Meri Maan Dukhrian Di Pand : Atarjit

ਮੇਰੀ ਮਾਂ ਦੁਖੜਿਆਂ ਦੀ ਪੰਡ : ਅਤਰਜੀਤ

ਮਾਂ ਬਹੁਤ ਬਿਮਾਰ ਰਹਿਣ ਲੱਗ ਪਈ ਸੀ। ਰੂਹ ਪੋਸ਼ੀ ਤੋਂ ਵਾਪਸ ਪਰਤਣ ਵੇਲ਼ੇ ਤਾਂ ਮਾਂ ਨੇ ਕਹਿ ਦਿੱਤਾ ਸੀ- "ਪੁੱਤ ਹੁਣ ਮੇਰਾ ਕੁੱਛ ਨ੍ਹੀ ਦੁਖਦਾ। ਤੂੰ ਘਰ ਆ ਗਿਆ ਮੈਨੂੰ ਸਬਰ ਆ ਗਿਐ।" ਪਰ ਹੁਣ ਪਤਾ ਹੀ ਨਹੀਂ ਸੀ ਲਗਦਾ ਕਿ ਉਸਨੂੰ ਕਿਹੜਾ ਘੁਣ ਖਾ ਰਿਹਾ ਸੀ। ਉਸਨੂੰ ਪੇਟ ਵਿੱਚ ਕੋਈ ਭਿਆਨਕ ਰੋਗ ਲੱਗ ਗਿਆ ਸੀ। ਰਾਮਪੁਰਾ ਫੂਲ ਦੇ ਡਾਕਟਰਾਂ ਤੋਂ ਉਸ ਦਾ ਰੋਗ ਬੁਝਿਆ ਹੀ ਨਹੀਂ ਸੀ ਜਾ ਰਿਹਾ। ਅਖ਼ੀਰ ਮਾਂ ਨੂੰ ਅਸੀਂ ਚੰਡੀਗੜ੍ਹ ਪੀ. ਜੀ. ਆਈ. ਵਿੱਚ ਦਾਖ਼ਲ ਕਰਵਾ ਦਿੱਤਾ। ਉਥੇ ਪਿੰਡ ਦੇ ਜਗੀਰਦਾਰ ਗੁਰਬਖ਼ਸ਼ ਸਿੰਘ ਦਾ ਪੋਤਰਾ, ਮੇਜਰ ਜਗਦੇਵ ਸਿੰਘ ਦਾ ਲੜਕਾ (ਜਿਨ੍ਹਾਂ ਦੇ ਸਾਡੇ ਬਜ਼ੁਰਗ ਮੁਜ਼ਾਰੇ ਸਨ) ਮਰਹੂਮ ਅਦੇਵਜੀਤ ਸਿੰਘ ਐਮ. ਡੀ. ਕਰ ਰਿਹਾ ਸੀ। ਉਸ ਨੇ ਡਾਕਟਰਾਂ ਨੂੰ ਕਹਿ ਕੇ ਮਾਂ ਦਾ ਬਹੁਤ ਹੀ ਉਚਿਤ ਓਹੜ ਪੁਹੜ ਕੀਤਾ। ਮਾਹਿਰ ਡਾਕਟਰਾਂ ਨਾਲ਼ ਉਸਨੇ ਸਾਡੀ ਜਾਣਕਾਰੀ ਕਰਵਾ ਦਿੱਤੀ ਸੀ। ਮੇਰਾ ਤਾਇਆ ਤੇ ਤਾਈ (ਪੇਕੀਂ ਬੈਠੀ ਤਾਈ ਨੂੰ ਬਾਈ ਨਛੱਤਰ ਪਿੰਡ ਲੈ ਆਇਆ ਸੀ, ਨਾਨਾ ਮਰ ਗਿਆ ਸੀ, ਜਿਸ ਨੇ ਮੇਰੇ ਬਾਪ ਦੇ ਕਤਲ ਵੇਲ਼ੇ ਐਲਾਨ ਕੀਤਾ ਸੀ ਕਿ ਜਦੋਂ ਸਾਰੇ ਮਰ ਗਏ ਇਕੱਠੀ ਹੀ ਮਕਾਣ ਲਾਹ ਆਵਾਂਗੇ) ਮਾਂ ਦੀ ਸੇਵਾ ਸੰਭਾਲ਼ ਵਿੱਚ ਜੁਟ ਗਈ ਸੀ। ਮੇਰੇ ਤਾਏ ਨਾਲ਼ ਉਸਦਾ ਪਤੀ ਪਤਨੀ ਵਾਲ਼ਾ ਕੋਈ ਰਿਸ਼ਤਾ ਤਾਂ ਹੈ ਨਹੀਂ ਸੀ। ਦੋਵੇਂ ਸਰਾਂ ਵਿੱਚ ਇੱਕ ਕਮਰਾ ਲੈ ਕੇ ਰਹਿ ਰਹੇ ਸਨ। ਹੁਣ ਬਾਈ ਨਛੱਤਰ ਦੇ ਮੂਹੋਂ ਵੀ ਚਾਚੀ ਸ਼ਬਦ ਨਿਕਲ਼ਣ ਲੱਗ ਪਿਆ ਸੀ ਜਿਵੇਂ ਉਸਦੇ ਮੂੰਹ ਵਿੱਚ ਗੁੜ ਦੀ ਰੋੜੀ ਪੈ ਗਈ ਹੋਵੇ ਤੇ ਉਹ ਗਾਹੇ ਬਗਾਹੇ ਚਾਚੀ ਦਾ ਪਤਾ ਲੈਣ ਆ ਜਾਂਦਾ ਸੀ। ਬੇਬੇ ਨੇ ਵੀ ਉਸ ਦੇ ਸਿਰ 'ਤੇ ਹੱਥ ਰੱਖਕੇ ਕਿਹਾ ਸੀ- "ਬੱਸ ਪੁੱਤ ਹੋ ਗਿਆ ਜੋ ਨਹੀਂ ਸੀ ਹੋਣਾ। ਕੁਦਰਤ ਦੇ ਹੱਥ ਵੱਸ ਸੀ ਸਾਰਾ ਕੁੱਛ। ਜੇ ਉਹ (ਮੇਰਾ ਬਾਪ) ਧੋਖਾ ਨਾ ਦਿੰਦਾ ਤਾਂ ਕਿਉਂ …?" ਮਾਂ ਦਾ ਗੱਚ ਭਰ ਆਇਆ ਸੀ।
ਇੱਥੇ ਹੀ ਸਾਡੇ ਪਿੰਡ ਦੇ ਲਾਲਾ ਦੌਲਤ ਰਾਮ ਦਾ ਲੜਕਾ ਵੀ ਦਾਖ਼ਲ ਸੀ। ਉਸ ਦੇ ਪਰਿਵਾਰ ਦੇ ਜੀਅ ਵੀ ਸਾਡੇ ਵਾਲ਼ੇ ਕਮਰੇ ਵਿੱਚ ਹੀ ਰਹਿ ਰਹੇ ਸਨ। ਹੁਣ ਇੱਥੇ ਇਨ੍ਹਾਂ ਲੋਕਾਂ ਦੇ ਮਨਾਂ ਵਿੱਚ ਜਾਤ-ਪਾਤ ਵਾਲ਼ਾ ਕੋਈ ਵੀ ਫ਼ਰਕ ਨਜ਼ਰ ਨਹੀਂ ਸੀ ਆਉਂਦਾ। ਇਕੋ ਸਟੋਵ 'ਤੇ ਸਭ ਕੁੱਝ ਬਣਦਾ ਸੀ ਤੇ ਸਾਰੇ ਉਨ੍ਹਾਂ ਹੀ ਭਾਂਡਿਆਂ ਵਿੱਚ ਖਾਂਦੇ ਪੀਂਦੇ ਸਨ। ਸ਼ਾਇਦ ਇਹ ਖ਼ਰਚ ਬਚਾਉਣ ਕਰਕੇ ਸੀ ਜਾਂ ਹੁਣ ਜਾਤ ਪਾਤ ਦਾ ਮਸਲਾ ਤਰਲ ਹੋ ਰਿਹਾ ਸੀ। ਮੇਰੀ ਉਨ੍ਹਾਂ ਦਿਨਾਂ ਵਿੱਚ ਡੇਢ ਕੁ ਸੌ ਰੁਪਏ ਤਨਖ਼ਾਹ ਸੀ। ਸਾਰੀ ਹੀ ਮਾਂ ਦੇ ਇਲਾਜ 'ਤੇ ਲੱਗੀ ਜਾਂਦੀ ਸੀ। ਬਲਕਿ ਮੈਂ ਕਰਜ਼ਾਈ ਵੀ ਹੋ ਰਿਹਾ ਸਾਂ। ਛੋਟਾ ਬਲਵਿੰਦਰ ਜੋ ਫੌਜ ਵਿੱਚ ਸੀ ਇੱਕ ਵੀ ਪੈਸਾ ਨਹੀਂ ਸੀ ਭੇਜਦਾ। ਉਹ ਆਪਣੀ ਘਰ ਵਾਲ਼ੀ ਨੂੰ ਵੀ ਨਾਲ਼ ਲੈ ਗਿਆ ਸੀ ਜੋ ਕਹਿੰਦੀ ਸੀ ਕਿ ਉਸ ਨੂੰ ਮਾਂ ਵਿਚੋਂ ਭੈੜਾ ਮੁਸ਼ਕ ਆਉਂਦਾ ਹੈ। ਕੁੜੀਆਂ ਜਾਂ ਅੰਬੋ ਹੀ ਸਾਂਭ ਸੰਭਾਲ ਕਰਦੀਆਂ ਰਹੀਆਂ ਸਨ। ਭਲੇ ਘਰ ਦੀ ਨਸੀਬ ਕੌਰ ਨੇ ਇੱਕ ਵਾਰ ਵੀ ਸਾਡੀ ਮਾਂ ਨੂੰ ਹੱਥ ਨਾ ਲਾਇਆ। ਤਿੰਨ ਮਹੀਨੇ ਮਾਂ ਨੂੰ ਚੰਡੀਗੜ੍ਹ ਰੱਖਣਾ ਪਿਆ ਪਰ ਉਸਨੂੰ ਕੋਈ ਫ਼ਰਕ ਨਹੀਂ ਸੀ ਪੈ ਰਿਹਾ। ਮੈਂ ਹਰ ਮਹੀਨੇ ਤਨਖ਼ਾਹ ਮਿਲ਼ਦਿਆਂ ਹੀ ਚੰਡੀਗੜ੍ਹ ਪਹੁੰਚ ਜਾਂਦਾ ਤੇ ਸੌ ਸਵਾ ਸੌ ਰੁਪਿਆ ਤਾਏ ਦੇ ਹੱਥਾਂ 'ਤੇ ਧਰ ਦਿੰਦਾ। ਖ਼ਰਚ ਘਟਾਉਣ ਲਈ ਮੈਂ ਸਾਈਕਲ ਚੁੱਕ ਲਿਆ ਤੇ ਰੋਜ਼ ਘਰ ਆਉਣ ਲੱਗ ਪਿਆ ਸਾਂ। ਮਾਂ ਦੇ ਲਗਾਤਾਰ ਮਹਿੰਗੇ ਟੈਸਟ ਹੋਈ ਜਾ ਰਹੇ ਸਨ ਪਰ ਬਿਮਾਰੀ ਦਾ ਕੋਈ ਵੀ ਭੇਤ ਨਹੀਂ ਸੀ ਲੱਗ ਰਿਹਾ। ਤਿੰਨ ਮਹੀਨਿਆਂ ਦੇ ਲਗਾਤਾਰ ਟੈਸਟਾਂ ਨਾਲ਼ ਆਖ਼ਰ ਰੋਗ ਲੱਭ ਗਿਆ। ਮਾਂ ਨੂੰ ਅੰਤੜੀਆਂ ਦੀ ਟੀ. ਬੀ. ਹੋ ਗਈ ਸੀ। ਸਾਨੂੰ ਫ਼ਿਕਰ ਪੈ ਗਿਆ ਕਿ ਇਹ ਰੋਗ ਤਾਂ ਘਰ ਦੇ ਜੀਆਂ ਨੂੰ ਵੀ ਲੱਗ ਸਕਦਾ ਹੈ। ਮੈਂ ਅਦੇਵਜੀਤ ਕੋਲ਼ੋਂ ਪਤਾ ਕੀਤਾ ਤਾਂ ਡਾਕਟਰਾਂ ਨੇ ਸ਼ੰਕਾ ਦੂਰ ਕਰ ਦਿੱਤਾ ਕਿ ਇਸ ਬਿਮਾਰੀ ਦੀ ਦੂਜਿਆਂ ਨੂੰ ਲਾਗ ਨਹੀਂ ਲਗਦੀ ਹੁੰਦੀ। ਲਾਗ ਵਾਲ਼ੀ ਤਪਦਿਕ ਫਿਫੜਿਆਂ ਦੀ ਬਿਮਾਰੀ ਹੁੰਦੀ ਹੈ। ਇਸ ਨਾਲ਼ ਅਸੀਂ ਬੇਫ਼ਿਕਰ ਹੋਏ ਜ਼ਰੂਰ ਪਰ ਮਾਂ ਦੇ ਇਸ ਮਹਿੰਗੇ ਇਲਾਜ ਦੀ ਚਿੰਤਾ ਵੀ ਜਾਨ ਦਾ ਖੌ ਬਣ ਗਈ।
ਮੈਂ ਰੁਪਾਲਹੇੜੀ ਵੇਲ਼ੇ ਦੇ ਮਿੱਤਰ ਮਾਸਟਰ ਹਰਬੰਸ ਸਿੰਘ ਨੂੰ ਲੱਭ ਲਿਆ ਜੋ ਹੁਣ ਲਹਿਲ ਕਲੋਨੀ ਵਿੱਚ ਪਟਿਆਲ਼ੇ ਰਹਿ ਰਿਹਾ ਸੀ। ਬਹੁਤ ਪਿਆਰ ਕਰਦੇ ਸਨ ਦੋਵੇਂ ਪਤੀ ਪਤਨੀ, ਜਿਵੇਂ ਮੈਂ ਉਨ੍ਹਾਂ ਲਈ ਇੱਕ ਪਰਕਾਰ ਦਾ ਤੁਹਫ਼ਾ ਹੋਵਾਂ। ਲੰਮੇ ਸਮੇਂ ਬਾਅਦ ਜਦ ਮੈਂ ਘਰ ਗਿਆ ਤਾਂ ਭਰਜਾਈ ਹਰਬੰਸ ਕੌਰ ਵੇਲ ਦੀ ਤਰ੍ਹਾਂ ਸਾਰੀ ਦੀ ਸਾਰੀ ਮੇਰੇ ਦੁਆਲ਼ੇ ਲਿਪਟ ਗਈ। ਇਹ ਬਹੁਤ ਹੀ ਸੁਖਦਾਈ ਅਹਿਸਾਸ ਦੀ ਘੜੀ ਸੀ ਜੁ ਸ਼ਾਇਦ ਮੇਰੀ ਤਰਸੇਵਿਆਂ ਦੀ ਮਾਰੀ ਰੂਹ ਉਪਰ ਸੌਣ ਮਹੀਨੇ ਦਾ ਛਰਾਟਾ ਸੀ। ਰੁਪਾਲਹੇੜੀ ਤਾਂ ਇਨ੍ਹਾਂ ਦਾ ਇੱਕ ਬੱਚਾ ਬੱਬੂ ਹੀ ਸੀ ਜੋ ਮੇਰੇ ਕੋਲ਼ ਹੀ ਖੇਡਦਾ ਰਹਿੰਦਾ ਸੀ। ਹੁਣ ਉਨ੍ਹਾਂ ਦੇ ਦੋ ਬੱਚੇ ਹੋਰ ਸਨ, ਇੱਕ ਮੁੰਡਾ ਤੇ ਇੱਕ ਕੁੜੀ।
"ਭਾਅ ਜੀ ਕਿੱਥੇ ਗੁਆਚ ਗਏ ਸੀ ਤੁਸੀਂ?" ਹਰਬੰਸ ਭਰਜਾਈ ਦਾ ਮੇਰੇ ਮਨ ਵਿੱਚ ਬੇਹੱਦ ਸਤਿਕਾਰ ਰਿਹਾ ਹੈ ਮਾਂ ਤੋਂ ਵੀ ਵੱਧ। ਕਰਨਾਲ ਓ. ਟੀ. ਵੇਲ਼ੇ ਅਵਤਾਰ ਨਾਂ ਦੀ ਕੁੜੀ ਨੇ ਵੀ ਮੇਰੀ ਰੂਹ ਨੂੰ ਇਵੇਂ ਹੀ ਸਰਸਬਜ਼ ਕੀਤਾ ਸੀ। ਸ਼ਾਇਦ ਇਹ ਮਨੁੱਖੀ ਮਨ ਦੀ ਕਮਜ਼ੋਰੀ ਹੈ ਜਾਂ ਕਿਸੇ ਗੁਲਾਬ ਦੇ ਫੁੱਲ ਦੀਆਂ ਕੋਮਲ ਪੱਤੀਆਂ ਵਰਗੇ ਕਿਸੇ ਰਿਸ਼ਤੇ ਦੀ ਕਾਮਨਾ ਤੇ ਸ਼ਾਇਦ ਇਹ ਬੰਜਰ ਰੂਹ ਦੀ ਹੂਕ ਹੀ ਹੋਵੇ, ਇਸ ਰਿਸ਼ਤੇ ਲਈ ਮੇਰੇ ਕੋਲ਼ ਕੋਈ ਪਰਿਭਾਸ਼ਾ ਨਹੀ ਹੈ। ਬੱਸ ਇਹ ਕਹਿ ਸਕਦਾ ਹਾਂ ਕਿ ਹਰਬੰਸ ਭਰਜਾਈ ਦੀ ਗਲਵੱਕੜੀ ਦਾ ਇਹ ਨਿੱਘਾ ਸੁਖਦ ਤੇ ਅਰਾਮਦਾਇਕ ਅਹਿਸਾਸ ਹੀ ਸੀ ਜੁ ਮੈਂ ਆਪਣੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਵਿੱਚ ਮਾਣ ਸਕਿਆ ਸਾਂ। ਰੁਪਾਲਹੇੜੀ ਵਾਂਗ ਉਹ ਇਥੇ ਵੀ ਮੈਨੂੰ ਰਸੋਈ ਵਿੱਚ ਬਿਠਾ ਕੇ ਰੋਟੀ ਖਵਾਉਂਦੀ। ਬੱਚੇ ਅਤੇ ਹਰਬੰਸ ਸਿੰਘ ਆਪ ਸਕੂਲ ਚਲੇ ਜਾਂਦੇ, ਪਿੱਛੇ ਅਸੀਂ ਦੋਵੇਂ ਇਕੱਲੇ ਹੀ ਹੁੰਦੇ। ਸੱਚ ਆਖਦਾ ਹਾਂ ਕਿ ਹਰਬੰਸ ਭਰਜਾਈ ਦਾ ਸਪਰਸ਼ ਮਾਂ ਦੇ ਸਪਰਸ਼ ਨਾਲ਼ੋ ਵੀ ਪਵਿੱਤਰ ਜਾਪਦਾ।
ਮਾਂ ਦੇ ਬਿਮਾਰ ਹੋਣ ਦੀ ਖ਼ਬਰ ਉਨ੍ਹਾਂ ਨੂੰ ਵੀ ਤੜਫਾਉਂਦੀ ਸੀ ਕਿਉਂਕਿ ਮੈਂ ਉਨ੍ਹਾਂ ਕੋਲ਼ੋਂ ਇਹ ਭੇਤ ਛੁਪਾ ਕੇ ਰੱਖਿਆ ਹੋਇਆ ਸੀ ਕਿ ਮੇਰੇ ਚਾਰ ਭੈਣ ਭਰਾ (ਮੇਰੇ ਤਾਏ ਤੋਂ) ਹੋਰ ਵੀ ਹਨ। ਮੈਨੂੰ ਤਾਂ ਇਹ ਸਭ ਕੁੱਝ ਆਪਣੀ ਹੇਠੀ ਹੀ ਜਾਪਦਾ ਰਿਹਾ ਸੀ। ਉਹ ਆਤਮਿਕ ਤੌਰ 'ਤੇ ਮਾਂ ਨਾਲ਼ ਭਾਵਨਾਤਮਿਕ ਤੌਰ 'ਤੇ ਰੁਪਾਲਹੇੜੀ ਵੇਲ਼ੇ ਤੋਂ ਹੀ ਜੁੜੇ ਹੋਏ ਸਨ, ਕਿਉਂਕਿ ਉਨ੍ਹਾਂ ਲਈ ਮੈਂ ਇੱਕ ਵਿਧਵਾ ਮਾਂ ਦਾ ਪੁੱਤਰ ਹੀ ਸਾਂ, ਜਿਸ ਦੇ ਪਤੀ ਨੂੰ ਪਿੰਡ ਦੇ ਗੁੰਡਿਆਂ ਨੇ ਅੱਜ ਤੋਂ ਕੋਈ ਪੱਚੀ ਵਰ੍ਹੇ ਪਹਿਲਾਂ ਕਤਲ ਕਰ ਦਿੱਤਾ ਸੀ। … ਤੇ ਸ਼ਾਇਦ ਹਰਬੰਸ ਭਰਜਾਈ ਦੇ ਇਸ ਪਿਆਰ 'ਚੋਂ ਇਸ ਖਾਲੀਪਣ ਦੀ ਭਰਪਾਈ ਹੀ ਹੋ ਰਹੀ ਸੀ। ਮੈਂ ਅਜੇ ਜਾਗਿਆ ਵੀ ਨਹੀਂ ਸੀ ਹੁੰਦਾ ਕਿ ਭਰਜਾਈ ਜੀ ਦੇ ਬੋਲ ਸੁਣਦੇ- "ਭਾਅ ਜੀ ਜਾਗਣਾ ਨ੍ਹੀ ਅਜੇ?" ਤੇ ਜਿਉਂ ਹੀ ਮੈਂ ਅੱਖਾਂ ਖੋਲ੍ਹਣੀਆਂ, ਭਰਜਾਈ ਜੀ ਨੇ ਮੇਰੇ ਮੰਜੇ ਦੀ ਬਾਹੀ 'ਤੇ ਬੈਠ ਕੇ ਪਏ ਨੂੰ ਹੀ ਬਾਂਹਾਂ ਵਿੱਚ ਲੈ ਲੈਣਾ। ਮੇਰੀ ਬੰਜਰ ਰੂਹ ਉਪਰ ਕਈ ਸਾਲਾਂ ਤੋਂ ਇਹ ਅੰਮ੍ਰਿਤ ਵਰਸਦਾ ਆ ਰਿਹਾ ਸੀ। ਇੰਨੇ ਸੁਹਣੇ ਰਿਸ਼ਤੇ ਕਿਸੇ ਆਦਰਸ਼ ਸਮਾਜ ਵਿੱਚ ਹੀ ਸੰਭਵ ਹੋ ਸਕਦੇ ਸਨ ਪਰ ਇਹ ਤਾਂ ਇਉਂ ਜਾਪਦਾ ਸੀ ਜਿਵੇਂ ਚਿੱਕੜ ਵਿੱਚ ਕੋਈ ਕਮਲ ਦਾ ਫੁੱਲ ਖਿੜਿਆ ਹੋਵੇ।
ਚੰੜੀਗੜੋਂ ਖ਼ਬਰ ਆਈ ਕਿ ਬੇਬੇ ਨੂੰ ਬਹੁਤ ਫ਼ਰਕ ਪੈ ਗਿਆ ਹੈ ਤੇ ਮੈਨੂੰ ਤਾਕੀਦ ਕੀਤੀ ਗਈ ਸੀ ਕਿ ਮੈਂ ਜਲਦੀ ਚੰਡੀਗੜ੍ਹ ਪਹੁੰਚਾਂ ਤਾਂ ਜੁ ਉਸਨੂੰ ਪਿੰਡ ਲਿਆਂਦਾ ਜਾ ਸਕੇ। ਇਹ ਕਿਵੇਂ ਹੋ ਸਕਦਾ ਸੀ ਕਿ ਮੈਂ ਪਟਿਆਲ਼ੇ ਭਰਾ ਭਰਜਾਈ ਕੋਲ਼ ਨਾ ਰੁਕਦਾ। ਰਾਤ ਰਹਿ ਕੇ ਜਦੋਂ ਮੈਂ ਰਵਾਨਾ ਹੋਣ ਲੱਗਿਆ ਤਾਂ ਉਨ੍ਹਾਂ ਨੇ ਤਾਕੀਦ ਕੀਤੀ ਕਿ ਵਾਪਸੀ ਮੌਕੇ ਮੈਂ ਮਾਂ ਜੀ ਨੂੰ ਮਿਲ਼ਾ ਕੇ ਲਿਜਾਵਾਂ। ਵਾਪਸੀ 'ਤੇ ਮੈਂ ਮਾ ਨੂੰ ਪਟਿਆਲ਼ੇ ਉਤਾਰ ਲਿਆ। ਦੁਹਾਂ ਜੀਆਂ ਨੇ ਮਾਂ ਨੂੰ ਅੱਖਾਂ 'ਤੇ ਬਿਠਾ ਲਿਆ। ਬੜੀ ਖਾਤਰ ਕੀਤੀ ਉਨ੍ਹਾਂ ਨੇ ਮਾਂ ਦੀ। ਬੱਚੇ ਵੀ ਜਿਵੇਂ ਕਿਸੇ ਬਜ਼ੁਰਗ ਔਰਤ ਦੀ ਛੁਹ ਨੂੰ ਤਰਸੇ ਪਏ ਸਨ, ਤਿੰਨੋ ਹੀ ਬੇਬੇ ਦੇ ਨਾਲ਼ ਆ ਪਏ ਜਿਵੇਂ ਉਹ ਉਨ੍ਹਾਂ ਦੀ ਸਕੀ ਦਾਦੀ ਹੋਵੇ।
ਰੋਟੀ ਟੁੱਕ ਖਾਂਦਿਆਂ ਸਹਿਵਨ ਹੀ ਭਰਜਾਈ ਨੇ ਮਾਂ ਦੀ ਬਿਮਾਰੀ ਬਾਰੇ ਪੁੱਛ ਲਿਆ ਤੇ ਮੈਂ ਭੋਲ਼ੇ ਭਾਅ ਹੀ ਆਖ ਦਿੱਤਾ ਕਿ ਮਾਂ ਨੂੰ ਅੰਤੜੀਆਂ ਦੀ ਟੀ ਬੀ. ਹੈ। ਮੈਂ ਤਾਂ ਇਹ ਕਲਪਣਾ ਵੀ ਨਹੀਂ ਸੀ ਕਰ ਸਕਿਆ ਕਿ ਤਪਦਿਕ ਸ਼ਬਦ ਬੰਬ ਦੀ ਤਰ੍ਹਾਂ ਫਟੇਗਾ ਤੇ ਇੱਕ ਸ਼ਹਿਦ ਵਰਗੇ ਰਿਸ਼ਤੇ ਦੇ ਚੀਥੜੇ ਉਡਾ ਕੇ ਇੰਨਾ ਬਖੇੜਾ ਖੜ੍ਹਾ ਕਰ ਦੇਵੇਗਾ। ਸੁਣਦੇ ਸਾਰ ਦੁਹਾਂ ਜੀਆਂ ਨੇ ਫਟਾ ਫਟ ਬੱਚਿਆਂ ਨੂੰ ਮਾਂ ਤੋਂ ਲਾਂਭੇ ਕਰ ਲਿਆ ਤੇ ਮੈਨੂੰ ਬੁਰਾ ਭਲਾ ਕਹਿਣ ਲੱਗ ਪਏ। ਮੈਂ ਸਭ ਕਾਸੇ ਦੀ ਮਾਂ ਨੂੰ ਭਿਣਕ ਨਹੀਂ ਸਾਂ ਪੈਣ ਦੇਣੀ ਚਾਹੁੰਦਾ। ਵੇਖਦਿਆਂ ਵੇਖਦਿਆਂ ਮਾਹੌਲ ਤਣਾ ਭਰਿਆ ਹੋ ਗਿਆ।
"ਦੇਖੋ ਭਾਅ ਜੀ ਜੇ ਮਾਂ ਜੀ ਨੂੰ ਇੰਨੀ ਭਿਆਨਕ ਬਿਮਾਰੀ ਸੀ ਤਾਂ ਤੁਸੀਂ ਇਨ੍ਹਾਂ ਨੂੰ ਇੱਥੇ ਨਹੀਂ ਸੀ ਲੈ ਕੇ ਆਉਣਾ। ਆਖ਼ਰ ਅਸੀਂ ਵੀ ਤਾਂ ਬਾਲ ਬੱਚਦਾਰ ਹਾਂ।" ਦੂਜੇ ਕਮਰੇ ਵਿੱਚ ਲਿਜਾ ਕੇ ਇਹ ਇਤਰਾਜ਼ ਉਨ੍ਹਾਂ ਨੇ ਮੇਰੀ ਹਥੇਲ੍ਹੀ 'ਤੇ ਰੱਖ ਦਿੱਤਾ ਜੋ ਦਗਦੇ ਕੋਇਲੇ ਵਾਂਗ ਮੇਰੀ ਰੂਹ ਨੂੰ ਧੁਰ ਅੰਦਰ ਤੱਕ ਝੁਲਸਣ ਲੱਗਿਆ। ਮੈਂ ਡਾਕਟਰਾਂ ਦੀ ਰਾਇ ਅਨੁਸਾਰ ਬਹੁਤ ਸਫ਼ਾਈ ਦਿੱਤੀ ਪਰ ਹੁਣ ਇਸ ਕੋਈ ਅਸਰ ਨਹੀਂ ਸੀ ਹੋਣਾ ਕਿਉਂਕਿ ਤਪਦਿਕ ਸ਼ਬਦ ਹੀ ਆਪਣੇ ਆਪ ਵਿੱਚ ਬਹੁਤ ਖ਼ਤਰਨਾਕ ਸੀ-ਅਛੂਤ ਜਿਸ ਨੂੰ ਛੁਹਿਆ ਨਹੀਂ ਸੀ ਜਾ ਸਕਦਾ। ਅੱਜ ਸੋਚਦਾ ਹਾਂ ਕਿ ਕੀ ਉਹ ਇੱਕ ਪਾਸੜ ਰਿਸ਼ਤਾ ਹੀ ਸੀ? ਸ਼ਾਇਦ ਮੈਂ ਹੀ ਉਨ੍ਹਾਂ ਨੂੰ ਮਿਲਣ ਇੱਕ ਵਾਰ ਭਿਉਰੇ ਵੀ ਗਿਆ ਸਾਂ ਤੇ ਫਿਰ ਇੱਕ ਵਾਰ ਅਣਵੰਡੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਦੇ ਇੱਕ ਸਕੂਲ ਵਿੱਚ ਵੀ ਮਿਲ਼ਣ ਗਿਆ ਸਾਂ ਤੇ ਫਿਰ ਹੁਣ ਪਟਿਆਲ਼ੇ ਮੈਂ ਹੀ ਇਨ੍ਹਾਂ ਨੂੰ ਲੱਭਿਆ ਸੀ। … ਤੇ ਸ਼ਾਇਦ ਮੈਂ ਹੀ ਇਸ ਭਾਵਕ ਰਿਸ਼ਤੇ ਨੂੰ ਸਾਂਭਿਆ ਹੋਇਆ ਸੀ। ਤੇ ਬੱਸ ਇਸ ਰਿਸ਼ਤੇ ਦੀ ਜਿਵੇਂ ਮੌਤ ਹੋ ਗਈ।
ਮਾਂ ਦੇ ਨੱਵੇ ਪੈਨਿਸਲੀਨ ਦੇ ਟੀਕੇ ਲੱਗਣੇ ਸਨ ਜੋ ਲਵਾ ਲਏ ਗਏ। ਹਰ ਰੋਜ਼ ਇੱਕ ਗੋਲ਼ੀ ਐੋਸੋਨੈਕਸ, ਦੋ ਚਮਚ ਪਾਸ ਅਤੇ ਵਿਟੇਮਿਨ ਬੀ ਕੰਪਲੈਕਸ ਦੀਆਂ ਗੋਲ਼ੀਆਂ ਦੀ ਬੱਝਵੀਂ ਖੁਰਾਕ ਦੇਣ ਨਾਲ਼ ਲਗਾਤਾਰ ਤਿੰਨ ਸਾਲਾਂ ਵਿੱਚ ਮਾਂ ਨੇ ਨੌ-ਵਰਨੌ ਹੋ ਜਾਣਾ ਸੀ। ਮੈਂ ਹਰ ਮਹੀਨੇ ਪੂਰੇ ਮਹੀਨੇ ਦੀ ਦੁਆਈ ਪਹਿਲਾਂ ਹੀ ਲਿਆ ਕੇ ਰੱਖ ਦਿੰਦਾ ਸਾਂ। ਮੇਰਾ ਜਥੇਬੰਦੀਆਂ ਅਤੇ ਸਾਹਿਤਿਕ ਸਮਾਗਮਾਂ ਵਿੱਚ ਨਾਂ ਥਾਂ ਬਣ ਗਿਆ ਸੀ ਤੇ ਮੇਰਾ ਤੋਰਾ ਫੇਰਾ ਬਹੁਤ ਵਧ ਗਿਆ ਸੀ। ਮੈਂ ਘਰ ਵਿੱਚ ਖੁੱਡਾ ਬਣਾ ਕੇ ਕਈ ਦੇਸੀ ਮੁਰਗੀਆਂ ਪਾਲ਼ ਲਈਆਂ ਤਾਂ ਜੋ ਬੇਬੇ ਨੂੰ ਆਂਡਿਆਂ ਦੀ ਘਾਟ ਨਾ ਰਹੇ। ਫਿਰ ਮਸ਼ੀਨਾਂ ਨਾਲ਼ ਕੱਢੇ ਬੱਚੇ ਵੀ ਘਰ ਦੀਆਂ ਮੁਰਗੀਆਂ ਦੇ ਕੱਢੇ ਚੂਚਿਆਂ ਵਿਚ, ਰਾਤ ਦੇ ਹਨੇਰੇ ਵਿੱਚ ਧੋਖੇ ਨਾਲ਼ ਖੰਭਾਂ ਹੇਠ ਦੇ ਕੇ ਨਵਾਂ ਤਜਰਬਾ ਵੀ ਕਰ ਲਿਆ ਜੋ ਸਫ਼ਲ ਰਿਹਾ। ਬੇਬੇ ਵਾਸਤੇ ਹੀ ਨਹੀਂ ਹੁਣ ਵੇਚਣ ਵਾਸਤੇ ਵੀ ਆਂਡੇ ਵਾਧੂ ਹੋ ਜਾਂਦੇ। ਦੁੱਧ ਵੀ ਮੁੱਲ ਦਾ ਆਉਣ ਲੱਗ ਪਿਆ ਤੇ ਦਿਨਾਂ ਵਿੱਚ ਮਾਂ ਤੰਦਰੁਸਤ ਹੋ ਗਈ। ਇਕ ਸਾਲ ਦੇ ਅੰਦਰ ਤਾਂ ਮਾਂ ਵਿੱਚ ਜਿਵੇਂ ਕੋਈ ਨਵੀਂ ਰੂਹ ਆ ਉਤਰੀ ਸੀ। ਹਰ ਪਾਸਿਉਂ ਮਾਂ ਨੂੰ ਤੇ ਮੈਨੂੰ ਵਧਾਈਆਂ ਮਿਲ਼ਣ ਲੱਗੀਆਂ ਸਨ।
"ਮੇਰਾ ਪੁੱਤ ਅਤਰ ਸਿਉਂ ਬਥੇਰਾ ਸਲੱਗ ਐ ਭੈਣੇ। ਬੁੱਕਾਂ ਦੇ ਬੁੱਕ ਪੈਸੇ ਰੋੜ੍ਹੀ ਜਾਂਦੈ ਮੇਰੇ 'ਤੇ।" ਮਾਂ ਪਤਾ ਲੈਣ ਆਈਆਂ ਔਰਤਾਂ ਕੋਲ਼ ਮੇਰੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਦੀ। ਮੈਂ ਹੁੱਬ ਜਾਂਦਾ- "ਜੇ ਮੇਰੀ ਇੱਕ ਗੱਲ ਮੰਨ ਲੇ ਨਾ ਹੁਣ … ਬੱਸ ਨੂੰਹ ਲਿਆ ਦੇਵੇ ਮੇਰੇ ਬੈਠੀ ਬੈਠੀ।" ਇਹ ਸ਼ਿਕਵਾ ਮਾਂ ਦੇ ਮੂੰਹੋਂ ਮੈਂ ਅਨੇਕ ਵਾਰ ਸੁਣ ਚੁਕਿਆ ਸਾਂ।
ਇਕ ਵਾਰ ਤਨਖ਼ਾਹ ਮਿਲਣ 'ਤੇ ਜਦ ਮੈਂ ਮਹੀਨੇ ਦੀ ਦੁਆਈ ਦੇਣ ਆਇਆ ਤਾਂ ਵੇਖਿਆ ਕਿ ਪਾਸ ਦੋ ਡੱਬੀਆਂ ਤੇ ਹੋਰ ਦੁਆਈ ਅਜੇ ਬਚੀਆਂ ਪਈਆਂ ਸਨ।"ਬੇਬੇ ਆਹ ਦੋ ਡੱਬੀਆਂ ਹੋਰ ਕਾਹਨੂੰ ਮੰਗਾਉਣੀਆਂ ਸੀ, ਮੈਂ ਲੈ ਤਾਂ ਆਇਆਂ?" ਮੈਂ ਸਹਿਜ ਭਾਅ ਹੀ ਮਾਂ ਨੂੰ ਪੁੱਛਿਆ ਸੀ।
"ਮੰਗਾਈਆਂ ਕਾਹਨੂੰ ਐਂ ਪੁੱਤ, ਮੈਂ ਦੁਆਈ ਅੱਧੀ ਕਰ ਦਿੱਤੀ। ਮੇਰਾ ਸ਼ੇਰ ਕਿਵੇਂ ਸਾਰੀ ਤਨਖ਼ਾਹ ਲਾਈ ਜਾਂਦੈ। ਹੁਣ ਮੈਂ ਰਾਜ਼ੀ ਆਂ ਸੁੱਖ ਨਾਲ਼।" ਬੇਬੇ ਦਾ ਜਵਾਬ ਸੁਣ ਕੇ ਮੈਂ ਪੱਤ ਵਾਂਗ ਡੋਲ ਗਿਆ। ਡਾਕਟਰਾਂ ਨੇ ਤਾਂ ਆਹਗਾ ਕੀਤਾ ਸੀ ਕਿ ਪੂਰੇ ਤਿੰਨ ਸਾਲ ਇਸ ਦੁਆਈ ਦੀ ਇਹੋ ਮਿਕਦਾਰ ਰੱਖਣੀ ਹੈ। ਨਹੀਂ ਤਾਂ ਬਿਮਾਰੀ ਫਿਰ ਜਾਗ ਸਕਦੀ ਹੈ।
"ਬੇਬੇ ਤੂੰ ਚੰਗਾ ਨ੍ਹੀ ਕੀਤਾ। ਇਹ ਤਾਂ ਬਹੁਤ ਮਾੜਾ ਕੀਤਾ ਮਾਂ ਤੈਂ। ਕਰੀ ਕੱਤਰੀ ਖੇਹ ਕਰਤੀ ਬੇਬੇ ਮੇਰੀਏ।" ਮੇਰੇ ਕੋਲ਼ੋਂ ਔਖ ਛੁਪਾਈ ਨਾ ਜਾ ਸਕੀ।
"ਬਚੜਿਆ! ਤੂੰ ਤਾਂ ਬੁੱਕਾਂ ਦੇ ਬੁੱਕ ਪੈਸੇ ਰੋੜ੍ਹੀ ਜਾਨੈ। ਉਹ ਟੁੱਟੜਾ ਫੌਜੀ ਰੰਨ ਨੂੰ ਤਾਂ ਪੈਸੇ ਭੇਜੀ ਜਾਂਦੈ। ਮੇਰੇ ਕੰਨੀ ਬੱਟੀ ਨ੍ਹੀ ਵਗਾਹੀ। ਚੰਦਰੇ ਨੇ ਕਦੇ ਖੋਟਾ ਸਿੱਕਾ ਈ ਘੱਲਿਆ ਹੋਵੇ। ਇਹ ਰੰਨ ਘੋੜਿਆਂ ਦੀ ਕਹਿੰਦੀ ਐ ਮੇਰੇ 'ਚੋਂ ਮੁਸ਼ਕ ਆਉਂਦੈ।" ਬੇਬੇ ਆਪਣੀ ਗੋਰੀ ਚਿੱਟੀ ਨੂੰਹ ਵੱਲ ਇਸ਼ਾਰਾ ਕਰ ਕੇ ਦੁਆਈ ਘੱਟ ਕਰਨ ਦੀਆਂ ਆਪ ਘੜੀਆਂ ਦਲੀਲਾਂ ਸੁਣਾ ਰਹੀ ਸੀ।
ਚੰਡੀਗੜ੍ਹੋਂ ਚੈਕਿੰਗ ਕਰਵਾ ਕੇ ਆਉਂਦਿਆਂ ਜਦੋਂ ਅਸੀਂ ਸੰਗਰੂਰ ਆਏ ਤਾਂ ਬੇਬੇ ਕਹਿਣ ਲੱਗੀ-
"ਪੁੱਤ ਆਪਾਂ ਬਲਵੰਤ ਨੂੰ ਈ ਮਿਲ਼ ਚੱਲੀਏ।" ਬਲਵੰਤ ਬਾਈ ਨਛੱਤਰ ਦੀ ਮਾਸੀ ਦੀ ਧੀ ਸੀ ਜੋ ਸਮਾਣੇ ਪ੍ਰੀਤਮ ਸਿੰਘ ਨੂੰ ਵਿਆਹੀ ਹੋਈ ਸੀ ਤੇ ਪ੍ਰੀਤਮ ਸਿੰਘ ਪੈਪਸੂ ਵੇਲ਼ੇ ਗਿਆਨ ਸਿੰਘ ਰਾੜੇਵਾਲ਼ਾ ਦੀ ਸਰਕਾਰ ਵਿੱਚ ਡਿਪਟੀ ਸਪੀਕਰ ਰਹਿ ਚੁੱਕਿਆ ਸੀ। ਦੁਹਾਂ ਪਤੀ ਪਤਨੀ 'ਤੇ ਹੀ ਰੂਪ ਡੁੱਲ੍ਹ ਡੁੱਲ੍ਹ ਪੈਂਦਾ ਸੀ। ਲਗਦਾ ਹੀ ਨਹੀਂ ਸੀ ਕਿ ਉਹ ਸਾਡੇ ਹੀ ਰਿਸ਼ਤੇਦਾਰ ਰਾਮਦਾਸੀਆ ਬਰਾਦਰੀ 'ਚੋਂ ਹੋਣਗੇ। ਰਾਜਕੁਮਾਰ ਤੇ ਰਾਜਕੁਮਾਰ ਹੀ ਤਾਂ ਜਾਪਦੇ ਸਨ। ਬਾਈ ਨਛੱਤਰ ਦੇ ਮੁੰਡਿਆਂ ਦੇ ਵਿਆਹ ਆਏ ਸਨ ਇਹ ਦੋਵੇਂ ਜਦ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਵੇਖਿਆ ਸੀ ਤੇ ਮੈਂ ਵੀ ਜਿਵੇਂ ਫ਼ਖ਼ਰ ਦੇ ਸਾਗਰ ਵਿੱਚ ਤਾਰੀਆਂ ਲਾਉਣ ਲੱਗਿਆ ਸਾਂ। ਇਹ ਸਭ ਕੁੱਝ ਪਲਾਂ ਦਾ ਹੀ ਸੀ ਕਿਉਂਕਿ ਮੈਨੂੰ ਉਨ੍ਹਾਂ ਨਾਲ਼ ਉਦੋਂ ਹੀ ਨਫ਼ਰਤ ਹੋ ਗਈ ਸੀ ਜਦੋਂ ਪ੍ਰੀਤਮ ਸਿੰਘ ਮੇਰੀ ਭਰਜਾਈ ਵੱਲੋਂ ਪੇਟੀ 'ਚੋਂ ਕੱਢ ਕੇ ਵਿਛਾਏ ਨਵੇਂ ਨਕੋਰ ਬਿਸਤਰੇ 'ਤੇ ਨਹੀਂ ਸੀ ਬੈਠਿਆ। ਉਸਨੇ ਤਾਂ ਮੇਰੇ ਨਾਲ਼ ਅਪਣੱਤ ਵਿਖਾਉਂਦਿਆਂ ਕਿਹਾ ਸੀ-
"ਚਲੋ ਮਾਸਟਰ ਜੀ ਉਧਰ ਚੱਲਦੇ ਆਂ।" ਉਹ ਮੇਰੇ ਨਾਲ਼ ਸਾਡੇ ਘਰ ਆ ਗਿਆ ਸੀ ਜਿੱਥੇ ਮੈਂ ਉਨ੍ਹੀ ਦਿਨੀ ਪੰਦਰਾਂ ਸੋਲਾਂ ਕੁ ਸੌ ਰੁਪਿਆ ਖ਼ਰਚ ਕੇ ਸੁਹਣੀ ਬੈਠਕ ਪਾਈ ਹੋਈ ਸੀ। ਬੈਠਕ ਵਿੱਚ ਤਖ਼ਤਪੋਸ਼ ਉਪਰ ਹਰ ਵੇਲ਼ੇ ਨਵਾਂ ਬਿਸਤਰਾ ਵਿਛਿਆ ਰਹਿੰਦਾ ਸੀ। ਪ੍ਰੀਤਮ ਸਿੰਘ ਸਾਡੀ ਬੈਠਕ ਵਿੱਚ ਇਸ ਬਿਸਤਰੇ 'ਤੇ ਆ ਕੇ ਬੈਠਿਆ ਸੀ। ਮੈਂ ਉਸਦੀ ਖ਼ਾਤਰਦਾਰੀ ਤਾਂ ਕਰਦਾ ਰਿਹਾ ਪਰ ਅੰਦਰੋਂ ਅਣਭਿੱਜਿਆ ਹੀ ਰਿਹਾ ਸਾਂ। ਦੁਪਹਿਰ ਤੋਂ ਬਾਅਦ ਉਹ ਸ਼ਗਨ ਦੇ ਕੇ ਚਲੇ ਗਏ ਸਨ। ਚਾਹ ਵੀ ਉਨ੍ਹਾਂ ਨੇ ਮੇਰੇ ਕੋਲ਼ ਹੀ ਪੀਤੀ, ਨਛੱਤਰ ਬਾਈ ਦੇ ਘਰ ਨਹੀਂ।
ਬਾਈ ਨਛੱਤਰ ਨੂੰ ਇਸ ਵਰਤਾਰੇ ਦੇ ਬਾਵਜੂਦ ਉਨ੍ਹਾਂ ਉਪਰ ਬਹੁਤ ਮਾਣ ਸੀ ਕਿ ਉਸ ਦੇ ਭੈਣ ਭਣੋਈਆ ਇੰਨੇ ਵੱਡੇ ਜਗੀਰਦਾਰ ਹਨ। ਦਲਿਤ ਚਿੰਤਨ ਨਾਂ ਦੀ ਕਿਸੇ ਧਾਰਾ ਨੇ ਅਜੇ ਜਨਮ ਨਹੀਂ ਸੀ ਲਿਆ ਪਰ ਮੇਰਾ ਸਾਰਾ ਚਾਅ ਅਤੇ ਫ਼ਖ਼ਰ ਸਭ ਕਾਫ਼ੂਰ ਹੋ ਗਿਆ ਸੀ। ਤਾਂ ਵੀ ਮੇਰੇ ਅਵਚੇਤਨ ਵਿੱਚ ਹੀ ਇਹ ਭਾਵਨਾ ਵਿਕਸਤ ਹੋ ਚੁੱਕੀ ਸੀ ਕਿ ਜਾਤ ਪਾਤ ਦਾ ਇਹ ਵਰਤਾਰਾ ਬ੍ਰਹਿਮਣੀ ਸਮਾਜ ਦੀ ਦੇਣ ਹੈ। ਲੁੱਟ ਚੋਂਘ ਦੇ ਬਲ ਪ੍ਰੀਤਮ ਸਿੰਘ ਉਪਰਲੇ ਜੋੜਾਂ ਵਿੱਚ ਅੱਪੜ ਗਿਆ ਸੀ ਤੇ ਹੇਠਾਂ ਰਹਿ ਗਏ ਜੀਵ ਉਨ੍ਹਾਂ ਲਈ ਕੋਈ ਅਹਿਮੀਅਤ ਨਹੀਂ ਸੀ ਰਖਦੇ।
ਬਲਵੰਤ ਨੂੰ ਮਿਲ਼ਣ ਦੀ ਮੇਰੀ ਕੋਈ ਇੱਛਾ ਨਹੀਂ ਸੀ ਪਰ ਮੈਂ ਮਾਂ ਦੀ ਭਾਵਨਾ ਨੂੰ ਵੀ ਠੇਸ ਨਹੀਂ ਸੀ ਪਹੁੰਚਾਉਣੀ ਚਾਹੁੰਦਾ। ਅਸੀਂ ਸਮਾਣੇ ਭੈਣ ਬਲਵੰਤ ਦੀ ਕੋਠੀ ਜਾ ਉਤਰੇ। ਇਸ ਪਰਿਵਾਰ ਦੇ ਰਹਿਣ ਸਹਿਣ ਨੂੰ ਵੇਖਕੇ ਲਗਦਾ ਹੀ ਨਹੀਂ ਸੀ ਕਿ ਉਹ ਸਾਡੇ ਨਾਲ਼ ਕੋਈ ਸੰਬੰਧ ਰਖਦੇ ਹਨ। ਇਹੋ ਜਿਹੇ ਲੋਕ ਸਾਡੇ ਰਿਸ਼ਤੇਦਾਰ ਕਿਵੇਂ ਹੋਏ? ਮੈਂ ਚਿੱਤ ਹੀ ਚਿੱਤ ਵਿੱਚ ਸੋਚ ਕੇ ਰਹਿ ਗਿਆ। ਬਾਈ ਨਛੱਤਰ ਨੇ ਆਪਣਾ ਲੜਕਾ ਨਿਰਭੈ ਇੱਥੇ ਕੰਮ ਕਾਰ ਲਈ ਛੱਡਿਆ ਹੋਇਆ ਸੀ-ਭੈਣ ਬਲਵੰਤ ਕੌਰ ਦਾ ਲਾਡਲਾ ਭਤੀਜਾ। ਸਾਨੂੰ ਸਲੀਕੇ ਨਾਲ਼ ਚਾਹ ਪਾਣੀ ਪਿਆ ਕੇ ਬਲਵੰਤ ਨੇ ਨਿਰਭੈ ਨੂੰ ਆਵਾਜ਼ ਦਿੱਤੀ- "ਵੇ ਨਿਰਭੈ, ਲਿਆ ਆਪਣੀ ਬਾਟੀ ਵੇ। ਤੂੰ ਵੀ ਚਾਹ ਪੀ ਲੈ।"
ਨਿਰਭੈ ਕੁਤਰੇ ਵਾਲ਼ੀ ਮਸ਼ੀਨ ਕੋਲ਼ ਬਣੇ ਆਲ਼ੇ ਜਿਹੇ ਵਿਚੋਂ ਆਪਣੀ ਬਾਟੀ ਲੈ ਕੇ ਮਸ਼ੀਨ ਦੇ ਕੋਲ਼ ਹੀ ਬੈਠ ਗਿਆ। ਬਲਵੰਤ ਨੇ ਇੱਕ ਵੱਖਰੇ ਭਾਂਡੇ ਵਿੱਚ ਚਾਹ ਪਾ ਕੇ ਉਸ ਦੀ ਬਾਟੀ ਵਿੱਚ ਉਲੱਦ ਦਿੱਤੀ ਜਿਸ ਨਾਲ਼ ਮੇਰੇ ਜ਼ਿਹਨ ਵਿੱਚ ਗੁੱਸੇ ਅਤੇ ਨਫ਼ਰਤ ਦੀ ਇੱਕ ਲਹਿਰ ਚੀਰ ਕੇ ਲੰਘ ਗਈ।
ਮੈਨੂੰ ਯਾਦ ਆਇਆ ਕਿ ਮੇਰਾ ਤਾਇਆ ਕਲਾਸ ਕਿਆਂ ਨਾਲ਼ ਸੀਰੀ ਸੀ ਤੇ ਮੈਂ ਉਨ੍ਹਾਂ ਦੇ ਮੁੰਡੇ ਕਰਤਾਰ ਨਾਲ਼ ਪੜ੍ਹਦਾ ਸਾਂ ਉਨ੍ਹਾਂ ਦੇ ਹੀ ਚੁਬਾਰੇ ਵਿਚ। ਮੇਰਾ ਤਾਇਆ ਆਪਣੀ ਬਾਟੀ ਉਨ੍ਹਾਂ ਦੇ ਘਰ ਮਸ਼ੀਨ ਕੋਲ਼ ਬਣੇ ਆਲ਼ੇ ਵਿੱਚ ਹੀ ਰਖਦਾ ਹੁੰਦਾ ਸੀ ਤੇ ਕਈ ਵਾਰ ਮੈਂ ਵੀ ਉਸੇ ਬਾਟੀ ਵਿੱਚ ਮਸ਼ੀਨ ਕੋਲ਼ ਬੈਠ ਕੇ ਚਾਹ ਪੀਦਿਆਂ ਹੀਣਤ ਮਹਿਸੂਸ ਕੀਤੀ ਸੀ। ਦਿਹਾੜੀ ਜਾਂਦਿਆਂ ਪਰਨੇ ਦੇ ਲੜ ਬੰਨ੍ਹੀ ਬਾਟੀ ਜਿਵੇਂ ਮੌਰਾਂ ਵਿੱਚ ਸੱਪ ਦੀ ਤਰ੍ਹਾਂ ਡੰਗ ਮਾਰਦੀ ਰਹੀ ਸੀ। ਕੀ ਹੁਣ ਨਿਰਭੈ ਦੇ ਮਨ ਵਿੱਚ ਵੀ ਉਸ ਕਿਸਮ ਦੀ ਹਿੱਲਜੁੱਲ ਹੋ ਰਹੀ ਸੀ ਜੋ ਮੈਂ ਮਹਿਸੂਸ ਕਰਦਾ ਰਿਹਾ ਸਾਂ। ਸ਼ਾਇਦ ਨਹੀਂ। ਇਹ ਉਹ ਜੜੀ ਨਹੀਂ ਸੀ। ਉਹ ਤਾਂ ਸਗੋਂ ਰਾਜਿਆਂ ਰਾਣਿਆਂ ਦੀ ਜੂਠ ਚੱਟ ਕੇ ਅਮੀਰ ਬਣੇ ਇਸ ਪਰਿਵਾਰ ਵਿੱਚ ਗੰਦੀ ਚਗਲ਼ੀ ਮੱਖੀ ਵਾਂਗ ਵਿਚਰ ਰਿਹਾ ਸੀ-ਮੈਲ਼ੇ ਕੁਚੈਲ਼ੇ ਕੱਪੜਿਆਂ ਵਿੱਚ ਸਜਿਆ-ਫੱਬਿਆ ਰਾਣੀ ਭੂਆ ਦਾ ਭਤੀਜਾ ਰਾਜਕੁਮਾਰ। ਸਿਰ ਦੇ ਵਾਲ਼ ਜੁੱਟੀਆਂ ਬਣੇ ਹੋਏ ਤੇ ਵਿੱਚ ਕੁਰਬਲ਼ ਕੁਰਬਲ਼ ਕਰਦੀਆਂ ਜੂਆਂ। … ਵਾਹ!
"ਲੈ ਬੇਬੇ ਏਸ ਘਰ ਵਿੱਚ ਮੈਂ ਅੱਜ ਤੋਂ ਬਾਅਦ ਕਦੇ ਲੱਤ ਨਹੀਂ ਦੇਣੀ। ਇਹ ਮੇਰਾ ਪਹਿਲਾ ਤੇ ਆਖ਼ਰੀ ਫੇਰਾ ਹੈ ਮਾਂ।" ਰਾਤ ਨੂੰ ਸੌਂਦੇ ਵਕਤ ਮੈਂ ਮਾਂ ਨੂੰ ਸੁਣਾ ਦਿੱਤਾ ਸੀ। ਜਦੋਂ ਕਨਿਸ਼ਕ ਹਵਾਈ ਹਾਦਸੇ ਵਿੱਚ ਉਨ੍ਹਾਂ ਦੇ ਤਿੰਨ ਬੱਚੇ ਫੌਤ ਹੋ ਗਏ ਤਾਂ ਮੈਨੂੰ ਨਹੀਂ ਲੱਗਿਆ ਕਿ ਉਹ ਮੇਰੇ ਆਪਣੇ ਕੁੱਝ ਲਗਦੇ ਸਨ। ਅਸਲ ਵਿੱਚ ਬਾਈ ਨਛੱਤਰ ਦੇ ਹੀ ਆਪਣੇ ਸਨ, ਉਹ ਵੀ ਸਿਰਫ਼ ਦੂਜਿਆਂ ਅੱਗੇ ਫੜ੍ਹ ਮਾਰਨ ਲਈ ਕਿ ਉਸ ਦੀ ਪਿੱਠ ਵੱਡੇ ਖਾਨਦਾਨ ਨਾਲ਼ ਲਗਦੀ ਹੈ ਤੇ ਬੱਸ। ਦੂਜੀ ਗੱਲ ਉਸਨੂੰ ਵੱਡੀ ਝਾਕ ਸੀ ਕਿ ਨਿਰਭੈ ਰਾਹੀਂ ਖਰੇ ਉਸਨੂੰ ਉਨ੍ਹਾਂ ਦੀ ਖ਼ਾਸੀ ਵੱਡੀ ਜਾਇਦਾਦ 'ਚੋਂ ਹੋਰ ਨਹੀਂ ਤਾਂ ਅੱਧ ਪਚੱਧ ਹੀ ਖੈਰੀਅਤ ਵਜੋਂ ਮਿਲ਼ ਜਾਵੇ। ਮੈਨੂੰ ਪਿੱਛੇ ਜਿਹੇ ਪਤਾ ਲੱਗਿਆ ਕਿ ਉਹ ਦੋਵੇਂ ਜੀਅ ਵੀ ਇਸ ਸੰਸਾਰ ਤੋਂ ਤੁਰ ਗਏ ਹਨ। ਬਾਈ ਨਛੱਤਰ ਨੇ ਉਨ੍ਹਾਂ ਦੀ ਹਸਪਤਾਲ਼ ਵਿੱਚ ਬਹੁਤ ਸਾਂਭ ਸੰਭਾਲ਼ ਕੀਤੀ ਪਰ ਉਸ ਦੇ ਹੱਥ ਕੁੱਝ ਨਹੀਂ ਆਇਆ ਸਿਰਫ਼ ਬਲਵੰਤ ਦੇ ਗਲ਼ 'ਚੋਂ ਲਹਾਈ ਚੇਨੀ ਦੇ। ਉਹ ਉਦੋਂ ਹੱਥ ਝਾੜ ਕੇ ਰਹਿ ਗਿਆ ਜਦੋਂ ਪ੍ਰੀਤਮ ਸਿੰਘ ਦੇ ਸਕਿਆਂ ਨੇ ਸਾਰੀ ਜਾਇਦਾਦ ਸਾਂਭ ਲਈ। ਅਮੀਰਾਂ ਦੇ ਸਿਰੋਂ ਚੰਗੀ ਜੂਨ ਗੁਜ਼ਾਰਨ ਦਾ ਉਸਦਾ ਸੁਪਨਾ ਧੂੜ ਵਿੱਚ ਮਿਲ਼ ਗਿਆ।
ਅਖੀਰ ਹੋਣੀ ਨੇ ਰੰਗ ਵਿਖਾ ਦਿੱਤਾ। ਬਾਈ ਨਛੱਤਰ ਦੀ ਧੀ ਦਾ ਵਿਆਹ ਸੀ ਤੇ ਬੇਬੇ ਨੇ ਗਰਮ ਜਲੇਬੀ ਖਾ ਕੇ ਠੰਢਾ ਪਾਣੀ ਪੀ ਲਿਆ ਜਿਸ ਨਾਲ ਇੱਕ ਦਮ ਹੀ ਉਸਦਾ ਗਲ਼ਾ ਬੈਠ ਗਿਆ। ਇਹ ਤਾਂ ਐਵੇਂ ਬਹਾਨਾ ਹੀ ਸੀ। ਅਸਲ ਵਿੱਚ ਤਾਂ ਉਸ ਨੇ ਦੁਆਈ ਅੱਧੀ ਕਰਕੇ ਹੀ ਬਿਮਾਰੀ ਨੂੰ ਫਿਰ ਸੱਦਾ ਦੇ ਦਿੱਤਾ ਸੀ। ਖ਼ੁਰਾਕ ਘਟਾਉਣ ਨਾਲ਼ ਜਰਾਸੀਮ ਫਿਰ ਤੋਂ ਬਲ ਕਰ ਗਏ ਸਨ। ਡਾਕਟਰੀ ਸ਼ਬਦਾਂ ਵਿੱਚ ਜਰਾਸੀਮਾਂ ਨੇ ਦੁਆਈ ਨੂੰ ਹੀ ਆਪਣੀ ਖ਼ੁਰਾਕ ਬਣਾ ਲਿਆ ਸੀ। ਬੇਬੇ ਫਿਰ ਤੋਂ ਉਸੇ ਬਿਮਾਰੀ ਦੀ ਜਕੜ ਵਿੱਚ ਜਕੜੀ ਜਾ ਚੁੱਕੀ ਸੀ। ਚੰਡੀਗੜ੍ਹ ਦਾ ਨਵਾਂ ਇਲਾਜ ਵੀ ਸ਼ਾਇਦ ਕਾਰਗਰ ਨਹੀਂ ਸੀ ਰਿਹਾ। ਪਿੰਡਾਂ ਦਾ ਸੱਭਿਆਚਾਰ! ਤਾਇਆ ਮੇਰੇ ਨਾਲ਼ ਬਗੈਰ ਰਾਇ ਕੀਤੇ ਹੀ ਚੰਨਣਵਾਲ਼ ਦੇ ਕਿਸੇ ਵੜੇ ਵੈਦ ਕੋਲ਼ ਲੈ ਵੜਿਆ। ਵਾਪਸੀ ਵੇਲ਼ੇ ਉਹ ਮੈਨੂੰ ਪਿੰਡ ਦੇ ਅੱਡੇ 'ਤੇ ਹੀ ਮਿਲ਼ ਪਏ। ਬੇਬੇ ਨੂੰ ਸਾਈਕਲ ਦੇ ਕੈਰੀਅਰ 'ਤੇ ਬਿਠਾ ਕੇ ਪੈਦਲ ਹੀ ਚੱਲਣਾ ਪੈਣਾ ਸੀ ਬਹੁਤ ਹੌਲ਼ੀ ਹੌਲ਼ੀ। ਮਾਮੂਲੀ ਜਿਹਾ ਝਟਕਾ ਹੀ ਉਸਨੂੰ ਔਖ ਦਿੰਦਾ ਸੀ। ਗਰਦਨ ਦੀ ਤਕਲੀਫ਼ ਕਰਕੇ ਮੇਰੇ ਕੋਲੋæਂ ਸਾਈਕਲ ਚੰਗੀ ਤਰ੍ਹਾਂ ਸੰਭਾਲਿਆ ਹੀ ਨਹੀਂ ਸੀ ਜਾ ਰਿਹਾ। ਮੈਂ ਸੰਤੁਲਨ ਵਿਗੜ ਜਾਣ ਕਰਕੇ ਡਿੱਗ ਪੈਣ ਲੱਗਿਆ ਸਾਂ ਕਿ ਮੇਰੇ ਮੂੰਹੋਂ ਸਹਿਵਨ ਹੀ ਨਿਕਲ਼ ਗਿਆ- "ਹਾਇ ਨੀ ਬੇਬੇ ਦੁੱਖ ਦੇਣੀਏ। ਕੀ ਕਰਾਂ ਮੈਂ ਹੁਣ ਕਿੱਧਰ ਨੂੰ ਜਾਵਾਂ। ਕਿਉਂ ਦੁਆਈ ਘਟਾਈ ਤੂੰ?"
ਬੱਸ ਬੇਬੇ ਨੇ ਹਮੇਸ਼ ਲਈ ਹੀ ਜ਼ਬਾਨ ਨੂੰ ਤਾਲਾ ਲਾ ਲਿਆ। ਜਦੋਂ ਵੀ ਹਾਲ ਚਾਲ ਪੁੱਛਣਾ, ਉਸਨੇ ਬੱਸ ਸਿਰ ਦਾ ਇਸ਼ਾਰਾ ਹੀ ਕਰ ਛੱਡਣਾ ਤੇ ਬੱਸ। ਵੈਦ ਦੀ ਦੁਆਈ ਨੇ ਦੂਜੇ ਦਿਨ ਹੀ ਆਪਣਾ ਰੰਗ ਵਿਖਾ ਦਿੱਤਾ। ਇਕ ਦਮ ਹੀ ਜ਼ੋਰ ਦੀਆਂ ਉਲ਼ਟੀਆਂ ਲੱਗ ਗਈਆਂ ਤੇ ਪੇਟ ਨੂੰ ਸੋਜਾ ਆਉਣ ਲੱਗ ਪਿਆ। ਬੋਲ ਉਕਾ ਹੀ ਬੈਠ ਗਿਆ।
ਉਸ ਰਾਤ ਲਿਖਾਰੀ ਸਭਾ ਬਰਨਾਲ਼ੇ ਵੱਲੋਂ ਧਨੌਲੇ ਵਿਸ਼ਾਲ ਕਵੀ ਦਰਬਾਰ ਸੀ ਤੇ ਮੈਨੂੰ ਸੱਦਾ ਸੀ। ਸਾਹਿਤ ਸਭਾ ਰਾਮਪੁਰਾ ਫੂਲ ਅਤੇ ਬਰਨਾਲ਼ਾ ਲਿਖਾਰੀ ਸਭਾ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਹੋਈ ਸੀ। ਆਪਣੇ ਭਵਿੱਖੀ ਪਛਤਾਵੇ ਦੀ ਅੱਗ ਵਿੱਚ ਸੜਨ ਲਈ ਮੈਂ ਝੋਲ਼ਾ ਚੁੱਕ ਕੇ ਧਨੌਲੇ ਨੂੰ ਚੱਲ ਪਿਆ। ਚਾਹੀਦਾ ਸੀ, ਜਾਂਦਾ ਹੋਇਆ ਬੇਬੇ ਨੂੰ ਦੱਸ ਕੇ ਜਾਂਦਾ ਤੇ ਦਿਲ ਦੀ ਕਹਿ ਕੇ ਜਾਂਦਾ ਕਿ ਅਗਲੇ ਦਿਨ ਪੈਸਿਆਂ ਦਾ ਬੰਨ੍ਹ-ਸੁੱਭ ਕਰਕੇ ਚੰਡੀਗੜ੍ਹ ਚੱਲਾਂਗੇ। ਪਰ ਬਗੈਰ ਮਿਲ਼ੇ ਹੀ ਚਲਾ ਗਿਆ। ਮੈਨੂੰ ਤਾਂ ਕਵੀ ਦਰਬਾਰ ਦੀ ਬਣੀ ਹੋਈ ਸੀ ਕਿ ਕਿੰਨੇ ਲੋਕਾਂ ਦੀ ਹਾਜ਼ਰੀ ਵਿੱਚ ਮੇਰੀ ਕਵਿਤਾ 'ਤੇ ਤਾੜੀਆਂ ਵੱਜਣੀਆਂ ਸਨ। ਬੇਬੇ ਦਾ ਕੀ ਸੀ? -ਉਸਨੇ ਤਾਂ ਹੁਣ ਕੂਚ ਕਰਨ ਦੀਆਂ ਤਿਆਰੀਆਂ ਕਰ ਲਈਆਂ ਜਾਪਦੀਆਂ ਸਨ। ਮੇਰੇ ਲਈ ਕਵੀ ਦਰਬਾਰ ਜ਼ਰੂਰੀ ਹੋ ਗਿਆ ਸੀ।
ਆਪਣੀ ਕਵਿਤਾ ਦੇ ਜੰਮੇ ਸਿੱਕੇ ਅਤੇ ਮਿਲ਼ੀ ਦਾਦ ਦੇ ਆਨੰਦ ਵਿੱਚ ਚਟਕਾਰੇ ਮਾਰਦਾ ਜਦ ਮੈਂ ਘਰ ਆਇਆ ਤਾਂ ਸਭ ਤੋਂ ਪਹਿਲਾਂ ਮਾਂ ਨੂੰ ਮਿਲ਼ਣ ਲਈ ਅਹੁਲ਼ਿਆ। ਮਾਂ ਤਾਂ ਕਿਤੇ ਨਹੀਂ ਸੀ। ਭੈਣ ਮਹਿੰਦਰ ਤੋਂ ਪਤਾ ਲੱਗਿਆ ਕਿ ਰਾਤੋ ਰਾਤ ਪੇਟ ਇੰਨਾ ਸੁੱਜ ਗਿਆ ਸੀ ਕਿ ਬੇਬੇ ਨੂੰ ਸਾਹ ਵੀ ਨਹੀਂ ਸੀ ਆਉਂਦਾ। ਬਾਪੂ ਹੁਰੀਂ ਫੇਰ ਉਸਨੂੰ ਚੰਡੀਗੜ੍ਹ ਲੈ ਗਏ ਸਨ। ਮੇਰੇ ਪੈਰਾਂ ਹੇਠ ਜਿਵੇਂ ਅੱਗ ਮੱਚ ਉਠੀ। ਝੱਟ-ਪੱਟ ਬੈਗ ਵਿੱਚ ਕੱਪੜੇ ਤੇ ਲੋੜੀਂਦਾ ਸਾਮਾਨ ਪਾ ਕੇ ਮੈਂ ਵੀ ਚੰਡੀਗੜ੍ਹ ਜਾਣ ਦੀ ਤਿਆਰੀ ਕਰ ਲਈ। ਬਾਹਰ ਆ ਕੇ ਗਲ਼ੀ ਵਿੱਚ ਖੜ੍ਹ ਗਿਆ ਕਿਸੇ ਸੋਚ ਨੇ ਪੈਰ ਨੂੜ ਲਏ-
'ਮਨਾ ਕੀ ਕਰੇਂਗਾ ਜਾ ਕੇ? ਤੇਰਾ ਬੇਬੇ ਨਾਲ਼ ਤਾਂ ਮੇਲ਼ ਹੋਣਾ ਹੀ ਨਹੀਂ। ਤੂੰ ਬੱਸ ਵਿੱਚ ਬੈਠਾ ਚੰਡੀਗੜ੍ਹ ਨੂੰ ਜਾ ਰਿਹਾ ਹੋਵੇਂਗਾ ਤੇ ਬੇਬੇ ਦੀ ਕਾਰ ਤੇਰੇ ਕੋਲ਼ ਦੀ ਵਾਪਸ ਆ ਰਹੀ ਹੋਵੇਗੀ ਤੈਨੂੰ ਪਤਾ ਵੀ ਨਹੀਂ ਲੱਗਣਾ। ਰਹਿਣ ਦੇ ਜਾਣ ਨੂੰ। ਬੇਬੇ ਅੱਵਲ ਤਾਂ ਅੱਜ ਹੀ ਨਹੀਂ ਤਾਂ ਕੱਲ੍ਹ ਨੂੰ ਇੱਥੇ ਆ ਹੀ ਜਾਣੀ ਹੈ। ਹੁਣ ਉਸ ਦੀ ਮੌਤ ਦੇ ਵਾਰੰਟ ਖ਼ਾਰਜ ਕਰਨ ਵਾਲ਼ਾ ਰੱਬ ਕਿਧਰੇ ਵੀ ਨਹੀਂ ਹੈ।'
ਗਲ਼ੀ ਵਿੱਚ ਖੜ੍ਹਾ ਮੈਂ ਸੋਚਾਂ ਵਿੱਚ ਘਿਰ ਗਿਆ ਕਿ ਆਖ਼ਰ ਅਪ੍ਰੈਲ ਦਾ ਮਹੀਨਾ ਹੀ ਸਾਡੇ ਘਰ ਲਈ ਮਨਸਾਉਣੇ ਲੈ ਕੇ ਕਿਉਂ ਆਉਂਦੈ? ਜਦੋਂ ਤੋਂ ਮੈਂ ਸੁਰਤ ਸੰਭਾਲ਼ੀ ਸੀ ਸਭ ਮੌਤਾਂ ਅਪ੍ਰੈਲ ਦੇ ਮਨਹੂਸ ਦਿਨਾਂ ਵਿੱਚ ਹੀ ਹੋਈਆਂ ਸਨ। ਮੇਰੇ ਬਾਪ ਦਾ ਕਤਲ ੧੯ ਅਪ੍ਰੈਲ ਜਾਣੀ ਵਿਸਾਖੀ ਤੋਂ ਛੀ ਦਿਨ ਬਾਅਦ ਹੋਇਆ ਸੀ। ਬਾਬਾ ਹਰੀ ਸਿੰਘ (ਬਾਪੂ ਹੁਰਾਂ ਦਾ ਚਾਚਾ) ਦੀ ਮੌਤ ਵੀ ਇਸੇ ਮਹੀਨੇ ਹੋਈ। ਫਿਰ ਵੱਡਾ ਬਾਬਾ ਚੰਨਣ ਸਿੰਘ (ਬਾਪੂ ਹੁਰਾਂ ਦਾ ਬਾਪ) ਵੀ ਮੇਰੇ ਓ. ਟੀ. ਕਰ ਕੇ ਆਉਣ ਤੋਂ ਕੁੱਝ ਦਿਨ ਪਹਿਲਾਂ ਹੀ ਮੈਨੂੰ ਬਿਨਾ ਮਿਲ਼ੇ ਤੁਰ ਗਿਆ ਐਨ ਅਪ੍ਰੈਲ ਮਹੀਨੇ। ਮੇਰੇ ਪਿੰਡ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਉਸ ਦਾ ਭੋਗ ਵੀ ਪੈ ਚੁੱਕਿਆ ਸੀ। ਮੇਰੇ ਲਈ ਇਹ ਬਹੁਤ ਵੱਡਾ ਸੰਤਾਪ ਸੀ। ਤਾਣੀ ਦੀ ਕੁੰਭਲ਼ ਵਿੱਚ ਅੰਤਲੇ ਦਿਨਾਂ ਤਾਈਂ ਸਿਰਫ਼ ਮੇਰੀ ਖ਼ਾਤਰ ਡਿੱਗਿਆ ਰਹਿਣ ਵਾਲ਼ੇ ਬਾਬੇ ਦੇ ਮੈਂ ਅੰਤਮ ਦਰਸ਼ਨ ਵੀ ਨਾ ਕਰ ਸਕਿਆ। ਯਾਦ ਕਰਕੇ ਮੇਰਾ ਤਾਂ ਅੱਜ ਵੀ ਵਿਰਲਾਪ ਛੁੱਟ ਪੈਂਦੈ, ਏਸ ਉਮਰ ਵਿੱਚ ਵੀ। ਇਕ ਹੋਣਹਾਰ ਭੂਆ ਗੁਰਦਿਆਲੋ ਵੀ ਇਸੇ ਮਹੀਨੇ ਰਾਜਸਥਾਨ ਵਿੱਚ ਜ਼ੋਰਾਵਰਪੁਰ ਮਾਤਾ ਨਾਲ਼ ਫੌਤ ਹੋਈ। ਤੇ ਹੁਣ ਮਾਂ ਨੇ ਵੀ ਇਸੇ ਮਹੀਨੇ ਜਾਣ ਦਾ ਇਰਾਦਾ ਕਰ ਲਿਆ ਸੀ। …
ਤੇ ਮੈਂ ਸਬਰ ਕਰਕੇ ਬੈਗ ਬੈਠਕ ਵਿੱਚ ਰੱਖ ਦਿੱਤਾ। ਕਣਕ ਪੂਰੀ ਤਰ੍ਹਾਂ ਆਈ ਹੋਈ ਸੀ। ਸੋਚਿਆ ਜੇ ਮੈਂ ਚੰਡੀਗੜ੍ਹ ਵੱਲ ਤੁਰ ਜਾਂਦਾ ਤਾਂ ਕਣਕ ਭੁਰ ਜਾਣੀ ਸੀ। ਸੋ ਮੈਂ ਘਰ ਦੇ ਜੀਆਂ ਨਾਲ਼ ਕਣਕ ਵੱਢਣ ਜਾ ਲੱਗਿਆ। ਅਗਲੇ ਦਿਨ ਫੇਰ ਅਸੀਂ ਲੱਗ-ਭੱਗ ਅੱਧਾ ਕੰਮ ਨਿਬੇੜ ਲਿਆ। ਥੱਬੇ ਚੁਕਦਿਆਂ ਫੌਜੀ ਨੇ ਰਾਜ ਸਾਂਝਾ ਕੀਤਾ- "ਬੇਬੇ ਬਿਮਾਰੀ ਨਾਲ਼ ਨਹੀਂ ਮਰੀ। ਬੇਬੇ ਦਾ ਛਿੰਦਾ ਪੁੱਤ ਸੁਖਦੇਵ ਮਾਂ ਦੇ ਪੇਕੇ ਘਰ ਰਹਿੰਦਾ ਸੀ। ਮੈਂ ਉਸ ਨੂੰ ਬਠਿੰਡੇ ਅਲੈਕਟ੍ਰੀਸ਼ਨ ਦੇ ਕੋਰਸ ਵਿੱਚ ਪਾਇਆ ਹੋਇਆ ਸੀ। ਉਠਦੀ ਜਵਾਨੀ ਵਿੱਚ ਪੈਰ ਰੱਖ ਰਿਹਾ ਸੀ। ਫਰਾਇਡ ਕਹਿੰਦਾ ਹੈ ਕਿ ਨੌਜਵਾਨ ਭੈਣ ਭਰਾ ਨੂੰ ਇਕੋ ਕਮਰੇ ਵਿੱਚ ਨਹੀਂ ਸੌਣਾ ਚਾਹੀਦਾ। ਸੁਖਦੇਵ ਨੇ ਕੁੱਝ ਅਜਿਹਾ ਕਰ ਵਿਖਾਇਆ ਸੀ ਜਿਸ ਨਾਲ਼ ਇੱਕ ਪਵਿੱਤਰ ਰਿਸ਼ਤੇ ਦੀ ਦੀਵਾਰ ਢਹਿ ਢੇਰੀ ਹੋ ਗਈ ਸੀ। ਜਦ ਮਾਂ ਨੂੰ ਪਤਾ ਲੱਗਿਆ ਤਾਂ ਉਸਨੇ ਮਾਸੀ ਅਤੇ ਮਾਮੀ ਦੇ ਫੜਦਿਆਂ ਫੜਦਿਆਂ ਪੰਦਰਾਂ ਵੀਹ ਮੁੱਕੀਆਂ ਆਪਣੇ ਪੇਟ ਵਿੱਚ ਮਾਰ ਲਈਆਂ। ਜਲੇਬੀ ਤਾਂ ਐਵੇਂ ਬਹਾਨਾ ਬਣੀ ਸੀ। ਮੈਂ ਥੱਬਾ ਉਥੇ ਹੀ ਰੱਖ ਕੇ ਵੱਟ 'ਤੇ ਬੈਠਾ ਹੋਰ ਵੀ ਭੈੜੀਆਂ ਸੋਚਾਂ ਵਿੱਚ ਡੁੱਬ ਗਿਆ। ਜਦੋਂ ਇਸ ਛੋਕਰੇ ਦਾ ਜਨਮ ਹੋਇਆ ਸੀ ਤਾਂ ਮਾਂ ਹੁੱਬੀ ਹੋਈ ਸੀ। ਮੈਂ ਪੰਜੀਰੀ ਨਹੀਂ ਸੀ ਖਾ ਰਿਹਾ ਤੇ ਮਾਂ ਨੇ ਕਿਹਾ ਸੀ- "ਵੇ ਖਾ ਲੈ ਦੇਖ ਤੇਰੇ ਨਾਲ਼ੋਂ ਸੁਹਣੈ।" ਤੇ ਅੰਬੋ ਨੇ ਪੈਂਦੀ 'ਤੇ ਫੂਸ ਪਾਇਆ ਸੀ ਮੈਨੂੰ ਅੰਦਰ ਲਿਜਾ ਕੇ ਹੁਣ ਸੁਹਣੇ ਜੰਮਣ ਨੂੰ ਨਵਾਂ ਖ਼ਸਮ ਕਰ ਲਿਆ, ਇੱਕ ਪਹਿਲਾਂ ਖਾ ਲਿਆ ਮੇਰਾ ਢਿਗ ਵਰਗਾ ਪੁੱਤ।" ਉਦੋਂ ਮੈਂ ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝ ਰਿਹਾ ਸਾਂ ਨਾ ਮਰਿਆਂ ਵਿਚ। ਅੰਬੋ ਦਾ ਅੰਮ੍ਰਿਤ ਵੀ ਛਕਿਆ ਹੋਇਆ ਸੀ ਪਰ ਸ਼ਾਇਦ ਇਹ ਉਸ ਦੇ ਅੰਦਰ ਨਹੀਂ ਸੀ ਰਚਿਆ। ਜੇ ਤਾਸੀਰ ਹੀ ਨਹੀਂ ਬਦਲਣੀ ਤਾਂ ਭਲਾ ਇਹੋ ਜਿਹੇ ਅਡੰਬਰ ਦੀ ਕੀ ਲੋੜ? ਅੱਜ ਮੈਂ ਸੋਚਦਾ ਹਾਂ।
ਅਗਲੇ ਦਿਨ ਮੈਂ ਅਜੇ ਮਿਸਤਰੀਆਂ ਦੇ ਘਰੋਂ ਦਾਤੀਆਂ ਦੇ ਦੰਦੇ ਕਢਵਾ ਕੇ ਲਿਆਇਆ ਹੀ ਸਾਂ ਤੇ ਖੇਤ ਨੂੰ ਜਾਣ ਦੀ ਤਿਆਰੀ ਹੀ ਕਰ ਰਿਹਾ ਸਾਂ ਕਿ ਇੱਕ ਅੰਬੈਸਡਰ ਕਾਰ ਗਲ਼ੀ 'ਚ ਆ ਕੇ ਰੁਕੀ। ਮਾਸੀ ਤੇ ਮਾਸੜ ਤੇ ਮੇਰਾ ਤਾਇਆ ਕਾਰ ਵਿਚੋਂ ਬਾਹਰ ਆ ਗਏ ਪਰ ਮਾਂ ਅਜੇ ਤੱਕ ਬਾਹਰ ਨਹੀਂ ਸੀ ਨਿਕਲ਼ ਰਹੀ। ਮੈਂ ਸਭ ਕੁੱਝ ਪਹਿਲਾਂ ਹੀ ਸਮਝੀ ਬੈਠਾ ਸਾਂ। ਤਾਂ ਵੀ ਮੈਂ ਕਾਰ ਵੱਲ ਅਹੁਲ਼ਿਆ- "ਮੇਰੀ ਬੇਬੇ ਕਿੱਥੇ ਐ?" ਅੰਦਰੋਂ ਨਿਕਲ਼ਦੀ ਧਾਹ ਨੂੰ ਮੈਂ ਕਾਬੂ ਕਰਨ ਦਾ ਯਤਨ ਕਰ ਰਿਹਾ ਸਾਂ ਪਰ ਬੇਕਾਰ ਸੀ ਸਭ ਕੁੱਝ।
"ਹੈ ਗੀ ਐ ਬਚੜਿਆ ਹੈ ਗੀ ਐ। ਸਬਰ ਕਰ ਪੁੱਤ ਵੇ।" ਮਾਸੀ ਦੀ ਲੋਰ ਨਿਕਲ਼ ਗਈ। ਮੈਂ ਕਾਰ ਦੇ ਆਲ਼ੇ ਦੁਆਲ਼ੇ ਗੇੜੇ ਖਾਈ ਜਾਵਾਂ ਪਰ ਬੇਬੇ ਕਿਧਰੇ ਵੀ ਨਾ ਦਿੱਸੇ- "ਮਾਸੀ ਕਿੱਥੇ ਐ ਮੇਰੀ ਬੇਬੇ?" ਮੈਂ ਮੁੜ ਮੁੜ ਕਾਰ ਦੇ ਅੰਦਰ ਵੇਖ ਰਿਹਾ ਸਾਂ। ਡਰਾਈਵਰ ਨੇ ਕਾਰ ਦੀ ਡਿੱਕੀ ਖੋਲ੍ਹੀ ਜਿਸ ਵਿੱਚ ਮਾਂ ਗੁੱਛਾ ਮੁੱਛਾ ਹੋਈ ਘੂਕ ਸੁੱਤੀ ਪਈ ਸੀ। ਡਿੱਕੀ ਵਿੱਚ ਤੁੰਨ੍ਹੀ ਮਾਂ ਦੀ ਬੋ ਮਾਰਦੀ ਲਾਸ਼ ਦੇ ਮੈਨੂੰ ਦਰਸ਼ਨ ਕਰਵਾ ਦਿੱਤੇ ਗਏ। ਮੇਰੇ ਅੰਦਰੋਂ ਹੂਕ ਉਠੀ- 'ਵਾਹ ਬੇਬੇ ਆਖ਼ਰ ਵੇਲ਼ੇ ਇਹ ਚੰਗੀ ਡੋਲ਼ੀ ਲੱਭੀ ਤੂੰ! ਇਹ ਚੰਗੀ ਯਾਤਰਾ ਕਰ ਕੇ ਆਈਂ ਨੀ ਮਾਂ! ਤੈਨੂੰ ਅੰਤਮ ਵੇਲ਼ੇ ਸੀਟ ਵੀ ਚੱਜ ਦੀ ਨਾ ਮਿਲ਼ੀ ਮਾਂ। ਤੂੰ ਇੱਥੋਂ ਤੱਕ ਦਾ ਸਫ਼ਰ ਕਿਵੇਂ ਤਹਿ ਕੀਤਾ ਹੋਣੈ? ਇਹ ਕਿਹੋ ਜਿਹੀ ਡੋਲ਼ੀ ਐ ਜਿਸ ਵਿੱਚ ਤੂੰ ਅਖੌਤੀ ਮੌਤ ਦੇ ਦੇਵਤੇ ਨਾਲ਼ ਲਾਵਾਂ ਲੈ ਕੇ ਵਿਦਾ ਹੋਈ ਐਂ ਮਾਂ?'
ਕਹਿੰਦੇ ਨੇ ਮਾਂ ਦਾ ਉਪਰੇਸ਼ਨ ਠੀਕ ਹੋ ਗਿਆ ਸੀ। ਗਲ਼ ਗਈ ਅੰਤੜੀ ਕੱਢ ਦਿੱਤੀ ਗਈ ਸੀ। ਹੋਸ਼ ਆਉਣ 'ਤੇ ਡਾਕਟਰ ਨੇ ਮਾਂ ਨੂੰ ਪੁਛਿਆ ਸੀ- "ਮਾਂ ਜੀ ਕਿਵੇਂ ਓਂ?" ਬੇਬੇ ਨੇ ਠੀਕ ਹੋਣ ਦਾ ਸੰਕੇਤ ਦਿੱਤਾ ਸੀ। ਡਾਕਟਰ ਨੇ ਬੇਬੇ ਨੂੰ ਹੱਥ ਜ਼ੋਰ ਨਾਲ਼ ਘੁੱਟਣ ਲਈ ਕਿਹਾ ਸੀ। ਬੇਬੇ ਨੇ ਡਾਕਟਰ ਦਾ ਹੱਥ ਜ਼ੋਰ ਦੀ ਘੁੱਟ ਦਿੱਤਾ ਸੀ। ਡਾਕਟਰ ਦੀ ਤਸੱਲੀ ਹੋਈ ਤਾਂ ਉਸਨੇ ਮਰੀਜ਼ ਨੂੰ ਜਨਰਲ ਵਾਰਡ ਵਿੱਚ ਭੇਜਣ ਲਈ ਕਹਿ ਦਿੱਤਾ ਤੇ ਆਕਸੀਜ਼ਨ ਲਾਹ ਦਿੱਤੀ। ਤੇ ਜਦ ਮਾਂ ਦਾ ਬੈਡ ਬੂਹੇ ਵਿੱਚ ਆਇਆ ਬੇਬੇ ਦਾ ਭੌਰ ਉਡਾਰੀ ਮਾਰ ਗਿਆ ਸੀ। ਡਾਕਟਰ ਨੇ ਮੂੰਹ ਵਿੱਚ ਮੂੰਹ ਪਾ ਕੇ ਬਹੁਤ ਫੂਕਾਂ ਮਾਰੀਆਂ ਪਰ ਹੁਣ ਇਹ ਖੇਡ ਹੱਥ ਆਉਣ ਵਾਲ਼ੀ ਨਹੀਂ ਸੀ ਰਹੀ। ਦਸ ਅਪ੍ਰੈਲ ੧੯੭੨ ਨੂੰ ਮਾਂ ਲੰਮੀ ਉਡਾਰੀ ਮਾਰ ਗਈ ਤੇ ਹੁਣ ਉਹ ਮੈਨੂੰ ਕਦੇ ਵੀ ਡਾਹ ਨਹੀਂ ਦੇਵੇਗੀ। … ਤੇ ਪੁਲ਼ਿਸ ਦੇ ਚੱਕਰ ਤੋਂ ਡਰਦਿਆਂ ਮਾਂ ਨੂੰ ਕਾਰ ਦੀ ਡਿੱਕੀ ਵਿੱਚ ਤੁੰਨ੍ਹ ਦਿੱਤਾ ਗਿਆ ਸੀ। ਕੀ ਪਤਾ ਪੁਲ਼ਿਸ ਵਾਲ਼ੇ ਕਹਿ ਦੇਣ ਕਿ ਇਹ ਲਾਸ਼ ਤਾਂ ਕਿਸੇ ਖ਼ਾਸ ਅਪਰਾਧੀ ਦੀ ਹੈ ਜਿਸ ਉਪਰ ਕਈ ਮੁਕੱਦਮੇ ਚੱਲ ਰਹੇ ਨੇ। ਸੋ ਇਸ ਲਾਸ਼ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ।
ਅੰਗਰੇਜ਼ੀ ਸਾਮਰਾਜ ਦੀ ਚੁੰਘਣੀ 'ਤੇ ਪਲ਼ੀ ਇਸ ਪੁਲ਼ਿਸ ਤੋਂ ਹੋਰ ਕੀ ਤਵੱਕੋ ਕੀਤੀ ਜਾ ਸਕਦੀ ਸੀ। ਬੇਬੇ ਦੀ ਲਾਸ਼ ਵਿਚੋਂ ਬੋ ਆ ਰਹੀ ਸੀ ਜਿਸ ਕਰਕੇ ਉਸ ਦਾ ਛੇਤੀ ਤੋਂ ਛੇਤੀ ਸੰਸਕਾਰ ਕਰ ਦਿੱਤਾ ਗਿਆ। ਮਾਮੇ ਆਏ ਤੇ ਮਾਮੀਆਂ ਸਿਵਾ ਢਕਣ ਦੀ ਕਿਰਿਆ ਕਰ ਗਈਆਂ। ਮਾਮੇ ਹੁਰੀਂ ਕਹਿ ਗਏ ਕਿ ਉਨ੍ਹਾਂ ਨੂੰ ਸੰਸਕਾਰ ਵੇਲ਼ੇ ਉਡੀਕਿਆ ਨਹੀਂ ਗਿਆ ਅੱਜ ਤੋਂ ਇਸ ਘਰ ਨਾਲ਼ ਕੋਈ ਸੰਬੰਧ ਨਹੀਂ ਰਿਹਾ। ਇਹ ਤਾਂ ਐਵੇਂ ਬਹਾਨਾ ਹੀ ਸੀ। ਉਨ੍ਹਾਂ ਵਿਚੋਂ ਮਾਂ ਦੇ ਭੋਗ 'ਤੇ ਕੋਈ ਨਹੀਂ ਆਇਆ ਜੋ ਪਿਛਲੀਆਂ ਘਟਨਾਵਾਂ ਸਹੀ ਸਾਬਤ ਕਰਨ ਲਈ ਕਾਫ਼ੀ ਸੀ। ਤੇ ਇਸ ਦੇ ਨਾਲ਼ ਹੋਰ ਸਕੀਰੀਆਂ ਵਾਲ਼ੇ ਵੀ ਹਮੇਸ਼ ਲਈ ਟੁੱਟ ਗਏ ਸਨ।
ਸੁਖਦੇਵ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਮਾਮੀ ਕਹਿੰਦੀ ਰਹੀ ਸੀ- "ਪੁੱਤ ਡਾਕਟਰ ਕੋਲੋਂ ਜਦੋਂ ਅਸੀਂ ਆਈਆਂ ਤਾਂ ਮੈਂ ਕੁੜੀ ਵਾਸਤੇ ਤਾਣਾ ਲਾ 'ਤਾ। ਬਈ ਜਹਾਨ ਐਂ ਨਾ ਆਖੇ ਬਈ ਗਈਆਂ ਤਾਂ ਚੰਗੀਆਂ ਭਲੀਆਂ ਸੀ ਹੁਣ ਆਹ ਕੀ ਹੋ ਗਿਆ? ਜੇ ਕੁੜੀ ਮੰਜੇ 'ਤੇ ਡਿੱਗ ਪੈਂਦੀ ਤਾਂ ਖ਼ਬਰੈ ਕੀ ਕੀ ਸੁਣਨਾ ਪੈ ਜਾਂਦਾ। ਮੈਂ ਕਿਹਾ ਚੁੜੇਲੇ ਬੱਸ ਲੋਕਾਂ ਨੂੰ ਤੁਰਦੀ ਫਿਰਦੀ ਹੀ ਦਿਸ।"
ਤੇ ਮੈਂ ਸੋਚਦਾ ਹਾਂ ਕਿ ਮਾਂ ਨੂੰ ਪੁਛਦਾ 'ਮਾਂ ਮੇਰੀਏ ਤੂੰ ਤਾਂ ਕਹਿੰਦੀ ਸੀ ਇਹ ਮੇਰੇ ਨਾਲ਼ੋਂ ਸੁਹਣਾ ਐ ਜਿਸ ਦੀ ਮੈਂ ਪੰਜੀਰੀ ਨਹੀਂ ਸੀ ਖਾਧੀ। ਤੇਰਾ ਮੇਰੇ ਨਾਲ਼ ਫਿਰ ਕਾਹਦਾ ਹਿਰਖ ਸੀ ਨੀ ਮਾਂ?'
ਰੋਂਦੀਆਂ ਕੁੜੀਆਂ ਨੂੰ ਚੁੱਪ ਕਰਾਉਂਦਿਆਂ ਵਾਰ ਵਾਰ ਇਹ ਵਾਕ ਮੂੰਹੋਂ ਨਿਕਲ਼ਦਾ ਸੀ- "ਚੁੱਪ ਕਰੋ ਮੇਰੀਆਂ ਬੀਬੀਆਂ ਭੈਣਾਂ … ਮੈਂ ਥੋਨੂੰ ਮਾਂ ਬਣ ਕੇ ਪਾਲ਼ੂੰਗਾ। …" ਤੇ ਮੈਂ ਦੋ ਕੁੜੀਆਂ ਲਈ ਤੇ ਛੋਟੇ ਮਨਜੀਤ ਲਈ ਮਾਂ ਬਣ ਗਿਆ ਸਾਂ। ਤੀਹ ਬੱਤੀ ਸਾਲ ਦੀ ਉਮਰ ਦਾ ਕੁਰਬਾਨੀ ਦਾ ਬੱਕਰਾ ਜਿਸ ਨੇ ਆਪਣੀ ਜਾਨ ਜ਼ਿਬਾਹ ਹੋਣ ਲਈ ਹਾਜ਼ਰ ਕਰ ਦਿੱਤੀ ਸੀ। ਬਹੁਤ ਕੁੱਝ ਮਾੜਾ ਹੋ ਗਿਆ ਸੀ। ਮੈਂ ਸੁਖਦੇਵ ਨੂੰ ਦੋਸ਼ੀ ਠਹਿਰਾ ਰਿਹਾ ਸਾਂ। ਕੀ ਮੈਂ ਠੀਕ ਸੋਚਦਾ ਸਾਂ? ਕੀ ਕੁੜੀ ਦੋਸ਼ੀ ਸੀ? ਨਹੀਂ ਸ਼ਾਇਦ ਦੋਵੇਂ ਹੀ ਨਹੀਂ। ਉਮਰ ਦਾ ਉਬਾਲ਼ ਸ਼ਾਇਦ ਦੋਵਾਂ ਤੋਂ ਨਾ ਸੰਭਾਲ਼ਿਆ ਗਿਆ।
ਵੱਖ ਵੱਖ ਮੁਲਕਾਂ ਦੇ ਸਮਾਜਵਾਦੀ ਪ੍ਰਬੰਧ ਦੇ ਤਜਰਬਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਸੁਖਾਵੇਂ ਮਨੁੱਖੀ ਰਿਸ਼ਤਿਆਂ ਦੀ ਸਿਰਜਣਾ ਸਾਂਵੇਂ-ਪੱਧਰੇ ਰਾਜ ਢਾਂਚੇ ਬਗੈਰ ਸੰਭਵ ਹੀ ਨਹੀਂ। ਲੁੱਟ ਪ੍ਰਧਾਨ ਸਮਾਜ ਵਿੱਚ ਦੂਜੇ ਦੀ ਲੁੱਟ ਇੱਕ ਆਮ ਵਰਤਾਰਾ ਮੰਨ ਕੇ ਸਵੀਕਾਰਿਆ ਜਾਂਦਾ ਹੈ। ਲੁੱਟ ਦੀਆਂ ਭਾਂਤੋ-ਭਾਂਤ ਕਿਸਮਾਂ ਹੋ ਸਕਦੀਆਂ ਹਨ। ਆਰਥਿਕ ਲੁੱਟ ਹੀ ਲੁੱਟ ਦਾ ਰੂਪ ਨਹੀਂ, ਸਰੀਰਕ, ਮਾਨਸਿਕ, ਭਾਵਨਾਤਮਿਕ ਰੂਪ ਵੀ ਹੋ ਸਕਦਾ ਹੈ ਲੁੱਟ ਦਾ। ਵਿਵਹਾਰਕ ਪੱਧਰ 'ਤੇ ਵੀ ਕਿਸੇ ਦੀ ਲੁੱਟ ਕੀਤੀ ਜਾ ਸਕਦੀ ਹੈ। ਬਲਾਤਕਾਰ, ਕਤਲ, ਬਲੈਕਮੇਲ ਆਦਿ ਨਾ-ਬਰਾਬਰੀ ਦੇ ਸਮਾਜ ਦੀਆਂ ਅਲਾਮਤਾਂ ਹੀ ਹਨ। ਰਿਸ਼ਤਿਆਂ ਦੀ ਅਨਾਰਕੀ ਅਸਾਵੇਂ ਸਮਾਜਿਕ ਪ੍ਰਬੰਧ ਦੀ ਹੀ ਦੇਣ ਹਨ, ਚੋਰ ਉਚੱਕੇ, ਲੱਠਮਾਰ, ਡਾਕੂ, ਕਾਤਲ, ਅਪਰਾਧੀ ਆਦਿ ਰਾਜ ਸੱਤਾ 'ਤੇ ਕਾਬਜ਼ ਹਨ। ਫਿਰ ਆਜ਼ਾਦ ਰਿਸ਼ਤਿਆਂ ਦੀ ਸਾਂਵੇਂ ਪੱਧਰੇ ਰਾਜ ਪ੍ਰਬੰਧ ਤੋਂ ਬਗੈਰ ਕਲਪਨਾ ਕੀਤੀ ਹੀ ਨਹੀਂ ਜਾ ਸਕਦੀ। ਹਰ ਸਿਸਟਮ ਦੇ ਰਿਸ਼ਤਿਆਂ ਦੀ ਆਪਣੀ ਪ੍ਰਿਭਾਸ਼ਾ ਹੁੰਦੀ ਹੈ। ਸਾਡੇ ਸੁਪਨਿਆਂ ਦੇ ਸਮਾਜ ਵਿੱਚ ਲਾਜ਼ਮੀ ਤੌਰ 'ਤੇ ਵਿਅਕਤੀ ਕੇਂਦਰਤ, ਗਰਜ਼ ਪ੍ਰਧਾਨ ਰਿਸ਼ਤੇ ਨਹੀਂ ਹੋਣਗੇ, ਸਗੋਂ ਕਿਰਤ ਦਾ ਸਤਿਕਾਰ ਕਰਦਿਆਂ ਬਰਾਬਰਤਾ ਦੇ ਆਧਾਰ 'ਤੇ ਉਸਰਨਗੇ ਰਿਸ਼ਤੇ। ਮੈਂ ਜਿਨ੍ਹਾਂ ਲੋਕਾਂ ਦੀ ਸੰਗਤ ਵਿੱਚ ਵਿਚਰ ਰਿਹਾ ਸਾਂ, ਤਰਕ ਸੰਗਤ ਗਤੀਸ਼ੀਲ ਰਿਸ਼ਤਿਆਂ ਦੀ ਵਿਗਿਆਨਕਤਾ ਅਤੇ ਸਮਾਜਿਕਤਾ ਨੂੰ ਸਥਾਪਤ ਕਰਦੇ ਜਾਪਦੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਤਰਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ