ਮਿੱਤਰਾਂ ਦਾ ਮਸੇਰ - ਜਸਮੇਰ : ਪ੍ਰੋ. ਅਵਤਾਰ ਸਿੰਘ

ਕਿਸੇ ਦਾ ਭਾਈ ਚੰਗਾ ਹੋਵੇ ਤਾਂ ਕਹਿੰਦੇ ਹਨ, ‘ਇਹ ਮੇਰਾ ਭਾਈ ਨਹੀੰ, ਦੋਸਤ ਹੈ’। ਕੋਈ ਦੋਸਤ ਚੰਗਾ ਹੋਵੇ ਤਾਂ ਕਹਿੰਦੇ ਹਨ, ‘ਇਹ ਮੇਰਾ ਦੋਸਤ ਨਹੀਂ, ਭਾਈ ਹੈ’। ਇਕ ਰਿਸ਼ਤਾ ਅਜਿਹਾ ਵੀ ਹੁੰਦਾ ਹੈ, ਜਿਸ ਵਿੱਚ ਦੋਸਤ ਅਤੇ ਭਾਈ ਦੇ ਦੋਵੇਂ ਗੁਣ ਮੌਜੂਦ ਹੁੰਦੇ ਹਨ; ਉਹ ਰਿਸ਼ਤਾ ਮਸੇਰ ਦਾ ਹੁੰਦਾ ਹੈ।

ਜਸਮੇਰ ਸਿੰਘ ਮੇਰਾ ਅਜਿਹਾ ਦੋਸਤ ਸੀ, ਜਿਹਦੇ ਜਿੰਨੇ ਵੀ ਦੋਸਤ ਸਨ, ਸਾਰਿਆਂ ਨੂੰ ਉਹ ਆਪਣੇ ਭਾਈ ਅਤੇ ਦੋਸਤ ਦਾ ਮਿਸ਼ਰਣ, ਅਰਥਾਤ ਮਸੇਰ ਲੱਗਦਾ ਸੀ। ਸ਼ਾਇਦ ਮਸੇਰ ਦੀ ਮੁਹੱਬਤ ਅਤੇ ਮਿਲਾਪੜਾਪਣ ਉਹਦੇ ਨਾਂ ਜਸਮੇਰ ਵਿੱਚ ਹੀ ਗੜੂੰਦ ਸੀ।

ਪੰਜ ਸਾਲ ਪਹਿਲਾਂ ਉਹ ਬਿਮਾਰ ਹੋ ਗਿਆ ਸੀ। ਟੈਸਟ ਕਰਵਾਏ ਤਾਂ ਚੰਦਰਾ ਰੋਗ ਨਿਕਲ਼ ਆਇਆ। ਉਹਨੇ ਜ਼ਿੱਦ ਕੀਤੀ ਕਿ ਡਾਕਟਰੀ ਇਲਾਜ਼ ਨਹੀਂ ਕਰਾਉਣਾ। ਹੋਮਿਓਪੈਥੀ ਨੇ ਉਹਨੂੰ ਦਰਦ ਰਹਿਤ ਹੋਣ ਦਾ ਅਹਿਸਾਸ ਦਿੱਤਾ। ਉਹ ਕੁਝ ਕੁਝ ਖੁਸ਼ ਤੇ ਕੁਝ ਨਿਰਾਸ਼ ਰਹਿਣ ਲੱਗਾ। ਉਹਦੀ ਮੁਸਕਰਾਹਟ ਪਿੱਛੇ ਗਹਿਰੀ ਉਦਾਸੀ ਅਤੇ ਦੁੱਖ ਝਲਕਦੇ।

ਉਹਨੇ ਬੇਟੀ ਦਾ ਵਿਆਹ ਰੱਖਿਆ। ਬੇਟਾ ਬਾਹਰੋਂ ਆਇਆ। ਕਾਰਡ ਛਪਾਏ, ਡੱਬੇ ਵੰਡੇ, ਰਾਗੀ ਕੀਤੇ ਤੇ ਪੈਲਿਸ ਬੁੱਕ ਕੀਤਾ। ਨੱਠ ਨੱਠ ਕੇ ਸਾਰੇ ਕਾਰਜ ਆਪ ਨਬੇੜੇ ਤੇ ਸੁਰਖ਼ਰੂ ਹੋ ਗਿਆ। ਸਾਰੇ ਬੜੇ ਖੁਸ਼ ਸਨ। ਜਸਮੇਰ ਸਿੰਘ ਆਪਣੇ ਦੋਸਤ ਨੂੰ ਕਹਿਣ ਲੱਗਾ ਕਿ ‘ਮੇਰੇ ਐਥੇ ਹੱਥ ਲਾ’। ਹੱਥ ਲਾਉਣ ਦੀ ਦੇਰ ਸੀ ਕਿ ਉਹ ਕੁਰਲਾਅ ਉੱਠਿਆ। ਉਹ! ਜਸਮੇਰ ਸਿੰਘ ਤਾਂ ਪੀੜਾਂ ਦੀ ਪੰਡ ਢਿੱਡ ਵਿੱਚ ਲੁਕਾਈ ਬੈਠਾ ਸੀ। ਕਿਸੇ ਨੂੰ ਦੱਸਿਆ ਤੱਕ ਨਹੀਂ।

ਸਭ ਘਬਰਾ ਗਏ। ਕਹਿਣ ‘ਪੀਜੀਆਈ ਲੈ ਚੱਲੋ’। ਉਹ ਕਹੇ ‘ਮੈਂ ਨਹੀਂ ਜਾਣਾ‘। ਕਹਿ ਸੁਣਕੇ ਪੀਜੀਆਈ ਲੈ ਗਏ। ਟੈਸਟ ਹੋਏ। ਨਾਮੁਰਾਦ ਬਿਮਾਰੀ ਅਕਾਸ਼ਵੇਲ ਦੀ ਤਰਾਂ ਫੈਲ ਚੁੱਕੀ ਸੀ। ਕੋਈ ਉਮੀਦ ਨਹੀਂ ਸੀ। ਫਿਰ ਵੀ ਡਾਕਟਰਾਂ ਨੇ ਦਾਖਲ ਕਰ ਲਿਆ ਤੇ ਇਲਾਜ਼ ਸ਼ੁਰੂ ਕਰ ਦਿੱਤਾ। ਦੋਸਤ ਮਿੱਤਰ ਆਉਂਦੇ ਤੇ ਰਾਤਾਂ ਕਟਾਉਂਦੇ। ਦਰਦਮੰਦ ਮਿੱਤਰ ਪ੍ਰੋ ਹਰਪਾਲ ਸਿੰਘ ਘੜੀ ਘੜੀ ਦੀ ਖ਼ਬਰ ਰੱਖਦੇ ਤੇ ਮੈਨੂੰ ਦੱਸਦੇ।

ਇੱਕ ਰਾਤ ਮੈਂ ਵੀ ਗਿਆ। ਮੇਰਾ ਮਨ ਉਹਨੂੰ ਇਸ ਹਾਲਤ ਵਿਚ ਦੇਖਣ ਤੋਂ ਕਤਰਾਉਂਦਾ ਸੀ। ਓੜਕ ਜਾਣਾ ਹੀ ਸੀ ਤੇ ਚਲਾ ਗਿਆ। ਪੁੱਛ ਪੁੱਛ ਕੇ ਉਸ ਕਮਰੇ ਵਿੱਚ ਗਿਆ, ਜਿੱਥੇ ਜਸਮੇਰ ਸਿੰਘ ਬਿਮਾਰੀ ਨਾਲ਼ ਜੂਝ ਰਿਹਾ ਸੀ। ਉਹਦੀ ਬੇਟੀ ਤੇ ਬੀਵੀ ਨਵਜਨਮੇ ਬੱਚੇ ਦੀ ਤਰਾਂ ਉਸਦੀ ਦੇਖ ਰੇਖ ਕਰ ਰਹੀਆਂ ਸਨ। ਉਹ ਮੈਨੂੰ ਦੇਖ ਕੇ ਖੁਸ਼ ਨਹੀਂ ਹੋਇਆ, ਬਲਕਿ ਹੋਰ ਉਦਾਸ ਹੋ ਗਿਆ।

ਕਹਿਣ ਲੱਗਾ, “ਇਧਰ ਆ ਤੇ ਓਧਰ ਮੂੰਹ ਕਰ”। ਸਾਹਮਣੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਲੱਗੀ ਹੋਈ ਸੀ। ਕਹਿਣ ਲੱਗਾ, “ਬੋਲ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਢੇ ਪੰਜ ਸੌ ਸਾਲਾ ਗੁਰਪੁਰਬ ਦੀ ਖੁਸ਼ੀ ਦੇ ਮੌਕੇ ’ਤੇ ਮੇਰੇ ਦੋਸਤ ਜਸਮੇਰ ਸਿੰਘ ਨੂੰ ਕੀੜਾ ਜਾਣ ਕੇ ਅਰਾਮ ਬਖ਼ਸ਼ੋ ਜੀ”। ਮੈਂ ਅਤਿਅੰਤ ਪੀੜ ਅਤੇ ਭਰੇ ਹੋਏ ਮਨ ਨਾਲ਼ ਇਹ ਅਰਦਾਸ ਦੁਹਰਾ ਦਿੱਤੀ।

ਫਿਰ ਉਹਦੇ ਕਹਿਣ ‘ਤੇ ਉਹਦੇ ਮੂੰਹ ਨੂੰ ਪਾਣੀ ਲਾਉਂਦਾ। ਕਦੀ ਉਹਨੂੰ ਉਠਾਲ਼ਦਾ, ਬਹਾਲ਼ਦਾ ਤੇ ਫਿਰ ਲਿਟਾ ਦਿੰਦਾ। ਕਹਿਣ ਲੱਗਾ, “ਪਾਠ ਸੁਣਾ”। ਉੱਥੇ ਇਕ ਨਿੱਕਾ ਟੇਪ-ਰਿਕਾਰਡਰ ਪਿਆ ਸੀ, ਮੈਂ ਲਗਾ ਦਿੱਤਾ ਤੇ ਪਾਠ ਅਰੰਭ ਹੋ ਗਿਆ। ਜਪੁਜੀ, ਰਹਿਰਾਸ ਤੇ ਸੋਹਿਲੇ ਦੇ ਉਪਰੰਤ ਸ੍ਰੀਰਾਗ ਸ਼ੁਰੂ ਹੋ ਗਿਆ। ਮੈਂ ਅੱਖਾਂ ਬੰਦ ਕਰਕੇ ਸੁਣ ਰਿਹਾ ਸੀ। ਦੇਰ ਬਾਦ ਰਤਾ ਅੱਖ ਖੋਲ੍ਹੀ ਤਾਂ ਜਸਮੇਰ ਸਿੰਘ ਬੜੇ ਅਰਾਮ ਨਾਲ਼ ਬਾਣੀ ਸੁਣ ਰਿਹਾ ਸੀ। ਫਿਰ ਉਹਦੀਆਂ ਅੱਖਾਂ ਬੰਦ ਹੋਣ ਲੱਗ ਪਈਆਂ। ਉਹਨੇ ਟੇਪ ਬੰਦ ਕਰਨ ਲਈ ਇਸ਼ਾਰਾ ਕੀਤਾ, ਮੈਂ ਬਟਣ ਨੱਪ ਦਿੱਤਾ ਤੇ ਉਹ ਘੂਕ ਸੌਂ ਗਿਆ। ਮੈਂ ਉਹਦਾ ਚਿਹਰਾ ਨਿਹਾਰਦਾ ਰਿਹਾ। ਪੀੜਾਂ ਦੇ ਪਿੰਜੇ ਹੋਏ ਚਿਹਰੇ ‘ਤੋਂ ਵੀ ਗੁਰਮੁਖਤਾਈ ਦੇ ਨਕਸ਼ ਸਾਫ ਪੜ੍ਹੇ ਜਾ ਸਕਦੇ ਸਨ।

ਬਾਰਾਂ ਵਜੇ ਤੋਂ ਬਾਦ ਪ੍ਰੋ ਹਰਪਾਲ ਸਿੰਘ ਘਰੋਂ ਚਾਹ ਲੈ ਆਏ। ਸਾਰਿਆਂ ਨੇ ਘੁੱਟ ਘੁੱਟ ਪੀਤੀ ਤੇ ਮੈਂ ਆਪਣੇ ਬੇਟੇ ਕੋਲ਼ ਚਲਿਆ ਗਿਆ। ਰਹਿੰਦੀ ਖੂੰਹਦੀ ਰਾਤ ਕੱਟੀ ਤੇ ਅਗਲੇ ਦਿਨ ਵਾਪਸ ਆ ਗਿਆ।

ਬੰਗਿਆਂ ਤੋਂ ਪ੍ਰੋ. ਹਰਪਾਲ ਸਿੰਘ ਦਾ ਵਿਦਿਆਰਥੀ ਉਹਨੂੰ ਪੀਜੀਆਈ ਮਿਲਣ ਗਿਆ। ਗੱਲਾਂ ਗੱਲਾਂ ਵਿੱਚ ਉਹਨੂੰ ਦੱਸਣ ਲੱਗਾ ਕਿ ਪਿੰਡ ਵਿੱਚ ਕੋਸੀ ਕੋਸੀ ਧੁੱਪ ਵਿੱਚ ਪ੍ਰਾਲ਼ੀ ਦੇ ਢੇਰ ‘ਤੇ ਲੇਟਣ ਨਾਲ਼ ਜੋ ਅਰਾਮ ਮਿਲ਼ਦਾ ਹੈ, ਉਹਦਾ ਮੁਕਾਬਲਾ ਮਹਿੰਗੇ ਮਹਿੰਗੇ ਗੱਦੇ ਕਤੱਈ ਨਹੀਂ ਕਰ ਸਕਦੇ। ਉਹ ਪੇਂਡੂ ਸਾਦਗੀ ਦਾ ਏਨਾ ਕਾਇਲ ਸੀ ਕਿ ਉਹਨੂੰ ਲੱਗਦਾ ਸੀ ਕਿ ਉਹਦੀ ਜ਼ਿੰਦਗੀ ਦੀ ਹਰਿਆਲੀ ਸ਼ਹਿਰ ਦੇ ਬਨਾਉਟੀਪਣ ਨੇ ਨਿਗਲ਼ ਲਈ ਹੈ।

ਮੈਂ ਉਹਨੂੰ ਪਹਿਲੀ ਵਾਰ ਬੰਗੇ ਮਿਲ਼ਿਆ ਸਾਂ। ਉੱਨੀ ਸੌ ਬਿਆਸੀ ਵਿੱਚ ਮੈਂ ਬੀ ਏ ਦੇ ਆਖਰੀ ਸਾਲ ਵਿੱਚ ਸਾਂ ਤੇ ਇਹ ਉਦੋਂ ਹਾਲੇ ਬੇਰੁਜ਼ਗਾਰ ਅਧਿਆਪਕ ਸੀ। ਪ੍ਰੋ ਹਰਪਾਲ ਸਿੰਘ ਉਹਨੂੰ ਬੰਗੇ ਲੈ ਆਏ ਸੀ ਤੇ ਮੈਂ ਉਹਦੇ ਕੋਲ਼ ਅੰਗਰੇਜ਼ੀ ਪੜ੍ਹਨ ਲੱਗ ਪਿਆ। ਉਹ ਮੈਨੂੰ ਵਿਆਕਰਣ ਪੜ੍ਹਾਉਂਦਾ ਤੇ ਮੈਂ ਉਹਨੂੰ ਗੱਲਾਂ ਸੁਣਾਉਂਦਾ। ਉਹ ਵਿਆਕਰਣ ਭੁੱਲ ਜਾਂਦਾ ਤੇ ਗੱਲਾਂ ‘ਚ ਗੁਆਚ ਜਾਂਦਾ।

ਦਰਅਸਲ ਸਿਲੇਬਸ ਵਿੱਚ ਮੇਰਾ ਮਨ ਨਹੀਂ ਸੀ ਲੱਗਦਾ। ਮੈਂ ਉਹਨੂੰ ਵਿਆਕਰਣ ਦੇ ਉਹ ਸਵਾਲ ਪੁੱਛਦਾ, ਜਿਨ੍ਹਾਂ ਦਾ ਇਮਤਿਹਾਨ ਨਾਲ਼ ਕੋਈ ਤਾਲੁੱਕ ਨਾ ਹੁੰਦਾ। ਉਹਨੂੰ ਵੀ ਉਹੀ ਪੜ੍ਹਾ ਕੇ ਜ਼ਿਆਦਾ ਵਧੀਆ ਲੱਗਦਾ। ਉਹ ਮੇਰੇ ਕਿਸੇ ਕਿਸੇ ਸਵਾਲ ‘ਤੇ ਆਖਦਾ, “ਇਹ ਸਿਰਫ ਤੂੰ ਹੀ ਪੁੱਛ ਸਕਦਾ ਸੀ”। ਮੈਂ ਅੰਦਰੋਂ ਪ੍ਰਸੰਨ ਹੋ ਜਾਂਦਾ।

ਇੱਕ ਦਿਨ ਉਹ ਰਜਾਈ ਲਈ ਪਿਆ ਸੀ। ਮੈਂ ਆਇਆ ਤਾਂ ਉਹਨੇ ਮੂੰਹ ਬਾਹਰ ਕੱਢਣਾ ਵੀ ਮੁਨਾਸਬ ਨਾ ਸਮਝਿਆ। ਨਾ ਮੈਂ ਉਹਦਾ ਮੂੰਹ ਦੇਖਿਆ ਨਾ ਉਹਨੇ। ਉਹ ਪਾਇਥਾਗੋਰਸ ਦੀ ਤਰਾਂ ਰਜਾਈ ਵਿੱਚੋਂ ਹੀ ਪੜ੍ਹਾਈ ਗਿਆ ਤੇ ਮੈਂ ਪੜ੍ਹੀ ਗਿਆ।

ਉਹ ਪੁਆਧੀ ਸੀ ਤੇ ਉਹਦੀ ਬੋਲੀ ਮੈਨੂੰ ਚੰਗੀ ਲੱਗਦੀ ਸੀ। ਅਸੀਂ ਅਕਸਰ ਪੁਆਧੀ ਤੇ ਦੁਆਬੀ ਦੇ ਅੰਤਰ ਅਤੇ ਨੇੜਤਾ ਦੇ ਨਿਸ਼ਾਨ ਲੱਭਦੇ ਰਹਿੰਦੇ ਤੇ ਖੁਸ਼ ਹੁੰਦੇ।

ਉਹ ਪੰਜਾਬੀ ਬੋਲਦਾ ਇਵੇਂ ਲੱਗਦਾ, ਜਿਵੇਂ ਉਹਨੇ ਕਦੇ ਸ਼ਹਿਰ ਦਾ ਮੂੰਹ ਨਾ ਦੇਖਿਆ ਹੋਵੇ। ਅੰਗਰੇਜ਼ੀ ਬੋਲਦਾ ਤਾਂ ਇਵੇਂ ਲੱਗਦਾ, ਜਿਵੇਂ ਉਹਨੇ ਕਦੀ ਪਿੰਡ ਦਾ ਮੂੰਹ ਨਾ ਦੇਖਿਆ ਹੋਵੇ। ਅੰਗਰੇਜ਼ੀ ਕਾਹਦੀ, ਨਿਰਾ ਬੀਬੀਸੀ ਰੇਡੀਓ ਲੱਗਦਾ।

ਉਹਨੇ ਅੱਠਵੀਂ ਵਿੱਚ ਵੱਡੀ ‘ਰੈਂਡਮ ਹਾਊਸ ਡਿਕਸ਼ਨਰੀ’ ਖਰੀਦ ਲਈ ਸੀ ਤੇ ਬੀਬੀਸੀ ਸੁਣ ਸੁਣ ਕੇ ਆਪਣੀ ਅੰਗਰੇਜ਼ੀ ਅੰਗਰੇਜ਼ਾਂ ਵਰਗੀ ਕਰ ਲਈ ਸੀ। ਉਹ ਬੇਹੱਦ ਸਾਊ, ਸਾਦਾ ਤੇ ਸਪਸ਼ਟ ਇਨਸਾਨ ਸੀ। ਜੋ ਉਹਦੇ ਦਿਲ ਵਿੱਚ ਹੁੰਦਾ ਉਹੀ ਜ਼ੁਬਾਨ ‘ਤੇ ਹੁੰਦਾ। ਉਹ ਅੜੀਅਲ ਜ਼ਰੂਰ ਸੀ, ਪਰ, ਪਿਆਰ ਅੱਗੇ ਝੁਕ ਜਾਂਦਾ।

ਮੈਂ ਉਹਦੇ ਨਾਲ਼ ਕਈ ਆਲਤੂ ਫਾਲਤੂ ਗੱਲਾਂ ਕਰਨ ਲੱਗ ਜਾਂਦਾ ਤੇ ਉਹ ਉਨ੍ਹਾਂ ਨੂੰ ਬੜੇ ਧਿਆਨ ਨਾਲ਼ ਸੁਣਦਾ। ਕਦੀ ਕਦੀ ਉਹ ਏਨਾ ਭੋਲ਼ਾ ਲੱਗਦਾ ਕਿ ਉਹਦੇ ਸਾਹਮਣੇ ਸਭ ਚਤਰਾਈਆਂ ਦੰਮ ਤੋੜ ਦਿੰਦੀਆਂ।

ਫਿਰ ਪੰਜਾਬ ਦੇ ਹਾਲਾਤ ਵਿਗੜ ਗਏ। ਮੋਰਚਾ ਲੱਗ ਗਿਆ। ਮੈਂ ਗ੍ਰਿਫ਼ਤਾਰੀ ਦੇ ਦਿੱਤੀ ਤੇ ਮੇਰੀ ਵਿਆਕਰਣ ਦਾ ਭੋਗ ਪੈ ਗਿਆ। ਜੇਲ ਯਾਤਰਾ ਤੇ ਮੋਰਚੇ ਦੀ ਲੰਬੀ ਕਹਾਣੀ ਬਾਦ ਮੈਂ ਵਾਪਸ ਪਰਤ ਆਇਆ। ਬੀ.ਏ. ਮੁਕੰਮਲ ਕੀਤੀ ਤੇ ਪ੍ਰੋ ਹਰਪਾਲ ਸਿੰਘ ਦੇ ਕਹਿਣ ‘ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਦੀ ਐੱਮ ਏ ਕਰਨ ਚਲਾ ਗਿਆ।

ਉੱਥੇ ਦੂਜੇ ਤੀਜੇ ਦਿਨ ਹੀ ਮੈਨੂੰ ਜਸਮੇਰ ਸਿੰਘ ਟੱਕਰ ਪਿਆ। ਉਹ ਹਾਲੇ ਵੀ ਬੇਰੁਜ਼ਗਾਰ ਹੀ ਸੀ। ਅੰਗਰੇਜ਼ੀ ਵਿਆਕਰਣ ਤੇ ਗੱਲਾਂ ਦੀ ਟੁੱਟੀ ਹੋਈ ਤੰਦ ਮੁੜ ਜੁੜ ਗਈ। ਹੁਣ ਮੇਰੇ ਸਵਾਲਾਂ ਤੇ ਗੱਲਾਂ ਵਿਚ ਯੂਨੀਵਰਸਿਟੀ ਦਾ ਬੌਧਿਕ ਪ੍ਰਭਾਵ ਤੇ ਦੇਹੀ ਸ਼ਿੰਗਾਰ ਵੀ ਦਾਖਲ ਹੋ ਗਿਆ ਸੀ। ਉਹ ਅੰਗਰੇਜ਼ੀ ਮੁਹਾਵਰੇ ਤੇ ਅਖਾਣ ਦੱਸਦਾ, ਕਾਵਿ ਟੋਟਕੇ ਸੁਣਾਉਂਦਾ ਤੇ ਵਿਸ਼ਵ ਦੇ ਮਹਾਨ ਵਿਦਵਾਨਾ ਦੇ ਜੀਵਨ ਵਾਕਿਆਤ ਖੋਲ੍ਹ ਖੋਲ੍ਹ ਕੇ ਸਮਝਾਉਂਦਾ। ਵਿੱਚ ਵਿੱਚ ਆਪਣੇ ਤਜੁਰਬੇ ਇਸਤਰਾਂ ਜੜਦਾ ਜਿਵੇਂ ਰਜਨੀਸ਼ ਮੁੱਲਾਂ ਨਸੀਰੁਦਦੀਨ ਦੇ ਵਾਕਿਆਤ ਸੁਣਾਉਂਦਾ ਹੋਵੇ। ਮੈਂ ਕਿਸੇ ਗੱਲ ‘ਤੇ ਬੇਹੱਦ ਹੈਰਾਨ ਹੁੰਦਾ ਤੇ ਕਿਸੇ ‘ਤੇ ਹੱਸ ਛੱਡਦਾ; ਉਹ ਬੜਾ ਖੁਸ਼ ਰਹਿੰਦਾ।

ਮੈਨੂੰ ਕੱਲ੍ਹ ਵਾਂਗ ਯਾਦ ਹੈ ਕਿ ਯੂਨੀਵਰਸਿਟੀ ਵਿੱਚ ਜਪੁਜੀ ਸਾਹਿਬ ‘ਤੇ ਮਿਲ਼ੀ ਅਸਾਈਨਮੈਂਟ ਲਈ ਮੈਂ ਜਸਮੇਰ ਸਿੰਘ ਕੋਲ਼ ਰਾਣੀ ਮਾਜਰੇ ਗਿਆ ਸੀ। ਉਹਨੇ ਮੇਰੀ ਕਾਬਲੀਅਤ ਨੂੰ ਇੰਨਾ ਉਤਸਾਹਤ ਕਰ ਦਿੱਤਾ ਸੀ ਕਿ ਮੈਂ ਉਹ ਅਸਾਈਨਮੈਂਟ ਨੇਪਰੇ ਚਾੜ੍ਹਨ ਜੋਗਾ ਹੋ ਗਿਆ। ਡਾ. ਸੱਚਰ ਨੇ ਇਕ ਅੱਧ ਨੁਕਤੇ ਦੀ ਕਾਂਟ ਛਾਂਟ ਕਰਕੇ ਉਸ ਅਸਾਈਨਮੈਂਟ ਨੂੰ ਹੱਸ ਕੇ ਪਰਵਾਣ ਕਰ ਲਿਆ ਸੀ।

ਉਹ ਕਦੀ ਕਦੀ ਰਾਤ ਨੂੰ ਮੇਰੇ ਕੋਲ ਹੀ ਰੁਕ ਜਾਂਦਾ। ਉਹ ਮੈਨੂੰ ਆਪਣੇ ਸਾਹਮਣੇ ਆਂਡਿਆਂ ਦੀ ਭੁਰਜੀ ਵੀ ਨਾ ਖਾਣ ਦਿੰਦਾ। ਅਸੀਂ ਮੱਖਣ ਦੀਆਂ ਟਿੱਕੀਆਂ ਪਾ ਕੇ ਦਾਲ਼ ਫੁਲਕਾ ਛੱਕਦੇ, ਕਮਰੇ ‘ਚ ਬਹਿ ਕੇ ਗਰਮ ਗਰਮ ਦੁੱਧ ਪੀਂਦੇ, ਭੁੰਜੇ ਬਿਸਤਰੇ ਵਿਛਾਉਂਦੇ ਤੇ ਬੱਤੀ ਬੁਝਾ ਕੇ ਪੈ ਜਾਂਦੇ। ਰਾਤ ਨੂੰ ਅਸੀਂ ਬਾਣੀ ਦੇ ਅਰਥ, ਪਾਠ ਬੋਧ ਅਤੇ ਭੇਦ ਵਿਚਾਰਦੇ ਵਿਚਾਰਦੇ ਗੁਰੂ ਸਾਹਿਬਾਨ ਦੀਆਂ ਅਲੌਕਿਕ ਸਾਖੀਆਂ ਛੇੜ ਲੈਂਦੇ ਤੇ ਸੁਣਦੇ ਸੁਣਾਉਂਦੇ ਸੌਂ ਜਾਂਦੇ।

ਭਿੰਡਰਾਂ ਵਾਲੇ ਸੰਤਾਂ ‘ਤੇ ਹੋਏ ਹਮਲੇ ਅਤੇ ਦਿੱਲੀ ਦੇ ਸਿੱਖ ਕਤਲੇਆਮ ਅਤੇ ਹੋਈ ਸਾੜਫੂਕ ਕਾਰਣ ਸਿੱਖ ਸਮਾਜ ਵਿੱਚ ਅਜੀਬ ਏਕਤਾ ਪ੍ਰਗਟ ਹੋਈ ਹੋਈ ਸੀ। ਹਰ ਹਫ਼ਤੇ ਕਿਤੇ ਨਾ ਕਿਤੇ ਕੀਰਤਨ ਦਰਬਾਰ ਹੁੰਦਾ। ਅਸੀਂ ਸਾਰੇ ਇਕੱਠੇ ਹੋ ਕੇ ਸੁਣਨ ਜਾਂਦੇ। ਕਮੇਟੀਆਂ ਲਈ ਝੜਾਵਾ ਕੱਠਾ ਕਰਨ ਦਾ ਸੁਨਹਿਰੀ ਮੌਕਾ ਬਣਿਆ ਹੋਇਆ ਸੀ। ਉਹ ਚਾਰ ਸਿੱਖਾਂ ਨੂੰ ਚਾਦਰ ਫੈਲਾ ਕੇ ਸੰਗਤ ਵਿੱਚ ਘੁਮਾ ਦਿੰਦੇ।

ਇਕ ਦੀਵਾਨ ਵਿੱਚ ਪੈਸੇ ਕੱਠੇ ਕਰਨ ਵਾਲ਼ੀ ਚਾਦਰ ਲੈ ਕੇ ਚਾਰ ਸਿੱਖ ਸਾਡੇ ਕੋਲ਼ ਆਏ ਤਾਂ ਅਸੀਂ ਉਸ ਵਿੱਚ ਦਸ ਦਸ ਰੁਪਏ ਪਾ ਦਿੱਤੇ। ਪਰ, ਜਸਮੇਰ ਸਿੰਘ ਨੇ ਆਪਣਾ ਪਰਸ ਕੱਢ ਕੇ ਹੀ ਚਾਦਰ ਵਿੱਚ ਸੁੱਟ ਦਿੱਤਾ। ਅਸੀਂ ਉਹਦੇ ਵੱਲ੍ਹ ਹੈਰਾਨੀ ਨਾਲ਼ ਦੇਖਿਆ ਤਾਂ ਕਹਿਣ ਲੱਗਾ, “ਯਾਰ, ਇਨ੍ਹਾਂ ਨੇ ਗੁਰੂ ਨੂੰ ਹੀ ਮੰਗਣ ਲਾ ਦਿੱਤਾ”। ਮੈਂ ਦੇਖਿਆ ਕਿ ਉਹ ਭਾਵਕ ਜਾਂ ਜਜ਼ਬਾਤੀ ਨਹੀਂ ਸੀ। ਕਮੇਟੀ ਵੱਲੋਂ ਚਾਦਰ ਘੁਮਾ ਕੇ ਕੀਤੀ ਜਾ ਰਹੀ ਗੁਰੂ ਦੀ ਬੇਅਦਬੀ ਪ੍ਰਤੀ ਉਹਦੇ ਮਨ ਵਿੱਚ ਮਣਾਮੂੰਹੀਂ ਰੋਸ ਸੀ।

ਉਹਦੇ ਬਚਪਨ ਦੇ ਛੇ ਸੱਤ ਦੋਸਤ ਉਹਦੇ ਨਾਲ਼ ਹੁੰਦੇ ਤੇ ਨਾਲ਼ ਹੀ ਆ ਜਾਂਦੇ। ਮੇਰੇ ਕਮਰੇ ਵਿੱਚ ਖੂਬ ਰੌਣਕ ਲੱਗਦੀ ਤੇ ਕਮਰਾ ਸਰਾਂ ਬਣ ਜਾਂਦਾ। ਅੱਖੀਂ ਡਿੱਠਾ ਕੀਰਤਨ ਦਰਬਾਰ ਰਾਤ ਭਰ ਚਰਚਾ ਵਿੱਚ ਰਹਿੰਦਾ। ਕਿਸੇ ਦੀ ਸਿਫ਼ਤ ਹੁੰਦੀ, ਕਿਸੇ ਦੇ ਨੁਕਸ ਨਿਕਲ਼ਦੇ। ਤੜਕੇ ਜਹੇ ਸੌਂ ਜਾਂਦੇ, ਸਵੇਰਸਾਰ ਉੱਠਦੇ ਤੇ ਦੌੜ ਦੌੜ ਕੇ ਇਸ਼ਨਾਨ ਕਰਦੇ। ਤਿਆਰ ਬਰ ਤਿਆਰ ਹੁੰਦੇ, ਦੁੱਧ, ਦਹੀਂ, ਮੱਖਣ ਦੀ ਟਿੱਕੀ ਤੇ ਪਰੌਂਠੇ ਛਕਦੇ। ਡਕਾਰ ਲੈਂਦੇ ਤੇ ਪੰਜਾਬੀ ਵਿਭਾਗ ਵਿੱਚ ਡਾ. ਸੱਚਰ ਦੀ ਬਾਰਗਾਹ ’ਚ ਬਿਰਾਜ ਜਾਂਦੇ। ਵਾਰਤਾਲਾਪ ਚੱਲਦੀ ਰਹਿੰਦੀ ਤੇ ਸਵੇਰ ਸ਼ਾਮ ਹੋ ਜਾਂਦੀ।

ਫਿਰ ਉਹਨੂੰ ਅਨੰਦਪੁਰ ਸਾਹਿਬ ਦੇ ਕਾਲਜ ਵਿੱਚ ਕੱਚੀ ਨੌਕਰੀ ਮਿਲ਼ ਗਈ। ਉਥੇ ਉਹਨੇ ਕਾਲਜ ਦੇ ਰਸਾਲੇ ਦੀ ਸੰਪਾਦਨਾ ਕਰਨੀ ਸੀ। ਉਹਨੂੰ ਕਿਤਾਬਾਂ ਪੜਨ੍ਹਾ ਚੰਗਾ ਲੱਗਦਾ ਸੀ, ਪਰ ਲਿਖਣ ਤੋਂ ਉਹਨੂੰ ਕੋਫਤ ਹੁੰਦੀ ਸੀ। ਕਾਲਜ ਦੇ ਰਸਾਲੇ ਲਈ ਭਾਈ ਵੀਰ ਸਿੰਘ ਦੀ ਕਾਵਿ-ਪ੍ਰਤਿਭਾ ‘ਤੇ ਲੇਖ ਲਿਖਣਾ ਸੀ। ਉਹਨੇ ਮੈਨੂੰ ਉੱਥੇ ਸੱਦਿਆ। ਮੈਂ ਪੰਜਾਬੀ ‘ਚ ਬੋਲੀ ਗਿਆ ਤੇ ਉਹ ਅੰਗਰੇਜ਼ੀ ਵਿੱਚ ਲਿਖੀ ਗਿਆ — ਜਿਵੇਂ ਉਹ ਮੇਰਾ ਦੁਭਾਸ਼ੀਆ ਹੋਵੇ।

ਉਹ ਪੰਜਾਬੀ ਦੀ ਵਾਰਤਕ ਦਾ ਪਾਠਕ ਸੀ, ਕਵਿਤਾ ਦਾ ਨਹੀਂ। ਗੁਰਮਤਿ ਨਾਲ਼ ਸਬੰਧਤ ਕਿਹੜੀ ਕਿਤਾਬ ਸੀ, ਜੋ ਉਹਦੇ ਕੋਲ਼ ਨਹੀਂ ਸੀ ਤੇ ਉਹਨੇ ਪੜ੍ਹੀ ਨਹੀਂ ਸੀ। ਜੀਵਨੀਆਂ ਤਾਂ ਉਹ ਪੜ੍ਹਦਾ ਨਹੀਂ, ਪੀਂਦਾ ਸੀ। ਉਹਦਾ ਇਕ ਮਿੱਤਰ ਉਹਨੂੰ ਸ਼ਿਵਕੁਮਾਰ ਸੁਣਾਉਂਦਾ ਰਹਿੰਦਾ ਤੇ ਇਹ ਉਹਦੇ ਵੱਲ੍ਹ ਹੈਰਾਨ ਹੋ ਕੇ ਦੇਖਣ ਲੱਗ ਜਾਂਦਾ। ਪੰਜਾਬੀ ਕਵਿਤਾ ਨਾਲ਼ ਉਹਦਾ ਏਨਾ ਕੁ ਸੰਬੰਧ ਸੀ। ਪੰਜਾਬੀ ਕਵਿਤਾ ਨੂੰ ਛੱਡ ਕੇ ਉਹ ਕੁਝ ਵੀ ਪੜ੍ਹ ਸਕਦਾ ਸੀ।

ਉਹ ਨਾ ਬੇਮਤਲਬ ਗਾਣੇ ਸੁਣਦਾ ਸੀ ਨਾ ਫ਼ਜ਼ੂਲ ਕਿਸਮ ਦੇ ਸੀਰੀਅਲ ਦੇਖਦਾ ਸੀ। ਉਹਨੂੰ ਸ਼ਾਇਦ ਹੀ ਕਿਸੇ ਪੰਜਾਬੀ ਫ਼ਿਲਮ ਦਾ ਨਾਂ ਤੱਕ ਪਤਾ ਹੋਵੇ। ਪੰਜਾਬੀ ਦੀਆਂ ਅਖਬਾਰਾਂ ਨੂੰ ਉਹ ਬਦਕਾਰਾਂ ਸਮਝਦਾ ਸੀ। ਉਹਦੇ ਲਈ ਰੇਡੀਓ ਟੀਵੀ ਦਾ ਮਤਲਬ ਵੀ ਸਿਰਫ ਬੀਬੀਸੀ ਸੀ।

ਇਕ ਦੋਸਤ ਕਹਿਣ ਲੱਗਾ “ਯਾਰ, ਜੇ ਮੈਨੂੰ ਤੇਰੇ ਜਿੰਨੀ ਅੰਗਰੇਜ਼ੀ ਆਉਂਦੀ ਹੁੰਦੀ ਤਾਂ ਮੈਂ ਦੁਨੀਆਂ ਲੁੱਟ ਕੇ ਖਾ ਜਾਂਦਾ”। ਜਸਮੇਰ ਸਿੰਘ ਕਹਿੰਦਾ, “ਤੈਨੂੰ ਤਾਹੀਂ ਨਹੀਂ ਆਉਂਦੀ”। ਮੈਂ ਕਿਤੇ ਉਸ ਦੋਸਤ ਦੇ ਖਿਲਾਫ ਜਸਮੇਰ ਸਿੰਘ ਕੋਲ਼ ਗੱਲ ਕੀਤੀ ਤਾਂ ਕਹਿਣ ਲੱਗਾ, “ਉਹ ਛੱਡ, ਉਹ ਵੀ ਗੁਰੂ ਦਾ ਈ ਬੰਦਾ”। ਮੈਂ ਉਹਦੇ ਯਕੀਨ ‘ਤੇ ਬਲਿਹਾਰ ਜਾਂਦਾ।

ਜਦ ਉਹਦਾ ਵਿਆਹ ਹੋਇਆ ਤਾਂ ਹਫ਼ਤੇ ਬਾਦ ਮੇਰੇ ਕੋਲ਼ ਆਇਆ ਤੇ ਕਹਿੰਦਾ, “ਜੇ ਬਚਣਾ ਤਾਂ ਵਿਆਹ ਕਰਾ ਲੈ”। ਮੈਨੂੰ ਉਹਦੀ ਇਹ ਬੜੀ ਹੀ ਨੇਕ ਸਲਾਹ ਲੱਗੀ। ਵੀਹ ਦਿਨ ਬਾਦ ਫਿਰ ਆਇਆ ਤਾਂ ਉਹਨੇ ਵਿਆਹ ਦੀ ਕੋਈ ਗੱਲ ਨਾ ਕੀਤੀ। ਮੈਂ ਸਮਝ ਗਿਆ ਕਿ ਗ੍ਰਿਹਸਤੀ ਉਹਦੇ ਲਈ ਆਮ ਗੱਲ ਹੋ ਗਈ ਸੀ ਤੇ ਉਹ ਇਸ ਵਿਚ ਰਮ ਗਿਆ ਹੈ।

ਉਹ ਆਪਣੇ ਦੋਸਤ ਲਈ ਕੀ ਕਰ ਸਕਦਾ ਸੀ ਤੇ ਕਿੱਥੇ ਤੱਕ ਜਾ ਸਕਦਾ ਸੀ, ਇਹ ਸਿਰਫ ਉਹਦੇ ਦੋਸਤ ਹੀ ਜਾਣਦੇ ਹਨ। ਕਹਿ ਸਕਦੇ ਹਾਂ ਕਿ ਦੋਸਤਾਂ ਖ਼ਾਤਰ ਨੈਤਿਕਤਾ ਦੀਆਂ ਹੱਦਾਂ ਪਾਰ ਕਰਨ ਤੋਂ ਉਹਨੂੰ ਗੁਰਮਤਿ ਮਰਿਆਦਾ ਹੀ ਰੋਕਦੀ ਸੀ। ਅੱਜ ਮੈਂ ਸੋਚਦਾ ਹਾਂ ਉਹ ਕਿੰਨਾ ਖਰਾ, ਸੱਚਾ, ਸ਼ੁੱਧ ਅਤੇ ਭਲਾ ਲੋਕ ਸੀ। ਜੇ ਉਹਨੇ ਅੰਮ੍ਰਿਤਪਾਨ ਨਾ ਕੀਤਾ ਹੁੰਦਾ ਤਾਂ ਉਹ ਦੋਸਤਾਂ ਖ਼ਾਤਰ ਕਿੰਨਾਂ ਉੱਜੜ ਗਿਆ ਹੁੰਦਾ।

ਮੇਰੇ ਬਾਬਤ ਮੇਰੇ ਹਰ ਦੋਸਤ ਨੂੰ ਕੋਈ ਨਾ ਕੋਈ ਸ਼ਿਕਾਇਤ ਰਹਿੰਦੀ ਸੀ, ਸਿਰਫ ਜਸਮੇਰ ਸਿੰਘ ਨੂੰ ਨਹੀਂ ਸੀ। ਉਹ ਮੈਨੂੰ ਵੀ ਬਖ਼ਸ਼ ਦਿੰਦਾ। ਪਰ, ਜਸਮੇਰ ਸਿੰਘ ‘ਤੇ ਉਹਦੇ ਕਿਸੇ ਦੋਸਤ ਨੂੰ ਕੋਈ ਸ਼ਿਕਾਇਤ ਨਹੀਂ ਸੀ; ਸਿਰਫ ਮੈਨੂੰ ਸੀ ਕਿ ਉਹ ਆਪਣੇ ਨਿਕੰਮੇ ਦੋਸਤਾਂ ਦੀ ਸ਼ਨਾਖਤ ਕਿਉਂ ਨਹੀਂ ਕਰਦਾ। ਦਰਅਸਲ ਇਹੀ ਉਹਦਾ ਵੱਡਾ ਗੁਣ ਅਤੇ ਅਬਗੁਣ ਸੀ।

ਉਹ ਆਪਣੇ ਕਿਸ ਦੋਸਤ ਨੂੰ ਸਭ ਤੋਂ ਜਿਆਦਾ ਪਿਆਰ ਕਰਦਾ ਸੀ, ਇਸ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ। ਪਰ ਉਹਨੂੰ ਸਭ ਤੋਂ ਵੱਧ ਭਰੋਸਾ ਪ੍ਰੋ ਹਰਪਾਲ ਸਿੰਘ ‘ਤੇ ਸੀ। ਸਾਰੇ ਉਨ੍ਹਾਂ ਨੂੰ ਪ੍ਰੋ ਸਾਹਿਬ ਕਹਿੰਦੇ, ਪਰ ਜਸਮੇਰ ਸਿੰਘ ਹੀ ਕੇਵਲ ‘ਹਰਪਾਲ’ ਕਹਿਕੇ ਬੁਲਾਉਂਦਾ। ਉਨ੍ਹਾਂ ਨਾਲ਼ ਹੀ ਉਹ ਆਪਣਾ ਨਿਜੀ ਦੁੱਖ-ਸੁੱਖ ਸਾਂਝਾ ਕਰਦਾ ਤੇ ਹਰ ਤਰਾਂ ਦੀ ਮੱਦਦ ਲਈ ਕਹਿ ਲੈਂਦਾ।

ਉਹਦੇ ਗਿਆਨ ਦੀਆਂ ਕਈ ਖਿੜਕੀਆਂ ਸਨ, ਜਿਨ੍ਹਾਂ ਵਿਚੋਂ ਕਿਸੇ ਨਾਲ ਕੋਈ ਤੇ ਕਿਸੇ ਨਾਲ਼ ਕੋਈ ਖਿੜਕੀ ਖੋਲ੍ਹਦਾ। ਮੇਰੇ ਨਾਲ਼ ਖੱਟੀ-ਮਿੱਠੀ ਤੋਂ ਲੈ ਕੇ ਸਮੱਟੀ ਤੱਕ, ਹਰ ਖਿੜਕੀ ਖੋਲ੍ਹ ਲੈਂਦਾ।

ਬਚਪਨ ਦੇ ਦੋਸਤ ਉਹਦੇ ਉੱਤੇ ਜਾਨ ਵਾਰਦੇ ਸਨ। ਛੋਟਾ ਦਿਲਬਰ ਤਾਂ ਉਹਦੀ ਤਾਬਿਆ ਵਿੱਚ ਹੀ ਰਹਿੰਦਾ ਤੇ ਖ਼ੁਦ ਨੂੰ ਉਹਦਾ ਭਗਤ ਸਮਝਦਾ ਸੀ; ਕਿਤੇ ਜਾਣਾ ਹੋਵੇ, ਗੱਡੀ ਲੈ ਕੇ ਹਾਜ਼ਰ ਹੋ ਜਾਂਦਾ। ਜਸਮੇਰ ਸਿੰਘ ਵੀ ਉਹਦੇ ‘ਤੇ ਆਪਣਾ ਜਮਾਂਦਰੂ ਹੱਕ ਸਮਝਦਾ ਸੀ। ਉਹਦਾ ਹਰ ਦੋਸਤ ਸਮਝਦਾ ਕਿ ਜਸਮੇਰ ਸਿੰਘ ਉਹਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ। ਪਰ, ਅਸਲ ਗੱਲ ਇਹ ਸੀ ਕਿ ਉਹਦਾ ਹਰ ਦੋਸਤ ਨਾਲ਼ ਵਿਸ਼ੇਸ਼ ਲਗਾਉ ਹੁੰਦਾ ਸੀ।

ਉਹ ਪ੍ਰੋ ਹਰਪਾਲ ਸਿੰਘ ਨੂੰ ‘ਬੁੱਕ ਹੰਟਰ’ ਸਮਝਦਾ, ਪਰ ਆਪ ਵੀ ਘੱਟ ਨਹੀਂ ਸੀ। ਜਿਹੜੀ ਕਿਤਾਬ ਕਿਤੋਂ ਨਹੀਂ ਸੀ ਮਿਲ਼ਦੀ, ਉਹਦੇ ਕੋਲ਼ ਹੁੰਦੀ। ਉਹ ਕਿਸੇ ਦੋਸਤ ਦੇ ਕਾਲਜ ਗਿਆ ਤੇ ਲਾਇਬਰੇਰੀ ਵਿੱਚ ਵੜ ਗਿਆ। ਭਾਸ਼ਾ ਵਿਭਾਗ, ਪੰਜਾਬ ਦੇ ਛਪੇ ‘ਪੰਜਾਬੀ ਸ਼ਬਦ-ਕੋਸ਼’ ਦੀ ਤੀਜੀ ਜਿਲਦ ਦੇਖੀ ਤਾਂ ਉਹਦੀਆਂ ਦੋ ਕਾਪੀਆਂ ਕਰਾ ਲਈਆਂ।

ਮੈਂ ਉਹਨੂੰ ਫ਼ੋਨ ਕੀਤਾ ਤੇ ਸਹਿਵਨ ਹੀ ਕੋਈ ਸ਼ਬਦ ਪੁੱਛ ਲਿਆ ਜੋ ‘ਪੰਜਾਬੀ ਕੋਸ਼’ ਦੀ ਉਸੇ ਜਿਲਦ ਵਿੱਚ ਸੀ। ਕਹਿਣ ਲੱਗਾ, “ਇਹ ਤੈਨੂੰ ਮਿਲ਼ ਵੀ ਸਕਦਾ ਹੈ, ਜੇ ਤੁੰ ਮੇਰਾ ਬਹੁਤ ਵੱਡਾ ਥੈਂਕਸ ਕਰੇਂ”। ਮੈਂ ‘ਵੱਡਾ ਥੈਂਕਸ’ ਕਰ ਦਿੱਤਾ, ਸ਼ਬਦ-ਕੋਸ਼ ਦੀ ਉਹ ਜਿਲਦ ਮੈਨੂੰ ਮਿਲ਼ ਗਈ ਤੇ ਮੇਰਾ ਸੈੱਟ ਪੂਰਾ ਹੋ ਗਿਆ।

ਮੈਂ ਉਹਨੂੰ ਅੰਗਰੇਜ਼ੀ ਬਾਬਤ ਤੰਗ ਕਰਦਾ ਰਹਿੰਦਾ ਤੇ ਕੁਝ ਕੁਝ ਪੁੱਛਦਾ ਰਹਿੰਦਾ। ਕਈ ਵਾਰ ਨਿੱਤ-ਨੇਮ ਛੱਡ ਕੇ ਵੀ ਉਹ ਮੇਰੀ ਸਮੱਸਿਆ ਦਾ ਹੱਲ ਕਰਦਾ। ਜਦ ਕਿਤੇ ਉਹਦੀ ਸੁਘੜ ਪਤਨੀ ਫ਼ੋਨ ਚੁੱਕ ਲੈਂਦੀ ਤਾਂ ਮੈਂ ਸਮਝ ਜਾਂਦਾ ਕਿ ਉਹ ਸਕੂਟਰ ਚਲਾ ਰਿਹਾ ਹੋਵੇਗਾ। ਉਹਨੂੰ ਸਾਰੇ ਫ਼ੋਨ ਕਰਦੇ, ਪਰ ਉਹ ਕਦੇ ਹੀ ਕਿਸੇ ਨੂੰ ਫ਼ੋਨ ਕਰਦਾ।

ਵਿਆਹ ਸ਼ਾਦੀਆਂ ਤੇ ਭੋਗਾਂ ‘ਤੇ ਉਹ ਬੱਧਾ-ਰੁੱਧਾ ਹੀ ਜਾਂਦਾ। ਜੇ ਜਾਂਦਾ ਤਾਂ ਸਿਰਫ ਕਥਾ ਕੀਰਤਨ ਸੁਣਦਾ, ਦਾਲ਼-ਫੁਲਕਾ ਛਕਦਾ ਤੇ ਪਰਤ ਜਾਂਦਾ। ਉਹ ਗੱਲਕਾਰ ਸੀ, ਗਾਲੜੀ ਨਹੀਂ ਸੀ। ਗੱਲਕਾਰਾਂ ਨੂੰ ਉਹ ਘੰਟਿਆਂ ਬੱਧੀ ਸੁਣ ਸਕਦਾ ਸੀ। ਗਾਲੜੀਆਂ ਨੂੰ ਉਹ ਬਹੁਤਾ ਪਸੰਦ ਨਹੀਂ ਸੀ ਕਰਦਾ ਤੇ ਟਾਲ਼ਾ ਵੱਟ ਜਾਂਦਾ।

ਦੂਰਦਰਸ਼ਨ ਵਾਲ਼ਿਆਂ ਨੇ ‘ਗੱਲਾਂ ਤੇ ਗੀਤ’ ਲਈ ਬੁਲਾਇਆ ਤਾਂ ਆਨਾਕਾਨੀ ਕਰੀ ਜਾਵੇ। ਮੈਂ ਉਹਦਾ ਨਾਂ ਤਜਵੀਜ਼ ਕੀਤਾ ਸੀ ਤੇ ਉਹ ਮੇਰੇ ‘ਤੇ ਇਤਰਾਜ਼ ਕਰਨ ਲੱਗੇ ਕਿ ਉਹ ਆਨਾਕਾਨੀ ਕਰ ਰਿਹਾ ਹੈ। ਬੜੀ ਮੁਸ਼ਕਲ ਨਾਲ ਉਹਨੂੰ ਜਲੰਧਰ ਆਉਣ ਲਈ ਮਨਾਇਆ। ਜਦ ਉਹ ਗਿਆ ਤਾਂ ਉਹਦੇ ਗਿਆਨ ਅਤੇ ਅੰਦਾਜ਼ ਨੂੰ ਦੇਖ ਕੇ ਦੂਰਦਰਸ਼ਨ ਵਾਲ਼ੇ ਬੜੇ ਹੈਰਾਨ ਹੋਏ ਤੇ ਖੁਸ਼ ਹੋਏ; ਦਰਸ਼ਕਾਂ ਦੇ ਫ਼ੋਨ ਆਏ ਤੇ ਕਈ ਸਵਾਲ ਪੁੱਛੇ। ਦਰਵੇਸ਼ ਤਬੀਅਤ, ਗੁਣਾਂ ਦੀ ਗੁਥਲ਼ੀ, ਜਸਮੇਰ ਸਿੰਘ ਸ਼ਾਨੋ-ਸ਼ੌਕਤ ਤੇ ਸ਼ੁਹਰਤ ਦੀ ਦੁਨੀਆਂ ਤੋਂ ਅਭਿੱਜ ਸੀ।

ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਖੋਜੀ ਵਿਦਵਾਨ ਡਾ ਪਿਆਰ ਸਿੰਘ ਨੂੰ ਸਿਰਦਾਰ ਕਪੂਰ ਸਿੰਘ ਦੀਆਂ ਕਿਤਾਬਾਂ ਦੀ ਸੰਪਾਦਨਾ ਸਮੇਂ ਆਉਣ ਵਾਲ਼ੀਆਂ ਅੜਚਣਾਂ ਦਾ ਹੱਲ ਜਸਮੇਰ ਸਿੰਘ ਕੋਲ਼ੋਂ ਹੁੰਦਾ ਸੀ ਤੇ ਡਾ ਪਿਆਰ ਸਿੰਘ ਉਹਦੀ ਏਨੀ ਉੱਚੀ ਸੁੱਚੀ ਲਗਨ ਅਤੇ ਪ੍ਰਤਿਭਾ ਤੋਂ ਹੈਰਾਨ ਹੁੰਦੇ ਸਨ।

ਖਰੀਦੋਫਰੋਖਤ ਸਮੇਂ ਹਮੇਸ਼ਾਂ ਚਾਦਰ ਦੇਖ ਕੇ ਪੈਰ ਪਸਾਰਨ ਵਾਲ਼ਾ ਜਸਮੇਰ ਸਿੰਘ ਕਿਤਾਬਾਂ ਦੇਖ ਕੇ ਚਾਦਰ ਵਿਸਾਰ ਦਿੰਦਾ। ਵਿਸ਼ਵ ਪੁਸਤਕ ਮੇਲੇ ਵਿੱਚ ਨਿਰਸੰਕੋਚ ਪੰਡਾਂ ਬੰਨ੍ਹ ਬੰਨ੍ਹ ਕਿਤਾਬਾਂ ਲੈ ਆਉਂਦਾ। ਟਾਈਟਲ ਦੇਖ ਕੇ ਉਹਦੇ ਮਸਤਕ ਦੀ ਵਿਸ਼ਾਲ ਚਾਹਤ ਦੇ ਦੀਦਾਰ ਹੁੰਦੇ।

ਠੰਢ ਬਹੁਤ ਮਨਾਉੰਦਾ ਸੀ। ਸਰਦੀਆਂ ਨੂੰ ਕਈ ਕਈ ਕੱਪੜੇ ਪਾ ਕੇ ਰੱਖਣੇ। ਪਹਿਨਣ ਓਢਣ ਦਾ ਸ਼ੌਕੀਨ ਨਹੀਂ ਸੀ। ਘਰ ਵਿੱਚ ਅਜਿਹਾ ਮਧੇੜ ਮਾਰ ਕੇ ਰੱਖਦਾ, ਜਿਵੇਂ ਖੇਤਾਂ ‘ਚ ਨੱਕੇ ਮੋੜਨ ਜਾਣਾ ਹੋਵੇ।

ਮੁਢਲੇ ਤਿੰਨ ਚਾਰ ਸਾਲ ਉਹਨੇ ਡਾਕਖ਼ਾਨੇ ‘ਚ ਨੌਕਰੀ ਕੀਤੀ ਸੀ। ਇਸੇ ਲਈ ਉਹ ਸਿੱਕੇਬੰਦ ਸੱਜਣ ਪੁਰਸ਼ ਸੀ। ਬਾਦ ਵਿੱਚ ਉਹ ਚੰਡੀਗੜ੍ਹ ਦੇ ਪਬਲਿਕ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣ ਲੱਗ ਪਿਆ। ਬਿਹਤ੍ਰੀਨ ਸਕੂਲਾਂ ਦੇ ਅੰਗਰੇਜ਼ੀ ਪਾੜ੍ਹੇ ਉਹਤੋਂ ਅੱਖਾਂ ਚੁਰਾਉਂਦੇ ਤੇ ਟਿਭ ਜਾਂਦੇ। ਕਈ ਉਹਦੇ ਸਾਹਮਣੇ ਹਾਰ ਜਾਂਦੇ ਤੇ ਕਈ ਖਾਰ ਖਾਂਦੇ। ਕਿੱਥੇ ਬੀਬੀਸੀ ਤੇ ਕਿੱਥੇ ਪੀਟੀਸੀ।

ਮੇਰੇ ਕੋਲ਼ ਆਇਆ, ਅਖੇ ਫਗਵਾੜਾ ਦੇਖਣਾ। ਮੈਂ ਉਹਨੂੰ ਗਊਸ਼ਾਲਾ ਤੇ ਬਾਂਸਾਂ ਵਾਲ਼ੇ ਬਜ਼ਾਰ ਘੁਮਾਇਆ। ਦੁਆਬੇ ਦੇ ਰੰਗ ਢੰਗ, ਤਰੱਕੀ ਤੇ ਚਮਕ ਦਮਕ ਦੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ ‘ਕੋਈ ਏਜੰਟ ਮਿਲ਼ਾ’। ਏਜੰਟ ਮਿਲ਼ਾ ਦਿੱਤਾ ਤੇ ਉਹਨੇ ਹਰ ਤਰਾਂ ਦੀ ਜਾਣਕਾਰੀ ਹਾਸਲ ਕੀਤੀ। ਇੱਥੋਂ ਦਾ ਮਹੌਲ ਉਹਨੂੰ ਮਾਫਕ ਨਹੀਂ ਸੀ।

ਤੰਗ-ਦਸਤ ਮਹੌਲ ਵਿੱਚ ਦਿਨ-ਕਟੀ ਕਰਦਾ ਜਸਮੇਰ ਸਿੰਘ ਅੱਕ ਗਿਆ ਸੀ। ਉਹਨੇ ਕਈ ਸਾਲ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਤੇ ਘਰੇ ਬਹਿ ਗਿਆ। ਮੈਂ ਪੁੱਛਿਆ ਕਿ ‘ਘਰੇ ਕੀ ਕਰਦੇ ਹੁੰਦੇ ਹੋ?’ ਕਹਿਣ ਲੱਗਾ, “ਮੈਂ ਵਾਰ ਵਾਰ ਨਹੀਂ ਆਉਣਾ, ਹੁਣੇ ਕੰਮ ਮੁਕਾ ਕੇ ਜਾਣਾ”। ਪਤਾ ਲੱਗਾ ਕਿ ਹੁਣ ਉਹ ਬਾਣੀ ਪੜ੍ਹਦਾ ਜਾਂ ਸਿਮਰਣ ਕਰਦਾ।

ਹੁਣ ਉਹਦੀ ਸਿਹਤ ਆਗਿਆ ਨਾ ਦਿੰਦੀ। ਉਹ ਬਿਲਕੁਲ ਰਹਿ ਗਿਆ ਸੀ। ਚੰਦਰੇ ਰੋਗ ਨੇ ਉਹਨੂੰ ਅੰਦਰੋਂ ਖਾ ਲਿਆ ਸੀ। ਕਹਿੰਦੇ ਹਨ ਕਿ ਲੋਹੜੀ ਵਾਲ਼ੇ ਦਿਨ ਪ੍ਰੋ ਹਰਪਾਲ ਸਿੰਘ ਨੂੰ ਬਹੁਤ ਚੇਤੇ ਕਰਦਾ ਰਿਹਾ। ਅਗਲੇ ਦਿਨ ਉਹ ਮਿਲਣ ਗਏ ਤਾਂ ਚਾਰ ਘੰਟੇ ਉਹਦੇ ਕੋਲ਼ ਬੈਠੇ ਰਹੇ।

ਉਹਦੀ ਪਤਨੀ ਆਪਣੇ ਪਤੀ ਨੂੰ ਬੱਚੇ ਦੀ ਤਰਾਂ ਸੰਭਾਲ਼ਦੀ। ਛੁੱਟੀਆਂ ਕਰਕੇ ਚੱਤੋ ਪਹਿਰ ਉਹਦੇ ਕੋਲ਼ ਰਹਿੰਦੀ। ਉਹਦੀ ਬੇਟੀ ਵੀ ਆਪਣੇ ਬਾਪ ਦੀ ਦੇਖ ਰੇਖ ਤੇ ਸਾਂਭ ਸੰਭਾਲ਼ ਵਿੱਚ ਕੋਈ ਕਸਰ ਨਾ ਛੱਡਦੀ। ਕੀ ਪਤਾ ਸੀ ਕਿ ਚੂੜੇ ਵਾਲ਼ੀਆਂ ਬਾਹਾਂ ਤੇ ਮਹਿੰਦੀ ਵਾਲ਼ੇ ਹੱਥਾਂ ਨਾਲ਼ ਉਹਨੂੰ ਆਪਣੇ ਬਾਪ ਦੀ ਕਿਸਤਰਾਂ ਦੀ ਸੇਵਾ ਕਰਨੀ ਪੈਣੀ ਹੈ।

ਬਾਹਰਲੇ ਮੁਲਕ ਵਿੱਚ ਰਹਿੰਦੇ ਉਹਦੇ ਬੇਟੇ ਨੂੰ ਦੱਸਿਆ ਤਾਂ ਉਹ ਬਾਪ ਦੀ ਖ਼ਬਰ ਲਈ ਕਿਲਵਲੀਆਂ ਖਾਣ ਲੱਗਾ। ਨਿਜੀ ਮਜਬੂਰੀਆਂ ਦਾ ਮਾਰਿਆ ਵਿਲਕਦਾ ਆਇਆ ਤੇ ਵਿਲਕਦਾ ਚਲਿਆ ਗਿਆ।

ਪ੍ਰੋ ਹਰਪਾਲ ਸਿੰਘ ਸੀ ਤੇ ਛੋਟਾ ਦਿਲਬਰ ਹਨੇਰ ਸਵੇਰ ਮਸੇਰ ਜਹੇ ਮਿੱਤਰ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ। ਇਕ ਜਾਂਦਾ ਦੂਜਾ ਆ ਜਾਂਦਾ। ਹੋਰ ਵੀ ਸਮੇਂ ਸਮੇਂ ਆਉਂਦੇ ਤੇ ਚਲੇ ਜਾਂਦੇ। ਪਰ ਇਹ ਕਦੇ ਕੁਤਾਹੀ ਨਾ ਕਰਦੇ। ਉਹਦੇ ਨਾਲ਼ ਬਹੁਤੀ ਨੇੜਤਾ ਦੇ ਦਾਵੇ ਕਰਨ ਵਾਲੇ ਕਈ ਦੋਸਤ ਟਿੱਭਦੇ ਵੀ ਰਹੇ।

ਰਾਤ ਨੂੰ ਪ੍ਰੋ ਹਰਪਾਲ ਸਿੰਘ ਦਾ ਫੋਨ ਆਇਆ। ਗਿਆਰਾਂ ਵਜੇ ਤੱਕ ਅਸੀਂ ਉਹਦੀਆਂ ਗੱਲਾਂ ਕਰਦੇ ਰਹੇ। ਪ੍ਰੋ ਸਾਹਿਬ ਨੇ ਦੱਸਿਆ ਕਿ ਪਹਿਲਾਂ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਅਰਦਾਸਾਂ ਕਰਦਾ ਤੇ ਕਰਾਉਂਦਾ ਸੀ। ਅੱਜ ਉਹ ਬੱਚਿਆਂ ਦੀ ਤਰਾਂ ਆਪਣੀ ਮਾਂ ਦਾ ਨਾਂ ਲੈ ਲੈ ਰੋ ਰਿਹਾ ਸੀ ਕਿ “ਮਾਂ ਮੈਨੂੰ ਬਚਾ ਲੈ, ਮਾਂ ਮੈਨੂੰ ਬਚਾ ਲੈ”।

ਮੈਨੂੰ ’ਪੇਮੀ ਦੇ ਨਿਆਣੇ’ ਕਹਾਣੀ ਚੇਤੇ ਆਈ, ਜਿਹਦੇ ਵਿੱਚ ਰਾਸ਼ੇ ਕੋਲ਼ੋਂ ਲੰਘਦੇ ਬੱਚਿਆਂ ਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਡਰ ਦੂਰ ਨਹੀਂ ਹੁੰਦਾ। ਪਰ ਉਹ ਆਪਣੀ ਮਾਂ ਪੇਮੀ ਦਾ ਨਾਂ ਲੈ ਕੇ ਅਰਾਮ ਨਾਲ਼ ਲੰਘ ਜਾਂਦੇ ਹਨ। ਮੈਂ ਗੁਰੂ ਅਤੇ ਮਾਂ ਦਾ ਫਰਕ ਸੋਚਦਾ ਸੋਚਦਾ ਸੌਂ ਗਿਆ।

ਤੜਕੇ ਪੰਜ ਵਜੇ ਉੱਠਕੇ ਵਾਸ਼ਰੂਮ ਗਿਆ ਤੇ ਪਿੱਛੇ ਫ਼ੋਨ ਖੜਕਣ ਲੱਗ ਪਿਆ। ਮੇਰਾ ਮੱਥਾ ਠਣਕਿਆ ਕਿ ਭਾਣਾ ਵਰਤ ਗਿਆ ਹੈ। ਪ੍ਰੋ ਸਾਹਿਬ ਦਾ ਫ਼ੋਨ ਸੀ। ਪਰਤਵੀਂ ਕਾਲ ਕੀਤੀ ਤਾਂ ਉਹੀ ਗੱਲ ਹੋਈ। ਕਹਿਣ ਲੱਗੇ, “ਸ. ਜਸਮੇਰ ਸਿੰਘ ਚੜ੍ਹਾਈ ਕਰ ਗਏ”। ਇਹਤੋਂ ਅੱਗੇ ਕੋਈ ਗੱਲ ਨਾ ਹੋਈ। ਗੱਲ ਵੀ ਕੀ ਕਰਦੇ। ਗੱਲ ਖਤਮ ਹੋ ਗਈ ਸੀ। ਮਿੱਤਰਾਂ ਦਾ ਮਸੇਰ ਤੁਰ ਗਿਆ ਸੀ।

ਮੈਂ ਸੁੰਨ ਹੋ ਗਿਆ ਤੇ ਮੇਰੇ ਕੰਨਾਂ ਵਿੱਚ ਅੰਮ੍ਰਿਤ ਵੇਲੇ ਹੀ ਕੀਰਤਨ ਸੋਹਿਲਾ ਗੂੰਜਣ ਲੱਗ ਪਿਆ - “ਦੇਹੁ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲੁ।।

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ