਹਰ ਤਿੱਥ ਤਿਉਹਾਰ ਮੌਕੇ ਤੇ ਉਹਨਾਂ ਨੂੰ ਮਿਲਣ ਜਾਣਾ ਮੇਰੇ ਮਾਤਾ ਜੀ ਆਪਣਾ ਫ਼ਰਜ਼ ਸਮਝਦੇ ਸਨ। ਮੇਰੀ ਮਾਂ ਬਹੁਤ ਦਲੇਰ ਔਰਤ ਸੀ।ਮੇਰੇ ਭਰਾ ਦੇ ਘਰ ਇਕ ਤੋਂ ਬਾਅਦ ਇਕ ਕੁੜੀ ਦੇ ਜਨਮ ਤੇ ਮੇਰੀ ਭਰਜਾਈ ਬੜੀ ਉਦਾਸ ਰਹਿਣ ਲੱਗੀ, ਬੜੇ ਦਿਨ ਮੇਰੀ ਮਾਂ ਉਸਨੂੰ ਸਮਝਾਉਂਦੀ ਰਹੀ, ਪਰ ਉਹ ਟੱਸ ਤੋਂ ਮੱਸ ਨਾ ਹੋਵੇ, ਆਖਰ ਮੇਰੀ ਮਾਂ ਨੇ ਝਿੜਕ ਦਿੱਤਾ, ਜੇ ਤੂੰ ਇਸ ਨੂੰ ਨਹੀਂ ਸਾਂਭਣਾ ਤਾਂ ਲਿਆ ਇਸ ਨੂੰ ਮੈਂ ਸੁੱਟ ਆਉਨੀ ਹਾਂ, ਜਾਂ ਕਿਸੇ ਨੂੰ ਦੇ ਆਉਂਦੀ ਹਾਂ।
ਘਰ ਵਿਚ ਕੁੜੀਆਂ ਅਤੇ ਮੁੰਡਿਆਂ ਦੋਨਾਂ ਦੇ ਜਨਮ ਤੇ ਖੁਸ਼ ਹੋਣ ਵਾਲੀ ਅਤੇ ਉਹਨਾਂ ਦੇ ਪਹਿਲੇ ਸਾਰੇ ਤਿਉਹਾਰ ਬਰਾਬਰ ਦੇ ਮਨਾਉਣ ਵਾਲੀ, ਕੁੜੀਆਂ ਵਾਸਤੇ ਵੰਨ-ਸੁਵੰਨੀਆਂ ਫਰਾਕਾਂ ਲਿਆਉਣ ਵਾਲੀ ਮੇਰੀ ਮਾਂ, ਹਮੇਸ਼ਾਂ ਸਾਨੂੰ ਕਹਿੰਦੀ ਸੀ ਕਿ ਬੱਚਿਆਂ ਦੇ ਦਿਨ ਵਿੱਚ ਤਿੰਨ ਵਾਰ ਕੱਪੜੇ ਬਦਲਿਆ ਕਰੋ ਅਤੇ ਆਪਣੇ ਵੀ ਘੱਟ ਤੋਂ ਘੱਟ ਦੋ ਵਾਰ। ਜੋ ਦਿਨੇ ਸੂਟ ਪਾ ਕੇ ਰੱਖਣਾ ਰਾਤ ਨੂੰ ਬਦਲ ਕੇ ਸੋਣਾ ਹੈ, ਰੋਜ਼ ਨਹਾਉਣਾ ਅਤੇ ਆਪਣੇ ਕੱਪੜੇ ਆਪ ਹੱਥਾਂ ਨਾਲ ਧੋਣਾ ਉਹਨਾਂ ਦੇ ਨਿੱਤਨੇਮ ਵਿਚੋਂ ਸਭ ਤੋਂ ਉਪਰ ਸੀ। ਸਾਨੂੰ ਉਹ ਨੰਗੇ ਪੈਰੀਂ ਨਹੀਂ ਫਿਰਨ ਦਿੰਦੇ ਸਨ, ਕਹਿੰਦੇ ਸਨ ਗੰਦੇ ਪੈਰਾਂ ਤੋਂ ਹੀ ਸਭ ਬਿਮਾਰੀਆਂ ਲਗਦੀਆਂ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰੇ ਦੀ ਚਾਦਰ ਝਾੜ ਕੇ ਸੋਂਦੇ ਹਨ।
ਘਰਾਂ, ਰਿਸ਼ਤੇਦਾਰੀਆਂ ਵਿਚ ਆਈਆਂ ਮੁਸੀਬਤਾਂ ਨੂੰ ਮੇਰੀ ਮਾਂ ਨੇ ਬੜੀ ਹਿੰਮਤ ਨਾਲ ਸਾਂਭਿਆ।ਮੈਂ ਉਹਨਾਂ ਵਰਗੇ ਠਰੰਮੇ ਵਾਲਾ਼ ਕੋਈ ਹੋਰ ਚਿਹਰਾ ਨੀਂ ਵੇਖਿਆ ।ਉਹਨਾਂ ਦੇ ਚਿਹਰੇ 'ਤੇ ਅਲੱਗ ਕਿਸਮ ਦਾ ਨੂਰ ਤੇ ਨਿਵੇਕਲੀ ਮੁਸਕਰਾਹਟ ਰਹਿੰਦੀ ਸੀ ਹਮੇਸ਼ਾ । ਮੈਂ ਉਹਨਾਂ ਦੇ ਮੂੰਹੋਂ ਬਹੁਤ ਹੀ ਜ਼ਿਆਦਾ ਘੱਟ ਕਿਸੇ ਦੀ ਬੁਰਾਈ ਸੁਣੀ ਸੀ , ਉਹ ਕਿਹਾ ਕਰਦੇ ਸਨ ਹਰ ਇਨਸਾਨ ਦੀ ਅਛਿਆਈ ਦੇਖੋ ਅਤੇ ਉਸਨੂੰ ਅਪਣਾਉ, ਜੇਕਰ ਤੁਹਾਡੇ ਨਾਲ ਕੋਈ ਮਾੜਾ ਕਰਦਾ ਹੈ ਤਾਂ ਰੱਬ ਆਪੇ ਦੇਖਦਾ ਹੈ ਤੁਸੀਂ ਉਸ ਨਾਲ ਮਾੜਾ ਨਹੀਂ ਕਰਨਾ।ਉਹਨਾਂ ਦੀਆਂ ਕਈ ਗੱਲਾਂ ਵਿਚੋਂ ਸਭ ਤੋਂ ਉਤਮ ਮੈਨੂੰ ਇਹ ਗੱਲ ਲੱਗਦੀ ਸੀ ਕੇ ਕੋਈ ਵੀ ਮਹਿਮਾਨ ਤੁਹਾਡੇ ਘਰ ਖਾਣ ਲਈ ਨਹੀਂ ਆਉਂਦਾ ਸਗੋਂ ਮਿਲਣ ਲਈ ਉਚੇਚਾ ਸਮਾਂ ਕੱਢ ਕੇ ਆਉਂਦਾ ਹੈ। ਬਰਕਤਾਂ ਵਾਲੇ ਘਰ ਹੀ ਮਹਿਮਾਨ ਆਉਂਦੇ ਹਨ। ਕੋਈ ਵੀ ਮਹਿਮਾਨ ਆਵੇ ਉਸ ਦੀ ਰੱਜ ਕੇ ਆਉ ਭਗਤ ਕਰੋ, ਖਾਣਪੀਣ ਵਿਚ ਕੰਜੂਸੀ ਵੀ ਨਹੀਂ ਕਰਨੀ ਅਤੇ ਸੰਜਮ ਵੀ ਬਰਕਰਾਰ ਰੱਖਣਾ ।
ਅੱਜ ਤੋਂ ਪੱਚੀ ਸਾਲ ਪਹਿਲਾਂ ਅਤੇ ਕੁਝ ਸਾਲ ਪਹਿਲਾਂ ਸਾਡੀ ਰਿਸ਼ਤੇਦਾਰੀ ਵਿਚ ਕਿਸੇ ਨੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਇਆ, ਸਾਡਾ ਸਾਰਾ ਵੱਡਾ ਪਰਿਵਾਰ ਉਹਨਾਂ ਬੱਚਿਆਂ ਦੇ ਇਕ ਦਮ ਉਲਟ ਹੋ ਗਿਆ, ਮੇਰੀ ਮਾਂ ਨੇ ਇਹ ਕਹਿ ਕੇ ਬੱਚਿਆਂ ਨੂੰ ਅਪਣਾ ਲਿਆ ਕਿ ਦੋਨੋਂ ਇਕ-ਦੂਜੇ ਨੂੰ ਚਾਹੁੰਦੇ ਹਨ, ਇਹਨਾਂ ਨੂੰ ਅਲੱਗ ਕਰਕੇ ਇਹ ਚਾਹਤ ਨਹੀਂ ਮੁੱਕਣੀ ਐਵੇਂ ਸਾਰੀ ਉਮਰ ਦਿਲ ਵਿਚ ਨਾਸੂਰ ਪਾਲ ਲੈਣਗੇ, ਮਾਂ ਦੀ ਦੂਰ ਅੰਦੇਸ਼ੀ ਅਤੇ ਸਿਆਣੀ ਸੋਚ ਸਦਕਾ ਹੁਣ ਵੀ ਦੋਨੋਂ ਜੋੜੀਆ ਖੁਸ਼ੀ ਖੁਸ਼ੀ ਰਹਿ ਰਹੀਆਂ ਹਨ ਅਤੇ ਸਾਡੀ ਮਾਂ ਦੇ ਚੁੱਕੇ ਕਦਮ ਅੱਗੇ ਸਿਰ ਨਿਵਾਉਂਦੀਆਂ ਹਨ।
ਇੱਕ ਸੁਣੱਖੇ ਸਮਾਜ ਦੀ ਸਿਰਜਕ ਸੂਝਵਾਨ ਔਰਤ ਜਦੋਂ ਬਚਪਨ ਵਿੱਚ ਇਕ ਛੋਟੀ ਤੇ ਨਾਜ਼ੁਕ ਕੁੜੀ ਹੁੰਦੀ ਹੈ ਤਾਂ ਜ਼ਰਾ ਜਿੰਨੀ ਆਹਟ ਤੋਂ ਡਰ ਜਾਦੀ ਹੈ, ਉੱਚਾ ਬੋਲ ਸੁਣ ਕੇ ਤ੍ਰਬਕ ਜਾਂਦੀ ਹੈ, ਜਦੋਂ ਉਹ ਮਾਂ ਬਣਦੀ ਹੈ ਤਾਂ ਉਸ ਵਿਚ ਅੰਤਾਂ ਦੀ ਦਲੇਰੀ ਆ ਜਾਂਦੀ ਹੈ, ਨਾ ਅਕਦੀ ਹੈ, ਨਾਂ ਥੱਕਦੀ ਹੈ ਤੇ ਨਾ ਹੀ ਟੁੱਟਦੀ ਹੈ, ਬਸ ਔਲਾਦ ਦੀ ਪਰਵਰਿਸ਼ ਲਈ ਹਰ ਔਕੜ ਸਹਾਰ ਲੈਂਦੀ ਹੈ, ਪਰਿਵਾਰ ਤਾਂ ਕੀ ਉਹ ਕਿਧਰੇ ਕਿਧਰੇ ਸਮਾਜ ਦੀ ਭਲਾਈ ਲਈ ਕ੍ਰਾਂਤੀਕਾਰੀ ਫੈਸਲੇ ਵੀ ਲੈ ਲੈਂਦੀ ਹੈ, ਅਤੇ ਮਿਸਾਲ ਕਾਇਮ ਕਰਨ ਦੀ ਹੈਸੀਅਤ ਵੀ ਰਖਦੀ ਹੈ।ਆਪਣੇ ਵਜੂਦ ਅੰਦਰੋਂ ਉਪਜੀ, ਨਾਜ਼ਾਂ ਨਾਲ ਪਲ਼ੀ ਆਪਣੀ ਛੂਈ ਮੂਈ ਲਈ, ਤਾਂ ਕਿ ਭਵਿੱਖ ਵਿੱਚ ਉਹ ਵੀ ਦਲੇਰ ਬਣ ਸਕੇ। ਇਹ ਲੜੀ ਕਦੇ ਨਾ ਟੁੱਟੇ ,ਦਲੇਰ ਮਾਵਾਂ ਸਦੀਵੀਂ ਹੁੰਦੀਆਂ ਨੇ ,ਚਿਰੰਜੀਵੀ ਹੁੰਦੀਆਂ ਨੇ, ਸੁਰਿੰਦਰਪਾਲ ਕੌਰ ਸੋਨੀ ਮੇਰੀ ਮਾਂ।