Mithat Neevi : Dr Amarjit Tanda
ਮਿਠਤੁ ਨੀਵੀ : ਡਾ. ਅਮਰਜੀਤ ਟਾਂਡਾ
ਓਹਦੇ ਸ਼ਬਦ ਸਿੱਧੇ ਸਾਦੇ ਫਿਰ ਵੀ ਉਹਨਾਂ ਦੀ ਧੁੰਨੀ, ਤਰੰਗਾਂ, ਸੁਰ, ਰਾਗ ਸਾਡੇ ਕੰਨਾ ਤੋਂ ਪਰੇ ਕਿਉਂ ਰਹਿ ਜਾਂਦੇ ਹਨ-ਪਰ ਕਈ ਬਹੁਤ ਹੀ ਚੰਨ ਵਰਗੇ ਦੀਪਕ ਇਹਦੀ ਰੋਸ਼ਨੀ ਨਾਲ ਲੋਅ ਵੀ ਵੰਡ ਰਹੇ ਹਨ-ਕਪਟ ਤੇ ਭਰਿਸ਼ਟ ਰੂਹ ਨੂੰ ਜੋ ਮਰਜ਼ੀ ਪਰੋਸੀ ਜਾਓ-ਉਹਨੂੰ ਨਹੀਂ ਸੁਆਦ ਲਗਣਾ –ਨਾਨਕ ਦੇ ਹੱਥਾਂ ਦਾ ਚੋਗਾ। ਨਾਨਕ ਤਾਂ ਵੰਡਦਾ ਹੀ ਰਹੇਗਾ-ਸੋ ਦਿਲ ਕਰਦਾ ਹੈ ਹਰੇਕ ਦੇ ਘਰ ਤੇ ਮੇਰੀ ਕੁੱਲੀ ਚ ਵੀ ਨਾਨਕ ਸ਼ਬਦ ਜਗਦਾ ਰਹੇ। ਓਹਦੇ ਕਦਮਾਂ ਦੀ ਉਡੀਕ ਚ ਨਾਨਕੀਆਂ ਨਿੱਤ ਬੈਠੀਆਂ ਨੇ- ਉਹਨੂੰ ਕਾਲੂ ਨੇ ਵੀ ਨਾ ਸਮਝਿਆ-। ਗੁਰੂ ਨਾਨਕ ਸਾਥੋਂ–ਸਿਰਫ਼ ਕਿਰਤ ਕਰਨ, ਨਾਮ ਜਪਣ ਤੇ ‘ਕੱਠੇ ਹੋ ਕੇ ਮਿਲ ਬੈਠ ਕੇ ਵੰਡ ਕੇ ਛਕਣ ਦਾ ਵਾਇਦਾ ਮੰਗਦਾ ਹੈ ਸਿਰਫ਼-ਸਚੁ ਹਰੇਕ ਲਈ ਧਰਮ ਬਣਨਾ ਚਾਹੀਦਾ ਹੈ। ਉਚ-ਨੀਚ, ਛੁਤ-ਛਾਤ ਦੀ ਵਿਚਾਰਧਾਰਾ ਦਾ ਖਾਤਮਾ ਕਰਕੇ ਸਿੱਖ ਸਿਧਾਂਤ ਦੀ ਨੀਂਹ ਰੱਖੀ ਗੁਰੂ ਨਾਨਕ ਨੇ। ਨਵੇਂ ਮਨੁੱਖ ਦੀ ਸਿਰਜਣਾ ਦਾ ਨਿਸ਼ਾਨਾ ਮਿੱਥ ਕੇ ਨਵੇਂ ਸਮਾਜ ਦੀ ਰੂਪ-ਰੇਖਾ ਉਲੀਕੀ। ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਕਰਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰਕੇ ਸ਼ਬਦ-ਗੁਰੂ ਮਾਡਲ ਮਨੁੱਖੀ ਸੋਝੀ ਦਾ ਕੇਂਦਰ ਸਿਰਜਿਆ। ਗੁਰਬਾਣੀ `ਤੇ ਆਧਾਰਿਤ ਸਿੱਖ ਰਾਜਨੀਤੀ ਦੇ ਵਿਸ਼ੇ `ਤੇ ਵਿਚਾਰ ਕਰੀਏ ਤਾਂ ਜੋ ਸਿੱਖ ਰਾਜਨੀਤੀ ਵਿੱਚ ਆਇਆ ਨਿਘਾਰ ਖਤਮ ਹੋ ਸਕੇ, ਪੰਥ ਦੀ ਚੜ੍ਹਦੀ ਕਲਾ ਹੋਵੇ ਅਤੇ ਸਿੱਖ ਪੰਥ ਦੀ ਰੋਜ਼ਾਨਾ ਅਰਦਾਸ ਮੂਰਤੀਮਾਨ ਹੋ ਨਿਬੜੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ–ਪੀਰੀ ਦੀ ਬੁਨਿਆਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ।
ਜਪੁਜੀ ਦੀਆਂ ਇੱਕ 2 ਕਰਕੇ ਪੌੜੀਆਂ ਚੜ੍ਹਦਿਆਂ ਨਿੱਤ ਓਹਦੇ ਦੀਵਾਨੇ ਤੇ ਮਿੱਤਰ ਜਿੰਦਗੀ ਦਾ ਪੂਰਾ ਤੇ ਖੁੱਲ੍ਹਾ ਨਜ਼ਾਰਾ ਮਾਣਦੇ ਹਨ। ਆਤਮ ਰਿਮਝਿਮ ਵਰਸਦੀ ਹੈ ਓਹਦੇ ਹਰ ਸ਼ਬਦ ਚ। –ਆਪਣੀ ਹੀ ਰਵਾਨਗੀ ਚ ਵਹਿੰਦਾ ਉਹ ਇੱਕ ਦਰਿਆ ਹੈ-ਸ਼ਾਂਤ, ਸੀਤਲ, ਠੰਡਾ। -ਚੰਨਾਂ ਤਾਰਿਆਂ ਨਾਲ ਭਰਿਆ-ਲੋਕਾਈ ਦੀ ਛੱਤ ਹੈ ਨਾਨਕ ਇੱਕ ਨੀਲਾ ਅਰਸ਼ ਹੈ। ਨਾਨਕ ਇੱਕ ਸੂਰਜ ਹੈ–ਰਿਸ਼ਮਾਂ ਵੰਡਦਾ, ਨਿੱਘ ਦਿੰਦਾ। ਨਾਨਕ ਇੱਕ ਅਨੋਖਾ ਰਾਹ ਹੈ ਜਿਸ `ਤੇ ਕਦਮ ਰੱਖਦਿਆਂ ਹੀ ਕੁੱਦਰਤ ਦਿਸਦੀ ਹੈ, ਜਿੱਥੇ ਨਾ ਕੋਈ ਚਿੰਤਾ ਹੈ ਨਾ ਹੀ ਕੋਈ ਤੌਖ਼ਲੇ।
ਸੰਗਤ-ਪੰਗਤ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਿਰਜ ਕੇ ਖਾਲਸਾ ਰਾਜ ਕਾਇਮ ਕਰਨ ਦਾ ਰਾਹ ਬਣਾਇਆ ਸੀ। ਬਰਾਬਰ ਸਮਾਜ, ਧਾਰਮਿਕ ਤੇ ਰਾਜਸੀ ਅਤਿਆਚਾਰ ਦੇ ਵਿਰੁੱਧ ਨਵੇਂ ਸਮਾਜ ਨੂੰ ਹਥਿਆਰਬੰਦ ਸੰਘਰਸ਼ ਲਈ ਪ੍ਰੇਰਨਾ ਅਤੇ ਖਾਲਸੇ ਵਲੋਂ ਰਾਜਸੀ ਸਤ੍ਹਾ ਹਾਸਲ ਕਰਨਾ ਹੀ ਸਿੱਖ-ਲਹਿਰ ਦੀ ਰੂਪ ਰੇਖਾ ਉਲੀਕਣੀ-ਇੱਕ ਸਿਧਾਂਤਕ ਮਾਡਲ ਰੋਲ ਦਾ ਸੰਕਲਪ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਸਥਾਪਤ ਕਰਨ ਦੇ ਸਮੇਂ ਨੂੰ ਚੜ੍ਹਦੀ ਕਲਾ ਦਾ ਸਮਾਂ ਕਿਹਾ ਜਾ ਸਕਦਾ ਹੈ। ਦਲਤ ਭਾਈਚਾਰਾ ਅਤੇ ਗੈਰ-ਸਿੱਖ, ਛੋਟਾ ਅਤੇ ਗਰੀਬ ਹਿੰਦੂ ਨੂੰ ਜ਼ਰੂਰ ਨਾਲ ਲੈਣਾ ਪਵੇਗਾ ਜੇਕਰ ਸਾਨੂੰ ਪੰਜਾਬ ਵਿੱਚ ਕੌਮੀ ਮੁਕਤੀ ਦਾ ਸੰਘਰਸ਼ ਚਲਾਉਣਾ ਹੈ ਤਾਂ। ਇਸ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਤ ਬਾਣੀ ਹੀ ਪ੍ਰੇਰਨਾ ਸਰੋਤ ਹੈ। ਓਹਦਾ ਸ਼ਬਦ ਵਿਚਾਰ ਮਰਦਾਨੇ ਜਾਂ ਬਾਲੇ ਵਰਗੇ ਦਿੱਲ ਨੂੰ ਹੀ ਚੰਗਾ ਲੱਗੇਗਾ। ਸਭਨਾਂ ਵਿੱਚ ਰਮਿਆਂ ਹੋਇਆ ਰੱਬ ਇੱਕ ਹੈ ਸਦੀਵੀ ਹੋਂਦਵਾਲਾ ਜਨਮ ਰਹਿਤ।
ਹਰ ਦਿਨ ਸਰਘ਼ੀ ਦਾ ਰੰਗ ਨਵੇਂ ਦਿਨ ਤੇ ਨਵੀਨ ਰਾਹ ਲਿਖਦਾ 2 ਹਰੇਕ ਨੂੰ ਕੁੱਝ ਨਵਾਂ ਸਿਰਜਣ ਨੂੰ ਆਖਦਾ ਹੈ। ਕਾਲੀ ਜੇਹੀ ਰਾਤ ਚੋਂ ਜਰਾ ਪੈਰ ਜਦੋਂ ਵੀ ਬਾਹਰ ਆਉਂਦੇ ਹਨ-ਚੰਨ ਦੀ ਕਾਤਰ ਵੱਲ ਵੀ ਤੇ ਨਵੀਂ ਸਵੇਰ ਦੀ ਤਾਂਘ ਵੱਲ ਵੀ ਆਸ ਚਮਕਦੀ ਹੈ। ਸੱਜਰਾ ਦਿਨ ਕਹਿੰਦਾ ਹੈ ਕਿ ਤੂੰ ਕੋਈ ਉੱਚੀ ਸੋਚ ਸਿਰਜ, ਸਰਘ਼ੀ ਆਪੇ ਖਿੜ੍ਹ ਪਵੇਗੀ-ਦੂਰ ਹੋ ਜਾਣਗੇ ਹਨੇਰੇ-ਸੂਰਜ ਨੂੰ ਚਾਰ ਦਿਨ ਜਗਣ ਲਈ ਕਹਿ ਤੇ ਉੱਠ ਪੱਬਾਂ ਤੇ ਕੋਈ ਮੰਜ਼ਿਲ ਬੰਨ੍ਹ ਰਾਹ ਤਾਂ ਆਪੇ ਹੀ ਉੱਸਰ ਜਾਂਦੇ ਹਨ-ਪਰ ਸੰਗ੍ਰਾਂਦ, ਮਸਿਆ, ਪੁੰਨਿਆਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਾਲੇ ਸਮਝੇ ਜਾਂਦੇ ਹਨ-ਘਰਾਂ ਚ ਤਾਂ ਕੀ ਗੁਰਦੁਆਰਿਆਂ ਵਿੱਚ ਵੀ ਇਹ ਰਹਿਤ ਆਮ ਹੈ। ਗੁਰਦੁਆਰਿਆਂ ਵਿੱਚ ਵੀ ਆਰਤੀਆਂ ਹੁੰਦੀਆਂ ਹਨ। ਦੇਵੀ ਦੇਵਤਿਆਂ ਅਤੇ ਪੀਰਾਂ ਦੀ ਕਰੋਪੀ ਤੋਂ ਬਚਣ ਲਈ ਹਵਨ, ਜੱਗ, ਜੋਤਾਂ, ਦਾਨ ਪੁੰਨ ਕਰਨ ਲਈ ਕਿਹਾ ਜਾਂਦਾ ਹੈ-ਦੀਵੇ ਬਾਲੇ ਤੇ ਜੋਤਾਂ ਜਗਾਈਆਂ ਜਾਦੀਆਂ, ਧੂਫਾਂ ਹੀ ਧੁਖਾਈਆਂ ਜਾਂਦੀਆਂ, ਮੱਥੇ ਟੇਕੇ ਜਾਂਦੇ ਹਨ ਅਤੇ ਸੁਹਣੇ-ਸੁਹਣੇ ਰੁਮਾਲੇ ਤੇ ਭੇਟਾ ਹੀ ਚੜ੍ਹਾਈਆਂ ਜਾਂਦੀਆਂ ਹਨ। ਔਖੇ-ਔਖੇ ਗਿਣਤੀ ਮਿਣਤੀ ਦੇ ਪਾਠ ਅਤੇ ਜਪ-ਤਪ ਹੀ ਕੀਤੇ ਤੇ ਕਰਾਏ ਜਾ ਰਹੇ ਹਨ। ਸੰਤ-ਸਾਧ ਤੇ ਬਹੁਤੇ ਧਾਰਮਿਕ ਆਗੂ ਅੱਜ ਵੀ ਧਰਮ ਦੇ ਨਾਂ ਤੇ ਜਨਤਾ ਨੂੰ ਲੁੱਟ ਰਹੇ ਹਨ। ਚੁਫੇਰੇ ਰੂੜੀਵਾਦੀ ਰਹੁਰੀਤਾਂ ਦਾ ਜੋਰ ਹੈ।
ਉੱਜੜੀਆਂ ਖੇਤੀਆਂ ਕਈ ਵਾਰ ਫੁੱਟ ਤਾਂ ਪੈਂਦੀਆਂ ਹਨ ਪਰ ਪਲਾਂ ਚ ਹਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਤਿੰਨ ਦਿਨ ਤਾਂ ਕੀ ਪਾਣੀ ਵਿੱਚ ਤਾਂ 2-4 ਮਿੰਟ ਰਹਿਣਾ ਮੁਸ਼ਕਲ ਹੈ, ਜੰਮੇ ਹੋਏ ਪਾਣੀ ਉੱਤੇ ਲੋਕ ਚੱਲਦੇ ਤਾਂ ਦੇਖੇ ਹਨ, ਪਾਣੀ ਤੇ ਨਹੀ, ਦਿਸ਼ਾ ਤਾਂ ਬਦਲੀ ਹੋਊ ਪਰ ਮੱਕੇ ਨੂੰ ਘੁਮਾਉਣਾ ਅਸੰਭਵ ਹੈ, ਪੱਥਰ ਚ ਨਰਮ ਪੰਜਾ ਕਿਵੇਂ ਧਸ ਸਕਦਾ ਹੈ? ਲੋਕਾਂ ਨੇ ਕਰਾਮਾਤਾਂ ਬਾਬੇ ਨਾਲ ਜੋੜ ਦਿੱਤੀਆਂ ਹਨ-ਸੱਚੀ-ਸੁੱਚੀ ਕਿਰਤ ਅਤੇ ਕਰਮ ਕਰਾਮਾਤ ਸਿੱਧ ਹੋ ਸਕਦੇ ਹਨ।
ਨਾਨਕ ਦੇ ਪਿੰਡ ਜਾਣ ਲਈ ਮੋਹ ਹੰਕਾਰ ਨਫ਼ਰਤ ਨੂੰ ਤਿਲਾਂਜਲੀ ਦੇਣੀ ਹੀ ਪੈਣੀ ਹੈ। ਕਿਸੇ ਦੇ ਦਰ ਤੇ ਬੰਦਾ ਓਦੋਂ ਜਾਂਦਾ ਹੈ ਜਦੋਂ ਲੋੜ ਪਵੇ ਨਹੀਂ ਤਾਂ ਹੰਕਾਰਿਆ ਰਾਹਾਂ ਚ ਠੇਡੇ ਖਾਂਦਾ ਰਹਿੰਦਾ ਹੈ।
ਜਿੰਦਗੀ ਦੇ ਦੀਪਕ ਬਾਲਣ ਲਈ –ਪਹਿਲਾਂ ਵਧੀਆਂ ਮਿੱਟੀ ਚੋਂ ਦੀਪਕ ਬਣਾਉਣਾ ਪਏਗਾ, ਚੰਗੀ ਤਰ੍ਹਾਂ ਸ਼ਬਦ ਰੂਪੀ ਲੋਅ ਚ ਪਕਾ ਕੇ ਜੀਵਨ ਰੂਪੀ ਤੇਲ ਲਈ ਜਾਣਾ ਹੀ ਪਏਗਾ-ਜੋ ਕਿਤੇ ਮਿਲਾਵਟ ਵਾਲਾ ਨਾ ਹੋਵੇ। ਨਹੀਂ ਤਾਂ ਕੁੱਝ ਚਿਰ ਬਲ ਕੇ ਦੀਵਾ ਬੁਝ ਜਾਵੇਗਾ। ਬੱਤੀ ਵੱਟਣ ਲਈ ਚਿੱਟੀ ਦੁੱਧ ਰੂਪੀ ਕਪਾਹ ਦੀ ਖ਼ੋਜ਼ ਕਰਦਿਆਂ ਵੀ ਦੇਰ ਲੱਗ ਸਕਦੀ ਹੈ-ਨਹੀਂ ਤਾਂ ਕਰਮਾਂ ਦਾ ਕੱਠਾ ਕੀਤਾ ਤੇਲ ਬੱਤੀ ਨਹੀਂ ਚੁੱਕੇਗੀ। ਸੋ ਇੱਕ 2 ਕਰਕੇ ਦਿਲਾਂ ਚ ਨਾਨਕ ਰੂਪੀ ਦੀਪਕ ਜਗਾ ਲੈਣ ਨਾਲ ਸ਼ਾਇਦ ਹਨੇਰਾ ਹੌਲੀ 2 ਦੂਰ ਹੁੰਦਾ ਦਿਸੇ-ਨਾਨਕ ਨੇ ਸ਼ਬਦ ਗਾ ਕੇ ਹੀ ਸੱਭ ਕੁੱਝ ਵਰਤਾ ਦਿਤਾ ਸੀ-ਕਈਆਂ ਨੂੰ ਚੰਗਾ ਵੀ ਨ੍ਹੀਂ ਲੱਗਾ –ਕਿਉਂਕਿ ਸੱਚ ਜਰਾ ਕੌੜਾ ਕੁਸੈਲਾ ਤਾਂ ਹੁੰਦਾ ਹੀ ਹੈ। ਨਿੰਮ ਦਾ ਘੋਲ ਪੀਣ ਲੱਗਿਆਂ ਬਹੁਤ ਬੁਰਾ ਲੱਗਦਾ ਹੈ-ਮੈਨੂੰ ਅਜੇ ਵੀ ਯਾਦ ਹੈ ਕਿ ਬੀਜੀ ਨੂੰ ਨਿੰਮ ਦਾ ਘੋਲ ਤਿਆਰ ਕਰਦਿਆਂ ਹੀ ਸਾਡੇ ਮਨ ਨੂੰ ਕੁੱਝ ਹੋਣ ਲੱਗ ਜਾਂਦਾ ਸੀ ਪਰ ਤੁਸੀਂ ਸਾਰੇ ਹੀ ਜਾਣਦੇ ਹੋ ਨਾਨਕ ਦਾ ਕਿਹਾ ਤੇ ਔਲ੍ਹੇ ਦਾ ਖਾ ਕੇ ਹੀ ਪਤਾ ਲੱਗੇਗਾ।
ਲ਼ੋਕੋ ਜੇ ਬੰਦਾ ਨਾਨਕ ਗੋਬਿੰਦ ਦੇ ਅਕਾਸ਼ੀ ਬੁੱਕ ਚੋਂ ਅੰਮ੍ਰਿਤ ਦੀਆਂ ਸ਼ਹਿਦ ਤੋਂ ਵੀ ਮਿੱਠੀਆਂ ਬੂੰਦਾਂ ਪੀ ਕੇ ਕੁੜੱਤਣ ਹੀ ਉਗਲਦਾ ਰਹੇਗਾ ਤਾਂ ਅਗਾਂਹ ਤੋਂ ਕੋਈ ਅਜਿਹਾ ਕਰਕੇ ਨਾਨਕ ਗੋਬਿੰਦ ਦੇ ਨਾਂ ਦੀ ਤੌਹੀਨ ਨਾ ਕਰੇ, ਨਾ ਹੀ ਉਸ ਨੂੰ ਅਜਿਹਾ ਕੋਈ ਹੱਕ ਹੈ। ਕਈਆਂ ਨੇ ਤਾਂ ਅਜਿਹਾ ਕਰਕੇ ਠੇਕੇ ਲੈ ਲਏ ਹਨ-ਦੂਸਰਿਆਂ ਦੀ ਬੇਇਜ਼ਤੀ ਕਰਨ ਦੇ। ਂਨਾਨਕ ਦੇ ਦਰ ਤੇ ਕਿਹੜੀ ਸਿਕਿਉਰਟੀ ਦੀ ਲੋੜ ਹੈ-ਕਾਹਦੇ ਲਈ ਬਰਛੇ ਕਿਰਪਾਨਾਂ ਤਿਆਰ ਬਰ ਤਿਆਰ ਲੈ ਕੇ ਖੜ੍ਹੇ ਹੋ। ਜੇ ਮੇਰੇ ਵਰਗੇ ਦੇ ਮੈਲੇ ਕੁਚੈਲੇ ਕੱਪੜੇ ਹਨ ਤਾਂ ਕੋਈ ਅੰਦਰ ਹੀ ਨਹੀਂ ਲੰਘਣ ਦਿੰਦਾ-ਮੇਰੀ ਤਾਂ ਓਥੇ ਹੀ ਸ਼ਰਧਾ ਖਤਮ ਕਰ ਦਿਤੀ ਗਈ-ਪਰ ਨਾਨਕ ਨੂੰ ਤੁਹਾਡੇ ਉਸਾਰੇ ਮਰਮਰੀ ਮਹਿਲ ਚ ਨਹੀਂ ਕਿਤੇ ਰਸਤੇ ਚ ਮਿਲ ਲਵਾਂਗੇ। ਤੁਸੀਂ ਚੌੜ੍ਹੀਆਂ ਛਾਤੀਆਂ ਕਰਕੇ ਲਾ ਲਓ ਓਹਦੇ ਸ਼ਬਦ ਤੇ ਵੀ ਪਹਿਰੇ। ਯਾਰ ਕਦੇ ਕੋਈ ਸ਼ਬਦ ਤੇ ਵੀ ਪਹਿਰੇ ਲਾਉਂਦਾ ਦੇਖਿਆ ਸੀ। ਫਿਰ ਹੋਰ ਤਾਂ ਹੋਰ ਨਾਨਕ ਦੇ ਘਰ, ਓਹਦੀ ਹੀ ਵਡਿਆਈ ਦੇ ਗੀਤ ਗਾਉਣ ਤੇ ਵੀ ਪਾਬੰਦੀਆਂ ਨੇ-ਇਹ ਆਪ ਓਥੋਂ ਲੋਕਾਂ ਨੂੰ ਸਿਰੋਪਿਆਂ ਦਾ ਬਿਜਨਸ ਕਰ 2 ਆਪਣੇ ਕਾਰੋਬਾਰ ਚ ਵਾਧੇ ਕਰ ਰਹੇ ਹਨ। ਕਿਸੇ ਨੂੰ ਬੋਲਣ ਲਈ ਅਰਜ਼ੀਆਂ ਭਰਨੀਆਂ ਪੈਂਦੀਆਂ ਹਨ। ਸੱਚ ਬੋਲਣ ਤੇ ਫ਼ਤਵੇ ਸੁਣਾ ਦਿੱਤੇ ਜਾਂਦੇ ਹਨ-ਖ਼ਤ ਪਾ 2 ਧਮਕਾਇਆ ਡਰਾਇਆ ਜਾਂਦਾ ਹੈ ਜਿਵੇਂ ਇਹਨਾਂ ਦੀ ਪ੍ਰਾਈਵੇਟ ਕੰਪਨੀ ਹੋਵੇ-ਹੁਣ ਹਰ ਥਾਂ ਹਰ ਦੇਸ਼ ਚ ਨਾਨਕ ਗੋਬਿੰਦ ਦੇ ਨਹੀਂ ਲੋਕਾਂ ਦੇ ਨਾਂ ਤੇ ਗੁਰ ਦੁਆਰ ਵੱਜਦੇ ਨੇ-ਕਿਉਂਕਿ ਉਹਨਾਂ ਆਪਣੇ ਨਾਂਵਾਂ ਦੇ ਟਰਸਟ ਬਣਾ 2 ਲੰਗਰ ਤੇ ਮਾਇਆ ਦੀਆਂ ਸੇਜਾਂ ਦਾ ਪੱਕਾ ਪ੍ਰਬੰਧ ਕਰ ਲਿਆ ਹੈ। ਇਹ ਫਲਾਣੇ ਦਾ ਗੁਰ ਦੁਆਰਾ, ਓਹ ਫਲਾਣੇ ਦਾ ਗੁਰ ਦੁਆਰਾ। ਕੱਲ ਨੂੰ ਸ਼ਾਇਦ ਇਹ ਅਸਲੀ ਬਾਪੂ ਦਾ ਨਾਂ ਵੀ ਭੁੱਲ ਜਾਣ, ਮੇਰੇ ਦਿੱਲ ਨੂੰ ਪੂਰਾ ਡਰ ਹੈ।
ਹੁਣ ਤਾਂ ਇਹ ਨਾਨਕ ਨੂੰ ਕਿਸ਼ਤੀਆਂ ਚ ਵੀ ਸੈਰ ਤੇ ਟੂਰਾਂ ਤੇ ਲੈ ਕੇ ਜਾਣ ਲੱਗ ਪਏ ਹਨ। ਓਹਦੀਆਂ ਪੀੜ੍ਹੀਆਂ ਨੂੰ ਘੁੱਟਦੇ, ਵਿਖਾਵੇ ਚ ਨੱਕ ਰਗੜਦੇ ਦਿਸ ਪੈਣਗੇ ਪਰ ਹੰਕਾਰ ਨਹੀਂ ਤਿਆਗਣਗੇ। ਅਡੰਬਰ ਤਾਂ ਨਿੱਤ ਇਹਨਾਂ ਤੋਂ ਸਿੱਖੇ। ਕਿਸੇ ਦਿਨ ਇਹ ਨਾਨਕ ਵਰਗੇ ਚੰਨ ਨੂੰ ਚੰਦ ਤੇ ਲਿਜਾ ਕੇ ਓਹਦੇ ਸਿਰ ਬੇਅੰਤ ਅਹਿਸਾਨ ਕਰਨਗੇ।
ਜੀਵਨ ਪ੍ਰੀਭਾਸ਼ਾ ਦੇ ਲੱਛਣ ਏਦਾਂ ਨਹੀਂ ਕਦੇ ਬਦਲਦੇ ਹੁੰਦੇ। ਇੱਕ ਦੂਜੇ ਨੂੰ ਫਿੱਕਾ ਬੋਲ ਕੇ ਸ਼ਹਿਦ ਨਹੀਂ ਕਦੇ ਸਿੰਮਦੇ। ਕੌੜ ਤੁੰਮਿਆਂ ਚੋਂ ਕਦੇ ਮਿੱਠੇ ਰਸ ਨਹੀਂ ਉਪਜਦੇ। ਕੀ ਅਸੀਂ ਗੁਰੂ ਨਾਨਕ ਦੀ ਇੱਕ ਵੀ ਮੰਨੀ ਹੈ ਕਦੇ? ਅਸੀਂ ਸਿੱਖਿਆ ਹੈ ਸਦਾ ਦੂਸਰੇ ਨੂੰ ਆਪ ਤੋਂ ਨੀਂਵਾ ਰੱਖਣਾਂ-ਫਿਰ ਕਿੱਥੋਂ ਪਿਆਰ ਭਾਲੋਗੇ, ਮੁਹੱਬਤ ਦੀਆਂ ਨਜ਼ਮਾਂ ਤਿੱਖੜ ਦੁਪਹਿਰਾਂ ਚ ਨਹੀਂ ਰਚੀਆਂ ਜਾਂਦੀਆਂ, ਸਦਾ ਰਮਣੀਕ ਸ਼ਾਮਾਂ ਚੋਂ ਹੀ ਵਰ੍ਹਦੀਆਂ ਹਨ, ਪੌਣਾਂ ਬਣ ਉਤਰਦੀਆਂ ਹਨ। ਜਿੰਨਾਂ ਚਿਰ ਹਾਉਮੇਂ ਰਹੇਗੀ-ਬੰਦਾ ਜਾਂ ਜਾਨਵਰ ਵੀ ਨੇੜੇ ਨਹੀਂ ਢੁੱਕੇਗਾ। ਮਿਠਤੁ ਨੀਵੀ ਨਾਨਕਾ-ਸਦਾ ਮਿੱਠੇ ਬੋਲਾਂ ਦੀ ਮਿਠਾਸ ਹੀ ਢਾਣੀਆਂ ਕੱਠੀਆਂ ਕਰਦੀ ਹੈ, ਹਰ ਹਿਰਦੇ ਨੂੰ ਨਚਾ ਸਕਦੀ ਹੈ, ਪਿਆਰ ਦੀ ਗਲਵੱਕੜੀ ਚ ਬਿਠਾ ਸਕਦੀ ਹੈ-ਨਿੱਤ ਜਿੱਤ ਸਕਦੀ ਹੈ ਜਦੋਂ ਕਿ ਕੌੜੇ ਕੁਸੈਲੇ ਬੋਲਾਂ ਨਾਲ ਅਸੀਂ ਰੁੱਖਾਂ ਨੂੰ ਵੀ ਵੈਰੀ ਬਣਾ ਲਿਆ ਹੈ।