Nachiketa Di Maut (Punjabi Story) : Ajmer Sidhu

ਨਚੀਕੇਤਾ ਦੀ ਮੌਤ (ਕਹਾਣੀ) : ਅਜਮੇਰ ਸਿੱਧੂ

ਸਵੇਰੇ ਸਾਨੂੰ ਭਾਈ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਸਮੇਂ ਦੀ ਸਾਖੀ ਸੁਣਾਈ ਸੀ । ਫੇਰ ਉਹ ਕਿਸੇ ਪਾਸੇ ਚਲੇ ਗਏ ਸਨ । ਮੈਨੂੰ ਘਰ ਪੁੱਜੇ ਨੂੰ ਅਜੇ ਘੰਟਾ ਹੀ ਹੋਇਆ ਹੈ ।...ਗੋਲੀਆਂ ਚੱਲਣ ਦੀ ਆਵਾਜ਼ ਆਈ ਹੈ । ਲੋਕ ਆਪਣੇ ਆਪਣੇ ਘਰਾਂ ਅੰਦਰ ਵੜ ਗਏ ਹਨ । ਮੈਂ ਵੀ ।...ਉਹ ਚਲੇ ਗਏ ਹਨ । ਪਿੰਡ ਵਿੱਚ ਹਾਹਾਕਾਰ ਮੱਚ ਗਈ ਹੈ । ਮੈਂ ਕੋਠੇ ਤੇ ਚੜ੍ਹਿਆ ਹਾਂ । ਲੋਕ ਲੰਬੜਾਂ ਵਾਲੇ ਪਾਸੇ ਨੂੰ ਜਾ ਰਹੇ ਹਨ । ਮੈਂ ਵੀ ਮਗਰ ਹੋ ਲਿਆ ਹਾਂ ।
ਕੇਹਰੂ ਦੇ ਘਰ ਕੋਲ ਜਿੰਦਰ ਦੀ ਲਾਸ਼ ਪਈ ਹੈ । ਲੋਕ ਸਹਿਮੇ ਖੜ੍ਹੇ ਹਨ । ਡਰਦਾ ਕੋਈ ਲਾਸ਼ ਕੋਲ ਨੀਂ' ਜਾ ਰਿਹਾ । ਸ਼ੀਬੂ ਭੱਜ ਕੇ ਸਰਪੰਚ ਨੂੰ ਲੈ ਆਇਆ ਹੈ । ਖੂਨ ਦਾ ਛੱਪੜ ਦੇਖ ਕੇ ਸਰਪੰਚ ਵੀ ਸਹਿਮ ਗਿਆ ਹੈ । ਇਹਦੀਆਂ ਲੱਤਾਂ ਕੰਬ ਰਹੀਆਂ ਹਨ ।
''ਜਰਨੈਲ ਸਿਆਂ, ਇਹ ਭਾਣਾ ਕਿਵੇਂ ਵਾਪਰਿਆ?"
''ਸਰਪੰਚ ਸਾਹਿਬ, ਸਲੋਹ ਵਾਲੇ ਪਾਸੇ ਤੋਂ ਗੋਲੀ ਚਲਦੀ ਆਈ ਆ । ਇਹ ਵਿਚਾਰਾ ਲੰਬੜਾਂ ਦੇ ਮੰਜੇ ਠੋਕ ਕੇ ਆ ਰਿਹਾ ਸੀ । ਬੱਸ...ਗੋਲੀ ਛੱਡਦੀ ਕਿਤੇ?" ਜਰਨੈਲ ਵਾਰਦਾਤ ਬਾਰੇ ਦੱਸਣ ਲੱਗ ਪਿਆ ਹੈ ।
''ਬਚਾਈਂ ਵਾਹਿਗੁਰੂ ।" ਸਰਪੰਚ ਕਲੇਜਾ ਫੜ ਕੇ ਬੈਠ ਗਿਆ ਹੈ ।
ਲਹਿਣੇ ਦਾ ਭੰਤਾ ਟਰੱਕ ਲੈ ਕੇ ਸ਼ਹਿਰ ਤੋਂ ਆਇਆ ਹੈ । ਉਹ ਵੀ ਸ਼ਹਿਰ ਚੱਲੀ ਗੋਲੀ ਬਾਰੇ ਸਰਪੰਚ ਨੂੰ ਦੱਸ ਰਿਹਾ ਹੈ । ਸੱਤ ਬੰਦੇ ਥਾਂਏਂ ਮਾਰੇ ਗਏ ਹਨ । ਅੰਨਾਂ ਧੁੰਦ ਗੋਲੀਆਂ ਦੀ ਵਾਛੜ ਕਰਦੇ ਸਲੋਹ ਵੱਲ ਨੂੰ ਨਿਕਲ ਗਏ । ਉੱਥੇ ਵੀ ਇੱਕ ਮਾਰਤਾ । ਸਲੋਹ ਤੋਂ ਹੋ ਕੇ ਸਾਡੇ ਪਿੰਡ ਵਿੱਚੋਂ ਲੰਘਦਿਆਂ-ਲੰਘਦਿਆਂ ਜਿੰਦਰ ਦੀ... । ਸਰਪੰਚ ਭੰਤੇ ਤੋਂ ਸ਼ਹਿਰ ਚੱਲੀ ਗੋਲੀ ਦਾ ਸੁਣ ਕੇ ਹੋਰ ਡਰ ਗਿਆ ਹੈ ।
ਮੰਗੀ ਨੂੰ ਭਾਈ ਜੀ ਵੱਲ ਭੇਜ ਦਿੱਤਾ ਹੈ । ਮੈਂ ਪਾਠ ਕਰੀ ਜਾ ਰਿਹਾ ਹਾਂ । ਇਹ ਤੇ ਚਲੋ ਚਲੀ ਦਾ ਮੇਲਾ ਹੈ । ਲੋਕ ਐਵੀਂ... । ਕੋਈ ਗੋਲੀ ਚਲਾਉਣ ਵਾਲੇ ਅੱਤਵਾਦੀਆਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਤੇ ਕੋਈ ਪੁਲਿਸ ਤੇ ਸਰਕਾਰ ਨੂੰ ।
''ਦੇਖੋ ਜੀ, ਜਦੋਂ ਉਲਟੀ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ । ਫੇਰ ਕੀ ਹੋ ਸਕਦੈ? ਕਾਨੂੰਨ ਨੇ ਤਾਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਏ । ਭੰਤਾ ਦਸਦਾ ਪਿਆ-ਜਦੋਂ ਸ਼ਹਿਰ ਗੋਲੀ ਚੱਲੀ । ਪੁਲਿਸ ਡਰ ਕੇ ਅੰਦਰ ਵੜਗੀ ।" ਜਗੀਰ ਸਿੰਘ ਪੁਲਿਸ ਦੁਆਲੇ ਹੋ ਗਿਆ ਹੈ ।
''ਸਾਨੂੰ ਐਥੇ ਸੁਝਦਾ ਕੁਝ ਨਹੀਂ ਤੇ ਤੂੰ ਕਾਨੂੰਨ ਨੂੰ ਲਈ ਫਿਰਦੈਂ ।...ਓ ਭਾਈ ਦੇਖੋ ਕਿਤੇ, ਭਾਈ ਜੀ ਆ ਰਹੇ ਨੇ ਜਾਂ ਨਹੀਂ ।" ਸਰਪੰਚ ਜਾਗੀਰ ਸਿੰਘ ਨੂੰ ਟੁੱਟ ਕੇ ਪਿਆ ਹੈ । ਉਹ ਅੰਦਰੋਂ ਸਹਿਮਿਆ ਪਿਆ ।
''ਸਰਪੰਚਾ, ਜੋ ਕਰਨਾ ਆਪ ਕਰ ਲੋ । ਤੁਹਾਨੂੰ ਭਾਈ ਦਾ ਪਤਾ ਈ ਐ । ਸੰਤ ਬੰਦਾ । ਉਨਾਂ ਦੁਨੀਆਂਦਾਰੀ ਤੋਂ ਕੀ ਲੈਣੈ । ਕਿਤੇ ਬੈਠੇ ਰੱਬ ਦਾ ਨਾਮ ਜਪਦੈ ਹੋਣੈ । ਜੇ ਉਨ੍ਹਾਂ ਨੂੰ ਉਡੀਕਦੇ ਰਹੇ-ਲਾਸ਼ ਦਾ ਭੁੜਥਾ ਬਣ ਜਾਣੈ । ਕਹਿਰ ਦੀ ਗਰਮੀ ਆ ।" ਬਜ਼ੁਰਗ ਬਚਨ ਸਿੰਘ ਸਰਪੰਚ ਦੁਆਲੇ ਹੋ ਗਿਆ ਹੈ । ਇਹ ਸੁਣ ਕੇ ਮੇਰਾ ਆਪਣੇ ਗੁਰੂ 'ਤੇ ਹੋਰ ਵੀ ਭਰੋਸਾ ਬੱਝ ਗਿਆ ਹੈ । ਬਾਜ਼ੀਗਰਾਂ ਦਾ ਕੈਲਾ ਮੇਰੇ ਵੱਲ ਦੇਖੀ ਜਾ ਰਿਹਾ ਹੈ । ਮੈਂ ਮਾਲਾ ਜਪਣ ਵਿੱਚ ਲੀਨ ਹੋ ਗਿਆ ਹਾਂ ।
''ਚਾਚਾ ਜੀ, ਪਰ ਭਾਈ ਜੀ ਨੂੰ ਉਡੀਕਣਾ ਪੈਣਾ । ਨਾਲੇ ਅਜੇ ਪੁਲਿਸ ਨੇ ਆਉਣਾ ।" ਸਰਪੰਚ ਪੁਲਿਸ ਨੂੰ ਵੀ ਉਡੀਕਣਾ ਚਾਹੁੰਦਾ ਹੈ ।
ਮੈਨੂੰ ਇਹ ਸਾਰਾ ਦੁਨਿਆਵੀ ਲੱਗ ਰਿਹਾ ਹੈ । ਭਾਈ ਜੀ ਦਾ ਕਥਨ ਹੈ ਕਿ ਇਹ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਦੀ ਖੇਡ ਹੈ । ਮੂਰਖ ਪ੍ਰਾਣੀ ਪਤਾ ਨਹੀਂ ਕਿਉਂ ਚਿੰਤਤੁ ਹਨ । ਜਿੰਦਰ ਦੀ ਆਤਮਾ ਨੇ ਤਾਂ ਨਵਾਂ ਜਾਮਾ ਵੀ ਲੈ ਲਿਆ ਹੋਣਾ । ਬੱਸ ਸਾਨੂੰ ਇਹਦਾ ਸਸਕਾਰ ਕਰ ਦੇਣਾ ਚਾਹੀਦਾ ਹੈ । ਭਾਈ ਜੀ ਆਉਣਗੇ ਤਾਂ ਉਨ੍ਹਾਂ ਵੀ ਏਹੀ ਕੁਝ ਕਰਨਾ ਹੈ ਜੋ ਮੈਂ ਕਹਿ ਰਿਹਾ ਹਾਂ । ਆਖਰ ਉਨ੍ਹਾਂ ਦਾ ਚੇਲਾ ਹਾਂ । ਉਹ ਮਾਲਾ ਜਪਦੇ ਆਉਣਗੇ । ਮੈਨੂੰ ਸਾਰੰਗੀ ਬਜਾਉਣ ਲਈ ਕਹਿਣਗੇ । ਪ੍ਰੀਤਮ ਸਿੰਘ ਨੂੰ ਢੱਡ । ਆਪ ਸ਼ਬਦ ਉਚਾਰਨਗੇ । ਅਸੀਂ ਮਗਰ ਬੋਲਾਂਗੇ । ਲਾਸ਼ ਨੂੰ ਸ਼ਮਸ਼ਾਨ ਘਾਟ ਲਿਜਾ ਕੇ ਸਸਕਾਰ ਕਰ ਦੇਣਗੇ ।
ਕੈਲਾ ਹੌਲੀ-ਹੌਲੀ ਬੋਲ ਰਿਹੈ । ਮੁੜ-ਘਿੜ ਭਾਈ ਜੀ ਤੇ ਗੱਲ ਲੈ ਆਂਦਾ ਹੈ । ਹੋਰ ਲੋਕ ਵੀ ਇਹਦੀ ਹਾਂ ਵਿੱਚ ਹਾਂ ਮਿਲਾਈ ਜਾ ਰਹੇ ਹਨ । ਇਹ ਲੋਕ ਭਾਈ ਜੀ ਦੀਆਂ ਗੱਲਾਂ ਜ਼ਰੂਰ ਕਰਦੇ ਹਨ । ਪਰ ਇਨ੍ਹਾਂ ਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ । ਉਹ ਤੇ ਰੱਬ ਦੇ ਨਾਮ ਦੀਆਂ ਖੁਸ਼ਬੋਆਂ ਵੰਡਦੇ ਫਿਰਦੇ ਹਨ । ਜਦੋਂ ਮੈਂ ਉਹਨਾਂ ਦੇ ਲੜ ਲੱਗਾ ਸੀ ਤਾਂ ਉਨ੍ਹਾਂ ਨੇ ਪਹਿਲਾ ਪਾਠ ਪੜ੍ਹਾਉਂਦਿਆਂ ਬਚਨ ਬਿਲਾਸ ਕੀਤਾ ਸੀ-
''ਸਭਨਾ ਜੀਆਂ ਕਾ ਇੱਕੁ ਦਾਤਾ, ਸੋ ਮੈਂ ਵਿਸਿਰ ਨਾ ਜਾਈ ।"
ਪਿੰਡ ਦੇ ਪਹਾੜ ਵਾਲੇ ਪਾਸੇ ਉਨ੍ਹਾਂ ਦਾ ਘਰ ਏ, ਗਿਆਨੀ ਕੇਵਲ ਸਿੰਘ ਜੀ ਦਾ । ਖੁੰਢਿਆਂ ਦਾ । ਖੁੰਢੇ ਉਨ੍ਹਾਂ ਦੀ ਅੱਲ ਪਈ ਹੋਈ ਆ । ਗਿਆਨੀ ਜੀ ਮੇਰੇ ਗੁਰੂ ਹਨ । ਮੈਂ ਉਨ੍ਹਾਂ ਦੇ ਪ੍ਰਮੁੱਖ ਸ਼ਰਧਾਲੂਆਂ ਵਿੱਚੋਂ ਹਾਂ । ਲੋਕ ਉਨ੍ਹਾਂ ਨੂੰ ਭਾਈ ਜੀ ਕਹਿੰਦੇ ਨੇ । ਮੈਂ ਬਹੁਤਾ ਭਾਈ ਜੀ ਦੇ ਨਾਲ ਹੀ ਰਹਿੰਦਾ ਹਾਂ । ਉਨ੍ਹਾਂ ਵਾਂਗ ਹੀ ਦਾੜ੍ਹੀ ਖੁੱਲ੍ਹੀ ਛੱਡਦਾ ਹਾਂ ਤੇ...ਸਿਰ 'ਤੇ ਪੱਗ ਬੰਨਣ ਦੀ ਬਿਜਾਏ ਗੋਲ ਪੱਗ ਬੰਨ੍ਹਦਾ ਹਾਂ । ਮੈਂ ਨਿੱਕਾ ਹੁੰਦਾ ਹੀ ਭਾਈ ਜੀ ਦੇ ਅੰਗ-ਸੰਗ ਰਿਹਾ ਹਾਂ ।
ਅਸੀਂ ਨਿੱਕੇ ਹੁੰਦੇ ਭਾਈ ਜੀ ਦੇ ਘਰ ਅੱਗੇ ਖੇਡਦੇ ਰਹਿੰਦੇ ਸਾਂ । ਉਦੋਂ ਉਹ ਸਾਨੂੰ ਮਿੱਠੀਆਂ ਗੋਲੀਆਂ ਦਾ ਪ੍ਰਸ਼ਾਦ ਦਿੰਦੇ ਹੁੰਦੇ ਸਨ । ਜੇ ਕਿਤੇ ਸਕੂਲ ਵਿੱਚ ਖੇਡਣ ਚਲੇ ਜਾਣਾ ਤਾਂ ਬਾਜ਼ੀਗਰਾਂ ਦੇ ਕੈਲੇ ਨੇ ਔਖਾ ਹੋ ਜਾਣਾ ।
''ਓਏ ਬਾਂਦਰੋਂ, ਇੱਥੇ ਕੀ ਭਾਲਦੇ ਓ? ਖੇਡਣਾ ਈ ਆ ਤਾਂ ਭਾਈ ਦੇ ਘਰ ਅੱਗੇ ਖੇਡੋ । ਮਿੱਠੀਆਂ ਗੋਲੀਆਂ ਮਿਲਣਗੀਆਂ । ਕੀ ਪਤਾ ਪ੍ਰਸ਼ਾਦ ਮਿਲ ਜੇ ।"
ਭਾਈ ਜੀ ਮਾਲਾ ਜਪਣ ਤੋਂ ਬਾਅਦ ਹਰ ਰੋਜ਼ ਮਿੱਠੀਆਂ ਗੋਲੀਆਂ ਵੰਡਦੇ ਹੁੰਦੇ ਸੀ । ਹੁਣ ਵੀ ਵੰਡਦੇ ਹਨ । ਸੰਗਰਾਂਦ ਵਾਲੇ ਦਿਨ ਕੜਾਹ ਦਾ ਪ੍ਰਸ਼ਾਦ । ਇਸ ਨਾਲ ਅਸੀਂ ਨੱਚਦੇ-ਟੱਪਦੇ ਲੁੱਡੀਆਂ ਪਾਉਂਦੇ । ਉਹ ਸਾਨੂੰ ਦੇਖ ਕੇ ਖੁਸ਼ ਹੋ ਜਾਂਦੇ । ਉਦੋਂ ਅਸੀਂ ਗੋਲੀਆਂ ਖਾਣ ਦੀ ਤਾਕ ਵਿੱਚ ਉਨ੍ਹਾਂ ਦੇ ਘਰ ਅੱਗੇ ਚਲੇ ਤਾਂ ਜਾਂਦੇ ਪਰ ਗੋਲੀਆਂ ਦੀ ਉਡੀਕ ਵਿੱਚ ਲੁਕਣਮੀਟੀ ਜਾ ਚੋਰ ਸਿਪਾਹੀ ਘੰਟਿਆਂ ਬੱਧੀ ਖੇਡਣੀ ਪੈਂਦੀ । ਅਸੀਂ ਅੰਦਰ ਝਾਤੀ ਮਾਰਨੀ ਤਾਂ ਇਹਨਾਂ ਮਾਲਾ ਲੈ ਕੇ, ਅੱਖਾਂ ਬੰਦ ਕਰਕੇ ਨਾਮ ਜਪਦੇ ਹੋਣਾ । ਸਾਡੇ ਵਿੱਚੋਂ ਕੈਲਾ ਸ਼ਰਾਰਤੀ ਸੀ । ਇਹ ਖੇਡਦਾ-ਖੇਡਦਾ ਭਾਈ ਜੀ ਤੇ ਟੋਟਕੇ ਲਾਂਦਾ ਰਹਿੰਦਾ ।
''ਭਾਈ ਜੀ, ਕਿਉਂ ਲੋਹੇ ਦਾ ਬਣ ਬਣਦੇ ਓ । ਘਰ ਵੀ ਜਾਣੈ । ਬੀਬੀ ਛਿੱਤਰ ਮਾਰੇਗੀ ।"
''ਕੁੱਤਿਆ ਮਰਦਾ ਕਿਉਂ ਜਾਨੈ । ਐਮੀ ਲਾਅਲਾਂ ਸੁੱਟੀ ਜਾਨੈ ।" ਮੈਂ ਕੈਲੇ ਨੂੰ ਦਬਕ ਦਿੰਦਾ ਸੀ ।...ਭਾਈ ਜੀ ਨਾਮ ਜਪਣ ਵਿੱਚ ਲੀਨ ਰਹਿੰਦੇ । ਉਨ੍ਹਾਂ ਦਾ ਸਵੇਰੇ ਸ਼ਾਮ ਇਸ਼ਨਾਨ ਕਰਨ ਤੇ ਨਾਮ ਜਪਣ ਦਾ ਨਿੱਤ-ਨੇਮ ਸੀ । ਭਾਈ ਜੀ ਹਰ ਇੱਕ ਨਾਲ ਸਹਿਜ ਤੇ ਸਲੀਕੇ ਨਾਲ ਬੋਲਦੇ ਹਨ । ਬੱਚਿਆਂ ਨੂੰ ਵੀ 'ਜੀ' ਕਹਿ ਕੇ ਬੁਲਾਂਦੇ ਹਨ । 'ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜ੍ਹੀ' ਦੇ ਅਖਾਣ ਵਾਂਗ ਪਿੰਡ 'ਚ ਕੋਈ ਧਾਰਮਿਕ ਸਮਾਗਮ ਹੋਏ, ਕੋਈ ਹੋਰ ਮੌਕਾ ਹੋਵੇ ਭਾਈ ਜੀ ਸਭ ਤੋਂ ਅੱਗੇ ਹੁੰਦੇ ਹਨ ।
ਜਦੋਂ ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ । ਭੈਣ ਕੁਲਬੀਰੋ ਦੇ ਵਿਆਹ 'ਤੇ ਘਰ ਪਾਠ ਰਖਾਇਆ ਸੀ । ਉਦੋਂ ਭਾਈ ਜੀ ਨੂੰ ਨੇੜਿਉਂ ਤੱਕਣ ਦਾ ਮੌਕਾ ਮਿਲਿਆ । ਉਨ੍ਹਾਂ ਦੇਹ ਨੂੰ ਮੰਨਣ 'ਤੇ ਜ਼ੋਰ ਦਿੱਤਾ । ਉਨ੍ਹਾਂ ਦਾ ਕਥਨ ਸੀ ਕਿ ਗੁਰੂ ਆਪਣੇ ਬਚਨਾਂ ਨਾਲ ਕਮਜ਼ੋਰ ਇਰਾਦੇ ਨੂੰ ਬਲਵਾਨ ਕਰਦੈ । ਨਾਲੇ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ । ਉਹ ਸ੍ਰੀ ਗੁਰੂ ਅਰਜਨ ਦੇਖ ਜੀ ਦੇ ਸ਼ਲੋਕ- ''ਕਹੁ ਨਾਨਕ ਪ੍ਰਭ ਇਹੈ ਜਨਾਈ । ਬਿਨ ਗੁਰ ਮੁਕਤਿ ਨਾ ਪਾਈਐ ਭਾਈ ।" ਉਨ੍ਹਾਂ ਦੇ ਹੀ ਇੱਕ ਹੋਰ ਸ਼ਲੋਕ-''ਮਤ ਕੋ ਭਰਮ ਭੂਲੇ ਸੰਸਾਰ । ਗੁਰ ਬਿਨ ਕੋਈ ਨਾ ਉਤਰਸਿ ਪਾਰਿ ।" ਉੱਤੇ ਸਾਰੀ ਰਾਤ ਵਿਆਖਿਆ ਕਰਦੇ ਰਹੇ । ਮੈਨੂੰ ਉਨ੍ਹਾਂ ਤੋਂ ਗੁਰੂ ਦੀ ਸ਼ਕਤੀ ਦਾ ਪਤਾ ਲੱਗਾ । ਜਿਸ ਦਿਨ ਭੋਗ ਪਿਆ । ਪਾਠੀਆਂ ਤੋਂ ਬਾਅਦ ਉਨ੍ਹਾਂ ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ ।
''ਗੁਰੂ ਸਾਜੀ-ਨਿਵਾਜੀ ਸਾਧ ਸੰਗਤ ਜੀਓ । ਪ੍ਰਮਾਤਮਾ ਇਸ ਸਿ੍ਸ਼ਟੀ ਦੇ ਕਣ-ਕਣ ਵਿੱਚ ਬਿਰਾਜਮਾਨ ਏ । ਸਭਨਾ ਜੀਆਂ ਦੀ ਆਤਮਾ ਵਿੱਚ ਉਸਦਾ ਵਾਸਾ ਏ ।...ਭਾਈ ! ਗੁਰ ਪ੍ਰਸ਼ਾਦਿ ਨਾਲ ਹੀ ਹਊਮੈਂ ਤੋਂ ਮੁਕਤੀ ਮਿਲਦੀ ਐ । ਪਰ ਭਾਈ! ਕਲਯੁੱਗ ਵਿੱਚ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਦੇ ਦਰਿਆ ਲੋਕਾਂ ਦੇ ਮਨਾਂ ਵਿੱਚ ਠਾਠਾਂ ਮਾਰਦੇ ਪਏ ਨੇ ।" ਮੈਨੂੰ ਤਾਂ ਉਦੋਂ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਪਈ ਪਰ ਸੰਗਤ ਸ਼ਾਂਤ ਹੋ ਗਈ ਸੀ । ਭਾਈ ਜੀ ਦੇ ਬਚਨ ਹੋਰ ਡੂੰਘਾਈ ਵਿੱਚ ਚਲੇ ਗਏ ਸਨ-
''ਨਾਸ਼ਵਾਨ ਮਨੁੱਖ, ਕੂੜ ਪ੍ਰਚਾਰ ਕਰਕੇ ਆਪਣੇ ਮੁਫਾਦਾਂ ਲਈ ਬੁਰੇ ਕਰਮਾਂ ਦਾ ਭਾਰ ਆਪਣੇ ਉੱਪਰ ਲੱਦੀ ਜਾ ਰਿਹੈ । ਮੂਰਖ ਮਨੁੱਖ ਨੇ ਇਸ ਭਾਰ ਥੱਲੇ ਆ ਕੇ ਮਾਰਿਆ ਜਾਣੈ । ਸੋ ਭਾਈ ! ਸਾਨੂੰ ਸਿਰਫ ਨਾਮ ਹੀ ਮਲਾਹ ਬਣ ਕੇ ਪਾਰ ਲੰਘਾਏਗਾ । ਮਾੜੇ ਕਰਮ ਕਰਨ ਵਾਲਿਆਂ ਨੂੰ ਯਮਦੂਤ ਮੁੱਛਾਂ ਤੋਂ ਰੱਸਿਆਂ ਨਾਲ ਬੰਨ੍ਹ ਕੇ ਲੈ ਜਾਣਗੇ ।"
ਸੰਗਤ 'ਵਾਹਿਗੁਰੂ ਵਾਹਿਗੁਰੂ' ਕਰਨ ਲੱਗ ਪਈ ਸੀ । ਕੈਲਾ ਮਜ਼ਾਕ ਵਿਚ ਬੋਲਿਆ ਸੀ-
''ਬੁੱਢਿਆ, ਜੇ ਵਲੈਤੀ ਬਾਣੀਏ ਵਰਗੇ ਦੇ ਮੁੱਛਾਂ ਹੀ ਨਾ ਹੋਣ, ਰੱਸਾ ਕਿੱਥੇ ਪਏਗਾ?" ਪਹਿਲਾਂ ਤਾਂ ਮੇਰਾ ਹਾਸਾ ਨਿਕਲ ਗਿਆ ਸੀ । ਫੇਰ ਮੈਨੂੰ ਗੁੱਸਾ ਆ ਗਿਆ ਸੀ । ਮੈਂ ਕੈਲੇ ਦੇ ਹੁੱਝ ਮਾਰੀ ਤਾਂ ਉਹ ਦੋ ਚਾਰ ਹੋਰ ਸ਼ੁਰਲੀਆ ਛੱਡ ਗਿਆ ਸੀ । ਇਹੋ ਜਿਹੀ ਸ਼ਖਸੀਅਤ ਦੇ ਖਿਲਾਫ ਕੁਝ ਵੀ ਸੁਣਨਾ ਮੇਰੇ ਵਸੋਂ ਬਾਹਰ ਐ ।
ਮੈਨੂੰ ਭਾਈ ਜੀ ਚੰਗੇ ਲੱਗੇ । ਹਰ ਰੋਜ਼ ਮਿਲਦੇ । ਆਪਣਾ ਪ੍ਰਭਾਵ ਛੱਡਕੇ ਜਾਂਦੇ ।...ਹੌਲੀ ਹੌਲੀ ਮੈਂ ਉਨ੍ਹਾਂ ਦੇ ਘਰ ਜਾਣ ਲੱਗ ਪਿਆ । ਮੇਰੇ ਨਾਲ ਦੇ ਚਾਰ-ਪੰਜ ਹੋਰ ਵੀ ਸੀਗੇ ਪਰ ਮੈਂ ਤਾਂ ਪੱਕੇ ਤੌਰ ਤੇ ਉਨ੍ਹਾਂ ਦੇ ਲੜ ਲੱਗ ਗਿਆ ਸੀ । ਮੈਨੂੰ ਜਲਦੀ ਹੀ ਗੁਰੂ ਵਾਲਾ ਬਣਾ ਲਿਆਏ ਸੀ । ਮੈਂ ਵੀ ਚਿੱਟੀ ਚੂੜੀਦਾਰ ਪਜਾਮੀ ਤੇ ਕੁੜਤਾ ਪਹਿਨਣ ਲੱਗ ਪਿਆ ਸੀ । ਭਾਈ ਜੀ ਦੇ ਘਰ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ । ਮੈਂ ਉਨ੍ਹਾਂ ਦੀ ਸੇਵਾ ਵਿੱਚ ਜੁਟਿਆ ਰਹਿੰਦਾ ।
ਉਨ੍ਹਾਂ ਦਾ ਨਿਸ਼ਚਾ ਹੈ ਕਿ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ । ਲੋਕ ਤਾਂ ਐਮੇਂ ਫਿਕਰ 'ਚ ਲੱਗੇ ਰਹਿੰਦੇ ਹਨ । ਬਈ ਕਤਲ ਹੋ ਗਏ- ਔਰਤਾਂ ਵਿਧਵਾ ਹੋ ਗਈਆਂ । ਰੋਟੀ ਕੱਪੜੇ ਪਿੱਛੇ ਦਿਨ ਰਾਤ ਭਟਕਦੇ-ਤੜਫਦੇ ਫਿਰਦੇ ਹਨ । ਮੌਤ ਦਾ ਹਮੇਸ਼ਾ ਡਰ ਲੱਗਾ ਰਹਿੰਦੈ । ਭਾਈ ਜੀ ਨੇ ਸਾਨੂੰ ਸਿਖਾਇਆ ਕਿ ਇਸ ਸਭ ਕਾਸੇ ਦਾ ਫ਼ਿਕਰ ਨ੍ਹੀਂ ਕਰਨਾ ਚਾਹੀਦਾ । ਪ੍ਰਮਾਤਮਾ ਸਭ ਕੁਝ ਜਾਣਦਾ । ਉਹਦੇ ਹੁਕਮ ਨਾਲ ਹੀ ਸਭ ਕੁਝ ਹੁੰਦੈ ।...ਇਹ ਕੈਲਾ ਤਾਂ ਬੇਵਕੂਫ ਆ । ਮੇਰੇ ਨਾਲ ਪੜ੍ਹਦਾ ਰਿਹਾ ।
ਭਾਈ ਜੀ ਦੀ ਅਧਿਆਤਮਕ ਸੋਚ ਅਤੇ ਰੱਬੀ ਲਗਨ ਤੋਂ ਲੋਕ ਕਾਇਲ ਹਨ । ਉਹ ਨਾਮ ਭਗਤੀ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂੰ ਕਰਾਂਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਅਸੂਲ ਹੈ । ਜਿੰਨਾ ਚਿਰ ਉਹ ਨਾਮ ਜਪ ਕੇ ਨਹੀਂ ਉਠਦੇ, ਘਰ ਦਾ ਕੋਈ ਵੀ ਜੀਅ ਕੁਝ ਖਾ ਪੀ ਨਹੀਂ ਸਕਦਾ । ਇਲਾਕੇ ਵਿੱਚ ਉਨ੍ਹਾਂ ਦਾ ਪੂਰਾ ਸਤਿਕਾਰ ਹੈ । ਲੋਕੀਂ ਦਿਨ-ਤਿਉਹਾਰ ਤੇ ਭਾਈ ਜੀ ਨੂੰ ਨਿਉਂਦਾ ਦਿੰਦੇ ਨੇ । ਉਹ ਨਿਉਂਦਾ ਖਾਣ ਜਾਂਦੇ ਜ਼ਰੂਰ ਹਨ । ਅਸੀਂ ਵੀ ਨਾਲ ਹੋਈਦਾ ਹੈ । ਪਰ ਇੱਕ ਅਸੂਲ ਹੈ- ਕਿਸੇ ਵੀ ਘਰ ਦੇ ਜਿਸ ਜੀਅ ਨੇ ਪ੍ਰਸ਼ਾਦਾ ਬਨਾਣਾ-ਛਕਾਣਾ ਐ ਉਹਦੇ ਲਈ ਨਹਾਉਣ ਤੇ ਸਵੱਛ ਬਸਤਰ ਪਹਿਨਣੇ ਜ਼ਰੂਰੀ ਹਨ ।
ਭਾਈ ਜੀ ਦੇ ਕਹਿਣ 'ਤੇ ਪਿੰਡ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਤਾਂ ਅਸੀਂ ਬੜੇ ਸਫਲ ਹੋਏ । ਕੈਲੇ ਹੁਰੀਂ ਆਪਣੀ ਵੱਖਰੀ ਸਭਾ ਜਿਹੀ ਬਣਾ ਕੇ ਨਸ਼ਿਆਂ ਖਿਲਾਫ਼ ਕੰਮ ਕਰਦੇ ਰਹੇ । ਨਾਲੇ ਸਾਡੇ ਵਿਰੁੱਧ ਵੀ ਭੰਡੀ ਪ੍ਰਚਾਰ ਜਾਰੀ ਰੱਖਿਆ ।
ਇੱਕ ਦਿਨ ਅਸੀਂ ਨਹਿਰ ਦੇ ਪੁਲ ਵੱਲ ਤੋਤੇ ਕੋਲ ਚਲੇ ਗਏ । ਸਾਇਕਲ ਠੀਕ ਕਰਾਉਣਾ ਸੀ । ਉੱਥੇ ਕੈਲਾ ਆਪਣਾ ਮਜ਼ਮਾ ਲਾਈ ਬੈਠਾ ਸੀ । ਦੂਰੋਂ ਲਾਲ ਕੱਪੜੇ ਵਿੱਚ ਲਪੇਟਿਆ ਲਲੇਰ ਆਉਂਦਾ ਵੇਖ ਕੇ ਇਹਨੇ ਝੱਟ ਕੱਪੜੇ ਲਾਹੇ ਤੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ । ਇਹਨੂੰ ਸਾਇਕਲ ਸੁਆਰਦੇ ਤੋਤੇ ਦੇ ਭਾਪੇ ਨੇ ਰੋਕਿਆ ਵੀ ਪਰ ਇਹ ਲਲੇਰ ਲੈ ਆਇਆ ਸੀ । ਭੰਨਦਾ ਹੋਇਆ ਬੋਲਿਆ-
''ਓ ਜਾਣ ਦੇ ਤਾਇਆ । ਭੁੱਖ ਦੇ ਮਾਰੇ ਲੋਕਾਂ ਕੋਲੋਂ ਭੂਤ ਤਾਂ ਕੀ ਰੱਬ ਵੀ ਡਰਦੈ । ਭਲਾ ਇਹ ਤਾਂ ਹੈ ਈ ਲਲੇਰ ।"
ਮੈ ਇਹਨੂੰ ਆਤਮਾਵਾਂ ਤੇ ਜਾਦੂ ਟੂਣਿਆਂ ਬਾਰੇ ਸਮਝਾਇਆ । ਗ੍ਰੰਥਾਂ ਦੇ ਹਵਾਲੇ ਨਾਲ ਗੱਲਾਂ ਕੀਤੀਆਂ । ਭਾਈ ਜੀ ਦੀ ਸਾਰੀ ਸਮਝ ਇਹਦੇ ਅੱਗੇ ਰੱਖੀ । ਇਹ ਲਲੇਰ ਖਾਣ ਵਿੱਚ ਮਸਤ ਸੀ ।-
''ਓਏ, ਤੁਸੀਂ ਤਾਂ ਮਲਾਈ ਤੇ ਖੀਰ ਖਾਣ ਵਾਲੇ ਓ । ਦੁਨੀਆਂ ਚੰਨ ਤਾਰਿਆਂ 'ਤੇ ਪਹੁੰਚ ਗਈ ਤੇ ਤੁਸੀ ਪਤਾ ਨ੍ਹੀਂ ਕਿਹੜੇ ਯੁੱਗ ਵਿਚ ਘੁੰਮਦੇ ਹੋ ।" ਇਹ ਕਿੰਨਾ ਚਿਰ ਗ਼ਲਤ ਬੋਲਦਾ ਰਿਹਾ । ਪਹਿਲਾਂ ਤਾਂ ਮੈਨੂੰ ਬੜਾ ਗੁੱਸਾ ਆਇਆ । ਫੇਰ ਸੋਚਿਆ ਚਲੋ ਛੱਡੋ । ਜੇ ਇਹ ਮਾੜੇ ਬੋਲ ਬੋਲਦਾ ਹੈ, ਆਪੇ ਭੁਗਤੂ । ਮਾੜੇ ਕਰਮਾਂ ਦੀ ਸਜ਼ਾ ਮਿਲੂ । ਮੈਂ ਉਦੋਂ ਦਾ ਕੈਲੇ ਨੂੰ ਬੁਲਾਉਂਦਾ ਨਹੀਂ ।
ਉਦਾਂ ਵੀ ਇਹ ਅੱਜ ਕੱਲ੍ਹ ਮਨਮੁੱਖ ਬੰਦਿਆਂ ਨਾਲ ਘੁੰਮਦਾ ਫਿਰਦਾ । ਪਰੇ ਖੜ੍ਹਾ ਉਂਝ ਤਾਂ ਅੱਥਰੂ ਕੇਰ ਰਿਹਾ ਪਰ ਮੈਨੂੰ ਇਹਦੇ ਅੰਦਰ ਕੀ ਏ? ਮੈਂ ਇਹਦੇ ਵੱਲ ਦੇਖਣਾ ਵੀ ਮਾੜਾ ਸਮਝਨਾ । ਭਾਈ ਜੀ ਅਜੇ ਤੱਕ ਆਏ ਨਹੀਂ । ਲੋਕ ਉਨ੍ਹਾਂ ਦੀ ਹੀ ਚਰਚਾ ਕਰ ਰਹੇ ਹਨ । ਕੈਲਾ ਸਮਝਦਾ ਹੋਣ ਭਾਈ ਜੀ ਡੋਲ ਜਾਣਗੇ ਪਰ ਇਸ ਮੂਰਖ ਪ੍ਰਾਣੀ ਨੂੰ ਸੰਤਾਂ ਦੇ ਸੁਭਾਅ ਦਾ ਨਹੀਂ ਪਤਾ । ਉਨ੍ਹਾਂ ਲਈ ਸਭ ਜੀਅ ਬਰਾਬਰ ਹਨ । ਉਹ ਹਰ ਹਾਲਤ ਵਿਚ ਆਉਣਗੇ । ਮੈਨੂੰ ਕਹਿਣਗੇ ਸੁਖਬੀਰ ਸਿਆਂ ਵਜਾ ਸਾਰੰਗੀ । ਪ੍ਰੀਤਮ ਸਿੰਘ ਤੋਂ ਢੱਡ ਵਜਾਉਣਗੇ ਤੇ ਆਪ ਸ਼ਬਦ ਗਾਉਣਗੇ ਪਰ ਇਸ ਬੇਵਕੂਫ ਨੂੰ ਭਾਈ ਜੀ ਬਾਰੇ ਕੀ ਪਤਾ ।
ਇਹ ਫੌਜਣ ਦੇ ਨਿੰਮੇ ਦੇ ਸਸਕਾਰ ਵੇਲੇ ਬੜਾ ਔਖਾ ਹੋਇਆ ਸੀ । ਉਸ ਨੇ ਦੁਬਈ ਜਾਣ ਲਈ ਦਿੱਲੀ ਦੇ ਇੱਕ ਏਜੰਟ ਕੋਲ ਰੁਪਈਏ ਫਸਾ ਦਿੱਤੇ ਸੀ । ਰੁਪਈਏ ਹੜੱਪ ਕਰਨ ਦੇ ਮਨਸ਼ੇ ਨਾਲ ਏਜੰਟ ਨੇ ਉਹਦਾ ਕਤਲ ਕਰਵਾ ਦਿੱਤਾ ਸੀ । ਨਿੰਮੇ ਦੀ ਮੌਤ ਦੀ ਖ਼ਬਰ ਇਲਾਕੇ ਨੂੰ ਸੁੰਨ ਕਰ ਗਈ ਸੀ । ਫੌਜਣ ਦਾ ਇੱਕੋ ਇਕ ਮੁੰਡਾ ਸੀ । ਉਨ੍ਹਾਂ ਦਾ ਵਿਆਹ ਹੋਏ ਨੂੰ ਡੇਢ ਮਹੀਨਾ ਹੀ ਹੋਇਆ ਸੀ, ਜਦੋਂ ਪਾਕਿਸਤਾਨ ਨਾਲ ਦੇਸ਼ ਦੀ ਜੰਗ ਲੱਗ ਗਈ ਸੀ । ਫੌਜੀ ਵਿਚਾਰੇ ਨੂੰ ਵਿੱਚੇ ਛੱਡ ਕੇ ਜਾਣਾ ਪਿਆ ਸੀ ਤੇ ਲੜਾਈ ਵਿੱਚ ਮਾਰਿਆ ਗਿਆ ਸੀ । ਫੌਜਣ ਨੇ ਨਿੰਮੇ ਨੂੰ ਬੜੀਆਂ ਤਕਲੀਫਾਂ ਕੱਟ ਕੇ ਪਾਲਿਆ ਸੀ । ਚੌਵੀ-ਪੱਚੀ ਸਾਲ ਦਾ ਹੋਣਾ, ਜਦੋਂ ਏਜੰਟ ਨੇ ਮਰਵਾ ਦਿੱਤਾ । ਬਾਬਾ ਬਚਨ ਸਿੰਘ ਬੜਾ ਕੁਰਲਾਇਆ ਸੀ ।
''ਉਏ ਉਪਰ ਵਾਲਿਆ ! ਤੂੰ ਇਹ ਕੀ ਜ਼ੁਲਮ ਕਮਾਇਆ । ਜਨਮ ਤੋਂ ਪਹਿਲਾਂ ਪਿਓ ਲੈ ਗਿਆ ਤੇ ਹੁਣ... । ਰਾਜਿਆਂ ਦੀਆਂ ਲੜਾਈਆਂ ਤੇ ਸਾਡੇ ਪੁੱਤਰਾਂ ਦਾ ਘਾਣ ।" ਬਜ਼ੁਰਗ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਸੀ ।
ਫੌਜਣ ਨੇ ਪਿੱਟ-ਪਿੱਟ ਕੇ ਬੁਰਾ ਹਾਲ ਕਰ ਲਿਆ ਸੀ । ਉਹ ਲਾਸ਼ ਨ੍ਹੀਂ ਚੁੱਕਣ ਦੇ ਰਹੀ ਸੀ । ਭਾਈ ਜੀ ਨੇ ਉਹਨੂੰ ਹੌਸਲਾ ਦਿੱਤਾ ਸੀ ।
''ਬੀਬਾ, ਪਾਗਲ ਨ੍ਹੀਂ' ਬਣੀਂਦਾ । ਇਹ ਜਗ ਚਲੋ ਚਲੀ ਦਾ ਮੇਲਾ ਐ । ਸਭ ਨੇ ਅੱਗੇ ਪਿੱਛੇ ਵਿਛੜ ਜਾਣੈ । ਇੱਥੇ ਬੈਠੇ ਕੀਹਨੇ ਰਹਿਣਾ? ...ਜੇ ਸਭ ਨੇ ਉਸ ਕੋਲ ਚਲੇ ਜਾਣੈ ਤਾਂ ਫੇਰ ਰੋਣ ਦਾ ਕੀ ਫੈਦਾ?" ਫੌਜਣ ਦਾ ਰੋਣ ਠੱਲ ਨਹੀਂ ਸੀ ਰਿਹਾ । ਗਸ਼ੀਆਂ ਪੈ ਰਹੀਆਂ ਸਨ । ਪਰ ਭਾਈ ਜੀ ਨੇ ਆਪਣੇ ਬਚਨਾਂ ਨਾਲ ਫੌਜਣ ਨੂੰ ਸ਼ਾਂਤ ਕਰ ਲਿਆ ਸੀ ।
''ਉੱਪਰ ਵਾਲੇ ਤੇ ਭਰੋਸਾ ਰੱਖ, ਬੀਬਾ ।" ਭਾਈ ਜੀ ਕਹਿ ਕੇ ਪਾਠ ਪੜ੍ਹਨ ਲੱਗ ਪਏ ਸਨ । ਫੇਰ ਮੈਂ ਉਨ੍ਹਾਂ ਦੇ ਕਹਿਣ ਤੇ ਸਾਰੰਗੀ ਤੇ ਪ੍ਰੀਤਮ ਨੇ ਢੱਡ ਵਜਾਉਣੀ ਸ਼ੁਰੂ ਕੀਤੀ ਸੀ । ਭਾਈ ਜੀ ਜਨਾਜ਼ੇ ਮੋਹਰੇ ਸ਼ਬਦ ਗਾਉਂਦੇ ਤੁਰ ਪਏ ਸਨ । ਭਾਵੇਂ ਮੇਰੀ ਸੁਤ੍ਹਾ ਭਾਈ ਜੀ ਨਾਲ ਜੁੜੀ ਹੋਈ ਸੀ ਪਰ ਮੈਂ ਕੈਲੇ ਵੱਲ ਵੀ ਦੇਖ ਰਿਹਾ ਸੀ । ਇਹ ਬੜਾ ਔਖਾ ਹੋਇਆ ਸੀ । ਇਹਨੇ ਸਾਨੂੰ ਬੰਦ ਕਰਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਸੀ ਪਰ ਇਹ ਸਫਲ ਨਹੀਂ ਹੋ ਸਕਿਆ ਸੀ ।
ਨਿੰਮੇ ਦਾ ਸਸਕਾਰ ਕਰਕੇ ਵਾਪਸ ਆਏ ਤਾਂ ਭਾਈ ਜੀ ਨੇ ਕਰਮ ਕਾਂਡਾਂ ਦੀਆਂ ਕਹਾਣੀਆਂ ਸੁਣਾ-ਸੁਣਾ ਫੌਜਣ ਦਾ ਧੀਰਜ ਬੰਨ੍ਹਾਇਆ ਸੀ । ਤੁਰਨ ਲੱਗਿਆਂ ਸਮਝਾਇਆ ਸੀ-
''ਬੀਬਾ ਢੇਰੀ ਨਹੀਂ ਢਾਹੀਦੀ । ਗੁਰੂ ਜੀ ਫਰਮਾਉਂਦੇ ਹਨ- ਦੁੱਖ-ਸੁੱਖ ਦੋਨੋਂ ਸਮ ਕਰ ਜਾਨੈ, ਅਵਰ ਮਾਨ ਅਪਮਾਨਾ ।' ਜੇ ਉੱਪਰ ਵਾਲਾ ਨਿੰਮੇ ਅਰਗੇ ਪੁੱਤਰਾਂ ਦੀ ਖੁਸ਼ੀ ਦਿੰਦੇ ਤਾਂ ਉਹਦਾ ਦੁੱਖ ਵੀ ਝੱਲਣਾ ਚਾਹੀਦਾ, ਭਾਈ ਬੀਬਾ ।" ਭਾਈ ਜੀ ਨੇ ਫੌਜਣ ਦੇ ਸਿਰ ਤੇ ਹੱਥ ਰੱਖਿਆ ਸੀ ।
''ਭਾਈ, ਇੱਕ ਮਾਂ ਦਾ ਦੁੱਖ ਮਾਂ ਈ ਜਾਣ ਸਕਦੀ ਏ । ਤੁਸੀਂ ਕੀ ਜਾਣੋਂ, ਦੁੱਖ ਕੀ ਹੁੰਦੇ ਨੇ । ਪਹਿਲਾ ਮੈਨੂੰ ਰੰਡੀ ਕੀਤਾ । ਹੁਣ ਨਪੁੱਤੀ ਕਰਤਾ । ਇਹੋ ਜਿਹੇ ਰੱਬ ਨੂੰ ਚੁੱਲ੍ਹੇ 'ਚ ਲਾਣੈ ।" ਫੌਜਣ ਧਾਹਾਂ ਮਾਰਨ ਲੱਗ ਪਈ ਸੀ । ਭਾਈ ਜੀ ਫੇਰ ਬੈਠ ਗਏ ਸਨ । ਉਹਦਾ ਧੀਰਜ ਬੰਨ੍ਹਾਉਣ ਲੱਗ ਪਏ ਸੀ । ਮੈਂ ਪਿਸ਼ਾਬ ਕਰਨ ਗਿਆ ਤਾਂ ਮੈਨੂੰ ਕੈਲੇ ਤੇ ਇਹਦੇ ਜੋਟੀਦਾਰਾਂ ਨੇ ਘੇਰ ਲਿਆ ਸੀ ।
''ਉਏ ਕਿਉਂ ਲੋਕਾਂ ਦੇ ਜ਼ਖ਼ਮਾਂ ਤੇ ਲੂਣਾਂ ਛਿੜਕਦੇ ਓ । ਇਹ ਜਿਹੜਾ ਡਰਾਮਾ ਜਿਹਾ ਕਰਦੇ ਓ । ਇਹਨੂੰ ਬੰਦ ਕਰ ਦਿਓ । ਨਹੀਂ ਤਾਂ ਵਿੱਚੇ ਤੁਸੀਂ, ਵਿੱਚ ਤੁਹਾਡੇ ਭਾਈ ਭੂਈ ਦੀ ਟਿੰਡ-ਫੌੜੀ ਖਿਲਰਦੀ ਫਿਰੂ । ਨਾਲੇ... ।" ਸਾਡੀ ਤੂੰ-ਤੂੰ ਮੈਂ- ਮੈਂ ਵਧ ਗਈ ਸੀ । ਗੱਲ ਹੱਥੋ-ਪਾਈ ਤੱਕ ਵਧੀ ਤਾਂ ਸਾਨੂੰ ਭਾਈ ਜੀ ਨੇ ਆ ਕੇ ਸ਼ਾਂਤ ਕੀਤਾ ਸੀ । ਆਪਣੇ ਨਾਲ ਲੈ ਕੇ ਤੁਰ ਪਏ ਸਨ ।
ਭਾਈ ਜੀ ਦੇ ਘਰ ਬਹਿ ਗਏ ਸਾਂ । ਉਨ੍ਹਾਂ ਸਾਨੂੰ ਵੈਰ ਵਿਰੋਧ ਤਿਆਗਣ ਦੀ ਸਿੱਖਿਆ ਦਿੱਤੀ । ਫੇਰ ਉਨ੍ਹਾਂ ਸਾਨੂੰ ਨਚੀਕੇਤਾ ਦੀ ਕਥਾ ਸੁਣਾਈ ।
''ਇੱਕ ਮਹਾਤਮਾ...ਸ੍ਰੀ ਵਾਜ਼ਸ਼੍ਰਵਸ ਰਿਸ਼ੀ ਹੋਏ ਹਨ । ਉਨ੍ਹਾਂ ਬੜੀ ਤਪੱਸਿਆ ਕੀਤੀ ਸੀ । ਗੱਲ ਕੀ...ਪਹੁੰਚੇ ਹੋਏ ਸੀ । ਪ੍ਰਮਾਤਮਾ ਦਾ ਦੂਜਾ ਰੂਪ । ਉਨ੍ਹਾਂ ਦਾ ਇੱਕ ਲੜਕਾ ਸੀ ਨਚੀਕੇਤਾ । ਉਹ ਬੜੇ ਆਗਿਆਕਾਰੀ ਸਨ । ਜੋ ਰਿਸ਼ੀ ਜੀ ਨੇ ਕਹਿਣਾ ਉਨ੍ਹਾਂ ਉਹੀ ਕਰਨਾ । ਮਹਾਤਮਾ ਜੀ ਨੇ ਉਹਦੀਆਂ ਬੜੀਆਂ ਕਠਨ-ਕਠਨ ਪ੍ਰੀਖਿਆਵਾਂ ਲਈਆਂ ਪਰ ਨਚੀਕੇਤਾ ਜੀ ਕਮਾਲ ਦੇ ਸਨ । ਉਨ੍ਹਾਂ ਹਰ ਪ੍ਰੀਖਿਆ ਪਾਸ ਕੀਤੀ । ਰਿਸ਼ੀ ਜੀ ਦੀ ਹਰ ਇੱਛਾ ਤੇ ਫੁੱਲ ਚੜ੍ਹਾਏ ।...ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ । ਅੱਜ ਵੀ ਅਸੀਂ ਨਚੀਕੇਤਾ ਨੂੰ ਯਾਦ ਕਰਦੇ ਹਾਂ ।" ਭਾਈ ਜੀ ਸਾਡੇ ਚਿਹਰਿਆਂ ਨੂੰ ਪੜ੍ਹਨ ਲੱਗ ਪਏ ਸੀ । ਸਾਨੂੰ ਲੀਨ ਦੇਖ ਕੇ ਪ੍ਰਸੰਨ ਹੋ ਗਏ ਸੀ ।
''ਸਾਨੂੰ ਵੀ ਨਚੀਕੇਤਾ ਬਣਨਾ ਚਾਹੀਦਾ । ਆਪਣੇ ਵੱਡੇ ਗੁਰੂ ਬੜੇ ਮਹਾਨ ਹਨ । ਮੈਨੂੰ ਜੋ ਵੀ ਕਹਿੰਦੇ ਨੇ, ਉਨ੍ਹਾਂ ਦੀ ਆਗਿਆ ਦਾ ਪਾਲਣ ਕਰਦਾ ਹਾਂ । ਸਾਰੀ ਜ਼ਿੰਦਗੀ ਹੀ ਉਨ੍ਹਾਂ ਦੇ ਦੱਸੇ ਰਹੇ 'ਤੇ ਚੱਲਿਆ ਹਾਂ । ਉਨ੍ਹਾਂ ਦਾ ਇਕੋ ਕਹਿਣਾ ਹੈ ਕਿ ਪ੍ਰਮਾਤਮਾ ਦੀ ਰਜ਼ਾ ਵਿੱਚ ਰਹੋ ।" ਭਾਈ ਜੀ ਕਿੰਨਾ ਚਿਰ ਨਚੀਕੇਤਾ ਦੀਆਂ ਗੱਲਾਂ ਸੁਣਾਉਂਦੇ ਰਹੇ । ਅਸੀਂ ਨਚੀਕੇਤਾ ਦੀ ਤਕਲੀਫ਼ਾਂ ਭਰੀ ਜ਼ਿੰਦਗੀ ਸੁਣ ਕੇ ਦੰਗ ਰਹਿ ਗਏ ਸੀ । ਉਨ੍ਹਾਂ ਨੂੰ ਬੜੀਆਂ ਮੁਸ਼ਕਲਾਂ ਆਈਆਂ ਪਰ ਉਹ ਜਿੱਤਦੇ ਰਹੇ ਸੀ । ਭਾਈ ਜੀ ਨੇ ਸਾਨੂੰ ਕੈਲੇ ਵਰਗੇ ਨਾਸਤਿਕ ਬੰਦਿਆਂ ਬਾਰੇ ਵੀ ਚਾਨਣਾ ਪਾਇਆ ਸੀ ।
ਪਿੰਡ ਵਿੱਚ ਕੋਈ ਵੀ ਮੌਤ ਹੁੰਦੀ, ਭਾਈ ਜੀ ਮੋਹਰੇ ਹੁੰਦੇ । ਸਾਨੂੰ ਵੀ ਨਾਲ ਲੈ ਲੈਂਦੇ । ਲੋਕੀਂ ਰੋਂਦੇ ਕੁਰਲਾਂਦੇ ਹੁੰਦੇ ਪਰ ਭਾਈ ਜੀ ਸਭ ਨੂੰ ਰੱਬ ਦਾ ਭਾਣਾ ਮੰਨਣ ਦਾ ਉਪਦੇਸ਼ ਦਿੰਦੇ । ਪਾਣੀ ਵਾਲੀ ਗੜਬੀ ਚੁੱਕ ਲੈਂਦੇ । ਪਾਠ ਕਰਦੇ ।...ਜਨਾਜ਼ੇ ਅੱਗੇ ਪਾਣੀ ਦਾ ਛਿੱਟਾ ਦਿੰਦੇ, ਸ਼ਬਦ ਉਚਾਰਦੇ ਤੁਰ ਪੈਂਦੇ । ਅਸੀਂ ਵੀ ਉਨ੍ਹਾਂ ਦੇ ਮਗਰ ਗਾਉਂਦੇ ਤੁਰ ਪੈਂਦੇ । ਭਾਈ ਜੀ ਦੇ ਭੱਖਦੇ ਚਿਹਰੇ 'ਤੇ ਨੂਰ ਹੁੰਦਾ । ਲੋਕ ਗੁੱਸਾ ਨਾ ਕਰਦੇ ਸਗੋਂ ਉਹ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ।
''ਭਾਈ ਜੀ ਸਾਡੇ ਨਾਲੋਂ ਸਿਆਣੇ ਨੇ । ਜੋ ਕਰਦੇ ਨੇ ਠੀਕ ਹੀ ਕਰਦੇ ਹੋਣਗੇ ।"
ਭਾਈ ਜੀ ਦੇ ਆਪਣੇ ਘਰ ਵੀ ਕਈ ਮੌਤਾਂ ਹੋਈਆਂ । ਚਾਚੇ ਦੀ ਹੋਈ । ਇੱਕ ਭਰਜਾਈ ਦੀ ਹੋਈ । ਹੋਰ ਵੀ...ਉਦੋਂ ਵੀ ਭਾਈ ਜੀ ਇਸੇ ਤਰ੍ਹਾਂ ਸਸਕਾਰ ਕਰਦੇ ਰਹੇ ।
ਭਾਈ ਜੀ ਅਜੇ ਤੱਕ ਆਏ ਨਹੀਂ । ਸਭ ਉਨ੍ਹਾਂ ਦਾ ਰਾਹ ਤੱਕ ਰਹੇ ਹਨ । ਕੈਲਾ ਰਾਹ ਵੱਲ ਨਹੀਂ ਦੇਖ ਰਿਹਾ । ਉਹ ਲਾਸ਼ ਬਾਰੇ ਫ਼ਿਕਰਮੰਦ ਹੈ । ਇਹ ਜੋ ਸਮਝਦਾ ਹੈ ਉਹ ਹੋਣਾ ਨਹੀਂ ।...ਪ੍ਰੀਤਮ ਸਿੰਘ ਆ ਗਿਆ ਹੈ । ਉਹਦੇ ਕੋਲ ਆਪਣਾ ਢੱਡ ਹੈ ਤੇ ਮੇਰੀ ਸਾਰੰਗੀ ਵੀ । ਉਹਨੂੰ ਦੇਖ ਕੇ ਕੈਲੇ ਦਾ ਰੰਗ ਥੋੜ੍ਹਾ ਫਿੱਕਾ ਪੈ ਗਿਆ ਹੈ । ਸਾਰੀ ਲੋਕਾਈ ਦੀਆਂ ਅੱਖਾਂ ਭਾਈ ਜੀ ਵੱਲ ਲੱਗੀਆਂ ਹੋਈਆਂ ਹਨ । ਸਰਪੰਚ ਜ਼ਿਆਦਾ ਚਿੰਤਤ ਹੈ ।
''ਚਾਚਾ ਬਚਨ ਸਿਆਂ, ਤੁਹਾਨੂੰ ਭਾਈ ਜੀ ਦੇ ਸੁਭਾਅ ਦਾ ਪਤੈ । ਬੇਸ਼ੱਕ ਜਿੰਦਰ ਭਾਈ ਜੀ ਦਾ ਮੁੰਡਾ ਏ । ਪਰ ਜਿੰਦਰ ਦੇ ਮਰਨ ਨਾਲ ਭਾਈ ਜੀ ਨੂੰ ਕੀ ਫ਼ਰਕ ਪੈਣਾ । ਉਨ੍ਹਾਂ ਨੇ ਤਾਂ ਉੱਪਰ ਵਾਲੇ ਦਾ ਭਾਣਾ ਮੰਨ ਲਿਆ ਹੋਣਾ । ਕਿਤੇ ਬੈਠੇ ਪਾਠ ਕਰਦੇ ਹੋਣੈ ।" ਸਰਪੰਚ ਨੂੰ ਅੱਚੋਆਈ ਲੱਗੀ ਹੋਈ ਆ ।
''ਸਰਪੰਚਾ, ਭਾਈ ਰੱਬ ਦਾ ਬੰਦਾ । ਉਹਦੇ ਲਈ ਸਭ ਬਰਾਬਰ ਹਨ । ਚਾਹੇ ਨਿੰਮਾ ਹੋਵੇ, ਚਾਹੇ ਜਿੰਦਰ ।" ਬਜ਼ੁਰਗ ਬਚਨ ਸਿੰਘ ਸਰਪੰਚ ਦੀ ਹਾਂ ਵਿਚ ਹਾਂ ਮਿਲਾਂਦਾ ਹੈ । ਕੈਲਾ ਕੈਹਰੀ ਅੱਖ ਨਾਲ ਦੇਖ ਰਿਹਾ ਹੈ । ਬਹੁਤ ਸਾਰੇ ਹੋਰ ਲੋਕ ਲਾਸ਼ ਦੁਆਲੇ ਇਕੱਠੇ ਹੋ ਗਏ ਹਨ । ਭਾਈ ਜੀ ਦੇ ਨਾ ਆਉਣ ਦੀ ਘੁਸਰ-ਮੁਸਰ ਹੋ ਰਹੀ ਹੈ । ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਈ ਹੈ ।
ਭਾਈ ਜੀ ਨੂੰ ਮੰਗੀ ਸਾਈਕਲ 'ਤੇ ਲੈ ਆਇਆ ਹੈ । ਸਾਰਿਆਂ ਦਾ ਧਿਆਨ ਉਨ੍ਹਾਂ ਵੱਲ ਹੋ ਗਿਆ ਹੈ । ਭਾਈ ਜੀ ਸਾਈਕਲ ਤੋਂ ਬੜੇ ਸਹਿਜ ਨਾਲ ਉਤਰੇ ਹਨ । ਹੱਥ ਵਿੱਚ ਮਾਲਾ ਹੈ ।...ਉਹ ਮਣਕਿਆਂ ਨੂੰ ਫੇਰਦੇ ਸ਼ਾਂਤ ਮਨ ਨਾਲ ਲਾਸ਼ ਕੋਲ ਬੈਠ ਗਏ ਹਨ । ਅੱਖਾਂ ਮੀਟ ਕੇ ਪਾਠ ਕਰਨ ਲੱਗ ਪਏ ਨੇ । ਕੈਲਾ ਟੇਢਾ-ਮੇਢਾ ਝਾਕ ਰਿਹਾ ਹੈ । ਮੈਂ ਪ੍ਰੀਤਮ ਸਿੰਘ ਕੋਲੋਂ ਸਾਰੰਗੀ ਫੜ ਲਈ ਹੈ । ਉਹ ਵੀ ਢੱਡ ਕਸਣ ਲੱਗ ਪਿਆ ਹੈ । ਭਾਈ ਜੀ ਨੇ ਜਿੰਦਰ ਦੇ ਮੂੰਹ ਤੋਂ ਕੱਪੜਾ ਉਤਾਰਿਆ ਹੈ । ਮੂੰਹ ਚੁੰਮ ਕੇ ਮੁਸਕਰਾ ਪਏ ਹਨ । ਮੇਰੇ ਮਨ ਵਿੱਚ ਇਨ੍ਹਾਂ ਪ੍ਰਤੀ ਹੋਰ ਸਤਿਕਾਰ ਵੱਧ ਗਿਆ ਹੈ । ਭਾਈ ਜੀ ਚੁੱਪ-ਚਾਪ ਬੈਠੇ ਪਾਠ ਕਰਨ ਲੱਗ ਪਏ ਹਨ ।...ਉੱਚੀ ਦੇਣੀ ਬੁੜ-ਬੁੜਾਏ ਹਨ । ਲਾਸ਼ ਤੋਂ ਕੱਪੜਾ ਵਗਾਹ ਕੇ ਮਾਰਿਆ ਹੈ ।
''ਓ ਉੱਪਰ ਵਾਲਿਆ । ਇਹ ਤੂੰ ਕੀ ਕਹਿਰ ਕਮਾਇਆ ।" ਭਾਈ ਜੀ ਦੁਹੱਥੜੀ ਮਾਰ ਕੇ ਲਾਸ਼ ਉੱਪਰ ਢੇਰੀ ਹੋ ਗਏ ਹਨ । ਸਰਪੰਚ ਇਨ੍ਹਾਂ ਨੂੰ ਲਾਸ਼ ਤੋਂ ਉਠਾ ਰਿਹਾ ਹੈ ਪਰ ਭਾਈ ਜੀ ਦੀ ਦੰਦਲ ਨਹੀਂ ਟੁੱਟ ਰਹੀ । ਮੇਰੇ ਹੱਥਾਂ ਵਿੱਚੋਂ ਸਾਰੰਗੀ ਡਿੱਗ ਪਈ ਹੈ ।...ਪੁਲਿਸ ਵੀ ਆ ਗਈ ਹੈ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ