Morche Vall Jaandiaan (Russian Story in Punjabi) : Mikhail Sholokhov
ਮੋਰਚੇ ਵੱਲ ਜਾਂਦਿਆਂ (ਰੂਸੀ ਕਹਾਣੀ) : ਮਿਖ਼ਾਈਲ ਸ਼ੋਲੋਖ਼ੋਵ
[ਮਿਖਾਇਲ ਸ਼ੋਲੋਖੋਵ ਨੇ ਦੇਸ ਭਗਤਕ ਜੰਗ ਸਮੇਂ ਅਨੇਕਾਂ ਮਜ਼ਮੂਨ ਲਿਖੇ ਸਨ ਜਿਹਨਾਂ ਵਿਚੋਂ ਇਕ ਅਸੀਂ ਇਥੇ ਦੇ ਰਹੇ ਹਾਂ । ਇਹ ਮਜ਼ਮੂਨ ਲੇਖਕ ਨੇ ਪਛਮੀ ਮਹਾਜ਼ ਵਲ ਜਾਂਦਿਆਂ 1941 ਵਿਚ ਲਿਖਿਆ ਸੀ ।—ਸੰਪਾਦਕ]
ਪਿੰਸਲਾਂ, ਕਾਗਜ਼ਾਂ ਤੇ ਸਬ ਮਸ਼ੀਨਗੰਨਾਂ ਨਾਲ ਲੈਸ ਅਸੀਂ ਮਹਾਜ਼ ਵਲ ਵਧ ਰਹੇ ਸਾਂ । ਅਸੀਂ ਗੋਲਾ-ਬਰੂਦ ਲਿਜਾ ਰਹੇ ਟਰੱਕਾਂ ਦੀਆਂ ਅਨੇਕਾਂ ਪਾਲਾਂ ਤੋਂ ਅੱਗੇ ਲੰਘਦੇ ਗਏ ।
ਜੁਆਨਾਂ ਦੇ ਮੁਹਰਲੇ ਮੋਰਚਿਆਂ ਨੂੰ ਗੋਲਾ-ਬਰੂਦ ਤੇ ਦੂਜਾ ਲੋੜੀਂਦਾ ਸਾਮਾਨ ਪੁਚਾਉਣ ਵਾਲੇ ਇਹ ਟਰੱਕ ਬਰਚੇ ਤੋਂ ਫ਼ਰ ਦੇ ਰੁਖਾਂ ਦੀਆਂ ਸ਼ਾਖਾਂ ਨਾਲ ਬੜੀ ਸੁਚੱਜੀ ਤਰ੍ਹਾਂ ਢਕੇ ਹੋਏ ਸਨ, ਤੇ ਕਿਸੇ ਉਚੀ ਥਾਂ ਤੋਂ ਵੇਖਿਆ, ਇੰਜ ਲਗਦਾ ਸੀ ਜਿਵੇਂ ਝਾੜੀਆਂ ਤੇ ਬ੍ਰਿਛ-ਬੂਟਿਆਂ ਦੀ ਕੋਈ ਸੜਕ ਪੂਰਬ ਤੋਂ ਪੱਛਮ ਵਲ ਜਾ ਰਹੀ ਹੋਵੇ, ਪੂਰੇ ਦਾ ਪੂਰਾ ਜੰਗਲ ਹਰਕਤ ਵਿਚ ਹੋਵੇ।
ਪੱਛਮ ਵਲੋਂ ਤੋਪਾਂ ਦੀ ਆਵਾਜ਼ ਹੋਰ ਵਧੇਰੇ ਉਚੀ ਹੁੰਦੀ ਜਾ ਰਹੀ ਹੈ । ਅਸੀਂ ਮਹਾਜ਼ ਦੇ ਨੇੜੇ ਅਪੜ ਰਹੇ ਸਾਂ, ਪਰ ਸਿਗਨਲਮੈਨ ਪਹਿਲਾਂ ਵਾਂਗ ਹੀ ਆਪਣੇ ਲਾਲ ਤੇ ਪੀਲੇ ਝੰਡੇ ਲਿਸ਼ਕਾ ਰਹੇ ਹਨ ਅਤੇ ਟਰੱਕਾਂ ਤੇ ਲਾਰੀਆਂ ਦਾ ਕਾਫਲਾ ਬੇਸਬਰੀ ਨਾਲ ਵਧਦਾ ਜਾ ਰਿਹਾ ਹੈ।
ਸਾਨੂੰ ਇਸਦੀ ਚੇਤਾਵਣੀ ਦੇ ਦਿਤੀ ਗਈ ਸੀ ਕਿ ਕਿਸੇ ਵੇਲੇ ਵੀ ਹਵਾਈ ਹਮਲਾ ਹੋ ਸਕਦਾ ਹੈ, ਸੋ ਮੇਰੇ ਸਾਥੀ ਤੇ ਮੈਂ ਵਾਰੀ ਵਾਰੀ ਫੁਟਬੋਰਡ ਉਤੇ ਖੜੇ ਹੋਕੇ ਪਹਿਰਾ ਦੇ ਰਹੇ ਹਾਂ। ਪਰ ਜਰਮਨ ਹਵਾਈ ਜਹਾਜ਼ਾਂ ਦਾ ਕਿਤੇ ਕੋਈ ਨਾਂ-ਨਿਸ਼ਾਨ ਨਹੀਂ ਤੇ ਅਸੀਂ ਬਿਨਾਂ ਕਿਸੇ ਵਿਘਣ ਦੇ ਆਪਣੀ ਮੰਜ਼ਲ ਵਲ ਵਧੀ ਜਾਂਦੇ ਹਾਂ।
ਡਾਨ ਸਟੈਪੀ ਦਾ ਜੰਮ-ਪਲ ਤੇ ਵਾਸੀ ਹੋਣ ਕਰਕੇ ਮੈਨੂੰ ਸਮੋਲੰਸਕ ਪ੍ਰਦੇਸ਼ ਦੇ ਦ੍ਰਿਸ਼ ਓਪਰੇ ਲਗਦੇ ਹਨ । ਮੈਂ ਸੜਕ ਦੇ ਦੋਹੀਂ ਪਾਸੀਂ ਚੀੜ੍ਹ ਤੇ ਦਿਆਰ ਦੇ ਰੁਖਾਂ ਦੀਆਂ ਸਾਵੀਆਂ ਕੰਧਾਂ ਦਾ ਰੰਗ ਮਾਣਦਾ ਹਾਂ । ਇਹਨਾਂ 'ਚੋਂ ਬਰੋਜ਼ੇ ਦੀ ਵਾਸ਼ਨਾ ਪਈ ਆਉਂਦੀ ਹੈ। ਏਨਾ ਸੰਘਣਾ ਜੰਗਲ ਹੈ ਕਿ ਇਥੇ ਦਿਨੇ ਵੀ ਹਨੇਰਾ ਛਾਇਆ ਰਹਿੰਦਾ ਹੈ, ਤੇ ਏਸ ਜਾਦੂ-ਚੁਪ ਵਿਚ ਕੁਝ ਚੰਦਰਾ ਚੰਦਰਾ ਮਹਿਸੂਸ ਹੁੰਦਾ ਹੈ ਤੇ ਇਥੋਂ ਦੀ ਬ੍ਰਿਛਾਂ ਦੇ ਗਲੇ-ਸੜੇ ਮੁਢਾਂ ਨਾਲ ਕੱਜੀ ਭੋਂ ਮੈਨੂੰ ਕੋਈ ਖਿਚ ਨਹੀਂ ਪਾਉਂਦੀ।
ਕਦੇ ਕਦੇ ਲਾਲ ਫੁਲਾਂ ਨਾਲ ਕੱਜੀ ਝਾੜੀ, ਜਿਹੜੀ ਧੁੱਪ ਵਿਚ ਲਿਸ਼ਕਾਰੇ ਪਈ ਛੱਡਦੀ ਹੇ, ਜੰਗਲ ਦੇ ਉਸ ਹਿੱਸੇ ਵਿਚ ਸਾਹਮਣੇ ਆ ਜਾਂਦੀ ਹੈ ਜਿਥੇ ਬਰਚੇ ਦੇ ਰੁਖ ਅਜੇ ਛੋਟੇ ਛੋਟੇ ਹਨ, ਪਰ ਇਸ ਰੋਸ਼ਨ ਟੁਕੜੇ ਨੂੰ ਛੇਤੀ ਹੀ ਦੋਹਾਂ ਪਾਸਿਆਂ ਤੋਂ ਹਨੇਰਾ ਜੰਗਲ ਮੁੜ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ । ਪਰ ਥੋੜ੍ਹਾ ਚਿਰ ਪਿਛੋਂ ਖੁਲ੍ਹਾ ਮਦਾਨ ਆ ਜਾਂਦਾ ਹੈ, ਰਾਈ ਤੇ ਓਟਸ ਦੀਆਂ ਫ਼ਸਲਾਂ ਘੋੜਿਆਂ ਨੇ ਮਿਧ ਘੱਤੀਆਂ ਹੋਈਆਂ ਹਨ, ਅਤੇ ਕਾਲੇ ਟੁਕੜਿਆਂ ਦੇ ਰੂਪ ਵਿਚ ਦੁਸ਼ਮਣ ਹਥੋਂ ਤਬਾਹ ਹੋਏ ਪਿੰਡ ਦੇ ਸੜੇ ਹੋਏ ਖੰਡਰ ਸਾਨੂੰ ਦਿਸਦੇ ਹਨ।
ਹੁਣ ਇਕ ਛੋਟੀ ਸੜਕ ਉਤੇ ਮੁੜਦਿਆਂ ਅਸੀਂ ਇਕ ਅਜਿਹੇ ਸਥਾਨ ਕੋਲੋਂ ਲੰਘਦੇ ਹਾਂ ਜਿਥੇ ਅਜੇ ਕੁਝ ਦਿਨ ਪਹਿਲਾਂ ਜਰਮਨਾਂ ਦਾ ਕਬਜ਼ਾ ਸੀ । ਉਹਨਾਂ ਨੂੰ ਇਥੋਂ ਮਾਰ ਮਾਰ ਕੇ ਭਜਾ ਦਿਤਾ ਗਿਆ, ਪਰ ਇਥੋਂ ਦਾ ਚੱਪਾ ਚੱਪਾ ਕਿਸੇ ਡਾਢੀ ਤੇ ਜ਼ਬਰਦਸਤ ਲੜਾਈ ਦਾ ਪਤਾ ਦਿੰਦਾ ਹੈ – ਤੋਪਾਂ ਦੇ ਗੋਲਿਆਂ ਨੇ ਧਰਤੀ ਵਿਚ ਡੂੰਘੇ ਟੋਏ ਪਾ ਦਿਤੇ ਹਨ, ਸੁਰੰਗਾਂ ਤੇ ਬੰਬਾਂ ਨਾਲ ਇਹ ਹਿੱਸਾ ਭਰਿਆ ਪਿਆ ਹੈ । ਮਨੁੱਖਾਂ ਤੇ ਘੋੜਿਆ ਦੀਆਂ ਗਲ ਸੜ ਰਹੀਆਂ ਲਾਸ਼ਾਂ ਕਾਰਨ ਹਵਾ ਵਿਚ ਏਨੀ ਬਦਬੂ ਭਰ ਗਈ ਹੈ, ਏਨੀ ਸੜਿਆਂਦ ਪਈ ਆਉਂਦੀ ਹੈ ਕਿ ਅਸੀਂ ਆਪਣਾ ਸਾਹ ਰੋਕਣ ਦਾ ਜਤਨ ਕਰਦੇ ਹਾਂ । ਸੜਕ-ਕੰਢੇ ਇਕ ਘੋੜੀ ਦੀ ਫੁਲੀ ਹੋਈ ਲਾਸ਼ ਪਈ ਹੈ । ਮਾਂ ਦੇ ਲਾਗੇ ਇਕ ਨਿਕਾ ਜਿਹਾ ਮੁਰਦਾ ਬਛੇਰਾ ਪਿਆ ਹੈ। ਇਕ ਵਡੇ ਸਾਰੇ ਖੇਤ ਵਿਚ ਪਈਆਂ ਇਹ ਦੋ ਲਾਸ਼ਾਂ ਜੰਗ ਦੀ ਦੁਖਾਂਤਕ ਨਿਰਾਰਥਕਤਾ ਨੂੰ ਕਿਵੇਂ ਉਭਾਰ ਕੇ ਸਾਡੇ ਸਾਹਮਣੇ ਰਖਦੀਆਂ ਹਨ ।
ਅਸੀਂ ਇਕ ਪਹਾੜੀ ਢਲਵਾਨ, ਵਿਚ ਜਰਮਨ ਖੰਦਕਾਂ ਤੇ ਭੋਰਿਆਂ ਦੀ ਰਹਿੰਦ-ਖੂੰਹਦ ਵੇਖਦੇ ਹਾਂ ਜਿਨ੍ਹਾਂ ਨੂੰ ਸੋਵੀਅਤ ਗੋਲੀਆਂ ਨੇ ਉਡਾਇਆ ਹੈ। ਭੋਰਿਆਂ ਦੀਆਂ ਛੱਤਾਂ ਦੀਆਂ ਗੇਲੀਆਂ ਸੱਕਾਂ ਦਾ ਢੇਰ ਬਣੀਆਂ ਪਈਆਂ ਹਨ ਅਤੇ ਧੱਸਾਂ ਲਾਗੇ ਕਾਰਤੂਸਾਂ ਦੀਆਂ ਖਾਲੀ-ਪੇਟੀਆਂ, ਡੱਬੇ, ਲੋਹ-ਟੋਪੀਆਂ ਅਤੇ ਜਰਮਨ ਵਰਦੀਆਂ ਦੀਆਂ ਲੀਰਾਂ, ਤੋਪਾਂ ਦੇ ਟੁਕੜੇ ਅਤੇ ਮੁੜੀਆਂ-ਤੁੜੀਆਂ ਤਾਰਾਂ ਖਿੰਡੀਆਂ ਹੋਈਆਂ ਹਨ । ਦੁਸ਼ਮਣ ਦੀ ਮਸ਼ੀਨ-ਗੰਨ ਵਾਲੀ ਟੋਲੀ ਉਤੇ ਸਿਧਾ ਗੋਲਾ ਪਿਆ, ਤੇ ਉਹ ਸਣੇ ਆਪਣੀ ਗੰਨ ਦੇ ਉਡ ਗਈ । ਖੰਦਕਾਂ ਲਾਗੇ ਇਕ ਢਾਰੇ ਦੇ ਖੁਲ੍ਹੇ ਬੂਹੇ ਥਾਣੀ ਇਕ ਟੁਟੀ ਹੋਈ ਟੈਂਕ-ਮਾਰ ਤੋਪ ਵੇਖੀ ਜਾ ਸਕਦੀ ਹੈ । ਸੋਵੀਅਤ ਤੋਪਖਾਨੇ ਦੇ ਤੂਫ਼ਾਨੀ ਗੋਲਿਆਂ ਰਾਹੀਂ ਹੋਈ ਤਬਾਹੀ ਦਾ ਇਹ ਇਕ ਭਿਆਨਕ ਦ੍ਰਿਸ਼ ਹੈ ।
ਉਸ ਪਹਾੜੀ ਦੇ ਪਾਰ ਉਹ ਪਿੰਡ ਹੈ ਜਿਸ ਉੱਤੇ ਕਬਜ਼ੇ ਲਈ ਕਈ ਦਿਨ ਤੱਕ ਤਕੜੀ ਲੜਾਈ ਹੁੰਦੀ ਰਹੀ। ਪਿਛਾਂਹ ਹਟਣ ਤੋਂ ਪਹਿਲਾਂ ਜਰਮਨਾਂ ਨੇ ਇਸਨੂੰ ਅੱਗ ਲਾ ਦਿੱਤੀ ਤੇ ਸੁਆਹ ਦਾ ਢੇਰ ਬਣਾ ਦਿੱਤਾ। ਪਹਾੜੀ ਤੋਂ ਹੇਠਾਂ ਕਰਕੇ ਸਫ਼ਰਮੈਨ ਇੱਕ ਨਦੀ ਉੱਤੇ ਪੁਲ ਵਿਛਾ ਰਹੇ ਹਨ, ਅਤੇ ਓਥੋਂ ਚੀੜ੍ਹ ਦੇ ਤਾਜ਼ਾ ਕੱਟੇ ਰੁੱਖਾਂ ਦੀ ਖੁਸ਼ਬੂ ਤੇ ਦਰਿਆ ਦੀ ਗਾਦ ਦੀ ਵਾਸ਼ਨਾ ਆ ਰਹੀ ਹੈ। ਤੇ ਧੁੱਪ ਵਿੱਚ ਲੱਕੜੀ ਦੇ ਤਾਜ਼ਾ ਫਰਸ਼ ਵਾਂਗ ਜੁਆਨਾਂ ਦੀਆਂ ਤਾਂਬੇ-ਰੰਗੀਆਂ ਪਿੱਠਾਂ ਵੀ ਲਿਸਕ ਰਹੀਆਂ ਹਨ।
ਅਸੀਂ ਹੌਲੀ ਹੌਲੀ ਦਰਿਆ ਲਾਗੇ ਅੱਗੇ ਵਧ ਰਹੇ ਹਾਂ। ਸੜਕ ਲੱਗਦੀ ਜ਼ਮੀਨ ਟੈਂਕਾਂ ਤੇ ਟਰੈਕਟਰਾਂ ਕਾਰਨ ਚਿਕੜ ਬਣੀ ਪਈ ਹੈ। ਪਿੰਡ ਅੱਗੇ ਪਹੁੰਚ ਕੇ ਅਸੀਂ ਵੇਖਦੇ ਹਾਂ ਕਿ ਖੰਡਰਾਂ ਵਿਚੋਂ ਧੂੰਆਂ ਨਿਕਲ ਰਿਹਾ ਹੈ ਤੇ ਕਿਤੇ ਕਿਤੇ ਕੋਈ ਧੁਆਂਖੀ ਚਿਮਨੀ ਵੀ ਮਲਬੇ ਵਿੱਚੋਂ ਬਾਹਰ ਨਿਕਲੀ ਦਿਸਦੀ ਹੈ। ਜਿੱਥੇ ਕਿਤੇ ਮਕਾਨ ਖੜੇ ਸਨ, ਓਥੇ ਢਠੀਆਂ ਹੋਈਆਂ ਕੰਧਾਂ, ਘਰਾਂ ਦੇ ਸੜੇ ਬਰਤਨ, ਪਿਆਲੀਆਂ ਦੇ ਟੁਕੜੇ, ਬੱਚਿਆਂ ਦੇ ਪੰਘੂੜਿਆਂ ਦੀ ਰਹਿੰਦ-ਖੂੰਹਦ ਰਹਿ ਗਈ ਹੈ।
ਪਰ ਕਿਸੇ ਕਰਾਮਾਤ ਨਾਲ ਸੂਰਜਮੁਖੀ ਦਾ ਇਕ ਫੁਲ ਬਚਿਆ ਰਹਿ ਗਿਆ ਹੈ ਜਿਸਦੀਆਂ ਸੁਨਹਿਰੀ ਪੱਤੀਆਂ ਲਿਸ਼ਕ ਰਹੀਆਂ ਹਨ, ਤੇ ਖੰਡਰਾਂ, ਤਬਾਹੀ ਦੇ ਵਿਚਕਾਰ ਇਹ ਬੜਾ ਹੀ ਪਿਆਰਾ ਤੇ ਸੁਹਣਾ ਲਗਦਾ ਹੈ । ਇਹ ਇਕ ਸੜੇ ਹੋਏ ਮਕਾਨ ਦੀ ਨੀਂਹ ਲਾਗੇ, ਆਲੂਆਂ ਦੇ ਮਿਧੇ ਹੋਏ ਬੂਟਿਆਂ ਦੀ ਕਿਆਰੀ ਵਿਚ ਖੜਾ ਹੈ, ਤੇ ਏਸ ਸਰਬ-ਵਿਆਪੀ ਤਬਾਹੀ ਤੇ ਮੌਤ ਦਾ ਮੁਕਾਬਲਾ ਕਰ ਰਿਹਾ ਹੈ । ਹਵਾ ਵਿਚ ਹੌਲੀ ਹੌਲੀ ਲਹਿਰਾਂਦਿਆਂ ਇਹ ਇਸ ਕਬਰਸਤਾਨ ਵਿਚ ਇਕੋ ਇਕ ਜੀਉਂਦੀ ਚੀਜ਼ ਦਿਸਦੀ ਹੈ
ਪਰ ਗੱਲ ਇਹ ਨਹੀਂ; ਅਸੀਂ ਕਾਰ 'ਚੋਂ ਉਤਰ ਕੇ ਗਲੀ ਵਿਚ ਚੁਪ ਚਾਪ ਜਾਂਦੇ ਹਾਂ ਤਾਂ ਵੇਖਦੇ ਹਾਂ ਕਿ ਇਕ ਬਿੱਲੀ ਇਕ ਮਕਾਨ ਦੀ ਧੂੰ-ਧੁਆਂਖੀ ਰਹਿੰਦ-ਖੂੰਹਦ ਵਿਚ ਸੁਆਹ- ਅਸ਼ਨਾਨ ਕਰ ਰਹੀ ਹੈ, ਇੰਜ ਲਗਦਾ ਹੈ ਜਿਵੇਂ ਇਹਨੇ ਉਹ ਤਬਾਹੀ ਵੇਖੀ ਹੀ ਨਹੀਂ ਹੁੰਦੀ ਜਿਸ ਨੇ ਇਸਤੋਂ ਛਤ ਵੀ ਖੋਹ ਲਈ ਹੈ ਤੇ ਇਹਦੀ ਮਾਲਕਣ ਵੀ। ਸਾਨੂੰ ਵੇਖਕੇ ਪਹਿਲਾਂ ਤਾਂ ਉਹ ਅਹਿਲ ਖੜੋ ਗਈ, ਫੇਰ ਆਪਣੀ ਲੱਤ ਹਿਲਾਉਂਦਿਆਂ ਖੰਡਰਾਂ ਵਿਚ ਅਲੋਪ ਹੋ ਗਈ ।
ਅਗਾਂਹ ਗਏ ਤਾਂ ਵਿਧਵਾ ਮੁਰਗੀਆਂ ਮਿਲੀਆਂ ਜਿਨ੍ਹਾਂ ਨੂੰ ਆਪਣੇ ਸਾਥੀਆਂ ਦਾ ਵਿਗੋਚਾ ਸੀ। ਉਹ ਵਰਾਨ ਬਗੀਚੇ ਵਿਚ ਬੜੇ ਆਰਾਮ ਨਾਲ ਆਪਣੀ ਖੁਰਾਕ ਲਭਣ ਲਈ ਚੁੰਝਾਂ ਮਾਰ ਰਹੀਆਂ ਸਨ । ਉਹ ਖਾਕੀ ਵਰਦੀ ਵਾਲੇ ਮਨੁੱਖਾਂ ਤੋਂ ਏਨੀਆਂ ਤ੍ਰਹਿ ਗਈਆਂ ਕਿ ਬਿਨਾਂ ਚੀਕ ਮਾਰਿਆਂ ਹੀ ਦੌੜ ਗਈਆਂ ਤੇ ਅਲੋਪ ਹੋ ਗਈਆਂ।
‘ਭੋਲੀਆਂ ਹੋਣ ਕਾਰਨ ਇਹ ਵਰਦੀਆਂ ਵਿਚ ਪਛਾਣ ਨਹੀਂ ਕਰ ਸਕਦੀਆਂ । ਇਹਨਾਂ ਨੇ ਸਾਨੂੰ ਜਰਮਨ ਸਮਝ ਲਿਆ ਹੈ,' ਮੇਰੇ ਇਕ ਸਾਥੀ ਨੇ ਕਿਹਾ, ਜਿਹੜਾ ਇਕ ਡਾਢੀ ਲੜਾਈ ਵੇਖ ਚੁਕਿਆ ਸੀ।
ਉਹਨੇ ਸਾਨੂੰ ਦਸਿਆ ਕਿ ਜਿਨ੍ਹਾਂ ਪਿੰਡਾਂ ਤੇ ਜਰਮਨਾਂ ਨੇ ਕਬਜ਼ਾ ਕਰ ਲਿਆ ਸੀ, ਉਥੋਂ ਦੇ ਸਭ ਮੁਰਗੇ ਮੁਰਗੀਆਂ, ਬਤਖਾਂ, ਮੁਰਗਾਬੀਆਂ ਉਹਨਾਂ ਨੇ ਫੜ ਲਈਆਂ, ਗਊਆਂ ਤੇ ਸੂਰ ਵਾੜਿਆਂ ਵਿਚ ਹੀ ਮਾਰ ਦਿਤੇ, ਤੇ ਜਿਹੜਾ ਪੰਛੀ ਉਹਨਾਂ ਦੇ ਹਥ ਨਾ ਆਇਆ ਉਹਨੂੰ ਉਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾ ਦਿਤਾ ।
ਇਹ ਵੇਖ ਕੇ ਬੰਦਾ ਟੁੰਭਿਆ ਜਾਂਦਾ ਹੈ ਕਿ ਪੰਛੀਆਂ ਤੇ ਜਾਨਵਰਾਂ ਨੂੰ ਆਪਣੇ ਟਿਕਾਣਿਆਂ ਨਾਲ ਕਿੰਨਾ ਮੋਹ ਹੁੰਦਾ ਹੈ । ਏਸੇ ਪਿੰਡ ਹੀ ਮੈਂ ਘੁੱਗੀਆਂ ਦੀ ਇਕ ਡਾਰ ਵੀ ਵੇਖੀ ਜਿਹੜੀ ਜਰਮਨਾਂ ਹਥੋਂ ਤਬਾਹ ਹੋਏ ਇਕ ਗਿਰਜੇ ਦੇ ਖੰਡਰਾਂ ਉਤੇ ਉਦਾਸ-ਚਿਤ ਗੇੜੇ ਕੱਢ ਰਹੀ ਸੀ । ਇਥੇ ਕਦੇ ਉਹਨਾਂ ਦਾ ਆਹਲਣਾ ਸੀ, ਤੇ ਹੁਣ ਵੀ ਇਥੋਂ ਕਿਤੇ ਉਡ ਜਾਣ ਨੂੰ ਮਨ ਨਹੀਂ ਸੀ ਮੰਨਦਾ । ਪਾਰਲੀ ਗਲੀ 'ਚੋਂ ਇਕ ਕਤੂਰਾ, ਪੂਛ ਹਿਲਾਉਂਦਿਆਂ, ਸਾਡੇ ਵਲ ਆਇਆ । ਇਸ ਵਿਚ ਉਹ ਚੀਜ਼ ਤਾਂ ਨਹੀਂ ਸੀ ਜਿਸਨੂੰ ਕੁੱਤੇ ਦਾ ਗੌਰਵ ਆਖਦੇ ਹਨ ਪਰ ਇਹਨੇ ਏਨਾ ਹੌਸਲਾ ਜ਼ਰੂਰ ਕੀਤਾ ਕਿ ਜੰਗਲ ਛੱਡ ਕੇ ਇਧਰ ਉਹ ਖੰਡਰ ਵੇਖਣ ਆ ਨਿਕਲਿਆ ਜਿਹੜਾ ਕਦੇ ਉਹਦਾ ਘਰ ਹੁੰਦਾ ਸੀ । ਪਿੰਡ ਦੇ ਬਾਹਰਵਾਰ ਇਕ ਪੈਲੀ ਵਿਚ; ਚਿੜੀਆਂ ਦਾ ਝੁੰਡ, ਸਾਨੂੰ ਵੇਖਦਿਆਂ ਹੀ ਡਰ ਕੇ ਉਡ ਗਿਆ । ਉਹ ਹੁਣ ਖੁਸ਼ੀ ਵਿਚ ਚਹਿਚਹਾਣ ਵਾਲੀਆਂ ਚਿੜੀਆਂ ਉਕਾ ਹੀ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਅਮਨ ਦੇ ਦਿਨੀਂ ਵੇਖਣ ਦੇ ਆਦੀ ਹਾਂ, ਪਿੰਡ ਦੀ ਸੜੀ ਹੋਈ ਰਹਿੰਦ-ਖੂੰਹਦ ਉਤੇ ਦੁੱਖ ਵਿਚ ਗੇੜੇ ਕੱਢਕੇ ਉਹ ਮੁੜ ਅਲਸੀ ਦੀ ਪੈਲੀ ਵਿਚ ਆ ਗਈਆਂ।
ਤੇ ਇਵੇਂ ਹੀ ਸਥਾਨਕ ਸਾਂਝੇ ਫਾਰਮ ਦੀਆਂ ਤੀਵੀਆਂ ਆਪਣੇ ਪਹਿਲੇ ਘਰਾਂ ਵਲ ਕਿਸੇ ਖਿਚ ਕਾਰਨ ਆ ਜਾਂਦੀਆਂ ਹਨ। ਉਹਨਾਂ ਦੇ ਮਰਦ ਮੋਰਚਿਆਂ ਉਤੇ ਗਏ ਹੋਏ ਹਨ । ਜਦੋਂ ਜਰਮਨ ਲਾਗੇ ਅਪੜਦੇ ਹਨ ਤਾਂ ਬੱਚੇ ਤੇ ਇਸਤ੍ਰੀਆਂ ਜੰਗਲਾਂ ਵਿਚ ਜਾ ਲੁਕਦੇ ਹਨ ! ਹੁਣ ਉਹ ਢੈ-ਢੇਰੀ ਹੋਏ ਪਿੰਡਾਂ ਵਿਚ ਆਉਂਦੇ ਹਨ ਅਤੇ ਪਰੇਸ਼ਾਨ ਤੇ ਦੁਖੀ ਖੰਡਰਾਂ ਵਿਚ ਭੌਂਦੇ ਹਨ, ਤੇ ਮਲਬਾ ਫਰੋਲਦੇ ਹਨ, ਤਾਂ ਜੋ ਸ਼ਾਇਦ ਕਿਤੋਂ ਕੋਈ ਘਰ ਦੀ ਚੀਜ਼, ਜਿਹੜੀ ਅੱਗ ਤੋਂ ਬਚ ਗਈ ਹੋਵੇ, ਲਭ ਪਵੇ । ਰਾਤੀਂ ਉਹ ਜੰਗਲ ਵਿਚ ਚਲੇ ਜਾਂਦੇ ਹਨ ਜਿਥੇ ਰੀਜ਼ਰਵ ਦਸਤੇ ਦੇ ਜੁਆਨ ਆਪਣੇ ਰਾਸ਼ਨ ਵਿਚ ਉਹਨਾਂ ਨੂੰ ਭਿਆਲ ਬਣਾਉਂਦੇ ਹਨ, ਤੇ ਦਿਨ ਚੜ੍ਹੇ ਉਹ ਮੁੜ ਪਿੰਡਾਂ ਵਿਚ ਆ ਜਾਂਦੇ ਹਨ, ਤੇ ਪੰਛੀਆਂ ਵਾਂਗ ਆਪਣੇ ਤੀਲਾ ਤੀਲਾ ਹੋਏ, ਟੁੱਟੇ, ਆਹਲਣਿਆਂ ਦੁਆਲੇ ਆਣ ਜੁੜਦੇ ਹਨ ।
ਨਾਲ ਦੇ ਪਿੰਡ ਵਿਚ ਜਿਹੜਾ ਬਸ ਸੁਆਹ ਦਾ ਢੇਰ ਹੀ ਸੀ, ਮੈਂ ਬਹੁਤ ਸਾਰੀਆਂ ਕਿਸਾਨ ਇਸਤ੍ਰੀਆਂ ਤੇ ਬਚਿਆਂ ਨੂੰ ਧੂੰਆਂ-ਛੰਡਵਾਂ ਮਲਬਾ ਫਰੋਲਦਿਆਂ ਤਕਿਆ । ਜਦ ਮੈਂ ਇਕ ਤੀਵੀਂ ਨੂੰ ਪੁਛਿਆ ਉਹ ਹੁਣ ਕਿਵੇਂ ਗੁਜ਼ਾਰਾ ਕਰੇਗੀ, ਤਾਂ ਉਸਨੇ ਜਵਾਬ ਦਿਤਾ:
“ਤੁਸੀਂ ਬਸ ਇਹਨਾਂ ਚੰਦਰੇ ਜਰਮਨਾਂ ਨੂੰ ਬਾਹਰ ਕਢ ਦਿਓ, ਤੇ ਸਾਡੀ ਚਿੰਤਾ ਨਾ ਕਰੋ । ਅਸੀਂ ਨਵੇਂ ਘਰ ਉਸਾਰ ਲਵਾਂਗੇ। ਪਿੰਡ ਦੀ ਸੋਵੀਅਤ ਮਦਦ ਕਰੇਗੀ । ਅਸੀਂ ਕਿਵੇਂ ਨਾ ਕਿਵੇਂ ਗੁਜ਼ਾਰਾ ਕਰ ਲਵਾਂਗੇ ।'
ਇਹਨਾਂ ਇਸਤ੍ਰੀਆਂ ਦੇ ਸੁਆਹ ਤੇ ਧੂੰਏਂ ਨਾਲ ਧੁਆਂਖੇ ਤੇ ਲੱਥੇ ਹੋਏ ਚਿਹਰੇ ਬੜਾ ਚਿਰ ਮੇਰੇ ਚੇਤਿਆਂ ਵਿਚ ਵਸੇ ਰਹੇ ਤੇ ਮੈਂ ਇਹ ਸੋਚੇ ਬਿਨਾਂ ਨਾ ਰਹਿ ਸਕਿਆ: ਜ਼ਿੰਦਗੀ ਲਈ ਕਿਹੜੀ ਅੰਨ੍ਹੀ ਤੇ ਸ਼ੈਤਾਨੀ ਨਫਰਤ ਦੁਸ਼ਮਣ ਨੂੰ ਧਰਤੀ ਉਤੋਂ ਅਮਨ ਵਿਚ ਵਸਦੇ ਪਿੰਡਾਂ ਤੇ ਨਗਰਾਂ ਨੂੰ ਮੇਟਣ ਲਈ, ਅਤੇ ਹਰ ਚੀਜ਼ ਨੂੰ ਬਿਨਾਂ ਕਿਸੇ ਮੰਤਵ ਤੇ ਨਿਸ਼ਾਨੇ ਦੇ ਅੱਗ ਦੀ ਭੇਟ ਕਰਨ ਤੇ ਮਜ਼ਬੂਰ ਕਰਦੀ ਹੈ ।
ਅਸੀਂ ਇਕ ਹੋਰ ਪਿੰਡੋਂ ਲੰਘੇ ਤੇ ਇਸ ਪਿਛੋਂ ਜੰਗਲ ਆ ਗਿਆ । ਇਥੇ ਇਕ ਖੇਤ ਵਿਚ ਫਸਲ ਖੜੀ ਸੀ ਜਿਹੜੀ ਅਜੇ ਵਢੀ ਨਹੀਂ ਸੀ ਗਈ, ਫੇਰ ਅਲਸੀ ਦੀ ਕੁਮਲਾਈ ਹੋਈ ਪੈਲੀ ਦਿਸੀ ਜਿਸ ਵਿਚ ਕਿਤੇ ਕਿਤੇ ਨੀਲੇ ਫੁਲ ਖਿੜੇ ਹੋਏ ਸਨ । ਸੜਕ ਲਾਗੇ ਲਾਲ ਸੈਨਾ ਦਾ ਸਿਪਾਹੀ ਨਜ਼ਰ ਪਿਆ ਤੇ ਅਲਸੀ ਵਿਚ ਗੱਡੇ ਇਕ ਬਾਂਸ ਉਤੇ ਲਿਖੇ ਲਫ਼ਜ਼ਾਂ ਨੇ ਸਾਨੂੰ ਚੇਤਾਉਣੀ ਦਿਤੀ ਕਿ ਅਗਲੇ ਖੇਤ ਵਿਚ ਸੁਰੰਗਾਂ ਵਿਛੀਆਂ ਹੋਈਆਂ ਹਨ ।
ਪਿਛਾਂਹ ਹਟਣ ਲਗਿਆਂ ਜਰਮਨਾਂ ਨੇ ਸੜਕਾਂ, ਪੈਲੀਆਂ, ਗਡੀਆਂ ਜੋ ਉਹ ਨਾਲ ਨਾ ਲਿਜਾ ਸਕੇ, ਆਪਣੇ ਭੋਰਿਆਂ ਵਿਚ, ਸੁਰੰਗਾਂ ਵਿਛਾ ਗਏ ਸਨ, ਇਥੋਂ ਤਕ ਕਿ ਮੁਰਦਿਆਂ ਨਾਲ ਵੀ ਸੁਰੰਗਾਂ ਬੰਨ੍ਹ ਦਿਤੀਆਂ ਗਈਆਂ ਸਨ। ਸਾਡੇ ਸਵੀਪਰ ਇਹ ਸੁਰੰਗਾਂ ਸਾਫ ਕਰ ਰਹੇ ਸਨ। ਇਥੋਂ ਕਾਰਾਂ, ਗੱਡੇ, ਆਦਿ, ਬੜੀ ਸਾਵਧਾਨੀ ਨਾਲ ਲੰਘ ਰਹੇ ਸਨ ਤੇ ਇਸ ਸੰਬੰਧ ਵਿਚ ਸੰਤਰੀ ਹਦਾਇਤਾਂ ਦੇ ਰਿਹਾ ਸੀ ਤਾਂ ਜੁ ਕੋਈ ਹਾਦਸਾ ਨਾ ਹੋ ਜਾਵੇ।
ਹੁਣ ਤੋਪਾਂ ਚਲਣ ਦੀ ਆਵਾਜ਼ ਉਚੀ ਸੁਣਾਈ ਦੇਣ ਲਗ ਪਈ ਸੀ। ਅਸੀਂ ਤਾਂ ਆਪਣੀਆਂ ਤੋਪਾਂ ਦੀ ਆਵਾਜ਼ ਵੀ ਸਾਫ ਤਰ੍ਹਾਂ ਪਛਾਣ ਸਕਦੇ ਸਾਂ ਜੋ ਕੰਨਾਂ ਨੂੰ ਬੜੀ ਮਿਠੀ ਲਗਦੀ ਸੀ ।
ਅਸੀਂ ਰੀਜ਼ਰਵਾਂ ਦੇ ਇਕ ਦਸਤੇ ਕੋਲ ਅਪੜੇ ਜਿਸ ਦੇ ਸਿਪਾਹੀ ਥੋੜ੍ਹਾ ਚਿਰ ਪਹਿਲਾਂ ਹੀ ਲੜ ਰਹੇ ਸਨ। ਕੋਈ ਅਕਾਰਡੀਅਨ ਵਜਾ ਰਿਹਾ ਸੀ । ਇਕ ਭੋਰੇ ਲਾਗੇ ਕੋਈ ਵੀਹ ਜਵਾਨ ਇਕ ਚੱਕਰ ਵਿਚ ਖੜੇ ਸਨ । ਇਕ ਜਣਾ ਲੁਡੀ ਪਾ ਰਿਹਾ ਸੀ, ਤੇ ਜੁਆਨ ਮੌਜ ਵਿਚ ਹੱਸ ਰਹੇ ਸਨ, ਆਪਣੇ ਵੱਡੇ ਵੱਡੇ ਹੱਥਾਂ ਦੀਆਂ ਤਲੀਆਂ ਆਪਣੇ ਬੂਟਾਂ ਤੇ ਠਾਹ ਮਾਰਦਿਆਂ ਉਹ ਇਕ ਉਚੇ-ਲੰਮੇ ਤੇ ਭੁੱਚਰ ਜਿਹੇ ਸਾਥੀ ਨੂੰ ਸੱਦ ਰਿਹਾ ਸੀ : “ਆ ਵੀ, ਮੇਰੇ ਨਾਲ ਨੱਚ, ਕਾਹਦਾ ਡਰ ਏ ਤੈਨੂੰ ? ਮੈਂ ਜਾਣਨਾ ਆਂ ਤੂੰ ਰਿਆਜ਼ਾਨ ਪ੍ਰਦੇਸ਼ ਦਾ ਏਂ । ਮੈਂ ਓਰਲੋਵ ਪ੍ਰਦੇਸ਼ ਦਾ ਰਹਿਣ ਵਾਲਾ ਹਾਂ। ਆ ਵੇਖੀਏ, ਚੰਗਾ ਕਿਹੜਾ ਨੱਚਦਾ ਹੈ ।"
ਧੁੰਦਲਕੇ ਦੀ ਮਧਮ ਮਧਮ ਲੋਅ ਛੇਤੀ ਹੀ ਅਲੋਪ ਹੋ ਗਈ ਹੈ। ਹਨੇਰਾ ਜੰਗਲ ਉਤੇ ਛਾ ਰਿਹਾ ਹੈ ਤੇ ਕੈਂਪ ਉਤੇ ਚੁੱਪ ਦਾ ਰਾਜ ਹੋ ਰਿਹਾ ਹੈ । ਸਰਘੀ ਵੇਲੇ ਅਸੀਂ ਕਮਾਂਡਰ ਕੋਜ਼ਲੋਵ ਦੇ ਹਮਲਾ ਕਰ ਰਹੇ ਦਸਤੇ ਵਿਚ ਜਾਂ ਸ਼ਾਮਲ ਹੋਵਾਂਗੇ ।