Merian Kahanian De Paatar : Ram Lal

ਮੇਰੀਆਂ ਕਹਾਣੀਆਂ ਦੇ ਪਾਤਰ : ਰਾਮ ਲਾਲ

ਦੁਨੀਆਂ ਵਿਚ ਕਿਸੇ ਨੂੰ ਪਤਾ ਨਹੀਂ ਉਹ ਕਿਸ ਮਕਸਦ ਲਈ ਪੈਦਾ ਹੋਇਆ ਹੈ। ਪਰ ਜ਼ਿੰਦਗੀ ਦੀ ਪਗਡੰਡੀ ਉੱਤੇ ਚਲਦਿਆਂ ਕਿਹੜੇ ਵੇਲੇ ਕਿਹੜਾ ਮੋੜ ਆ ਜਾਵੇ ਕੌਣ ਜਾਣਦਾ ਹੈ।
ਐਚ.ਜੀ. ਵੈਲਜ਼ ਦੇ ਅਖਾਣ ਮੁਤਾਬਕ 'ਇਕ ਆਦਮੀ ਦੋਸਤ ਵੀ ਹੋ ਸਕਦੈ ਤੇ ਦੁਸ਼ਮਣ ਵੀ, ਪਿਤਾ ਵੀ ਤੇ ਪੁੱਤਰ ਵੀ।'
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਸਾਡੇ ਸਿਰ ਵੱਡੇ ਹੋ ਗਏ ਹਨ ਤੇ ਦਿਲ ਛੋਟੇ। ਅਸੀਂ ਵਿਗਿਆਨ ਪੱਖੋਂ ਅੱਗੇ ਵਧੇ ਹਾਂ, ਪਰ ਰੂਹਾਨੀ ਤੌਰ 'ਤੇ ਬੌਣੇ ਹੋ ਗਏ ਹਾਂ।
ਪਰ ਰੱਬ ਨੇ ਦੇਵੇਂ ਚੀਜ਼ਾਂ ਪੁਰਸ਼ ਤੇ ਪ੍ਰਕਿਰਤੀ ਆਦਮੀ ਅੰਦਰ ਭਰ ਦਿੱਤੀਆਂ ਹਨ। ਇਸੇ ਲਈ ਉਹ 'ਮਾਇਆਵਾਦੀ' ਹੁੰਦਿਆਂ ਹੋਇਆਂ ਵੀ ਕਈ ਵਾਰੀ ਇਹੋ-ਜਿਹੇ ਕੰਮਾਂ ਵਿਚੋਂ ਸਕੂਨ (ਮਨ ਦੀ ਸ਼ਾਂਤੀ) ਲੱਭਦਾ ਹੈ ਜਿਹਨਾਂ ਦਾ ਪਦਾਰਥਵਾਦ ਜਾਂ ਆਰਥਕਤਾ ਨਾਲ ਕੋਈ ਮੇਲ ਨਹੀਂ।
ਇਹਨਾਂ ਕਹਾਣੀਆਂ ਦਾ ਕਹਾਣੀਕਾਰ ਪੇਸ਼ੇ ਦੇ ਲਿਹਾਜ਼ ਨਾਲ ਜੇਲ੍ਹਰ, ਕਲਮ ਦੇ ਲਿਹਾਜ਼ ਕਲਾਕਾਰ ਹੈ। ਉਸ ਦੇ ਜੀਵਨ ਦੇ ਦੋ ਵਿਰੋਧੀ ਧੁਰੇ ਇਕ ਦੂਜੇ ਨੂੰ ਖਿੱਚਦੇ ਹਨ। ਉਸ ਨੇ ਕੋਸ਼ਿਸ਼ ਕੀਤੀ ਹੈ ਕਿ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਉਹਨਾਂ ਦਿਲਾਂ ਦੀਆਂ ਧੜਕਣਾ ਸੁਣੇ ਜਿਹਨਾਂ ਨੂੰ ਦੇਖਣ-ਪਰਖਣ ਤੋਂ ਸਮਾਜ ਨੇ ਇਨਕਾਰ ਕਰ ਦਿੱਤਾ...ਤੇ ਉਹ ਹੱਥਾਂ ਵਿਚ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਾ ਕੇ ਬੇਰਹਿਮ-ਸਲਾਖ਼ਾਂ, ਠੰਢੇ-ਪੱਥਰ ਤੇ ਉਚੀਆਂ-ਕੰਧਾਂ ਦੀ ਛਾਂ ਹੇਠਾਂ ਜ਼ਿੰਦਗੀ ਦੇ ਸਾਹ ਮੰਗ ਮੰਗ ਕੇ ਲੈਣ ਲਈ ਮਜਬੂਰ ਹੋ ਗਏ। ਪਰ ਦੁਨੀਆਂ ਦਾ ਕੋਈ ਕਾਨੂੰਨ ਉਹਨਾਂ ਦੀ ਸੋਚ-ਉਡਾਰੀ ਨੂੰ ਪਿੰਜਰੇ ਵਿਚ ਬੰਦ ਨਹੀਂ ਕਰ ਸਕਿਆ। ਜੀਵਨ ਦੇ ਰਾਹ ਉੱਤੇ ਚਲਦਿਆਂ ਇਕ ਵਾਰ ਉਹਨਾਂ ਦਾ ਪੈਰ ਜ਼ਰੂਰ ਥਿੜਕਿਆ ਸੀ ਜੀਹਦਾ ਭੁਗਤਾਨ ਉਹ ਜੇਲ੍ਹ ਵਿਚ ਕਰ ਰਹੇ ਸਨ, ਪਰ ਆਮ ਤੌਰ 'ਤੇ ਉਹ ਕਰਮ ਦੇ ਕੈਦੀ ਸਨ—ਜਨਮ ਦੇ ਨਹੀਂ। ਰਾਤ ਦੇ ਸੰਨਾਟੇ ਵਿਚ ਉਹਨਾਂ ਦੀ ਸੋਚ ਫੇਰ ਉਡ ਕੇ ਟੋਢੀਆਂ-ਮੇਢੀਆਂ ਗਲੀਆਂ ਵਿਚੋਂ ਹੁੰਦੀ ਹੋਈ, ਵਾਹਣਾ ਨੂੰ ਟੱਪ ਕੇ ਖੂਹਾਂ ਦੇ ਪਾਸੇ ਨਵੀਆਂ ਉਗੀਆਂ ਤੇ ਪੱਕੀਆਂ ਫ਼ਸਲਾਂ ਦੇ ਕੋਲੋਂ ਦੀ ਲੰਘ ਕੇ, ਫੇਰ ਢਾਰੀ ਤੇ ਮਾੜੀ 'ਤੇ ਜਾ ਅੱਪੜਦੀ। ਜਿੱਥੇ ਉਹਨਾਂ ਨੇ ਪਿਆਰ ਤੇ ਨਫ਼ਰਤ ਦੋਵੇਂ ਵੇਖੇ ਸਨ। ਕਮੀ ਸੀ ਤਾਂ ਇਹ ਕਿ ਉਹਨਾਂ ਦਾ ਜੀਵਨ ਤਾਂ ਇਕ ਮੁਕੰਮਲ ਕਹਾਣੀ ਸੀ, ਪਰ ਨਾ ਉਹਨਾਂ ਨੂੰ ਲਿਖਣ ਦਾ ਢੰਗ ਆਉਂਦਾ ਸੀ ਨਾ ਸੁਣਾਉਣ ਦਾ ਢੰਗ ਥੱਪਥੱਪਾਉਂਦਾ। ਕਦੇ-ਕਦੇ ਜੇਲ੍ਹਰ ਦਾ ਪਿਆਰ ਭਰਿਆ ਹੱਥ ਉਹਨਾਂ ਦੀ ਪਿੱਠ ਨੂੰ ਥੱਪਥੱਪਾਉਂਦਾ ਤੇ ਉਹਨਾਂ ਬੇਰਹਿਮ ਜ਼ਾਲਮ ਹਤਿਆਰੇ ਬਦਮਾਸ਼ ਤੇ ਸਮਾਜ ਦੇ ਠੁਕਰਾਏ ਹੋਏ ਮੁਜਰਮਾਂ ਦੀ ਅੱਖਾਂ ਜਿਹੜੀਆਂ ਆਮ ਤੌਰ 'ਤੇ ਕਰੋਧ ਨਾਲ ਲਾਲ ਹੋਣੀਆਂ ਚਾਹੀਦੀਆਂ ਸਨ—ਪਤਾ ਨਹੀਂ ਕਿਉਂ ਛਲ-ਛਲ ਕਰਕੇ ਸਾਵਣ-ਭਾਦੋਂ ਬਣ ਜਾਂਦੀਆਂ ਤੇ ਉਹ ਟੁੱਟੇ-ਫੁੱਟੇ ਸ਼ਬਦਾਂ ਦੇ ਵਿਗੜੇ-ਤਿਗੜੇ ਫਿਕਰਿਆਂ ਵਿਚ ਆਪਣੇ ਜੀਵਨ ਦੇ ਉਹ ਵਾਕਿਆਤ ਸੁਣਾਉਣ ਲੱਗ ਪੈਂਦੇ ਜਿਹੜੇ ਉਹਨਾਂ ਕੋਲੋਂ ਪੁਲਸ ਦੀ ਮਾਰ ਤੇ ਸਮਾਜ ਹੀ ਨਫ਼ਰਤ ਨੇ ਕਦੇ ਸੀਨੇ 'ਚੋਂ ਬਾਹਰ ਨਹੀਂ ਕੱਢੇ ਸਨ।
ਪਤਾ ਨਹੀਂ ਇਹ ਜੀਵਨ ਕਥਾ ਸੁਣਾਉਣ ਲਈ ਉਹਨਾਂ ਦਾ ਦਿਲ ਕਦੋਂ ਦਾ ਲੋਚਦਾ ਸੀ। ਜੇ ਕਦੀ ਉਹ ਆਪਣੀ ਹਵਾੜ ਪਹਿਲੋਂ ਬਾਹਰ ਕੱਢ ਲੈਂਦੇ ਤੇ ਸਮਾਜ ਇਹਨਾਂ ਨੂੰ ਇਹਨਾਂ ਦਾ ਹੱਕ ਤੇ ਇਨਸਾਫ਼ ਦੇ ਦਿੰਦਾ ਤਾਂ ਸ਼ਾਇਦ ਇਹਨਾਂ ਖ਼ੂਨ ਦੇ ਨਾਲ ਰੰਗੇ ਹੋਏ ਹੱਥਾਂ ਵਿਚ ਮਹਿੰਦੀ ਦੀ ਸੁਗੰਧ ਹੁੰਦੀ। ਤੇ ਇਹਨਾਂ ਦੇ ਮੱਥੇ ਤੇ ਕਲੰਕ ਨਹੀਂ ਚੰਦਨ ਦਾ ਟਿੱਕਾ ਹੁੰਦਾ। ਤੇ ਸ਼ਾਇਦ ਇਹ ਜੀਵਨ ਦੇ ਪਤਵੰਤੇ ਮੁਹਾਜ਼ ਉਤੇ ਦੁਸ਼ਮਣ ਦਾ ਮੂੰਹ ਮੋੜਦੇ ਤੇ ਜੀਵਨ ਦੀਆਂ ਰਾਹਾਂ ਉਤੇ ਅਨੋਖੀਆਂ ਖੋਜਾਂ ਤੇ ਕਾਢਾਂ ਕੱਢ ਕੇ ਜੀਵਨ ਨੂੰ ਨਵਾਂ ਨਰੋਆ ਬਣਾਉਣ ਵਿਚ ਸਹਾਈ ਹੁੰਦੇ।
ਪਰ ਸਮੇਂ ਨੇ ਇਹਨਾ ਨੂੰ ਮੋਹਲਤ ਹੀ ਨਹੀਂ ਦਿੱਤੀ ਕਿ ਉਹਨਾਂ ਦੇ ਅੰਦਰ ਲੁਕੀ ਛੁਪੀ ਇਨਸਾਨੀਅਤ ਦੀ ਪਰਖ ਹੋ ਸਕੇ। ਉਹਨਾਂ ਚਾਰੇ ਪਾਸੇ ਵੇਖਿਆ, ਕਿਸੇ ਨੇ ਉਂਗਲੀ ਚੁੱਕੀ, ਕਿਸੇ ਮੱਥੇ ਤੇ ਤਿਊੜੀ ਪਾ ਲਈ, ਕਿਸੇ ਅੱਖਾਂ ਲਾਲ ਕਰ ਲਈਆਂ ਤੇ ਕਿਸੇ ਨੇ ਜੀਭ ਨਾਲ ਦੁਤਕਾਰ ਦਿੱਤਾ। ਉਹ ਹਰੇਕ ਕੋਲ ਗਏ, ਮਿੰਨਤ ਕੀਤੀ, ਮੈਨੂੰ ਸੁਣੋ, ਮੈਨੂੰ ਵੇਖੋ ਮੈਨੂੰ ਪਹਿਚਾਣੋ ਤੇ ਜਦੋਂ ਹਰ ਪਾਸਿਉਂ ਮਾਯੂਸੀ ਹੋਈ ਤੇ ਝੰਜਲਾ ਕੇ ਉਹਨਾਂ ਨੇ ਉਂਗਲ ਚੁਕਣ ਵਾਲੇ ਦੀ ਉਂਗਲ ਵੱਢੀ, ਤਿਊੜੀ ਵਾਲਾ ਮੱਥਾ ਭੰਨਿਆਂ, ਕਰੋਧੀ ਦੀਆਂ ਅੱਖਾਂ ਕੱਢੀਆਂ ਤੇ ਜ਼ਬਾਨ ਹਲਾਉਣ ਵਾਲੇ ਦੀ ਜ਼ਬਾਨ ਬੰਦ ਕਰ ਦਿੱਤੀ।
ਤੇ ਉਦਾਸ ਮਨ ਤੇ ਥੱਕੇ ਪੈਰਾਂ, ਰੋਂਦੀਆਂ ਅੱਖਾਂ ਤੇ ਕੁਰਲਾਂਦੀਆਂ ਸੱਧਰਾਂ ਨਾਲ ਬੁੱਲ੍ਹ ਸਿਉਂ ਕੇ ਚੁੱਪ-ਚੁਪੀਤੇ ਜੇਲ੍ਹਾਂ ਦੇ ਬੂਹੇ ਅੰਦਰ ਆ ਅੱਪੜੇ। ਤਾਂ ਕਿ ਬਰਬਾਦ ਬਸਤੀ ਆਬਾਦ ਕਰ ਸਕਣ। ਤੇ ਫੇਰ ਇਕ ਅਚੰਭਾ ਜਿਹਾ ਹੋਇਆ ਕਿ ਜਿਹੜੇ ਬੰਦੇ ਨੂੰ ਉਹ ਸਮਝਦੇ ਸਨ ਜਿਹਦੇ ਕੋਲ ਗਾਲੀ-ਗੋਲੀ, ਧੀਂਗਾ ਮੁਸ਼ਟੀ, ਠੁੱਡਾ-ਡੰਡਾ ਤੇ ਖਿੜੇ ਮੱਥੇ ਦੀ ਗੱਲ ਈ ਕੋਈ ਨਹੀਂ ਤੇ ਜਦੋਂ ਉਸਨੂੰ ਮੁਸਕਰਾਉਂਦਿਆਂ ਵੇਖਿਆ ਤਾਂ ਉਹ ਠਿਠਕ ਕੇ ਰਹਿ ਗਏ। ਇਹ ਪਿਆਰ ਉਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਅਚੰਭਾ ਬਣ ਗਿਆ। ਉਹ ਸੋਚਣ ਲੱਗੇ ਇਹ ਸੱਚ ਹੈ, ਸੁਪਨਾ ਤਾਂ ਨਹੀ? ਜਿਹੜੇ ਆਪਣੇ ਸਨ ਉਹ ਪਰਾਏ ਹੋ ਗਏ, ਇਹ ਪਰਾਇਆ ਆਪਣਾ ਕਿਵੇਂ ਬਣ ਸਕਦੈ...!
ਪਰ ਜਦੋਂ ਨਿੱਤ ਨਵੇਂ ਸੂਰਜ ਉਸ ਜੇਲ੍ਹਰ ਦਾ ਪਿਆਰ ਡੂੰਘਾ ਹੀ ਹੁੰਦਾ ਗਿਆ ਮੁਸਕਰਾਹਟ ਚਮਕਦੀ ਹੀ ਰਹੀ। ਸ਼ਬਦਾਂ ਵਿਚ ਸ਼ਹਿਦ ਘੁਲਦਾ ਰਿਹਾ ਤਾਂ ਉਹਨਾਂ ਪੱਥਰ ਦੇ ਬੰਦਿਆਂ ਦਾ ਦਿਲ ਹੌਲੀ-ਹੌਲੀ ਮੋਮ ਬਣਾ ਗਿਆ। ਤੇ ਜ਼ਿੰਦਗੀ ਦੀ ਜੋਤ ਜਗ ਪਈ। ਤੇ ਜੇਲ੍ਹ ਦੇ ਹਨੇਰੇ ਵਿਚ ਇਹ ਦੋਵੇਂ ਹਾਕਮ ਤੇ ਮਹਿਕੂਮ ਜੇਲ੍ਹਰ ਤੇ ਕੈਦੀ ਇਕ ਦੂਜੇ ਵਿਚ ਗਡਮਡ ਹੋ ਕੇ ਰਹਿ ਗਏ ਤਾਂ ਇਸ ਵਿਚੋਂ ਉਸ ਇਨਸਾਨੀਅਤ ਨੇ ਜਨਮ ਲਿਆ, ਜਿਸ ਦਾ ਰੂਪ ਮੇਰੀ ਇਸ ਪੁਸਤਕ ਵਿਚ ਦਰਜ ਕਹਾਣੀਆਂ ਹਨ।

—ਰਾਮਪਾਲ

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ