ਮਿਰਚੀ (ਕਹਾਣੀ) : ਬਲੀਜੀਤ

ਮਾਂ ਨੂੰ ਪੂਰੇ ਹੋਇਆਂ ਤਾਂ ਪੂਰੇ ਪੰਜ ਸਾਲ ਹੋ ਗਏ । ਰਿਸ਼ਤੇਦਾਰ ਕੀ ਕਹਿਣਗੇ? ਪੜਿ੍ਹਆ ਲਿਖਿਆ । ਅਕਲ ਨੀਂ ਧੇਲੇ ਦੀ । ਉਹ ਕੱਦੀ ਮਰੀ ਐ ਤੇ ਇਹ ਮੁੰਡਾ... ਈ੍ਹਦੀ ਅਕਲ 'ਤੇ ਪਾਣੀ ਫਿਰ ਗਿਐ । ਘਰ 'ਚ ਵਿਆਹ ਦੇ ਪਏ ਘਸਮਾਣ 'ਚੋਂ ਕਿਸੇ ਨੇ ਪੁੱਛਿਆ ਸੀ :

''ਮੌਲੀ ਕਿੱਥੇ ਐ? ਪਤਾ ਕਿਸੇ ਨੂੰ ...''

''ਬੇਬੇ ਕਿੱਥੇ ਐ? ਬੇਬੇ ਮੌਲੀ ਦੇਹ... ਬੇਬੇ ਨੂੰ ਪੁੱਛੋਅ... ਅ... ਅ...'' ਮੈਂ ਪਾਣੀ ਪਾਣੀ ਹੋ ਗਿਆ । ਘਬਰਾ ਕੇ ਠੰਡਾ ਹੋ ਗਿਆ । ਸ਼ਗਨਾਂ ਵਾਲੇ ਦਿਨ ਇਹ ਮੈਂ ਕੀ ਕਹਿ 'ਤਾ । ਇਸੇ ਵਿਹੜੇ 'ਚ ਦਰੀ 'ਤੇ ਲਿਟੀ ਚਾਦਰ ਨਾਲ ਢਕੀ ਮਰੀ ਹੋਈ ਮਾਂ ਨੂੰ ਮੈਂ ਆਖ਼ਰੀ ਪ੍ਰਣਾਮ ਕਰ ਦਿੱਤਾ ਸੀ... ਚਾਦਰ ਤੋਂ ਬਾਹਰ ਦਿਸਦੇ ਨੰਗੇ ਜ਼ਨਾਨਾ ਪੈਰਾਂ ਉੱਤੇ ਸਿਰ ਲਾ ਦਿੱਤਾ ਸੀ । ਆਖ਼ਰੀ ਵਾਰ... ਆਖ਼ਰੀ?

...ਮੇਰੇ ਅੰਦਰ ਮਾਂ ਦਾ ਸਿਵਾ ਇੱਕ ਵਾਰ ਫੇਰ ਭਬਕ ਪਿਆ । ਮੇਰੀ ਹੈਸੀਅਤ, ਹਸਤੀ ਮਿਟ ਗਈ... ਮੈਂ ਜਿਊਂਦਾ ਈ ਸੁਆਹ ਹੋ ਗਿਆ...

ਮਰ ਕੇ ਸਭ ਖਤਮ ਨਹੀਂ ਹੋ ਜਾਂਦਾ? ਮਿਟ ਨਹੀਂ ਜਾਂਦਾ?... ਸੁਆਹ ... ਸੁਆਹ...

***

... ਸੁਆਹ ... ਜਦ ਬੇਬੇ ਗੋਹੇ ਦੀ ਅੱਗ ਦਾ ਭਖਦਾ ਅੰਗਿਆਰ ਚੁੱਲ੍ਹੇ 'ਚੋਂ ਚਿਮਟੇ ਨਾਲ ਚੁੱਕ ਕੇ ਲਿਆਈ ਤਾਂ ਇਹ ਬਿਲਕੁਲ ਲਾਲ ਸੀ । ਲਿਆ ਕੇ ਰੱਖਦੇ ਸਾਰ ਹੀ ਲਾਲੀ ਉੱਤੇ ਹਲਕੇ ਨੀਲ ਦੇ ਰੰਗ ਦੀ ਸੁਆਹ ਬਣਨ ਲੱਗੀ । ਪਲ ਕੁ ਬਾਅਦ ਸੁਆਹ ਬਣ ਬਣ ਕੇ ਗੋਹੇ ਤੋਂ ਝੜਨ ਲੱਗੀ । ਸੁਆਹ?... ਸੁਆਹ ਹੀ ਤਾਂ ਵਿਛਾਈ ਸੀ । ਇਸੇ ਚੁੱਲ੍ਹੇ ਦੀ । ਉਸ ਥਾਂ ਉੱਤੇ ਜਿੱਥੋਂ ਮੇਰੇ ਬਾਬੇ ਦੀ ਲਾਸ਼ ਚੁੱਕੀ ਸੀ । ਉਸੇ ਅੰਦਰ ਜਿੱਥੇ ਬਹਿ ਕੇ ਮੈਂ ਪੰਜਵੀਂ, ਅੱਠਵੀਂ ਤੇ ਬੀ.ਏ. ਦੇ ਪੇਪਰਾਂ ਦੀ ਤਿਆਰੀ ਕਰਦਾ ਹੁੰਦਾ ਸੀ । ਬਾਬੇ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਮੇਰਾ ਬਾਪ ਘਰ ਤੋਂ ਬਾਹਰ, ਬਿਲਕੁਲ ਬੇਸਮਝ ਖੜ੍ਹਾ, ਰੇਹ ਦੇ ਢੇਰ ਵੱਲ ਮੂੰਹ ਕਰ ਕੇ ਧਾਹਾਂ ਮਾਰਦਾ ਤੇ ਫੋਲੇ ਵਾਲੀ ਸੱਜੀ ਅੱਖ ਤੋਂ ਹੰਝੂ ਪੂੰਝਦਾ ਸੀ ...

''ਬਾਈ ਤੂੰ ਕਿੱਥੇ ਨੂੰ ਚੱਲਿਆ... ਬਾਈ... ਅ... ਬਾਈ... ਅ, ਅਪਣੇ ਜੀਆਂ ਨੂੰ ਛੱਡ ਕੇ ''

ਮੈਂ ਬਚੂੰਗੜਾ ਜਿਹਾ ਲਾਸ਼ ਦੁਆਲੇ ਬੈਠੇ ਚਾਚੇ... ਤਾਈਆਂ ਨੂੰ ਨਿਊਂ ਕੇ ਮੱਥਾ ਟੇਕਣ ਵਾਂਗ ਕੀਰਨੇ ਪਾਉਂਦੇ ਦੇਖਦਾ ਰਿਹਾ... ਮੈਨੂੰ ਹੈਰਾਨੀ ਹੋਈ... ਕੀ ਹੋ ਗਿਆ... ਸੁਆਹ... ਐਂਵੇ... ਤੇ ਰਾਤ ਨੂੰ ਉਸੇ ਜਗ੍ਹਾ ਉੱਤੇ ਸੁਆਹ ਦੀ ਚੌਖ਼ਟ ਵਿਛਾ ਦਿੱਤੀ ਸੀ । ਸਵੇਰੇ ਮੇਰੀ ਜਾਗ... ਹਾਂਅ ਸਵੇਰੇ ਹੀ ਜਾਗ ਖੁੱਲ੍ਹਦੇ ਸਾਰ ਘਰ ਦੇ ਸੋਗ ਵਿੱਚੋਂ ਘੁਸਰ ਮੁਸਰ ਸੁਣੀ ਕਿ ਬਾਬਾ ਅਗਲੇ ਜਨਮ ਸੱਪ ਦੀ ਜੂਨ ਪਿਐ... ਕਹਿੰਦੇ ਸਾਡੇ ਸੁੱਤਿਆਂ ਸੁੱਤਿਆਂ ਸੁਆਹ ਹਿੱਲ ਹਿੱਲ ਕੇ, ਸੱਪ ਦੀ ਸ਼ਕਲ ਅਖ਼ਤਿਆਰ ਕਰ ਗਈ ... ਲੈ? ਸੁਆਹ ਕਿਮੇ ਹਿੱਲ ਗਈ?

'' ਬੇਬੇ, ਬਾਬਾ ਮਰ ਕੇ ਕਿੱਥੇ ਗਿਆ?''

'' ਅਸਮਾਨ 'ਚ, ਤਾਰਿਆਂ ਕੋਲ''

'' ਤਾਰਿਆਂ ਕੋਲ ਕੀ ਹੁੰਦਾ?''

'' ਰੱਬ''

'' ਮਰ ਕੇ ਰੱਬ ਕੋਲ ਚਲੇ ਜਾਈਦਾ?''

'' ਹਾਂਅ, ਪੁੱਤ''

'' ਸਾਰੇ ਰੱਬ ਕੋਲ ਚਲੇ ਜਾਂਦੇ ਐ?''

'' ਹੋਰ... ਰੱਬ ਕੋਲ... ਬਸ ਰੱਬ-ਏ ਬਣ ਜਾਂਦੇ ਐ ।''

... ਮਾਂ ਦਾ ਚਿਹਰਾ ਵੀ ਗੋਹੇ ਦੇ ਅੰਗਿਆਰ ਵਾਂਗ ਲਾਲ ਸੀ । ਕਿੰਨੀ ਸੋਹਣੀ ਤੇ ਜੁਆਨ ਸੀ ਮੇਰੀ ਮਾਂ ਉਦੋਂ । ਓਦਣ ਮੌਸ ਚੌਦਾਂ ਸੀ । ਮਾਂ ਨੇ ਬਿਆਈਆਂ ਤੇ ਅੱਟਣਾਂ ਵਾਲੇ ਹੱਥਾਂ ਨਾਲ ਥੋੜ੍ਹੀ ਜਹੀ ਮਿੱਟੀ ਵਿੱਚ ਭੋਰਾ ਕੁ ਗੋਹਾ ਰਲਾ ਕੇ ਤੜਕੇ ਈ ਘਰ ਵਿੱਚਲੀ ਸਭ ਤੋਂ ਖ਼ਾਸ ਥਾਂ ਉੱਤੇ ਚੌਰਸ ਪੋਚਾ ਮਾਰ ਦਿੱਤਾ ਸੀ... ਤੇ ਜਦੋਂ ਤੱਕ ਇਹ ਥਾਂ ਸੁੱਕਦੀ ਰਹੀ ਉਹ ਰਸੋਈ 'ਚ ਬੈਠੀ ਕਈ ਤਰ੍ਹਾਂ ਦੇ ਪਕਵਾਨ ਬਣਾ ਬਣਾ ਕੇ ਇੱਕ ਖੂੰਜੇ ਵਿੱਚ ਟਿਕਾਈ ਗਈ ।

''ਬੇਬੇ ਕਿਆ ਬਣਾਇਆ'', ਢੱਕਣਾਂ ਦੇ ਬਾਵਜੂਦ ਰਿ੍ਹੰਨੇ ਸਮਾਨ ਦੀਆਂ ਲਪਟਾਂ ਸਾਰੇ ਘਰ 'ਚ ਫੈਲ ਗਈਆਂ ਸਨ । ਕੜਾਹ ਪ੍ਰਸ਼ਾਦ ਵਿੱਚੋਂ ਆਉਂਦੀ ਦੇਸੀ ਘੀ ਦੀ ਖੁਸ਼ਬੂ ਮੂੰਹ 'ਚ ਪਾਣੀ ਲੈ ਆਈ ।

'' ਨਹੀਂ...'' ਜਿਵੇਂ ਗਲਤੀ ਕਾਰਨ ਮੈਨੂੰ ਝਿੜਕ ਪਈ, ''ਪਹਿਲਾਂ ਮੱਥਾ ਟੇਕ ਲੀਏ'' ।

...ਤੇ ਫੇਰ ਉਸ ਨੇ ਲਿੱਪੇ ਪੋਚੇ, ਸੁੱਕ ਕੇ ਅਲੱਗ ਦਿਸਦੇ ਚੌਰਸ ਟੁੱਕੜੇ ਦੁਆਲੇ ਕਣਕ ਦੇ ਚਿੱਟੇ ਆਟੇ ਦੀਆਂ ਚੁਟਕੀਆਂ ਭਰ ਭਰ ਕੇ ਲਕੀਰਾਂ ਵਾਹ ਦਿੱਤੀਆਂ । ਨਾਲੋ ਨਾਲ ਬੁੜ ਬੁੜ ਕਰਦੀ ਰਹੀ:

'' ਯਾ ਬਾਪੂ ਜੀ ... ਬਾਈ ਜੀ''

'' ਯਾ ਬੇਬੇ ਜੀ...''

ਪਿੱਤਲ ਦੀ ਕੌਲੀ 'ਚ ਕੋਸੇ ਪਾਣੀ ਵਾਂਗ ਲੱਗਦਾ ਦੇਸੀ ਘੀ ਰੱਖਿਆ । ਬਣਾਈਆਂ ਸਾਰੀਆਂ ਚੀਜ਼ਾਂ... ਖੀਰ, ਕੜਾਹ, ਸਾਬਤ ਕਾਲੇ ਮਾਂਹਾਂ ਦੀ ਦਾਲ... ਚੋਪੜੀਆਂ ਰੋਟੀਆਂ ਥਾਲੀਆਂ, ਕੌਲੀਆਂ 'ਚ ਪਾ ਕੇ ਚੌਰਸ ਟੁਕੜੇ ਦੇ ਦੁਆਲੇ ਟਿਕਾ ਕੇ, ਹੋਰ ਈ ਰੌਂਅ 'ਚ ਹੱਥ ਜੋੜਦੀ ਨੇ ਮੱਥੇ ਨੂੰ ਲਾ ਲਏ । ਪਾਣੀ ਦਾ ਗੜਵਾ ਰੱਖਦੀ ਨੇ ਸਭ ਨੂੰ ਹਾਕਾਂ ਮਾਰ ਦਿੱਤੀਆਂ:

'' ਆ ਜੋ... ਹੋ ਗਿਆ... ਤਿਆਰ... ਮੱਥਾ ਟੇਕ ਲੋ ।''

'' ਅੱਗ ਦਾ ਗੋਹਾ ਰੱਖ'', ਬਾਪੂ ਨੇ ਮੱਥਾ ਟੇਕਣ ਬੈਠਦੇ ਸਾਰ ਹੀ ਬੇਬੇ ਨੂੰ ਇਸ ਰਹਿ ਗਈ ਚੀਜ਼ ਦੀ ਯਾਦ ਦਿਲਾਉਂਦਿਆਂ ਚੱਪਲ ਮਾਰ ਕੇ ਅੱਖਾਂ ਮੀਚ ਲਈਆਂ ਸਨ । ਬੇਬੇ ਨੇ ਭਖਦੀ ਲਾਲ ਪਾਥੀ ਆਟੇ ਦੀ ਚੁਗਾਠ ਦੇ ਐਨ ਗੱਭੇ ਤੋਂ ਥੋੜ੍ਹਾ ਹੇਠਾਂ ਕਲਾਕਾਰਾਂ ਵਾਂਗ ਚਿਮਟੇ ਨਾਲ ਟਿਕਾ ਦਿੱਤੀ । ਅਸੀਂ ਵੀ ਸਾਰੇ ਭੈਣ ਭਾਈਆਂ ਨੇ ਸਿਰਾਂ 'ਤੇ ਪਟਕੇ, ਚੁੰਨੀਆਂ ਲੈ ਕੇ ਮਾਂ ਬਾਪ ਦੀ ਨਕਲ ਮਾਰ ਦਿੱਤੀ । ਮੈਂ ਬਾਪੂ ਦੀਆਂ ਬੰਦ ਅੱਖਾਂ ਦੇਖ ਕੇ ਆਪਣੀਆਂ ਅੱਖਾਂ ਮੁੰਦ ਲਈਆਂ... ਫੇਰ ਅੱਖਾਂ ਖੋਲ੍ਹੀਆਂ... ਬਾਪੂ ਬੰਦ ਅੱਖਾਂ ਮੁਗਧ ਹੋਈ ਬੈਠਾ ਸੀ । ਬਾਪੂ ਨੇ ਦੇਸੀ ਘੀ 'ਗੂਠੇ ਤੇ ਉਂਗਲਾਂ ਵਿੱਚ ਭਰ ਕੇ ਭਖਦੇ ਗੋਹੇ 'ਤੇ ਚੋਅ ਦਿੱਤਾ । ਘੀ ਦੇ ਗੋਹੇ 'ਤੇ ਗਿਰਦੇ ਸਾਰ ਹੀ ਖੂਸ਼ਬੂਦਾਰ ਧੂੰਏਾ ਦਾ ਭਬੂਕਾ ਨਿਕਲਿਆ...

''ਯਾ ਬਾਈ ਜੀ ਤੇਰਾ ਆਸਰਾ... ਬੜਾ ਕੁਸ ਦੇ ਗਿਆ ਤੂੰ, ਤੇਰਾ ਸੁਰਗਾਂ 'ਚ ਵਾਸ ਹੋਵੇ,'' ਤੇ ਰੋਟੀ ਦੀਆਂ ਬੁਰਕੀਆਂ ਵਿੱਚ ਦਾਲ, ਖੀਰ ਭਰ ਭਰ ਕੇ ਅੱਗ ਦੇ ਗੋਹੇ ਦੇ ਨੇੜੇ ਜਹੇ ਟਿਕਾਈ ਜਾਂਦਾ । ਕੌਲੀਆਂ, ਥਾਲੀਆਂ ਨੂੰ ਅਗਾਂਹ ਪਿਛਾਂਹ ਖਿਸਕਾਈ ਜਾਂਦਾ । ਆਟੇ ਦੀਆਂ ਲਕੀਰਾਂ ਟੇਢੀਆਂ ਮੇਢੀਆਂ ਹੋ ਗਈਆਂ, '' ਅਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀਂ । ਧੰਨ ਹੈਂ ਤੂੰ ਦਾਤਾ । ਭੁੱਲਾਂ ਬਖ਼ਸ਼ਣਹਾਰ । ਸਭ ਕੁਸ ਤੇਰਾ ਦਿੱਤਾ । ਪੱਥਰ 'ਚ ਕੀੜੇ ਨੂੰ ਰਿਜਕ ਦਿੰਦਾ ਮ੍ਹਾਰਾਜ । ਮਿਹਰ ਕਰੀਂ । ਬਖ਼ਸ਼ੀਂ । ਸੁੱਖ... ਸ਼ਾਨਤੀ... ਦਿਲ ਨਾ ਦੁਖਾਈਂ...''

ਫੇਰ ਬੇਬੇ ਵੱਡਾ ਸਾਰਾ ਘੁੰਡ ਕੱਢ ਕੇ ਆਪਣੇ ਸੱਸ ਸਹੁਰੇ ਦਾ ਨਾਂਓ ਲੈਂਦੀ ਤੇ ਅੱਗ 'ਚ ਘਿਓ ਸਿੱਟਦੀ : ''ਯਾ ਬਾਈ ਜੀ... ਬੇਬੇ ਜੀ... ਤੂੰ ਸਾਨੂੰ ਜਿਉਂਦਿਆਂ 'ਚ ਕਰ ਗਿਆ । ਐਨਾ ਤੈਂ ਮੇਰੇ ਬੱਚਿਆਂ ਨੂੰ ਪਿਆਰ ਕਰਨਾ,'' ਫੇਰ ਘੁੰਡ ਨੂੰ ਥੋੜ੍ਹਾ ਘੱਟ ਕਰਦੀ,'' ਤੇਰਾ ਸੁਰਗਾਂ 'ਚ ਵਾਸ ਹੋਵੇ, ਦਾਤਾ । ਤੱਤੀ ਵਾਓ ਨੀਂ ਲੱਗਣ ਦਿੱਤੀ ਤੈਂ ਜਿਉਂਦੇ ਜੀਅ । ਹੁਣ ਵੀ ਤੇਰਾ ਆਸਰਾ... ਠੰਡ ਵਰਤਾਈਂ... ਬਰਕਤਾਂ ਪਾਈਂ... ਲੰਬੀਆਂ ਉਮਰਾਂ...'', ਫੇਰ ਅਸੀਂ ਸਾਰਿਆਂ ਨੇ ਇਸ 'ਥਾਨ ਅੱਗੇ ਹੱਥ ਬੰਨ੍ਹ ਕੇ ਮੱਥਾ ਜਿਹਾ ਟੇਕ ਦਿੱਤਾ । ਮੈਂ ਵੀ ਮਾਂ ਵਾਂਗ ਦੋ ਵਾਰ 'ਵਾਹਿਗੁਰੂ' ਬੋਲ ਦਿੱਤਾ । ਉੱਠ ਖੜਿ੍ਹਆ । ਕੀ ਗੱਲ ਸੀ ਭਲਾਂ? ਹੁਣ ਦੇਣ ਛੇਤੀ ਖਾਣ ਨੂੰ ...

'' ਕਾਂ... ਓਂ... ਅ... ਵਾਸ''

'' ਕਾਂ... ਓਂ... ਅ... ਵਾਸ''

ਬਾਪੂ ਅਨਪੜ੍ਹ ਅੰਗੂਠਾ ਛਾਪ ਸੀ । ਸਾਨੂੰ ਪਤਾ ਨਾ ਲੱਗੇ ਕਿ ਉਹ ਕੀ ਕਹਿ ਰਿਹਾ ਸੀ । ਇਹੀ ਕਹਿੰਦਾ ਕਹਿੰਦਾ ਉਹ ਮੋਗਰੇ ਵਰਗੇ ਸੱਜੇ ਹੱਥ 'ਚ ਦਾਲ, ਖੀਰ, ਕੜਾਹ ਦੀਆਂ ਬੁਰਕੀਆਂ ਭਰ ਭਰ ਕੋਠੇ ਦੀ ਛੱਤ ਉੱਤੇ ਦਬਾ ਦਬਾ ਸੁੱਟਦਾ ਰਿਹਾ । ਅਸੀਂ ਉਸ ਨੂੰ ਪੌੜੀ ਦੇ ਉਪਰ ਚੜ੍ਹੇ ਨੂੰ ਥੱਲੇ ਤੋਂ ਜੋ ਮੰਗਦਾ ਫੜਾਈ ਜਾਂਦੇ ।

'' ਹੋਰ ਲਿਆ... ਰੱਜ ਕੇ...'', ਖਾਣ ਪੀਣ ਦਾ ਸਮਾਨ ਦੇਖ ਕੇ ਛੱਤ 'ਤੇ ਪੰਛੀ ਆ ਉਤਰੇ, ''... ਕਾਂਓਂ ਵਾਸ... ਮਿਰਚ ਲਿਆ ਹਰੀ... ਹਰੀ ਮਿਰਚ ਦਾ ਸ਼ਕੀਨ ਤਾ... ਪਾਣੀ? ... ਛੇਤੀ ... ਕਿਤੇ ਗਲ਼ ਬੁਰਕੀ ਨਾ ਲੱਗ ਜਵੇ...'' ਉਸ ਦੀ ਸੰਘੀ ਬੈਠ ਗਈ,'' ਕਾਂਓਂ ਵਾਸ '', ਬਾਪੂ ਇਹ ਕੰਮ ਨਿਬੇੜ ਕੇ ਹੇਠਾਂ ਆ ਕੇ ਕੰਧ ਨਾਲ ਢਾਸਣਾ ਲਾ ਕੇ ਬਹਿ ਗਿਆ । ਹੱਥ ਜੋੜੀ ਬੈਠਾ ਉਹ ਹੋਰ ਈ ਦੁਨੀਆ ਦਾ ਜੀਵ ਲੱਗਿਆ । ਮਾਂ ਨੇ ਸਭ ਦੀ ਤਲੀ 'ਤੇ ਕੜਾਹ ਪ੍ਰਸ਼ਾਦ ਰੱਖ ਦਿੱਤਾ ।

''ਦੇ ਨਿਆਣਿਆਂ ਨੂੰ ਹੁਣ... ਖਾਓ...'' ਬਾਪੂ ਨੂੰ ਐਨਾ ਜੋਸ਼ ਤੇ ਕਾਹਲ ਕਿ ਨਲਕੇ 'ਤੋਂ ਹੱਥ ਧੋ ਕੇ ਮੁੜਿਆ ਪਰ ਹੱਥ ਅਜੇ ਵੀ ਅੱਧੇ ਲਿੱਬੜੇ ਪਏ ਸਨ ।

ਮਾਂ ਥਾਲੀਆਂ ਲਿਆ ਲਿਆ ਸਭ ਨੂੰ ਦੇਣ ਲੱਗੀ,'' ਐਥੀ ਬੈਠੇ ਰਹਿਣਾ ਕੰਧ ਨਾਲ ਢੋਅ ਲਾ ਕੇ । ਰੋਟੀ ਨੀਂ ਮੰਗਣੀ । ਮੈਂ ਹਾਜਰੀ ਦਹੀਂ ਵਿੱਚ ਆਦਾ ਹਰੀ ਮਿਰਚ ਕੁੱਟ ਕੇ ਦੇਣੀ । ਖਾ ਕੇ ਬੈਠਾ ਰਹਿਣਾ । ਭਮਾਂ ਸਾਰਾ ਦਿਨ ਨਾ ਪੁੱਛੋ । ਅਹਿਆ ਜਾ ਸਬਰ ਸੰਤੋਖ । ਪੁੱਛਣਾ: ਰੋਟੀ? 'ਲੈ ਮੈਂ ਹੁਣੇ ਤਾਂ ਖਾਧੀ ਐ ।' ਐਨਾ ਭਾਗ ਪ੍ਰਤਾਪ । ਤੇਰਾ ਸੱਤ ਜਨਮ ਭਲਾ ਹੋਵੇ । ਗੰਦ 'ਚੋਂ ਕੱਢ ਗਿਆ...'', ਮਾਂ ਫੇਰ ਤਾਰਿਆਂ ਦੀ ਦੁਨੀਆ ਤੋਂ ਮੁੜਦੀ,'' ਖਾਓ ਪੁੱਤ... ਸਾਰੇ''

ਪਹਿਲਾਂ ਜੀਅ ਕਰਦਾ ਹੁੰਦਾ ਕਿ ਕੌਲੇ ਭਰ ਭਰ ਖਾ ਜੀਏ । ਜਦ ਮਾਂ ਕੜਛੀਆਂ ਭਰ ਭਰ ਦਿੰਦੀ ਤਾਂ ਖਾ ਈ ਨਾ ਹੁੰਦਾ । ਮੂੰਹ ਮੁੜ ਜਾਂਦਾ । ਅੱਧ-ਪਚੱਧਾ ਖਾ ਕੇ ਭਾਂਡਿਆਂ ਦੇ ਵਿੱਚੇ ਈ ਛੱਡ ਕੇ, ਪਤਾ ਨਹੀਂ ਅਸੀਂ ਕੀ ਕੀ ਕਰਨ ਲੱਗ ਜਾਂਦੇ । ਵਿਹੜੇ 'ਚ ਦੜੂੰਗੇ ਮਾਰਦੇ ਫਿਰੀ ਜਾਂਦੇ । ਕੋਠੇ ਦੀ ਛੱਤ ਉੱਤੇ ਬੈਠੇ ਕਾਂ ਤੇ ਹੋਰ ਪੰਛੀ ਬਾਪੂ ਦੀਆਂ ਸੁੱਟੀਆਂ ਬੁਰਕੀਆਂ ਉੱਤੇ ਦਿਨ ਭਰ ਠੁੰਗਾਂ ਮਾਰਦੇ 'ਕਾਂ... ਕਾਂ...' ਕਰਦੇ ਰਹਿੰਦੇ ਤਾਂ ਬਾਪੂ ਖਿੱਝ ਕੇ ਕਦੇ ਸਾਨੂੰ ਤੇ ਕਦੇ ਪੰਛੀਆਂ ਨੂੰ ਗਾਲ਼ਾਂ ਕੱਢ ਦਿੰਦਾ ।

ਪਤਾ ਨਹੀਂ ਸਾਲ 'ਚ ਅਚਾਨਕ ਅਜਿਹੇ ਇੱਕ ਦੋ ਦਿਨ... ਵਸਾਖੀ... ਦੁਆਲੀ... ਮੌਸ ਕਿਵੇਂ ਆ ਟਪਕਦੇ ਕਿ ਸੁੰਘ ਕੇ ਹੀ ਸੁਆਦ ਨਾਲ ਰੂਹ ਭਰ ਜਾਂਦੀ । ਬਾਕੀ ਦਿਨ?

***

ਬਾਪੂ ਚੌਂਹਠ ਸਾਲ ਦਾ ਦਿਲ ਦਾ ਦੌਰਾ ਪੈ ਕੇ ਮਰਿਆ ਤਾਂ ਮਾਂ ਦੇ ਨਿੱਤ ਦਿਹਾੜੇ ਦੇ ਵੈਣਾਂ ਨੇ ਉਸ ਨੂੰ ਆਪ ਨੂੰ ਦੋ ਸਾਲ ਵੀ ਨਾ ਜਿਊਣ ਦਿੱਤਾ । ਕੋਈ ਰਿਸ਼ਤੇਦਾਰ ਮਿੱਤਰ ਬੇਲੀ ਆ ਜਾਂਦਾ ਤਾਂ ਬਾਪੂ ਦੀਆਂ ਚੰਗੀਆਂ ਚੰਗੀਆਂ ਯਾਦਾਂ ਲੈ ਕੇ ਬਹਿ ਜਾਂਦੀ ਤੇ ਰੋ ਧੋ ਕੇ ਹੀ ਉੱਠਦੀ । ਬਾਪੂ ਦੇ ਗੁਜ਼ਰਨ ਤੋਂ ਬਾਅਦ ਦੋ ਸਾਲ ਹਰ ਦੂਏ ਤੀਏ ਦਿਨ ਦਰਦ ਦੀ ਹੇਕ ਲਾ ਕੇ ਘਰ ਦੀਆਂ ਕੰਧਾਂ ਕੰਬਣ ਲਾ ਦਿੰਦੀ:

''ਮੌਸ ਆਲਾ ਹੋ ਗਿਆ ਹੁਣ ਤੂੰ...'', ਬਾਪੂ ਦੇ ਜਿਊਂਦੇ ਜੀਅ ਤਾਂ ਸਾਨੂੰ ਇਹੀ ਪਤਾ ਸੀ ਕਿ ਬੇਬੇ ਬਾਪੂ ਡੰਗਰਾਂ ਦਾ ਕੱਖ ਕੰਡਾ ਕਰਦੇ ਐ ਤੇ ਇੱਕ ਦੂਜੇ ਨਾਲ ਲੜਦੇ ਐ । ਇੱਕ ਦੂਜੇ ਨਾਲ ਲੜੇ ਬਗ਼ੈਰ ਜਿਵੇਂ ਉਹਨਾਂ ਨੂੰ ਰੁੱਖੀ ਸੁੱਖੀ ਰੋਟੀ ਪਚਦੀ ਨਹੀਂ ਸੀ । ਮਾਂ ਡਰਦੀ ਉਦੋਂ ਸੀ ਜਦੋਂ ਬਾਪੂ ਉਸ ਨੂੰ ਮਾਰਨ ਨੂੰ ਪੈਂਦਾ ਸੀ । ਜੇ ਕਿਤੇ ਬੇਬੇ ਦੇ ਕੁਝ ਵੱਜ ਜਾਂਦਾ ਤਾਂ ਸੱਤ ਦਿਨਾਂ ਤੱਕ ਲੜਨ ਦਾ ਦਾਈਆ ਲਾ ਲੈਂਦੀ ਸੀ । ਇੱਕ ਵਾਰ ਬਾਹਰੋਂ ਆਏ ਬਾਪੂ ਨੇ ਰੋਟੀ ਮੰਗੀ ਤਾਂ ਬੇਬੇ ਅਜੇ ਕੂੰਡੀ 'ਚ ਮਸਾਲਾ ਕੁੱਟ ਰਹੀ ਸੀ । ਉਹ ਭੁੱਖ ਬਰਦਾਸ਼ਤ ਨਹੀਂ ਸੀ ਕਰ ਸਕਦਾ । ਗੁੱਸੇ 'ਚ ਮਾਂ ਦੇ ਹੱਥੋਂ ਕੂੰਡੀ ਵਾਲਾ ਸੋਟਾ ਖੋਹ ਕੇ, ਓਹਦੇ ਹੱਥ 'ਤੇ ਦੇ ਮਾਰਿਆ । ਬਾਪੂ ਦੇ ਮਰਨ ਤੱਕ ਉਹ ਮਾਂ ਲਈ 'ਕਾਲੇ ਮੂੰਹ ਆਲਾ', 'ਟੌਂਡਾ' ਤੇ 'ਅੱਗ ਲੱਗਣਾ' ਈ ਰਿਹਾ... ਮਾਂ ਦਾ ਹੱਥ ਬੀਂਗਾ ਈ ਰਿਹਾ ।

'' ਹੁਣ ਕ੍ਹੀਦੇ ਨਾਲ ਲੜਨਾ, ਬੱਚਿਆ... ਦੁੱਖ, ਸੁੱਖ, ਮੋਹ, ਗਿਲਾ, ਗੁੱਸਾ, ਜੀਊਂਦਿਆਂ ਦਾ... ਮਰਿਆਂ ਦਾ ਕਿਆ...'', ਮਾਂ ਕਿੰਨਾ ਸੱਚ ਬੋਲਦੀ ਸੀ । 'ਮਰਿਆਂ ਦਾ ਕਿਆ' । ਸੁਆਹ ਹੋਗੀ । ਹੋਰ ਕਿਆ । ਮਾਂ ਸਿੱਧਾ ਸੋਚਣ ਲੱਗ ਪਈ ਸੀ । ਹੱਥ ਭਾਂਵੇ ਅਜੇ ਵੀ... ਤੇ ਬਾਪੂ ਦੇ ਵਿਯੋਗ ਵਿੱਚ ਰੋਂਦੀ ਕੁਰਲਾਉਂਦੀ ਦੋ ਸਾਲ ਬਾਅਦ ਉਹ ਵੀ...

''ਰੱਬ ਕੋਲੇ ਚਲੇ ਗਈ, ਬੇਟਾ'', ਮੈਂ ਆਪਣੇ ਬੱਚਿਆਂ ਨੂੰ ਦੱਸਦਾ । ਮੇਰੀ ਰੂਹ ਵਿੱਚ ਦਰਦ ਹੁੰਦਾ । ਬੋਲਾਂ ਵਿੱਚ ਮਾਣ ਹੁੰਦਾ... ਤੇ ਮੈਂ ਦੋਵੇਂ ਬੇਟਿਆਂ ਨੂੰ ਬੇਬੇ ਬਾਪੂ ਦੀਆਂ ਹਕੀਕਤਾਂ ਬਾਤਾਂ ਵਾਂਗ ਸੁਣਾ ਦਿੰਦਾ... ਕਿ ਬਾਪੂ ਰੱਜ ਕੇ ਸਾਈਕਲ ਚਲਾਉਂਦਾ ਸੀ... ਕਿ ਸਰਦੀਆਂ ਦੇ ਪੰਜ ਮਹੀਨੇ ਉਹ ਪੂਰੇ ਚਾਰ ਵਾਰ ਨਹਾਉਂਦਾ ਸੀ... ਕਿ ਮਾਂ ਮੇਰੀਆਂ ਮਾੜੀਆਂ ਸਭ ਗੱਲਾਂ 'ਤੇ ਪੋਚਾ ਫੇਰ ਦਿੰਦੀ ਸੀ... ਕਿ ਬਾਪੂ ਨੇ ਕਦੇ ਕਿਸੇ ਡਾਕਟਰ ਤੋਂ ਦੁਆਈ ਨਹੀਂ ਲਈ ਸੀ... 'ਕਭੀ ਬੀਮਾਰ ਨਹੀਂ ਹੂਏ'... 'ਨਾ', ਉਂਜ ਤਿੰਨ ਚਾਰ ਵੈਦ ਉਸ ਦੇ ਆੜੀ ਸਨ, ਜੋ ਉਸ ਅਨਪੜ੍ਹ ਨੂੰ ਊਰਦੂ ਦਾ ਅਖ਼ਬਾਰ ਪੜ੍ਹ ਕੇ ਸੁਣਾਉਂਦੇ ਸਨ... ਇੱਕ ਵਾਰ ਉਸ ਨੇ ਉਂਜ ਈ ਬ੍ਹਰਮਾ ਨੰਦ ਕੋਲ ਅਖ਼ਬਾਰ ਸੁਣਦੇ ਸੁਣਦੇ ਨੇ ਪੱਦ ਮਾਰ ਕੇ, ਪੇਟ ਦੀ ਗੜਬੜ ਦਾ ਜ਼ਿਕਰ ਮਾਤਰ ਕਰ ਦਿੱਤਾ ਸੀ । ਵੈਦ ਨੇ ਧੱਕੇ ਨਾਲ ਈ ਉਸ ਨੂੰ ਹਰੇ ਰੰਗ ਦੀ ਦੁਆਈ ਬਿਨਾਂ ਮੰਗੇ ਤੋਂ ਮੁਫ਼ਤ ਦੇ ਦਿੱਤੀ ਸੀ... ਤੇ ਉਸ ਨੂੰ ਪਤਾ ਈ ਨਹੀਂ ਲੱਗਿਆ ਕਿ ਢੱਕਣ ਖੋਲ੍ਹ ਕੇ ਉਸ ਨੇ ਸਾਰੀ ਦੀ ਸਾਰੀ ਸ਼ੀਸ਼ੀ ਇੱਕੋ ਵਾਰ ਪੀ ਲਈ... ਕਿ ਬਾਪੂ ਚਾਰ ਰੋਟੀਆਂ ਵਿੱਚੀਂ ਇੱਕੋ ਵਾਰ 'ਗੂਠਾ ਲੰਘਾ ਦਿੰਦਾ ਸੀ... ਤੇ ਚਾਰ ਬੁਰਕੀਆਂ ਨੂੰ ਇੱਕੋ ਸਾਹ ਮੂੰਹ 'ਚ ਪਾਉਂਦੇ ਦੀ ਇੱਕ ਅੱਧੀ ਬੁਰਕੀ ਥਾਲ 'ਚ ਤਰੀ ਵਿੱਚ ਜਾ ਡੁੱਬਦੀ... ਕਿ... ਕਿ... ਬੱਚੇ ਕਦੇ ਇੰਨਾ ਹੱਸਦੇ ਕਿ... ਕਦੇ ਉਦਾਸ ਹੋ ਜਾਂਦੇ... ਕਦੇ ਪੁੱਛਦੇ... ਕਦੇ ਸੁਣਦੇ...

***

ਸਮਾਜ ਦੇ ਡਰ, ਰਿਸ਼ਤਿਆਂ ਦੇ ਬੋਝ ਅਤੇ ਬੱਚਿਆਂ ਤੇ ਉਹਨਾਂ ਨਾਲ ਜੁੜੀਆਂ ਜਿੰਮੇਵਾਰੀਆਂ ਦੀ ਦੌੜ ਭੱਜ 'ਚ ਹਫ਼ੇ ਅਸੀਂ ਮੀਆਂ ਬੀਵੀ ਲੜ ਪੈਂਦੇ । ਲੜਨ ਨੂੰ ਹੋਰ ਕੋਈ ਕਿੱਥੋਂ ਲੱਭਦਾ । ਵਕਤ ਨੇ ਇੱਕ ਦੂਜੇ ਨੂੰ ਸਮਝਣ ਪਛਾਣਨ ਦਾ ਮੌਕਾ ਈ ਨਹੀਂ ਦਿੱਤਾ । ਐਵੇਂ ਹੀ ਇੱਕ ਦਿਨ ਗਰਮ ਸਰਦ ਹੋਏ, ਬੱਚਿਆਂ ਦੇ ਜ਼ਿਦ ਕਰਨ ਉੱਤੇ ਹੋਟਲ 'ਚ ਰਾਤ ਦਾ ਖਾਣਾ ਖਾਣ ਚਲੇ ਗਏ । ਸਾਰੇ ਮੇਜ਼ ਕੁਰਸੀਆਂ ਖਾਲੀ ਪਏ ਸਨ । ਕਿਹੋ ਜਹੇ ਹੋਟਲ 'ਚ ਆ ਗਏ । ਬੱਚੇ ਲਗਭਗ ਨਰਾਜ਼ ਹੋ ਗਏ । ਭੁਪਿੰਦਰ, ਮੇਰੇ ਘਰਵਾਲੀ ਤੋਂ ਰਿਹਾ ਨਾ ਗਿਆ । ਉਸ ਨੇ ਬੈ੍ਹਰੇ ਤੋਂ ਪੁੱਛ ਲਿਆ:

''ਸਾਰਾ ਹਾਲ ਖਾਲੀ ਪਿਆ '' ਉਸ ਨੇ, ਜਕੇ ਜਹੇ ਨੇ, ਕੁਝ ਦੱਸ ਦੇਣ ਵਾਂਗ ਬੜੀ ਮੁਸ਼ਕਲ ਨਾਲ, ''ਸਰ ਸਰਾਧ ਚਲ ਰਹੇ ਐ'', ਕਹਿ ਦਿੱਤਾ । ਸ੍ਹਾਮਣੇ ਫਰੰਟ ਆਫ਼ਿਸ ਵਿੱਚ ਕਿਸੇ ਵਧੀਆ ਵਿਸਕੀ ਦਾ ਪੋਸਟਰ ਖਾਲੀ ਮੇਜ਼ਾਂ ਨੂੰ ਘੂਰ ਰਿਹਾ ਸੀ । ਬੱਚੇ ਚਿੜ੍ਹ ਗਏ । ਭੁਪਿੰਦਰ ਉਦਾਸ ਹੋ ਗਈ ।

''ਮੁਝੇ ਪਹਿਲੇ ਹੀ ਪਤਾ ਥਾ!'', ਵੱਡੇ ਮੁੰਡੇ ਦੇ ਮੂੰਹ ਕੋਲੋਂ ਵੱਡਾ ਸਾਰਾ ਮੱਛਰ ਉਡਾਰੀ ਮਾਰਦਾ ਸੋਗਮਈ ਸੁਰ ਅਲਾਪਦਾ ਨਿਕਲ ਗਿਆ । ਮੈਂ ਵੀ ਉਦਾਸ ਹੋ ਗਿਆ । ਦਫ਼ਤਰ ਦੇ ਮੈਨੇਜਰ ਵੀ.ਕੇ. ਗੋਸਵਾਮੀ ਦੀ ਗੱਲ ਯਾਦ ਆ ਗਈ :

''ਸਾਲ 'ਚ ਇੱਕ ਦਿਨ ਤਾਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ ਚਾਹੀਦੈ ।'' ਉਹ ਉਸ ਦਿਨ ਜਾਂ ਤਾਂ ਛੁੱਟੀ ਲੈਂਦਾ ਸੀ ਜਾਂ ਦੋ ਘੰਟੇ ਲੇਟ ਆਉਂਦਾ ਸੀ । ਪਰ ਮੈਂ ਸਰਾਧਾਂ ਵਿੱਚ ਵੀ ਮੀਟ ਖਾਈ ਜਾਂਦਾ ਸਾਂ । ਸ਼ਰਾਬ ਪੀ ਈ ਜਾਂਦਾ ਸਾਂ । ਪਹੇਵੇ 'ਉਸ' ਦੀ ਗਤ ਕਰਾਉਣ ਵੀ ਮਾਂ ਦੇ ਬਾਰ-ਬਾਰ ਕਹਿਣ ਉੱਤੇ ਮਰੇ ਤੋਂ ਦੋ ਸਾਲ ਬਾਅਦ ਗਿਆ ਸਾਂ । ਮੈਨੂੰ ਤਾਂ ਆਪਣੇ ਮਾਂ-ਬਾਪ ਦੇ ਮਰਨ ਦੀ ਤਰੀਕ ਵੀ ਯਾਦ ਨਹੀਂ ਰਹਿੰਦੀ । ਖਾਲੀ ਹਾਲ ਵਿੱਚੋਂ ਫੇਰ ਮੈਨੂੰ ਗੋਸਵਾਮੀ ਦੀ ਆਵਾਜ਼ ਆਉਣ ਲੱਗੀ, ''ਉਸ ਦਿਨ ਸੁਰਗਾਂ 'ਚ ਵਾਸ ਕਰਦੇ ਆਪਣੇ ਵੱਡੇ ਵਡੇਰੇ ਆਪਣੀਆਂ ਆਪਣੀਆਂ ਥਾਲੀਆਂ ਲੈ ਕੇ ਬਹਿ ਜਾਂਦੇ ਐ । ਬੋਲਦੇ ਕੁਝ ਨਹੀਂ । ਜੇ ਤੁਸੀਂ ਉਹਨਾਂ ਦੀ ਰੋਟੀ ਨਾ ਕਰੋ ਤਾਂ ਉਹ ਭੁੱਖੇ ਈ ਬੈਠੇ ਰਹਿੰਦੇ ਐ । ਬਾਕੀ ਖਾਈ ਜਾਂਦੇ ਐ । ਤੁਹਾਡੇ ਦੇਖੀ ਜਾਂਦੇ ਐ ।''... ਸਵਰਗ? ਉਹ ਨਰਕ 'ਚ ਨਹੀਂ ਹੋ ਸਕਦੇ?

''ਮੈਂ ਪਿਛਲੇ ਸਾਲ ਭੁੱਲ ਗਈ... ਹੁਣ ਨੀਂ ਮੈਂ ਭੁੱਲਣਾ...'' ਮੈਨੂੰ ਭੁਪਿੰਦਰ ਦੀ ਗੱਲ ਸਮਝ ਹੀ ਨਹੀਂ ਲੱਗੀ । ਖਾਣਾ ਸੁਆਦ ਨਹੀਂ ਸੀ । ਇੱਡੇ ਵੱਡੇ ਹਾਲ 'ਚ ਇਕੱਲੇ ਖਾਣਾ ਖਾਂਦੇ ਅਸੀਂ 'ਬਿੱਜੂ' ਲੱਗ ਰਹੇ ਸਾਂ ।

''ਡੈਡੀ, ਮੈਂਨੇ ਪਹਿਲੇ ਹੀ ਬੋਲਾ ਥਾ''

''ਕਹਿਤੇ 'ਮਹਿਕ' ਮੇਂ ਜਾਨਾ ਹੈ... ਦੇਖ ਲੀਆ'', ਵਾਪਸੀ 'ਤੇ ਵੀ ਬੱਚੇ ਸ਼ਿਕਾਇਤਾਂ ਕਰਦੇ ਰਹੇ । ਮੈਂ ਗਲਤ ਸਾਂ । ਮੈਨੂੰ ਅਜੀਬ ਉਦਾਸੀ ਨੇ ਘੇਰ ਲਿਆ । ਪੂਰੇ ਵਜੂਦ ਉੱਤੇ ਵਜ਼ਨ ਪੈ ਗਿਆ । ਭੀੜ 'ਚ ਵੀ ਇਕੱਲੇ ਹੋਣ ਦਾ ਬੋਝ ਵਰਗਾ ਅਹਿਸਾਸ... ਗਲਤ... ਗਲਤ...

... ਮੈਨੂੰ ਕਦੇ ਆਪਣੇ ਮਾਂ ਬਾਪ ਦਾ ਸੁਪਨਾ ਨਹੀਂ ਆਇਆ । ਪਰ ਉਸ ਰਾਤ ਘਰ ਦੀ ਤੀਸਰੀ ਮੰਜ਼ਲ ਉੱਤੇ ਧੋਤੀ ਲਾਈ ਬਾਪੂ ਮੈਨੂੰ ਦਿੱਸਿਆ... ਸੁਪਨੇ ਦੀ ਕੀ ਹਕੀਕਤ...? ...?... ਹਕੀਕਤ ਹੀ ਤਾਂ ਹੈ, ਉਹ ਮੈਨੂੰ ਦਿੱਸਿਆ... ਮੈਂ ਫ਼ਰਸ਼ 'ਤੇ ਕੰਧ ਨਾਲ ਢੋਅ ਲਾਈ ਬੈਠਾ ਸਾਂ । ਉਹ ਹੌਲੀ ਹੌਲੀ ਪੋਲੇ ਪੈਰੀਂ ਮੇਰੇ ਵੱਲ ਵਧਦਾ ਆ ਰਿਹਾ ਸੀ । ਧੋਤੀ ਦਾ ਹੇਠਲਾ ਹਿੱਸਾ ਫ਼ਰਸ਼ ਉੱਤੇ ਘਿਸਰ ਰਿਹਾ ਸੀ । ਤੁਰਦਾ ਤਾਂ ਧੋਤੀ 'ਚੋਂ ਨੰਗੇ ਪੈਰ ਬਾਹਰ ਨਿਕਲਦੇ । ਮੇਰੇ ਤੱਕ ਆ ਕੇ ਰੁੱਕਿਆ । ਫੇਰ ਮੁੜ ਗਿਆ... ਪਿਛਲੇ ਦਰਵਾਜ਼ੇ ਥਾਣੀ ਅਲੋਪ ਹੋ ਗਿਆ... ਫੇਰ ਉਹ ਮੈਨੂੰ ਸੜਕ 'ਤੇ ਟੱਕਰ ਗਿਆ । ਸਾਈਕਲ ਉੱਤੇ ਪੈਡਲ ਮਾਰਦਾ ਮੇਰੇ ਕੋਲੋਂ ਤੇਜ਼ੋ ਤੇਜ਼ ਨਿਕਲ ਗਿਆ । ਮੈਂ ਉਸ ਦੇ ਪਿੱਛੇ ਲੱਤਾਂ ਦੇ ਪੂਰੇ ਜ਼ੋਰ ਨਾਲ ਭੱਜਿਆ । ਬਰਾਬਰ ਜਾ ਕੇ ਮੈਂ ਉਸ ਦਾ ਖੱਬਾ ਹੱਥ ਹੈਂਡਲ ਤੋਂ ਫੜ ਕੇ ਖਿੱਚ ਲਿਆ । ਉਹ ਮੇਰੇ ਵੱਲ ਦੇਖੇ ਈ ਨਾ... ਨਰਾਜ਼ ਹੋਏਗਾ... ਮੈਂ ਗਲੇਡੂ ਭਰ ਕੇ ਉਸ ਨੂੰ ਆਵਾਜ਼ ਮਾਰੀ :

''ਬਾਪੂ... ਅ... ਅ...''

ਮੈਂ ਡਰ ਕੇ ਜਾਗ ਪਿਆ । ਬਾਪੂ? ਉਹ ਤਾਂ ਕਦੋਂ ਦਾ ਮਰ ਚੁੱਕਿਐ ਬਾਰਾਂ ਸਾਲ ਹੋਣ ਲੱਗੇ ਐ । ਉਸ ਦੀ ਸੂਰਤ ਦਾ ਤਸੱਵਰ ਵੀ ਮਨ ਵਿੱਚ ਮੱਧਮ... ਹੋਰ ਮੱਧਮ ਹੁੰਦਾ ਜਾ ਰਿਹੈ । ਮਾਂ ਦਾ ਵਜੂਦ ਜਿਹਨ ਵਿੱਚੋਂ ਮਿਟਦਾ ਜਾ ਰਿਹੈ... ਉਫ਼! ਅੱਧੀ ਰਾਤ । ਕੀ ਕਰਾਂ ਮੈਂ । ਐਲਪਰਾਜ਼ੋਲਮ ਦੀ ਗੋਲ਼ੀ ਖਾ ਕੇ ਫੇਰ ਸੌਂ ਗਿਆ...

''ਬੀਰ... ਓ ਬੀਰੇ... ਤੂੰ ਮੇਰਾ ਨਾਂਓ ਨੀਂ ਲਿੰਦਾ''

'' ਕੌਣ? ... ਮਹਿੰਦਰੋ ... ਭੈਣ ...'' ਫੇਰ ਉਸ ਦਾ ਛੋਟਾ ਜਿਹਾ ਅੱਧਾ ਇੱਕ ਅੱਖ ਵਾਲਾ ਮਾਸੂਮ ਚਿਹਰਾ ਦਰਵਾਜ਼ੇ ਦੇ ਪੱਲੇ ਦੀ ਓਟ 'ਚੋਂ ਦਿੱਸਿਆ । ਉਹ ਘਰ 'ਚ ਹੀ ਗੁੰਮ ਹੋ ਗਈ ਸੀ । ਪੁਰਾਣੇ ਟੁੱਟੇ ਦਰਵਾਜ਼ੇ ਪਿੱਛੇ ਖੜ੍ਹੀ, ਮੰਗ ਕੇ ਲਿਆਂਦੀ ਲੱਸੀ ਲੁਕ ਕੇ ਪੀ ਰਹੀ ਸੀ । ਪਤਾ ਨਹੀਂ ਕਿੱਥੇ 'ਮਰ' ਗਈ ਸੀ । ਸਭ ਥਾਂ ਲੱਭ ਹਟੇ । ਖੱਟੀ ਲੱਸੀ ਪੀਣ ਤੋਂ ਨਹੀਂ ਸੀ ਹਟਦੀ । ਕਿੰਨਾ ਮਨ੍ਹਾ ਕੀਤਾ ਮਾਂ ਨੇ । ਹੋਰ ਘਰ ਖਾਣ ਨੂੰ ਕੁਝ ਹੈ ਨਹੀਂ ਸੀ । ਉਹ ਮੈਨੂੰ ਹਾਕ ਮਾਰਦੀ ਦਰਵਾਜ਼ੇ ਦੀ ਓਟ 'ਚੋਂ ਨਿਕਲ ਆਈ । ਦੋ ਅੱਖਾਂ ਵਾਲਾ ਬੱਚਾ... ਹੈਂ... ਉਸ ਦਾ ਢਿੱਡ ਕਿੰਨਾ ਫੁੱਲਿਆ ਹੋਇਐ ।

''ਬੀਰੇ, ਮੈਂ ਤੇਰੀਆਂ ਸੁੱਖਾਂ ਸੁੱਖਦੀ ਹੁੰਦੀ ਤੀ । ਬੀਰ ਤੂੰ ਮੇਰੀ ਥਾਉਂ ਜੰਮ ਪੈਂਦਾ । ਤੂੰ ਮੇਰੀ ਥਾਉਂ ਈ ਜੰਮਿਆ ਬਾਅਦ 'ਚ । ਤੂੰ ਮੈਨੂੰ ਯਾਦ ਨੀਂ ਕਰਦਾ... ਤੇਰੀਆਂ ਸੁੱਖਾਂ ਸੁੱਖਦੀ ਮੈਂ...''

''ਹੁਣ ਕਿੱਥੇ ਐਂ ਤੂੰ?''

''ਰੱਬ ਕੋਲ, ਤਾਰਿਆਂ ਵਿੱਚ, ਕਦੇ ਦੇਖੀਂ ਰਾਤ ਨੂੰ ''

''ਮਾਂ ਤੇਰੇ ਛੋਟੇ ਛੋਟੇ ਕੱਪੜੇ, ਝੱਗੀਆਂ ਪਜਾਮੀਆਂ ਪੰਡੋਕੜੀ 'ਚ ਸਾਂਭ ਕੇ ਰੱਖਣੀਆਂ ਚਾਹੁੰਦੀ ਸੀ । ਪਰ ਬਾਬਾ ਨੀਂ ਮੰਨਿਆ । ਕਹਿੰਦਾ, ਪੁੱਤ ਕਿਆ ਕਰਨੇ ਐ । ਊਂਈਂ ਦੇਖ ਦੇਖ ਰੋਈ ਜਾਮੇਗੀ । ਲਿਆ ਉਰੇ । ਜੋ ਹੋ ਗਿਆ, ਸੋ ਹੋ ਗਿਆ... ਨਾਲ ਏ ਦੱਬ ਦੇਣੇ ਐ''

''ਬੀਰੇ ਮੇਰੇ ਤਾਂ ਕਪੜੇ ਘਸੇ ਫਟੇ ਹੋਏ... ਕਿਆ ਕਰਨੇ ਸੀ ਬੀਬੀ ਨੇ'', ਫੇਰ ਉਸ ਛੋਟੀ ਜਹੀ ਬੱਚੀ ਦੀਆਂ ਭਾਵ ਹੀਣ ਅੱਖਾਂ 'ਚੋਂ ਪਾਣੀ ਤੁਰ ਪਿਆ... ਫੇਰ ਉਸ ਦਾ ਮੂੰਹ ਵੀ ਪੇਟ ਵਾਂਗ ਫੁੱਲ ਕੇ ਐਨਾ ਫੈਲ ਗਿਆ ਕਿ ਮੇਰੇ ਦੁਆਲੇ ਬਹੁਤ ਡਰਾਉਣਾ ਘੇਰਾ ਪੈ ਗਿਆ...

...ਕਿੰਨਾ ਡਰਦਾਂ ਮੈਂ... ਅੱਠਵੀਂ ਵੀ ਪਾਸ ਨਹੀਂ ਕੀਤੀ । ਹੱਦ ਹੋ ਗੀ । ਦਫ਼ਤਰੋਂ ਛੁੱਟੀ ਲੈ ਕੇ ਅੱਠਵੀਂ ਦੀ ਜਮਾਤ 'ਚ ਜਾ ਬੈਠਾਂ । ਮਾਸਟਰਾਂ ਦਾ ਪਤਾ ਨਹੀਂ ਲੱਗਦਾ । ਉਹ ਮੈਨੂੰ ਪੁੱਛਦੇ ਹੀ ਨਹੀਂ... ਬਸ ਅੱਠਵੀਂ ਪਾਸ ਹੋ ਜਾਵੇ । ਅੱਠਵੀਂ 'ਚ ਫ਼ਰਸ਼ 'ਤੇ ਕੰਧ ਨਾਲ ਢੋਅ ਲਾ ਕੇ ਬੈਠਾ ਬੱਚਾ । ਉਹੀ 'ਬੱਚਾ' ਜਿਸ ਕੋਲ ਸਕੂਲ ਜਾਣ ਲਈ ਚਿੱਟੇ ਕੈਨਵਸ ਦੇ ਸ਼ੂਜ ਨਹੀਂ ਸਨ । ਕਿੰਨੀਆਂ ਹੀ ਕਮੀਆਂ ਦੇ ਬਾਵਜੂਦ ਸਕੂਲ ਚਲਿਆ ਜਾਂਦਾ ਸੀ । ਬਾਪ ਮੂਹਰੇ ਮੰਗਤਿਆਂ ਵਾਂਗ ਕੁਝ ਮੰਗਦੇ ਅਤੇ ਨਾਂਹ ਸੁਣਦੇ ਦੀ ਕਿੰਨੀ ਵਾਰ... ਉਹੀ ਬੱਚਾ ਜੋ ਭੁੱਬਾਂ ਮਾਰ ਕੇ ਰੋ ਪੈਂਦਾ ਸੀ... ਅੱਠਵੀਂ ਪਾਸ ਕਰਨ ਲਈ ਬਜ਼ਿੱਦ ਕਲਾਸ 'ਚ ਬੈਠਾ ਰੋ ਰੋ ਕੇ ਮੇਰੇ ਤੋਂ ਟੱਲੀ ਦੇ ਬੂਟੇ ਮੰਗ ਰਿਹਾ ਸੀ... ਖਾਖੀ ਨਿੱਕਰ... ਚਿੱਟੀ ਕਮੀਜ਼... ਪੰਦਰਾਂ ਅਗਸਤ... ਛੱਬੀ ਜਨਵਰੀ... ਤੇ ਫੇਰ ਮੈਂ ਲੰਬੀ ਛੁੱਟੀ ਲੈ ਕੇ ਬੀ.ਏ.ਪਾਸ ਕਰਨ ਲੱਗ ਪਿਆ... ਕਹਿੰਦੇ ਗਰੀਬਾਂ ਦੇ ਬੱਚਿਆਂ ਦੀ ਫੀਸ ਮੁਆਫ਼ ਹੁੰਦੀ ਐ । ਮੈਂ ਗਰੀਬ ਮਾਂ ਬਾਪ ਦਾ ਪੁੱਤ ਆਂ । ਸਭ ਨੂੰ ਪਤਾ । ਮੈਨੂੰ ਵੀ । ਫੀਸ ਮੁਆਫ਼... ਕਲਾਸਾਂ ਮੁੱਕ ਗਈਆਂ... ਸਭ ਨੂੰ ਰੋਲ ਨੰਬਰ ਮਿਲ ਗਏ... ਮੈਨੂੰ ਨਹੀਂ ਮਿਲਿਆ... ਫੀਸ ਤਾਂ ਭਰੀ ਨਹੀਂ... 'ਪੁੱਤ, ਤੂੰ ਮਾਂ ਤੋਂ ਪੱਚੀ ਰੁਪਏ ਮੰਗਦਾ ਤਾਂ ਸਈ'... ਪੈਸੇ ਲੈ ਕੇ ਦੋੜਿਆ । ਘੁੰਮਿਆ... ਤੇ ਅੰਤ ਨੂੰ ਜਦੋਂ ਮੇਰੇ ਉਪਰ ਡਿੱਗਦੀ ਯੂਨੀਵਰਸਟੀ ਦੀ ਉੱਚੀ ਬਿਲਡਿੰਗ ਦੇ ਬਾਹਰ ਮੈਨੂੰ ਰੋਲ ਨੰਬਰ ਮਿਲਣ ਤੋਂ ਅਖ਼ੀਰਲੀ ਨਾਂਹ ਹੋ ਗਈ ਤਾਂ ਮੇਰੀ ਜੀਭ ਦੰਦਾਂ ਹੇਠ ਘੁੱਟਣ ਦੇ ਬਾਵਜੂਦ ਪਿਛਾਂਹ ਨੂੰ ਹਟ ਗਈ ਤੇ... ਮੈਂ... ਮੈਂ... ਹੁਣ ਦੇਖਦਾਂ ਕਿਵੇਂ ਨੀਂ ਬੀ.ਏ.ਪਾਸ ਹੁੰਦੀ... ਬੀ.ਏ.ਨੀਂ ਹੁੰਦੀ ਪਾਸ? ਬਾਪੂ ਅੱਖਾਂ ਕੱਢੇ, ''ਹੁਣ ਮਰਿਆ ਤੂੰ'' ਬੀ.ਏ.ਨਹੀਂ ਹੁੰਦੀ, ਨਾ ਹੋਵੇ... ਪਰ ਮੈਂ ਆਪਣੀ ਨੌਕਰੀ 'ਤੇ ਤਾਂ ਜਾਵਾਂ... ਜਿੱਥੋਂ ਪੈਸਾ ਟੁੱਕ ਮਿਲਦੈ । ਕਿੰਨੀ ਛੁੱਟੀ ਮਾਰ ਲਈ । ਮੈਂ ਕਿੱਥੇ ਲੱਗਿਆ ਹੋਇਆਂ? ਹੁਣ ਮੇਰੀ ਪੋਸਟਿੰਗ ਕਿੱਥੇ ਹੋਵੇਗੀ? ਪਤਾ ਨਹੀਂ... ਕਿਸ ਨੂੰ ਪਤਾ ਹੋਵੇਗਾ... ਹਾਂ... ਵਿਨੋਦ ਭੱਟੀ ਨੂੰ ਪੁੱਛਦਾਂ... ਉਸ ਕੋਲ ਰਿਕਾਰਡ ਹੁੰਦੈ... ਭੱਟੀ ਓ... ਏ...ਅ...ਅ ਭੱਟੀ... ਅ...

ਮੈਂ ਘਬਰਾ ਕੇ ਜਾਗ ਪੈਂਦਾ ਹਾਂ... ਓ... ਹੋ... ਅ... ਕਿੰਨੀ ਬੇਵਸੀ... ਬੀ.ਏ. ਵੀ ਨਹੀਂ ਕਰ ਸਕਿਆ... ਹੈਂ... ਹੈਂ... ਫੇਰ ਹੋਸ਼ੋ ਹਵਾਸ ਵਿੱਚ ਆ ਕੇ ਸਮਝਦਾਂ ਕਿ ਬੀ.ਏ. ਤਾਂ ਕੀ ਮੈਂ ਐੱਮ.ਏ. ਵੀ ਪਾਸ ਕੀਤੀ ਹੋਈ ਐ । ਵੱਡੀ ਨੌਕਰੀ ਸਰਕਾਰ ਦੇ ਤੀਸਰੇ ਮਹਿਕਮੇ 'ਚ ਕਰਦਾਂ... ਖੁਸ਼ ਹੋ ਕੇ ਦਫ਼ਤਰ ਜਾਂਦਾਂ... ਪਰ ਮੇਰਾ ਉਹ ਪੰਜਵੀਂ ਛੇਵੀਂ... ਅੱਠਵੀਂ ਵਾਲਾ ਬੱਚਾ... ਮੇਰਾ ਉਹ ਬੀ.ਏ.'ਚ ਪੜ੍ਹਦਾ ਮੁੱਛ-ਫੁੱਟ ਮੈਨੂੰ 'ਕੱਲਾ ਛੱਡ ਗਏ... ਤੇ ਫੁੱਲੇ ਹੋਏ ਢਿੱਡ ਵਾਲੀ ਭੈਣ... ਮੇਰੀ ਸਮਝ ਤੋਂ ਪਹਿਲਾਂ ਈ...

***

''ਹੁਣ ਨੀਂ ਮੈਂ ਭੁੱਲੀ... ਮੈਂ ਕੰਧ 'ਤੇ ਡੇਟ ਲਿਖੀ ਹੋਈ ਸੀ... ਮੈਨੂੰ ਨਾਲ ਦਿਆਂ ਨੇ ਕਿਹਾ: ਤੁਸੀਂ ਆਪਣੇ ਵੱਡੇ ਵਡੇਰਿਆਂ ਨੂੰ ਕਿਉਂ ਨਹੀਂ ਮੰਨਦੇ... ਸੱਚੀਂ ਮੇਰੇ 'ਤੇ ਤਾਂ ਮਹੀਨੇ ਭਰ ਤੋਂ ਭਾਰ ਪਿਆ ਹੋਇਐ ।''

''ਕੀ ਬੋਲੀ ਜਾਨੀ ਐਂ?'' ਮੈਂ ਪਹਿਲਾਂ ਹੀ ਘਬਰਾਹਟ ਨਾਲ ਪਸੀਨੋ ਪਸੀਨੀ ਹੋਇਆ ਪਿਆ ਹਾਂ ।

'' ਪਤਾ ਨੀਂ ਤੁਹਾਨੂੰ?''

'' ਕੀ?''

'' ਅੱਜ ਮੌਸ ਚੌਦਾਂ ਐ''

''ਫੇਰ?''

'' ਮੈਂ ਰੋਟੀ ਕੀਤੀ ਹੋਈ ਐ, ਆਪਣੇ ਬਜ਼ੁਰਗਾਂ ਦੀ । ਮੈਂ ਤਾਂ ਚਾਰ ਵਜੇ ਦੀ ਉੱਠੀ ਵੀ ਐਂ । ਸਭ ਕੁਝ ਤਿਆਰ । ਤੁਸੀਂ ਪਤਾ ਨੀਂ ਘੰਟੇ ਦੇ ਸੁੱਤੇ ਸੁੱਤੇ ਕੀ ਬੁੜ ਬੁੜ ਕਰੀ ਜਾ ਰਹੇ ਓ । ਛੇਤੀ ਕਰੋ । ਤੁਸੀਂ ਪਹਿਲਾਂ ਨ੍ਹਾਉਣਾ ਹੋਣਾ । ਛੇ ਵੱਜਗੇ । ਨਾਲੇ ਮੁੰਡਿਆਂ ਨੂੰ ਉਠਾਓ ।''

ਘਰ 'ਚ ਗੈਸ ਰੱਖੀ ਐ । ਨਾ ਅੱਗ । ਨਾ ਗੋਹੇ । ਪਾਥੀਆਂ । ਚੁੱਲ੍ਹਾ । ਨਾ ਮਿੱਟੀ । ਨਾ ਉਹ ਪੋਚਾ । ਚੌਰਸ । ਨਾ ਮਾਂ ਦੀਆਂ ਬਿਆਈਆਂ । ਅੱਟਣ । ਨਾ ਬਾਪੂ ਦੀ ਅੱਖ ਦਾ ਫੋਲਾ । ਨਾ ਮਧਰੀ ਅੰਮਾਂ । ਨਾ ਖਾਲੀ ਮੂੰਹ ਵਾਲਾ ਬਾਬਾ... ਨਾ ਫੁੱਲੇ ਢਿੱਡ ਵਾਲੀ ਭੈਣ...

ਭੁਪਿੰਦਰ ਨੇ ਟੂਟੀ ਦੇ ਪਾਣੀ ਦਾ ਪੋਚਾ ਮਾਰ ਕੇ ਧੂਫ਼ ਧੁਖ਼ਾ ਦਿੱਤੀ ਹੈ । ਸਰ੍ਹੋਂ ਦੇ ਤੇਲ ਦੀ ਜੋਤ ਜਗਾ ਦਿੱਤੀ ਹੈ । ਬੱਚੇ ਸਿਰਾਂ 'ਤੇ ਰੁਮਾਲ ਰੱਖ ਕੇ ਬਹਿ ਗਏ ਹਨ । ਸਾਰਾ ਸਮਾਨ ਡੌਂਗਿਆਂ 'ਚ ਭਰ ਕੇ ਲਿਆ ਧਰਿਆ ਹੈ । ਜਦੋਂ ਦੀ ਜਾਗ ਖੁਲ੍ਹੀ ਹੈ, ਮੈਂ ਉਦੋਂ ਦਾ ਹੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਪਰ ਸਮਝ ਨਹੀਂ ਆ ਰਹੀ । ਮੈਂ ਰੋਟੀ ਦੀਆਂ ਬੁਰਕੀਆਂ ਉੱਤੇ ਸਬਜ਼ੀਆਂ, ਪ੍ਰਸ਼ਾਦ ਲਾ ਲਾ ਕੇ ਵਿਛਾਏ ਹੋਏ ਅਖ਼ਬਾਰ ਉੱਤੇ ਰੱਖ ਰਿਹਾ ਹਾਂ... ਘਰਵਾਲੀ ਵੀ... ਬੱਚੇ ਵੀ...

''ਬੇਟਾ ਅਰਦਾਸ ਕਰੋ'', ਪਤਾ ਨਹੀਂ ਬੱਚਿਆਂ ਨੂੰ ਅਰਦਾਸ ਕਰਨੀ ਵੀ ਆਉਂਦੀ ਹੈ ਕਿ ਨਹੀਂ । ਮੈਂ ਆਪਣੇ ਬਾਪ ਵਾਂਗ ਅੱਖਾਂ ਬੰਦ ਕਰ ਲਈਆਂ ਹਨ । ਮੈਨੂੰ ਵੀ ਅਰਦਾਸ ਕਰਨੀ ਨਹੀਂ ਆਉਂਦੀ । ਮਨ 'ਚ ਬੋਲਦਾ ਹਾਂ : 'ਬੇਬੇ', 'ਬਾਪੂ'... ਅੱਗੇ ਬੋਲ ਨਹੀਂ ਹੁੰਦਾ । ਸੋਚ ਨਹੀਂ ਹੁੰਦਾ । ਸਿਰ 'ਚ ਗੁਬਾਰ ਭਰ ਗਿਆ ਹੈ । ਮੀਚੀਆਂ ਅੱਖਾਂ 'ਚੋਂ ਕੋਸੀਆਂ ਕੋਸੀਆਂ ਘੁਰਾਲਾਂ ਵੱਗ ਪਈਆਂ ਹਨ । ਕਦੋਂ ਦੀਆਂ ਰੋਣ ਤੋਂ ਰੁੱਕੀਆਂ ਪਈਆਂ ਸਨ । ਧਾਹਾਂ ਮਾਰਨ ਨੂੰ ਜੀਅ ਕਰਦਾ ਐ । ਪਰ ਮਾਰਾਂ ਕੀ੍ਹਦੇ ਮੂਹਰੇ... ਮੈਨੂੰ ਪਤਾ ਹੈ ਕਿ ਮੇਰੇ ਹੰਝੂ ਦੇਖ ਕੇ ਮੇਰੇ ਬੱਚੇ ਡਰੇ ਬੈਠੇ ਹਨ । ਉਹ ਅਤੀ ਸੰਜੀਦਾ, ਬੇਬੋਲ ਹੋ ਗਏ ਹਨ... ਬਾਪ ਦਾ ਦੁੱਖ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ । ਪਰ ਇਹ ਮੈਨੂੰ ਚੰਗਾ ਨਹੀਂ ਲੱਗਦਾ । ਫੇਰ ਵੀ ਮੇਰਾ ਰੋਣਾ ਨਹੀਂ ਰੁੱਕਦਾ । ਸਾਰੇ ਵਜੂਦ ਵਿੱਚੋਂ ਦਰਦ ਨਾਲ ਭਿੱਜਿਆ ਪਾਣੀ ਅੱਖਾਂ ਪਿੱਛੇ ਇਕੱਠਾ ਹੋਈ ਜਾ ਰਿਹਾ ਹੈ । ਵਗੀ ਜਾ ਰਿਹਾ ਹੈ... ਵਗੀ ਜਾ ਰਿਹਾ ਹੈ... ਮੈਂ ਕੁਝ ਹੌਲਾ ਮਹਿਸੂਸ ਕਰਦਾ ਹਾਂ । ਫੇਰ ਹੋਰ ਪਾਣੀ ਦੀ ਪੰਡ ਅੱਖਾਂ ਪਿੱਛੇ ਖੁੱਲ੍ਹ ਜਾਂਦੀ ਹੈ...

'ਬਾਈ ਜੀ ਨੇ ਮੇਰੇ ਬੱਚਿਆਂ ਨੂੰ ਕਦੇ ਓਏ ਵੀ ਨਹੀਂ ਸੀ ਕਿਹਾ'

'ਬੜਾ ਬਾਈ ਕਾਲੂ ਤਾਂ ਦੇਖਿਆ ਈ ਨੀਂ ਅਸੀਂ'

'ਬੁੜ੍ਹੀ ਖਰਾਬ ਤੀ'

''ਡੈਡੀ, ਬੇਬੇ ਪੜ੍ਹੀ ਲਿਖੀ ਹੂਈ ਥੀ?''

'ਮੈਨੂੰ ਤਾਂ ਕਿਸੇ ਨੇ ਸਕੂਲ ਨੀਂ ਭੇਜਿਆ । ਮੈਂ ਤਾਂ ਪਾੜ ਪਾੜ ਕਿਤਾਬਾਂ ਖਾ ਜਾਂਦੀ', ਅਖ਼ਬਾਰ ਉੱਤੇ ਪਈਆਂ ਬੁਰਕੀਆਂ ਬੋਲ ਰਹੀਆਂ ਹਨ । ਧੂਫ਼ ਦੇ ਧੂੰਏ ਨਾਲ ਕਮਰਾ ਭਰ ਗਿਆ ਹੈ । ਅੱਖਾਂ ਪੂੰਝ ਕੇ ਮੈਂ ਆਪਣੇ ਛੋਟੇ ਵੱਡੇ ਰੱਬ ਵਰਗੇ ਪੁਰਿਖ਼ਆਂ ਮੂਹਰੇ ਨਤਮਸਤਕ ਹੋਇਆ ਹਾਂ । ਉੱਠ ਖੜ੍ਹਾ ਹੋ ਗਿਆ ਹਾਂ । ਕੁਝ ਹਲਕਾ ਹਾਂ । ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੋ ਰਿਹਾ ਹੈ । ਮੈਂ ਵੀ ਸਵਾ ਘੰਟੇ ਦਾ ਸਫ਼ਰ ਕਰ ਕੇ ਦਫ਼ਤਰ ਪੁੱਜਣਾ ਹੈ ।

''ਮੈਂਨੇ ਨਹੀਂ ਖਾਨਾ ਹਲੂਆ'', ਬੱਚੇ ਰੋਟੀ ਸਬਜ਼ੀ ਖਾਣ ਤੋਂ ਟਲਦੇ ਹਨ । ਬਰਗਰ । ਪੀਜ਼ੇ । ਬਹੁਤੇ ਪਿਆਰ, ਮੋਹ 'ਚ ਮੈਂ ਉਹਨਾਂ ਨਾਲ ਜਾਂ ਇੱਕ ਅੱਧ ਹੋਰ ਨਾਲ ਹਿੰਦੀ 'ਚ ਗੱਲ ਬਾਤ ਕਰਦਾ ਹੁੰਦਾਂ... ਪਰ ਹੁਣ ਬੋਲ ਨਹੀਂ ਹੁੰਦਾ । ਪੂਰੇ ਪਿੰਡੇ ਵਿੱਚ ਪਤਾ ਨਹੀਂ ਕੀ ਭਰ ਗਿਆ ਹੈ ਜੋ ਪਛਾਣ ਵਿੱਚ ਨਹੀਂ ਆਉਂਦਾ...

'ਬੇਟਾ, ਡੈਡੀ ਨੂੰ ਰੋਟੀ ਦਓ'', ਛੋਟੇ ਪੁਨੀਤ ਨੂੰ ਰਸੋਈ ਵਿੱਚੋਂ ਆਵਾਜ਼ ਪੈਂਦੀ ਹੈ । ਉਹ ਬਹੁਤ ਹੀ ਸਮਝਦਾਰ ਹੈ । ਫੁਰਤੀ ਨਾਲ ਪਲੇਟ ਵਿੱਚ ਚਮਚ ਟਿਕਾ ਲਿਆਉਂਦਾ ਹੈ । ਪਲੇਟ ਵਿੱਚ ਚਮਚ ਨੇ ਕੁਝ ਖੜਾਕ ਕੀਤਾ ਹੈ । ਮੈਨੂੰ ਉਹ ਹੋਰ ਵੀ ਸਮਝਦਾਰ ਲੱਗਣ ਲੱਗ ਪਿਆ ਹੈ । ਕੌਲੀਆਂ ਵਿੱਚ ਦਾਲ, ਸਬਜ਼ੀ ਤੇ ਕੜਾਹ ਮੇਰੇ ਮੂਹਰੇ ਰੱਖ ਗਿਆ ਹੈ । ਮੈਂ ਹਿੰਦੀ 'ਚ ਕੁਝ ਬੋਲਣਾ ਚਾਹੁੰਦਾ ਹਾਂ... ਜੀਭਾ ਸਾਥ ਨਹੀਂ ਦਿੰਦੀ... ਅੱਖਾਂ ਨਾਲ ਦੇਖ ਕੇ ਹੀ ਸਾਰ ਰਿਹਾ ਹਾਂ... ਦਹੀਂ... ਅਚਾਰ ਦੀ ਡੱਬੀ... ਭਾਫ਼ਾਂ ਛੱਡਦੀ ਰੋਟੀ ਲਈ ਆ ਰਿਹਾ ਹੈ । ਮੈਂ ਗੌਹ ਨਾਲ, ਮੁਰਦੇ ਦੀ ਆਖ਼ਰੀ ਨਿਗ੍ਹਾ ਨਾਲ ਆਪਣੇ ਬੇਟੇ ਨੂੰ ਦੇਖਦਾ ਹਾਂ । ਉਸ ਦਾ ਸਾਰਾ ਧਿਆਨ ਮੇਰੇ ਵਿੱਚ ਹੈ । ਮੈਂ ਹੌਲੀ ਹੌਲੀ ਰੋਟੀ ਖਾਣ ਲੱਗਦਾ ਹਾਂ । ਦੂਸਰੀ ਕੌਲੀ ਵਿੱਚ ਹਰੇ ਮਟਰਾਂ ਵਿੱਚੋਂ ਝਾਕਦਾ ਪਨੀਰ ਦਾ ਚਿੱਟਾ ਚੌਰਸ ਟੁਕੜਾ ਮੇਰਾ ਧਿਆਨ ਖਿੱਚਦਾ ਹੈ ।

''ਡੈਡੀ?''

''???'' ਪਾਣੀ ਰੱਖ ਗਿਆ ਹੈ । ਪਹਿਲੀ ਹੀ ਬੁਰਕੀ ਮੇਰੇ ਗਲ਼ ਲੱਗਣ ਲੱਗੀ ਹੈ । ਬੇਟਾ ਮੇਰੀ ਰੋਟੀ ਦੀ ਰਾਖੀ ਕਰ ਰਿਹਾ ਹੈ ।

''ਉਹ... ਸੌਰੀ... ਮੈਂ ਭੂਲ ਗਯਾ...'', ਰਸੌਈ 'ਚ ਨੂੰ ਦੋੜ ਗਿਆ ਹੈ । ਮੁੜ ਆਇਆ ਹੈ ।

''ਡੈਡੀ?'', ਉਹ ਇੱਕ ਹੋਰ ਡੱਬੀ ਖੋਹਲ ਰਿਹਾ ਹੈ ।

''???'', ਮੇਰੇ ਸ਼ੇਰਾਂ ਵਰਗੇ ਦੋ ਪੁੱਤ ਹਨ । ਪਰ ਮੈਂ ਸਮਸ਼ਾਨਘਾਟ ਵਰਗੀ ਚੁੱਪ 'ਚ ਸੁਆਲੀਆ ਨਿਗ੍ਹਾ ਨਾਲ ਆਪਣੇ ਪਿਆਰੇ ਬੇਟੇ ਨੂੰ ਦੇਖਦਾ ਹਾਂ ।

''????'',

''ਮਿਰਚੀ ਹੈ ਡੈਡੀ... ਹਰੀ ਮਿਰਚੀ...''

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ