Nuksaan Mexican Kahani : Jack London
ਨੁਕਸਾਨ ਮੈਕਸੀਕਨ ਕਹਾਣੀ : ਜੈਕ ਲੰਡਨ
ਇੱਕ
ਉਹਦੀ ਪਿਛਲੀ ਜ਼ਿੰਦਗੀ ਬਾਰੇ ਕੋਈ ਨਹੀਂ ਸੀ ਜਾਣਦਾਬਾਗੀ ਦਲ ਦੇ ਉਹ ਆਗੂ ਵੀ ਸਭ ਤੋਂ ਘੱਟ ਜਾਣਦੇ ਸਨ। ਉਹਨਾਂ ਲਈ ਉਹ ਇੱਕ ਭੇਤ ਸੀ ਪਰ ਉਹਨਾਂ ਦੀ ਨਜ਼ਰ ਵਿੱਚ ਉਹ ਦੇਸ਼ਭਗਤ ਵੀ ਸੀ ਅਤੇ ਸੈਕਸੀਕੋ ਵਿੱਚ ਆਉਣ ਵਾਲ਼ੇ ਇਨਕਲਾਬ ਲਈ ਉਹ ਵੀ ਓਨੀ ਹੀ ਸਖ਼ਤ ਮਿਹਨਤ ਕਰ ਰਿਹਾ ਸੀ ਜਿੰਨੀ ਕਿ ਉਹ। ਉਹਨਾਂ ਨੇ ਇਸ ਗੱਲ ਨੂੰ ਦੇਰ ਨਾਲ਼ ਪਛਾਣਿਆ ਕਿਉਂਕਿ ਆਗੂਆਂ ਦੀ ਮੰਡਲੀ ਵਿੱਚੋਂ ਕੋਈ ਉਹਨੂੰ ਪਸੰਦ ਨਹੀਂ ਸੀ ਕਰਦਾ। ਜਿਸ ਦਿਨ ਉਹ ਪਹਿਲੀ ਵਾਰ ਉਹਨਾਂ ਦੇ ਭੀੜਾਂ-ਭਰੇ, ਰੁੱਝੇ ਕਮਰਿਆਂ ਵਿੱਚ ਆਇਆ ਸੀ, ਉਹਨਾਂ ਸਭ ਨੇ ਉਸ ’ਤੇ ਜਸੂਸ ਹੋਣ ਦਾ ਸ਼ੱਕ ਕੀਤਾ ਸੀ| ਉਹਨਾਂ ਨੂੰ ਲੱਗਿਆ ਕਿ ਉਹ ਵੀ ਦਿਆਜ਼ ਦੀ ਖੁਫ਼ਿਆ ਸੇਵਾ ਦੇ ਭਾੜੇ ਦੇ ਲੋਕਾਂ ਵਿੱਚੋਂ ਇੱਕ ਹੈ। ਉਹਨਾਂ ਦੇ ਬਹੁਤੇ ਸਾਥੀ ਅਮਰੀਕਾ-ਭਰ ਵਿੱਚ ਖਿੰਡੀਆਂ ਨਾਗਰਿਕ ਅਤੇ ਫੌਜੀ ਜੇਲਾਂ ਵਿੱਚ ਕੈਦ ਸਨ ਅਤੇ ਉਸ ਸਮੇਂ ਵੀ ਬਹੁਤੇ ਹੋਰ ਸਾਥੀ ਸੰਗਲਾਂ ਵਿੱਚ ਜਕੜੇ ਸਰਹੱਦੋਂ ਪਾਰ ਲਿਜਾਏ ਜਾ ਰਹੇ ਸਨ ਜਿੱਥੇ ਉਹਨਾਂ ਨੂੰ ਕੱਚੀਆਂ ਇੱਟਾਂ ਦੀਆਂ ਕੰਧਾਂ ਸਾਹਮਣੇ ਖੜਾ ਕਰਕੇ ਗੋਲ਼ੀ ਮਾਰ ਦਿੱਤੀ ਜਾਂਦੀ ਸੀ।
ਪਹਿਲੀ ਨਜ਼ਰੇ ਉਸ ਮੁੰਡੇ ਨੇ ਉਹਨਾਂ ’ਤੇ ਚੰਗਾ ਅਸਰ ਨਹੀਂ ਛੱਡਿਆ। ਉਹ ਮੁੰਡੂ ਜਿਹਾ ਹੀ ਤਾਂ ਸੀ, ਉਹ ਅਠਾਰਾਂ ਤੋਂ ਵੱਧ ਦਾ ਨਹੀਂ ਹੋਵੇਗਾ ਅਤੇ ਉਮਰ ਦੇ ਲਿਹਾਜ਼ ਤੋਂ ਉਹਦਾ ਸ਼ਰੀਰ ਜ਼ਿਆਦਾ ਵੱਡਾ ਨਹੀਂ ਸੀ। ਉਹਨੇ ਕਿਹਾ ਕਿ ਉਹ ਫੇਲਿਪੇ ਰਿਵੇਰਾ ਹੈ ਅਤੇ ਇਨਕਲਾਬ ਲਈ ਕੰਮ ਕਰਨਾ ਚਾਹੁੰਦਾ ਹੈ। ਬਸ, ਇਨਾ ਹੀ ਇੱਕ ਵੀ ਫਾਲਤੂ ਸ਼ਬਦ ਨਹੀਂ, ਅੱਗੇ ਕੁੱਝ ਹੋਰ ਦੱਸਣ ਦੀ ਕੋਸ਼ਿਸ਼ ਵੀ ਨਹੀਂ। ਉਹ ਖੜਾ ਜਵਾਬ ਦਾ ਇੰਤਜ਼ਾਰ ਕਰ ਰਿਹਾ ਸੀ। ਉਹਦੇ ਬੁੱਲਾਂ ’ਤੇ ਕੋਈ ਮੁਸਕਾਨ ਨਹੀਂ ਸੀ ਨਾ ਹੀ ਅੱਖਾਂ ਵਿੱਚ ਖੁਸ਼ਮਿਜ਼ਾਜੀ। ਲੰਬੇ-ਤਗੜੇ, ਚੁਸਤ-ਚਲਾਕ ਪੌਲਿਨੋ ਵੇਰਾ ਨੂੰ ਆਪਣੇ ਅੰਦਰ ਹਲਕੀ ਜਿਹੀ ਕੰਬਣੀ ਮਹਿਸੂਸ ਹੋਈ। ਉਹ ਕੁਝ ਬੁਰਾ, ਭਿਆਨਕ, ਅਬੁੱਝ ਜਿਹੀ ਚਿਜ਼ ਸੀ। ਮੁੰਡੇ ਦੀਆਂ ਕਾਲੀਆਂ ਅੱਖਾਂ ਵਿੱਚ ਕੁੱਝ ਜ਼ਹਿਰੀ ਤੇ ਸੱਪ ਜਿਹਾ ਸੀ। ਉਹ ਠੰਡੀ ਅੱਗ ਦੀ ਤਰ੍ਹਾਂ ਬਲ਼ ਰਹੀਆਂ ਸਨ, ਜਿਵੇਂ ਉਹਨਾਂ ਵਿੱਚ ਬੇਥਾਹ, ਘਣੀ ਕੌੜ ਧੁਖ ਰਹੀ ਹੋਵੇ। ਉਹਦੀਆਂ ਨਿਗਾਹਾਂ ਸਾਜ਼ਿਸ਼ਕਾਰਾਂ ਦੇ ਚਿਹਰਿਆਂ ਤੋਂ ਉਸ ਟਾਈਪਰਾਈਟਰ ਤੱਕ ਲਿਸ਼ਕ ਗਈਆਂ ਜਿਸ ’ਤੇ ਸੁਕੜੀ ਜਿਹੀ ਸ਼੍ਰੀਮਤੀ ਸੇਦਬੀ ਬੜੀ ਲਗਨ ਨਾਲ਼ ਜੁਟੀ ਹੋਈ ਸੀ। ਉਹਦੀਆਂ ਅੱਖਾਂ ਇੱਕ ਪਲ ਲਈ ਉਹਨਾਂ ’ਤੇ ਟਿਕੀਆਂਉਹਨਾਂ ਨੇ ਉਸੇ ਸਮੇਂ ਨਿਗ੍ਹਾ ਚੁੱਕੀ ਸੀਅਤੇ ਉਹਨਾਂ ਨੂੰ ਵੀ ਉਸ ਅਜੀਬ ਜਿਹੀ ਚੀਜ਼ ਅਹਿਸਾਸ ਹੋਇਆ; ਉਹਨਾਂ ਦੀਆਂ ਉਂਗਲਾਂ ਆਪਣੇ ਆਪ ਰੁਕ ਗਈਆਂ। ਚਿੱਠੀ ਦੀ ਟਾਈਪਿੰਗ ਜਾਰੀ ਰੱਖਣ ਲਈ ਉਹਨਾਂ ਨੂੰ ਇੱਕ ਵਾਰ ਮਗਰ ਤੱਕ ਪੜ੍ਹਨਾ ਪਿਆ।
ਪੌਲਿਨੋ ਵੇਰਾ ਨੇ ਸਵਾਲੀਆ ਨਜ਼ਰਾਂ ਨਾਲ਼ ਅਰੇਲਾਨੋ ਅਤੇ ਰਾਮੋਸ ਵੱਲ ਦੇਖਿਆ ਅਤੇ ਉਹਨਾਂ ਸਵਾਲੀਆਂ ਨਜ਼ਰਾਂ ਨਾਲ਼ ਉਹਨੂੰ ਅਤੇ ਇੱਕ-ਦੂਸਰੇ ਨੂੰ ਦੇਖਿਆ। ਸ਼ੱਕ ਤੋਂ ਉਪਜਿਆ ਅਨਿਸ਼ਚਾ ਉਹਨਾਂ ਦੀਆਂ ਅੱਖਾਂ ਵਿੱਚੋਂ ਝਲਕ ਰਿਹਾ ਸੀ। ਇਹ ਪੋਲਾ-ਜਿਹਾ ਮੁੰਡਾ ‘ਅਣਜਾਣ’ ਸੀ, ਮੰਨੋ ‘ਅਣਜਾਣ’ ਦੇ ਸਾਰੇ ਸ਼ੱਕ ਉਸ ਵਿੱਚ ਸਮੋਏ ਹੋਏ ਸਨ। ਉਹਨੂੰ ਪਹਿਚਾਣਿਆ ਨਹੀਂ ਜਾ ਸਕਦਾ ਸੀ, ਉਹ ਇਮਾਨਦਾਰ, ਸਧਾਰਣ ਇਨਕਲਾਬੀਆਂ ਦੇ ਦਿਸਹੱਦੇ ਤੋਂ ਪਰ੍ਹਾਂ ਦੀ ਕੋਈ ਚੀਜ਼ ਭਾਸਦੀ ਸੀ। ਦਿਆਜ਼ ਅਤੇ ਉਸਦੀ ਤਾਨਾਸ਼ਾਹੀ ਤੋਂ ਇਹ ਇਨਕਲਾਬੀ ਬਸ ਇਮਾਨਦਾਰ ਅਤੇ ਸਾਧਾਰਣ ਦੇਸ਼ਭਗਤਾਂ ਦੇ ਰੂਪ ਵਿੱਚ ਜ਼ਬਰਦਸਤ ਨਫ਼ਰਤ ਕਰਦੇ ਸਨ। ਪਰ ਇਥੇ ਉਹਨਾਂ ਅੱਗੇ ਕੁੱਝ ਹੋਰ ਸੀ, ਉਹ ਨਹੀਂ ਜਾਣਦੇ ਸਨ ਕਿ ਇਹ ਕੀ ਹੈ। ਹਮੇਸ਼ਾ ਹੀ ਸਭ ਤੋਂ ਉਦਮੀ, ਸਭ ਤੋਂ ਪਹਿਲਾਂ ਹਰਕਤ ਵਿੱਚ ਆਉਣ ਵਾਲ਼ੇ ਵੇਰਾ ਨੇ ਚੁੱਪ ਤੋੜੀ।
‘‘ਠੀਕ ਹੈ,’’ ਉਹਨੇ ਠੰਡੇ ਲਹਿਜੇ ਵਿੱਚ ਕਿਹਾ। ‘‘ਤੂੰ ਕਹਿੰਨਾ ਏਂ ਕਿ ਤੂੰ ਇਨਕਲਾਬ ਲਈ ਕੰਮ ਕਰਨਾ ਚਾਹੁੰਨਾ। ਆਪਣਾ ਕੋਟ ਲਾਹ। ਇਹਨੂੰ ਉੱਥੇ ਟੰਗ ਦੇ। ਮੈਂ ਤੈਨੂੰ ਦੱਸਦਾਂ, ਇੱਧਰ ਆ, ਬਾਲਟੀ ਅਤੇ ਪੋਚਾ ਕਿੱਥੇ ਹੈ? ਫਰਸ਼ ਗੰਦਾ ਹੈ। ਤੂੰ ਇੱਥੋਂ ਸ਼ੁਰੂ ਕਰ ਤੇ ਫਿਰ ਸਾਰੇ ਕਮਰਿਆਂ ਦੇ ਫਰਸ਼ ਰਗੜਕੇ ਸਾਫ ਕਰ ਸੁੱਟ। ਥੁੱਕਦਾਨ ਵੀ ਗੰਦੇ ਹੋ ਗਏ ਹਨ। ਇਸਤੋਂ ਬਾਅਦ ਬਾਰੀਆਂ ਸਾਫ਼ ਕਰਨੀਆਂ ਹੋਣਗੀਆਂ।’’
‘‘ਇਹ ਸਭ ਇਨਕਲਾਬ ਲਈ ਹੈ?’’ ਮੁੰਡੇ ਨੇ ਪੁੱਛਿਆ।
‘‘ਇਹ ਸਭ ਇਨਕਲਾਬ ਲਈ ਹੈ।’’ ਵੇਰਾ ਨੇ ਜਵਾਬ ਦਿੱਤਾ।
ਰਿਵੇਰਾ ਨੇ ਉਹਨਾਂ ਸਭ ’ਤੇ ਸ਼ੱਕ ਭਰੀ ਇੱਕ ਠੰਡੀ ਨਜ਼ਰ ਸੁੱਟੀ, ਫਿਰ ਆਪਣਾ ਕੋਟ ਲਾਹੁਣ ਲੱਗ ਪਿਆ।
‘‘ਠੀਕ ਹੈ।’’ ਉਹਨੇ ਕਿਹਾ।
ਬਸ, ਹੋਰ ਕੁੱਝ ਨਹੀਂ। ਹਰ ਰੋਜ਼ ਉਹ ਆਪਣੇ ਕੰਮ ’ਤੇ ਆ ਜਾਂਦਾ ਸੀਝਾੜੂ ਫੇਰਦਾ, ਪੋਚਾ ਲਾਉਂਦਾ, ਸਫ਼ਾਈ ਕਰਦਾ ਸੀ। ਉਹ ਅੰਗੀਠੀ ਦੀ ਸਵਾਹ ਕੱਢਕੇ ਸੁੱਟਦਾ ਸੀ, ਕੋਲ਼ਾ ਅਤੇ ਲਕੜਾਂ ਦੇ ਚਪਟੇ ਲਿਆਉਂਦਾ ਸੀ ਅਤੇ ਉਹਨਾਂ ’ਚੋਂ ਸਭ ਤੋਂ ਊਰਜਾਵਾਨ ਵਿਅਕਤੀ ਦੇ ਆਪਣੇ ਮੇਜ਼ ’ਤੇ ਪਹੁੰਚਣ ਤੋਂ ਪਹਿਲਾਂ ਹੀ ਅੰਗੀਠੀਆਂ ਧੁਖਾ ਚੁੱਕਿਆ ਹੁੰਦਾ ਸੀ।
‘‘ਕੀ ਮੈਂ ਇੱਥੇ ਸੌਂ ਸਕਦਾ ਹਾਂ?’’ ਇੱਕ ਵਾਰ ਉਸਨੇ ਪੁੱਛਿਆ।
ਓ-ਹੋ! ਤਾਂ ਇਹ ਗੱਲ ਹੈ ਅਖੀਰ ਦਿਆਜ਼ ਦਾ ਹੱਥ ਨਜ਼ਰੀਂ ਪੈ ਹੀ ਗਿਆ! ਜੁੰਤਾ ਦੇ ਕਮਰਿਆਂ ਵਿੱਚ ਸੌਣ ਦਾ ਮਤਲਬ ਸੀ ਉਹਨਾਂ ਸਾਰੀਆਂ ਖੁਫੀਆ ਜਾਣਕਾਰੀਆਂ ਤੱਕ ਸਿੱਧੀ ਪਹੁੰਚ ਲੋਕਾਂ ਦੇ ਨਾਵਾਂ ਦੀਆਂ ਸੂਚੀਆਂ, ਮੈਕਸੀਕਨ ਧਰਤੀ ’ਤੇ ਮੌਜੂਦ ਸਾਰੇ ਕਾਮਰੇਡਾਂ ਦੇ ਪਤੇ, ਸਾਰੇ ਉਹਦੇ ਹੱਥ ਪੈ ਜਾਂਦੇ। ਬੇਨਤੀ ਠੁਕਰਾ ਦਿੱਤੀ ਗਈ ਤੇ ਰਿਵੇਰਾ ਨੇ ਦੁਬਾਰਾ ਕਦੀ ਵੀ ਇਸਦਾ ਜ਼ਿਕਰ ਨਹੀਂ ਕੀਤਾ। ਉਹ ਕਿੱਥੇ ਸੌਂਦਾ ਸੀ, ਇਹਦੇ ਬਾਰੇ ਉਹ ਨਹੀਂ ਸਨ ਜਾਣਦੇ ਅਤੇ ਨਾ ਹੀ ਉਹਨਾਂ ਨੂੰ ਪਤਾ ਸੀ ਕਿ ਉਹ ਕਿੱਥੇ ਖਾਂਦਾ ਹੈ ਤੇ ਕਿਸ ਤਰਾਂ ਖਾਂਦਾ ਹੈ। ਇੱਕ ਵਾਰ ਅਰੇਲਾਨੋ ਨੇ ਉਸਨੂੰ ਇੱਕ-ਦੋ ਡਾਲਰ ਦੇਣੇ ਚਾਹੇ। ਰਿਵੇਰਾ ਨੇ ਸਿਰ ਹਿਲਾਕੇ ਪੈਸੇ ਲੈਣ ਤੋਂ ਮਨਾਂ ਕਰ ਦਿੱਤਾ। ਜਦ ਵੇਰਾ ਨੇ ਵੀ ਜ਼ੋਰ ਦੇ ਕੇ ਪੈਸੇ ਲੈਣ ਲਈ ਕਿਹਾ, ਤਾਂ ਉਸਨੇ ਕਿਹਾ:
‘‘ਮੈਂ ਇਨਕਲਾਬ ਲਈ ਕੰਮ ਕਰ ਰਿਹਾ ਹਾਂ।’’
ਆਧੁਨਿਕ ਇਨਕਲਾਬ ਦੀ ਤਿਆਰੀ ਵਿੱਚ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਅਤੇ ਜੁੰਤਾ ਦੇ ਹੱਥ ਹਮੇਸ਼ਾ ਹੀ ਤੰਗ ਰਹਿੰਦੇ ਸਨ। ਸਾਰੇ ਮੈਂਬਰ ਅੱਧਾ ਢਿੱਡ ਖਾਂਦੇ ਸਨ ਅਤੇ ਦਿਨ-ਰਾਤ ਕੰਮ ਵਿੱਚ ਜੁਟੇ ਰਹਿੰਦੇ ਸਨ, ਫਿਰ ਵੀ ਅਜਿਹੇ ਮੌਕੇ ਆਉਂਦੇ ਸਨ ਜਦ ਲਗਦਾ ਸੀ ਕਿ ਇਨਕਲਾਬ ਦਾ ਟਿਕੇ ਰਹਿਣਾ ਜਾਂ ਹਾਰ ਜਾਣਾ ਬਸ ਕੁੱਝ ਡਾਲਰਾ ਦੀ ਹੀ ਖੇਡ ਹੈ। ਇੱਕ ਵਾਰ, ਅਤੇ ਇਹ ਪਹਿਲੀ ਵਾਰ ਸੀ, ਜਦ ਮਕਾਨ ਦਾ ਕਿਰਾਇਆ ਦੋ ਮਹੀਨੇ ਤੋਂ ਬਾਕੀ ਸੀ ਅਤੇ ਮਕਾਨ ਮਾਲਿਕ ਉਹਨਾਂ ਨੂੰ ਬਾਹਰ ਕੱਢਣ ਦੀ ਧਮਕੀ ਦੇ ਰਿਹਾ ਸੀ, ਤਾਂ ਇਸੇ ਫੇਲਿਪੇ ਰਿਵੇਰਾ, ਘਟੀਆ ਚਿੱਥੜੇ ਕਪੜਿਆਂ ਵਿੱਚ ਲਪੇਟੇ ਪੋਚੇ ਵਾਲ਼ੇ ਮੁੰਡੇ ਨੇ ਮੇ ਸੇਦਬੀ ਦੀ ਮੇਜ਼ ’ਤੇ ਸੱਠ ਡਾਲਰ ਦੇ ਸੋਨੇ ਦੇ ਸਿੱਕੇ ਲਿਆਕੇ ਰੱਖ ਦਿੱਤੇ ਸਨ। ਫਿਰ ਹੋਰ ਵੀ ਮੌਕੇ ਆਏ। ਹਮੇਸ਼ਾ ਰੁੱਝੇ ਰਹਿਣ ਵਾਲ਼ੇ ਟਾਈਪਰਾਈਟਰਾਂ ’ਤੇ ਲਿਖੀਆਂ ਤਿੰਨ ਸੌ ਚਿੱਠੀਆਂ ਭੇਜਣ ਲਈ ਪਈਆਂ ਸਨ, ਪਰ ਡਾਕ ਟਿਕਟਾਂ ਲਈ ਪੈਸੇ ਨਹੀਂ ਸਨ। (ਇਹਨਾਂ ਵਿੱਚ ਮਦਦ ਲਈ ਜਥੇਬੰਦ ਮਜ਼ਦੂਰ ਗਰੁੱਪਾਂ ਤੋਂ ਚੰਦੇ ਦੀਆਂ ਅਪੀਲਾਂ ਸਨ, ਅਖ਼ਬਾਰਾਂ ਦੇ ਸੰਪਾਦਕਾਂ ਦੇ ਨਾਮ ਚਿੱਠੀਆਂ ਅਤੇ ਪ੍ਰੈਸ ਨੋਟ ਸਨ ਅਤੇ ਅਮਰੀਕੀ ਅਦਾਲਤਾਂ ਵਿੱਚ ਇਨਕਲਾਬੀਆਂ ਦੇ ਨਾਲ਼ ਤਾਨਾਸ਼ਾਹ ਵਿਵਹਾਰ ਵਿਰੁੱਧ ਵਿਰੋਧ ਦੇ ਪੱਤਰ ਸਨ)। ਵੇਰਾ ਦੀ ਘੜੀ ਵਿਕ ਚੁੱਕੀ ਸੀ| ਪੁਰਾਣੇ ਫੈਸ਼ਨ ਦੀ ਸੋਨੇ ਦੀ ਉਹ ਘੜੀ ਉਹਦੇ ਪਿਓ ਦੀ ਸੀ। ਮੇ ਸੇਦਬੀ ਦੀ ਤੀਸਰੀ ਉਂਗਲੀ ਤੋਂ ਸੋਨੇ ਦੀ ਮੁੰਦਰੀ ਵੀ ਜਾ ਚੁੱਕੀ ਸੀ। ਹਾਲਾਤ ਬਦਹਵਾਸ ਸਨ। ਰਾਮੋਸ ਅਤੇ ਅਰੇਲਾਨੋ ਨਿਰਾਸ਼ਾ ’ਚ ਆਪਣੀਆਂ ਲੰਬੀਆਂ ਮੁੱਛਾਂ ਖਿੱਚਦੇ ਰਹਿੰਦੇ ਸਨ। ਚਿੱਠੀਆਂ ਹਰ ਹਾਲ ਭੇਜਣੀਆਂ ਸਨ ਅਤੇ ਡਾਕਖਾਨੇ ਵਾਲ਼ੇ ਉਧਾਰ ਟਿਕਟਾਂ ਦੇਣ ਲਈ ਰਾਜ਼ੀ ਨਹੀਂ ਸਨ। ਉਸ ਸਮੇਂ ਵੀ ਰਿਵੇਰਾ ਨੇ ਟੋਪੀ ਸਿਰ ’ਤੇ ਰੱਖੀ ਤੇ ਬਾਹਰ ਨਿਕਲ਼ ਗਿਆ। ਜਦ ਉਹ ਮੁੜਿਆ ਤਾਂ ਉਹਨੇ ਮੇ ਸੇਦਬੀ ਦੀ ਮੇਜ਼ ’ਤੇ ਦੋ ਸੈਂਟ ਵਾਲ਼ੇ ਇੱਕ ਹਜ਼ਾਰ ਟਿਕਟ ਰੱਖ ਦਿੱਤੇ।
‘‘ਮੈਂ ਸੋਚਦਾਂ ਕਿ ਕਿਤੇ ਇਹ ਸੋਨਾ ਦਿਆਜ਼ ਦਾ ਤਾਂ ਨਹੀਂ?’’ ਵੇਰਾ ਨੇ ਸਾਥੀਆਂ ਨੂੰ ਕਿਹਾ।
ਉਹਨਾਂ ਤਿਊੜੀਆਂ ਚੜਾ ਲਈਆਂ ਪਰ ਕੁੱਝ ਵੀ ਤੈਅ ਨਾ ਕਰ ਸਕੇ। ਅਤੇ ਇਨਕਲਾਬ ਲਈ ਪੋਚਾ ਲਾਉਣ ਵਾਲ਼ਾ ਫੇਲਿਪੇ ਰਿਵੇਰਾ ਮੌਕਾ ਪੈਣ ’ਤੇ ਜੁੰਤਾ ਦੀ ਵਰਤੋਂ ਲਈ ਸੋਨਾ ਅਤੇ ਚਾਂਦੀ ਲਿਆਉਂਦਾ ਰਿਹਾ।
ਅਤੇ ਫਿਰ ਵੀ ਉਹ ਉਸਨੂੰ ਪਸੰਦ ਨਹੀਂ ਕਰ ਪਾ ਰਹੇ ਸਨ। ਉਹ ਉਸਨੂੰ ਜਾਣਦੇ ਨਹੀਂ ਸਨ। ਉਹਦੇ ਤੌਰ-ਤਰੀਕੇ ਉਹਨਾਂ ਵਰਗੇ ਨਹੀਂ ਸਨ। ਉਹ ਵਿਸ਼ਵਾਸ ਨਹੀਂ ਜਗਾਉਂਦਾ ਸੀ। ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਉਹਦੇ ਠੰਡੇ ਰੁਖ ਕਰਕੇ ਅਸਫਲ ਹੋ ਜਾਂਦੀਆਂ ਸਨ। ਉਹ ਬਸ ਮੁੰਡਾ ਹੀ ਸੀ, ਫਿਰ ਵੀ ਉਹ ਉਸਤੋਂ ਪੁਛਗਿੱਛ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ ਸਨ।
‘‘ਸ਼ਾਇਦ ਉਹ ਇੱਕ ਮਹਾਨ ਅਤੇ ਇਕਾਂਗੀ ਆਤਮਾ ਹੈ; ਪਤਾ ਨਹੀਂ, ਮੈਂ ਸਮਝ ਨਹੀਂ ਪਾਉਂਦਾ, ਕੁੱਝ ਵੀ ਸਮਝ ਨਹੀਂ ਪਾਉਂਦਾ!’’ ਅਰੇਲਾਨੋ ਨੇ ਝੰਝਲਾ ਕੇ ਕਿਹਾ।
‘‘ਉਹ ਇਨਸਾਨ ਨਹੀਂ ਹੈ।’’ ਰਾਮੋਸ ਬੋਲਿਆ।
‘‘ਉਸਦੀ ਆਤਮਾ ਦਾਗ਼ ਦਿੱਤੀ ਗਈ ਹੈ,’’ ਮੇ ਸੇਦਬੀ ਨੇ ਕਿਹਾ। ‘‘ਹਾਸਾ-ਠੱਠਾ ਤਾਂ ਉਸਦੇ ਅੰਦਰ ਜਿਵੇਂ ਝੁਲਸ ਚੁੱਕਾ ਹੈ। ਉਹ ਮਰਿਆਂ ਵਰਗਾ ਹੈ, ਫਿਰ ਵੀ ਉਹ ਇਸ ਹੱਦ ਤੱਕ ਜ਼ਿੰਦਾ ਹੈ ਕਿ ਡਰ ਲਗਦਾ ਹੈ।’’
‘‘ਉਹ ਨਰਕ ’ਚੋਂ ਹੋ ਕੇ ਨਿਕਲਿਆ ਹੈ,’’ ਵੇਰਾ ਨੇ ਕਿਹਾ। ‘‘ਕੋਈ ਵੀ ਇਨਸਾਨ ਅਜਿਹਾ ਨਹੀਂ ਦਿਖ ਸਕਦਾ ਜੇ ਉਹ ਨਰਕਾਂ ’ਚੋਂ ਨਾ ਨਿਕਲਿਆ ਹੋਵੇ ਅਤੇ ਉਹ ਤਾਂ ਹਾਲ਼ੇ ਮੁੰਡਾ ਜਿਹਾ ਹੀ।’’
ਫਿਰ ਵੀ ਉਹ ਉਸਨੂੰ ਪਸੰਦ ਨਹੀਂ ਕਰ ਪਾਉਂਦੇ ਸਨ। ਉਹ ਕਦੇ ਗੱਲਾਂ ਨਹੀਂ ਸੀ ਮਾਰਦਾ, ਕਦੇ ਕੁੱਝ ਪੁੱਛਦਾ ਨਹੀਂ ਸੀ, ਕਦੇ ਸਲਾਹ ਨਹੀਂ ਦਿੰਦਾ ਸੀ। ਜਦੋਂ ਉਹ ਇਨਕਲਾਬ ਬਾਰੇ ਜੋਸ਼ ਨਾਲ਼ ਗੱਲਾਂ ਕਰਦੇ ਸਨ, ਤਾਂ ਉਹ ਚੁੱਪ-ਚਾਪ ਖੜਾ ਸੁਣਦਾ ਰਹਿੰਦਾ ਸੀ; ਉਹਦਾ ਚਿਹਰਾ ਭਾਵਹੀਣ ਹੁੰਦਾ ਸੀ, ਜਿਵੇਂ ਮਰਿਆ ਹੋਵੇ, ਬਸ ਉਹਦੀਆਂ ਅੱਖਾਂ ਵਿੱਚ ਠੰਡੀ ਅੱਗ ਧੁਖਦੀ ਰਹਿੰਦੀ ਸੀ। ਬਰਫ਼ ਦੇ ਚਮਕਦੇ ਵਰਮਿਆਂ ਵਾਂਗ ਵਿੰਨਦੀਆਂ ਉਹਦੀਆਂ ਨਜ਼ਰਾਂ ਹਰੇਕ ਬੋਲਣ ਵਾਲ਼ੇ ਦੇ ਚਿਹਰੇ ’ਤੇ ਫਿਰਦੀਆਂ ਰਹਿੰਦੀਆਂ ਸਨ ਜਿਸਤੋਂ ਉਹ ਪ੍ਰੇਸ਼ਾਨ ਅਤੇ ਵਿਚਲਤ ਹੋ ਜਾਂਦੇ ਸਨ।
‘‘ਉਹ ਕੋਈ ਜਸੂਸ ਨਹੀਂ ਹੈ,’’ ਇੱਕ ਵਾਰ ਵੇਰਾ ਨੇ ਮੇ ਸੇਦਬੀ ਨੂੰ ਆਪਣੇ ਦਿਲ ਦੀ ਗੱਲ ਕਹੀ। ‘‘ਉਹ ਇੱਕ ਦੇਸ਼ਭਗਤ ਹੈ ਵਿਸ਼ਵਾਸ ਜਾਣੋ, ਸਾਡੇ ਸਭ ਤੋਂ ਜ਼ਿਆਦਾ ਵੱਡਾ ਦੇਸ਼ਭਗਤ ਹੈ। ਮੈਂ ਜਾਣਦਾ ਹਾਂ, ਮੈਂ ਇਹ ਮਹਿਸੂਸ ਕਰਦਾ ਹਾਂ, ਇੱਥੇ, ਆਪਣੇ ਦਿਲ ਵਿੱਚ ਅਤੇ ਆਪਣੇ ਦਿਮਾਗ ਵਿੱਚ ਮੈਂ ਇਹ ਮਹਿਸੂਸ ਕਰਦਾ ਹਾਂ। ਪਰ ਮੈਂ ਉਹਨੂੰ ਬਿਲਕੁਲ ਵੀ ਸਮਝ ਨਹੀਂ ਪਾਉਂਦਾ।’’
‘‘ਉਹਦੀ ਤਸੀਰ ਗਰਮ ਹੈ।’’ ਮੇ ਸੇਦਬੀ ਨੇ ਕਿਹਾ।
‘‘ਮੈਂ ਜਾਣਦਾ ਹਾਂ,’’ ਵੇਰਾ ਨੇ ਹਲਕੀ-ਜਿਹੀ ਕੰਬਣੀ ਨਾਲ਼ ਕਿਹਾ। ‘‘ਉਹ ਮੇਰੇ ਵੱਲ ਆਪਣੀਆਂ ਉਹਨਾਂ ਅੱਖਾਂ ਨਾਲ਼ ਦੇਖਦਾ ਹੈ। ਉਨ੍ਹਾਂ ਵਿੱਚ ਪਿਆਰ ਨਹੀਂ ਹੁੰਦਾ, ਉਹ ਡਰਾਉਂਦੀਆਂ ਹਨ; ਉਹ ਜੰਗਲੀ ਚੀਤੇ ਦੀ ਤਰ੍ਹਾਂ ਹਿੰਸਕ ਲੱਗਦੀਆਂ ਹਨ। ਮੈਂ ਜਾਣਦਾ ਹਾਂ, ਜੇ ਮੈਂ ਟੀਚੇ ਨਾਲ਼ ਗੱਦਾਰੀ ਕੀਤੀ ਤਾਂ ਉਹ ਮੈਨੂੰ ਮਾਰ ਸੁੱਟੇਗਾ। ਉਹਦੇ ਕੋਲ਼ ਦਿਲ ਨਹੀਂ ਹੈ। ਉਹ ਫੌਲਾਦ ਵਰਗਾ ਨਿਰਦਈ ਹੈ, ਬਰਫ਼ ਵਰਗਾ ਠੰਡਾ ਅਤੇ ਤਿੱਖਾ ਹੈ। ਉਹ ਸਿਆਲਾਂ ਦੀ ਰਾਤ ਵਿੱਚ ਉਸ ਚਾਨਣੀ ਵਰਗਾ ਹੈ ਜਿਹਦੇ ਦੇਖਦੇ ਹੀ ਕੋਈ ਇਨਸਾਨ ਪਹਾੜ ਦੀ ਸੁੰਞੀ ਚੋਟੀ ’ਤੇ ਜਮਕੇ ਮਰ ਜਾਂਦਾ ਹੈ। ਮੈਂ ਦਿਆਜ਼ ਅਤੇ ਉਸਦੇ ਸਾਰੇ ਕਾਤਲਾਂ ਤੋਂ ਨਹੀਂ ਡਰਦਾ; ਪਰ ਉਹ ਮੁੰਡਾ, ਇਸਤੋਂ ਮੈਨੂੰ ਡਰ ਲਗਦਾ ਹੈ। ਮੈਂ ਸੱਚ ਕਹਿੰਨਾ ਤੈਨੂੰ। ਉਸਤੋਂ ਮੌਤ ਦੀ ਬੋਅ ਆਉਂਦੀ ਹੈ।’’
ਫਿਰ ਵੀ ਇਹ ਵੇਰਾ ਹੀ ਸੀ ਜਿਸਨੇ ਦੂਜਿਆਂ ਨੂੰ ਰਿਵੇਰਾ ’ਤੇ ਭਰੋਸਾ ਕਰਣ ਲਈ ਰਾਜ਼ੀ ਕੀਤਾ। ਲਾਸ ਏਂਜਲਜ਼ ਅਤੇ ਲੋਅਰ ਕੈਲੇਫੋਰਨਿਆ ਵਿੱਚ ਸੰਪਰਕ-ਸੂਤਰ ਟੁੱਟ ਗਿਆ ਸੀ। ਤਿੰਨ ਸਾਥੀਆਂ ਤੋਂ ਖੁਦ ਆਪਣੀ ਕਬਰ ਪੁਟਵਾ ਕੇ ਉਹਨਾਂ ਨੂੰ ਉਸੇ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ। ਦੋ ਹੋਰ ਲਾਸ ਏਂਜਲਜ਼ ਵਿੱਚ ਅਮਰਿਕੀ ਸਰਕਾਰ ਦੇ ਕੈਦੀ ਸਨ। ਸੰਘੀ ਕਮਾਂਡਰ ਜੁਆਨ ਅਲਵਰਾਦੋ ਇੱਕ ਦੈਂਤ ਸੀ। ਉਹਨਾਂ ਦੀਆਂ ਸਾਰੀਆਂ ਯੋਜਨਾਵਾਂ ਉਹ ਅਸਫਲ ਕਰ ਦਿੰਦਾ ਸੀ। ਲੋਅਰ ਕੈਲੇਫੋਰਨਿਆ ਦੇ ਸਰਗਰਮ ਅਤੇ ਨਵੇਂ ਜੁੜ ਰਹੇ ਇਨਕਲਾਬੀਆਂ ਤਕ ਹੁਣ ਉਹਨਾਂ ਦਾ ਪਹੁੰਚਣਾ ਸੰਭਵ ਨਹੀਂ ਸੀ ਰਹਿ ਗਿਆ।
ਰਿਵੇਰਾ ਨੂੰ ਕੁੱਝ ਨਿਰਦੇਸ਼ ਦਿੱਤੇ ਗਏ ਅਤੇ ਦੱਖਣ ਨੂੰ ਤੋਰ ਦਿੱਤਾ ਗਿਆ। ਜਦ ਉਹ ਮੁੜਿਆ, ਤਾਂ ਸੰਪਰਕ-ਸੂਤਰ ਬਹਾਲ ਹੋ ਚੁੱਕੇ ਸਨ ਅਤੇ ਜੁਆਨ ਅਲਵਰਾਦੋ ਮਰ ਚੁੱਕਿਆ ਸੀ। ਉਹ ਆਪਣੇ ਬਿਸਤਰੇ ’ਤੇ ਮਰਿਆ ਮਿਲ਼ਿਆ, ਉਹਦੀ ਛਾਤੀ ਵਿੱਚ ਮੁੱਠ ਤੱਕ ਚਾਕੂ ਖੁੱਭਿਆ ਹੋਇਆ ਸੀ। ਇਹ ਰਿਵੇਰਾ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਜ਼ਿਆਦਾ ਸੀ, ਪਰ ਜੁੰਤਾ ਦੇ ਲੋਕ ਜਾਣਦੇ ਸਨ ਕਿ ਉਹ ਕਦ-ਕਦ ਕਿੱਥੇ-ਕਿੱਥੇ ਗਿਆ ਸੀ। ਉਹਨਾਂ ਉਸਤੋਂ ਪੁੱਛਿਆ ਨਹੀਂ। ਉਹਨੇ ਕੁੱਝ ਕਿਹਾ ਨਹੀਂ। ਪਰ ਉਹ ਇੱਕ-ਦੂਜੇ ਵੱਲ ਦੇਖਦੇ ਅਤੇ ਅੰਦਾਜ਼ੇ ਲਾਉਂਦੇ ਰਹਿੰਦੇ।
‘‘ਮੈਂ ਕਿਹਾ ਸੀ ਨਾ,’’ ਵੇਰਾ ਨੇ ਕਿਹਾ। ‘‘ਇਹ ਮੁੰਡਾ ਦਿਆਜ਼ ਲਈ ਕਿਸੇ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਉਹਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ। ਉਹ ਰੱਬ ਦਾ ਹੱਥ ਹੈ।’’
ਮੇ ਸੇਦਬੀ ਨੇ ਜਿਸ ਗਰਮ ਤਸੀਰ ਦੀ ਗੱਲ ਕੀਤੀ ਸੀ ਅਤੇ ਜਿਸਨੂੰ ਸਾਰੇ ਮਹਿਸੂਸ ਕਰਦੇ ਸਨ, ਉਹਦੇ ਹੁਣ ਸ਼ਰੀਰਕ ਸਬੂਤ ਮਿਲਣ ਲੱਗੇ ਸਨ। ਕਦੇ ਉਹਦਾ ਉਪਰਲਾ ਬੁੱਲ ਕਟਿਆ ਹੁੰਦਾ, ਕਦੇ ਗੱਲ ’ਤੇ ਨੀਲ ਪਿਆ ਹੁੰਦਾ ਜਾਂ ਕੰਨ ਸੁਜਿਆ ਹੁੰਦਾ। ਸਾਫ਼ ਸੀ ਕਿ ਉਸ ਬਾਹਰੀ ਸੰਸਾਰ ਵਿੱਚ ਉਹ ਲੜਦਾ-ਭਿੜਦਾ ਰਹਿੰਦਾ ਹੈ ਜਿਥੇ ਉਹ ਖਾਂਦਾ ਅਤੇ ਸੌਂਦਾ ਹੈ, ਪੈਸੇ ਹਾਸਲ ਕਰਦਾ ਸੀ ਅਤੇ ਇਸ ਢੰਗ ਨਾਲ਼ ਜੀਉਂਦਾ ਸੀ ਜਿਸਤੋਂ ਉਹ ਅਣਜਾਣ ਸਨ। ਸਮਾਂ ਗੁਜ਼ਰਣ ਨਾਲ਼, ਉਹ ਉਹਨਾਂ ਦੇ ਛੋਟੇ ਜਿਹੇ ਸਪਤਾਹਿਕ ਇਨਕਲਾਬੀ ਅਖ਼ਬਾਰ ਲਈ ਟਾਈਪ ਸੈਟ ਕਰਨ ਦਾ ਕੰਮ ਕਰਨ ਲੱਗਾ ਸੀ। ਕਈ ਵਾਰ ਅਜਿਹੇ ਮੌਕੇ ਆਉਂਦੇ ਜਦ ਉਹ ਟਾਈਪ ਨਾ ਸੈੱਟ ਕਰ ਪਾਉਂਦਾ ਕਿਉਂਕਿ ਉਹਦੀਆਂ ਉਂਗਲੀਆਂ ਦੀਆਂ ਗੰਢਾਂ ’ਤੇ ਜ਼ਖਮ ਹੁੰਦੇ ਸਨ, ਜਾਂ ਉਹਦੇ ਅੰਗੂਠੇ ਸੱਟ ਨਾਲ਼ ਬੇਕਾਰ ਹੋ ਜਾਂਦੇ ਜਾਂ ਫਿਰ ਉਹਦੀ ਇੱਕ ਬਾਂਹ ਨਿਰਜਿੰਦ ਲਮਕੀ ਰਹਿੰਦੀ ਜਦਕਿ ਉਹਦਾ ਚਿਹਰਾ ਦਰਦ ਨਾਲ਼ ਖਿੱਚਿਆ ਰਹਿੰਦਾਇਹ ਗੱਲ ਅੱਡ ਹੈ ਕਿ ਉਹਦੀ ਜ਼ੁਬਾਨ ਤੋਂ ਕਦੀ ਉਫ਼ ਤੱਕ ਨਹੀਂ ਨਿਕਲੀ ਸੀ।
‘‘ਅਵਾਰਾ ਛੋਹਰ!’’ ਅਰੇਲਾਨੋ ਨੇ ਕਿਹਾ।
‘‘ਗੰਦੀਆਂ ਥਾਵਾਂ ’ਤੇ ਜਾਂਦਾ ਹੋਊਗਾ।’’ ਰਾਮੋਸ ਦਾ ਕਹਿਣਾ ਸੀ।
‘‘ਪਰ ਉਹਨੂੰ ਪੈਸੇ ਕਿੱਥੋਂ ਮਿਲਦੇ ਨੇ?’’ ਵੇਰਾ ਨੇ ਪੁੱਛਿਆ। ‘‘ਆਜ ਹੀ, ਸਗੋਂ ਹੁਣੇ-ਹੁਣੇ ਮੈਨੂੰ ਪਤਾ ਚੱਲਿਆ ਕਿ ਉਹਨੇ ਕਾਗ਼ਜ਼ ਦਾ ਬਿਲ ਚੁਕਾ ਦਿੱਤਾ ਇੱਕ ਸੌ ਚਾਲ਼ੀ ਡਾਲਰ।’’
‘‘ਵਿੱਚ-ਵਿੱਚ ਉਹ ਗਾਇਬ ਰਹਿੰਦਾ ਹੈ’’, ਮੇ ਸੇਦਬੀ ਨੇ ਕਿਹਾ। ‘‘ਉਹ ਕਦੀ ਨਹੀਂ ਦੱਸਦਾ ਕਿ ਇਸ ਵਕਫ਼ੇ ਦੌਰਾਨ ਉਹ ਕਿੱਥੇ ਰਿਹਾ।’’
‘‘ਸਾਨੂੰ ਚਾਹੀਦਾ ਕਿ ਉਹਦੇ ਪਿੱਛੇ ਜਸੂਸ ਲਾਈਏ।’’ ਰਾਮੋਸ ਨੇ ਵਿਚਾਰ ਪੇਸ਼ ਕੀਤਾ।
‘‘ਮੈਂ ਤਾਂ ਉਹ ਜਸੂਸ ਨਹੀਂ ਹੋਣਾ ਚਾਹੁੰਨਾ,’’ ਵੇਰਾ ਨੇ ਕਿਹਾ। ‘‘ਮੈਨੂੰ ਤਾਂ ਡਰ ਏ ਕਿ ਤੁਸੀਂ ਮੈਨੂੰ ਦੁਬਾਰਾ ਨਹੀਂ ਦੇਖ ਸਕੋਂਗੇ, ਸਿੱਧਾ ਦਫ਼ਨ ਕਰਨ ਸਮੇਂ ਹੀ ਦੇਖੋਂਗੇ। ਉਹਦੇ ਅੰਦਰ ਜਜ਼ਬਾਤਾਂ ਦਾ ਜ਼ਬਰਦਸਤ ਉਬਾਲ਼ ਹੈ। ਉਹਦੇ ਜਜ਼ਬਾਤਾਂ ਦੇ ਰਾਹ ’ਚ ਆਉਣ ਦੀ ਆਗਿਆ ਤਾਂ ਰੱਬ ਵੀ ਨਾ ਦੇਵੇ।’’
‘‘ਉਹਦੇ ਸਾਹਮਣੇ ਮੈਂ ਖੁਦ ਨੂੰ ਬੱਚੇ-ਜਿਹਾ ਮਹਿਸੂਸ ਕਰਦਾਂ।’’ ਰਾਮੋਸ ਨੇ ਪ੍ਰਵਾਨ ਕੀਤਾ।
‘‘ਮੇਰੇ ਲਈ ਤਾਂ ਉਹ ਸਾਖਿਆਤ ਸ਼ਕਤੀ ਏਉਹ ਆਦਿ ਸ਼ਕਤੀ ਏ, ਜੰਗਲ਼ੀ ਬਘਿਆੜ ਏ, ਫਨ ਮਾਰਦਾ ਕੌਡਾ-ਸੱਪ ਏ, ਡੰਗ ਮਾਰਦਾ ਠੂੰਆਂ ਏ।’’ ਅਰੇਲਾਨੋ ਨੇ ਕਿਹਾ।
‘‘ਮੈਨੂੰ ਤਾਂ ਉਹਦੇ ’ਤੇ ਰੋਣਾ ਆਉਂਦਾ ਏ,’’ ਮੇ ਸੇਦਬੀ ਨੇ ਕਿਹਾ। ‘‘ਉਹ ਕਿਸੇ ਨੂੰ ਨਹੀਂ ਜਾਣਦਾ। ਉਹ ਸਭ ਤੋਂ ਨਫ਼ਰਤ ਕਰਦਾ ਹੈ। ਉਹ ਸਾਨੂੰ ਬਰਦਾਸ਼ਤ ਕਰਦਾ ਹੈ ਕਿਉਂਕਿ ਅਸੀਂ ਉਹਦੀ ਮੁਰਾਦ ਪੂਰੀ ਕਰਨ ਦਾ ਜ਼ਰੀਆ ਹਾਂ। ਉਹ ਇਕੱਲਾ ਹੈ… ਬਿਲਕੁਲ ਇਕੱਲਾ।’’ ਸਿਸਕੀ ਰੋਕਣ ਦੀ ਕੋਸ਼ਿਸ਼ ਵਿੱਚ ਉਹਦੀ ਆਵਾਜ਼ ਗੁੰਮ ਹੋ ਗਈ ਅਤੇ ਉਹਦੀਆਂ ਅੱਖਾਂ ਧੁੰਦਲਾ ਗਈਆਂ।
ਰਿਵੇਰਾ ਦੇ ਤੌਰ-ਤਰੀਕੇ ਅਤੇ ਉਹਦੇ ਆਉਣ-ਜਾਣ ਦਾ ਸਮਾਂ ਅਸਲੋਂ ਭੇਤ ਸਨ। ਕਦੇ-ਕਦੇ ਉਹ ਉਹਨਾਂ ਨੂੰ ਇੱਕ ਹਫ਼ਤੇ ਦਿਖਾਈ ਨਾ ਦਿੰਦਾ। ਇੱਕ ਵਾਰ ਤਾਂ ਉਹ ਪੂਰਾ ਮਹੀਨੇ ਭਰ ਗਾਇਬ ਰਿਹਾ ਸੀ। ਅਜਿਹੇ ਮੌਕਿਆਂ ’ਤੇ ਉਹਦੀ ਵਾਪਸੀ ਹਮੇਸ਼ਾ ਹੀ ਸੁਖੀਂ-ਸਾਂਦੀ ਹੁੰਦੀ ਸੀ ਕਿਉਂਕਿ ਉਹ ਬਿਨਾ ਦਿਖਾਵੇ ਦੇ ਜਾਂ ਬਿਨਾ ਕੁੱਝ ਬੋਲੇ ਮੇ ਸੇਦਬੀ ਦੀ ਮੇਜ਼ ’ਤੇ ਸੋਨੇ ਦੇ ਸਿੱਕੇ ਰੱਖ ਦਿੰਦਾ ਸੀ। ਇਹਦੇ ਬਾਅਦ ਉਹ ਕਈ ਦਿਨਾਂ ਅਤੇ ਹਫਤਿਆਂ ਤੱਕ ਆਪਣਾ ਸਾਰਾ ਸਮਾਂ ਜੁੰਤਾ ਨਾਲ਼ ਬਿਤਾਉਂਦਾ ਸੀ। ਪਰ ਫਿਰ, ਉਹ ਵਿੱਚੋਂ-ਵਿੱਚ ਸਵੇਰ ਤੋਂ ਦੁਪਹਿਰ ਤੱਕ ਗਾਇਬ ਰਹਿਣ ਲੱਗਦਾ ਸੀ। ਅਜਿਹੇ ਮੌਕਿਆਂ ’ਤੇ ਉਹ ਕਾਫ਼ੀ ਜਲਦੀ ਆ ਜਾਂਦਾ ਸੀ ਅਤੇ ਦੇਰ ਰਾਤ ਤੱਕ ਠਹਿਰਦਾ ਸੀ। ਅਰੇਲਾਨੋ ਨੇ ਇੱਕ ਵਾਰ ਉਹਨੂੰ ਅੱਧੀ ਰਾਤ ਨੂੰ ਸੁੱਜੀਆਂ ਉਂਗਲ਼ੀਆਂ ਨਾਲ਼ ਟਾਈਪ ਸੈੱਟ ਕਰਦੇ ਵੇਖਿਆ ਸੀ ਅਤੇ ਜਾਂ ਸ਼ਾਇਦ ਉਹਦਾ ਬੁੱਲ ਵੀ ਫਟਿਆ ਹੋਇਆ ਸੀ ਜਿਸਤੋਂ ਹਾਲ਼ੇ ਵੀ ਖੂਨ ਚੋਂਦਾ ਪਿਆ ਸੀ।
ਦੋ
ਮੁਸੀਬਤ ਦਾ ਸਮਾਂ ਆ ਚੁੱਕਾ ਸੀ। ਇਨਕਲਾਬ ਹੋਵੇਗਾ ਜਾਂ ਨਹੀਂ, ਇਹ ਹੁਣ ਜੁੰਤਾ ’ਤੇ ਨਿਰਭਰ ਸੀ ਅਤੇ ਜੁੰਤਾ ਬੇਹੱਦ ਦਬਾਅ ਵਿੱਚ ਸੀ। ਪੈਸਿਆਂ ਦੀ ਤੰਗੀ ਪਹਿਲਾਂ ਨਾਲ਼ੋਂ ਜ਼ਿਆਦਾ ਸੀ, ਪਰ ਪੈਸੇ ਜੁਟਾਉਣਾ ਹੋਰ ਵੀ ਔਖਾ ਹੋ ਗਿਆ ਸੀ। ਦੇਸ਼ਭਗਤਾਂ ਨੇ ਆਪਣੀਆਂ ਆਖਰੀ ਕੌਡੀਆਂ ਤੱਕ ਦੇ ਦਿੱਤੀਆਂ ਸਨ ਅਤੇ ਹੁਣ ਕੁੱਝ ਨਹੀਂ ਦੇ ਸਕਦੇ ਸਨ। ਰੇਲ ਮਾਰਗਾਂ ਦੇ ਸੈਕਸ਼ਨਾਂ ’ਤੇ ਕੰਮ ਕਰਨ ਵਾਲ਼ੇ ਕਾਮੇ ਅਤੇ ਮੈਕਸੀਕੋ ਤੋਂ ਭਗੌੜੇ ਅਮਰੀਕਾ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲ਼ੇ ਚਪੜਾਸੀ ਆਪਣੀਆਂ ਨਿਗੁਣੀਆਂ ਉਜਰਤਾਂ ਦਾ ਅੱਧਾ ਹਿੱਸਾ ਦੇ ਰਹੇ ਸਨ। ਪਰ ਇਸ ਤੋਂ ਕਿਤੇ ਵੱਧ ਦੀ ਲੋੜ ਸੀ। ਵਰ੍ਹਿਆਂ ਤੱਕ ਨਿਰਾਸ਼ਾ ਨਾਲ਼ ਜੂਝਦੇ ਹੋਏ, ਜੀ ਤੋੜ ਮਿਹਨਤ ਨਾਲ਼ ਕੀਤੇ ਗਏ ਗੁਪਤ ਕੰਮਾਂ ਦਾ ਸਿੱਟਾ ਨਿਕਲਣ ਦਾ ਸਮਾਂ ਆ ਰਿਹਾ ਸੀ। ਸਮਾਂ ਬਿਲਕੁਲ ਸਟੀਕ ਸੀ। ਇਨਕਲਾਬ ਇੱਕ ਸੂਖਮ ਮੌੜ ’ਤੇ ਪਹੁੰਚ ਚੁੱਕਿਆ ਸੀ। ਬਸ, ਇੱਕ ਧੱਕਾ, ਪੂਰੀ ਤਾਕਤ ਅਤੇ ਹਿੰਮਤ ਨਾਲ਼ ਕੀਤੀ ਗਈ ਇੱਕ ਕੋਸ਼ਿਸ਼ ਲੋੜੀਂਦੀ ਸੀ ਅਤੇ ਇਹ ਇੱਕ ਲਹਿਰਦੀ ਹੋਈ ਜਿੱਤ ਵੱਲ ਅੱਗੇ ਵੱਧ ਜਾਂਦਾ। ਉਹ ਆਪਣੇ ਮੈਕਸੀਕੋ ਨੂੰ ਜਾਣਦੇ ਸਨ। ਬਸ, ਇੱਕ ਵਾਰ ਸ਼ੁਰੂ ਹੋ ਜਾਵੇ, ਉਹਦੇ ਬਾਅਦ ਇਨਕਲਾਬ ਆਪਣਾ ਧਿਆਨ ਆਪ ਰੱਖ ਸਕਦਾ ਸੀ। ਦਿਆਜ਼ ਦਾ ਪੂਰਾ ਤੰਤਰ ਤਾਸ਼ ਦੇ ਪੱਤਿਆਂ ਵਾਂਗ ਢਹਿ ਜਾਵੇਗਾ। ਸਰਹੱਦ ਦੇ ਇਲਾਕੇ ਉੱਠ ਖੜੇ ਹੋਣ ਲਈ ਤਿਆਰ ਸਨ। ਆਈ. ਡਬਲੀਊ. ਡਬਲੀਊ.
ਦੇ ਸੌ ਲੋਕਾਂ ਦੇ ਨਾਲ਼ ਇੱਕ ਯਾਂਕੀ ਸਰਹੱਦ ਪਾਰ ਕਰਕੇ ਲੋਅਰ ਕੈਲੀਫੋਰਨੀਆ ’ਤੇ ਹੱਲਾ ਬੋਲਣ ਲਈ ਤਿਆਰ ਸੀ। ਪਰ ਬੰਦੂਕਾਂ ਦੀ ਜ਼ਰੂਰਤ ਸੀ। ਅਤੇ ਉਧਰ, ਅਟਲਾਂਟਿਕ ਤੱਕ ਦੇ ਪੂਰੇ ਇਲਾਕੇ ਵਿੱਚ ਅਜਿਹੇ ਲੋਕਾਂ ਦੀ ਪੂਰੀ ਫੌਜ ਸੀ ਜੋ ਇਸ ਵਿਹੁ-ਵੱਡੀ ਹਕੂਮਤ ਨਾਲ਼ ਲੜਨ ਨੂੰ ਤਿਆਰ ਬੈਠੇ ਸਨ। ਇਹਨਾਂ ਵਿੱਚ ਮਾਅਰਕੇਬਾਜ਼ਾਂ, ਲੁੱਟ ਲਈ ਲੜਨਵਾਲ਼ੇ, ਬਾਗੀ ਡਕੈਤ, ਅਮਰੀਕੀ ਜਥੇਬੰਦੀਆਂ ਤੋਂ ਨਾਖੁਸ਼ ਲੋਕ, ਸਮਾਜਵਾਦੀ, ਅਰਾਜਕਤਾਵਾਦੀ, ਆਵਾਰਾਗਰਦ, ਮੈਕਿਸੀਕੋ ਤੋਂ ਤੜੀਪਾਰ ਲੋਕ, ਵਗਾਰੀ ਤੋਂ ਭਗੌੜੇ ਕਰਮਚਾਰੀ, ਕੋਰ ਦ’ਅਲਾਨ ਅਤੇ ਕੋਲੋਰਾਡੋ ਦੀਆਂ ਖਾਣਾਂ ਵਿੱਚ ਕੋੜੇ ਖਾਣਵਾਲ਼ੇ ਖਾਣ ਮਜ਼ਦੂਰ ਇਹ ਸਭ ਸ਼ਾਮਿਲ ਸਨ। ਜੁੰਤਾ ਨੇ ਉਹਨਾਂ ਸਭ ਨਾਲ਼ ਸੰਪਰਕ ਸਾਧਿਆ ਹੋਇਆ ਸੀ ਅਤੇ ਸਭ ਨੂੰ ਬੰਦੂਕਾਂ ਦੀ ਜ਼ਰੂਰਤ ਸੀ। ਬਾਰ-ਬਾਰ ਇਹੀ ਮੰਗ ਆਉਂਦੀ ਸੀ: ਬੰਦੂਕਾਂ ਅਤੇ ਗੋਲ਼ਾ-ਬਰੂਦ, ਗੋਲ਼ਾ-ਬਰੂਦ ਅਤੇ ਬੰਦੂਕਾਂ।
ਬਦਲੇ ਨਾਲ਼ ਭਰੀ, ਆਪਣਾ ਸਭ ਕੁੱਝ ਗਵਾ ਚੁੱਕੀ ਇਸ ਉਗੜ-ਦੁਗੜੀ ਭੀੜ ਨੂੰ ਬਸ ਸਰਹੱਦੋਂ ਪਾਰ ਧੱਕ ਦੇਣਾ ਸੀ ਅਤੇ ਇਨਕਲਾਬ ਸ਼ੁਰੂ ਹੋ ਜਾਂਦਾ। ਕਸਟਮ ਹਾਊਸ, ਉੱਤਰੀ ਬੰਦਰਗਾਹਾਂ ਦੇ ਮੁੱਖ ਦਰਵਾਜ਼ੇ ’ਤੇ ਕਬਜ਼ਾ ਹੋ ਜਾਂਦਾ। ਦਿਆਜ਼ ਇਸਨੂੰ ਰੋਕ ਨਹੀਂ ਸਕਦਾ ਸੀ ਕਿਉਂਕਿ ਉਸਨੂੰ ਦੱਖਣ ਨੂੰ ਕਾਬੂ ਵਿੱਚ ਰੱਖਣਾ ਸੀ। ਅਤੇ ਪੂਰੇ ਦੱਖਣ ਵਿੱਚ ਇਨਕਲਾਬ ਦੀਆਂ ਲਾਟਾਂ ਉਹਦੇ ਬੁਝਾਇਆਂ ਨਹੀਂ ਬੁਝਣਗੀਆਂ। ਲੋਕ ਉਠ ਖੜਨਗੇ। ਇੱਕ ਤੋਂ ਬਾਅਦ ਇੱਕ ਸ਼ਹਿਰ ਦੀ ਰੱਖਿਆ-ਕਤਾਰਾਂ ਢਹਿ-ਢੇਰੀ ਹੋ ਜਾਣਗੀਆਂ। ਇੱਕ ਤੋਂ ਬਾਅਦ ਇੱਕ ਰਾਜ ਗੋਡੇ ਟੇਕ ਦੇਵੇਗਾ ਅਤੇ ਅਖੀਰ ਹਰ ਪਾਸੇਓਂ ਇਨਕਲਾਬ ਦੀਆਂ ਜੇਤੂ ਫੌਜਾਂ ਦਿਆਜ਼ ਦੇ ਅਖੀਰੀ ਗੜ੍ਹ, ਮੈਕਿਸੀਕੋ ਸਿਟੀ ਨੂੰ ਘੇਰ ਲੈਣਗੀਆਂ।
ਪਰ ਪੈਸਾ ਕਿਥੋਂ ਆਵੇ! ਉਹਨਾਂ ਕੋਲ਼ ਬੰਦੂਕਾਂ ਨੂੰ ਵਰਤਣ ਵਾਲ਼ੇ ਲੋਕ ਸਨ, ਉਤਸ਼ਾਹ ਨਾਲ਼ ਭਰੇ ਅਤੇ ਕਾਹਲ਼ੇ। ਉਹ ਉਹਨਾਂ ਵਪਾਰੀਆਂ ਨੂੰ ਜਾਣਦੇ ਸਨ ਜੋ ਬੰਦੂਕਾਂ ਵੇਚਣ ਅਤੇ ਉਹਨਾਂ ਨੂੰ ਸਹੀ ਜਗ੍ਹਾ ਪਹੁੰਚਾਉਣ ਲਈ ਤਿਆਰ ਸਨ। ਪਰ ਇਨਕਲਾਬ ਨੂੰ ਇਸ ਪੜਾਅ ਤੱਕ ਲਿਆਉਣ ਵਿੱਚ ਜੁੰਤਾ ਨੇ ਆਪਣੇ ਸਾਰੇ ਸ੍ਰੋਤ ਖਰਚ ਦਿੱਤੇ ਸਨ। ਆਖਰੀ ਡਾਲਰ ਤੱਕ ਖਰਚ ਹੋ ਚੁੱਕਿਆ ਸੀ, ਆਖਰੀ ਸ੍ਰੋਤ ਅਤੇ ਭੁੱਖ ਨਾਲ਼ ਲੜਦੇ ਆਖਰੀ ਦੇਸ਼ਭਗਤ ਤੋਂ ਜੋ ਵੀ ਮਿਲ ਸਕਦਾ ਸੀ, ਨਿਚੋੜਿਆ ਜਾ ਚੁੱਕਾ ਸੀ, ਪਰ ਨਿਰਣਾਇਕ ਕਾਰਵਾਈ ਹੁਣ ਵੀ ਬਰੀਕ ਸੰਤੁਲਨ ’ਤੇ ਟਿਕੀ ਸੀ। ਬੰਦੂਕਾਂ ਅਤੇ ਗੋਲ਼-ਬਰੂਦ! ਫਟੇਹਾਲ ਬਟਾਲੀਅਨਾਂ ਨੂੰ ਹਥਿਆਰਬੰਦ ਕਰਨ ਹੀ ਹੋਵੇਗਾ। ਪਰ ਕਿਵੇਂ? ਰਾਮੋਸ ਨੂੰ ਆਪਣੀ ਜ਼ਬਤ ਹੋ ਚੁੱਕੀਆਂ ਜਗੀਰਾਂ ਦੀ ਯਾਦ ਆਈ। ਅਰੇਲਾਨੋ ਨੇ ਆਪਣੀ ਜਵਾਨੀ ਦੀ ਫਜ਼ੂਲਖਰਚਿਆਂ ਦਾ ਰੋਣਾ ਰੋਇਆ। ਮੇ ਸੇਦਬੀ ਸੋਚਣ ਲੱਗੀ ਕਿ ਜੇ ਜੁੰਤਾ ਅਤੀਤ ਵਿੱਚ ਥੋੜੀ ਹੋਰ ਕਿਫਾਇਤ ਕਰਦੀ ਤਾਂ ਕੀ ਕੁੱਝ ਹੋ ਸਕਦਾ ਸੀ?
‘‘ਜ਼ਰਾ ਸੋਚੋ ਕਿ ਮੈਕਸੀਕੋ ਦੀ ਅਜ਼ਾਦੀ ਬਸ ਕੁੱਝ ਹਜ਼ਾਰ ਡਾਲਰਾਂ ਦੀ ਮੁਥਾਜ ਹੈ।’’ ਪੌਲਿਨੋ ਵੇਰਾ ਨੇ ਕਿਹਾ।
ਨਿਰਾਸ਼ਾ ਉਹਨਾਂ ਸਭ ਦੇ ਚਿਹਰਿਆਂ ’ਤੇ ਸਾਫ਼ ਦਿਖ ਰਹੀ ਸੀ। ਉਹਨਾਂ ਦੀ ਆਖਰੀ ਉਮੀਦ, ਹਾਲ ਹੀ ਵਿੱਚ ਜੁੜੇ ਜੋਸ ਅਮਾਰਿਲੋਜਿਨ੍ਹੇ ਪੈਸੇ ਦੇਣ ਦਾ ਵਾਅਦਾ ਕੀਤਾ ਸੀਨੂੰ ਚਿਹੁਆਹੁਆ ਵਿੱਚ ਆਪਣੀ ਹਵੇਲੀ ਵਿੱਚ ਹੀ ਫੜ ਲਿਆ ਗਿਆ ਸੀ ਅਤੇ ਉਸੇ ਦੇ ਅਸਤਬਲ ਦੀ ਕੰਧ ਨਾਲ਼ ਲਾਕੇ ਗੋਲ਼ੀ ਮਾਰ ਦਿੱਤੀ ਗਈ ਸੀ। ਖ਼ਬਰ ਹੁਣੇ-ਹੁਣੇ ਆਈ ਸੀ।
ਗੋਡਿਆਂ ਭਾਰ ਫਰਸ਼ ’ਤੇ ਪੋਚਾ ਲਾਉਂਦੇ ਹੋਏ ਰਿਵੇਰਾ ਨੇ ਉਹਨਾਂ ਵੱਲ ਦੇਖਿਆ। ਉਹਦਾ ਬੁਰਸ਼ ਵਾਲ਼ਾ ਹੱਥ ਹਵਾ ਵਿੱਚ ਸੀ ਅਤੇ ਨੰਗੀਆਂ ਬਾਹਵਾਂ ’ਤੇ ਝੱਘ ਵਾਲ਼ਾ ਗੰਦਾ ਪਾਣੀ ਲੱਗਿਆ ਹੋਇਆ ਸੀ।
‘‘ਪੰਜ ਹਜ਼ਾਰ ਨਾਲ਼ ਕੰਮ ਬਣ ਜਾਵੇਗਾ?’’ ਉਹਨੇ ਪੁੱਛਿਆ।
ਉਹਨਾਂ ਹੈਰਾਨੀ ਨਾਲ਼ ਉਹਦੇ ਵੱਲੀਂ ਦੇਖਿਆ। ਵੇਰਾ ਨੇ ਥੁੱਕ ਨਿਗਲ਼ਦੇ ਹੋਏ ਸਿਰ ਹਿਲਾਇਆ। ਉਹ ਬੋਲ ਨਹੀਂ ਸਕਿਆ ਪਰ ਅਚਾਨਕ ਉਸ ਵਿੱਚ ਅਥਾਹ ਵਿਸ਼ਵਾਸ ਜਾਗ ਉਠਿਆ।
‘‘ਬੰਦੂਕਾਂ ਦਾ ਆਡਰ ਦੇ ਦੇਵੋ,’’ ਰਿਵੇਰਾ ਨੇ ਕਿਹਾ। ‘‘ਸਮਾਂ ਘੱਟ ਹੈ। ਤਿੰਨ ਹਫ਼ਤੇ ਵਿੱਚ ਮੈਂ ਤੈਨੂੰ ਪੰਜ ਹਜ਼ਾਰ ਲਿਆ ਦੇਵਾਂਗਾ। ਇਹੀ ਠੀਕ ਰਹੇਗਾ। ਤਦ ਤੱਕ ਲੜਨ ਵਾਲ਼ਿਆਂ ਲਈ ਮੌਸਮ ਵੀ ਕੁੱਝ ਗਰਮ ਹੋ ਜਾਵੇਗਾ। ਇਸਤੋਂ ਜ਼ਿਆਦਾ ਮੈਂ ਕੁੱਝ ਨਹੀਂ ਕਰ ਸਕਦਾ।’’
ਵੇਰਾ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਇਹ ਵਿਸ਼ਵਾਸੋਂ ਬਾਹਰਾ ਸੀ। ਜਦ ਤੋਂ ਉਸਨੇ ਇਨਕਲਾਬ ਵਿੱਚ ਹਿੱਸਾ ਲਿਆ ਤਦ ਤੋਂ ਉਹਨੇ ਬਹੁਤ ਸਾਰੀਆਂ ਉਮੀਦਾਂ ਨੂੰ ਟੁੱਟਦੇ ਦੇਖਿਆ ਸੀ। ਉਹਨੂੰ ਚਿੱਥੜੇ ਪਹਿਨੀ ਇਨਕਲਾਬ ਲਈ ਪੋਚਾ ਲਾਉਣ ਵਾਲ਼ੇ ਇਸ ਮੁੰਡੇ ’ਤੇ ਵਿਸ਼ਵਾਸ ਸੀ, ਫਿਰ ਵੀ ਉਹ ਵਿਸ਼ਵਾਸ ਕਰਨ ਦੀ ਹਿੰਮਤ ਨਹੀਂ ਕਰ ਪਾ ਰਿਹਾ ਸੀ।
‘‘ਤੂੰ ਪਾਗਲ ਹੈਂ।’’ ਉਹਨੇ ਕਿਹਾ।
‘‘ਬਸ, ਤਿੰਨ ਹਫ਼ਤੇ,’’ ਰਿਵੇਰਾ ਨੇ ਕਿਹਾ। ‘‘ਬੰਦੂਕਾਂ ਦਾ ਆਡਰ ਦੇ ਦੇਵੋ।’’
ਉਹ ਉਠਿਆ, ਕਮੀਜ਼ ਦੀਆਂ ਬਾਹਾਂ ਥੱਲੇ ਕੀਤੀਆਂ ਅਤੇ ਕੋਟ ਪਾ ਲਿਆ।
‘‘ਬੰਦੂਕਾਂ ਦਾ ਆਡਰ ਦੇ ਦੇਵੋ।’’ ਉਹਨੇ ਕਿਹਾ।
‘‘ਮੈਂ ਹਾਲ਼ੇ ਜਾ ਰਿਹਾ ਹਾਂ।’’
ਤਿੰਨ
ਕਾਫ਼ੀ ਦੌੜ-ਭੱਜ, ਇੱਧਰ-ਉੱਧਰ ਟੈਲੀਫੋਨ ਕਰਨ ਅਤੇ ਗਾਲ਼-ਮੰਦੇ ਤੋਂ ਬਾਅਦ ਕੇਲੀ ਦੇ ਦਫ਼ਤਰ ਰਾਤ ਨੂੰ ਇੱਕ ਬੈਠਕ ਹੋਈ। ਕੇਲੀ ਦਾ ਧੰਦਾ ਚਮਕਿਆ ਹੋਇਆ ਸੀ, ਪਰ ਉਹ ਬਦਕਿਸਮਤ ਵੀ ਸੀ। ਉਹ ਨਿਊਯਾਰਕ ਦੇ ਡੈਨੀ ਨੂੰ ਲੈ ਆਇਆ ਸੀ, ਬਿਲ ਕਾਰਥੀ ਨਾਲ਼ ਉਹਦੇ ਮੁਕਾਬਲੇ ਦਾ ਸਾਰਾ ਬੰਦੋਬਸਤ ਕਰ ਲਿਆ ਸੀ, ਮੁਕਾਬਲੇ ਦਾ ਦਿਨ ਬਸ ਤਿੰਨ ਹਫ਼ਤੇ ਦੂਰ ਰਹਿ ਗਿਆ ਸੀ ਪਰ ਪਿਛਲੇ ਦੋ ਦਿਨਾਂ ਤੋਂ ਕਾਰਥੀ ਬੁਰੀ ਤਰਾਂ ਜ਼ਖਮੀ ਹੋਕੇ ਪਿਆ ਸੀ, ਭਾਵੇਂਕਿ ਖੇਡ ਪਤਰਕਾਰਾਂ ਤੋਂ ਹੁਣ ਤੱਕ ਇਹ ਤੱਥ ਬੜੀ ਸਾਵਧਾਨੀ ਨਾਲ਼ ਲੁਕਾਇਆ ਗਿਆ ਸੀ। ਉਹਦੀ ਥਾਂ ਲੈਣ ਵਾਲ਼ਾ ਕੋਈ ਨਹੀਂ ਸੀ। ਕੇਲੀ ਪੂਰਬ ਦੇ ਹਰ ਸੰਭਾਵਿਤ ਲਾਈਟਵੇਟ ਮੁੱਕੇਬਾਜ਼ ਨੂੰ ਫੋਨ ਖੜਕਾਉਂਦਾ ਰਿਹਾ ਸੀ ਪਰ ਸਭ ਦੇ ਸਭ ਪਹਿਲਾਂ ਤੋਂ ਹੋਏ ਸਮਝੌਤਿਆਂ ਅਤੇ ਪਹਿਲਾਂ ਤੋਂ ਹੀ ਤੈਅ ਤਰੀਕਾਂ ਨਾਲ਼ ਬੱਝੇ ਹੋਏ ਸਨ। ਅਤੇ ਅਖੀਰ ਹੁਣ ਉਸਦੀ ਉਮੀਦ ਫਿਰ ਤੋਂ ਜਾਗੀ ਸੀ, ਭਾਵੇਂਕਿ ਇਹ ਇੱਕ ਧੁੰਦਲੀ-ਜਿਹੀ ਉਮੀਦ ਹੀ ਸੀ।
ਕੇਲੀ ਨੇ ਉੱਥੇ ਆਉਂਦੇ ਹੀ ਰਿਵੇਰਾ ’ਤੇ ਇੱਕ ਨਜ਼ਰ ਸੁੱਟੀ ਤੇ ਕਿਹਾ, ‘‘ਤੂੰ ਹੈ ਬੜੇ ਦਿਲਵਾਲਾ’’।
ਰਿਵੇਰਾ ਦੀਆਂ ਅੱਖਾਂ ਵਿੱਚ ਜ਼ਹਿਰੀ ਨਫ਼ਰਤ ਸੀ, ਪਰ ਉਹਦਾ ਚਿਹਰਾ ਬਿਨਾ-ਸ਼ਿਕਨ ਬਣਿਆ ਰਿਹਾ।
‘‘ਮੈਂ ਵਾਰਡ ਨੂੰ ਧੂੜ ਚਟਾ ਸਕਦਾ ਹਾਂ।’’ ਉਹਨੇ ਬਸ ਇਨ੍ਹਾਂ ਕਿਹਾ।
‘‘ਤੂੰ ਕਿਵੇਂ ਜਾਣਦਾ ਹੈ? ਕਦੀ ਦੇਖਿਆ ਹੈ ਉਹਨੂੰ ਲੜਦਿਆਂ ਹੋਇਆ?’’
ਰਿਵੇਰਾ ਨੇ ਸਿਰ ਹਿਲਾ ਦਿੱਤਾ।
‘‘ਉਹ ਦੋਵੇਂ ਅੱਖਾਂ ਬੰਦ ਕਰਕੇ ਇੱਕ ਹੱਥ ਨਾਲ਼ ਤੇਰਾ ਕੁਟਾਪਾ ਚਾੜ ਸਕਦਾ ਹੈ।’’
ਰਿਵੇਰਾ ਨੇ ਮੋਢੇ ਛੰਡ ਦਿੱਤੇ।
‘‘ਤੂੰ ਕੁੱਝ ਨਹੀਂ ਕਹਿਣਾ?’’ ਫਾਈਟ ਪ੍ਰਮੋਟਰ ਨੇ ਤਿੱਖੀ ਅਵਾਜ਼ ਵਿੱਚ ਪੁੱਛਿਆ।
‘‘ਮੈਂ ਉਸਨੂੰ ਧੂੜ ਚਟਾ ਸਕਦਾ ਹਾਂ।’’
‘‘ਚੰਗਾ? ਹੁਣ ਤੱਕ ਤੂੰ ਕਿਹਦੇ ਨਾਲ਼ ਭਿੜਿਆ ਹੈਂ?’’ ਮਾਈਕਲ ਕੇਲੀ ਨੇ ਪੁੱਛਿਆ। ਮਾਈਕਲ ਪ੍ਰਮੋਟਰ ਦਾ ਭਰਾ ਸੀ ਅਤੇ ਯਲੋਸਟੋਨ ਜੂਆਘਰ ਚਲਾਉਂਦਾ ਸੀ ਜਿੱਥੇ ਉਹ ਮੁੱਕੇਬਾਜ਼ੀ ਦੇ ਮੁਕਾਬਲਿਆਂ ’ਤੇ ਸੱਟੇ ਨਾਲ਼ ਚੰਗਾ ਪੈਸਾ ਬਣਾਉਂਦਾ ਸੀ।
ਰਿਵੇਰਾ ਨੇ ਕੌੜੀ, ਸਪਾਟ ਨਜ਼ਰ ਨਾਲ਼ ਘੂਰਿਆ।
ਪ੍ਰਮੋਟਰ ਦੇ ਨੌਜਵਾਨ, ਮਖੌਲੀਆ ਸੈਕ੍ਰੇਟਰੀ ਨੇ ਦੰਦ ਕੱਢੇ।
‘‘ਠੀਕ ਐ, ਤੂੰ ਰਾਬਰਟ ਨੂੰ ਜਾਣਦਾ ਏਂ,’’ ਕੇਲੀ ਨੇ ਵੈਰੀ ਚੁੱਪ ਤੋੜਦੇ ਹੋਏ ਕਿਹਾ। ‘‘ਉਹਨੂੰ ਹੁਣ ਤੱਕ ਇੱਥੇ ਆ ਜਾਣਾ ਚਾਹੀਦਾ ਸੀ। ਮੈਂ ਉਹਨੂੰ ਬੁਲਾਇਆ ਸੀ। ਉਡੀਕ ਬੈਠ ਕੇ, ਭਾਵੇਂ ਤੈਨੂੰ ਦੇਖਕੇ ਲੱਗਦਾ ਨਹੀਂ ਕਿ ਤੇਰੇ ਵੱਸ ਦੀ ਗੱਲ ਐ। ਮੈਂ ਇੱਕਪਾਸੜ ਮੁਕਾਬਲੇ ਨਾਲ਼ ਲੋਕਾਂ ਨੂੰ ਨਾਰਾਜ਼ ਨਹੀਂ ਕਰ ਸਕਦਾ। ਤੈਨੂੰ ਪਤਾ, ਰਿੰਗ ਦੇ ਸਾਹਮਣੇ ਦੀਆਂ ਸੀਟਾਂ ਪੰਦਰਾਂ-ਪੰਦਰਾਂ ਡਾਲਰ ਵਿੱਚ ਵਿਕੀਆਂ ਹਨ?’’
ਰਾਬਰਟ ਆਇਆ ਤਾਂ ਉਹਨੂੰ ਦੇਖਦੇ ਹੀ ਲੱਗ ਗਿਆ ਕਿ ਉਹ ਹਲਕੇ ਨਸ਼ੇ ’ਚ ਹੈ। ਉਹ ਲੰਮਾ, ਇਕਹਿਰਾ, ਢਿੱਲਾ ਜਿਹਾ ਆਦਮੀ ਸੀ ਅਤੇ ਉਸਦੀ ਬੋਲੀ ਦੀ ਤਰ੍ਹਾਂ ਉਹਦੀ ਚਾਲ ਵੀ ਹੋਲ਼ੀ ਤੇ ਆਲ਼ਸੀ ਸੀ।
ਕੇਲੀ ਸਿੱਧਾ ਮੁੱਦੇ ’ਤੇ ਆਇਆ।
‘‘ਦੇਖ ਰਾਬਰਟ, ਤੂੰ ਡੀਂਗਾਂ ਛੱਡਣ ਡਿਹਾਂ ਕਿ ਤੂੰ ਇਸ ਮੈਕਸੀਕਨ ਛੋਹਰ ਨੂੰ ਲੱਭਿਆ। ਤੂੰ ਤਾਂ ਜਾਣਦਾ ਹੀ ਏਂ ਕਿ ਕਾਰਥੀ ਆਪਣੀ ਬਾਂਹ ਤੁੜਵਾ ਬੈਠਾ ਹੈ। ਹੁਣ ਇਸ ਪੀਲ਼ੇ ਮੂੰਹ ਵਾਲ਼ੇ ਦਾ ਜਿਗਰ ਤਾਂ ਦੇਖੋ, ਇਹ ਮੈਨੂੰ ਆਕੇ ਕਹਿੰਦਾ ਹੈ ਕਿ ਇਹ ਕਾਰਥੀ ਦੀ ਜਗ੍ਹਾ ਲੈ ਸਕਦਾ ਹੈ। ਕੀ ਖਿਆਲ ਹੈ?’’
‘‘ਠੀਕ ਹੈ, ਕੇਲੀ,’’ ਆਪਣੇ ਸੁਸਤ ਅੰਦਾਜ਼ ਵਿੱਚ ਰਾਬਰਟ ਨੇ ਜਵਾਬ ਦਿੱਤਾ। ‘‘ਉਹ ਮੁਕਾਬਲਾ ਕਰ ਸਕਦਾ ਹੈ।’’
‘‘ਮੇਰੇ ਖਿਆਲ ’ਚ ਹੁਣ ਤੂੰ ਕਹੇਂਗਾ ਕਿ ਉਹ ਵਾਰਡ ਦਾ ਘੋਗਾ ਚਿੱਤ ਕਰ ਸਕਦਾ ਹੈ।’’ ਕੇਲੀ ਨੇ ਖਿੱਝੇ ਲਹਿਜੇ ਨਾਲ਼ ਕਿਹਾ।
ਰਾਬਰਟ ਵਿਚਾਰ ਕਰਨ ਦੀ ਮੁਦਰਾ ’ਚ ਕੁੱਝ ਦੇਰ ਚੁੱਪ ਰਿਹਾ।
‘‘ਨਹੀਂ, ਮੈਂ ਇਹ ਤਾਂ ਨਹੀਂ ਕਹਾਂਗਾ। ਵਾਰਡ ਉੱਚੀ ਚੀਜ਼ ਹੈ, ਉਹ ਰਿੰਗ ਦਾ ਬਾਦਸ਼ਾਹ ਹੈ। ਪਰ ਉਹ ਰਿਵੇਰਾ ਨੂੰ ਪਲਾਂ ’ਚ ਨੁਕਰੇ ਨਹੀਂ ਲਾ ਸਕੇਗਾ। ਮੈਂ ਰਿਵੇਰਾ ਨੂੰ ਜਾਣਦਾ ਹਾਂ। ਕੋਈ ਵੀ ਉਹਨੂੰ ਗੁੱਸਾ ਨਹੀਂ ਚੜ੍ਹਾ ਸਕਦਾ। ਅਜਿਹੀ ਕੋਈ ਕਮਜ਼ੋਰੀ ਮੈਂ ਉਸ ਵਿੱਚ ਨਹੀਂ ਲੱਭ ਸਕਿਆ। ਅਤੇ ਉਹਦੇ ਦੋਵੇਂ ਹੱਥ ਚਲਦੇ ਹਨ। ਉਹ ਕਿਸੇ ਵੀ ਹਾਲਤ ਵਿੱਚ, ਕਿਸੇ ਵੀ ਰੁਖ ਤੋਂ ਸਾਹਮਣੇ ਵਾਲ਼ੇ ਨੂੰ ਢੇਰ ਕਰ ਸੁੱਟਣ ਵਾਲ਼ੇ ਮੁੱਕੇ ਚਲਾ ਸਕਦਾ ਹੈ।’’
‘‘ਉਹਦੀ ਗੱਲ ਛੱਡੋ। ਉਹ ਕਿਹਾ ਸ਼ੋ ਪੇਸ਼ ਕਰ ਸਕਦਾ ਹੈ? ਤੂੰ ਸਾਰੀ ਜ਼ਿੰਦਗੀ ਫਾਈਟਰਾਂ ਨੂੰ ਤਿਆਰ ਕਰਦਾ ਰਿਹਾ ਹੈਂ। ਤੇਰੀ ਪਰਖ ਦੀ ਮੈਂ ਦਾਦ ਦੇਨਾ ਵਾਂ ਪਰ ਕੀ ਉਹ ਲੋਕਾਂ ਦਾ ਪੈਸਾ ਵਸੂਲ ਕਰਾ ਸਕਦਾ ਹੈ?’’
‘‘ਪੱਕੀ ਗੱਲ ਹੈ। ਅਤੇ ਇਨਾ ਹੀ ਨਹੀਂ, ਉਹ ਵਾਰਡ ਨੂੰ ਖਾਸਾ ਪ੍ਰੇਸ਼ਾਨ ਵੀ ਕਰ ਸਕਦਾ ਹੈ। ਤੂੰ ਇਸ ਮੁੰਡੇ ਨੂੰ ਜਾਣਦਾ ਨਹੀਂ ਮੈਂ ਜਾਣਦਾ ਹਾਂ। ਮੈਂ ਉਸਨੂੰ ਲੱਭਿਆ ਹੈ। ਉਹਨੂੰ ਗੁੱਸਾ ਚੜਾਉਣਾ ਅਸੰਭਵ ਹੈ। ਉਹ ਸ਼ੈਤਾਨ ਦਾ ਅਵਤਾਰ ਹੈ। ਉਹ ਪੱਕੀ ਆਫ਼ਤ ਪੁੜੀ ਹੈ। ਉਹ ਵਾਰਡ ਨੂੰ ਦੇਸੀ ਪ੍ਰਤਿਭਾ ਦੇ ਕਮਾਲ ਇਹਾ ਹੈਰਾਨ ਕਰੇਗਾ ਕਿ ਤੁਸੀਂ ਸਭ ਹੈਰਾਨ ਰਹਿ ਜਾਓਗੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਵਾਰਡ ਨੂੰ ਧੂੜ ਚਟਾ ਦੇਵੇਗਾ ਪਰ ਇਹ ਅਜਿਹਾ ਜਬਰਦਸਤ ਮੁਕਾਬਲਾ ਹੋਵੇਗਾ ਕਿ ਤੁਸੀਂ ਸਾਰੇ ਜਾਣ ਜਾਓਗੇ ਕਿ ਆਣ ਵਾਲ਼ਾ ਸਮਾਂ ਉਸੇ ਦਾ ਹੈ।’’
‘‘ਠੀਕ ਹੈ।’’ ਕੇਲੀ ਆਪਣੇ ਸੈਕ੍ਰੇਟਰੀ ਵੱਲ ਮੁੜਿਆ। ‘‘ਵਾਰਡ ਨੂੰ ਫੋਨ ਲਾ, ਮੈਂ ਉਹਨੂੰ ਕਿਹਾ ਸੀ ਕਿ ਜੇ ਕੁੱਝ ਗੱਲ ਬਣੀ ਤਾਂ ਉਹਨੂੰ ਇਥੇ ਆਉਣਾ ਪਵੇਗਾ। ਉਹ ਹਾਲ਼ੇ ਸਾਹਮਣੇ ਯਲੋਸਟੋਨ ਵਿੱਚ ਹੀ ਹੈ; ਲੋਕਾਂ ਨੂੰ ਆਪਣੇ ਬੱਲੇ ਦਿਖਾ ਰਿਹਾ ਹੋਵੇਗਾ, ਮਸ਼ਹੂਰ ਹੋਣ ਦਾ ਉਹ ਕੋਈ ਮੌਕਾ ਨਹੀਂ ਛੱਡਦਾ।’’
ਕੇਲੀ ਫਿਰ ਟ੍ਰੇਨਰ ਨੂੰ ਸੰਬੋਧਿਤ ਹੋਇਆ। ‘‘ਕੁੱਝ ਪਿਓਂਗੇ?’’
ਰਾਬਰਟ ਨੇ ਲੰਮੇ ਗਿਲਾਸ ਤੋਂ ਚੁਸਕੀ ਲਈ ਅਤੇ ਆਪਣੇ ਸੁਸਤ ਲਹਿਜ਼ੇ ਵਿੱਚ ਬੋਲਣ ਲੱਗਾ।
‘‘ਮੈਂ ਕਦੇ ਤੈਨੂੰ ਦੱਸਿਆ ਨਹੀਂ ਕਿ ਇਹ ਬਦਮਾਸ਼ ਮੈਨੂੰ ਮਿਲ਼ਿਆ ਕਿਵੇਂ। ਦੋ ਸਾਲ ਪਹਿਲਾਂ ਇਹ ਮੇਰੇ ਉਥੇ ਆਇਆ ਸੀ। ਮੈਂ ਪ੍ਰਾਈਨੇ ਨੂੰ ਡੇਲਾਨੀ ਨਾਲ਼ ਉਹਦੇ ਮੁਕਾਬਲੇ ਲਈ ਤਿਆਰ ਕਰ ਰਿਹਾ ਸੀ। ਪ੍ਰਾਈਨੇ ਬਹੁਤ ਦੁਸ਼ਟ ਹੈ। ਉਹਦੇ ’ਚ ਰਹਿਮ ਤਾਂ ਰੱਤੀ-ਮਾਸਾ ਵੀ ਨਹੀਂ ਹੈ। ਉਹਨੇ ਆਪਣਾ ਪਾਰਟਨਰ ਬੁਰੀ ਤਰਾਂ ਠੋਕਿਆ ਸੀ ਅਤੇ ਮੈਨੂੰ ਉਹਦੇ ਨਾਲ਼ ਲੜਨ ਲਈ ਕੋਈ ਮੁੰਡਾ ਨਹੀਂ ਸੀ ਲੱਭ ਰਿਹਾ। ਜਦ ਹੀ ਮੈਨੂੰ ਭੁੱਖ ਨਾਲ਼ ਬੇਹਾਲ ਇਹ ਮੈਕਸੀਕਨ ਛੋਹਰ ਉਥੇ ਮੰਡਰਾਉਂਦਾ ਦਿਖਿਆ। ਮੈਨੂੰ ਕੋਈ ਵੀ ਨਹੀਂ ਸੀ ਮਿਲ ਰਿਹਾ। ਇਸ ਲਈ ਮੈਂ ਉਹਨੂੰ ਫੜਿਆ, ਦਸਤਾਨੇ ਪਵਾਏ ਅਤੇ ਰਿੰਗ ’ਚ ਚੜ੍ਹਾ ਦਿੱਤਾ। ਉਹ ਚਮੜੇ ਜਿਹਾ ਚੀੜਾ ਸੀ ਪਰ ਬਹੁਤ ਕਮਜ਼ੋਰ ਸੀ ਮੁਕੇਬਾਜ਼ੀ ਦੀ ਭਾਸ਼ਾ ਦਾ ਊੜਾ ਵੀ ਨਹੀਂ ਸੀ ਜਾਣਦਾ। ਪ੍ਰਾਈਨੇ ਨੇ ਉਹਦੀਆਂ ਧੱਜੀਆਂ ਉਡਾ ਦਿੱਤੀਆਂ। ਪਰ ਉਹ ਦੋ ਰਾਂਊਡ ਤੱਕ ਟਿਕਿਆ ਰਿਹਾ, ਫਿਰ ਬੇਹੋਸ਼ ਹੋ ਗਿਆ। ਉਹ ਵੀ ਭੁੱਖ ਨਾਲ਼। ਕਿਹੀ ਮਾਰ ਪਈ ਸੀ ਉਹਦੇ! ਪਹਿਚਾਣ ’ਚ ਨਹੀਂ ਸੀ ਆਉਂਦਾ ਉਹ। ਮੈਂ ਉਹਨੂੰ ਅੱਧਾ ਡਾਲਰ ਅਤੇ ਰੋਟੀ ਦਿੱਤੀ। ਤੈਨੂੰ ਉਹਨੂੰ ਭੁੱਖੜਾਂ ਵਾਂਗ ਰੋਟੀਆਂ ਨਿਗਲ਼ਦੇ ਦੇਖਣਾ ਚਾਹੀਦਾ ਸੀ। ਉਹਨੇ ਦੋ ਦਿਨ ਤੋਂ ਇੱਕ ਗਰਾਹੀ ਤੱਕ ਨਹੀਂ ਸੀ ਖਾਧੀ। ਮੈਂ ਸੋਚਿਆ, ਇਹ ਤਾਂ ਗਿਆ ਕੰਮ ਤੋਂ ਪਰ ਅਗਲੇ ਦਿਨ ਉਹ ਫਿਰ ਆ ਧਮਕਿਆ। ਉਹਦਾ ਸ਼ਰੀਰ ਆਕੜਿਆ ਅਤੇ ਸੁੱਜਿਆ ਹੋਇਆ ਸੀ ਪਰ ਅੱਧੇ ਡਾਲਰ ਅਤੇ ਢਿੱਡ ਭਰਕੇ ਖਾਣ ਲਈ ਉਹ ਫਿਰ ਤੋਂ ਤਿਆਰ ਸੀ ਅਤੇ ਸਮਾਂ ਬੀਤਣ ਨਾਲ਼ ਉਹ ਬਿਹਤਰ ਹੁੰਦਾ ਗਿਆ। ਉਹ ਜਮਾਂਦਰੂ ਫਾਈਟਰ ਹੈ ਅਤੇ ਅਜਿਹਾ ਕੈੜਾ ਕਿ ਵਿਸ਼ਵਾਸ ਨਹੀਂ ਹੁੰਦਾ। ਉਹਦੇ ਕੋਲ਼ ਦਿਲ ਨਹੀਂ ਹੈ। ਉਹ ਬਰਫ਼ ਦੀ ਸਿੱਲ ਹੈ। ਜਦ ਤੋਂ ਮੈਂ ਉਹਨੂੰ ਜਾਣਦਾ ਹਾਂ ਉਹਨੇ ਇੱਕ ਵਾਰ ’ਚ ਗਿਆਰਾਂ ਸ਼ਬਦ ਵੀ ਨਹੀਂ ਬੋਲੇ ਹੋਣਗੇ। ਉਹ ਬਸ ਆਪਣਾ ਕੰਮ ਕਰਦਾ ਹੈ।’’
‘‘ਮੈਂ ਦੇਖਿਆ ਹੈ,’’ ਸੈਕ੍ਰੇਟਰੀ ਨੇ ਕਿਹਾ। ‘‘ਉਹਨੇ ਤੇਰੇ ਲਈ ਵਾਹਵਾ ਕੰਮ ਕੀਤਾ ਹੈ।’’
‘‘ਮੇਰੇ ਸਾਰੇ ਵੱਡੇ ਫਾਈਟਰ ਉਹਨੂੰ ਆਜ਼ਮਾ ਚੁੱਕੇ ਹਨ,’’ ਰਾਬਰਟ ਨੇ ਜਵਾਬ ਦਿੱਤਾ। ‘‘ਅਤੇ ਉਹਨੇ ਉਹਨਾਂ ਸਭ ਤੋਂ ਸਿੱਖਿਆ ਹੈ। ਮੈਂ ਦੇਖਿਆ ਹੈ ਕਿ ਉਹਨਾਂ ’ਚੋਂ ਕੁੱਝ ਨੂੰ ਉਹ ਧੋਬੀ ਪਟਕਾ ਦੇ ਸਕਦਾ ਸੀ। ਪਰ ਉਹਦਾ ਦਿਲ ਨਹੀਂ ਲਗਦਾ ਸੀ। ਮੈਂ ਸੋਚਦਾ ਸੀ ਕਿ ਉਹਨੂੰ ਇਹ ਖੇਡ ਕਦੀ ਪਸੰਦ ਨਹੀਂ ਸੀ। ਉਹਦੇ ਹਾਵ-ਭਾਵ ਤੋਂ ਤਾਂ ਅਜਿਹਾ ਹੀ ਲਗਦਾ ਸੀ।’’
‘‘ਪਿਛਲੇ ਕੁੱਝ ਮਹੀਨਿਆਂ ਤੋਂ ਤਾਂ ਉਹ ਛੋਟੇ ਕਲੱਬਾਂ ਵਿੱਚ ਫਾਈਟਿੰਗ ਕਰਦਾ ਰਿਹਾ ਹੈ।’’ ਕੇਲੀ ਨੇ ਕਿਹਾ।
‘‘ਹਾਂ। ਅਚਾਨਕ ਉਹਨੂੰ ਪਤਾ ਨਹੀਂ ਕੀ ਹੋਇਆ। ਯਕਦਮ ਹੀ ਉਹ ਇਹਦੇ ਲਈ ਤਿਆਰ ਹੋ ਗਿਆ। ਉਹ ਬਸ ਬਿਜਲੀ ਲਿਸ਼ਕੌਰ ਵਾਂਗ ਨਿਕਲ਼ਿਆ ਅਤੇ ਸਾਰੇ ਸਥਾਨਕ ਫਾਈਟਰਾਂ ਦੀ ਛੁੱਟੀ ਕਰ ਦਿੱਤੀ। ਲਗਦਾ, ਉਹਨੂੰ ਪੈਸਿਆਂ ਦੀ ਜ਼ਰੂਰਤ ਹੈ, ਅਤੇ ਉਹਨੇ ਠੀਕ-ਠਾਕ ਕਮਾਈ ਕੀਤੀ ਹੈ ਭਾਵੇਂਕਿ ਉਹਦੇ ਕਪੜਿਆਂ ਤੋਂ ਪਤਾ ਨਹੀਂ ਚਲਦਾ। ਉਹ ਅਜੀਬ ਹੀ ਚੀਜ਼ ਹੈ। ਕੋਈ ਨਹੀਂ ਜਾਣਦਾ ਕਿ ਉਹ ਕੀ ਕਰਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਂਦਾ ਹੈ। ਜਦ ਉਹ ਕੰਮ ’ਤੇ ਹੁੰਦਾ ਤਦ ਵੀ ਕੰਮ ਖ਼ਤਮ ਹੁੰਦੇ ਹੀ ਗਾਇਬ ਹੋ ਜਾਂਦਾ ਹੈ। ਕਦੀ-ਕਦੀ ਤਾਂ ਹਫਤਿਆਂ ਬੱਧੀ ਲਾਪਤਾ ਰਹਿੰਦਾ ਹੈ। ਪਰ ਉਹ ਕਿਸੇ ਦੀ ਨਹੀਂ ਸੁਣਦਾ। ਉਹਦਾ ਮੈਨੇਜਰ ਬਣਨ ਵਾਲ਼ਾ ਭਾਰੀ ਕਮਾਈ ਕਰ ਸਕਦਾ ਹੈ, ਪਰ ਉਹ ਇਸ ਬਾਰੇ ਸੋਚਣ ਨੂੰ ਵੀ ਤਿਆਰ ਨਹੀਂ ਹੈ ਤੇ ਨਾਲ਼ੇ ਤੂੰ ਦੇਖੀਂ ਜਦ ਮੁਕਾਬਲੇ ਦੀਆਂ ਸ਼ਰਤਾਂ ਤੈਅ ਹੋਣਗੀਆਂ ਤਾਂ ਉਹ ਨਕਦ ਪੈਸੇ ਲੈਣ ਲਈ ਕਿਵੇਂ ਅੜੇਗਾ।’’
ਉਸੇ ਸਮੇਂ ਡੈਨੀ ਵਾਰਡ ਆ ਪਹੁੰਚਿਆ। ਪੂਰੀ ਮੰਡਲੀ ਸੀ। ਉਹਦਾ ਮੈਨੇਜਰ ਅਤੇ ਟਰੇਨਰ ਪਿੱਛੇ-ਪਿੱਛੇ ਸਨ ਅਤੇ ਉਹ ਖੁਸ਼ਮਿਜਾਜ਼ ਤੇ ਜੇਤੂ ਭਾਵ ਨਾਲ਼ ਹਵਾ ਦੇ ਬੁੱਲੇ ਵਾਂਗ ਅੰਦਰ ਆਇਆ। ਆਉਂਦੇ ਹੀ ਉਹਨੇ ਲੋਕਾਂ ਨਾਲ਼ ਹੱਥ ਮਿਲਾਇਆ, ਕਿਸੇ ਨਾਲ਼ ਮਜ਼ਾਕ ਕੀਤਾ, ਕਿਸੇ ਨੂੰ ਹਾਜ਼ਰ ਜਵਾਬੀ ਦੀ ਝਲਕ ਦਿਖਾਈ, ਕਿਸੇ ਨੂੰ ਦੇਖਕੇ ਮੁਸਕਰਾਇਆ ਅਤੇ ਕਿਸੇ ਦੀ ਗੱਲ ’ਤੇ ਹੱਸਿਆ। ਇਹ ਉਹਦਾ ਤਰੀਕਾ ਸੀ ਅਤੇ ਉਹਦੇ ’ਚ ਸੱਚਾਈ ਅੰਸ਼ ਮਾਤਰ ਹੀ ਸੀ। ਉਹ ਇੱਕ ਚੰਗਾ ਕਲਾਕਾਰ ਸੀ ਅਤੇ ਉਹਨੇ ਜਾਣਿਆ ਸੀ ਕਿ ਦੁਨੀਆ ’ਚ ਅੱਗੇ ਵੱਧਣ ਦੀ ਖੇਡ ’ਚ ਖੁਸ਼ਮਿਜਾਜ਼ੀ ਬੜਾ ਹੀ ਕਾਰਗਰ ਨੁਸਖਾ ਸੀ। ਪਰ ਅੰਦਰੋਂ ਉਹ ਇੱਕ ਹਿਸਾਬੀ-ਕਿਤਾਬੀ, ਨਿਰਦਈ ਫਾਈਟਰ ਅਤੇ ਵਪਾਰੀ ਸੀ। ਬਾਕੀ ਸਭ ਬਸ ਦਿਖਾਵਾ ਸੀ। ਇੱਕ ਮੁਖੌਟਾ ਸੀ ਜਿਸ ’ਤੇ ਹਮੇਸ਼ਾ ਮੁਸਕਾਨ ਚਿਪਕੀ ਰਹਿੰਦੀ ਸੀ। ਉਹਨੂੰ ਜਾਨਣ ਵਾਲ਼ੇ ਜਾਂ ਉਹਦੇ ਨਾਲ਼ ਕਾਰੋਬਾਰ ਕਰਨ ਵਾਲ਼ੇ ਕਹਿੰਦੇ ਸਨ ਕਿ ਪੈਸਿਆਂ ਦੇ ਮਾਮਲੇ ਵਿੱਚ ਉਹਦਾ ਦਿਮਾਗ ਉਹਦੇ ਮੁੱਕਿਆਂ ਤੋਂ ਵੀ ਤੇਜ਼ ਚਲਦਾ ਸੀ। ਲੈਣ-ਦੇਣ ਸਬੰਧੀ ਹਰ ਗੱਲਬਾਤ ਵਿੱਚ ਉਹ ਜ਼ਰੂਰ ਮੌਜੂਦ ਰਹਿੰਦਾ ਸੀ ਅਤੇ ਕੁੱਝ ਲੋਕ ਕਹਿੰਦੇ ਸਨ ਕਿ ਉਹਦਾ ਮੈਨੇਜਰ ਬਸ ਡੈਨੀ ਦੀ ਤੂਤੀ ਹੀ ਹੈ, ਉਹ ਉਹੀ ਬੋਲਦਾ ਹੈ ਜੋ ਉਸਨੂੰ ਕਿਹਾ ਜਾਂਦਾ ਹੈ।
ਰਿਵੇਰਾ ਦਾ ਅੰਦਾਜ਼ ਬਿਲਕ ਅੱਡ ਸੀ। ਉਹਦੀਆਂ ਨਸਾਂ ਵਿੱਚ ਸਪੇਨਿਸ਼ ਦੇ ਨਾਲ਼ ਹੀ ਇੰਡੀਅਨ (ਰੈੱਡ ਇੰਡੀਅਨ -ਅਨੁ.) ਖੂਨ ਸੀ ਅਤੇ ਉਹ ਇੱਕ ਨੱਕਰੇ ਚੁਪਚਾਪ, ਬਿਲਕੁਲ ਸਥਿਰ ਬੈਠਾ ਹੋਇਆ ਸੀ, ਸਿਰਫ਼ ਉਹਦੀਆਂ ਕਾਲੀਆਂ ਅੱਖਾਂ ਇੱਕ-ਇੱਕ ਚਿਹਰੇ ’ਤੇ ਫਿਰ ਰਹੀਆਂ ਸਨ ਅਤੇ ਹਰ ਚੀਜ਼ ਨੂੰ ਧਿਆਨ ਨਾਲ਼ ਦੇਖ ਰਹੀਆਂ ਸਨ।
‘‘ਅੱਛਾ, ਤਾਂ ਇਹ ਬੰਦਾ ਹੈ!’’ ਡੈਨੀ ਨੇ ਆਪਣੇ ਪ੍ਰਸਤਾਵਤ ਵਿਰੋਧੀ ਨੂੰ ਨਜ਼ਰਾਂ ਨਾਲ਼ ਤੋਲਦੇ ਹੋਏ ਕਿਹਾ। ‘‘ਸੁਣਾ, ਕਿਵੇਂ ਆ ਮਿੱਤਰਾ?’’
ਰਿਵੇਰਾ ਦੀਆਂ ਅੱਖਾਂ ਭੱਖ ਪਈਆਂ, ਪਰ ਉਹਨੇ ਬੁਲਾਵਾ ਮੰਜੂਰ ਕਰਨ ਦਾ ਕੋਈ ਭਾਵ ਨਾ ਪ੍ਰਗਟਾਇਆ। ਸਾਰੇ ਗ੍ਰਿੰਗੋ
ਉਹਨੂੰ ਸਖ਼ਤ ਨਾਪਸੰਦ ਸਨ, ਪਰ ਇਸ ਗ੍ਰਿੰਗੋ ਨੂੰ ਦੇਖਦੇ ਹੀ ਉਹਦੇ ਅੰਦਰ ਅਜਿਹੀ ਨਫ਼ਰਤ ਉਠੀ ਜੋ ਖੁਦ ਉਸ ਲਈ ਵੀ ਅਜੀਬ ਸੀ।
‘‘ਹਾਏ ਰੱਬਾ!’’ ਡੈਨੀ ਨੇ ਮਜ਼ਕੀਆ ਲਹਿਜੇ ਨਾਲ਼ ਫਾਈਟ ਪ੍ਰਮੋਟਰ ਨੂੰ ਕਿਹਾ। ‘‘ਤਾਂ ਤੂੰ ਮੈਨੂੰ ਇੱਕ ਗੂੰਗੇ-ਬੋਲ਼ੇ ਨਾਲ਼ ਭਿੜਾਉਣਾ ਚਾਹੁੰਦਾ ਏਂ!’’ ਹਾਸਾ ਰੁਕਣ ’ਤੇ ਉਹਨੇ ਇੱਕ ਹੋਰ ਫਿਕਰਾ ਕਸਿਆ। ‘‘ਲਗਦਾ, ਅੱਜਕੱਲ ਲਾਸ ਏਜਲਿਜ਼ ’ਚ ਲੋਕ ਚੂੜੀਆਂ ਪਾਉਣ ਲੱਗ ਪਏ ਨੇ, ਤਾਂ ਹੀ ਤੁਸੀਂ ਇਸ ਤੋਂ ਬਿਹਤਰ ਜੁਗਾੜ ਨਹੀਂ ਕਰ ਸਕੇ। ਕਿਹੜੀ ਆਂਗਣਵਾੜੀ ਤੋਂ ਫੜਕੇ ਲਿਆਏ ਹੋ ਇਹਨੂੰ?’’
‘‘ਇਹ ਵਧੀਆ ਮੁੰਡਾ ਹੈ, ਡੈਨੀ, ਮੇਰੀ ਗੱਲ ਮੰਨ।’’ ਰਾਬਰਟ ਨੇ ਉਹਦਾ ਬਚਾਅ ਕੀਤਾ। ‘‘ਜਿਹੋ ਜਿਹਾ ਕਮਜ਼ੋਰ ਦਿਖਦਾ ਹੈ ਉਹੋ ਜਿਹਾ ਹੈ ਨਹੀਂ।’’
‘‘ਅਤੇ ਅੱਧੀਆਂ ਸੀਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।’’ ਕੇਲੀ ਨੇ ਬੇਨਤੀ ਦਾ ਬੋਲ ਮਾਰਿਆ। ‘‘ਤੈਨੂੰ ਉਸ ਨਾਲ਼ ਭਿੜਨਾ ਹੀ ਪਵੇਗਾ ਡੈਨੀ! ਹੁਣ ਇਸਤੋਂ ਬਿਹਤਰ ਸਾਡੇ ਲਈ ਸੰਭਵ ਨਹੀਂ।’’
ਡੈਨੀ ਨੇ ਰਿਵੇਰਾ ’ਤੇ ਇੱਕ ਹੋਰ ਬੇਫਿਕਰ ਤੇ ਅਨਾਦਰ ਭਰਪੂਰ ਨਜ਼ਰ ਸੁੱਟੀ ਅਤੇ ਆਹ ਭਰੀ।
‘‘ਮੇਰੇ ਖਿਆਲ ’ਚ ਮੈਨੂੰ ਉਹਦੇ ਨਾਲ਼ ਨਰਮੀ ਵਰਤਣੀ ਪਵੇਗੀ; ਬਸ਼ਰਤੇ ਉਹ ਮੂਰਖਤਾ ਨਾ ਕਰ ਬੈਠੇ।’’
ਰਾਬਰਟ ਨੇ ਨਾਸਾਂ ਤੋਂ ਫੁੰਕਾਰਾ ਮਾਰਿਆ।
‘‘ਤੈਨੂੰ ਚੇਤੰਨ ਰਹਿਣਾ ਪਵੇਗਾ,’’ ਡੈਨੀ ਦੇ ਮੈਨੇਜਰ ਨੇ ਯਾਦ ਦਿਵਾਇਆ। ‘‘ਅਜਿਹੇ ਅਵਾਰਾਗਰਦਾਂ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੀਦਾ। ਕੀ ਪਤਾ, ਉਹਦੀ ਕਿਸਮਤ ਨਾਲ਼ ਇੱਕ ਅੱਧਾ ਘਸੁੰਨ ਤੇਰੇ ਤੱਕ ਪਹੁੰਚ ਹੀ ਜਾਵੇ।’’
‘‘ਓਹ, ਮੈਂ ਪੂਰੀ ਸਾਵਧਾਨੀ ਵਰਤੂੰਗਾ, ਪੂਰੀ,’’ ਡੈਨੀ ਮੁਸਕਰਾਇਆ। ‘‘ਪਿਆਰੇ ਲੋਕਾਂ ਖਾਤਰ ਮੈਂ ਇਹਨੂੰ ਸ਼ੁਰੂ ਤੋਂ ਹੋਲ਼ੀ-ਹੋਲ਼ੀ ਖਿਡਾਊਗਾ। ਪੰਦਰਾਂ ਰਾਉਂਡ ਤੱਕ ਅਤੇ ਫਿਰ ਉਹਨੂੰ ਢੇਰ ਕਰੂੰਗਾ। ਕਿਉਂ, ਕੀ ਖਿਆਲ ਹੈ ਕੇਲੀ?’’
‘‘ਚਲੇਗਾ,’’ ਉਹਨੇ ਜਵਾਬ ਦਿੱਤਾ। ‘‘ਬਸ, ਅਸਲੀ ਦਿਖਣਾ ਚਾਹੀਦਾ ਹੈ।’’
‘‘ਤਾਂ ਹੁਣ ਕੰਮ ਦੀ ਗੱਲ ਕਰੀਏ।’’ ਡੈਨੀ ਨੇ ਰੁਕ ਕੇ ਮਨ-ਹੀ-ਮਨ ਹਿਸਾਬ ਲਾਇਆ। ‘‘ਟਿਕਟ-ਵਿਕਰੀ ਦਾ ਪੈਂਹਠ ਫੀਸਦੀ, ਜਿਵੇਂ ਕਾਰਥੀ ਨਾਲ਼ ਤੈਅ ਹੋਇਆ ਸੀ। ਪਰ ਇਹਦਾ ਬਟਵਾਰਾ ਅੱਡ ਹੋਵੇਗਾ। ਮੇਰੇ ਲਈ ਅੱਸੀ ਠੀਕ ਰਹੇਗਾ।’’ ਉਹਨੇ ਆਪਣੇ ਮੈਨੇਜਰ ਨੂੰ ਪੁੱਛਿਆ, ‘‘ਠੀਕ ਹੈ?’’
ਮੈਨੇਜਰ ਨੇ ਹਾਮੀ ਭਰੀ।
‘‘ਓ ਸੁਣ, ਤੇਰੇ ਖਾਨੇ ਪਈ?’’ ਕੇਲੀ ਨੇ ਰਿਵੇਰਾ ਨੂੰ ਪੁੱਛਿਆ।
ਰਿਵੇਰਾ ਨੇ ਨਾਂਹ ਵਿੱਚ ਸਿਰ ਹਿਲਾਇਆ।
‘‘ਦੇਖ, ਇਹ ਇਸ ਤਰਾਂ ਹੁੰਦਾ ਹੈ,’’ ਕੇਲੀ ਨੇ ਉਹਨੂੰ ਸਮਝਾਇਆ। ‘‘ਇਨਾਮ ਦੀ ਰਕਮ ਹੋਵੇਗੀ ਟਿਕਟ-ਵਿਕਰੀ ਦਾ ਪੈਂਹਠ ਫੀਸਦੀ। ਤੂੰ ਨਵਾਂ ਅਤੇ ਅਣਜਾਣ ਹੈਂ। ਰਕਮ ਤੁਹਾਡੇ ਦੋਵਾਂ ਵਿੱਚ ਵੰਡੀ ਜਾਵੇਗੀ। ਵੀਹ ਫੀਸਦੀ ਤੇਰੀ, ਅੱਸੀ ਡੈਨੀ ਨੂੰ। ਕਿਉਂ, ਠੀਕ ਏ ਨਾ ਰਾਬਰਟ?’’
‘‘ਬਿਲਕੁਲ ਠੀਕ ਏ, ਰਿਵੇਰਾ?’’ ਰਾਬਰਟ ਨੇ ਸਹਿਮਤੀ ਜਤਾਈ।
‘‘ਦੇਖ, ਹਾਲ਼ੇ ਤੇਰਾ ਨਾਮ ਤਾਂ ਹੋਇਆ ਨਹੀਂ ਹੈ।’’
‘‘ਟਿਕਟ-ਵਿਕਰੀ ਦਾ ਪੈਂਹਠ ਫੀਸਦੀ ਕਿੰਨਾ ਹੋਵੇਗਾ?’’ ਰਿਵੇਰਾ ਨੇ ਪੁੱਛਿਆ।
‘‘ਓਹ, ਸ਼ਾਇਦ ਪੰਜ ਹਜ਼ਾਰ, ਜਾਂ ਹੋ ਸਕਦਾ ਹੈ, ਅੱਠ ਹਜ਼ਾਰ ਤੱਕ ਪਹੁੰਚ ਜਾਵੇ,’’ ਡੈਨੀ ਬੋਲ ਪਿਆ। ‘‘ਲਗਭਗ ਇਨਾ ਹੀ ਹੋਵੇਗਾ। ਤੇਰੇ ਹਿੱਸੇ ਹਜ਼ਾਰ ਤੋਂ ਸੋਲਾਂ ਸੌ ਤੱਕ ਆਉਣਗੇ। ਮੇਰੇ ਵਰਗੇ ਨਾਮਵਰ ਬੰਦੇ ਤੋਂ ਕੁਟਾਪਾ ਚੜਾਉਣ ਲਈ ਇਹ ਖਾਸੀ ਰਕਮ ਹੈ। ਕੀ ਕਹਿੰਦਾ ਫੇਰ?’’
ਰਿਵੇਰਾ ਦਾ ਜਵਾਬ ਸੁਣਕੇ ਉਹਨਾਂ ਦੇ ਸਾਹ ਗਲ਼ੇ ’ਚ ਅਟਕ ਗਏ। ‘‘ਪੁਰੀ ਰਕਮ ਜਿੱਤਣਵਾਲ਼ਾ ਲੈ ਜਾਵੇਗਾ,’’ ਉਹਨੇ ਫੈਸਲਾ ਸੁਨਾਣ ਦੇ ਲਹਿਜ਼ੇ ’ਚ ਕਿਹਾ।
ਕਮਰੇ ’ਚ ਸੁੰਨ ਛਾ ਗਈ।
‘‘ਵਾਹ, ਬੱਚੇ ਸਾਨੂੰ ਮਿੱਠੀਆਂ ਗੋਲ਼ੀਆਂ ਖਵਾ ਰਿਹਾ ਹੈਂ।’’ ਡੈਨੀ ਦੇ ਮੈਨੇਜਰ ਨੇ ਕਿਹਾ।
ਡੈਨੀ ਨੇ ਸਿਰ ਹਿਲਾਇਆ।
‘‘ਮੈਂ ਇਸ ਖੇਡ ਵਿੱਚ ਬਹੁਤ ਦਿਨਾਂ ਤੋਂ ਹਾਂ,’’ ਉਹਨੇ ਕਿਹਾ। ‘‘ਮੈਂ ਰੈਫਰੀ ਜਾਂ ਪ੍ਰਬੰਧਕ ਕੰਪਨੀ ’ਤੇ ਸ਼ੱਕ ਨਹੀਂ ਕਰ ਰਿਹਾ। ਮੈਂ ਸੱਟੇਬਾਜ਼ਾਂ ਅਤੇ ਧੋਖਾਧੜੀਆਂ ਦੀ ਵੀ ਗੱਲ ਨਹੀਂ ਕਰ ਰਿਹਾ, ਜਿਵੇਂ ਕਿ ਕਈ ਵਾਰ ਹੁੰਦਾ ਹੈ। ਮੈਂ ਬਸ ਇਹੀ ਕਹਿ ਰਿਹਾ ਹਾਂ ਕਿ ਮੇਰੇ ਵਰਗੇ ਫਾਈਟਰ ਲਈ ਇਹ ਸੌਦਾ ਠੀਕ ਨਹੀਂ। ਇਸ ਮਾਮਲੇ ਵਿੱਚ ਮੈਂ ਖਤਰਾ ਮੁੱਲ ਨਹੀਂ ਲੈ ਸਕਦਾ। ਤੂੰ ਕੁੱਝ ਨਹੀਂ ਕਹਿ ਸਕਦਾ। ਕੀ ਪਤਾ ਮੇਰੀ ਬਾਂਹ ਟੁੱਟ ਜਾਵੇ, ਕਿਉਂ? ਜਾਂ ਕੋਈ ਮੈਨੂੰ ਧੋਖੇ ਨਾਲ਼ ਨਸ਼ਾ ਖਵਾ ਦੇਵੇ?’’ ਉਹਨੇ ਗੰਭੀਰ ਤਰੀਕੇ ਨਾਲ਼ ਸਿਰ ਹਿਲਾਇਆ। ‘‘ਹਾਰ ਜਾਂ ਜਿੱਤ, ਮੇਰਾ ਹਿੱਸਾ ਹੋਵੇਗਾ ਅੱਸੀ ਫੀਸਦੀ। ਕੀ ਕਹਿਣੇ ਨੇ, ਮੈਕਸੀਕਨ?’’
ਰਿਵੇਰਾ ਨੇ ਫਿਰ ਨਾਂਹ ਵਿੱਚ ਸਿਰ ਹਿਲਾਇਆ।
ਡੈਨੀ ਗੁੱਸੇ ਨਾਲ਼ ਫਟ ਪਿਆ। ਹੁਣ ਉਹ ਆਪਣੇ ਅਸਲ ਰੂਪ ਵਿੱਚ ਆ ਰਿਹਾ ਸੀ।
‘‘ਓਏ, ਗਟਰ ਦਿਆ ਕੀੜਿਆ, ਚਾਹੁੰਨਾ ਕੀ ਐ ਤੂੰ? ਜੀ ਤਾਂ ਕਰਦਾ, ਹੁਣੇ ਤੇਰੀ ਬੱਧਰੀ ਬਣਾਦਾਂ।’’
ਰਾਬਰਟ ਹੋਲ਼ੇ ਜਿਹੇ ਆਪਣਾ ਸ਼ਰੀਰ ਦੋਵਾਂ ਵਿਰੋਧੀਆਂ ਵਿੱਚ ਲੈ ਆਇਆ।
‘‘ਪੂਰੀ ਰਕਮ ਜਿੱਤਣਵਾਲ਼ੇ ਨੂੰ।’’ ਰਿਵੇਰਾ ਨੇ ਰੁੱਖੇ ਢੰਗ ਨਾਲ਼ ਦੁਹਰਾਇਆ।
‘‘ਤੂੰ ਐਵੇਂ ਅੜਿਆ ਕਿਉਂ ਹੈਂ?’’ ਡੈਨੀ ਨੇ ਪੁੱਛਿਆ।
‘‘ਮੈਂ ਤੈਨੂੰ ਕੁੱਟ ਸਕਨਾ।’’ ਉਹਦਾ ਸਿੱਧਾ ਜਵਾਬ ਸੀ।
ਡੈਨੀ ਨੇ ਕੋਟ ਲਾਹੁਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪਰ, ਜਿਵੇਂ ਕਿ ਉਹਦਾ ਮੈਨੇਜਰ ਜਾਣਦਾ ਸੀ, ਇਹ ਸਿਰਫ਼ ਦਿਖਾਵਾ ਸੀ। ਕੋਟ ਨਹੀਂ ਉਤਰਿਆ ਅਤੇ ਡੈਨੀ ਨੇ ਲੋਕਾਂ ਨੂੰ ਖੁਦ ਨੂੰ ਸ਼ਾਂਤ ਕਰਨ ਦਿੱਤਾ। ਸਭ ਦੀ ਹਮਦਰਦੀ ਉਹਦੇ ਨਾਲ਼ ਸੀ। ਰਿਵੇਰਾ ਇਕੱਲਾ ਖੜਾ ਸੀ।
‘‘ਸੁਣ, ਮੂਰਖ ਛੋਕਰੇ,’’ ਕੇਲੀ ਨੇ ਉਹਨੂੰ ਸਮਝਾਉਣ ਦਾ ਜਿੰਮਾ ਖੁਦ ’ਤੇ ਲੈ ਲਿਆ। ‘‘ਤੂੰ ਕੁੱਝ ਵੀ ਨਹੀਂ ਹੈਂ। ਅਸੀਂ ਜਾਣਦੇ ਹਾਂ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਤੂੰ ਕੀ ਕਰਦਾ ਰਿਹਾ ਹੈਂ| ਮਮੂਲੀ ਸਥਾਨਕ ਫਾਈਟਰਾਂ ਨੂੰ ਕੁੱਟਿਆ ਹੈ ਤੂੰ ਪਰ ਡੈਨੀ ਉਪਰਲੇ ਦਰਜੇ ਦਾ ਹੈ। ਇਸ ਮੁਕਾਬਲੇ ਤੋਂ ਬਾਅਦ ਉਹ ਚੈਪੀਅਨਸ਼ਿਪ ਲਈ ਭਿੜੇਗਾ। ਅਤੇ ਤੂੰ ਬਿਲਕੁਲ ਗੁੰਮਨਾਮ ਹੈਂ। ਲਾਸ ਏਂਜਲਜ਼ ਦੇ ਬਾਹਰ ਕਿਸੇ ਨੇ ਨਾਮ ਤੱਕ ਨਹੀਂ ਸੁਣਿਆ।’’
‘‘ਸੁਣਨਗੇ,’’ ਰਿਵੇਰਾ ਨੇ ਮੌਢੇ ਛੰਡਕੇ ਕਿਹਾ, ‘‘ਇਸ ਮੁਕਾਬਲੇ ਤੋਂ ਬਾਅਦ ਸੁਣਨਗੇ।’’
‘‘ਤੂੰ ਸੋਚਦਾ ਹੈਂ, ਤੂੰ ਮੈਨੂੰ ਕੁੱਟ ਸਕਨਾ?’’ ਡੈਨੀ ਗੁੱਸੇ ਵਿੱਚ ਬੋਲਿਆ।
ਰਿਵੇਰਾ ਨੇ ਸਿਰ ਹਿਲਾਕੇ ਹਾਮੀ ਭਰੀ।
‘‘ਚਲੋ ਛੱਡੋ; ਥੋੜਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ,’’ ਕੇਲੀ ਨੇ ਅਪੀਲ ਕੀਤੀ। ‘‘ਵਿਗਿਆਪਨਾਂ ਬਾਰੇ ਸੋਚੋ।’’
‘‘ਮੈਨੂੰ ਪੈਸਾ ਚਾਹੀਦਾ ਹੈ।’’ ਰਿਵੇਰਾ ਦਾ ਜਵਾਬ ਸੀ।
‘‘ਤੂੰ ਇੱਕ ਹਜ਼ਾਰ ਸਾਲ ’ਚ ਵੀ ਮੈਥੋਂ ਨਹੀਂ ਜਿੱਤਣ ਲੱਗਾ।’’ ਡੈਨੀ ਨੇ ਭਰੋਸੇ ਭਰੇ ਭਾਵ ਨਾਲ਼ ਕਿਹਾ।
‘‘ਫੇਰ ਤੈਨੂੰ ਫਿਕਰ ਕਾਹਦਾ?’’ ਰਿਵੇਰਾ ਨੇ ਪਲਟ ਕੇ ਕਿਹਾ। ‘‘ਜੇ ਪੈਸਾ ਇਨੇ ਸੌਖਿਆਂ ਮਿਲ਼ਦਾ ਪਿਆ ਹੈ ਤਾਂ ਤੂੰ ਲੈ ਕਿਉਂ ਨਹੀਂ ਲੈਂਦਾ?’’
‘‘ਲਵਾਂਗਾ! ਹੁਣ ਤੂੰ ਦੇਖ!’’ ਡੈਨੀ ਅਚਾਨਕ ਫੈਸਲਾਕੁੰਨ ਅੰਦਾਜ਼ ਵਿੱਚ ਚੀਕੀਆ। ‘‘ਮੈਂ ਰਿੰਗ ਵਿੱਚ ਤੈਨੂੰ ਕੁੱਟ-ਕੁੱਟ ਕੇ ਮਾਰ ਸੁੱਟਾਂਗਾ, ਬੱਚੇ ਤੂੰ ਮੇਰੇ ਨਾਲ਼ ਖੇਡਦਾ ਪਿਆਂ! ਅਖਬਾਰਾਂ ਵਿੱਚ ਲੇਖ ਛਪਾਵਾਉਣੇ ਸ਼ੁਰੂ ਕਰਦੇ, ਕੈਲੀ। ਪੂਰਾ ਪੈਸਾ ਜਿੱਤਣ ਵਾਲ਼ੇ ਦਾ! ਖੇਡ ਕਾਲਮਾਂ ਵਿੱਚ ਇਹਨੂੰ ਜਮ ਕੇ ਉਛਾਲੋ। ਲੋਕਾਂ ਨੂੰ ਦੱਸੋ ਕਿ ਇਹ ਪੁਰਾਣੇ ਦੁਸ਼ਮਣਨਾਂ ਦਾ ਭੇੜ ਹੈ। ਮੈਂ ਇਸ ਨਵੇਂ ਉਠੇ ਛੋਹਰ ਨੂੰ ਇਹਦੀ ਔਕਾਤ ਦਿਖਾਵਾਂਗਾ।’’
ਕੇਲੀ ਦੇ ਸੈਕ੍ਰੇਟਰੀ ਨੇ ਲਿਖਣਾ ਸ਼ੁਰੂ ਕੀਤਾ ਸੀ ਕਿ ਡੈਨੀ ਨੇ ਉਹਨੂੰ ਰੋਕ ਦਿੱਤਾ।
‘‘ਰੁਕੋ!’’ ਉਹ ਰਿਵੇਰਾ ਵੱਲ ਮੁੜਿਆ।
‘‘ਭਾਰ?’’
‘‘ਰਿੰਗ ਦੇ ਬਾਹਰ।’’ ਜਵਾਬ ਆਇਆ।
‘‘ਸਵਾਲ ਹੀ ਪੈਦਾ ਨਹੀਂ ਹੁੰਦਾ, ਕੱਲ ਦਿਆ ਜਵਾਕਾ! ਜੇ ਪੂਰਾ ਮਾਲ ਜਿੱਤਣਵਾਲ਼ੇ ਦਾ, ਤਾਂ ਭਾਰ ਸਵੇਰੇ ਦਸ ਵਜੇ ਹੋਵੇਗਾ।’’
‘‘ਅਤੇ ਪੂਰਾ ਮਾਲ ਜਿੱਤਣਵਾਲ਼ੇ ਨੂੰ ਮਿਲੇਗਾ?’’ ਰਿਵੇਰਾ ਨੇ ਪੁੱਛਿਆ।
ਡੈਨੀ ਨੇ ਹਾਮੀ ਭਰੀ। ਮਾਮਲਾ ਤੈਅ ਹੋ ਗਿਆ। ਉਹ ਆਪਣੀ ਪੂਰੀ ਤਾਕਤ ਅਤੇ ਤਾਜ਼ਗੀ ਨਾਲ਼ ਰਿੰਗ ਵਿੱਚ ਉਤਰੇਗਾ।
‘‘ਬਾਰ ਸਵੇਰੇ ਦਸ ਵਜੇ ਹੋਵੇਗਾ।’’ ਰਿਵੇਰਾ ਨੇ ਕਿਹਾ।
ਸੈਕ੍ਰੇਟਰੀ ਦਾ ਪੈਨ ਤੇਜ਼ੀ ਨਾਲ਼ ਚੱਲਣ ਲੱਗਾ।
‘‘ਇਹਦਾ ਮਤਲਬ ਹੋਇਆ, ਪੰਜ ਪੌਂਡ ਹੋਰ।’’ ਰਾਬਰਟ ਨੇ ਰਿਵੇਰਾ ਨੂੰ ਸਮਝਾਇਆ।
‘‘ਤੂੰ ਆਪਣੇ ਪੈਰੀਂ ਆਪ ਕੁਹਾੜੀ ਮਾਰੀ ਸੂ। ਤੂੰ ਤਾਂ ਹਾਰਨ ਦਾ ਪੱਕਾ ਇੰਤਜ਼ਾਮ ਕਰ ਲਿਆ। ਡੈਨੀ ਪੱਕਾ ਤੇਰਾ ਭੈੜਾ ਕੁਟਾਪਾ ਚਾੜੇਗਾ। ਉਹ ਸੰਢੇ ਵਰਗਾ ਜ਼ੋਰਾਵਰ ਏ। ਤੂੰ ਤਾਂ ਨਿਰਾ-ਪੂਰਾ ਮੂਰਖ ਏਂ। ਹੁਣ ਤਾਂ ਤੇਰੇ ਕੋਲ਼ ਰੱਤੀ-ਮਾਸਾ ਵੀ ਮੌਕਾ ਨਹੀਂ।’’
ਰਿਵੇਰਾ ਨੇ ਨਾਪੀ-ਤੋਲੀ, ਨਫ਼ਰਤਭਰੀ ਨਜ਼ਰ ਨਾਲ਼ ਉਹਦਾ ਜਵਾਬ ਦਿੱਤਾ। ਉਹ ਇਸ ਗ੍ਰਿੰਗੋ ਤੋਂ ਵੀ ਨਫ਼ਰਤ ਕਰਦਾ ਸੀ ਭਾਵੇਂ ਕਿ ਇਹ ਉਹਨਾਂ ਸਭ ਤੋਂ ਬਿਹਤਰ ਗ੍ਰਿੰਗੋ ਸੀ।
ਚਾਰ
ਰਿਵੇਰਾ ਰਿੰਗ ਵਿੱਚ ਉਤਰਿਆ ਤਾਂ ਸ਼ਾਇਦ ਹੀ ਕਿਸੇ ਨੇ ਉਹਦੇ ਵੱਲੀਂ ਧਿਆਨ ਦਿੱਤਾ। ਸਟੇਡਿਅਮ ਵਿੱਚ ਇੱਧਰ-ਉੱਧਰ ਖਿੰਡਵੀਆਂ ਅਤੇ ਬੇਮਨ ਵਜਾਈਆਂ ਤਾੜੀਆਂ ਦੀ ਆਵਾਜ਼ ਨੇ ਉਹਦਾ ਸਵਾਗਤ ਕੀਤਾ। ਦਰਸ਼ਕਾਂ ਨੂੰ ਉਹਦੇ ’ਤੇ ਭਰੋਸਾ ਨਹੀਂ ਸੀ। ਉਹ ਤਾਂ ਮਹਾਨ ਡੈਨੀ ਦੇ ਹੱਥੀਂ ਬਲੀ ਚੜਾਉਣ ਲਈ ਲਿਆਂਦਾ ਗਿਆ ਮੇਮਣਾ ਸੀ। ਇਹਦੇ ਇਲਾਵਾ, ਦਰਸ਼ਕਾਂ ਨੂੰ ਨਿਰਾਸ਼ਾ ਵੀ ਹੋਈ ਸੀ। ਉਹਨਾਂ ਨੂੰ ਡੈਨੀ ਵਾਰਡ ਅਤੇ ਬਿਲ ਕਾਰਥੀ ਵਿੱਚ ਜ਼ਬਰਦਸਤ ਭੇੜ ਦੀ ਉਮੀਦ ਸੀ ਅਤੇ ਇੱਥੇ ਉਹਨਾਂ ਨੂੰ ਇਸ ਪਿੱਦੀ ਨਾਲ਼ ਕੰਮ ਚਲਾਉਣਾ ਪੈ ਰਿਹਾ ਸੀ। ਦਰਸ਼ਕਾਂ ਨੇ ਡੈਨੀ ’ਤੇ ਇੱਕ ਦੇ ਮੁਕਾਬਲੇ ਦੋ, ਇੱਥੋਂ ਤੱਕ ਕਿ ਤਿੰਨ ਦਾ ਸੱਟਾ ਲਾਕੇ ਇਸ ਬਦਲ ’ਤੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕਰ ਦਿੱਤਾ ਸੀ ਅਤੇ ਜਿੱਧਰ ਸੱਟਾ ਲਾਉਣ ਵਾਲ਼ਿਆਂ ਦਾ ਪੈਸਾ ਹੁੰਦਾ ਹੈ ਉਹਨਾਂ ਦਾ ਦਿਲ ਵੀ ਉੱਧਰ ਹੀ ਹੁੰਦਾ ਹੈ।
ਮੈਕਸੀਕਨ ਮੁੰਡਾ ਆਪਣੀ ਨੁੱਕਰ ’ਚ ਬੈਠ ਗਿਆ ਅਤੇ ਉਡੀਕ ਕਰਨ ਲੱਗਾ। ਸਮਾਂ ਹੋਲ਼ੀ-ਹੋਲ਼ੀ ਲੰਘ ਰਿਹਾ ਸੀ। ਡੈਨੀ ਉਸਤੋਂ ਉਡੀਕ ਕਰਵਾ ਰਿਹਾ ਸੀ। ਇਹ ਇੱਕ ਪੁਰਾਣੀ ਚਾਲ ਸੀ ਪਰ ਘੱਟ ਉਮਰ, ਨਵੇਂ ਫਾਈਟਰਾਂ ’ਤੇ ਇਸਦਾ ਹਮੇਸ਼ਾ ਹੀ ਅਸਰ ਹੁੰਦਾ ਸੀ। ਇਵੇਂ ਬੈਠੇ ਅਤੇ ਖੁਦ ਆਪਣੇ ਸ਼ੱਕਾਂ ਅਤੇ ਟਾਂਚਾਂ ਮਾਰਦੇ ਨਿਰਦਈ ਦਰਸ਼ਕਾਂ ਦਾ ਸਾਹਮਣਾ ਕਰਦੇ ਹੋਏ ਉਹਨਾਂ ਵਿੱਚ ਡਰ ਸਮੋਣ ਲੱਗਦਾ ਸੀ। ਪਰ ਇਸ ਵਾਰ ਇਹ ਚਾਲ ਅਸਫਲ ਰਹੀ। ਰਾਬਰਟ ਨੇ ਠੀਕ ਕਿਹਾ ਸੀ। ਰਿਵੇਰਾ ਨੂੰ ਅਸ਼ਾਂਤ ਕਰਨਾ ਨਾਮੁਮਕਿਨ ਸੀ। ਉਹ ਉਹਨਾਂ ਸਭ ਤੋਂ ਜ਼ਿਆਦਾ ਸੰਤੁਲਤ ਸੀ ਅਤੇ ਉਹਦੇ ਦਿਲ-ਦਿਮਾਗ ਦੀ ਹਰ ਇੱਕ ਨਸ ਕਮਾਣ ਦੀ ਡੋਰੀ ਵਾਂਗ ਤਨੀ ਹੋਈ ਸੀ ਅਤੇ ਘਬਰਾਹਟ ਜਾਂ ਡਰ ਲਈ ਕੋਈ ਗੁੰਜਾਇਸ਼ ਨਹੀਂ ਸੀ। ਰਿੰਗ ਦੀ ਉਸਦੀ ਨੁੱਕਰ ਵਿੱਚ ਮੌਜੂਦ ਹਾਰ ਅਤੇ ਨਿਰਾਸ਼ਾ ਦੇ ਮਹੌਲ ਦਾ ਵੀ ਉਸ ’ਤੇ ਕੋਈ ਅਸਰ ਨਹੀਂ ਸੀ। ਉਹਦੇ ਸਹਿਯੋਗੀ ਗ੍ਰਿੰਗੋ ਹੋਰ ਵੀ ਅਜਨਬੀ ਸਨ ਅਤੇ ਉਹਨੂੰ ਇਨਾਮੀ ਮੁੱਕੇਬਾਜ਼ੀ ਦੀ ਖੇਡ ਦੀ ਰਸਾਤਲ ਦੇ ਲੋਕ ਦਿੱਤੇ ਗਏ ਸਨ। ਜਿਹਨਾਂ ਕੋਲ਼ ਨਾ ਤਾਂ ਕੋਈ ਸਮਾਨ ਸੀ ਤੇ ਨਾ ਹੀ ਕੁਸ਼ਲਤਾ। ਇਸ ਤੋਂ ਉੱਪਰ ਇਹ ਕਿ ਉਹ ਪਹਿਲਾਂ ਧਾਰੀ ਬੈਠੇ ਸਨ ਕਿ ਉਹਨਾਂ ਦੇ ਖਿਡਾਰੀ ਦੀ ਹਾਰ ਪੱਕੀ ਹੈ।
‘‘ਹੁਸ਼ਿਆਰ ਰਹੀਂ,’’ ਸਪਾਈਟਰ ਹੈਗਰਟੀ ਨੇ ਉਹਨੂੰ ਯਾਦ ਦਿਵਾਇਆ। ਸਪਾਈਡਰ ਉਹਦਾ ਮੁੱਖ ਸਹਿਯੋਗੀ ਸੀ। ‘‘ਜਿੰਨੀ ਦੇਰ ਟਿਕਿਆ ਰਹਿ ਸਕੇਂ, ਓਨੀ ਦੇਰ ਟਿਕਣ ਦੀ ਕੋਸ਼ਿਸ਼ ਕਰੀਂਕੇਲੀ ਨੇ ਇਹੀ ਆਖਿਆ ਹੈ। ਜੇ ਤੂੰ ਇਸ ਤਰਾਂ ਨਹੀਂ ਕੀਤਾ ਤਾਂ ਅਖਬਾਰਵਾਲ਼ੇ ਇਹਨੂੰ ਵੀ ਮਿਲ਼ੀ-ਜੁਲ਼ੀ ਲੜਾਈ ਐਲਾਨਣਗੇ ਤੇ ਲਾਸ ਏਂਜਲਜ਼ ਵਿੱਚ ਇਹ ਖੇਡ ਹੋਰ ਬਦਨਾਮ ਹੋ ਜਾਵੇਗੀ।’’
‘‘ਇਹ ਸਭ ਬਿਲਕੁਲ ਵੀ ਹੌਸਲਾ ਦੇਣ ਵਾਲ਼ਾ ਨਹੀਂ ਸੀ। ਪਰ ਰਿਵੇਰਾ ਨੇ ਰਤੀ ਭਰ ਵੀ ਧਿਆਨ ਨਾ ਦਿੱਤਾ। ਉਹਨੂੰ ਇਨਾਮੀ ਮੁੱਕੇਬਾਜ਼ੀ ਤੋਂ ਨਫ਼ਰਤ ਸੀ। ਇਹ ਘਿਣਾ ਯੋਗ ਗ੍ਰਿੰਗੋ ਲੋਕਾਂ ਦੀ ਘਿਣਾ ਯੋਗ ਖੇਡ ਸੀ। ਟਰੇਨਰ ਦੇ ਅਖਾੜੇ ਵਿੱਚ ਦੂਜਿਆਂ ਦੇ ਮੁੱਕੇ ਖਾਣ ਵਾਲ਼ੇ ਦੇ ਤੌਰ ’ਤੇ ਉਹ ਇਸ ਵਿੱਚ ਸ਼ਾਮਿਲ ਹੋਇਆ ਸੀ, ਸਿਰਫ਼ ਇਸ ਲਈ ਕਿਉਂਕਿ ਉਹ ਭੁੱਖ ਨਾਲ਼ ਮਰ ਰਿਹਾ ਸੀ। ਉਹ ਇਸ ਤੋਂ ਨਫ਼ਰਤ ਕਰਦਾ ਸੀ। ਜੁੰਤਾ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਹ ਕਦੇ ਪੈਸੇ ਲਈ ਨਹੀਂ ਸੀ ਲੜਿਆ, ਪਰ ਇਸ ਤਰਾਂ ਪੈਸੇ ਕਮਾਉਣੇ ਉਹਨੂੰ ਸੁਖਾਲ਼ੇ ਲਗਦੇ ਸਨ। ਉਹ ਪਹਿਲਾ ਮਨੁੱਖ ਨਹੀਂ ਸੀ ਜਿਹਨੇ ਖੁਦ ਨੂੰ ਅਜਿਹੇ ਪੇਸ਼ੇ ਵਿੱਚ ਕਾਮਯਾਬ ਵੇਖਿਆ ਜਿਸਨੂੰ ਉਹ ਨਫ਼ਰਤ ਕਰਦਾ ਸੀ।
ਉਹਨੇ ਕਿਸੇ ਚੀਜ਼ ਦਾ ਵਿਸ਼ਲੇਸ਼ਣ ਨਹੀਂ ਕੀਤਾ। ਉਹ ਬਸ ਜਾਣਦਾ ਸੀ ਕਿ ਉਹਨੇ ਇਹ ਲੜਾਈ ਜਿੱਤਣੀ ਹੀ ਹੈ। ਕੋਈ ਹੋਰ ਨਤੀਜਾ ਹੋ ਹੀ ਨਹੀਂ ਸਕਦਾ। ਉਹਦੇ ਇਸ ਵਿਸ਼ਵਾਸ ਪਿੱਛੇ ਅਜਿਹੀਆਂ ਮਹਾਨ ਸ਼ਕਤੀਆਂ ਸਨ ਜਿਨ੍ਹਾਂ ਦੀ ਸਟੇਡੀਅਮ ਵਿੱਚ ਨੱਕੋ-ਨੱਕ ਭਰੇ ਦਰਸ਼ਕ ਕਲਪਨਾ ਵੀ ਨਹੀਂ ਕਰ ਸਕਦੇ ਸਨ। ਡੈਨੀ ਵਾਰਡ ਪੈਸੇ ਲਈ, ਅਤੇ ਪੈਸੇ ਨਾਲ਼ ਖਰੀਦੇ ਜਾ ਸਕਣ ਵਾਲ਼ੇ ਐਸ਼ੋ-ਅਰਾਮ ਲਈ ਲੜਦਾ ਸੀ। ਪਰ ਰਿਵੇਰਾ ਜਿਨ੍ਹਾਂ ਚੀਜ਼ਾਂ ਲਈ ਲੜਦਾ ਸੀ ਉਹ ਉਹਦੇ ਦਿਮਾਗ਼ ਵਿੱਚ ਧੁੱਖ ਰਹੀਆਂ ਸਨਉਹਦੇ ਦਿਮਾਗ ਵਿੱਚ ਬਲ਼ਦੇ ਹੋਏ ਭਿਆਨਕ ਦ੍ਰਿਸ਼ ਲਿਸ਼ਕ ਰਹੇ ਸਨ, ਜਿਹਨਾਂ ਨੂੰ ਰਿੰਗ ਦੀ ਆਪਣੀ ਨੁੱਕਰ ਵਿੱਚ ਇਕੱਲਿਆਂ ਬੈਠੇ ’ਤੇ ਆਪਣੇ ਚਾਲਬਾਜ਼ ਵਿਰੋਧੀ ਦੀ ਉਡੀਕ ਕਰਦੇ ਹੋਏ ਉਹ ਇਨਾਂ ਸਾਫ਼ ਦੇਖ ਸਕਦਾ ਸੀ ਜਿਵੇਂ ਉਹਨਾਂ ਨੂੰ ਜੀ ਰਿਹਾ ਹੋਵੇ।
ਉਹਨੇ ਰਿਓ ਬਲਾਂਕੋ ਦੀਆਂ ਚਿੱਟੀਆਂ ਕੰਧਾਂ ਨਾਲ਼ ਘਿਰੀਆਂ ਪਣਬਿਜਲੀ ਨਾਲ਼ ਚੱਲਣ ਵਾਲ਼ੇ ਕਾਰਖਾਨੇ ਦੇਖੇ। ਉਹਨੇ ਛੇ ਹਜ਼ਾਰ ਥਕੇ-ਹਾਰੇ ਅਤੇ ਭੁੱਖੇ ਮਜ਼ਦੂਰਾਂ ਨੂੰ ਅਤੇ ਸੱਤ-ਅੱਠ ਸਾਲ ਦੇ ਛੋਟੇ ਬੱਚਿਆਂ ਨੂੰ ਦੇਖਿਆ ਜੋ ਰੋਜ਼ਾਨਾ ਦਸ ਸੈਂਟ ਲਈ ਲੰਮੀਆਂ ਸ਼ਿਫਟਾਂ ਵਿੱਚ ਕੰਮ ਕਰਦੇ ਸਨ। ਉਹਦੀਆਂ ਅੱਖਾਂ ਸਾਹਮਣੇਓਂ ਚਲਦੇ ਫਿਰਦੇ ਮੁਰਦੇ ਨਿਕਲ਼ੇ; ਇਹ ਡਾਈ-ਰੂਮਾਂ ਵਿੱਚ ਕੰਮ ਕਰਨ ਵਾਲ਼ੇ ਲੋਕ ਸਨ। ਉਹਨੂੰ ਯਾਦ ਆਇਆ ਕਿ ਉਹਨੇ ਆਪਣੇ ਪਿਤਾ ਨੂੰ ਕਹਿੰਦੇ ਸੁਣਿਆ ਸੀ ਕਿ ਇਹ ਡਾਈ-ਰੂਮ ਮੌਤ ਦੇ ਖੂਹ ਹਨ ਜਿੱਥੇ ਇੱਕ ਸਾਲ ਕੰਮ ਕਰਨਾ ਮੌਤ ਨੂੰ ਸੱਦਾ ਦੇਣਾ ਸੀ। ਉਹਨੂੰ ਛੋਟਾ ਜਿਹਾ ਵਿਹੜਾ ਦਿਖਿਆ ਜਿੱਥੇ ਉਹਦੀ ਮਾਂ ਖਾਣਾ ਬਣਾਉਂਦੀ ਸੀ ਅਤੇ ਘਰ ਚਲਾਉਣ ਲਈ ਸਵੇਰ ਤੋਂ ਰਾਤ ਤੱਕ ਕੰਮ ਕਰਦੀ ਸੀ ਫਿਰ ਵੀ ਉਹਨੂੰ ਲਾਡ ਲਡਾਉਣ ਅਤੇ ਪਿਆਰ ਕਰਨ ਦਾ ਸਮਾਂ ਕੱਢ ਲੈਂਦੀ ਸੀ। ਫਿਰ ਉਹਨੇ ਆਪਣੇ ਪਿਤਾ ਨੂੰ ਦੇਖਿਆ। ਲੰਬੇ-ਉੱਚੇ, ਵੱਡੀਆਂ-ਵੱਡੀਆਂ ਮੁੱਛਾਂ ਵਾਲ਼ੇ ਡੂੰਘੀ ਛਾਤੀ ਵਾਲ਼ਾ ਪਿਤਾ, ਜੋ ਉਹਨਾਂ ਸਾਰੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਜਿਸ ਦਾ ਦਿਲ ਇਨਾਂ ਵੱਡਾ ਸੀ ਕਿ ਉਸ ਵਿੱਚੋਂ ਫੁਟਦਾ ਪਿਆਰ ਉਹਨਾਂ ਹਜ਼ਾਰਾਂ ਲੋਕਾਂ ਵਿੱਚ ਵੰਡਣ ਤੋਂ ਬਾਅਦ ਵੀ ਮਾਂ ਅਤੇ ਵਿਹੜੇ ਦੀ ਨੁੱਕਰੇ ਖੇਡ ਰਹੇ ਛੋਟੇ ਬੱਚੇ ਲਈ ਬਚਿਆ ਰਹਿੰਦਾ ਸੀ। ਉਹਨੀਂ ਦਿਨੀਂ ਉਹਦਾ ਨਾਮ ਫੇਲਿਪੇ ਰਿਵੇਰਾ ਨਹੀਂ ਸੀ, ਉਹਦਾ ਨਾਮ ਫਰਨਾਂਦੇਜ਼ ਸੀ, ਜੋ ਉਹਨੂੰ ਆਪਣੇ ਪਿਤਾ ਅਤੇ ਮਾਂ ਤੋਂ ਮਿਲ਼ਿਆ ਸੀ। ਉਹਨੂੰ ਉਹ ਜੁਆਨ ਕਹਿੰਦੇ ਸਨ। ਬਾਅਦ ਵਿੱਚ ਉਹਨੇ ਖੁਦ ਇਹਨੂੰ ਬਦਲ ਲਿਆ ਸੀ ਕਿਉਂਕਿ ਪੁਲਿਸ, ਸਿਆਸਤਦਾਨਾਂ ਅਤੇ ਜਗੀਰਦਾਰਾਂ ਦੇ ਆਦਮੀ ਫਰਨਾਂਦੇਜ਼ ਨਾਮ ਤੋਂ ਨਫ਼ਰਤ ਕਰਦੇ ਸਨ।
ਲੰਬੇ-ਤਗੜੇ, ਦਿਲਦਾਰ ਜੋਆਕਿਵਨ ਫਰਨਾਂਦੇਜ਼! ਉਹ ਹਮੇਸ਼ਾ ਰਿਵੇਰਾ ਦੀਆਂ ਅੱਖਾਂ ਸਾਹਵੇਂ ਰਹਿੰਦੇ ਸਨ। ਉਸ ਸਮੇਂ ਉਹ ਉਹਨਾਂ ਨੂੰ ਸਮਝ ਨਹੀਂ ਸਕਦਾ ਸੀ ਪਰ ਹੁਣ ਯਾਦ ਕਰਣ ’ਤੇ ਉਹ ਸਭ ਕੁੱਝ ਸਮਝ ਸਕਦਾ ਸੀ। ਉਹ ਉਹਨਾਂ ਨੂੰ ਛੋਟੀ ਜਿਹੇ ਛਾਪੇਖਾਨੇ ਵਿੱਚ ਟਾਈਪ ਸੈਟ ਕਰਦੇ ਹੋਏ ਜਾਂ ਕਿਤਾਬਾਂ ਅਤੇ ਕਾਗ਼ਜ਼ਾਂ ਨਾਲ਼ ਭਰੀ ਪਈ ਮੇਜ਼ ’ਤੇ ਕਾਹਲ਼ੀ-ਕਾਹਲ਼ੀ ਕੁੱਝ ਲਿਖਦੇ ਹੋਏ ਦੇਖ ਸਕਦਾ ਅਤੇ ਉਹਨੂੰ ਉਹ ਅਜੀਬ ਜਿਹੀਆਂ ਸ਼ਾਮਾਂ ਦਿਖਾਈ ਦਿੰਦੀਆਂ ਸਨ ਜਦ ਸ਼ਹਿਰ ਦੇ ਮਜ਼ਦੂਰ ਗ਼ਲਤ ਕੰਮ ਕਰਨ ਵਾਲ਼ਿਆਂ ਵਾਂਗ ਹਨੇਰੇ ਵਿੱਚ ਚੋਰੀ-ਚੋਰੀ ਉਹਦੇ ਪਿਤਾ ਨੂੰ ਮਿਲਣ ਆਉਂਦੇ ਸਨ ਤੇ ਘੰਟਿਆਂ ਬੱਧੀ ਗੱਲਾਂ ਕਰਦੇ ਰਹਿੰਦੇ ਸਨ। ਓਸ ਵਕਤ ਉਹ ਨੁੱਕਰ ’ਚ ਲੇਟਿਆ ਅਕਸਰ ਉਹਨਾਂ ਦੀਆਂ ਅਬੁੱਝ ਗੱਲਾਂ ਸੁਣਿਆ ਕਰਦਾ ਸੀ।
ਉਹਨੂੰ ਸਪਾਈਡਰ ਹੈਗਰਟੀ ਦੀ ਕਿਤਿਓਂ ਦੂਰੋਂ ਆਉਂਦੀ ਹੋਈ ਅਵਾਜ਼ ਸੁਣਾਈ ਦਿੱਤੀ: ‘‘ਸ਼ੁਰੂ ’ਚ ਹੀ ਨਾ ਢਹਿ ਜਾਵੀਂ। ਇਹੀ ਆਖਿਆ ਗਿਆ ਹੈ। ਥੋੜੀ ਮਾਰ ਸਹਿ ਲਵੀਂ, ਤੈਨੂੰ ਪੈਸੇ ਮਿਲ ਜਾਣਗੇ।’’
ਦਸ ਮਿੰਟ ਬੀਤ ਚੁੱਕੇ ਸਨ ਅਤੇ ਉਹ ਹਾਲ਼ੇ ਵੀ ਆਪਣੀ ਨੁੱਕਰੇ ਬੈਠਾ ਹੋਇਆ ਸੀ। ਡੈਨੀ ਦਾ ਕੁੱਝ ਅਤਾ-ਪਤਾ ਨਹੀਂ ਸੀ। ਸਾਫ਼ ਸੀ ਕਿ ਉਹ ਆਪਣੀ ਚਾਲ ਨੂੰ ਆਖਰੀ ਹੱਦ ਤੱਕ ਖਿੱਚਣਾ ਚਾਹੁੰਦਾ ਸੀ।
ਰਿਵੇਰਾ ਦੀਆਂ ਅੱਖਾਂ ਸਾਹਮਣੇ ਬਲ਼ਦੇ ਹੋਏ ਦ੍ਰਿਸ਼ ਗੁਜ਼ਰਦੇ ਗਏ। ਉਹਨੂੰ ਉਹ ਹੜਤਾਲ ਸਗੋਂ ਤਾਲਾਬੰਦੀ ਦਿਖੀ ਜਦ ਰਿਓ ਬਲਾਂਕੋ ਦੇ ਮਜ਼ਦੂਰਾਂ ਨੂੰ ਪਊਬਲਾ ਦੇ ਆਪਣੇ ਹੜਤਾਲ਼ੀ ਭਰਾਵਾਂ ਦੀ ਮਦਦ ਕਰਨ ਦੀ ਸਜ਼ਾ ਮਿਲੀ ਸੀ। ਭੁੱਖ, ਬੇਰ ਚੁਗਣ ਲਈ ਪਹਾੜਾਂ ਵਿੱਚ ਭਟਕਣਾ, ਜੜੀ-ਬੂਟੀਆਂ ਜਿਨਾਂ ਨੂੰ ਸਭ ਖਾਂਦੇ ਸਨ ਅਤੇ ਜੋ ਸਭ ਦੇ ਢਿੱਡਾਂ ਵਿੱਚ ਦਰਦ ਅਤੇ ਮਰੋੜ ਪੈਦਾ ਕਰਦੀਆਂ ਸਨਅਤੇ ਫਿਰ ਉਹਨੇ ਉਹ ਬੁਰਾ ਸੁਫ਼ਨਾ ਫਿਰ ਦੇਖਿਆ: ਕੰਪਨੀ ਦੇ ਗੋਦਾਮ ਸਾਹਮਣੇ ਖਾਲੀ ਮੈਦਾਨ; ਭੁੱਖ ਨਾਲ਼ ਮਰਦੇ ਹਜ਼ਾਰਾਂ ਮਜ਼ਦੂਰ; ਜਨਰਲ ਰੋਜ਼ਾਲਿਓ ਮਾਰਤੀਨੇਜ਼ ਅਤੇ ਪੋਫਰਿਰਿਓ ਦਿਆਜ਼ ਦੇ ਸਿਪਾਹੀ ਅਤੇ ਉਹਨਾਂ ਦੀਆਂ ਮੌਤ ਵਰਤਾਉਣ ਵਾਲ਼ੀਆਂ ਰਫ਼ਲਾਂ ਜਿਨ੍ਹਾਂ ਦੇ ਮੂੰਹ ਕਦੇ ਬੰਦ ਨਹੀਂ ਹੁੰਦੇ ਸਨ ਜਦ ਤੱਕ ਕਿ ਮਜ਼ਦੂਰਾਂ ਦੇ ‘ਗੁਨਾਹ’ ਦੇ ਨਿਸ਼ਾਨ ਉਹਨਾਂ ਦੇ ਖੂਨ ਨਾਲ਼ ਵਾਰ-ਵਾਰ ਧੋਤੇ ਜਾ ਰਹੇ ਸਨ। ਅਤੇ ਉਹ ਰਾਤ! ਉਹਨੇ ਮਾਲ-ਗੱਡੀ ਦੇ ਡੱਬਿਆਂ ਵਿੱਚ ਲਾਸ਼ਾਂ ਦੇ ਢੇਰ ਦੇਖੇ ਜਿਨ੍ਹਾਂ ਨੂੰ ਵੇਰਾ ਕਰੁਜ਼ ਲਿਜਾਇਆ ਜਾ ਰਿਹਾ ਸੀ, ਖਾੜੀ ਦੀਆਂ ਸ਼ਾਰਕ ਮੱਛੀਆਂ ਦਾ ਚਾਰਾ ਬਣਨ ਲਈ; ਉਹਨਾਂ ਦੇ ਕਪੜੇ ਲੀਰੋ-ਲੀਰ ਸਨ ਅਤੇ ਸ਼ਰੀਰ ਲਹੂ-ਲੁਹਾਨ। ਖਾਸ ਕਰਕੇ ਉਹਨੂੰ ਆਪਣੀ ਮਾਂ ਦੀ ਯਾਦ ਆਈਸਿਰਫ਼ ਉਹਦਾ ਚਿਹਰਾ ਬਾਹਰ ਨਿਕਲਿਆ ਸੀ, ਉਹਦਾ ਸ਼ਰੀਰ ਦਰਜਨਾਂ ਲਾਸ਼ਾਂ ਦੇ ਭਾਰ ਨਾਲ਼ ਦੱਬਿਆ ਹੋਇਆ ਸੀ। ਇੱਕ ਵਾਰ ਫਿਰ ਪੋਫਰਿਰਿਓ ਦਿਆਜ਼ ਦੇ ਸਿਪਾਹੀਆਂ ਦੀਆਂ ਰਫ਼ਲਾਂ ਗਰਜੀਆਂ ਅਤੇ ਇੱਕ ਵਾਰ ਫਿਰ ਉਹ ਜ਼ਮੀਨ ਨਾਲ਼ ਚੰਬੜ ਗਿਆ ਅਤੇ ਫਿਰ ਸ਼ਿਕਾਰੀਆਂ ਤੋਂ ਬਚਦੇ ਲੂੰਮੜ ਵਾਂਗ ਉੱਥੋਂ ਨਿਕਲ ਗਿਆ।
ਸਮੁੰਦਰ ਦੀ ਗਰਜ ਵਰਗਾ ਤੇਜ ਰੋਲ਼ਾ ਉਹਦੇ ਕੰਨਾਂ ਵਿੱਚ ਪਹੁੰਚਿਆ ਅਤੇ ਉਹਨੇ ਦੇਖਿਆ ਕਿ ਡੈਨੀ ਵਾਰਡ ਸਡੇਡਿਅਮ ਦੇ ਵਿੱਚ ਵਾਲ਼ੇ ਰਸਤੇ ਤੋਂ ਆ ਰਿਹਾ ਹੈ। ਟਰੇਨਰਾਂ ਅਤੇ ਸਹਿਯੋਗੀਆਂ ਦਾ ਕਟਕ ਉਹਦੇ ਪਿੱਛੇ-ਪਿੱਛੇ ਸੀ। ਦਰਸ਼ਕ ਇਸ ਮਸ਼ਹੂਰ ਹੀਰੋ ਦਾ ਜ਼ੋਰ-ਸ਼ੋਰ ਨਾਲ਼ ਸਵਾਗਤ ਕਰ ਰਹੇ ਸਨ ਜਿਸਦਾ ਜਿੱਤਣਾ ਪਹਿਲਾਂ ਤੋਂ ਤੈਅ ਸੀ। ਹਰ ਕੋਈ ਉਹਦਾ ਨਾਮ ਲੈ ਰਿਹਾ ਸੀ। ਹਰ ਕੋਈ ਉਸੇ ਵੱਲ ਸੀ। ਇੱਥੋਂ ਤੱਕ ਕਿ, ਜਦ ਡੈਨੀ ਰੰਗੀਲੇ ਅੰਦਾਜ਼ ’ਚ ਝੁੱਕ ਕੇ ਰੱਸੀਆਂ ਦੇ ਵਿੱਚੋਂ ਰਿੰਗ ਵਿੱਚ ਆਇਆ ਤਾਂ ਖੁਦ ਰਿਵੇਰਾ ਦੇ ਸਹਿਯੋਗੀਆਂ ਦੇ ਚਿਹਰੇ ਖਿੜ ਗਏ। ਉਹਦਾ ਚਿਹਰਾ ਕਦੇ ਨਾ ਖਤਮ ਹੋਣ ਵਾਲ਼ੀ ਮੁਸਕਾਨ ਨਾਲ਼ ਫੈਲਿਆ ਹੋਇਆ ਸੀ ਅਤੇ ਜਦ ਡੈਨੀ ਮੁਸਕਰਾਉਂਦਾ ਸੀ ਤਾਂ ਉਹਦੇ ਚਿਹਰੇ ਦੇ ਹਰ ਅੰਗ ਤੋਂ ਮੁਸਕਰਾਹਟ ਫੁਟ ਪੈਂਦੀ ਸੀ। ਇਨਾਂ ਮਿਲਣਸਾਰ ਫਾਈਟਰ ਸ਼ਾਇਦ ਹੀ ਕਦੇ ਰਿਹਾ ਹੋਵੇ। ਉਹਦਾ ਚਿਹਰਾ ਖੁਸ਼ਮਿਜਾਜ਼ੀ ਅਤੇ ਯਰਾਨੇ ਦੀ ਤੁਰਦੀ-ਫਿਰਦੀ ਮਸ਼ਹੂਰੀ ਸੀ। ਉਹ ਜਿਵੇਂ ਹਰ ਕਿਸੇ ਨੂੰ ਜਾਣਦਾ ਸੀ। ਉਹ ਮਖੌਲ ਕਰ ਰਿਹਾ ਸੀ, ਹੱਸ ਰਿਹਾ ਸੀ ਅਤੇ ਰੱਸੀਆਂ ਦੇ ਵਿੱਚੋਂ ਆਪਣੇ ਦੋਸਤਾਂ ਵੱਲ ਹੱਥ ਹਿਲਾ ਰਿਹਾ ਸੀ। ਦੂਰ ਦੀਆਂ ਸੀਟਾਂ ’ਤੇ ਬੈਠੇ ਹੋਏ ਲੋਕ ਵੀ ਖੁਦ ਨੂੰ ਰੋਕ ਨਹੀਂ ਪਾ ਰਹੇ ਸਨ ਅਤੇ ਉੱਚੀ-ਉੱਚੀ ਉਹਦਾ ਨਾਮ ਲੈ ਰਹੇ ਸਨ। ਪਿਆਰ ਅਤੇ ਹੱਲਾ-ਸ਼ੇਰੀ ਦੀ ਇਹ ਖੁਸ਼ੀਆਂ ਭਰਿਆ ਫੁਹਾਰਾ ਪੂਰੇ ਪੰਜ ਮਿੰਟ ਤੱਕ ਚਲਦਾ ਰਿਹਾ।
ਰਿਵੇਰਾ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਸਰੋਤਿਆਂ ਲਈ ਤਾਂ ਜਿਵੇਂ ਉਹਦੀ ਕੋਈ ਹੋਂਦ ਹੀ ਨਹੀਂ ਸੀ। ਸਪਾਈਟਰ ਹੈਗਰਟੀ ਦਾ ਸ਼ਰਾਬ ਨਾਲ਼ ਸੁੱਜਿਆ ਮੂੰਹ ਉਹਦੇ ਮੂੰਹ ਨੇੜੇ ਝੁਕਿਆ।
‘ਡਰੀਂ ਨਾ।’’ ਸਪਾਈਡਰ ਨੇ ਯਾਦ ਦਿਵਾਇਆ।
‘‘ਤੇ ਨਸਹੀਤਾਂ ਯਾਦ ਰੱਖੀਂ। ਤੂੰ ਹਰ ਹਾਲ ਵਿੱਚ ਟਿਕੇ ਰਹਿਣਾ ਹੈ। ਡਿੱਗ ਨਾ ਜਾਵੀਂ, ਜੇ ਤੂੰ ਡਿੱਗਿਆ ਤਾਂ ਸਾਨੂੰ ਕਿਹਾ ਗਿਆ ਹੈ ਕਿ ਡਰੈਸਿੰਗ ਰੂਮ ਵਿੱਚ ਤੇਰੀ ਚੰਗੀ ਖੁੰਭ ਠੱਪੀਏ। ਸਮਝ ਗਿਆਂ? ਤੂੰ ਬਸ ਲੜਨਾ ਏ।’’
ਦਰਸ਼ਕ ਤਾੜੀਆਂ ਵਜਾਉਣ ਲੱਗੇ ਸਨ। ਡੈਨੀ ਰਿੰਗ ਪਾਰ ਕਰਦੇ ਹੋਏ ਉਹਦੇ ਵੱਲ ਆ ਰਿਹਾ ਸੀ। ਡੈਨੀ ਝੁਕਿਆ, ਰਿਵੇਰਾ ਦਾ ਸੱਜਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਲਿਆ ਅਤੇ ਬੜੇ ਜੋਸ਼ ਨਾਲ਼ ਹਿਲਾਇਆ। ਮੁਸਕਰਾਹਟ ’ਚ ਵਲੇਟਿਆ ਡੈਨੀ ਦਾ ਮੂੰਹ ਉਹਦੇ ਨੇੜੇ ਆਇਆ ਸੀ। ਦਰਸ਼ਕ ਖੇਡਭਾਵਨਾ ਦੇ ਇਸ ਪ੍ਰਦਰਸ਼ਨ ’ਤੇ ਖੁਸ਼ ਹੋਕੇ ਚੀਕਾਂ ਮਾਰ ਰਹੇ ਸਨ ਅਤੇ ਸੀਟੀਆਂ ਵਜਾ ਰਹੇ ਸਨ। ਡੈਨੀ ਆਪਣੇ ਵੈਰੀ ਨਾਲ਼ ਭਰਾਵਾਂ ਵਰਗੇ ਆਪਣੇਪਣ ਨਾਲ਼ ਮਿਲ ਰਿਹਾ ਸੀ। ਡੈਨੀ ਦੇ ਬੁੱਲ ਹਿੱਲੇ ਅਤੇ ਦਰਸ਼ਕਾਂ ਨੇ ਅਣਸੁਣੇ ਸ਼ਬਦਾਂ ਨੂੰ ਇੱਕ ਭਲੇਮਾਣਸ ਖਿਡਾਰੀ ਦੀਆਂ ਗੱਲਾਂ ਸਮਝਕੇ ਫਿਰ ਤੋਂ ਰੋਲ਼ਾ ਪਾਇਆ। ਸਿਰਫ਼ ਰਿਵੇਰਾ ਨੇ ਦੱਬੀ ਅਵਾਜ਼ ਵਿੱਚ ਕਹੇ ਗਏ ਇਹ ਸ਼ਬਦ ਸੁਣੇ।
‘‘ਗੰਦੇ ਮਕਸੀਕਨ ਚੂਹਿਆ,’’ ਡੈਨੀ ਦੇ ਮੁਸਕਰਾਉਂਦੇ ਬੁੱਲਾਂ ਤੋਂ ਇਹ ਫੁੰਕਾਰਾ ਨਿਕਲਿਆ, ‘‘ਮੈਂ ਤੇਰੀ ਮਿੱਝ ਕੱਢੂੰਗਾ।’’
ਰਿਵੇਰਾ ਚੁੱਪ ਬੈਠਾ ਰਿਹਾ। ਉਹ ਆਪਣੀ ਥਾਂ ਤੋਂ ਉਠਿਆ ਨਹੀਂ। ਬਸ, ਉਹਦੀਆਂ ਅੱਖ ’ਚੋਂ ਨਫ਼ਰਤ ਵਰ੍ਹ ਰਹੀ ਸੀ।
‘‘ਖੜਾ ਤਾਂ ਹੋ ਜਾ, ਕੁੱਤਿਆ!’’ ਪਿਛਲੀਆਂ ਕਤਾਰਾਂ ’ਚੋਂ ਕੋਈ ਚੀਕਿਆ।
ਉਹਦੇ ਇਸ ਖੇਡ ਵਿਰੋਧੀ ਵਰਤਾਓ ’ਤੇ ਦਰਸ਼ਕ ਉਹਦੇ ਵਿਰੁੱਧ ਚੀਕਣ ਤੇ ਅਵਾਜੇ ਕੱਸਣ ਲੱਗੇ, ਪਰ ਉਹ ਚੁਪਚਾਪ ਬੈਠਾ ਰਿਹਾ। ਵਾਪਸ ਆਪਣੀ ਨੁੱਕਰ ਵਿੱਚ ਮੁੜਦਿਆਂ ਹੋਇਆਂ ਡੈਨੀ ਦਾ ਇੱਕ ਵਾਰ ਤਾੜੀਆਂ ਦੀ ਗਰਜ ਨਾਲ਼ ਸਵਾਗਤ ਹੋਇਆ।
ਡੈਨੀ ਦੇ ਗਾਊਨ ਲਾਹੁੰਦੇ ਹੀ ਹਰ ਪਾਸੇ ਖੁਸ਼ੀ ਅਤੇ ਓਹ-ਆਹ ਦੀਆਂ ਅਵਾਜ਼ਾਂ ਗੂੰਜਣ ਲੱਗੀਆਂ। ਉਹਦਾ ਸ਼ਰੀਰ ਇੱਕ ਦਮ ਨਾਪਿਆ-ਤੋਲਿਆ ਤੇ ਗੁੰਦਿਆ ਹੋਇਆ ਸੀ, ਉਹਦੇ ’ਚ ਫੁਰਤੀ ਅਤੇ ਜ਼ੋਰ ਦੋਵੇਂ ਸਨ ਅਤੇ ਉਹ ਭਰਪੂਰ ਤੰਦਰੁਸਤੀ ਨਾਲ਼ ਚਮਕ ਰਿਹਾ ਸੀ। ਉਹਦੀ ਚਮੜੀ ਔਰਤਾਂ ਵਾਂਗ ਚੀਕਣੀ ਤੇ ਗੋਰੀ ਸੀ। ਉਹਦੇ ਅੰਦਰ ਲੈਅ, ਲਚਕ ਅਤੇ ਤਾਕਤ ਭਰੀ ਹੋਈ ਸੀ। ਦਸੀਆਂ ਮੁਕਾਬਲਿਆਂ ਵਿੱਚ ਉਹਨੇ ਇਹਨੂੰ ਸਾਬਤ ਕੀਤਾ ਸੀ। ਉਹਦੀਆਂ ਤਸਵੀਰਾਂ ਖੇਡਾਂ ਅਤੇ ਬਾਡੀ-ਬਿਲਡਿੰਗ ਦੀਆਂ ਸਾਰੀਆਂ ਮੈਗਜ਼ੀਨਾਂ ਵਿੱਚ ਛਾਈਆਂ ਰਹਿੰਦੀਆਂ ਸਨ।
ਜਦ ਸਪਾਈਡਰ ਹੈਗਰਟੀ ਨੇ ਰਿਵੇਰਾ ਦਾ ਸਵੈਟਰ ਉਹਦੇ ਸਿਰ ਉੱਪਰੋਂ ਲਾਹਿਆ ਤਾਂ ਸਟੇਡਿਅਮ ਵਿੱਚ ਇੱਕ ਕਰਾਹ ਗੂੰਜ ਗਈ। ਉਹਦੇ ਸਾਂਵਲੇ ਰੰਗ ਕਾਰਣ ਉਹਦਾ ਸ਼ਰੀਰ ਹੋਰ ਵੀ ਸੁਕੜਾ ਦਿਖਦਾ ਸੀ। ਉਹਦੀਆਂ ਵੀ ਮਾਸਪੇਸ਼ੀਆਂ ਸਨ ਪਰ ਉਹਦੇ ਵਿਰੋਧੀ ਵਾਂਗ ਉਭਰੀਆਂ ਹੋਈਆਂ ਨਹੀਂ ਸੀ। ਪਰ ਦਰਸ਼ਕ ਇਹ ਨਹੀਂ ਦੇਸ਼ ਕੇ ਕਿ ਉਹਦੀ ਛਾਤੀ ਕਿੰਨੀ ਡੂੰਘੀ ਸੀ। ਨਾ ਹੀ ਉਹ ਇਸ ਗੱਲ ਦਾ ਅੰਦਾਜ਼ਾ ਲਾ ਸਕੇ ਕਿ ਕਿ ਉਹਦੇ ਸ਼ਰੀਰ ਦਾ ਰੇਸ਼ਾ-ਰੇਸ਼ਾ ਕਿੰਨਾ ਸਖ਼ਤ ਸੀ, ਉਹਦੀਆਂ ਮਾਸਪੇਸ਼ੀਆਂ ਛੁਹਲੀਆਂ ਸਨ ਅਤੇ ਉਹਦੀ ਨਸ-ਨਸ ਵਿੱਚ ਦੌੜ ਰਹੀ ਬਿਜਲੀ ਨੇ ਕਿਵੇਂ ਉਹਨੂੰ ਇੱਕ ਸ਼ਾਨਦਾਰ ਲੜਾਕੂ ਮਸ਼ੀਨ ਵਿੱਚ ਬਦਲ ਦਿੱਤਾ ਸੀ। ਦਰਸ਼ਕਾਂ ਨੂੰ ਬਸ ਇਹੀ ਦਿਖਾਈ ਦਿੱਤਾ ਕਿ ਉਹਨਾਂ ਸਾਹਮਣੇ ਭੂਰੀ ਚਮੜੀਵਾਲ਼ਾ ਅਠ੍ਹਾਰਾਂ ਸਾਲ ਦਾ ਇੱਕ ਮੁੰਡਾ ਖੜਾ ਸੀ ਜਿਹਦਾ ਸ਼ਰੀਰ ਕੁੜੀਆਂ ਵਰਗਾ ਸੀ। ਡੈਨੀ ਦੀ ਗੱਲ ਹੋਰ ਸੀ। ਡੈਨੀ ਚੌਵੀਆਂ ਸਾਲਾਂ ਦਾ ਮਰਦ ਸੀ ਅਤੇ ਉਹਦਾ ਸ਼ਰੀਰ ਪਰਪੱਕ ਆਦਮੀ ਦਾ ਸ਼ਰੀਰ ਸੀ। ਇਹ ਵੈਸ਼ਮਯ ਉਸ ਸਮੇਂ ਹੋਰ ਵੀ ਸਾਫ ਦਿਖਮ ਲੱਗਾ ਜਦ ਉਹ ਰਿੰਗ ਦੇ ਵਿਚਕਾਰ ਖੜੇ ਰੈਫਰੀ ਦੀਆਂ ਹਿਦਾਇਤਾਂ ਸੁਣ ਰਹੇ ਸਨ।
ਰਿਵੇਰਾ ਨੇ ਦੇਖਿਆ ਕਿ ਰਾਬਰਟ ਅਖਬਾਰਵਾਲ਼ਿਆਂ ਦੇ ਠੀਕ ਪਿੱਛੇ ਬੈਠਿਆ ਹੋਇਆ ਹੈ। ਉਹ ਆਮ ਦਿਨਾਂ ਤੋਂ ਜ਼ਿਆਦਾ ਨਸ਼ੇ ਵਿੱਚ ਵਿੱਚ ਸੀ ਅਤੇ ਉਹਦੀ ਬੋਲੀ ਵੀ ਉਸੇ ਅਨੁਪਾਤ ਵਿੱਚ ਸੁਸਤ ਹੋ ਗਈ ਸੀ।
‘‘ਘਬਰਾਈ ਨਾ, ਰਿਵੇਰਾ,’’ ਰਾਬਰਟ ਨੇ ਆਪਣੇ ਖਾਸ ਲਹਿਜੇ ਵਿੱਚ ਕਿਹਾ। ‘‘ਉਹ ਤੇਰੀ ਜਾਨ ਨਹੀਂ ਲੈ ਸਕਦਾ,ਇਹ ਗੱਲ ਯਾਦ ਰੱਖੀਂ। ਸ਼ੁਰੂ ਹੁੰਦੇ ਹੀ ਉਹ ਤੇਰੇ ’ਤੇ ਟੁੱਟ ਪਵੇਗਾ, ਪਰ ਘਾਬਰੀਂ ਨਾ। ਤੂੰ ਬਸ ਉਹਨੂੰ ਰੋਕੀਂ ਤੇ ਫੜ ਲਵੀਂ। ਉਹ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਸਕੇਗਾ। ਬਸ, ਖੁਦ ਨੂੰ ਇਹ ਵਿਸ਼ਵਾਸ ਦੇ ਲਾ ਕਿ ਉਹ ਟਰੇਨਿੰਗ ਅਖਾੜੇ ਵਿੱਚ ਤੇਰੇ ’ਤੇ ਮੁੱਕੇ ਅਜ਼ਮਾ ਰਿਹਾ ਹੈ।
ਰਿਵੇਰਾ ਨੇ ਅਜਿਹਾ ਕੋਈ ਇਸ਼ਾਰਾ ਨਹੀਂ ਦਿੱਤਾ ਕਿ ਉਹਨੇ ਸੁਣਿਆ ਹੈ।
‘‘ਮਨਹੂਸ ਸ਼ੈਤਾਨ!’’ ਰਾਬਰਟ ਨਾਲ਼ ਬੈਠੇ ਆਦਮੀ ਨਾਲ਼ ਬੁੜਬੁੜਾਇਆ। ‘‘ਉਹ ਹਮੇਸ਼ਾ ਤੋਂ ਅਜਿਹਾ ਹੀ ਹੈ।’’
ਪਰ ਰਿਵੇਰਾ ਆਪਣੀ ਨਫਰਤ ਭਰੀ ਨਜ਼ਰ ਉੱਧਰ ਸੁੱਟਣਾ ਭੁੱਲ ਗਿਆ। ਉਹਦੀਆਂ ਅੱਖਾਂ ਸਾਹਮਣੇ ਅਣਗਿਣਤ ਰਫਲਾਂ ਦੀ ਤਸਵੀਰ ਲਿਸ਼ਕ ਗਈ। ਉਹਦੀ ਨਜ਼ਰ ਜਿੱਥੋਂ ਤੱਕ ਪਹੁੰਚ ਰਹੀ ਸੀ, ਇੱਕ-ਇੱਕ ਦਰਸ਼ਕ ਦੀ ਸ਼ਕਲ ਰਫ਼ਲ ਵਿੱਚ ਬਦਲ ਗਈ ਸੀ। ਉਹਨੇ ਬੰਜਰ, ਉਜਾੜ ਅਤੇ ਧੁੱਪ ਨਾਲ਼ ਨਹਾਤੇ ਮੈਕਸੀਕੋ ਦੇ ਸਰਹੱਦੀ ਇਲਾਕੇ ਵੇਖੇ ਅਤੇ ਉਹਨੇ ਸਰਹੱਦੋਂ ਪਾਰ ਉਹਨਾਂ ਖਸਤਾ ਹਾਲ ਦਸਤਿਆਂ ਨੂੰ ਦੇਖਿਆ ਜੋ ਸਿਰਫ਼ ਬੰਦੂਕਾਂ ਦੇ ਇੰਤਜ਼ਾਰ ਵਿੱਚ ਰੁਕੇ ਹੋਏ ਸਨ।
ਮੁੜਕੇ ਆਪਣੀ ਨੁੱਕਰ ਵਿੱਚ ਖੜਾ ਉਹ ਉਡੀਕ ਰਿਹਾ ਸੀ। ਉਹਦੇ ਸਹਿਯੋਗੀ ਕੈਨਵਸ ਦਾ ਸਟੂਲ ਆਪਣੇ ਨਾਲ਼ ਲੈਕੇ ਰੱਸੀਆਂ ਵਿੱਚੋਂ ਰੀਂਗ ਕੇ ਲੰਘ ਰਹੇ ਸਨ। ਰਿੰਗ ਦੀ ਦੂਜੀ ਨੁੱਕਰ ’ਤੇ ਡੈਨੀ ਉਹਦੇ ਸਾਹਮਣੇ ਖੜਾ ਸੀ। ਘੰਟਾ ਵੱਜਿਆ ਅਤੇ ਲੜਾਈ ਸ਼ੁਰੂ ਹੋ ਗਈ। ਦਰਸ਼ਕ ਖੁਸ਼ੀ ਨਾਲ਼ ਚੀਕ ਰਹੇ ਸਨ। ਉਹਨਾਂ ਨੇ ਹੁਣ ਤੱਕ ਇਨੀ ਖੁੱਲੀ ਲੜਾਈ ਨਹੀਂ ਦੇਖੀ ਸੀ। ਅਖਬਾਰਾਂ ਦਾ ਕਹਿਣਾ ਸਹੀ ਸੀ। ਇਹ ਖੁੰਦਕ ਨਾਲ਼ ਭਰਿਆ ਮੁਕਾਬਲਾ ਸੀ। ਡੈਨੀ ਨੇ ਤਿੰਨ-ਚੌਥਾਈ ਦੂਰੀ ਝਪੱਟਾ ਮਾਰਦੇ ਪਾਰ ਕੀਤੀ, ਮੈਕਸੀਕਨ ਮੁੰਡੇ ਦੀਆਂ ਧੱਜੀਆਂ ਉਡਾ ਦੇਣ ਦਾ ਇਰਾਦਾ ਇੱਕ ਦਮ ਸਾਫ਼ ਸੀ। ਉਹਨੇ ਇੱਕ ਮੁੱਕਾ ਨਹੀਂ ਚਲਾਇਆ, ਨਾ ਦੋ, ਨਾ ਇੱਕ ਦਰਜਨ। ਉਹ ਮੁੱਕਿਆਂ ਦਾ ਵਾਛੜ ਕਰ ਰਿਹਾ ਸੀ, ਉਹ ਤਬਾਹੀ ਦੇ ਤੂਫਾਨ ਵਾਂਗ ਸੀ। ਰਿਵੇਰਾ ਕੁੱਝ ਵੀ ਨਹੀਂ ਕਰ ਪਾ ਰਿਹਾ ਸੀ। ਉਹ ਬਿਲਕੁਲ ਕੁਚਲਿਆ ਜਿਹਾ ਗਿਆ ਸੀ, ਮੁੱਕੇਬਾਜ਼ੀ ਦੀ ਕਲਾ ਦੇ ਧੁਰੰਦਰ ਉਸਤਾਦ ਵੱਲੋਂ ਹਰ ਕੋਣ ਅਤੇ ਹਰ ਦਿਸ਼ਾ ਤੋਂ ਵਰਾਏ ਗਏ ਮੁੱਕਿਆਂ ਦੇ ਹੜ੍ਹ ਵਿੱਚ ਡੁੱਬ-ਜਿਹਾ ਗਿਆ ਸੀ। ਉਹਦੇ ਪੈਰ ਪੁੱਟੇ ਗਏ, ਉਹ ਰੱਸੀਆਂ ’ਤੇ ਜਾ ਡਿੱਗਿਆ, ਰੈਫਰੀ ਨੇ ਉਹਨੂੰ ਅੱਡ ਕੀਤਾ ਅਤੇ ਉਹ ਫਿਰ ਤੋਂ ਰੱਸੀਆਂ ’ਤੇ ਜਾ ਡਿੱਗਾ।
ਇਹ ਮੁਕਾਬਲਾ ਨਹੀਂ ਸੀ। ਇਹ ਬਲੀ ਸੀ, ਕਤਲ ਸੀ। ਇਨਾਮੀ ਲੜਾਈਆਂ ਦੇ ਆਦੀ ਦਰਸ਼ਕ ਨੂੰ ਛੱਡ ਕੋਈ ਹੋਰ ਹੁੰਦਾ ਤਾਂ ਇਸ ਇੱਕ ਮਿੰਟ ਵਿੱਚ ਹੀ ਉਹਦੇ ਜਜ਼ਬਾਤਾਂ ਨੇ ਉਹਨੂੰ ਨਿਚੋੜ ਸੁੱਟਿਆ ਹੁੰਦਾ। ਡੈਨੀ ਅਸਲੋਂ ਦਿਖਾ ਰਿਹਾ ਸੀ ਕਿ ਉਹ ਕੀ ਕਰ ਸਕਦਾ ਹੈਇਹ ਇੱਕ ਜ਼ਬਰਦਸਤ ਪ੍ਰਦਰਸ਼ਨ ਸੀ। ਦਰਸ਼ਕ ਨਤੀਜੇ ਨੂੰ ਲੈ ਕੇ ਇਨੇ ਜ਼ਿਆਦਾ ਤਸੱਲੀ ’ਚ ਸਨ ਅਤੇ ਇਨੇ ਇਕਪਾਸੜ ਅਤੇ ਇਨੀ ਜ਼ਿਆਦਾ ਉਤੇਜਨਾ ਵਿੱਚ ਸਨ ਕਿ ਇਸ ਪਾਸੇ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਗਿਆ ਕਿ ਮੈਕਸੀਕਨ ਹਾਲ਼ੇ ਵੀ ਆਪਣੇ ਪੈਰਾਂ ’ਤੇ ਖੜਾ ਸੀ। ਉਹ ਰਿਵੇਰਾ ਨੂੰ ਭੁੱਲ ਹੀ ਗਏ। ਡੈਨੀ ਦੇ ਹਿੰਸਕ ਹਮਲੇ ਤੋਂ ਉਹ ਇਸਤਰਾਂ ਦੱਬਿਆ ਹੋਇਆ ਸੀ ਕਿ ਉਹ ਮੁਸ਼ਕਲ ਨਾਲ਼ ਹੀ ਉਹਨੂੰ ਦੇਖ ਸਕਦੇ ਸਨ। ਇਸ ਤਰ੍ਹਾਂ ਇੱਕ ਮਿੰਟ ਨਿਕਲਿਆ, ਫਿਰ ਦੋ ਮਿੰਟ। ਜਦ ਰੈਫਰੀ ਨੇ ਉਹਨਾਂ ਨੂੰ ਅੱਡ ਕੀਤਾ ਉਦੋਂ ਹੀ ਦਰਸ਼ਕਾਂ ਨੂੰ ਮੈਕਸੀਕਨ ਦੀ ਸਾਫ਼ ਝਲਕ ਦਿਖੀ। ਉਹਦਾ ਬੁਲ ਕਟਿਆ ਗਿਆ ਸੀ, ਉਹਦੀ ਨੱਕ ਤੋਂ ਖੂਨ ਨਿਕਲ ਰਿਹਾ ਸੀ। ਜਦ ਉਹ ਮੁੜਿਆ ਅਤੇ ਲੜਖੜਾਉਂਦੇ ਹੋਏ ਡੈਨੀ ਨਾਲ਼ ਗੁਥਮ-ਗੁੱਥਾ ਹੋ ਗਿਆ ਤਾਂ ਰੱਸੀਆਂ ਦੀ ਰਗੜ ਨਾਲ਼ ਉਪਦੀ ਪਿੱਠ ’ਤੇ ਪਈਆਂ ਲਾਲ ਧਾਰੀਆਂ ਦਿਖੀਆਂ ਜਿਹਨਾਂ ਵਿੱਚੋਂ ਖੂਨ ਚੌ ਰਿਹਾ ਸੀ। ਪਰ ਦਰਸ਼ਕ ਜੋ ਨਹੀਂ ਦੇਖ ਸਕੇ ਉਹ ਇਹ ਸੀ ਕਿ ਉਹਦੀ ਛਾਤੀ ਧੌਂਕਣੀ ਵਾਂਗ ਨਹੀਂ ਸੀ ਚਲ ਰਹੀ ਅਤੇ ਉਹਦੀਆਂ ਅੱਖਾਂ ਵਿੱਚ ਹਮੇਸ਼ਾਂ ਦੀ ਤਰਾਂ ਠੰਡੀ ਅੱਗ ਸੀ। ਟਰੇਨਿੰਗ ਕੈਂਪ ਦੇ ਨਿਰਦਈ ਅਖਾੜੇ ਵਿੱਚ ਬਹੁਤ ਸਾਰੇ ਉਭਰਦੇ ਹੋਏ ਚੈਂਪਿਅਨਾਂ ਨੇ ਇਸ ਹਿੰਸਕ ਹਮਲੇ ਦਾ ਅਭਿਆਸ ਉਸ ’ਤੇ ਕੀਤਾ ਸੀ। ਰੋਜ ਦੇ ਅੱਧੇ ਡਾਲਰ ਨਾਲ਼ ਹਫ਼ਤੇ ਦੇ ਪੰਦਰਾਂ ਡਾਲਰ ਹਾਸਲ ਕਰਨ ਤੱਕ ਉਹਨੇ ਇਹ ਝੱਲਣਾ ਬਖੂਬੀ ਸਿੱਖਿਆ ਸੀਅਖਾੜਾ ਇੱਕ ਸਖ਼ਤ ਸਕੂਲ ਸੀ, ਅਤੇ ਉਹਨੇ ਬਹੁਤ ਸਖ਼ਤੀ ਨਾਲ਼ ਸਬਕ ਸਿੱਖਿਆ ਸੀ।
ਉਦੋਂ ਹੀ ਉਹ ਅਚੰਭਾ ਹੋਇਆ। ਤੇਜੀ ਨਾਲ਼ ਘੁੰਮਦਾ, ਧੁੰਦਲਾ ਘਾਲ਼-ਮਾਲ਼ਾ ਅਚਾਨਕ ਰੁਕ ਗਿਆ। ਰਿਵੇਰਾ ਇਕੱਲਾ ਖੜਾ ਸੀ। ਡੈਨੀ, ਭਰੋਸੇਮੰਦ ਡੈਨੀ, ਚੁਫਾਲ਼ ਪਿਆ ਸੀ। ਉਹਦੇ ਹੋਸ਼ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਕਰਕੇ ਉਹਦੇ ਸ਼ਰੀਰ ਵਿੱਚ ਜੁੰਬਸ਼ ਹੋ ਰਹੀ ਸੀ। ਉਹ ਲੜਖੜਾ ਕੇ ਨਹੀਂ ਡਿੱਗਾ ਸੀ ਅਤੇ ਨਾ ਹੀ ਉਹਦੇ ਗੋਡਿਆਂ ਨੇ ਹੋਲ਼ੀ-ਹੋਲ਼ੀ ਜਵਾਬ ਦਿੱਤਾ ਸੀ। ਰਿਵੇਰਾ ਦੇ ਸੱਜੇ ਹੱਥ ਥੱਲਿਆਂ ਉੱਠੇ ਮੁੱਕੇ ਨੇ ਉਹਨੂੰ ਵਿੱਚ ਹਵਾ ਅਚਾਨਕ ਢੇਰ ਕਰ ਦਿੱਤਾ ਸੀ। ਰੈਫਰੀ ਨੇ ਇੱਕ ਹੱਥ ਨਾਲ਼ ਰਿਵੇਰਾ ਨੂੰ ਪਿੱਛੇ ਧੱਕਿਆ ਅਤੇ ਚੌਫਾਲ਼ ਪਏ ਗਲੈਡਿਏਟਰ ਨੇੜੇ ਖੜਾ ਹੋ ਕੇ ਸੈਕੇਂਡ ਗਿਣਨ ਲੱਗਾ। ਇਨਾਮੀ ਮੁੱਕੇਬਾਜ਼ੀ ਦੇਖਣਵਾਲ਼ੇ ਚੌਫਾਲ਼ ਸੁੱਟਣ ਵਾਲ਼ੇ ਅਜਿਹੇ ਵਾਰ ’ਤੇ ਦੱਬਕੇ ਤਾੜੀ ਕੁੱਟਦੇ ਤੇ ਰੋਲ਼ਾ ਪਾਉਂਦੇ ਸਨ। ਪਰ ਇਹਨਾਂ ਦਰਸ਼ਕਾਂ ਨੇ ਕੋਈ ਖੁਸ਼ੀ ਦਾ ਸੁਰ ਨਾ ਕੱਢਿਆ। ਰਿੰਗ ਵਿੱਚ ਜੋ ਹੋਇਆ, ਉਹਦੀ ਕਿਸੇ ਨੂੰ ਰੱਤੀ ਵੀ ਆਸ ਨਹੀਂ ਸੀ। ਉਹ ਤਣਾਓ ਭਰੀ ਚੁੱਪ ਵਿੱਚ ਗਿਣਤੀ ਹੁੰਦੀ ਦੇਖਦੇ ਰਹੇ ਅਤੇ ਚੁੱਪ ਦੇ ਵਿੱਚ ਹੀ ਰਾਬਰਟ ਦਾ ਜੋਸ਼ੀਲਾ ਬੋਲ ਗੂੰਜ ਉਠਿਆ:
‘‘ਮੈਂ ਕਿਹਾ ਸੀ ਨਾ, ਉਹਦੇ ਦੋਵੇਂ ਹੱਧ ਚੱਲਦੇ ਹਨ।’’
ਪੰਜਵੇਂ ਸੈਕੰਡ ’ਤੇ ਡੈਨੀ ਨੇ ਕਰਵਟ ਬਦਲੀ ਅਤੇ ਸੱਤ ਗਿਣੇ ਜਾਣ ਤੱਕ ਉਹ ਇੱਕ ਗੋਡਾ ਜ਼ਮੀਨ ’ਤੇ ਟਿਕਾ ਕੇ ਬੈਠ ਚੁੱਕਾ ਸੀ। ਉਹ ਨੌਂ ਗਿਣੇ ਜਾਣ ਦੇ ਬਾਅਦ ਅਤੇ ਦਸ ਗਿਣੇ ਜਾਣ ਤੋਂ ਪਹਿਲਾਂ ਉਠ ਖੜਾ ਹੋਣ ਲਈ ਤਿਆਰ ਸੀ। ਉਹਦੇ ਗੋਡੇ ਦੇ ਫਰਸ਼ ਛੱਡਦੇ ਹੀ ਉਹਨੂੰ ‘ਉੱਠਿਆ’ ਹੋਇਆ ਮੰਨ ਲਿਆ ਜਾਂਦਾ ਅਤੇ ਉਸੇ ਪਲ ਰਿਵੇਰਾ ਨੂੰ ਇਸ ਗੱਲ ਦਾ ਹੱਕ ਮਿਲ ਜਾਂਦਾ ਕਿ ਉਹ ਉਸਨੂੰ ਫਿਰ ਤੋਂ ਸੁੱਟਣ ਦੀ ਕੋਸ਼ਿਸ਼ ਕਰੇ। ਰਿਵੇਰਾ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ ਸੀ। ਗੋਡਾ ਫਰਸ਼ ਤੋਂ ਅੱਡ ਹੁੰਦਿਆਂ ਹੀ ਉਹ ਵਾਰ ਕਰੇਗਾ। ਉਹ ਡੈਨੀ ਦੇ ਆਲ਼ੇ-ਦੁਆਲ਼ੇ ਘੁੰਮ ਰਿਹਾ ਸੀ, ਪਰ ਰੈਫਰੀ ਦੋਵਾਂ ਦੇ ਵਿੱਚ ਘੁੰਮਣ ਲੱਗਾ ਅਤੇ ਰਿਵੇਰਾ ਜਾਣ ਗਿਆ ਕਿ ਉਹ ਬਹੁਤ ਹੋਲ਼ੀ-ਹੋਲ਼ੀ ਗਿਣਤੀ ਕਰ ਰਿਹਾ ਹੈ। ਸਾਰੇ ਗ੍ਰਿੰਗੋ ਉਹਦੇ ਵਿਰੁੱਧ ਸਨ, ਇਹ ਰੈਫਰੀ ਵੀ।
‘ਨੋਂ’ ’ਤੇ ਰੈਫਰੀ ਨੇ ਰਿਵੇਰਾ ਨੂੰ ਪਿੱਛੇ ਵੱਲ ਤੇਜ ਧੱਕਾ ਦਿੱਤਾ। ਇਹ ਇੱਕਦਮ ਗ਼ਲਤ ਸੀ ਪਰ ਇਹਨੇ ਡੈਨੀ ਨੂੰ ਉੱਠਣ ਦਾ ਮੌਕਾ ਦੇ ਦਿੱਤਾ। ਉਹਦੇ ਚਿਹਰੇ ’ਤੇ ਮੁਸਕਰਾਹਟ ਵਾਪਸ ਆਈ। ਆਪਣੀਆਂ ਬਾਹਾਂ ਨਾਲ਼ ਚਿਹਰਾ ਤੇ ਢਿੱਡ ਢੱਕਦੇ ਹੋਏ, ਉਹ ਲੜਖੜਾਉਂਦਾ ਹੋਇਆ ਬੜੀ ਚਲਾਕੀ ਨਾਲ਼ ਰਿਵੇਰਾ ਨਾਲ਼ ਚਿੰਬੜ ਗਿਆ। ਖੇਡ ਦੇ ਨਿਯਮਾਂ ਅਨੁਸਾਰ ਰੈਫਰੀ ਨੂੰ ਉਹਨਾਂ ਨੂੰ ਅੱਡ ਕਰਨਾ ਚਾਹੀਦਾ ਸੀ ਪਰ ਉਹਨੇ ਨਹੀਂ ਕੀਤਾ ਅਤੇ ਡੈਨੀ ਜੋਕ ਵਾਂਗ ਚਿੰਬੜਿਆ ਰਿਹਾ ਅਤੇ ਹਰ ਪਲ ਬੀਤਣ ਨਾਲ਼ ਆਪਣੀ ਤਾਕਤ ਵਾਪਸ ਹਾਸਲ ਕਰਦਾ ਗਿਆ। ਰਾਉਂਡ ਦਾ ਆਖਰੀ ਮਿੰਟ ਤੇਜੀ ਨਾਲ਼ ਬੀਤ ਰਿਹਾ ਸੀ। ਜੇਕਰ ਉਹ ਆਖਰ ਤੱਕ ਟਿਕ ਗਿਆ ਤਾਂ ਉਹਨੂੰ ਆਪਣੀ ਨੁੱਕਰ ਵਿੱਚ ਪੂਰੇ ਇੱਕ ਮਿੰਟ ਦਾ ਸਮਾਂ ਮਿਲ ਜਾਵੇਗਾ। ਅਤੇ ਉਹ ਆਖਰ ਤੱਕ ਟਿਕਿਆ ਰਿਹਾਬਦਹਵਾਸੀ ਅਤੇ ਬੇਹਾਲ ਹੋਣ ਦੇ ਬਾਵਜੂਦ ਮੁਸਕਰਾਉਂਦੇ ਹੋਏ।
‘‘ਕਿਆ ਮੁਸਕਰਾਹਟ ਚਿੰਬੜੀ ਹੈ, ਡਿਗਦੀ ਹੀ ਨਹੀਂ!’’ ਕੋਈ ਜੋਰ ਨਾਲ਼ ਚੀਕਿਆ ਅਤੇ ਰਾਹਤ ਮਹਿਸੂਸ ਕਰ ਰਹੇ ਦਰਸ਼ਕ ਜੋਰ ਨਾਲ਼ ਹੱਸ ਪਏ।
‘‘ਸੂਰ ਦੀ ਔਲਾਦ, ਹੱਥ ਹੈ ਜਾਂ ਹਥੌੜਾ,’’ ਡੈਨੀ ਨੇ ਆਪਣੀ ਨੁੱਕਰ ਵਿੱਚ ਟਰੇਨਰ ਨੂੰ ਹੱਫਦੇ ਹੋਏ ਕਿਹਾ। ਉਹਦੇ ਸਹਾਇਕ ਪਾਗਲਾਂ ਵਾਂਗ ਉਹਨੂੰ ਪੂੰਝਣ ਤੇ ਮਾਲਿਸ਼ ਵਿੱਚ ਜੁਟੇ ਹੋਏ ਸਨ।
ਦੂਜੇ ਅਤੇ ਤੀਜੇ ਰਾਉਂਡ ਵਿੱਚ ਕੁੱਝ ਖਾਸ ਨਹੀਂ ਹੋਇਆ। ਡੈਨੀ ਚਲਾਕ ਅਤੇ ਘੁਟਿਆ ਹੋਇਆ ਖਿਡਾਰੀ ਸੀ। ਉਹ ਰਿਵੇਰਾ ਦੇ ਮੁੱਕਿਆਂ ਤੋਂ ਬਚਦਾ ਅਤੇ ਉਹਨਾਂ ਨੂੰ ਰੋਕਦਾ ਰਿਹਾ ਅਤੇ ਕਿਸੇ ਤਰਾਂ ਬਸ ਅਖਾੜੇ ਵਿੱਚ ਟਿਕਿਆ ਰਿਹਾ। ਉਹਦਾ ਸਾਰਾ ਧਿਆਨ ਪਹਿਲੇ ਰਾਉਂਡ ਦੀ ਸੁੰਨ ਕਰਨ ਵਾਲ਼ੇ ਸੱਟ ਤੋਂ ਉਬਰਨ ’ਤੇ ਸੀ। ਚੌਥੇ ਰਾਉਂਡ ਵਿੱਚ ਉਹ ਫਿਰ ਆਪਣੇ ਰੰਗ ਵਿੱਚ ਆ ਚੁੱਕਿਆ ਸੀ। ਉਹਨੂੰ ਤਕੜਾ ਝਟਕਾ ਲੱਗਿਆ ਸੀ, ਪਰ ਆਪਣੇ ਚੰਗੇ-ਤਗੜੇ ਸ਼ਰੀਰ ਦੀ ਮਿਹਰ ਸਦਕਾ ਉਹਦੀ ਤਾਕਤ ਅਤੇ ਊਰਜਾ ਵਾਪਸ ਆਈ ਸੀ। ਪਰ ਉਹਨੇ ਹੁਣ ਵਿਰੋਧੀ ’ਤੇ ਇੱਕਦਮ ਨਾਲ਼ ਹਾਵੀ ਦਾ ਦਾਅ ਅਜ਼ਮਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਮੈਕਸੀਕਨ ਤਾਂ ਯੱਕਦਮ ਟੁੱਟ ਪੈਣ ਵਾਲ਼ਾ ਗੁੱਸੇਖੋਰ ਤਾਤਾਰ ਸਾਬਤ ਹੋਇਆ ਸੀ।
ਡੈਨੀ ਨੇ ਮੁੱਕੇਬਾਜ਼ੀ ਦੀ ਆਪਣੀ ਸਾਰੀ ਕਾਰੀਗਰੀ ਝੌਂਕ ਦਿੱਤੀ। ਦਾਅ-ਪੇਚ, ਤਕਨੀਕੀ ਕੁਸ਼ਲਤਾ ਅਤੇ ਤਜ਼ਰਬੇ ਦੇ ਮਾਮਲੇ ਵਿੱਚ ਉਹ ਉਸਤਾਦ ਸੀ ਅਤੇ ਭਾਵੇਂਕਿ ਉਹ ਕੋਈ ਜ਼ੋਰਦਾਰ ਸੱਟ ਨਹੀਂ ਮਾਰ ਸਕਿਆ ਪਰ ਉਹਨੇ ਵਿਰੋਧੀ ਨੂੰ ਬੜੇ ਯੋਜਨਾਬੱਧ ਢੰਗ ਨਾਲ਼ ਥਕਾਉਣਾ ਅਤੇ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ। ਰਿਵੇਰਾ ਦੇ ਇੱਕ ਦੇ ਮੁਕਾਬਲੇ ਉਹਦੇ ਤਿੰਨ ਮੁੱਕੇ ਨਿਸ਼ਾਨੇ ’ਤੇ ਬੈਠਦੇ ਸਨ ਪਰ ਉਹ ਬਸ ਹਲਕੀ ਸੱਟ ਦੇਣ ਵਾਲ਼ੇ ਸਨ, ਘਾਤਕ ਨਹੀਂ। ਪਰ ਅਜਿਹੀਆਂ ਕਈ ਹਲਕੀਆਂ ਸੱਟਾਂ ਮਿਲਕੇ ਘਾਤਕ ਬਣ ਸਕਦੀਆਂ ਸਨ। ਉਹ ਹੁਣ ਇਸ ਦੋ-ਹੱਥੇ ਮੁੰਡੇ ਨੂੰ ਪੂਰਾ ਮਾਣ ਦੇ ਰਿਹਾ ਸੀ, ਜਿਹਦੇ ਦੋਵੇ ਮੁੱਕਿਆਂ ਵਿੱਚ ਕਮਾਲ ਦੀ ਤੇਜੀ ਸੀ।
ਬਚਾਅ ਵਿੱਚ ਰਿਵੇਰਾ ਨੇ ਵਿਰੋਧੀ ਨੂੰ ਭਮੱਤਰਾਉਣ ਵਾਲ਼ੇ ਸਿੱਧੇ ਖੱਬੇ ਮੁੱਕੇ ਦਾ ਸਹਾਰਾ ਲਿਆ। ਵਾਰ-ਵਾਰ, ਹਰ ਹਮਲੇ ਦੇ ਜਵਾਬ ਵਿੱਚ, ਉਹਦੇ ਸੱਜੇ ਹੱਥ ਦਾ ਸਿੱਧਾ ਮੁੱਕਾ ਡੈਨੀ ਦੇ ਮੂੰਹ ਅਤੇ ਨੱਕ ’ਤੇ ਆਕੇ ਲੱਗਦਾ। ਪਰ ਡੈਨੀ ਦੇ ਤਰਕਸ਼ ਵਿੱਚ ਬਹੁਤ ਤੀਰ ਸਨ। ਇਸੇ ਲਈ ਉਹਨੂੰ ਭਵਿੱਖ ਦਾ ਚੈਂਪਿਅਨ ਮੰਨਿਆ ਜਾ ਰਿਹਾ ਸੀ। ਉਹ ਜਦ ਚਾਹੇ, ਲੜਨ ਦੀ ਸ਼ੈਲੀ ਬਦਲ ਲੈਣ ਵਿੱਚ ਮਾਹਿਰ ਸੀ। ਹੁਣ ਉਹਨੇ ਨੇੜੇ ਰਹਿ ਕੇ ਲੜਨ ਦੀ ਸ਼ੈਲੀ ਅਪਣਾਈ। ਇਸ ਤਰਾਂ ਉਹ ਸਾਹਮਣੇ ਵਾਲ਼ੇ ਦੇ ਸਿੱਧੇ ਸੱਜੇ ਮੁੱਕੇ ਤੋਂ ਬਚ ਸਕਦਾ ਸੀ ਅਤੇ ਆਪਣੇ ਸਾਰੇ ਛੱਲਾਂ ਦੀ ਪੂਰੀ ਵਰਤੋਂ ਕਰ ਸਕਦਾ ਸੀ। ਉਸਦੀ ਨਵੀਂ ਚਾਲ ’ਤੇ ਦਰਸ਼ਕ ਖੁਸ਼ੀ ਨਾਲ਼ ਪਾਗਲ ਹੋ ਗਏ ਤੇ ਫਿਰ ਉਹਨੇ ਫੁਰਤੀ ਨਾਲ਼ ਖੁਦ ਨੂੰ ਰਿਵੇਰਾ ਦੀ ਜਕੜ ਤੋਂ ਅੱਡ ਕੀਤਾ ਅਤੇ ਥੱਲਿਓਂ ਉਠਦੇ ਹੋਏ ਇੱਕ ਜਬਰਦਸਤ ਮੁੱਕਾ ਮਾਰਿਆ ਜਿਸ ਨਾਲ਼ ਮੈਕਸੀਕਨ ਹਵਾ ਵਿੱਚ ਉਛਲਿਆ ਅਤੇ ਚੁਫਾਲ਼ ਮੈਟ ’ਤੇ ਡਿੱਗ ਗਿਆ। ਰਿਵੇਰਾ ਜਲਦੀ ਹੀ ਉੱਠ ਗਿਆ ਅਤੇ ਇੱਕ ਗੋਡੇ ’ਤੇ ਟਿਕ ਕੇ ਗਿਣਤੀ ਦੇ ਸਮੇਂ ਦਾ ਪੂਰਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਭਾਂਵੇਂਕਿ ਉਹਦਾ ਦਿਲ ਕਹਿ ਰਿਹਾ ਸੀ ਕਿ ਰੈਫਰੀ ਦੇ ਸੈਕਿੰਡ ਹੁਣ ਛੋਟੇ ਹੋ ਰਹੇ ਸਨ।
ਸੱਤਵੇਂ ਰਾਉਂਡ ਵਿੱਚ, ਡੈਨੀ ਇੱਕ ਵਾਰ ਫਿਰ ਆਪਣਾ ਸ਼ੈਤਾਨੀ ਇਨਸਾਈਡ ਅਪਰਕਟ ਲਾਉਣ ਵਿੱਚ ਸਫ਼ਲ ਰਿਹਾ। ਇਸ ਵਾਰ ਰਿਵੇਰਾ ਡਿੱਗਿਆ ਨਹੀਂ, ਬਸ ਲੜਖੜਾ ਗਿਆ ਪਰ ਨਿਰਬਲਤਾ ਦੇ ਇਸੇ ਪਲ ਵਿੱਚ ਡੈਨੀ ਨੇ ਇੱਕ ਹੋਰ ਤਾਕਤਵਰ ਵਾਰ ਕੀਤਾ ਜਿਸ ਨਾਲ਼ ਉਹ ਰੱਸੀਆਂ ਦੇ ਵਿੱਚੋਂ ਰਿੰਗ ਦੇ ਬਾਹਰ ਬੈਠੇ ਅਖ਼ਬਾਰਾਂ ਵਾਲ਼ਿਆਂ ਦੇ ਉੱਪਰ ਜਾ ਡਿੱਗਾ। ਉਹਨਾਂ ਨੇ ਉਸਨੂੰ ਹੱਥ ਲਾ ਕੇ ਵਾਪਸ ਰਿੰਗ ਦੇ ਬਨੇਰੇ ’ਤੇ ਪੁਚਾ ਦਿੱਤਾ। ਉੱਥੇ, ਰੱਸੀਆਂ ਦੇ ਬਾਹਰ, ਉਹ ਇੱਕ ਗੋਡੇ ’ਤੇ ਉਡੀਕ ਰਿਹਾ ਸੀ ਅਤੇ ਰੈਫਰੀ ਤੇਜੀ ਨਾਲ਼ ਸੈਕਿੰਡ ਗਿਣ ਰਿਹਾ ਸੀ। ਉਹਨੂੰ ਝੁੱਕ ਕੇ ਰੱਸੀਆਂ ਪਾਰ ਕਰਨੀਆਂ ਹੋਣਗੀਆਂ ਅਤੇ ਸਾਹਮਣੇ ਡੈਨੀ ਉਹਦੀ ਉਡੀਕ ਵਿੱਚ ਸੀ। ਰੈਫਰੀ ਨੇ ਨਾ ਤਾਂ ਦਖ਼ਲ ਦਿੱਤਾ, ਨਾ ਡੈਨੀ ਨੂੰ ਪਿੱਛੇ ਧੱਕਿਆ।
ਦਰਸ਼ਕ ਖੁਸ਼ੀ ਵਿੱਚ ਪਾਗਲ ਹੋ ਰਹੇ ਸਨ।
‘‘ਮਾਰ ਸੁੱਟ, ਡੈਨੀ, ਮਾਰ ਸੁੱਟ ਇਹਨੂੰ!’’ ਕੋਈ ਜ਼ੋਰ ਨਾਲ਼ ਚੀਕਿਆ।
ਆਵਾਜ਼ਾਂ ਦੇ ਢੇਰ ਨੇ ਝੱਟ ਹੀ ਇਸਨੂੰ ਫੜ ਲਿਆ ਅਤੇ ਕੁੱਝ ਹੀ ਦੇਰ ਵਿੱਚ ਇਹ ਬਘਿਆੜਾਂ ਦਾ ਯੁੱਧ-ਨਾਦ ਬਣ ਗਿਆ।
ਡੈਨੀ ਨੇ ਪੂਰੀ ਕੋਸ਼ਿਸ਼ ਕੀਤੀ ਪਰ ਰਿਵੇਰਾ ਆਸੋਂ ਬਾਹਰੇ ਢੰਗ ਨਾਲ਼ ਨੌਂ ਦੀ ਥਾਂ ਅੱਠ ਦੀ ਗਿਣਤੀ ’ਤੇ ਹੀ ਰੱਸੀਆਂ ਵਿੱਚੋਂ ਨਿਕਲਕੇ ਉਸ ਨਾਲ਼ ਚਿੰਬੜ ਗਿਆ। ਹੁਣ ਰੈਫਰੀ ਹਰਕਤ ਵਿੱਚ ਆਇਆ ਅਤੇ ਉਹਨੂੰ ਖਿੱਚ ਕੇ ਅੱਡ ਕਰ ਦਿੱਤਾ ਤਾਂ ਕਿ ਉਹ ’ਤੇ ਵਾਰ ਕੀਤਾ ਜਾ ਸਕੇ। ਉਹ ਡੈਨੀ ਨੂੰ ਹਰ ਉਹ ਫਾਇਦਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਇੱਕ ਬੇਇਮਾਨ ਰੈਫਰੀ ਦੇ ਸਕਦਾ ਹੈ।
ਪਰ ਰਿਵੇਰਾ ਟਿਕਾ ਰਿਹਾ, ਅਤੇ ਉਹਦੇ ਦਿਮਾਗ ਦੇ ਚੱਕਰ ਦੂਰ ਹੋ ਗਏ। ਸਭ ਦੇ ਸਭ ਮਿਲੇ ਹੋਏ ਸਨ। ਇਹ ਸਾਰੇ ਘਿਣਾਯੋਗ ਗ੍ਰਿੰਗੋ ਸਨ ਅਤੇ ਸਭ ਦੇ ਸਭ ਬੇਈਮਾਨ ਸਨ। ਅਤੇ ਇਸ ਸਭ ਦੇ ਵਿੱਚ ਉਹਦੇ ਦਿਮਾਗ ਵਿੱਚ ਤਸਵੀਰਾਂ ਲਿਸ਼ਕਦੀਆਂ ਰਹੀਆਂ, ਚਮਕਦੀਆਂ ਰਹੀਆਂ ਰੇਗਿਸਤਾਨ ਵਿੱਚ ਟਿਮਟਿਮਾਉਂਦੀਆਂ ਲੰਬੀਆਂ ਰੇਲ-ਲਾਈਨਾਂ; ਜਨਰਲ ਦੇ ਸਿਪਾਹੀ ਅਤੇ ਅਮਰੀਕੀ ਪੁਲਸੀਏ, ਜੇਲਾਂ ਅਤੇ ਕਾਲ-ਕੋਠਰੀਆਂ, ਛੱਪੜਾਂ ਕੰਢੇ ਬੇਘਰ-ਬੇਰੁਜ਼ਗਾਰਾਂ ਦੀ ਭੀੜ-ਰਿਓ ਬਲਾਂਕਾ ਅਤੇ ਹੜਤਾਲ ਦੇ ਬਾਅਦ ਦੇ ਲੰਬੇ ਸਫ਼ਰ ਦੇ ਸਾਰੇ ਤਕਲੀਫਦੇਹ ਅਤੇ ਦਰਦਭਰੇ ਨਜ਼ਾਰੇ ਉਹਦੀਆਂ ਅੱਖਾਂ ਦੇ ਸਾਹਮਣੇ ਆ-ਜਾ ਰਹੇ ਸਨ। ਅਤੇ ਫਿਰ ਉਹਨੇ ਦੇਖਿਆ, ਪ੍ਰਕਾਸ਼ਮਾਨ ਅਤੇ ਪ੍ਰਤਾਪੀ ਲਾਲ ਇਨਕਲਾਬ ਨੂੰ ਆਪਣੇ ਦੇਸ਼ ’ਤੇ ਫੈਲਦੇ ਹੋਏ। ਇਸ ਲਈ ਜ਼ਰੂਰੀ ਸਨ ਬੰਦੂਕਾਂ ਜੋ ਉਹਦੇ ਸਾਹਮਣੇ ਸਨ। ਹਰ ਘ੍ਰ੍ਨਿਤ ਚਿਹਰਾ ਇੱਕ ਬੰਦੂਕ ਸੀ। ਉਹ ਲੜ ਰਿਹਾ ਸੀ ਬੰਦੂਕਾਂ ਲਈ। ਉਹਨੂੰ ਲੱਗਿਆ, ਉਹ ਬੰਦੂਕਾਂ ਦਾ ਜ਼ਖੀਰਾ ਹੈ। ਉਹ ਇਨਕਲਾਬ ਹੈ। ਉਹ ਸਾਰੇ ਮੈਕਸੀਕੋ ਲਈ ਲੜ ਰਿਹਾ ਸੀ।
ਹੁਣ ਰਿਵੇਰਾ ’ਤੇ ਦਰਸ਼ਕਾਂ ਦਾ ਗੁੱਸਾ ਭੜਕਣ ਲੱਗਾ ਸੀ। ਉਹ ਕੁੱਟ ਖਾ ਕੇ ਹਾਰ ਕਿਉਂ ਨਹੀਂ ਮੰਨਦਾ, ਜਿਸ ਲਈ ਉਹਨੂੰ ਰੱਖਿਆ ਹੈ? ਉਹਨੇ ਹਾਰਨਾ ਤਾਂ ਹੈ ਹੀ, ਫਿਰ ਉਹ ਇਨੀ ਅੜੀ ਕਿਉਂ ਕਰਦਾ ਪਿਆ ਹੈ? ਬਹੁਤ ਘੱਟ ਲੋਕਾਂ ਨੂੰ ਉਸ ਵਿੱਚ ਦਿਲਚਸਪੀ ਸੀ ਅਤੇ ਉਹ ਹਰ ਜੁਆਰੀ ਭੀੜ ਦਾ ਉਹ ਛੋਟਾ-ਜਿਹਾ, ਪਰ ਨਿਸ਼ਚਿਤ ਹਿੱਸਾ ਸਨ ਜੋ ਦੂਰ ਦਾ ਦਾਅ ਖੇਡਦੇ ਸਨ। ਉਹ ਵੀ ਮੰਨਦੇ ਸਨ ਕਿ ਡੈਨੀ ਜਿੱਤੇਗਾ, ਪਰ ਉਹਨਾਂ 4-10 ਅਤੇ 1-3 ਦੇ ਭਾਅ ਵਿੱਚ ਮੈਕਸੀਕਨ ’ਤੇ ਦਾਅ ਲਾਇਆ ਸੀ। ਕਾਫੀ ਪੈਸਾ ਇਸ ਗੱਲ ’ਤੇ ਵੀ ਲੱਗਾ ਸੀ ਕਿ ਰਵਿਰਾ ਕਿੰਨੇ ਰਾਉਂਡ ਤੱਕ ਟਿਕ ਸਕੇਗਾ। ਰਿੰਗ ਦੇ ਬਾਹਰ ਇਸ ਗੱਲ ’ਤੇ ਧੜਾਧੜ ਪੈਸੇ ਬਟੋਰੇ ਗਏ ਕਿ ਉਹ ਛੇ ਜਾਂ ਸੱਤ ਰਾਉਂਡ ਪਾਰ ਨਹੀਂ ਕਰ ਸਕੇਗਾ। ਇਸਦੇ ਵਿਜੇਤਾ, ਖੁਸ਼ੀ-ਖੁਸ਼ੀ ਆਪਣਾ ਪੈਸਾ ਵਸੂਲ ਕਰ ਲੈਣ ਦੇ ਬਾਅਦ ਹੁਣ ਸਭ ਦੇ ਪਸੰਦੀਦਾ ਮੁੱਕੇਬਾਜ਼ ਦਾ ਹੌਸਲਾ ਵਧਾਉਣ ਵਿੱਚ ਜੁੱਟ ਗਏ ਸਨ।
ਰਿਵੇਰਾ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਪੂਰੇ ਅੱਠਵੇਂ ਰਾਉਂਡ ਦੌਰਾਨ ਉਹਦਾ ਵਿਰੋਧੀ ਆਪਣੇ ਘਾਤਕ ਅਪਰਕਟ ਨੂੰ ਦੁਹਰਾਉਣ ਦੀ ਅਸਫਲ ਕੋਸ਼ਿਸ਼ ਕਰਦਾ ਰਿਹਾ। ਨੌਵੇਂ ਰਾਉਂਡ ਵਿੱਚ ਰਿਵੇਰਾ ਨੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਸੁੰਨ ਕਰ ਦਿੱਤਾ। ਡੈਨੀ ਉਹਨੂੰ ਦਬੋਚੀ ਬੈਠਾ ਸੀ ਕਿ ਉਹਨੇ ਇੱਕ ਤੇਜ, ਫੁਰਤੀਲੀ ਹਰਕਤ ਨਾਲ਼ ਉਹਦੀ ਜਕੜ ਤੋੜੀ ਅਤੇ ਦੋਵਾਂ ਸ਼ਰੀਰਾਂ ਦੇ ਵਿੱਚਲੀ ਭੀੜੀ ਜਗ੍ਹਾ ਵਿੱਚ ਉਹਦਾ ਸੱਜਾ ਮੁੱਕਾ ਕਮਰ ਤੋਂ ਇੱਕਦਮ ਉੱਪਰ ਉਠਿਆ। ਡੈਨੀ ਫਰਸ਼ ’ਤੇ ਖਿਲਰ ਗਿਆ ਅਤੇ ਰੈਫਰੀ ਦੀ ਹੋਲ਼ੀ ਗਿਣਤੀ ਫਿਰ ਉਹਦਾ ਸਹਾਰਾ ਬਣੀ। ਭੀੜ ਹੈਰਾਨ ਸੀ। ਡੈਨੀ ਆਪਣੇ ਦਾਅ ਤੋਂ ਹੀ ਮਾਰ ਖਾ ਰਿਹਾ ਸੀ। ਉਹਦਾ ਪ੍ਰਸਿੱਧ ਰਾਈਟ ਅਪਰਕਟ ਉਸੇ ਤੇ ਅਜ਼ਮਾਇਆ ਗਿਆ ਸੀ। ‘ਨੌਂ’ ’ਤੇ ਉਹਦੇ ਉੱਠਣ ’ਤੇ ਰਿਵੇਰਾ ਨੇ ਵਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਰੈਫਰੀ ਅਜਿਹਾ ਕਰਨ ਦਾ ਰਾਹ ਰੋਕੇ ਹੋਏ ਸੀ ਭਾਂਵੇਂ ਕਿ ਜਦ ਹਾਲਾਤ ਉਲਟ ਸਨ ਅਤੇ ਰਿਵੇਰਾ ਉਠਣਾ ਚਾਹ ਰਿਹਾ ਸੀ ਤਾਂ ਉਹ ਕਿਨਾਰੇ ਖੜਾ ਸੀ।
ਦੱਸਵੇਂ ਰਾਉਂਡ ਵਿੱਚ ਰਿਵੇਰਾ ਨੇ ਦੋ ਵਾਰ ਰਾਈਟ-ਅਪਰਕਟ ਜੜਿਆ, ਕਮਰ ਤੋਂ ਉਠਦਾ ਹੋਇਆ ਮੁੱਕਾ ਸਿੱਧਾ ਵਿਰੋਧੀ ਦੀ ਠੋਡੀ ’ਤੇ। ਡੈਨੀ ਬਦਹਵਾਸ ਹੋ ਗਿਆ। ਮੁਸਕਰਾਹਟ ਹਾਲ਼ੇ ਵੀ ਉਹਦੇ ਚਿਹਰੇ ’ਤੇ ਚਿੰਬੜੀ ਹੋਈ ਸੀ, ਪਰ ਉਹ ਫਿਰ ਹਾਵੀ ਹੋਣ ਦੀ ਕੋਸ਼ਿਸ਼ ਵਿੱਚ ਰਿਵੇਰਾ ’ਤੇ ਝੱਪਟਣ ਲੱਗਾ। ਉਹ ਅੰਨੇਵਾਹ ਮੁੱਕਿਆਂ ਦਾ ਮੀਂਹ ਵਰ੍ਹਾ ਰਿਹਾ ਸੀ, ਪਰ ਰਿਵੇਰਾ ਨੂੰ ਨੁਕਸਾਨ ਨਹੀਂ ਪਹੁੰਚਾ ਪਾ ਰਿਹਾ ਸੀ ਜਦਕਿ ਉਹਦੀ ਸਾਰੀ ਫੂੰ-ਫਾਂ ਅਤੇ ਚੱਕਰੀ ਨਾਚ ਰਿਵੇਰਾ ਨੇ ਉਹਨੂੰ ਇੱਕ ਦੇ ਬਾਅਦ ਇੱਕ, ਤਿੰਨ ਵਾਰ ਢੇਰ ਕਰ ਦਿੱਤਾ ਸੀ। ਡੈਨੀ ਹੁਣ ਇਨੀ ਜਲਦੀ ਸੱਟ ਤੋਂ ਉਭਰ ਨਹੀਂ ਪਾ ਰਿਹਾ ਸੀ ਅਤੇ ਗਿਆਰਵੇਂ ਰਾਉਂਡ ਤੱਕ ਉਹਦੀ ਹਾਲਤ ਗੰਭੀਰ ਹੋ ਗਈ ਸੀ। ਪਰ ਉਦੋਂ ਤੋਂ ਲੈ ਕੇ ਚੌਦਵੇਂ ਰਾਉਂਡ ਤੱਕ ਉਹਨੇ ਆਪਣੇ ਕੈਰੀਅਰ ਦਾ ਸਭ ਤੋਂ ਬੇਹਤਰ ਪ੍ਰਦਰਸ਼ਨ ਕੀਤਾ। ਉਹ ਬਚਦਾ ਅਤੇ ਮੁੱਕੇ ਰੋਕਦਾ ਰਿਹਾ, ਖੁਦ ਬੜੀ ਕਿਫਾਇਤ ਨਾਲ਼ ਮੁੱਕੇ ਚਲਾਏ ਅਤੇ ਆਪਣੀ ਤਾਕਤ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ ਕਰਦਾ ਰਿਹਾ ਅਤੇ ਇਹਦੇ ਨਾਲ਼ ਹੀ ਉਹਨੇ ਜਮਕੇ ‘ਫਾਊਲ’ ਖੇਡੇ, ਜਿਸ ਵਿੱਚ ਹਰ ਕਾਮਯਾਬ ਮੁੱਕੇਬਾਜ਼ ਮਾਹਿਰ ਹੁੰਦਾ ਹੈ। ਉਹਨੇ ਹਰ ਚਾਲ, ਹਰ ਤਿਕੜਮ ਦੀ ਵਰਤੋਂ ਕੀਤੀ। ਕਦੇ ਫੜਨ ਵੇਲ਼ੇ ਇਸ ਤਰ੍ਹਾਂ ਧੱਕਾ ਮਾਰਨਾ ਜਿਵੇਂ ਅਣਜਾਣਪੁਣੇ ਵਿੱਚ ਹੋਇਆ ਹੋਵੇ, ਕਦੀ ਰਿਵੇਰਾ ਦਾ ਦਸਤਾਨਾ ਆਪਣੀ ਬਾਂਹ ਅਤੇ ਸ਼ਰੀਰ ਵਿੱਚ ਦਬਾ ਲੈਣਾ ਤਾਂ ਕਦੀ ਆਪਣਾ ਦਸਤਾਨਾ ਇਸ ਤਰ੍ਹਾਂ ਰਿਵੇਰਾ ਦੇ ਮੂੰਹ ’ਤੇ ਦਬਾਉਣਾ ਕਿ ਉਹ ਸਾਹ ਨਾ ਲੈ ਸਕੇ। ਅਕਸਰ, ਉਹਨੂੰ ਚਿੰਬੜਣ ਦੌਰਾਨ ਆਪਣੇ ਕਟੇ ਅਤੇ ਮੁਸਕਰਾਉਂਦੇ ਬੁੱਲਾਂ ਵਿੱਚੋਂ ਫੁੰਕਾਰਦੇ ਹੋਏ ਉਹ ਰਿਵੇਰਾ ਦੇਕੰਨਾਂ ਵਿੱਚ ਅਜਿਹੀਆਂ ਘਟੀਆ ਅਤੇ ਅਪਮਾਨਜਨਕ ਗੱਲਾਂ ਕਹਿੰਦਾ ਸੀ ਕਿ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰੈਫਰੀ ਤੋਂ ਲੈਕੇ ਦਰਸ਼ਕਾਂ ਤੱਕ, ਹਰ ਕੋਈ ਡੈਨੀ ਨਾਲ਼ ਸੀ ਅਤੇ ਡੈਨੀ ਦੀ ਮਦਦ ਕਰ ਰਿਹਾ ਸੀ। ਅਤੇ ਉਹ ਜਾਣਦੇ ਸਨ ਕਿ ਉਹਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਇਸ ਅਣਜਾਣ ਛੁਪੇ-ਰੁਸਤਮ ਤੋਂ ਪਛਾੜ ਖਾਧੇ ਡੈਨੀ ਦੀਆਂ ਸਾਰੀਆਂ ਉਮੀਦਾਂ ਇੱਕ ਜਬਰਦਸਤ ਮੁੱਕੇ ’ਤੇ ਟਿਕੀਆਂ ਸਨ। ਕਦੀ ਉਹ ਰਿਵੇਰਾ ਨੂੰ ਵਾਰ ਕਰਨ ਦਾ ਮੌਕਾ ਦਿੰਦਾ, ਕਦੇ ਲੜਖੜਾਉਣ ਦਾ ਨਾਟਕ ਕਰਦਾ, ਕਦੇ ਜਾਣਬੁਝਕੇ ਗਲਤੀ ਕਰਦਾ, ਉਹਨੂੰ ਨੇੜੇ ਆਉਣ ਲਈ ਲਲਚਾਉਂਦਾਉਹ ਬਸ ਇੱਕ ਮੌਕੇ ਦੀ ਭਾਲ਼ ਵਿੱਚ ਸੀ ਕਿ ਆਪਣੀ ਪੂਰੀ ਤਾਕਤ ਲਾ ਕੇ ਅਜਿਹਾ ਮੁੱਕਾ ਜੜ ਸਕੇ ਕਿ ਪਾਸਾ ਪਲਟ ਜਾਵੇ। ਫਿਰ ਉਹ ਅੰਨ੍ਹੇਵਾਹ ਸੱਜੇ-ਖੱਬੇ ਮੁੱਕੇ ਮਾਰ ਸਕਦਾ ਸੀ, ਇੱਕ ਪੱਸਲੀਆਂ ਵਿਚਕਾਰ ਇੱਕ ਜਬਾੜੇ ’ਤੇ, ਜਿਵੇਂ ਕਿ ਉਸਤੋਂ ਪਹਿਲਾਂ ਇੱਕ ਮਹਾਨ ਮੁੱਕੇਬਾਜ਼ ਨੇ ਕੀਤਾ ਸੀ। ਉਹ ਅਜਿਹਾ ਕਰ ਸਕਦਾ ਸੀ ਕਿਉਂਕਿ ਉਹ ਇਸ ਗੱਲ ਲਈ ਮਸ਼ਹੂਰ ਸੀ ਕਿ ਜਦ ਤੱਕ ਉਹ ਆਪਣੇ ਪੈਰਾਂ ’ਤੇ ਟਿਕਿਆ ਰਹਿੰਦਾ ਸੀ, ਤਦ ਤਕ ਉਹਦੀਆਂ ਬਾਹਵਾਂ ਵਿੱਚ ਵੀ ਵਾਰ ਕਰਨ ਦੀ ਤਾਕਤ ਰਹਿੰਦੀ ਸੀ।
ਰਿਵੇਰਾ ਦੇ ਸਹਾਇਕ ਰਾਉਂਡ ਵਿਚਲੇ ਵਕਫ਼ੇ ਦੌਰਾਨ ਉਹਦਾ ਬਹੁਤਾ ਖਿਆਲ ਨਹੀਂ ਰੱਖ ਰਹੇ ਸਨ। ਉਹ ਤੌਲੀਆ ਚਲਾਉਣ ਦਾ ਦਿਖਾਵਾ ਤਾਂ ਕਰਦੇ ਪਰ ਇਸ ਨਾਲ਼ ਹੱਫਦੇ ਹੋਏ ਰਿਵੇਰਾ ਦੇ ਫੇਫੜਿਆਂ ਵਿੱਚ ਬਹੁਤ ਘੱਟ ਹਵਾ ਜਾਂਦੀ ਸੀ। ਸਪਾਈਡਰ ਹੈਗਰਟੀ ਉਹਨੂੰ ਸਲਾਹ ਦਿੰਦਾ ਪਰ ਰਿਵੇਰਾ ਜਾਣਦਾ ਸੀ ਕਿ ਇਹ ਸਲਾਹ ਗ਼ਲਤ ਹੁੰਦੀ ਸੀ। ਹਰ ਕੋਈ ਉਹਦੇ ਵਿਰੁੱਧ ਸੀ। ਉਹ ਕਮੀਨਿਆਂ ਨਾਲ਼ ਘਿਰਿਆ ਹੋਇਆ ਸੀ। ਚੌਦਵੇਂ ਰਾਉਂਡ ਵਿੱਚ ਉਹਨੇ ਫਿਰ ਡੈਨੀ ਨੂੰ ਧੂੜ ਚਟਾਈ ਅਤੇ ਰੈਫਰੀ ਦੀ ਗਿਣਤੀ ਦੌਰਾਨ ਚੁੱਪਚਾਪ ਅਰਾਮ ਦੀ ਮੁਦਰਾ ਵਿੱਚ ਖੜਾ ਰਿਹਾ। ਪਿਛਲੇ ਕੁੱਝ ਸਮੇਂ ਤੋਂ ਰਿਵੇਰਾ ਦਾ ਧਿਆਨ ਦੂਜੀ ਨੁੱਕਰ ਵਿੱਚ ਚਲ ਰਹੀ ਖੁਸਰ-ਫੁਸਰ ਵੱਲ ਵੀ ਸੀ। ਉਹਨੇ ਮਾਈਕਲ ਕੇਲੀ ਨੂੰ ਰਾਬਰਟਸ ਨੇੜੇ ਜਾਂਦੇ ਅਤੇ ਝੁੱਕ ਕੇ ਬੁੜਬੁੜਾਉਂਦੀ ਅਵਾਜ਼ ਵਿੱਚ ਕੁੱਝ ਕਹਿੰਦੇ ਦੇਖਿਆ। ਮਰੂਥਲ ਵਿੱਚ ਪਲ਼ੇ ਰਿਵੇਰਾ ਦੇ ਕੰਨ ਬਿੱਲੀ ਵਰਗੇ ਤੇਜ ਸਨ ਅਤੇ ਗੱਲਬਾਤ ਦੀਆਂ ਕੁੱਝ ਕਾਤਰਾਂ ਉਹਨੇ ਸੁਣ ਲਈਆਂ ਸਨ। ਉਹ ਹੋਰ ਸੁਣਨਾ ਚਾਹੁੰਦਾ ਸੀ ਇਸਲਈ ਜਦ ਉਹਦਾ ਵਿਰੋਧੀ ਉਠਿਆ ਤਾਂ ਉਹ ਲੜਦੇ-ਲੜਦੇ ਉਹਨੂੰ ਦੂਜੀ ਨੁੱਕਰ ਵਿੱਚ ਲੈ ਆਇਆ ਅਤੇ ਉਹਦੇ ਨਾਲ਼ ਚਿੰਬੜ ਕੇ ਰੱਸੀਆਂ ਨਾਲ਼ ਜਾ ਲੱਗਿਆ।
‘‘ਕਰਨਾ ਹੀ ਪਵੇਗਾ।’’ ਉਹਨੇ ਮਾਈਕਲ ਨੂੰ ਕਹਿੰਦੇ ਸੁਣਿਆ ਅਤੇ ਰਾਬਰਟਸ ਨੇ ਸਿਰ ਹਿਲਾਇਆ।
‘‘ਡੈਨੀ ਨੂੰ ਜਿੱਤਣਾ ਹੀ ਪਵੇਗਾ – ਮੈਂ ਦਿਵਾਲ਼ੀਆ ਹੋ ਜਾਵਾਂਗਾ – ਮੈਂ ਬੇਹਿਸਾਬ ਲਾ ਰੱਖਿਆ ਹੈ – ਮੇਰਾ ਆਪਣਾ ਪੈਸਾ। ਜੇ ਉਹ ਪੰਦਰਵਾਂ ਰਾਉਂਡ ਪਾਰ ਕਰ ਗਿਆ ਤਾਂ ਮੈਂ ਗਿਆ ਕੰਮ ਤੋਂ! ਮੁੰਡਾ ਤੇਰੀ ਗੱਲ ਮੰਨੇਗਾ – ਸਮਝਾ ਉਹਨੂੰ।’’
ਅਤੇ ਉਹਦੇ ਬਾਅਦ ਰਿਵੇਰਾ ਦੀਆਂ ਅੱਖਾਂ ਅੱਗੇ ਹੋਰ ਕੋਈ ਦ੍ਰਿਸ਼ ਨਾ ਆਇਆ। ਉਹ ਉਹਦਾ ਸੌਦਾ ਕਰ ਰਹੇ ਸਨ। ਇੱਕ ਵਾਰ ਫਿਰ ਉਹਨੇ ਡੈਨੀ ਨੂੰ ਢੇਰ ਕੀਤਾ ਅਤੇ ਦੋਵੇਂ ਬਾਹਵਾਂ ਲਟਕਾਈ ਅਰਾਮ ਨਾਲ਼ ਖੜਾ ਰਿਹਾ। ਰਾਬਰਟਸ ਆਪਣੀ ਸੀਟ ਤੋਂ ਉਠਿਆ।
‘‘ਬਸ, ਨਿਬੜ ਗਿਆ,’’ ਉਹਨੇ ਕਿਹਾ। ‘‘ਆਪਣੀ ਨੁੱਕਰ ਵਿੱਚ ਜਾ।’’
ਉਹ ਅਧਿਕਾਰ ਨਾਲ਼ ਬੋਲਿਆ ਸੀ, ਜਿਸ ਲਹਿਜੇ ਵਿੱਚ ਉਹ ਅਖਾੜੇ ਵਿੱਚ ਰਿਵੇਰਾ ਨਾਲ਼ ਅਕਸਰ ਹੀ ਬੋਲਦਾ ਸੀ। ਪਰ ਰਿਵੇਰਾ ਨੇ ਉਹਨੂੰ ਨਫਰਤ ਨਾਲ਼ ਦੇਖਿਆ ਅਤੇ ਡੈਨੀ ਦੇ ਉਠਣ ਦੀ ਉਡੀਕ ਕਰਦਾ ਰਿਹਾ। ਇੱਕ ਮਿੰਟ ਦੇ ਵਕਫ਼ੇ ਵਿੱਚ ਪ੍ਰਮੋਟਰ ਕੇਲੀ ਰਿਵੇਰਾ ਨੇੜੇ ਆਇਆ।
‘‘ਹਾਰ ਜਾ ਤੂੰ, ਸਮਝਿਆ,’’ ਉਹਨੇ ਤਿੱਖੀ ਪਰ ਹੋਲ਼ੀ ਅਵਾਜ਼ ਵਿੱਚ ਕਿਹਾ। ‘‘ਤੈਨੂੰ ਹਾਰਨਾ ਹੀ ਪਵੇਗਾ, ਰਿਵੇਰਾ! ਮੇਰੀ ਗੱਲ ਮੰਨ, ਮੈਂ ਤੇਰੀ ਤਕਦੀਰ ਬਦਲ ਦੇਵਾਂਗਾ। ਮੈਂ ਤੈਨੂੰ ਅਗਲੀ ਵਾਰ ਡੈਨੀ ਨੂੰ ਢੇਰ ਕਰਨ ਦੇਵਾਂਗਾ ਪਰ ਇੱਥੇ ਤੈਨੂੰ ਢੇਰ ਹੋਣਾ ਪਵੇਗਾ।’’
ਰਿਵੇਰਾ ਨੇ ਅੱਖਾਂ ਨਾਲ਼ ਇਹ ਦਿਖਾ ਦਿੱਤਾ ਕਿ ਉਹਨੇ ਸੁਣ ਲਿਆ ਹੈ, ਪਰ ਉਹਨੇ ਸਹਿਮਤੀ ਜਾਂ ਅਸਹਿਮਤੀ ਦਾ ਕੋਈ ਸੰਕੇਤ ਨਾ ਦਿੱਤਾ।
‘‘ਤੂੰ ਬੋਲਦਾ ਕਿਉਂ ਨਹੀਂ?’’ ਕੇਲੀ ਨੇ ਗੁੱਸੇ ਨਾਲ਼ ਪੁੱਛਿਆ।
‘‘ਤੂੰ ਹਰ ਵਿੱਚ ਹਰੇਂਗਾ,’’ ਸਪਾਈਡਰ ਹੈਗਰਟੀ ਨੇ ਆਪਣੀ ਗੱਲ ਜੋੜੀ। ‘‘ਰੈਫਰੀ ਤੈਨੂੰ ਜਿੱਤਣ ਨਹੀਂ ਦੇਵੇਗਾ। ਕੈਲੀ ਦੀ ਗੱਲ ਸੁਣ ਤੇ ਲਮਲੇਟ ਹੋ ਜਾ।’’
‘‘ਇਸ ਵਾਰ ਛੱਡ ਦੇ, ਮੇਰੇ ਲਾਲ,’’ ਕੇਲੀ ਨੇ ਬੜੇ ਤਰਲੇ ਨਾਲ਼ ਕਿਹਾ। ‘‘ਮੈਂ ਤੈਨੂੰ ਚੈਂਪੀਅਨਸ਼ਿਪ ਤੱਕ ਪਹੁੰਚਾ ਦੇਵਾਂਗਾ।’’
ਰਿਵੇਰਾ ਨੇ ਜਵਾਬ ਨਹੀਂ ਦਿੱਤਾ।
‘‘ਮੈਂ ਅਸਲੋਂ ਇਦਾਂ ਹੀ ਕਰਾਂਗਾ, ਪਰ ਹਾਲ਼ੇ ਤੂੰ ਮੇਰੀ ਮਦਦ ਕਰਦੇ, ਮੇਰੇ ਲਾਲ!’’
ਘੰਟਾ ਵਜਦੇ ਹੀ ਰਿਵੇਰਾ ਨੂੰ ਲੱਗਿਆ ਕਿ ਕੁੱਝ ਹੋਣ ਵਾਲ਼ਾ ਹੈ। ਦਰਸ਼ਕਾਂ ਨੂੰ ਕੁੱਝ ਪਤਾ ਨਾ ਲੱਗਾ। ਜੋ ਵੀ ਹੋਣਾ ਸੀ, ਉਹ ਰਿੰਗ ਦੇ ਅੰਦਰ ਸੀ ਅਤੇ ਬਹੁਤ ਨੇੜੇ ਸੀ। ਡੈਨੀ ਦਾ ਪਹਿਲਾਂ ਵਾਲ਼ਾ ਵਿਸ਼ਵਾਸ ਮੁੜ ਆਇਆ ਸੀ। ਜਿਸ ਆਤਮ-ਵਿਸ਼ਵਾਸ ਨਾਲ਼ ਉਹ ਉਹਦੇ ਵੱਲ ਵਧਿਆ, ਉਸ ਨਾਲ਼ ਰਿਵੇਰਾ ਡਰ ਗਿਆ। ਕੋਈ ਚਾਲ ਖੇਡੀ ਜਾਣ ਵਾਲ਼ੀ ਸੀ। ਡੈਨੀ ਝਪਟਿਆ ਪਰ ਰਿਵੇਰਾ ਨੇ ਭਿੜਨ ਤੋਂ ਮਨਾ ਕਰ ਦਿੱਤਾ। ਉਹ ਕੰਢੇ ਹੋ ਗਿਆ। ਸਾਹਮਣੇਵਾਲ਼ਾ ਉਹਨੂੰ ਦਬੋਚਣਾ ਚਾਹੁੰਦਾ ਸੀ। ਉਹਦੀ ਚਾਲ ਲਈ ਇਹ ਕਿਸੇ ਤਰ੍ਹਾਂ ਜ਼ਰੂਰੀ ਸੀ। ਰਿਵੇਰਾ ਪਿੱਛੇ ਹਟਦਾ ਅਤੇ ਗੋਲ ਘੇਰੇ ਵਿੱਚ ਘੁੰਮਕੇ ਅੱਡ ਹਟਦਾ ਰਿਹਾ ਪਰ ਉਹ ਜਾਣਦਾ ਸੀ ਦੇਰ-ਸਵੇਰ ਉਹ ਪਕੜ ਅਤੇ ਫਿਰ ਉਹ ਚਾਲ ਆਉਣੀ ਹੀ ਹੈ। ਕੋਈ ਚਾਰਾ ਨਾ ਚਲਦੇ ਦੇਖ ਉਹਨੇ ਤੈਅ ਕੀਤਾ ਕਿ ਉਹ ਖੁਦ ਹੀ ਇਹਦਾ ਮੌਕਾ ਦੇਵੇਗਾ। ਅਗਲੀ ਵਾਰ ਡੈਨੀ ਦੇ ਝਪਟਣ ’ਤੇ ਉਹਨੇ ਇਸਤਰਾਂ ਦਿਖਾਇਆ ਜਿਵੇਂ ਫੜਨਾ ਚਾਹੁੰਦਾ ਹੋਵੇ। ਇਹਦੀ ਥਾਂਵੇਂ, ਆਖਰੀ ਪਲ ਵਿੱਚ, ਠੀਕ ਓਸੇ ਸਮੇਂ ਜਦ ਉਹਨਾਂ ਦੇ ਸ਼ਰੀਰ ਇੱਕ-ਦੂਜੇ ਨਾਲ਼ ਟਕਰਾਉਂਦੇ, ਰਿਵੇਰਾ ਫੁਰਤੀ ਨਾਲ਼ ਛਾਲ਼ ਮਾਰਕੇ ਪਿੱਛੇ ਹਟ ਗਿਆ ਅਤੇ ਉਸੇ ਸਮੇਂ ਡੈਨੀ ਦੀ ਨੁੱਕਰ ਵਿੱਚ ‘ਫਾਊਲ-ਫਾਊਲ’ ਦਾ ਰੋਲ਼ਾ ਪਿਆ। ਰਿਵੇਰਾ ਨੇ ਉਹਨਾਂ ਨੂੰ ਝਕਾਨੀ ਦੇ ਦਿੱਤੀ ਸੀ। ਰੈਫਰੀ ਦੋਚਿੱਤੀ ਵਿੱਚ ਰੁਕ ਗਿਆ। ਪਰ ਉਹਦੇ ਬੁੱਲਾਂ ’ਤੇ ਕੰਬਦਾ ਫੈਸਲਾ ਸੁਣਾਇਆ ਨਹੀਂ ਗਿਆ ਕਿਉਂਕਿ ਦਰਸ਼ਕਾਂ ਦੀ ਗੈਲਰੀ ’ਚੋਂ ਇੱਕ ਮੁੰਡੇ ਦੀ ਤਿੱਖੀ ਅਵਾਜ਼ ਗੂੰਜ ਉਠੀ, ‘‘ਕਮਾਲ ਕਰ ਦਿੱਤਾ!’’
ਡੈਨੀ ਨੇ ਹੁਣ ਸ਼ਰੇਆਮ ਰਿਵੇਰਾ ਨੂੰ ਗਾਲ਼ ਕੱਢੀ ਅਤੇ ਉਹਨੂੰ ਲੜਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਰਿਵੇਰਾ ਨੇ ਖਿਸਕਦੇ ਹੋਏ ਉਹਦੇ ਤੋਂ ਦੂਰੀ ਬਣਾਈ ਰੱਖੀ। ਰਿਵੇਰਾ ਨੇ ਇਹ ਵੀ ਮਨ ਬਣਾ ਲਿਆ ਸੀ ਕਿ ਉਹ ਸ਼ਰੀਰ ’ਤੇ ਕੋਈ ਵਾਰ ਨਹੀਂ ਕਰੇਗਾ। ਅਜਿਹਾ ਕਰਕੇ ਉਹ ਜਿੱਤਣ ਦਾ ਅੱਧਾ ਮੌਕਾ ਐਂਵੇ ਹੀ ਗੁਆ ਰਿਹਾ ਸੀ ਪਰ ਉਹ ਜਾਣਦਾ ਸੀ ਕਿ ਜੇ ਉਹਨੇ ਜਿੱਤਣਾ ਹੈ ਤਾਂ ਉਹਦੇ ਕੋਲ਼ ਸਿਰਫ਼ ਦੂਰ ਰਹਿਕੇ ਜਿੱਤਣ ਦਾ ਹੀ ਮੌਕਾ ਹੈ। ਥੋੜਾ-ਜਿਹਾ ਮੌਕਾ ਮਿਲਦੇ ਹੀ ਉਹ ਉਹਨੂੰ ਫਾਊਲ ਕਰਾਰ ਦੇ ਦਿੰਦੇ। ਡੈਨੀ ਨੇ ਹੁਣ ਹਰ ਤਰਾਂ ਦੀ ਸਾਵਧਾਨੀ ਛਿੱਕੇ ਟੰਗ ਦਿੱਤੀ ਸੀ। ਦੋ ਰਾਉਂਡ ਤੱਕ ਉਹ ਮੁੰਡੇ ’ਤੇ ਝਪਟਦਾ ਰਿਹਾ, ਉਹਨੂੰ ਠੋਕਦਾ ਰਿਹਾ ਜੋ ਉਹਦੇ ਨੇੜੇ ਆਉਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਰਿਵੇਰਾ ਨੂੰ ਵਾਰ-ਵਾਰ ਸੱਟਾ ਲੱਗ ਰਹੀਆਂ ਸਨ, ਉਹਨੇ ਡੈਨੀ ਦੀ ਉਸ ਖਤਰਨਾਕ ਜਕੜ ਤੋਂ ਬਚਣ ਲਈ ਦਰਜਨਾਂ ਵਾਰ ਝੱਲੇ। ਡੈਨੀ ਦੀ ਇਸ ਸ਼ਾਨਦਾਰ ਵਾਪਸੀ ਨੇ ਦਰਸ਼ਕਾਂ ਨੂੰ ਦਿਵਾਨਾ ਬਣਾ ਦਿੱਤਾ ਸੀ। ਲੋਕ ਆਪਣੀ ਥਾਂ ’ਤੇ ਖੜੇ ਹੋ ਗਏ ਸਨ। ਉਹਨਾਂ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ। ਉਹ ਬਸ ਇਹੀ ਦੇਖ ਸਕਦੇ ਸਨ ਕਿ ਅਖੀਰ ਉਹਨਾ ਦਾ ਪਿਆਰਾ ਖਿਡਾਰੀ ਜਿੱਤ ਰਿਹਾ ਸੀ।
‘‘ਤੂੰ ਲੜਦਾ ਕਿਉਂ ਨੀ?’’ ਉਹ ਨਫ਼ਰਤ ਭਰੇ ਲਹਿਜੇ ਵਿੱਚ ਰਿਵੇਰਾ ’ਤੇ ਚੀਕ ਰਹੇ ਸਨ।
‘‘ਓ ਪਿਲੱਤਣ ਮਾਰਿਆ!’’…‘‘ਲੜ, ਕੁੱਤਿਆ, ਲੜ!’’…‘‘ਡੈਨੀ, ਮਾਰ ਸੁੱਟ ਸਾਲ਼ੇ ਨੂੰ! ਮਾਰ ਇਹਨੂੰ!’’…‘‘ਹੁਣ ਉਹ ਤੇਰਾ ਏ! ਮਾਰ ਸਾਲ਼ੇ ਨੂੰ!’’
ਪੂਰੇ ਸਟੇਡਿਅਮ ਵਿੱਚ, ਰਿਵੇਰਾ ਇਕੱਲਾ ਮਨੁੱਖ ਸੀ ਜਿਹਦੇ ਹੋਸ਼ ਟਿਕਾਣੇ ’ਤੇ ਸਨ। ਸੁਭਾਅ ਵਿੱਚ ਉਹ ਉਹਨਾਂ ਸਭ ਤੋਂ ਗਰਮ ਸੀ ਪਰ ਉਹ ਇਨੀ ਵਾਰ ਇਸਤੋਂ ਕਿਤੇ ਜ਼ਿਆਦਾ ਗਰਮ ਹਾਲਾਤਾਂ ’ਚੋਂ ਨਿਕਲ ਚੁੱਕਿਆ ਸੀ ਦਸ ਹਜ਼ਾਰ ਗਲ਼ਿਆਂ ਵਿੱਚੋਂ ਫੁਟਦਾ ਅਤੇ ਇੱਕ ਦੇ ਬਾਅਦ ਇੱਕ ਲਹਿਰਾਂ ਦੀ ਤਰਾਂ ਚੜਦਾ ਸਮੂਹਿਕ ਪਾਗਲਪਣ ਉਹਦੇ ਲਈ ਗਰਮੀਆਂ ਦੀ ਢਲਦੀ ਸ਼ਾਮ ਦੀ ਸੁਹਾਵਣੀ ਸੀਤ ਤੋਂ ਵੱਧ ਕੁੱਝ ਨਹੀਂ ਸੀ।
ਡੈਨੀ ਨੇ ਸਤਾਰਵੇਂ ਰਾਉਂਡ ਵਿੱਚ ਵੀ ਮੁੱਕਿਆਂ ਦੀ ਵਾਛੜ ਜਾਰੀ ਰੱਖੀ। ਇੱਕ ਜੋਰਦਾਰ ਵਾਰ ਖਾਕੇ ਰਿਵੇਰਾ ਡਿੱਗਦੇ-ਡਿੱਗਦੇ ਬਚਿਆ, ਉਹ ਝੂਲ ਜਿਹਾ ਗਿਆ, ਉਹਦੀਆਂ ਬਾਹਵਾਂ ਬੇਜਾਨ ਜਿਹੀਆਂ ਲਟਕ ਗਈਆਂ ਅਤੇ ਉਹ ਲੜਖੜਾਉਂਦਾ ਹੋਇਆ ਪਿੱਛੇ ਹਟਿਆ। ਡੈਨੀ ਨੇ ਸੋਚਿਆ, ਇਹੀ ਮੌਕਾ ਹੈ। ਮੁੰਡਾ ਹੁਣ ਉਹਦੇ ਰਹਿਮ ’ਤੇ ਸੀ। ਰਿਵੇਰਾ ਨੇ ਇਸ ਨਾਟਕ ਨਾਲ਼ ਉਹਨੂੰ ਇੱਕਦਮ ਅਸਾਵਧਾਨ ਕਰ ਦਿੱਤਾ ਅਤੇ ਫਿਰ ਸਿੱਧਾ ਮੂੰਹ ’ਤੇ ਇੱਕ ਕਰਾਰਾ ਮੁੱਕਾ ਜੜ ਦਿੱਤਾ। ਡੈਨੀ ਪਲਰ ਗਿਆ। ਜਦ ਉਹ ਉਠਿਆ ਤਾਂ ਰਿਵੇਰਾ ਨੇ ਗਰਦਨ ਅਤੇ ਜਬਾੜੇ ’ਤੇ ਸੱਜੇ ਹੱਥ ਦੇ ਮੁੱਕੇ ਨਾਲ਼ ਉਹਨੂੰ ਫਿਰ ਢੇਰ ਕਰ ਦਿੱਤਾ। ਤਿੰਨ ਵਾਰ ਇਹੀ ਚੀਜ਼ ਦੋਹਰਾਈ ਗਈ। ਕਿਸੇ ਵੀ ਰੈਫਰੀ ਲਈ ਇਹਨਾਂ ਮੁੱਕਿਆਂ ਨੂੰ ‘ਫਾਊਲ’ ਐਲਾਨਣਾ ਅਸੰਭਵ ਸੀ।
‘‘ਓ ਬਿਲ! ਕੁੱਝ ਕਰ ਬਿਲ!’’ ਕੇਲੀ ਨੇ ਰੈਫਰੀ ਅੱਗੇ ਹਾੜ੍ਹੇ ਕੱਢੇ।
‘‘ਮੈਂ ਕੁੱਝ ਨਹੀਂ ਕਰ ਸਕਦਾ,’’ ਉਹਨੇ ਮੂੰਹ ਲਮਕਾ ਕੇ ਜਵਾਬ ਦਿੱਤਾ। ‘‘ਉਹ ਕੋਈ ਮੌਕਾ ਨਹੀਂ ਦਿੰਦਾ।’’
ਬੁਰੀ ਤਰਾਂ ਕੁੱਟ ਖਾਧਾ ਡੈਨੀ ਬਹਾਦੁਰੀ ਨਾਲ਼ ਉਠਣ ਦੀ ਕੋਸ਼ਿਸ਼ ਕਰਦਾ ਰਿਹਾ। ਕੇਲੀ ਅਤੇ ਰਿੰਗ ਦੇ ਕੋਲ਼ ਖੜੇ ਦੂਜੇ ਲੋਕ ਇਹਨੂੰ ਰੋਕਣ ਲਈ ਪੁਲਿਸ ਨੂੰ ਅਵਾਜ਼ ਦੇਣ ਲੱਗੇ ਭਾਵੇਂਕਿ ਡੈਨੀ ਦੀ ਨੁੱਕਰ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਰਿਵੇਰਾ ਨੇ ਮੋਟੇ ਪੁਲਿਸ ਕਪਤਾਨ ਨੂੰ ਅਜੀਬ ਢੰਗ ਨਾਲ਼ ਰੱਸੀਆਂ ਵਿੱਚੋਂ ਹੋਕੇ ਉੱਪਰ ਆਉਣ ਦੀ ਕੋਸ਼ਿਸ਼ ਕਰਦੇ ਦੇਖਿਆ। ਉਹ ਚੰਗੀ ਤਰਾਂ ਨਾਲ਼ ਸਮਝ ਨਹੀਂ ਪਾ ਰਿਹਾ ਸੀ ਕਿ ਇਹਦਾ ਕੀ ਮਤਲਬ ਹੈ। ਗ੍ਰਿੰਗੋ ਲੋਕਾਂ ਦੀ ਇਸ ਖੇਡ ਧੋਖਾਧੜੀ ਦੇ ਕਿੰਨੇ ਹੀ ਢੰਗ ਸਨ। ਡੈਨੀ ਹੁਣ ਆਪਣੇ ਪੈਰਾਂ ’ਤੇ ਸੀ ਅਤੇ ਉਹਦੇ ਸਾਹਮਣੇ ਬੇਆਸਰਾ ਤੇ ਚੱਕਰ-ਖਾਧਾ ਜਿਹਾ ਲੜਖੜਾ ਰਿਹਾ ਸੀ। ਰੈਫਰੀ ਅਤੇ ਕਪਤਾਨ ਰਿਵੇਰਾ ਨੂੰ ਫੜਨ ਲਈ ਹੱਥ ਵਧਾ ਹੀ ਰਹੇ ਸਨ ਕਿ ਉਹਨੇ ਆਖਰੀ ਵਾਰ ਕੀਤਾ। ਮੁਕਾਬਲਾ ਰੋਕਣ ਦੀ ਹੁਣ ਕੋਈ ਲੋੜ ਨਹੀਂ ਸੀ ਕਿਉਂਕਿ ਡੈਨੀ ਹੁਣ ਉਠਿਆ ਨਹੀਂ।
‘‘ਗਿਣ!’’ ਰਿਵੇਰਾ ਭਰੜਾਈ ਅਵਾਜ਼ ਵਿੱਚ ਰੈਫਰੀ ’ਤੇ ਚੀਕਿਆ।
ਗਿਣਤੀ ਪੂਰੀ ਹੋ ਜਾਣ ’ਤੇ ਡੈਨੀ ਦੇ ਸਹਾਇਕ ਉਹਨੂੰ ’ਕੱਠਾ ਕਰਕੇ ਉਹਦੀ ਨੁੱਕਰ ਵਿੱਚ ਲੈ ਗਏ।
‘‘ਕੌਣ ਜਿੱਤਿਆ?’’ ਰਿਵੇਰਾ ਨੇ ਜੋਰ ਨਾਲ਼ ਪੁੱਛਿਆ।
ਰੈਫਰੀ ਨੇ ਹਿਚਕਿਚਾਉਂਦੇ ਹੋਏ ਉਹਦਾ ਹੱਥ ਫੜਿਆ ਅਤੇ ਉਪਰ ਚੁੱਕ ਦਿੱਤਾ।
ਰਿਵੇਰਾ ਨੂੰ ਕਿਸੇ ਨੇ ਵਧਾਈ ਨਹੀਂ ਦਿੱਤੀ। ਉਹ ਕੱਲਾ ਹੀ ਚਲਕੇ ਆਪਣੀ ਨੁੱਕਰ ਵਿੱਚ ਆਇਆ, ਜਿਥੇ ਉਹਦੇ ਸਹਾਇਕਾਂ ਨੇ ਹੁਣ ਤੱਕ ਉਹਦਾ ਸਟੂਲ ਨਹੀਂ ਰੱਖਿਆ ਸੀ। ਉਹ ਰੱਸੀਆਂ ਦੇ ਸਹਾਰੇ ਪਿੱਛੇ ਝੁੱਕ ਗਿਆ ਅਤੇ ਆਪਣੀਆਂ ਅੱਖਾਂ ਦੀ ਨਫਰਤ ਉਹਨਾਂ ’ਤੇ ਉਲੱਦ ਦਿੱਤੀ, ਫਿਰ ਉਹਦੀਆਂ ਨਫ਼ਰਤ ਭਰੀ ਨਜ਼ਰ ਉਹਦੇ ਚਾਰੇ ਪਾਸੇ ਘੁੰਮ ਗਈ, ਉਹਨਾਂ ਸਾਰੇ ਦੇ ਸਾਰੇ ਦਸ ਹਜ਼ਾਰ ਗ੍ਰਿੰਗੋਆਂ ਨੂੰ ਉਹਨੇ ਆਪਣੇ ਲਪੇਟ ਵਿੱਚ ਲਿਆ। ਉਹਦੇ ਗੋਡੇ ਕੰਬ ਰਹੇ ਸਨ ਅਤੇ ਉਹ ਬੇਹੱਦ ਥਕੇਵੇਂ ਕਾਰਨ ਉਹ ਸਿਸਕੀਆਂ ਭਰ ਰਿਹਾ ਸੀ। ਜੀ ਕੱਚਾ ਹੋਣ ਅਤੇ ਚਕਰਾਹਟ ਦੇ ਵਿੱਚ ਉਹਦੀਆਂ ਅੱਖਾਂ ਸਾਹਵੇਂ ਉਹ ਘ੍ਰ੍ਨਿਤ ਚਿਹਰੇ ਅੱਗੇ-ਪਿੱਛੇ ਤੈਰ ਰਹੇ ਸਨ। ਫਿਰ ਉਹਨੂੰ ਯਾਦ ਆਇਆ ਕਿ ਇਹ ਬੰਦੂਕਾਂ ਸਨ। ਇਹ ਬੰਦੂਕਾਂ ਉਹਦੀਆਂ ਸਨ। ਇਨਕਲਾਬ ਹੁਣ ਅੱਗੇ ਵੱਧ ਸਕਦਾ ਸੀ।