Munshi Allahabadia (Punjabi Story) : Prem Gorkhi

ਮੁਨਸ਼ੀ ਅਲਾਹਾਬਾਦੀਆ (ਕਹਾਣੀ) : ਪ੍ਰੇਮ ਗੋਰਖੀ

ਮੁਨਸ਼ੀ ਬਹੁਤ ਕਾਹਲਾ ਬੰਦਾ ਸੀ। ਉਹ ਹਰ ਕੰਮ ਹੀ ਕਾਹਲੀ ਕਾਹਲੀ ਕਰਦਾ। ਉਹ ਤੁਰਦਾ ਵੀ ਬਹੁਤ ਕਾਹਲੀ ਤੇ ਬੋਲਦਾ ਤਾਂ ਕਾਹਲੀ ਵਿਚ ਇਉਂ ਸੀ ਕਿ ਬਹੁਤੀ ਵਾਰ ਉਹਦੀ ਗੱਲ ਸਮਝ ਹੀ ਨਾ ਆਉਂਦੀ ਤੇ ਸੁਣਨ ਵਾਲਾ ਦੁਬਾਰਾ ਬੋਲਣ ਲਈ ਕਹਿੰਦਾ। ਉਹਦਾ ਕੱਦ-ਕਾਠ ਵੀ ਵਾਹਵਾ ਲੰਮਾ ਸੀ, ਪਰ ਚਿਹਰੇ ਦਾ ਰੰਗ ਹਲਕਾ ਕਾਲਾ, ਮੁਸ਼ਕੀ, ਲਿਸ਼ਕਾਂ ਮਾਰਦਾ।
ਵੀਹ-ਬਾਈ ਘਰਾਂ ਦੇ ਬੰਦਿਆਂ ਵਿਚ ਉਹ ਸਭ ਤੋਂ ਵੱਧ ਲਿਸ਼ਕ-ਪੁਸ਼ਕ ਕੇ ਰਹਿੰਦਾ। ਪੂਰੇ ਘਰਾਂ ਵਿਚ ਜੇ ਕੋਈ ਚਾਰ ਪੰਜ ਜਮਾਤਾਂ ਪੜ੍ਹਿਆ ਸੀ ਤਾਂ ਉਹ ਮੁਨਸ਼ੀ ਹੀ ਸੀ। ਇਸੇ ਕਰਕੇ ਤਾਂ ਉਹਨੂੰ ਲਿਖਣ-ਪੜ੍ਹਨ ਵਾਲੇ ਕੰਮ ਸਮੇਂ ਪਿਲਕਣ ਦੇ ਨੇੜੇ ਹੀ ਹਾਜ਼ਰ ਰਹਿਣਾ ਪੈਂਦਾ। ਕੋ-ਆਪਰੇਟਿਵ ਬੈਂਕ ਵਾਲੇ ਦੋਵੇਂ ਬੰਦੇ ਆਉਂਦੇ, ਮੈਂਬਰਾਂ ਦੇ ਨਾਂ ਬੋਲਣੇ ਲਿਖਣੇ ਹੁੰਦੇ, ਮੁਨਸ਼ੀ ਪੂਰਾ ਕੰਮ ਆਉਂਦਾ।
ਜਦੋਂ ਮੇਰਾ ਅੱਠਵੀਂ ਜਮਾਤ ਦੇ ਇਮਤਿਹਾਨਾਂ ਦਾ ਦਾਖਲਾ ਜਾਣਾ ਸੀ ਤਾਂ ਮੈਂ ਭਾਈਏ ਨੂੰ ਕਿਹਾ, ‘‘ਸਕੂਲੇ ਪੈਂਤੀ ਰੁਪਈਏ ਲੱਗਣੇ ਆਂ, ਉਹ ਦਿਓ।’’ ਹੁਣ ਤਕ ਇੰਨੇ ਪੈਸੇ ਕਿਤੇ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ, ਐਵੇਂ ਪੰਜ ਛੇ ਰੁਪਈਆਂ ਨਾਲ ਈ ਸਰ ਜਾਂਦਾ ਸੀ। ‘ਪੈਂਤੀ ਰੁਪਈਏ’ ਸੁਣ ਕੇ ਹੀ ਭਾਈਆ ਭੜਕ ਉੱਠਿਆ, ‘‘ਐਨੇ ਪੈਹੇ? ਤੇਰਾ ਬਈ ਸਕੂਲ ਆ ਕਿ ਪੁਲੀਸ ਦਾ ਠਾਣਾ… ਪੈਂਤੀ ਰੁਪਈਆਂ ਨਾਲ ਤਾਂ ਪੁੱਤ ਸੱਜਰ ਸੂਈ ਗਾਂ ਵੱਛੀ ਆ ਜਾਂਦੀ ਆ… ਚੁੱਕਿਆ ਪੜ੍ਹਾਈਆਂ ਦਾ… ਘਰ ਬਹਿ ਤੇ ਨੱਕੇ ਮੋੜ… ਅਸੀਂ ਨੀ ਕਰਨੀ ਐਹੀ ਜੀ ਪੜ੍ਹਾਈ-ਪੜੂਈ… ਇਹ ਮਾਹਟਰ ਆਪਣਾ ਚਾਹ ਪਾਣੀ ਦਾ ਹੀਲਾ ਕਰਦੇ ਆ…।’’
ਮੈਨੂੰ ਭਾਈਏ ਨੂੰ ਯਕੀਨ ਦੁਆਉਣ ਦਾ ਕੋਈ ਰਾਹ ਨਾ ਦਿਸੇ। ਮੈਂ ਆਪਣੇ ਨਾਲ ਪੜ੍ਹਦੇ ਬ੍ਰਿਜ, ਓਮੀ, ਬਲਦੇਵ ਤੇ ਟਹਿਣੇ ਨੂੰ ਵੀ ਭਾਈਏ ਕੋਲ ਲਿਆ ਕੇ ਪੇਸ਼ ਕੀਤਾ, ਪਰ ਭਾਈਏ ਨੂੰ ਫਿਰ ਪੈਂਤੀ ਰੁਪਈਆਂ ਵਾਲੀ ਗੱਲ ਵਾਧੂ ਹੀ ਲੱਗੀ। ਦਾਖਲੇ ਨੂੰ ਤਿੰਨ ਦਿਨ ਹੀ ਰਹਿ ਗਏ ਤਾਂ ਮੈਂ ਪਿਟ-ਪਟਾਕਾ ਪਾ ਦਿੱਤਾ। ਪਿਲਕਣ ਹੇਠਾਂ ਪੈਂਦਾ ਰੌਲਾ ਸੁਣ ਕੇ ਮੁਨਸ਼ੀ ਆ ਗਿਆ, ‘‘ਅਰਜਣਾ ਕਿਉਂ ਘੂਰਦਾਂ ਬਈ ਮੁੰਡੇ ਨੂੰ?’’
ਭਾਈਏ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਸਾਰੀ ਗੱਲ ਬਾਬੇ ਮੁਨਸ਼ੀ ਨੂੰ ਕਹਿ ਸੁਣਾਈ। ਮੇਰੀ ਗੱਲ ਸੁਣ ਕੇ ਮੁਨਸ਼ੀ ਨੇ ਮੈਨੂੰ ਨਾਲ ਤੋਰ ਲਿਆ ਤੇ ਸਕੂਲੇ ਆ ਪਹੁੰਚੇ। ‘‘ਚੱਲ ਬਈ ਦੱਸ, ਕਿਹੜੇ ਮਾਸਟਰ ਨੂੰ ਪੈਸੇ ਦੇਣੇ ਆਂ?’’ ਮੇਰੇ ਇੰਚਾਰਜ ਮਾਸਟਰ ਨੇ ਦਾਖਲਾ ਫੀਸ ਦੱਸੀ, ਮੁਨਸ਼ੀ ਨੇ ਜੇਬ ’ਚੋਂ ਪੈਸੇ ਕੱਢ ਕੇ ਦਿੱਤੇ ਤੇ ਮੈਨੂੰ ਬੋਲਿਆ, ‘‘ਚੱਲ ਬਈ ਬੈਠ ਤੂੰ ਕਲਾਸ ਵਿਚ, ਧਿਆਨ ਨਾਲ ਪੜ੍ਹਾਈ ਕਰ… ਸ਼ਾਬਾਸੇ…’’ ਤੇ ਮਾਸਟਰ ਮੰਗਲ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਤੁਰ ਪਿਆ।
ਮੁਨਸ਼ੀ ਸਕੂਲੋਂ ਆ ਕੇ ਸਿੱਧਾ ਭਾਈਏ ਕੋਲ ਪਹੁੰਚਿਆ ਤੇ ਕਾਹਲੀ ਕਾਹਲੀ ਨਾਲ ਬੋਲਿਆ, ‘‘ਅਰਜਣਾ, ਤੂੰ ਐਵੇਂ ਤੱਤਾ ਹੋ ਕੇ ਨਾ ਬੋਲਿਆ ਕਰ… ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਦਾ ਇਹ ਮਤਲਬ ਨਈਂ ਬਈ ਏਸ ਖੋਪਰ ਨੂੰ ਵੀ ਮਿੱਟੀ ਈ ਬਣਾ ਕੇ ਰੱਖੋ… ਅਰਜਣਾ ਹੁਣ ਪੜ੍ਹਾਈਆਂ ਹੋ ਗਈਆਂ ਮਹਿੰਗੀਆਂ… ਇਹਦਾ ਮਾਹਟਰ ਕਹਿੰਦਾ ਜੇ ਪੜ੍ਹਾਈਆਂ ਵੱਡੀਆਂ ਕਰਾਉਣੀਆਂ ਤਾਂ ਪੈਹੇ ਤਾਂ ਲੱਗਣੇ ਈ ਆਂ…’’
‘‘ਚਾਚਾ ਤੈਨੂੰ ਨੀ ਪਤਾ ਅੱਜਕੱਲ੍ਹ ਦੇ ਮਾਹਟਰਾਂ ਦਾ… ਤੂੰ ਵਿਚ ਨਾ ਪੈਂਦਾ ਤਾਂ ਮੈਂ ਨਈਂ ਸੀ ਐਨੇ ਪੈਹੇ ਦੇਣੇ… ਚੰਗੀਆਂ ਪੜ੍ਹਾਈਆਂ ਆ ਗਈਆਂ!’’ ਬੋਲਦੇ ਭਾਈਏ ਨੇ ਸਿਰ ਦਾ ਸਾਫਾ ਲਾਹ ਕੇ ਝਾੜਿਆ ਤੇ ਮੁੜ ਸਿਰ ’ਤੇ ਲਪੇਟ ਕੇ ਘਰ ਵੱਲ ਚਲਾ ਗਿਆ।
ਮੁਨਸ਼ੀ, ਪੁਨੂੰ, ਦੀਵਾਨ ਤੇ ਦਲੀਪਾ ਚਾਰੇ ਕਈ ਕਈ ਸਾਲ ਬਨਾਰਸ, ਅਲਾਹਾਬਾਦ ਵੱਲ ਰਹਿ ਕੇ ਆਏ। ਸਭ ਤੋਂ ਵੱਧ ਸਮਾਂ ਤਾਂ ਪੁਨੂੰ ਹੀ ਰਿਹਾ। ਆਇਆ ਤਾਂ ਉਹ ਕਈ ਵਾਰੀ ਜਲੰਧਰ, ਲਾਡੋਵਾਲੀ ਪਰ ਉਹਦਾ ਤਾਂ ਜਿਵੇਂ ਇੱਥੇ ਚਿੱਤ ਹੀ ਨਹੀਂ ਸੀ ਲੱਗਦਾ। ਮਹੀਨਾ ਵੀਹ ਦਿਨ ਰਹਿੰਦਾ, ਫਿਰ ਯੂਪੀ ਨੂੰ ਦੌੜ ਜਾਂਦਾ। ਉਹ ਇਕ ਹੁਸ਼ਿਆਰੀ ਵਰਤਦਾ, ਜਦੋਂ ਉਹਨੂੰ ਲਾਡੋਵਾਲੀ ਆਪਣੇ ਭੈਣ-ਭਰਾਵਾਂ ਕੋਲ ਆਏ ਨੂੰ ਕੁਝ ਦਿਨ ਹੁੰਦੇ ਉਹ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ, ‘‘ਬਈ ਨਿਆਣੇ ਪਤਾ ਨਈਂ ਕਿੱਦਾਂ ਆ… ਪੜ੍ਹਨ ਵੀ ਜਾਂਦੇ ਆ ਕਿ ਨਈਂ… ਮੈਂ ਤੁਰਾਂ ਯਾਰ ਟੱਬਰ ਵੱਲ… ਉਹ ਤਾਂ ਮੂੰਹ ਚੁੱਕ ਚੁੱਕ ਰਾਹ ਦੇਖਦੇ ਹੋਣੇ ਆਂ…’’ ਤੇ ਉਹ ਗੱਡੀ ਜਾ ਚੜ੍ਹਦਾ।
ਪਰ ਮੁਨਸ਼ੀ ਨੇ ਪੁਨੂੰ ਵਾਂਗ ਨਹੀਂ ਕੀਤਾ। ਉਹ ਤਾਂ ਜਦੋਂ ਧਾਰ ਕੇ ਆ ਗਿਆ ਪਈ ਹੁਣ ਨਈਂ ਮੁੜ ਕੇ ਜਾਣਾ, ਫਿਰ ਸੱਚੀਂ ਨਈਂ ਉਹਨੇ ਉਧਰ ਪੈਰ ਰੱਖਿਆ। ਵਿਆਹ ਤੋਂ ਬਾਅਦ ਪਹਿਲਾ ਬੱਚਾ ਉਹਦੇ ਕਰਮਾ ਹੋਇਆ, ਦੂਜਾ ਦਰੋਪਤੀ ਹੋਈ। ਮੁੜ ਕੇ ਉਹਦੇ ਘਰ ਕੁੜੀ ਨਹੀਂ ਜੰਮੀ, ਮੁੰਡੇ ਹੀ ਹੋਏ ਚਾਰ।
ਇਕ ਵਾਰੀ ਮੈਂ ਬਾਬੇ ਮੁਨਸ਼ੀ ਨੂੰ ਸਵਾਲ ਕਰ ਦਿੱਤਾ, ‘‘ਬਾਬਾ ਇਹ ਕੀ ਰਾਜ਼ ਵਾਲੀ ਗੱਲ ਆ… ਆਪਣੇ ਸਾਰੇ ਬੰਦਿਆਂ ਦੇ ਘਰੀਂ ਮੁੰਡੇ ਬਹੁਤੇ ਜੰਮਦੇ ਆ ਤੇ ਕੁੜੀਆਂ ਇਕ ਜਾਂ ਦੋ ਈ?’’
‘‘ਬਹਿ ਜਾ ਕਾਕਾ ਦੱਸਦਾਂ ਤੈਨੂੰ… ਕਿਤੇ ਕੰਮ ਆਊ ਇਹ ਵੀ ਗੱਲ… ਪਹਿਲਾਂ ਤਾਂ ਸਦੀਆਂ ਬੀਤ ਗਈਆਂ ਆਪਣੇ ਬਜ਼ੁਰਗਾਂ ਨੇ ਸਿੰਘ ਸਜ ਕੇ ਦਸਵੇਂ ਪਾਤਸ਼ਾਹ ਦੀ ਫ਼ੌਜ ਵਿਚ ਭਰਤੀ ਹੋ ਕੇ ‘ਰੰਗੇ’ ਨਾਲ ਲੜਾਈਆਂ ਲੜੀਆਂ ਤੇ ਜਾਨਾਂ ਵਾਰੀਆਂ… ਆਪਣੇ ਤਾਂ ਜੀਅ ਘਟ ਗਏ… ਫੇਰ ਲੁਕਦੇ ਛੁਪਦਿਆਂ ਨੂੰ ਵਰ੍ਹੇ ਬੀਤ ਗਏ। ਫੇਰ ਬਿਮਾਰੀਆਂ ਨੇ ਬਥੇਰੇ ਨਿਗਲ ਲਏ। ਫੇਰ ਕਿਤੇ ਬਜ਼ੁਰਗਾਂ ਨੂੰ ਗੁਰੂ ਮੰਗਲ ਦਾਸ ਟੱਕਰ ਗਏ। ਪਹਿਲਾਂ ਤਾਂ ਸਭ ਨੂੰ ਨਾਮਦਾਨ ਦਿੱਤਾ, ਫਿਰ ਅਰਦਾਸੇ ਕਰਕੇ ਵਰ ਦਿੱਤਾ… ਮੈਨੂੰ ਨਹੀਂ ਪਤਾ… ਬੱਸ ਆਪਣੇ ਬੰਦਿਆਂ ਦੇ ਜਿੰਨੇ ਵੀ ਵਿਆਹ ਹੋਏ ਪੁੱਤਰਾਂ ਦੀ ਬਖ਼ਸ਼ਿਸ਼ ਹੋਈ। ਸਾਡੇ ਇਕ ਆਹ ਸਾਈਂ ਸੀ ਜਿਹਦੇ ਤਿੰਨ ਪੁੱਤ ਜੰਮੇ… ਕੁੜੀਆਂ ਦੀ ਹੇੜ ਈ ਆ ਗਈ, ਜਾਂ ਖੁਸ਼ੀਏ ਦੇ ਇਕੋ ਦੌਲਤੀ ਹੋਇਆ ਤੇ ਕੁੜੀਆਂ ਪੂਰੀਆਂ ਪੰਜ। ਬਾਕੀ ਸਾਰਿਆਂ ਦੇ ਕਿਸੇ ਦੇ ਪੰਜ ਮੁੰਡੇ ਕਿਸੇ ਦੇ ਚਾਰ… ਮਾਹਰਾਜ ਸੁੱਖ ਰੱਖੇ, ਘਾਟਾ ਕਿਸੇ ਚੀਜ਼ ਦਾ ਨਹੀਂ।’’ ਕਾਹਲੀ ਜ਼ਬਾਨ ਵਿਚ ਸੁਣਾਈ ਕਥਾ ਸੁਣ ਕੇ ਮੈਂ ਧੰਨ ਧੰਨ ਹੋ ਗਿਆ।
ਸਾਈਂ ਤੇ ਰੱਖੇ ਤੋਂ ਛੋਟੇ ਮੁਨਸ਼ੀ ਨੇ ਤਾਂ ਕਈ ਕਾਰੋਬਾਰ ਕੀਤੇ, ਵਿਚ ਨੂੰ ਬਖਸ਼ੀ ਸਾਹਿਬ ਨੇ ਇਹਨੂੰ ਆਪਣੇ ਕੋਲ ਜੇਲ੍ਹ ਵਿਚ ਨੌਕਰੀ ’ਤੇ ਵੀ ਰੱਖ ਲਿਆ, ਪਰ ਇਹ ਕੈਦੀਆਂ ਤੋਂ ਡਰਦਾ ਹੀ ਨੌਕਰੀ ਛੱਡ ਕੇ ਦੌੜ ਆਇਆ ਸੀ। ਫਿਰ ਉਦੋਂ ਕੁ ਹੀ ਇਹ ਅਲਾਹਾਬਾਦ ਵੱਲ ਨਿਕਲ ਗਿਆ। ਫਿਰ ਦੋ ਸਾਲ ਬਾਅਦ ਮੁੜਿਆ ਤਾਂ ਵਿਆਹ ਕਰ ਦਿੱਤਾ।
ਮੁਨਸ਼ੀ ਦੀਆਂ ਕੀਤੀਆਂ ਹਾਸੇ ਦੀਆਂ ਕਈ ਗੱਲਾਂ ਯਾਦ ਕਰਕੇ ਅੱਜ ਵੀ ਹੁਕਮੀ ਹੁਣੀ ਹੱਸ ਲੈਂਦੇ ਹਨ। ਮੁਨਸ਼ੀ ਯੂਪੀ ਤੋਂ ਆਇਆ ਸੀ। ਉਹ ਕਾਹਨਪੁਰੀ ਕੁੜਤਾ ਪਾਈ ਤੇ ਲੂੰਗੀ ਲਾਈ ਨਰੈਣੇ ਦੀ ਦੁਕਾਨ ਨੂੰ ਆਇਆ। ਦੁਕਾਨ ਦੇ ਕੋਲ ਹੀ ਬੇਰੀ ਹੇਠਾਂ ਮੀਤੋ ਹੁਣੀ ਤਾਸ਼ ਖੇਡਦੇ ਸੀ। ਲਾਲੂ ਨੇ ਜਿਉਂ ਹੀ ਰੰਗ-ਬਰੰਗੇ ਬਣੇ ਆਪਣੇ ਚਾਚੇ ਵੱਲ ਦੇਖਿਆ ਉਹਨੂੰ ਹਾਸਾ ਆ ਗਿਆ ਤੇ ਉਹਨੇ ਮੀਤੋ ਨੂੰ ਕਿਹਾ, ‘‘ਬਈ ਚਾਚਾ ਤਾਂ ਬੜਾ ਨਿਖਰਿਆ ਫਿਰਦਾ… ਦੇਖ ਕਿੱਦਾਂ ਲਿਸ਼ਕਾਂ ਮਾਰਦਾ… ਅੱਜ ਹੋ ਜਾਏ ਕੁਸ਼…’’
ਦਲੀਪਾ ਉਠਿਆ ਤੇ ਮੁਨਸ਼ੀ ਦੇ ਬਰਾਬਰ ਖੜ੍ਹਾ ਹੁੰਦਾ ਬੋਲਿਆ, ‘‘ਚਾਚਾ ਰੁਪਈਆ ਤਾਂ ਕੱਢ ਇਕ… ਮੈਂ ਬਾਜ਼ੀ ਹਾਰ ਗਿਆਂ… ਲਾਲੂ ਹੁਣਾਂ ਨੂੰ ਜਲੇਬੀਆਂ ਖੁਆਣੀਆਂ…।’’
ਮੁਨਸ਼ੀ ਇਕਦਮ ਘਬਰਾ ਗਿਆ ਤੇ ਕਾਹਲੀ ਨਾਲ ਬੋਲਿਆ, ‘‘ਉਏ ਹੱਦ ਹੋ ਗਈ… ਤੂੰ ਬਾਜ਼ੀ ਹਾਰ ਗਿਆ… ਅਹਿਮਕ ਨਾ ਹੋਵੇ ਤਾਂ… ਤੈਨੂੰ ਪਤਾ ਨਹੀਂ ਤਾਸ਼ ਕਿੱਦਾਂ ਖੇਡੀਦੀ ਆ…’’ ਕਹਿੰਦਿਆਂ ਮੁਨਸ਼ੀ ਨੇ ਜੇਬ ’ਚੋਂ ਚਾਰ ਆਨੇ ਕੱਢ ਕੇ ਦਲੀਪੇ ਦੇ ਹੱਥ ’ਤੇ ਰੱਖ ਦਿੱਤੇ। ਦਲੀਪੇ ਨੇ ਪੌਲੀ ਵੱਲ ਦੇਖਿਆ ਤੇ ਵਗਾਹ ਕੇ ਬੀਹੀ ਵਿਚ ਮਾਰੀ।
ਦਲੀਪੇ ਦੀ ਇਸ ਹਰਕਤ ਵੱਲ ਦੇਖ ਕੇ ਮੁਨਸ਼ੀ ਤਾਂ ਭੜਕ ਉੱਠਿਆ। ‘‘ਓਏ ਦਲੀਪਿਆ… ਕੁੱਤਿਆ ਲਿਆ ਮੇਰੀ ਪੌਲੀ… ਅਕਲ ਨਾ ਮੌਤ… ਦੇਖੋ ਮੇਰੇ ਕੋਲੋਂ ਪੌਲੀ ਲੈ ਕੇ ਮਿੱਟੀ ਵਿਚ ਵਗਾਹ ਮਾਰੀ… ਬਾਂਦਰ।’’ ਉਹ ਮਿੱਟੀ ਵਿਚ ਪੌਲੀ ਲੱਭਣ ਲੱਗਾ, ‘‘ਕਿੱਥੇ ਸੁੱਟੀ ਆ ਓਏ… ਆ ਏਧਰ ਲੱਭ…’’ ਮੁਨਸ਼ੀ ਨੇ ਦਲੀਪੇ ਵੱਲ ਦੇਖਿਆ, ਪਰ ਉਹ ਤਾਂ ਕਦੋਂ ਦਾ ਸ਼ੂਟ ਵੱਟ ਕੇ ਦੌੜ ਚੁੱਕਾ ਸੀ। ਮੁਨਸ਼ੀ ਫਿਰ ਗਾਲ੍ਹਾਂ ਕੱਢਦਾ ਮਿੱਟੀ ਵੱਲ ਦੇਖਦਾ ਰਿਹਾ, ਪਰ ਉਹਨੂੰ ਪੌਲੀ ਕਿੱਥੋਂ ਲੱਭਣੀ ਸੀ, ਪੌਲੀ ਤਾਂ ਦਲੀਪੇ ਦੇ ਹੱਥ ਵਿਚ ਫੜੀ ਹੋਈ ਸੀ। ਉਹਨੇ ਤਾਂ ਐਵੇਂ ਰੋੜੀ ਵਗਾਹ ਮਾਰੀ ਸੀ।
ਇਕ ਵਾਰੀ ਰਾਤ ਨੂੰ ਮੁੰਡੇ ਧੂਣੀ ਲਾ ਕੇ ਬੈਠੇ ਸੀ। ਸੜਕ ਵੱਲੋਂ ਆਇਆ ਮੁਨਸ਼ੀ ਖੰਭੇ ਹੇਠਾਂ ਖੜ੍ਹਾ ਕਿਰਪੇ ਨਾਲ ਗੱਲਾਂ ਕਰਦਾ ਸੀ। ਮੁਨਸ਼ੀ ਦੇ ਹੀ ਮੁੰਡੇ ਕਰਮੇ ਨੇ ਪਿਓ ਨਾਲ ਮਜ਼ਾਕ ਕਰਨ ਲਈ ਧੂਣੀ ਵਿਚੋਂ ਪੰਜ ਛੇ ਅੱਗ ਦੇ ਅੰਗਿਆਰ ਚੁੱਕੇ ਤੇ ਰਾਹ ਵਿਚ ਵਿਛਾ ਦਿੱਤੇ। ਸਭ ਨੂੰ ਪਤਾ ਸੀ ਕਿ ਮੁਨਸ਼ੀ ਜਦੋਂ ਤੁਰਦਾ ਤਾਂ ਹੇਠਾਂ ਨਹੀਂ ਦੇਖਦਾ, ਉਪਰ ਹੀ ਸਾਹਮਣੇ ਨਿਗ੍ਹਾ ਟਿਕਾ ਕੇ ਤੁਰਦਾ ਹੈ। ਕਿਰਪੇ ਨਾਲ ਗੱਲ ਮੁਕਾ ਕੇ ਮੁਨਸ਼ੀ ਤੇਜ਼ ਕਦਮੀਂ ਅੱਗੇ ਵਧਿਆ ਤਾਂ ਪੈਰ ਅੰਗਿਆਰਾਂ ’ਤੇ ਰੱਖੇ ਹੀ ਜਾਣੇ ਸੀ। ਸਾਡੇ ਬਹੁਤੇ ਲੋਕ ਉਦੋਂ ਨੰਗੇ ਪੈਰੀਂ ਤੁਰੇ ਫਿਰਦੇ ਸਨ। ਜਿਉਂ ਹੀ ਪੈਰਾਂ ਨੂੰ ਸੇਕ ਲੱਗਾ ਮੁਨਸ਼ੀ ਤਾਂ ਛੜੱਪੇ ਮਾਰਨ ਲੱਗਾ।
‘‘ਆਹ ਕਿਹਨੇ … ਨੇ ਐਧਰ ਅੱਗ ਸੁੱਟੀ ਆ… ਪੈਰ ਲੂਹ ਤੇ ਮੇਰੇ… ਦੱਸੋ ਕਿਹਨੇ ਅੱਗ ਰੱਖੀ ਸੀ…’’ ਲਾਲ ਸੂਹਾ ਹੋਇਆ ਮੁਨਸ਼ੀ ਧੂਣੀ ਵਾਲਿਆਂ ਵੱਲ ਵਧਿਆ, ਪਰ ਕਰਮਾ ਤਾਂ ਕਦੋਂ ਦਾ ਗਲੀ ਵੱਲ ਖਿਸਕ ਚੁੱਕਾ ਸੀ।
ਦੀਵਾਲੀ ’ਤੇ ਬੜਾ ਹਾਸਾ ਪਿਆ। ਪੁਨੂੰ ਨੇ ਇਕ ਲੰਮੀ ਸਾਰੀ ਰੱਸੀ ਨੂੰ ਪਟਾਕਿਆਂ ਦੀ ਲੜੀ ਬੰਨ੍ਹ ਕੇ ਉਸ ਮੰਜੀ ਦੇ ਪਾਵੇ ਨਾਲ ਘੁਮਾ ਦਿੱਤਾ ਜਿਹਦੇ ਉਪਰ ਬੈਠਾ ਮੁਨਸ਼ੀ ਡੂਨੇ ਲਾ ਰਿਹਾ ਸੀ। ਫਿਰ ਜਦੋਂ ਅੱਗ ਤੁਰਦੀ ਹੋਈ ਪਟਾਕਿਆਂ ਦੀ ਲੜੀ ਨੂੰ ਜਾ ਲੱਗੀ ਤਾਂ ਮੁਨਸ਼ੀ ਘਬਰਾ ਗਿਆ ਤੇ ਉੱਚੀ ਸਾਰੀ ਛਾਲ ਮਾਰਦੇ ਨੇ ਗਾਲ੍ਹਾਂ ਕੱਢੀਆਂ ਤੇ ਪਏ ਪੱਤੇ ਪਰ੍ਹਾਂ ਵਗਾਹ ਮਾਰੇ। ਕੋਲ ਖੜ੍ਹੀ ਉਹਦੀ ਪਤਨੀ ਰੁਕੋ, ਪਤੀ ਵੱਲ ਦੇਖ ਕੇ ਹੱਸਦੀ ਹੱਸਦੀ, ਹੇਠਾਂ ਮਿੱਟੀ ਵਿਚ ਹੀ ਲਿਟ ਗਈ।
ਮੈਂ ਪਿਲਕਣ ਹੇਠਾਂ ਖੂਹੀ ਦੀ ਮੌਣ ’ਤੇ ਬੈਠਾ ਕਦੇ ਮੁਨਸ਼ੀ ਦੇ ਘਰ ਵੱਲ ਦੇਖਦਾ ਹਾਂ ਤੇ ਕਦੇ ਸਾਈਂ ਦੇ ਘਰ ਵੱਲ। ਮੁਨਸ਼ੀ ਕਿਸੇ ਵੀ ਮੁੰਡੇ ਨੂੰ ਪੜ੍ਹਾ ਨਾ ਸਕਿਆ… ਸਾਰੇ ਢਲਾਈ ਦਾ ਕੰਮ ਕਰਨ ਜੋਗੇ ਰਹਿ ਗਏ। ਸਾਈਂ ਦੇ ਪੁੱਤਾਂ ਦਾ ਵੀ ਇਹੋ ਹਾਲ ਰਿਹਾ… ਉਹਦੇ ਇਕ ਪੋਤੇ ਨੇ ਹਿੰਮਤ ਕੀਤੀ ਤੇ ਵਿਦੇਸ਼ ਜਾ ਬੈਠਾ। ਖੁਸ਼ੀਏ ਦੇ ਦੋ ਪੋਤੇ ਹੋਏ, ਦੋਵੇਂ ਹੀ ਨਸ਼ੇ ਨੇ ਖਾ ਲਏ।

(ਕਹਾਣੀਆਂ ਵਰਗੇ ਲੋਕ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰੇਮ ਗੋਰਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ