Minni Kahanian : Mandeep Khanpuri

ਮਿੰਨੀ ਕਹਾਣੀਆਂ : ਮਨਦੀਪ ਖਾਨਪੁਰੀ

1. ਦੋਸਤੀ

ਸਕੂਲ ਦੇ ਵਿਚ ਉਗੇ ਬੋਹੜ ਥੱਲੇ ਮਾਸਟਰ ਸੁੰਦਰ ਲਾਲ ਨੇ ਪੰਜਵੀਂ ਦੀ ਜਮਾਤ ਲਗਾਈ ਹੋਈ ਸੀ । ਸਾਰੇ ਬੱਚੇ ਬਸਤਿਆਂ ਦੇ ਉੱਪਰ ਕਿਤਾਬਾਂ ਖੋਲ੍ਹ ਕੇ ਬੈਠੇ ਹੋਏ ਸਨ। ਬੱਚਿਆਂ ਦੀ ਕਤਾਰ ਦੇ ਸਭ ਤੋਂ ਮੂਹਰੇ ਚੰਦਨ ,ਹਰਨਾਮ ਤੇ ਕੁਲਜੀਤਾ ਜੋ ਕਿ ਪੱਕੇ ਆੜੀ ਸਨ , ਮਾਸਟਰ ਜੀ ਦੀਆਂ ਗੱਲਾਂ ਨੂੰ ਬੜੇ ਅਦਬ ਨਾਲ ਸੁਣ ਰਹੇ ਸਨ। ਜਦੋਂ ਸਬਕ ਮੁੱਕਿਆ ਤਾਂ ਮਾਸਟਰ ਜੀ ਨੇ ਬੱਚਿਆਂ ਨਾਲ ਉਨ੍ਹਾਂ ਦੇ ਭਵਿੱਖ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਉਨ੍ਹਾਂ ਦੇ ਟੀਚਿਆਂ ਬਾਰੇ ਪੁੱਛ ਰਹੇ ਸਨ , ਸਭ ਤੋਂ ਮੂਹਰੇ ਬੈਠੇ ਜਦੋਂ ਚੰਦਨ ਤੋਂ ਪੁੱਛਿਆ, "ਅੱਛਾ ! ਫਿਰ ਬੱਚੇ ,ਤੂੰ ਜ਼ਿੰਦਗੀ ਵਿੱਚ ਕੀ ਬਣੇਗਾ"? ਕਹਿੰਦਾ "ਮਾਸਟਰ ਜੀ ਮੈਂ ਤਾਂ ਫ਼ੌਜੀ ਬਣਾਂਗਾ" ਸ਼ਾਬਾਸ਼! ਬੱਚੇ , ਚੱਲ ਹੁਣ ਤੂੰ ਦੱਸ ਹਰਨਾਮ ਤੂੰ ਖੜ੍ਹਾ ਹੋ ਤੂੰ ਕੀ ਬਣੇਂਗਾ? ਮਾਸਟਰ ਜੀ ਮੈਂ ਡਰਾਈਵਰ ਬਣਾਂਗਾ। ਅੱਛਾ! ਠੀਕ ਐ , ਕੁਲਜੀਤੇ ਤੂੰ ਫਿਰ ਕੀ ਬਣੇਗਾ" ਮਾਸਟਰ ਜੀ ਮੈਂ ਤਾਂ ਇਕ ਵੱਡਾ ਡਾਕਟਰ ਬਣਾਂਗਾ "। ਮਾਸਟਰ ਜੀ ਹੱਸ ਪਏ ਤੇ ਬੋਲੇ, ਕਹਿੰਦੇ ਓਦਾਂ ਤਾਂ ਤੁਸੀਂ ਹਰ ਵੇਲੇ ਇੱਕੋ ਥਾਲੀ ਚ ਖਾਂਦੇ ਤੇ ਇਕੱਠੇ ਖੇਡਦੇ ਹੋ, ਪਰ ਹੁਣ ਤੁਸੀਂ ਅਲੱਗ ਅਲੱਗ ਹੋ ਤੁਰੇ ਮੈਨੂੰ ਤਾਂ ਲੱਗਦਾ ਸੀ, ਤਿੰਨਾਂ ਦੀ ਰੈਅ ਹੋਵੇਗੀ, ਸਰ ਅਸੀਂ ਤਾਂ ਤਿੰਨਾਂ ਨੇ ਆ ਹੀ ਬਣਨਾ। ਕਿਉਂ ਓਏ ! ਹਰਨਾਮੇ ," ਮਾਸਟਰ ਜੀ ਗੱਲ ਪਤਾ ਕੀ ਆ ਜੀ, ਜਦੋਂ ਚੰਦਨ ਫ਼ੌਜੀ ਬਣੂੰਗਾ ਜੇ ਉਹਦੇ ਕਦੇ ਗੋਲੀ ਵੱਜ ਗਈ ਤਾਂ ਮੈਂ ਡਰਾਈਵਰ ਹੋਵਾਂਗਾ, ਉਸ ਨੂੰ ਜਲਦੀ ਜਲਦੀ ਹਸਪਤਾਲ ਲੈ ਕੇ ਆਵਾਂਗਾ । ਉੱਥੇ ਮੌਜੂਦ ਕੁਲਜੀਤਾ ਡਾਕਟਰ ਹੋਵੇਗਾ ਤੇ ਚੰਦਨ ਦਾ ਇਲਾਜ ਕਰੇਗਾ। ਅਸੀਂ ਕਿਸੇ ਵੀ ਕੀਮਤ ਤੇ ਆਪਣੀ ਦੋਸਤੀ ਨੂੰ ਗਵਾਉਣਾ ਨਹੀਂ ਚਾਹੁੰਦੇ । ਬੱਚਿਆਂ ਦੀ ਭੋਲੀ ਜਿਹੀ ਤੇ ਦਿਲ ਨੂੰ ਟੁੰਬਣ ਵਾਲੀ ਗੱਲ ਸੁਣ ਕੇ ਕੁਝ ਸਮੇਂ ਲਈ ਮਾਸਟਰ ਜੀ ਵੀ ਖਾਮੋਸ਼ ਹੋ ਗਏ ॥

2. ਰੱਬ ਦਾ ਕੈਮਰਾ

"ਬੰਟੀ ਪੁੱਤ ਕਦੇ ਵੀ ਝੂਠ ਨਹੀਂ ਬੋਲੀਦਾ ,ਨਾ ਹੀ ਕਦੇ ਚੋਰੀ ਕਰੀ ਦੀ ਆ" ਠੀਕ ਹੈ, ਦਾਦੀ ਜੀ । ਪਰ ਝੂਠ ਬੋਲਣ ਨਾਲ ਕੀ ਹੁੰਦੈ ? "ਪਰ ਦਾਦੀ ਮਾਂ ਸਾਡੀ ਜਮਾਤ ਦਾ "ਸਾਜਨ "ਤਾਂ ਮੈਡਮ ਜੀ ਨੂੰ ਨਿੱਤ ਝੂਠ ਬੋਲਦਾ ਏ" । "ਪੁੱਤ ਰੱਬ ਦਾ ਕੈਮਰਾ ਹਰ ਵੇਲੇ ਸਾਡੇ ਚੰਗੇ ਮੰਦੇ ਕੰਮਾਂ ਦੀਆਂ ਤਸਵੀਰਾਂ ਖਿੱਚ ਦਾ ਏ ।" ਸਾਡੇ ਦੁਆਰਾ ਕੀਤੇ ਕੰਮਾਂ ਦਾ ਕਿਸੇ ਹੋਰ ਨੂੰ ਪਤਾ ਹੋਵੇ ਚਾਹੇ ਨਾ ਹੋਵੇ ,ਰੱਬ ਨੂੰ ਸਾਰਾ ਭੇਦ ਹੁੰਦਾ ਏ। ਝੂਠ ਬੋਲਣ ਵਾਲਿਆਂ ਨੂੰ ਰੱਬ ਸੌ ਸੌ ਕੋੜੇ ਮਾਰਦਾ ਏ ।

ਕੁਝ ਸਮਾਂ ਪਾ ਕੇ ਦਾਦੀ ਜੀ ਬੜੇ ਬਿਮਾਰ ਹੋ ਗਏ ।

ਡਾਕਟਰ ਨੇ ਦਾਦਾ ਜੀ ਨੂੰ ਦੱਸਿਆ , ਕੇ ਬਚਣ ਦੇ ਆਸਾਰ ਬੜੇ ਘੱਟ ਨਜ਼ਰ ਆ ਰਹੇ ਨੇ ,ਬਿਮਾਰੀ ਦਿਨੋਂ ਦਿਨੀਂ ਗੰਭੀਰ ਹੁੰਦੀ ਜਾ ਰਹੀ ਆ । ਕੋਲ ਖੜ੍ਹਾ ਬੰਟੀ ਸਭ ਸੁਣ ਰਿਹਾ ਸੀ , ਜਦ ਦਾਦਾ ਜੀ, ਦਾਦੀ ਦੇ ਕੋਲ ਗਏ ਤੇ ਕਹਿਣ ਲੱਗੇ " ਫ਼ਿਕਰ ਨਾ ਕਰ ਡਾਕਟਰ ਬੋਲਦਾ ਏਂ ਤੂੰ ਜਲਦੀ ਠੀਕ ਹੋ ਜਾਣਾ " ਹੌਸਲਾ ਰੱਖ। ਇੰਨੇ ਨੂੰ ਬੰਟੀ ਬੋਲ ਪਿਆ, " ਦਾਦੀ ਜੀ , ਦਾਦਾ ਜੀ, ਝੂਠ ਬੋਲਦੇ ਪਏ ਨੇ ਡਾਕਟਰ ਅੰਕਲ ਤਾਂ ਕਹਿੰਦਾ ਸੀ, ਦਾਦੀ ਨੇ ਬਚਣਾ ਨਹੀਂ " ਹੁਣ ਤਾ ਦਾਦਾ ਜੀ ਦੀ ਝੂਠ ਬੋਲਦਿਆਂ ਦੀ ਤਸਵੀਰ "ਰੱਬ ਦੇ ਕੈਮਰੇ ਨੇ" ਖਿੱਚ ਵੀ ਲਈ ਹੋਣੀ ਆਂ । "ਹੁਣ ਦਾਦਾ ਜੀ ਨੂੰ ਸੌ ਸੌ ਕੋੜੇ ਖਾਣੇ ਪੈਣਗੇ । ਬੱਚੇ ਦੀ ਆਲੀ ਭੋਲੀ ਗੱਲ ਸੁਣ ਕੇ ਦਾਦਾ ਜੀ ਨੇ ਉਸ ਨੂੰ ਚੁੱਕ ਲਿਆ ਸਿਰ ਨੂੰ ਪਲੋਸਦੇ ਹੋਏ ਕਹਿਣ ਲੱਗੇ" ਪੁੱਤ ਕੁਝ ਸਥਿਤੀਆਂ ਵਿਚ ਬੋਲੇ ਝੂਠ ਨੂੰ ਰੱਬ ਦਾ ਕੈਮਰਾ ਵੀ ਮੁਆਫ਼ ਕਰ ਦਿੰਦਾ ਹੈ ॥

3. ਚੰਗੀ ਚੀਜ਼

ਦਿਆਲ ਕੌਰ ਦੇ ਜਦੋਂ ਤੀਜੀ ਵਾਰੀ ਵੀ ਧੀ ਨੇ ਜਨਮ ਲਿਆ । ਪਿੰਡ ਦੀਆਂ ਬੀਬੀਆਂ ਉਸ ਦੇ ਘਰ ਉਸ ਦਾ ਹਾਲ ਪੁੱਛਣ ਆਈਆਂ । ਚੱਕੀ ਵਾਲਿਆਂ ਦੀ ਬੇਬੇ ਕਰਤਾਰੋ ਨੇ ਗੱਲਾਂ ਗੱਲਾਂ ਵਿਚ ਆਖ ਦਿੱਤਾ " ਹਾਏ ਓਏ! ਏਸ ਵਾਰੀ ਵੀ ਰੱਬ ਨੇ ਕੁੜੀ ਦੇ ਦਿੱਤੀ ਭੋਰਾ ਤਰਸ ਖਾਂਦਾ ਕੋਈ ਚੰਗੀ ਚੀਜ਼ ਹੀ ਦੇ ਦਿੰਦਾ।" ਤਾਂ ਉਨ੍ਹਾਂ ਦੇ ਜਾਣ ਤੋਂ ਬਾਅਦ ਦਿਆਲ ਕੌਰ ਲਾਗੇ ਪਈ ਛੋਟੀ ਜਿਹੀ ਬੱਚੀ ਦੇ ਸਿਰ ਨੂੰ ਪਲੋਸਦੀ ਹੋਈ ਰੋ ਪਈ । ਨਾਲੇ ਮਨੋਮਨੀ ਰੱਬ ਨਾਲ ਗੱਲਾਂ ਕਰ ਰਹੀ ਸੀ " ਮੈਂ ਸੁਣਿਆ ਰੱਬ ਜੀ, ਤੁਹਾਡੇ ਵੱਲੋਂ ਦਿੱਤੀਆਂ ਚੀਜ਼ਾਂ ਮਾੜੀਆਂ ਨਹੀਂ ਹੁੰਦੀਆਂ ।" "ਫਿਰ ਮੇਰੀ ਬੱਚੀ ਦੁਨੀਆਂ ਨੂੰ ਚੰਗੀ ਚੀਜ਼ ਕਿਉਂ ਨਹੀਂ ਲੱਗਦੀ ?" ਚਲੋ ਸਮਾਂ ਬੀਤ ਗਿਆ । ਬੱਚੀ ਵੱਡੀ ਹੋਈ ਤੇ ਵਿਦੇਸ਼ ਪੜ੍ਹਨ ਲਈ ਚਲੀ ਗਈ । ਮਿਹਨਤ ਨਾਲ ਕਾਮਯਾਬੀ ਹਾਸਿਲ ਕਰ ਲਈ ਤੇ ਮਾਂ -ਪਿਉ ਨੂੰ ਵੀ ਆਪਣੇ ਕੋਲ ਬੁਲਾ ਲਿਆ । ਦਿਆਲ ਕੌਰ ਜਦੋਂ ਪਿੰਡ ਪਿੱਛੇ ਗੇੜਾ ਮਾਰਨ ਪੰਜਾਬ ਆਈ ਕਰਤਾਰੋ ਚਾਚੀ ਦੇ ਘਰੇ ਹਾਲ ਪੁੱਛਣ ਪਹੁੰਚੀ । ਉਸ ਨੂੰ ਪਤਾ ਲੱਗਾ ਸੀ, ਕਿ ਉਹ ਬੜੀ ਬਿਮਾਰ ਰਹਿੰਦੀ ਏ। ਪਰ ਘਰ ਜਾ ਕੇ ਪਤਾ ਲੱਗਾ ਉਸ ਦੇ ਦੋ ਮੁੰਡੇ ਹੁੰਦੇ ਹੋਏ ਵੀ ਕਿਸੇ ਨੇ ਨਹੀਂ ਸੰਭਾਲੀ ਤੇ ਉਸ ਨੂੰ ਬਿਰਧ ਆਸ਼ਰਮ ਵਾਲੇ ਆਪਣੇ ਕੋਲ ਲੈ ਗਏ ਸਨ । ਬਿਸ਼ਨੀ ਤਾਈ ਦੱਸਦੀ ਸੀ , ਉਹ ਹੁਣ ਕਈ ਵਾਰੀ ਰੋਂਦੀ ਰੋਂਦੀ ਆਖ ਛੱਡਦੀ ਏ , ਕਾਸ਼ ! " ਮੇਰੇ ਵੀ ਕੋਈ ਧੀ ਹੁੰਦੀ ਮੇਰਾ ਦੁੱਖ ਸੁੱਖ ਸੁਣਦੀ , ਮੇਰੀ ਧੀ ਮੇਰੇ ਤੇ ਆ ਵਕਤ ਕਦੀ ਨਾ ਆਉਣ ਦਿੰਦੀ।" ਸੱਚੇ ਰੱਬ ਨੂੰ ਅਰਦਾਸਾਂ ਕਰਦੀ ਆਖਦੀ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਚੰਗੀਆਂ ਚੀਜ਼ਾਂ ਸਮਝਦੀ ਰਹੀ ਉਹ ਪੁੱਤ ਮੈਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਦੇ ਸਕੇ ॥

4. ਮਟੀ ਵਾਲਾ ਬਾਬਾ

ਭਗਤੂ ਤੇ ਪਿਆਰਾ ਬੜੇ ਹੀ ਗੂੜ੍ਹੇ ਮਿੱਤਰ ਸੀ । ਦੋਨੋਂ ਹੀ ਜ਼ਿਮੀਂਦਾਰਾ ਕਰਦੇ ਸੀ । ਉਨ੍ਹਾਂ ਦੇ ਖੇਤਾਂ ਨੇੜੇ ਇੱਕ ਮਟੀ ਬਣੀ ਹੋਈ ਸੀ । ਜਿਸ ਨੂੰ ਸਾਰਾ ਪਿੰਡ ਪੂਜਦਾ ਸੀ । ਪਿੰਡ ਵਾਲਿਆਂ ਦਾ ਮੰਨਣਾ ਸੀ , ਇੱਥੇ ਸੱਚੇ ਦਿਲੋਂ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ । ਭਗਤੂ ਹਮੇਸ਼ਾ ਹੀ ਲੰਘਦਾ ਵੜਦਾ ਉਥੋਂ ਦੌਲਤ ਦੇ ਭੰਡਾਰ ਮੰਗਦਾ ,ਉੱਚੀਆਂ ਹਵੇਲੀਆਂ , ਐਸ਼ੋ ਆਰਾਮ ਦੀ ਜ਼ਿੰਦਗੀ ਮੰਗਦਾ । ਪਰ ਪਿਆਰਾ ਅਜਿਹਾ ਕੁਝ ਵੀ ਨਹੀਂ ਮੰਗਦਾ । ਇੱਕ ਦਿਨ ਰੱਬੀ ਕਿਰਪਾ ਹੋਈ ਭਗਤੂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ । ਉਹ ਹੁਣ ਪਿੰਡ ਦਾ ਬੜਾ ਅਮੀਰ ਆਦਮੀ ਬਣ ਗਿਆ । ਦੂਜੇ ਪਾਸੇ ਪਿਆਰੇ ਦੇ ਹਾਲਾਤ ਅਜੇ ਵੀ ਬੜੇ ਤਰਸਯੋਗ ਸਨ । ਕਿਸੇ ਵੇਲੇ ਤਾਂ ਦੋ ਵਕਤ ਦੀ ਰੋਟੀ ਦੇ ਵੀ ਲਾਲੇ ਪਏ ਰਹਿੰਦੇ । ਭਗਤੂ ਨੇ ਉਸ ਨੂੰ ਕਈ ਵਾਰੀ ਕਹਿਣਾ, "ਓਏ !ਬਹੁਤੇ ਸਿਆਣਿਆਂ , ਤੈਨੂੰ ਵੀਹ ਵਾਰੀ ਕਿਹਾ ਏ ,ਤੂੰ ਵੀ ਕੁਝ ਮੰਗ ਲੈ ਤੇਰੇ ਵੀ ਝੱਟ ਹੀ ਦਿਨ ਮੁੜ ਜਾਣਗੇ ।" ਪਿਆਰਾ ਇੱਕ ਦਿਨ ਮਟੀ ਅੱਗੇ ਖਲੋ ਗਿਆ , ਤੇ ਦੋਵੇਂ ਹੱਥ ਜੋੜ ਕੁਝ ਮੰਗਣ ਲੱਗਾ । ਪਰ ਉਸ ਦੇ ਦਿਨ ਨਾ ਫਿਰੇ ਦੇਖ ਭਗਤੂ ਨੇ ਫਿਰ ਉਸ ਨੂੰ ਪੁੱਛਿਆ "ਕੀ ਗੱਲ ਏ ? ਤੇਰੇ ਦਿਲ ਚ ਕੋਈ ਚੋਰ ਤਾਂ ਨਹੀਂ ਜੋ ਰੱਬ ਤੇਰੀ ਸੁਣਦਾ ਹੀ ਨਹੀਂ "ਪਿਆਰਾ ਹੱਸ ਕੇ ਆਪਣੀ ਕੰਮੀਂ ਲੱਗ ਗਿਆ। ਕੁਝ ਚਿਰ ਪਿੱਛੋਂ ਇੱਕ ਮਾਮੂਲੀ ਜੇ ਬੁਖਾਰ ਨਾਲ ਹੀ ਭਗਤੂ ਮੰਜੇ ਨਾਲ ਲੱਗ ਕੇ ਰਹਿ ਗਿਆ । ਅਤੇ ਆਪਣੇ ਆਖ਼ਰੀ ਸਾਹਾ ਨੂੰ ਗਿਣਨ ਲੱਗਾ। ਇੱਕ ਦਿਨ ਜ਼ਿੱਦ ਕਰਕੇ ਉਸ ਨੇ ਕਿਹਾ ,ਮੈਨੂੰ ਇੱਕ ਵਾਰੀ ਖੇਤਾਂ ਵਿੱਚ ਗੇੜਾ ਮਰਵਾ ਕੇ ਲਿਆਓ ਮੈਂ ਜਿਉਂਦੇ ਜੀ ਖੇਤ ਦੇਖਣਾ ਚਾਹੁੰਦਾ ਜਿੱਥੇ ਮੈਂ ਸਾਰੀ ਜ਼ਿੰਦਗੀ ਕੱਢੀ । ਜਦੋਂ ਉਸ ਦੇ ਮੁੰਡੇ ਉਸ ਨੂੰ ਖੇਤ ਲੈ ਕੇ ਗਏ । ਖੇਤਾਂ ਵਿੱਚ ਹਲ ਚਲਾ ਰਿਹਾ ਪਿਆਰਾ ਉਸ ਦਾ ਹਾਲ ਪੁੱਛਣ ਨੇੜੇ ਆ ਗਿਆ । " ਪਿਆਰਿਆ ਤੂੰ ਤੇ ਬੜਾ ਸੋਹਣਾ ਕੰਮ ਲਗਾ ਏ ,ਤੇ ਇਧਰ ਮੈਂ ਤਾਂ ਰਹਿ ਹੀ ਗਿਆ ਯਾਰ ।" ਪਿਆਰਾ ਮੋਢੇ ਤੋਂ ਪਰਨੇ ਨੂੰ ਝਾੜਦਾ ਬੋਲਿਆ , "ਇਹ ਤਾਂ ਮਟੀ ਵਾਲੇ ਬਾਬੇ ਦਾ ਕਮਾਲ ਹੈ ਤੂੰ ਉਸ ਤੋਂ ਦੌਲਤ ਮੰਗਦਾ ਰਿਹਾ , ਤੈਨੂੰ ਉਸ ਨੇ ਉਹ ਦੇ ਦਿੱਤੀ ਤੇ ਮੈਂ ?ਹਮੇਸ਼ਾ ਤੰਦਰੁਸਤੀ ਮੰਗੀ ਸੀ' ਮੈਨੂੰ ਉਹ ਮਿਲ ਗਈ ।"

5. ਈਸ਼ਵਰ

ਅੱਧੀ ਛੁੱਟੀ ਤੋਂ ਬਾਅਦ ਛੇਵਾਂ ਪੀਰੀਅਡ ਸਮਾਜਿਕ ਵਾਲੇ ਮਾਸਟਰ ਜੀ ਦਾ ਹੁੰਦਾ ਸੀ । ਸਾਰੀ ਕਲਾਸ ਵਿੱਚ ਉਨ੍ਹਾਂ ਦਾ ਬੜਾ ਡਰ ਹੁੰਦਾ ਸੀ ।ਬੱਚਿਆਂ ਨੂੰ ਕੁੱਟਣ ਲਈ ਜੋ ਡੰਡਾ ਰੱਖਿਆ ਸੀ ,ਉਸ ਦਾ ਨਾਮ "ਕੰਨਪਟੀ"ਸੀ । ਜੋ ਤੂਤ ਦੀ ਇੱਕ ਪਤਲੀ ਜਿਹੀ..ਛਿਟੀ ਦਾ ਬਣਿਆ ਹੁੰਦਾ ਸੀ,ਜਿਸ ਨੂੰ ਕਸੂਰਵਾਰ ਦੇ ਕੰਨਾਂ ਉੱਤੇ ਜੜਿਆ ਜਾਂਦਾ ਸੀ।... ਮਾਸਟਰ ਜੀ ਨੇ ਇਕ ਬੱਚੇ ਨੂੰ ਖੜ੍ਹਾ ਕਰਕੇ ਪੜ੍ਹਨ ਲਾ ਦੇਣਾ.. ਬਾਕੀਆਂ ਨੂੰ ਕਹਿਣਾ,"ਆਪਣੀ ਆਪਣੀ ਕਿਤਾਬ ਖੋਲ੍ਹ ਕੇ, ਨਾਲ ਨਾਲ ਉਂਗਲ ਰੱਖੋ"..। ਅਤੇ ਆਪ ਪੜ੍ਹਨ ਲਾ ਕੇ...ਵਾਪਸ ਹੈੱਡਮਾਸਟਰ ਜੀ ਦੇ ਦਫਤਰ ਵਿੱਚ ਚਲਾ ਜਾਣਾ । ਫਿਰ...ਅਚਾਨਕ!!ਕਿਸੇ ਅਫ਼ਸਰ ਦੀ ਤਰ੍ਹਾਂ ਕਲਾਸ ਵਿੱਚ ਰੇਡ ਮਾਰਨੀ।...ਜਿਹੜੇ ਬੱਚੇ ਨੂੰ ਪਤਾ ਨਾ ਲੱਗਣਾ ਸਾਹਮਣੇ ਵਾਲਾ ਕਿਹੜੀ ਲਾਈਨ ਪੜ੍ਹ ਰਿਹਾ ਹੈ ..? ਉਸ ਦੀ ਖੂਬ ਸੇਵਾ ਹੁੰਦੀ ਸੀ।..ਇੱਕ ਦਿਨ ਸਭ ਤੋਂ ਲਾਸਟ ਬੈਂਚ ਤੇ ਬੈਠੇ ਬੱਚੇ ਨੂੰ ਜਦ ਪੁੱਛਿਆ, ਉਸ ਨੂੰ ਪਤਾ ਨਾ ਲੱਗਾ, ਪੜ੍ਹਨ ਵਾਲਾ ਕਿਹੜੀ ਲਾਈਨ ਪੜ੍ਹ ਰਿਹਾ ਹੈ ?? ਮਾਸਟਰ ਜੀ ਨੇ ਉਸ ਨੂੰ ਖੜ੍ਹਾ ਕਰ ਲਿਆ ਤੇ ਪੁੱਛਿਆ, "ਮੈਂ ਕੱਲ੍ਹ ਤੁਹਾਨੂੰ ਵਾਰਨਿੰਗ ਦੇ ਕੇ ਗਿਆ ਸੀ ,ਜੇ ਅੱਜ ਕਿਸੇ ਨੇ ਪੜ੍ਹਨ ਵੱਲ ਧਿਆਨ ਨਾ ਦਿੱਤਾ..ਤਾਂ ਮੈਂ ਗਰਾਊਂਡ ਦੇ ਵਿੱਚ ਲਿਜਾ ਕੇ ਕੁੱਟਾਂਗਾ।"

ਬੱਚਾ ਡਰਦਾ ਡਰਦਾ ਬੋਲਿਆ," ਮਾਸਟਰ ਜੀ!! ਮੈਂ ਕੱਲ੍ਹ ਆਇਆ ਨ੍ਹੀਂ ਸੀ .." ਅੱਛਾ !! ਕਿਉਂ ਤੂੰ ਕਿਉਂ ਨਹੀਂ ਆਇਆ ਸੀ ?" ਮਾਸਟਰ ਜੀ ਮੈਂ ਕੋਠੇ ਤੋਂ ਡਿੱਗ ਗਿਆ ਸੀ ।" ਕਿਵੇਂ??... ਓਏ !! ਮਾਸਟਰ ਜੀ ਨਾਲ ਬੈਠਾ ਉਸਦਾ ਦੋਸਤ ਦੀਪੂ ਬੋਲਿਆ , "ਮਾਸਟਰ ਜੀ!! ਪਤੰਗ ਉਡਾਉਂਦਾ ਫਿਰਦਾ ਸੀ....ਪੱਕੀ ਗਲੀ ਚ ਡਿੱਗਿਆ ਏ।" ਓਏ !! "ਕੰਜਰਾਂ...ਸੱਟ - ਫੇਟ ਤਾਂ ਨਹੀਂ ਲੱਗੀ ਕਿਤੇ!!? "ਨਹੀਂ ਨਹੀਂ....ਮਾਸਟਰ ਜੀ। ਪੁੱਠੇ ਕੰਮਾਂ ਤੋਂ ਬਾਜ ਕਿਉਂ ਨਹੀਂ ਆਉਂਦੇ ਤੁਸੀਂ?? ਮੈਨੂੰ ਤਾਂ ਸਮਝ ਨਹੀਂ ਆਉਂਦੀ...ਤੂੰ ਬਚ ਕਿਵੇਂ ਗਿਆ.??" ਕੀ ਨਾਂ ਏ ਤੇਰਾ? "ਮਾਸਟਰ ਜੀ.. "ਈਸ਼ਵਰ"...ਇਹ ਸੁਣ ਕੇ ਸਾਰੀ ਕਲਾਸ ਹੱਸ ਪਈ,ਤੇ ਮਾਸਟਰ ਜੀ ਵੀ ਹੱਸਦੇ -ਹੱਸਦੇ ਬੋਲੇ ...."ਫਿਰ ਠੀਕ ਐ...ਪਤੰਦਰਾ!!ਫੇਰ ਤੈਨੂੰ ਕੀ ਹੋਣਾ ਸੀ ... ।"

6. ਕੁੱਕੜੀ ਅਤੇ ਸੱਪ ਦਾ ਬੱਚਾ

ਜੰਗਲ ਵਿੱਚ ਮਿਲਦੇ ਜੁਲਦੇ ਇੱਕ ਕੁੱਕੜੀ ਦੀ ਅਤੇ ਸੱਪ ਦੇ ਬੱਚੇ ਦੀ ਦੋਸਤੀ ਹੋ ਗਈ । ਸੱਪ ਦਾ ਬੱਚਾ ਕੁੱਕੜੀ ਦੇ ਘਰੇ ਕਈ ਕਈ ਚਿਰ ਖੇਡਦਾ ਰਹਿੰਦਾ ਸੀ ।ਕੁੱਕੜੀ ਉਸ ਨੂੰ ਬੜਾ ਪਿਆਰ ਕਰਦੀ ਸੀ ।ਉਸ ਨੂੰ ਉਸ ਦੀਆਂ ਪਸੰਦੀਦਾਰ ਚੀਜ਼ਾਂ ਵੀ ਲਿਆ ਲਿਆ ਦਿੰਦੀ ਸੀ ।ਇਕ ਵਾਰੀ ਕੁੱਕੜੀ ਮਾਂ ਬਣਨ ਵਾਲੀ ਸੀ । ਆਪਣੇ ਆਂਡਿਆਂ ਦੇ ਉੱਪਰ ਧਰਨੇ ਬੈਠੀ ਹੋਈ ਸੀ । ਸਿਹਤ ਖ਼ਰਾਬ ਹੋਣ ਕਰਕੇ ਕੁੱਕੜ ਅਤੇ ਕੁੱਕੜੀ ਨੂੰ ਹਸਪਤਾਲ ਜਾਣਾ ਪੈਣਾ ਸੀ । ਪਰ ਉਹਨੂੰ ਫ਼ਿਕਰ ਸੀ, ਉਸ ਦੇ ਆਂਡਿਆਂ ਦੀ ਰਖਵਾਲੀ ਕੌਣ ਕਰੇ ?।ਸੱਪ ਦਾ ਬੱਚਾ ਬੋਲਿਆ, "ਆਂਟੀ ਜੀ, ਜਿੰਨਾ ਚਿਰ ਤੁਸੀਂ ਦਵਾਈ ਲੈਣ ਜਾ ਰਹੇ ਹੋ,ਤੁਹਾਡੇ ਘਰ ਦੀ ਰਾਖੀ ਮੈਂ ਕਰਾਂਗਾ"। "ਮੈਂ ਆਪਣੇ ਬਾਪੂ ਜੀ ਨੂੰ ਵੀ ਇਥੇ ਸੱਦ ਲਿਆਉਂਦਾ ਹਾਂ"। ਨਈਂ ਠਹਿਰੋ, "ਮੈਂ ਪਹਿਲਾਂ ਲੂੰਬੜੀ ਮਾਸੀ ਤੋਂ ਸਲਾਹ ਲੈ ਕੇ ਆਉਨੀ ਆਂ " । "ਲੂੰਬੜੀ ਮਾਸੀ, ਲੂੰਬੜੀ ਮਾਸੀ, ਹਾਂ , ਹਾਂ ਬੋਲ । "ਕਿਵੇਂ ਆਉਣੇ ਹੋਏ "। " ਮਾਸੀ ਮੈਨੂੰ ਦਵਾਈ ਲੈਣ ਸ਼ਹਿਰ ਜਾਣਾ ਪੈਣਾ ਏ, ਮੈਂ ਆਪਣੇ ਆਂਡਿਆਂ ਦੀ ਰਖਵਾਲੀ ਸੱਪ ਅਤੇ ਉਸ ਦੇ ਬੱਚੇ ਨੂੰ ਬਿਠਾ ਜਾਵਾਂ "। " ਦੁਰ ਫਿੱਟੇ ਮੂੰਹ ਤੇਰੇ, ਸੱਪ ਵੀ ਕਿਸੇ ਦੇ ਮਿੱਤ ਹੋਏ ਨੇ" । "ਆਪਣਾ ਘਰ ਨਾ ਫੂਕ ਕੇ ਵਹਿ ਜਾਵੀਂ, ਬਾਕੀ ਤੇਰੀ ਮਰਜ਼ੀ"। ਉਹ ਘਰ ਆ ਕੇ ਕੁੱਕੜ ਨੂੰ ਸਾਰੀ ਗੱਲ ਦੱਸ ਰਹੀ ਸੀ। ਇੰਨੇ ਨੂੰ ਸੱਪ ਦੇ ਬੱਚੇ ਨੇ ਵੀ ਸੁਣ ਲਿਆ ਤੇ ਰੋਣ ਲੱਗਾ । "ਆਂਟੀ ਮੈਂ ਇਹੋ ਜਿਹਾ ਨਹੀਂ ਹਾਂ ਜੇ ਤੁਹਾਨੂੰ ਮੇਰੇ ਬਾਪੂ ਜੀ ਤੋਂ ਡਰ ਲੱਗਦੈ, ਮੈਂ ਕੱਲਾ ਹੀ ਰਾਖੀ ਕਰ ਲੈਂਦਾ ਹਾਂ " । ਉਸ ਦੇ ਵਾਰ ਵਾਰ ਕਹਿਣ ਤੇ ਆਖਰ ਨੂੰ ਕੁੱਕੜੀ ਮਨ ਹੀ ਗਈ ,ਅਤੇ ਕੁੱਕੜ ਅਤੇ ਕੁੱਕੜੀ ਦੋਨੋਂ ਦਵਾਈ ਲੈਣ ਚਲੇ ਗਏ ।ਜਦੋਂ ਕੁਝ ਸਮੇਂ ਬਾਅਦ ਘਰ ਪਰਤੇ ਆਂਡੇ ਭੱਜੇ ਪਏ ਸੀ। ਸੱਪ ਦੇ ਬੱਚੇ ਨੇ ਪਿੱਛੋਂ ਆਪਣੇ ਬਾਪੂ ਨੂੰ ਸੱਦ ਕੇ ਸਾਰੇ ਆਂਡੇ ਪੀ ਲਏ , ਆਖ਼ਰੀ ਆਂਡੇ ਨੂੰ ਤੋੜ ਰਹੇ ਸੀ । ਕੁੱਕੜੀ ਭੱਜੀ ਭੱਜੀ ਕੋਲ ਗਈ ਤੇ ਸੱਪ ਦੇ ਬੱਚੇ ਉਪਰ ਭੜਕੀ। "ਸਹੀ ਕਿਹਾ ਸਿਆਣਿਆਂ ਨੇ ,ਮੈਂ ਈ ਪਾਗਲ ਨਿਕਲੀ, ਸੱਪਾਂ ਦੇ ਪੁੱਤ ਸੱਪ ਈ ਹੁੰਦੇ ਐ" ॥

7. ਗੁੱਸੇ ਦਾ ਹੱਲ

ਤਾਰੂ ਨੂੰ ਗੁੱਸੇ ਵਿੱਚ ਗਾਲਾਂ ਕੱਢਦਿਆਂ ਦੇਖ ਕੇ ਤਾਇਆ ਉਜ਼ਾਗਰ ਸਿੰਘ ਕੋਲ ਆ ਖੜਿਆ।

"ਪੁੱਤ ਕੀ ਗੱਲ ਹੋ ਗਈ ਸੂਰਜ ਦੀ ਟਿੱਕੀ ਵਾਂਗੂੰ ਭਖਿਆ ਫਿਰਦਾ ਏ। " ਤਾਇਆ ਸਾਡੇ ਕੋਲੋਂ ਖਾ ਪੀ ਕੇ, ਸਾਡੇ ਬਾਰੇ ਹੀ ਲੋਕਾਂ ਕੋਲੋਂ ਮਾੜਾ ਬੋਲਦਾ।" ਇਹੋ ਜੇ ਬੰਦੇ ਨੂੰ ਤਾਂ ਛਿੱਤਰ ਮਾਰ ਕੇ ਪਿੰਡੋਂ ਭਜਾ ਦੇਈਏ। "ਚੱਲ ਛੱਡ , ਪੁੱਤ ਗੁੱਸੇ ਦਾ ਮੂੰਹ ਤਾਂ ਨਹੀਂ ਹੁੰਦਾ ,ਪਰ ਇਹ ਭਰਿਆ ਭਰਾਇਆ ਬੰਦਾ ਖਾ ਜਾਂਦਾ ,ਸਿਆਣਪ ਵਰਤੀ ਦੀ ਆ।" "ਉਹਦੇ ਨਾਲੋਂ ਭੈੜਾ ਤਾਂ ਤਰਲੋਚਨ ਦਰਜੀ ਆ ਜਿਹੜਾ ਤੈਨੂੰ ਓਧਰੋਂ ਸੁਣ ਕੇ ਇਧਰ ਦੱਸਣ ਆ ਗਿਆ।"

"ਜੇ ਤੇਰਾ ਬਹੁਤਾ ਹੀ ਹੇਜ ਸੀ ,ਮੂੰਹ ਤੋੜ ਕੇ ਉਸਨੂੰ ਜਵਾਬ ਦਿੰਦਾ, ਪੁੱਤ ਕਦੇ ਵੀ ਕਿਸੇ ਗੱਲ ਦਾ ਗੁੱਸੇ ਵਿੱਚ ਹੱਲ ਨਹੀਂ ਕੱਢੀ ਦਾ ਹੁੰਦਾ। " ਠੰਡੇ ਦਿਮਾਗ਼ ਤੋ ਕੰਮ ਲਈਏ ,ਆਖਦੇ ਨੇ ਲੋਹੇ ਨੂੰ ਕੋਈ ਕੱਟ ਨਹੀਂ ਸਕਦਾ, ਪਰ ਜਦੋਂ ਇਹ ਗਰਮ ਹੁੰਦਾ ਹੈ ਅੱਗ ਨਾਲ ਰੋਮ ਰੋਮ ਮਚਿਆ ਪਿਆ ਹੁੰਦਾ ਏ ,ਮਾਮੂਲੀ ਸੱਟਾਂ ਨਾਲ ਹੀ ਟੁੱਟ ਕੇ ਬਿਖਰ ਜਾਂਦਾ ਏ।" ਤਾਏ ਦੀ ਗੱਲ ਸੁਣ ਕੇ ਤਾਰੂ ਦਾ ਗੁੱਸਾ ਪਤਾ ਨਹੀਂ ਕਿਹੜੇ ਅੰਬਰੀਂ ਉੱਡ ਗਿਆ , ਤੇ ਸਰੀਰ ਠੰਡਾ ਤੇ ਹਲਕਾ ਮਹਿਸੂਸ ਕਰਨ ਲੱਗ ਗਿਆ। ਜਿਵੇਂ ਸਿਰ ਤੋਂ ਕੋਈ ਵੱਡਾ ਬੋਝ ਲੱਥ ਗਿਆ ਹੋਵੇ।

  • ਮੁੱਖ ਪੰਨਾ : ਕਹਾਣੀਆਂ, ਮਨਦੀਪ ਖਾਨਪੁਰੀ
  • ਮੁੱਖ ਪੰਨਾ : ਕਾਵਿ ਰਚਨਾਵਾਂ, ਮਨਦੀਪ ਖਾਨਪੁਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ