Na Koi Hindu Na Musalman : Saakhi Guru Nanak Dev Ji
ਨਾ ਕੋਈ ਹਿੰਦੂ, ਨਾ ਮੁਸਲਮਾਨ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ
ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਲਾਇਆ, "ਨਾ ਕੋਈ ਹਿੰਦੂ, ਨਾ ਮੁਸਲਮਾਨ।" ਗੁਰੂ ਜੀ ਨੇ ਸਮਝਾਇਆ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡ ਦਿਉ। ਪ੍ਰਮਾਤਮਾ ਨੂੰ ਸਾਰੀ ਲੋਕਾਈ ਵਿਚ ਦੇਖੋ। ਇਕ ਅਕਾਲਪੁਰਖ ਨੂੰ ਹੀ ਯਾਦ ਕਰੋ ਜੋ ਸਭ ਅੰਦਰ ਵਸ ਰਿਹਾ ਹੈ। ਜਦੋਂ ਸੁਲਤਾਨਪੁਰ ਦੇ ਨਵਾਬ ਦੋਲਤ ਖਾਨ ਅਤੇ ਕਾਜੀ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਕਹਿਣ ਲੱਗੇ, "ਗੁਰੂ ਜੀ ਜੇ ਤੁਹਾਨੂੰ ਹਿੰਦੂਆਂ ਤੇ ਮੁਸਲਮਾਨਾਂ ਅੰਦਰ ਇਕੋ ਰੱਬ ਦਿਸਦਾ ਹੈ ਤਾਂ ਆਉ ਸਾਡੇ ਨਾਲ ਰਲ ਕੇ ਨਿਮਾਜ ਪੜ੍ਹੋ।" ਸਤਿਗੁਰੂ ਨਵਾਬ ਤੇ ਕਾਜੀ ਨਾਲ ਤੁਰ ਪਏ।
ਮਸਜਿਦ ਵਿਚ ਸਾਰੇ ਮੁਸਲਮਾਨ ਇਕੱਠੇ ਹੋਏ। ਸਭ ਦੇ ਅੱਗੇ ਖਲੋ ਕੇ ਕਾਜੀ ਨੇ ਨਿਮਾਜ ਪੜ੍ਹਨੀ ਸੁਰੂ ਕੀਤੀ। ਗੁਰੂ ਜੀ ਵੀ ਉਸ ਦੇ ਕੋਲ ਖੜ੍ਹੇ ਹੋ ਗਏ, ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜ੍ਹਨ। ਸਤਿਗੁਰੂ ਨੇ ਕਾਜੀ ਵੱਲ ਤੱਕਿਆ, ਤੱਕ ਕੇ ਹੱਸ ਪਏ। ਉਨ੍ਹਾਂ ਨੂੰ ਸਾਫ ਦਿਸ ਰਿਹਾ ਸੀ ਕਿ ਕਾਜੀ ਦਾ ਮਨ ਉਥੇ ਹਾਜਰ ਨਹੀਂ ਸੀ।
ਮੁਸਲਮਾਨੀ ਰਾਜ ਸੀ, ਉਹਨਾਂ ਦਾ ਧਰਮ ਅਸਥਾਨ ਸੀ। ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਉਥੇ ਹਾਜਰ ਸੀ। ਵੱਡਾ ਕਾਜੀ ਸੈਕੜੇ ਮੁਸਲਮਾਨਾਂ ਸਮੇਤ ਨਿਮਾਜ ਵਿਚ ਸਾਮਲ ਸੀ। ਇਹ ਗੁਰੂ ਜੀ ਵਰਗੇ ਸੂਰਮੇ ਦਾ ਹੀ ਕੰਮ ਸੀ ਕਿ ਨਿਮਾਜ ਪੜ੍ਹਦੇ ਕਾਜੀ ਪਾਸ ਖਲੋ ਕੇ ਉਸ ਦਾ ਹਾਸਾ ਉਡਾਉਣ। ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ। ਖਰੀ ਖਰੀ ਗੱਲ ਕਹਿ ਦੇਣ ਤੋਂ ਉਹ ਡਰਦੇ ਨਹੀਂ ਸਨ। ਡਰ ਉਹਨਾਂ ਦੇ ਜੀਵਨ ਵਿਚ ਹੈ ਹੀ ਨਹੀਂ ਸੀ।
ਕਾਜੀ ਕਿਵੇਂ ਸਹਾਰ ਸਕਦਾ ਸੀ ਕਿ ਕੋਈ ਉਸ ਦਾ ਹਾਸਾ ਉਡਾਏ। ਉਸ ਨੇ ਨਿਮਾਜ ਖਤਮ ਹੋਣ ਤੇ ਨਵਾਬ ਅੱਗੇ ਗਿਲਾ ਕੀਤਾ । ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਿਮਾਜ ਕਿਉਂ ਨਹੀਂ ਪੜ੍ਹੀ ਤੇ ਹੱਸਣ ਦਾ ਕਾਰਨ ਕੀ ਸੀ, ਤਾਂ ਗੁਰੂ ਜੀ ਨੇ ਉਤਰ ਦਿੱਤਾ, "ਮੈਂ ਨਿਮਾਜ ਕਿਸ ਦੇ ਨਾਲ ਪੜ੍ਹਦਾ। ਕਾਜੀ ਸਾਹਿਬ ਮੂੰਹੋਂ ਤਾਂ ਨਿਮਾਜ ਪੜ੍ਹ ਰਹੇ ਸਨ, ਪਰ ਇਹਨਾਂ ਦਾ ਮਨ ਨਿਮਾਜ ਵਿਚ ਨਹੀਂ ਸੀ ਇਹਨਾਂ ਦਾ ਮਨ ਤਾਂ ਘਰ ਪੁੱਜਾ ਹੋਇਆ ਸੀ ਕਿ ਕਿਧਰੇ ਨਵਾਂ ਜੰਮਿਆ ਵਛੇਰਾ ਵਿਹੜੇ ਵਿਚਲੀ ਖੂਹੀ ਵਿਚ ਨਾ ਡਿੱਗ ਪਵੇ।" ਗੁਰੂ ਜੀ ਸਮਝਾ ਰਹੇ ਸਨ ਕਿ ਇਸ ਗੱਲ ਦਾ ਕੀ ਲਾਭ ਕਿ ਨਿਰੀ ਜੀਭ ਹੀ ਕੋਈ ਲਫਜ ਪੜ੍ਹੀ ਜਾਏ। ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਿਮਾਜ ਸੱਚੀ ਕਿਵੇ ਹੋਈ ?
ਇਹ ਗੱਲ ਸਭ ਦੀ ਸਮਝ ਵਿਚ ਆ ਗਈ ।