Mr. Seguin's Goat (French Story in Punjabi) : Alphonse Daudet

ਮਿਸਟਰ ਸੇਗੁਇਨ ਦੀ ਬੱਕਰੀ (ਫ੍ਰਾਂਸੀਸੀ ਕਹਾਣੀ) : ਅਲਫਾਉਂਸ ਦੋਦੇ

ਮਿਸਟਰ ਸੇਗੁਇਨ ਨੂੰ ਬੱਕਰੀਆਂ ਪਾਲਣ ਦਾ ਬੜਾ ਸ਼ੌਕ ਸੀ। ਪਰ ਇੱਕ ਅਜੀਬ ਗੱਲ ਸੀ – ਉਹਨਾਂ ਦੀ ਹਰ ਬੱਕਰੀ ਕੁਝ ਸਮੇਂ ਬਾਅਦ ਰੱਸਾ ਤੋੜ ਕੇ ਪਹਾੜਾਂ ਵੱਲ ਭੱਜ ਜਾਂਦੀ ਸੀ। ਪਹਾੜਾਂ ਦੀ ਖੁੱਲ੍ਹੀ ਹਵਾ, ਹਰਿਆਲੀ ਅਤੇ ਆਜ਼ਾਦੀ ਦਾ ਸੁਪਨਾ ਉਹਨਾਂ ਨੂੰ ਘਰ ਬੈਠਣ ਨਹੀਂ ਦਿੰਦਾ ਸੀ। ਪਰ ਪਹਾੜਾਂ ਵਿੱਚ ਇੱਕ ਭਿਆਨਕ ਖਤਰਾ ਸੀ – ਉੱਥੇ ਰਾਤ ਨੂੰ ਬਘਿਆੜ ਆ ਜਾਂਦੇ ਸਨ, ਜੋ ਬੱਕਰੀਆਂ ਨੂੰ ਖਾ ਜਾਂਦੇ। ਇਸ ਤਰ੍ਹਾਂ ਉਨ੍ਹਾਂ ਨੇ ਛੇ ਬੱਕਰੀਆਂ ਗੁਆ ਲਈਆਂ ।

ਇਕ ਵਾਰ ਮਿਸਟਰ ਸੇਗੁਇਨ ਨੇ ਨਵੀਂ-ਨਵੀਂ ਇੱਕ ਬਹੁਤ ਸੁੰਦਰ ਬੱਕਰੀ ਖਰੀਦੀ। ਉਸਦੀ ਖੱਲ ਚਿੱਟੀ ਸੀ, ਬਿਲਕੁਲ ਰੇਸ਼ਮ ਵਰਗੀ। ਉਹ ਉਸਨੂੰ ਬਹੁਤ ਪਿਆਰ ਨਾਲ ਪਾਲਦਾ ਸੀ – ਉਸਨੂੰ ਚੰਗਾ ਘਾਹ ਖੁਆਉਂਦਾ, ਪਾਣੀ ਪਿਲਾਉਂਦਾ, ਗਰਦਨ ਵਿੱਚ ਘੰਟੀ ਪਾਉਂਦਾ। ਪਰ ਫਿਰ ਵੀ ਬੱਕਰੀ ਹਮੇਸ਼ਾ ਹੀ ਪਹਾੜਾਂ ਵੱਲ ਵੇਖਦੀ ਰਹਿੰਦੀ ਅਤੇ ਉੱਥੇ ਜਾਣ ਲਈ ਤਾਂਘਦੀ ਰਹਿੰਦੀ ।

ਇੱਕ ਦਿਨ ਬੱਕਰੀ ਨੇ ਮਿਸਟਰ ਸੇਗੁਇਨ ਨੂੰ ਕਿਹਾ –
“ਮਾਲਕ ਜੀ, ਮੈਨੂੰ ਪਹਾੜਾਂ 'ਤੇ ਜਾਣ ਦਿਓ। ਇੱਥੇ ਬੰਨ੍ਹੇ ਰਹਿਣ ਨਾਲ ਮੇਰੀ ਜ਼ਿੰਦਗੀ ਸੁੱਕ ਗਈ ਹੈ। ਉੱਥੇ ਹਰੇ-ਭਰੇ ਚਰਾਗਾਹ ਹਨ, ਨਦੀਆਂ ਹਨ, ਆਜ਼ਾਦੀ ਹੈ!”

ਮਿਸਟਰ ਸੇਗੁਇਨ ਨੇ ਬਹੁਤ ਮਨਾਇਆ –
“ਨਾ-ਨਾ, ਬੇਟਾ! ਉੱਥੇ ਤੂੰ ਸਿਰਫ਼ ਇੱਕ ਦਿਨ ਦੀ ਜ਼ਿੰਦਗੀ ਜੀਵੇਂਗੀ। ਸ਼ਾਮ ਹੋਣ ਨਾਲ ਹੀ ਬਘਿਆੜ ਤੈਨੂੰ ਖਾ ਲਵੇਗਾ। ਇੱਥੇ ਰਹਿ, ਤੇਰੇ ਕੋਲ ਘਾਹ ਹੈ, ਪਾਣੀ ਹੈ, ਮੇਰਾ ਪਿਆਰ ਹੈ। ਉੱਥੇ ਸਿਰਫ਼ ਮੌਤ ਹੈ।”

ਪਰ ਬੱਕਰੀ ਨਹੀਂ ਮੰਨੀ। ਉਸਦਾ ਦਿਲ ਪਹਾੜਾਂ ਦੀ ਆਜ਼ਾਦੀ ਲਈ ਧੜਕਦਾ ਸੀ। ਅਖ਼ੀਰ ਉਸਨੇ ਰੱਸਾ ਤੋੜਿਆ ਤੇ ਪਹਾੜਾਂ ਵੱਲ ਭੱਜ ਗਈ।

ਜਦੋਂ ਉਹ ਪਹਾੜਾਂ 'ਤੇ ਪਹੁੰਚੀ ਤਾਂ ਉਹਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਹਰੇ-ਹਰੇ ਮੈਦਾਨ, ਫੁੱਲਾਂ ਨਾਲ ਭਰੇ ਖੇਤ, ਠੰਡੀਆਂ ਹਵਾਵਾਂ—ਬੱਕਰੀ ਬਹੁਤ ਖੁਸ਼ ਹੋਈ। ਉਹ ਦੌੜਦੀ, ਕੁੱਦਦੀ, ਚਰਦੀ ਰਹੀ। ਉਸਨੂੰ ਲੱਗਾ ਜਿਵੇਂ ਉਹ ਸੱਚਮੁੱਚ ਜੰਨਤ ਵਿੱਚ ਆ ਗਈ ਹੋਵੇ।

ਪਰ ਜਿਉਂ-ਜਿਉਂ ਸ਼ਾਮ ਹੁੰਦੀ ਗਈ। ਦੂਰੋਂ ਬਘਿਆੜ ਦੀ ਗਰਜ ਸੁਣਾਈ ਦੇਣ ਲੱਗੀ। ਸਾਰਾ ਪਹਾੜ ਡਰ ਨਾਲ ਕੰਬਣ ਲੱਗਾ। ਪਰ ਬੱਕਰੀ ਨਹੀਂ ਡਰੀ। ਉਸਨੇ ਆਪਣੇ ਦੋ ਛੋਟੇ ਸਿੰਗ ਤਿੱਖੇ ਕੀਤੇ ਅਤੇ ਬਘਿਆੜ ਨਾਲ ਭਿੜ ਗਈ।

ਸਾਰੀ ਰਾਤ ਉਹ ਦੋਵੇਂ ਲੜਦੇ ਰਹੇ – ਕਦੇ ਬਘਿਆੜ ਹਾਵੀ ਹੁੰਦਾ, ਕਦੇ ਬੱਕਰੀ। ਚੰਨ ਦੀ ਰੌਸ਼ਨੀ ਵਿੱਚ ਉਸਦੀ ਘੰਟੀ ਦੀ ਟਨ-ਟਨ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ। ਇਹ ਲੜਾਈ ਸਵੇਰ ਤੱਕ ਚੱਲਦੀ ਰਹੀ।

ਪਰ ਅਖ਼ੀਰ, ਜਦੋਂ ਤਾਰੇ ਫਿੱਕੇ ਪੈਣ ਲੱਗੇ ਤੇ ਸਵੇਰ ਦੀ ਲਾਲੀ ਛਾ ਗਈ – ਬੱਕਰੀ ਥੱਕ ਕੇ ਡਿੱਗ ਪਈ। ਬੱਸ ਫਿਰ ਕੀ ਬਘਿਆੜ ਉਸਨੂੰ ਖਾ ਗਿਆ।

ਇਸ ਤਰ੍ਹਾਂ ਮਿਸਟਰ ਸੇਗੁਇਨ ਦੀ ਇਹ ਬੱਕਰੀ ਵੀ ਬਾਕੀਆਂ ਵਾਂਗ ਆਜ਼ਾਦੀ ਲਈ ਆਪਣੀ ਜ਼ਿੰਦਗੀ ਗੁਆ ਬੈਠੀ।

ਅਨੁਵਾਦ : ਕਰਮਜੀਤ ਸਿੰਘ ਗਠਵਾਲਾ

  • ਮੁੱਖ ਪੰਨਾ : ਅਲਫਾਉਂਸ ਦੋਦੇ ਦੀਆਂ ਫ੍ਰਾਂਸੀਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •