Minni kahanian : Amarpreet Singh Jhita

ਮਿੰਨੀ ਕਹਾਣੀਆਂ : ਅਮਰਪ੍ਰੀਤ ਸਿੰਘ ਝੀਤਾ

1. ਕੀੜੀ, ਜੰਗਲ ਅਤੇ ਅਦਾਰੇ

ਇੱਕ ਵਾਰ ਦੀ ਗੱਲ ਹੈ ਕਿ ਇੱਕ ਸਦਾਬਹਾਰ ਜੰਗਲ ਵਿੱਚ ਘੁੰਮਦੇ ਹੋਏ ਰਾਜੇ ਸ਼ੇਰ ਨੇ ਦੇਖਿਆ ਕਿ ਇੱਕ ਕੀੜੀ ਚੌਲ ਦੇ ਦਾਣੇ ਹੌਲੀ ਹੌਲੀ ਚੁੱਕ ਕੇ ਆਪਣੇ ਭੌਂਣ ਤੱਕ ਲੈ ਕੇ ਜਾ ਰਹੀ ਹੈ।
ਸ਼ੇਰ ਨੇ ਸੋਚਿਆ ਕਿ ਇਸ ਕੀੜੀ ਦੇ ਕੰਮ ਨੂੰ ਹੋਰ ਸੌਖਾਲਾ ਬਣਾਵਾਂ ਤਾਂ ਜੋ ਇਹ ਜਲਦੀ ਨਾਲ ਜਿਆਦਾ ਖੁਰਾਕ ਇਕੱਠੀ ਕਰ ਲਏ। ਇਸ ਕੰਮ ਲਈ ਉਸਨੇ ਲੂੰਬੜੀ ਰੱਖ ਲਈ ਕਿ ਉਹ ਕੀੜੀ ਦੀ ਮਦਦ ਕਰੇ।
ਪਰ ਚਲਾਕ ਲੂੰਬੜੀ ਨੇ ਲੂੰਬੜ ਚਾਲਾਂ ਚੱਲ ਕੇ ਕੀੜੀ ਨੂੰ ਰਾਜੇ ਸ਼ੇਰ ਅੱਗੇ ਕੰਮਚੋਰ ਦਿਖਾ ਆਪਣੀ ਸੌਖ ਲਈ ਸੈਂਕੜੇ ਹੋਰ ਚਾਪਲੂਸ ਜਾਨਵਰ ਰੱਖ ਲਏ। ਅਖੀਰ 'ਚ ਚਲਾਕ ਲੂੰਬੜੀ ਨੇ ਉਸ ਕੀੜੀ ਸੰਗ ਸਭ ਕੀੜੇ- ਕੀੜੀਆਂ ਨੂੰ ਕੰਮਚੋਰ, ਫਾਲਤੂ ਦਰਸਾ ਕੇ ਜੰਗਲ ਵਿੱਚੋਂ ਬਾਹਰ ਕਢਾ ਦਿੱਤਾ। ਪਰ ਬਾਕੀ ਜੀਵਾਂ ਨੇ ਵੀ ਇਸਨੂੰ ਸੱਚ ਮੰਨ ਕੇ ਚੁੱਪ ਕਰਕੇ ਬੈਠੇ ਰਹੇ।

ਜਦੋਂ ਉਸ ਚਲਾਕ ਲੂੰਬੜੀ ਨੇ ਸਾਰੇ ਜਾਨਵਰਾਂ ਨੂੰ ਇੱਕ ਇੱਕ ਕਰਕੇ ਰਾਜੇ ਸ਼ੇਰ ਦੀ ਖੁਰਾਕ ਬਣਾਉਣ ਵਾਲੀ ਨੀਤੀ ਜਨਤਕ ਕੀਤੀ ਤਾਂ ਸਭ ਜਾਨਵਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਰਾ ਜੰਗਲ ਉਦਾਸ ਤੇ ਸਹਿਮਿਆ ਰਹਿਣ ਲੱਗਾ। ਹੁਣ ਉਹ ਪਛਤਾ ਰਹੇ ਸਨ ਕਿ ਜੇ ਅਸੀਂ ਕੀੜੀ ਨਾਲ ਹੋਏ ਅਨਿਆਂ ਦੇ ਵਿਰੁੱਧ ਆਵਾਜ਼ ਉਠਾਈ ਹੁੰਦੀ, ਰਾਜੇ ਸ਼ੇਰ ਨੂੰ ਸੱਚ ਦਿਖਾਇਆ ਹੁੰਦਾ ਅਤੇ ਚਲਾਕ ਲੂੰਬੜੀ ਅਤੇ ਉਸਦੇ ਚਾਪਲੂਸਾਂ ਨੂੰ ਸਬਕ ਸਿਖਾ ਇੱਥੋਂ ਭਜਾਇਆ ਹੁੰਦਾ ਤਾਂ ਸਾਰਾ ਜੰਗਲ ਪਹਿਲਾਂ ਵਾਂਗ ਹੀ ਆਬਾਦ ਰਹਿੰਦਾ। ਪਰ ਹੁਣ ਤਾਂ ਬਹੁਤ ਦੇਰ ਹੋ ਗਈ ਸੀ।
ਕਿਤੇ ਤੁਸੀਂ ਵੀ ਉਸ ਜੰਗਲ ਵਾਂਗ ਜਨਤਕ ਅਦਾਰਿਆਂ ਦੇ ਖਤਮ ਹੋਣ ਦੀ ਉਡੀਕ ਵਿੱਚ ਤਾਂ ਨਹੀਂ ਹੋ???

2. ਕਦੋਂ ਸਕੂਲੇ ਆਉਣਾ...

"ਹੈਲੋ! ਅਮਰ ਸਰ ਜੀ ਬੋਲ ਰਹੇ ਜੀ", ਇੱਕ ਬੱਚੇ ਦੀ ਆਵਾਜ਼ ਮੋਬਾਈਲ 'ਚੋ ਸੁਣਾਈ ਦਿੱਤੀ।
" ਹੈਲੋ! ਹਾਂ ਜੀ, ਤੁਸੀਂ ਕੌਣ ਬੋਲ ਰਹੇ ਹੋ ਜੀ?", ਅਮਰ ਸਰ ਜੀ ਬੋਲੇ।
" ਸਰ ਜੀ! ਮੈਂ ਸੱਤਵੀਂ ਜਮਾਤ ਦੀ ਕੋਮਲ ਬੋਲਦੀ ਹਾਂ ਜੀ, ਸਰ ਜੀ ਤੁਸੀਂ ਸਕੂਲ ਕਿਉਂ ਨਹੀਂ ਆ ਰਹੇ। ਸਾਡਾ ਗਣਿਤ ਦਾ ਸਿਲੇਬਸ ਬਹੁਤ ਪਿੱਛੇ ਪੈ ਗਿਆ। ਸਾਰੇ ਬੱਚੇ ਪੁੱਛਦੇ ਨੇ ਤੁਸੀਂ ਕਦੋਂ ਸਕੂਲੇ ਆਉਣਾ ਜੀ?", ਇੱਕੋ ਸਾਹ ਉਹ ਕਿੰਨੀਆਂ ਗੱਲਾਂ ਕਰ ਗਈ।
" ਅੱਛਾ!ਕੋਮਲ ਬੱਚੇ, ਮੇਰੀ ਚੋਣ ਡਿਊਟੀ ਐਸ.ਡੀ.ਐੱਮ ਦਫਤਰ ਲੱਗਣ ਕਰਕੇ ਸਕੂਲ ਨਹੀਂ ਆ ਰਿਹਾ। ਹੁਣ ਚੋਣਾਂ ਖਤਮ ਹੋਣ ਬਾਅਦ ਈ ਆ ਹੋਣਾ। ਤੁਹਾਨੂੰ ਜਿਹੜੇ ਮੈਂ ਵਿੱਚ ਵਿੱਚ ਸਮਾਂ ਕੱਢ ਕੇ ਦੋ ਪਾਠ ਕਰਵਾਏ ਹਨ, ਉਹਨਾਂ ਦੀ ਵਾਰ ਵਾਰ ਦੁਹਰਾਈ ਕਰੋ। ਜਦੋਂ ਆਇਆ ਤਾਂ ਸਿਲੇਬਸ ਪੂਰਾ ਕਰਵਾ ਦੇਵਾਂਗਾ।", ਉਸਨੂੰ ਧਰਵਾਸ ਦਿੰਦਿਆਂ ਆਖਿਆ।
"ਪਰ ਸਰ ਜੀ ਤੁਸੀਂ ਤਾਂ ਮਾਰਚ ਮਹੀਨੇ ਦੇ ਇਸ ਡਿਊਟੀ ਤੇ ਹੋ ਤੇ ਚੋਣਾਂ ਮਈ ਮਹੀਨੇ ਹੋਣੀਆਂ। ਏਨੀ ਲੰਬੀ ਡਿਊਟੀ ਕਿਸਨੇ ਕਿਉਂ ਲਾਈ ਜੀ? ਪਹਿਲਾਂ ਵੀ ਚੋਣਾਂ ਹੁੰਦੀਆਂ ਸੀ, ਤੁਸੀਂ ਦੋ ਤਿੰਨ ਦਿਨ ਚੋਣਾਂ ਕਰਵਾ ਸਕੂਲ ਆ ਜਾਂਦੇ ਸੀ।ਸਾਡੀ ਪੜ੍ਹਾਈ ਦਾ ਹੋ ਰਿਹਾ ਨੁਕਸਾਨ ਇਹਨਾਂ ਚੋਣਾਂ ਵਾਲਿਆਂ ਨੂੰ ਨਹੀਂ ਦਿਸਦਾ।", ਥੋੜਾ ਹਿਰਖ ਨਾਲ ਹੁਣ ਉਹ ਬੋਲੀ।
" ਬੇਟਾ ਤੇਰੇ ਇਹਨਾਂ ਸਵਾਲਾਂ ਦਾ ਜਵਾਬ ਕੀ ਦੇਵਾਂ। ਤੁਸੀਂ ਸਾਰੇ ਬੱਚੇ ਸਬਰ ਰੱਖੋ, ਮੈਂ ਜਲਦੀ ਸਕੂਲ ਆ ਰਿਹਾ ਹਾਂ। ਤਦ ਤੱਕ ਕਰਵਾਏ ਕੰਮ ਨੂੰ ਪੂਰਾ ਕਰਕੇ ਯਾਦ ਕਰ ਰੱਖੋ। ਚੰਗਾ ਬਾਏ!",ਮੈਂ ਆਖ ਕੇ ਮੋਬਾਈਲ ਕਾਲ ਕੱਟ ਦਿੱਤੀ।
ਮਨ ਵਿੱਚ ਖਿਆਲ ਆਇਆ ਕਿ ਮੇਰਾ ਦੇਸ ਕਿਹੜੇ ਪਾਸੇ ਵੱਲ ਜਾ ਰਿਹਾ? ਕਿਹੜੇ ਵਿਕਾਸ ਦੇ ਰਾਹ ਪਿਆ? ਜਿੱਥੇ ਬੱਚਿਆਂ ਦੀ ਪੜ੍ਹਾਈ, ਸਿਹਤ, ਸੁਰੱਖਿਆ ਲਈ ਕਿਸੇ ਸਰਕਾਰ, ਵਿਭਾਗ, ਪਾਰਟੀ ਕੋਲ ਸਮਾਂ ਤੇ ਰੁਪਿਆ ਨਹੀਂ। ਪਰ ਆਵਦੀਆਂ ਰੈਲੀਆਂ ਲਈ ਕਰੋੜਾਂ ਖਰਚੀ ਜਾਂਦੇ ਨੇ।

3. ਆਪਸੀ ਸਾਂਝ

ਇਕਬਾਲ ਅਤੇ ਹਮੀਦਾ ਦੋਵਾਂ ਦਾ ਬਚਪਨ 'ਚ ਦੇਖਿਆ ਸੁਪਨਾ ਪੂਰਾ ਵੀ ਹੋ ਗਿਆ, ਪਰ ਉਹਨਾਂ ਨੂੰ ਇਹਦਾ ਅੱਜ ਵੀ ਕੋਈ ਚਾਅ ਨਹੀਂ ਸੀ। ਉਹਨਾਂ ਦੀ ਤਾਂਘ ਸੀ ਕਿ ਹਿੰਦੁਸਤਾਨ ਦੀ ਆਜ਼ਾਦੀ ਲਈ ਆਜ਼ਾਦ ਹਿੰਦ ਫ਼ੌਜ ਦੇ ਫ਼ੌਜੀ ਬਣਨ। ਸੰਤਾਲੀ ਦੀ ਵੰਡ ਨੇ ਦੇਸ ਈ ਨਹੀਂ ਵੰਡਿਆ, ਸਗੋਂ ਕਈ ਰਿਸ਼ਤੇ ਵੀ ਵੰਡੇ ਗਏ, ਲੋਕ ਕੱਖੋਂ ਹੌਲੇ ਹੋ ਕੇ ਰਹਿ ਗਏ। ਵੰਡ ਵੇਲੇ ਦੇ ਦੰਗਿਆਂ 'ਚ ਦੋਵਾਂ ਦੇ ਟੱਬਰ ਦਾ ਕੋਈ ਹੋਰ ਜੀਅ ਤੱਕ ਨਹੀਂ ਬਚਿਆ।ਇਹ ਵੀ ਵੱਖ ਹੋ ਗਏ ਪਰ ਇਹਨਾਂ ਦੀ ਆਪਸੀ ਸਾਂਝ ਹੁਣ ਤੱਕ ਕਾਇਮ ਰਹੀ।
ਸਮਾਂ ਬੀਤਿਆ ਤਾਂ ਜਦੋਂ ਦੋਵੇਂ ਜਵਾਨ ਹੋਏ ਤਾਂ ਫ਼ੌਜੀ ਬਣੇ ਦੇਸ ਲਈ ਪਰ ਬੰਦੂਕਾਂ ਤਾਣ ਖੜ੍ਹੇ ਹੋਏ ਤਾਂ ਇੱਕ ਦੂਜੇ ਵੱਲ ਈ।
ਪਰ ਬਚਪਨ ਦੀ ਗੂੜ੍ਹੀ ਸਾਂਝ ਨੇ ਬੰਦੂਕ ਦਾ ਘੋੜਾ ਦੱਬਣ ਨਹੀਂ ਦਿੱਤਾ।
ਦੋਵੇਂ ਹੁਣ ਫ਼ੌਜ ਤੋਂ ਸੇਵਾ ਮੁਕਤ ਹੋ ਕੇ ਆਪਣੀ ਕਬੀਲਦਾਰੀ ਨਜਿੱਠ ਰਹੇ ਹਨ।

ਜਦੋਂ ਫਿਰ ਤੋਂ ਜੰਗ ਲੱਗਣ ਦੀਆਂ ਅਫਵਾਹਾਂ ਉੱਡਣ ਲੱਗੀਆਂ ਤਾਂ ਇਕਬਾਲ ਸਿੰਘ ਨੇ ਪਾਕਿਸਤਾਨ 'ਚ ਰਹਿੰਦੇ ਬੇਲੀ ਹਮੀਦ ਨੂੰ ਫੋਨ ਲਾਇਆ," ਹਮੀਦਿਆ ਭਰਾ! ਇਹ ਕੀ ਰੌਲਾ ਜੰਗ ਦਾ ਪਇਆ ਆ, ਮਰਨੇ ਤਾਂ ਮਾਵਾਂ ਦੇ ਪੁੱਤ ਨੇ, ਇਹਨਾਂ ਲੀਡਰਾਂ ਦਾ ਕੀ ਜਾਣਾ। ਤੁਹਾਡੇ ਵੱਲ ਕੀ ਹਾਲਾਤ ਨੇ?"
"ਇਕਬਾਲ ਸਿਆਂ! ਪਹਿਲਾਂ ਵੀ ਕੁਰਸੀ ਦੀ ਭੁੱਖ ਨੇ ਵੰਡ ਕਰਾ ਆਪਾਂ ਨੂੰ ਵੱਖ ਕੀਤਾ, ਲੋਕਾਈ ਮਰਵਾਈ। ਹੁਣ ਫਿਰ ਰੌਲਾ ਤਾਂ ਕੁਰਸੀ ਦਾ ਈ ਆ। ਅਸੀਂ ਜੰਗ ਨਹੀਂ, ਅਮਨ ਸ਼ਾਂਤੀ ਚਾਹੁੰਦੇ ਹਾਂ। ਅੱਲਾ ਤਾਲਾ ਮੁੜ ਕਦੀ ਜੰਗ ਨਾ ਲਗਾਏ। ਜੰਗ ਬਾਰੇ ਸੋਚਨਾ ਵੀ ਮਾੜਾ ਆ," ਹਮੀਦ ਨੇ ਜਵਾਬ ਦਿੱਤਾ।
" ਬਿਲਕੁਲ ਸਹੀ ਹਮੀਦਿਆ, ਜੰਗ ਨਾਲੋਂ ਸ਼ਾਂਤੀ ਈ ਭਲੀ। ਆਪਣਾ ਧਿਆਨ ਰੱਖੀ ਤੇ ਬੱਚਿਆਂ ਨੂੰ ਪਿਆਰ। ਚੰਗਾ ਸਤਿ ਸ੍ਰੀ ਅਕਾਲ।," ਇੰਨਾ ਆਖ ਇਕਬਾਲ ਨੇ ਫੋਨ ਰੱਖ ਦਿੱਤਾ। ਉਹਦੇ ਚਿਹਰੇ 'ਤੇ ਸਕੂਨ ਸੀ, ਜਿਵੇਂ ਉਹਨਾਂ ਦੀ ਆਪਸੀ ਸਾਂਝ ਨੇ ਜੰਗ ਜਿੱਤ ਲਈ ਹੋਵੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਮਰਪ੍ਰੀਤ ਸਿੰਘ ਝੀਤਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅਮਰਪ੍ਰੀਤ ਸਿੰਘ ਝੀਤਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ