Minni Kahanian : Kamlesh Bharti
ਮਿੰਨੀ ਕਹਾਣੀਆਂ : ਕਮਲੇਸ਼ ਭਾਰਤੀ
1. ਮੇਰੇ ਆਪਣੇ ਕਮਲੇਸ਼ ਭਾਰਤੀ
ਆਪਣਾ ਸ਼ਹਿਰ ਤੇ ਘਰ ਛੱਡੇ ਵੀਹ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ ਬੇਟੀ ਸਿਆਣੀ ਹੋ ਗਈ। ਉਸ ਲਈ ਵਰ ਲੱਭਿਆ ਤੇ ਹੱਥ ਪੀਲੇ ਕਰਨ ਦਾ ਸਮਾਂ ਆ ਗਿਆ। ਵਿਆਹ ਦੇ ਕਾਰਡ ਛਪੇ, ਸਕਿਆਂ-ਸੰਬੰਧੀਆਂ ਤੇ ਮਿੱਤਰਾਂ ਨੂੰ ਭੇਜੇ ਗਏ। ਵਿਆਹ ਦੇ ਸਗਨ ਸ਼ੁਰੂ ਹੋਏ ਤੇ ਅੱਖਾਂ ਦਰਵਾਜੇ ਤੇ ਲੱਗੀਆਂ ਰਹੀਆਂ, ਇਸ ਆਸ ਵਿਚ ਕਿ ਦੂਰ-ਦਰਾਜ ਤੋਂ ਸਕੇ-ਸੰਬੰਧੀ ਆਉਣਗੇ। ਉਹ ਸੰਬੰਧੀ, ਜਿਹਨਾਂ ਨੇ ਬੇਟੀ ਨੂੰ ਗੋਦੀ ਵਿਚ ਖਿਡਾਇਆ ਤੇ ਜਿਹਨਾਂ ਨੂੰ ਉਸ ਨੇ ਆਪਣੀ ਤੋਤਲੀ ਜ਼ਬਾਨ ਵਿਚ ਪੁਕਾਰਿਆ ਸੀ। ਪੰਡਤ ਜੀ ਪੂਜਾ ਦੀ ਥਾਲੀ ਸਜਾਉਂਦੇ ਰਹੇ। ਮੈਂ ਦਰਵਾਜੇ ਵੱਲ ਟਕਟਕੀ ਲਾਈ ਦੇਖਦਾ ਰਿਹਾ। ਮੋਬਾਈਲ ਉੱਪਰ ਸੰਬੰਧੀਆਂ ਦੇ ਸੰਦੇਸ਼ ਆਉਣ ਲੱਗੇ–ਸਿੱਧੇ ਵਿਆਹ ਵਾਲੇ ਦਿਨ ਹੀ ਪਹੁੰਚਾਂਗੇ, ਛੇਤੀ ਨਾ ਆ ਸਕਣ ਦੀਆਂ ਮਜਬੂਰੀਆਂ ਬਿਆਨ ਕਰਦੇ ਰਹੇ।
ਮੈਂ ਉਦਾਸ ਖੜਾ ਸੀ। ਏਨੇ ਵਿਚ ਢੋਲ ਵਾਲਾ ਆ ਗਿਆ। ਉਹਨੇ ਢੋਲ ਵਜਾਉਣਾ ਸ਼ੁਰੂ ਕੀਤਾ। ਸਾਰੇ ਗੁਆਂਢੀ ਭੱਜੇ ਚਲੇ ਆਏ ਤੇ ਪੰਡਤ ਜੀ ਨੂੰ ਕਹਿਣ ਲੱਗੇ, “ਹੋਰ ਕਿੰਨੀ ਦੇਰ ਐ? ਸ਼ੁਰੂ ਕਰੋ ਨਾ ਕਾਰ-ਵਿਹਾਰ!”
ਪੰਡਤ ਜੀ ਨੇ ਮੇਰੇ ਵੱਲ ਦੇਖਿਆ, ਜਿਵੇਂ ਪੁੱਛ ਰਹੇ ਹੋਣ–‘ਕੀ ਆਪਣੇ ਸਭ ਆ ਗਏ?’
ਖੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ, ਪਰਦੇਸ ਵਿਚ ਇਹੀ ਤਾਂ ਮੇਰੇ ਆਪਣੇ ਹਨ। ਮੈਂ ਪੰਡਤ ਜੀ ਨੂੰ ਕਿਹਾ, “ਸ਼ੁਰੂ ਕਰੋ ਸਗਨ, ਮੇਰੇ ਆਪਣੇ ਸਭ ਆ ਗਏ।”
(ਅਨੁਵਾਦ: ਸ਼ਿਆਮ ਸੁੰਦਰ ਅਗਰਵਾਲ)
2. ਬੈਗ ਕਮਲੇਸ਼ ਭਾਰਤੀ
ਵਿਦੇਸ਼ ਤੋਂ ਵਰ੍ਹਿਆਂ ਬਾਅਦ ਆਪਣੇ ਘਰ ਆਈ ਕੁੜੀ ਨੇ ਲੰਮੀ ਯਾਤਰਾ ਦੀ ਥਕਾਵਟ ਉਤਰਨ ਤੋਂ ਬਾਅਦ ਆਪਣਾ ਬੈਗ ਕਮਰੇ ਦੇ ਐਨ ਵਿਚਾਲੇ ਰੱਖਿਆ। ਸਾਰੇ ਛੋਟੇ ਵੱਡੇ ਉਸ ਬੈਗ ਦੇ ਆਸਪਾਸ ਇਕੱਠੇ ਹੋ ਗਏ ਕਿ ਵੇਖੀਏ ਕਿਸ ਲਈ ਕੀ ਲਿਆਈ ਹੈ?
ਕਿਸੇ ਜੇਤੂ ਵਾਂਗ ਕੁੜੀ ਇੱਕ ਇੱਕ ਨੂੰ ਉਸ ਦਾ ਤੋਹਫਾ ਗਲੇ ਮਿਲ ਕੇ ਜਾਂ ਚੁੰਮ ਕੇ ਜਾਂ ਅਸ਼ੀਰਵਾਦ ਲੈ ਕੇ ਦਿੰਦੀ ਗਈ। ਆਖਰਕਾਰ ਬੈਗ ਖਾਲੀ ਹੋ ਗਿਆ।
ਕੁੜੀ ਨੇ ਦੱਸਿਆ ਕਿ ਕਿਸ ਤਰ੍ਹਾਂ ਸਰਦੀਆਂ ਦੀਆਂ ਰਾਤਾਂ ਵਿੱਚ ਬਰਫ ਵਿੱਚ ਠੁਰ-ਠੁਰ ਕਰਦੀ ਨੇ ਪੈਸੇ ਕਮਾ ਅਤੇ ਸਭ ਲਈ ਤੋਹਫੇ ਖਰੀਦਣ ਵਾਸਤੇ ਬਾਜ਼ਾਰ ਦਰ ਬਾਜ਼ਾਰ ਵਿੱਚ ਸਮਾਂ ਲਾਇਆ। ਬੈਗ ਨੂੰ ਕੰਧ ਨਾਲ ਲਾਉਂਦੀ ਨੇ ਅੱਖਾਂ ਵਿੱਚ ਅੱਥਰੂ ਭਰ ਕੇ ਕਿਹਾ, ‘‘ਮਾਂ, ਏਸ ਬੈਗ ਨੂੰ ਭਰਨਾ ਵੀ ਪਵੇਗਾ। ਨਹੀਂ ਤਾਂ ਵਿਦੇਸ਼ ਵਿੱਚ ਮੁੜਨ ‘ਤੇ ਪੁੱਛਣਗੇ ਕਿ ਕੀ ਲੈ ਕੇ ਆਈ ਏਂ?”
ਸਭ ਦੇ ਚਿਹਰੇ ਫਿਰ ਉਤਰ ਗਏ।
3. ਅਪਰਾਧ ਕਮਲੇਸ਼ ਭਾਰਤੀ
ਰਾਤੀ ਲੇਟ ਆਏ ਸੀ। ਇਸ ਲਈ ਸਵੇਰੇ ਅੱਖ ਵੀ ਦੇਰ ਨਾਲ ਖੁੱਲ੍ਹੀ। ਧਿਆਨ ਆਇਆ ਕਿ ਕੰਮਵਾਲੀ ਨਹੀਂ ਆਈ ਅਜੇ ਤਕ। ਸ਼ੁਕਰ ਹੈ ਕਿ ਉਸ ਨੇ ਆਪਣਾ ਫ਼ੋਨ ਨੰਬਰ ਸਾਨੂੰ ਦੇ ਰੱਖਿਆ ਸੀ। ਫ਼ੋਨ ਕੀਤਾ ਤਾਂ ਉਸ ਦੇ ਘਰਵਾਲੇ ਨੇ ਦੱਸਿਆ ਕਿ ਰੀਟਾ ਬੀਮਾਰ ਹੈ ਤੇ ਕੰਮ ’ਤੇ ਨਹੀਂ ਆਏਗੀ। ਪਤਾ ਨਹੀਂ ਮੈਨੂੰ ਕਿਵੇਂ ਗੁੱਸਾ ਆ ਗਿਆ। ਮੈਂ ਕਿਹਾ, ‘‘ਤਿੰਨ ਦਿਨ ਬਾਅਦ ਤਾਂ ਅਸੀਂ ਆਏ ਹਾਂ ਤੇ ਸਾਰੇ ਘਰ ਦਾ ਸਾਮਾਨ ਖਿੰਡਿਆ ਹੋਇਆ ਹੈ। ਕੱਪੜੇ ਵੀ ਧੋਣੇ ਨੇ। ਅਸੀਂ ਕਿੱਥੇ ਜਾਈਏ?’’ ਕੰਮ ਵਾਲੀ ਦੇ ਘਰਵਾਲੇ ਨੇ ਕਿਹਾ, ‘‘ਸਾਹਿਬ ਜੀ, ਦੱਸ ਤਾਂ ਰਿਹਾ ਹਾਂ ਉਹ ਬੀਮਾਰ ਹੈ ਤੇ ਦਵਾਈ ਲੈ ਕੇ ਸੁੱਤੀ ਪਈ ਹੈ, ਗੱਲ ਵੀ ਨਹੀਂ ਕਰ ਸਕਦੀ।’’
‘‘ਅਸੀਂ ਪਹਿਲਾਂ ਹੀ ਤਿੰਨ ਦਿਨਾਂ ਬਾਅਦ ਵਾਪਸ ਆਏ ਹਾਂ, ਪਹਿਲਾਂ ਹੀ ਛੁੱਟਿਆਂ ਦੇ ਦਿੱਤੀਆਂ ਹਨ, ਹੁਣ ਕੰਮ ਵਾਲੇ ਦਿਨ ਵੀ ਛੁੱਟੀ ਕਰੇਗੀ ਤਾਂ ਕਿਵੇਂ ਚੱਲੇਗਾ ?’’
‘‘ਕੀ ਉਸ ਨੂੰ ਬੀਮਾਰ ਹੋਣ ਦਾ ਵੀ ਹੱਕ ਨਹੀਂ ਹੈ?’’
‘‘ਸਾਨੂੰ ਨਹੀਂ ਪਤਾ, ਕਿਸੇ ਹੋਰ ਨੂੰ ਭੇਜੋ?’’
‘‘ਠੀਕ ਹੈ ਸਾਹਿਬ ਜੀ ਮੇਰੇ ਬੱਚੇ ਕੰਮ ਕਰਨ ਆ ਜਾਣਗੇ।’’
ਕੁਝ ਹੀ ਦੇਰ ਵਿੱਚ ਸਕੂਲ ਦੀ ਵਰਦੀ ’ਚ ਦੋ ਨਿੱਕੇ-ਨਿੱਕੇ ਬੱਚੇ ਆ ਗਏ। ਜਲਦੀ-ਜਲਦੀ ਕ੍ਰਿਕੇਟ ਦੀ ਤਰ੍ਹਾਂ ਕੰਮ ਕਰਨ ਲੱਗੇ। ਇੱਕ ਛੋਟੀ ਕੁੜੀ ਸੀ ਤੇ ਦੂਜਾ ਮੁੰਡਾ ਉਸ ਤੋਂ ਥੋੜ੍ਹਾ ਵੱਡਾ ਸੀ। ਕੁੜੀ ਨੇ ਭਾਂਡੇ ਮਾਂਜੇ ਤੇ ਭਰਾ ਨੇ ਝਾੜੂ ਮਾਰਿਆ। ਕੰਮ ਖ਼ਤਮ ਕਰ ਪੁੱਛਿਆ, ‘‘ਹੁਣ ਅਸੀਂ ਜਾਈਏ?’’
ਮੈਂ ਪੁੱਛਿਆ, ‘‘ਤੁਸੀਂ ਪਹਿਲਾਂ ਵੀ ਕਿਤੇ ਕੰਮ ਕਰਨ ਗਏ ਹੋ?’’
ਬੱਚਿਆਂ ਨੇ ਡਰਦੇ ਹੋਏ ਕਿਹਾ, ‘‘ਨਹੀਂ ਸਾਹਿਬ! ਮਾਂ ਨੇ ਦਰਦ ਨਾਲ ਤੜਫ਼ਦੇ ਹੋਏ ਕਿਹਾ ਸੀ ਜਾਓ ਤੇ ਕੰਮ ਕਰ ਆਉ। ਨਹੀਂ ਤਾਂ ਨੌਕਰੀ ਚਲੀ ਜਾਵੇਗੀ।’’ ਮੈਂ ਸ਼ਰਮਿੰਦਾ ਹੋ ਗਿਆ। ਕਿੰਨੀ ਵਾਰੀ ਤਾਂ ਬਾਲ ਮਜ਼ਦੂਰੀ ਬਾਰੇ ਰਿਪੋਰਟ ਲਿਖੀ ਹੈ। ਅੱਜ ਕਿੰਨਾ ਵੱਡਾ ਅਪਰਾਧ ਕੀਤਾ ਹੈ। ਮੈਂ ਹੀ ਆਪਣੇ ਸਾਹਮਣੇ ਬਾਲ ਮਜ਼ਦੂਰਾਂ ਨੂੰ ਜਨਮ ਦਿੱਤਾ ਹੈ। ਇਸ ਤੋਂ ਵੱਡਾ ਹੋਰ ਕੋਈ ਅਪਰਾਧ ਨਹੀਂ ਹੈ? ਆਪਣੇ ਦਿਲ ਤੇ ਇਹ ਭਾਰ ਕਦੋਂ ਤਕ ਚੁੱਕਾਂਗਾ? ਮੈਂ ਉਨ੍ਹਾਂ ਬੱਚਿਆਂ ਨੂੰ ਬਿਸਕੁਟ ਤੇ ਕੁਰਕੁਰੇ ਦਿੱਤੇ ਪਰ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਆਪਣਾ ਅਪਰਾਧ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਪਰਾਧ ਤਾਂ ਸੱਚਮੁਚ ਬਹੁਤ ਵੱਡਾ ਹੈ।
(ਅਨੁਵਾਦ : ਸੁਰੇਖਾ ਮਿੱਡਾ)
4. ਤੋਹਫ਼ਾ ਕਮਲੇਸ਼ ਭਾਰਤੀ
ਸਵੇਰ ਦਾ ਸਮਾਂ। ਅਜੇ ਧੁੱਪ ਵਿਹੜੇ ਵਿੱਚ ਨਹੀਂ ਸੀ ਆਈ। ਸੂਰਜ ਬੱਦਲਾਂ ਦੇ ਓਹਲਿਓਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਤਨੀ ਝਾੜੂ ਚੁੱਕ ਕੇ ਵਿਹੜੇ ਵਿੱਚ ਖਿੱਲਰੇ ਫੁੱਲਾਂ ਨੂੰ ਸੰਭਰਦਿਆਂ ਕਹਿਣ ਲੱਗੀ, “ਵੇਖੋ ਜੀ, ਗੁਆਂਢੀਆਂ ਦੇ ਰੁੱਖ ਤੋਂ ਆਹ ਫੁੱਲ ਸਾਡੇ ਵਿਹੜੇ ਵਿੱਚ ਡਿੱਗ ਕੇ ਕਿੰਨਾ ਗੰਦ ਪਾ ਦਿੰਦੇ ਨੇ! ਸਵੇਰੇ-ਸਵੇਰੇ ਝਾੜੂ ਨਾ ਮਾਰਾਂ ਤਾਂ ਕਿੰਨਾ ਭੈੜਾ ਲੱਗਦਾ ਹੈ! ਇਨ੍ਹਾਂ ਨੂੰ ਕਹੋ ਕਿ ਇਸ ਦਰਖ਼ਤ ਨੂੰ ਕਟਵਾ ਹੀ ਦੇਣ!”
ਮੈਂ ਹੱਸਦੇ ਹੋਏ ਬਸ ਇੰਨਾਂ ਹੀ ਕਿਹਾ, “ਕਿੰਨੇ ਚੰਗੇ ਗੁਆਂਢੀ ਨੇ ਸਾਡੇ! ਜੋ ਸਵੇਰੇ-ਸਵੇਰੇ ਸਾਡੇ ਵਿਹੜੇ ਵਿੱਚ ਤੋਹਫ਼ੇ ਵਜੋਂ ਇਹ ਫੁੱਲ ਖਿਲਾਰ ਦਿੰਦੇ ਨੇ! ਨਹੀਂ ਤਾਂ ਗੁਆਂਢੀ ਅਕਸਰ ਲੋਕਾਂ ਦੇ ਘਰਾਂ ਵਿੱਚ ਕੰਡੇ ਹੀ ਖਿਲਾਰਦੇ ਵੇਖੇ-ਸੁਣੇ ਹਨ!”
ਹੁਣ ਪਤਨੀ ਵੀ ਝਾੜੂ ਲਗਾਉਂਦਿਆਂ ਸਾਰਾ ਦੁਖ ਭੁੱਲ ਕੇ ਮੁਸਕਰਾ ਰਹੀ ਸੀ।
5. ਸ਼ਰਤ ਕਮਲੇਸ਼ ਭਾਰਤੀ
ਯੁਵਾ ਸਮਾਗਮ ਵਿੱਚ ਸਰਵੋਤਮ ਅਭਿਨੇਤਰੀ ਦਾ ਇਨਾਮ ਜਿੱਤਣ ਵਾਲੀ ਕਲਾਕਾਰ ਅਭਿਨੈ ਤੋਂ ਅਚਾਨਕ ਮੂੰਹ ਮੋੜ ਗਈ। ਕਿਉਂ? ਇਹ ਸੁਆਲ ਪੁੱਛਿਆ ਤਾਂ ਉਹਨੇ ਠੰਡਾ ਹਉਕਾ ਭਰਦਿਆਂ ਦੱਸਿਆ ਕਿ ਸਰ, ਨਾਟਕ ਨਿਰਦੇਸ਼ਕ ਮੈਨੂੰ ਸਟੁਡੀਓ ਵਿੱਚ ਕਦਮ ਰੱਖਣ ਤੋਂ ਪਹਿਲਾਂ ਕਹਿਣ ਲੱਗੇ ਕਿ ਅੰਦਰ ਜਾਣ ਤੋਂ ਪਹਿਲਾਂ ਸ਼ਰਤ ਹੈ ਕਿ ਸ਼ਰਮ ਬਾਹਰ ਰੱਖਣੀ ਪਵੇਗੀ।
ਬਸ, ਮੇਰੀ ਕਲਾ ਸ਼ਰਮਸਾਰ ਹੋਣ ਤੋਂ ਪਹਿਲਾਂ ਘਰ ਮੁੜ ਆਈ।
(ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ)
6. ਨਸ਼ੇ ਕਮਲੇਸ਼ ਭਾਰਤੀ
“ਚੱਲ ਯਾਰ, ਅੱਜ ਦੋ ਘੁੱਟਾਂ…”
“ਹੋ ਜਾਏ, ਪਰ ਇੱਕ ਸ਼ਰਤ ਹੈ…”
“ਕੀ?”
“ਸ਼ਰਾਬ ਪੀਂਦੇ ਸਮੇਂ ਪਾਲਿਟਿਕਸ ਅਤੇ ਰਿਲੀਜਨ ਡਿਸਕਸ ਨਹੀਂ ਕਰੇਂਗਾ।”
“ਕਿਉਂ?”
“ਓ ਮੂਰਖਾ! ਇੱਕ ਵੇਲੇ ਇੱਕੋ ਹੀ ਨਸ਼ਾ ਬਹੁਤ ਹੁੰਦਾ ਹੈ। ਇੱਕ ਸਮੇਂ ਤਿੰਨ-ਤਿੰਨ ਨਸ਼ੇ ਕਰੇਂਗਾ ਤਾਂ ਜ਼ਿੰਦਾ ਕਿਵੇਂ ਬਚੇਂਗਾ?”
(ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ)
7. ਬਚਪਨ ਕਮਲੇਸ਼ ਭਾਰਤੀ
ਮੇਰੇ ਛੋਟੇ ਭਰਾ ਦੇ ਬੇਟੇ ਦਾ ਜਨਮਦਿਨ ਸੀ। ਇਸਲਈ ਆਫ਼ਿਸ ਤੋਂ ਛੇਤੀ ਛੁੱਟੀ ਲੈ ਕੇ ਆਇਆ। ਘਰ ਵਿੱਚ ਖੂਬ ਰੌਣਕ ਅਤੇ ਖੁਸ਼ੀ ਦਾ ਮਾਹੌਲ। ਬਾਹਰ ਕੀ ਵੇਖਦਾ ਹਾਂ – ਸਾਡੀ ਕੰਮ ਵਾਲੀ ਦਾ ਛੋਟਾ ਜਿਹਾ ਬੇਟਾ ਭਾਂਡੇ ਮਾਂਜ ਰਿਹਾ ਹੈ ਅਤੇ ਰੋਂਦਾ ਰੋਂਦਾ ਮਾਂ ਨੂੰ ਕਹਿ ਰਿਹਾ ਹੈ – ਮੈਨੂੰ ਵੀ ਕੇਕ ਦਿਵਾਓ, ਮੈਂ ਵੀ ਜਨਮਦਿਨ ਮਨਾਉਣਾ ਹੈ। ਮਾਂ ਬੇਬੱਸ। ਝਾਕ ਰਹੀ ਆਪਣੇ ਅੰਦਰ। ਮੈਂ ਸੋਚ ਰਿਹਾ ਹਾਂ ਕਿ ਜਨਮਦਿਨ ਕੀਹਦਾ ਮਨਾਵਾਂ?
(ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ)