ਨਮਸਕਾਰ (ਕਹਾਣੀ) : ਬਲੀਜੀਤ

''ਖਾਣਾ ਕੌਣ ਬਣਾਊ?" ਮੈਂ ਚੌਕੀਦਾਰ ਦਲੀਪ ਨੂੰ ਪੁੱਛਿਆ ।

''ਖਾਣਾ? ਸਰ ਮੈਂ ਈ ਬਣਾਉਦੈਂ ।"

"ਆਉਂਦਾ ਤੈਨੂੰ ਖਾਣਾ ਬਣਾਉਣਾ?"

"ਹੋਰ ਸਰ... ਮੈਂ ਤਾਂ ਜਨਾਬ ਦੀ ਤਾਬਿਆ ਰਹਿਣਾ । ਮੈਂ ਤਾਂ ਸ਼ੁਰੂ ਤੋਂ ਰੈਸਟ ਹਾਊਸ ਵਿੱਚ ਏਹੀ ਕੰਮ ਕਰਦਾਂ । ਤੁਹਾਤੋਂ ਪਹਿਲਾਂ ਜਿਹੜੇ ਮਰਜੀ ਅਫ਼ਸਰ ਨੂੰ ਪੁੱਛ ਲਿਓ । ਦੱਸੋ ਕੀ ਬਣਾਵਾਂ ਸਰ... ਨਾਲ ਈ ਬੈਠਾ ਸਬਜ਼ੀ ਆਲਾ ।"

"ਲਿਆ ਜੋ ਮਰਜ਼ੀ"

ਜਦੋਂ ਦਲੀਪ ਸਬਜ਼ੀਆਂ ਦੇ ਲਿਫ਼ਾਫ਼ੇ ਲੈ ਕੇ ਵਾਪਸ ਆਇਆ ਤਾਂ ਮੈਂ ਯਾਦ ਕੀਤਾ ਕਿ ਮੈਂ ਉਸ ਨੂੰ ਇੱਕ ਹਜ਼ਾਰ ਰੁਪੱਈਆ ਦੇ ਕੇ ਬਜ਼ਾਰ ਤੋਰਿਆ ਸੀ ਰਸੋਈ ਦਾ ਸਮਾਨ ਲੈਣ । ਉਹ ਬਚੇ ਪੈਸੇ ਮੋੜ ਰਿਹਾ ਸੀ ।

"ਰੱਖ ਲੈ ਕੋਲੇ... ਜੋ ਵੀ ਕਿਚਨ ਵਿੱਚ ਹੋਰ ਕੁੱਝ ਲੋੜ ਹੋਈ ਤਾਂ ਲਈ ਆਵੀਂ ਬਜ਼ਾਰ ਤੋਂ । ਜਦ ਪੈਸੇ ਮੁੱਕ ਜਾਣ ਹੋਰ ਮੰਗ ਲਈਂ ।"

"ਸਰ ਗੈਸ ਦਾ ਸਲੰਡਰ...?" ਕਹਿਕੇ ਉਹ ਚੁੱਪ ਕਰਕੇ ਖੜ੍ਹ ਗਿਆ ।

"ਘਰੋਂ ਲਿਆਂਦਾ ਗੱਡੀ 'ਚ ਗੈਸ ਦਾ ਸਲੰਡਰ... ਚੁੱਲ੍ਹਾ... ਤੇ ਰੈਗੂਲੇਟਰ ਵੀ ਨਾਲ ਐ । ਡਰਾਈਵਰ ਨੂੰ ਕਹਿ..." ਦਲੀਪ ਮੁਲਾਜ਼ਮਾਂ ਦੀ ਲਿਸਟ ਵਿੱਚ ਸਭ ਤੋਂ ਅਹਿਮ ਹੋ ਗਿਆ ਸੀ । ਦਲੀਪ ਬਾਰੇ ਵੀਹ ਮਿੰਟ ਪਹਿਲਾਂ ਮੈਂ ਦਫ਼ਤਰ ਦੇ ਸੁਪਰਡੈਂਟ ਸੁਭਾਸ਼ ਚੰਦਰ ਤੋਂ ਪੁੱਛ ਲਿਆ ਸੀ;

"ਇਹ ਤਾਂ ਸਰ ਬੜਾ ਕੰਮ ਦਾ ਬੰਦਾ । ਜੋ ਮਰਜ਼ੀ ਕਰਵਾ ਲਓ ਏਹਤੋਂ । ਬਹੁਤ ਵਧੀਆ ਕੁੱਕ ਐ । ਗੱਡੀ ਵੀ ਚਲਾ ਲੈਂਦਾ ਜੇ ਡਰਾਇਵਰ ਛੁੱਟੀ 'ਤੇ ਹੋਵੇ । ਜਾਣਾ ਇਹਨੇ ਕਿਤੇ ਨਹੀਂ । ਚੌਵੀ ਘੈਂਟੇ ਹਾਜ਼ਰ । ਵਿੱਚੇ ਈ ਰਹਿੰਦਾ ਰੈਸਟ ਹਾਊਸ ਦੇ ਆਪਣੇ ਕੁਆਟਰ 'ਚ । ਇਹਦਾ ਦਾਦਾ ਕਦੇ ਇਸੇ ਰੈਸਟ ਹਾਊਸ ਵਿੱਚ ਅੰਗਰੇਜ਼ਾਂ ਦੀ ਨੌਕਰੀ ਕਰਦਾ ਹੁੰਦਾ ਸੀ । ਉਦੋਂ ਬਿਜਲੀ ਨਹੀਂ ਸੀ ਹੁੰਦੀ । 'ਪੰਖਾ ਕੁਲੀ' ਲੱਗਿਆ ਹੋਇਆ ਸੀ । ਅਸਤਬਲ 'ਚ ਅੰਗਰੇਜ਼ ਅਫ਼ਸਰਾਂ ਦੇ ਘੋੜੇ ਵੀ ਉਹੀ ਸੰਭਾਲਦਾ ਹੁੰਦਾ ਸੀ । ਦਲੀਪ... ਸਰ ਇਸੇ ਰੈਸਟ ਹਾਊਸ ਵਿੱਚ ਜੰਮਿਆ ।"

ਬਦਲੀਆਂ ਦੀ ਲਾਸਟ ਲਿਸਟ ਜਿਹੜੀ ਹੁਣੇ ਬਾਹਰ ਨਿਕਲੀ... ਉਸ ਵਿੱਚ ਮੈਨੂੰ ਕੰਢੀ ਦੇ ਨੀਮ ਪਹਾੜੀ ਖੇਤਰ ਵਿੱਚ ਤੀਸਰੀ ਵਾਰ ਪੋਸਟ ਕਰ ਦਿੱਤਾ ਗਿਆ ਸੀ । ਜੁਆਨਿੰਗ ਟਾਇਮ ਕੱਟ ਕੇ ਜਦੋਂ ਮੈਂ ਕਾਰ 'ਤੇ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸਾਂ ਤਾਂ ਰਾਤ ਦੇ ਅੰਤਾਂ ਦੇ ਹੁੰਮ੍ਹਸ ਪਿੱਛੋਂ ਝੱਖੜ ਝਾਂਜਾ ਝੁੱਲਣ ਲੱਗ ਪਿਆ ਸੀ । ਇੰਨਡੇਨ ਕੰਪਨੀ ਦਾ ਗੈਸ ਦਾ ਸਲੰਡਰ, ਰੈਗੂਲੇਟਰ, ਛੋਟਾ ਗੈਸ ਸਟੋਵ, ਲਾਈਟਰ ਅਤੇ ਸ਼ਰਾਬ ਦੀਆਂ ਤਿੰਨ ਬੋਤਲਾਂ ਮੈਂ ਸਭ ਤੋਂ ਪਹਿਲਾਂ ਉਚੇਚ ਨਾਲ ਗੱਡੀ ਦੀ ਡਿੱਗ੍ਹੀ 'ਚ ਟਿਕਾ ਲਈਆਂ ਸਨ... ਕੱਪੜੇ... ਖਾਣ ਪੀਣ ਦਾ ਸਮਾਨ ਤੇ ਦੁਆਈਆਂ ਦੇ ਪੱਤਿਆਂ ਦਾ ਫ਼ਿਕਰ ਹੀ ਦਿਮਾਗ 'ਤੇ ਚੜਿ੍ਹਆ ਰਿਹਾ । ਕਾਹਲੀ ਕਾਹਲੀ ਤੁਰਦੇ ਮੈਂ ਕਈ ਕੁੱਝ ਨਾਲ ਲਿਜਾਣਾ ਭੁੱਲ ਗਿਆ । ਲੈਪ-ਟੌਪ ਯਾਦ ਈ ਨਹੀਂ ਰਿਹਾ । ਸਾਰੇ ਰਸਤੇ ਦਰਖ਼ਤਾਂ ਦੇ ਬੋਦੇ ਟਾਹਣੇ ਟੁੱਟ ਕੇ ਗਿਰੇ ਪਏ ਦਿਸਦੇ ਰਹੇ ਸਨ... ਤੇ ਪੱਤੇ ਪਤਾ ਨਹੀਂ ਹਨੇਰੀ ਨੇ ਉੱਡਾ ਕੇ ਕਿੱਥੇ ਕਿੱਧਰ ਵਗਾਹ ਮਾਰੇ । ਡੇਢ ਸੌ ਕਿੱਲੋ ਮੀਟਰ ਸੜਕਾਂ ਦੇ ਜੰਗਲ ਵਿੱਚੋਂ ਤੇਜ਼ੋ ਤੇਜ਼ ਗੱਡੀ ਦੁੜਾਉਂਦਾ ਮੈਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਟਿਕੇ ਛੋਟੇ ਜਹੇ ਸਰਕਾਰੀ ਕੰਪਲੈਕਸ ਦੇ ਬਾਹਰ ਜਾ ਰੁੱਕਿਆ ਜੋ ਹਿੰਦ-ਪਾਕ ਬਾਰਡਰ ਦੇ ਨਾਲ ਆਖ਼ਰੀ ਸਟੇਸ਼ਨ ਸੀ... ਜਿੱਥੇ ਮੈਂ ਜੰਗਲਾਤ ਵਿਭਾਗ ਦੇ ਸਭ ਤੋਂ ਹੇਠਲੇ ਦਫ਼ਤਰ ਦਾ ਮੁੱਖੀ ਸੀ । ਸੋਚਿਆ ਕਿ ਮੋਬਾਇਲ ਦਾ ਕਰੰਟ ਖ਼ਤਮ ਹੋਣ ਤੋਂ ਪਹਿਲਾਂ ਪਿੱਛੇ ਘਰਵਾਲੀ ਤੇ ਬੱਚਿਆਂ ਦਾ ਹਾਲ ਚਾਲ ਪੁੱਛ ਲਵਾਂ:

''ਸਭ ਠੀਕ ਐ?"

''ਹਾਂ ਠੀਕ ਐ । ਹਨੇਰੀ ਬਹੁਤ ਚਲ ਰਹੀ ਐ । ਖਿੜਕੀਆਂ ਦਰਵਾਜ਼ੇ ਖੜਕ ਰਹੇ ਹਨ । ਸਾਂਅ-ਸਾਂਅ ਹੁੰਦੀ ਪਈ ਚਾਰੇ ਪਾਸੇ । ਬਿਜਲੀ ਤੁਹਾਡੇ ਹੁੰਦਿਆਂ ਦੀ ਗਈ ਅਜੇ ਤੱਕ ਨਹੀਂ ਆਈ । ਕੋਈ ਪਤਾ ਨਹੀਂ ਕਦ ਆਉਂਦੀ ਐ । ਮੋਮਬਤੀਆਂ ਲੱਭ ਰਹੇ ਆਂ । ਤਾਰ ਤੋਂ ਕੱਪੜੇ ਉੜ ਗਏ । ਤੁਸੀਂ ਪਹੁੰਚ ਗਏ? ਠੀਕ ਠਾਕ?"

''ਪਹੁੰਚ ਹੀ ਗਿਆਂ ਔਖਾ ਸੌਖਾ । ਹਾਂ ਸਭ ਠੀਕ ਐ ।"

''ਠੀਕ ਐ । ਆਪਣੇ ਖਾਣ ਪੀਣ ਦਾ ਖਿਆਲ ਰੱਖੀਓ । ਦੁਆਈਆਂ ਟਾਇਮ ਸਿਰ ਲੈਣੀਆਂ ਨਾ ਭੁੱਲ ਜਾਇਓ ।"

ਇੰਟਰਨੈੱਟ ਦੀ ਰੇਂਜ ਟੁੱਟ ਗਈ । ਮੋਬਾਇਲ ਆਪਣਾ ਚਾਰਜ ਮੁੱਕ ਜਾਣ ਦਾ ਇਸ਼ਾਰਾ ਕਰ ਰਿਹਾ ਸੀ । ਚਾਰਜ 'ਤੇ ਲਾਉਣ ਵਾਲਾ ਯੰਤਰ ਪਤਾ ਨਹੀਂ ਕਾਰ 'ਚ ਰੱਖੇ ਸਮਾਨ 'ਚ ਹੈ ਵੀ ਸੀ ਕਿ ਨਹੀਂ । ਬਿਜਲੀ ਪਤਾ ਨਹੀਂ ਕਦੋਂ ਆਵੇ । ਕਿ ਨਾ ਹੀ ਆਵੇ...

***

ਜਦੋਂ ਮੇਰੀ ਕਾਰ ਦਫ਼ਤਰੀ ਕੰਪਲੈਕਸ ਅੰਦਰ ਪਹੁੰਚੀ ਤਾਂ ਸਾਰੇ ਮੁਲਾਜ਼ਮ ਮੈਨੂੰ ਉਡੀਕਦੇ ਕਾਰ ਦੇ ਕੋਲ ਹੀ ਇਕੱਠੇ ਹੋ ਗਏ ਸਨ... ਪਲਾਂਟਰ, ਫੌਰੈਸਟ ਗਾਰਡ, ਫੌਰੈਸਟਰ, ਇੰਸਪੈਕਟਰ... ਤੇ ਹੋਰ ਲੋਕ ਜਿਹਨਾਂ ਨੂੰ ਆਉਣ ਵਾਲੇ ਸਮੇਂ 'ਚ ਮੇਰੇ ਤੋਂ ਉਮੀਦਾਂ...ਡਰ ਭੈਅ ਹੋ ਸਕਦੇ ਸਨ । ਤੂਫ਼ਾਨ... ਖੜਕਦੇ ਦਰਵਾਜ਼ੇ, ਖਿੜਕੀਆਂ ਤੇ ਗੁੱਲ ਹੋਈ ਬਿਜਲੀ 'ਚ ਜਦੋਂ ਮੈਂ ਝੁੱਲਦੀ ਹਨੇਰੀ ਦੇ ਝੰਬੇ ਹੋਏ ਆਪਣੇ ਸਟਾਫ਼ ਨੂੰ ਦੇਖਿਆ ਤਾਂ ਮੈਨੂੰ ਪੁਰਾਣੇ ਸਮਿਆਂ 'ਚ ਅਜਿਹੇ ਪਹਾੜੀ ਇਲਾਕਿਆਂ 'ਚ ਨੌਕਰੀ ਕਰਦੇ... ਜੀਪ 'ਚ ਘੁੰਮਦੇ ਉਹ ਮੰਜ਼ਰ ਯਾਦ ਆਏ ਜਦੋਂ ਜੰਗਲ 'ਚ ਹਨੇਰੀ ਤੂਫ਼ਾਨ ਤੋਂ ਬਚਦੇ ਜੰਗਲੀ ਜਾਨਵਰ ਇੱਕ ਦੂਜੇ ਨਾਲ ਲੱਗ ਕੇ ਦਰਖਤਾਂ ਹੇਠ ਇਕੱਠੇ ਖੜ੍ਹੇ ਹੁੰਦੇ... ਭੁੱਖੇ ਨੰਗੇ ਡਰੇ ਹੋਏ... ਤੂਫ਼ਾਨ ਦੇ ਥਮ ਜਾਣ ਦੀ ਉਡੀਕ... ਉਮੀਦ 'ਚ ਬੇ ਬੋਲ ਇੱਕ ਦੂਸਰੇ ਵਿੱਚ ਨੂੰ ਵੜਦੇ ਤਾਂ ਕਿ ਮੀਂਹ, ਤੂਫ਼ਾਨ, ਠੰਡ...ਗੜਿਆਂ ਦੀ ਮਾਰ ਤੋਂ ਬਚ ਜਾਣ... ਕਦੇ ਇੰਜ ਖੜ੍ਹੇ ਉਹ ਹਨੇਰੀ ਕਾਰਨ ਟੁੱਟ ਕੇ ਗਿਰਦੇ ਬਿਰਛਾਂ ਦੇ ਟਾਹਣਿਆਂ ਦੀ ਮਾਰ ਹੇਠ ਵੀ ਆ ਜਾਂਦੇ...

ਹਨੇਰੀ ਵਿੱਚ ਐਨਾ ਲੰਮਾ ਸਫ਼ਰ ਆਪ ਕਾਰ ਚਲਾ ਕੇ ਮੈਂ ਥੱਕਿਆ ਪਿਆ ਸਾਂ । ਮੇਰੇ 'ਚ ਗੱਡੀ 'ਚੋਂ ਉੱਠ ਕੇ ਬਾਹਰ ਨਿਕਲਣ ਦੀ ਹਿੰਮਤ ਵੀ ਨਹੀਂ ਸੀ । ਮੇਰੀ ਇੱਛਾ ਸੀ ਕਿ ਕੋਈ ਮੈਨੂੰ ਫੜ ਕੇ ਉਠਾਵੇ ਪਰ ਮੈਨੂੰ ਸਭ ਦੀ 'ਸਰ ਸਰ' ਤੇ 'ਸਾਸਰੀ ਕਾਲ' ਤੋਂ ਇਲਾਵਾ ਕੁੱਝ ਵੀ ਪੱਲੇ ਨਾ ਪਿਆ... ਤਾਂ ਵੀ ਦਫ਼ਤਰ ਵਿੱਚ ਬਹਿ ਕੇ ਮੈਂ ਸਟਾਫ਼ ਨਾਲ ਸਰਸਰੀ ਗੱਲਬਾਤ ਕੀਤੀ । ਸਭ ਦੇ ਨਾਉਂ, ਰੁਤਬੇ, ਸਟੇਅ ਦਾ ਸਮਾਂ ਡਾਇਰੀ 'ਚ ਨੋਟ ਕੀਤਾ... ਇਲਾਕੇ ਦੀ ਜਾਣ ਪਛਾਣ ਤੇ ਦਫ਼ਤਰ ਨਾਲ ਜੁੜੇ ਰੁਟੀਨ ਦੇ ਕੰਮਾਂ ਦਾ ਸਟੇਟਸ... ਅੱਪਡੇਟ ਲਿਆ:

"ਕੋਈ ਵੱਡਾ ਪੰਗਾ ਤਾਂ ਨਹੀਂ ਹੈਗਾ ਦਫ਼ਤਰ ਅੰਦਰ ਵੜਿਆ ਹੋਇਆ?" ਸਭ ਨੇ ਥੋੜ੍ਹੀਆਂ ਜਹੀਆਂ ਅੱਖਾਂ ਹੋਰ ਅੱਡ ਲਈਆਂ । "ਨਹੀਂ ਸਰ । ਸ਼ਾਂਤ ਮਹੌਲ ਐ ।" ਸੁਪਰਡੈਂਟ ਸੁਭਾਸ਼ ਮੈਨੂੰ ਕੰਡੇ 'ਤੇ ਲੱਗਿਆ । ਮੈਂ ਵੀ ਪਿਛਲੇ ਤਜਰਬੇ ਅਨੁਸਾਰ ਬੋਲਦਾ ਰਿਹਾ... ਸਰਕਾਰ ਪਿਛਲੇ ਦਫ਼ਤਰਾਂ ਵਿੱਚ ਜੋ ਸਾਥੋਂ ਕਰਵਾਉਂਦੀ ਰਹੀ ਹੈ; ਇਸ ਦਫ਼ਤਰ ਵਿੱਚ ਵੀ ਉਹੀ ਕੁਸ਼ ਹੁੰਦਾ ਹੋਣਾ!! ਕੁਰਸੀ 'ਤੋਂ ਉੱਠਦਿਆਂ ਮੈਨੂੰ ਥਕਾਵਟ ਕਾਰਨ ਬੇਵਸੀ ਜਹੀ ਮਹਿਸੂਸ ਹੋਈ । ਹੁਣ ਕੇਵਲ ਲੇਟਿਆ ਹੀ ਜਾ ਸਕਦਾ ਸੀ । ਮੈਂ ਸਰਕਾਰੀ ਰਿਹਾਇਸ਼ ਦੇਖਣ... ਦੇਖਣਾ ਕੀ ਸੀ । ਸਰਕਾਰੀ ਨੌਕਰੀ 'ਚ ਪਸੰਦ... ਨਾ-ਪਸੰਦ ਨਾਂ ਦੀ ਕੋਈ ਚੀਜ਼ ਹੁੰਦੀ ਹੀ ਨਹੀਂ । ਉੱਤੇ ਛੱਤ ਹੋਵੇ । ਹੇਠਾਂ ਗੱਦਾ ।

"ਹੈਗੀ ਸਰ, ਬਹੁਤ ਵਧੀਆ ਰਿਹਾਇਸ਼ ਮੀਟਿੰਗ ਹਾਲ ਦੇ ਉੱਪਰ ਫਸਟ ਫਲੋਰ 'ਤੇ ਰੈਸਟ ਹਾਊਸ ਦੇ ਵਿੱਚ ਈ । ਵਧੀਆ ਬੈੱਡ । ਨਵਾਂ ਏ ਸੀ ਸਰ ਹੁਣੇ ਦੋ ਮਹੀਨੇ ਪਹਿਲਾਂ ਪਹਿਲੇ ਸਾਹਿਬ ਬਹਾਦਰ ਨੇ ਖਰੀਦਿਆ । ਗੀਜ਼ਰ । ਸਬਮਰਸੀਬਲ ਲੱਗਾ... ਦਲੀਪ ਤੇ ਸਵੀਪਰ ਨੇ ਅੱਜ ਸਵੇਰੇ ਸਫ਼ਾਈ ਕਰ ਦਿੱਤੀ । ਸਾਰਾ ਕੁੱਝ ਸੈੱਟ ਕੀਤਾ ਪਿਆ । ਚਲੋ ਸਰ ਉੱਪਰ ਚੱਲ ਕੇ ਰਿਹਾਇਸ਼ ਦੇਖਦੇ ਐਂ", ਫਸਟ ਫਲੋਰ 'ਤੇ ਰਿਹਾਇਸ਼ ਸਾਫ਼ ਸੁਥਰੀ ਸੀ । ਸੁਪਰਡੰਟ ਨੇ ਮੇਰੇ ਰਾਤ ਰਹਿਣ ਦੇ ਸਾਰੇ ਪ੍ਰਬੰਧਾਂ ਬਾਰੇ ਫਟਾ ਫਟ... ਸਭ ਕੁੱਝ ਗਿਣਾ ਦਿੱਤਾ । ਉਸਨੇ ਆਪਣਾ ਬੰਦ ਕੀਤਾ ਬੈਗ ਡਾਇਨਿੰਗ ਟੇਬਲ 'ਤੇ ਰੱਖ ਦਿੱਤਾ ਸੀ । ਲੱਗਿਆ ਉਸ ਨੂੰ ਕਾਹਲ ਸੀ । ਉਸਨੇ ਘੜੀ ਵੱਲ ਵੇਖਿਆ । ਪੰਜ ਵੱਜਣ ਵਾਲੇ ਸਨ ।

''ਸਰ ਮੌਸਮ ਖ਼ਰਾਬ ਐ । ਜੇ ਲਾਸਟ ਬੱਸ ਵੀ ਨਿਕਲ ਗਈ... ਸਰ ਕਲ ਮਿਲਦੇ ਆਂ । "

ਸਭ ਚਲੇ ਗਏ । ਵਿਸਰ ਗਏ । ਮੈਂ ਤੇ ਦਲੀਪ ਹੀ ਰਹਿ ਗਏ ।

***

"ਦਲੀਪ, ਲਿਆ ਗਲਾਸ ਗਲੂਸ ਧੋ ਕੇ । ਪੈੱਗ ਮਾਰੀਏ ।", ਸ਼ਰਾਬ ਦਾ ਖ਼ਿਆਲ ਮੈਨੂੰ ਬੁਰਾ ਲੱਗਿਆ... ਉਹ ਵੀ ਇਸ ਦਫ਼ਤਰ 'ਚ ਪਹਿਲੇ ਹੀ ਦਿਨ... ਤਾਂ ਵੀ ਸ਼ਰਾਬ ਦੀਆਂ ਤਿੰਨ ਬੋਤਲਾਂ ਗੱਡੀ 'ਚੋਂ ਨਿਕਲ ਕੇ ਰਿਹਾਇਸ਼ ਵਿੱਚ ਪੁੱਜ ਚੁੱਕੀਆਂ ਸਨ ।

"ਸਰ ਤਿਆਰ ਐ ਸਭ । ਸਲਾਦ ਕੱਟਿਆ ਪਿਆ । ਹਲਦੀ ਰਾਮ ਦਾ ਨਮਕੀਨ ਨਵਰਤਨ ਭੁਜੀਆ ਲਿਆਂਦਾ ਹੋਇਐ । ਜੇ ਆਪ ਜੀ ਦਾ ਮਨ ਹੋਵੇ ਆਂਡਿਆਂ ਦੀ ਭੁਰਜੀ ਬਣਾ ਦਿੰਦਾਂ ।"

"ਬਣਾ ਦੇ । ਜ਼ਰਦੀ ਬਾਹਰ ਕੱਢ ਦਵੀਂ । ਸੁੱਟੀਂ ਨਾ । ਆਪ ਯਾ ਆਪਣੇ ਬੱਚਿਆਂ ਨੂੰ ਖਲਾ ਦੇਈਂ ।"

'ਜੀ' ਕਹਿ ਕੇ ਦਲੀਪ ਹੋਗਿਆ ਸਟਾਰਟ । ਪਾਣੀ, ਬਰਫ਼, ਗਿਲਾਸ... ਤੇ ਵਿ੍ਹਸਕੀ ਨਾਲ ਭਰੀ ਸਿਗਨੇਚਰ ਦੀ ਹਰੀ ਬੋਤਲ ਵੀ ਮੇਜ਼ 'ਤੇ ਟਿਕਾ ਗਿਆ ।

ਜਦੋਂ ਤੱਕ ਮੈਨੂੰ ਨਸ਼ਾ ਹੁੰਦਾ ਦਲੀਪ ਪਤਾ ਨਹੀਂ ਕਦੋਂ ਅਦਰਕ ਦਾ ਅਚਾਰ, ਮੂਲੀ ਤੇ ਡੋਂਗੇ 'ਚ ਮਟਰ ਪਨੀਰ ਭਰਕੇ ਖਾਣੇ ਦੀ ਮੇਜ਼ 'ਤੇ ਰੱਖ ਗਿਆ । ਤੇ ਰੋਟੀ... ਮੈਨੂੰ ਭੁੱਖ ਪਹਿਲਾਂ ਹੀ ਲੱਗੀ ਹੋਈ ਸੀ । ਮਰਦਾਵੇਂ ਹੱਥਾਂ ਦੀ ਬਣੀ, ਚੋਪੜੀ ਨਿੱਗਰ ਰੋਟੀ ਦੇਖ ਕੇ ਭੁੱਖ ਹੋਰ ਚਮਕ ਉੱਠੀ । ਮੈਨੂੰ ਪਤਲੀ ਰੋਟੀ ਪਸੰਦ ਨਹੀਂ ਆਉਂਦੀ । ਨਾ ਹੀ ਲਿੱਸੀ ਜਹੀ ਰੋਟੀ ਜੋ ਦੰਦਾਂ ਨੂੰ ਹੀ ਚਿਪਕ ਜਾਵੇ । ਕੜਕ ਰੋਟੀ ਜਿਸ ਨੂੰ ਦੰਦਾਂ ਹੇਠ ਦਬਕੇ ਸੁਆਦ ਆਵੇ । ਕਦੇ ਮੈਂ ਆਪਣੇ ਜਿਗਰੀ ਦੋਸਤ ਉਪਿੰਦਰ ਦੇ ਘਰ ਭਾਂਡੇ ਮਾਂਜਣ ਵਾਲੀ ਨੌਕਰਾਣੀ ਨੂੰ ਰੋਟੀ ਖਾਂਦੇ ਗਹੁ ਨਾਲ ਦੇਖਿਆ ਸੀ । ਉਸਦੀ ਦਾਦੀ ਨੇ ਮੋਟੀ ਰੋਟੀ ਤਵੇ ਤੋਂ ਸਿੱਧੀ ਉਸਦੀ ਪਲੇਟ 'ਚ ਖਿਸਕਾ ਦਿੱਤੀ ਸੀ । ਉਸ ਨੌਕਰਾਣੀ ਮਾਤਾ ਨੇ ਮੱਥਾ ਜਿਹਾ ਟੇਕਦਿਆਂ ਰੋਟੀ ਦੂਹਰੀ ਕਰਕੇ ਮੱਥੇ ਨੂੰ ਲਾਈ... ਤੇ ਬੁਰਕੀ ਤੋੜ ਕੇ ਜਾੜਾਂ ਹੇਠ ਦੱਬੀ ਤਾਂ ਮੈਨੂੰ ਉਸ ਔਰਤ 'ਤੇ ਬੜਾ ਰਸ਼ਕ ਆਇਆ । ਉਸ ਤੋਂ ਵਧੀਆ ਰੋਟੀ ਮੈਂ ਕਦੇ ਦੇਖੀ ਹੀ ਨਹੀਂ ਸੀ । ਮੈਂ ਆਪ ਉਦੋਂ ਬੇਹੱਦ ਭੁੱਖਾ ਸਾਂ... ਪਰ ਸੰਗਦਿਆਂ 'ਖਾ ਕੇ ਆਇਆਂ' ਕਹਿ ਕੇ ਚਾਹ ਪੀਣ ਬਹਿ ਗਿਆ ਸਾਂ ।

ਤਿੰਨ ਰੋਟੀਆਂ ਖਾ ਕੇ ਮੈਂ ਡਕਾਰ ਮਾਰਿਆ । ਕੁਰਲੀ ਕੀਤੀ । ਤਿੰਨ ਰੋਟੀਆਂ ਦੇ ਨਾਲੋ ਨਾਲ ਮੈਂ ਪਿਛਲੇ ਛੇ ਸਾਲਾਂ ਤੋਂ ਆਪਣੀਆਂ ਬਲੱਡ ਪ੍ਰੈਸ਼ਰ, ਸ਼ੂਗਰ ਤੇ ਖ਼ੂਨ ਨੂੰ ਪਤਲਾ ਰੱਖਣ ਦੀਆਂ ਤਿੰਨ ਗੋਲੀਆਂ ਦੀ ਫੱਕੀ ਵੀ ਤਿੰਨੋਂ ਡੰਗ ਮਾਰੀ ਜਾਂਦਾਂ... ਦਲੀਪ ਨੂੰ 'ਮੈਂ ਸੌਣ ਲੱਗਾਂ' ਇਸ ਲਈ ਕਿਹਾ ਕਿ ਉਹ ਮੇਰੇ ਵੱਲੋਂ ਨਿਸਚਿੰਤ ਹੋ ਜਾਵੇ ।

ਦਲੀਪ ਅਜੇ ਕਿਚਨ ਵਿੱਚ ਭਾਂਡੇ ਸੰਭਾਲਣ ਦਾ ਖੜਾਕ ਕਰ ਰਿਹਾ ਸੀ ।

... ਸੌਣ ਲੱਗਿਆਂ ਮੈਨੂੰ ਯਾਦ ਆਇਆ ਕਿ ਮੈਂ ਹਰੇਕ ਛੇ ਮਹੀਨੇ ਬਾਅਦ ਪੀ ਜੀ ਆਈ ਤੋਂ ਰੀਟਾਇਰ ਹੋਏ ਹਰਟ ਸ਼ਪੈਸ਼ਲਿਸਟ ਡਾਕਟਰ ਯਾਦਵਿੰਦਰ ਸਿੰਘ ਤੋਂ ਚੈੱਕ ਅੱਪ ਕਰਾਉਂਦਾ ਹਾਂ । ਮਹੀਨਾ ਕੁ ਪਹਿਲਾਂ ਜਦੋਂ ਮੈਂ ਮਿੱਥੇ ਸਮੇਂ 'ਤੇ ਡਾਕਟਰ ਸਾਹਿਬ ਨੂੰ ਮਿਲਣ ਗਿਆ ਤਾਂ ਉਹ ਮੇਰੇ ਵਰਗੇ ਹੀ ਇੱਕ ਦਿਲ ਦੇ ਮਰੀਜ਼ ਨਾਲ ਗੱਲ ਕਰ ਰਹੇ ਸਨ;

"ਡਾਕਟਰ ਸਾਹਿਬ, ਖਾਣ ਪੀਣ... ਡਾਇਟ ਬਾਰੇ ਵੀ ਦੱਸ ਦਿੰਦੇ ।"

"ਤਲਿਆ, ਬਜ਼ਾਰੂ ਖਾਣਾ, ਕੋਲਡ ਡਰਿੰਕ... ਸਭ ਤੋਂ ਪਰਹੇਜ਼…... ਜੋ ਮਿੱਟੀ 'ਚ ਦੱਬਿਆ ਉੱਗਦਾ... ਆਲੂ ਜ਼ਿਮੀਂਕੰਦ ਸ਼ਕਰਕੰਦੀ ਬੰਦ । ਬਹੁਤ ਖਾ ਲਿਆ ਹੁਣ ਤੱਕ । ਹਲਕਾ ਫੁਲਕਾ ਖਾਓ । ਸਲਾਦ ਰੱਜਕੇ ਖਾਓ । ਹੋਰ ਪੱਤੇਦਾਰ... ਸਾਗ ਸ਼ਬਜੀਆਂ ਖਾਓ । ਤੁਸੀਂ ਦੇਖੋ । ਜੰਗਲ ਦੇ ਜੀਵ ਕਿੰਨੇ ਸੋਹਣੇ ਹੁੰਦੇ । ਸੱਪ ਤੋਂ ਲੈ ਕੇ ਸ਼ੇਰ ਤੱਕ । ਹਿਰਨ । ਮੋਰ । ਨਾ ਉਹ ਮਿਰਚ ਖਾਣ । ਨਾ ਮਸਾਲਾ । ਨਾ ਨਮਕ । ਨਾ ਸ਼ਰਾਬ, ਸਿਗਰਟਾਂ... ਨਾ ਕੋਈ ਘਾਟੇ ਦੀ ਚਿੰਤਾ, ਨਾ ਕਿਸੇ ਵਾਧੇ ਦਾ ਫ਼ਿਕਰ । ਜਿੰਨਾ ਲੋੜ ਹੋਈ ਘਾਹ ਫੂਸ ਖਾਧਾ... ਤੇ ਸਾਰਾ ਦਿਨ ਸੈਰ ਕੀਤੀ ।" ਦਲੀਪ ਦੇ ਚਲੇ ਜਾਣ... ਦਰਵਾਜ਼ਾ ਬੰਦ ਕਰਨ ਦੀ ਆਵਾਜ਼ ਤੋਂ ਬਾਅਦ ਮੈਨੂੰ ਜੰਗਲਾਂ ਵਿੱਚ ਮਨ ਮਰਜ਼ੀ ਨਾਲ ਘਾਹ ਫੂਸ ਫੁੱਲ ਪੱਤੀਆਂ ਡੁੰਗਦੇ... ਸੈਰ ਕਰਦੇ ਹਿਰਨਾਂ ਦੇ ਝੁੰਡ ਦਿਸਣ ਲੱਗੇ ।

***

ਉਸ ਦਿਨ ਰਿਹਾਇਸ਼ ਤੋਂ ਪੌੜੀਆਂ ਉਤਰਦੇ ਦਫ਼ਤਰ ਦੇ ਬਾਹਰ ਕਾਫ਼ੀ ਬੰਦਿਆਂ ਦਾ ਇਕੱਠ ਦੇਖਿਆ । ਸੁਪਰਡੈਂਟ ਨੇ ਫਾਇਲ ਮੇਰੀ ਮੇਜ਼ 'ਤੇ ਰੱਖਦਿਆਂ ਦੱਸਿਆ ਕਿ ਖ਼ੈਰ ਦੇ ਜੰਗਲ ਵਿੱਚੋਂ ਚੋਰੀ ਹੋਏ ਦਰਖਤਾਂ ਬਾਰੇ ਅੱਜ ਇਨਕੁਆਰੀ ਦੀ ਤਰੀਕ ਐ । ਬਾਹਰ ਦੋਵੇਂ ਧਿਰਾਂ ਅਲੱਗ ਅਲੱਗ ਖੜ੍ਹੀਆਂ ਇੱਕ ਦੂਜੇ ਨੂੰ ਘੂਰ ਰਹੀਆਂ ਸਨ । ਮਹੌਲ ਗਰਮ ਹੋ ਰਿਹਾ ਸੀ । ਗਾਲੀ ਗਲੋਚ... ਹੱਥੋ-ਪਾਈ ਹੋ ਜਾਣ ਦੀ ਪੂਰੀ ਸੰਭਾਵਨਾ ਬਣੀ ਹੋਈ ਦਿਸਦੀ ਸੀ । ਮੈਨੂੰ ਥਾਣੇ ਦੇ ਐੱਸ ਐੱਚ ਓ ਦਾ ਨੰਬਰ ਯਾਦ ਆਇਆ ।

"ਸੁਪਰਡੈਂਟ ਸਾਹਿਬ... ਦੋਵੇਂ ਧਿਰਾਂ ਦੇ ਦੋ ਦੋ ਬੰਦੇ ਬੁਲਾ ਕੇ ਬਿਆਨ ਲਿਖੋ । ਕਿਸੇ ਨੂੰ ਉੱਚੀ ਨਹੀਂ ਬੋਲਣ ਦੇਣਾ । ਜੇ ਕਿਸੇ ਕੋਲ ਕੋਈ ਹਥਿਆਰ ਹੋਵੇ ਤਾਂ ਉਸਨੂੰ ਕੰਪਲੈਕਸ 'ਚੋਂ ਬਾਹਰ ਕੱਢ ਦਿਓ । ਮੈਂ ਐੱਸ ਐੱਚ ਓ ਨੂੰ ਵੀ ਫੋਨ ਕਰਦਾਂ...", ਕੁਰਸੀ 'ਤੇ ਬੈਠੇ ਮੈਨੂੰ ਮਹੌਲ ਭਾਰਾ ਹੁੰਦਾ ਲੱਗਿਆ । ਦਰਖ਼ਤਾਂ ਦੀ ਚੋਰੀ ਦੇ ਮੁਤੱਲਕ ਮੈਨੂੰ ਦੋਵੇਂ ਧਿਰਾਂ ਦੇ ਹੱਕ ਤੇ ਬਰਖਿਲਾਫ ਲੀਡਰਾਂ, ਉੱਚ ਅਧਿਕਾਰੀਆਂ ਦੇ ਫੋਨ ਆਈ ਜਾ ਰਹੇ ਸਨ । ਸਮਾਂ ਰੁੱਕਿਆ ਲੱਗਿਆ... ਪਰ ਦਫ਼ਤਰ ਲੁੜ੍ਹਕਦਾ ਲੁੜ੍ਹਕਦਾ ਲੰਚ ਟਾਇਮ ਤੱਕ ਪਹੁੰਚ ਗਿਆ ।

"ਓਏ... ਨਾ... ਓਏ । ਨਾ ਨਾ । ਐਂ ਨਾ ਕਰ । ਕੀ ਕਰਦਾਂ । ਭਾਅ...ਅ... ਆਹ ਮੈਨੂੰ ਫੜਾ ਤੂੰ ।" ਬਾਹਰ ਕਿਸੇ ਦੇ ਬਹੁਤ ਉੱਚੀ ਬੋਲਣ ਅਤੇ ਭੱਜਣ ਦੀ ਆਵਾਜ਼ ਮੈਨੂੰ ਰੀਟਾਇਰਿੰਗ ਰੂਮ 'ਚ ਬੈਠੇ ਨੂੰ ਸੁਣੀ । ਮੈਂ ਥੋੜ੍ਹਾ ਘਬਰਾ ਕੇ ਮੋਬਾਇਲ ਸੰਭਾਲਦਾ ਸੋਫ਼ੇ ਤੋਂ ਉੱਠਿਆ । ਲੱਗਿਆ ਹੋਗਿਆ ਪੰਗਾ ਸ਼ੁਰੂ... ਤੇ ਦਬਾ ਦਬ ਬਾਹਰ ਨਿਕਲਦਿਆਂ, ਕਲਾਸ ਫੋਰ ਨੂੰ ਪੁੱਛਿਆ:

"ਲੜਾਈ ਹੋ ਗਈ?"

"ਪਤਾ ਨਹੀਂ ਸਰ ।" ਉਹ ਵੀ ਮੇਰੇ ਮਗਰ ਹੀ ਤੁਰ ਪਿਆ । ਬਾਹਰ ਸੁਪਰਡੈਂਟ ਤੇ ਹੋਰ ਸਟਾਫ਼ ਲੰਚ ਕਰਕੇ ਹਟੇ ਆਪਣੇ ਟਿਫ਼ਨ ਬੰਦ ਕਰ ਰਹੇ ਸਨ । ਇੱਕ ਬੰਦਾ ਨਿੰਮ ਹੇਠ ਚਾਦਰੇ ਦੇ ਲੜ ਵਿੱਚ ਕੁੱਝ ਲਬ੍ਹੇਟ ਰਿਹਾ ਸੀ ।

"ਸੁਭਾਸ਼... ਕੀ ਹੋਇਆ... ਆਹ ਐਨੀ ਉੱਚੀ ਆਵਾਜ਼ ਕੀਹਦੀ ਆਈ?"

"ਕੁਸ਼ ਨੀਂ ਸਰ... ਅਸੀਂ ਤਾਂ ਲੰਚ ਕਰਕੇ ਹਟੇ ਸੀ । ਮੈਂ ਤਾਂ ਬਚਦੀ ਰੋਟੀ ਟ੍ਹਾਲੀ ਹੇਠ ਬੈਠੇ ਕੁੱਤੇ ਨੂੰ ਪਾਉਣ ਤੁਰਿਆ... ਆਹ ਕੋਈ ਬਾਹਰਲਾ ਬੰਦਾ ਕਦੋਂ ਦਾ ਗੇਟ ਮੂਹਰੇ ਖੜਿ੍ਹਆ ਸਾਡੇ ਵੱਲ ਝਾਕੀ ਜਾਂਦਾ... ਭੱਜਿਆ ਆਇਆ ਤੇ ਕਹਿੰਦਾ... 'ਆਹ ਰੋਟੀ ਕੁੱਤੇ ਨੂੰ ਨਾ ਪਾ, ਮੈਨੂੰ ਦੇ ਦੇਹ'...", ਉਹ ਬੰਦਾ ਲੜ 'ਚ ਰੋਟੀ ਸੰਭਾਲ ਕੇ ਵਿਹਲਾ ਹੋਇਆ ਚਾਦਰਾ ਠੀਕ ਕਰਦਾ ਬੁਦਬੁਦਾਇਆ,"ਚਾਹ ਨਾਲ ਖਾਊਂ ।"...ਤੇ ਮੈਨੂੰ ਹੱਥ ਜੋੜ ਕੇ, ਝੁਕ ਕੇ ਨਮਸਕਾਰ ਕਰਦਾ ਦੂਹਰਾ ਹੋ ਕੇ ਆਪਣਾ ਸਿਰ ਆਪਣੇ ਢਿੱਡ ਤੱਕ ਲੈ ਗਿਆ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ