Miss Soft (Punjabi Story) : Gulzar Singh Sandhu

ਮਿੱਸ ਸੌਫ਼ਟ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਉਸ ਦਾ ਅਸਲ ਨਾਂ ਕੁਝ ਹੋਰ ਸੀ, ਪਰ ਸਾਰੇ ਉਸ ਨੂੰ ਮਿੱਸ ਸੌਫ਼ਟ ਹੀ ਕਹਿੰਦੇ ਸਨ। ਪਿਛਲੇ ਤੋਂ ਪਿਛਲੇ ਸਾਲ, ਜਾਂ ਸ਼ਾਇਦ ਉਸ ਤੋਂ ਵੀ ਪਿਛਲੇ ਸਾਲ ਉਹ ਪਬਲਿਕ ਹੈੱਲਥ ਦਾ ਕੋਰਸ ਕਰਨ ਅਮਰੀਕਾ ਗਈ ਸੀ ਤੇ ਉਥੇ ਇਕ ਵਾਰੀ ਗੱਲਾਂ ਗੱਲਾਂ ਵਿਚ ਉਹ ਆਪਣੇ ਗੋਤ ਦਾ ਅੰਗਰੇਜ਼ੀ ਅਨੁਵਾਦ ਦੱਸ ਬੈਠੀ ਸੀ। ਜਿਸ ਤੋਂ ਉਸ ਨੂੰ ਸਾਰੇ ਮਿੱਸ ਸੌਫ਼ਟ ਕਹਿਣ ਲਗ ਪਏ ਸਨ। ਸੌਫ਼ਟ ਕਿਹੜੇ ਪੰਜਾਬੀ ਗੋਤ ਦਾ ਅਨੁਵਾਦ ਸੀ ਮੈਨੂੰ ਚੇਤਾ ਨਹੀਂ ਆ ਰਿਹਾ। ਪਤਾ ਨਹੀਂ ਸੋਬਤੀ ਸੀ ਜਾਂ ਸੋਹਲ ਜਾਂ ਕੁਝ ਹੋਰ। ਉਸ ਇਕ ਵਾਰ ਦੱਸਿਆ ਤਾਂ ਸੀ। ਚਲੋ ਨਾਂ ਤੋਂ ਆਪਾਂ ਨੇ ਕੀ ਲੈਣਾ ਹੈ ? ਨਾਂ ਵਿਚ ਕੀ ਪਿਆ ਹੈ ?

ਨਾਂ ਵਿਚ ਕਿਉਂ ਕੁਝ ਨਹੀਂ ਹੁੰਦਾ ? ਜੇ ਉਸ ਦਾ ਨਾਂ ਸਟੋਨ ਜਾਂ ਸਟੀਲ ਹੁੰਦਾ ਤਾਂ ਉਹ ਸੌਫ਼ਟ ਕਿਵੇਂ ਰਹਿ ਸਕਦੀ ਸੀ ? ਕਿੰਨੀ ਸੌਫ਼ਟ ਸੀ ਉਹ। ਤੇ ਕਿੰਨੀ ਸੋਹਣੀ।

ਮਿੱਸ ਸੌਫ਼ਟ ਦਾ ਨਾਂ ਕੁਝ ਹੋਰ ਨਹੀਂ ਸੀ ਹੋ ਸਕਦਾ। ਜੇ ਹੁੰਦਾ ਤਾਂ ਉਹ ਨਾ ਹੀ ਏਨੀ ਸਲੀਕੇ ਵਾਲੀ ਹੁੰਦੀ ਤੇ ਨਾ ਹੀ ਉਸ ਦੇ ਕਮਰੇ ਵਿਚ ਚੀਜ਼ਾਂ ਦੀ ਤਰਤੀਬ ਏਨੀ ਸੋਹਣੀ। ਬਾਹਰਲੇ ਦੇਸ਼ ਤੋਂ ਲਿਆਂਦੀ ਸਲੀਬ ਉਸ ਨੇ ਅੰਗੀਠੀ ਤੋਂ ਇਕ ਫੁੱਟ ਦੀ ਥਾਂ ਡੇਢ ਫੁੱਟ ਤੇ ਲਟਕਾਈ ਹੁੰਦੀ। ਸਲੀਬ ਨੂੰ ਲਟਕਾਉਣ ਵਾਲੀ ਮੇਖ ਕਿਹੜਾ ਸਰਕਾਰ ਨੇ ਲਗਵਾ ਕੇ ਦਿੱਤੀ ਸੀ। ਮੇਖ ਗੱਡਣ ਸਮੇਂ ਉਸ ਦੀ ਨਜ਼ਰ ਚੁੱਕ ਜਾਂਦੀ ਤਾਂ ਸਹਿਜੇ ਹੀ ਇਕ ਫੁੱਟ ਤੋਂ ਸੂਤ ਭਰ ਸੱਜੇ—ਖੱਬੇ ਹੋ ਸਕਦੀ ਸੀ ਤੇ ਏਨੇ ਨਾਲ ਹੀ ਉਸ ਦਾ ਨਾਂ ਮਿੱਸ ਸੌਫ਼ਟ ਨਹੀਂ ਸੀ ਰਹਿਣਾ।

ਮੇਖ ਤੇ ਸਲੀਬ ਦੀ ਗੱਲ ਨੂੰ ਛੱਡ ਵੀ ਦੇਈਏ ਉਸ ਦੇ ਕਮਰੇ ਵਿਚ ਪਈਆਂ ਚੀਜ਼ਾਂ ਦੀ ਤਰਤੀਬ ਵਿਚ ਕੋਈ ਹੋਰ ਹੀ ਵਿਘਨ ਪੈ ਸਕਦਾ ਸੀ। ਵਾਟ 69 ਦੀ ਬੋਤਲ ਵਿਚ ਮਨੀਪਲਾਂਟ ਉਗਣ ਦੀ ਥਾਂ ਲੈਂਪ ਸ਼ੇਡ ਠੁੱਕ ਸਕਦਾ ਸੀ। ਲਿਪਸਟਿਕ ਦੀਆਂ ਸ਼ੀਸ਼ੀਆਂ ਡਰੈਸਿੰਗ ਟੇਬਲ ਦੇ ਤਿਕੋਨੇ ਸ਼ੀਸ਼ੇ ਉੱਤੇ ਸੱਜੇ ਦੀ ਥਾਂ ਖੱਬੇ ਕੋਨੇ ਉੱਤੇ ਹੋ ਸਕਦੀਆਂ ਸਨ। ਮਿੰਨੀ ਫਰਿੱਜ਼ ਚਾਰਪਾਈ ਦੀ ਥਾਂ ਹੋ ਸਕਦਾ ਸੀ ਤੇ ਚਾਰਪਾਈ ਫਰਿੱਜ਼ ਦੀ ਥਾਂ। ਹੋਰ ਤਾਂ ਹੋਰ ਲੱਕੜੀ ਦਾ ਨਿੱਕਾ ਜਿਹਾ ਕੁੱਤਾ ਜਿਹੜਾ ਕਿਤਾਬਾਂ ਦੇ ਰੈਕ ਕੋਲ ਮੂੰਹ ਵਿਚ ਸਜਰੀ ਡਾਕ ਲਈ ਚੁੱਪ ਚਾਪ ਖੜਾ ਹੈ, ਡਰੈਸਿੰਗ ਟੇਬਲ ਉੱਤੇ ਚੜ੍ਹ ਸਕਦਾ ਸੀ। ਉਥੇ ਉਸ ਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਤਾਂ ਰੁਸਿਆ ਹੋਇਆ ਡਾਕੀਆ ਲਗਣਾ ਸੀ ਤੇ ਉਰਲੇ ਪਾਸੇ ਨੂੰ ਹੁੰਦਾ ਤਾਂ ਭੌਂਕਣ ਵਾਲਾ ਗਲੀ ਦਾ ਕੁੱਤਾ। ਉਸ ਦੇ ਸਿਰ ਦੇ ਵਾਲ ਮੋਢਿਆਂ ਤੱਕ ਕੱਟੇ ਹੋਏ ਹੋਣ ਦੀ ਥਾਂ ਮੁੰਡਿਆਂ ਦੇ ਛੱਤਿਆਂ ਵਾਂਗ ਹੁੰਦੇ, ਸਾੜ੍ਹੀ ਦੀ ਥਾਂ ਪੈਂਟ ਪਹਿਨੀ ਹੁੰਦੀ ਤੇ ਪੈਰਾਂ ਵਿਚ ਬੰਦ ਗੁਰਗਾਬੀ ਦੀ ਥਾਂ ਚਪਲੀ।

ਇਥੋਂ ਤੱਕ ਕਿ ਉਸ ਦੇ ਉਪਰਲੇ ਬੁੱਲ੍ਹ ਉੱਤੇ ਜਿਹੜੇ ਕੋਲੋ ਕੋਲ ਦੋ ਤਿਲ ਸਨ ਉਹ ਤਿੰਨ ਵੀ ਹੋ ਸਕਦੇ ਸਨ ਤੇ ਇਕ ਵੀ ਰਹਿ ਸਕਦਾ ਸੀ। ਹੋਰ ਤਾਂ ਹੋਰ ਜੇ ਉਸ ਦਾ ਨਾਂ ਇਹ ਨਾ ਹੁੰਦਾ ਤਾਂ ਉਹ ਸਾਡੇ ਨੇਵੀ ਦੇ ਹਸਪਤਾਲ ਵਿਚ ਡਾਇਟੀਸ਼ੀਅਨ ਬਣਨ ਦੀ ਥਾਂ ਯੂਰਪ ਵਿਚ ਜੰਮ ਕੇ ਤੇ ਹਿੱਪਣ ਬਣ ਕੇ ਸਾਡੇ ਦੇਸ਼ ਵਿਚ ਜਿਸਮ ਢਿੱਲਾ ਛੱਡ ਕੇ ਬਾਵਰੀਆਂ ਵਾਲੇ ਗੋਰੇ ਨਾਲ ਖੜੱਪ ਖੜੱਪ ਪੈਰ ਧਰਦੀ ਤੁਰੀ ਫਿਰਦੀ। ਉਸ ਦਾ ਕੁਝ ਵੀ ਵਿਗੜ ਸਕਦਾ ਸੀ। ਉਹ ਕੰਨਿਆਂ ਕੁਆਰੀ ਰਹਿਣ ਦੀ ਥਾਂ ਸ਼ਾਦੀ ਸ਼ੁਦਾ ਹੋ ਸਕਦੀ ਸੀ। ਉਹ ਮਿੱਸ ਸੌਫ਼ਟ ਤੋਂ ਮਿਸਿਜ਼ ਸਟੋਨ ਹੋ ਸਕਦੀ ਸੀ। ਸੌਫ਼ਟ ਨਾਂ ਨੇ ਜਿਵੇਂ ਉਸ ਨੂੰ ਹਰ ਤਰ੍ਹਾਂ ਦੀ ਕਰੂਪਤਾ ਤੋਂ ਰੋਕੀ ਰਖਿਆ ਸੀ।

ਪਹਿਲੇ ਹੀ ਦਿਨ ਮਿੱਸ ਸੌਫ਼ਟ ਕੋਲਾਬਾ ਦੀ ਸਮੁੰਦਰ ਕੰਢੇ ਬਣੀ ਇਸ ਬਹੁ—ਮੰਜ਼ਲੀ ਇਮਾਰਤ ਵਿਚ ਆਪਣਾ ਕਮਰਾ ਵੇਖਣ ਆਈ ਸੀ ਤਾਂ ਅੱਧੀ ਤੋਂ ਵਧ ਵਸੋਂ ਦੀਆਂ ਨਜ਼ਰਾਂ ਉਧਰ ਹੀ ਲਗ ਗਈਆਂ ਸਨ।

ਗੋਲ ਮੋਲ ਕੱਛੂ ਵਰਗੀ ਫ਼ਾਕਸ ਵੈਗਨ ਗੱਡੀ ਵਿਚੋਂ ਪੈਰਾਂ ਤਕ ਸੈਨਿਕ ਵਰਦੀ ਪਹਿਨੀਂ ਮਿੱਸ ਸੌਫ਼ਟ ਬੜੇ ਸਹਿਜ ਨਾਲ ਉਤਰੀ ਸੀ। ਨਵੀਂ ਵਸੋਂ ਵਿਚ ਦਾਖ਼ਲ ਹੋਣ ਵਾਲੀ ਨਾ ਹੀ ਉਸ ਨੂੰ ਕੋਈ ਉਤਸੁਕਤਾ ਸੀ ਤੇ ਨਾ ਹੀ ਅਚੰਭਾ। ਡਰਾਈਵਰ ਅੱਗੇ—ਅੱਗੇ ਤੇ ਮਿੱਸ ਸੌਫ਼ਟ ਪਿੱਛੇ—ਪਿੱਛੇ। ਦਸਾਂ ਮਿੰਟਾਂ ਵਿਚ ਉਹ ਲਿਫ਼ਟ ਰਾਹੀਂ ਚੜ੍ਹ ਕੇ, ਕਮਰਾ ਵੇਖ ਕੇ ਲਿਫ਼ਟ ਰਾਹੀਂ ਉਤਰ ਕੇ ਉਸੇ ਮਿੰਨੀ ਕਾਰ ਵਿਚ ਬਹਿ ਕੇ ਵਾਪਸ ਵੀ ਚਲੀ ਗਈ ਸੀ।

ਰੁਕਦੀ ਵੀ ਕਿਉਂ ਉਹ ਤਾਂ ਥਾਂ ਵੇਖਣ ਆਈ ਸੀ। ਕਮਰਾ ਤਾਂ ਉਸ ਨੇ ਆਪਣੇ ਢੰਗ ਨਾਲ ਸਜਾ ਹੀ ਲੈਣਾ ਸੀ ਕਿਹੋ ਜਿਹਾ ਵੀ ਹੁੰਦਾ। ਉਂਜ ਵੀ ਕਮਰੇ ਦੇ ਵਾਧਰੇ ਵਿਚੋਂ ਸਮੁੰਦਰ ਦਾ ਨਜ਼ਾਰਾ ਆਮ ਵਿਖਾਈ ਦਿੰਦਾ ਸੀ—ਜਹਾਜ਼ਾਂ ਦੇ ਝੰਡੇ ਵੀ।

ਪੇਸ਼ੇ ਵਜੋਂ ਮਿੱਸ ਸੌਫ਼ਟ ਅੱਧੀ ਡਾਕਟਰ ਸੀ। ਡਾਕਟਰ ਮਰੀਜ਼ ਨੂੰ ਤੱਕਦੇ ਅਤੇ ਉਸ ਦੀ ਖ਼ੁਰਾਕ ਦਾ ਅੰਦਾਜ਼ਾ ਲਾਉਣ ਲਈ ਡਾਈਟੀਸ਼ੀਅਨ ਮਿੱਸ ਨੂੰ ਸੌਂਪ ਦਿੰਦੇ। ਮਿੱਸ ਸੌਫ਼ਟ ਨੇ ਮਰੀਜ਼ ਦੀ ਪਲ ਪਲ ਦੀ ਖ਼ੁਰਾਕ ਦਾ ਹਿਸਾਬ ਲਾ ਕੇ ਉਸ ਨੂੰ ਸਮਝਾਉਣਾ ਹੁੰਦਾ ਹੈ। ਕੇਲੇ ਵਿਚ ਕਿੰਨੀਆ ਕਲੋਰੀਆਂ ਹਨ ਤੇ ਅੰਬ ਜਾਂ ਅੰਗੂਰ ਵਿਚ ਕਿੰਨੀਆਂ। ਕਿਹੜਾ ਫਲ ਕਿਹੜੀ ਮਰਜ਼ ਲਈ ਲਾਭਦਾਇਕ ਹੈ ਤੇ ਕਿਹੜੀ ਲਈ ਹਾਨੀਕਾਰਕ। ਪਤਲੇ ਤੋਂ ਮੋਟੇ ਕਿਵੇਂ ਹੋਈਦਾ ਹੈ ਤੇ ਮੋਟੇ ਤੋਂ ਪਤਲੇ ਕਿਵੇਂ। ਉਸ ਨੂੰ ਇਹ ਵੀ ਪਤਾ ਸੀ ਕਿਹੜੀ ਖ਼ੁਰਾਕ ਜਿਸਮ ਦੇ ਕਿਹੜੇ ਹਿੱਸੇ ਉੱਤੇ ਕਿਹੋ ਜਿਹਾ ਅਸਰ ਕਰਦੀ ਹੈ। ਉਸ ਨੇ ਆਪਣਾ ਜਿਸਮ ਇਹਨਾਂ ਖ਼ੁਰਾਕਾਂ ਅਨੁਸਾਰ ਸਿਧਾਇਆ ਹੋਇਆ ਸੀ।

ਸਵੇਰੇ ਸ਼ਾਮ ਜਦੋਂ ਉਸ ਦੇ ਜਾਣ ਆਉਣ ਦਾ ਵੇਲਾ ਹੁੰਦਾ ਤਾਂ ਮੇਰੀ ਘਰਵਾਲੀ ਉਸ ਨੂੰ ਵੇਖਣ ਲਈ ਬਾਹਰ ਵਰਾਂਡੇ ਵਿਚ ਖੜੀ ਹੋ ਜਾਂਦੀ। ਉਸ ਨੂੰ ਉਸ ਦੀ ਵਰਦੀ ਤੇ ਨਿਰਲੇਪ ਸ਼ਖ਼ਸੀਅਤ ਬੜੀ ਪ੍ਰਭਾਵਤ ਕਰਦੀ। ਛੁੱਟੀ ਵੇਲੇ ਜਦੋਂ ਕਦੀ ਵੀ ਮੇਰੀ ਘਰਵਾਲੀ ਉਸ ਨੂੰ ਕਾਰ ਵਿਚੋਂ ਉਤਰਦੀ ਨੂੰ ਤੱਕ ਲੈਂਦੀ ਤਾਂ ਪੌੜੀਆਂ ਦੇ ਕੋਲ ਜਾ ਖੜੀ ਹੁੰਦੀ।

ਅਸੀਂ ਪਹਿਲੀ ਮੰਜ਼ਲ ਉੱਤੇ ਰਹਿੰਦੇ ਸਾਂ ਤੇ ਉਹ ਤੀਜੀ ਉੱਤੇ। ਸ਼ਾਮ ਵੇਲੇ ਉਹ ਅਕਸਰ ਲਿਫ਼ਟ ਦੀ ਵਰਤੋਂ ਨਹੀਂ ਸੀ ਕਰਦੀ। ਸ਼ਾਇਦ ਸਿਹਤ ਚੰਗੀ ਰਖਣ ਲਈ। ਮੇਰੀ ਘਰਵਾਲੀ ਕੋਲੋਂ ਲੰਘਦੀ ਉਹ ਥੋੜ੍ਹਾ ਜਿਹਾ ਮੁਸਕਰਾ ਦਿੰਦੀ ਤੇ ਏਨੇ ਵਿਚ ਹੀ ਮੇਰੀ ਘਰਵਾਲੀ ਦਾ ਜੀਵਨ ਸਫ਼ਲਾ ਹੋ ਜਾਂਦਾ।

ਏਨੀ ਕੁ ਮੁਸਕਰਾਹਟ ਮੈਂ ਉਸ ਦੇ ਚਿਹਰੇ ਉੱਤੇ ਸਦਾ ਹੀ ਤੱਕੀ ਸੀ। ਪਤਾ ਨਹੀਂ ਉਸ ਨੇ ਕਿੰਨੇ ਲੋਕਾਂ ਦਾ ਜੀਵਨ ਸਫ਼ਲਾ ਕੀਤਾ ਸੀ। ਜੇ ਹੋਰ ਪੁੱਛਦੇ ਹੋ ਤਾਂ ਉਹ ਇਸ ਤੋਂ ਵਧ ਮੁਸਕਰਾਂਦੀ ਵੀ ਨਹੀਂ ਸੀ। ਸਾਡੀ ਬੈਰਕ ਵਿਚ ਰਹਿਣ ਵਾਲੇ ਇਕ ਇੰਜੀਨੀਅਰ ਦੀ ਬਹੁਤ ਮੋਟੀ ਪਤਨੀ ਇਕ ਵਾਰੀ ਬਰਸਾਤੀ ਚੂਹੇ ਨੂੰ ਤੱਕ ਕੇ ਡਿੱਗ ਪਈ ਸੀ। ਸਾਰੀ ਵਸੋਂ ਦਾ ਹਾਸਾ ਨਿਕਲ ਗਿਆ ਸੀ, ਪਰ ਮਿੱਸ ਸੌਫ਼ਟ ਕੋਲੋਂ ਦੀ ਮੁਸਕਰਾ ਕੇ ਲੰਘ ਗਈ ਸੀ, ਜਿੰਨਾ ਕੁ ਮੁਸਕਰਾ ਕੇ ਉਹ ਪਹਿਲੀ ਮੰਜ਼ਲ ’ਤੇ ਪੌੜੀਆਂ ਕੋਲ ਖਲੋਤੀ ਮੇਰੀ ਘਰਵਾਲੀ ਕੋਲੋਂ ਲੰਘਣਾ ਸੀ।

ਮਿੱਸ ਨਾਲ ਦੋਸਤੀ ਪਾਉਣ ਦਾ ਚਾਹਵਾਨ ਮੇਰਾ ਇਕ ਮਿੱਤਰ ਦਫ਼ਤਰੋਂ ਦਫ਼ਤਰ ਦੀ ਵਾਕਫ਼ੀ ਕੱਢ ਕੇ ਇਕ ਦਿਨ ਉਸ ਨੂੰ ਮਿਲਣ ਗਿਆ। ਮੈਂ ਤੇ ਮੇਰੀ ਘਰਵਾਲੀ ਹਾਲੀਂ ਇਹ ਅਨੁਮਾਨ ਹੀ ਲਾ ਰਹੇ ਸਾਂ ਕਿ ਮੇਰੇ ਮਿੱਤਰ ਨੇ ਇੰਜ ਨਮਸਕਾਰ ਕੀਤੀ ਹੋਵੇਗੀ ਤੇ ਉਸ ਨੇ ਇੰਜ ਮੁਸਕਰਾ ਕੇ ਉਤਰ ਦਿੱਤਾ ਹੋਵੇਗਾ, ਕਿ ਉਹ ਵਾਪਸ ਵੀ ਆ ਗਿਆ। ਉਹ ਉਸ ਨੂੰ ਮੁਸਕੁਰਾ ਕੇ ਮਿਲੀ ਸੀ। ਖੜਿਆਂ ਖੜਿਆਂ ਹੀ ਉਸ ਨੇ ਕੇਵਲ ਏਨਾ ਹੀ ਪੁੱਛਿਆ ਸੀ ਕਿ ਮੇਰਾ ਮਿੱਤਰ ਕਿੱਥੇ ਕੰਮ ਕਰਦਾ ਸੀ ਤੇ ਕਿੱਥੇ ਰਹਿੰਦਾ ਸੀ। ਤੇ ਉਸੇ ਤਰ੍ਹਾਂ ਵਿਦਾ ਕਰ ਦਿੱਤਾ ਸੀ। ਉਸ ਨੇ ਸ਼ਾਇਦ ਉਸ ਨੂੰ ਬੈਠਣ ਲਈ ਕਿਹਾ ਸੀ, ਪਰ ਮੇਰੇ ਮਿੱਤਰ ਦੇ ਕਮਰੇ ਦੇ ਮੁਕਾਬਲੇ ਤੇ ਉਸ ਦਾ ਕਮਰਾ ਏਨੀ ਤਰਤੀਬ ਨਾਲ ਸੰਭਾਲਿਆ ਹੋਇਆ ਸੀ ਕਿ ਉਸ ਨੂੰ ਸਮਝ ਨਹੀਂ ਸੀ ਪਈ ਕਿ ਉਹ ਕਿੱਥੇ ਬੈਠੇ। ਜਿਵੇਂ ਸਾਰੇ ਦੇ ਸਾਰੇ ਮੂੜ੍ਹੇ ਪੀੜ੍ਹੀਆਂ ਬੈਠਣ ਲਈ ਨਹੀਂ, ਸਜਾਵਟ ਲਈ ਸਨ। ਮੇਰੇ ਮਿੱਤਰ ਦੇ ਕਹਿਣ ਅਨੁਸਾਰ ਜੇ ਮਿੱਸ ਸੌਫ਼ਟ ਨੂੰ ਕੋਈ ਮੁਹੱਬਤ ਵੀ ਕਰਨੀ ਚਾਹੁੰਦਾ ਤਾਂ ਉਸ ਦਾ ਵੀ ਸ਼ਾਇਦ ਨੀਯਤ ਸਲੀਕਾ ਸੀ ਤੇ ਖ਼ਾਸ ਤਰਤੀਬ।

ਮਿੱਸ ਸੌਫ਼ਟ ਨੂੰ ਪਤਾ ਸੀ ਕਿ ਕਿਸ ਨੂੰ ਕਿੰਨੀ ਵਿੱਥ ਉੱਤੇ ਰਖਣਾ ਹੈ ਤੇ ਸ਼ਾਇਦ ਇਹੀਓ ਕਾਰਨ ਸੀ ਕਿ ਉਸ ਨੇ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਤੇ ਲੋਕਾਂ ਵਿਚਕਾਰ ਇਕ ਵਿੱਥ ਪਾ ਛੱਡੀ ਸੀ ਜਿਸ ਦਾ ਫਲਸਰੂਪ ਉਹ ਅਟੰਕ ਤੇ ਨਿਰਲੇਪ ਜੀਵਨ ਜੀਊ ਰਹੀ ਸੀ। ਚੰਗੀ ਵਿੱਦਿਆ ਤੇ ਚੰਗੀ ਨੌਕਰੀ ਦੇ ਹੁੰਦਿਆਂ ਸੁੰਦਿਆਂ ਤੀਹ ਵਰ੍ਹੇ ਦੀ ਉਮਰ ਤਕ ਕੁਆਰੀ ਰਹਿਣ ਦਾ ਹੋਰ ਕੋਈ ਕਾਰਨ ਹੀ ਨਹੀਂ ਸੀ ਦਿਸਦਾ।

ਇੰਜ ਵੀ ਨਹੀਂ ਕਿ ਉਸ ਦੀ ਵਾਕਫ਼ੀ ਹੀ ਨਹੀਂ ਸੀ। ਨਵੇਂ ਵਿਆਹੇ ਜਾਂ ਇਕ ਦੋ ਛੋਟੇ ਬਾਲਾਂ ਵਾਲੇ ਜੋੜੇ ਉਸ ਕੋਲ ਆਉਂਦੇ ਰਹਿੰਦੇ। ਕੋਈ ਉਸ ਦਾ ਜਮਾਤੀ ਆਪਣੀ ਪਤਨੀ ਨੂੰ ਨਾਲ ਲੈ ਕੇ ਮਿਲਣ ਆ ਜਾਂਦਾ ਤੇ ਕੋਈ ਉਸ ਦੀ ਸਹੇਲੀ ਆਪਣੇ ਪਤੀ ਤੇ ਬੱਚਿਆਂ ਨੂੰ ਲੈ ਕੇ ਆ ਜਾਂਦੀ। ਕਦੀ ਕਦਾਈਂ ਕੋਈ ਵਿਦੇਸ਼ੀ ਜੋੜਾ ਵੀ ਆਉਂਦਾ, ਉਹ ਸ਼ਾਇਦ ਉਸ ਦਾ ਅਮਰੀਕਾ ਦਾ ਵਾਕਫ਼ ਸੀ। ਤੇ ਜਾਂ ਫੇਰ ਉਸੇ ਹਸਪਤਾਲ ਵਿਚ ਕੰਮ ਕਰਨ ਵਾਲਾ ਇਕ ਕੰਵਾਰਾ ਡਾਕਟਰ ਚੱਕਰ ਲਾ ਜਾਂਦਾ। ਉਸ ਦੇ ਨਾਲ ਵੀ ਸਦਾ ਕੋਈ ਨਾ ਕੋਈ ਹੋਰ ਦੋਸਤ ਹੁੰਦਾ। ਅਮਰੀਕਾ ਵਿਚ ਇਮਤਿਹਾਨ ਦੇ ਦਿਨਾਂ ਵਿਚ ਉਹ ਕਿਸੇ ਮੁੰਡੇ ਨਾਲ ਰਲ ਕੇ ਪੜ੍ਹਦੀ ਹੁੰਦੀ ਸੀ ਤਾਂ ਉਸ ਦੀ ਪ੍ਰੋਫ਼ੈਸਰ ਨੇ ਇਕ ਦਿਨ ਪੁੱਛ ਲਿਆ ਸੀ ਕਿ ਉਹ ਵਿਆਹ ਕਦੋਂ ਕਰਵਾ ਰਹੇ ਸਨ। ਜੇ ਉਥੇ ਕਿਸੇ ਨਾਲ ਦਸ ਦਿਨ ਇਕੱਠਿਆਂ ਪੜ੍ਹਨ ਤੋਂ ਲੋਕ ਇਹ ਸੋਚ ਸਕਦੇ ਸਨ ਤਾਂ ਭਾਰਤੀ ਸੱਭਿਅਤਾ ਅਨੁਸਾਰ ਤਾਂ ਕੋਈ ਵੀ ਗੱਲ ਬਣ ਸਕਦੀ ਸੀ। ਮਿੱਸ ਨੇ ਕਿਸੇ ਨਾਲ ਨਾ ਭਿੱਜਣ ਦਾ ਫ਼ੈਸਲਾ ਹੀ ਕਰ ਲਿਆ ਸੀ। ਇਥੋਂ ਤਕ ਕਿ ਉਹ ਕਿਸੇ ਨੂੰ ਇਕੱਲਿਆਂ ਘਰ ਆਉਣ ਲਈ ਨਹੀਂ ਸੀ ਕਹਿੰਦੀ।

ਉਹਨਾਂ ਦਿਨਾਂ ਵਿਚ ਹੀ ਸਾਡੀ ਉਸ ਨਾਲ ਇਕ ਸਾਂਝ ਪੈਦਾ ਹੋ ਗਈ। ਸਾਡੀ ਆਯਾ ਨੇ ਆਪਣਾ ਭਣੇਵਾਂ ਉਹਦੇ ਕੋਲ ਨੌਕਰ ਰਖਵਾ ਦਿੱਤਾ। ਉਹ ਮੁੰਡਾ ਸਾਡੀ ਆਯਾ ਦੇ ਕੋਲ ਹੀ ਰਹਿੰਦਾ ਸੀ। ਮਿੱਸ ਸੌਫ਼ਟ ਨੂੰ ਕੌਣ ਮਿਲਣ ਆਇਆ ਸੀ ਤੇ ਕੀ ਦੇ ਗਿਆ ਸੀ ਜਾਂ ਉਸ ਨੇ ਆਪਣੇ ਘਰ ਵਿਚ ਕੀ ਤਬਦੀਲੀ ਕੀਤੀ ਸੀ। ਇਥੋਂ ਤਕ ਕਿ ਉਸ ਨੇ ਕਿੰਨੇ ਬਰਤਨ ਕਦੋਂ ਨਵੇਂ ਲਏ ਸਨ ਤੇ ਕਿਹੜੇ ਦਿਨ ਕਿਹੜਾ ਰਿਕਾਰਡ ਆਪਣੇ ਰਿਕਾਰਡ ਪਲੇਅਰ ਲਈ ਖ਼ਰੀਦਿਆ ਤੇ ਵਜਾ ਕੇ ਵੇਖਿਆ ਸੀ, ਸਾਨੂੰ ਹਰ ਪ੍ਰਕਾਰ ਦੀ ਖ਼ਬਰ ਉਸ ਦੇ ਨੌਕਰ ਤੋਂ ਆਪਣੀ ਆਯਾ ਰਾਹੀਂ ਮਿਲਦੀ ਰਹਿੰਦੀ।

ਹੌਲੀ ਹੌਲੀ ਸਾਡੇ ਬੱਚੇ ਵੀ ਉਸ ਦੇ ਘਰ ਜਾਣ ਆਉਣ ਲਗ ਪਏ। ਤੇ ਇਕ ਦਿਨ ਬੱਚਿਆਂ ਦੀ ਭਾਲ ਵਿਚ ਨਿਕਲੀ ਮੇਰੀ ਘਰਵਾਲੀ ਵੀ ਉਸ ਦੇ ਕਮਰੇ ਵਿਚ ਜਾ ਵੜੀ। ਉਹ ਆਪਣੀ ਸੁਭਾਵਕ ਮੁਸਕਰਾਹਟ ਨਾਲ ਖ਼ੁਸ਼ ਹੋ ਕੇ ਮਿਲੀ ਤੇ ਉਸ ਨੇ ਮੇਰੀ ਘਰਵਾਲੀ ਦਾ ਸਾਡੇ ਘਰ ਆਉਣ ਦਾ ਸੱਦਾ ਵੀ ਪਰਵਾਨ ਕਰ ਲਿਆ। ਮੇਰੀ ਘਰਵਾਲੀ ਬੜੀ ਖ਼ੁਸ਼ ਸੀ। ਉਹ ਹੁਣ ਉਸ ਦੇ ਬਾਰੇ ਵਧੇਰੇ ਜਾਣ ਸਕੇਗੀ।

ਸਾਡੇ ਪੁੱਤਰ ਨਹੀਂ ਸੀ। ਦੋਵੇਂ ਧੀਆਂ ਤੀਜੀ ਤੇ ਪੰਜਵੀਂ ਵਿਚ ਪੜ੍ਹਦੀਆਂ ਸਨ। ਮੇਰੀ ਘਰਵਾਲੀ ਆਪਣੀਆਂ ਧੀਆਂ ਦਾ ਭਵਿੱਖ ਮਿੱਸ ਸੌਫ਼ਟ ਨਾਲ ਮੇਲਦੀ ਰਹਿੰਦੀ, ਉਸ ਨੂੰ ਕੀ ਸੁੱਖ ਸਨ ਤੇ ਕੀ ਦੁੱਖ। ਮੇਰੀ ਘਰਵਾਲੀ ਆਪ ਤਾਂ ਏਨੀ ਪੜ੍ਹੀ ਹੋਈ ਨਹੀਂ ਸੀ ਕਿ ਨੌਕਰੀ ਕਰ ਸਕਦੀ, ਪਰ ਧੀਆਂ ਨੂੰ ਪੜ੍ਹਾ ਕੇ ਇਹਨਾਂ ਸੁੱਖਾਂ ਦੁੱਖਾਂ ਵਿਚੋਂ ਜ਼ਰੂਰ ਲੰਘਾਉਣਾ ਚਾਹੁੰਦੀ ਸੀ।

“ਅਨਪੜ੍ਹ ਬੰਦਾ ਤਾਂ ਨਿਰਾ ਢੋਰ ਹੁੰਦਾ ਹੈ, ਉਸ ਨੂੰ ਜ਼ਮਾਨੇ ਦੀ ਸੂਝ ਹੀ ਨਹੀਂ ਆ ਸਕਦੀ”, ਮੇਰੀ ਘਰਵਾਲੀ ਏਦਾਂ ਦੀਆਂ ਸੋਚਾਂ ਸੋਚਦੀ ਰਾਤ ਨੂੰ ਰੇਡੀਓ ਉੱਤੇ ਦੇਸ਼ ਦੀ ਇਸਤਰੀ ਪ੍ਰਧਾਨ ਮੰਤਰੀ ਦੇ ਫ਼ੈਸਲੇ ਸੁਣਕੇ ਇਹੀਓ ਸੁਪਨੇ ਲੈਂਦੀ ਸੌਂ ਜਾਂਦੀ।

ਮਿੱਸ ਸੌਫ਼ਟ ਸਾਡੇ ਘਰ ਆਈ ਤਾਂ ਮੇਰੀ ਘਰਵਾਲੀ ਨੇ ਸਹਿਜੇ ਸਹਿਜੇ ਕਈ ਗੱਲਾਂ ਪੁੱਛੀਆਂ। ਪਤਾ ਲਗਾ ਕਿ ਉਸ ਦੇ ਦੋ ਭਰਾ ਸਨ। ਇਕ ਮੇਜਰ ਤੇ ਇਕ ਇੰਜੀਨੀਅਰ। ਉਸ ਦਾ ਸੂਬੇਦਾਰ ਪਿਤਾ ਦੂਜੀ ਲੜਾਈ ਵਿਚ ਮਰ ਗਿਆ ਸੀ। ਉਹ ਸਭ ਤੋਂ ਵੱਡੀ ਸੀ। ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ ਸੀ ਤੇ ਉਸ ਨੇ ਆਪਣੇ ਭਰਾਵਾਂ ਨੂੰ। ਹੁਣ ਉਸ ਦੇ ਭਰਾ ਵਿਆਹੇ ਵਰੇ ਸਨ ਤੇ ਪਿੰਡ ਉਸ ਦੀ ਮਾਂ ਇਕੱਲੀ ਸੀ ਜਿਸ ਨੂੰ ਉਹ ਆਪਣੇ ਕੋਲ ਲਿਆਉਣ ਵਾਲੀ ਸੀ।

ਸਾਡੀ ਵਡੇਰੀ ਉਮਰ ਦੀ ਆਯਾ ਨੂੰ ਮਿੱਸ ਸੌਫ਼ਟ ਉੱਤੇ ਬੜਾ ਤਰਸ ਆਉਂਦਾ। ਉਸ ਦਾ ਜੀਅ ਕਰਦਾ ਕਿ ਇਸ ਨੂੰ ਕੋਈ ਭਲਾ ਜਿਹਾ ਮੁੰਡਾ ਲੱਭ ਜਾਵੇ ਤੇ ਇਹ ਵੀ ਲੋਕਾਂ ਵਾਂਗ ਘਰ ਵਸਾ ਕੇ ਬੈਠੇ। ਇਕੱਲੀ ਜਾਨ ਦਾ ਕੀ ਹੁੰਦਾ ਹੈ, ਨਾ ਕੋਈ ਦੁੱਖ ਦਾ ਸਾਥੀ ਤੇ ਨਾ ਹੀ ਸੁੱਖ ਦਾ। “ਮੈਂ ਤਾਂ ਦੋ ਦਿਨ ਘਰ ਵਿਚ ਇਕੱਲੀ ਰਹਿ ਜਾਵਾਂ ਤਾਂ ਮੈਨੂੰ ਘਰ ਵੱਢ ਖਾਣ ਨੂੰ ਪੈਂਦਾ ਹੈ”, ਉਹ ਮੇਰੀ ਘਰਵਾਲੀ ਨਾਲ ਗੱਲਾਂ ਕਰਦੀ ਤੇ ਮੇਰੀ ਘਰਵਾਲੀ ਦਾ ਜੀ ਹੁੰਗਾਰਾ ਭਰਨ ਨੂੰ ਕਰਦਾ ਪਰ ਉਹ ਹੂੰ ਹਾਂ ਕਰ ਕੇ ਚੁੱਪ ਕਰ ਜਾਂਦੀ।

ਇਕੱਲੀ ਸੀ ਤਾਂ ਕੀ ਸੀ ਆਪਣੇ ਤਨ ਮਨ ਦੀ ਮਾਲਕ ਸੀ। ਜੋ ਜੀਅ ਆਉਂਦਾ ਕਰਦੀ ਸੀ, ਜੋ ਮਨ ਆਉਂਦਾ ਪਹਿਨਦੀ ਸੀ। ਕਲ੍ਹ ਨੂੰ ਸਾਡੀਆਂ ਧੀਆਂ ਨੇ ਵੀ ਇਸ ਤਰ੍ਹਾਂ ਕਰਨਾ ਸੀ। ਇਹ ਸੋਚ ਕੇ ਮੇਰੀ ਘਰਵਾਲੀ ਨੂੰ ਖ਼ੁਸ਼ੀ ਵੀ ਹੁੰਦੀ ਤੇ ਦੁੱਖ ਵੀ। ਪਰ ਮਿੱਸ ਸੌਫ਼ਟ ਦੀ ਇਕੱਲਤਾ ਦਾ ਖ਼ਿਆਲ ਕਰਕੇ ਉਹ ਮੁੜ ਚੁੱਪ ਹੋ ਰਹਿੰਦੀ। ਕੋਈ ਆਪਣੇ ਤੋਂ ਛੋਟਾ ਹੋਵੇ ਕੋਈ ਵੱਡਾ ਤੇ ਕੋਈ ਹਾਣ ਦਾ, ਬੰਦੇ ਬੰਦੇ ਦੀਆਂ ਬਾਹਵਾਂ ਹੁੰਦੇ ਨੇ ਅਤੇ ਬਾਹਵਾਂ ਬਿਨਾਂ ਕਾਹਦਾ ਜੀਵਨ।

ਮੇਰੀ ਘਰਵਾਲੀ ਨਿਰਾਸ਼ ਜਿਹੀ ਹੋ ਜਾਂਦੀ। ਉਹ ਇਹ ਗੱਲ ਮਿੱਸ ਸੌਫ਼ਟ ਨਾਲ ਕਰਨਾ ਚਾਹੁੰਦੀ, ਪਰ ਉਸ ਦਾ ਹੌਂਸਲਾ ਨਾ ਪੈਂਦਾ। ਮਿੱਸ ਸੌਫ਼ਟ ਇਹਦਾ ਕੋਈ ਹੱਲ ਕਿਉਂ ਨਹੀਂ ਸੀ ਲੱਭ ਸਕਦੀ। ਮੇਰੀ ਘਰਵਾਲੀ ਦੇ ਬੱਚਿਆਂ ਦਾ ਭਵਿੱਖ ਇਸ ਗੱਲ ਨਾਲ ਬੱਧਾ ਹੋਇਆ ਸੀ।

ਇਹਨਾਂ ਦਿਨਾਂ ਵਿਚ ਹੀ ਸਾਡੀ ਆਯਾ ਦਾ ਭਣੇਵਾਂ ਮਿੱਸ ਸੌਫ਼ਟ ਦਾ ਦੋ ਸੌ ਰੁਪਿਆ ਲੈ ਕੇ ਭੱਜ ਗਿਆ। ਉਸ ਨੇ ਟੈਲੀਫੋਨ ਦਾ ਬਿਲ ਜਮ੍ਹਾਂ ਕਰਾਉਣ ਲਈ ਭੇਜਿਆ ਸੀ ਉਹ ਵਾਪਸ ਮੁੜ ਕੇ ਹੀ ਨਹੀਂ ਸੀ ਆਇਆ। ਮਿੱਸ ਸੌਫ਼ਟ ਉਸ ਦਿਨ ਵੀ ਉਡੀਕਦੀ ਰਹੀ ਤੇ ਉਸ ਤੋਂ ਅਗਲੇ ਦਿਨ ਵੀ। ਅੰਤ ਤੀਜੇ ਦਿਨ ਸਵੇਰੇ ਐਤਵਾਰ ਨੂੰ ਉਹ ਸਾਡੇ ਘਰ ਆਈ।

ਸਾਡੀ ਆਯਾ ਦੂਸ਼ਨ ਸੁਣਦਿਆਂ ਸਾਰ ਲੋਹੀ ਲਾਖੀ ਹੋ ਗਈ। “ਕਿਸੇ ਗਲੋਂ ਝਿੜਕਿਆ ਹੋਵੇਗਾ। ਜੁਆਕ ਸ਼ਹਿਰ ਛੱਡ ਕੇ ਪਤਾ ਨਹੀਂ ਕਿੱਥੇ ਭੱਜ ਗਿਆ ਹੈ। ਸਾਨੂੰ ਤਾਂ ਆਪ ਹੁਣ ਹੀ ਪਤਾ ਲਗਾ ਹੈ ਤੇ ਪਰੇਸ਼ਾਨ ਹਾਂ। ਕਸੂਰ ਆਪਣਾ ਤੇ ਦੋਸ਼ ਲਾਉਂਦੀ ਹੈ ਜੁਆਕ ਉੱਤੇ”, ਸਾਡੀ ਆਯਾ ਨੇ ਦੋ ਵਾਕਾਂ ਨਾਲ ਹੀ ਮਿੱਸ ਸੌਫ਼ਟ ਨੂੰ ਚੁੱਪ ਕਰਾ ਦਿੱਤਾ। ਉਹ ਆਪਣੇ ਘਰ ਨੂੰ ਪਰਤ ਗਈ।

ਅੱਜ ਪਹਿਲੀ ਵਾਰ ਉਸ ਦੇ ਬੁੱਲ੍ਹਾਂ ’ਤੇ ਮੁਸਕਾਣ ਨਹੀਂ ਸੀ ਰਹੀ।

ਮੇਰੀ ਘਰਵਾਲੀ ਦੂਰ ਸਮੁੰਦਰ ਵਿਚ ਦਿਸਹੱਦੇ ਵੱਲ ਤੱਕਣ ਲਗ ਗਈ।

ਮਿੱਸ ਸੌਫ਼ਟ ਵੀ ਚਲੀ ਗਈ ਤੇ ਆਯਾ ਵੀ। ਸਾਡੇ ਘਰ ਵਿਚ ਇਸ ਤਰ੍ਹਾਂ ਚੁੱਪ ਵਰਤ ਗਈ ਜਿਵੇਂ ਸਾਡੇ ਘਰ ਚੋਰੀ ਹੋ ਗਈ ਹੋਵੇ। “ਵੇਖ ਲਵਾਂਗੇ ਕੀ ਕਰਦੀ ਹੈ”, ਥੱਲੇ ਤੁਰੀ ਜਾਂਦੀ ਆਯਾਂ ਦੇ ਵਾਕ ਮੇਰੀ ਕੰਨੀਂ ਪਏ।

ਮਿੱਸ ਸੌਫ਼ਟ ਕਿੰਨੀ ਨਿਆਸਰਾ ਸੀ ਤੇ ਆਯਾ ਕਿੰਨੇ ਆਸਰੇ ਵਾਲੀ। ਸਾਡੇ ਘਰੋਂ ਤੁਰਨ ਲੱਗੀ ਮਿੱਸ ਦਾ ਚਿਹਰਾ ਹਾਲੀਂ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਸੀ।

ਏਨਾ ਤਾਂ ਉਸ ਦਾ ਚਿਹਰਾ ਉਸ ਦਿਨ ਵੀ ਨਹੀਂ ਸੀ ਉਤਰਿਆ ਜਦੋਂ ਅੱਧੀ ਰਾਤ ਸੌਣ ਤੋਂ ਪਹਿਲਾਂ ਕੂੜੇ ਵਾਲੀ ਟੋਕਰੀ ਬਾਹਰ ਰਖਣ ਲਗਿਆਂ ਉਸ ਦੇ ਕਮਰੇ ਦਾ ਆਟੋਮੈਟਿਕ ਜੰਦਰਾ ਬੰਦ ਹੋ ਗਿਆ ਸੀ ਤੇ ਉਹ ਪੇਟੀਕੋਟ ਤੇ ਬਲਾਊਜ਼ ਪਹਿਨੀ ਬਾਹਰ ਖਲੋਤੀ ਰਹਿ ਗਈ ਸੀ। ਉਸ ਦਿਨ ਅੱਧੀ ਰਾਤ ਗਈ ਦੋ ਮੰਜ਼ਲਾਂ ਦੀਆਂ ਪੌੜੀਆਂ ਪੇਟੀਕੋਟ ਤੇ ਬਲਾਊਜ਼ ਪਹਿਨੀ ਉਤਰ ਕੇ ਜਦੋਂ ਉਸ ਨੇ ਸਾਡੇ ਘਰੋਂ ਸਾੜ੍ਹੀ ਮੰਗਣ ਲਈ ਦਰਵਾਜ਼ਾ ਖੜਕਾਇਆ ਸੀ ਤਾਂ ਦਰਵਾਜ਼ੇ ਉੱਤੇ ਮੈਨੂੰ ਤੱਕ ਕੇ ਉਸ ਦੇ ਚਿਹਰੇ ਉੱਤੇ ਸਦਾ ਵਾਲਾ ਨੂਰ ਨਹੀਂ ਸੀ ਰਿਹਾ। ਤੇ ਉਹ ਨੂਰ ਮੇਰੇ ਘਰਵਾਲੀ ਦੀ ਸਾੜ੍ਹੀ ਪਹਿਨ ਕੇ ਚੌਕੀਦਾਰ ਕੋਲੋਂ ਦੂਜੀ ਚਾਬੀ ਮੰਗ ਲਿਆਉਣ ਤੇ ਵੀ ਨਹੀਂ ਸੀ ਪਰਤਿਆ। ਪਰ ਅੱਜ ਦੀ ਤੇ ਉਸ ਦਿਨ ਦੀ ਗੱਲ ਵਿਚ ਇਕ ਪੂਰੇ ਯੁਗ ਦਾ ਫ਼ਰਕ ਸੀ। ਉਸ ਦਿਨ ਉਸ ਦੀ ਮੁਸਕਾਨ ਦੀ ਅਣਹੋਂਦ ਸ਼ਰਮ ਨਾਲ ਘੁਲ ਕੇ ਹੁਸੀਨ ਹੋ ਗਈ ਸੀ ਤੇ ਅੱਜ ਮੁਰਦਾ ਲਾਸ਼।

ਅਸੀਂ ਕਰਨਾ ਚਾਹੁੰਦੇ ਹੋਏ ਵੀ ਕੁਝ ਨਹੀਂ ਸਾਂ ਕਰ ਸਕਦੇ। ਆਯਾ ਦੀਆਂ ਗੱਲਾਂ ਤੋਂ ਜਾਪਦਾ ਸੀ ਕਿ ਪੈਸੇ ਉਸ ਦੇ ਭਣੇਵੇਂ ਨੇ ਰੱਖ ਲਏ ਸਨ ਤੇ ਇਸ ਕੰਮ ਵਿਚ ਉਸ ਨੂੰ ਆਯਾ ਦੀ ਸ਼ਹਿ ਵੀ ਸੀ।

ਪਰ ਅਸੀਂ ਮਿੱਸ ਦੀ ਮਦਦ ਕਰਦੇ ਤਾਂ ਆਯਾ ਤੋਂ ਬੁਰੇ ਪੈਂਦੇ ਸਾਂ। ਉਹ ਸਾਡੇ ਬੱਚਿਆਂ ਦੇ ਪਾਲਣ ਪੋਸਣ ਦੇ ਦਿਨ ਤੋਂ ਸਾਡੇ ਕੋਲ ਬੱਚਿਆਂ ਦੀ ਮਾਂ ਬਣ ਕੇ ਰਹਿੰਦੀ ਸੀ। ਉਂਜ ਵੀ ਇਸ ਗੱਲ ਬਾਰੇ ਉਹ ਪੈਰਾਂ ਉੱਤੇ ਪਾਣੀ ਨਹੀਂ ਸੀ ਪੈਣ ਦਿੰਦੀ। ਹੋ ਸਕਦਾ ਹੈ ਪਹਿਲਾਂ ਆਯਾ ਦੀ ਮਰਜ਼ੀ ਪੈਸੇ ਦੱਬ ਜਾਣ ਦੀ ਨਾ ਹੀ ਹੋਵੇ, ਪਰ ਮੁੰਡੇ ਦੀ ਜ਼ਿੱਦ ਅੱਗੇ ਲਾਚਾਰ ਹੋ ਗਈ ਹੋਵੇ।

ਏਸ ਵੇਲੇ ਆਯਾ ਚੰਡੀ ਦਾ ਰੂਪ ਧਾਰੀ ਫਿਰਦੀ ਸੀ। ਉਸ ਨੇ ਪੈਸੇ ਨਾ ਵਾਪਸ ਕਰਨ ਦਾ ਫ਼ੈਸਲਾ ਕਰ ਲਿਆ ਸੀ। ਸ਼ਾਇਦ ਇਸ ਲਈ ਕਿ ਮਿੱਸ ਸੌਫ਼ਟ ਕਰ ਵੀ ਕੀ ਸਕਦੀ ਸੀ ? ਉਂਜ ਵੀ ਦੋ ਸੌ ਰੁਪਏ ਉਸ ਲਈ ਕੋਈ ਏਡੀ ਵੱਡੀ ਰਕਮ ਨਹੀਂ ਸੀ ਕਿ ਦੁਨੀਆਂ ਪਰ ਵਿਚ ਇਸ ਦਾ ਰੌਲਾ ਪਾਉਂਦੀ ਫਿਰਦੀ। ਸਾਡੇ ਘਰ ਗੱਲ ਕਰਕੇ ਹੀ ਉਸ ਨੇ ਵੇਖ ਲਿਆ ਸੀ ਉਸ ਦੀ ਕਿੰਨੀ ਬੇਇਜ਼ਤੀ ਹੋਈ ਸੀ ਤੇ ਅਸੀਂ ਕੁਝ ਨਹੀਂ ਸਾਂ ਕਰ ਸਕੇ।

ਮੇਰੀ ਘਰਵਾਲੀ ਹੋਰ ਵੀ ਪਰੇਸ਼ਾਨ ਸੀ। ਉਸ ਦੀਆਂ ਧੀਆਂ ਦਾ ਭਵਿੱਖ ਇਸ ਗੱਲ ਨਾਲ ਵੀ ਬੱਧਾ ਹੋਇਆ ਸੀ। ਇਹ ਠੀਕ ਹੈ ਕਿ ਪੜ੍ਹ ਕੇ ਨੌਕਰੀ ਕਰਨ ਵਾਲੀਆਂ ਕੁੜੀਆਂ ਸਭ ਕੁਆਰੀਆਂ ਨਹੀਂ ਸੀ ਰਹਿੰਦੀਆਂ। ਪਰ ਹੈ ਸਨ ਜ਼ਰੂਰ, ਇਸ ਤੋਂ ਕੋਈ ਮੁਨਕਰ ਨਹੀਂ ਸੀ ਹੋ ਸਕਦਾ। ਤੇ ਰੱਬ ਦੇ ਘਰ ਦਾ ਕੀ ਪਤਾ ਕਿਸ ਦਾ ਗੁਣਾ ਕਿਧਰ ਪੈਂਦਾ।

ਕਈ ਦਿਨ ਨਾ ਹੀ ਮਿੱਸ ਸੌਫ਼ਟ ਸਾਡੇ ਘਰ ਆਈ ਤੇ ਨਾ ਹੀ ਅਸੀਂ ਉਸ ਦੇ ਘਰ ਗਏ। ਸਾਡੇ ਬੱਚੇ ਖ਼ਬਰ ਲਿਆਉਂਦੇ ਸਨ ਕਿ ਉਹ ਪਹਿਲਾਂ ਵਾਂਗ ਹੀ ਖ਼ੁਸ਼ ਸੀ, ਪਰ ਫੇਰ ਵੀ ਉਸ ਨੂੰ ਮਿਲਣ ਦਾ ਹੌਂਸਲਾ ਨਹੀਂ ਸੀ ਪੈਂਦਾ। ਅਸੀਂ ਇਸ ਗੱਲ ਦੀ ਵੀ ਗੌਰ ਨਹੀਂ ਸੀ ਕੀਤੀ ਕਿ ਉਹ ਕਿਸ ਵੇਲੇ ਦਫ਼ਤਰ ਜਾਂਦੀ ਹੈ ਤੇ ਕਦੋਂ ਪਰਤਦੀ ਹੈ। ਜਦ ਸਾਡੀਆਂ ਧੀਆਂ ਦਾ ਭਵਿੱਖ ਹੀ ਪੂਰਨ ਤੌਰ ’ਤੇ ਉੱਜਲਾ ਨਹੀਂ ਸੀ ਤਾਂ ਮਿੱਸ ਸੌਫ਼ਟ ਨੂੰ ਤੱਕਣ ਵਿਚ ਵੀ ਕੀ ਪਿਆ ਸੀ। ਮੇਰੀ ਘਰਵਾਲੀ ਦੇ ਚੁੱਪ ਕਰ ਜਾਣ ਦਾ ਕਾਰਨ ਮੈਨੂੰ ਇਸ ਤੋਂ ਸਿਵਾ ਹੋਰ ਕੋਈ ਨਹੀਂ ਸੀ ਜਾਪਦਾ। ਉਹ ਤਾਂ ਮੇਰੇ ਨਾਲ ਵੀ ਨਹੀਂ ਸੀ ਬੋਲਦੀ ਜਿਵੇਂ ਉਸ ਦੇ ਪੈਸੇ ਵਾਪਸ ਪਰਤਾਣ ਵਿਚ ਉਸ ਦੀ ਲੋੜੀਂਦੀ ਸਹਾਇਤਾ ਨਾ ਕਰ ਕੇ ਮੈਂ ਆਪਣੀ ਘਰਵਾਲੀ ਦੀਆਂ ਧੀਆਂ ਦੇ ਭਵਿੱਖ ਦਾ ਧਿਆਨ ਨਹੀਂ ਸੀ ਕੀਤਾ।

ਉਧਰ ਮਿੱਸ ਸੌਫ਼ਟ ਵੀ ਚੁੱਪ ਕਰ ਗਈ ਸੀ—ਆਯਾ ਸੱਚੀ ਹੋ ਗਈ ਸੀ। ਉਸ ਦੇ ਘਰ ਵਾਲਾ ਕਿਸੇ ਮੰਤਰੀ ਦੀ ਕਾਰ ਚਲਾਉਂਦਾ ਸੀ। ਉਹ ਮਿੱਸ ਸੌਫ਼ਟ ਨੂੰ ਜਾਂ ਮੇਰੀ ਘਰ ਵਾਲੀ ਨੂੰ ਜਾਂ ਮੇਰੀ ਘਰ ਵਾਲੀ ਦੇ ਘਰਵਾਲੇ ਨੂੰ ਕੀ ਸਮਝਦੀ ਸੀ। ਬਿਨ—ਬਾਂਹੇਂ ਜਾਂ ਕਮਜ਼ੋਰ ਬਾਹਾਂ ਵਾਲੇ ਬੰਦੇ ਨੂੰ ਕੌਣ ਪੁੱਛਦਾ ਹੈ।

ਮੇਰੀ ਘਰ ਵਾਲੀ ਏਦਾਂ ਦੀਆਂ ਸੋਚਾਂ ਸੋਚਦੀ ਬੜੀ ਉਦਾਸ ਰਹਿੰਦੀ।

ਇਕ ਦਿਨ ਆਯਾ ਥੱਲਿਓਂ ਹੀ ਬੁੜਬੁੜ ਕਰਦੀ ਆਈ, “ਰੰਡੀਆਂ ਵਾਲੇ ਕੰਮ ਨੇ ਅੱਜ ਕਲ੍ਹ ਦੀਆਂ ਕੁੜੀਆਂ ਦੇ। ਰੰਡੀਆਂ ਦੇ ਏਨੇ ਯਾਰ ਹੁੰਦੇ ਨੇ ਜਿੰਨੇ ਇਹ ਲਈ ਬੈਠੀਆਂ ਨੇ।”

ਆਯਾ ਦੀ ਆਵਾਜ਼ ਹਾਰੀ ਹੋਈ ਸੀ।

ਪਤਾ ਲਗਿਆ ਕਿ ਮਿੱਸ ਸੌਫ਼ਟ ਨੂੰ ਇਕ ਦਿਨ ਮਹਾਤਮਾ ਗਾਂਧੀ ਰੋਡ ਉੱਤੇ ਖ਼ਰੀਦ—ਦਾਰੀ ਕਰਦਿਆਂ ਉਸ ਦਾ ਅਮਰੀਕਾ ਵਿਚ ਪੜ੍ਹਨ ਦੇ ਦਿਨਾਂ ਦਾ ਜਮਾਤੀ ਨਰਿੰਦਰ ਪਾਟਿਲ ਮਿਲ ਗਿਆ ਜਿਸ ਦਾ ਸਾਲਾ ਕੋਲਾਬਾ ਥਾਣੇ ਵਿਚ ਡੀ.ਐੱਸ.ਪੀ. ਲਗਿਆ ਹੋਇਆ ਸੀ। ਗੱਲਾਂ ਕਰਦਿਆਂ ਉਹ ਆਯਾ ਦੇ ਭਣੇਵੇਂ ਦੀ ਕਰਤੂਤ ਵੀ ਦੱਸ ਬੈਠੀ। ਉਸੇ ਰਾਤ ਜਦੋਂ ਮਿੱਸ ਸੌਫ਼ਟ ਰਾਤ ਦਾ ਸ਼ੋ ਵੇਖ ਕੇ ਆਪਣੇ ਫਲੈਟ ਉੱਤੇ ਪਹੁੰਚੀ ਤਾਂ ਸਾਡੀ ਆਯਾ ਦਾ ਘਰ ਵਾਲਾ ਮੰਤਰੀ ਦਾ ਡਰਾਈਵਰ, ਦੋ ਸੌ ਰੁਪਏ ਹੱਥ ਵਿਚ ਪਕੜੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ।

ਨਰਿੰਦਰ ਪਾਟਿਲ ਦੀ ਇਕੋ ਧਮਕੀ ਨਾਲ ਆਯਾ ਦਾ ਘਰ ਵਾਲਾ ਸਿੱਧਾ ਹੋ ਗਿਆ ਸੀ।

ਮੇਰੀ ਘਰ ਵਾਲੀ ਨੇ ਤੱਕਿਆ ਕਿ ਹਾਰੀ ਹੋਈ ਆਯਾ ਨੂੰ ਪਹਿਲੀ ਮੰਜ਼ਲ ਦੀਆਂ ਪੌੜੀਆਂ ਚੜ੍ਹਦਿਆਂ ਵਰ੍ਹਾ ਲਗ ਗਿਆ ਸੀ। ਵਿਦਿਆ ਕਾਰਨ ਮਿੱਸ ਸੌਫ਼ਟ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਸਨ ਤੇ ਇਸੇ ਕਾਰਨ ਉਸ ਦੀਆਂ ਬਾਹਾਂ ਅਨੇਕ ਤੇ ਸ਼ਕਤੀਸ਼ਾਲੀ ਸਨ।

ਮੇਰੀ ਘਰ ਵਾਲੀ ਨੂੰ ਜਾਪਿਆ ਜਿਵੇਂ ਮਿੱਸ ਸੌਫ਼ਟ ਅਨੇਕ ਭੁਜਾਂ ਵਾਲੀ ਦੁਰਗਾ ਹੋਵੇ ਜਿਹੜੀ ਪੈਰਾਂ ਹੇਠਾਂ ਸੱਪ ਲੈ ਕੇ ਵੀ ਨਿਸਚਿੰਤ ਰਹਿੰਦੀ ਹੈ।

“ਉਠੋ ਬੇਬੀ, ਤਿਆਰ ਹੋਵੋ, ਨਾਸ਼ਤਾ ਕਰੋ—ਸਕੂਲ ਦਾ ਸਮਾਂ ਹੋ ਗਿਆ”, ਮੇਰੀ ਘਰਵਾਲੀ ਨੇ ਆਪਣੀਆਂ ਧੀਆਂ ਨੂੰ ਲਾਡ ਨਾਲ ਹਲੂਣ ਕੇ ਜਗਾਇਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •