Short Stories : Ashraf Suhai

ਮਿੰਨ੍ਹੀ ਕਹਾਣੀਆਂ : ਅਸ਼ਰਫ਼ ਸੁਹੇਲ

1. ਜਗਤਾਰ ਸਿੰਘ

ਦੇਸ਼ ਪੰਜਾਬ ਦੀ ਵੰਡ 'ਤੇ ਹਰ ਕਿਸੇ ਨੂੰ ਆਪਣੀ-ਆਪਣੀ ਪਈ ਹੋਈ ਸੀ । ਕਤਲੋਗਾਰਤ ਦਾ ਬਾਜ਼ਾਰ ਗਰਮ ਸੀ । ਭੋਲੇ-ਭਾਲੇ ਲੋਕਾਂ ਨੂੰ , ਜਿਹੜੇ ਭਰਾਵਾਂ ਵਾਂਗ ਇਕੋ ਧਰਤੀ 'ਤੇ ਰਹਿੰਦੇ ਸਨ, ਧਰਮਾਂ ਦੀ ਆੜ ਵਿਚ ਲੜਾ ਦਿੱਤਾ ਗਿਆ ਸੀ । ਹੁਣ ਇਹ ਇਕ-ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਸਨ । ਜਗਤਾਰ ਸਿੰਘ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਿਲ ਸੀ, ਜਿਹੜੇ ਲੁੱਟਮਾਰ ਕਰ ਰਹੇ ਸਨ । ਸ਼ਾਮ ਵੇਲੇ ਉਹ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਉਸ ਦੀ ਨਜ਼ਰ ਇਕ ਮੁਸਲਮਾਨ ਘਰ 'ਤੇ ਪਈ । ਉਹ ਕੰਧ ਟੱਪ ਕੇ ਅੰਦਰ ਜਾ ਵੜਿਆ । ਮਕਾਨ ਦੇ ਅੰਦਰ ਇਕ ਮਾਂ-ਧੀ ਬੈਠੀ ਸੀ । ਬੁੱਢੀ ਮਾਂ ਉਸ ਦੇ ਪੈਰਾਂ 'ਤੇ ਸਿਰ ਰੱਖ ਕੇ ਰੋਣ ਲੱਗ ਪਈ ਅਤੇ ਕਹਿਣ ਲੱਗੀ, 'ਪੁੱਤਰਾ, ਇਕੋ ਧਰਤੀ 'ਤੇ ਰਹਿਣ ਵਾਲੇ, ਇਕੋ ਬੋਲੀ ਬੋਲਣ ਵਾਲੇ ਕਿਸ ਤਰ੍ਹਾਂ ਇਕ-ਦੂਜੇ ਦੇ ਦੁਸ਼ਮਣ ਬਣ ਗਏ? ਮੈਂ ਤੇ ਆਹ ਤੇਰੀ ਭੈਣ ਤਿੰਨਾਂ ਦਿਨਾਂ ਦੇ ਭੁੱਖੇ ਆਂ, ਪੀਣ ਨੂੰ ਪਾਣੀ ਵੀ ਨਹੀਂ ।' ਜਗਤਾਰ ਦੇ ਅੰਦਰ ਪੰਜਾਬੀਅਤ ਜਾਗ ਪਈ । ਉਹ ਚੁੱਪ ਕਰਕੇ ਬਾਹਰ ਗਿਆ ਅਤੇ ਮਕਾਨ ਦੇ ਬਾਹਰ ਲੱਗੀ ਪਲੇਟ 'ਤੇ ਲਿਖਿਆ ਨਾਂਅ ਅਬਦੁਲ ਸਲਾਮ ਮਿਟਾ ਦਿੱਤਾ ਅਤੇ ਕੋਲੇ ਨਾਲ ਬੜੇ ਫਨ ਨਾਲ ਜਗਤਾਰ ਸਿੰਘ ਲਿਖ ਦਿੱਤਾ ਤੇ ਛੇਤੀ ਨਾਲ ਆਪਣੇ ਘਰ ਨੂੰ ਭੱਜਿਆ । ਮਾਂ-ਧੀ ਲਈ ਖਾਣ ਲਈ ਰੋਟੀਆਂ ਦਾਲ ਲੈ ਕੇ ਆਇਆ ਅਤੇ ਜਦੋਂ ਮਾਂ-ਧੀ ਰੋਟੀ ਖਾ ਰਹੀਆਂ ਸਨ, ਉਦੋਂ ਜਗਤਾਰ ਸਿੰਘ ਨੂੰ ਜਾਪਦਾ ਸੀ ਕਿ ਇਹ ਉਸ ਦੀ ਹੀ ਮਾਂ ਅਤੇ ਉਸ ਦੀ ਹੀ ਭੈਣ ਹੈ ।
(ਅਨੁਵਾਦ : ਸਰਦਾਰ ਪੰਛੀ)

2. ਖੁਸ਼ਬੋ

ਰਾਸ਼ਦ ਬਹੁਤ ਹੀ ਗਰੀਬ ਸੀ । ਉਸ ਨੇ ਬੜੀ ਮੁਸ਼ਕਿਲ ਨਾਲ ਆਪਣੀ ਧੀ ਰਾਣੋ ਦਾ ਵਿਆਹ ਕੀਤਾ ਸੀ, ਪਰ ਉਹ ਅਕਸਰ ਡਰਦਾ ਰਹਿੰਦਾ ਸੀ । ਰੋਜ਼ ਅਖ਼ਬਾਰਾਂ ਵਿਚ ਇਕੋ ਖ਼ਬਰ ਵਾਰ-ਵਾਰ ਪੜ੍ਹ ਕੇ ਉਸ ਦਾ ਜੀਅ ਘਬਰਾਉਂਦਾ ਸੀ । ਖ਼ਬਰ ਭਾਵੇਂ ਨਿੱਕੀ ਲੱਗੀ ਹੋਵੇ ਜਾਂ ਵੱਡੀ ਸੁਰਖੀ ਨਾਲ । ਅਖ਼ਬਾਰ ਦੇ ਕਿਸੇ ਨਾ ਕਿਸੇ ਕੋਨੇ ਵਿਚ ਜ਼ਰੂਰ ਹੁੰਦੀ ਸੀ ਕਿ ਅੱਗ ਲੱਗ ਕੇ ਨਵੀਂ ਵਿਆਹੀ ਵਹੁਟੀ ਸੜ ਗਈ ਜਾਂ ਉਸ ਨੂੰ ਸਾੜ ਦਿੱਤਾ ਗਿਆ ਏ । ਉਹ ਰੋਜ਼ ਸਵੇਰੇ ਅਖ਼ਬਾਰ ਪੜ੍ਹਨ ਤੋਂ ਪਹਿਲਾਂ ਸੋਚਦਾ ਕਿ ਅੱਜ ਦੀ ਅਖ਼ਬਾਰ ਵਿਚ ਉਸ ਦੀ ਰਾਣੋ ਦੀ ਖ਼ਬਰ ਨਾ ਲੱਗੀ ਹੋਵੇ । ਉਸ ਨੂੰ ਏਹੋ ਜਿਹੀ ਹਰ ਖ਼ਬਰ ਵਿਚੋਂ ਆਪਣੀ ਰਾਣੋ ਦੀ ਖ਼ੁਸ਼ਬੋ ਆਉਂਦੀ ਸੀ ।
(ਅਨੁਵਾਦ : ਸਰਦਾਰ ਪੰਛੀ)

3. ਤਰੱਕੀ ਕਿੰਜ ਹੋਵੇ

ਸਟੇਸ਼ਨ 'ਤੇ ਲੱਗਿਆ ਹੋਇਆ ਬਲਬ ਫਿਊਜ਼ ਹੋ ਗਿਆ । ਸਟੇਸ਼ਨ ਮਾਸਟਰ ਨੇ ਚਿੱਠੀ ਲਿਖ ਕੇ ਹੈੱਡਕੁਆਰਟਰ ਨੂੰ ਬੇਨਤੀ ਕੀਤੀ ਕਿ ਬਲਬ ਛੇਤੀ ਬਦਲ ਦਿੱਤਾ ਜਾਵੇ । ਬਲਬ ਦਸ ਕੁ ਰੁਪਏ ਦਾ ਆਉਣਾ ਸੀ । ਹੈੱਡਕੁਆਰਟਰ ਤੋਂ ਇਕ ਵਾਇਰਮੈਨ ਤੇ ਉਹਦਾ ਇਕ ਸਹਾਇਕ ਭੇਜਿਆ ਗਿਆ, ਜੋ ਨਵਾਂ ਬਲਬ ਲਾ ਆਏ । ਰੇਲਵੇ ਦੇ ਮਹਿਕਮੇ ਨੇ ਵਾਇਰਮੈਨ ਤੇ ਉਹਦੇ ਸਹਾਇਕ ਨੂੰ ਦੋ ਦਿਨ ਦਾ ਟੀ.ਏ. ਦੇਣਾ ਪਿਆ । ਗੱਡੀ ਦੇ ਸਫ਼ਰ ਲਈ ਡਿਊਟੀ ਪਾਸ ਵੀ ਦਿੱਤਾ ਗਿਆ । ਇੰਜ ਇਹ 10 ਰੁਪਏ ਦਾ ਬਲਬ ਰੇਲਵੇ ਦੇ ਮਹਿਕਮੇ ਨੂੰ ਤਕਰੀਬਨ 500 ਰੁਪਏ ਦਾ ਪਿਆ ।
(ਅਨੁਵਾਦ : ਸਰਦਾਰ ਪੰਛੀ)

4. ਕੁੱਤੇ

ਲੜਾਈ ਵਿਚ ਦੋ ਕੁੱਤੇ ਸ਼ਾਮਿਲ ਹੋਏ ਸਨ । ਦੋਵੇਂ ਕੁੱਤੇ ਇਕੋ ਕੁੱਤੀ ਦੀ ਔਲਾਦ ਸਨ ਤੇ ਬੜੇ ਸ਼ੌਕ ਨਾਲ ਪਾਲੇ ਗਏ ਸਨ । ਇਕੋ ਨਸਲ, ਇਕੋ ਜਿਹਾ ਰੰਗ ਤੇ ਮੱਥਾ । ਲੋਕ ਇਸ ਲੜਾਈ ਵਿਚ ਬੜੀ ਦਿਲਚਸਪੀ ਲੈ ਰਹੇ ਸਨ ।
ਲੜਾਈ ਦਾ ਦਿਨ ਆ ਗਿਆ । ਦੋਵਾਂ ਕੁੱਤਿਆਂ ਨੂੰ ਮੈਦਾਨ ਵਿਚ ਛੱਡ ਦਿੱਤਾ ਗਿਆ । ਪਰ ਲੋਕ ਹੈਰਾਨ ਰਹਿ ਗਏ ਕਿ ਕੁੱਤੇ ਆਪਸ ਵਿਚ ਲੜੇ ਹੀ ਨਹੀਂ ਸਗੋਂ ਆਪਸ ਵਿਚ ਲਾਡ ਕਰਨ ਲੱਗ ਪਏ । ਉਹ ਦੋਵੇਂ ਕਦੇ-ਕਦੇ ਆਲੇ-ਦੁਆਲੇ ਖਲੋਤੇ ਲੋਕਾਂ ਵੱਲ ਵੀ ਝਾਤ ਪਾ ਲੈਂਦੇ ਸਨ, ਜਿਵੇਂ ਆਖ ਰਹੇ ਹੋਣ, 'ਤੁਸੀਂ ਸਾਨੂੰ ਵੀ ਇਨਸਾਨ ਸਮਝ ਲਿਆ ਏ ।
(ਅਨੁਵਾਦ : ਸਰਦਾਰ ਪੰਛੀ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਸ਼ਰਫ਼ ਸੁਹੇਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ