Nakarman Phatto (Punjabi Story) : Dr. Tarlochan Singh Aujla

ਨ-ਕਰਮਣ ਫੱਤੋ (ਕਹਾਣੀ) : ਡਾ. ਤਰਲੋਚਨ ਸਿੰਘ ਔਜਲਾ

ਸਕੂਲ ਦੇ ਗੇਟ ਸਾਹਮਣੇ ਵੱਡੇ ਪੱਥਰ ਉੱਤੇ ਬੈਠੀ ਜਨਾਨੀ ਨੂੰ ਦਲਜੀਤ ਕੌਰ ਨੇ ਅੱਜ ਪਹਿਲੀ ਵਾਰ ਵੇਖਿਆ ਸੀ। ਛੇਤੀ ਹੀ ਸਕੂਲ ਦੀ ਛੁੱਟੀ ਵਾਲੀ ਘੰਟੀ ਵੱਜੀ ਅਤੇ ਬੱਚੇ ਬਾਹਰ ਅਉਣੇ ਸ਼ੁਰੂ ਹੋ ਗਏ। ਜਿਉਂ ਹੀ ਉਸ ਜਨਾਨੀ ਦਾ ਬੱਚਾ ਬਾਹਰ ਆਇਆ, ਉਸਨੇ ਉਸ ਬੱਚੇ ਨੂੰ ਘੁੱਟਕੇ ਜੱਫੀ 'ਚ ਲਿਆ, ਮੱਥਾ ਚੁੰਮਿਆ, ਉਸਦਾ ਬੈਗ ਫੜ੍ਹਿਆ ਅਤੇ ਉਸਦੀ ਉਂਗਲੀ ਫੜ੍ਹ ਕੇ ਆਪਣੇ ਘਰ ਵੱਲ ਨੂੰ ਤੁਰ ਪਈ। ਦਲਜੀਤ ਕੌਰ ਇਹ ਵੇਖਕੇ ਖੁਸ਼ ਵੀ ਹੋਈ ਅਤੇ ਉਸਨੂੰ ਆਪਣੇ ਆਪ 'ਚ ਮਹਿਸੂਸ ਵੀ ਹੋਇਆ, ਕਿਉਂ ਕਿ ਜਦੋਂ ਉਸਦਾ ਪੋਤਾ ਗੇਟ ਤੋਂ ਬਾਹਰ ਅਉਂਦਾ ਸੀ ਤਾਂ ਉਹ ਸਧਾਰਨ ਜਿਹਾ,"ਬੇਟਾ ਕੀ ਹਾਲ ਏ?" ਕਹਿਕੇ ਅੱਗੇ ਅੱਗੇ ਚਲ ਪੈਂਦੀ ਅਤੇ ਪੋਤਾ ਪਿੱਛੇ ਪਿੱਛੇ। ਅੱਜ ਉਸਨੇ ਵੀ ਆਪਣੇ ਪੋਤੇ ਨਾਲ ਇਸ ਤਰਾਂ ਹੀ ਪਿਆਰ ਕੀਤਾ।

ਅਗਲੇ ਦਿਨ ਦਲਜੀਤ ਕੌਰ ਕੁਝ ਸਮਾਂ ਪਹਿਲੋਂ ਸਕੂਲ ਚਲੇ ਗਈ ਅਤੇ ਵੇਖਿਆ ਕਿ ਉਹ ਜਨਾਨੀ ਫਿਰ ਉਸੇ ਪੱਥਰ 'ਤੇ ਬੈਠੀ ਆਪਣੇ ਬੱਚੇ ਦੀ ਉਡੀਕ ਕਰ ਰਹੀ ਸੀ। ਕੋਲ ਬੈਠਕੇ ਦਲਜੀਤ ਕੌਰ ਨੇ ਉਸਨੂੰ ਪੁੱਛਿਆ,"ਭੈਣ ਜੀ, ਤੁਹਾਨੂੰ ਪਹਿਲੋਂ ਇੱਥੇ ਕਦੇ ਨਹੀਂ ਦੇਖਿਆ, ਕੀ ਤੁਸੀਂ ਇੱਥੇ ਨਵੇਂ ਆਏ ਹੋ"? ਉਸ ਜਨਾਨੀ ਨੇ ਉੱਤਰ ਦਿੱਤਾ,"ਹਾਂ, ਮੈਂ ਅਜੇ ਪਿਛਲੇ ਹਫਤੇ ਹੀ ਇੱਥੇ ਆਈ ਹਾਂ। ਮੇਰੇ ਅਉਣ ਤੋਂ ਅਗਲੇ ਦਿਨ ਹੀ ਮੇਰੇ ਇੱਕ ਰਿਸ਼ਤੇਦਾਰ ਦੇ ਘਰ ਸੁੱਖ ਨਾਲ ਦੋ ਲੜਕੀਆਂ ਪਿੱਛੋਂ ਲੜਕਾ ਪੈਦਾ ਹੋਇਆ ਏ, ਮੈਂ ਉਸ ਪਰਿਵਾਰ ਦੀ ਕੁਝ ਮਹੀਨਿਆਂ ਲਈ ਮਦਦ ਕਰਨ ਆਈ ਆਂ"। ਦਲਜੀਤ ਕੌਰ ਨੂੰ ਉਸ ਜਨਾਨੀ ਦਾ ਭੋਲਾਪਨ ਬਹੁਤ ਅੱਛਾ ਲੱਗਿਆ ਕਿਉਂ ਕਿ ਇੱਥੇ ਲੋਕ ਅਵਲ ਤਾਂ ਕਿਸੇ ਗੱਲ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੰਦੇ, ਤੇ ਜੇ ਦਿੰਦੇ ਵੀ ਆ ਤਾਂ 'ਹਾਂ' ਜਾਂ 'ਨਾਂਹ' ਤੋਂ ਅੱਗੇ ਵੱਧ ਘੱਟ ਹੀ ਬੋਲਦੇ ਹਨ। ਪਰ ਇਸ ਜਨਾਨੀ ਨੇ ਬਗੈਰ ਕੁਝ ਪੁੱਛਿਆਂ ਕਿੰ੍ਹਨਾਂ ਕੁਝ ਦੱਸ ਦਿੱਤਾ। ਦਲਜੀਤ ਕੌਰ ਨੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ,"ਫਿਰ ਤਾਂ ਤੁਸੀਂ ਬੜੇ ਕਰਮਾਂ ਵਾਲੇ ਹੋ। ਉਹਨਾਂ ਦੇ ਘਰ ਤੁਹਾਡੇ ਪੈਰ ਪਉਣ ਨਾਲ ਹੀ ਉਹਨਾਂ ਦੇ ਭਾਗ ਜਾਗ ਪਏ"। ਉਸ ਜਨਾਨੀ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਦੂਜੇ ਪਾਸੇ ਕਰਕੇ ਚੁੱਪ ਕਰ ਗਈ। ਦਲਜੀਤ ਕੌਰ ਹੈਰਾਨ ਜਿਹੀ ਹੋ ਗਈ ਕਿ ਉਸਨੇ ਤਾਂ ਉਸ ਜਨਾਨੀ ਦੀ ਉਸਤਤ ਕੀਤੀ ਸੀ ਪਰ ਉਸਨੇ ਇਸ ਗੱਲ ਦਾ ਬੁਰਾ ਕਿਉਂ ਮਨਾ ਲਿਆ? ਪਰ ਗੱਲ ਦਾ ਰੁਖ ਬਦਲਦੇ ਹੋਏ ਉਸਨੇ ਉਸ ਜਨਾਨੀ ਨੁੰ ਕਿਹਾ,"ਤੁਸਾਂ ਕੱਲ ਆਪਣੇ ਬੱਚੇ ਨੂੰ ਜੱਫੀ 'ਚ ਲੈਕੇ ਚੁੰਮਿਆ ਤੇ ਪਿਆਰ ਕੀਤਾ, ਮੈਨੂੰ ਬਹੁਤ ਅੱਛਾ ਲੱਗਿਆ"। ਉਹ ਜਨਾਨੀ ਬੋਲੀ,"ਬੱਚੇ ਤਾਂ ਅੱਲਾ ਦਾ ਰੂਪ ਹੁੰਦੇ ਨੇ ਤੇ ਪਿਆਰ ਦੇ ਭੁੱਖੇ। ਜੇ ਅੱਜ ਤੁਸੀਂ ਉਹਨਾਂ ਨੂੰ ਪਿਆਰ ਦਿਉਗੇ, ਕੱਲ ਤਾਂ ਹੀ ਤੁਸੀਂ ਉਹਨਾਂ ਤੋਂ ਪਿਆਰ ਦੀ ਆਸ ਕਰ ਸਕਦੇ ਹੋ। ਸਾਰੇ ਧਰਮਾਂ ਤੋਂ ਸਾਨੂੰ ਇਹੋ ਹੀ ਤਾਂ ਸਿਖਿਆ ਮਿਲਦੀ ਏ ਕਿ ਜਿਸ ਤਰਾਂ ਦਾ ਬੀਜ ਬੀਜੋਗੇ, ਵੈਸਾ ਹੀ ਫਲ ਮਿਲੇਗਾ"।

ਸਾਫ ਅਤੇ ਸਧਾਰਨ ਪੰਜਾਬੀ 'ਚ ਬੋਲੇ ਇਹ ਲਫਜ਼ ਦਲਜੀਤ ਦੇ ਦਿਲ ਨੂੰ ਟੁੰਬ ਗਏ ਅਤੇ ਉਸਦੇ ਦਿਲ 'ਚ ਉਸ ਜਨਾਨੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋ ਗਈ। 'ਅੱਲਾ' ਲਫਜ਼ ਬੋਲਣ ਤੋਂ ਇਹ ਪਤਾ ਲੱਗ ਗਿਆ ਕਿ ਇਹ ਜਨਾਨੀ ਮੁਸਲਮਾਨ ਧਰਮ ਨਾਲ ਸਬੰਧ ਰੱਖਦੀ ਏ ਅਤੇ ਠੇਠ ਪੰਜਾਬੀ ਬੋਲਣ ਤੋਂ ਇਹ ਅੰਦਾਜ਼ਾ ਲਗਾਉਣਾ ਸੌਖਾ ਹੋ ਗਿਆ ਕਿ ਉਹ ਪਾਕਿਸਤਾਨ ਦੇ ਲਹਿੰਦੇ ਪੰਜਾਬ ਚੋਂ ਆਈ ਹੈ। ਹੋਰ ਜਾਣਕਾਰੀ ਲੈਣ ਲਈ ਉਸਨੇ ਪੁੱਛਿਆ,"ਤੁਹਾਡਾ ਕੀ ਨਾਮ ਏ"? "ਫਾਤਮਾਂ"। ਉਸ ਜਨਾਨੀ ਨੇ ਜਵਾਬ ਦਿੱਤਾ। ਫਿਰ ਦਲਜੀਤ ਕੌਰ ਆਪ ਹੀ ਬੋਲ ਪਈ,"ਮੇਰਾ ਨਾਮ ਦਲਜੀਤ ਕੌਰ ਏ ਅਤੇ ਅਸੀਂ ਦਿੱਲੀ ਤੋਂ ਆਏ ਹਾਂ। ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ 'ਚ ਇੱਕ ਹਿੰਦੂ ਪਰਿਵਾਰ ਦੀ ਮਦਦ ਨਾਲ ਅਸੀਂ ਬਚ ਤਾਂ ਗਏ, ਪਰ ਅਸੀਂ ਸਾਰੇ ਜਣੇ ਐਨੇ ਸਹਿਮ ਗਏ ਕਿ ਦਿੱਲੀ ਛੱਡਣ ਦਾ ਵਿਚਾਰ ਬਣਾ ਲਿਆ ਅਤੇ ਜਲਦੀ ਹੀ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਕੈਨੇਡਾ ਪਹੁੰਚ ਗਏ"। ਫਿਰ ਇਸੇ ਸਬੰਧ 'ਚ ਫਾਤਮਾਂ ਨੇ ਦੱਸਿਆ,"ਜਨਮ ਤਾਂ ਮੇਰਾ ਵੀ ਚੜ੍ਹਦੇ ਪੰਜਾਬ 'ਚ ਹੋਇਆ ਸੀ। ਭਾਰਤ ਦੀ 1947 ਦੀ ਵੰਡ ਵੇਲੇ ਹੋਏ ਦੰਗਿਆਂ 'ਚ ਮੇਰੇ ਅੱਬਾ ਜੀ, ਅੰਮੀ ਜਾਨ ਤੇ ਇੱਕੋ ਇੱਕ ਭਰਾ ਬਰਛਿਆਂ ਤੇ ਕਿਰਪਾਨਾਂ ਨਾਲ ਵੱਢ ਦਿੱਤੇ ਗਏ। ਸਾਡੇ ਇੱਕ ਸਰਦਾਰ ਗਵਾਂਢੀ ਨੇ ਮੈਨੂੰ ਆਪਣੇ ਘਰ ਲਕੋ ਲਿਆ ਅਤੇ ਮਹੀਨੇ ਕੁ ਪਿਛੋਂ ਫੌਜ ਅਤੇ ਪੁਲੀਸ ਦੀ ਮਦਦ ਨਾਲ ਮੈਂ ਆਪਣੀ ਇੱਕ ਭੂਆ ਕੋਲ ਲਹੌਰ ਦੇ ਕੋਲ ਸ਼ੇਖੂਪੁਰ ਆ ਗਈ"। ਇਹ ਕਹਿਕੇ ਫਾਤਮਾਂ ਨੇ ਇੱਕ ਲੰਬਾ ਹੌਕਾ ਭਰਿਆ ਅਤੇ ਚੁੱਪ ਕਰ ਗਈ। ਕੁਝ ਚਿਰ ਠਹਿਰ ਕੇ ਦਲਜੀਤ ਕੌਰ ਨੇ ਪੁੱਛਿਆ,"ਤੁਹਾਡੇ ਬੱਚੇ ਕਿੰਨੇ ਨੇ"? ਫਾਤਮਾਂ ਨੇ ਅਸਮਾਨ ਵੱਲ ਵੇਖਿਆ ਅਤੇ ਲਾਗੇ ਖੇਡਦੇ ਕੁਝ ਬੱਚਿਆਂ ਵੱਲ ਇਸ਼ਾਰਾ ਕਰਕੇ ਸਹਿਮੀ ਜਿਹੀ ਅਵਾਜ਼ 'ਚ ਬੋਲੀ,"ਇਹ ਸਾਰੇ ਬੱਚੇ ਮੇਰੇ ਨੇ"। ਦਲਜੀਤ ਕੋਰ ਨੂੰ ਕੁਝ ਹੋਰ ਪੁੱਛਣ ਦਾ ਹੀਆ ਨਾਂ ਪਿਆ। ਸਕੂਲ ਦੀ ਘੰਟੀ ਵੱਜ ਗਈ ਅਤੇ ਉਹ ਦੋਵੇਂ ਆਪਣੇ ਆਪਣੇ ਬੱਚੇ ਲੈਕੇ ਘਰ ਵੱਲ ਨੂੰ ਚੱਲ ਪਈਆਂ। ਇਸੇ ਦੁਰਾਨ ਇੱਕ ਦੋ ਵਾਰ ਦਲਜੀਤ ਕੌਰ ਨੇ ਫਾਤਮਾਂ ਨੂੰ ਆਪਣੇ ਘਰ ਅਉਣ ਲਈ ਕਿਹਾ ਪਰ ਉਸਨੇ ਇਹ ਕਹਿ ਕੇ ਕਿ 'ਜਦੋਂ ਅੱਲਾ ਹੁਕਮ ਕਰੇਗਾ, ਜਰੂਰ ਆਵਾਂਗੀ' ਗੱਲ ਟਾਲ ਦਿੱਤੀ।

ਜਦੋਂ ਦੀ ਫਾਤਮਾਂ ਟਰੌਂਟੋ ਆਈ ਸੀ, ਉਸਨੂੰ ਇੱਥੋਂ ਦਾ ਵਾਤਾਵਰਨ ਬਹੁਤ ਅੱਛਾ ਲੱਗਾ। ਹਰ ਪਾਸੇ ਹਰਿਆਵਲ, ਹਰੇ ਭਰੇ ਦਰੱਖਤ, ਘਾਹ ਅਤੇ ਫੁੱਲ ਵੇਖਕੇ ਉਸਨੂੰ ਇੱਕ ਅਜੀਬ ਜਿਹੀ ਖੁਸ਼ੀ ਮਿਲਦੀ। ਕੋਈ ਘੱਟਾ ਮਿੱਟੀ ਨਹੀਂ, ਸੜਕਾਂ ਦੀ ਅੱਛੀ ਹਾਲਤ, ਕਾਰਾਂ ਵਾਲੇ ਹੌਰਨ ਨਹੀਂ ਮਾਰਦੇ, ਕੋਈ ਮੱਖੀ ਮੱਛਰ ਨਹੀਂ ਜਾਂ ਆਵਾਜਾਈ ਦੇ ਸਾਧਨਾਂ ਦਾ ਜਦੋਂ ਉਹ ਆਪਣੇ ਦੇਸ਼ ਨਾਲ ਮੁਕਾਬਲਾ ਕਰਦੀ, ਤਾਂ ਉਸਨੂੰ ਜਮੀਨ ਅਸਮਾਨ ਦਾ ਫਰਕ ਜਾਪਦਾ। ਉਸਦਾ ਦਿਲ ਹਾਮੀ ਭਰਦਾ ਕਿ ਵਾਕਿਆ ਹੀ ਇਹ ਦੇਸ਼ ਉਸਦੇ ਦੇਸ਼ ਨਾਲੋਂ ਕਈ ਦਰਜੇ ਬੇਹਤਰ ਹੈ। ਪਰ ਜਦੋਂ ਕਿਤੇ ਉਹ ਆਪਣੇ ਭਤੀਜੇ ਨਾਲ ਕਿਸੇ ਸ਼ੌਪਿੰਗ ਮਾਲ ਜਾਂ ਬੱਚਿਆਂ ਨਾਲ ਪਾਰਕ 'ਚ ਜਾਂਦੀ, ਉਸਨੂੰ ਕੁਝ ਗੋਰੀਆਂ ਜਾਂ ਕਾਲੀਆਂ ਜਨਾਨੀਆਂ ਦਾ ਅੱਧ-ਨੰਗੇ ਸਰੀਰ ਵਾਲਾ ਪਹਿਰਾਵਾ ਦੇਖ ਕੇ ਸ਼ਰਮ ਜਿਹੀ ਮਹਿਸੂਸ ਹੰਦੀ। ਹਾਲਾਂ ਕਿ ਉਸਨੇ ਵੀ ਬੀ. ਏ. ਬੀ. ਟੀ. ਕਰਨ ਅਤੇ ਅਧਿਆਪਕਾ ਦੀ ਨੌਕਰੀ ਮਿਲਣ ਪਿਛੋਂ ਮੁਸਲਮਾਨ ਇਸਤਰੀ ਨੂੰ ਜਬਰਦਸਤੀ ਬੁਰਕਾ ਅਤੇ ਨਿਕਾਬ ਪਹਿਨਣ ਦੀ ਰੀਤ ਦਾ ਵਿਰੋਧ ਕੀਤਾ ਸੀ ਅਤੇ ਇਸ ਗੱਲ ਨੂੰ ਹੋਰ ਅੱਗੇ ਤੋਰਨ ਲਈ ਉਸਨੇ ਕੁਝ ਹਮ-ਖਿਆਲ ਜਨਾਨੀਆਂ ਨੂੰ ਆਪਣੇ ਨਾਲ ਲੈਕੇ ਇੱਕ ਲਹਿਰ ਵੀ ਚਲਾਈ ਸੀ। ਪਰ ਇਹ ਪਹਿਰਾਵਾ ਤਾਂ ਪਾਕਿਸਤਾਨ ਵਰਗੇ ਮੁਲਕਾਂ ਤੋਂ ਬਿਲਕੁਲ ਵੱਖਰਾ ਸੀ।

ਇੱਕ ਦਿਨ ਪਾਰਕ ਵਿੱਚ ਬੈਠੇ ਉਸਨੇ ਦਲਜੀਤ ਕੌਰ ਨੂੰ ਪੁੱਛਿਆ,"ਭੈਣ ਜੀ, ਐਹਨਾਂ ਜਨਾਨੀਆਂ ਨੇ ਐਨੇ ਘੱਟ ਕੱਪੜੇ ਪਾਏ ਨੇ, ਇਹਨਾਂ ਨੂੰ ਸ਼ਰਮ ਨਹੀਂ ਅਉਂਦੀ"? ਦਲਜੀਤ ਕੌਰ ਨੇ ਹੱਸਦੀ ਹੋਈ ਨੇ ਉਤਰ ਦਿਤਾ,"ਭੈਣ ਜੀ, ਸ਼ਰਮ ਕਿਹਦੇ ਕੋਲੋਂ? ਇਹ ਸਾਰੀਆਂ ਇਸੇ ਸਭਿਆਚਾਰ 'ਚ ਪਲ ਕੇ ਵੱਡੀਆਂ ਹੋਈਆਂ ਨੇ ਤੇ ਇਹੋ ਗੱਲਾਂ ਇਹਨਾਂ ਦੇ ਬੱਚੇ ਸਿੱਖ ਰਹੇ ਨੇ। ਭੈਣ ਜੀ, ਭਾਂਵੇ ਮੈਂ ਇੱਸ ਗੱਲ ਨਾਲ ਸੌ ਫੀ ਸਦੀ ਸਹਿਮਤ ਨਹੀਂ, ਪਰ ਇੱਕ ਗੱਲ ਜਰੂਰ ਹੈ ਕਿ ਸਦੀਆਂ ਤੋਂ ਮਰਦਾਂ ਨੇ ਇਸਤਰੀ ਜਾਤ ਨੂੰ ਗੁਲਾਮ ਸਮਝ ਕੇ ਉਸ ਨਾਲ ਜ਼ਿਆਦਤੀ ਕੀਤੀ ਏ। ਹਰ ਗੱਲ 'ਚ ਦਖਲ ਅੰਦਾਜੀ, ਆਹ ਕਰ-ਔਹ ਨਾਂ ਕਰ, ਆਹ ਪਹਿਨ-ਔਹ ਨਾਂ ਪਹਿਨ। ਹੁਣ ਬਹੁਤੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਨੇ, ਆਪਣੀ ਕਮਾਈ ਕਰਦੀਆਂ ਨੇ ਅਤੇ ਉਹਨਾਂ ਦਾ ਵੀ ਦਿਲ ਕਰਦਾ ਹੈ ਕਿ ਉਹ ਆਪਣੇ ਕੁਝ ਸ਼ੌਕ ਪੂਰੇ ਕਰਨ। ਬੁਰਾ ਨਾਂ ਮਨਾਉਂਣਾ, ਹੁਣ ਤਾਂ ਇਸ ਪੱਖ ਤੋਂ ਆਪਣੀਆਂ ਲੜਕੀਆਂ ਵੀ ਕਾਫੀ ਅਗਾਂਹ ਵਧ ਰਹੀਆਂ ਨੇ। ਜੇ ਅਜ ਕਲ ਦੀਆਂ ਆਪਣੀਆਂ ਫਿਲਮਾਂ ਅਤੇ ਡਰਾਮੇ ਵੇਖੀਏ ਤਾਂ ਉੱਥੇ ਵੀ ਤਾਂ ਇਹੋ ਕੁਝ ਹੋ ਰਿਹਾ ਹੈ"। ਭਾਂਵੇ ਫਾਤਮਾਂ ਇਹ ਗੱਲ ਸੁਣਕੇ ਚੁੱਪ ਹੋ ਗਈ, ਪਰ ਪੜ੍ਹੀ ਲਿਖੀ ਹੋਣ ਕਰਕੇ ਉਸਦੇ ਦਿਲ ਨੇ ਵੀ ਕੁਝ ਹਾਮੀ ਭਰੀ ਕਿ ਦਲਜੀਤ ਕੌਰ ਜੋ ਕਹਿ ਰਹੀ ਹੈ, ਉਹ ਕਾਫੀ ਹੱਦ ਤੱਕ ਠੀਕ ਹੀ ਹੈ।

ਫਾਤਮਾਂ ਨੇ ਹੋਰ ਪੁੱਛਿਆ,"ਭੈਣ ਜੀ, ਐਥੇ ਕਈ ਜਨਾਨੀਆਂ ਬਹੁਤ ਮੋਟੀਆਂ ਕਿਉਂ ਨੇ"? ਦਲਜੀਤ ਕੌਰ ਨੇ ਕਿਹਾ,"ਇੱਥੇ ਕੁਝ ਤਾਂ ਮੌਸਮ ਠੰਢਾ ਏ ਅਤੇ ਵੈਸੇ ਵੀ ਆਮ ਘਰਾਂ 'ਚ ਮੀਟ ਦੀ ਵਰਤੋਂ ਬਹੁਤ ਹੁੰਦੀ ਏ"। ਨਾਲ ਹੀ ਉਸਨੇ ਫਾਤਮਾਂ ਨੂੰ ਪੁੱਛਿਆ,"ਭੈਣ ਜੀ, ਤੁਸੀਂ ਮੀਟ ਖਾਂਦੇ ਹੋ ਕਿ ਨਹੀਂ"? ਫਾਤਮਾ ਨੇ ਕਿਹਾ,"ਨਹੀਂ, ਮੈਂ ਤਾਂ ਬਚਪਨ ਤੋਂ ਹੀ ਇਸ ਦੀ ਵਰਤੋਂ ਨਹੀਂ ਕੀਤੀ"। ਦਲਜੀਤ ਕੌਰ ਨੇ ਬਿਨਾਂ ਪੁੱਛਿਆਂ ਹੀ ਦੱਸ ਦਿਤਾ,"ਕਿਉਂ ਕਿ ਮੇਰੇ ਘਰ ਵਾਲੇ ਨੂੰ ਛੋਟੇ ਹੁੰਦਿਆਂ ਕਿਸੇ ਨੇ ਮੀਟ ਖਾਣ ਤੋਂ ਮਨ੍ਹਾਂ ਕਰ ਦਿੱਤਾ ਸੀ, ਇਸ ਲਈ ਅਸੀਂ ਵੀ ਦੋਵੇਂ ਜੀਅ ਮੀਟ ਨਹੀਂ ਖਾਂਦੇ"। ਫਾਤਮਾਂ ਨੇ ਹੱਸਦੇ ਹੋਏ ਕਿਹਾ,"ਫਿਰ ਤਾਂ ਤੁਹਾਡੇ ਖਾਵੰਦ ਦੀ ਉਸ ਇਨਸਾਨ ਪ੍ਰਤੀ ਸ਼ਰਧਾ ਅਤੇ ਕੁਰਬਾਨੀ ਲਈ ਦਾਤ ਦੇਣੀ ਚਾਹੀਦੀ ਏ"। ਦਲਜੀਤ ਕੌਰ ਨੇ ਹੱਸਕੇ ਹਾਂ 'ਚ ਹਾਂ ਮਿਲਾ ਦਿੱਤੀ।

ਦਲਜੀਤ ਕੌਰ ਦਾ ਕਈ ਵਾਰ ਦਿਲ ਕੀਤਾ ਕਿ ਉਹ ਫਾਤਮਾ ਦੀ ਜ਼ਾਤੀ ਜਿੰਦਗੀ ਬਾਰੇ ਕੁਝ ਹੋਰ ਪੁੱਛੇ ਪਰ ਇਹ ਸੋਚਕੇ ਚੁੱਪ ਕਰ ਜਾਂਦੀ ਕਿ ਜੇ ਉਸਨੇ ਬੁਰਾ ਮਨਾ ਲਿਆ ਤਾਂ ਹੁਣ ਵਾਲਾ ਬੋਲ ਚਾਲ ਵੀ ਖਤਮ ਹੋ ਜਾਵੇਗਾ। ਪਰ ਪਾਰਕ 'ਚ ਬੈਠੇ ਇੱਕ ਦਿਨ ਦਿਲ ਕੱਢ ਕੇ ਉਸਨੇ ਫਾਤਮਾਂ ਨੂੰ ਪੁੱਛ ਹੀ ਲਿਆ,"ਭੈਣ ਜੀ, ਉਸ ਦਿਨ ਤੁਸਾਂ ਕਿਹਾ ਸੀ ਕਿ ਤੁਹਾਡਾ ਕੋਈ ਬੱਚਾ ਨਹੀਂ ਹੈ। ਤੁਸਾਂ ਸ਼ਾਦੀ ਨਹੀਂ ਕਰਵਾਈ ਕਿ-"? ਉਹ ਸੰਗਦੀ ਸੰਗਦੀ ਚੁੱਪ ਕਰ ਗਈ। ਫਾਤਮਾਂ ਨੇ ਨੀਵੀਂ ਪਾ ਲਈ ਅਤੇ ਕੁਝ ਚਿਰ ਠਹਿਰ ਕੇ ਬੋਲੀ,"ਜਿਸ ਨਾਲ ਨਿਕਾਹ ਕਰਨਾ ਚਹੁੰਦੀ ਸਾਂ, ਉੱਥੇ ਅੱਲਾ ਨੂੰ ਮਨਜੂਰ ਨਹੀਂ ਸੀ। ਜਿਸ ਨਾਲ ਨਿਕਾਹ ਹੋਇਆ, ਉਹ ਅੱਲਾ ਨੂੰ ਪਿਆਰਾ ਹੋ ਗਿਆ"। ਦਲਜੀਤ ਕੌਰ ਨੇ ਕਿਹਾ,"ਮੇਰੇ ਸਰਦਾਰ ਸਾਹਬ ਵੀ ਪਹਿਲੋਂ ਕਹਿੰਦੇ ਸਨ ਕਿ ਮੈਂ ਵਿਆਹ ਨਹੀਂ ਕਰਵਾਉਣਾ। ਕਿਸੇ ਦੀ ਸ਼ਾਦੀ ਵਿੱਚ ਜਦੋਂ ਮੈਂ ਉਹਨਾਂ ਨੂੰ ਵੇਖਿਆ ਤਾਂ ਮੈਨੂੰ ਉਹ ਪਸੰਦ ਆ ਗਏ। ਫਿਰ ਅਸਾਂ ਉਹਨਾਂ ਦਾ ਖਹਿੜਾ ਨਹੀਂ ਛੱਡਿਆ ਅਤੇ ਵਿਆਹ ਕਰਵਾਕੇ ਹੀ ਸਾਹ ਲਿਆ"। ਫਾਤਮਾਂ ਨੇ ਕਿਹਾ,"ਭੈਣ ਜੀ, ਫਿਰ ਤਾਂ ਤੁਸੀਂ ਬਹੁਤ ਖੁਸ਼ ਕਿਸਮਤ ਹੋ"। ਉਸ ਦਿਨ ਕਾਫੀ ਬੱਦਲਵਾਲੀ ਸੀ, ਹਵਾ ਵੀ ਬਹੁਤ ਤੇਜ ਚੱਲ ਰਹੀ ਸੀ। ਉਸ ਵੇਲੇ ਕੁਝ ਕਣੀਆਂ ਪੈਣ ਲਗ ਪਈਆਂ ਅਤੇ ਉਹ ਦੋਵੇਂ ਬੱਚੇ ਲੈਕੇ ਆਪਣੇ ਆਪਣੇ ਘਰ ਚਲੀਆਂ ਗਈਆਂ।

ਭਾਂਵੇ ਫਾਤਮਾਂ ਦੇ ਰਿਸ਼ਤੇਦਾਰ, ਜਿਹਨਾਂ ਕੋਲ ਉਹ ਆਈ ਸੀ, ਉਸਨੂੰ ਖੁਸ਼ ਰੱਖਣ ਦੀ ਹਰ ਕੋਸ਼ਿਸ਼ ਕਰਦੇ ਅਤੇ ਉਹ ਆਪ ਵੀ ਕੰਮ 'ਚ ਰੁੱਝੀ ਰਹਿੰਦੀ ਸੀ, ਪਰ ਜਦੋਂ ਕਿਤੇ ਉਹ ਇਕੱਲੀ ਬੈਠਦੀ, ਗੁੰਮ ਸੁੰਮ ਜਿਹੀ ਰਹਿੰਦੀ। ਉਸਦਾ ਅਤੀਤ ਉਸਦਾ ਪਿੱਛਾ ਨਾਂ ਛੱਡਦਾ। ਉਸਨੂੰ ਅੱਜ ਵੀ ਯਾਦ ਸੀ ਜਦੋਂ ਉਹ ਆਪਣੇ ਅੱਬਾ ਜੀ ਨਾਲ ਆਪਣੇ ਪਿੰਡ ਕਰਤਾਰਪੁਰ (ਜਿਲਾ ਜਲੰਧਰ) ਤੋਂ ਪਹਿਲੀ ਵਾਰ ਆਪਣੀ ਭੂਆ ਜੀ ਦੇ ਪਿੰਡ ਡੇਹਰੀਵਾਲਾ (ਜਿਲਾ ਅੰਮ੍ਰਿਤਸਰ) ਆਈ ਸੀ। ਅਜੇ ਉਹ ਪਿੰਡ ਦੇ ਬਾਹਰਲੇ ਪਾਸੇ ਛੱਪੜ ਕੋਲ ਹੀ ਸਨ ਕਿ ਉਸ ਨੇ ਵੇਖਿਆ ਕਿ ਇੱਕ ਲੜਕਾ ਜੋ ਮਹੀਂ ਦੀ ਪੂਛ ਫੜ੍ਹ ਕੇ ਤਰ ਰਿਹਾ ਸੀ, ਅਚਾਨਕ ਉਸਦੇ ਹੱਥੋਂ ਪੂਛ ਛੁੱਟ ਗਈ ਤੇ ਉਹ ਡੁੱਬਣ ਲੱਗਾ ਸੀ। ਉਸਨੇ ਇੱਕ ਦੰਮ ਆਪਣੇ ਅੱਬਾ ਜੀ ਨੂੰ ਦੱਸਿਆ ਤੇ ਉਹਨਾਂ ਨੇ ਉਸੇ ਵੇਲੇ ਛੱਪੜ 'ਚ ਛਾਲ ਮਾਰਕੇ ਉਸ ਲੜਕੇ ਨੂੰ ਬਾਹਰ ਕੱਢਕੇ ਬਚਾ ਲਿਆ। ਪਤਾ ਲੱਗਾ ਕਿ ਉਹ ਲੜਕਾ ਨੰਬਰਦਾਰ ਪਿਆਰਾ ਸਿੰਘ ਦਾ ਪੁੱਤਰ ਮੰਗੂ ਸੀ। ਜਦੋਂ ਮੰਗੂ ਨੂੰ ਘਰ ਲਿਆਂਦਾ ਗਿਆ ਤਾਂ ਸਭਨਾਂ ਦੀ ਜਬਾਨ 'ਤੇ ਇਹੋ ਲਫਜ ਸੀ ਪਈ ਐਸ ਕੁੜੀ ਨੇ ਇਸਦੀ ਜਾਨ ਬਚਾਈ ਏ। ਨੰਬਰਦਾਰਨੀ ਨੇ ਉਸ ਕੁੜੀ ਨੂੰ ਆਪਣੀ ਬੁੱਕਲ 'ਚ ਲਿਆ ਤੇ ਪਤਾ ਨਹੀਂ ਕਿੰਨ੍ਹਾ ਚਿਰ ਉਸਦਾ ਮੱਥਾ ਚੁੰਮਦੀ ਰਹੀ। ਫਿਰ ਪੁੱਛਿਆ,"ਧੀਏ, ਕੀ ਨਾਂ ਏ ਤੇਰਾ"? ਉਸਦੇ ਅੱਬਾ ਨੇ ਕਿਹਾ,"ਪੂਰਾ ਨਾਮ ਤਾਂ ਫਾਤਮਾਂ ਏ ਪਰ ਪਿਆਰ ਨਾਲ ਅਸੀਂ ਸਾਰੇ ਇਸਨੂੰ ਫੱਤੋ ਕਹਿੰਦੇ ਆਂ"। ਨੰਬਰਦਾਰਨੀ ਨੇ ਪਿਆਰ ਨਾਲ ਕਿਹਾ,"ਇਹ ਤਾਂ ਮੇਰੀ ਕਰਮਾਂ ਵਾਲੀ ਫੱਤੋ ਆ"। ਉਸਨੇ ਖੁਸ਼ੀ 'ਚ ਉਸੇ ਵੇਲੇ ਆਪਣੇ ਕਾਮੇ ਦੇ ਹੱਥ ਫੱਤੋ ਦੀ ਭੂਆ ਦੇ ਘਰ ਘਿਉ, ਦੁੱਧ ਅਤੇ ਖੋਏ ਦੀਆਂ ਪਿੰਨੀਆਂ ਭੇਜ ਦਿੱਤੀਆਂ। ਦੋ ਕੁ ਦਿਨਾਂ ਪਿੱਛੋਂ ਫਾਤਮਾਂ ਦੀ ਭੂਆ ਦੀ ਨੂੰਹ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਫਾਤਮਾਂ ਦੀ ਭੂਆ ਫਿਰ ਹਰ ਇੱਕ ਨੂੰ ਕਹਿ ਰਹੀ ਸੀ,"ਇਹ ਫੱਤੋ ਸਾਡੇ ਘਰ ਪਹਿਲੀ ਵਾਰ ਆਈ ਏ ਤੇ ਸਾਡਾ ਘਰ ਖੁਸ਼ੀਆਂ ਨਾਲ ਭਰ ਗਿਆ ਵਾ। ਇਹ ਤਾਂ ਸਾਡੀ ਕਰਮਾਂ ਵਾਲੀ ਫੱਤੋ ਏ"। ਖੁਸ਼ੀ ਨਾਲ ਫਾਤਮਾਂ ਦੇ ਪੈਰ ਵੀ ਭੁੰਜੇ ਨਹੀਂ ਸਨ ਲੱਗ ਰਹੇ ਅਤੇ ਉਹ ਵਾਕਿਆ ਹੀ ਆਪਣੇ ਆਪ ਨੂੰ ਕਰਮਾਂ ਵਾਲੀ ਸਮਝਣ ਲੱਗ ਪਈ ਸੀ।

ਕੁਝ ਦਿਨਾਂ ਪਿਛੋਂ ਜਦੋਂ ਫਾਤਮਾਂ ਦੀ ਭੂਆ ਨਜੀਰਾਂ ਨੰਬਰਦਾਰਨੀ ਦੇ ਘਰ ਦਰੀ ਬੁਨਣ ਲਈ ਆਈ ਤਾਂ ਉਹ ਫਾਤਮਾਂ ਨੂੰ ਵੀ ਨਾਲ ਲੈ ਆਈ। ਗੱਲਾਂ ਗੱਲਾਂ 'ਚ ਨੰਬਰਦਾਰਨੀ ਨੇ ਪੁੱਛਿਆ,"ਨੀ ਧੀਏ ਫੱਤੋ, ਤੂੰ ਕਿਹੜੋ ਜਮਾਤ 'ਚ ਪੜ੍ਹਦੀ ਏਂ "? ਫਾਤਮਾਂ ਨੇ ਉੱਤਰ ਦਿਤਾ,"ਮਾਸੀ ਜੀ, ਛੇਂਵੀ 'ਚੋਂ ਪਾਸ ਹੋਕੇ ਹੁਣ ਸਤਵੀਂ ਜਮਾਤ 'ਚ ਹੋਈਂ ਆਂ"। ਫਾਤਮਾਂ ਦੇ ਮੂੰਹੋ 'ਮਾਸੀ' ਦਾ ਲਫਜ ਸੁਣਕੇ ਨੰਬਰਦਾਰਨੀ ਬਹੁਤ ਖੁਸ਼ ਹੋਈ ਕਿਉਂ ਕਿ ਉਸਦੀ ਕੋਈ ਸਕੀ ਭੈਣ ਨਹੀਂ ਸੀ ਤੇ ਅੱਜ ਕਿਸੇ ਨੇ ਪਹਿਲੀ ਵਾਰ ਉਸਨੂੰ ਮਾਸੀ ਕਹਿਕੇ ਬੁਲਾਇਆ ਸੀ। ਫਿਰ ਨੰਬਰਦਾਰਨੀ ਨੇ ਕਿਹਾ," ਮੇਰਾ ਮੰਗੂ ਵੀ ਸਤਵੀਂ ਜਮਾਤ 'ਚ ਆ, ਪੜ੍ਹਾਈ 'ਚ ਕਮਜੋਰ ਹੋਣ ਕਰਕੇ ਐਸ ਸਾਲ ਉਹ ਫੇਲ ਹੋ ਗਿਆ ਸੀ"। ਇਕ ਦੰਮ ਨਜੀਰਾਂ ਨੇ ਕਿਹਾ," ਸ਼ਾਹਣੀਏਂ, ਫੱਤੋ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ, ਜੇ ਕਹੇਂ ਤਾਂ ਫੱਤੋ ਉਸਨੂੰ ਪੜ੍ਹਾ ਦਿਆ ਕਰੇ"? ਨੰਬਰਦਾਰਨੀ ਨੇ ਹੱਸਦੇ ਹੋਏ ਕਿਹਾ," ਨੇਕੀ ਤੇ ਪੁੱਛ ਪੁੱਛ ਕੇ? ਫਿਰ ਤਾਂ ਪੁੰਨ ਖੱਟਣ ਵਾਲੀ ਗੱਲ ਹੋ ਜਾਊਗੀ"। ਨਜੀਰਾਂ ਨੇ ਫਿਰ ਕਿਹਾ,"ਇਹ ਛਿੱਕੂ ਅਤੇ ਚੰਗੇਰਾਂ ਵੀ ਬਹੁਤ ਅੱਛੀਆਂ ਬਣਾ ਲੈਂਦੀ ਏ"। ਨੰਬਰਦਾਰਨੀ ਨੇ ਫਾਤਮਾਂ ਦੇ ਸਿਰ 'ਤੇ ਪਿਆਰ ਦਿੰਦਿਆਂ ਕਿਹਾ," ਪਈ ਫਿਰ ਤਾਂ ਇਹ ਗੁਣਾਂ ਦੀ ਗੁਥਲੀ ਆ"।

ਅਗਲੇ ਦਿਨ ਮਾਂ ਨੇ ਮੰਗੂ ਨੂੰ ਸੁਹਣੇ ਕੱਪੜੇ ਪਾਏ, ਜੂੜੇ 'ਤੇ ਰੁਮਾਲ ਪਾਇਆ ਅਤੇ ਉਸਦੀ ਕਿਤਾਬ ਤੇ ਕਾਪੀ ਦੇ ਕੇ ਨਜੀਰਾਂ ਦੇ ਘਰ ਭੇਜ ਦਿੱਤਾ। ਦਰਵਾਜਾ ਖੜਕਾਉਣ ਤੇ ਜਦੋਂ ਫਾਤਮਾਂ ਨੇ ਦਰਵਾਜਾ ਖੋਲ੍ਹਿਆ ਤਾਂ ਉਹ ਮੰਗੂ ਨੂੰ ਦੇਖਦੇ ਹੀ ਇੱਕ ਦੰਮ ਖੁਸ਼ੀ 'ਚ ਪਾਗਲ ਜਿਹੀ ਹੋ ਗਈ। ਉੱਚਾ ਲੰਬਾ ਤੇ ਬਹੁਤ ਸੋਹਣਾ ਗੱਭਰੂ, ਠੋਡੀ ਉਪਰ ਕਾਲਾ ਤਿਲ ਹੋਣ ਕਰਕੇ ਮੰਗੂ ਹੋਰ ਵੀ ਸੋਹਣਾ ਲਗਦਾ ਸੀ। ਪੜ੍ਹਾਉਣ ਵੇਲੇ ਫਾਤਮਾਂ ਕਈ ਵਾਰ ਉਸਨੂੰ ਚੋਰੀ ਚੋਰੀ ਵੇਖਦੀ ਰਹੀ। ਮੰਗੂ ਦੇ ਆਪਣੇ ਘਰ ਜਾਣ ਤੋਂ ਪਿਛੋਂ ਵੀ ਕਿੰਨ੍ਹਾ ਚਿਰ ਤੱਕ ਮੰਗੂ ਦਾ ਚਿਹਰਾ ਫਾਤਮਾਂ ਦੀਆਂ ਅੱਖਾਂ ਸਾਹਮਣੇ ਘੁੰਮਦਾ ਰਿਹਾ।

ਹੁਣ ਜਦੋਂ ਕਿਤੇ ਵੀ ਫਾਤਮਾਂ ਮੰਗੂ ਦੇ ਘਰ ਪੜ੍ਹਾਉਣ ਜਾਂ ਕਿਸੇ ਹੋਰ ਕੰਮ ਜਾਂਦੀ, ਚੋਰੀ ਚੋਰੀ ਮੰਗੂ ਵੱਲ ਕਿੰਨ੍ਹਾ ਕਿੰਨ੍ਹਾ ਚਿਰ ਵੇਖਦੀ ਰਹਿੰਦੀ। ਪੜ੍ਹਾਉਣ ਲੱਗੇ ਜਦੋਂ ਕਿਤੇ ਫਾਤਮਾਂ ਦਾ ਹੱਥ ਮੰਗੂ ਨੂੰ ਲੱਗ ਜਾਂਦਾ ਤਾਂ ਉਹ ਤ੍ਰੱਬਕ ਜਿਹਾ ਜਾਂਦਾ। ਉਹਨਾਂ ਦਿਨਾਂ 'ਚ ਪੰਜਾਬੀ ਦਾ ਇੱਕ ਨਵਾਂ ਨਵਾਂ ਗਾਣਾ ਚੱਲਿਆ ਸੀ ਅਤੇ ਵਿਆਹਾਂ ਦੇ ਮੌਕੇ ਆਮ ਵਜਾਇਆ ਜਾਂਦਾ ਸੀ,'ਤੇਰੇ ਮੁੱਖੜੇ 'ਤੇ ਕਾਲਾ ਕਾਲਾ ਤਿੱਲ ਵੇ, ਉਇ ਮੁੰਡਿਆ ਸਿਆਲਕੋਟੀਆ' ਤੇ ਜਦੋਂ ਕਿਤੇ ਫਾਤਮਾਂ ਇਹ ਗਾਣਾ ਸੁਣਦੀ, ਉਸਦੀਆਂ ਅੱਖਾਂ ਸਾਹਮਣੇ ਮੰਗੂ ਦਾ ਚਿਹਰਾ ਆ ਜਾਂਦਾ। ਉਸਨੇ ਨੰਬਰਦਾਰਨੀ ਮਾਸੀ ਨੂੰ ਕਹਿਕੇ ਛਿੱਕੂ ਅਤੇ ਚੰਗੇਰ ਬਨਾਉਣ ਲਈ ਕਾਹੀ ਅਤੇ ਖਜੂਰ ਦੇ ਵੱਖ ਵੱਖ ਰੰਗਾਂ ਦੇ ਖੱਗੇ ਵੀ ਮੰਗਵਾ ਲਏ। ਉਹ ਕਾਹਲੀ ਕਾਹਲੀ ਆਪਣੇ ਘਰ ਦਾ ਕੰਮ ਮੁਕਾ ਕੇ ਅਤੇ ਪੜ੍ਹਾਉਣ ਦਾ ਬਹਾਨਾ ਲਗਾ ਕੇ ਮੰਗੂ ਦੇ ਘਰ ਆ ਜਾਂਦੀ। ਇੱਕ ਦਿਨ ਜਦੋਂ ਫਾਤਮਾਂ ਨੇ ਛਿੱਕੂ ਬਣਾ ਕੇ ਮਾਸੀ ਨੂੰ ਦਿਖਾਇਆ ਤਾਂ ਮਾਸੀ ਬਹੁਤ ਹੈਰਾਨ ਹੋਈ ਅਤੇ ਕਿਹਾ,"ਨੀ ਧੀਏ, ਐਨਾ ਸੋਹਣਾ ਛਿੱਕੂ ਤਾਂ ਸ਼ਹਿਰੋਂ ਵੀ ਨਹੀਂ ਮਿਲਦਾ"। ਖੁਸ਼ ਹੋਕੇ ਫਾਤਿਮਾਂ ਨੇ ਕਿਹਾ,"ਮਾਸੀ ਜੀ, ਹੁਣ ਮੈਂ ਇੱਕ ਚੰਗੇਰ ਬਣਾ ਦਿਆਂ"? ਨੰਬਰਦਾਰਨੀ ਹੱਸਦੇ ਹੋਈ ਬੋਲੀ,"ਨੇਕੀ ਤੇ ਪੁੱਛ ਪੁੱਛ ਕੇ"? ਤੇ ਫਾਤਮਾਂ ਨੇ 3-4 ਦਿਨਾਂ 'ਚ ਹੀ ਬਹੁਤ ਸੋਹਣੀ ਚੰਗੇਰ ਬਣਾ ਦਿੱਤੀ।

ਜਦੋਂ ਨੰਬਰਦਾਰਨੀ ਕਾਮਿਆਂ ਦੀ ਰੋਟੀ ਲੈਕੇ ਖੇਤਾਂ ਨੂੰ ਜਾਂਦੀ, ਕਈ ਵਾਰ ਫਾਤਮਾਂ ਨੂੰ ਵੀ ਨਾਲ ਲੈ ਜਾਂਦੀ। ਜਦੋਂ ਕਣਕ ਦੀ ਵਢਾਈ ਪਿਛੋਂ ਬੋਹਲ ਲੱਗੇ, ਤਾਂ ਹੋਰਨਾਂ ਬੱਚਿਆਂ ਦੇ ਨਾਲ ਫਾਤਮਾਂ ਨੂੰ ਵੀ ਕਣਕ ਦਾ ਫੱਕਾ ਮਿਲਿਆ ਅਤੇ ਘਰ ਆਕੇ ਉਸਨੇ ਤੇ ਮੰਗੂ ਨੇ ਇਕੱਠਿਆਂ ਕੁਲਫੀਆਂ ਖਾਧੀਆਂ। ਰਾਤ ਸੌਣ ਵੇਲੇ ਜਦੋਂ ਕਿਤੇ ਹਵਾ ਨਹੀਂ ਸੀ ਚਲਦੀ, ਫਾਤਮਾਂ ਮੰਗੂ ਦੇ ਘਰ ਆ ਜਾਂਦੀ ਤੇ ਉਹ ਸਾਰੇ ਇਕੱਠੇ ਹੋਕੇ 'ਪੁਰੇ' (ਉਹਨਾਂ ਪਿੰਡਾਂ ਦੇ ਨਾਮ ਜਿਹਨਾਂ ਦੇ ਅਖੀਰ 'ਚ 'ਪੁਰ' ਲਗਦਾ ਹੈ ਜਿਵੇਂ ਕਰਤਾਰ-ਪੁਰ) ਗਿਣਦੇ। ਹਵਾ ਤਾਂ ਪਤਾ ਨਹੀਂ ਚਲਦੀ ਸੀ ਕਿ ਨਹੀਂ, ਪਰ ਪੁਰੇ ਗਿਣਦਿਆਂ ਗਿਣਦਿਆਂ ਉਹਨਾਂ ਨੂੰ ਨੀਂਦ ਆ ਜਾਂਦੀ। ਤੰਦੂਰ 'ਚ ਰੋਟੀਆਂ ਪਕਾਉਣੀਆਂ ਸਿੱਖਣ ਵੇਲੇ ਫਾਤਮਾਂ ਨੇ ਇੱਕ ਦੋ ਵਾਰ ਆਪਣੇ ਹੱਥ ਵੀ ਸਾੜ ਲਏ ਸਨ। ਹੁਣ ਤਾਂ ਮਾਸੀ ਨੇ ਫਾਤਮਾਂ ਨੂੰ ਮਹੀਂ ਚੋਣੀ ਵੀ ਸਿਖਾ ਦਿੱਤੀ ਸੀ ਅਤੇ ਮਹੀਂ ਚੋਣ ਵੇਲੇ ਉਹ ਆਪ ਵੀ ਧਾਰਾਂ ਲੈ ਲੈਂਦੀ। ਮਾਸੀ ਨੇ ਇੱਕ ਦੋ ਵਾਰ ਫਾਤਮਾਂ ਨੂੰ ਦਹੀਂ ਰਿੜਕਣ ਲਈ ਵੀ ਕਿਹਾ ਸੀ ਤੇ ਜਦੋਂ ਉਸਨੇ ਆਪਣੇ ਹੱਥਾਂ ਨਾਲ ਮੱਖਣ ਦਾ ਪੇੜਾ ਬਣਾਕੇ ਮਾਸੀ ਨੂੰ ਦਖਾਲਿਆ, ਤਾਂ ਦੋਵੇਂ ਬਹੁਤ ਖੁਸ਼ ਹੋਈਆਂ। ਹਦਾਇਤ ਕਰਦੇ ਹੋਏ ਮਾਸੀ ਨੇ ਉਸਨੂੰ ਕਿਹਾ ਸੀ,"ਧੀਏ, ਚੌਂਕੇ ਦੇ ਐਹੋ ਜਹੇ ਕੰਮ ਸਿੱਖ ਲੈ, ਵਿਆਹ ਤੋਂ ਪਿੱਛੋਂ ਕੰਮ ਅਉਣਗੇ"। ਉਸਦੇ ਹੁੰਦਿਆਂ ਦੋ ਤਿੰਨ ਵਾਰ ਭੂਆ ਦੇ ਘਰ ਗਵਾਂਢਣਾਂ ਆਪਣੇ ਚਰਖੇ ਲੈਕੇ ਆਈਆਂ ਤੇ ਅੱਧੀ ਅੱਧੀ ਰਾਤ ਤੱਕ ਸੂਤ ਕੱਤਦੀਆਂ ਰਹੀਆਂ। ਉਹ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਪAੁਂਦੀਆਂ ਅਤੇ ਗੱਲਾਂ ਕਰਦੀਆਂ ਜਿਸ ਨਾਲ ਫਾਤਮਾਂ ਨੂੰ ਅਨੋਖੀ ਕਿਸਮ ਦੀ ਖੁਸ਼ੀ ਮਿਲੀ।

ਇੱਕ ਦਿਨ ਮੰਗੂ ਆਪਣੇ ਇੱਕ ਦੋਸਤ ਨਾਲ ਲਹਿੰਦੇ ਪਾਸੇ ਵਾਲੀ ਛਪੜੀ 'ਚੋਂ ਪੀਪੇ ਨਾਲ ਮੱਛੀਆਂ ਫੜ੍ਹ ਕੇ ਲਿਆਇਆ। ਉਸਨੇ ਆਕੇ ਕੱਪੜੇ 'ਚੋਂ ਮੱਛੀਆਂ ਵਿਹੜੇ 'ਚ ਸੁੱਟ ਦਿੱਤੀਆਂ। ਉਹਨਾਂ 'ਚੋਂ ਕੁਝ ਮੱਛੀਆਂ ਅਜੇ ਜਿਉਂਦੀਆਂ ਸਨ ਤੇ ਉਹ ਉਹਨਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਈਆਂ। ਫਾਤਮਾਂ ਨੇ ਮੰਗੂ ਨੂੰ ਤਰਸਵੀਂ ਜਿਹੀ ਅਵਾਜ਼ 'ਚ ਕਿਹਾ,"ਵੇ ਤੈਨੂੰ ਇਹਨਾਂ ਬੇ-ਜਬਾਨਾਂ 'ਤੇ ਤਰਸ ਨਹੀਂ ਆਇਆ? ਆਪਣੇ ਦੋ ਮਿੰਟਾਂ ਦੇ ਜਬਾਨ ਦੇ ਚਸਕੇ ਲਈ ਤੂੰ ਇਹਨਾਂ ਦੀ ਜਾਨ ਲੈ ਲਈ ਆ"। ਮੰਗੂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਪਰ ਹੌਂਸਲਾ ਕਰ ਕੇ ਉਸਨੇ ਕੰਨ ਫੜ੍ਹਕੇ ਕਿਹਾ,"ਲੈ ਫੱਤੋ, ਤੇਰੀ ਸੌਂਹ, ਅੱਜ ਤੋਂ ਪਿਛੋਂ ਮੈਂ ਮਾਸ ਨੂੰ ਮੂੰਹ ਨਹੀਂ ਲਾਊਂਗਾ"। ਉਸਨੇ ਉਸੇ ਵੇਲੇ ਉਹ ਮੱਛੀਆਂ ਬਾਹਰ ਰੂੜੀ 'ਤੇ ਸੁੱਟ ਦਿੱਤੀਆਂ।

ਇਨਸਾਨ ਜਿਸ ਭੇਦ ਨੂੰ ਛੁਪਾਉਂਦਾ ਏ, ਉਹ ਉਤਨਾਂ ਹੀ ਜਿਆਦਾ ਨਸ਼ਰ ਹੁੰਦਾ ਏ। ਫਾਤਮਾਂ ਚਹੁੰਦੀ ਸੀ ਕਿ ਉਹ ਮੰਗੂ ਨੂੰ ਐਨਾ ਚੋਰੀ ਚੋਰੀ ਪਿਆਰ ਕਰੇ ਕਿ ਮੰਗੂ ਨੂੰ ਵੀ ਪਤਾ ਨਾਂ ਲੱਗੇ। ਪਰ ਲੱਖ ਕੋਸ਼ਿਸ਼ਾਂ ਦੇ ਬਾਵਯੂਦ ਉਹ ਇਹ ਭੇਦ ਛੁਪਾ ਨਾਂ ਸਕੀ। ਇੱਕ ਦਿਨ ਪੜ੍ਹਾਉਣ ਵੇਲੇ ਜਦੋਂ ਫਾਤਮਾਂ ਨੇ ਮੰਗੂ ਨੂੰ ਕਈ ਵਾਰ ਗਹੁ ਨਾਲ ਤੱਕਿਆ, ਤਾਂ ਮੰਗੂ ਨੇ ਪੁੱਛਿਆ,"ਨੀ ਫੱਤੋ, ਕੀ ਵੇਂਹਨੀ ਏਂ"? ਫੱਤੋ ਨੇ ਕਿਹਾ,"ਵੇ ਅੜਿਆ, ਤੂੰ ਮੈਨੂੰ ਬੜ੍ਹਾ ਸੋਹਣਾ ਲਗਦੈਂ"। ਮੰਗੂ ਥ੍ਹੋੜਾ ਜਿਹਾ ਹੱਸਿਆ ਤੇ ਉਸਨੇ ਸੰਗਦੇ ਹੋਏ ਨੇ ਨੀਵੀਂ ਪਾ ਲਈ। ਫਾਤਮਾਂ ਨੇ ਕਿਹਾ,"ਮੇਰੀ ਇੱਕ ਗੱਲ ਮੰਨੇਗਾ"? ਮੰਗੂ ਨੇ ਕਿਹਾ,"ਦੱਸ"। ਫਾਤਮਾਂ ਨੇ ਕਿਹਾ,"ਐਥੇ ਅੱਖਾਂ ਮੀਟ ਕੇ ਬਹਿ ਜਾ"। "ਕਿਉਂ"? ਮੰਗੂ ਨੇ ਹੈਰਾਨ ਹੋਕੇ ਪੁੱਛਿਆ। ਫਾਤਮਾਂ ਨੇ ਸੰਗਦੀ ਹੋਈ ਨੇ ਕਿਹਾ,"ਪਰਸੋਂ ਮੈਂ ਆਪਣੇ ਪਿੰਡ ਚਲੇ ਜਾਣਾ ਏ। ਜਾਣ ਤੋਂ ਪਹਿਲੋਂ ਮੈਂ ਤੈਨੂੰ ਇੱਕ ਪਲ ਦਿਲ ਭਰਕੇ ਵੇਖਣਾ ਚਹੁੰਦੀ ਆਂ"। ਮੰਗੂ ਅੱਖਾਂ ਮੀਟ ਕੇ ਪਲੰਘ 'ਤੇ ਬੈਠ ਗਿਆ। ਜਦੋਂ 5 ਕੁ ਮਿੰਟਾਂ ਪਿਛੋਂ ਉਸਨੇ ਅੱਖਾਂ ਖੋਲ੍ਹੀਆਂ, ਫਾਤਮਾਂ ਉੱਥੇ ਨਹੀਂ ਸੀ। ਮੰਗੂ ਦੌੜ ਕੇ ਫਾਤਮਾਂ ਦੇ ਘਰ ਗਿਆ ਅਤੇ ਵੇਹੜੇ 'ਚ ਬੈਠੀ ਨੂੰ ਪੁੱਛਿਆ,"ਨੀ ਤੂੰ ਦੌੜ ਕਿਉਂ ਆਈ ਸੈਂ"? ਫਾਤਮਾਂ ਨੇ ਸਹਿਜੇ ਜਿਹੇ ਉਸਦੇ ਕੰਨ 'ਚ ਕਿਹਾ,"ਮੈਂ ਡਰ ਗਈ ਸਾਂ ਪਈ ਐਨੀ ਖੁਸ਼ੀ 'ਚ ਕਿਤੇ ਪਾਗਲ ਹੀ ਨਾਂ ਹੋ ਜਾਵਾਂ"। ਮੰਗੂ ਨੇ ਹੱਸਦਿਆਂ ਹੋਇਆਂ ਫਾਤਮਾਂ ਦੇ ਮੋਢੇ 'ਤੇ ਧੱਫਾ ਜਿਹਾ ਮਾਰਿਆ ਅਤੇ ਕਿਹਾ,"ਜਾਹ, ਝੱਲੀ ਕਿਸੇ ਥਾਂ ਦੀ"। ਤੀਸਰੇ ਦਿਨ ਜਦੋਂ ਫਾਤਮਾਂ ਆਪਣੇ ਪਿੰਡ ਨੂੰ ਜਾਣ ਲੱਗੀ ਤਾਂ ਨੰਬਰਦਾਰਨੀ ਨੇ ਉਸਨੂੰ ਇੱਕ ਸੋਹਣਾ ਜਿਹਾ ਸੂਟ ਅਤੇ ਖੋਏ ਦੀ ਪੀਪੀ ਭਰਕੇ ਦਿੱਤੀ ਅਤੇ ਫਿਰ ਜਲਦੀ ਅਉਣ ਦੀ ਤਕੀਦ ਕੀਤੀ। ਜਾਣ ਲੱਗਿਆਂ ਫਾਤਮਾਂ ਖੁਸ਼ੀਆਂ ਅਤੇ ਮਿਠੀਆਂ ਯਾਦਾਂ ਦੀ ਇੱਕ ਵੱਡੀ ਪੰਡ ਸਿਰ 'ਤੇ ਚੁੱਕ ਕੇ ਆਪਣੇ ਨਾਲ ਲੈ ਗਈ।

ਜਦੋਂ ਦੀ ਹੁਣ ਫਾਤਮਾਂ ਆਪਣੇ ਪਿੰਡ ਆਈ ਸੀ, ਕੁਝ ਚੁੱਪ ਚੁੱਪ ਜਿਹੀ ਰਹਿਣ ਲੱਗ ਪਈ। ਨਾਂ ਦਿਨੇ ਚੈਨ ਨਾਂ ਰਾਤ ਨੂੰ। ਕਈ ਵਾਰ ਅੱਧੀਉਂ ਵੱਧ ਰਾਤ ਬੀਤ ਜਾਂਦੀ ਪਰ ਉਸ ਦੀਆਂ ਅੱਖੀਆਂ ਦੀਆਂ ਬਰੂੰਹਾਂ 'ਚ ਪਤਾ ਨਹੀਂ ਨੀਂਦ ਕਿਉਂ ਨਾਂ ਟਪਕਦੀ? ਸਕੂਲ ਤੋਂ ਘਰ ਆਕੇ ਜਦੋਂ ਪੜ੍ਹਾਈ ਕਰਨ ਬਹਿੰਦੀ, ਕਿਤਾਬ ਸਾਹਮਣੇ ਹੁੰਦੀ, ਪਰ ਦਿਲ 'ਚ ਮੰਗੂ ਹੁੰਦਾ। ਘਰ ਕੋਈ ਖਾਸ ਕੰਮ ਵੀ ਨਹੀਂ ਸੀ ਹੁੰਦਾ। ਬਹੁਤਾ ਸਮਾਂ ਮਾਂ, ਧੀ ਅਤੇ ਛੋਟਾ ਭਰਾ ਹੀ ਘਰ ਹੁੰਦੇ ਸਨ। ਉਸਦੇ ਅੱਬੂ ਜੀ ਸੜਕਾਂ ਦੇ ਮਹਿਕਮੇ 'ਚ ਓਵਰਸੀਅਰ ਸਨ। ਛਨਿਚਰਵਾਰ ਸ਼ਾਮ ਨੂੰ ਘਰ ਅਉਂਦੇ ਅਤੇ ਸੋਮਵਾਰ ਸਵੇਰੇ ਆਪਣੇ ਕੰਮ 'ਤੇ ਚਲੇ ਜਾਂਦੇ। ਜਮੀਨ 15 ਕੁ ਏਕੜ ਸੀ ਜੋ ਆਪਣੇ ਗਵ੍ਹਾਂਢੀ ਫੌਜਾ ਸਿੰਘ ਨੂੰ ਠੇਕੇ 'ਤੇ ਦਿੱਤੀ ਸੀ ਅਤੇ ਨਾਲ ਇਹ ਵੀ ਸਮਝੌਤਾ ਹੋਇਆ ਸੀ ਕਿ ਉਹ ਮੌਕੇ ਮੁਤਾਬਕ ਕਦੀ ਕਦਾਈਂ ਗੁੜ, ਸ਼ੱਕਰ, ਗੰਨਿਆਂ ਦੀ ਰਹੁ, ਸਾਗ ਅਤੇ ਛੱਲੀਆਂ ਆਦਿ ਵੀ ਇਹਨਾਂ ਨੂੰ ਦਿਆ ਕਰਨਗੇ। ਫੌਜਾ ਸਿੰਘ ਦੀ ਘਰ ਵਾਲੀ ਫਾਤਮਾਂ ਨੂੰ ਬਹੁਤ ਪਿਆਰ ਕਰਦੀ ਸੀ ਕਿਉਂ ਕਿ ਬਚਪਨ 'ਚ ਉਸਨੇ 4-5 ਵਾਰ ਫਾਤਮਾਂ ਨੂੰ ਆਪਣਾ ਦੁੱਧ ਪਿਆਇਆ ਸੀ। ਸ਼ਾਇਦ ਉਹਨਾਂ ਦਿਨਾਂ 'ਚ ਆਪਸੀ ਮਿਲਣ ਵਰਤਣ ਐਨਾਂ ਹੁੰਦਾ ਸੀ ਕਿ ਜਾਤ ਪਾਤ ਅਤੇ ਧਰਮ ਬਾਰੇ ਕੋਈ ਘੱਟ ਹੀ ਵਿਚਾਰ ਕਰਦਾ ਸੀ। ਜਮੀਨ ਅਤੇ ਨੌਕਰੀ ਦੀ ਆਮਦਨੀ ਤੋਂ ਇਲਾਵਾ ਇਹਨਾਂ ਦਾ ਆਪਣੇ ਅਤੇ ਨਾਲ ਲਗਦੇ ਕੁਝ ਪਿੰਡਾਂ 'ਚ ਸ਼ਾਹੂਕਾਰਾ ਵੀ ਚਲਦਾ ਸੀ। ਇਸ ਤਰਾਂ ਫਾਤਮਾਂ ਹੋਰਾਂ ਦਾ ਪਰਿਵਾਰ ਪੈਸੇ ਦੇ ਪੱਖੋਂ ਕਾਫੀ ਸੌਖਾ ਸੀ।

ਜਦੋਂ ਦਸੰਬਰ ਦੇ ਮਹੀਨੇ ਵਿੱਚ ਫਾਤਮਾਂ ਦੇ ਭੂਆ ਜੀ ਦੇ ਛੋਟੇ ਪੁੱਤਰ ਦੇ ਨਿਕਾਹ ਦਾ ਸੁਨਿਆਹ ਮਿਲਿਆ ਤਾਂ ਉਸ ਦਿਨ ਤੋਂ ਹੀ ਫਾਤਮਾਂ ਦੀ ਅੱਡੀ ਭੁੰਜੇ ਨਹੀਂ ਸੀ ਲਗਦੀ। ਉਹ ਆਪਣੇ ਦਿਲ 'ਚ ਸੌ ਤਰਾਂ ਦੇ ਸੁਪਨੇ ਸਜਾਉਣ ਲੱਗ ਪਈ। ਜੇ ਅੱਜ ਉਹ ਸੋਚਦੀ ਕਿ ਜਦੋਂ ਮੰਗੂ ਮਿਲੇਗਾ ਤਾਂ ਆਹ ਗੱਲ ਕਰੂੰਗੀ, ਅਗਲੇ ਦਿਨ ਹੀ ਉਹ ਗੱਲ ਬਦਲ ਕੇ ਕੋਈ ਹੋਰ ਸੋਚ ਲੈਂਦੀ ਤੇ ਇਹ ਸਿਲਸਿਲਾ ਕਈ ਦਿਨ ਜਾਰੀ ਰਿਹਾ। ਜਿਸ ਦਿਨ ਨਿਕਾਹ ਦੀਆਂ ਰਸਮਾਂ 'ਚ ਸ਼ਾਮਲ ਹੋਣ ਲਈ ਉਹ ਸਾਰੇ ਡੇਹਰੀ ਵਾਲੇ ਪਹੁੰਚੇ ਤਾਂ ਸ਼ਾਮਾਂ ਵੇਲੇ ਕੁਝ ਖਾ ਪੀ ਕੇ ਫਾਤਮਾਂ ਕੋਈ ਬਹਾਨਾ ਜਿਹਾ ਬਣਾਕੇ ਮੰਗੂ ਦੇ ਘਰ ਆ ਗਈ। ਬਾਹਰਲੇ ਬੂਹੇ ਕੋਲ ਹੀ ਮੰਗੂ ਉਸਨੂੰ ਮਿਲ ਪਿਆ। ਉਹ ਇੱਕ ਦੰਮ ਹੈਰਾਨ ਜਿਹਾ ਹੋ ਗਿਆ ਤੇ ਪੁੱਛਿਆ,"ਨੀ ਫੱਤੋ, ਤੂੰ ਕਦੋਂ ਆਈ"? ਫੱਤੋ ਨੇ ਉਸ ਵੱਲ ਤੱਕਦਿਆਂ ਹੱਸਦੀ ਹੋਈ ਨੇ ਕਿਹਾ,"ਅਜੇ ਹੁਣੇ ਈ ਆਏਂ ਆਂ"। ਇਸ ਤੋਂ ਪਹਿਲਾਂ ਕਿ ਮੰਗੂ ਕੁਝ ਪੁੱਛਦਾ, ਫਾਤਮਾਂ ਨੇ ਹੌਲੀ ਜਿਹੀ ਉਸਦੇ ਕੋਲ ਹੋਕੇ ਪੁੱਛਿਆ,"ਵੇ ਅੜਿਆ, ਤੈਨੂੰ ਕਦੇ ਮੇਰੀ ਯਾਦ ਆਈ ਸੀ ਕਿ ਨਹੀਂ"? ਮੰਗੂ ਦਾ ਗਲਾ ਭਰ ਆਇਆ ਤੇ ਉਸਨੇ ਥਿੜਕਵੀਂ ਜਿਹੀ ਆਵਾਜ 'ਚ ਕਿਹਾ,"ਨੀ ਤੂੰ ਇਹ ਗੱਲ ਕਿਵੇਂ ਕਹਿ ਦਿੱਤੀ? ਮੇਰੀ ਤਾਂ ਜਾਨ ਹੀ ਤੇਰੇ ਕਰਕੇ ਬਚੀ ਸੀ। ਜੇ ਤੂੰ ਉਸ ਦਿਨ ਛੱਪੜ ਦੇ ਕੋਲ ਰੌਲਾ ਨਾਂ ਪਉਂਦੀ, ਤਾਂ ਮੈਂ ਹੁਣ ਤੱਕ ਮਰ ---"। ਇੱਕ ਦੰਮ ਫਾਤਮਾਂ ਨੇ ਮੰਗੂ ਦੇ ਮੂੰਹ ਅੱਗੇ ਹੱਥ ਰੱਖ ਦਿੱਤਾ ਤੇ ਬੋਲੀ,"ਐਵੇਂ ਛਦਾਈ ਨਹੀਂ ਬਣੀਦਾ, ਜਿੰਦਗੀ ਤਾਂ ਅੱਲਾ ਦੀ ਦੇਣ ਆ"। ਫਿਰ ਉਹ ਸਿੱਧੀ ਨੰਬਰਦਾਰਨੀ ਦੇ ਕੋਲ ਗਈ ਤੇ ਉਸਦੇ ਪੈਰੀਂ ਹੱਥ ਲਾਇਆ। ਉਸੇ ਵੇਲੇ ਸ਼ਹਿਰ ਤੋਂ ਨੰਬਰਦਾਰ ਆ ਗਿਆ ਤੇ ਉੱਚੀ ਸਾਰੀ ਬੋਲਿਆ,"ਭਾਗਵਾਨੇ, ਵਧਾਈ ਹੋਵੇ, ਮੁਕੱਦਮਾ ਸਾਡੇ ਹੱਕ 'ਚ ਹੋ ਗਿਆ ਅਤੇ ਅਸੀਂ ਜਿੱਤ ਗਏ"। ਹੈਰਾਨ ਜਿਹੀ ਹੋਈ ਨੰਬਰਦਾਰਨੀ ਨੇ ਕਿਹਾ,"ਵੇਖ ਲਉ, ਅੱਜ ਫਿਰ ਮੇਰੀ ਕਰਮਾਂ ਵਾਲੀ ਫੱਤੋ ਮੇਰੇ ਘਰ ਖੁਸ਼ੀਆਂ ਲੈ ਕੇ ਆਈ ਜੇ"। ਤੇ ਉਸਨੇ ਫਾਤਮਾਂ ਨੂੰ ਆਪਣੀ ਛਾਤੀ ਨਾਲ ਲਾਕੇ ਸਿਰ 'ਤੇ ਪਿਆਰ ਦਿਤਾ। ਫਾਤਮਾਂ ਨੇ ਇੱਕ ਦੰਮ ਆਪਣੇ ਦਿਲ ਨੂੰ ਪੁੱਛਿਆ,"ਕੀ ਮੈਂ ਵਾਕਿਆ ਹੀ ਕਰਮਾਂ ਵਾਲੀ ਆਂ"? ਦਿਲ ਨੇ ਵੀ ਹਾਮੀ ਭਰ ਦਿੱਤੀ,"ਹਾਂ ਨੀ ਫੱਤੋ, ਤੂੰ ਵਾਕਿਆ ਹੀ ਕਰਮਾਂ ਵਾਲੀ ਏਂ"।

ਲੜਕੇ ਦੇ ਨਿਕਾਹ ਮੌਕੇ ਨਜੀਰਾਂ ਵੱਲੋਂ ਨੰਬਰਦਾਰ ਦੇ ਪਰਿਵਾਰ ਨੂੰ 'ਚੁੱਲ੍ਹੇ ਨੇਂਦ' ਦਾ ਨਿਉਤਾ ਸੀ ਅਤੇ ਉਹਨਾਂ ਨੇ ਤਿੰਨ ਕੁ ਦਿਨ ਨਜੀਰਾਂ ਦੇ ਘਰੋਂ ਹੀ ਖਾਧਾ ਪੀਤਾ। ਕੰਮ ਕਾਜ 'ਚ ਉਹਨਾਂ ਦੀ ਮਦਦ ਕਰਨ ਲਈ ਮੰਗੂ ਹੋਰੀਂ ਸਾਰੇ ਜਣੇ ਨਜੀਰਾਂ ਦੇ ਘਰ ਹੀ ਰਹੇ। ਚਾਰ ਕੁ ਦਿਨਾਂ ਪਿਛੋਂ ਜਦੋਂ ਫਾਤਮਾਂ ਹੋਰੀਂ ਆਪਣੇ ਪਿੰਡ ਵਾਪਸ ਜਾਣ ਲੱਗੇ ਤਾਂ ਸੰਗਦੇ ਸੰਗਦੇ ਮੰਗੂ ਨੇ ਪੁੱਛਿਆ,"ਨੀ ਫੱਤੋ, ਫਿਰ ਕਦੋਂ ਆਏਂਗੀ"? ਫਾਤਮਾਂ ਨੇ ਹੱਸਕੇ ਕਿਹਾ,"ਜੇ ਕਹੇਂ, ਤਾਂ ਮੈਂ ਐਥੇ ਈ ਰਹਿ ਪਵਾਂ"? ਫਾਤਮਾਂ ਨੇ ਤਾਂ ਐਵੇਂ ਝੂਠੀ ਮੂਠੀ ਹੀ ਕਿਹਾ ਸੀ ਪਰ ਮੰਗੂ ਨੇ ਸੱਚ ਮੰਨ ਲਿਆ ਤੇ ਕਿਹਾ,"ਮੇਰਾ ਦਿਲ ਕਰਦੈ ਤੂੰ ਐਥੇ ਹੀ ਰਹਿ"। ਫਾਤਮਾਂ ਗੱਲ ਕਰਕੇ ਫਸ ਗਈ ਤੇ ਉਸਨੇ ਮੰਗੂ ਦਾ ਹੱਥ ਫੜ੍ਹ ਕੇ ਹਾੜਾ ਜਿਹਾ ਪਾਇਆ,"ਵੇ ਅੜਿਆ, ਹੁਣ ਮੈਨੂੰ ਜਾ ਲੈਣਦੈ। ਪੱਕੇ ਇਮਤਿਹਾਨਾਂ ਪਿਛੋਂ ਮੈਂ ਫਿਰ ਆਊਂਗੀ, ਫਿਰ ਭਾਵੇਂ ਜਿੰਨਾ ਚਿਰ ਕਹੇਂਗਾ, ਰਹਿ ਪਊਂਗੀ"। ਤੇ ਉਹ ਵਾਅਦਾ ਕਰਕੇ ਆਪਣੇ ਪਿੰਡ ਚਲੇ ਗਈ।

ਫਾਤਮਾਂ ਅਤੇ ਮੰਗੂ ਦੇ ਸਤਵੀਂ ਜਮਾਤ ਦੇ ਇਮਤਿਹਾਨ ਹੋਏ ਅਤੇ ਉਹ ਦੋਵੇਂ ਪਾਸ ਹੋ ਗਏ। ਫਾਤਮਾਂ ਨੇ ਇਸ ਵਾਰ ਫਿਰ ਭੂਆ ਕੋਲ ਜਾਣ ਵਾਸਤੇ ਅੰਮੀ ਨੂੰ ਕਿਹਾ ਪਰ ਉਸਨੇ ਇਹ ਕਹਿਕੇ ਨਾਂਹ ਕਰ ਦਿੱਤੀ ਕਿ ਇਸ ਵਾਰ ਉਹ ਸਾਰੇ ਜਣੇ ਨਿੱਕੀ ਭੂਆ ਕੋਲ ਮਰ੍ਹੜ (ਸ਼ੇਖੂਪੁਰ ਦੇ ਕੋਲ) ਜਾ ਰਹੇ ਨੇ। ਫਾਤਮਾਂ ਤਾਂ ਕਈ ਮਹੀਨਿਆਂ ਤੋਂ ਉਡੀਕ ਰਹੀ ਸੀ ਕਿ ਕਦੋਂ ਉਸਦੇ ਇਮਤਿਹਾਨ ਖਤਮ ਹੋਣ ਤੇ ਕਦੋਂ ਉਹ ਮੰਗੂ ਕੋਲ ਡੇਹਰੀਵਾਲੇ ਜਾਵੇਗੀ। ਉਸਦੇ ਬਾਰ ਬਾਰ ਕਹਿਣ ਤੇ ਫਿਰ ਇਹੋ ਫੈਸਲਾ ਹੋਇਆ ਕਿ ਮਰ੍ਹੜ ਜਾਣ ਲੱਗੇ ਉਹ ਫਾਤਮਾਂ ਨੂੰ ਡੇਹਰੀਵਾਲੇ ਛੱਡ ਜਾਣਗੇ।

ਪਿਆਰ 'ਚ ਸਿਰ ਤੋਂ ਪੈਰਾਂ ਤੱਕ ਭਿੱਜੀ ਫਾਤਮਾਂ ਹੁਣ ਫਿਰ ਮੰਗੂ ਦੇ ਪਿੰਡ ਆ ਗਈ। ਅਉਣ ਲੱਗਿਆਂ ਕਾਫੀ ਹਨੇਰਾ ਹੋ ਗਿਆ ਸੀ। ਰੋਟੀ ਪਾਣੀ ਖਾਕੇ ਰਾਤ ਬਿਸਤਰੇ 'ਤੇ ਲੰਮੀ ਤਾਂ ਪੈ ਗਈ ਪਰ ਨੀਂਦ ਕਿਥੋਂ ਆਵੇ? ਬੱਸ, ਖਿਆਲਾਂ 'ਚ ਡੁੱਬ ਗਈ ਪਈ ਜਦੋਂ ਮੰਗੂ ਕੱਲ ਮਿਲੇਗਾ ਮੈਂ ਆਹ ਕਹੂੰਗੀ, ਉਹ ਆਹ ਕਹੂਗਾ, ਫਿਰ ਮੈਂ ਉਸਨੂੰ ਆਹ ਗੱਲ ਪੁੱਛਾਂਗੀ ਤੇ ਉਹ ਆਹ ਉਤਰ ਦੇਵੇਗਾ ਤੇ ਇਹੋ ਸੋਚਾਂ ਸੋਚਦੀ ਦੀ ਉਸਦੀ ਅੱਖ ਲੱਗ ਗਈ। ਅਗਲਾ ਦਿਨ ਚੜ੍ਹਿਆ ਤੇ ਕੁਝ ਚਿਰ ਬਾਅਦ ਕੋਈ ਬਹਾਨਾ ਲਗਾ ਕੇ ਉਹ ਮੰਗੂ ਦੇ ਘਰ ਨੂੰ ਦੌੜ ਗਈ। ਮਾਸੀ ਨੂੰ ਮੱਥਾ ਟੇਕਿਆ ਅਤੇ ਐਧਰ ਔਧਰ ਵੇਖਿਆ ਪਰ ਮੰਗੂ ਕਿਤੇ ਨਜਰ ਨਾਂ ਆਇਆ। ਫਾਤਮਾਂ ਦੀ ਪਰੇਸ਼ਾਨੀ ਮਾਸੀ ਨੇ ਹੀ ਦੂਰ ਕਰ ਦਿੱਤੀ,"ਨੀ ਫਾਤਮਾਂ, ਚੰਗਾ ਹੋਇਆ ਤੂੰ ਆ ਗਈ। ਆ ਆਪਾਂ ਮੰਗੂ ਦੇ ਭਾਪੇ ਹੋਰਾਂ ਦੀ ਰੋਟੀ ਲੈਕੇ ਖੇਤਾਂ ਨੂੰ ਚੱਲੀਏ। ਰੋਟੀਆਂ ਮੈਂ ਚੁੱਕ ਲੈਂਨੀ ਆਂ ਤੇ ਲੱਸੀ ਤੂੰ ਫੜ੍ਹ ਲੈ"। ਬਾਹਰ ਜਾਣ ਲੱਗਿਆਂ ਫਾਤਮਾਂ ਐਨੀ ਖੁਸ਼ ਸੀ ਕਿ ਉਸਦੀ ਅੱਡੀ ਭੁੰਜੇ ਨਹੀਂ ਸੀ ਲੱਗ ਰਹੀ। ਖੇਤਾਂ 'ਚ ਪਹੁੰਚ ਕੇ ਕਿੱਕਰ ਦੇ ਰੁੱਖ ਹੇਠਾਂ ਨੰਬਰਦਾਰਨੀ ਜਦੋਂ ਰੋਟੀਆਂ ਵਰਤਾਉਣ ਲੱਗੀ ਤਾਂ ਉਸਨੇ ਇੱਕ ਕੌਲੀ ਫਾਤਮਾਂ ਨੂੰ ਫੜਾਉਂਦੇ ਹੋਏ ਕਿਹਾ,"ਲੈ ਆਹ ਚੂਰੀ ਵਾਲੀ ਕੌਲੀ ਮੰਗੂ ਨੂੰ ਦੇ ਦੇਹ"। ਉਹ ਕੌਲੀ ਮੰਗੂ ਨੂੰ ਫੜਾਉਂਦੇ ਹੋਏ ਫਾਤਮਾਂ ਨੂੰ ਜਾਪਿਆ ਜਿਵੇਂ ਹੀਰ ਆਪਣੇ ਰਾਂਝੇ ਨੂੰ ਚੂਰੀ ਖਵਾਉਣ ਲਈ ਇਸ ਜੰਗਲ ਬੇਲੇ 'ਚ ਆਈ ਹੋਵੇ।

ਘਰ ਆਕੇ ਨੰਬਰਦਾਰਨੀ ਨੇ ਫਾਤਮਾਂ ਨੂੰ ਕਿਹਾ,"ਨੀ ਧੀਏ, ਪਹਿਲੀ ਚੰਗੇਰ ਬਹੁਤ ਸੋਹਣੀ ਸੀ, ਇੱਕ ਚੰਗੇਰ ਹੋਰ ਬਣਾ ਦੇ"। ਤੀਸਰੇ ਦਿਨ ਜਦੋਂ ਚੰਗੇਰ ਬਣ ਗਈ ਤਾਂ ਮੰਗੂ ਨੇ ਚੰਗੇਰ ਵੇਖ ਕੇ ਕਿਹਾ,"ਨੀ ਫੱਤੋ, ਆਹ ਚੰਗੇਰ ਤਾਂ ਬਹੁਤ ਹੀ ਸੋਹਣੀ ਏਂ, ਮੈਂ ਰੱਖ ਲਵਾਂ"? 'ਸੋਹਣੀ' ਲਫਜ ਮੰਗੂ ਨੇ ਐਨਾ ਘਰੋੜ ਕੇ ਕਿਹਾ ਕਿ ਫਾਤਮਾਂ ਦਾ ਰੋਮ ਰੋਮ ਖੁਸ਼ ਹੋ ਗਿਆ ਤੇ ਉਸਨੇ ਹੱਸਕੇ ਕਿਹਾ,"ਤੂੰ ਇੱਕ ਮਿੰਟ ਠਹਿਰ"। ਫਾਤਮਾਂ ਨੇ ਨੀਲਾ ਅਤੇ ਲਾਲ ਰੰਗ ਦੇ ਧਾਗੇ ਮਿਲਾ ਕੇ ਸੂਈ ਨਾਲ ਉਸ ਚੰਗੇਰ ਉੱਤੇ 'ਫ' ਅਤੇ 'ਮ' ਲਫਜਾਂ ਦੀ ਕਢਾਈ ਕਰ ਦਿੱਤੀ ਅਤੇ ਮੰਗੂ ਦੀਆਂ ਅੱਖਾਂ ਚ ਅੱਖਾਂ ਪਾਕੇ ਕਿਹਾ,"ਆਹ ਲੈ, ਇਸਨੂੰ ਸਾਂਭ ਕੇ ਰੱਖੀਂ"। ਮੰਗੂ ਨੇ ਉਹ ਚੰਗੇਰ ਘੁੱਟ ਕੇ ਫੜ੍ਹ ਲਈ। ਉਸਨੂੰ ਜਾਪਿਆ ਜਿਵੇਂ ਕਿਸੇ ਨੇ ਕੋਈ ਬਹੁਤ ਵੱਡੀ ਜਗੀਰ ਉਸਦੇ ਹੱਥ 'ਚ ਫੜਾ ਦਿੱਤੀ ਹੋਵੇ। ਹਾਲਾਂ ਕਿ ਫਾਤਮਾਂ ਦੀ ਭੂਆ ਨੇ ਉਸਨੂੰ ਕਿਹਾ ਸੀ ਪਈ ਬਗੈਰ ਕਿਸੇ ਕੰਮ ਤੋਂ ਕਿਸੇ ਦੇ ਘਰ ਜਾਣਾ ਚੰਗਾ ਨਹੀਂ ਲਗਦਾ, ਪਰ ਫਾਤਮਾਂ ਲਈ ਪਿਆਰ ਦਾ ਹਰ ਇੱਕ ਪਲ ਬਹੁਤ ਕੀਮਤੀ ਸੀ। ਇਸ ਵਾਸਤੇ ਉਹ ਕੋਈ ਨਾਂ ਕੋਈ ਬਹਾਨਾ ਬਣਾਕੇ ਮੰਗੂ ਦੇ ਘਰ ਰੋਜ ਦੇ 1-2 ਚੱਕਰ ਮਾਰ ਅਉਂਦੀ।

ਇਕ ਦਿਨ ਨੰਬਰਦਾਰਨੀ ਅਤੇ ਨਜੀਰਾਂ ਅੰਦਰ ਦਰੀ ਬੁਣ ਰਹੀਆ ਸਨ ਅਤੇ ਨਾਲੇ ਗੱਲਾਂ ਕਰ ਰਹੀਆਂ ਸਨ ਅਤੇ ਫਾਤਮਾਂ ਬਾਹਰ ਨਿੱਮ ਦੇ ਰੁੱਖ ਹੇਠਾਂ ਚਾਦਰ 'ਤੇ ਕਸੀਦਾ ਕੱਢ ਰਹੀ ਸੀ। ਫਾਤਮਾਂ ਦਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਪੈ ਗਿਆ। ਚੋਰੀਂ ਚੋਰੀਂ ਗੱਲਾਂ ਸੁਨਣ ਦਾ ਚਸਕਾ ਭਲਾ ਕਿਹਨੂੰ ਨਹੀਂ ਹੁੰਦਾ? ਗੱਲਾਂ ਗੱਲਾਂ 'ਚ ਨੰਬਰਦਾਰਨੀ ਨੇ ਕਿਹਾ,"ਨੀ ਭੈਣਾਂ, ਮੈਨੂੰ ਫਾਤਮਾਂ ਬਹੁਤ ਪਿਆਰੀ ਲਗਦੀ ਏ, ਜੇ ਤੁਸੀਂ ਮੁਸਲਮਾਨ ਨਾਂ ਹੁੰਦੇ ਤਾਂ ਮੈਂ ਮੰਗੂ ਦਾ ਰਿਸ਼ਤਾ ਫੱਤੋ ਨਾਲ ਜਰੂਰ ਕਰ ਦੇਣਾ ਸੀ"। ਫਾਤਮਾਂ ਦੀ ਚੀਕ ਜਿਹੀ ਨਿਕਲ ਗਈ। ਉਹ ਚਾਦਰ ਉੱਥੇ ਹੀ ਛੱਡ ਕੇ ਆਪਣੇ ਘਰ ਨੂੰ ਦੌੜ ਗਈ ਅਤੇ ਵੇਹੜੇ 'ਚ ਡਿੱਠੇ ਮੰਜੇ 'ਤੇ ਡਿਗ ਕੇ ਰੋਣ ਲੱਗ ਪਈ। ਉਸਦੇ ਮਨ 'ਚ ਇੱਕ ਖਿਆਲ ਆਏ ਤੇ ਇੱਕ ਜਾਏ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਗਿਆ? ਕੀ ਨੰਬਰਦਾਰਨੀ ਦਾ ਬਾਰ ਬਾਰ ਇਹ ਕਹਿਣਾ ਕਿ 'ਇਹ ਤਾਂ ਮੇਰੀ ਕਰਮਾਂ ਵਾਲੀ ਫੱਤੋ ਏ' ਮੈਨੂੰ ਬੁੱਧੂ ਬਨਾਉਣਾ ਹੀ ਸੀ? ਉਸਦੇ ਮਨ 'ਚ ਬਾਰ ਬਾਰ ਇਹ ਸਵਾਲ ਉੱਠ ਰਿਹਾ ਸੀ ਕਿ ਕੀ ਮੁਸਲਮਾਨ ਹੋਣਾ ਕੋਈ ਗੁਨਾਹ ਹੈ ਜਾਂ ਬਹੁਤੇ ਸਿੱਖ ਅਤੇ ਹਿੰਦੂ ਮੁਸਲਮਾਨਾਂ ਨਾਲ ਘਿਰਣਾ ਕਿਉਂ ਕਰਦੇ ਹਨ? ਅਸਾਂ ਤਾਂ ਇਹਨਾਂ ਦਾ ਕੁਝ ਨਹੀਂ ਵਿਗਾੜਿਆ। ਉਸ ਦੇ ਮਨ 'ਚ ਹੁਣ ਉਹ ਸਾਰੀਆਂ ਗੱਲਾਂ ਘੁੰਮਣ ਲਗ ਪਈਆਂ ਜੋ ਉਸਨੇ ਲੋਕਾਂ ਕੋਲੋਂ ਸੁਣੀਆਂ ਜਾਂ ਕਿਤਾਬਾਂ 'ਚ ਪੜੀ੍ਹਆਂ ਸਨ ਜਿਵੇਂ ਮੁਗਲ ਬਾਦਸ਼ਾਹਾਂ ਦਾ ਸਿੱਖਾਂ ਦੇ ਗੁਰੂਆਂ ਨੂੰ ਤਸੀਹੇ ਦੇਕੇ ਕਤਲ ਕਰਨਾਂ, ਮੀਰ ਮੰਨੂ ਅਤੇ ਅਬਦਾਲੀ ਨੇ ਘੱਲੂਘਾਰੇ 'ਚ ਹਜਾਰਾਂ ਸਿੱਖਾਂ ਦਾ ਕਤਲੇਆਮ ਕਰਨਾ। ਉਸਨੇ ਇਹ ਵੀ ਪੜ੍ਹਿਆ ਸੀ ਕਿ ਸਿੱਖਾਂ ਦੇ ਛੇਵੇਂ ਅਤੇ ਦਸਵੇਂ ਗੁਰੂਆਂ ਨੇ ਲੜਾਈਆਂ 'ਚ ਕਈ ਮੁਸਲਮਾਨ ਮਾਰੇ ਸਨ ਅਤੇ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ। ਪਰ ਇਹਨਾਂ ਸਾਰੀਆਂ ਲੜਾਈਆਂ 'ਚ ਨੁਕਸਾਨ ਤਾਂ ਦੋਹਾਂ ਪਾਸਿਆਂ ਦਾ ਹੋਇਆ ਸੀ। ਉਹ ਵੱਖਰੀ ਗੱਲ ਹੈ ਕਿ ਕਿਸੇ ਦਾ ਘੱਟ ਅਤੇ ਕਿਸੇ ਦਾ ਵੱਧ। ਉਸਦੇ ਅੱਬਾ ਜੀ ਨੇ ਤਾਂ ਇਹ ਵੀ ਦੱਸਿਆ ਸੀ ਕਿ ਔਰੰਗਜ਼ੇਬ ਨੇ ਸਿੱਖਾਂ ਅਤੇ ਹਿੰਦੂਆਂ ਨਾਲੋਂ ਕਿਤੇ ਵੱਧ ਸ਼ੀਆ ਮੁਸਲਮਾਨਾਂ, ਜੋ ਸੁੰਨੀ ਧਰਮ ਕਬੂਲ ਨਹੀਂ ਸਨ ਕਰਦੇ, ਦਾ ਕਤਲ ਕਰਵਾ ਦਿਤਾ ਸੀ। ਰੋਂਦੀ ਰੋਂਦੀ ਨੂੰ ਪਤਾ ਨਹੀਂ ਕਿਸ ਵੇਲੇ ਨੀਂਦ ਆ ਗਈ।

ਜਦੋਂ ਫਾਤਮਾਂ ਦੀ ਭੂਆ ਘਰ ਆਈ ਤਾਂ ਉਸਦੀ ਨੂੰਹ ਨੇ ਉਸਨੂੰ ਕਿਹਾ,"ਅੰਮੀ ਜਾਨ, ਅੱਜ ਫਾਤਮਾਂ ਰੋਂਦੀ ਰੋਂਦੀ ਘਰ ਆਈ ਸੀ। ਮੈਂ ਇਸਨੂੰ ਬਹੁਤ ਪੁੱਛਿਆ ਪਰ ਇਸਨੇ ਕੁਝ ਨਹੀਂ ਦੱਸਿਆ"। ਭੂਆ ਨੇ ਉਸਨੂੰ ਉਠਾਇਆ ਅਤੇ ਪੁੱਛਿਆ,"ਧੀਏ, ਕੀ ਗੱਲ ਹੋ ਗਈ, ਰੋਂਦੀ ਕਿਉਂ ਸੈਂ"? ਫਾਤਮਾਂ ਪਹਿਲੋਂ ਤਾਂ ਕੁਝ ਨਾਂ ਬੋਲੀ ਪਰ ਬਾਰ ਬਾਰ ਪੁੱਛਣ ਤੇ ਡੁਸਕਦੀ ਹੋਈ ਨੇ ਪੁੱਛਿਆ,"ਭੂਆ ਜੀ, ਮੁਸਲਮਾਨ ਹੋਣਾਂ ਕੋਈ ਗੁਨਾਂਹ ਏ"? ਭੂਆ ਕਿਹੜੀ ਬੱਚੀ ਸੀ। ਉਸਨੂੰ ਉਸੇ ਵੇਲੇ ਨੰਬਰਦਾਰਨੀ ਦੀ ਕਹੀ ਗੱਲ ਚੇਤੇ ਆ ਗਈ ਅਤੇ ਉਸਨੇ ਗੱਲ ਟਾਲਦੀ ਹੋਈ ਨੇ ਕਿਹਾ,"ਧੀਏ, ਮੁਸਲਮਾਨ ਵੀ ਤਾਂ ਆਪਣੇ ਬੱਚਿਆਂ ਦੇ ਨਿਕਾਹ ਸਿੱਖਾਂ ਜਾਂ ਹਿੰਦੂਆਂ ਦੇ ਘਰ ਨਹੀਂ ਕਰਦੇ"। ਫਾਤਮਾਂ ਨੇ ਉਸੇ ਵੇਲੇ ਪੁੱਛਿਆ,"ਭੂਆ ਜੀ, ਕਿਉਂ"? ਭੂਆ ਨੇ ਉੱਤਰ ਦਿੱਤਾ,"ਧੀਏ, ਤੂੰ ਅਜੇ ਨਿੱਕੀ ਏਂ, ਵੱਡੀ ਹੋਵੇਂਗੀ ਤਾਂ ਆਪੇ ਸਮਝ ਜਾਵੇਂਗੀ"। ਫਾਤਮਾਂ ਚੁੱਪ ਤਾਂ ਕਰ ਗਈ ਪਰ ਉਸਨੂੰ ਇਸ ਜਵਾਬ ਨਾਲ ਤਸੱਲੀ ਨਾਂ ਹੋਈ। ਉਸੇ ਵੇਲੇ ਦੌੜਦਾ ਹੋਇਆ ਮੰਗੂ ਆ ਗਿਆ ਤੇ ਉਸਨੇ ਪੁੱਛਿਆ,"ਨੀ ਫੱਤੋ, ਤੂੰ ਅੱਜ ਘਰ ਕਿਉਂ ਨਹੀਂ ਆਈ"? ਫਾਤਮਾਂ ਨੇ ਇੱਕ ਪਲ ਮੰਗੂ ਵੱਲ ਤੱਕਿਆ ਤੇ ਉਸ ਦੀ ਚੀਕ ਨਿਕਲ ਗਈ। ਮੰਗੂ ਨੂੰ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਉਸਨੇ ਥਿੜਕਦੀ ਜਿਹੀ ਅਵਾਜ 'ਚ ਪੁੱਛਿਆ,"ਤੂੰ ਰੋਂਦੀ ਕਿਉਂ ਏਂ"? ਫਾਤਮਾਂ ਨੇ ਨੀਵੀਂ ਪਾਈ ਰੱਖੀ ਤੇ ਕੁਝ ਨਾਂ ਬੋਲੀ। ਮੰਗੂ ਦੀਆਂ ਅੱਖਾਂ 'ਚ ਵੀ ਅੱਥਰੂ ਆ ਗਏ। ਵੇਲਾ ਸੰਭਾਲਦੀ ਹੋਈ ਭੂਆ ਨੇ ਮੰਗੂ ਨੂੰ ਦਲਾਸਾ ਦਿੰਦੇ ਹੋਏ ਕਿਹਾ,"ਪੁੱਤ, ਗੱਲ ਤਾਂ ਕੁਝ ਵੀ ਨਹੀਂ ਹੋਈ, ਚੁੱਪ ਕਰ, ਆ ਤੈਨੂੰ ਮੈਂ ਘਰ ਛੱਡ ਆਵਾਂ"। ਤੇ ਉਹ ਮੰਗੂ ਦੀ ਬਾਂਹ ਫੜ੍ਹ ਕੇ ਉਸਨੂੰ ਬਾਹਰ ਲੈ ਗਈ। ਜਿਸ ਪਿੰਡ ਨੂੰ ਅਉਣ ਲਈ ਫਾਤਮਾਂ ਪਲ ਪਲ ਉਡੀਕਦੀ ਸੀ, ਐਨੇ ਚਾਅ ਮਲ੍ਹਾਰ ਕਰਦੀ ਸੀ, ਅੱਜ ਉਸ ਪਿੰਡ ਤੋਂ ਉਸਨੂੰ ਘਿਰਣਾ ਜਿਹੀ ਹੋ ਗਈ। ਉਸਦਾ ਦਿਲ ਕੀਤਾ ਪਈ ਕਿਹੜਾ ਵੇਲਾ ਹੋਵੇ ਤੇ ਉਹ ਇਸ ਪਿੰਡ ਤੋਂ ਰੁਕਸਤ ਲੈ ਲਵੇ। ਪਿਆਰ ਦਾ ਬੀਜ ਜਿਹੜਾ ਉਸਨੇ ਆਪਣੇ ਦਿਲ ਵਿੱਚ ਬੀਜਿਆ ਸੀ, ਜਾਪਦਾ ਸੀ ਉਸਨੂੰ ਹੁਣ ਫੁੱਲ ਨਹੀਂ, ਕੰਡੇ ਨਿਕਲ ਆਏ ਸਨ।

ਅਗਲੇ ਦਿਨ ਮੰਗੂ ਸਵੇਰੇ ਸਵੇਰੇ ਹੀ ਫਾਤਮਾਂ ਦੇ ਘਰ ਆ ਗਿਆ। ਬਾਹਰ ਵਿਹੜੇ 'ਚ ਇਕੱਲੀ ਬੈਠੀ ਫਾਤਮਾਂ ਦੇ ਕੋਲ ਜਾਕੇ ਬੈਠ ਗਿਆ ਤੇ ਕਿਹਾ,"ਫੱਤੋ, ਤੂੰ ਕੱਲ ਮੇਰੇ ਨਾਲ ਬੋਲੀ ਨਹੀਂ ਸੈਂ, ਮੇਰੇ ਦਿਲ ਨੂੰ ਪਤਾ ਨਹੀਂ ਕੀ ਹੋ ਗਿਆ? ਤੇਰੀ ਸਹੁੰ, ਕੱਲ ਤੈਨੂੰ ਰੋਂਦੀ ਵੇਖ ਕੇ ਮੈਂ ਸਾਰੀ ਰਾਤ ਨਹੀਂ ਸੁੱਤਾ। ਜੇ ਬੀਬੀ ਨੇ ਕੁਝ ਬੋਲਿਆ ਏ ਤਾਂ ਇਸ ਵਿੱਚ ਮੇਰਾ ਤਾਂ ਕੋਈ ਕਸੂਰ ਨਹੀਂ। ਮੈਂ ਤਾਂ ਤੈਨੂੰ ਕੁਝ ਨਹੀਂ ਕਿਹਾ"। ਫਾਤਮਾਂ ਨੇ ਇੱਕ ਪਲ ਮੰਗੂ ਵੱਲ ਤੱਕਿਆ ਤੇ ਫਿਰ ਨੀਵੀਂ ਪਾਕੇ ਬੋਲੀ,"ਵੇ ਮੰਗੂ, ਕਾਹਨੂੰ ਐਵੇਂ ਝੂਠੇ ਦਿਲਾਸੇ ਦਿੰਦਾ ਏਂ, ਜਾਪਦੈ ਤੇਰਾ ਮੇਰਾ ਸੰਜੋਗ ਨਹੀਂ ਲਿਖਿਆ"। ਮੰਗੂ ਨੇ ਤਰਲਾ ਜਿਹਾ ਪਾਕੇ ਕਿਹਾ,"ਨੀ ਅੜੀਏ, ਇੰਜ ਨਾਂ ਕਹਿ। ਤੇਰੀ ਸਹੁੰ, ਮੇਰਾ ਤੇਰੇ ਬਿਨਾਂ ਦਿਲ ਨਹੀਉਂ ਲੱਗਣਾ"। ਇੱਕ ਦੂਜੇ ਨੂੰ ਦਲਾਸਾ ਦਿੰਦੇ ਦੁਪਹਿਰ ਹੋ ਗਈ। ਮੰਗੂ ਦੇ ਘਰੋਂ ਸੁਨਿਆਹ ਆਇਆ ਅਤੇ ਉਹ ਇਹ ਕਹਿੰਦੇ ਕਿ 'ਮੈਂ ਸ਼ਾਮਾਂ ਨੂੰ ਫਿਰ ਆਵਾਂਗਾ', ਆਪਣੇ ਘਰ ਚਲਿਆ ਗਿਆ। ਮੰਗੂ ਉਸ ਸ਼ਾਮ ਨੂੰ ਤਾਂ ਨਾਂ ਆਇਆ ਪਰ ਜਦੋਂ ਅਗਲੇ ਦਿਨ ਸਵੇਰੇ ਫਾਤਮਾਂ ਦੇ ਘਰ ਗਿਆ ਤਾਂ ਵੇਖਿਆ ਕਿ ਫਾਤਮਾਂ ਦੇ ਪਿਤਾ ਜੀ ਆਏ ਹੋਏ ਸਨ ਅਤੇ ਉਹ ਫਾਤਮਾਂ ਨੂੰ ਨਾਲ ਲੈਕੇ ਵਾਪਸ ਆਪਣੇ ਪਿੰਡ ਜਾਣ ਨੂੰ ਤਿਆਰ ਹੀ ਸਨ। ਮੰਗੂ ਘਬਰਾ ਗਿਆ ਅਤੇ ਉਸਨੇ ਤਰਸਦੀਆਂ ਅੱਖਾਂ ਨਾਲ ਫਾਤਮਾਂ ਵੱਲ ਵੇਖਿਆ। ਆਪਣੇ ਅੱਬਾ ਜੀ ਦੇ ਸਾਹਮਣੇ ਮੰਗੂ ਨਾਲ ਬੋਲਣ ਤੋਂ ਉਹ ਵੀ ਝਿਜਕਦੀ ਸੀ। ਮੰਗੂ ਨੇ ਕੁਝ ਹੌਸਲਾ ਕੀਤਾ ਅਤੇ ਫਾਤਮਾਂ ਦੇ ਕੋਲ ਜਾਕੇ ਪੁੱਛਿਆ,"ਫੱਤੋ, ਹੁਣ ਕਦੋਂ ਆਵੇਂਗੀ"? "ਜਦੋਂ ਅੱਲਾ ਨੇ ਚਾਹਿਆ"। ਫਾਤਮਾਂ ਨੇ ਹੌਲੀ ਜਿਹੀ ਜਵਾਬ ਦਿੱਤਾ। ਫਾਤਮਾਂ ਅਤੇ ਉਸਦੇ ਅੱਬਾ ਜੀ ਜਦੋਂ ਘਰੋਂ ਚੱਲੇ ਤਾਂ ਮੰਗੂ ਵੀ ਨਾਲ ਹੀ ਤੁਰ ਪਿਆ। ਪਿੰਡ ਦੇ ਬਾਹਰ ਜਾਕੇ ਉਹ ਖਲੋ ਗਿਆ ਅਤੇ ਜਦੋਂ ਤੱਕ ਫਾਤਮਾਂ ਉਸ ਦੀਆਂ ਅੱਖਾਂ ਤੋਂ ਦੂਰ ਨਾਂ ਹੋਈ, ਉਹ ਉਸ ਵੱਲ ਵੇਖਦਾ ਹੀ ਰਿਹਾ। ਕਿਤੇ ਕਿਤੇ ਫਾਤਮਾਂ ਵੀ ਪਿੱਛੇ ਵੱਲ ਨਿਗਾਹ ਮਾਰ ਲੈਂਦੀ ਸੀ।
ਫਾਤਮਾਂ ਦੀ ਅੰਮੀ ਨੇ ਮਹਿਸੂਸ ਕੀਤਾ ਕਿ ਜਦੋਂ ਦੀ ਉਹ ਆਪਣੀ ਭੂਆ ਦੇ ਪਿੰਡ ਤੋਂ ਆਈ ਹੈ, ਚੁੱਪ ਚਪੀਤੀ ਜਿਹੀ ਰਹਿੰਦੀ ਹੈ। ਉਸਨੇ ਇੱਕ ਦੋ ਵਾਰ ਪੁੱਿਛਆ ਵੀ, ਪਰ ਫਾਤਮਾਂ ਨੇ 'ਕੋਈ ਗੱਲ ਨਹੀਂ' ਕਹਿ ਕੇ ਗੱਲ ਟਾਲ ਦਿੱਤੀ।

ਅਸਮਾਨ 'ਚ ਇੱਕ ਕਾਲੀ ਘਟਾ ਉੱਠੀ ਅਤੇ ਦਿਨਾਂ 'ਚ ਹੀ ਉਹ ਚਾਰੇ ਪਾਸੇ ਫੈਲ ਗਈ। ਲੋਕ ਕੰਨਾਂ 'ਚ ਘੁਸਰ ਮੁਸਰ ਕਰਨ ਲੱਗ ਪਏ। ਜਿਹੜਾ ਬੰਦਾ ਵੀ ਅਖਬਾਰ ਪੜ੍ਹੇ ਜਾਂ ਜਲੰਧਰ ਸ਼ਹਿਰ ਤੋਂ ਜਾਕੇ ਆਵੇ, ਵੱਖਰੀ ਹੀ ਖਬਰ ਸੁਣਾਵਂੇ। ਮੁਸਲਮਾਨਾਂ ਦੇ ਮਨ 'ਚ ਖੜਕ ਪਈ ਕਿ ਕੁਝ ਅਨਹੋਣੀ ਹੋਣ ਵਾਲੀ ਹੈ। ਹੁਣ ਜਦੋਂ ਵੀ ਫਾਤਮਾ ਦੇ ਅੱਬਾ ਜੀ ਹਫਤੇ ਪਿੱਛੋਂ ਕੰਮ ਤੋਂ ਵਾਪਸ ਘਰ ਅਉਂਦੇ, ਜਾਂ ਤਾਂ ਚੁੱਪ ਚੁੱਪ ਰਹਿੰਦੇ ਤੇ ਜਾਂ ਕੋਈ ਭੈੜੀ ਖਬਰ ਸੁਣਾ ਦਿੰਦੇ ਅਤੇ ਘਰ 'ਚ ਸੋਗ ਜਿਹਾ ਪੈ ਜਾਂਦਾ। ਅਖੀਰ 'ਚ ਉਹ ਭੈੜੀ ਖਬਰ ਸਭਨਾਂ ਨੇ ਸੁਣ ਲਈ ਜਿਸ ਦੀ ਸਭ ਨੂੰ ਉਡੀਕ ਸੀ। ਅੰਗਰੇਜ ਸਰਕਾਰ ਨੇ ਭਾਰਤ ਨੂੰ ਅਜਾਦੀ ਤਾਂ ਦੇ ਦਿੱਤੀ, ਪਰ ਦੇਸ਼ ਦੇ ਦੋ ਟੋਟੇ ਕਰਕੇ ਇੱਕ ਵੱਖਰਾ ਦੇਸ਼ 'ਪਾਕਿਸਤਾਨ' ਬਣਾ ਦਿੱਤਾ। ਕਿਉਂ ਕਿ ਇਹ ਵੰਡ ਮਜ੍ਹਬ ਦੇ ਅਧਾਰ 'ਤੇ ਹੋਈ ਸੀ ਇਸ ਲਈ ਜ਼ਾਹਰ ਸੀ ਕਿ ਮੁਸਲਮਾਨ ਵਰਗ ਨੂੰ ਇੱਥੋਂ ਜਾਣਾ ਪੈਣਾ ਸੀ। ਫਾਤਮਾਂ ਦੇ ਅੱਬਾ ਨੇ ਘਰ ਸਲਾਹ ਕਰਕੇ ਤਕਰੀਬਨ ਇੱਕ ਸੇਰ (ਕਿਲੋ) ਸੋਨੇ ਦੇ ਗਹਿਣੇ ਜੋ ਉਧਾਰ ਵੱਜੋਂ ਦਿੱਤੇ ਪੈਸੇ ਦੇ ਇਵਜ਼ ਵਿੱਚ ਲਏ ਸਨ , ਸਾਰੇ ਪਰਨੋਟ, ਪਟਵਾਰੀ ਤੋਂ ਲਈ ਹੋਈ ਜਮੀਨ ਦੀ ਫਰਦ ਅਤੇ ਦੋਹਾਂ ਬੱਚਿਆਂ ਦੇ ਸਕੂਲ ਛੱਡਣ ਦੇ ਸਰਟੀਫੀਕੇਟ ਇੱਕ ਝੋਲੇ 'ਚ ਪਾਏ ਅਤੇ ਆਪਣੇ ਗਵਾਂਢੀ ਫੌਜਾ ਸਿੰਘ ਦੇ ਘਰ ਗਿਆ। ਫੌਜਾ ਸਿੰਘ ਨੂੰ ਝੋਲਾ ਫੜਾਉਂਦਿਆ ਉਸਦੀ ਭੁੱਬ ਨਿਕਲ ਗਈ ਅਤੇ ਡਾਡਾਂ ਮਾਰਦੇ ਨੇ ਕਿਹਾ,"ਸਰਦਾਰ ਜੀ, ਆਹ ਮੇਰੀ ਅਮਾਨਤ ਸਾਂਭ ਲਉ। ਜੇ ਅੱਲਾ ਨੇ ਚਾਹਿਆ ਤਾਂ ਇਹ ਵਾਪਸ ਲੈ ਲਊਂਗਾ, ਨਹੀਂ ਤੇ ਫਿਰ -"। ਇਸ ਤੋਂ ਅੱਗੇ ਉਹ ਬੋਲ ਨਾਂ ਸਕਿਆ।

ਘਰਾਂ ਵਿਚ ਹਿਲ-ਜੁਲ ਸ਼ੁਰੂ ਹੋ ਗਈ। ਭਾਂਵੇਂ ਬਹੁਤੇ ਸਿੱਖ ਜਾਂ ਹਿੰਦੂ ਪਰਿਵਾਰਾਂ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਯਕੀਨ ਦੁਆਇਆ ਸੀ ਕਿ ਉਹ ਉਹਨਾਂ ਨਾਲ ਕੰਧ ਬਣਕੇ ਖੜ੍ਹਣਗੇ, ਪਰ ਕਈ ਐਸੇ ਵੀ ਸਿਰ ਫਿਰੇ ਸਨ ਜੋ ਮੁਸਲਮਾਨਾਂ ਵੱਲ ਗਹਿਰੀ ਅੱਖ ਨਾਲ ਵੇਖਦੇ ਸਨ। ਹੁਣ ਕਦੀ ਐਧਰੋਂ ਖਬਰ ਆ ਜਾਣੀਂ ਕਿ ਐਸ ਪਿੰਡ 'ਚ ਫਸਾਦ ਹੋਇਆ ਅਤੇ ਐਨੇ ਮੁਸਲਮਾਨ ਮਾਰ ਦਿੱਤੇ ਗਏ ਤੇ ਕਦੀ ਲਹਿੰਦੇ ਪੰਜਾਬ 'ਚੋਂ ਖਬਰ ਆ ਜਾਣੀ ਕਿ ਉਧਰੋਂ ਅਉਂਦੇ ਕਾਫਲੇ 'ਤੇ ਹੋਏ ਹਮਲੇ 'ਚ ਐਨੇ ਸਿੱਖ ਅਤੇ ਹਿੰਦੂ ਕਤਲ ਕਰ ਦਿੱਤੇ ਗਏ। ਭਾਵੇਂ ਪੁਲੀਸ ਅਤੇ ਫੌਜ ਦੇ ਕਰਮਚਾਰੀ ਲਗਾਤਾਰ ਗਸ਼ਤਾਂ ਲਗਾਉਂਦੇ ਸਨ, ਪਰ ਕਤਲ ਦੀਆਂ ਵਾਰਦਾਤਾਂ ਵਧਦੀਆਂ ਹੀ ਗਈਆਂ। ਪਰ ਉਸ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਇਹ ਖਬਰ ਚਾਰੇ ਪਾਸੇ ਫੈਲ ਗਈ ਕਿ ਲਹਿੰਦੇ ਪੰਜਾਬ 'ਚੋਂ ਦੋ ਰੇਲ ਗੱਡੀਆਂ ਲਾਸ਼ਾਂ ਦੀਆਂ ਭਰਕੇ ਅੰਮ੍ਰਿਤਸਰ ਆਈਆਂ ਹਨ। ਬੱਸ, ਫਿਰ ਕੀ ਸੀ, ਲੋਟੂਆਂ ਅਤੇ ਕਾਤਲਾਂ ਦੇ ਟੋਲੇ ਬਣ ਗਏ। ਉਹਨਾਂ ਨੇ ਅੱਖਾਂ 'ਤੇ ਨਫਰਤ ਅਤੇ ਕੱਟੜਪੁਣੇ ਦੀ ਪੱਟੀ ਬੰ੍ਹਨ ਕੇ ਪਹਿਲੋਂ ਮੁਸਲਮਾਨਾਂ ਦੀਆਂ ਧੀਆਂ ਭੈਣਾਂ ਦੀਆਂ ਇਜ਼ਤਾਂ ਲੁੱਟੀਆਂ। ਜਿਹਨਾਂ ਮਾਵਾਂ ਦੀਆਂ ਗੋਦੀਆਂ 'ਚ ਬਹਿਕੇ ਦੁੱਧ ਪੀਤਾ ਅਤੇ ਜਵਾਨ ਹੋਏ, ਉਹਨਾਂ ਮਾਵਾਂ ਦੀਆ ਛਾਤੀਆਂ ਹੀ ਵੱਢ ਦਿੱਤੀਆਂ ਅਤੇ ਕਿਰਪਾਨਾਂ ਨਾਲ ਟੋਟੇ ਟੋਟੇ ਕਰ ਦਿੱਤੇ। ਮਾਵਾਂ ਨੇ ਜਿਸ ਖੂਹ 'ਚੋਂ ਪਾਣੀ ਕੱਢ ਕੇ ਇਹਨਾਂ ਬਾਲਾਂ ਨੂੰ ਨਵ੍ਹਾਇਆ ਸੀ, ਇਹਨਾਂ ਨੇ ਉਹਨਾਂ ਮਾਵਾਂ ਦੇ ਖੂਨ ਨਾਲ ਉਹ ਖੂਹ ਭਰ ਦਿੱਤੇ। ਜਿਹਨਾਂ ਨੂੰ ਭੈਣ ਬਣਾਕੇ ਰੱਖੜੀਆ ਬਨ੍ਹਾਈਆਂ ਸਨ, ਉਹਨਾਂ ਰੱਖੜੀਆਂ ਦੀ ਫਾਹੀ ਬਣਾਕੇ ਉਹਨਾਂ ਦੇ ਗਲ 'ਚ ਪਾ ਦਿਤੀਆਂ। ਇੱਕ ਦਿਨ ਸ਼ਾਮ ਪੈਣ ਵੇਲੇ ਫੌਜਾ ਸਿੰਘ ਖੇਤਾਂ ਤੋਂ ਆਕੇ ਅਜੇ ਰੋਟੀ ਪਾਣੀ ਖਾਕੇ ਹਟਿਆ ਹੀ ਸੀ ਕਿ ਨਾਲਦੇ ਘਰ ਚੋਂ ਚੀਕਾਂ ਦੀ ਅਵਾਜ ਸੁਣਾਈ ਦਿੱਤੀ। ਉਹ ਦੌੜ ਕੇ ਬਾਹਰ ਨਿਕਲਿਆ ਤਾਂ ਵੇਖਿਆ ਕਿ ਖਾਨ ਸਾਹਿਬ ਅਤੇ ਉਹਨਾਂ ਦੀ ਘਰ ਵਾਲੀ ਤਰਲੇ ਕੱਢ ਰਹੇ ਸਨ, ਲੇਲ੍ਹਣੀਆਂ ਕੱਢ ਰਹੇ ਸਨ ਕਿ ਜੋ ਕੁਝ ਲੈਣਾ ਹੈ, ਲੈ ਲਵੋ ਅਤੇ ਉਹਨਾਂ ਨੂੰ ਛੱਡ ਦਿਉ। ਉਹ ਅਜੇ ਉਹਨਾਂ ਦੇ ਘਰ 'ਚ ਵੜਿਆ ਹੀ ਸੀ ਕਿ ਆਵਾਜਾਂ ਬੰਦ ਹੋ ਗਈਆਂ। ਵੇਹੜੇ 'ਚ ਉਹਨਾਂ ਦੀਆਂ ਲਾਸ਼ਾਂ ਦੇ ਟੋਟੇ ਖਿਲਰੇ ਪਏ ਸਨ। ਫਾਤਮਾਂ ਅਤੇ ਉਸਦਾ ਭਰਾ ਇੱਕ ਨੁੱਕਰ 'ਚ ਲੁੱਕ ਗਏ। ਹਨੇਰੇ ਦਾ ਫਾਇਦਾ ਲੈਕੇ ਫੌਜਾ ਸਿੰਘ ਉਹਨਾਂ ਦੋਹਾਂ ਨੂੰ ਘਰੋਂ ਬਾਹਰ ਲਿਆਉਣ ਹੀ ਲੱਗਾ ਸੀ ਕਿ ਇੱਕ ਹਮਲਾਵਰ ਉਹਨਾਂ ਵੱਲ ਵਧਿਆ। ਮੌਕਾ ਪਾਕੇ ਫੌਜਾ ਸਿੰਘ ਨੇ ਇੱਕ ਨੂੰ ਗਲੀ ਦੇ ਇੱਕ ਪਾਸੇ ਅਤੇ ਦੂਸਰੇ ਨੂੰ ਦੂਜੇ ਪਾਸੇ ਵੱਲ ਭਜਾ ਦਿੱਤਾ। ਫਾਤਮਾਂ ਤਾਂ ਦੌੜ ਕੇ ਫੌਜਾ ਸਿੰਘ ਦੇ ਘਰ 'ਚ ਵੜ ਗਈ, ਪਰ ਮਾੜੀ ਕਿਸਮਤ ਨੂੰ ਉਸਦੇ ਭਰਾ ਨੂੰ ਦੌੜਦਾ ਕਿਸੇ ਨੇ ਵੇਖ ਲਿਆ ਅਤੇ ਦਾਤਰ ਨਾਲ ਉਸਦੇ ਉੱਥੇ ਹੀ ਟੋਟੇ ਕਰ ਦਿੱਤੇ । ਅੱਧੀਉਂ ਵੱਧ ਰਾਤ ਤੱਕ ਪਿੰਡ 'ਚ ਚੀਕ ਚਿਹਾੜਾ ਪੈਂਦਾ ਰਿਹਾ। ਸਾਰੀ ਰਾਤ ਫਾਤਮਾਂ ਡਾਡਾਂ ਮਾਰ ਕੇ ਰੋਂਦੀ ਰਹੀ। ਉਸਨੂੰ ਦੋ ਵਾਰ ਦੰਦਲ ਵੀ ਪੈ ਗਈ। ਫੌਜਾ ਸਿੰਘ ਅਤੇ ਉਸਦੀ ਘਰ ਵਾਲੀ ਸਾਰੀ ਰਾਤ ਉਸਨੂੰ ਚੁੱਪ ਕਰਾਉਂਦੇ ਅਤੇ ਦਿਲਾਸਾ ਦਿੰਦੇ ਰਹੇ। ਜੇ ਕਿਤੇ ਇੱਕ ਪਲ ਫਾਤਮਾਂ ਦੀ ਅੱਖ ਲੱਗ ਵੀ ਜਾਂਦੀ, ਅਗਲੇ ਪਲ ਉਹ ਚੀਕ ਮਾਰਕੇ ਫਿਰ ਉੱਠ ਪੈਂਦੀ। ਜਦੋਂ ਵੀ ਲਹੂ ਦੇ ਛੱਪੜ ਦਾ ਦ੍ਰਿਸ਼ ਉਸਦੀਆਂ ਅੱਖਾਂ ਸਾਹਮਣੇ ਅਉਂਦਾ, ਉਹ ਤ੍ਰੱਬਕ ਜਾਂਦੀ ਅਤੇ ਫੌਜਾ ਸਿੰਘ ਦੀ ਘਰ ਵਾਲੀ ਉਸਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦੀ। ਅਗਲੇ ਦੋ ਤਿੰਨ ਦਿਨ ਫਿਰ ਹਮਲਾਵਰ ਪਿੰਡ 'ਚ ਦਗੜ ਦਗੜ ਕਰਦੇ ਰਹੇ। ਪਿੰਡ 'ਚ ਚਾਰੇ ਪਾਸੇ ਸੁੰਨ ਸਾਨ ਸੀ, ਸਹਿਮ ਪਿਆ ਹੋਇਆ ਸੀ। ਡਰਦਾ ਮਾਰਾ ਕੋਈ ਘਰੋਂ ਬਾਹਰ ਨਹੀਂ ਸੀ ਨਿਕਲਦਾ। ਫੌਜਾ ਸਿੰਘ ਹੋਰਾਂ ਨੇ ਫਾਤਮਾਂ ਨੂੰ ਇਸ ਤਰਾਂ ਘਰ 'ਚ ਛੁਪਾ ਕੇ ਰੱਖਿਆ ਕਿ ਉਸਦੀ ਉੱਘ ਸੁੱਘ ਨਾਂ ਨਿਕਲਣ ਦਿੱਤੀ। ਜਦੋਂ ਕਿਤੇ ਫੌਜਾ ਸਿੰਘ ਪਸ਼ੂਆਂ ਲਈ ਪੱਠੇ ਲੈਣ ਬਾਹਰ ਜਾਂਦਾ ਤਾਂ ਘਰ ਆਕੇ ਇਹੋ ਹੀ ਮਾੜੀ ਖਬਰ ਦੱਸਦਾ ਕਿ ਐਸ ਪਿੰਡ ਐਨੇ ਮਾਰੇ ਗਏ ਅਤੇ ਔਸ ਪਿੰਡ ਐਨੇ। ਭਾਵੇਂ ਫੌਜ ਅਤੇ ਪੁਲੀਸ ਨੇ ਗਸ਼ਤ ਵਧਾ ਦਿੱਤੀ ਸੀ ਪਰ ਇਸ ਕਤਲੋਗਾਰਦ ਦਾ ਸਿਲਸਿਲਾ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੱਕ ਚਲਦਾ ਰਿਹਾ। ਸਰਕਾਰੀ ਅਨੁਮਾਨਾਂ ਅਨਸਾਰ ਦੋਹਾਂ ਪੰਜਾਬਾਂ 'ਚ ਲਗਪਗ ਤਿੰਨ ਲੱਖ ਤੋਂ ਵੱਧ ਕਤਲ ਹੋਏ ਸਨ ਅਤੇ ਦਸ ਲੱਖ ਤੋਂ ਜਿਆਦਾ ਵਸੋਂ ਦੀ ਐਧਰ ਔਧਰ ਹਿਜਰਤ ਹੋਈ ਸੀ।

ਅਖਬਾਰਾਂ 'ਚ ਖਬਰਾਂ ਅਉਣ ਲਗ ਪਈਆਂ ਕਿ ਫੌਜ ਅਤੇ ਪੁਲੀਸ ਨੇ ਦੋਹਾਂ ਪੰਜਾਬਾਂ 'ਚ ਮੌਜੂਦਾ ਹਾਲਾਤਾਂ ਉਪਰ ਕਾਬੂ ਪਾ ਲਿਆ ਹੈ। ਹੁਣ ਦੋਹਾਂ ਪੰਜਾਬਾਂ ਦੇ ਬਾਕੀ ਰਹਿੰਦੇ ਸਿੱਖ, ਹਿੰਦੂ ਅਤੇ ਮੁਸਲਮਾਨ ਪਰਿਵਾਰ ਸ਼ਹਿਰਾਂ ਅਤੇ ਕਸਬਿਆਂ 'ਚ ਲੱਗੇ ਹੋਏ ਕੈਂਪਾਂ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਫੌਜ ਦੀ ਅਗਵਾਈ 'ਚ ਹੌਲੀ ਹੌਲੀ ਆਪਣੇ ਆਪਣੇ ਟਿਕਾਣਿਆਂ 'ਤੇ ਪਹੁੰਚਣ ਲਗ ਪਏ। ਇੱਕ ਦਿਨ ਫੌਜਾ ਸਿੰਘ ਜਲੰਧਰ ਗਿਆ ਅਤੇ ਪਤਾ ਕਰ ਆਇਆ ਕਿ ਕਿਸ ਦਿਨ ਜਲੰਧਰ ਦੇ ਕੈਂਪ ਤੋਂ ਲਹੌਰ ਵੱਲ ਨੂੰ ਕਾਫਲਾ ਚੱਲਣਾ ਹੈ। ਉਸ ਤੋਂ ਇੱਕ ਦਿਨ ਪਹਿਲਾਂ ਉਹ ਡਰਦਾ ਡਰਦਾ ਫਾਤਮਾਂ ਨੂੰ ਉੱਥੇ ਕੈਂਪ 'ਚ ਇਕ ਅਧਿਕਾਰੀ ਦੇ ਹਵਾਲੇ ਕਰ ਆਇਆ। ਉਸਨੇ ਉਸ ਅਧਿਕਾਰੀ ਨੂੰ ਸ਼ੇਖੂਪੁਰ ਸ਼ਹਿਰ ਦੇ ਕੋਲ ਮਰ੍ਹੜ ਪਿੰਡ 'ਚ ਰਹਿੰਦੀ ਫਾਤਮਾਂ ਦੀ ਭੂਆ ਬਾਰੇ ਲੋੜੀਂਦੀ ਜਾਣਕਾਰੀ ਵੀ ਦੇ ਦਿੱਤੀ। ਫੌਜਾ ਸਿੰਘ ਦੀ ਘਰ ਵਾਲੀ ਨੇ ਫਾਤਮਾਂ ਵਾਸਤੇ ਵੱਡੇ ਨੇਫੇ ਵਾਲੀ ਇੱਕ ਸਲਵਾਰ ਬਣਾ ਕੇ ਅੱਧਾ ਕੁ ਸੇਰ ਸੋਨੇ ਦੇ ਗਹਿਣੇ ਉਸ ਵਿੱਚ ਪਾ ਦਿੱਤੇ ਅਤੇ ਬਾਕੀ ਸੋਨਾ, ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਲੋਹੇ ਦੇ ਇੱਕ ਟਰੰਕ 'ਚ ਪਾਕੇ ਫਾਤਮਾਂ ਨੂੰ ਅੱਛੀ ਤਰਾਂ ਸਮਝਾ ਦਿੱਤਾ ਕਿ ਉਹ ਸਾਰਾ ਸਮਾਨ ਅੱਛੀ ਤਰਾਂ ਸੰਭਾਲ ਕੇ ਰੱਖੇ। ਇੱਕ ਤਾਂ ਜਨਮ ਭੂੰਮੀ ਛੱਡਣ ਦਾ ਹੇਰਵਾ ਅਤੇ ਦੂਸਰਾ, ਨਵੇਂ ਦੇਸ਼ 'ਚ ਆਪਣੇ ਇੱਕ ਓਸ ਰਿਸ਼ਤੇਦਾਰ ਕੋਲ ਜਾਣਾ ਜਿਸਨੂੰ ਉਸਨੇ ਸਿਰਫ ਇੱਕ ਵਾਰ, ਜਦੋਂ ਉਹ ਮਸਾਂ 2-3 ਸਾਲ ਦੀ ਹੀ ਸੀ, ਵੇਖਿਆ ਸੀ ਅਤੇ ਉਹਨਾਂ ਦਾ ਉਸ ਨਾਲ ਕੀ ਵਤੀਰਾ ਹੋਵੇਗਾ, ਸੋਚ ਸੋਚ ਕੇ ਪਿੰਡ ਛੱਡਣ ਲੱਗਿਆਂ ਉਹ ਫੌਜਾ ਸਿੰਘ ਅਤੇ ਉਸਦੀ ਘਰ ਵਾਲੀ ਨੂੰ ਚਿੰਬੜ ਕੇ ਡਾਡਾਂ ਮਾਰਕੇ ਰੋਈ। ਕੁਝ ਸੰਭਲ ਕੇ ਉਸਨੇ ਕਿਹਾ,"ਚਾਚਾ ਜੀ, ਫਿਰ ਪਤਾ ਨਹੀਂ ਮੈਨੂੰ ਇਸ ਪਿੰਡ ਅਉਣਾ ਨਸੀਬ ਹੋਵੇ ਕਿ ਨਾਂ, ਮੈਂ ਇੱਕ ਵਾਰ ਪਿੰਡ ਦੀਆਂ ਸਾਰੀਆਂ ਗਲੀਆਂ ਵੇਖਣੀਆਂ ਚਹੁੰਦੀ ਆਂ"। ਨਾਂ ਚਹੁੰਦੇ ਹੋਏ ਵੀ ਉਹ ਫਾਤਮਾਂ ਦੀ ਇਹ ਗੱਲ ਮੋੜ ਨਾਂ ਸਕਿਆ ਅਤੇ ਕਾਹਲੀ ਕਾਹਲੀ 'ਚ ਸਾਰਾ ਪਿੰਡ ਘੁੰਮਾ ਦਿੱਤਾ। ਜਲੰਧਰ ਜਾਣ ਲੱਗਿਆਂ ਵੀ, ਜਦੋਂ ਤੱਕ ਉਸਨੂੰ ਆਪਣਾ ਪਿੰਡ ਦਿਸਦਾ ਰਿਹਾ, ਉਹ ਪਿੱਛੇ ਮੁੜਕੇ ਵੇਖਦੀ ਰਹੀ।
ਜਦੋਂ ਰੋਂਦੀ ਕਰਲਾਉਂਦੀ ਫਾਤਮਾਂ ਨੇ ਆਪਣੀ ਭੂਆ ਅਤੇ ਫੁੱਫੜ ਜੀ ਨੂੰ ਆਪਣੇ ਅੱਬਾ, ਅੰਮੀ ਜਾਨ ਅਤੇ ਛੋਟੇ ਭਰਾ ਦੇ ਕਤਲ ਬਾਰੇ ਦੱਸਿਆ ਤਾਂ ਉਹ ਵੀ ਡਾਡਾਂ ਮਾਰ ਕੇ ਰੋਏ। ਪਰ ਸਹਿਜੇ ਸਹਿਜੇ ਜਦੋਂ ਉਸਨੇ ਐਥੋਂ ਦੇ ਹਾਲਾਤਾਂ ਬਾਰੇ ਸੁਣਿਆ ਤਾਂ ਉਸ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਜਦੋਂ ਪਤਾ ਲੱਗਾ ਕਿ ਮੁਸਲਮਾਨਾਂ ਨੇ ਵੀ ਸਿੱਖਾਂ ਅਤੇ ਹਿੰਦੂਆਂ ਦੇ ਪਰਿਵਾਰਾਂ ਨਾਲ ਕੋਈ ਘੱਟ ਨਹੀਂ ਕੀਤੀ। ਜਿਹੜੀ ਕਤਲੋਗਾਰਦ ਅਤੇ ਕੁਕਰਮ ਚੜ੍ਹਦੇ ਪੰਜਾਬ 'ਚ ਹੋਏ ਸਨ, ਉਸ ਤੋਂ ਕਿਤੇ ਵੱਧ ਲਹਿੰਦੇ ਪੰਜਾਬ 'ਚ ਹੋਏ ਉਸਨੇ ਸੁਣ ਲਏ। ਉਸਦੀ ਭੂਆ ਨੇ ਇਹ ਵੀ ਦੱਸਿਆ ਸੀ ਕਿ ਬਹੁਤ ਸਿੱਖਾਂ ਤੋਂ ਇਹ ਬੇਇਜ਼ਤੀ ਸਹਾਰੀ ਨਾਂ ਗਈ ਅਤੇ ਉਹਨਾਂ ਨੇ ਇੱਜਤ ਬਚਾਉਣ ਲਈ ਆਪਣੀਆਂ ਜਵਾਨ ਘਰ ਵਾਲੀਆਂ ਅਤੇ ਭੈਣਾਂ ਆਪ ਹੀ ਕਿਰਪਾਨਾਂ ਨਾਲ ਵੱਢ ਦਿੱਤੀਆਂ ਸਨ। ਉਸਨੇ ਇੱਕ ਵਾਰ ਆਪਣੇ ਅੱਬਾ ਜੀ ਨੂੰ ਇਹ ਕਹਿੰਦੇ ਵੀ ਸੁਣਿਆ ਸੀ ਕਿ ਕਈ ਬਹਾਦਰ ਅਤੇ ਅਣਖੀਲੇ ਸਿੰਘ ਆਪਣੀ ਸਿਰ ਧੜ ਦੀ ਬਾਜੀ ਲਗਾਕੇ ਅਬਦਾਲੀ ਅਤੇ ਹੋਰ ਧਾੜਵੀਆਂ ਕੋਲੋਂ ਹਿੰਦੂਆਂ ਦੀਆਂ ਹਜਾਰਾਂ ਹੀ ਧੀਆਂ ਭੈਣਾਂ ਛੁਡਾ ਕੇ ਵਾਪਸ ਉਹਨਾਂ ਦੇ ਘਰ ਛੱਡ ਕੇ ਅਉਂਦੇ ਸਨ। ਪਰ ਅਜ ਉਹਨਾਂ ਹੀ ਸਿੱਖਾਂ ਦੀਆਂ ਹਜਾਰਾਂ ਧੀਆਂ ਉਹਨਾਂ ਕੋਲੋਂ ਜਬਰਦਸਤੀ ਖੋਹਕੇ ਜਾਂ ਤਾਂ ਕਿਤੇ ਵੇਚ ਦਿੱਤੀਆਂ ਗਈਆਂ ਜਾਂ ਉਹਨਾਂ ਨਾਲ ਜਬਰਦਸਤੀ ਨਿਕਾਹ ਕਰ ਲਿਆ ਗਿਆ। ਕਦੀ ਕਦੀ ਉਹ ਅੱਲਾ ਅੱਗੇ ਸ਼ਕਾਇਤ ਵੀ ਕਰਦੀ," ਹੇ ਅੱਲਾ, ਤੇਰੇ ਹੀ ਪੈਦਾ ਕੀਤੇ ਹੋਏ ਹਜਾਰਾਂ ਇਨਸਾਨ ਕੋਹ ਕੋਹ ਕੇ ਮਾਰ ਦਿੱਤੇ ਗਏ ਹਨ, ਕੀ ਤੈਨੂੰ ਕੋਈ ਤਰਸ ਨਹੀਂ ਆਇਆ"? ਉਹ ਇਹ ਵੀ ਕਈ ਵਾਰ ਸੋਚਦੀ ਕਿ ਇਹੋ ਜਿਹੇ ਬੁਰੇ ਹਾਲਾਤਾਂ ਦਾ ਖਮਿਆਜਾ ਬਹੁਤਾ ਕਰਕੇ ਜਨਾਨੀ ਜਾਤ ਨੂੰ ਹੀ ਕਿਉਂ ਭੁਗਤਣਾ ਪੈਂਦਾ ਹੈ? ਪਰ ਉਸਨੂੰ ਇਸ ਗੱਲ ਦਾ ਕਿਤਿਉਂ ਵੀ ਜਵਾਬ ਨਾਂ ਮਿਲਿਆ।

ਫੁੱਫੜ ਜੀ ਦੇ ਰਸੂਖ ਨਾਲ ਫਾਤਮਾਂ ਦੇ ਨਾਮ ਤੇ ਇਸ ਪਿੰਡ 'ਚ 10 ਏਕੜ ਜਮੀਨ ਅਲਾਟ ਹੋ ਗਈ ਅਤੇ ਇਕ ਮਕਾਨ ਮਿਲ ਗਿਆ। ਉਸਨੂੰ ਪਿੰਡ ਦੇ ਮਿਡਲ ਸਕੂਲ 'ਚ ਅਠਵੀਂ ਜਮਾਤ 'ਚ ਦਾਖਲ ਕਰਵਾ ਦਿੱਤਾ ਗਿਆ। ਪੜ੍ਹਣ 'ਚ ਉਹ ਹੁਸ਼ਿਆਰ ਸੀ। ਅਠਵੀਂ ਜਮਾਤ 'ਚ ਅੱਛੇ ਨੰਬਰ ਲੈਕੇ ਪਾਸ ਹੋਣ ਪਿੱਛੋਂ ਉਸਦੇ ਫੁੱਫੜ ਜੀ ਨੇ ਫਾਤਮਾਂ ਨੂੰ ਸ਼ੇਖੂਪੁਰ ਦੇ ਹਾਈ ਸਕੂਲ 'ਚ ਦਾਖਲ ਕਰਵਾ ਦਿੱਤਾ ਅਤੇ ਉਹ ਉੱਥੇ ਹੀ ਫੁੱਫੜ ਜੀ ਦੇ ਵੱਡੇ ਭਰਾ ਦੇ ਘਰ ਰਹਿਣ ਲਗ ਪਈ। ਉਸਦੇ ਫੁੱਫੜ ਜੀ ਡਾਕੀਏ ਦੇ ਤੌਰ ਤੇ ਕੰਮ ਕਰਦੇ ਸਨ। ਤਨਖਾਹ ਘੱਟ ਹੋਣ ਕਰਕੇ ਘਰ ਦਾ ਗੁਜਾਰਾ ਮੁਸ਼ਕਲ ਨਾਲ ਹੀ ਚਲਦਾ ਸੀ। ਉਹਨਾਂ ਦੇ ਲੜਕੇ ਦਾ ਨਿਕਾਹ ਹੋਇਆ ਸੀ ਪਰ ਉਹ ਕੋਈ ਕੰਮ ਕਾਰ ਨਹੀਂ ਸੀ ਕਰਦਾ। ਪਰ ਜਦੋਂ ਤੋਂ ਫਾਤਮਾਂ ਦੇ ਅਉਣ ਨਾਲ ਜਮੀਨ ਦਾ ਹਿੱਸਾ ਠੇਕਾ ਅਉਣ ਲਗ ਪਿਆ, ਘਰ ਦਾ ਗੁਜਾਰਾ ਅੱਛਾ ਹੋਣ ਲਗ ਪਿਆ। ਉਹਨਾਂ ਨੇ ਕਈ ਵਾਰ ਫਾਤਮਾਂ ਦੇ ਮੂੰਹ 'ਤੇ ਗੱਲ ਕੀਤੀ ਸੀ ਪਈ ਉਹ ਤਾਂ ਉਹਨਾਂ ਵਾਸਤੇ ਬਹੁਤ ਕਰਮਾਂ ਵਾਲੀ ਹੈ। ਸੋਨੇ ਬਾਰੇ ਸਿਰਫ ਫਾਤਮਾਂ, ਉਸਦੀ ਭੂਆ ਅਤੇ ਫੁੱਫੜ ਨੂੰ ਹੀ ਪਤਾ ਸੀ। ਉਹਨਾਂ ਨੇ ਇਸ ਦੀ ਕਿਸੇ ਕੋਲ ਉੱਘ ਸੁੱਘ ਨਾਂ ਨਿਕਲਣ ਦਿੱਤੀ। ਫਾਤਮਾਂ ਦੇ ਅਉਣ ਤੋਂ ਸਾਲ ਕੁ ਪਿੱਛੋਂ ਫੁੱਫੜ ਜੀ ਨੇ ਪਿੰਡ 'ਚ ਆਪਣੇ ਲੜਕੇ ਨੂੰ ਪਰਚੂਨ ਦੀ ਇੱਕ ਦੁਕਾਨ ਖੋਲ੍ਹ ਦਿੱਤੀ ਅਤੇ ਦੁਕਾਨ ਚਲਾਉਣ 'ਚ ਉਹ ਆਪ ਵੀ ਉਸਦੀ ਮਦਦ ਕਰਨ ਲੱਗ ਪਏ। ਅੱਲਾ ਦੀ ਮਿਹਰ ਸਦਕਾ ਦੁਕਾਨ ਅੱਛੀ ਚੱਲ ਪਈ।

ਦਸਵੀਂ, ਐੱਫ਼ ਏ. ਅਤੇ ਬੀ. ਏ. ਪਾਸ ਕਰਨ ਪਿੱਛੋਂ ਫਾਤਮਾਂ ਨੇ ਬੀ. ਟੀ. ਦਾ ਕੋਰਸ ਕਰ ਲਿਆ ਅਤੇ ਸ਼ੇਖੂਪੁਰ ਦੇ ਹੀ ਇੱਕ ਸਕੂਲ 'ਚ ਉਸਨੂੰ ਅਧਿਆਪਕਾ ਦੀ ਨੌਕਰੀ ਮਿਲ ਗਈ। ਉਸਨੇ ਮੰਗੂ ਨੂੰ ਬਥੇਰਾ ਭੁਲਾਉਣ ਦੀ ਕੋਸ਼ਿਸ਼ ਕੀਤੀ ਪਰ ਜਵਾਨੀ ਨੂੰ ਸਮਝ ਦੀ ਉਂਗਲ ਕੌਣ ਲਗਾਵੇ? ਜਦੋਂ ਕਿਤੇ ਉਸਦੀ ਯਾਦ ਅਉਂਦੀ, ਦਿਲ 'ਚੋਂ ਇੱਕ ਹੂਕ ਜਿਹੀ ਨਿਕਲਦੀ, ਕਦੀ ਕਦੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ। ਪਰ ਜਦੋਂ ਕਿਤੇ ਉਹ ਬਹੁਤ ਉਦਾਸ ਹੁੰਦੀ ਤਾਂ ਖਿਝ ਕੇ ਬੋਲਦੀ," ਵੇ ਦੁੱਖ ਦੇਣਿਆਂ, ਤੂੰ ਯਾਦ ਅਉਣੋਂ ਕਿਉਂ ਨਹੀਂ ਹਟਦਾ"? ਪਰ ਫਿਰ ਉਹ ਆਪਣੇ ਦਿਲ ਨੂੰ ਕਹਿੰਦੀ," ਯਾਦ ਤਾਂ ਉਸਨੂੰ ਤੂੰ ਕਰਦੀ ਏਂ। ਪਤਾ ਨਹੀਂ ਉਹ ਤੈਨੂੰ ਯਾਦ ਕਰਦਾ ਹੋਵੇ ਕਿ ਨਾਂ"? ਇਸ ਤਰਾਂ ਕਈ ਵਾਰ ਕਿੰਨ੍ਹਾਂ ਕਿੰਨ੍ਹਾਂ ਚਿਰ ਆਪਣੇ ਆਪ ਨਾਲ ਸਵਾਲ ਜਵਾਬ ਕਰਕੇ ਦਿਲ ਨੂੰ ਝੂਠਾ ਜਿਹਾ ਦਲਾਸਾ ਦੇ ਛਡਦੀ ਪਰ ਕੁਝ ਕਰ ਨਹੀਂ ਸੀ ਸਕਦੀ। ਉਸਨੂੰ ਹੁਣ ਕਦੀ ਕਦੀ ਮੰਗੂ ਨਾਲ ਹਮਦਰਦੀ ਅਉਂਣੀ ਵੀ ਸ਼ੁਰੂ ਹੋ ਗਈ ਅਤੇ ਉਹ ਇਹ ਵੀ ਸੋਚਦੀ ਕਿ ਜੋ ਕੁਝ ਹੋਇਆ ਸੀ, ਉਸ ਵਿੱਚ ਮੰਗੂ ਦਾ ਤਾਂ ਕੋਈ ਕਸੂਰ ਨਹੀਂ ਸੀ। ਉਹ ਤਾਂ ਮੈਨੂੰ ਮਨਾਉਣ ਆਇਆ ਸੀ, ਮੈਂ ਹੀ ਐਂਵੇ ਜਿਦ ਕਰ ਬੈਠੀ ਅਤੇ ਉਸ ਨਾਲ ਨਹੀਂ ਬੋਲੀ। ਅਜੇ ਦੋਹਾਂ ਪਾਸਿਆਂ ਦੀ ਕੱਟ ਵੱਢ ਖਤਮ ਨਹੀਂ ਸੀ ਹੋਈ ਕਿ ਦੋਹਾਂ ਦੇਸ਼ਾਂ 'ਚ ਕਸ਼ਮੀਰ ਦਾ ਰੇੜਕਾ ਸ਼ੁਰੂ ਹੋ ਗਿਆ। ਦੋਹਾਂ ਪਾਸਿਆਂ ਦੇ ਸਿਆਸੀ ਆਗੂਆਂ ਵੱਲੋਂ ਦਿੱਤੇ ਬਿਆਨਾਂ ਨਾਲ ਲੋਕਾਂ ਦੇ ਦਿਲਾਂ 'ਚ ਐਨੀ ਨਫਰਤ ਪੈਦਾ ਹੋ ਗਈ ਕਿ ਆਪਸ ਵਿੱਚ ਰਲ ਮਿਲ ਕੇ ਬਹਿਣਾ ਅਸੰਭਵ ਜਿਹਾ ਹੋ ਗਿਆ। ਜੇ ਕਦੀ ਕਦਾਈਂ ਫਾਤਮਾਂ ਦੇ ਮਨ 'ਚ ਇਹ ਖਿਆਲ ਅਉਂਦਾ ਕਿ ਉਹ ਕਿਸੇ ਰਾਹੀਂ ਮੰਗੂ ਦਾ ਸੁਰ ਪਤਾ ਮੰਗਵਾਏ, ਪਰ ਦੋਹਾਂ ਦੇਸਾਂ ਦੀ ਆਪਸੀ ਕੁੜੱਤਣ ਨੇ ਇਸ ਆਸ ਉੱਤੇ ਵੀ ਪਾਣੀ ਫੇਰ ਦਿੱਤਾ।

ਜਦੋਂ ਅਜੇ ਫਾਤਮਾਂ ਬੀ. ਏ. 'ਚ ਪੜ੍ਹਦੀ ਸੀ ਕਿ ਉਸਦੇ ਨਿਕਾਹ ਬਾਰੇ ਘਰ 'ਚ ਘੁਸਰ ਮੁਸਰ ਸ਼ੁਰੂ ਹੋ ਗਈ। ਇੱਕ ਦੋ ਵਾਰ ਉਸਦੀ ਭੂਆ ਨੇ ਉਸ ਨਾਲ ਸਰਸਰੀ ਜਿਹੀ ਗੱਲ ਵੀ ਛੇੜੀ ਪਰ ਉਸਨੇ ਇਹ ਕਹਿਕੇ ਗੱਲ ਟਾਲ ਦਿੱਤੀ ਕਿ ਨਿਕਾਹ ਬਾਰੇ ਉਹ ਪੜ੍ਹਾਈ ਮੁੱਕਣ ਪਿਛੋਂ ਹੀ ਸੋਚੇਗੀ ਅਤੇ ਕਈ ਵਾਰ ਉਹ ਇਹ ਵੀ ਕਹਿ ਦਿੰਦੀ,"ਭੂਆ ਜੀ, ਨਿਕਾਹ ਪਿਛੋਂ ਜਮੀਨ ਤਾਂ ਲੜਕੇ ਵਾਲਿਆਂ ਨੇ ਸਾਂਭ ਲੈਣੀ ਏਂ, ਘਰ ਦਾ ਗੁਜਾਰਾ ਕਿਵੇਂ ਚੱਲੇਗਾ"? ਅੰਦਰੋਂ ਤਾਂ ਭਾਵੇਂ ਭੂਆ ਨੂੰ ਵੀ ਇਹੋ ਦੁੱਖ ਘੁਣ ਵਾਂਗੂੰ ਖਾਈ ਜਾ ਰਿਹਾ ਸੀ ਪਰ ਉਪਰੋਂ ਉਪਰੋਂ ਉਹ ਕਹਿ ਦਿੰਦੀ,"ਨੀ ਧੀਏ, ਅੱਜ ਨਹੀਂ ਤਾਂ ਕੱਲ, ਇੱਕ ਦਿਨ ਤਾਂ ਇਹ ਕੰਮ ਹੋਣਾ ਈ ਏ"। ਕਿਸੇ ਵੇਲੇ ਉਸਦੇ ਮਨ 'ਚ ਇਹ ਵੀ ਖਿਆਲ ਆਇਆ ਸੀ ਕਿ ਉਹ ਮੰਗੂ ਦੇ ਪਿਆਰ ਵਿੱਚ ਆਪਣੀ ਜਿੰਦਗੀ ਨਿਸ਼ਾਵਰ ਕਰ ਦੇਵੇ ਅਤੇ ਨਿਕਾਹ ਨਾਂ ਕਰੇ। ਪਰ ਮਹੌਲ ਐਨਾ ਖਰਾਬ ਸੀ ਕਿ ਮੁਸ਼ਟੰਡਿਆ ਨੇ ਤਰ੍ਹਾਂ ਤਰ੍ਹਾਂ ਦੀਆਂ ਭੈੜੀਆਂ ਗੱਲਾਂ ਕਰਕੇ ਉਸਦਾ ਜੀਣਾਂ ਹਰਾਮ ਕਰ ਦਿੱਤਾ। ਉਸਨੂੰ ਪੂਰਾ ਯਕੀਨ ਹੋ ਗਿਆ ਕਿ ਖਾਵੰਦ ਦੇ ਸਹਾਰੇ ਤੋਂ ਬਿਨਾਂ ਇੱਥੇ ਜਿੰਦਗੀ ਕੱਟਣੀ ਮੁਸ਼ਕਲ ਹੈ ਤੇ ਨਿਕਾਹ ਕਰਨਾ ਹੁਣ ਮਜਬੂਰੀ ਹੈ। ਹੁਣ ਜਦੋਂ ਉਸਦੀ ਨੌਕਰੀ ਲੱਗ ਗਈ ਤਾਂ ਲੋਕਾਂ ਨੇ ਰਿਸ਼ਤੇ ਲਈ ਉਹਨਾਂ ਦੀਆਂ ਬਰੂੰਹਾਂ ਘਸਾ ਦਿੱਤੀਆਂ। ਭੂਆ ਫੁੱਫੜ ਵੀ ਤੰਗ ਆ ਗਏ ਅਤੇ ਉਹ ਇਹ ਕਹਿ ਕੇ ਖਹਿੜਾ ਛਡਾਉਣ ਲੱਗੇ ਪਏ,"ਉਸਦੇ ਨਿਕਾਹ ਦੀ ਦੋ ਤਿੰਨ ਥਾਵਾਂ 'ਤੇ ਗੱਲ ਚੱਲ ਰਹੀ ਏ। ਜੇ ਉੱਥੇ ਗੱਲ ਸਿਰੇ ਨਾਂ ਚੜ੍ਹੀ ਤਾਂ ਤੁਹਾਨੂੰ ਸੁਨਿਆਹ ਭੇਜ ਦੇਵਾਂਗੇ"। ਮੌਜੂਦਾ ਹਾਲਾਤ ਅਤੇ ਆਪਣੇ ਸਹਿਜੋਗੀ ਕਰਮਚਾਰੀਆਂ ਨਾਲ ਹੋਈਆਂ ਗੱਲਾਂ ਬਾਤਾਂ ਦੇ ਮੱਦੇ ਨਜਰ ਫਾਤਮਾਂ ਨੇ ਫੁੱਫੜ ਜੀ ਨੂੰ ਦੋ ਬੇਨਤੀਆਂ ਕੀਤੀਆਂ। ਪਹਿਲੀ ਇਹ ਕਿ ਨਿਕਾਹ ਤੋਂ ਪਹਿਲਾ ਹੋਣ ਵਾਲੇ ਖਾਵੰਦ ਨੂੰ ਉਹ ਆਪ ਵੇਖਣਾ ਚਹੁੰਦੀ ਏ ਭਾਵੇਂ ਦੂਰ ਤੋਂ ਹੀ ਵੇਖੇ ਅਤੇ ਦੂਸਰੀ ਇਹ ਕਿ ਭਾਵੇਂ ਅਖੀਰ 'ਚ ਜਮੀਨ ਸਹੁਰੇ ਪਰਿਵਾਰ ਦੀ ਹੀ ਹੋਣੀ ਹੈ ਅਤੇ ਆਮਦਨੀ ਵੀ ਉੱਥੇ ਹੀ ਜਾਣੀ ਹੈ ਪਰ ਜਮੀਨ ਦੀ ਮਲਕੀਅਤ ਉਸਦੀ ਹੀ ਰਹੇਗੀ ਅਤੇ ਉਸਨੂੰ ਜਮੀਨ ਵੇਚਣ ਲਈ ਮਜਬੂਰ ਨਾਂ ਕੀਤਾ ਜਾਵੇ। ਅਖੀਰ, ਫਾਤਮਾਂ ਦਾ ਰਿਸ਼ਤਾ ਫੁੱਫੜ ਜੀ ਦੇ ਸ਼ੇਖੂਪੁਰ ਰਹਿੰਦੇ ਭਰਾ ਦੇ ਦਫਤਰ 'ਚ ਲੇਖਾ ਸ਼ਾਖ 'ਚ ਕੰਮ ਕਰਦੇ ਇੱਕ ਲੜਕੇ ਸਲੀਮ ਮਲਿਕ ਨਾਲ ਪੱਕਾ ਹੋ ਗਿਆ। ਉਸ ਲੜਕੇ ਦਾ ਪਿੰਡ ਸ਼ੇਖੂਪੁਰ ਤੋਂ 10 ਕੁ ਮੀਲ ਦੂਰ ਸੀ ਅਤੇ ਉਹ ਬੱਸ ਰਾਹੀਂ ਹਰ ਰੋਜ ਅਉਣ ਜਾਣ ਕਰਦਾ ਸੀ।

ਫਾਤਮਾਂ ਦੀ ਡੋਲੀ ਤਿਆਰ ਹੋ ਗਈ। ਭਾਵੇਂ ਭੂਆ ਅਤੇ ਫੁੱਫੜ ਨੇ ਉਸਦੇ ਸਾਰੇ ਕਾਰ ਵਿਹਾਰ ਠੀਕ ਤਰਾਂ ਨਿਭਾਏ ਪਰ ਅੱਜ ਉਸਨੂੰ ਆਪਣੇ ਅੱਬਾ ਜਾਨ, ਅੰਮੀ ਅਤੇ ਛੋਟੇ ਵੀਰ ਨਸੀਰ ਦੀ ਬਹੁਤ ਯਾਦ ਆਈ ਅਤੇ ਉਸਦੇ ਫੁੱਟ ਫੁੱਟ ਕੇ ਰੋਣ ਨਾਲ ਸਾਰੇ ਰਿਸ਼ਤੇਦਾਰਾਂ ਦੀਆਂ ਅੱਖੀਆਂ ਵੀ ਗਿੱਲੀਆਂ ਹੋ ਗਈਆਂ। ਭਾਵੇਂ ਅੱਜ ਤੋਂ ਉਸਨੇ ਆਪਣਾਂ ਨਵਾਂ ਘਰ ਵਸਾਉਣਾ ਸੀ, ਪਰ ਉਹ ਮੰਗੂ ਨੂੰ ਭੁਲਾ ਨਾਂ ਸਕੀ ਅਤੇ ਉਸਦੇ ਸੱਚੇ ਪਿਆਰ ਨੂੰ ਬੁੱਕਲ 'ਚ ਲਪੇਟ ਕੇ ਸਹੁਰੇ ਘਰ ਪਹੁੰਚ ਗਈ। ਸਲੀਮ ਘਰ 'ਚ ਸਭ ਤੋਂ ਛੋਟਾ ਸੀ। ਵੱਡੀਆਂ ਦੋ ਭੈਣਾਂ ਅਤੇ ਭਰਾ ਵਿਆਹੇ ਹੋਏ ਸਨ। ਪਿਤਾ ਦੀ ਮੌਤ ਹੋਣ ਪਿੱਛੋਂ ਘਰ ਦੀ ਸਾਰੀ ਮੁਖਤਾਰੀ ਸਲੀਮ ਦੀ ਮਾਤਾ ਕੋਲ ਸੀ। ਸਲੀਮ ਦਾ ਭਰਾ ਕਿਸੇ ਟਰੱਕ ਕੰਪਨੀ 'ਚ ਡਰਾਈਵਰ ਸੀ ਅਤੇ ਸ਼ਰਾਬ ਦਾ ਆਦੀ ਸੀ। ਕਈ ਵਾਰ ਸ਼ਰਾਬ ਦਾ ਦੌਰ ਹਫਤਾ ਭਰ ਚੱਲਦਾ ਰਹਿੰਦਾ ਅਤੇ ਉਹ ਕੰਮ ਉੱਤੇ ਵੀ ਨਾਂ ਜਾਂਦਾ। ਘੱਟ ਆਮਦਨੀ ਕਰਕੇ ਘਰ ਦਾ ਗੁਜਾਰਾ ਮੁਸ਼ਕਲ ਸੀ ਜਿਸ ਕਰਕੇ ਘਰ 'ਚ ਅਕਸਰ ਕਲੇਸ਼ ਹੀ ਰਹਿੰਦਾ ਸੀ। ਕਦੀ ਕਦਾਈਂ ਵੱਡਾ ਭਰਾ ਆਪਣੀ ਘਰ ਵਾਲੀ ਨੂੰ ਮਾਰ ਕੁੱਟ ਵੀ ਲੈਂਦਾ। ਸਲੀਮ ਦੇ ਨੌਕਰੀ ਲੱਗਣ ਨਾਲ ਘਰ ਦੇ ਹਾਲਾਤ ਕਾਫੀ ਸੁਧਰ ਗਏ ਅਤੇ ਫਾਤਮਾਂ ਦੇ ਇਸ ਘਰ 'ਚ ਪੈਰ ਪੈਣ ਨਾਲ ਤਾਂ ਇਹਨਾਂ ਦੇ ਹੋਰ ਵੀ ਵਾਰੇ ਨਿਆਰੇ ਹੋ ਗਏ। ਫਾਤਮਾਂ ਦੇ ਘਰ ਵਾਲਿਆਂ ਨੇ ਹੋਰ ਰਸਮਾਂ ਉੱਤੇ ਤਾਂ ਭਾਵੇਂ ਘੱਟ ਖਰਚਾ ਕੀਤਾ ਹੋਵੇ ਪਰ ਸਹੁਰੇ ਘਰ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੋਨੇ ਨਾਲ ਲੱਦ ਦਿੱਤਾ। ਇੱਕ ਤਾਂ ਫਾਤਮਾਂ ਦੀ ਹਰ ਮਹੀਨੇ ਤਨਖਾਹ ਅਤੇ ਦੂਸਰਾ ਹਰ ਛਿਮਾਹੀ ਪਿੱਛੋਂ ਉਸ ਦੀ ਜਮੀਨ ਦਾ ਹਿੱਸਾ ਠੇਕਾ ਅਉਣ ਲਗ ਪਿਆ। ਪਿੰਡ 'ਚ ਇਹਨਾਂ ਦੀ ਬੱਲੇ ਬੱਲੇ ਹੋ ਗਈ। ਸਾਰਿਆਂ ਦੇ ਮੂੰਹ 'ਤੇ ਬੱਸ ਇਹੋ ਗੱਲ ਸੀ ਕਿ ਇਸ ਘਰ 'ਚ ਕਰਮਾਂ ਵਾਲੀ ਵਹੁਟੀ ਨੇ ਪੈਰ ਪਾਇਆ ਏ।

ਕੁਝ ਮਹੀਨਿਆਂ ਪਿੱਛੋਂ ਸਲੀਮ ਨੇ ਫਾਤਮਾਂ ਨੂੰ ਸਲਾਹ ਦਿੱਤੀ ਕਿ ਉਹ ਸ਼ੇਖੂਪੁਰ ਸ਼ਹਿਰ 'ਚ ਕੋਈ ਮਕਾਨ ਕਰਾਏ 'ਤੇ ਲੈ ਲੈਣ ਜਿਸ ਨਾਲ ਰੋਜ ਦੇ ਅਉਣ ਜਾਣ ਦਾ ਝੰਜਟ ਖਤਮ ਹੋ ਜਾਵੇਗਾ। ਪਰ ਫਾਤਮਾਂ ਨੇ ਕਿਹਾ,"ਹਾਲੀ ਨਹੀਂ, ਆਪਾਂ ਦੋ ਤਿੰਨ ਸਾਲ ਠਹਿਰ ਜਾਈਏ। ਅਜੇ ਤਾਂ ਮੇਰਾ ਮਾਂ ਅਤੇ ਵੱਡੀ ਭੈਣ ਦੀ ਸੇਵਾ ਕਰਕੇ ਮਨ ਵੀ ਨਹੀਂ ਰੱਜਿਆ ਅਤੇ ਨਾਲੇ ਘਰ ਦਾ ਮੂੰਹ ਮੱਥਾ ਵੀ ਸਵਾਰਨ ਵਾਲਾ ਏ"। ਉਹਨਾਂ ਨੇ ਨਾਲ ਲੱਗਦਾ ਕੁਝ ਥਾਂ ਵੀ ਖਰੀਦ ਲਿਆ, ਦੋ ਕਮਰੇ ਹੋਰ ਬਣਾ ਲਏ ਅਤੇ ਬਾਹਰਲੀ ਕੰਧ ਪੱਕੀ ਕਰਵਾ ਲਈ। ਸਲੀਮ ਨੇ ਅੱਧ ਪਚੱਧੀ ਅਦਾਇਗੀ ਕਰਕੇ ਵੱਡੇ ਭਰਾ ਨੂੰ ਟਰੱਕ ਖਰੀਦ ਦਿੱਤਾ ਅਤੇ ਫਿਰ ਦੋ ਢਾਈ ਸਾਲਾਂ 'ਚ ਉਸ ਦੀਆਂ ਕਿਸ਼ਤਾਂ ਵੀ ਲਾਹ ਦਿੱਤੀਆਂ। ਇਸਦਾ ਇੱਕ ਫਾਇਦਾ ਇਹ ਹੋਇਆ ਕਿ ਜਠਾਣੀ ਦੀ ਕੁੱਟ ਮਾਰ ਖਤਮ ਹੋ ਗਈ।

ਅੱਲਾ ਦੀ ਮੇਹਰ ਸਦਕਾ ਵਿਆਹ ਤੋਂ ਸਾਲ ਕੁ ਪਿਛੋਂ ਫਾਤਮਾਂ ਨੇ ਇੱਕ ਲੜਕੇ ਨੂੰ ਜਨਮ ਦਿੱਤਾ। ਇਜ਼ਤ ਤਾਂ ਘਰ 'ਚ ਫਾਤਮਾਂ ਦੀ ਪਹਿਲੋਂ ਹੀ ਬਹੁਤ ਸੀ ਪਰ ਹੁਣ ਫਿਰ ਹਰ ਕੋਈ ਉਸਨੂੰ ਕਰਮਾਂ ਵਾਲੀ ਕਹਿਣ ਲਗ ਪਿਆ। ਜਦੋਂ ਘਰ 'ਚ ਲੜਕੇ ਦਾ ਨਾਮ ਰੱਖਣ ਦੀ ਗੱਲ ਚੱਲੀ ਤਾਂ ਕਈ ਨਾਵਾਂ ਦੀ ਤਜ਼ਵੀਜ ਹੋਈ ਪਰ ਅਖੀਰਲਾ ਫੈਸਲਾ ਫਾਤਮਾਂ ਉੱਤੇ ਛੱਡ ਦਿੱਤਾ ਗਿਆ। ਫਾਤਮਾ ਦਿਲੋਂ ਚਹੁੰਦੀ ਸੀ ਕਿ 'ਮ' ਦੇ ਅੱਖਰ ਵਾਲਾ ਨਾਮ ਰੱਖਿਆ ਜਾਵੇ ਜਿਸ ਨਾਲ ਉਸਨੂੰ ਮੰਗੂ ਹਮੇਸ਼ਾਂ ਯਾਦ ਅਉਂਦਾ ਰਹੇ ਅਤੇ ਉਸਦੇ ਤਜ਼ਵੀਜ ਕੀਤੇ 'ਮੁਹੰਮਦ' ਨਾਮ 'ਤੇ ਸਾਰਿਆਂ ਨੇ ਮੋਹਰ ਲਾ ਦਿੱਤੀ। ਲੜਕਾ ਹੋਣ ਪਿਛੋਂ ਜਦੋਂ ਉਹ ਪਹਿਲੀ ਵਾਰ ਆਪਣੇ ਪੇਕਿਆਂ ਤੋਂ ਹੋਕੇ ਆਈ ਤਾਂ ਸਭ ਵਾਸਤੇ ਫਿਰ ਸੋਨੇ ਦਾ ਕੋਈ ਨਾ ਕੋਈ ਗਹਿਣਾ ਵੇਖ ਸਹੁਰੇ ਘਰ ਵਾਲਿਆਂ ਦੀਆਂ ਤਾਂ ਅੱਖਾਂ ਹੀ ਅੱਡੀਆਂ ਰਹਿ ਗਈਆਂ। ਫਾਤਮਾਂ ਦੀ ਸੱਸ ਨੇ ਉਸਨੂੰ ਕਈ ਵਾਰ ਕਿਹਾ," ਨੀ ਧੀਏ, ਤੇਰੇ ਮਾਪਿਆਂ ਨੇ ਤਾਂ ਵਿਆਹ ਵੇਲੇ ਹੀ ਸੋਨੇ ਨਾਲ ਸਾਡਾ ਘਰ ਭਰ ਦਿੱਤਾ ਸੀ, ਹੁਣ ਉਹਨਾਂ ਐਨੀ ਖੇਚਲ ਕਿਉਂ ਕੀਤੀ"? ਅੱਗੋਂ ਫਾਤਮਾਂ ਕਹਿ ਦਿੰਦੀ," ਉਹ ਤਾਂ ਹੋਰ ਵੀ ਬੜਾ ਕੁਝ ਦੇਣ ਲੱਗੇ ਸਨ ਪਰ ਮੈਂ ਹੀ ਰੋਕ ਦਿੱਤਾ"। ਜਦੋਂ ਮੁਹੰਮਦ ਤਿੰਨ ਕੁ ਸਾਲ ਦਾ ਹੋਇਆ ਤਾਂ ਇੱਕ ਵਾਰ ਫਿਰ ਸਲੀਮ ਨੇ ਫਾਤਮਾ ਨੂੰ ਪਿੰਡ ਤੋਂ ਸ਼ਹਿਰ ਚਲੇ ਜਾਣ ਦੀ ਸਲਾਹ ਦਿੱਤੀ। ਪਰ ਫਾਤਮਾਂ ਨੇ ਕਿਹਾ,"ਇਸਨੂੰ 6 ਕੁ ਸਾਲ ਦਾ ਹੋ ਲੈਣ ਦਿਉ। ਇਸਨੂੰ ਸਕੂਲ 'ਚ ਦਾਖਲ ਕਰਾਉਣ ਵੇਲੇ ਆਪਾਂ ਸ਼ਹਿਰ ਚਲੇ ਚੱਲਾਂਗੇ"। ਸਲੀਮ ਮੰਨ ਗਿਆ।

ਸਾਲ ਕੁ ਹੋਰ ਬੀਤਿਆ ਤਾਂ ਘਰ ਵਿੱਚ ਜਮੀਨ ਬਾਰੇ ਘੁਸਰ ਮੁਸਰ ਹੋਣੀ ਸ਼ੁਰੂ ਹੋ ਗਈ। ਘਰ 'ਚ ਜਦੋਂ ਕਿਤੇ ਕਿਸੇ ਗੱਲ ਤੋਂ ਝਗੜਾ ਹੁੰਦਾ ਤਾਂ ਘੁੰਮ ਘੁਮਾਂ ਕੇ ਗੱਲ ਫਾਤਮਾਂ ਦੀ ਜਮੀਨ 'ਤੇ ਆ ਜਾਂਦੀ। ਪਰ ਕਿਸੇ ਦਾ ਫਾਤਮਾਂ ਨੂੰ ਸਿੱਧੇ ਤੌਰ ਤੇ ਗੱਲ ਕਰਨ ਦਾ ਹੀਆ ਨਾਂ ਪੈਂਦਾ। ਮਾਂ ਨੇ ਸਲੀਮ ਨੂੰ ਫਾਤਮਾਂ ਨਾਲ ਗੱਲ ਕਰਨ ਲਈ ਕਿਹਾ ਪਰ ਸਲੀਮ ਨੇ ਮਾਂ ਨੂੰ ਕੋਰਾ ਜਵਾਬ ਦੇਕੇ ਚੁੱਪ ਕਰਵਾ ਦਿੱਤਾ। ਹਾਰ ਕੇ ਇੱਕ ਦਿਨ ਮਾਂ ਨੇ ਫਾਤਮਾਂ ਨੂੰ ਪਿਆਰ ਨਾਲ ਐਧਰੋਂ ਔਧਰੋਂ ਗੱਲ ਘੁੰਮਾ ਕੇ ਸਮਝੌਣ ਦੀ ਬਹੁਤ ਕੋਸ਼ਿਸ਼ ਕੀਤੀ। ਫਾਤਮਾਂ ਕੇਹੜੀ ਕਾਕੀ ਸੀ, ਉਹ ਗੱਲ ਸਮਝ ਗਈ ਅਤੇ ਰੋਜ ਦਾ ਰੇੜਕਾ ਖਤਮ ਕਰਦਿਆਂ ਉਸਨੇ ਮਾਂ ਨੂੰ ਕਿਹਾ,"ਮਾਤਾ ਜੀ, ਨਿਕਾਹ ਤੋਂ ਪਹਿਲਾਂ ਇਹ ਗੱਲ ਮੇਰੇ ਮਾਪਿਆਂ ਨੇ ਸਾਫ ਕਰ ਦਿੱਤੀ ਸੀ ਕਿ ਜਮੀਨ ਦੀ ਆਮਦਨੀ ਉਪਰ ਇਸ ਘਰ ਦਾ ਪੂਰਾ ਹੱਕ ਹੈ ਪਰ ਜਮੀਨ ਮੇਰੇ ਨਾਮ ਤੇ ਹੀ ਰਹੇਗੀ। ਮੈਂ ਬੇਨਤੀ ਕਰਦੀ ਹਾਂ ਕਿ ਅੱਗੇ ਤੋਂ ਇਸ ਘਰ 'ਚ ਜਮੀਨ ਦਾ ਭੋਗ ਨਾਂ ਪਵੇ"। ਉਸ ਵੇਲੇ ਤਾਂ ਮਾਂ ਚੁੱਪ ਕਰ ਗਈ ਪਰ ਗਿੱਲੇ ਗੋਹੇ ਦੇ ਧਵਾਂਖਣੇ ਵਾਂਗੂ ਘਰ 'ਚ ਇਹ ਅੱਗ ਧੁਖਦੀ ਹੀ ਰਹੀ। ਫਾਤਮਾਂ ਦਾ ਜੇਠ ਜਦੋਂ ਭੁੱਖਾ ਮਰਦਾ ਸੀ, ਘਰ 'ਚ ਕਦੀ ਕੁਸਕਦਾ ਨਹੀਂ ਸੀ, ਪਰ ਜਦੋਂ ਹੁਣ ਉਸਦਾ ਕੰਮ ਚੱਲ ਪਿਆ ਤਾਂ ਉਸਦੇ ਤੇਵਰ ਹੀ ਬਦਲ ਗਏ। ਇਥੋਂ ਤੱਕ ਕਿ ਉਹ ਇੱਕ ਦੋ ਵਾਰ ਫਾਤਮਾਂ ਨਾਲ ਵੀ ਉੱਚਾ ਨੀਵਾਂ ਬੋਲ ਪਿਆ ਜਿਸ ਨਾਲ ਦੋਹਾਂ ਭਰਾਵਾਂ ਦੇ ਰਿਸ਼ਤੇ 'ਚ ਸਹਿਜੇ ਸਹਿਜੇ ਤਰੇੜ ਅਉਣੀ ਸ਼ੁਰੂ ਹੋ ਗਈ।

ਜਦੋਂ ਮੁਹੰਮਦ 5 ਕੁ ਸਾਲ ਦਾ ਹੋਇਆ ਤਾਂ ਇੱਕ ਦਿਨ ਸਲੀਮ ਦੀ ਵੱਡੀ ਭੈਣ ਆਪਣੇ ਨਿੱਕੇ ਦਿਉਰ ਦੇ ਨਿਕਾਹ ਦਾ ਸੁਨਿਆਹ ਲੈਕੇ ਆਈ ਅਤੇ ਸਭ ਨੂੰ ਅਉਣ ਦਾ ਨਿਉਤਾ ਦੇ ਗਈ। ਸਲੀਮ ਦੀ ਮਾਤਾ ਇਹਨੀ ਦਿਨੀਂ ਕਾਫੀ ਢਿੱਲੀ ਰਹਿੰਦੀ ਸੀ। ਵੱਡੇ ਭਰਾ ਨੂੰ ਕੰਮ ਚੋਂ ਵਿਹਲ ਨਹੀਂ ਸੀ ਮਿਲਦੀ। ਫੈਸਲਾ ਇਹੋ ਹੋਇਆ ਕਿ ਸਲੀਮ, ਫਾਤਮਾਂ ਅਤੇ ਮੁਹੰਮਦ ਇਸ ਸਮਾਗਮ ਲਈ ਚਲੇ ਜਾਣ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਵਿਆਹ 'ਤੇ ਜਾਣ ਤੋਂ ਇੱਕ ਦਿਨ ਪਹਿਲੋਂ ਫਾਤਮਾਂ ਨੂੰ ਸੁਨਿਆਹ ਮਿਲ ਗਿਆ ਕਿ ਪੌੜੀ ਤੋਂ ਡਿਗਕੇ ਉਸਦੀ ਭੂਆ ਜੀ ਦਾ ਚੂਲਾ ਟੁੱਟ ਗਿਆ ਏ ਅਤੇ ਉਹ ਹਸਪਤਾਲ 'ਚ ਦਾਖਲ ਹੈ। ਸਲੀਮ ਨੇ ਫਾਤਮਾਂ ਨੂੰ ਭੂਆ ਦੀ ਸੇਵਾ ਸੰਭਾਲ ਲਈ ਭੇਜ ਦਿੱਤਾ ਅਤੇ ਆਪਣੇ ਪੁੱਤਰ ਨੂੰ ਨਾਲ ਲੈਕੇ ਆਪਣੀ ਭੈਣ ਵੱਲ ਚਲਾ ਗਿਆ।

ਫਾਤਮਾਂ ਤੋਂ ਭੂਆ ਦੀ ਪੀੜ ਨਾਲ ਕੁਰਲਾਹਟ ਸਹੀ ਨਾ ਜਾਂਦੀ। ਜਿੰਨਾ ਚਿਰ ਦਵਾਈ ਦਾ ਅਸਰ ਰਹਿੰਦਾ, ਭੂਆ ਕੁਝ ਚਿਰ ਸੌਂ ਲੈਂਦੀ। ਪਰ ਜਦੋਂ ਇਹ ਅਸਰ ਹਟ ਜਾਂਦਾ, ਉਹ ਫਿਰ ਚੀਕਾਂ ਮਾਰਦੀ। ਚੌਥੇ ਕੁ ਦਿਨ ਭੂਆ ਦਾ ਦਰਦ ਤਾਂ ਕੁਝ ਘੱਟ ਗਿਆ ਪਰ ਅਜੇ ਬਿਸਤਰੇ ਉਪਰ ਅੱਛੀ ਤਰਾਂ ਬੈਠ ਨਹੀਂ ਸੀ ਸਕਦੀ। ਅਗਲੇ ਦਿਨ ਸ਼ਾਮਾਂ ਨੂੰ ਅਜੇ ਫਾਤਮਾਂ ਭੂਆ ਨੂੰ ਦਵਾਈ ਦੇ ਕੇ ਅਤੇ ਉਸਦੇ ਕੱਪੜੇ ਬਦਲ ਕੇ ਹਟੀ ਹੀ ਸੀ ਕਿ ਉਸਦੇ ਸਹੁਰੇ ਪਿੰਡ ਤੋਂ ਇੱਕ ਆਦਮੀ ਨੇ ਮਨਹੂਸ ਖਬਰ ਦੇ ਦਿੱਤੀ ਕਿ ਵਿਆਹ ਤੋਂ ਵਾਪਸੀ ਵੇਲੇ ਇੱਕ ਟਰੱਕ ਅਤੇ ਬੱਸ ਦੇ ਆਹਮਣੋ ਸਾਹਮਣੀ ਟੱਕਰ 'ਚ 15 ਜਣਿਆਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਉਹਨਾਂ 'ਚ ਸਲੀਮ ਅਤੇ ਉਸਦਾ ਪੁੱਤਰ ਵੀ ਸ਼ਾਮਲ ਸਨ। ਫਾਤਮਾਂ ਦੀ ਚੀਕ ਨਿਕਲ ਗਈ ਅਤੇ ਰੋਂਦੀ ਰੋਂਦੀ ਨੂੰ ਦੰਦਲ ਪੈ ਗਈ। ਡਾਕਟਰ ਅਤੇ ਨਰਸ ਨੇ ਆਕੇ ਉਸਨੂੰ ਸੰਭਾਲਿਆ ਅਤੇ ਨੀਂਦ ਦੀਆਂ ਗੋਲੀਆਂ ਦੇ ਕੇ ਸਵਾਂ ਦਿੱਤਾ। ਅਗਲੇ ਦਿਨ ਫਾਤਮਾਂ ਦਾ ਫੁੱਫੜ ਉਸਨੂੰ ਰੋਂਦੀ ਧੋਂਦੀ ਨੂੰ ਉਸਦੇ ਸਹੁਰੇ ਘਰ ਲੈ ਗਿਆ। ਘਰ ਪਹੁੰਚ ਕੇ ਅਤੇ ਲਾਸ਼ਾਂ ਵੇਖ ਕੇ ਫਾਤਮਾਂ ਡਿੱਗ ਪਈ ਅਤੇ ਉਸਨੂੰ ਗਸ਼ ਪੈ ਗਈ। ਘਰ 'ਚ ਚੀਕ ਚਿਹਾੜਾ ਹੋਰ ਵਧ ਗਿਆ। ਫੁੱਫੜ ਨੂੰ ਆਪਣੀ ਘਰ ਵਾਲੀ ਦਾ ਦਰਦ ਭੁੱਲ ਗਿਆ ਅਤੇ ਦੋਹਾਂ ਲਾਸ਼ਾਂ ਨੂੰ ਦਫਨਾਉਣ ਤੱਕ ਉਹ ਫਾਤਮਾਂ ਦਾ ਖਿਆਲ ਰੱਖਣ ਲਈ ਉੱਥੇ ਹੀ ਰਿਹਾ। ਫਾਤਮਾਂ ਜਦੋਂ ਰੋਂਦੀ, ਉਹ ਅੱਲਾ ਦੇ ਅੱਗੇ ਸ਼ਕਾਇਤ ਕਰਦੀ,"ਐ ਅੱਲਾ, ਮੈਥੋਂ ਕੀ ਪਾਪ ਹੋ ਗਿਆ? ਜੇ ਮੈਂ ਆਪਣੇ ਪਿਆਰ ਵਾਸਤੇ ਤੇਰੇ ਅੱਗੇ ਝੋਲੀ ਅੱਡੀ, ਉਹ ਵੀ ਤੂੰ ਖਾਲੀ ਹੀ ਰੱਖੀ। ਜੇ ਮੈਨੂੰ ਸਿਰ ਦਾ ਸਾਈਂ ਮਿਲਿਆ, ਤੂੰ ਵਿਆਜ ਸਮੇਤ ਉਹ ਵੀ ਮੇਰੇ ਕੋਲੋਂ ਖੋਹ ਲਿਆ। ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ। ਮੈਨੂੰ ਇਹ ਕਿਸ ਕਸੂਰ ਦੀ ਸਜ਼ਾ ਮਿਲੀ ਏ? ਸਾਰੇ ਮੈਨੂੰ ਕਰਮਾਂ ਵਾਲੀ ਕਹਿੰਦੇ ਆ। ਜੇ ਮੈਂ ਦੂਜਿਆਂ ਲਈ ਕਰਮਾਂ ਵਾਲੀ ਆਂ ਤਾਂ ਮੇਰੇ ਕਰਮਾਂ ਨੂੰ ਕੀ ਹੋ ਗਿਆ"? ਕਦੀ ਉਹ ਮਾਪਿਆਂ ਨੂੰ ਯਾਦ ਕਰਕੇ ਵੈਣ ਪਉਂਦੀ,"ਤੁਸੀਂ ਕਿੱਥੇ ਓ? ਇਸ ਤੱਤੜੀ ਨੂੰ ਆਪਣੇ ਨਾਲ ਕਿਉਂ ਨਹੀਂ ਲੈ ਗਏ? ਮੈਂ ਹੁਣ ਕਿਸ ਦੇ ਸਹਾਰੇ ਦਿਨ ਕੱਟਾਂਗੀ"। ਉਸਦੀ ਜਿੰਦਗੀ ਪਤਾ ਨਹੀਂ ਕਿਸ ਅੱਲਾ ਨੇ ਸਰਾਪ ਦਿੱਤੀ ਸੀ। ਬੱਸ ਰੋਣਾ ਧੋਣਾ ਅਤੇ ਦੁੱਖ ਹੀ ਉਸਦੇ ਪੱਲੇ ਪੈ ਗਏ।

ਘਰ ਵਾਲਿਆਂ ਨੂੰ ਹੌਸਲਾ ਦੇਣ ਲਈ ਪਿੰਡ ਵਾਲਿਆਂ ਦਾ ਇਸ ਘਰ 'ਚ ਕੁਝ ਦਿਨ ਅਉਣ ਜਾਣ ਜਾਰੀ ਰਿਹਾ। ਆਦਮੀ ਬਾਹਰ ਵੇਹੜੇ 'ਚ ਬੈਠ ਜਾਂਦੇ ਅਤੇ ਜਨਾਨੀਆਂ ਚੌਂਕੇ ਦੇ ਕੋਲ। ਇੱਕ ਦਿਨ ਫਾਤਮਾਂ ਹੱਕੀ ਬੱਕੀ ਰਹਿ ਗਈ ਜਦੋਂ ਉਸ ਦੀ ਸੱਸ ਵੈਣ ਪਾ ਰਹੀ ਸੀ,"ਨੀ ਗਰਕ ਜਾਣੀਏਂ, ਨੀ ਡੈਣੇਂ, ਤੂੰ ਮੇਰੇ ਪੁੱਤ ਨੂੰ ਖਾ ਲਿਆ"। ਇੱਕ ਦੋ ਹੋਰ ਜਨਾਨੀਆਂ ਨੇ ਵੀ ਇਸ ਤਰਾਂ ਦੇ ਵੈਣ ਪਾਕੇ ਬਲਦੀ 'ਤੇ ਤੇਲ ਪਾ ਦਿੱਤਾ। ਉਸਦੀ ਫਿਰ ਚੀਕ ਨਿਕਲ ਗਈ ਅਤੇ ਉਸਨੂੰ ਦੰਦਲ ਪੈ ਗਈ। ਜਦੋਂ ਹੋਸ਼ ਆਈ ਤਾਂ ਉਹ ਵੈਣ ਬਾਰ ਬਾਰ ਉਸਦੇ ਕੰਨਾਂ 'ਚ ਘੁੰਮਣ ਲੱਗੇ। ਉਹ ਸੋਚਦੀ,"ਜਾਨ ਦੇਣੀ ਜਾਂ ਲੈਣੀ ਤਾਂ ਅੱਲਾ ਦੇ ਹੱਥ 'ਚ ਏ, ਫਿਰ ਇਹ ਦੋਸ਼ ਮੈਨੂੰ ਕਿਉਂ ਦੇ ਰਹੇ ਨੇ? ਮੈਂ ਤਾਂ ਕੁਝ ਨਹੀਂ ਕੀਤਾ। ਕਿਤੇ ਇਹ ਅੰਦਰੋਂ ਇਹ ਤਾਂ ਨਹੀਂ ਕਹਿ ਰਹੇ ਕਿ ਉਹਨਾਂ ਦੇ ਨਾਲ ਮੈਂ ਕਿਉਂ ਨਹੀਂ ਮਰੀ ਜਾਂ ਮੈਂ ਕਿਉਂ ਬਚ ਗਈ ਹਾਂ"? ਥੋੜ੍ਹੇ ਦਿਨਾਂ 'ਚ ਘਰ ਦੇ ਹਾਲਾਤ ਐਨੇ ਵਿਗੜ ਗਏ ਕਿ ਫਾਤਮਾ ਦੇ ਜੇਠ ਨੇ ਇੱਕ ਦਿਨ ਸਿੱਧਾ ਹੀ ਕਹਿ ਦਿੱਤਾ,"ਜੇ ਜਮੀਨ ਅੰਮੀ ਦੇ ਨਾਂ ਤੇ ਲਉਣੀ ਆਂ ਤਾਂ ਠੀਕ ਐ, ਨਹੀਂ ਤਾਂ ਐਥੋਂ ਪੱਤਰਾ ਵਾਚ"। ਫਾਤਮਾਂ ਨੂੰ ਜਾਪਿਆਂ ਜਿਵੇਂ ਕਿਸੇ ਨੇ ਉਸਦੇ ਸਿਰ 'ਤੇ ਹਥੌੜਾ ਮਾਰ ਦਿੱਤਾ ਹੋਵੇ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ। ਉਸਨੇ ਕਿਸੇ ਦੇ ਹੱਥ ਸੁਨਿਆਹ ਭੇਜ ਕੇ ਆਪਣੇ ਫੁੱਫੜ ਜੀ ਨੂੰ ਘਰ ਬੁਲਾਇਆ। ਉਸਨੇ ਆਕੇ ਫਾਤਮਾਂ ਦੇ ਘਰ ਵਾਲਿਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜੇ ਰਹੇ। ਅਖੀਰ 'ਚ ਫਾਤਮਾਂ ਜਿਸ ਸਹੁਰੇ ਘਰ 'ਚ ਲਾਲ ਸੂਹਾ ਸੂਟ ਪਹਿਨ ਕੇ ਅਤੇ ਸੱਜ ਧੱਜ ਕੇ ਆਈ ਸੀ, ਉਥੋਂ ਸਿਰ ਉੱਪਰ ਚਿੱਟੀ ਚੁੰਨੀ ਲੈਕੇ ਅਤੇ ਬੇਇਜ਼ਤ ਹੋਕੇ ਵਾਪਸ ਆਪਣੇ ਪੇਕੇ ਘਰ ਆ ਗਈ।

ਨਿਕਾਹ ਤਾਂ ਫਾਤਮਾਂ ਪਹਿਲਾਂ ਹੀ ਨਹੀਂ ਸੀ ਕਰਨਾ ਚਹੁੰਦੀ, ਪਰ ਖਾਵੰਦ ਅਤੇ ਬੇਟੇ ਦੀ ਮੌਤ ਨਾਲ ਉਸਦੇ ਦਿਲ 'ਤੇ ਐਸਾ ਅਸਰ ਹੋਇਆ ਕਿ ਉਸਨੇ ਆਪਣੀ ਬਾਕੀ ਜਿੰਦਗੀ ਬਿਨਾਂ ਨਿਕਾਹ ਤੋਂ ਹੀ ਬਤਾਉਣ ਦਾ ਫੈਸਲਾ ਕਰ ਲਿਆ। ਵੈਸੇ ਵੀ ਉਸਨੂੰ ਪਤਾ ਸੀ ਕਿ ਇਸ ਸਮਾਜ 'ਚ ਜਨਾਨੀ ਵਾਸਤੇ ਦੂਸਰੀ ਸ਼ਾਦੀ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਸਗੋਂ ਇਹ ਕਹਿ ਲਉ ਕਿ ਬੇਹੱਦ ਮੁਸ਼ਕਲ ਸੀ। ਉਸਨੇ ਫੁੱਫੜ ਅਤੇ ਭੂਆ ਜੀ ਨੂੰ ਬੇਨਤੀ ਕੀਤੀ ਅਤੇ ਉਹ ਦੋਵੇਂ ਪਿੰਡ ਤੋਂ ਆਕੇ ਉਸਦੇ ਕੋਲ ਸ਼ਹਿਰ ਹੀ ਰਹਿਣ ਲੱਗ ਪਏ। ਉਹਨਾਂ ਦਾ ਛੋਟਾ ਪੁੱਤਰ ਵੀ ਸ਼ਹਿਰ ਹੀ ਨੌਕਰੀ ਕਰਦਾ ਸੀ, ਉਹ ਵੀ ਇਹਨਾਂ ਦੇ ਕੋਲ ਹੀ ਰਹਿਣ ਲੱਗ ਪਿਆ। ਖਾਵੰਦ ਅਤੇ ਪੁੱਤਰ ਦੀ ਮੌਤ ਦਾ ਦਿਲ ਉੱਤੇ ਐਨਾ ਗਹਿਰਾ ਅਸਰ ਹੋਇਆ ਕਿ ਆਪਣੀ ਨੌਕਰੀ ਦੇ ਨਾਲ ਨਾਲ ਫਾਤਮਾਂ ਨੇ ਆਪਣੀ ਜਿੰਦਗੀ ਨੂੰ ਸਮਾਜ ਸੇਵਾ ਲਈ ਅਰਪਣ ਕਰ ਦਿੱਤਾ। ਕਿਸੇ ਭੁੱਖੇ ਦੇ ਮੂੰਹ 'ਚ ਰੋਟੀ ਪਉਣੀ, ਡਿੱਗੇ ਨੂੰ ਉਠਾਉਣਾ, ਰੋਂਦੇ ਨੂੰ ਹਸਾਉਣਾ ਅਤੇ ਸਮਾਜਕ ਬੁਰਾਈਆਂ ਨੂੰ ਦੂਰ ਕਰਨਾ - ਉਸਨੇ ਆਪਣੀ ਜਿੰਦਗੀ ਦਾ ਨਿਸ਼ਾਨਾਂ ਬਣਾ ਲਿਆ। ਇਸ ਉਦੇਸ਼ ਨੂੰ ਪੂਰਾ ਕਰਨ 'ਚ ਉਸਨੂੰ ਆਪਣੇ ਸਕੂਲ ਦੇ ਸਾਥੀਆਂ ਅਤੇ ਸ਼ਹਿਰ ਦੀਆਂ ਕੁਝ ਹੋਰ ਸੰਸਥਾਵਾਂ ਤੋਂ ਵੀ ਕਾਫੀ ਸਹਾਇਤਾ ਮਿਲੀ। ਇੱਕ ਦੋ ਵਾਰ ਅਖਬਾਰ 'ਚ ਫੋਟੋ ਸਮੇਤ ਉਸ ਬਾਰੇ ਲੇਖ ਵੀ ਲਿਖੇ ਗਏ।

ਮੰਗੂ ਦੀ ਯਾਦ ਤਾਂ ਫਾਤਮਾਂ ਨੂੰ ਪਹਿਲੋਂ ਵੀ ਨਹੀਂ ਸੀ ਭੁੱਲੀ, ਪਰ ਸਹੁਰੇ ਘਰ ਤੋਂ ਵਾਪਸੀ ਤੋਂ ਪਿਛੋਂ ਇਹ ਯਾਦ ਉਸਨੂੰ ਹੋਰ ਸਤਾਉਣ ਲੱਗ ਪਈ। ਜਿਵੇਂ ਜਿਵੇਂ ਵਕਤ ਬੀਤਣ ਲੱਗਾ, ਉਸਦੇ ਮਨ 'ਚ ਮੰਗੂ ਨੂੰ ਮਿਲਣ ਦੀ ਤਾਂਘ ਜੋਰ ਪਉਣ ਲੱਗੀ ਕਿ ਉਸ ਬਾਰੇ ਪਤਾ ਤਾਂ ਕੀਤਾ ਜਾਵੇ ਕਿ ਉਹ ਕਿਵੇਂ ਰਹਿ ਰਿਹਾ ਏ? ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਦੀ ਜੰਗ ਨੂੰ ਹੁਣ ਕਾਫੀ ਸਾਲ ਬੀਤ ਗਏ ਸਨ ਅਤੇ ਖਬਰਾਂ ਅਨੁਸਾਰ ਦੋਹਾਂ ਦੇਸ਼ਾਂ 'ਚ ਕਸ਼ੀਦਗੀ ਕੁਝ ਘਟ ਗਈ ਸੀ। ਫਾਤਮਾਂ ਨੂੰ ਪਤਾ ਲੱਗਾ ਕਿ ਉਸਦੇ ਸਕੂਲ ਦੇ ਹੈੱਡਮਾਸਟਰ ਦਾ ਵੱਡਾ ਭਰਾ ਜੋ ਲਾਇਲਪੁਰ ਯੂਨੀਵਰਸਟੀ 'ਚ ਪ੍ਰੋਫੈਸਰ ਸੀ, ਖੋਜ ਸਬੰਧੀ ਵਿਚਾਰ ਵਟਾਂਦਰੇ ਲਈ ਇੱਕ ਵਫਦ ਨਾਲ ਇੱਕ ਹਫਤੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਜਾ ਰਿਹਾ ਹੈ। ਫਾਤਮਾਂ ਉਸਦੇ ਘਰ ਗਈ, ਡੇਹਰੀ ਵਾਲਾ ਅਤੇ ਕਰਤਾਰਪੁਰ ਦੇ ਦੋਹਾਂ ਪਰਿਵਾਰਾਂ ਬਾਰੇ ਲਿਖਤੀ ਜਾਣਕਾਰੀ ਦਿੱਤੀ ਅਤੇ ਕਿਸੇ ਰਾਹੀਂ ਉਹਨਾਂ ਬਾਰੇ ਪਤਾ ਕਰਵਾਉਣ ਦੀ ਬੇਨਤੀ ਕੀਤੀ। ਲੁਧਿਆਣੇਂ ਤੋਂ ਵਾਪਸ ਆਕੇ ਉਸ ਆਦਮੀ ਨੇ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਮੰਗਲ ਸਿੰਘ ਦੇ ਮਾਤਾ ਪਿਤਾ ਤਾਂ ਸੁਰਗਵਾਸ ਹੋ ਗਏ ਸਨ ਅਤੇ ਨੌਕਰੀ ਦੇ ਸਬੰਧ 'ਚ ਉਹ ਦਿੱਲੀ ਜਾ ਵੱਸਿਆ ਸੀ। ਉਹ ਪਹਿਲਾਂ ਤਾਂ ਇੱਕ ਦੋ ਸਾਲਾਂ ਪਿੱਛੋਂ ਪਿੰਡ ਚੱਕਰ ਮਾਰ ਲੈਂਦਾ ਸੀ, ਪਰ ਫਿਰ ਉਹ ਜਮੀਨ ਵੇਚ ਕੇ ਕਿਸੇ ਬਾਹਰਲੇ ਦੇਸ਼ 'ਚ ਚਲਿਆ ਗਿਆ ਸੀ। ਫੌਜਾ ਸਿੰਘ ਦਾ ਪਰਿਵਾਰ ਵੀ ਪਿੰਡ ਛੱਡਕੇ ਜਲੰਧਰ ਸ਼ਹਿਰ 'ਚ ਜਾ ਵੱਸੇ ਸਨ। ਇਸ ਤਰਾਂ ਮੰਗੂ ਨੂੰ ਮਿਲਣ ਦੀ ਜੋ ਥ੍ਹੋੜੀ ਬਹੁਤ ਆਸ ਸੀ, ਉਹ ਵੀ ਜਾਂਦੀ ਰਹੀ ਪਰ ਉਸਨੇ ਅੱਲਾ ਅੱਗੇ ਦੁਆ ਕਰਨੀ ਨਾਂ ਛੱਡੀ।

ਫਾਤਮਾਂ ਦੇ ਰਸੂਖ ਨਾਲ ਫੁੱਫੜ ਜੀ ਦੇ ਇੱਕ ਪੋਤਰੇ ਦਾ ਰਿਸ਼ਤਾ ਟਰੌਂਟੋ (ਕੈਨੇਡਾ) ਵਿਖੇ ਹੋ ਗਿਆ। ਫਾਤਮਾਂ ਨੂੰ ਉਸ ਲੜਕੇ ਨਾਲ ਬਹੁਤ ਪਿਆਰ ਸੀ ਅਤੇ ਉਸਨੇ ਉਸ ਲੜਕੇ ਦੀ ਪੜ੍ਹਾਈ 'ਚ ਬਹੁਤ ਮਦਦ ਕੀਤੀ ਸੀ। ਉਸ ਲੜਕੇ ਨੇ ਕਈ ਵਾਰ ਫਾਤਮਾ ਦਾਦੀ ਨੂੰ ਟਰੌਂਟੋ ਅਉਣ ਲਈ ਬੇਨਤੀ ਕੀਤੀ ਸੀ ਪਰ ਹਰ ਵਾਰੀਂ ਉਹ ਇਹ ਕਹਿ ਕੇ ਟਾਲ ਦਿੰਦੀ,"ਜਦੋਂ ਅੱਲਾ ਦਾ ਹੁਕਮ ਹੋਵੇਗਾ, ਆ ਜਾਵਾਂਗੀ"। ਹੁਣ ਜਦੋਂ ਉਸਦੀ ਘਰ ਵਾਲੀ ਦੇ ਤੀਸਰਾ ਬੱਚਾ ਹੋਣ ਵਾਲਾ ਸੀ, ਤਾਂ ਉਸਨੇ ਆਪਣੀ ਮਜਬੂਰੀ ਦੱਸਦੇ ਹੋਏ ਅਉਣ ਲਈ ਪੁਰ ਜੋਰ ਬੇਨਤੀ ਕੀਤੀ। ਫਾਤਮਾਂ ਨੂੰ ਵੀਜ਼ਾ ਮਿਲ ਗਿਆ ਅਤੇ ਉਹ ਟਰੌਂਟੋ ਪਹੁੰਚ ਗਈ।

ਫਾਤਮਾਂ ਦੇ ਇੱਥੇ ਅਉਣ ਤੋਂ ਤਿੰਨ ਕੁ ਹਫਤੇ ਪਿਛੋਂ ਉਹਨਾਂ ਨੂੰ ਉਹਨਾਂ ਦੀ ਸਕੂਲ ਪੜਦੀ ਬੱਚੀ ਦੀ ਇੱਕ ਸਹੇਲੀ ਦੇ ਜਨਮ ਦਿਨ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਆਇਆ। ਉਸ ਲੜਕੀ ਦਾ ਘਰ ਇਹਨਾਂ ਦੇ ਘਰ ਤੋਂ ਛੇ ਕੁ ਗਲੀਆਂ ਦੂਰ ਸੀ। ਜਦੋਂ ਫਾਤਮਾਂ ਆਪਣੀ ਬੱਚੀ ਨੂੰ ਲੈਕੇ ਉਸ ਘਰ ਪਹੁੰਚੀ ਤਾਂ ਉੱਥੇ ਦਲਜੀਤ ਕੌਰ ਨੂੰ ਵੇਖ ਕੇ ਬਹੁਤ ਖੁਸ਼ ਹੋਈ ਕਿਉਂ ਕਿ ਪੰਜਾਬੀ 'ਚ ਗੱਲ ਬਾਤ ਕਰਨ ਲਈ ਉਸਨੂੰ ਕੋਈ ਤਾਂ ਸਾਥੀ ਮਿਲਿਆ। ਗੱਲਾਂ ਗੱਲਾਂ 'ਚ ਦਲਜੀਤ ਕੌਰ ਨੇ ਫਾਤਮਾਂ ਨੂੰ ਕਿਹਾ,"ਭੈਣ ਜੀ, ਅੱਜ ਤਾਂ ਤੁਸੀਂ ਕਰਮਾਂ ਨਾਲ ਸਾਡੇ ਘਰ ਦੇ ਕੋਲ ਆਏ ਹੋ। ਸਾਡਾ ਘਰ ਐਸੇ ਹੀ ਗਲੀ 'ਚ ਹੈ। ਜੇ ਤੁਸੀਂ ਸਾਡੇ ਘਰ ਚਰਨ ਪਾਉਗੇ ਤਾਂ ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਾਂਗੇ"। ਫਾਤਮਾਂ ਦੇ ਨਾਂਹ ਨਾਂਹ ਕਰਦੇ ਵੀ ਜਨਮ ਦਿਨ ਦਾ ਕੇਕ ਕੱਟਣ ਪਿਛੋਂ ਦਲਜੀਤ ਕੌਰ ਉਸਨੂੰ ਆਪਣੇ ਘਰ ਲੈ ਗਈ। ਘਰ ਅੰਦਰ ਦਾਖਲ ਹੋਕੇ ਫੈਮੀਲੀ ਰੂੰਮ ਵੱਲ ਜਾਂਦੇ ਹੋਏ ਲਿਵਿੰਗ ਰੂੰਮ 'ਚ ਸੋਫੇ ਉੱਪਰ ਲੇਟੇ ਆਪਣੇ ਪਤੀ ਵੱਲ ਇਸ਼ਾਰਾ ਕਰਦੇ ਹੋਏ ਦਲਜੀਤ ਕੌਰ ਨੇ ਕਿਹਾ,"ਇਹ ਮੇਰੇ ਪਤੀ ਨੇ। ਚਾਰ ਪੰਜ ਦਿਨ ਤੋਂ ਜੁਕਾਮ ਅਤੇ ਬੁਖਾਰ ਕਰਕੇ ਕਾਫੀ ਕਮਜੋਰ ਹਨ"। ਫਿਰ ਸੁਲਾਹ ਮਾਰਦਿਆਂ ਉਸਨੇ ਕਿਹਾ,"ਦੱਸੋ ਭੈਣ ਜੀ, ਕੀ ਪੀਓਗੇ"? ਫਾਤਮਾਂ ਨੇ ਕਿਹਾ,"ਸਭ ਕੁਝ ਤਾਂ ਖਾ ਪੀ ਲਿਆ ਏ। ਹੁਣ ਹੋਰ ਕੁਝ ਖਾਣ ਨੂੰ ਦਿਲ ਨਹੀਂ ਕਰਦਾ"। ਸਾਹਮਣੇ ਫਾਇਰ ਪਲੇਸ ਉੱਪਰ ਸਜਾਏ ਹੋਏ ਸਮਾਨ ਵੱਲ ਵੇਖ ਕੇ ਉਸਨੇ ਦਲਜੀਤ ਕੌਰ ਨੂੰ ਕਿਹਾ,"ਭੈਣ ਜੀ, ਤੁਹਾਡੀ ਇਹ ਸਜਾਵਟ ਬਹੁਤ ਸੋਹਣੀ ਏ"। ਅਤੇ ਇਹ ਆਖਦੀ ਆਖਦੀ ਉਹ ਫਾਇਰ ਪਲੇਸ ਕੋਲ ਚਲੇ ਗਈ। ਉੱਥੇ ਟਿਕਾਈਆਂ ਹੋਈਆਂ ਚੀਜਾਂ 'ਚ ਇਕ ਫੋਟੋ ਸੀ ਜੋ ਕਿਸੇ ਲੜਕੇ ਦੇ ਬਚਪਨ ਵੇਲੇ ਦੀ ਜਾਪਦੀ ਸੀ। ਫੋਟੋ ਬਹੁਤ ਪੁਰਾਣੀ ਹੋਣ ਕਰਕੇ ਕਾਫੀ ਘਸਮੈਲੀ ਜਿਹੀ ਸੀ ਪਰ ਉਸ ਲੜਕੇ ਦੀ ਠੋਡੀ ਉੱਪਰ ਤਿਲ ਦਾ ਨਿਸ਼ਾਨ ਸਾਫ ਦਿਸ ਰਿਹਾ ਸੀ। ਫਾਤਮਾਂ ਨੂੰ ਕੁਝ ਸ਼ੱਕ ਤਾਂ ਪਿਆ ਪਰ ਮਨ 'ਚ ਆਇਆ ਕਿ ਇੱਕੋ ਜਿਹੇ ਤਾਂ ਕਈ ਚਿਹਰੇ ਹੁੰਦੇ ਨੇ। ਫਿਰ ਉੱਪਰ ਕੰਧ 'ਤੇ ਟੰਗੀ ਇੱਕ ਚੰਗੇਰ ਵੱਲ ਇਸ਼ਾਰਾ ਕਰਦੇ ਹੋਏ ਦਲਜੀਤ ਕੌਰ ਨੂੰ ਪੁੱਛਿਆ, "ਭੈਣ ਜੀ, ਆਹ ਚੰਗੇਰ ਬਹੁਤ ਸੋਹਣੀ ਲਗਦੀ ਏ। ਕਿਥੋਂ ਖਰੀਦੀ ਜੇ"? ਦਲਜੀਤ ਕੌਰ ਨੇ ਕਿਹਾ," ਇਹ ਮੇਰੇ ਘਰ ਵਾਲੇ ਦੀ ਇੱਕ ਵਡਮੁੱਲੀ ਜਗੀਰ ਏ। ਉਹ ਹਰ ਰੋਜ ਇੱਕ ਦੋ ਵਾਰ ਇਸਨੂੰ ਵੇਖ ਲੈਂਦੇ ਨੇ। ਕਦੀ ਕਦੀ ਤਾਂ ਉਹਨਾਂ ਦੀਆਂ ਅੱਖੀਆਂ ਵੀ ਗਿੱਲੀਆਂ ਹੋ ਜਾਂਦੀਆਂ ਨੇ"। "ਕੀ ਮੈਂ ਇਸਨੂੰ ਵੇਖ ਸਕਦੀ ਆਂ"? ਫਾਤਮਾਂ ਨੇ ਉੱਤਸੁਕਤਾ ਨਾਲ ਕਿਹਾ"। "ਜਰੂਰ, ਭੈਣ ਜੀ"। ਇਹ ਕਹਿੰਦੇ ਹੋਏ ਦਲਜੀਤ ਕੌਰ ਨੇ ਕੰਧ ਉੱਤੇ ਟੰਗੀ ਉਹ ਚੰਗੇਰ ਲਾਹਕੇ ਫਾਤਮਾਂ ਦੇ ਹੱਥ 'ਚ ਫੜਾ ਦਿੱਤੀ। ਫਾਤਮਾਂ ਨੇ ਜਦੋਂ ਉਸ ਚੰਗੇਰ ਦਾ ਅੰਦਰਲਾ ਪਾਸਾ ਵੇਖਿਆ ਤਾਂ ਉਸ ਉੱਪਰ ਲਾਲ ਅਤੇ ਨੀਲੇ ਧਾਗੇ ਨਾਲ 'ਫ' ਅਤੇ 'ਮ' ਲਫਜ਼ ਉੱਕਰੇ ਹੋਏ ਵੇਖਕੇ ਉਹ ਕੰਬ ਗਈ। ਉਸਨੂੰ ਯਾਦ ਆਇਆ ਕਿ ਇਹ ਤਾਂ ਉਹੀ ਚੰਗੇਰ ਹੈ ਜੋ ਉਸਨੇ ਬਚਪਨ 'ਚ ਬਣਾਕੇ ਮੰਗੂ ਨੂੰ ਦਿੱਤੀ ਸੀ। ਇੱਕ ਦੰਮ ਉਸਦੇ ਮਨ 'ਚ ਦਲਜੀਤ ਕੌਰ ਦੇ ਕਹੇ ਹੋਏ ਲਫਜ਼ ਕਿ 'ਮੇਰੇ ਪਤੀ ਨੂੰ ਕਿਸੇ ਨੇ ਮਾਸ ਖਾਣ ਤੋਂ ਮਨ੍ਹਾਂ ਕੀਤਾ ਸੀ', 'ਮੇਰਾ ਪਤੀ ਤਾਂ ਪਹਿਲੋਂ ਵਿਆਹ ਲਈ ਮੰਨਦਾ ਨਹੀਂ ਸੀ ਪਰ ਅਸੀਂ ਉਸਦੇ ਮਗਰ ਪੈ ਗਏ' ਅਤੇ ਲੁਧਿਆਣੇ ਤੋਂ ਮਿਲਿਆ ਸੁਨਿਆਹ ਕਿ 'ਮੰਗਲ ਸਿੰਘ ਪਿੰਡ ਛੱਡਕੇ ਪਹਿਲੋਂ ਦਿੱਲੀ ਅਤੇ ਉੱਥੋਂ ਕਿਸੇ ਬਾਹਰਲੇ ਦੇਸ਼ ਚਲਿਆ ਗਿਆ ਹੈ' ਘੁੰਮਣ ਲੱਗ ਪਏ। ਹੱਥ 'ਚ ਫੋਟੋ ਅਤੇ ਚੰਗੇਰ ਫੜ੍ਹ ਕੇ ਉਹ ਕਾਹਲੀ ਕਾਹਲੀ ਲਿਵਿੰਗ ਰੂਮ ਵੱਲ ਗਈ ਅਤੇ ਕੰਬਦੀ ਅਵਾਜ਼ 'ਚ ਕਿਹਾ,"ਵੇ ਮੰਗੂ, ਮੈਂ ਤੇਰੀ ਫੱਤੋ ਆਂ"। ਪਤਾ ਨਹੀਂ ਮੰਗਲ ਸਿੰਘ ਨੂੰ ਰੱਬ ਨੇ ਕਿੱਥੋਂ ਤਾਕਤ ਦੇ ਦਿੱਤੀ? ਉਹ ਅੱਭੜਵਾਹੇ ਉੱਠਿਆ ਅਤੇ ਉੱਚੀ ਸਾਰੀ ਬੋਲਿਆ,"ਮੇਰੀ ਕਰਮਾਂ ਵਾਲੀ ਫੱਤੋ"? ਫਾਤਮਾਂ ਦੀ ਭੁੱਬ ਜਿਹੀ ਨਿਕਲ ਗਈ ਅਤੇ ਡੁਸਕਦੀ ਹੋਈ ਨੇ ਕਿਹਾ,"ਵੇ ਜੀਣ ਜੋਗਿਆ, ਕਰਮਾਂ ਵਾਲੀ ਨਹੀਂ, ਨ-ਕਰਮਣ ਫੱਤੋ"।

  • ਮੁੱਖ ਪੰਨਾ : ਕਹਾਣੀਆਂ, ਤਰਲੋਚਨ ਸਿੰਘ ਔਜਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ