Navan Yuddh (Punjabi Story) : Bhupinder Upram

ਨਵਾਂ ਯੁੱਧ (ਕਹਾਣੀ) : ਭੁਪਿੰਦਰ ਉਪਰਾਮ

ਗੱਲ ਕੋਈ ਜ਼ਿਆਦਾ ਪੁਰਾਣੀ ਵੀ ਨਹੀਂ ਅਤੇ ਪੁਰਾਣੀ ਵੀ ਹੈ, ਇਕ ਪੂਰੀ ਜ਼ਿੰਦਗੀ ਵਿਚ ਤੀਹ ਸਾਲ ਦਾ ਬੀਤ ਗਿਆ ਸਮਾਂ ਇਵੇਂ ਲੱਗਦਾ ਹੈ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ । ਪਰ ਤੀਹ ਸਾਲ ਸਮਾਂ ਹੁੰਦਾ ਵੀ ਆਦਮੀ ਦੀ ਔਸਤ ਉਮਰ ਦਾ ਅੱਧ ਹੀ । ਚਲੋ ਜੋ ਵੀ ਹੈ ਗੱਲ ਬੜੀ ਹਲੂਣਾ ਦੇਣ ਵਾਲੀ ਹੈ ਤੇ ਸੰਵੇਦਨਾ ਭਰਪੂਰ ਵੀ । ਹੋਇਆ ਇੰਝ ਸੀ ਕਿ ਮੈਂ ਦਿੱਲੀ ਤੋਂ ਆਪਣੀ ਦੁਕਾਨ ਵਾਸਤੇ ਮਾਲ ਲੈ ਕੇ ਆ ਰਿਹਾ ਸੀ । ਮੇਰੇ ਵਿਚ ਫ਼ੁਕਰਪੁਣੇ ਵਾਲੀ ਦਲੇਰੀ ਸੀ, ਜਿਸ ਦਾ ਨੁਕਸਾਨ ਵੀ ਹੋ ਸਕਦਾ ਹੈ, ਪਰ ਕਦੇ ਹੋਇਆ ਨਹੀਂ । ਕੰਡਕਟਰ ਨੂੰ ਮਾਲ ਦੀ ਟਿਕਟ ਤੋਂ ਬਗ਼ੈਰ ਕੁਝ ਰੁਪਏ ਫ਼ਾਲਤੂ ਦੇ ਦਿੱਤੇ ਸਨ । ਉਸ ਨੇ ਮਾਲ ਦੇ ਦੋਨੋਂ ਬੋਰੇ ਡੀਲੈਕਸ ਬੱਸ ਦੀ ਡਿੱਗੀ ਵਿਚ ਘੁਸੜਵਾ ਕੇ ਲੌਕ ਲਗਾ ਦਿਤਾ ਸੀ ਤੇ ਚਾਬੀ ਸਾਂਭ ਲਈ ਸੀ । ਮੈਂ ਬੇਫ਼ਿਕਰ ਸਾਂ, ਹੁਣ ਮਾਲ ਦੇ ਚੋਰੀ ਹੋਣ ਦਾ ਖਤਰਾ ਵੀ ਨਹੀਂ ਸੀ । ਸ਼ੰਭੂ ਬਾਰਡਰ ਤੋਂ ਕੰਡਕਟਰ ਨੇ ਬੱਸ ਕੱਢ ਵੀ ਲੈਣੀ ਸੀ, ਇਹਨਾਂ ਕੋਲ ਸੌ ਢੰਗ ਹੁੰਦੇ ਹਨ ।

ਸ਼ਾਮ ਨੂੰ ਸੱਤ ਵਜੇ ਦਿੱਲੀ ਤੋਂ ਚੱਲੀ ਬੱਸ ਪੂਰੇ ਬਾਰਾਂ ਵਜੇ ਪਟਿਆਲੇ ਆ ਲੱਗੀ ਸੀ । ਸਵਾਰੀਆਂ ਉਤਰੀਆਂ । ਕੰਡਕਟਰ ਨੇ ਡਿੱਗੀ ਖੋਲ੍ਹ ਕੇ ਇਕ ਸਰਦਾਰ ਰਿਕਸ਼ੇ ਵਾਲੇ ਨੂੰ 'ਵਾਜ ਮਾਰ ਕੇ ਕਿਹਾ-''ਸਰੂਪ ਸਿਆਂ ਸਰਦਾਰ ਦਾ ਮਾਲ ਰੱਖ ਲੈ ਰਿਕਸ਼ੇ 'ਤੇ, ਧਿਆਨ ਨਾਲ ਲੈ ਜਾਈਂ ਤ੍ਰਿਪੜੀ ।''

ਰਿਕਸ਼ੇ ਵਾਲਾ ਭੱਜ ਕੇ ਡਿੱਗੀ ਕੋਲ ਆ ਖੜ੍ਹਿਆ । ਮੈਂ ਦੇਖਿਆ ਉਹ ਇਕ ਪਚਵੰਜਾ-ਸੱਠ ਸਾਲ ਦਾ ਛੇ ਫ਼ੁੱਟਾ ਬਜ਼ੁਰਗ ਬੰਦਾ ਸੀ । ਉਸ ਨੇ ਗਲ ਵਿਚ ਗੋਡਿਆਂ ਤੋਂ ਨੀਚੇ ਤਕ ਚਿੱਟਾ ਕੁਰਤਾ ਪਾਇਆ ਹੋਇਆ ਸੀ । ਗੋਡਿਆਂ ਤੋਂ ਨੀਚੇ ਲੱਤਾਂ ਨੰਗੀਆਂ ਸਨ । ਨੀਚੇ ਕਛਹਿਰਾ ਹੋਏਗਾ, ਮੈਂ ਅਨੁਮਾਨ ਲਗਾ ਲਿਆ, ਕਿਉਂਕਿ ਉਸ ਦੇ ਚਿਹਰੇ ਅਤੇ ਖੁੱਲ੍ਹੀ ਲੰਬੀ ਦਾੜ੍ਹੀ ਨਾਲ ਲੰਬਾ ਕੁਰਤਾ ਤੇ ਕਛਹਿਰਾ ਹੀ ਮੈਚ ਕਰਦਾ ਸੀ । ਪੈਰਾਂ ਵਿਚ ਮੋਟਾ ਠੁੱਲ੍ਹਾ ਮਿੱਟੀ ਨਾਲ ਲਿਬੜਿਆ ਹੋਇਆ ਅਬੋਹਰੀ ਖੁੱਸਾ ਪਾਇਆ ਹੋਇਆ ਸੀ । ਕੰਡਕਟਰ ਨੇ ਡਿੱਗੀ ਖੋਲ੍ਹੀ ਹੋਈ ਸੀ, ''ਚੱਲ ਬਈ ਸਰੂਪ ਸਿਆਂ ਜਲਦੀ ਕਰ, ਅਸੀਂ ਵੀ ਆਰਾਮ ਕਰੀਏ ।''

''ਲਉ ਜਨਾਬ ਦੋ ਮਿੰਟਾਂ ਦੀ ਦੇਰ ਹੈ ।'' ਉਸ ਨੇ ਇਕ ਨਾਲ ਦੇ ਰਿਕਸ਼ੇ ਵਾਲੇ ਦੀ ਮਦਦ ਨਾਲ ਇਕ ਸਵਾਰੀ ਦੇ ਪੈਰਾਂ ਵਿਚ, ਇਕ ਪਿੱਛੇ ਟੱਬ ਉਤੇ ਟਿਕਾ ਦਿੱਤੇ ਸਨ, ''ਬੈਠੋ ਸਰਦਾਰ ਜੀ, ਮੈਂ ਬੋਰੇ 'ਤੇ ਪੈਰ ਟਿਕਾ ਕੇ ਸੀਟ 'ਤੇ ਜਾ ਬੈਠਿਆ ਸਾਂ । ਮੇਰੇ ਕੋਲ ਆ ਕੇ ਹੌਲੀ ਜਿਹੀ ਬੋਲਿਆ, ''ਚੁੰਗੀ ਕਰਾਣੀ ਹੈ, ਵੈਸੇ ਮੁਹੱਰਰ ਤਾਂ ਸੁੱਤਾ ਪਿਆ ਹੈ ਪਊਆ ਪੀ ਕੇ ।''

''ਤੂੰ ਦੇਖ ਲੈ ਐਵੇਂ ਫਸ ਨਾ ਜਾਈਏ ।'' ਮੈਂ ਆਪਣਾ ਖਦਸ਼ਾ ਜ਼ਾਹਿਰ ਕੀਤਾ ਸੀ । ਮੇਰੇ ਬੋਲਣ 'ਤੇ ਉਹ ਇਕਦਮ ਬੋਲਿਆ, ''ਤੁਹਾਨੂੰ ਕਿਹਾ ਤਾਂ ਹੈ ਉਹ ਸ਼ਰਾਬੀ ਹੋਇਆ ਸੁੱਤਾ ਪਿਆ ਹੈ, ਉਠਾਵਾਂਗੇ ਤਾਂ ਸੌ ਹੁੱਜਤਾਂ ਹੋਰ ਪੜ੍ਹੇਗਾ, ਬਿਲ ਦਿਖਾਉ ਵਜ਼ਨ ਕਰਾਉ, ਬਾਕੀ ਜਿਵੇਂ ਤੁਹਾਡੀ ਮਰਜ਼ੀ ।''

ਮੈਂ ਚੁੱਪ ਹਾਮੀ ਭਰੀ, ਉਹ ਵੀ ਪਲਾਕੀ ਮਾਰ ਕੇ ਰਿਕਸ਼ੇ 'ਤੇ ਬੈਠਿਆ ਤੇ ਉਪਰਲੀ ਸੜ੍ਹਕ ਨੂੰ ਹੋ ਗਿਆ । ਥੋੜ੍ਹੀ ਦੇਰ ਪੈਡਲ ਮਾਰਦਾ ਰਿਹਾ ਤੇ ਫ਼ਰਾਈਵੀਲ ਨੂੰ ਰਵਾਂ ਕਰਦਾ ਰਿਹਾ । ਜਦੋਂ ਰਿਕਸ਼ਾ ਸਪੀਡ ਫੜ ਗਿਆ ਤਾਂ ਮੈਨੂੰ ਧਿਆਨ ਆਇਆ, ਇਸ ਨਾਲ ਪੈਸੇ ਤਾਂ ਮੁਕਾਏ ਹੀ ਨਹੀਂ, ਟਿਕਾਣੇ 'ਤੇ ਜਾ ਕੇ ਅਲਸੇਟ ਨਾ ਪਾ ਲਏ । ਮੈਂ ਪੁੱਛ ਹੀ ਲਿਆ, ''ਚਾਚਾ ਤੂੰ ਇਹ ਤਾਂ ਦੱਸਿਆ ਹੀ ਨਹੀਂ, ਪੈਸੇ ਕਿਤਨੇ ਲਏਂਗਾ?''

''ਜੋ ਮਰਜ਼ੀ ਦੇ ਦਈਂ ਸਰਦਾਰਾ, ਮਿਹਨਤ ਵੀ ਤੇਰੇ ਸਾਹਮਣੇ ਹੈ, ਤੇਰੀ ਚੁੰਗੀ ਵੀ ਬਚਾਈ ਹੈ, ਬਾਕੀ ਮੈਂ ਵੀ ਬੱਚੇ ਪਾਲਣੇ ਹਨ, ਮੈਂ ਕਿਹੜਾ ਦਾਰੂ ਪੀਣੀ ਹੈ, ਹਿਸਾਬ ਨਾਲ ਵੇਖਿਆ ਜਾਵੇ ਤਾਂ ਕੰਮ ਤਾਂ ਚਾਲੀ ਪੰਜਾਹ ਦਾ ਹੈ, ਤੂੰ ਤੀਹ ਵੀ ਦੇ ਦਏਂਗਾ, ਸਿਰ ਮੱਥੇ ।'' ਤੀਹ ਕੋਈ ਵੱਧ ਵੀ ਨਹੀਂ ਸਨ ਤੇ ਘੱਟ ਵੀ ਨਹੀਂ ਸਨ, ਪਰ ਮੈਨੂੰ ਉਹ ਬੰਦਾ ਰੱਬੀ ਲੱਗਦਾ ਸੀ । ਉਂਝ ਵੀ ਤਾਂ ਕੰਡਕਟਰ ਨੇ ਇਕ ਟਿਕਟ ਜਿਤਨੇ ਪੈਸੇ ਫ਼ਾਲਤੂ ਲੈ ਲਏ ਸੀ, ਦਿੱਲੀ ਬੱਸ ਅੱਡੇ 'ਤੇ ਖੜ੍ਹੇ ਪੁਲਸੀਆਂ ਨੇ ਵੀ ਵੀਹ ਝਾੜ ਲਏ ਸੀ । ਇਹਨੂੰ ਪੰਜ ਦਸ ਵੱਧ ਦੇਣ ਨਾਲ ਕੋਈ ਗੱਡਾ ਨਹੀਂ ਖੜ੍ਹਨ ਲੱਗਾ । ਉਨ੍ਹਾਂ ਕੋਲ ਤਾਂ ਸੌ ਹੁੱਜਤਾਂ, ਇਸ ਵਿਚਾਰੇ ਨੇ ਕੀ ਹੁੱਜਤਾਂ ਪੜ੍ਹਨੀਆਂ ਹਨ । ''ਚੱਲ ਠੀਕ ਹੈ ਜਿਵੇਂ ਤੂੰ ਠੀਕ ਸਮਝੇਂ ।'' ਮੈਂ ਕਹਿ ਕੇ ਚੁੱਪ ਕਰ ਗਿਆ ਸੀ, ਰਿਕਸ਼ੇ ਨੇ ਸਪੀਡ ਫੜੀ ਹੋਈ ਸੀ । ਜਿਤਨੀ ਗਤੀ ਨਾਲ ਲੱਤਾਂ ਚੱਲ ਰਹੀਆਂ ਸਨ, ਉਤਨੀ ਗਤੀ ਨਾਲ ਬੋਲ ਵੀ ਕਿਰਦੇ ਜਾ ਰਹੇ ਸਨ, ਜਿਵੇਂ- ਤੁਹਾਡੀ ਦੁਕਾਨ ਕਿਥੇ ਹੈ, ਤ੍ਰਿਪੜੀ ਤਾਂ ਉਹ ਤੁਹਾਡਾ ਘਰ ਦੁਕਾਨ ਤੋਂ ਕਾਫ਼ੀ ਦੂਰ ਹੈ, ਸਕੂਟਰ ਰੱਖਿਆ ਹੋਣੈ? ਇਕ ਗੱਲ ਬੜੀ ਅਜੀਬ ਹੋਈ ਸੀ, ਜਦੋਂ ਮੈਨੂੰ ਉਸਨੇ ਪੁੱਛਿਆ ਕਿ ਤੁਹਾਡਾ ਵਿਆਹ ਹੋ ਗਿਆ ਹੈ? ਕਿਉਂਕਿ ਉਦੋਂ ਮੇਰੀ ਉਮਰ ਕੋਈ ਇਤਨੀ ਹੈ ਨਹੀਂ ਸੀ, ਕੁਆਰਾ ਵੀ ਹੋ ਸਕਦਾ ਸਾਂ ਤੇ ਵਿਆਹਿਆ ਵੀ । ਮੇਰੇ ਹਾਂ ਕਹਿਣ 'ਤੇ ਉਸਨੇ ਪੁੱਛਿਆ, ''ਕਿਥੇ ਇਥੇ ਪਟਿਆਲੇ ਹੀ ਜਾਂ ਕਿਧਰੇ ਬਾਹਰਲੇ ਸ਼ਹਿਰ?''

''ਨਹੀਂ ਪਟਿਆਲੇ ਹੀ ।'' ਮੇਰੇ ਇਹ ਕਹਿਣ 'ਤੇ ਉਹ ਬੋਲਿਆ, ''ਵਾਹ ਬਈ ਵਾਹ! ਫੇਰ ਤਾਂ ਤੁਸੀਂ ਸਾਡੇ ਸ਼ਹਿਰ ਦੇ ਪੁੱਤਰ ਵੀ ਹੋਏ ਤੇ ਜਵਾਈ ਵੀ । ਇਥੇ ਕਿਹੜੇ ਮੁਹੱਲੇ ਹਨ ਤੁਹਾਡੇ ਸਹੁਰੇ ਕਿ ਕਿਧਰੇ ਬਾਹਰ ਕਲੋਨੀ ਵਿਚ? ਹੁਣ ਤਾਂ ਮੁਹੱਲੇ ਵੀ ਸਾਰੇ ਕਲੋਨੀਆਂ ਵੱਲ ਭੱਜਣ ਲੱਗ ਪਏ ਹਨ । ਦੇਖੋ ਨਾ ਇਹ ਤੁਹਾਡੀ ਤ੍ਰਿਪੜੀ ਨੂੰ ਹੀ ਲੈ ਲਉ । 36-37 ਕਲੋਨੀਆਂ ਤਾਂ ਇਸ ਦੇ ਨਾਲ ਹੀ ਪੈ ਜਾਂਦੀਆਂ ਹਨ ।'' ਮੈਂ ਕਿਹਾ, ''ਨਹੀਂ ਕਲੋਨੀ-ਕਲਾਨੀ ਨਹੀਂ, ਮੇਰਾ ਸਹੁਰਾ ਘਰ ਤਾਂ ਸਬਜ਼ੀ ਮੰਡੀ ਕੋਲ ਹੈ, ਤੇ ਉਨ੍ਹਾਂ ਦਾ ਹਸਪਤਾਲ ਕੋਲ ਹੋਟਲ ਹੈ ।'' ਇਹ ਮੈਂ ਤਾਂ ਕਿਹਾ ਸੀ ਬਈ ਰਿਕਸ਼ੇ ਵਾਲਾ ਹੈ, ਇਹ ਤਾਂ ਸਾਰੇ ਸ਼ਹਿਰ ਦਾ ਚੱਕਰ ਕੱਟਦੇ ਰਹਿੰਦੇ ਹਨ, ਇਨ੍ਹਾਂ ਨੂੰ ਕੀ ਭੁੱਲਿਆ ਹੋਣੈ, ਬੜਾ ਮਸ਼ਹੂਰ ਹੈ ਮੇਰੇ ਸਹੁਰਿਆਂ ਦਾ ਹੋਟਲ ਸਮਾਣਾ ਚੁੰਗੀ ਕੋਲ ।

''ਉਥੇ ਤਾਂ ਇਕੋ ਹੋਟਲ ਮਸ਼ਹੂਰ ਹੈ ਜਿਹੜਾ ਬਹੁਤ ਚਲਦੈ, ਗਿਆਨੀ ਦਾ ਢਾਬਾ ।''

''ਹਾਂ ਹਾਂ ਉਹੀ ।'' ਕਹਿ ਕੇ ਮੈਂ ਥੋੜ੍ਹਾ ਸੁਚੇਤ ਹੋ ਗਿਆ ਸਾਂ । ਇਹ ਹੁਣ ਤਕ ਬੜਾ ਸਾਫ਼ ਸਾਫ਼ ਬੋਲ ਰਿਹਾ ਸੀ ਪਰ ਗਿਆਨੀ ਸ਼ਬਦ 'ਤੇ ਆ ਕੇ ਉਹ ਥੋੜ੍ਹਾ ਸ਼ਬਦ ਨੂੰ ਦਬਾ ਕੇ ਬੋਲਿਆ ਸੀ, ਮੈਂ ਸੋਚਿਆ ਜ਼ਰੂਰ ਕੋਈ ਗੱਲ ਹੈ । ਇਹ ਅਕਸਰ ਤਾਂ ਹੁੰਦਾ ਹੈ ਜਦੋਂ ਜੋ ਨਾਂ ਤੁਸੀਂ ਲੈ ਰਹੇ ਹੋ, ਉਸ ਨਾਂ ਨਾਲ ਤੁਹਾਡਾ ਕੋਈ ਦਰਦ ਜੁੜਿਆ ਹੋਵੇ ਜਾਂ ਤੁਹਾਡੇ ਮਨ ਵਿਚ ਕੋਈ ਖੁੰਦਕ ਹੋਵੇ, ਪਰ ਮੈਂ ਗੱਲ ਨੂੰ ਹੋਰ ਅੱਗੇ ਲਿਜਾਣਾ ਨਹੀਂ ਚਾਹੁੰਦਾ ਸਾਂ । ਮੈਨੂੰ ਡਰ ਸੀ ਬਈ ਇਹ ਖੁੰਦਕ ਮੇਰੇ ਨਾਲ ਨਾ ਕੱਢ ਲਵੇ, ਸੌ ਤਰੀਕੇ ਹੁੰਦੇ ਹਨ, ਰਸਤੇ ਵਿਚ ਰਾਤ ਦੀ ਡਿਊਟੀ ਵਾਲੇ ਪੁਲਸੀਏ ਵੀ ਤਾਂ ਹੁੰਦੇ ਹਨ, ਇਹਨਾਂ ਰਿਕਸ਼ੇ ਵਾਲਿਆਂ ਦੀਆਂ ਸੈਨਤਾਂ ਤਾਂ ਉਹ ਫੱਟ ਸਮਝਦੇ ਹਨ । ਪਰ ਮੇਰਾ ਬੋਝ ਉਦੋਂ ਹਲਕਾ ਹੋ ਗਿਆ, ਜਦੋਂ ਮੈਂ ਉਸਦੇ ਬੋਲ ਸੁਣੇ, ''ਉਹ ਹੋਟਲ ਤਾਂ ਬਹੁਤ ਵਧੀਆ ਚੱਲਦਾ ਹੈ, ਮੈਂ ਵੀ ਉਥੇ ਕਦੇ-ਕਦੇ ਚਾਹ ਪੀਣ ਜਾਂਦਾ ਹਾਂ, ਬੜੇ ਗੁਰਮੁਖ ਬੰਦੇ ਹਨ । ਦੋ ਤਿੰਨ ਸਾਂਝੀਵਾਲ ਹਨ, ਕਿਹੜੇ ਹਨ ਤੇਰੇ ਸਹੁਰਾ ਸਾਹਿਬ?''

ਮੈਂ ਸੁਖ ਦਾ ਸਾਹ ਲਿਆ ਤੇ ਬੋਲਿਆ, 'ਜਿਹੜੇ ਥੋੜ੍ਹੇ ਭਾਰੇ ਜਿਹੇ ਤੇ ਲੰਬੇ ਜਿਹੇ ਪਿਸ਼ੌਰੀ ਪੱਗ ਵਾਲੇ ।''

''ਉਹ ਭਾਪਾ ਪ੍ਰੀਤਮ ਸਿੰਘ, ਉਹ ਤਾਂ ਵਾਹਵਾ ਭਗਤ ਬੰਦਾ ਈ, ਯਾਰਾ ਭਾਗਾਂ ਵਾਲਾ ਹੈਂ ਤੂੰ ਤਾਂ, ਇਤਨਾ ਵਧੀਆ ਬੰਦੇ ਦਾ ਜਵਾਈ ਹੈਂ । ਹੁਣ ਜਦੋਂ ਇਕ ਦੋ ਦਿਨਾਂ ਨੂੰ ਚੱਕਰ ਲੱਗਿਆ ਤਾਂ ਦੱਸਾਂਗਾ, ਨਾਲੇ ਚਾਹ ਪੀ ਆਵਾਂਗਾ, ਨਾਲੇ ਤੇਰੇ ਸਹੁਰੇ ਨੂੰ ਕਵ੍ਹਾਂਗਾ, ਬਈ ਤੇਰੇ ਜਵਾਈ ਨੂੰ ਮੈਂ ਰਾਤੀ ਬਾਰਾਂ ਵਜੇ ਘਰ ਛੱਡ ਕੇ ਆਇਆ ਸੀ ।'' ਮੈਂ ਇਕਦਮ ਚੌਂਕ ਗਿਆ ਸੀ ਕਿਉਂਾਕਿ ਉਸਨੇ ਇਕਦਮ ਰਿਕਸ਼ੇ ਨੂੰ ਮੋੜਿਆ ਸੀ । ਮੈਂ ਇਕ ਪਾਸੇ ਉਲਰਦਾ-ਉਲਰਦਾ ਮਸਾਂ ਸੰਭਲਿਆ ਸਾਂ । ''ਵਾਹ ਚਾਚਾ! ਤੇਰੀਆਂ ਗੱਲਾਂ ਵਿਚ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਤ੍ਰਿਪੜੀ ਦੀ ਮਾਰਕੀਟ ਵੀ ਪਹੁੰਚ ਗਏ ।'' ਪਰ ਹੁਣ ਉਹ ਕੁਝ ਨਹੀਂ ਬੋਲਿਆ ਸੀ, ਪਰ ਤ੍ਰਿਪੜੀ ਮਾਰਕੀਟ ਦੇ ਅੱਧ ਵਿਚ ਜਾ ਕੇ ਖੱਬੇ ਹੱਥ ਇਕ ਵੱਡੀ ਸਾਰੀ ਬੇਕਰੀ ਸੀ 'ਗਿਆਨੀ ਬੇਕਰੀ', ਤਿੰਨ ਮੰਜ਼ਲੀ ਬਿਲਡਿੰਗ । ਮੇਰੀ ਨਜ਼ਰ ਵਿਚ ਉਸਦੀ ਇਹੀ ਅਹਿਮੀਅਤ ਸੀ ਕਿ ਉਸਦਾ ਗਿਆਨੀ ਸ਼ਬਦ ਮੇਰੇ ਸਹੁਰਿਆਂ ਦੇ ਹੋਟਲ ਦੇ ਨਾਂ ਨਾਲ ਮੇਲ ਖਾਂਦਾ ਸੀ, ਪਰ ਉਸ ਦੀਆਂ ਨਜ਼ਰਾਂ ਵਿਚ ਕੋਈ ਹੋਰ ਖਾਸ ਹੀ ਅਹਿਮੀਅਤ ਰੱਖਦਾ ਸੀ, ਕਿਉਂਕਿ ਮੈਂ ਦੇਖਿਆ ਉਸ ਸਟੋਰ ਦੇ ਅੱਗੋਂ ਲੰਘਦਿਆਂ ਉਸ ਨੇ ਨੀਚੇ ਤੋਂ ਉਪਰ ਤਕ ਤੇ ਉਪਰ ਤੋਂ ਨੀਚੇ ਤਕ ਦੇਖਦੇ ਹੋਏ ਇਕ ਲੰਬਾ ਹੌਕਾ ਭਰਿਆ ਸੀ । ਮੈਂ ਥੋੜ੍ਹਾ ਹੈਰਾਨ ਵੀ ਸਾਂ ਤੇ ਮੈਨੂੰ ਅਜੀਬ ਵੀ ਲੱਗਿਆ ਸੀ, ਇਕ ਰਿਕਸ਼ੇ ਵਾਲੇ ਦਾ ਇਡੇ ਵੱਡੇ ਸਟੋਰ ਨਾਲ ਕੀ ਮੁਕਾਬਲਾ, ਜੋ ਉਸਨੂੰ ਹੌਕਾ ਭਰਨ 'ਤੇ ਮਜਬੂਰ ਹੋਣਾ ਪਿਆ । ਇਹ ਹੌਕਾ ਬਿਲਕੁਲ ਉਵੇਂ ਸੀ ਜਿਵੇਂ ਕੋਈ ਜੁਆਰੀਆ ਆਪਣਾ ਸਭ ਕੁਝ ਹਾਰ ਕੇ ਭਰਦਾ ਹੈ ।

ਮੈਂ ਪੁੱਛ ਹੀ ਲਿਆ, ''ਚਾਚਾ ਕੀ ਗੱਲ ਹੈ, ਆਸੇ-ਪਾਸੇ ਹੋਰ ਵੀ ਵੱਡੀਆਂ-ਵੱਡੀਆਂ ਦੁਕਾਨਾਂ ਹਨ, ਤੂੰ ਇਥੇ ਹੀ ਹੌਕਾ ਭਰਿਆ । ਇਹੋ ਜਿਹੀ ਕੀ ਸਮੱਸਿਆ ਹੈ?''

''ਨਾ ਪੁੱਛ ਸਰਦਾਰਾ, ਮੇਰੇ ਸਰੀਰ ਦਾ ਕੱਤਰਾ-ਕੱਤਰਾ ਇਸ ਨਾਂ ਨਾਲ ਜੁੜਿਆ ਹੋਇਆ ਹੈ ।'' ''ਹੈਂ ਤੇਰਾ!'' ਮੈਂ ਹੈਰਾਨ ਸਾਂ । ''ਹਾਂ ਸਰਦਾਰਾ ।'' ''ਉਹ ਕਿਵੇਂ?'' ਮੈਂ ਬੜੀ ਉਤਸੁਕਤਾ ਨਾਲ ਪੁੱਛਿਆ ।

''ਦੱਸਦਾ ਹਾਂ, ਪਹਿਲੇ ਕਿਥੋਂ ਪਾਣੀ ਦਾ ਗਲਾਸ ਮਿਲ ਜਾਏ ਫਿਰ ਆਰਾਮ ਨਾਲ ਦੱਸਦਾ ਹਾਂ । ਨਾਲੇ ਮੇਰਾ ਦਿਲ ਵੀ ਹੌਲਾ ਹੋ ਜਾਏਗਾ ।'' ਉਸ ਦੇ ਬੋਲਾਂ ਵਿਚ ਮੈਨੂੰ ਦਰਦ ਭਾਸਿਆ । ''ਚਾਚਾ ਅੱਗੇ ਪੁਲਸ ਚੌਕੀ ਵਾਲੇ ਮੌੜ 'ਤੇ ਟੈਂਕੀ ਲੱਗੀ ਹੋਈ ਹੈ, ਉਹ ਸਾਹਮਣੇ ਪੀ ਲੈ ਪਾਣੀ ।'' ਮੈਂ ਉਸ ਨੂੰ ਦੱਸਿਆ । ਅੱਗੇ ਨੁੱਕਰ 'ਤੇ ਲੱਗੀ ਟੈਂਕੀ ਕੋਲ ਉਹ ਰਿਕਸ਼ੇ ਤੋਂ ਉਤਰਿਆ ਅਤੇ ਪਾਣੀ ਪੀ ਲਿਆ । ਥੋੜ੍ਹੀ ਦੇਰ ਸਾਹ ਲੈਣ ਤੋਂ ਬਾਅਦ ਬੋਲਿਆ, ''ਗੱਲ ਇਸ ਤਰ੍ਹਾਂ ਹੈ ਬਈ ਚੱਲਦੇ ਹੋਏ ਮੈਥੋਂ ਗੱਲ ਸੁਣਾਈ ਨਹੀਂ ਜਾਣੀ, ਮੋੜ ਮੁੜ ਕੇ ਗੱਡੀ ਇਕ ਪਾਸੇ ਖੜ੍ਹੀ ਕਰਕੇ ਖਲੋ ਕੇ ਸਾਰੀ ਗੱਲ ਦੱਸਦਾ ਹਾਂ ਜੇ ਤੈਨੂੰ ਜਲਦੀ ਨਾ ਹੋਵੇ ।''

''ਨਹੀਂ ਇਤਨੀ ਜਲਦੀ ਵਾਲੀ ਵੀ ਕੋਈ ਗੱਲ ਨਹੀਂ ਘਰ ਹੀ ਚੱਲਿਆ ਹਾਂ, ਕਿਹੜਾ ਬਸ ਫੜਨੀ ਹੈ ।'' ਮੇਰੀ ਗੱਲ ਸੁਣਕੇ ਉਹ ਰਿਕਸ਼ਾ ਰੇੜਦਾ ਹੋਇਆ ਪੁਲਸ ਚੌਕੀ ਵਾਲਾ ਮੋੜ ਮੁੜ ਕੇ ਇਕ ਪਾਸੇ ਰਿਕਸ਼ਾ ਖਿਲਾਰ ਕੇ ਹੈਂਡਲ ਫੜ ਕੇ ਖੜ੍ਹਾ ਹੋ ਗਿਆ । ਮੈਂ ਵੀ ਪਿਛਲੇ ਬੋਰੇ ਨਾਲ ਢੋਹ ਲਾ ਕੇ ਆਰਾਮ ਵਿਚ ਹੋ ਗਿਆ । ਉਸ ਨੇ ਬੜੇ ਧੀਮੇ ਗ਼ਮਗੀਨ ਬੋਲਾਂ ਨਾਲ ਆਪਣੀ ਗੱਲ ਸ਼ੁਰੂ ਕੀਤੀ, ਹੁਣ ਉਸਦੀ ਖੜਕਵੀਂ ਆਵਾਜ਼ ਕਿਧਰੇ ਲੋਪ ਹੋ ਗਈ ਸੀ । ''ਕਾਕਾ ਜੀ ਗੱਲ ਇਸ ਤਰ੍ਹਾਂ ਹੈ, ਇਹ ਜਿਹੜਾ ਰਿਕਸ਼ਾ ਡਰੈਵਰ ਤੇਰੇ ਸਾਹਮਣੇ ਖਲੋਤਾ ਹੈ, ਪੰਦਰਾਂ ਸਾਲ ਪਹਿਲੇ ਇਸ ਗਿਆਨੀ ਬੇਕਰੀ ਦਾ ਮਾਲਕ ਹੁੰਦਾ ਸੀ । ਅਸੀਂ ਦੋ ਭਰਾ ਇਕ ਮੈਂ ਤੇ ਇਕ ਇਹਨਾਂ ਮੇਰੇ ਭਤੀਜਿਆਂ ਦਾ ਪਿਉ, ਜੋ ਕਿ ਮੇਰੇ ਤੋਂ ਪੰਜ ਸਾਲ ਵੱਡਾ ਸੀ ਤੇ ਪਿਛੇ ਹੀ ਚਾਰ ਸਾਲ ਹੋਏ ਉਸ ਨੂੰ ਪੂਰਾ ਹੋਏ ਨੂੰ , ਜਦ ਤਕ ਜੀਂਦਾ ਸੀ ਉਸ ਮੇਰੇ ਭਰਾ ਨੇ ਹਰ ਐਤਵਾਰ ਵੱਡਾ ਲਿਫ਼ਾਫ਼ਾ ਭਰ ਕੇ ਰਸਾਂ- ਬਿਸਕੁਟ ਨੌਕਰ ਹੱਥੀਂ ਬਿਨਾਂ ਨਾਗਾ ਭੇਜਣੀਆਂ । ਕਈ ਵਾਰੀ ਆਪ ਆ ਕੇ ਦੇ ਜਾਣਾ, ਪਰ ਮੈਂ ਕਦੇ ਵੀ ਦੁਕਾਨ 'ਤੇ ਨਹੀਂ ਗਿਆ ਸੀ, ਜਿਹੜੀ ਹੁਣ ਤਿੰਨ ਸ਼ੋਅ ਰੂਮਾਂ ਦਾ ਰੂਪ ਧਾਰ ਗਈ ਹੈ । ਪਹਿਲੀ ਵਾਰ ਇਸ ਤ੍ਰਿਪੜੀ ਵਾਲੇ ਸਟੋਰ ਦੇ ਮਹੂਰਤ 'ਤੇ ਗਿਆ ਸਾਂ ਪਰ ਜਿਤਨੀ ਟੈਮ ਮੈਂ ਇਥੇ ਠਹਿਰਿਆ, ਮੇਰੇ ਉਥੇ ਹੋਂਦਿਆਂ ਬਾਕੀ ਲੋਕ ਫਲਦੇ ਫੁਲਦੇ ਗੁਲਾਬ ਦੀ ਖੁਸ਼ਬੂ ਲੈ ਰਹੇ ਸਨ, ਸੁਗੰਧੀਆਂ ਨਾਲ ਝੂਮ ਰਹੇ ਸਨ, ਉਨ੍ਹਾਂ ਸੁਗੰਧੀਆਂ ਵਾਸਤੇ ਮੇਰੇ ਦਿਲ ਦੇ ਬੂਹੇ ਬੰਦ ਸਨ, ਮੇਰਾ ਦਿਲ ਤਾਂ ਫੁੱਲਾਂ ਦੀਆਂ ਡੰਡੀਆਂ ਉਤਲੇ ਕੰਢਿਆਂ ਨੇ ਛਲਨੀ ਕੀਤਾ ਹੋਇਆ ਸੀ । ਇਸ ਕਰਕੇ ਮੈਂ ਉਸ ਤੋਂ ਬਾਅਦ ਮੁੜ ਕੇ ਨਹੀਂ ਗਿਆ, ਪਰ ਮੇਰਾ ਭਰਾ ਆਪਣੇ ਜੀਂਦੇ ਜੀ ਆਪਣਾ ਨੇਮ ਨਿਭਾਂਦਾ ਰਿਹਾ । ਉਸਦੇ ਜਾਣ ਤੋਂ ਬਾਅਦ ਤਾਂ ਉਹ ਤਾਰ ਵੀ ਟੁੱਟ ਗਈ, ਹੁਣ ਤਾਂ ਇਹ ਮੁੰਡੇ ਪਛਾਣਦੇ ਵੀ ਨਹੀਂ । ਮੈਨੂੰ ਪਤਾ ਹੈ ਜੇ ਮੈਂ ਉਨ੍ਹਾਂ ਦੀ ਬੇਕਰੀ 'ਤੇ ਚਲਿਆ ਵੀ ਗਿਆ ਤਾਂ ਉਹ ਆਪਣੇ ਗਾਹਕਾਂ ਸਾਹਮਣੇ ਆਪਣੀ ਹੱਤਕ ਸਮਝਣਗੇ, ਇਕ ਬੜਾ ਵੱਡਾ ਪਾੜ ਪੈ ਗਿਆ ਹੈ ਜੋ ਹੁਣ ਕਦੇ ਵੀ ਪੂਰਿਆ ਨਹੀਂ ਜਾਣਾ ।''

''ਪਰ ਚਾਚਾ ਇਹ ਸਭ ਹੋਇਆ ਕਿਵੇਂ, ਜੇ ਤੂੰ ਮਾਲਕ ਸੀ ਤਾਂ ਤੇਰੀ ਮਾਲਕੀ ਖ਼ਤਮ ਕਿਵੇਂ ਹੋਈ? ਕੀ ਤੂੰ ਜੂਏ ਵਿਚ ਹਾਰ ਗਿਆ ਸੀ?'' ਮੈਂ ਥੋੜ੍ਹਾ ਉਤੇਜਕ ਹੋ ਕੇ ਬੋਲਿਆ ਸਾਂ । ''ਨਹੀਂ ਕਾਕਾ ਜੀ ਮੈਂ ਮਾਲਕੀ ਜੂਏ ਵਿਚ ਨਹੀਂ ਹਾਰੀ ਸੀ, ਨਾ ਹੀ ਮੈਂ ਕਦੇ ਜੂਆ ਖੇਡਿਆ ਹੈ, ਪਰ ਜ਼ਿੰਦਗੀ ਦਾ ਉਹ ਜੂਆ ਜੋ ਹਰ ਕੋਈ ਹਰ ਪਲ ਜ਼ਿੰਦਗੀ ਦੇ ਹਰ ਮੋੜ 'ਤੇ ਖੇਡ ਰਿਹਾ ਹੈ, ਮੈਂ ਉਹ ਹਾਰ ਗਿਆ ਸਾਂ, ਜੂਏ ਵਿਚ ਬੰਦਾ ਹਾਰਦਾ ਹੈ ਜਿੱਤਦਾ ਵੀ ਹੈ, ਹਾਰੀ ਹੋਈ ਬਾਜ਼ੀ ਦਾ ਘਾਟਾ ਅਗਲੀ ਜਿੱਤ ਵਿਚ ਪੂਰਾ ਹੋ ਵੀ ਸਕਦਾ ਹੈ, ਪਰ ਕਈ ਵਾਰੀ ਜ਼ਿੰਦਗੀ ਦੀ ਇਸ ਖੇਡ ਵਿਚ ਅਸੀਂ ਇਤਨੀ ਵੱਡੀ ਬਾਜ਼ੀ ਖੇਡ ਜਾਂਦੇ ਹਾਂ, ਜਿਹੜੀ ਜੇ ਹਾਰ ਜਾਈਏ ਤਾਂ ਉਸ ਦਾ ਘਾਟਾ ਅਸੀਂ ਤਾਂ ਕੀ ਸਾਡੀਆਂ ਪੀੜੀਆਂ ਵੀ ਭਰਦੀਆਂ ਰਹਿੰਦੀਆਂ ਹਨ, ਇਹੀ ਕੁਝ ਮੇਰੇ ਨਾਲ ਹੋਇਆ ।''

ਮੇਰੀ ਇਸ ਗੱਲਬਾਤ ਵਿਚ ਦਿਲਚਸਪੀ ਵੱਧਦੀ ਜਾ ਰਹੀ ਸੀ, ਕਿਉਂਕਿ ਪਟਿਆਲੇ ਦਾ ਹੀ ਜੰਮਪਲ ਹੋਣ ਕਰਕੇ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਗਿਆਨੀ ਬੇਕਰੀ ਕੁਝ ਸਾਲ ਪਹਿਲੇ ਲਹੌਰੀ ਗੇਟ ਬਜ਼ਾਰ ਵਿਚ ਇਕ ਆਮ ਦੁਕਾਨਾਂ ਜਿੰਨੀ ਦੁਕਾਨ ਵਿਚ ਹੁੰਦੀ ਸੀ, ਪਰ ਅੱਜ ਇਕ ਬੜਾ ਵੱਡਾ ਅਦਾਰਾ ਸੀ, ਜਿਸ ਦੇ ਤਿੰਨ ਸ਼ੋਅ ਰੂਮਾਂ ਦਾ ਤਾਂ ਮੈਨੂੰ ਪਤਾ ਸੀ, ਇਕ ਲਹੌਰੀ ਗੇਟ ਵਾਲਾ ਜੋ ਹੁਣ ਕਾਫ਼ੀ ਫੈਲ ਚੁੱਕਾ ਸੀ, ਇਕ ਇਹ ਤ੍ਰਿਪੜੀ ਵਾਲਾ ਤੇ ਇਕ ਬਾਈ ਨੰਬਰ ਫ਼ਾਟਕ ਵਾਲਾ, ਜਿਹੜਾ ਇਨ੍ਹਾਂ ਦੋਨਾਂ ਤੋਂ ਵੀ ਵਿਸ਼ਾਲ ਸੀ, ਬਾਕੀ ਹੋਰ ਕੋਈ ਹੋਏਗਾ ਤਾਂ ਮੈਨੂੰ ਉਸ ਬਾਰੇ ਪਤਾ ਨਹੀਂ ਸੀ । ਆਪਣੀ ਵੱਧਦੀ ਹੋਈ ਜਗਿਆਸਾ ਨੂੰ ਸ਼ਾਂਤ ਕਰਨ ਵਾਸਤੇ ਮੈਨੂੰ ਕਹਿਣਾ ਪਿਆ, ''ਚਾਚਾ ਤੂੰ ਮੈਨੂੰ ਪੂਰੀ ਕਹਾਣੀ ਸੁਣਾ, ਤੂੰ ਮੇਰੀ ਉਤਸੁਕਤਾ ਵਧਾ ਦਿੱਤੀ ਹੈ ।''

''ਲੈ ਫੇਰ ਸੁਣ ਪੁੱਤਰਾ, ਤੈਨੂੰ ਪੂਰੀ ਕਹਾਣੀ ਦੱਸ ਹੀ ਦਿਆਂ ।'' ਉਹ ਸਰਦਾਰਾ ਤੋਂ ਸ਼ੁਰੂ ਹੋਇਆ, ਕਾਕਾ ਜੀ, ਫੇਰ ਹੁਣ ਪੁੱਤਰਾ 'ਤੇ ਆ ਕੇ ਉਸ ਦੀ ਗੱਲਬਾਤ ਵਿਚੋਂ ਅਪਣੱਤ ਦੀ ਖੁਸ਼ਬੂ ਆਣ ਲੱਗ ਪਈ ਸੀ । ਤੇ ਉਸਦੀ ਗੱਲ ਅੱਗੇ ਚੱਲ ਰਹੀ ਸੀ । ''ਅਸੀਂ ਦੋਨੋਂ ਭਰਾ ਉਸੇ ਪੁਰਾਣੀ ਦੁਕਾਨ 'ਤੇ ਇਕੱਠੇ ਕੰਮ ਕਰਦੇ ਸਾਂ । ਮਾਂ ਪਿਉ ਸਾਡੇ ਗੁਜ਼ਰ ਚੁੱਕੇ ਸਨ, ਦੋ ਸਾਡੀਆਂ ਭੈਣਾਂ ਸਨ, ਦੋਨੋਂ ਵਿਆਹੀਆਂ ਸਨ, ਆਪਣੇ-ਆਪਣੇ ਪਰਿਵਾਰਾਂ ਵਾਲੀਆਂ, ਦਰਮਿਆਨੇ ਗੁਜ਼ਾਰੇ ਲਾਇਕ ਟੱਬਰਾਂ ਵਿਚ । ਅਸੀਂ ਵੀ ਦੋਨੋਂ ਵਿਆਹੇ ਹੋਏ ਸਾਂ, ਮੇਰਾ ਇਕ ਮੁੰਡਾ ਉਦੋਂ ਪੰਜ-ਛੇ ਸਾਲ ਦਾ ਸੀ, ਇਕ ਕੁੜੀ ਦਸਾਂ ਸਾਲਾਂ ਦੀ ਸੀ । ਉਸ ਵੱਡੇ ਭਰਾ ਦੇ ਜਿਸ ਦਾ ਨਾਂ ਹਰਨਾਮ ਸਿੰਘ ਸੀ, ਦੇ ਤਿੰਨ ਮੁੰਡੇ ਇਕ ਲੜਕੀ, ਉਸ ਦੇ ਬੱਚੇ ਵੀ ਅਜੇ ਸਕੂਲੇ ਪੜ੍ਹਦੇ ਸਨ, ਕੋਈ ਅੱਠਵੀਂ ਕੋਈ ਸੱਤਵੀਂ ਕੋਈ ਪੰਜਵੀਂ ਕੋਈ ਚੌਥੀ । ਮੇਰੀ ਕੁੜੀ ਵੀ ਪੰਜਵੀਂ ਤੇ ਮੁੰਡਾ ਅਜੇ ਪਹਿਲੀ ਵਿਚ ਹੀ ਸੀ । ਅਸੀਂ ਇਕੋ ਘਰ ਵਿਚ ਰਹਿੰਦੇ ਸਾਂ, ਮੈਂ ਉਪਰਲੀ ਮੰਜ਼ਿਲੇ ਤੇ ਭਰਾ ਮੇਰਾ ਆਪਣੇ ਟੱਬਰ ਨਾਲ ਥੱਲੇ । ਮੈਂ ਸਵੇਰੇ ਛੇ ਵਜੇ ਦੁਕਾਨ 'ਤੇ ਪਹੁੰਚ ਜਾਂਦਾ ਸੀ, ਭੱਠੀ ਚਲਾਣੀ ਹੁੰਦੀ ਸੀ । ਘੰਟੇ ਕੁ ਬਾਅਦ ਸੱਤ ਵਜੇ ਭਰਾ ਵੀ ਤਿਆਰ ਹੋ ਕੇ ਆ ਜਾਂਦਾ ਸੀ । ਗਾਹਕੀ ਵੀ ਇਸੇ ਵੇਲੇ ਚੱਲ ਪੈਂਦੀ ਸੀ । ਉਦੋਂ ਅੱਜ-ਕੱਲ੍ਹ ਵਾਂਗ ਇਤਨਾਂ ਖਿਲਾਰਾ ਤਾਂ ਬੇਕਰੀ ਦਾ ਹੁੰਦਾ ਨਹੀਂ ਸੀ, ਉਦੋਂ ਤਾਂ ਪਲੇਨ ਰਸਾਂ, ਸੌਂਫ਼ ਰਸਾਂ, ਦੋ ਤਿੰਨ ਮੇਲ ਦੇ ਬਿਸਕੁਟ, ਇਨ੍ਹਾਂ ਦੀ ਤਿਆਰੀ ਵਿਚ ਵੀ ਭੱਠੀ ਰਾਤ ਦਸ ਵਜੇ ਤਕ ਭੱਖਦੀ ਰਹਿੰਦੀ ਸੀ । ਇਕ ਮੇਰਾ ਮਦਦਗਾਰ ਸਹਾਇਕ ਦੇ ਤੌਰ 'ਤੇ ਸੀ ਜਿਹੜਾ ਮਿਹਨਤੀ ਤੇ ਵਫ਼ਾਦਾਰ ਨੌਕਰ ਸੀ । ਹੁਣ ਤਾਂ ਸਾਰਾ ਕੰਮ ਮਸ਼ੀਨੀ ਹੋ ਗਿਆ ਹੈ, ਵੱਡੇ-ਵੱਡੇ ਓਵਨ ਆ ਗਏ ਹਨ । ਅੱਗੇ ਨਾਲੋਂ ਮਾਲਕਾਂ ਦੀ ਮਿਹਨਤ ਵੀ ਘਟ ਗਈ ਹੈ, ਸਾਰਾ ਕੰਮ ਯੂਪੀ ਬਿਹਾਰ ਦੀ ਲੇਬਰ ਕਰਦੀ ਹੈ । ਇਹ ਬੇਕਰੀ ਦਾ ਕੰਮ ਤਾਂ ਹੁਣ ਇਕ ਵੱਡਾ ਦਰੱਖਤ ਬਣ ਚੁਕਿਆ ਹੈ, ਜਿਸਨੇ ਬਸ ਫਲ ਹੀ ਦੇਣੇ ਹਨ ਤੇ ਮਾਲਕਾਂ ਫਲ ਸੰਭਾਲਣੇ ਹਨ, ਉਦੋਂ ਤਾਂ ਇਸ ਪੌਦੇ ਦੀ ਪੂਰੀ ਰਖਵਾਲੀ ਕਰਨੀ ਪੈਂਦੀ ਸੀ । ਇਕ-ਇਕ ਪੱਤਰਾ ਲੰਬੇ ਖੋਮਚੇ ਉਤੇ ਰੱਖ ਕੇ ਭੱਠੀ ਵਿਚ ਤਪਾਣਾ ਪੈਂਦਾ ਸੀ, ਫਿਰ ਵੀ ਸਾਡੀ ਗੱਡੀ ਬੜੀ ਵੱਧੀਆ ਚੱਲ ਰਹੀ ਸੀ, ਮੈਂ ਭੱਠੀ ਦਾ ਕੰਮ ਸੰਭਾਲਦਾ ਸੀ, ਮੇਰਾ ਭਰਾ ਬਾਹਰ ਗੱਦੀ 'ਤੇ ਬੈਠਦਾ ਕਾਊਂਟਰ 'ਤੇ ਗਾਹਕ ਭੁਗਤਾਉਂਦਾ । ਦਿਨੇ ਫੇਰੀ ਵਾਲਿਆਂ ਨੂੰ ਗਿਣ ਕੇ ਸਮਾਨ ਦੇਂਦਾ, ਪੈਸੇ ਸੰਭਾਲਦਾ, ਦੁਪਿਹਰੋਂ ਬਾਅਦ ਗੁੜ ਮੰਡੀ ਜਾ ਕੇ ਲਾਲਿਆਂ ਦਾ ਮੈਦੇ, ਸੂਜੀ, ਗੁੜ, ਚੀਨੀ ਦਾ ਭੁਗਤਾਨ ਕਰਦਾ ਤੇ ਅੱਗੋਂ ਸਮਾਨ ਭੇਜਣ ਵਾਸਤੇ ਲਿਖਾਂਦਾ । ਹਮੇਸ਼ਾ ਚਿੱਟੀ ਕਮੀਜ਼ ਤੇ ਪਜਾਮਾ ਪਾ ਕੇ ਰੱਖਦਾ, ਸਾਰੀ ਮੰਡੀ ਵਿਚ ਮਿਠ ਬੋਲੜਾ ਤੇ ਸਾਫ਼ ਸੁਥਰੀ ਸ਼ਖਸੀਅਤ ਦਾ ਮਾਲਕ ਸੀ, ਜਿਸ ਕਾਰਨ ਸਾਡੀ ਬੇਕਰੀ ਦਾ ਨਾਂ ਵੀ ਇੱਜ਼ਤ ਵਾਲਾ ਬਣ ਗਿਆ ਸੀ । ਮੈਂ ਆਪਣੀ ਜਗਾਹ ਕੰਮ ਕਰਦਾ, ਭਰਾ ਆਪਣੀ ਜਗਾਹ ਆਪਣੇ ਦਾਇਰੇ ਵਿਚ, ਇਵੇਂ ਸਮਝ ਲੈ ਇਸ ਰਿਕਸ਼ੇ ਦੇ ਪਹੀਏ ਵੀ ਤਾਂ ਹੀ ਚੱਲਣਗੇ ਜੇ ਗੱਦੀ ਹੋਏਗੀ, ਜੇ ਸੀਟ ਹੋਏਗੀ ਤਾਂ ਹੀ ਸਵਾਰੀ ਬੈਠੇਗੀ, ਸਵਾਰੀ ਬੈਠੇਗੀ ਤਾਂ ਪੈਸੇ ਦਏਗੀ, ਮਾਲਕ ਦਾ ਚੁੱਲ੍ਹਾ ਭਖੇਗਾ, ਚੁੱਲ੍ਹਾ ਭਖੇਗਾ ਤਨ ਤ੍ਰਿਪਤ ਹੋਏਗਾ, ਸਵੇਰੇ ਫਿਰ ਕੰਮ 'ਤੇ ਲੱਗ ਜਾਏਗਾ । ਬਸ ਇਸੇ ਤਰ੍ਹਾਂ ਬੇਕਰੀ ਦੀ ਗੱਡੀ ਵੀ ਵਾਹਵਾ ਰਿੜ ਰਹੀ ਸੀ, ਤੇ ਸਾਡਾ ਨਾਂ ਵੀ ਸਾਡੀ ਬੇਕਰੀ ਕਰਕੇ ਮਸ਼ਹੂਰ ਹੋ ਗਿਆ ਸੀ । ਸਾਰੇ ਭਾਈਚਾਰੇ ਵਿਚ ਅਸੀਂ ਬੇਕਰੀ ਵਾਲੇ ਭਰਾਵਾਂ ਦੀ ਜੋੜੀ ਵਜੋਂ ਮਸ਼ਹੂਰ ਸਾਂ...''

ਉਸ ਦੀ ਗੱਲ ਨੂੰ ਵਿਚੋਂ ਹੀ ਟੋਕ ਕੇ ਮੈਂ ਉਤਸੁਕਤਾ ਨਾਲ ਪੁੱਛਿਆ, ''ਫਿਰ ਚਾਚਾ ਐਸੀ ਕੀ ਨੌਬਤ ਆ ਗਈ ਜੋ ਅੱਜ ਤੂੰ ਬੇਕਰੀ ਤੋਂ ਬਾਹਰ ਹੈਂ ਅਤੇ ਰਿਕਸ਼ਾ ਚਲਾ ਰਿਹਾ ਹੈਂ?''

''ਬਸ ਪੁੱਤਰਾ ਨਾ ਪੁੱਛ ।'' ਉਸਨੇ ਦੁਬਾਰਾ ਆਪਣੀ ਗੱਲ ਸ਼ੁਰੂ ਕਰ ਦਿੱਤੀ ਸੀ, ''ਪਰ ਤੂੰ ਕੀ ਪੁੱਛਣਾ ਹੈ ਹੁਣ ਜਦ ਸ਼ੁਰੂ ਕਰ ਹੀ ਚੁੱਕਾ ਹਾਂ ਤਾਂ ਸਾਰੀ ਕਹਾਣੀ ਸੁਣਾ ਕੇ ਹੀ ਛੱਡਾਂਗਾ ।'' ''ਹਾਂ ਚਾਚਾ ਮੈਂ ਵੀ ਧਿਆਨ ਨਾਲ ਸੁਣ ਰਿਹਾ ਹਾਂ ਤੇ ਸੁਣਨ ਦੀ ਇੱਛਾ ਵੀ ਰੱਖਦਾ ਹਾਂ ।'' ਮੇਰੀ ਰੁਚੀ ਵੱਧ ਚੁਕੀ ਸੀ ।

''ਪੁੱਤਰਾ ਤਾਂ ਸੁਣ, ਤੂੰ ਸ਼ਾਹ ਮੁਹੰਮਦ ਦਾ ਨਾਂ ਤਾਂ ਸੁਣਿਆ ਹੋਣੈ, ਜਿਸ ਸਿੰਘਾਂ ਤੇ ਫਰੰਗੀਆਂ ਦਾ ਜੰਗਨਾਮਾ ਲਿਖਿਆ ਸੀ?''

''ਹਾਂ ਹਾਂ ਬਿਲਕੁਲ ।'' ਮੈਂ ਬੋਲਿਆ ਤਾਂ, ਉਹ ਦੱਸਣ ਲੱਗਾ, ''ਸ਼ਾਹ ਮੁਹੰਮਦ ਨੇ ਸਪਸ਼ਟ ਲਿਖਿਐ, ਹੁੰਦੇ ਆਏ ਨੇ ਰੰਨਾਂ ਦੇ ਧੁਰੋਂ ਕਾਰੇ ਅਠਾਰਾਂ ਖੂਣੀਆਂ ਕਟਕ ਮੁਕਾਏ ਦਿੱਤਾ, ਕਹਿੰਦੇ ਨੇ ਮਹਾਂਭਾਰਤ ਵਿਚ ਇਤਨੀ ਫ਼ੌਜ ਮਰੀ ਸੀ ਜਿਸਦੀ ਗਿਣਤੀ ਉਦੋਂ ਅਠਾਰਾਂ ਖੂਣੀਆਂ ਦੇ ਬਰੋਬਰ ਮੰਨੀ ਗਈ ਸੀ ।''

''ਚਾਚਾ ਖਲਕਤ ਤਾਂ ਬਹੁਤ ਮਰੀ ਸੀ ਪਰ ਮੈਨੂੰ ਇਹ ਅੰਦਾਜ਼ਾ ਨਹੀਂ ਇਕ ਖੂਣੀ ਵਿਚ ਕਿੰਨੇ ਮੰਨੇ ਜਾਂਦੇ ਹਨ ।'' ਮੇਰਾ ਸਵਾਲ ਸੀ ।

''ਦੱਸਦਾਂ ।'' ਉਹ ਦੱਸਣ ਲੱਗਾ, ''ਜਦੋਂ ਫ਼ੌਜਾਂ ਲੰਘ ਰਹੀਆਂ ਹੋਣ ਉਨ੍ਹਾਂ ਦੀਆਂ ਪੈੜਾਂ ਨਾਲ ਘੋੜਿਆਂ ਦੀਆਂ ਟਾਪਾਂ ਨਾਲ ਉਡਦੀ ਧੂੜ ਨਾਲ ਇਕ ਖੂਹ ਭਰ ਜਾਂਦਾ ਹੈ ਤਾਂ ਉਸਨੂੰ ਇਕ ਖੂਣੀ ਕਿਹਾ ਜਾਂਦਾ ਹੈ ।''

''ਹੈਂ ਚਾਚਾ ਇਸ ਹਿਸਾਬ ਨਾਲ ਤਾਂ ਬੇਅੰਤ ਦੁਨੀਆਂ ਮਰੀ ਸੀ ।'' ''ਹਾਂ ਪੁੱਤਰਾ ਪਰ ਮੈਂ ਤਾਂ ਗੱਲ ਆਪਣੀ ਮਹਾਂਭਾਰਤ ਦੀ ਕਰ ਰਿਹਾ ਹਾਂ । ਐਸੀ ਮਹਾਂਭਾਰਤ ਜਿਸ ਵਿਚੋਂ ਸ਼ਾਇਦ ਮੇਰੀਆਂ ਆਣ ਵਾਲੀਆਂ ਪੀੜੀਆਂ ਵੀ ਨਾ ਉਭਰ ਸਕਣ ।'' ਮੈਂ ਉਸ ਦੇ ਅੰਦਰਲੇ ਦਰਦ ਨੂੰ ਸਮਝਦੇ ਹੋਏ ਪੁੱਛਿਆ, ''ਪਰ ਚਾਚਾ ਇਹ ਜੰਗ ਹੋਈ ਕਿਉਂ?'' ''ਬਸ ਪੁੱਤਰਾ ਸਭ ਕੁਝ ਵੱਧੀਆ ਠੀਕ ਠਾਕ ਚੱਲ ਰਿਹਾ ਸੀ, ਪਹੀਏ ਆਪਣਾ ਕੰਮ ਕਰ ਰਹੇ ਸਨ ਹੈਂਡਲ ਆਪਣਾ ਕੰਮ ਕਰ ਰਿਹਾ ਸੀ, ਮਨ ਵਿਚ ਬੜੀ ਤਸੱਲੀ ਸੀ ਕਿ ਮੇਰੇ ਬੱਚਿਆਂ ਨੇ ਜਦੋਂ ਨੂੰ ਵੱਡੇ ਹੋਣੈ ਉਨ੍ਹਾਂ ਨੂੰ ਇਕ ਵੱਧੀਆ ਫ਼ੈਲਿਆ ਹੋਇਆ ਬੇਕਰੀ ਦਾ ਕਾਰੋਬਾਰ ਮਿਲ ਜਾਏਗਾ । ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਇਕ ਦਿਨ ਮੇਰੀ ਜ਼ਨਾਨੀ ਆਪਣੀ ਛੱਤ 'ਤੇ ਬੈਠੀ ਧੁੱਪ ਸੇਕ ਰਹੀ ਸੀ, ਮੇਰੀ ਭਰਜਾਈ ਪੌੜੀਆਂ ਤੋਂ ਬਾਲਟੀ ਵਿਚ ਧੋਤੇ ਹੋਏ ਕੱਪੜੇ ਲੈ ਕੇ ਉਪਰ ਆਈ ਕੱਪੜੇ ਉਸਨੂੰ ਰੋਜ਼ ਧੋਣੇ ਪੈਂਦੇ ਸਨ, ਕਦੀ ਵੱਧ ਕਦੀ ਘੱਟ ਕਿਉਂਕਿ ਮੇਰਾ ਭਰਾ ਰੋਜ਼ ਚਿੱਟਾ ਸੂਟ ਪ੍ਰੈਸ ਕੀਤਾ ਹੋਇਆ ਪਾਂਦਾ ਸੀ, ਉਸਦਾ ਕਾਊਂਟਰ 'ਤੇ ਖਲੋਣਾ ਗੁੜ ਮੰਡੀ ਲਾਲਿਆਂ ਕੋਲ ਜਾਣਾ ਉਸ ਵਾਸਤੇ ਇਹ ਜ਼ਰੂਰੀ ਸੀ, ਚਿੱਟਾ ਸੂਟ ਸਾਰਾ ਦਿਨ ਕੰਮ ਕਾਰ ਕਰਕੇ ਮਿੱਟੀ ਘੱਟਾ ਲੱਗ ਹੀ ਜਾਂਦਾ ਹੈ । ਗਰਮੀਆਂ ਵਿਚ ਤਾਂ ਕਈ ਵਾਰੀ ਉਹ ਦੋ ਵਾਰੀ ਵੀ ਬਦਲ ਲੈਂਦਾ ਸੀ, ਪਸੀਨੇ ਕਰਕੇ ਮੰਡੀ ਜਾਣ ਲਾਇਕ ਨਹੀਂ ਰਹਿੰਦਾ ਸੀ । ਕਮੀਜ਼ ਪਜਾਮਾ ਤਾਂ ਮੈਂ ਵੀ ਚਿੱਟਾ ਹੀ ਪਾਂਦਾ ਸਾਂ ਪਰ ਘਰ ਤੋਂ ਦੁਕਾਨ ਤਕ, ਦੁਕਾਨ ਤੇ ਜਾ ਕੇ ਉਤਾਰ ਦੇਂਦਾ ਸਾਂ ਕਿਉਂਕਿ ਪੂਰੀ ਦਿਹਾੜੀ ਮੈਂ ਕੱਛੇ ਬਨੈਨ ਵਿਚ ਹੀ ਰਹਿੰਦਾ ਸਾਂ । ਅੰਦਰਲੇ ਪਾਸੇ ਭੱਠੀ ਸੀ ਕਿਹੜਾ ਕੋਈ ਅੰਦਰ ਆਂਦਾ ਸੀ, ਰਾਤੀਂ ਜਾਣ ਵੇਲੇ ਫਿਰ ਕੱਪੜੇ ਪਾ ਲੈਂਦਾ ਸਾਂ, ਘਰ ਜਾ ਕੇ ਫਿਰ ਸੂਟ ਉਤਰ ਜਾਂਦਾ ਸੀ । ਸੋ ਮੇਰਾ ਸੂਟ ਤਿੰਨ ਦਿਨ ਆਰਾਮ ਨਾਲ ਚੱਲ ਜਾਂਦਾ ਸੀ, ਪਰ ਭਰਾ ਨੂੰ ਰੋਜ਼ ਨਵਾਂ ਚਾਹੀਦਾ ਸੀ, ਸੋ ਉਸ ਦਿਨ ਮੇਰੀ ਭਰਜਾਈ ਕੱਪੜਿਆਂ ਦੀ ਬਾਲਟੀ ਲੈ ਕੇ ਉਪਰ ਆ ਕੇ ਖਿਲਾਰ ਰਹੀ ਸੀ, ਮੇਰੀ ਜ਼ਨਾਨੀ ਨੇ ਕਿਹਾ- ਭੈਣ ਜੀ ਤੁਸੀਂ ਤਾਂ ਰੋਜ਼ ਹੀ ਕੱਪੜਿਆਂ ਦਾ ਟੋਪ ਖਿਲਾਰ ਕੇ ਬੈਠੇ ਹੁੰਦੇ ਹੋ ਧੰਨ ਤੁਸੀਂ ਹੋ ਕਿਤਨਾ ਔਖਾ ਹੈ । ਕੀ ਕਰਾਂ ਭੈਣੇ ਇਕ ਤਾਂ ਇਨ੍ਹਾਂ ਨੇ ਹੀ ਝੰਜਟ ਪਾਇਆ ਹੁੰਦੈ ਰੋਜ਼ ਪਰੈਸ ਕੀਤਾ ਜੋੜਾ ਚਾਹੀਦੈ, ਜ਼ਨਾਨੀ ਮਰਦੀ ਰਵੇ ਧੋਂਦੀ ਧੋਂਦੀ ਹੁਣ ਹੋਰ ਆਦਮੀ ਵੀ ਤਾਂ ਹੈਨ, ਤਿੰਨ ਤਿੰਨ ਦਿਨ ਜੋੜਾ ਚਲਾ ਲੈਂਦੇ ਵਨ, ਇਹਨੇ ਤਾਂ ਰੋਜ਼ ਬਾਂਕਾ ਬਣ ਕੇ ਘਰੋਂ ਨਿਕਲਣੈ, ਮੈਂ ਸਾਰੀ ਗੱਲ ਵਿਚੋਂ ਸਮਝਨੀ ਆਂ ਦੁਕਾਨ 'ਤੇ ਜ਼ਨਾਨੀਆਂ ਵੀ ਤਾਂ ਆਂਦੀਆਂ ਵਨ, ਕੱਪੜੇ ਸਾਫ਼ ਸੁਥਰੇ ਹੋਸਨ ਤਾਂ ਹੀ ਹੱਸ ਹੱਸ ਕੇ ਗੱਲਾਂ ਕਰਸਨ ਤੇ ਸੁਣਸਨ । ਬੱਸ ਮੇਰੀ ਜ਼ਨਾਨੀ ਨੂੰ ਗੱਲ ਚੁੱਭ ਗਈ ਉਸ ਨੇ ਅੱਗੋਂ ਕਿਹਾ- ਭੈਣ ਜੀ ਇਹ ਤਾਂ ਵੀਰ ਜੀ ਨਾਲੋਂ ਪੰਜ ਛੇ ਸਾਲ ਛੋਟੇ ਵਨ ਸੁਖ ਨਾਲ ਦਾੜ੍ਹੀ ਵੀ ਪੂਰੀ ਕਾਲੀ ਹੈ, ਇਹਨਾਂ ਨੇ ਤਾਂ ਕਦੀ ਇਧਰ ਉਧਰ ਤੱਕਿਆ ਹੀ ਨਹੀਂ । ਇਕਦਮ ਭਰਜਾਈ ਨੂੰ ਪਤਾ ਨਹੀਂ ਕੀ ਸੁੱਝੀ ਜਾਂ ਸਹਿਜ ਸੁਭਾਅ ਮੂੰਹੋ ਨਿਕਲ ਗਿਆ- ਵਾਹ ਨੀ ਵਾਹ ਭੱਠੀ ਕੋਲੋਂ ਵਿਹਲ ਮਿਲੇ ਤਾਂ ਝਾਕੇ ਕਿਸੇ ਪਾਸੇ ਮੇਰਾ ਦਿਉਰ ਹੈ ਮੈਂ ਜਾਣਦੀ ਹਾਂ, ਤੇਰੇ ਘਰ ਵਾਲੇ ਨੂੰ ਪੂਰਾ ਮੁਸ਼ਕੀ ਹੈ । ਬਸ ਰਾਤ ਨੂੰ ਮੈਂ ਘਰ ਗਿਆ ਦੋਨਾਂ ਭਰਾਵਾਂ ਨੇ ਦੋ ਦੋ ਪੈੱਗ ਪੀਤੇ ਰੋਟੀ ਉਪਰੋਂ ਵੀ ਆ ਜਾਂਦੀ ਸੀ ਤੇ ਨੀਚੇ ਵਾਲੀ ਵੀ ਅਸੀਂ ਰਲ ਕੇ ਹੀ ਖਾਂਦੇ ਸਾਂ । ਜਦ ਮੈਂ ਕਮਰੇ ਵਿਚ ਸੌਣ ਗਿਆ ਬੱਚੇ ਦੂਜੇ ਕਮਰੇ ਵਿਚ ਖੇਡ ਰਹੇ ਸਨ, ਮੇਰੇ ਕੋਲ ਆ ਕੇ ਲੇਟੀ ਨੇ ਕਹਾਣੀ ਛੇੜ ਲਈ- ਤੂੰ ਸਾਰਾ ਦਿਨ ਭੱਠੀ ਅੱਗੇ ਝੋਂਕਿਆ ਰਹਿਨੈਂ ਸਾਰਾ ਕਾਰੋਬਾਰ ਪੈਸਾ ਟਕਾ ਵੀਰ ਜੀ ਸੰਭਾਲਦੇ ਵਨ, ਅਸੀਂ ਕੱਲ੍ਹ ਨੂੰ ਕੁੜੀ ਵਿਅ੍ਹਾਣੀ ਹੈ ਮੁੰਡੇ ਦਾ ਵੀ ਸੋਚਣਾ ਹੈ, ਵੀਰ ਜੀ ਪਹਿਲੇ ਆਪਣੇ ਬੱਚਿਆਂ ਦਾ ਕਰਨਗੇ ਤੇਰੇ ਪੱਲੇ ਉਨ੍ਹਾਂ ਨੇ ਸਵਾਹ ਪਾਣਾ ਹੈ, ਕੋਈ ਵੀ ਹੋਵੇ ਆਪਣੇ ਬੱਚੇ ਹਰ ਇਕ ਨੂੰ ਪਹਿਲੇ ਹੁੰਦੇ ਵਨ ਤੁਸੀਂ ਹੁਣੇ ਤੋਂ ਸਮਝ ਜਾਉ ਤੇ ਆਪਣਾ ਕੰਮ ਕਰਕੇ ਆਪਣੇ ਬੱਚਿਆਂ ਵਾਸਤੇ ਕੁਝ ਬਣਾਉ । ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਗੁੱਸਾ ਵੀ ਬਹੁਤ ਚੜ੍ਹਿਆ ਤੇ ਖਿਝ ਵੀ, ਇਹ ਕੀ ਦੁੱਧ ਵਿਚ ਕਾਂਝੀ ਪਾਣ ਲੱਗੀ ਹੈ । ਮੈਂ ਦੋ ਟੁਕ ਕਹਿ ਦਿੱਤਾ- ਇਹ ਗੱਲ ਤੂੰ ਅੱਜ ਤਾਂ ਕਰ ਦਿੱਤੀ ਹੈ ਅੱਗੋਂ ਸੋਚੀਂ ਵੀ ਨਾ । ਅਸੀਂ ਦੋਨੋਂ ਭਰਾ ਕੱਠੇ ਹੀ ਕੰਮ ਕਰਦੇ ਹਾਂ ਤੇ ਕੱਠੇ ਹੀ ਕਰਦੇ ਰਹਾਂਗੇ ਤੇ ਇਸੇ ਤਰ੍ਹਾਂ ਸਾਡਾ ਦਬਦੱਬਾ ਤੇ ਇੱਜ਼ਤ ਬਣੀ ਹੋਈ ਹੈ । ਵੱਖਰੇ ਹੋ ਕੇ ਸਾਡੇ ਕੋਲ ਕੀ ਰਹਿ ਜਾਣੈ । ਪਰ ਪੁੱਤਰਾ ਜ਼ਨਾਨੀਆਂ ਨੂੰ ਕੌਣ ਸਮਝਾਵੇ । ਬਸ ਉਸ ਤੋਂ ਬਾਅਦ ਮੇਰੇ ਨਾਲ ਮੂੰਹ ਸੁਜਾ ਬੈਠੀ, ਸਵੇਰੇ ਨਾਸ਼ਤਾ, ਚਾਹ ਪਾਣੀ ਟੇਬਲ 'ਤੇ ਰੱਖ ਦੇਣਾ ਮੇਰੇ ਖਾਂਦੇ-ਖਾਂਦੇ ਦੁਪਹਿਰ ਦੀ ਰੋਟੀ ਵੀ ਮੇਜ਼ 'ਤੇ ਰੱਖ ਜਾਣਾ, ਨਾ ਗੱਲ ਨਾ ਬਾਤ, ਸਾਰੇ ਦਿਨ ਦਾ ਥੱਕਿਆ ਕੰਮ-ਕਾਰੂ ਬੰਦਾ ਘਰ ਜਾ ਕੇ ਜ਼ਨਾਨੀ ਦੇ ਦੋ ਮਿੱਠੇ ਬੋਲਾਂ ਦਾ ਹੀ ਤਾਂ ਭੁੱਖਾ ਹੋਂਦਾ ਹੈ । ਥਕਾਵਟ ਨੂੰ ਉਤਾਰਨ ਦਾ ਇਸ ਤੋਂ ਵੱਧੀਆ ਢੰਗ ਤਾਂ ਕੋਈ ਹੋਰ ਕੁਦਰਤ ਕੋਲ ਵੀ ਨਹੀਂ ਹੈ । ਬੜਾ ਪ੍ਰੇਸ਼ਾਨੀ ਵਾਲਾ ਸਮਾਂ ਸੀ । ਪੰਜ ਛੇ ਦਿਨ ਇਸੇ ਤਰ੍ਹਾਂ ਲੰਘ ਗਏ, ਬੱਚਿਆਂ ਨੂੰ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਗਈਆਂ । ਰਾਤ ਨੂੰ ਮੇਰੇ ਆਣ ਤੋਂ ਪਹਿਲੇ ਬੈਗ ਤਿਆਰ ਕਰ ਕੇ ਬੈਠੀ ਸੀ, ਜਾਂਦੇ ਹੀ ਬੱਚੇ ਮੇਰੇ ਕੋਲ ਆ ਕੇ ਕਹਿਣ ਲੱਗੇ- ਸਵੇਰੇ ਅਸੀਂ ਨਾਨਕੇ ਜਾਣਾ ਹੈ ਸਨੌਰ, ਮੰਮੀ ਕਹਿੰਦੀ ਹੈ ਖਰਚੇ ਦੇ ਪੈਸੇ ਦੇ ਦਿਉ । ਮੈਂ ਦੋ ਸੌ ਰੁਪਏ ਕੱਢ ਕੇ ਦੇਣ ਗਿਆ । ਮੇਰੀ ਮਰਜ਼ੀ ਸੀ ਇਸੇ ਬਹਾਨੇ ਕੋਈ ਗੱਲ ਬਾਤ ਹੋ ਜਾਵੇਗੀ, ਮੇਰੇ ਦਿਲ ਵਿਚ ਸੀ ਕਿ ਪਿਆਰ ਨਾਲ ਕਹਿ ਦਿਆਂ ਬਈ ਗਰਮੀਆਂ ਦੀਆਂ ਛੁੱਟੀਆਂ ਵਿਚ ਚਲੀ ਜਾਂਦੀ ਖੁੱਲ੍ਹਾ ਸਮਾਂ ਹੋਏਗਾ ਬੱਚੇ ਰੱਜ ਕੇ ਰਹਿ ਲੈਣਗੇ । ਮੈਂ ਰਸੋਈ ਵਿਚ ਜਾ ਕੇ ਦੋ ਸੌ ਰੁਪਏ ਉਸ ਵੱਲ ਵਧਾ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰਨ ਹੀ ਲੱਗਿਆ ਸੀ, ਉਹ ਪਹਿਲੇ ਹੀ ਬੋਲ ਪਈ- ਇਥੇ ਰੱਖ ਦੇ ਮੈਂ ਚੁੱਕ ਲਵਾਂਗੀ, ਮੈਂ ਪੈਸੇ ਰੱਖ ਕੇ ਕਿਹਾ ਬੱਚਨ ਕੌਰੇ ਕੁਝ ਗੱਲ ਕਰਾਂ? ਇਕਦਮ ਰੱੁਖੀ ਆਵਾਜ਼ ਵਿਚ ਬੋਲੀ, ਕੋਈ ਗੱਲ ਕਰਨ ਦੀ ਲੋੜ ਨਹੀਂ ਪੈਸੇ ਦੇਣੇ ਹਨ ਤਾਂ ਠੀਕ ਐ ਨਹੀਂ ਤਾਂ ਇਹ ਵੀ ਲੋੜ ਨਹੀਂ । ਮੈਨੂੰ ਪਤਾ ਸੀ ਇਸ ਕੁੱਢ ਵੱਟੇ ਨਾਲ ਹੋਰ ਗੱਲ ਕਰਨੀ ਵਾਧਾ ਵਧਾਣ ਵਾਲੀ ਗੱਲ ਹੈ । ਚੱੁਪ ਕਰਕੇ ਰੋਟੀ ਖਾ ਕੇ ਪੈ ਗਿਆ । ਸਵੇਰੇ ਭਰਾ ਨੂੰ ਕਹਿ ਦਿੱਤਾ, ਮੈਂ ਬੱਚਿਆਂ ਨੂੰ ਸਨੌਰ ਵਾਸਤੇ ਟਾਂਗੇ ਚੜ੍ਹਾਣ ਜਾਣਾ ਹੈ ਸਵੇਰੇ ਭੱਠੀ ਤਾਅ ਕੇ ਮਹਿੰਦਰ ਨੂੰ ਸਮਝਾ ਕੇ ਘੰਟੇ ਕੁ ਤਕ ਆ ਜਾਵਾਂਗਾ । ਮੈਂ ਨੌਂ ਵੱਜੇ ਘਰ ਆਇਆ ਬੈਗ ਮੋਢੇ ਲਾਇਆ ਸੜਕ ਤੋਂ ਰਿਕਸ਼ਾ ਲਿਆ ਤੇ ਅਸੀਂ ਸਨੌਰੀ ਅੱਡੇ ਪਹੁੰਚ ਗਏ, ਸਾਰੇ ਰਸਤੇ ਉਸ ਮੇਰੇ ਨਾਲ ਕੋਈ ਗੱਲ ਨਾ ਕੀਤੀ । ਮੇਰੇ ਇਹ ਕਹਿਣ 'ਤੇ ਕਿ ਜਦੋਂ ਵਾਪਸ ਆਣਾ, ਮੈਨੂੰ ਦੱਸ ਦਈਂ ਮੈਂ ਅੱਗੋਂ ਲੈਣ ਆ ਜਾਵਾਂਗਾ । ਉਸ ਦਾ ਜਵਾਬ ਸਿਰਫ਼ ਹੂੰ ਵਿਚ ਸੀ । ਤੈਨੂੰ ਪਤਾ ਹੈ ਕਾਕਾ ਜੀ ਆ ਤਾਂ ਸਨੌਰ ਪੰਜ ਕਿਲੋਮੀਟਰ, ਮੈਂ ਸੋਚਿਆ ਵਾਪਸੀ ਦੀ ਕੀ ਚਿੰਤਾ ਕਰਨੀ ਉਸ ਦਾ ਭਰਾ ਵੀ ਰੋਜ਼ ਕੰਮ 'ਤੇ ਸ਼ਹਿਰ ਆਂਦਾ ਹੈ ਉਸ ਨਾਲ ਆ ਜਾਵੇਗੀ । ਖ਼ੈਰ ਅੱਡੇ ਤੇ ਪਹੁੰਚ ਕੇ ਬੱਚੇ ਤੇ ਉਨ੍ਹਾਂ ਦੀ ਮਾਂ ਟਾਂਗੇ 'ਤੇ ਬੈਠ ਗਏ । ਟਾਂਗਾ ਹੋਰ ਸਵਾਰੀਆਂ ਉਡੀਕਣ ਲੱਗਾ । ਮੈਂ ਟਾਂਗੇ ਵਾਲੇ ਨੂੰ ਇਕ ਰੁਪਿਆ ਦੇ ਦਿੱਤਾ, ਉਦੋਂ ਚਾਰ ਆਨੇ ਸਵਾਰੀ ਹੁੰਦੀ ਸੀ, ਮੈਂ ਫੇਰ ਵੀ ਵੱਧ ਦਿੱਤੇ । ਮੈਨੂੰ ਸੀ ਬੱਚੇ ਨਾਲ ਹਨ, ਸਨੌਰ ਵਾਲੇ ਅੱਡੇ ਤੋਂ ਥੋੜ੍ਹਾ ਅੱਗੇ ਮੇਰਾ ਸਹੁਰਾ ਘਰ ਸੀ, ਨਾਂਹ ਨੁੱਕਰ ਨਹੀਂ ਕਰੇਗਾ । ਮੈਂ ਉਸਨੂੰ ਕਹਿ ਦਿੱਤਾ- ਭਾਪਾ ਜੀ ਥੋੜ੍ਹਾ ਅੱਗੇ ਖੱਤਰੀਆਂ ਦੇ ਮੂਹਰੇ ਕੋਲ ਉਤਾਰ ਦੇਣਾ । ਉਹ ਯਾਰ ਤੂੰ ਕਿਉਂ ਚਿੰਤਾ ਕਰਦਾ ਹੈਂ ਆਪਣੀ ਧੀ ਹੈ ਦੁਨੀ ਚੰਦ ਦੀ ਧੀ ਵੀ ਤਾਂ ਮੇਰੀ ਹੀ ਧੀ ਹੋਈਓ ਨਾ, ਐਨ ਘਰ ਦੇ ਅੱਗੇ ਉਤਾਰਾਂਗਾ । ਇਤਨੇ ਨੂੰ ਹੋਰ ਸਵਾਰੀਆਂ ਵੀ ਆ ਗਈਆਂ । ਟਾਂਗਾ ਭਰ ਗਿਆ, ਮੈਂ ਬੱਚਿਆਂ ਨੂੰ ਪਿਆਰ ਦਿੱਤਾ । ਇਹਦੇ ਵੱਲ ਵੇਖਿਆ ਇਹਨੇ ਮੂੰਹ ਦੂਜੇ ਪਾਸੇ ਕਰ ਲਿਆ, ਤ੍ਰਿਆ ਹੱਠ ਬਹੁਤ ਮਾੜਾ ਯਾਰਾ, ਟਾਂਗਾ ਸਿੱਧੀ ਸੜਕੇ ਪੈ ਗਿਆ । ਮੈਂ ਉਥੇ ਹੀ ਖਲੋਤਾ ਦੂਰ ਤਕ ਜਾਂਦੇ ਟਾਂਗੇ ਨੂੰ ਵੇਖਦਾ ਰਿਹਾ, ਜਦੋਂ ਤਕ ਟਾਂਗਾ ਦਿਸਣੋਂ ਨਾ ਹਟ ਗਿਆ ।

ਦਿਨ ਬੀਤ ਗਏ, ਹਫ਼ਤਾ ਲੰਘ ਗਿਆ, ਬੱਚਿਆਂ ਦੇ ਸਕੂਲ ਖੁੱਲ੍ਹ ਗਏ । ਆਣ ਦਾ ਕੋਈ ਸੁਨੇਹਾ ਆਇਆ ਨਹੀਂ ਸੀ । ਬੱਚਿਆਂ ਦੀ ਦੋ ਦਿਨ ਸਕੂਲੋਂ ਛੁੱਟੀ ਵੀ ਹੋ ਗਈ ਸੀ । ਮੈਂ ਸਹਾਇਕ ਨੂੰ ਅਗਲੇ ਦਿਨ ਦਾ ਕੰਮ ਸਮਝਾ ਕੇ ਸ਼ਾਮ ਨੂੰ ਸਨੌਰ ਪਹੁੰਚ ਗਿਆ । ਜਾਂਦੇ ਹੀ ਸੱਸ ਸਹੁਰੇ ਦੇ ਪੈਰੀਂ ਪੈਣਾ ਕੀਤਾ । ਦੋ ਸਾਲੇ ਹਨ, ਮੇਰੇ ਹੁੰਦੇ ਹੀ ਘਰ ਪਹੁੰਚੇ ਸਨ, ਹੱਥ ਮਿਲਾ ਕੇ ਜੱਫੀ ਪਾ ਕੇ ਮਿਲੇ । ਮੈਨੂੰ ਬੈਠਣ ਦਾ ਕਹਿਕੇ ਅਸੀਂ ਆਏ ਤੇ ਚਲੇ ਗਏ । ਮੈਂ ਸਮਝ ਗਿਆ ਰਾਤ ਦਾ ਇੰਤਜ਼ਾਮ ਕਰਨ ਗਏ ਹਨ । ਬੱਚੇ ਮੇਰੇ ਨਾਲ ਲਿਪਟੇ ਹੋਏ ਸੀ । ਮੈਂ ਪਤਨੀ ਨੂੰ ਹਾਲ ਪੁੱਛਿਆ, ਹੋਰ ਬੱਚਨ ਤੂੰ ਠੀਕ ਹੈਂ? ਹਾਂ ਮੈਂ ਠੀਕ ਹਾਂ ਤੁਸੀਂ ਠੀਕ ਹੋ? ਮੈਂ ਹੈਰਾਨ ਹੋਇਆ ਤੇ ਅਨੰਦਿਤ ਵੀ ਬੜੇ ਦਿਨਾਂ ਬਾਅਦ ਮਿੱਠੇ ਬੋਲ ਕੰਨਾਂ ਵਿਚ ਪਏ ਸਨ । ਹੈਰਾਨ ਇਸ ਕਰਕੇ ਕਿ ਉਸ ਨੇ ਮੇਰੀ ਗੱਲ ਦਾ ਜਵਾਬ ਦਿੱਤਾ ਸੀ, ਮੈਂ ਸੋਚਿਆ ਹੋ ਸਕਦੈ ਪੇਕਿਆਂ ਨੇ ਤੇ ਭਰਜਾਈ ਨੇ, ਜੋ ਮੇਰੀ ਨਜ਼ਰ ਵਿਚ ਸਿਆਣੀ ਤੇ ਸੁਲਝੀ ਹੋਈ ਸੀ, ਸਮਝਾਇਆ ਹੋਣੈ- ਚਲੋ ਝਮੇਲਾ ਮੁੱਕਿਆ ਝੰਜਟ ਤਾਂ ਪੈ ਗਿਆ ਸੀ ਪਰ ਝੰਜਟ ਵਿਚ ਬਰਕਤ ਨਹੀਂ ਪਈ । ਖੁਸ਼ ਹੋ ਗਿਆ, ਖ਼ੈਰ ਇਤਨੇ ਵਿਚ ਮੇਰੇ ਸਾਲੇ ਬੋਤਲ ਲੈ ਕੇ ਆ ਗਏ ਸੀ । ਵੱਡੇ ਸਾਲੇ ਨੇ ਚਿਕਨ ਦਾ ਲਫਾਫਾ ਆਪਣੀ ਜ਼ਨਾਨੀ ਨੂੰ ਫੜਾ ਕੇ ਤੇ ਕੁਝ ਟੁੱਕੜੇ ਤਲਣ ਵਾਸਤੇ ਕਹਿ ਦਿੱਤਾ । ਇਸ ਤਰ੍ਹਾਂ ਰਾਤ ਤਾਂ ਅਸੀਂ ਖਾ ਪੀ ਕੇ ਸੌਂ ਗਏ, ਪੀਂਦੇ ਹੋਏ ਨਾ ਹੀ ਮੇਰੇ ਸਾਲਿਆਂ ਨੇ ਕੋਈ ਇਹੋ ਜਿਹੀ ਗੱਲ ਕੀਤੀ ਤੇ ਨਾ ਹੀ ਮੇਰੀ ਵਹੁਟੀ ਨੇ ਕੋਈ ਗੱਲ ਕੀਤੀ ਬਲਕਿ ਉਹ ਤਾਂ ਸਾਡਾ ਸਮਾਨ ਲਿਆਣ ਦੀ ਸੇਵਾ ਵੀ ਕਰਦੀ ਰਹੀ । ਰੋਟੀ ਵੀ ਉਸਨੇ ਤੇ ਉਸਦੀ ਭਰਜਾਈ ਨੇ ਰਲ ਕੇ ਖੁਆਈ । ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਮੈਂ ਵਹੁਟੀ ਨੂੰ ਤਿਆਰ ਹੋਣ ਵਾਸਤੇ ਕਿਹਾ ਕਿ ਪਟਿਆਲੇ ਚੱਲਦੇ ਹਾਂ । ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ, ਤਾਂ ਇਕਦਮ ਬੋਲੀ ਸੀ- ਤੁਸੀਂ ਕੰਮ ਵੱਖਰਾ ਕਰਨ ਦੀ ਗੱਲ ਕਰ ਲਈ ਹੈ? ਮੈਂ ਤਾਂ ਸਮਝਿਆ ਸੀ ਕਿ ਮਸਲਾ ਠੰਢਾ ਹੋ ਗਿਆ ਹੈ, ਪਰ ਨਹੀਂ ਧੂੰਆਂ ਤਾਂ ਅਜੇ ਵੀ ਧੁੱਖ ਰਿਹਾ ਸੀ, ਭੁੱਬਲ ਉਤੋਂ ਭਾਵੇਂ ਠੰਢੀ ਲੱਗਦੀ ਸੀ ਪਰ ਅੰਦਰ ਅਜੇ ਵੀ ਚਿੰਗਾਰੀ ਹੈ ਸੀ । ਮੈਨੂੰ ਚੁੱਪ ਵੇਖ ਕੇ ਉਹ ਦੁਬਾਰਾ ਬੋਲੀ ਸੀ, ਇਸ ਦਾ ਮਤਲਬ ਹੈ ਤੁਸੀਂ ਗੱਲ ਕਿਸੇ ਸਿਰੇ ਲਾਈ ਨਹੀਂ, ਹੁਣ ਇਹ ਵੀ ਸੁਣ ਲਉ ਜਦ ਤਕ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਮੈਂ ਪਟਿਆਲੇ ਨਹੀਂ ਜਾਵਾਂਗੀ । ਪਹਿਲੇ ਤੁਸੀਂ ਉਧਰੋਂ ਹਿਸਾਬ ਕਿਤਾਬ ਕਰ ਲਉ ਫੇਰ ਮੈਂ ਆਵਾਂਗੀ । ਮੈਨੂੰ ਤਾਂ ਇਕ ਗੱਲ ਨਹੀਂ ਸਮਝ ਆਂਦੀ ਤੂੰ ਕਿਹੋ ਜਿਹਾ ਮਰਦ ਹੈਂ, ਤੈਨੂੰ ਆਪਣੇ ਆਪ 'ਤੇ ਵੀ ਭਰੋਸਾ ਨਹੀਂ, ਕੀ ਤੈਨੂੰ ਕੰਮ ਕਰਨਾ ਨਹੀਂ ਆਉਂਦਾ । ਸਾਰੀ ਉਮਰ ਭਰਾ ਦੇ ਆਸਰੇ ਹੀ ਬੈਠਾ ਰਹੇਂਗਾ? ਮੈਂ ਹਾਂ ਨਾ ਤੇਰੇ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਾਂਗੀ । ਉਨ੍ਹਾਂ ਤੋਂ ਅੱਗੇ ਲੰਘ ਕੇ ਵਿਖਾਵਾਂਗੇ । ਇਹ ਗੱਲਾਂ ਕਰਦਿਆਂ ਮੇਰੇ ਸੱਸ ਸਹੁਰਾ ਤੇ ਬੱਚਨ ਦੀ ਭਰਜਾਈ ਵੀ ਕਮਰੇ ਵਿਚ ਆ ਗਏ ਸਨ । ਦੋਨੋਂ ਸਾਲੇ ਆਪਣੀਆਂ ਨੌਕਰੀਆਂ 'ਤੇ ਚਲੇ ਗਏ ਸਨ । ਵੇਖ ਬੱਚਨ ਤੈਨੂੰ ਰੱਬ ਦਾ ਵਾਸਤਾ ਪਾਉਂਨਾ ਸਾਡੀ ਮੁੱਠੀ ਬੰਦ ਹੈ ਇਹਨੂੰ ਬੰਨ੍ਹੀ ਰਹਿਣ ਦੇ, ਏਕੇ ਵਿਚ ਬਹੁਤ ਤਾਕਤ ਹੁੰਦੀ ਹੈ, ਵੱਖਰੇ ਹੋ ਕੇ ਅਸੀਂ ਆਪਣੀ ਤਾਕਤ ਦੀ ਵੰਡੀ ਪਾ ਲਵਾਂਗੇ, ਸ਼ਹਿਰ ਵਿਚ ਹੋਰ ਵੀ ਬੇਕਰੀਆਂ ਹਨ, ਉਨ੍ਹਾਂ ਸਾਨੂੰ ਪਛਾੜ ਦੇਣੈ । ਨਹੀਂ ਮੈਂ ਤਾਂ ਉਦੋਂ ਹੀ ਜਾਵਾਂਗੀ ਨਹੀਂ ਤਾਂ ਇਥੇ ਬੈਠੀ ਹਾਂ, ਮੈਨੂੰ ਕੀ ਤਕਲੀਫ਼ ਹੈ ਮੇਰੀ ਮਾਂ ਦਾ ਘਰ ਹੈ । ਕੋਈ ਚਾਰਾ ਨਾ ਚੱਲਦਾ ਵੇਖ ਮੈਂ ਆਪਣੇ ਸਹੁਰੇ ਵੱਲ ਵੇਖਿਆ, ਉਹ ਚੁੱਪ ਕਰਕੇ ਬੈਠੇ ਸਨ, ਆਖਿਰ ਮੈਂ ਬੋਲਿਆ, ਭਾਪਾ ਜੀ ਤੁਸੀਂ ਸਮਝਾਉ ਇਸਨੂੰ ਬਿਨ੍ਹਾਂ ਗੱਲ ਦੇ ਭਰਾਵਾਂ ਵਿਚ ਦੁਫੇੜ ਪਾਣ ਲੱਗੀ ਹੈ, ਸਹੁਰਾ ਤਾਂ ਮੇਰਾ ਕੁਝ ਨਾ ਬੋਲਿਆ, ਪਰ ਮੇਰੀ ਸੱਸ ਇਕਦਮ ਬੋਲੀ ਸੀ, ਇਹ ਕੀ ਸਮਝਾਏਗਾ, ਜੇ ਬੱਚਨ ਨੂੰ ਕੋਈ ਤਕਲੀਫ਼ ਹੈ ਤਾਂ ਤੇਰੀ ਜਿੰਮੇਵਾਰੀ ਬਣਦੀ ਹੈ ਉਹ ਦੂਰ ਕਰੇਂ, ਅਸੀਂ ਧੀ ਤੇਰੇ ਲੜ ਲਾਈ ਹੈ ਇਸ ਦੇ ਦੁਖ ਤਕਲੀਫ਼ ਦਾ ਖਿਆਲ ਤੂੰ ਰੱਖਣਾ ਹੈ । ਸਮਝਦਾਰ ਹੈ ਕੋਈ ਬੱਚੀ ਤਾਂ ਨਹੀਂ ਜੇ ਉਹ ਇਹ ਗੱਲ ਕਹਿ ਰਹੀ ਹੈ ਤਾਂ ਕੋਈ ਗੱਲ ਹੋਵੇਗੀ ਤਾਂ ਹੀ ਕਹਿ ਰਹੀ ਹੈ, ਜੇ ਕੋਈ ਗਲਤ ਗੱਲ ਕਰੇ ਜਾਂ ਤੇਰੀ ਸੇਵਾ ਨਾ ਕਰੇ ਤੇਰੇ ਨਾਲ ਲੜਦੀ ਹੋਵੇ ਤਾਂ ਤਾਂ ਅਸੀਂ ਸਮਝਾਈਏ । ਤੂੰ ਤਾਂ ਕੰਮ ਕਰਨਾ ਹੈ ਮਿਹਨਤੀ ਹੈਂ ਸੋਨੇ ਦੇ ਹੱਥ ਹਨ ਤੇਰੇ, ਉਸ ਦਾ ਵੀ ਦਿਲ ਕਰਦਾ ਹੈ ਉਹ ਵੀ ਮਾਣ ਕਰ ਸਕੇ ਕਿ ਮੇਰੇ ਆਦਮੀ ਵਿਚ ਕਿੰਨੇ ਗੁਣ ਹਨ, ਹੁਣ ਤਾਂ ਮਿਹਨਤ ਤੂੰ ਕਰਦਾ ਹੈਂ, ਨਾਂ ਤੇਰਾ ਭਰਾ ਖੱਟ ਰਿਹਾ ਹੈ, ਭਰਜਾਈ ਤੇਰੀ ਚੌੜੀ ਹੋਈ ਫਿਰਦੀ ਹੈ, ਪੁੱਤਰਾ । ਇਸ ਸਾਰੀ ਗੱਲਬਾਤ ਵਿਚ ਮੇਰਾ ਸਹੁਰਾ ਕੁਝ ਨਹੀਂ ਬੋਲਿਆ ਸੀ, ਮੈਨੂੰ ਇਸ ਗੱਲ ਦੀ ਹੁਣ ਤਕ ਸਮਝ ਨਹੀਂ ਆਈ, ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਮੇਰਾ ਸਹੁਰਾ ਸਰਕਾਰੀ ਨੌਕਰ ਸੀ, ਹੁਣ ਵੀ ਚੰਗੀ ਪੈਨਸ਼ਨ ਲੈ ਰਿਹਾ ਹੈ, ਉਦੋਂ ਤਾਂ ਘਰ ਵਿਚ ਪੂਰਾ ਗੱਜਦਾ ਹੁੰਦਾ ਸੀ, ਕੋਈ ਕੁਸਕਦਾ ਨਹੀਂ ਸੀ ਕਿ ਬੱਚੇ ਤੇ ਮੇਰੀ ਸੱਸ ਤਾਂ ਕੰਬਦੀ ਸੀ, ਪਰ ਉਸ ਦਿਨ ਮੇਰੀ ਸੱਸ ਹੱਥ ਮਾਰ ਮਾਰ ਗੱਜ ਰਹੀ ਸੀ, ਉਹ ਘੁੱਗੂ ਬਣ ਕੇ ਚੁੱਪ ਬੈਠਾ ਸੀ, ਮੈਂ ਇਕ ਵਾਰੀ ਫਿਰ ਉਨ੍ਹਾਂ ਵੱਲ ਹੋਇਆ, ਭਾਪਾ ਜੀ ਤੁਸੀਂ ਕੁਝ ਕਰੋ । ਮੈਂ ਕੀ ਕਹਿ ਸਕਦਾਂ ਇਹ ਮਾਂਵਾਂ ਧੀਆਂ ਜੋ ਕਹਿ ਰਹੀਆਂ ਹਨ, ਤੈਨੂੰ ਵੀ ਇਨ੍ਹਾਂ ਦੀ ਗੱਲ 'ਤੇ ਗੌਰ ਕਰਨੀ ਚਾਹੀਦੀ ਹੈ । ਬਸ ਇਹ ਕਹਿ ਕੇ ਉਹ ਚੱੁਪ ਕਰ ਗਿਆ ਸੀ । ਮੈਨੂੰ ਹੁਣ ਵੀ ਇਸ ਗੱਲ 'ਤੇ ਹੈਰਾਨੀ ਹੈ, ਜਿਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਸੱਚੀ ਤੇ ਸੁੱਚੀ ਨੌਕਰੀ ਕੀਤੀ, ਸਾਰੀ ਜ਼ਿੰਦਗੀ ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਡੰਕੇ ਦੀ ਚੋਟ ਤੇ ਕਿਹਾ, ਕਦੇ ਕਿਸੇ ਟੂੰਡੀ ਲਾਟ ਦੀ ਪਰਵਾਹ ਨਹੀਂ ਕੀਤੀ ਪਰ ਉਦੋਂ ਘੁੰਨ ਵੱਟਾ ਬਣਿਆ ਬੈਠਾ ਸੀ । ਮੈਂ ਹੈਰਾਨ ਸਾਂ ਕਿ ਇਸ ਨੂੰ ਕੀ ਹੋ ਗਿਆ ਹੈ ਤੇ ਹੁਣ ਤਕ ਘਰ ਵਿਚ ਮੇਰੀ ਸੱਸ ਦੀ ਹੀ ਚੱਲਦੀ ਹੈ ਮੈਨੂੰ ਇਹ ਸਮਝ ਨਹੀਂ ਆਈ ।''

ਉਸ ਦੀ ਗੱਲ ਗਹਿਰੀ ਸੀ, ਮੈਂ ਉਸ ਨੂੰ ਆਖਿਆ, ''ਚਾਚਾ ਆਪਣੀ ਮਰਦਾਨਗੀ ਦੇ ਸਿਰ 'ਤੇ ਟੱਪਦਾ ਬੰਦਾ ਚੰਮ ਦੀਆਂ ਚਲਾਈ ਜਾਂਦੈ, ਜਦੋਂ ਬੱਚੇ ਵੱਡੇ ਹੋ ਜਾਣ ਤਾਂ ਮਾਂ ਨਾਂ ਦਾ ਸੈਨਾਪਤੀ ਤਾਕਤਵਰ ਹੋ ਜਾਂਦੈ ਤੇ ਵੱਡੇ ਵੱਡੇ ਮਰਦਾਂ ਨੂੰ ਘੁਰਨੇ ਵਿਚ ਵੜ ਕੇ ਦਿਨ ਕੱਟਣੇ ਪੈਂਦੇ ਹਨ ।''

''ਹਾਂ ਪੁੱਤਰਾ ਤੇਰੀ ਇਹ ਗੱਲ ਮੇਰੇ ਦਿਮਾਗ਼ ਵਿਚ ਹੁਣ ਵੜ ਗਈ, ਅਸਲੀ ਕਹਾਣੀ ਇਹੀ ਹੈ । ਖ਼ੈਰ ਉਥੇ ਕੋਈ ਚਾਰਾ ਨਾ ਚੱਲਦਾ ਵੇਖ ਕੇ ਮੈਨੂੰ ਰੋਣਾ ਆ ਗਿਆ ਸੀ । ਮੈਨੂੰ ਰੋਂਦਾ ਵੇਖ ਕੇ ਅਖ਼ੀਰ ਮੇਰਾ ਸਹੁਰਾ ਬੋਲਿਆ ਸੀ- ਬੇਟਾ ਤੂੰ ਇਕ ਕੰਮ ਕਰ, ਆਪਣੇ ਵੱਡੇ ਭਰਾ ਨੂੰ ਭੇਜ ਤਾਂ ਹੀ ਗੱਲ ਕਿਸੇ ਸਿਰੇ ਲੱਗੇਗੀ । ਤੇ ਮੈਂ ਆਪਣਾ ਜਿਹਾ ਮੂੰਹ ਲੈ ਕੇ ਉਥੋਂ ਖਾਲੀ ਹੱਥ ਚੱਲ ਪਿਆ ਸੀ । ਅੱਗੇ ਪਹੁੰਚ ਕੇ ਮੈਂ ਸਿੱਧਾ ਰਿਕਸ਼ਾ ਲੈ ਕੇ ਦੁਕਾਨ 'ਤੇ ਪਹੁੰਚਿਆ ਅੱਗੇ ਵੀਰ ਜੀ ਕਾਉਂਟਰ 'ਤੇ ਖੜ੍ਹੇ ਸਨ । ਮੈਂ ਮੱਥਾ ਟੇਕ ਕੇ ਦੁਕਾਨ ਦੇ ਅੰਦਰ ਗਿਆ । ਭਰਾ ਨੂੰ ਸਾਸਰੀਕਾਲ ਬੁਲਾਈ ਤੇ ਕੁਰਸੀ 'ਤੇ ਬਹਿ ਗਿਆ । ਮੇਰਾ ਉਤਰਿਆ ਮੂੰਹ ਵੇਖ ਭਰਾ ਨੇ ਮੈਨੂੰ ਪੁਛਿਆ, ਕੀ ਗੱਲ ਤੇਰਾ ਮੂੰਹ ਕਿਉਂ ਉਤਰਿਆ ਪਿਐ, ਬੱਚੇ ਛੱਡ ਆਇਐਂ ਘਾਰ? ਮੈਂ ਚੁੱਪ ਸਾਂ । ਭਰਾ ਨੇ ਫੇਰ ਪੁੱਛਿਆ, ਮੈਂ ਕੁਝ ਪੁੱਛਿਐ? ਮੈਂ ਕਿਹਾ ਵੀਰ ਜੀ ਤੁਸੀਂ ਅੰਦਰਲੇ ਪਾਸੇ ਆਉ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਅਸੀਂ ਦੋਵੇਂ ਅੰਦਰ ਭੱਠੀ ਵਾਲੇ ਕਮਰੇ ਵਿਚ ਚਲੇ ਗਏ । ਦੱਸ ਸੱੁਖ ਤਾਂ ਹੈ ਮੈਨੂੰ ਲਗਦੈ ਬੱਚੇ ਤੇਰੇ ਨਾਲ ਨਹੀਂ ਆਏ, ਕੋਈ ਝੱਗੜਾ ਤਾਂ ਨਹੀਂ ਹੋਇਆ? ਨਹੀਂ ਵੀਰ ਜੀ ਝੱਗੜਾ ਤਾਂ ਨਹੀਂ ਹੋਇਆ । ਕਹਿ ਕੇ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਇਹ ਵੀ ਕਿ ਮੇਰਾ ਸਹੁਰਾ ਕਹਿੰਦਾ ਹੈ ਕਿ ਤੁਹਾਨੂੰ ਭੇਜਾਂ । ਸੁਣ ਕੇ ਭਰਾ ਨੂੰ ਗੁੱਸਾ ਵੀ ਆਇਆ ਤੇ ਖਿਝ ਵੀ ਕਿ ਉਹ ਸਾਡੇ ਕਾਰੋਬਾਰ ਵਿਚ ਦਖਲ ਅੰਦਾਜ਼ੀ ਕਰ ਰਹੇ ਸਨ । ਤੂੰ ਬੱਚਨ ਨੂੰ ਸਮਝਾਉਣਾ ਸੀ ਨਹੀਂ ਤਾਂ ਆਪਣੇ ਸੱਸ ਸਹੁਰੇ ਨਾਲ ਗੱਲ ਕਰਨੀ ਸੀ, ਦੁਨੀ ਚੰਦ ਤਾਂ ਸਮਝਦਾਰ ਆਦਮੀ ਹੈ ਉਸ ਨਾਲ ਗੱਲ ਕਰਦਾ । ਕੀਤੀ ਸੀ ਵੀਰ ਜੀ ਮੇਰਾ ਸਹੁਰਾ ਤਾਂ ਕੁਝ ਬੋਲਦਾ ਹੀ ਨਹੀਂ ਤੇ ਸੱਸ ਤੇ ਬੱਚਨ ਤਾਂ ਇਕੋ ਬੋਲੀ ਬੋਲਦੀਆਂ ਹਨ- ਬਈ ਤੂੰ ਆਪਣਾ ਵੱਖਰਾ ਕੰਮ ਕਰ, ਮੇਰੇ ਸਹੁਰੇ ਨੇ ਤਾਂ ਸਿੱਧੀ ਗੱਲ ਕਰ ਦਿੱਤੀ ਬਈ ਤੂੰ ਭਰਾ ਨੂੰ ਭੇਜ, ਅਸੀਂ ਉਸ ਨਾਲ ਆਪੇ ਗੱਲ ਕਰਾਂਗੇ । ਮੇਰੀ ਗੱਲ ਸੁਣ ਕੇ ਭਰਾ ਮੇਰਾ ਖਿਝ ਵੀ ਗਿਆ ਸੀ ਤੇ ਗੁੱਸੇ ਵਿਚ ਵੀ ਆ ਗਿਆ ਸੀ । ਅਖ਼ੀਰ ਉਸਨੇ ਕਹਿ ਹੀ ਦਿੱਤਾ- ਮੇਰੇ ਵਿਆਹ ਨੂੰ ਇਤਨੇ ਸਾਲ ਹੋ ਗਏ ਮੇਰੇ ਸਹੁਰਿਆਂ ਨੇ ਕਦੀ ਸਾਡੇ ਕਾਰੋਬਾਰ ਬਾਰੇ ਭਰਾਵਾਂ ਦੇ ਆਪਸੀ ਵਿਹਾਰ ਬਾਰੇ ਗੱਲ ਨਹੀਂ ਕੀਤੀ, ਬਲਕਿ ਹਮੇਸ਼ਾਂ ਮੇਰਾ ਸਹੁਰਾ ਇਹੀ ਅਸੀਸ ਦੇਂਦਾ ਹੈ ਕਿ ਤੁਹਾਡਾ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ । ਤੂੰ ਪਤਾ ਨਹੀਂ ਕਿਹੋ ਜਿਹਾ ਜਵਾਈ ਹੈਂ ਤੇ ਕਿਹੋ ਜਿਹੇ ਤੇਰੇ ਸਹੁਰੇ ਹਨ, ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ । ਭਰਾ ਦੀ ਗੱਲ ਮੈਨੂੰ ਉਸ ਵਕਤ ਸੀਨੇ ਵਿਚ ਸੂਲ ਵਾਂਗ ਚੁਭੀ ਤੇ ਮੈਨੂੰ ਆਪਣੀ ਮਰਦਾਨਗੀ 'ਤੇ ਸ਼ਰਮਿੰਦਗੀ ਵੀ ਮਹਿਸੂਸ ਹੋਈ, ਪਰ ਮੈਂ ਬਿਲਕੁਲ ਨਿੱਸਲ ਸਾਂ । ਅਖ਼ੀਰ ਮੈਂ ਕਹਿ ਹੀ ਦਿੱਤਾ, ਭਰਾ ਜੀ ਹੁਣ ਤਾਂ ਮੇਰਾ ਟੁੱਟਦਾ ਹੋਇਆ ਘਰ ਤੁਸੀਂ ਹੀ ਬਚਾ ਸਕਦੇ ਹੋ, ਕੀ ਮੈਂ ਬੱਚਿਆਂ ਨੂੰ ਛੱਡ ਦੇਵਾਂ ਕਿ ਉਹ ਪਿਉ ਮਹਿਟਰ ਹੋ ਕੇ ਨਾਨਕੇ ਮਾਮਿਆਂ ਕੋਲ ਪਲਣਗੇ? ਤੁਸੀਂ ਹੀ ਕੁਝ ਕਰੋ । ਭਰਾ ਬੋਲਿਆ- ਮੈਂ ਸਵੇਰੇ ਜਾਵਾਂਗਾ ਤੂੰ ਹੁਣ ਘਰ ਜਾ ਕੇ ਆਰਾਮ ਕਰ, ਗੁੜ ਮੰਡੀ ਮੈਂ ਕੱਲ੍ਹ ਜਾਵਾਂਗਾ । ਮੈਂ ਘਰ ਆ ਗਿਆ ਤੇ ਭਰਜਾਈ ਨੂੰ ਸਾਸਰੀਕਾਲ ਕਰਕੇ ਉਪਰ ਪੌੜੀਆਂ ਚੜ੍ਹਨ ਲੱਗਾ ਸੀ, ਭਰਜਾਈ ਨੇ ਰੋਕ ਲਿਆ, ਕਿਉਂ ਦੇਵਰਾ ਬੱਚੇ ਤੇ ਬੱਚਨ ਕਿਧਰ ਹਨ ਆਏ ਨਹੀਂ? ਨਹੀਂ ਭਾਬੀ ਬੱਚਨ ਨੇ ਆਉਣੋਂ ਨਾਂਹ ਕਰ ਦਿੱਤੀ ਹੈ । ਇਹ ਕਹਿੰਦਿਆਂ ਮੇਰਾ ਭੁੱਬ ਨਿਕਲ ਗਿਆ ਜਿਹੜਾ ਕਿ ਮੈਂ ਹੁਣ ਤਕ ਡੱਕਿਆ ਪਿਆ ਸੀ । ਮੈਨੂੰ ਡੁਸਕਦੇ ਨੂੰ ਵੇਖਕੇ ਭਾਬੀ ਨੇ ਇਕਦਮ ਮੈਨੂੰ ਜੱਫੀ ਵਿਚ ਘੁੱਟ ਲਿਆ ਸੀ ਤੇ ਬੋਲੀ- ਨਾ ਮੇਰੇ ਵੀਰ ਇੰਝ ਦਿਲ ਛੋਟਾ ਨਹੀਂ ਕਰੀਦਾ, ਮੈਨੂੰ ਇਹ ਤਾਂ ਦੱਸ ਬਈ ਬੱਚਨ ਨੇ ਨਾਂਹ ਕਿਹੜੀ ਗੱਲੋਂ ਕਰ ਦਿੱਤੀ, ਉਸਨੂੰ ਇਥੇ ਕੀ ਤਕਲੀਫ਼ ਹੈ, ਮੇਰੇ ਵੱਲੋਂ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਆਪ ਜਾ ਕੇ ਲੈ ਆਉਂਦੀ ਹਾਂ? ਨਹੀਂ ਭਾਬੀ ਤੇਰੇ ਨਾਲ ਤਾਂ ਕੋਈ ਗੱਲ ਨਹੀਂ ਉਹ ਤਾਂ ਪਤਾ ਨਹੀਂ ਨਵਾਂ ਹੀ ਰਾਗ ਅਲਾਪਦੀ ਹੈ । ਤੇ ਮੈਂ ਰੋਂਦੇ ਹੋਏ ਨੇ ਸਾਰੀ ਗੱਲ ਹੂ-ਬ-ਹੂ ਸੁਣਾ ਦਿੱਤੀ । ਭਰਜਾਈ ਨੇ ਮੈਨੂੰ ਹੋਰ ਘੁੱਟ ਕੇ ਜੱਫੀ ਵਿਚ ਲੈ ਲਿਆ ਤੇ ਪਿਆਰ ਨਾਲ ਬੋਲੀ, ਤੂੰ ਫ਼ਿਕਰ ਨਾ ਕਰ ਮੈਂ ਇਨ੍ਹਾਂ ਨੂੰ ਭੇਜਦੀ ਹਾਂ ਸਵੇਰੇ, ਤੇਰੇ ਵੀਰ ਜੀ ਸਿਆਣੇ ਸਮਝਦਾਰ ਹਨ ਆਪੇ ਬੱਚਨ ਨੂੰ ਸਮਝਾ ਕੇ ਲੈ ਆਣਗੇ । ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾਂਦੀ ਹਾਂ । ਨਹੀਂ ਭਾਬੀ ਮੇਰਾ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ । ਹੈ ਝੱਲਾ ਨਾ ਹੋਵੇ ਤਾਂ ਐਵੇਂ ਗੱਲਾਂ ਦਿਲ 'ਤੇ ਨਹੀਂ ਲਾਈਦੀਆਂ । ਸੱਚ ਪੁੱਛੇਂ ਤਾਂ ਬੱਚੇ ਤਾਂ ਮੈਨੂੰ ਵੀ ਬਹੁਤ ਯਾਦ ਆਉਂਦੇ ਵਨ ਕਿਤਨਾ ਸੋਹਣਾ ਲੱਗਦਾ ਸੀ ਵਿਹੜਾ ਜਦੋਂ ਸਾਰੇ ਬੱਚੇ ਰਲ-ਮਿਲ ਖੇਡਦੇ ਸਨ ਲੜਦੇ ਸਨ ਕੱਟੀਆਂ ਪੈਂਦੀਆਂ ਸੀ ਅੱਬੀਆਂ ਹੋ ਜਾਂਦੀਆਂ ਸੀ । ਤੂੰ ਚਿੰਤਾ ਨਾ ਕਰ ਇਹ ਜਾਣਗੇ ਸਭ ਠੀਕ ਹੋ ਜਾਵੇਗਾ, ਤੇਰੇ ਸਹੁਰੇ ਨਾਲ ਤਾਂ ਇਨ੍ਹਾਂ ਦਾ ਪਿਆਰ ਵੀ ਬਹੁਤ ਹੈ । ਭਾਬੀ ਦੀ ਬਣਾਈ ਚਾਹ ਪੀ ਕੇ ਮੈਂ ਹੱਟੀ ਵੱਲ ਚੱਲ ਪਿਆ ਸਾਂ ।

ਮੇਰਾ ਭਰਾ ਸਵੱਖਤੇ ਹੀ ਸਨੌਰ ਚਲਾ ਗਿਆ, ਦੁਪਹਿਰ ਤੋਂ ਬਾਅਦ ਆਏ 'ਤੇ ਪਤਾ ਲੱਗਿਆ ਕਿ ਉਸ ਨਾਲ ਕੁਝ ਵੱਧ ਹੀ ਕੁੱਤੇ ਖਾਣੀ ਹੋਈ ਸੀ । ਮੇਰਾ ਸਹੁਰਾ ਤਾਂ ਚੁੱਪ ਕਰਕੇ ਬੈਠਾ ਰਿਹਾ ਘੁੰਨਾ ਬਣ ਕੇ, ਪਰ ਮੇਰੀ ਸੱਸ ਤਾਂ ਹੱਥ ਮਾਰ ਮਾਰ ਗੱਲਾਂ ਕਰਦੀ ਸੀ- ਮੇਰੀ ਧੀ ਸਾਰੀ ਉਮਰ ਜਠਾਣੀ ਦੇ ਥੱਲੇ ਲੱਗ ਕੇ ਬੈਠੀ ਰਹੇਗੀ । ਮੇਰੇ ਭਰਾ ਦੇ ਕਹਿਣ ਮੁਤਾਬਕ ਮੈਂ ਬਹੁਤ ਮਿੰਨਤਾਂ ਕੀਤੀਆਂ ਰਿਸ਼ਤੇਦਾਰੀ ਦੇ ਬਰਾਦਰੀ ਦੇ ਵਾਸਤੇ ਪਾਏ, ਤੇਰੇ ਬੱਚੇ ਮੇਰੀ ਝੋਲੀ ਵਿਚ ਬੈਠੇ ਸਨ, ਉਨ੍ਹਾਂ ਦਾ ਵਾਸਤਾ ਪਾਇਆ, ਪਰ ਬੱਚਨ ਦੇ ਇਹ ਬੋਲ ਮੇਰਾ ਸੀਨਾ ਚੀਰ ਗਏ, ਅਖੇ ਇਹ ਅਜੇ ਨਿੱਕੇ ਹਨ ਇਨ੍ਹਾਂ ਨੂੰ ਕੀ ਪਤਾ ਆਪਣੇ ਪਰਾਏ ਦਾ, ਵੱਡੇ ਹੋਣਗੇ ਆਪੇ ਸਮਝ ਜਾਣਗੇ ਪਿਉ ਪਿਉ ਹੁੰਦਾ ਹੈ ਤਾਇਆ ਤਾਇਆ । ਹਾਰ ਕੇ ਮੈਨੂੰ ਉਨ੍ਹਾਂ ਅੱਗੇ ਹਥਿਆਰ ਸੁੱਟਣੇ ਪਏ । ਮੈਂ ਸਾਰੀ ਗੱਲ ਸੁਣ ਕੇ ਕਿਹਾ- ਵੀਰ ਜੀ ਫੇਰ ਤੁਸੀਂ ਕੀ ਸੋਚਿਆ? ਸੋਚਿਆ ਕਿ ਸਾਨੂੰ ਵੱਖਰਾ ਹੋਣਾ ਪਏਗਾ । ਮੈਂ ਧਾਹ ਮਾਰ ਕੇ ਭਰਾ ਦੇ ਗਲ ਲਗ ਗਿਆ । ਉਸ ਦੀਆਂ ਅੱਖਾਂ ਵੀ ਅੱਥਰੂਆਂ ਨਾਲ ਭਰ ਗਈਆਂ, ਪਰ ਵੱਡੇ ਜਿਗਰੇ ਵਾਲਾ ਸੀ ਮੇਰਾ ਭਰਾ । ਅਖ਼ੀਰ ਇਹ ਵਿਚਾਰ ਬਣਿਆ ਕਿ ਮੈਂ ਉਨ੍ਹਾਂ ਨੂੰ ਤਸੱਲੀ ਦੇ ਆਇਆ ਹਾਂ, ਤੂੰ ਸਵੇਰੇ ਜਾ ਕੇ ਆਪਣਾ ਟੱਬਰ ਘਰ ਲੈ ਆ, ਮੈਂ ਨਹੀਂ ਚਾਹੁੰਦਾ ਕਿ ਤੇਰਾ ਘਰ ਟੁੱਟੇ ਤੇ ਉਸ ਦਾ ਕਾਰਨ ਮੈਂ ਬਣਾਂ । ਰਾਤੀਂ ਘਰ ਆ ਕੇ ਰੋਟੀ ਖਾਣ ਲੱਗੇ ਭਰਾ ਨੇ ਬੋਤਲ ਖੋਲ੍ਹ ਲਈ ਕਿ ਹੁਣ ਅੱਗੋਂ ਪਤਾ ਨਹੀਂ ਕੀ ਹਾਲਾਤ ਬਣਦੇ ਹਨ, ਉਦੋਂ ਦੀ ਉਦੋਂ ਦੇਖਾਂਗੇ ਹੁਣ ਤਾਂ ਜੋ ਬਣੀ ਹੈ, ਉਸਨੂੰ ਪਿਆਰ ਨਾਲ ਨਬੇੜੀਏ । ਸਵੇਰੇ ਮੈਂ ਸਨੌਰ ਜਾਣ ਵਾਸਤੇ ਤਿਆਰ ਹੋ ਰਿਹਾ ਸੀ, ਤਾਂ ਗੁਆਂਢੀਆਂ ਦਾ ਮੁੰਡਾ ਸੱਦਣ ਆ ਗਿਆ ਜਿਨ੍ਹਾਂ ਦੇ ਘਰ ਫੋਨ ਸੀ । ਮੈਂ ਗਿਆ ਮੇਰਾ ਸਾਲ਼ਾ ਸੀ, ਉਸਨੇ ਕਿਹਾ- ਜੀਜਾ ਜੀ ਤੁਸੀਂ ਅੱਡੇ 'ਤੇ ਆ ਜਾਉ ਦੀਦੀ ਤੇ ਬੱਚੇ ਸਾਡੇ ਨਾਲ ਹੀ ਆ ਰਹੇ ਹਨ । ਮੈਂ ਅੱਡੇ ਜਾ ਕੇ ਬੱਚਿਆਂ ਨੂੰ ਲੈ ਆਇਆ । ਆਂਦਿਆਂ ਰਿਕਸ਼ੇ 'ਤੇ ਬੈਠੇ ਮੈਂ ਬਚਨ ਨੂੰ ਕਿਹਾ, ਬੱਚਨ ਤੂੰ ਮੈਨੂੰ ਬਹੁਤ ਵੱਡਾ ਝਟਕਾ ਦਿਤਾ ਹੈ । ਝਟਕਾ ਤਾਂ ਮੈਨੂੰ ਲੱਗਿਆ ਹੈ ਤੇਰੀ ਇਹ ਗੱਲ ਸੁਣ ਕੇ, ਕੀ ਮੇਰਾ ਆਦਮੀ ਇਤਨਾ ਕਮਜ਼ੋਰ ਹੈ ਉਸ ਨੂੰ ਆਪਣੇ ਆਪ 'ਤੇ ਭਰੋਸਾ ਹੀ ਨਹੀਂ । ਇਹ ਮੇਰੀ ਗ਼ੈਰਤ ਨੂੰ ਵੰਗਾਰ ਸੀ ਪਰ ਗ਼ੈਰਤ ਗ਼ੈਰਤ ਹੈ ਲਗਾਉ ਲਗਾਉ ਹੈ, ਜਿਥੇ ਲਗਾਉ ਹੋਵੇ ਉਥੇ ਗ਼ੈਰਤ ਗ਼ੈਰ ਹਾਜ਼ਰ ਹੁੰਦੀ ਹੈ । ਘਰ ਆ ਕੇ ਮੇਰੀ ਜ਼ਨਾਨੀ ਨੇ ਮੇਰੀ ਭਰਜਾਈ ਨਾਲ ਬੱਚਿਆਂ ਨਾਲ ਕੋਈ ਗੱਲ ਨਾ ਕੀਤੀ, ਚੁੱਪਚਾਪ ਪੌੜੀਆਂ ਚੜ੍ਹ ਕੇ ਆਪਣੇ ਕਮਰੇ ਵਿਚ ਵੜ ਗਈ । ਬੱਚਿਆਂ ਨੂੰ ਵੀ ਥੱਲੇ ਜਾਣ ਤੋਂ ਵਰਜ ਦਿੱਤਾ । ਮੈਨੂੰ ਨਾਸ਼ਤੇ ਵਾਸਤੇ ਪੁੱਛਿਆ, ਮੇਰੇ ਕੋਈ ਜਵਾਬ ਨਾ ਦੇਣ 'ਤੇ ਰਸੋਈ ਵਿਚ ਜਾ ਕੇ ਤਿਆਰੀ ਵਿਚ ਲੱਗ ਗਈ । ਮੈਂ ਦੁਕਾਨ 'ਤੇ ਚਲਾ ਗਿਆ ਸਾਂ ਪਰ ਉਥੇ ਵੀ ਦਿਲ ਕਿਥੇ ਲੱਗਣਾ ਸੀ ।

ਇਕ ਗੱਲ ਮੈਂ ਦੱਸਣੀ ਭੁੱਲ ਗਿਆ, ਉਸ ਦਿਨ ਜਦੋਂ ਮੈਂ ਸਨੌਰ ਤੋਂ ਆਇਆ ਸੀ, ਰਾਤ ਨੂੰ ਅਸੀਂ ਪੀ ਰਹੇ ਸਾਂ ਤੇ ਭਾਬੀ ਖਾਣਾ ਤਿਆਰ ਕਰ ਰਹੀ ਸੀ । ਮੈਂ ਬਹੁਤ ਉਦਾਸ ਸਾਂ ਬਿਲਕੁਲ ਚੁੱਪ-ਚਾਪ ਸਾਂ । ਭਾਬੀ ਬਰਫ਼ ਦੇਣ ਆਈ ਮੈਨੂੰ ਉਦਾਸ ਵੇਖ ਕੇ ਕਹਿਣ ਲੱਗੀ, ਤੂੰ ਸਰੂਪ ਇਤਨਾ ਉਦਾਸ ਕਿਉਂ ਹੋਨੈਂ, ਛੱਡ ਪਰ੍ਹੇ ਨਹੀਂ ਆਂਦੀ ਤਾਂ ਨਾ ਆਵੇ, ਤੇਰੀ ਅਜੇ ਉਮਰ ਵੀ ਕੀ ਹੈ ਤੈਨੂੰ ਸਾਕ ਬਥੇਰੇ । ਮੈਂ ਸਵੇਰੇ ਹੀ ਤੇਰੀ ਗੱਲ ਚਲਾ ਦੇਨੀਂ ਆਂ, ਕੁੜੀ ਹੈ ਮੇਰੀ ਨਜ਼ਰ ਵਿਚ । ਮੈਂ ਇਕਦਮ ਚਿਲਕ ਪਿਆ ਸੀ, ਭਰਜਾਈ ਤੂੰ ਕੁੜੀ ਤਾਂ ਲਿਆ ਦਏਂਗੀ ਕੀ ਤੂੰ ਮੈਨੂੰ ਇਹ ਬੱਚੇ ਵੀ ਲਿਆ ਕੇ ਦਵੇਂਗੀ । ਮੈਂ ਹੋਰ ਵਿਆਹ ਕਰਾ ਲਵਾਂ ਤੇ ਮੇਰੇ ਬੱਚੇ ਮਾਮਿਆਂ ਕੋਲ ਪਲਣ, ਬਸ ਭਾਬੀ ਅੱਗੋਂ ਇਹ ਗੱਲ ਨਾ ਕਰੀਂ, ਕੀ ਮੈਂ ਆਪਣੇ ਬੱਚੇ ਛੱਡ ਦਿਆਂ? ਵੀਰ ਜੀ ਨੇ ਵੀ ਅੱਖਾਂ ਕੱਢੀਆਂ । ਉਹ ਚੁੱਪ ਕਰ ਗਈ । ਪੁੱਤਰਾ ਆਪਣੇ ਖੂਨ ਦਾ ਦਰਦ ਤਾਂ ਆਪਣਾ ਹੀ ਹੁੰਦੈ । ਖ਼ੈਰ ਸ਼ਾਮ ਨੂੰ ਹੱਟੀ 'ਤੇ ਮੇਰੇ ਦੋਨੋਂ ਜੀਜੇ ਆ ਗਏ, ਸਾਡੀਆਂ ਭੈਣਾਂ ਨੂੰ ਉਹ ਨਾਲ ਨਹੀਂ ਲਿਆਏ ਸਨ, ਮੈਂ ਬਾਹਰ ਕਾਊਂਟਰ 'ਤੇ ਹੀ ਵੀਰ ਕੋਲ ਬੈਠਾ ਸਾਂ । ਭੱਠੀ 'ਤੇ ਮੇਰਾ ਸਹਾਇਕ ਮਹਿੰਦਰ ਸਿੰਘ ਹੀ ਕੰਮ ਕਰ ਰਿਹਾ ਸੀ । ਭਣਵਈਏ ਸਾਨੂੰ ਦੋਨਾਂ ਨੂੰ ਮਿਲੇ ਹਾਲ ਚਾਲ ਤਾਂ ਕੀ ਪੁੱਛਣਾ ਸੀ, ਹਾਲ ਚਾਲ ਹੀ ਤਾਂ ਠੀਕ ਕਰਨ ਆਏ ਸਨ । ਸਾਨੂੰ ਟੈਮ ਸਿਰ ਘਰ ਆਣ ਬਾਰੇ ਕਹਿ ਕੇ ਚਲੇ ਗਏ ਸੀ । ਅਸੀਂ ਦੋਨੋਂ ਭਰਾ ਨੌਂ ਵਜੇ ਦੁਕਾਨ ਵਧਾ ਕੇ ਘਰ ਪਹੁੰਚ ਗਏ, ਸਾਰਿਆਂ ਦੀ ਇਕ ਕਿਸਮ ਦੀ ਪੰਚੈਤ ਬੈਠ ਗਈ । ਛੋਟੇ ਭਣਵਈਏ ਨੇ ਗੱਲ ਛੇੜੀ- ਮੈਨੂੰ ਵੀਰ ਜੀ ਦਾ ਸੁਨੇਹਾ ਆਇਆ ਸੀ ਬੀ ਤੇਰੇ ਸਾਂਢੂ ਪ੍ਰੇਮ ਸਿੰਘ ਨੇ ਵੀ ਆਣਾ ਹੈ ਕੋਈ ਘਰੇਲੂ ਮਸਲਾ ਹੱਲ ਕਰਨਾ ਹੈ, ਅਸੀਂ ਦੋਨਾਂ ਨੇ ਸੰਪਰਕ ਕੀਤਾ ਤੇ ਸੋਚਣ ਲੱਗੇ ਕਿ ਕੀ ਮਸਲਾ ਹੋ ਸਕਦੈ, ਸੋ ਅਸੀਂ ਇਕੱਲੇ ਮਰਦਾਂ ਨੇ ਆਣਾ ਹੀ ਠੀਕ ਸਮਝਿਆ । ਇਹ ਤਾਂ ਭੈਣ ਜੀ ਨੇ ਦੱਸਿਆ ਕਿ ਕੀ ਕਹਾਣੀ ਹੈ, ਮੈਂ ਤਾਂ ਕਹਿੰਦਾਂ ਇਹ ਕਦਮ ਬਿਲਕੁਲ ਨਹੀਂ ਚੁੱਕਣਾ ਚਾਹੀਦਾ । ਤੁਹਾਡਾ ਭਰਾਵਾਂ ਦਾ ਪਿਆਰ ਬਣਿਆ ਹੋਇਆ ਹੈ ਤੁਹਾਡੀ ਤਾਕਤ ਹੀ ਤੁਹਾਡੀ ਤਰੱਕੀ ਦਾ ਸਬੱਬ ਬਣੇਗੀ, ਅਜੇ ਤਾਂ ਪਾਣੀ ਰਿੜਕਣ ਵਾਲੀ ਗੱਲ ਹੈ, ਪਹਿਲੇ ਦਹੀਂ ਜੰਮਣ ਦਿਉ । ਬੇਕਰੀ ਦਾ ਕੰਮ ਚਾਰ-ਪੰਜ ਸਾਲ ਹੋਰ ਚੰਗੀ ਤਰ੍ਹਾਂ ਮਿਹਨਤ ਨਾਲ ਕਰਕੇ ਚਾਰ ਪੈਸੇ ਵੀ ਬਣ ਜਾਂਣਗੇ, ਬੱਚੇ ਵੀ ਦੋਨਾਂ ਦੇ ਵੱਡੇ ਹੋ ਜਾਣਗੇ, ਤੇ ਹੁਣ ਜਿਹੜਾ ਸਮਾਂ ਅੱਗੋਂ ਆ ਰਿਹਾ ਹੈ ਤੁਹਾਡੇ ਕੰਮ ਵਿਚ ਵਾਧੇ ਦੇ ਬਹੁਤ ਚਾਂਸ ਹਨ । ਸਾਡਾ ਵੱਡਾ ਜੀਜਾ ਕੁਝ ਹੋਰ ਸੁਭਾਅ ਦਾ ਸੀ, ਉਹ ਸਾਡੀ ਤਰੱਕੀ ਦਾ ਇਤਨਾ ਖ਼ੈਰ ਖ਼ਵਾਹ ਨਹੀਂ ਸੀ, ਨਾਲੇ ਵੱਡੇ ਵੀਰ ਜੀ ਨਾਲ ਉਸਦੀ ਸ਼ੁਰੂ ਤੋਂ ਹੀ ਸੁਰ ਘੱਟ ਮਿਲਦੀ ਸੀ, ਉਹ ਬੋਲਿਆ- ਰਘਬੀਰ ਤੇਰੀ ਗੱਲ ਬਿਲਕੁਲ ਠੀਕ ਹੈ ਪਰ ਤੂੰ ਸਾਰੀ ਗੱਲ ਭੈਣ ਜੀ ਤੋਂ ਸਮਝ ਲਈ ਹੈ ਤੇ ਬਚਨ ਭੈਣ ਨਾਲ ਵੀ ਅਸੀਂ ਦੋਵਾਂ ਨੇ ਗੱਲ ਕੀਤੀ ਹੈ, ਉਹ ਤਾਂ ਟਸ ਤੋਂ ਮਸ ਨਹੀਂ ਹੋਂਦੀ, ਉਸ ਦਾ ਤਾਂ ਬਸ ਇਕੋ ਰਾਗ ਹੈ ਅਸੀਂ ਆਪਣਾ ਕੰਮ ਵੱਖਰਾ ਕਰਨਾ ਹੈ, ਤੁਸੀਂ ਸਾਡਾ ਫ਼ੈਸਲਾ ਕਰਕੇ ਹੀ ਜਾਉ । ਜਿਥੇ ਭਾਂਡੇ ਵਿਚ ਇਕ ਵਾਰੀ ਤ੍ਰੇੜ ਪੈ ਜਾਵੇ ਕੁਝ ਵੀ ਕਰ ਲਉ ਲਕੀਰ ਨਹੀਂ ਮਿਟਦੀ, ਇਹ ਸ਼ੱਕ ਦੇ ਬੀਜ ਤਾਂ ਧਰਤੀ ਵਿਚ ਪਏ ਧਰਤੀ ਬੰਜਰ, ਟੱਬਰ ਵਿਚ ਪਏ ਟੱਬਰ ਦੀ ਤਰੱਕੀ ਬੰਦ, ਇਹ ਆਪਣਾ ਪਿਆਰ ਨਾਲ ਨਬੇੜਾ ਕਰ ਲੈਣ ਫਿਰ ਦੋਵੇਂ ਆਪਣੀ ਆਪਣੀ ਸਮਝ ਮੁਤਾਬਕ ਕਰਨ, ਬਾਕੀ ਜਿਵੇਂ ਹਰਨਾਮ ਵੀਰ ਜੀ ਦੀ ਸਲਾਹ ਹੋਵੇ ਪੁੱਛ ਲੈਂਦੇ ਹਾਂ, ਉਹ ਕੀ ਕਹਿੰਦੇ ਹਨ । ਮੈਂ ਤਾਂ ਜੇ ਹੋਰ ਕੁਝ ਕਹਿਣਾ ਹੁੰਦਾ ਤਾਂ ਤੁਹਾਨੂੰ ਬੁਲਾਂਦਾ ਹੀ ਕਿਉਂ, ਥੋੜ੍ਹੇ ਬਹੁਤ ਉਲਝੇਵੇਂ ਨੂੰ ਮੈਂ ਆਪ ਹੀ ਸੁਲਝਾ ਲੈਂਦਾ ਪਰ ਹੁਣ ਇਹ ਤਾਣੀ ਬਹੁਤ ਜ਼ਿਆਦਾ ਉਲਝ ਗਈ ਹੈ, ਹੁਣ ਤਾਂ ਧਾਗੇ ਨੂੰ ਤੋੜ ਕੇ ਦੋ ਵੱਖਰੇ ਪਿੰਨੇ ਹੀ ਬਣਾਣੇ ਪੈਣਗੇ । ਤਾਂ ਫੇਰ ਠੀਕ ਹੈ ਦੱਸੋ ਕਿਹੜਾ ਇਹ ਚੱਲਦਾ ਕੰਮ ਸੰਭਾਲੇਗਾ ਤੇ ਕੌਣ ਪੈਸੇ ਲੈ ਕੇ ਵੱਖਰਾ ਹੋਏਗਾ? ਵੱਡਾ ਪ੍ਰੇਮ ਸਿੰਘ ਬੋਲਿਆ ਸੀ, ਪਹਿਲੇ ਸਾਰਾ ਹਿਸਾਬ-ਕਿਤਾਬ ਬਣਾ ਲਉ, ਲੈਣ ਦੇਣ ਕੱਢ ਕੇ ਬਾਕੀ ਜਿਤਨੀ ਢੇਰੀ ਬਣਦੀ ਹੈ, ਦੋ ਹਿੱਸੇ ਕਰਕੇ ਇਕ ਹਿੱਸੇ ਵੱਲ ਦਸ ਹਜ਼ਾਰ ਵੱਧ ਢੇਰ ਕਰ ਦਿਉ । ਜਿਹੜਾ ਚੱਲਿਆ ਕੰਮ ਸੰਭਾਲੇਗਾ ਉਹ ਦੂਜੇ ਨੂੰ ਦਸ ਹਜ਼ਾਰ ਵੱਧ ਦੇ ਕੇ ਬਾਹਰ ਕਰੇਗਾ । ਰਘਬੀਰ ਸਿੰਘ ਦੀ ਰਾਇ ਨਾਲ ਸਾਰੇ ਸਹਿਮਤ ਹੋ ਗਏ । ਬਸ ਫਿਰ ਕੀ ਸੀ, ਕਲਮ ਤੇ ਕਾਗਜ਼ ਲੈ ਕੇ ਸਾਡੇ ਸਰੀਰ ਰੂਪੀ ਵਪਾਰ ਦੇ ਸਾਰੇ ਅੰਗਾਂ ਨੂੰ ਨਾਪਿਆ ਜਾ ਰਿਹਾ ਸੀ । ਅਸੀਂ ਆਪਣੇ ਆਪ ਨੂੰ ਆਪ ਹੀ ਭਣਵਈਆਂ ਸਾਹਮਣੇ ਨੰਗਾ ਕਰ ਰਹੇ ਸਾਂ । ਖ਼ੈਰ ਉਨ੍ਹਾਂ ਦੇ ਫੈਸਲੇ ਮੂਜਬ ਜ਼ੇਵਰ ਜੋ ਥੋੜਾ ਬਹੁਤ ਜ਼ਨਾਨੀਆਂ ਕੋਲ ਸੀ, ਉਹ ਉਨ੍ਹਾਂ ਕੋਲ ਹੀ ਰਹੇਗਾ, ਹਰ ਇਕ ਦਾ ਆਪਣਾ ਹੱਕ ਸੀ, ਜ਼ੇਵਰ ਨੂੰ ਵਪਾਰ ਤੋਂ ਵੱਖਰਾ ਹੀ ਸਮਝਿਆ ਗਿਆ । ਬੇਕਰੀ ਦੀ, ਭੱਠੀ ਦੀ ਤੇ ਹੋਰ ਸਮਾਨ ਪੱਤਰੇ, ਖੋਮਚੇ, ਕੜਾਹੀਆਂ, ਦੁਕਾਨ ਦਾ ਫ਼ਰਨੀਚਰ ਜੋ ਕਿ ਕਾਫ਼ੀ ਪੁਰਾਣਾ ਵੀ ਹੋ ਚੁੱਕਿਆ ਸੀ, ਦੀ ਕੀਮਤ ਉਸੇ ਹਿਸਾਬ ਨਾਲ ਲਗਾਈ ਗਈ, ਇਹ ਸਾਰਾ ਕੁਝ ਮਿਲਾ ਕੇ ਇਕ ਲੱਖ ਨੱਬੇ ਹਜ਼ਾਰ ਟੋਟਲ ਬਣਾਇਆ ਗਿਆ ਸੀ । ਹੁਣ ਬਾਕੀ ਰਹੀ ਮਕਾਨ ਦੀ ਗੱਲ, ਤੁਸੀਂ ਉਪਰ ਨੀਚੇ ਰਹਿ ਰਹੇ ਹੋ ਤੇ ਰਹੀ ਜਾਉ, ਮਕਾਨ ਪਹਿਲੇ ਵੀ ਦੋਹਾਂ ਦਾ ਸਾਂਝਾ ਸੀ ਹੁਣ ਵੀ ਸਾਂਝਾ ਰਹੇਗਾ । ਪ੍ਰੇਮ ਸਿੰਘ ਬੋਲਿਆ ਸੀ, ਨਹੀਂ ਮੈਂ ਹੁਣ ਇਥੇ ਨਹੀਂ, ਮੈਂ ਪਟਿਆਲਿਉਂ ਬਾਹਰ ਹੀ ਕਿਤੇ ਆਪਣਾ ਕੰਮ ਸੈੱਟ ਕਰਾਂਗਾ, ਕਿਉਂਕਿ ਕੰਮ ਤਾਂ ਮੈਨੂੰ ਬੇਕਰੀ ਦਾ ਹੀ ਆਂਦਾ ਹੈ ਤੇ ਪਟਿਆਲੇ ਕੰਮ ਕਰਕੇ ਆਪਸੀ ਪਿਆਰ ਨੂੰ ਥੋੜ੍ਹਾ ਖ਼ਤਮ ਕਰਨਾ ਹੈ । ਇਸ ਦਾ ਮਤਲਬ ਤੂੰ ਪਹਿਲੇ ਹੀ ਫੈਸਲੇ ਕਰੀ ਬੈਠਾ ਹੈਂ ਕਿ ਤੂੰ ਬੇਕਰੀ ਨਹੀਂ ਸੰਭਾਲਣੀ? ਨਹੀਂ, ਨਾ ਤਾਂ ਮੈਂ ਇਤਨਾ ਸਮਰੱਥ ਹਾਂ ਕਿ ਰਕਮ ਦਾ ਪ੍ਰਬੰਧ ਕਰ ਸਕਾਂ, ਤੇ ਨਾ ਹੀ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਦੇਂਦੀ ਹੈ ਕਿ ਮੈਂ ਵੀਰ ਜੀ ਨੂੰ ਪੈਸੇ ਦੇ ਕੇ ਕਵ੍ਹਾਂ ਬਈ ਤੁਸੀਂ ਇਸ ਬੇਕਰੀ ਤੋਂ ਬਾਹਰ ਚਲੇ ਜਾਉ । ਇਸ ਦੇ ਵਿਚ ਜ਼ਮੀਰ ਵਾਲੀ ਕਿਹੜੀ ਗੱਲ ਹੈ ਇਹ ਤਾਂ ਆਪਸੀ ਸਮਝੌਤਾ ਹੈ, ਪ੍ਰੇਮ ਸਿੰਘ ਦੇ ਬੋਲ ਸਨ । ਤੇ ਨਾਲ ਹੀ ਉਸਨੇ ਮੈਨੂੰ ਦੋ ਮਿੰਟ ਵਿਹੜੇ ਵਿਚ ਆਉਣ ਵਾਸਤੇ ਕਿਹਾ । ਬਾਹਰ ਆ ਕੇ ਮੈਨੂੰ ਕਹਿਣ ਲੱਗਾ, ਇਕ ਲੱਖ ਕੁਝ ਹਜ਼ਾਰ ਤੈਨੂੰ ਇੰਤਜ਼ਾਮ ਕਰਨਾ ਪਏਗਾ । 25-30 ਹਜ਼ਾਰ ਤੈਨੂੰ ਮੈਂ ਦੇ ਦਿਆਂਗਾ, ਜਦੋਂ ਤੇਰੇ ਕੋਲ ਹੋਏ ਮੋੜ ਦੇਵੀਂ, ਕੁਝ ਸਹੁਰਿਆਂ ਨੂੰ ਕਹਿ, ਅਖ਼ੀਰ ਉਨ੍ਹਾਂ ਨੇ ਹੀ ਤੈਨੂੰ ਮਜਬੂਰ ਕੀਤਾ ਹੈ ਵਖਰੇਜ ਵਾਸਤੇ ਤੇ ਕੁਝ ਹੋਰ ਤੇਰੇ ਕੋਲ ਜ਼ੇਵਰ ਹੈ । ਤੂੰ ਹਿੰਮਤ ਕਰ ,ਕੋਸ਼ਿਸ਼ ਕਰੇਂ ਤਾਂ ਤੇਰਾ ਕੰਮ ਤਾਂ ਬਣਿਆ ਪਿਆ ਹੈ, ਚੱਲੀ ਚਲਾਈ ਬੇਕਰੀ ਹੈ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਬਸ ਇਕ ਵਾਰੀ ਹੰਭਲਾ ਮਾਰ । ਮੈਂ ਕਿਹਾ, ਨਹੀਂ ਵੀਰ ਜੀ ਮੈਂ ਹੁਣ ਨਾ ਤਾਂ ਇਹ ਬੇਕਰੀ ਸੰਭਾਲਾਂ ਤੇ ਨਾ ਹੀ ਪਟਿਆਲੇ ਰਵ੍ਹਾਂ, ਬਸ ਤੁਸੀਂ ਕੰਮ ਮੁਕਾਉ ਜੇ ਵੀਰ ਜੀ ਪੈਸੇ ਦੇਂਦੇ ਹਨ ਤਾਂ? ਪਰ ਤੂੰ ਆਪਣੀ ਜ਼ਨਾਨੀ ਨਾਲ ਸਲਾਹ ਤਾਂ ਇਕ ਵਾਰੀ ਕਰ ਲੈ । ਉਸ ਨਾਲ ਕੀ ਸਲਾਹ ਕਰਾਂ ਉਸ ਦੀ ਗੱਲ ਮੰਨ ਕੇ ਹੀ ਤਾਂ ਮੈਂ ਵੱਖਰਾ ਹੋ ਰਿਹਾ ਹਾਂ । ਫੇਰ ਜਿਵੇਂ ਤੇਰੀ ਮਰਜ਼ੀ । ਇਹ ਕਹਿ ਕੇ ਭਣਵਈਆ ਮੇਰੇ ਨਾਲ ਅੰਦਰ ਆ ਗਿਆ ਤੇ ਆ ਕੇ ਬੋਲਿਆ, ਸਰੂਪ ਸਿੰਘ ਤਾਂ ਕਹਿੰਦਾ ਹੈ ਕਿ ਮਕਾਨ ਦਾ ਵੀ ਮੁੱਲ ਪਾ ਕੇ ਮੈਨੂੰ ਪੈਸੇ ਦੇ ਦਿਉ, ਹੁਣ ਤੁਸੀਂ ਦੱਸੋ ਮਕਾਨ ਦਾ ਮੁੱਲ ਕਿਵੇਂ ਪਾਇਆ ਜਾਏ? ਦੇਖੋ ਜੀ ਤਿੰਨ ਮਹੀਨੇ ਪਹਿਲਾਂ ਸਾਡੇ ਗੁਆਂਢ ਇਕ ਮਕਾਨ ਛੱਡ ਕੇ ਇਸੇ ਕੰਡੀਸ਼ਨ ਦਾ ਮਕਾਨ ਪੰਤਾਲੀ ਹਜ਼ਾਰ ਦਾ ਵਿਕਿਆ ਹੈ, ਬਸ ਉਹ ਜਗ੍ਹਾ ਵੀਹ ਗਜ਼ ਘੱਟ ਸੀ । ਸਰੂਪ ਨੂੰ ਪਤਾ ਹੈ ਇਸਦੇ ਸਾਹਮਣੇ ਦੀ ਗੱਲ ਹੈ, ਵੀਰ ਜੀ ਦੇ ਬੋਲ ਸਨ । ਤਾਂ ਫੇਰ ਠੀਕ ਹੈ ਇਸ ਮਕਾਨ ਦੀ ਕੀਮਤ ਪੰਜਾਹ ਹਜ਼ਾਰ ਮੰਨ ਲਉ, ਮੇਰੇ ਛੋਟੇ ਜੀਜੇ ਨੇ ਗੱਲ ਮੁਕਾ ਦਿੱਤੀ । ਇਕ ਨੱਬੇ ਤੇ ਪੰਜਾਹ ਮਿਲਾ ਕੇ ਦੋ ਚਾਲੀ ਦਾ ਅੱਧ ਇਕ ਵੀਹ ਤੇ ਦਸ ਹਜ਼ਾਰ ਫ਼ਾਲਤੂ ਵਾਲੇ ਇਕ ਲੱਖ ਤੀਹ ਹਜ਼ਾਰ ਮੇਰੇ ਹਿੱਸੇ ਦੇ ਬਣ ਗਏ ਸਨ । ਰਕਮ ਮੁੱਕਦੀ ਕਰ ਕੇ ਵੱਡੇ ਜੀਜੇ ਨੇ ਭਰਾ ਨੂੰ ਪੁੱਛਿਆ, ਹੁਣ ਤੁਸੀਂ ਦੱਸੋ ਹਰਨਾਮ ਸਿੰਘ ਜੀ, ਰਕਮ ਦੇਣ ਦਾ ਤੁਹਾਡਾ ਕੀ ਪ੍ਰੋਗਰਾਮ ਹੈ, ਕਿਉਂਕਿ ਸਰੂਪ ਨੇ ਵੀ ਅੱਗੋਂ ਦੀ ਤਿਆਰੀ ਸੋਚਣੀ ਹੈ, ਬਾਕੀ ਤੁਸੀਂ ਪੈਸੇ ਦਿਉਗੇ ਤਾਂ ਸਰੂਪ ਤੁਹਾਨੂੰ ਪੂਰੀ ਲਿਖਤ ਕਰ ਦਏਗਾ ਤਾਂ ਕਿ ਕੱਲ੍ਹ ਨੂੰ ਕੀ ਪਤਾ ਕਿਹੋ ਜਿਹਾ ਸਮਾਂ ਆਉਂਦਾ ਹੈ । ਹਾਂ ਇਸ ਵਿਚ ਤਾਂ ਕੋਈ ਗੱਲ ਨਹੀਂ ਲਿਖਤ ਤਾਂ ਹੋਏਗੀ ਹੀ ਹੋਏਗੀ, ਮੈਂ ਤੇ ਛੋਟਾ ਜੀਜਾ ਇਕੱਠੇ ਹੀ ਬੋਲੇ ਸਾਂ । ਮੈਂ ਇਕ ਮਿੰਟ ਆਇਆ, ਕਹਿ ਕੇ ਹਰਨਾਮ ਸਿੰਘ ਅੰਦਰ ਚਲਾ ਗਿਆ ਸੀ, ਕੋਈ ਪੰਦਰਾਂ ਮਿੰਟਾਂ ਬਾਅਦ ਆ ਕੇ ਬੋਲਿਆ, ਮੈਨੂੰ ਸਿਰਫ਼ ਇਕ ਹਫ਼ਤੇ ਦਾ ਸਮਾਂ ਚਾਹੀਦਾ ਹੈ ਮੇਰੇ ਕੋਲ ਤਾਂ ਇਸ ਵਕਤ ਸਾਂਝੇ ਖਰਚੇ ਦੇ ਦੋ ਹਜ਼ਾਰ ਹੀ ਪਏ ਹਨ, ਜਿਹੜੇ ਪੂੰਜੀ ਵਿਚ ਲਗਾਏ ਜਾ ਚੁੱਕੇ ਨੇ, ਕੁਝ ਜ਼ੇਵਰ ਹੈ ਕੁਝ ਮੈਂ ਸਾਲਿਆਂ ਨੂੰ ਕਵ੍ਹਾਂਗਾ, ਮੇਰੀ ਵਹੁਟੀ ਕਹਿੰਦੀ ਹੈ ਮੈਂ ਭਰਾਵਾਂ ਤੋਂ ਲੈ ਆਵਾਂਗੀ, ਮੈਂ ਹਫ਼ਤੇ ਤਕ ਰਕਮ ਦਾ ਪ੍ਰਬੰਧ ਕਰ ਦਿਆਂਗਾ, ਬਾਕੀ ਤੁਹਾਡੀ ਦੋਨਾਂ ਦੀ ਬੜੀ ਮਿਹਰਬਾਨੀ ਇਹ ਨਿਪਟਾਰਾ ਤੁਸੀਂ ਸਮਝ-ਬੂਝ ਤੇ ਪਿਆਰ ਨਾਲ ਨਿਪਟਾ ਦਿੱਤਾ ਹੈ । ਕੋਈ ਗੱਲ ਨਹੀਂ ਹਰਨਾਮ ਵੀਰ ਜੀ, ਜੇ ਵੀਹ ਤੀਹ ਹਜ਼ਾਰ ਘਟਦਾ ਹੋਇਆ ਤਾਂ ਅਸੀਂ ਦੋਨੋਂ ਮਿਲਕੇ ਤੁਹਾਡੇ ਪੂਰੇ ਕਰ ਦਿਆਂਗੇ, ਦੋਨੋਂ ਜੀਜੇ ਇਕੱਠੇ ਬੋਲੇ ਸਨ, ਤੇ ਇਸ ਤਰ੍ਹਾਂ ਆਪਸੀ ਸਹਿਮਤੀ ਨਾਲ ਨਿਪਟਾਰਾ ਹੋ ਗਿਆ ਸੀ ।

ਮੇਰਾ ਇਸ ਸਾਰੀ ਗੱਲ ਨੂੰ ਇਸ ਤਰ੍ਹਾਂ ਵਿਸਥਾਰ ਨਾਲ ਦੱਸਣਾ ਇਸ ਲਈ ਮੈਨੂੰ ਜ਼ਰੂਰੀ ਲੱਗਿਆ ਕਿਉਂਕਿ ਮੇਰੇ ਅੰਦਰ ਇਹ ਭਾਵਨਾ ਵੀ ਕੰਮ ਕਰ ਰਹੀ ਸੀ, ਬਈ ਕੇਹੇ ਭਲੇ ਵੇਲੇ ਸਨ ਕਿ ਜਨਮਾਂ ਦੀਆਂ ਗੰਢਾਂ ਵੀ ਤੋੜਨ ਲੱਗਿਆਂ ਤੜਿਕ ਨਹੀਂ ਹੁੰਦਾ ਸੀ, ਸਾਰਾ ਕੁਝ ਆਪਸੀ ਭਾਈਚਾਰੇ ਨਾਲ ਬੈਠ ਕੇ ਛੱਤ ਦੇ ਥੱਲ੍ਹੇ ਹੀ ਨਿਬੜ ਜਾਂਦਾ ਸੀ, ਲੋਕਾਂ ਤਕ ਨੂੰ ਹਵਾੜ ਤਕ ਨਹੀਂ ਪਹੁੰਚਦੀ ਸੀ ਪਰ ਅੱਜ ਕੱਲ੍ਹ ਤਾਂ ਪੁੱਤਰਾ ਝਗੜੇ ਸਿੱਧੇ ਕੋਰਟ ਕਚਹਿਰੀਆਂ ਵਿਚ ਪਹੁੰਚਦੇ ਹਨ । ਸਭ ਤੋਂ ਪਹਿਲੇ ਮੋਟੀਆਂ ਰਕਮਾਂ ਵਕੀਲਾਂ ਦੀਆਂ ਜੇਬਾਂ ਵਿਚ ਪਹੁੰਚਦੀਆਂ ਹਨ, ਕੋਰਟਾਂ ਦੇ ਫੈਸਲੇ ਸਾਲਾਂਬੱਧੀ ਨਹੀਂ ਆਉਂਦੇ ਹਨ, ਵਕੀਲ ਆਪਣੀ ਬਾਂਦਰ ਵੰਡ ਨਾਲ ਪਹਿਲੇ ਹੀ ਅਮੀਰ ਹੋ ਜਾਂਦੇ ਹਨ । ਮੈਂ ਗੱਲ ਇੰਨੀ ਵੀ ਕਰ ਕੇ ਮੁਕਾ ਸਕਦਾ ਸੀ, ਬਈ ਅਸੀਂ ਭਰਾਵਾਂ ਨੇ ਵੰਡ ਵਡਈਆ ਕਰ ਲਿਆ ਤੇ ਮੇਰੇ ਹਿੱਸੇ ਇਤਨੇ ਪੈਸੇ ਆਏ, ਇਸ ਤਰ੍ਹਾਂ ਕਹਿਣ ਵਾਲੇ ਤਾਂ ਜਿਵੇਂ ਸਾਡੇ ਮਾਲਵੇ ਵਿਚ ਸਿੱਧੀ ਸਾਦੀ ਬੋਲੀ ਵਿਚ ਕਹਿ ਦੇਂਦੇ ਹਨ, ਵਾ ਨੇ ਵਾ ਕੀ ਨਾਲ ਚੁਰਾਈ, ਵਾ ਨੇ ਵਾ ਕੋ ਮਾਰ ਭਗਾਈ, ਬਸ ਇਤਨੀ ਸੀ ਬਾਤ ਧਨਾਂ ਤੁਲਸੀ ਨੇ ਲਿਖ ਦਿਉ ਪੋਥਨਾਂ । ਕਹਾਵਤ ਤਾਂ ਆਪਣੀ ਜਗ੍ਹਾ ਹੈ ਪਰ ਇਹ ਕਹਿਣ 'ਤੇ ਵੀ ਰਮਾਇਣ ਦੀ ਮਹੱਤਤਾ ਤਾਂ ਆਪਣੀ ਜਗ੍ਹਾ 'ਤੇ ਕਾਇਮ ਹੈ, ਪੂਰੀ ਰਮਾਇਣ ਪੜ੍ਹ ਸੁਣ ਕੇ ਹੀ ਸਮਝ ਪੈਂਦੀ ਹੈ ਕਿ ਸੰਸਾਰ ਵਿਚ ਜੀਵਨ ਦੀਆਂ ਦੁਸ਼ਵਾਰੀਆਂ ਉਦੋਂ ਵੀ ਸਨ ਤੇ ਅੱਜ ਵੀ ਹਨ ।''

''ਚਾਚਾ ਗੱਲ ਤਾਂ ਤੇਰੀ ਠੀਕ ਹੈ, ਗੱਲ ਵਿਸਥਾਰ ਨਾਲ ਹੀ ਸਮਝ ਕੇ ਤਸੱਲੀ ਹੁੰਦੀ ਹੈ । ਫਿਰ ਚਾਚਾ ਤੂੰ ਕੰਮ ਕਿਥੇ ਖੋਲ੍ਹਿਆ ਆਪਣਾ?'' ਮੈਂ ਅੱਗੋਂ ਜਾਣਨ ਵਾਸਤੇ ਉਤਸੁਕ ਸਾਂ ।

''ਬਸ ਪੁੱਤਰਾ ਮੈਂ ਸੰਗਰੂਰ ਜਾ ਕੇ ਡੇਰੇ ਜਮਾਏ, ਉਥੇ ਮੇਰੇ ਸਹੁਰਿਆਂ ਵੱਲੋਂ ਕੋਈ ਰਿਸ਼ਤੇਦਾਰੀ ਪੈਂਦੀ ਸੀ, ਉਨ੍ਹਾਂ ਨੇ ਬਸ ਅੱਡੇ ਕੋਲ ਦੁਕਾਨ ਕਿਰਾਏ 'ਤੇ ਦਵਾ ਦਿੱਤੀ ਤੇ ਮਕਾਨ ਵੀ ਨੇੜੇ ਹੀ ਠੀਕ ਠਾਕ ਕਿਰਾਏ 'ਤੇ ਮਿਲ ਗਿਆ । ਪੰਝੀ ਤੀਹ ਹਜ਼ਾਰ ਖਰਚ ਕੇ ਭੱਠੀ, ਖੋਮਚੇ ਪੱਤਰੇ ਤੇ ਦੁਕਾਨ ਦੇ ਖਾਨੇ, ਕਾਊਂਟਰ ਤਿਆਰ ਹੋ ਗਏ । ਗਲਤੀ ਇਹ ਹੋ ਗਈ ਕਿ ਬਸ ਅੱਡੇ ਕੋਲ ਬੇਕਰੀ ਦਾ ਕੋਈ ਢੋਆ ਨਹੀਂ ਬਣਦਾ ਸੀ, ਕੋਈ ਮੁਹੱਲੇ ਗਲੀਆਂ ਯਾਨੀ ਵਸੋਂ ਨੇੜੇ ਹੁੰਦੀ ਤਾਂ ਗੱਲ ਬਣਨੀ ਸੀ, ਸੋ ਨਹੀਂ ਬਣੀ । ਉਦੋਂ ਮੈਂ ਕਾਰੀਗਰ ਤਾਂ ਬਹੁਤ ਵਧੀਆ ਸਾਂ ਪਰ ਵਪਾਰੀ ਮੈਂ ਪ੍ਰਪੱਕ ਨਹੀਂ ਸਾਂ । ਮਾਲ ਤਿਆਰ ਕਰਨਾ ਕੱਚਾ ਮਾਲ ਖਰੀਦਣਾ ਮੇਰੀ ਬਿੱਖ ਨਿਕਲ ਜਾਂਦੀ ਸੀ, ਰਾਤ ਨੂੰ ਘਰ ਪਹੁੰਚਦੇ ਤਕ ਬੇਹਾਲ ਹੋਣਾ । ਮੇਰੀ ਜ਼ਨਾਨੀ ਨੇ ਬਥੇਰਾ ਜ਼ੋਰ ਲਗਾਇਆ ਕਿ ਕਾਊਂਟਰ ਮੈਂ ਸੰਭਾਲਦੀ ਹਾਂ ਜਾਂ ਮੰਡੀ ਤੋਂ ਖੰਡ ਮੈਦਾ ਮੈਂ ਲੈ ਆਇਆ ਕਰਾਂਗੀ, ਤੂੰ ਮਾਲ ਤਿਆਰ ਕਰਨ ਵੱਲ ਪੂਰਾ ਧਿਆਨ ਦੇ, ਪਰ ਮੇਰੀ ਮਰਦਾਨਗੀ ਆੜੇ ਆ ਗਈ, ਬਈ ਹੁਣ ਮੇਰੀ ਜ਼ਨਾਨੀ ਵਪਾਰ ਕਰਿਆ ਕਰੇਗੀ, ਲੋਕ ਕੀ ਕਹਿਣਗੇ । ਬਸ ਮੈਂ ਸਮੇਂ ਦੇ ਨਾਲ ਚੱਲਣ ਤੋਂ ਮੋਢਾ ਮਾਰ ਗਿਆ ।''

ਉਸ ਦੀ ਇਸ ਗੱਲ ਨਾਲ ਮੈਨੂੰ ਵੀ ਥੋੜ੍ਹੀ ਤਕਲੀਫ਼ ਹੋਈ ਸੀ । ਉਸ ਦੀ ਕਹਾਣੀ ਚੱਲ ਰਹੀ ਸੀ ਮੈਂ ਸੁਣ ਰਿਹਾ ਸਾਂ ।

''ਖ਼ੈਰ ਜਿਵੇਂ ਕਿਵੇਂ ਖਿੱਚ ਧੂਹ ਕੇ ਮੈਂ ਕੰਮ ਚਲਾਂਦਾ ਰਿਹਾ, ਥੋੜ੍ਹਾ ਹੀ ਮਾਲ ਤਿਆਰ ਕਰੀਦਾ ਸੀ, ਕਿਉਂਕਿ ਲਾਗਤ ਹੀ ਘੱਟ ਸੀ ਆਮਦਨ ਵੀ ਫੇਰ ਘੱਟ ਹੋਣੀ ਹੋਈ । ਹਰ ਮਹੀਨੇ ਪੂੰਜੀ ਘਟਦੀ ਹੀ ਸੀ, ਸੋਚਿਆ ਪ੍ਰਚੂਨ ਵਿਕਰੀ ਤਾਂ ਨੇੜੇ ਆਬਾਦੀ ਨਾ ਹੋਣ ਕਰਕੇ ਘੱਟ ਹੀ ਹੈ, ਬਸ ਅੱਡੇ ਵੱਲ ਜਾਂਦੇ ਨਾਲ ਦੇ ਪਿੰਡਾਂ ਦੇ ਲੋਕ ਹੀ ਥੋੜ੍ਹਾ ਬਹੁਤ ਸਮਾਨ ਲੈ ਜਾਂਦੇ ਸਨ । ਸਾਲ ਭਰ ਵਿਚ ਹੀ ਪੰਝੀ ਤੀਹ ਹਜ਼ਾਰ ਦਾ ਨੁਕਸਾਨ ਹੀ ਹੋਇਆ, ਆਮਦਨ ਤਾਂ ਕੀ ਹੋਣੀ ਸੀ । ਘਰ ਦਾ, ਦੁਕਾਨ ਦਾ, ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚ ਤਾਂ ਬੇਕਰੀ 'ਤੇ ਹੀ ਪੈਣਾ ਸੀ । ਸਭ ਤੋਂ ਵੱਡਾ ਖਰਚਾ ਭੱਠੀ ਦਾ, ਕੋਲਿਆਂ ਦਾ । ਭੱਠੀ ਤਾਂ ਸਵੇਰੇ ਭਖਾਣੀ ਹੀ ਭਖਾਣੀ ਹੁੰਦੀ ਸੀ, ਮਾਲ ਭਾਵੇਂ ਘੱਟ ਬਣੇ ਜਾਂ ਵੱਧ, ਭੱਠੀ ਨੇ ਕੀ ਲੈਣਾ, ਭੱਠੀ ਦਾ ਪੇਟ ਤਾਂ ਕੋਲਿਆਂ ਨਾਲ ਭਰਨਾ ਹੋਇਆ ਤੇ ਕੋਲੇ ਸੋਨੇ ਦੇ ਭਾਅ, ਕੱਚੇ ਕੋਲਿਆਂ ਦੀ ਤਾਂ ਉਦੋਂ ਬਲੈਕ ਹੋਇਆ ਕਰਦੀ ਸੀ । ਬੜੀ ਭਾਰੀ ਪ੍ਰੇਸ਼ਾਨੀ ਵਾਲੀ ਗੱਲ ਸੀ । ਫੇਰ ਸੋਚਿਆ ਕੰਮ ਦਾ ਤਰੀਕਾ ਬਦਲੀਏ, ਸਾਈਕਲਾਂ 'ਤੇ ਫੇਰੀ ਲਾ ਕੇ ਚਾਹ ਦੇ ਠੇਲਿਆਂ 'ਤੇ ਰਸਾਂ ਬੰਦ ਸਪਲਾਈ ਕਰਨ ਵਾਲਿਆਂ ਤਕ ਪਹੁੰਚ ਕੀਤੀ । ਪਤਾ ਸੀ ਇਹ ਲੋਕ ਕੰਮ ਤਾਂ ਕਰ ਹੀ ਰਹੇ ਹਨ ਮੇਰੇ ਵੱਲ ਕਿਉਂ ਆਣਗੇ, ਉਨ੍ਹਾਂ ਨੂੰ ਤਜਵੀਜ਼ ਪੇਸ਼ ਕੀਤੀ ਕਿ ਤੁਸੀਂ ਹਫ਼ਤੇ ਦੇ ਛੇ ਦਿਨ ਸਮਾਨ ਲੈ ਜਾਇਆ ਕਰੋ, ਸੱਤਵੇਂ ਦਿਨ ਚੁਕਤੇ ਕਰ ਦਿਆ ਕਰੋ, ਇਸ ਤਰ੍ਹਾਂ ਦਸ-ਬਾਰਾਂ ਫੇਰੀ ਵਾਲੇ ਜੁੜ ਗਏ । ਦੋ ਸਾਲ ਗੱਡੀ ਰਿੜਦੀ ਰਹੀ, ਕੁੱਲ ਮਿਲਾ ਕੇ ਤਿੰਨ ਸਾਲ ਕੰਮ ਕੀਤਾ ਨਤੀਜਾ ਇਹ ਨਿਕਲਿਆ ਕਿ ਜੋ ਪੂੰਜੀ ਸੀ ਉਹ ਫੇਰੀ ਵਾਲਿਆਂ ਵੱਲ ਲਗ ਗਈ, ਫੇਰੀ ਵਾਲਿਆਂ ਦੇ ਮਾਲ ਦੀ ਤਿਆਰੀ ਵਿਚ ਦੁਕਾਨ ਦੀ ਨਕਦ ਵਿਕਰੀ ਨਾਂਹ ਦੇ ਬਰੋਬਰ ਹੋ ਗਈ ਸੀ । ਅਸੀਂ ਬਿਲਕੁਲ ਨੰਗ ਹੋ ਕੇ ਬੈਠ ਗਏ, ਹਾਲਤ ਬਹੁਤ ਤੰਗੀ ਵਾਲੀ ਹੋ ਗਈ ਸੀ । ਭਰਾ ਕੋਲੋਂ ਮਿਲੇ ਪੈਸਿਆਂ ਵਿਚੋਂ ਸਿਰਫ਼ ਦਸ ਹਜ਼ਾਰ ਬੈਂਕ ਵਿਚ ਬਚਿਆ ਪਿਆ ਸੀ । ਬਾਕੀ ਬੇਕਰੀ ਦਾ ਸਮਾਨ ਤੇ ਫ਼ਰਨੀਚਰ ਤੇ ਫੇਰੀ ਵਾਲਿਆਂ ਵੱਲ ਉਗਰਾਹੀ ਜਿਹੜੀ, ਕੰਮ ਚੱਲਦਾ ਹੁੰਦਾ ਤਾਂ ਆਈ ਜਾਂਦੀ ਤੇ ਜਾਈ ਜਾਂਦੀ, ਪਰ ਬੰਦ ਕੰਮ 'ਤੇ ਤਾਂ ਕਾਟਾ ਹੀ ਵੱਜਣਾ ਸੀ, ਥੋੜ੍ਹੀ ਬਹੁਤ ਦੇਣਦਾਰੀ ਵੀ ਸੀ । ਪ੍ਰੇਸ਼ਾਨੀ ਦੀ ਹਾਲਤ ਵਿਚ ਸੋਚਿਆ, ਜੇ ਦੇਣਦਾਰੀ ਚੁਕਤੀ ਕਰਾਂ ਤਾਂ ਇਸ ਦਸ ਹਜ਼ਾਰ ਨਾਲ ਵੀ ਮੁੱਕਣੀ ਨਹੀਂ ਥੋੜ੍ਹੀ ਬਹੁਤ ਫਿਰ ਵੀ ਬਾਕੀ ਰਹਿ ਜਾਏਗੀ । ਦੁਕਾਨ ਦੇ ਮਾਲਕ ਦਾ ਵੀ ਤਿੰਨ ਮਹੀਨੇ ਦਾ ਕਿਰਾਇਆ ਬਕਾਇਆ ਸੀ । ਰਾਤੋ ਰਾਤ ਇਕ ਹੋਰ ਬੇਕਰੀ ਵਾਲੇ ਨਾਲ ਸੌਦਾ ਕਰਕੇ ਪੱਤਰੇ ਖੋਮਚੇ ਟਰੇਆਂ ਤੇ ਹੋਰ ਨਿੱਕ ਸੁੱਕ ਸਾਰਾ ਪੰਜ ਹਜ਼ਾਰ ਵਿਚ ਚੁਕਾ ਕੇ ਦੁਕਾਨ ਦਾ ਕਿਰਾਇਆ ਬਾਰਾਂ ਸੌ ਦੇ ਕੇ ਛੋਟੇ ਟਰੱਕ ਵਿਚ ਸਮਾਨ ਲੱਦ ਕੇ ਸਨੌਰ ਸਹੁਰਿਆਂ ਨੂੰ ਸੁਨੇਹਾ ਭੇਜ ਦਿੱਤਾ ਸੀ । ਮੇਰੇ ਸਾਲਿਆਂ ਨੇ ਪਟਿਆਲੇ ਇਕ ਛੋਟਾ ਜਿਹਾ ਕੱਚਾ ਮਕਾਨ ਕਿਰਾਏ 'ਤੇ ਲਿਤਾ ਹੋਇਆ ਸੀ ।

ਸੋ ਪੁੱਤਰਾ ਪਟਿਆਲੇ ਆ ਕੇ ਦੋ ਤਿੰਨ ਦਿਨ ਤਾਂ ਇਸੇ ਸੋਚ ਵਿਚ ਲੰਘ ਗਏ ਕਿ ਹੁਣ ਕੰਮ ਕੀ ਕੀਤਾ ਜਾਵੇ? ਭਰਾ ਕੋਲ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿਉਂਕਿ ਭਤੀਜਾ ਹੁਣ ਜਵਾਨ ਹੋ ਕੇ ਪਿਉ ਨਾਲ ਕੰਮ ਕਰਨ ਲੱਗ ਪਿਆ ਸੀ । ਮੇਰੇ ਵਾਸਤੇ ਦਰਵਾਜ਼ਾ ਬੰਦ ਹੋ ਚੁੱਕਿਆ ਸੀ, ਤੇ ਰੋਟੀ ਤਾਂ ਖਾਣੀ ਹੀ ਸੀ । ਬੈਠ ਕੇ ਤਾਂ ਇਤਨੀ ਜਿਹੀ ਪੂੰਜੀ ਮਹੀਨਾ ਦੋ ਮਹੀਨੇ ਤੋਂ ਵੱਧ ਤਾਂ ਚੱਲ ਨਹੀਂ ਸਕਦੀ ਸੀ, ਫੇਰ ਤਾਂ ਮੰਗਤੇ ਬਣਨ ਵਾਲੀ ਗੱਲ ਸੀ । ਕੁਝ ਹੌਂਸਲਾ ਵੀ ਟੁੱਟਿਆ ਹੋਇਆ ਸੀ ਹਿੰਮਤ ਜਵਾਬ ਦੇ ਗਈ ਹੋਈ ਸੀ, ਹੁਣ ਤਾਂ ਕੰਮ ਚਾਹੀਦਾ ਸੀ ਬਈ ਸੁੱਕੇ ਪੈਸੇ ਆਉਣ ਜਾਂ ਨੌਕਰੀ ਜਾਂ ਦਿਹਾੜੀ, ਕਿਸੇ ਬੇਕਰੀ ਵਾਲੇ ਕੋਲ ਨੌਕਰੀ ਕਰਨ ਨਾਲ ਅਣਖ ਨੂੰ ਸੱਟ ਲੱਗਦੀ ਸੀ, ਕਿਥੇ ਅਸੀਂ ਉਨ੍ਹਾਂ ਨੂੰ ਪਛਾੜਦੇ ਸਾਂ ਹੁਣ ਉਥੇ ਹੀ ਨੌਕਰੀ, ਬੜਾ ਹੇਠੀ ਵਾਲਾ ਕੰਮ ਸੀ, ਤੇ ਤਨਖਾਹ ਵੀ ਉਨ੍ਹਾਂ ਸਮਿਆਂ ਵਿਚ ਬੇਕਰੀ ਦੇ ਕਾਰੀਗਰ ਦੀ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਸੀ । ਤੀਜੇ ਦਿਨ ਸਨੌਰ ਜਾਣ ਦਾ ਪ੍ਰੋਗਰਾਮ ਬਣਾਇਆ ਬਈ ਬੇਟੀ ਨੂੰ ਉਥੇ ਸਕੂਲ ਪਾ ਦਈਏ ਤੇ ਨਾਨਕੇ ਰਹਿ ਲਿਆ ਕਰੇਗੀ । ਅੱਡੇ ਜਾਂਦਿਆਂ ਰਿਕਸ਼ੇ ਵਾਲੇ ਨੂੰ ਐਵੇਂ ਸਰਸਰੀ ਹੀ ਪੁੱਛ ਲਿਆ, ਕੈਸਾ ਕੰਮ ਹੈ? ਕਿਤਨੀ ਕੀ ਦਿਹਾੜੀ ਬਣ ਜਾਂਦੀ ਹੈ? ਕਹਿਣ ਲੱਗਾ, ਸਵੇਰੇ ਅੱਠ ਵਜੇ ਘਰੋਂ ਨਿਕਲੀਦਾ ਹੈ ਰਾਤੀਂ ਦਸ ਵਜੇ ਤਕ ਡੇਢ ਦੋ ਸੌ ਬਣ ਜਾਂਦੇ ਹਨ । ਪੰਝੀ ਰੁਪੈ ਕਿਰਾਏ ਦੇ ਦੇ ਕੇ ਬਾਕੀ ਰੋਟੀ ਪਾਣੀ ਚੱਲੀ ਜਾਂਦਾ ਹੈ । ਨਵੇਂ ਰਿਕਸ਼ੇ ਕਿਥੋਂ ਚੰਗੇ ਮਿਲਦੇ ਹਨ, ਨਾਲ ਹੀ ਉਸ ਤੋਂ ਪਤਾ ਕਰ ਲਿਆ ਸੀ । ਬਸ ਬੇਟੀ ਨੂੰ ਸਨੌਰ ਛੱਡ ਕੇ ਦੂਜੇ ਦਿਨ ਸਵੇਰੇ ਸਾਲੇ ਨਾਲ ਜਾ ਕੇ ਉਥੋਂ ਦੇ ਸਰਕਾਰੀ ਸਕੂਲ ਵਿਚ ਦਾਖ਼ਲ ਕਰਾ ਦਿੱਤਾ । ਰੋਟੀ ਪਾਣੀ ਤਾਂ ਉਸ ਨਾਨਕੇ ਹੀ ਖਾਣਾ ਸੀ, ਕੱਪੜੇ ਅਸੀਂ ਦੇ ਜਾਇਆ ਕਰਾਂਗੇ, ਇਹ ਕਹਿ ਕੇ ਸ਼ਾਮ ਨੂੰ ਅਸੀਂ ਵਾਪਸੀ ਪਾ ਲਈ । ਐਤਕੀਂ ਮੇਰੇ ਸੱਸ ਸਹੁਰੇ ਨੇ ਰਾਤ ਰਹਿਣ ਵਾਸਤੇ ਆਖਿਆ ਸੀ ਪਰ ਮੇਰੇ ਸਾਲਿਆਂ ਨੇ ਵਟੀ ਵੀ ਨਹੀਂ ਵਾਹੀ, ਕੱਲ੍ਹ ਦੀ ਰਾਤ ਵੀ ਰੋਟੀ ਹੀ ਖਾਧੀ ਸੀ । ਸੋ ਅਸੀਂ ਰਾਤ ਆਪਣੇ ਘਰ ਆ ਕੇ ਸੌਂ ਗਏ, ਸਵੇਰੇ ਮੈਂ ਤਵੱਕਲੀ ਮੌੜ ਜਾ ਕੇ ਨਵੇ ਰਿਕਸ਼ੇ ਬਾਰੇ ਪਤਾ ਕੀਤਾ । ਸਾਢੇ ਅੱਠ ਹਜ਼ਾਰ ਦਾ ਬਣਦਾ ਸੀ, ਸੋਚਿਆ ਇਸ ਵਿਚ ਕੋਈ ਘਾਟਾ ਤਾਂ ਹੈ ਨਹੀਂ ਜਿਤਨਾ ਕਰ ਲਵਾਂਗੇ ਉਤਨਾ ਹੀ ਪਾ ਲਵਾਂਗੇ । ਕੋਈ ਤੇਲ ਤਾਂ ਲੱਗਣਾ ਨਹੀਂ ਹੈ, ਇਹ ਉਹੀ ਰਿਕਸ਼ਾ ਹੈ, ਮੈਂ ਇਸੀ ਦੇ ਸਹਾਰੇ ਟੱਬਰ ਦੀ ਗੱਡੀ ਚਲਾਈ ਜਾਨਾਂ, ਮਤਲਬ ਇਧਰ ਮੈਂ ਇਸਨੂੰ ਚਲਾਂਵਾਗਾ ਉਧਰ ਮੇਰੇ ਟੱਬਰ ਦੀ ਗੱਡੀ ਚਲੇਗੀ ।''

ਉਸ ਦੇ ਥੋੜ੍ਹੇ ਜਿਹੇ ਵਿਰ੍ਹਾਮ 'ਤੇ ਮੈਂ ਇਕਦਮ ਪੁੱਛਿਆ, ''ਤੇ ਚਾਚਾ ਤੇਰੀ ਬੇਟੀ?''

''ਹਾਂ ਉਹ ਸਨੌਰ ਹੀ ਪੜ੍ਹਦੀ ਸੀ, ਦਸਵੀਂ ਕਰਾ ਕੇ ਨਾਨਕਿਆਂ ਦੀ ਮਦਦ ਨਾਲ ਉਸਦਾ ਵਿਆਹ ਕਰ ਦਿੱਤਾ ਸੀ । ਆਪਣੇ ਘਰ ਠੀਕ ਹੈ, ਮੇਰਾ ਜਵਾਈ ਕੱਪੜੇ ਦੇ ਸਟੋਰ 'ਤੇ ਸੇਲਜ਼ਮੈਨ ਹੈ, ਦੋ ਬੱਚੇ ਹਨ, ਸੌਖੀ ਰੋਟੀ ਖਾ ਰਹੇ ਹਨ । ਮੁੰਡੇ ਨੂੰ ਛੇਵੀਂ ਤਕ ਪੜ੍ਹਾ ਕੇ ਸਟੇਸ਼ਨ ਕੋਲ ਢਾਬੇ 'ਤੇ ਲਗਾ ਦਿੱਤਾ । ਪੜ੍ਹਾਈ ਵਿਚ ਉਸਦਾ ਮਨ ਨਹੀਂ ਲਗਦਾ ਸੀ ਸੋਚਿਆ ਕਿਸੇ ਪਾਸੇ ਲਾ ਦੇਨੇ ਆਂ ਕੁਝ ਸਿੱਖ ਜਾਏਗਾ । ਅੱਜ ਕੱਲ੍ਹ ਉਹ ਉਸੇ ਢਾਬੇ ਵਿਚ ਮਿਸ਼ਰ ਹੈ, ਤੰਦੂਰ ਦਾ ਚੰਗਾ ਕਾਰੀਗਰ ਹੈ, ਕੁਝ ਪਾਰਟੀਆਂ ਨਾਲ ਵਿਆਹ ਸ਼ਾਦੀਆਂ ਵੀ ਲਾ ਆਉਂਦਾ ਹੈ, ਆਪਣੇ ਜੋਗਾ ਹੋ ਗਿਆ ਹੈ । ਦਾਰੂ ਪੀਂਦਾ ਹੈ ਰੋਜ਼, ਸੋਚਦਾ ਹਾਂ ਇਸ ਦਾ ਵਿਆਹ ਕਰਾਂ ਕਿ ਨਾ, ਕੀ ਮੈਂ ਕੁਝ ਖੱਟਿਆ ਹੈ ਜੋ ਇਹ ਖੱਟ ਲਏਗਾ । ਬਸ ਫਿਰ ਵੀ ਬਹੁਤਾ ਬੋਝ ਨਹੀਂ ਲਈਦਾ ਜੋ ਹੋਣਾ ਹੋਇਆ ਆਪੇ ਹੋ ਜਾਏਗਾ ਨਹੀਂ ਤਾਂ ਨਹੀਂ । ਪੁੱਤਰਾ ਜ਼ਿੰਦਗੀ ਕੋਲੋਂ ਹੁਣ ਬਹੁਤੀ ਤਮ੍ਹਾਂ ਨਹੀਂ ਰੱਖੀਦੀ, ਜੇ ਆਦਮੀ ਦੇ ਸੋਚਿਆਂ ਹੀ ਸਭ ਕੁਝ ਹੋਣਾ ਹੋਵੇ ਤਾਂ ਫੇਰ ਜ਼ਿੰਦਗੀ ਦੀ ਕਸ਼ਿਸ਼ ਹੀ ਕੀ ਹੋਈ ।''

ਚਾਚਾ ਸਰੂਪ ਸਿੰਘ ਦੀ ਸਾਰੀ ਕਹਾਣੀ ਸੁਣ ਕੇ ਮੈਂ ਵੀ ਇਕ ਵਾਰੀ ਤਾਂ ਹਿੱਲ ਗਿਆ ਸਾਂ, ਕਿਤਨੇ ਭੇਦਾਂ ਭਰੀ ਹੈ ਇਹ ਦੁਨੀਆਂ! ਤੇ ਆਖਿਰ ਉਹ ਮੈਨੂੰ ਮੇਰੇ ਘਰ ਉਤਾਰ ਕੇ ਚਲਾ ਗਿਆ ਸੀ ।

ਪਰ ਇਹ ਸਾਰਾ ਕੁਝ ਤੀਹ ਸਾਲ ਪੁਰਾਣਾ ਮੈਨੂੰ ਅਜੇ ਕਿਉਂ ਯਾਦ ਆ ਰਿਹਾ ਸੀ? ਪਿੱਛੇ ਬੀਤ ਗਏ ਤੀਹ ਸਾਲਾਂ ਵਿਚ ਇਕ ਵਾਰੀ ਵੀ ਕਿਉਂ ਯਾਦ ਨਹੀਂ ਆਇਆ? ਇਹ ਯਾਦ ਇਸ ਕਰਕੇ ਆਇਆ, ਮੇਰੀ ਪ੍ਰੇਸ਼ਾਨੀ ਤੇ ਮੇਰੀ ਕਹਾਣੀ ਮੋਟੀ ਮੋਟੀ ਉਸ ਕਹਾਣੀ ਨਾਲ ਮੇਲ ਖਾ ਰਹੀ ਸੀ । ਮੈਂ ਵੀ ਚੰਗਾ ਭਲਾ ਦੁਕਾਨਦਾਰ ਚੰਗੀ ਭਲੀ ਮੇਨ ਬਜ਼ਾਰ ਵਿਚ ਦੁਕਾਨ ਸਾਹਮਣੇ ਤਰੱਕੀ ਹੀ ਨਜ਼ਰ ਆ ਰਹੀ ਸੀ । ਤਿੰਨੇ ਭਰਾ ਵਿਆਹੇ ਹੋਏ, ਪਰ ਅਚਾਨਕ ਰੋਜ਼ ਦੀਆਂ ਲੜਾਈਆਂ ਰੋਜ਼ ਦੀ ਕਿਚ-ਕਿਚ, ਦੁਕਾਨ ਵਿਕ ਗਈ । ਭਰਾ ਸ਼ਹਿਰ ਛੱਡ ਗਏ, ਮੈਂ ਜਿਹੜਾ ਕੰਮ ਕੀਤਾ ਉਸ ਵਿਚ ਘਾਟਾ ਪੈ ਗਿਆ, ਹੁਣ ਸੰਡੇ ਮਾਰਕੀਟ ਵਿਚ ਚਾਰ ਪੰਜ ਟੇਬਲਾਂ ਜਿਤਨੀ ਥਾਂ 'ਤੇ ਜਰਾਬਾਂ ਬਨੈਨਾਂ ਵੇਚਦਾ ਹਾਂ । ਬਾਕੀ ਦਿਨ ਕਿਸਾਨ ਬਜ਼ਾਰਾਂ ਵਿਚ ਲਗਾਂਦਾ ਹਾਂ ।

ਅੱਜ ਸੰਡੇ ਨੂੰ ਮਾਲ ਲਗਾ ਰਿਹਾ ਹਾਂ, ਹੋਰ ਫੜੀ ਵਾਲਿਆਂ ਦੇ ਬਨਿਸਬਤ ਮੇਰੇ ਫੜ ਨੂੰ ਵੱਡੇ ਫੜਾਂ ਵਿਚ ਗਿਣਿਆ ਜਾਂਦਾ ਹੈ । ਮਾਲ ਦੇ ਹਿਸਾਬ ਨਾਲ ਵੀ ਤੇ ਜਗ੍ਹਾ ਦੇ ਹਿਸਾਬ ਨਾਲ ਵੀ । ਮੇਰੇ ਕੋਲ ਐਤਵਾਰ ਨੂੰ ਦਿਹਾੜੀ ਲਗਾਣ ਵਾਲਾ, ਜੋ ਕਿ ਬਾਕੀ ਦਿਨਾਂ ਵਿਚ ਦਰਜ਼ੀ ਦਾ ਕੰਮ ਕਰਦਾ ਸੀ, ਕਿਸੇ ਦੁਕਾਨ 'ਤੇ, ਅੱਜ ਅੰਬਾਲੇ ਆਪਣੇ ਭਰਾਵਾਂ ਕੋਲ ਜਾਣ ਕਰਕੇ ਨਹੀਂ ਆਇਆ ਸੀ । ਜੂਨ ਮਹੀਨਾ ਹੈ ਸੂਰਜ ਮੇਰੇ ਸਾਹਮਣੇ ਮੱਥੇ 'ਤੇ ਪੈ ਰਿਹਾ ਹੈ, ਪਸੀਨੋ ਪਸੀਨਾ ਹੋ ਚੁੱਕਾ ਹਾਂ । ਮੈਂ ਇਕੱਲੇ ਨੇ ਹੀ ਬਾਰਾਂ ਥੈਲਿਆਂ ਦਾ ਮਾਲ ਖਿਲਾਰ ਕੇ ਲਗਾਣਾ ਹੈ । ਅਜੇ ਤਾਂ ਚਾਰ ਹੀ ਲੱਗੇ ਹਨ ਤੇ ਸਿਰ ਭਖਣਾ ਸ਼ੁਰੂ ਹੋ ਗਿਆ ਹੈ ।

''ਅੰਕਲ ਜੀ ਦਿਹਾੜੀ ਵਾਸਤੇ ਲੋੜ ਹੈ?'' ਅੱਖਾਂ ਚੁੱਕ ਕੇ ਵੇਖਦਾ ਹਾਂ ਇਕ ਬਾਰਾਂ-ਤੇਰਾਂ ਸਾਲਾਂ ਦਾ ਲੜਕਾ ਚਿੱਟਾ ਕੁਰਤਾ-ਪਜਾਮਾ, ਕਾਲਾ ਪਟਕਾ ਬੰਨ੍ਹੀ ਸਾਹਮਣੇ ਖੜ੍ਹਾ ਹੈ । ਅੰਦਰੋਂ ਖਿੜ ਜਾਂਦਾ ਹਾਂ ਇਸ ਵਕਤ ਕੁਝ ਹੋਰ ਮੰਗਦਾ ਉਹ ਵੀ ਮਿਲ ਜਾਂਦਾ । ਰੱਬ ਨੇ ਕਿਵੇਂ ਫ਼ਰਿਸ਼ਤਾ ਭੇਜ ਦਿੱਤਾ ਹੈ । ''ਹਾਂ ਬੇਟਾ ਚਾਹੀਦਾ ਤਾਂ ਹੈ ਆ ਜਾ ।''

''ਅੰਕਲ ਕੀ ਦਿਉਗੇ?''

ਸੋਚਦਾ ਹਾਂ ਅੱਸੀ ਰੁਪੈ ਤਾਂ ਗੋਲਾ, ਜੋ ਅੱਜ ਨਹੀਂ ਆਇਆ ਉਹ ਲੈਂਦਾ ਹੈ, ਇਸ ਦੇ ਪੰਜਾਹ ਤਾਂ ਬਣਦੇ ਹੀ ਹਨ, ਉਹ ਮੰਨ ਜਾਂਦਾ ਹੈ । ਮੈਨੂੰ ਹੈਲਪਰ ਮਿਲ ਗਿਆ, ਹੁਣ ਮੇਰੀ ਮਿਹਨਤ ਘਟ ਜਾਏਗੀ, ਉਹ ਦੂਜੀ ਤਰਫ਼ੋਂ ਅੰਦਰ ਆ ਜਾਂਦਾ ਹੈ ਅਤੇ ਆਪਣੇ ਕੁਰਤੇ ਦੀ ਜੇਬ ਵਿਚੋਂ ਅਖ਼ਬਾਰ ਵਿਚ ਲਪੇਟਿਆ ਇਕ ਪੈਕਟ ਕੱਢਦਾ ਹੈ, ''ਅੰਕਲ ਜੀ ਇਹ ਕਿਥੇ ਰੱਖਾਂ?''

''ਕੀ ਹੈ?'' ਮੈਂ ਪੁੱਛਿਆ । ''ਦੁਪਿਹਰ ਵਾਸਤੇ ਦੋ ਪਰੌਂਠੇ । ਮੰਮੀ ਕਹਿੰਦੀ ਸੀ ਜੇ ਦਿਹਾੜੀ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਇਕ ਪਾਸੇ ਹੋ ਬੈਠ ਕੇ ਆਰਾਮ ਨਾਲ ਖਾ ਲਈਂ । ਉਥੇ ਬੈਠੀਂ ਜਿਥੇ ਨੇੜੇ ਪਾਣੀ ਹੋਏ ਕੋਈ ਟੂਟੀ ਜਾਂ ਚਾਹ ਦੀ ਦੁਕਾਨ ਮਿਲੇ ਤਾਂ ਠੀਕ ਹੈ, ਨਹੀਂ ਤਾਂ ਰੋਟੀ ਲੈ ਕੇ ਘਰ ਆ ਜਾਈਂ, ਘਰ ਆ ਕੇ ਖਾ ਲਈਂ । ਮੈਂ ਗਰਮ ਵੀ ਕਰ ਦਿਆਂਗੀ ਤੇ ਸਬਜ਼ੀ ਵੀ ਬਣਾ ਦਿਆਂਗੀ ।''

ਮੈਂ ਪੈਕਟ ਉਸ ਤੋਂ ਲੈ ਕੇ ਆਪਣੇ ਉਸ ਥੈਲੇ ਵਿਚ ਰੱਖ ਦੇਂਦਾ ਹਾਂ ਜਿਸ ਵਿਚ ਮੇਰਾ ਰੋਟੀ ਵਾਲਾ ਡੱਬਾ ਪਿਆ ਹੈ ਤੇ ਉਸ ਨੂੰ ਕਹਿੰਦਾ ਹਾਂ, ''ਜਦੋਂ ਭੁੱਖ ਲੱਗੀ ਦੱਸ ਦਈਂ ਤੇ ਕੱਢ ਕੇ ਖਾ ਲਈਂ ।''

''ਠੀਕ ਹੈ ਅੰਕਲ ਜੀ, ਪਰ ਜਦੋਂ ਤੁਸੀਂ ਖਾ ਲਉਗੇ ਮੈਂ ਉਸ ਤੋਂ ਬਾਅਦ ਹੀ ਖਾਵਾਂਗਾ ।''

ਥੋੜ੍ਹਾ ਜਿਹਾ ਸੋਚਦਾ ਹਾਂ ਫੇਰ ਕਹਿੰਦਾ ਹਾਂ, ''ਅੱਛਾ ਚੱਲ ਠੀਕ ਹੈ, ਪਰ ਫੇਰ ਵੀ ਤੂੰ ਮੇਰੀ ਉਡੀਕ ਕਿਉਂ ਕਰੇਂ, ਮੇਰਾ ਕੋਈ ਪਤਾ ਹੈ ਗਾਹਕ ਹੋਏ ਮੈਂ ਨਾ ਹੀ ਖਾਵਾਂ ।'' ਇਹ ਗੱਲਾਂ ਕਰਦਿਆਂ ਮਾਲ ਵੀ ਤਕਰੀਬਨ ਲਗ ਗਿਆ ਸੀ ਤੇ ਗਾਹਕੀ ਵੀ ਸ਼ੁਰੂ ਹੋ ਗਈ ਸੀ । ਮੈਂ ਗਾਹਕਾਂ ਨੂੰ ਰੇਟ ਦੱਸੀ ਜਾਂਦਾ ਹਾਂ, ਇਹ ਪੰਦਰਾਂ ਇਹ ਵੀਹ ਤੇ ਇਹ ਪੰਝੀ ਰੁਪੈ । ਅੱਧੇ ਘੰਟੇ ਬਾਅਦ ਜਦੋਂ ਪੰਜ ਸੱਤ ਗਾਹਕ ਭੁਗਤੇ ਗਏ ਤਾਂ ਉਸ ਨੇ ਕੰਮ 'ਤੇ ਪੂਰੀ ਪਕੜ ਬਣਾ ਲਈ ਸੀ । ਪਰ ਦੋ ਵੱਜਦੇ ਵੱਜਦੇ ਨੂੰ ਧੁੱਪ ਐਨ ਕੜਕਵੀਂ ਤੇ ਐਨ ਸਿੱਧੀ ਹੋ ਗਈ ਸੀ । ਸੜਕ 'ਤੇ ਵੀ ਗਾਹਕ ਘੁੰਮਦਾ ਨਜ਼ਰ ਨਹੀਂ ਆ ਰਿਹਾ ਸੀ । ਆਪਣੇ ਰਸਤੇ ਲੰਘਣ ਵਾਲੇ ਸਾਈਕਲ ਸਕੂਟਰ ਜ਼ਰੂਰ ਲੰਘ ਰਹੇ ਸਨ, ਕਾਰ ਇਧਰ ਆਂਦੀ ਨਹੀਂ ਸੀ, ਆਏ ਤਾਂ ਫਸ ਜਾਂਦੀ ਸੀ । ਮੈਂ ਪਿੱਛੇ ਥੋੜ੍ਹੀ ਜਿਹੀ ਛਾਂ ਵਿਚ ਕੁਰਸੀ 'ਤੇ ਬੈਠ ਗਿਆ ਸਾਂ ਤੇ ਉਸਨੂੰ ਵੀ ਨਾਲ ਪਏ ਸਟੂਲ 'ਤੇ ਬੈਠਣ ਵਾਸਤੇ ਕਹਿ ਦਿੱਤਾ ਸੀ । ਇਤਨੇ ਵਿਚ ਚਾਹ ਵਾਲੇ ਦੀ ਘਰਵਾਲੀ ਕੇਤਲੀ ਲੈ ਕੇ ਚਾਹ ਦੇਣ ਆ ਗਈ । ਮੈਂ ਦੋ ਕੱਪ ਚਾਹ ਪੁਆ ਕੇ ਉਸ ਨੂੰ ਰੋਟੀ ਖਾਣ ਵਾਸਤੇ ਆਖਦਾ ਹਾਂ ਤੇ ਨਾਲ ਹੀ ਪੁੱਛਦਾ ਹਾਂ, ''ਤੇਰਾ ਨਾਂ ਤਾਂ ਪੁੱਛਿਆ ਹੀ ਨਹੀਂ ਤੇ ਨਾ ਤੂੰ ਦੱਸਿਆ ਹੈ?''

ਉਹ ਥੈਲੇ ਵਿਚੋਂ ਆਪਣਾ ਪੈਕਟ ਕੱਢ ਰਿਹਾ ਸੀ, ''ਅੰਕਲ ਜੀ ਤੁਹਾਡਾ ਡੱਬਾ ਵੀ ਕੱਢ ਦੇਵਾਂ?''

''ਨਹੀਂ ਮੈਂ ਚਾਰ ਵਜੇ ਖਾਵਾਂਗਾ, ਤੂੰ ਖਾ ਲੈ ।'' ਉਹ ਸਟੂਲ 'ਤੇ ਬੈਠਦਾ ਹੈ ਅਤੇ ਆਪਣੇ ਗੋਡਿਆਂ 'ਤੇ ਰੱਖ ਕੇ ਆਲੂ ਵਾਲੇ ਪਰੌਂਠੇ ਚਾਹ ਨਾਲ ਖਾਂਦਾ ਹੈ ਜਿਹੜੇ ਕਿ ਗਰਮ ਕਰਨ ਦੀ ਲੋੜ ਨਹੀਂ ਹੈ, ਮੇਰੇ ਦੁਬਾਰਾ ਪੁੱਛਣ ਤੋਂ ਪਹਿਲੇ ਹੀ ਉਹ ਕਹਿੰਦਾ ਹੈ, ''ਅੰਕਲ ਜੀ ਮੇਰਾ ਨਾਂ ਦਵਿੰਦਰ ਸਿੰਘ ਗਿਆਨੀ ਹੈ ।''

''ਇਹ ਗਿਆਨੀ ਦਾ ਕੀ ਮਤਲਬ? ਤੂੰ ਸੱਤਵੀਂ ਜਾਂ ਅੱਠਵੀਂ ਪੜ੍ਹਦਾ ਹੋਵੇਂਗਾ ਇਹ ਗਿਆਨੀ ਦੀ ਡਿਗਰੀ ਤੈਨੂੰ ਕਿਸ ਨੇ ਦੇ ਦਿੱਤੀ ਤੇ ਨਾ ਹੀ ਇਹ ਕੋਈ ਜਾਤ ਗੋਤ ਹੈ?''

''ਅੰਕਲ ਜੀ ਇਹ ਸਾਡੇ ਨਾਲ ਮੇਰੇ ਦਾਦਾ ਜੀ ਦੇ ਵੇਲੇ ਤੋਂ ਹੀ ਲੱਗਦੀ ਆਈ ਹੈ, ਮੇਰੇ ਦਾਦਾ ਜੀ ਤੋਂ ਬਾਅਦ ਮੇਰੇ ਪਾਪਾ ਤੇ ਹੁਣ ਮੇਰੇ ਨਾਲ ।''

ਮੇਰੇ ਜ਼ਿਹਨ ਵਿਚ ਕੁਝ ਬਲਬ ਜਿਹੇ ਜਗਦੇ ਹਨ, ਜਿਵੇਂ ਕਿਸੇ ਨੇ ਦੋ-ਦੋ ਸੌ ਵਾਟ ਦੇ ਅਣਗਿਣਤ ਬਲਬ ਫੁਲ ਵੋਲਟੇਜ 'ਤੇ ਜਗਾ ਦਿਤੇ ਹੋਣ । ਇਕ ਵਾਰੀ ਤਾਂ ਲੱਗਿਆ ਕੁਝ ਅਜੀਬ ਜਿਹਾ ਸੰਜੋਗ ਹੋ ਗਿਆ ਹੈ ਸ਼ਾਇਦ, ਪਰ ਫਿਰ ਵੀ ਮੈਂ ਤਸੱਲੀ ਵਾਸਤੇ ਪੁੱਛਦਾ ਹਾਂ, ''ਤੇਰੇ ਪਾਪਾ ਕੀ ਕਰਦੇ ਹਨ?''

''ਸਟੇਸ਼ਨ ਦੇ ਕੋਲ਼ ਇਕ ਢਾਬਾ ਹੈ ਉਥੇ ਤੰਦੁਰੀਏ ਦਾ ਕੰਮ ਕਰਦੇ ਹਨ ।''

''ਤੇ ਤੇਰੇ ਦਾਦਾ ਜੀ?''

''ਉਹ ਤਾਂ ਗੁਜ਼ਰ ਗਏ ਹਨ, ਉਨ੍ਹਾਂ ਦਾ ਨਾਂ ਸਰੂਪ ਸਿੰਘ ਸੀ ।''

''ਲੰਬੇ ਜਿਹੇ?''

''ਹਾਂ ਜੀ ਪਰ ਤੁਸੀਂ ਕਿਵੇਂ ਜਾਣਦੇ ਹੋ?''

''ਮੈਂ ਉਨ੍ਹਾਂ ਦੇ ਰਿਕਸ਼ੇ 'ਤੇ ਇਕ ਵਾਰ ਬਹੁਤ ਪਹਿਲੇ ਬੈਠਿਆਂ ਹੋਇਆ ਹਾਂ, ਤੇ ਹੁਣ ਮੈਂ ਸਮਝ ਗਿਆਂ ਇਹ ਤੁਹਾਡੇ ਨਾਂ ਨਾਲ ਗਿਆਨੀ ਕਿਉਂ ਲੱਗਿਆ ਹੋਇਆ ਹੈ ।''

''ਹਾਂ ਅੰਕਲ ਜੀ ਮੇਰੀ ਮੰਮੀ ਦੱਸਦੀ ਹੁੰਦੀ ਹੈ ਅਸੀਂ ਵੀ ਖਾਨਦਾਨੀ ਬੰਦੇ ਹਾਂ । ਉਹ ਜਿਹੜੀ ਗਿਆਨੀ ਬੇਕਰੀ ਹੈ ਨਾ ਉਹ ਮੇਰੇ ਦਾਦਾ ਜੀ ਦੀ ਹੀ ਬਣਾਈ ਹੋਈ ਹੈ, ਇਹ ਤਾਂ ਭਰਾ ਨੇ ਧੋਖਾ ਕਰਕੇ ਮੇਰੇ ਦਾਦਾ ਜੀ ਨੂੰ ਕੱਢ ਦਿੱਤਾ ਸੀ, ਸਾਰਾ ਕਾਰੋਬਾਰ ਧੋਖੇ ਨਾਲ ਆਪ ਸਾਂਭ ਲਿਆ ਸੀ, ਨਹੀਂ ਤਾਂ ਅਸੀਂ ਵੀ ਅੱਜ ਕਾਰਾਂ ਵਿਚ ਘੁੰਮਦੇ ਹੁੰਦੇ । ਅੰਕਲ ਜੀ ਸਭ ਕਿਸਮਤ ਦੀਆਂ ਗੱਲਾਂ ਹਨ ।''

ਪਰ ਉਸ ਦੀ ਬੋਲੀ ਹੋਈ ਇਬਾਰਤ ਨੇ ਮੈਨੂੰ ਸੋਚਣ ਲਾ ਦਿੱਤਾ ਸੀ । ਦਾਦਾ ਸੱਚਾ ਸੀ ਜਿਸ ਨੇ ਹੰਢਾਇਆ ਜਾਂ ਪੋਤਾ ਸੱਚਾ ਸੀ, ਜਿਸ ਨੇ ਸੁਣ ਕੇ ਸੁਣਾਇਆ? ਇਨ੍ਹਾਂ ਸੋਚਾਂ ਵਿਚ ਹੀ ਮੇਰਾ ਸਾਰਾ ਦਿਨ ਬੀਤ ਗਿਆ । ਗਰਮੀ ਵਿਚ ਸ਼ਾਮ ਸੱਤ ਤੋਂ ਅੱਠ ਸਾਢੇ ਅੱਠ ਤਕ ਦਾ ਵਕਤ ਰਸ਼ ਵਾਲਾ ਹੁੰਦਾ ਹੈ, ਉਸ ਤੋਂ ਬਾਅਦ ਸਾਰੇ ਸਾਂਭ ਸੰਭਈਆ ਸ਼ੁਰੂ ਕਰ ਦੇਂਦੇ ਹਨ । ਅਸੀਂ ਵੀ ਥੈਲੇ ਬੰਨ੍ਹ ਲਏ ਸਨ, ਟੇਬਲਾਂ ਵਾਲੇ ਨੇ ਟੇਬਲ ਲੈਣ ਆ ਜਾਣਾ ਸੀ, ਰਿਕਸ਼ੇ ਵਾਲਾ ਆਉਣ ਵਾਲਾ ਸੀ । ਵਾਰੀ ਸਿਰ ਸਭ ਦਾ ਸਮਾਨ ਘਰੋ ਘਰੀ ਛੱਡ ਆਉਂਦਾ ਸੀ । ਕਈ ਰਿਕਸ਼ੇ ਵਾਲੇ ਸਨ, ਸਭ ਦੇ ਪੱਕੇ ਲੱਗੇ ਹੋਏ । ਹੁਣ ਉਸ ਮੁੰਡੇ ਦੀ ਕੋਈ ਲੋੜ ਵੀ ਨਹੀਂ ਸੀ, ''ਲੈ ਬਈ ਦਵਿੰਦਰ ਸਿੰਘ ਹੁਣ ਤੂੰ ਬੇਸ਼ਕ ਜਾ ਸਕਦੈਂ ।'' ਤੇ ਆਪਣੀ ਜੇਬ ਵਿਚੋਂ ਸੱਠ ਰੁਪੈ ਕੱਢ ਕੇ ਉਸਨੂੰ ਦੇ ਦਿੱਤੇ ਨਾਲ ਹੀ ਕਿਹਾ, ''ਕਾਕਾ ਇਹ ਪੰਜਾਹ ਤੇਰੀ ਦਿਹਾੜੀ ਤੇ ਇਹ ਦਸ ਤੇਰਾ ਇਨਾਮ, ਤੂੰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕੁਲਫੀ ਆਈਸ ਕਰੀਮ ਖਾ ਲਈਂ ।''

''ਨਹੀਂ ਅੰਕਲ ਜੀ ਮੈਂ ਇਹ ਵੀ ਆਪਣੀ ਮੰਮੀ ਨੂੰ ਦੇਵਾਂਗਾ, ਉਹ ਕੀ ਹੈ ਮੇਰਾ ਪਾਪਾ ਸ਼ਰਾਬ ਪੀਂਦਾ ਹੈ ਤੇ ਮੇਰੀ ਮੰਮੀ ਦਾ ਹੱਥ ਹਮੇਸ਼ਾਂ ਤੰਗ ਰਹਿੰਦਾ ਹੈ । ਮੇਰੀ ਆਈਸ ਕਰੀਮ ਨਾਲੋਂ ਮੰਮੀ ਦੀ ਖੁਸ਼ੀ ਮੈਨੂੰ ਜ਼ਿਆਦਾ ਠੰਢ ਦੇਵੇਗੀ ।''

ਮੈਂ ਉਸ ਦੇ ਮੂੰਹ ਵੱਲ ਅਵਾਕ ਦੇਖ ਰਿਹਾ ਹਾਂ, ਸ਼ਿਅਰ ਦੇ ਬੋਲ ਮੇਰੇ ਜ਼ਿਹਨ ਵਿਚ ਘੁੰਮਦੇ ਹਨ- 'ਲਮਹੋਂ ਨੇ ਖ਼ਤਾ ਕੀ ਸਦੀਓਂ ਨੇ ਸਜ਼ਾ ਪਾਈ' । ਮੈਨੂੰ ਪੂਰਾ ਯਕੀਨ ਹੈ, ਇਹ ਸਦੀ ਜ਼ਰੂਰ ਭਉਂ ਜਾਵੇਗੀ, ਉਹ ਜਿਹੜੀ ਸਾਹਮਣੇ ਮੇਰੇ ਵੱਲ ਪਿੱਠ ਕਰੀ ਹਾਰੀ ਹੋਈ ਪੀੜ੍ਹੀ ਜਾ ਰਹੀ ਹੈ, ਇਹ ਨਵਾਂ ਯੁੱਧ ਕਰਨ ਵਾਸਤੇ ਜਾ ਰਹੀ ਹੈ । ਉਸ ਦੀ ਦੁਪਹਿਰ ਵੇਲੇ ਕਹੀ ਹੋਈ ਇਸ ਗੱਲ ਨੇ ਤਾਂ ਮੈਨੂੰ ਹੋਰ ਵੀ ਹੈਰਾਨ ਕੀਤਾ ਸੀ, ਜਦੋਂ ਮੈਂ ਪੁੱਛਿਆ ਸੀ, ''ਤੂੰ ਅਗਲੇ ਐਤਵਾਰ ਵੀ ਆਵੇਂਗਾ?''

''ਨਹੀਂ ਅੰਕਲ ਜੀ, ਅਗਲੇ ਹਫ਼ਤੇ ਮੇਰੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ, ਇਹ ਤਾਂ ਮੈਂ ਛੁੱਟੀਆਂ ਦਾ ਸਕੂਲ ਦਾ ਕੰਮ ਖਤਮ ਕਰ ਲਿਆ ਸੀ, ਮੰਮੀ ਕਹਿਣ ਲੱਗੀ ਅੱਜ ਐਤਵਾਰ ਤੂੰ ਖਾਲੀ ਹੈਂ, ਅੱਜ ਤੂੰ ਆਪਣੇ ਦੋਸਤਾਂ ਨਾਲ ਖੇਡ ਲੈ, ਕਈ ਦਿਨ ਹੋਏ ਤੂੰ ਖੇਡਿਆ ਨਹੀਂ । ਤੇਰੇ ਦੋਸਤ ਵੀ ਚੱਕਰ ਮਾਰਦੇ ਹਨ, ਪਰ ਮੈਂ ਕਿਹਾ, ਨਹੀਂ ਮੰਮੀ ਐਵੇਂ ਫਾਲਤੂ ਵਕਤ ਕਿਉਂ ਖਰਾਬ ਕਰਨਾ, ਮੈਂ ਸੰਡੇ ਮਾਰਕੀਟ ਦਿਹਾੜੀ ਲਗਾ ਲੈਂਦਾ ਹਾਂ, ਕੁਝ ਮਿਲ ਹੀ ਜਾਏਗਾ ।'' ਉਸ ਦੀ ਇਸ ਗੱਲ ਨੇ ਵੀ ਮੈਨੂੰ ਸੋਚਣ ਲਾ ਦਿੱਤਾ ਸੀ ।

  • ਮੁੱਖ ਪੰਨਾ : ਕਹਾਣੀਆਂ, ਭੁਪਿੰਦਰ ਉਪਰਾਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ