Minni Kahanian : Gurbachan Singh Bhullar

ਮਿੰਨੀ ਕਹਾਣੀਆਂ : ਗੁਰਬਚਨ ਸਿੰਘ ਭੁੱਲਰ

ਭਾਂਜ

“ਪੁੱਤਰ, ਹੁਣੇ ਮੁੜਨਾ ਤਾਂ ਬਲਬੀਰ ਕੌਰ ਨੂੰ ਗੱਡੀ ਚੜ੍ਹਾ ਦੇਈਂ, ਨਹੀਂ ਤਾਂ ਸਾਨੂੰ ਕਿਸੇ ਨੂੰ ਕੰਮ ਛੱਡ ਕੇ ਜਾਣਾ ਪੈਣਾ।”
“ਮੁੜਨਾ ਤਾਂ ਮੈਂ ਹੁਣੇ ਹੈ, ਪਰ ਬਲਬੀਰ ਕੌਰ ਕੌਣ?” ਮੈਂ ਪੁੱਛਿਆ।
“ਹੁਣ ਭੁੱਲ ਗਿਆ?…ਜੀਹਨੂੰ ਕਹਿੰਦਾ ਸੀ, ਫੜਿਓ ਓਇ ਜੱਟੀ ਭੱਜ ਗਈ…।” ਮਾਸੀ ਹੱਸ ਪਈ।
ਛੋਟੇ ਛੋਟੇ ਹੁੰਦੇ ਸੀ। ਮੇਰੀ ਹਾਨਣ ਇਹ ਕੁੜੀ, ਆਪਣੀ ਭੈਣ, ਮੇਰੀ ਮਾਸੀ ਦੀ ਨੂੰਹ, ਕੋਲ ਰਿਹਾ ਕਰਦੀ ਸੀ। ਇਕ ਦਿਨ ਖੇਡਦਿਆਂ ਮੈਂ ਜੱਟ ਬਣ ਗਿਆ ਤੇ ਉਹ ਜੱਟੀ। ਪਤਾ ਨਹੀਂ ਕਿਸ ਗੱਲੋਂ ਉਹ ਰੁੱਸ ਗਈ ਤੇ ਖੇਡ ਵਿਚਾਲੇ ਛੱਡ ਕੇ ਭੱਜ ਗਈ। ਮੈਂਨੂੰ ਰੋਸਾ ਸੀ ਕਿ ਉਹਨੇ ਖੇਡ ਪੂਰੀ ਕਿਉਂ ਨਹੀਂ ਸੀ ਕੀਤੀ। ਮੈਂ, ‘ਜਾਣ ਨ੍ਹੀਂ ਦਿੰਦਾ, ਫੜਿਓ ਓਇ, ਜੱਟੀ ਭੱਜ ਗਈ…ਜੱਟੀ ਭੱਜ ਗਈ…।’ ਕਹਿੰਦਾ ਉਹਦੇ ਪਿੱਛੇ ਭੱਜਿਆ। ਸਾਡੇ ਘਰਾਂ ਵਿਚ ਬਹੁਤ ਹਾਸਾ ਮੱਚਿਆ।
“ਮੈਂ ਕਹਾਂ ਕਿਹੜੀ ਬਲਬੀਰ ਕੌਰ, ਬੀਰਾਂ ਨੀ ਕਹਿੰਦੇ।” ਮਾਸੀ ਦੀ ਗੱਲ ਦੇ ਜੁਆਬ ਵਿਚ ਮੈਂ ਹੱਸ ਪਿਆ।
“ਹੁਣ ਤਾਂ ਭਾਈ ਸੁੱਖ ਨਾਲ ਵਿਆਹੀ ਗਈ, ਬਲਬੀਰ ਕੌਰ ਬਣ ਗਈ…ਤੇਰੀ ਭਾਬੀ ਨੇ ਤਾਂ ਤੈਨੂੰ ਏਨਾ ਜ਼ੋਰ ਲਾਇਆ ਰਿਸ਼ਤੇ ਵਾਸਤੇ, ਤੂੰ ਤਾਂ ਮੁੰਡਿਆ ਲੱਤ ਹੀ ਨੀ ਲਾਈ।”
…ਰਸਮੀ ਸੁੱਖ ਸਾਂਦ ਪੁੱਛਣ ਮਗਰੋਂ ਮੈਂ, ਬੀਰਾਂ ਤੇ ਉਹਦਾ ਦਸ ਬਾਰਾਂ ਸਾਲ ਦਾ ਭਾਈ, ਟਾਂਗੇ ਵਿਚ ਮੂਹਰੇ ਬੈਠ ਗਏ।
ਅੱਧ ਵਾਲੀ ਟਾਹਲੀ ਆ ਗਈ। ਬੀਰਾਂ ਦਾ ਭਾਈ ਤੇ ਪਿਛਲੀਆਂ ਸੁਆਰੀਆਂ ਨਲਕੇ ਤੋਂ ਪਾਣੀ ਪੀਣ ਲੱਗ ਗਈਆਂ। ਟਾਂਗੇ ਵਾਲਾ ਘੋੜੇ ਲਈ ਪਾਣੀ ਦੀ ਬਾਲਟੀ ਲੈਣ ਚਲਿਆ ਗਿਆ। ਮੈਂ ਲਹਿੰਬਰੀ ਟਾਹਲੀ ਵੱਲ ਵੇਖਣ ਲੱਗ ਪਿਆ। ਮੈਂ ਤ੍ਰਭਕਿਆ, ਬੀਰਾਂ ਦਾ ਹੱਥ ਮੇਰੇ ਗੋਡੇ ਉੱਤੇ ਟਿਕ ਗਿਆ ਸੀ। ਉਹ ਹੋਲੀ ਆਵਾਜ਼ ਵਿਚ ਬੋਲੀ, “ਉਦੋਂ ਤਾਂ ਕਹਿੰਦਾ ਸੀ, ਜੱਟੀ ਨੂੰ ਜਾਣ ਨਹੀਂ ਦਿੰਦਾ। ਜੱਟਾ ਤੂੰ ਤਾਂ ਆਪ ਹੀ ਭੱਜ ਗਿਆ।…ਮੈਂ ਭੈਣ ਹੱਥ ਕਹਾਇਆ ਸੀ, ਤੂੰ ਗੱਲ ਤਾਂ ਸੁਣ ਲੈਣੀ ਸੀ…ਮੈਂ ਤੇਰੇ ਪੈਰ ਧੋ ਧੋ ਪੀਂਦੀ…।”
ਮੈਂਨੂੰ ਕੋਈ ਜਵਾਬ ਨਾ ਅਹੁੜਿਆ। ਜੋ ਬੋਲਦਾ, ਮੈਂ ਬੋਲਦਾ ਵੀ ਕੀ? ਮੈਂ ਖਾਲੀ ਖਾਲੀ ਨਜ਼ਰਾਂ ਨਾਲ ਵੇਖਿਆ, ਉਹਦੀਆਂ ਅੱਖਾਂ ਦੇ ਕੋਇਆਂ ਦੇ ਵਿਚ ਸਿਲ੍ਹ ਤਿਲ੍ਹਕ ਆਈ ਸੀ ਅਤੇ ਉਹਨਾਂ ਹੇਠਲੀ ਕਲੱਤਣ ਤੇ ਮੱਥੇ ਉਤਲੀ ਥਕਾਵਟ ਗੂੜ੍ਹੀ ਹੋ ਗਈ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ